"

Home

Nature

ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ

ਮੁੱਖ ਪੰਨੇ ਦਾ ਚਿੱਤਰ: ਨਾਸਾ ਦਾ ਪੁਲਾੜ ਯਾਨ ਯੂਰੋਪਾ ਦੇ ਖਾਰੇ ਸਮੁੰਦਰ ਵਿੱਚ ਜੀਵਨ ਦੀ ਸੰਭਾਵਨਾ ਦੀ ਜਾਂਚ ਕਰੇਗਾ ਮੁੱਖ ਪੰਨੇ ਦੇ ਚਿੱਤਰ ਵਿੱਚ ਤੁਸੀਂ ਸਪੇਸਐਕਸ ਫਾਲਕਨ ਰੌਕੇਟ ਵੇਖ ਰਹੇ ਹੋ, ਜੋ 14 ਅਕਤੂਬਰ, 2024 ਨੂੰ ਨਾਸਾ ਦੇ ਪੁਲਾੜ ਯਾਨ ਯੂਰੋਪਾ ਕਲਿਪਰ ਨੂੰ ਲੈ ਕੇ ਰਵਾਨਾ ਹੋਇਆ। ਨਾਸਾ ਨੇ ਇਹ ਪੁਲਾੜੀ ਯਾਨ ਬ੍ਰਹਿਸਪਤੀ ਦੇ ਉਪਗ੍ਰਹਿ ਯੂਰੋਪਾ ਦੇ ਸਮੁੰਦਰੀ ਸੰਸਾਰ ਦੀ ਪੜਚੋਲ ਕਰਨ ਲਈ ਲਾਂਚ ਕੀਤਾ ਹੈ। ਯੂਰੋਪਾ ਕਲਿਪਰ ਪਹਿਲਾ ਮਿਸ਼ਨ ਹੈ ਜੋ ਬ੍ਰਹਿਸਪਤੀ ਦੇ ਚੰਦਰਮਾ ਯੂਰੋਪਾ ਦਾ ਵਿਸਤ੍ਰਿਤ ਅਧਿਐਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਗੱਲ ਦੇ ਵਿਗਿਆਨਕ ਸਬੂਤ ਹਨ ਕਿ ਜੀਵਨ ਲਈ ਜ਼ਰੂਰੀ ਤੱਤ ਯੂਰੋਪਾ 'ਤੇ ਮੌਜੂਦ ਹੋ ਸਕਦੇ ਹਨ। ਇਹ ਪੁਲਾੜ ਯਾਨ ਅਪ੍ਰੈਲ 2030 ਵਿੱਚ ਜੁਪੀਟਰ ਤੱਕ ਪਹੁੰਚਣ ਲਈ 1.8 ਅਰਬ ਮੀਲ (2.9 ਅਰਬ ਕਿਲੋਮੀਟਰ) ਦਾ ਸਫ਼ਰ ਤੈਅ ਕਰੇਗਾ। ਇਹ ਬ੍ਰਹਿਸਪਤੀ ਦੀ ਪਰਿਕਰਮਾ ਕਰੇਗਾ, ਅਤੇ ਯੂਰੋਪਾ ਦੇ ਕੋਲ਼ 49 ਨਜ਼ਦੀਕੀ ਉਡਾਣਾਂ ਭਰੇਗਾ। ਚਿੱਤਰ: ਨਾਸਾ ਤੋਂ ਧੰਨਵਾਦ ਸਹਿਤ (Cover Photo Courtesy: NASA)

Nature

ਸੰਪਾਦਕੀ - ਵਿਗਿਆਨ ਦਾ ਵਿਕਾਸ, ਨਵੀਂ ਉਮੀਦ ਤੇ ਸ਼ੁਕਰਾਨਾ

ਸਭ ਤੋਂ ਪਹਿਲਾਂ ਆਪ ਜੀ ਨੂੰ ਨਵਾਂ ਸਾਲ ਮੁਬਾਰਕ ਹੋਵੇ! ਅਸੀਂ ਆਸ ਕਰਦੇ ਹਾਂ ਕਿ ਨਵਾਂ ਸਾਲ ਆਪ ਜੀ ਲਈ ਨਵੀਆਂ ਖ਼ੁਸ਼ੀਆਂ, ਸੱਧਰਾਂ ਤੇ ਉਮੰਗਾਂ ਲੈ ਕੇ ਆਏ!

ਸਤੰਬਰ 2022 ਵਿੱਚ ਜਦੋਂ ਅਸੀਂ ਉਡਾਣ ਵਿਗਿਆਨ ਗਲਪ ਮੈਗ਼ਜ਼ੀਨ - ਨਵੀਂ ਆਮਦ ਤੇ ਨਵੇਂ ਸੁਨੇਹੇ ਨਾਲ਼ ਸ਼ੁਰੂ ਕੀਤਾ ਸੀ ਤਾਂ ਅਸੀਂ ਤੁਹਾਡੇ ਵਰਗੇ ਸੂਝਵਾਨ ਪੰਜਾਬੀ ਪਾਠਕਾਂ ਲਈ ਨਵਾਂ, ਨਰੋਆ ਤੇ ਨਿੱਗਰ ਵਿਗਿਆਨਕ ਸਾਹਿਤ, ਵਿਗਿਆਨ ਦੇ ਖੇਤਰ ਵਿੱਚ ਅਤਿ-ਆਧੁਨਿਕ ਖੋਜਾਂ ਤੇ ਸਫ਼ਲਤਾਵਾਂ ਬਾਰੇ ਜਾਣਕਾਰੀ ਪੇਸ਼ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਸੀ। ਕਿਉਂਕਿ ਵਿਗਿਆਨ ਸਾਡੇ ਜੀਵਨ ਦਾ ਅਦਭੁੱਤ ਪਰ ਮੁੱਢਲਾ ਤੇ ਅਨਿੱਖੜਵਾਂ ਅੰਗ ਹੈ, ਜੋ ਆਪਣੀਆਂ ਨਵੀਆਂ ਖੋਜਾਂ ਤੇ ਸਪਸ਼ਟੀਕਰਣ ਨਾਲ਼ ਸਾਨੂੰ ਜਾਗ੍ਰਤੀ ਤੇ ਆਸ ਦੀ ਚਿੰਗਾਰੀ ਪ੍ਰਦਾਨ ਕਰਦਾ ਹੈ ਅਤੇ ਜਿਸਦੀ ਕਿ ਸਾਨੂੰ ਅੱਜ ਬਹੁਤ ਲੋੜ ਹੈ। ਨਿੱਤ ਨਵੀਆਂ ਵਿਗਿਆਨਕ ਖੋਜਾਂ ਸਾਡੇ ਜੀਵਨ ਨੂੰ ਬਦਲ ਰਹੀਆਂ ਹਨ। ਪਿਛਲੇ ਦੋ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ, ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜਾਂ ਤੇ ਪ੍ਰਾਪਤੀਆਂ ਹੋਈਆਂ, ਖ਼ਾਸ ਤੌਰ ‘ਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਅਤੇ ਅਸੀਂ ਬ੍ਰਹਿਮੰਡ ਨੂੰ ਪਹਿਲਾਂ ਨਾਲੋ ਇੱਕ ਨਵੇਂ ਤਰੀਕੇ ਨਾਲ਼ ਖੋਜ ਰਹੇ ਹਾਂ, ਇਕ-ਇੱਕ ਕਰਕੇ ਉਸਦੇ ਰਾਜ਼ ਸਮਝਦੇ ਹੋਏ। ਉਡਾਣ ਮੈਗ਼ਜ਼ੀਨ ਨੇ ਉਹਨਾਂ ਸਭ ਦਿਲਚਸਪ ਪ੍ਰਾਪਤੀਆਂ ਨੂੰ ਸਮਰਪਿਤ ਕਹਾਣੀਆਂ, ਕਵਿਤਾਵਾਂ, ਲੇਖ ਤੇ ਹੋਰ ਸਮਗਰੀ ਪੇਸ਼ ਕੀਤੀ, ਜੋ ਸਭ ਪਾਠਕਾਂ ਨੇ ਖੂਬ ਪਸੰਦ ਕੀਤੀ। ਇਹ ਸਭ ਕੁੱਝ ਆਪ ਪਾਠਕਾਂ, ਲੇਖਕਾਂ, ਸਲਾਹਕਾਰ ਬੋਰਡ (ਡਾ. ਦੇਵਿੰਦਰ ਪਾਲ ਸਿੰਘ, ਅਜਮੇਰ ਸਿੱਧੂ, ਰੂਪ ਢਿੱਲੋਂ ਅਤੇ ਹਰੀ ਕ੍ਰਿਸ਼ਨ ਮਾਇਰ) ਤੇ ਪੰਜਾਬੀ ਲਾਇਬ੍ਰੇਰੀ (Punjabilibrary.com) ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ। ਪਿਛਲੇ ਦੋ ਸਾਲਾਂ ਵਿੱਚ ਉਡਾਣ ਮੈਗ਼ਜ਼ੀਨ ਦਾ ਸੰਪਾਦਨ ਕਰਦਿਆਂ, ਮੈਂ ਵੀ ਆਪ ਜਿਹੇ ਸੂਝਵਾਨ ਪਾਠਕਾਂ ਤੋਂ ਬਹੁਤ ਕੁਝ ਸਿੱਖਿਆ ਹੈ, ਜਿਸ ਲਈ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਪ ਜੀ ਦੇ ਅਨੁਭਵ, ਸਲਾਹਾਂ ਅਤੇ ਸਮਰਥਨ ਨੇ ਸਾਨੂੰ ਇੱਕ ਬੇਮਿਸਾਲ ਭਾਈਚਾਰਾ ਬਣਾਉਣ ਵਿੱਚ ਮਦਦ ਕੀਤੀ ਹੈ, ਜਿਸ ਨਾਲ਼ ਪੰਜਾਬੀ ਵਿੱਚ ਵਿਗਿਆਨਕ ਸਾਹਿਤ ਤੇ ਤਰਕਸ਼ੀਲ ਸੋਚ ਘਰ-ਘਰ ਪਹੁੰਚ ਸਕੇਗੀ, ਖ਼ਾਸ ਤੌਰ ਤੇ ਬੱਚਿਆਂ ਤੱਕ ਤਾਂ ਜੋ ਨਵੀਂ ਪੀੜ੍ਹੀ ਅੰਦਰ ਵਿਗਿਆਨ ਦੇ ਪ੍ਰਤੀ ਦਿਲਚਸਪੀ ਉਤਪੰਨ ਹੋ ਸਕੇ। ਅਕਸਰ ਸਾਨੂੰ ਬਹੁਤ ਸਾਰੇ ਪਾਠਕਾਂ ਦੇ ਖ਼ੁਸ਼ੀ ਭਰੇ ਸੁਨੇਹੇ ਆਉਂਦੇ ਰਹਿੰਦੇ ਹਨ ਤੇ ਉਨ੍ਹਾਂ ਨੇ ਉਡਾਣ ਮੈਗ਼ਜ਼ੀਨ ਦਾ ਪ੍ਰਿੰਟ ਐਡੀਸ਼ਨ ਵੀ ਸ਼ੁਰੂ ਕਰਨ ਲਈ ਵੀ ਆਖਿਆ ਜੋ ਕਿ ਅਸੀਂ ਲੋੜ-ਅਨੁਸਾਰ ਪ੍ਰਿੰਟ ਕਰਨ ਲਈ ਵੈਬਸਾਈਟ ‘ਤੇ ਉਪਲਬਧ ਕਰ ਦਿੱਤਾ ਹੋਇਆ ਹੈ। ਬੜੀ ਖ਼ੁਸ਼ੀ ਦੀ ਗੱਲ ਹੈ ਕਿ ਹੁਣ ਉਡਾਣ ਨੂੰ ISSN ਨੰਬਰ ਵੀ ਮਿਲ਼ ਗਏ ਹਨ, ਜਿਸ ਨਾਲ਼ ਭਵਿੱਖ ਵਿੱਚ ਪ੍ਰਿੰਟ ਐਡੀਸ਼ਨ ਸਕੂਲਾਂ ਤੇ ਲਾਇਬ੍ਰੇਰੀਆਂ ਵਿੱਚ ਵੀ ਭੇਜਿਆ ਜਾ ਸਕੇਗਾ।

ਉਡਾਣ ਦੇ ਇਸ ਅੰਕ ਵਿੱਚ ਵੀ ਆਪ ਜੀ ਲਈ ਪ੍ਰਮਾਣੂ ਜੰਗ ਦੇ ਖਤਰਿਆਂ ਤੋਂ ਲੈ ਕੇ ਅਤਿਅੰਤ ਸੰਭਾਵਨਾਵਾਂ ਦੇ ਬ੍ਰਹਿਮੰਡ ਨਾਲ਼ ਸੰਬੰਧਿਤ ਕਹਾਣੀਆਂ, ਲੇਖ, ਕਵਿਤਾਵਾਂ ਤੇ ਹੋਰ ਸਮਗਰੀ ਪੇਸ਼ ਹੈ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਇੱਕ ਨਵੇਂ ਸੰਸਾਰ ਵਿੱਚ ਪਹੁੰਚ ਜਾਓਗੇ। ਡਾ. ਦੇਵਿੰਦਰ ਪਾਲ ਸਿੰਘ ਦੀ ਕਹਾਣੀ “ਆਖਰੀ ਮਿਸ਼ਨ” ਵਿੱਚ ਯੂਕਰੇਨ ਅਤੇ ਰੂਸ ਜੰਗ ਵਿੱਚ ਪ੍ਰਮਾਣੂ ਹਥਿਆਰਾਂ ਦੇ ਖਤਰਿਆਂ ਤੇ ਉਨ੍ਹਾਂ ਦੀ ਵਿਨਾਸ਼ਕਾਰੀ ਸ਼ਕਤੀ ਦੀ ਯਾਦ ਦਿਵਾਉਂਦੀ ਹੈ ਤੇ ਇਸ ਭਿਆਨਕ ਜੰਗ ਦੇ ਰੁਕਣ ਦੀ ਕਾਮਨਾ ਕਰਦੀ ਹੈ। ਅਜਮੇਰ ਸਿੱਧੂ ਦੀ ਕਹਾਣੀ “ਬਰਫ਼ ਦੀ ਬੁਲਬੁਲ” ਵਿੱਚ ਰੋਬੋਟਿਕ ਤ੍ਰੀਮਤ ਬੁੱਢੇ ਡਾਕਟਰ ਦੇ ਸਾਥ ਦੀ ਲੋੜ ਪੂਰੀ ਕਰਦੀ ਹੋਈ, ਰਿਸ਼ਤਿਆਂ ਨੂੰ ਨਵੇਂ ਨਾਮ ਦਿੰਦੀ ਹੈ ਅਤੇ ਮਨੁੱਖੀ ਲਾਲਚ ਤੇ ਹਉਮੈ ਨੂੰ ਉਜਾਗਰ ਕਰਦੀ ਹੈ। ਪ੍ਰੋ. (ਡਾ.) ਸਤਬੀਰ ਸਿੰਘ ਆਪਣੇ ਲੇਖ ਵਿੱਚ ਸਿਧਾਂਤਕ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਸਟ੍ਰਿੰਗ ਥਿਊਰੀ ਦੀਆਂ ਪੇਚੀਦਗੀਆਂ ਦੀ ਪੜਚੋਲ ਕਰਦੇ ਹਨ। ਹਰੀ ਕ੍ਰਿਸ਼ਨ ਮਾਇਰ ਆਪਣੇ ਲੇਖ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਅਟਕੇ ਹੋਏ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਜਲਦ ਧਰਤੀ ਵਾਪਸੀ ਬਾਰੇ ਕਾਮਨਾ ਕਰਦੇ ਹਨ। ਤਾਰਿਆਂ ਦਾ ਜੀਵਨ ਚੱਕਰ, ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਮੌਤ ਤੱਕ, ਬ੍ਰਹਿਮੰਡੀ ਵਿਕਾਸ ਦਾ ਇੱਕ ਸ਼ਾਨਦਾਰ ਮੁਜੱਸਮਾ ਪੇਸ਼ ਕਰਦਾ ਹੈ, ਸੁਖਮੰਦਰ ਸਿੰਘ ਤੂਰ ਦਾ ਲੇਖ। ਪ੍ਰਿੰ. ਸਤਵੰਤ ਕੌਰ ਕਲੋਟੀ ਦੇ ਲੇਖ ਵਿੱਚ ਤੁਸੀਂ ਕਨੇਡਾ ਦੇ ਚਾਕ ਰਿਵਰ ਪ੍ਰਮਾਣੂ ਹਾਦਸੇ ਬਾਰੇ ਜਾਣ ਸਕਦੇ ਹੋ। ਜਿਵੇਂ ਕਿ ਅਸੀਂ ਭਵਿੱਖ ਵੱਲ ਦੇਖਦੇ ਹਾਂ, ਸੁਰਿੰਦਰਪਾਲ ਸਿੰਘ ਦਾ ਲੇਖ ਏਆਈ ਅਤੇ ਸਾਈਬਰਗ ਤਕਨਾਲੋਜੀ ਦੀ ਵਧ ਰਹੀ ਤਰੱਕੀ ਕਰਕੇ ਮਸ਼ੀਨਾਂ ਨਾਲ ਸਾਡੇ ਸਬੰਧਾਂ ਬਾਰੇ ਡੂੰਘੇ ਸਵਾਲ ਖੜ੍ਹੇ ਕਰਦਾ ਹੈ । ਮੇਰੇ ਵਲ੍ਹੋਂ ਲਿਖੀ ਰਿਪੋਰਟ ਵਿੱਚ ਤੁਸੀਂ ਸੰਯੁਕਤ ਰਾਸ਼ਟਰ ਦੀ ਸੰਸਦਾਂ ਦੀ 29ਵੀਂ ਕਾਨਫਰੰਸ ਦੇ ਅਹਿਮ ਫੈਸਲਿਆਂ ਬਾਰੇ ਜਾਣ ਸਕਦੇ ਹੋ ਜੋ ਕਿ ਸਾਡੇ ਗ੍ਰਹਿ ਨੂੰ ਦਰਪੇਸ਼ ਆਲਮੀ ਤਪਿਸ਼ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸੰਸਾਰਿਕ ਨੇਤਾਵਾਂ ਨੂੰ ਇਕੱਠਾ ਕਰਦੀ ਹੈ। ਰੂਪ ਢਿੱਲੋਂ ਦੀ ਕਹਾਣੀ “ਜੇ” ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ ਮਨੁੱਖ ਦੁਆਰਾ ਕੀਤੀ ਤਬਾਹੀ ਨੇ ਉਸਨੂੰ ਖੁਦ ਨੂੰ ਹੀ ਵਿਲੁਪਤ ਕਰ ਦਿੱਤਾ ਤੇ ਉਸਤੋਂ ਬਾਅਦ ਧਰਤੀ ਉੱਤੇ ਹੋਰ ਪੰਛੀ ਤੇ ਜਾਨਵਰ ਕਿਵੇਂ ਫਲ-ਫੁੱਲ ਰਹੇ ਹਨ। ਇਸ ਅੰਕ ਵਿੱਚ ਮੇਰੇ ਦੁਆਰਾ ਰਚਿਤ ਨਾਵਲ ‘ਸਿਤਾਰਿਆਂ ਤੋਂ ਅੱਗੇ’ ਲੜੀਵਾਰ ਸ਼ੁਰੂ ਕੀਤਾ ਜਾ ਰਿਹਾ ਹੈ। ਜੋ ਕਿ ‘ਕਲਪਨਾ’ ਪੁਲਾੜੀ ਯਾਨ ਦੀ ਸਭ ਤੋਂ ਨੇੜਲੇ ਸਿਤਾਰਾ-ਮੰਡਲ ਪ੍ਰਥਮ ਕਿੰਨਰ (Alpha Centauri) ਤੱਕ ਮਨੁੱਖ ਦੀ ਉਡਾਣ ਨੂੰ ਪੇਸ਼ ਕਰਦਾ ਹੈ।

ਇਸ ਬਾਰ ਦੇ ‘ਬੱਚਿਆਂ ਦੇ ਕੋਨੇ’ ਵਿੱਚ ਬੱਚੇ, ਸ਼ਤਰੰਜ ਦੀ ਖੇਡ ਤੇ ਘਾਤਾਂਕ ਨੰਬਰਾਂ ਦੀ ਦਿਲਚਸਪ ਕਹਾਣੀ, ਬੇਲਾ ਦੀ ਚੰਨ ਦੀ ਅਦੁੱਤੀ ਸੈਰ, ਸਿਆਣੀ ਰਾਣੋ ਦਾ ਲੋਕਾਂ ਨੂੰ ਭੁਚਾਲ ਨਾਲ਼ ਸੰਬੰਧਿਤ ਵਹਿਮਾਂ ਬਾਰੇ ਜਾਗਰੂਕ ਕਰਨਾ ਅਤੇ ਪਾਣੀ, ਰੁੱਖਾਂ ਅਤੇ ਧੁਨੀ ਬਾਰੇ ਕਵਿਤਾਵਾਂ ਰਾਹੀਂ ਕੁਦਰਤ ਦੀ ਸੁੰਦਰਤਾ ਤੇ ਕ੍ਰਿਸ਼ਮਿਆਂ ਬਾਰੇ ਪੜ੍ਹ ਸਕਦੇ ਹੋ।

ਆਧੁਨਿਕ ਸੰਸਾਰ ਦੀਆਂ ਗੁੰਝਲਾਂ ਨੂੰ ਸੁਲਝਾਉਂਦੇ, ਹੌਲ਼ੇ ਹੌਲ਼ੇ ਕਦਮ ਪੁੱਟਦੇ ਹੋਏ ਸਾਨੂੰ ਵਿਗਿਆਨਕ ਖੋਜਾਂ ਲਈ ਕਦਰ ਦੀ ਭਾਵਨਾ ਅਤੇ ਵਚਨਬੱਧਤਾ ਪੈਦਾ ਕਰਨਾ ਅਤਿ ਜ਼ਰੂਰੀ ਹੈ। ਬ੍ਰਹਿਮੰਡ ਨੂੰ ਸਮਝ ਕੇ, ਅਤੇ ਮਨੁੱਖੀ ਬੁੱਧੀ ਦੀ ਸ਼ਕਤੀ ਨੂੰ ਅਪਣਾ ਕੇ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਉੱਜਵਲ ਭਵਿੱਖ ਬਣਾਉਣ ਵਿੱਚ ਮਦਦ ਕਰ ਸਕਦੇ ਹਾਂ।

ਅਸੀਂ ਆਸ ਕਰਦੇ ਹਾਂ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਅੰਕ ਦੀਆਂ ਰਚਨਾਵਾਂ ਵੀ ਆਪ ਜੀ ਨੂੰ ਪਸੰਦ ਆਉਣਗੀਆਂ। ਆਪਣੇ ਕੀਮਤੀ ਸੁਝਾਅ ਜ਼ਰੂਰ ਭੇਜਣਾ।

ਹਮੇਸ਼ਾਂ ਦੀ ਤਰ੍ਹਾਂ ਆਪਜੀ ਦੇ ਸੁਝਾਵਾਂ ਤੇ ਪ੍ਰਤੀਕਿਰਿਆ ਦੀ ਉਡੀਕ ਵਿੱਚ … ~ ਅਮਨਦੀਪ ਸਿੰਘ

punjabiscifi@gmail.com

Nature

ਆਖ਼ਰੀ ਮਿਸ਼ਨ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਉੱਚੇ ਪਹਾੜਾਂ ਵਾਲੀ ਵਾਦੀ ਦੀ ਡੂੰਘੀ ਖੱਡ ਵਿਚ ਉਹ ਫ਼ੌਜੀ ਆਖ਼ਰੀ ਦਮਾਂ ਉੱਤੇ ਸੀ। ਕਿਸੇ ਲਈ ਵੀ ਉਸ ਨੂੰ ਲੱਭ ਸਕਣਾ ਸੰਭਵ ਹੀ ਨਹੀਂ ਸੀ।

*****

ਯੂਕਰੇਨ ਵੱਲ ਆਪਣੀ ਯਾਤਰਾ ਦੇ ਸ਼ੁਰੂਆਤੀ ਪਲਾਂ ਨੂੰ ਯਾਦ ਕਰਦਿਆਂ ਮੈਂ ਖੁਸ਼ ਸਾਂ ਕਿ ਆਪਣੇ ਰਾਕਟ ਦੇ ਸਥਾਨ ਤੇ ਸਮਾਂ ਕੰਟਰੋਲ ਯੰਤਰਾਂ ਨੂੰ ਥੋੜ੍ਹਾ ਲਾਪਰਵਾਹੀ ਨਾਲ ਸੈੱਟ ਕੀਤਾ ਸੀ। ਆਪਣੇ ਦੇਸ਼ ਤੋਂ ਸੈਕੜੇ ਮੀਲ ਦੂਰ ਮੈਂ ਇਸ ਅਜੀਬੋ ਗਰੀਬ ਧਰਤੀ ਦੇ ਅਣਜਾਣ ਲੋਕਾਂ ਵਿਚ ਆ ਪੁੱਜਾ ਸਾਂ। ਬਹੁਤ ਮੁਸ਼ਕਲ ਨਾਲ ਜੰਗੀ ਖੇਤਰ ਦੇ ਇਸ ਨੁੱਕਰੇ ਇਹ ਥਾਂ ਲੱਭੀ ਸੀ ਤੇ ਮੈਂ ਆਪਣੇ ਫੌਜੀ ਸਾਜ਼ੋ-ਸਾਮਾਨ ਸਮੇਤ, ਚਾਰੋ ਪਾਸੇ ਫੈਲੇ ਵਿਸ਼ਾਲ ਸਮੁੰਦਰ ਵਿਚ ਮੌਜੂਦ ਇਕ ਉੱਜੜ੍ਹੇ ਜਿਹੇ ਛੋਟੇ ਟਾਪੂ ਉੱਤੇ ਆ ਉੱਤਰਿਆ ਸਾਂ। ਸੁਭਾਗ ਹੀ ਸੀ ਕਿ ਮੈਨੂੰ ਉਹ ਵਿਅਕਤੀ ਮਿਲ ਗਿਆ ਜੋ ਮੈਨੂੰ ਇਥੋਂ ਬਾਰੇ ਲੋੜੀਂਦੀ ਜਾਣਕਾਰੀ, ਸ਼ਨਾਖ਼ਤ ਤੇ ਵਰਦੀ ਦੇ ਕੇ ਮਰ ਜਾਵੇਗਾ ਤੇ ਇਸ ਦੇਸ਼ ਦੇ ਹਾਲਤਾਂ ਵਿਚ ਗੜਬੜ੍ਹੀ ਦਾ ਮੇਰਾ ਰਿਕਾਰਡ ਵੀ ਨਹੀਂ ਰਹੇਗਾ।

ਮੈਂ ਜਿਵੇਂ ਹੀ ਉਸ ਵੱਲ ਵਧਿਆ, ਉਹ ਬਹੁਤ ਕਮਜ਼ੋਰ ਨਜ਼ਰ ਆ ਰਿਹਾ ਸੀ। ਬੰਦ ਅੱਖਾਂ ਨੂੰ ਹੋਲੇ ਹੋਲੇ ਖੋਲ੍ਹ ਉਸ ਨੇ ਮੇਰੇ ਵੱਲ ਝਾਂਕਿਆ। ‘ਸ਼ੁਕਰ ਹੈ।’ਉਹ ਭਾਰੀ ਭਰਕਮ ਤੇ ਭੱਦੀ ਜਿਹੀ ਭਾਸ਼ਾ ਵਿਚ ਫੁਸਫੁਸਾਇਆ। ‘ਜੇ ਤੂੰ ਨਾ ਆਉਂਦਾ ਤਾਂ ਮੈਂ ਬੱਚ ਨਹੀਂ ਸਾਂ ਸਕਦਾ।’ਮੁਸਕਰਾਂਦੇ ਹੋਏ ਤੇ ਸੁੱਖ ਦਾ ਸਾਹ ਲੈਂਦੇ ਉਸ ਕਿਹਾ। ਇਕ ਪਲ ਮੇਰਾ ਦਿਲ ਤਾਂ ਕੀਤਾ ਕਿ ਮੈਂ ਉਸ ਨੂੰ ਬਚਾ ਲਵਾਂ, ਪਰ ਮੈਂਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਸੀ। ਅਜਿਹਾ ਕਰਨ ਨਾਲ ਮੇਰਾ ਮਿਸ਼ਨ ਵਿਗੜ੍ਹ ਸਕਦਾ ਸੀ ਤੇ ਜਿਸ ਦਾ ਭਾਵ ਸੀ ਮੇਰੀ ਅਸਫਲਤਾ।

ਕੁਝ ਦੇਰ ਬਾਅਦ ਜਦ ਮੈਂ ਉਸ ਟਾਪੂ ਨੂੰ ਛੱਡਿਆ ਉਹ ਮਰ ਚੁੱਕਾ ਸੀ। ਮੈਂ ਉਸ ਦੀ ਵਰਦੀ ਪਹਿਨ ਉਸ ਦਾ ਸ਼ਨਾਖਤ ਧਾਰਣ ਕਰ ਚੁੱਕਾ ਸਾਂ।

*****

ਉਸ ਤੋਂ ਮਿਲੀ ਜਾਣਕਾਰੀ ਨਾਲ ਉਸ ਥਾਂ ਨੂੰ ਲੱਭਣਾ ਆਸਾਨ ਹੋ ਗਿਆ ਸੀ ਜਿਥੇ ਮੈਂ ਜਾਣਾ ਚਾਹੁੰਦਾ ਸਾਂ। ਮੈਂ ਲੜਾਈ ਦੇ ਇਸ ਮੁੱਖ-ਕੇਂਦਰ ਤੋਂ ਕੁਝ ਦੂਰੀ ਉੱਤੇ ਰਾਤ ਪੈਣ ਦਾ ਇੰਤਜ਼ਾਰ ਕੀਤਾ। ਆਪਣੀ ਫੌਜੀ ਵਰਦੀ ਨੂੰ ਮੈਂ ਪੁਰਾਣੇ ਰੁੱਖਾਂ ਦੇ ਝੁਰਮਟ ਵਿਚ ਛੁਪਾ ਦਿੱਤਾ। ਹਨੇਰਾ ਹੁੰਦਿਆਂ ਹੀ ਮੈਂ ਮਾਨਵਤਾ ਲਈ ਸੱਭ ਤੋਂ ਘਾਤਕ ਹਥਿਆਰ ਛੁਪਾਈ ਬੈਠੀ ਉਸ ਇਮਾਰਤ ਵੱਲ ਚਲ ਪਿਆ। ਮੇਰੇ ਕਦਮਾਂ ਦੀ ਆਹਟ ਸੁਣ, ਪਹਿਰੇਦਾਰ ਚੁਕੰਨਾ ਹੋ ਗਿਆ ਸੀ।

‘ਕੌਣ ਹੈ ਤੂੰ?’ ਉਸ ਪੁੱਛਿਆ।

‘ਕੈਪਟਨ ਇਵਾਨ ਕੋਵਲ, ਗੁਪਤਚਰ ਵਿਭਾਗ।’ਕਹਿੰਦਿਆਂ ਮੈਂ ਆਪਣਾ ਨਵਾਂ ਸ਼ਨਾਖਤੀ ਕਾਰਡ ਅੱਗੇ ਕਰ ਦਿੱਤਾ।

ਸ਼ਨਾਖਤੀ ਕਾਰਡ ਉੱਤੇ ਨਜ਼ਰ ਮਾਰ ਪਹਿਰੇਦਾਰ ਨੇ ਆਪਣੀ ਲੇਜ਼ਰ ਗੰਨ ਹੇਠਾਂ ਕਰ ਲਈ ਤੇ ਸਲੂਟ ਮਾਰਦਿਆਂ ਬੋਲਿਆ, ‘ਸਵਾਗਤ ਹੈ, ਸਰ!’

ਇਮਾਰਤ ਦੇ ਅੰਦਰ ਵੜ੍ਹਦਿਆਂ ਹੀ ਮੈਨੂੰ ਨਿਊਕਲੀ-ਮਿਜ਼ਾਇਲ ਨਜ਼ਰ ਆਇਆ। ਜੋ ਇਮਾਰਤ ਦੇ ਮੁੱਖ ਹਾਲ ਵਿਚ ਚੋਪਹੀਆ ਗੱਡੀ ਉੱਤੇ ਰੱਖਿਆ ਹੋਇਆ ਸੀ। ਉਹ ਇਸ ਨੂੰ ਦਾਗਣ ਵਾਲੇ ਸਥਾਨ ਉੱਤੇ ਲਿਜਾਣ ਦੀ ਤਿਆਰੀ ਵਿਚ ਸਨ। ਤਕਨੀਕੀ ਮਾਹਿਰ ਇਸ ਦੀ ਆਖਰੀ ਜਾਂਚ ਵਿਚ ਜੁੱਟੇ ਹੋਏ ਸਨ। ਮੈਂ ਜਾਂਚ-ਨਿਗਰਾਨ ਅਫ਼ਸਰ ਨੂੰ ਸਲਾਮ ਕੀਤੀ ਤੇ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਣ ਲੱਗਾ। ਇਨ੍ਹਾਂ ਘਟਨਾਵਾਂ ਦਾ ਅੰਜ਼ਾਮ ਬਦਲਣ ਲਈ ਹੀ ਤਾਂ ਮੈਂ ਸੈਂਕੜੇ ਮੀਲ ਦੀ ਦੂਰੀ ਨੂੰ ਪਾਰ ਕਰ ਇਥੇ ਪੁੱਜਾ ਸਾਂ।

ਨਿਊਕਲੀ ਮਿਜ਼ਾਇਲ, ਗੂੜ੍ਹੇ ਹਰੇ ਰੰਗ ਵਾਲਾ ਲੰਮਾ ਸਿਲੰਡਰ ਦੀ, ਜਿਸ ਦੇ ਹੇਠਲੇ ਪਾਸੇ ਟਿਊਬਾਂ ਦਾ ਝੁਰਮਟ ਸੀ ਤੇ ਉਤਲੇ ਸਿਰੇ ਕੋਲ ਤਿੱਖੀ ਨੋਕ ਵਾਲਾ ਵਿਸਫ਼ੋਟਕ ਯੰਤਰ ਲਗਾ ਗੋਇਆ ਸੀ। ਇਸ ਯੰਤਰ ਦੀ ਵੱਖੀ ਵਿਚ ਮੌਜੂਦ ਇਕ ਖੁੱਲ੍ਹੀ ਤਾਕੀ ਰਾਹੀਂ ਤਕਨੀਕੀ ਮਾਹਿਰ ਕੁਝ ਡਾਇਲਾਂ ਨੂੰ, ਕੋਲ ਖੜ੍ਹੇ ਗੰਜੇ ਅਫ਼ਸਰ ਦੁਆਰਾ ਬੋਲੇ ਜਾ ਰਹੇ ਅੰਕਾਂ ਮੁਤਾਬਕ ਸੈੱਟ ਕਰ ਰਹੇ ਸਨ। ਉਸ ਅਫ਼ਸਰ ਦੇ ਮੋਢੇ ਉੱਤੇ ਫੌਜੀ ਜਰਨੈਲ ਦਾ ਨਿਸ਼ਾਨ ਨਜ਼ਰ ਆ ਰਿਹਾ ਸੀ।

*****

ਮੈਂ ਇਹ ਸੱਭ ਕੁਝ ਬਹੁਤ ਹੀ ਧਿਆਨ ਨਾਲ ਦੇਖ ਰਿਹਾ ਸਾਂ। ਹਰ ਚੀਜ਼ ਨੂੰ ਯਾਦ ਰੱਖਣ ਦੀ ਨਿਰੰਤਰ ਕੋਸ਼ਿਸ਼ ਵਿਚ ਸਾਂ। ਮੈਂ ਤੀਸਰੇ ਵਿਸ਼ਵ ਯੁੱਧ ਦੇ ਅਜਿਹੇ ਮੋੜ ਉੱਤੇ ਸਾਂ ਜਿਥੋਂ ਜੰਗ ਦਾ ਭਵਿੱਖ ਬਿਲਕੁਲ ਹੀ ਬਦਲਣ ਵਾਲਾ ਸੀ। ਇਹ ਮੇਰੇ ਜੀਵਨ ਦਾ ਸੱਭ ਤੋਂ ਵੱਧ ਰੋਮਾਂਚਿਕ ਪਲ ਸੀ। ਇਸ ਸਮੇਂ ਮੈਂ ਮੇਰੇ ਸਿਖਲਾਈ ਅਫ਼ਸਰ ਮੇਜਰ ਵਲਾਦੀਮੀਰ ਪਾਵਲੋਵ ਦੀ ਧੋਖਾਧੜ੍ਹੀ ਬਾਰੇ ਲਗਭਗ ਭੁੱਲ ਹੀ ਗਿਆ ਸਾਂ। ਲਗਭਗ ਹੀ ……ਪਰ ਪੱਕੇ ਤੌਰ ਉੱਤੇ ਨਹੀਂ। ਉਸ ਦੀ ਧੋਖਾਧੜ੍ਹੀ ਦੀ ਘਟਨਾ ਮੇਰੇ ਦਿਮਾਗ ਵਿਚ ਅਜੇ ਵੀ ਘਰ ਕਰੀ ਬੈਠੀ ਸੀ ਤੇ ਮੈਂਨੂੰ ਸਪਸ਼ਟ ਹੀ ਸੀ ਕਿ ਮੈਂ ਬਹੁਤ ਵੱਡੇ ਖ਼ਤਰੇ ਵਿਚ ਹਾਂ।

ਇਹ ਘਟਨਾਕ੍ਰਮ ਇਕ ਸਾਧਾਰਣ ਜਿਹੇ ਨੋਟਿਸ ਨਾਲ ਸ਼ੁਰੂ ਹੋਇਆ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਮੇਰੀ ਮਿਲਟਰੀ ਟ੍ਰੇਨਿੰਗ ਦੀ ਸਫਲਤਾ ਲਈ ਮੈਨੂੰ ਇਕ ਖ਼ਾਸ ਮਿਸ਼ਨ ਪੂਰਾ ਕਰਨਾ ਹੋਵੇਗਾ। ਜੋ ਮੇਰੀ ਟ੍ਰੇਨਿੰਗ ਦਾ ਆਖ਼ਰੀ ਮਿਸ਼ਨ ਹੋਵੇਗਾ। ਜਦ ਮੈਂਨੂੰ ਮਿਸ਼ਨ ਬਾਰੇ ਪਤਾ ਲੱਗਾ ਤਾਂ ਇਕ ਵਾਰ ਤਾਂ ਮੇਰਾ ਦਿਲ ਹੀ ਬੈਠ ਗਿਆ ਸੀ। ਮਿਸ਼ਨ ਸੀ – ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ।

ਮੈਂ ਨੱਠ ਕੇ ਆਪਣੇ ਸਿਖਲਾਈ ਅਫ਼ਸਰ ਮੇਜ਼ਰ ਵਲਾਦੀਮੀਰ ਪਾਵਲੋਵ ਕੋਲ ਪੁੱਜਾ। ਮੈਂ ਸੋਚ ਰਿਹਾ ਸਾਂ ਜ਼ਰੂਰ ਕੋਈ ਗਲਤੀ ਹੋਈ ਹੈ।

‘ਮੇਜਰ ਪਾਵਲੋਵ! ਇਹ ਤਾਂ ਅਸੰਭਵ ਕੰਮ ਹੈ।’ਮੈਂ ਕਿਹਾ। ‘ਸਿਖਲਾਈ ਦੇ ਨਿਯਮਾਂ ਅਨੁਸਾਰ ਤਾਂ ਮੈਨੂੰ ਦੇਸ਼ ਦੇ ਜੰਗੀ ਕਾਰਜਾਂ ਵਿਚ ਸੁਯੋਗ ਮਦਦ ਕਰਨੀ ਹੈ। ਪਰ ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ, ਮੈਂ ਇਕੱਲਾ ਅਜਿਹਾ ਕਿਵੇਂ ਕਰ ਸਕਦਾ ਹੈ? ਅਜਿਹੇ ਵਿਸ਼ਵ ਯੁੱਧ ਵਿਚ, ਜਿਸ ਵਿਚ ਪੂਰਾ ਵਿਸ਼ਵ ਹੀ ਦੋ ਧੜ੍ਹਿਆਂ ਵਿਚ ਵੰਡਿਆ ਹੋਇਆ ਹੈ। ਇਕ ਧੜ੍ਹੇ ਦਾ ਮੁਖੀ ਰੂਸ ਹੈ ਤੇ ਦੂਸਰੇ ਧੜ੍ਹੇ ਦਾ ਮੁਖੀ ਯੂਕਰੇਨ। ਅਤੇ ਹਰ ਧੜ੍ਹਾ ਹੀ ਆਪਣੀ ਜਿੱਤ ਲਈ ਸਿਰਤੋੜ੍ਹ ਯਤਨ ਕਰ ਰਿਹਾ ਹੈ।’

ਉਸ ਨੇ ਹਮੇਸ਼ਾਂ ਵਾਂਗ ਹੀ ਬੇਰੁੱਖੀ ਭਰਿਆ ਹਾਸਾ ਹੱਸਿਆ।

‘ਤਰੀਕਾ ਤਾਂ ਹੈ।’ਆਪਣੀ ਐਨਕ ਰਾਹੀਂ ਟੀਰਾ ਜਿਹਾ ਝਾਂਕਦਾ ਹੋਏ ਉਹ ਬੋਲਿਆ।

ਅਗਲੇ ਪਲ ਹੀ ਮੈਂਨੂੰ ਸਮਝ ਆ ਗਈ ਕਿ ਉਸ ਦੇ ਮਨ ਵਿਚ ਕੀ ਚਲ ਰਿਹਾ ਸੀ।

‘ਦੁਸ਼ਮਣ ਦੇ ਨਿਊਕਲੀ ਹਮਲੇ ਨੂੰ ਨਕਾਰਾ ਕਰ ਕੇ’ ਉਸ ਨੇ ਸਿਰ ਹਿਲਾਂਦਿਆਂ ਕਿਹਾ।

ਮੈਂ ਉਸ ਨਾਲ ਤਕਰਾਰ ਤਾਂ ਕੀਤੀ। ਦੁਸ਼ਮਣ ਦੇ ਨਿਊਕਲੀ ਅਸਲੇ-ਖਾਨੇ ਤਕ ਪਹੁੰਚਣਾ ਬਹੁਤ ਹੀ ਖ਼ਤਰਨਾਕ ਕੰਮ ਸੀ। ਇਸੇ ਮਿਸ਼ਨ ਸਬੰਧੀ ਪਹਿਲਾਂ ਭੇਜੇ ਗਏ ਤਿੰਨੋਂ ਹੀ ਵਲੰਟੀਅਰ ਫੌਜੀ ਜ਼ਿੰਦਾ ਵਾਪਿਸ ਨਹੀਂ ਸਨ ਆ ਸਕੇ। ਉਨ੍ਹਾਂ ਵਿਚੋਂ ਦੋ ਤਾਂ ਦੁਸ਼ਮਣ ਦੇ ਇਲਾਕੇ ਵਿਚ ਉੱਤਰਦਿਆ ਹੀ ਮਾਰੇ ਗਏ ਸਨ। ਬੇਸ਼ਕ ਤੀਸਰਾ ਵਲੰਟੀਅਰ ਨਿਊਕਲੀ ਅਸਲੇ-ਖਾਨੇ ਤਕ ਪਹੁੰਚ ਤਾਂ ਗਿਆ ਸੀ, ਪਰ ਉਸ ਇਮਾਰਤ ਵਿਚ ਦਾਖ਼ਲੇ ਸਮੇਂ ਫੜ੍ਹਿਆ ਗਿਆ। ਅੱਜ ਤਕ ਪਤਾ ਨਹੀਂ ਲਗਾ ਕਿ ਉਹ ਜ਼ਿੰਦਾ ਵੀ ਹੈ ਜਾਂ ਮਰ ਗਿਆ।

ਬੇਸ਼ਕ ਦੁਸ਼ਮਣ ਦੇਸ਼ ਵਿਚ ਦਾਖਿਲ ਹੋਣਾ ਮੁਸ਼ਕਲ ਕੰਮ ਨਹੀਂ ਸੀ ਅਤੇ ਰੇਡੀਏਸ਼ਨ-ਰੋਕੂ-ਢਾਲ ਅਤੇ ਟਾਓਨੇਟਰ-ਗੰਨ ਹਰ ਹਾਲਤ ਦਾ ਮੁਕਾਬਲਾ ਕਰਨ ਦੇ ਯੋਗ ਸਨ। ਪਰ ਅਚਨਚੇਤ ਵਾਪਰੇ ਜਾਂ ਮਿੱਥ ਕੇ ਕੀਤੇ ਨਿਊਕਲੀ ਵਿਸਫੋਟ ਤੋਂ ਪੈਦਾ ਹੋਣ ਵਾਲੇ ਅਸਹਿ ਹਾਲਾਤਾਂ ਦਾ ਤੋੜ ਤਾਂ ਕੁਝ ਵੀ ਨਹੀਂ ਸੀ। ਅਜਿਹੇ ਹਾਲਾਤਾਂ ਦਾ ਸ਼ਿਕਾਰ ਵਿਅਕਤੀ ਤਾਂ ਫਿਰ ਕਦੇ ਦੇਸ਼ ਵਾਪਸੀ ਦਾ ਸੁਪਨਾ ਵੀ ਨਹੀਂ ਲੈ ਸਕਦਾ।

ਇਸ ਮਿਸ਼ਨ ਦੀ ਪੂਰਤੀ ਸੰਬੰਧਤ ਖ਼ਤਰਾ ਇੰਨ੍ਹਾਂ ਵਧੇਰੇ ਸੀ ਕਿ ਮੇਰਾ ਮਨ ਇਸ ਹੁਕਮ ਨੂੰ ਮੰਨਣ ਤੋਂ ਇਨਕਾਰੀ ਸੀ। ਜਿਸ ਦਾ ਸਿੱਧਾ ਮਤਲਬ ਸੀ ਮੇਰੀ ਫੋਜ ਵਿਚੋਂ ਨਿਰਾਦਰੀ ਭਰੀ ਬਰਖ਼ਾਸਤਗੀ।

ਪਰ ਤਦ ਹੀ ਮੈਂਨੂੰ ਸੋਫ਼ੀਆ ਦਾ ਖਿਆਲ ਆਇਆ……..ਪਿਆਰੀ ਤੇ ਖੁਬਸੂਰਤ ਸੋਫ਼ੀਆ ਵੋਲਕੋਵਾ……..ਤੇ ਮੈਂ ਨਾਂਹ ਨਾ ਕਰ ਸਕਿਆ।

ਤਦ ਹੀ ਮੈਂਨੂੰ ਸਨਕੀ ਤੇ ਅੱਖੜ ਮੇਜ਼ਰ ਵਲਾਦੀਮੀਰ ਦੀ ਚਾਲ ਵੀ ਸਮਝ ਆ ਗਈ। ਕਿ ਉਸ ਨੇ ਮੈਨੂੰ ਅਜਿਹੇ ਔਖੇ ਕੰਮ ਲਈ ਕਿਉਂ ਚੁਣਿਆ ਸੀ। ਮੈਂ ਜਾਣਦਾ ਸਾਂ ਕਿ ਉਹ ਸਨਕੀ ਗਵਾਰ ਮੇਰੀ ਸੋਫ਼ੀਆ ਉੱਤੇ ਭੈੜੀ ਅੱਖ ਰੱਖਦਾ ਸੀ। ਮੈਂ ਸੋਫ਼ੀਆ ਨੂੰ ਪਿਆਰ ਕਰਦਾ ਹਾਂ, ਨਹੀਂ ……… ਨਹੀਂ…….ਮੇਰੀ ਪਿਆਰੀ ਸੋਫ਼ੀਆ ਕਦੇ ਵੀ ਉਸ ਦੀ ਨਹੀਂ ਹੋ ਸਕਦੀ। ਪਰ ਜੇ ਮੈਂ ਰਸਤੇ ‘ਚੋਂ ਹਟ ਜਾਵਾਂ ਤਾਂ ਵਲਾਦੀਮੀਰ ਦਾ ਮੌਕਾ ਲਗ ਵੀ ਸਕਦਾ ਸੀ। ਇਹੋ ਹੀ ਉਸ ਦੀ ਚਾਲ ਸੀ।

ਮੈਂ ਹੁਕਮ ਸਵੀਕਾਰ ਕਰ ਲਿਆ। ਮੇਜ਼ਰ ਵਲਾਦੀਮੀਰ ਨੇ ਮੇਰੇ ਲਈ ਰੇਡੀਏਸ਼ਨ-ਰੋਕੂ-ਢਾਲ ਅਤੇ ਟਾਓਨੇਟਰ ਦਾ ਇੰਤਜ਼ਾਮ ਕਰ ਦਿੱਤਾ। ਮੇਰੀ ਬਲੀ ਦੇਣ ਲਈ ਉਹ ਹਰ ਮਦਦ ਪੂਰੇ ਦਿਲੋ-ਜਾਨ ਨਾਲ ਕਰ ਰਿਹਾ ਸੀ…….. ਅਤੇ ਮੈਂ ਇਸ ਜੋਖ਼ਮ ਭਰੇ ਸਫ਼ਰ ਉੱਤੇ ਤੁਰ ਪਿਆ ਸਾਂ।

ਇਕ ਝਟਕੇ ਜਿਹੇ ਨਾਲ ਮੈਂ ਵਰਤਮਾਨ ਵਿਚ ਮੁੜ੍ਹ ਆਇਆ। ਕੁਝ ਗੜਬੜ੍ਹ ਨਜ਼ਰ ਆ ਰਹੀ ਸੀ।

ਬੇਸ਼ਕ ਮੇਰਾ ਅਚੇਤ ਮਨ ਨਿਊਕਲੀ ਰਾਕਟ ਉੱਤੇ ਫੋਕਸ ਸੀ, ਪਰ ਝਟਕੇ ਜਿਹੇ ਨਾਲ ਮੌਜੂਦਾ ਹਾਲਾਤਾਂ ਵਿਚ ਮੁੜ੍ਹ ਆਉਣ ਤੇ ਮੈਂ ਦੇਖਿਆ ਕਿ ਇਹ ਰਾਕਟ ਤਾਂ ਉਸ ਵਰਗਾ ਨਹੀਂ ਸੀ ਜੋ ਮੈਂਨੂੰ ਦੱਸਿਆ ਗਿਆ ਸੀ।

*****

ਮਿਸ਼ਨ ਉੱਤੇ ਭੇਜਣ ਤੋਂ ਪਹਿਲਾਂ ਤਿਆਰੀ ਦੌਰਾਨ ਮੈਨੂੰ ਦੱਸਿਆ ਗਿਆ ਸੀ ਦੁਸ਼ਮਣ ਹਾਈਡ੍ਰੋਜਨ ਬੰਬ ਰਾਹੀਂ ਸਾਡੇ ਦੇਸ਼ ਰੂਸ ਨੂੰ ਤਬਾਹ ਕਰਨ ਦੀ ਤਿਆਰੀ ਵਿੱਚ ਹੈ। ਹਾਈਡ੍ਰੋਜਨ ਬੰਬ ਹੀ ਅਜੋਕੇ ਵਿਸ਼ਵ ਦਾ ਸੱਭ ਤੋਂ ਖ਼ਤਰਨਾਕ ਹਥਿਆਰ ਹੈ। ਜਿਸ ਵਿੱਚ ਹਾਈਡ੍ਰੋਜਨ ਦੇ ਪਰਮਾਣੂ, ਗਾਮਾ ਕਿਰਨਾਂ ਦੇ ਪ੍ਰਭਾਵ ਹੇਠ ਹਿਲੀਅਮ ਦੇ ਪਰਮਾਣੂੰਆਂ ਵਿਚ ਬਦਲਦੇ ਹੋਏ ਅਥਾਹ ਊਰਜਾ ਦਾ ਨਿਕਾਸ ਕਰਦੇ ਹਨ। ਅਤੇ ਇਸ ਊਰਜਾ ਦੇ ਪ੍ਰਭਾਵ ਖੇਤਰ ਵਿਚ ਆਈ ਹਰ ਸ਼ੈਅ ਹੀ ਸੜ੍ਹ ਕੇ ਸੁਆਹ ਹੋ ਜਾਂਦੀ ਹੈ।

ਪਰ ਮੇਰੇ ਸਾਹਮਣੇ ਦਿਖਾਈ ਦੇ ਰਿਹਾ ਨਿਊਕਲੀ-ਰਾਕਟ ਤਾਂ ਸਾਧਾਰਣ ਜਿਹੇ ਐਟਮ-ਬੰਬ ਵਰਗਾ ਜਾਪ ਰਿਹਾ ਸੀ। ਨਾ ਤਾਂ ਇਸ ਨਾਲ ਗਾਮਾ-ਕਿਰਨ ਪੈਦਾ ਕਰਨ ਕਰਨ ਵਾਲਾ ਯੰਤਰ ਹੀ ਲੱਗਾ ਸੀ ਤੇ ਨਾ ਹੀ ਲੇਜ਼ਰ-ਕਿਰਨ ਉਤਪਾਦਨ ਉਪਕਰਣ।

ਪਰ ਇਹ ਵੀ ਸੱਚ ਹੀ ਹੈ ਕਿ ਐਟਮੀ-ਬੰਬ ਵੀ ਵਧੇਰਾ ਨੁਕਸਾਨ ਕਰਨ ਦੇ ਸਮਰਥ ਹੁੰਦੇ ਹਨ। ਬੀਹਵੀਂ ਸਦੀ ਦੌਰਾਨ ਵਾਪਰੇ ਦੂਸਰੇ ਵਿਸ਼ਵ-ਯੁੱਧ ਵਿਚ ਐਟਮੀ-ਬੰਬਾਂ ਨੇ ਹੀ ਤਾਂ ਜਾਪਾਨ ਦੇ ਦੋ ਮੁੱਖ ਸ਼ਹਿਰਾਂ - ਹੀਰੋਸ਼ੀਮਾ ਤੇ ਨਾਗਾਸਾਕੀ ਦਾ ਖ਼ਾਤਮਾ ਕੀਤਾ ਸੀ।

ਕਿਧਰੇ ਮੈਂ ਗਲਤ ਥਾਂ ਤਾਂ ਨਹੀਂ ਆ ਗਿਆ। ਸ਼ੰਕਾ ਦੀ ਲਹਿਰ ਮਨ ਵਿਚ ਅਚਾਨਕ ਉੱਠ ਪਈ ਸੀ।

ਇਸੇ ਚਿੰਤਾ ਵਿਚ ਮੈਂ ਹੋਰਨਾਂ ਨੂੰ ਪਿੱਛੇ ਧੱਕਦਾ ਹੋਇਆ ਰਾਕਟ ਦੇ ਹੋਰ ਨੇੜ੍ਹੇ ਹੋ ਗਿਆ। ਇਹ ਅਣਘੜ੍ਹ ਤੇ ਬੇਢੰਗਾ ਜਿਹਾ ਯੰਤਰ ਸੀ ਜਿਸ ਦੇ ਹਿੱਸਿਆਂ ਨੂੰ ਪਛਾਣਨਾ ਵੀ ਮੇਰੇ ਲਈ ਔਖਾ ਸੀ। ਮੈਂ ਇਹ ਸੱਭ ਕੁਝ ਬਹੁਤ ਹੀ ਉਤਸੁਕਤਾ ਨਾਲ ਦੇਖ ਰਿਹਾ ਸਾਂ……ਕਿ ਅਗਲੇ ਹੀ ਪਲ ਮੈਂ ਬਿਪਤਾ ਵਿਚ ਫਸ ਗਿਆ।

ਇਕ ਤਕਨੀਕੀ ਮਾਹਿਰ ਜਿਸ ਨੂੰ ਮੈਂ ਧੱਕੇ ਨਾਲ ਪਾਸੇ ਕਰ ਅੱਗੇ ਹੋਇਆ ਸਾਂ, ਉਹ ਹੁਣ ਮੈਂਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਘੂਰ ਰਿਹਾ ਸੀ। ਮੈਂ ਉਸ ਵੱਲ ਦੇਖਿਆ ਤੇ ਮੈਂਨੂੰ ਆਪਣੇ ਉਤਾਵਲੇਪਣ ਉੱਤੇ ਅਫਸੋਸ ਹੋਇਆ। ਮੈਂ ਉਸ ਦੇ ਸ਼ੱਕ ਨੂੰ ਦੂਰ ਕਰਣ ਦਾ ਹੱਲ ਅਜੇ ਸੋਚ ਹੀ ਰਿਹਾ ਸਾਂ ਕਿ ਗੜ੍ਹਬੜ੍ਹ ਹੋ ਗਈ।

‘ਤੂੰ ਕਰ ਕੀ ਰਿਹਾ ਹੈ?’ ਤਕਨੀਕੀ ਮਾਹਿਰ ਨੇ ਗੁੱਸੇ ਭਰੀ ਆਵਾਜ਼ ਵਿਚ ਪੁੱਛਿਆ। “ਤੂੰ ਹੈ ਕੌਣ?’

ਮੈਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ। ‘ਮੇਰਾ ਨਾਮ ਕੈਪਟਨ ਇਵਾਨ ਕੋਵਲ ਹੈ’ਚੋਰੀ ਕੀਤੇ ਹੋਏ ਸ਼ਨਾਖ਼ਤੀ-ਕਾਰਡ ਵਾਲਾ ਨਾਮ ਬੋਲਦੇ ਹੋਏ ਮੈਂ ਕਿਹਾ। ‘ਮੈਂ ਗੁਪਤਚਰ ਵਿਭਾਗ ……।’ਬੋਲ ਅਜੇ ਮੇਰੇ ਬੁੱਲਾਂ ਉੱਤੇ ਹੀ ਸਨ ਕਿ ਮੇਰੇ ਬੋਲਣ ਦੇ ਲਹਿਜੇ (accent) ਨੇ ਮੇਰੀ ਪੋਲ ਖ਼ੋਲ੍ਹ ਦਿੱਤੀ।

‘ਇਹ ਜਾਸੂਸ ਹੈ।’ ਉਹ ਚੀਖਿ਼ਆ। ‘ਫੜ੍ਹੋ, ਫੜ੍ਹੋ।’

ਤਦ ਹੀ ਮੇਰੇ ਆਲੇ ਦੁਆਲੇ ਖੜ੍ਹੇ ਆਦਮੀ ਹਰਕਤ ਵਿਚ ਆ ਗਏ ਤੇ ਅੱਖ ਝਮਕਣ ਜਿੰਨੇ ਸਮੇਂ ਵਿਚ ਹੀ ਲਗਭਗ ਇਕ ਦਰਜਨ ਲੇਜ਼ਰ-ਗੰਨਜ਼ ਮੇਰੇ ਉੇੱਤੇ ਤਣ ਗਈਆ।

ਮੇਰਾ ਤਾਂ ਦਿਮਾਗ ਹਿੱਲ ਗਿਆ। ਭੈ ਭੀਤ ਹਾਲਤ ਵਿਚ, ਮੈਂ ਜਲਦੀ ਜਲਦੀ, ਆਪਣੀ ਵਰਦੀ ਹੇਠ ਛੁਪਾਈ ਸੇਫਟੀ ਬੈਲਟ ਉੱਤੇ ਲੱਗਾ ਸਵਿਚ ਦਬਾ ਦਿੱਤਾ। ਮੇਰੇ ਚਾਰੇ ਪਾਸੇ ਰੇਡੀਏਸ਼ਨ-ਰੋਕੂ-ਢਾਲ ਪਸਰ ਗਈ। ਅਗਲੇ ਹੀ ਪਲ ਇਸ ਢਾਲ ਦਾ ਬਾਹਰਲਾ ਪਾਸਾ, ਮੇਰੇ ਵੱਲ ਤਾਣੀਆਂ ਲੇਜ਼ਰ-ਗੰਨਜ਼ ਤੋਂ ਨਿਕਲ ਰਹੇ ਰੇਡੀਏਸ਼ਨ ਨਾਲ ਦਗ ਦਗ ਕਰਨ ਲਗਾ। ਸੁਭਾਗ ਹੀ ਸੀ ਕਿ ਢਾਲ ਦੀ ਵਿਨਾਸ਼ੀ ਤਾਕਤ ਨੇ ਇਸ ਨੂੰ ਤੁਰੰਤ ਹੀ ਨਸ਼ਟ ਕਰ ਦਿੱਤਾ।

ਮੈਂ ਬਚ ਤਾਂ ਗਿਆ ਸਾਂ ਪਰ ਕਦੋਂ ਤਕ।

ਅਗਲੇ ਹੀ ਪਲ ਮੈਂਥੋਂ ਇਕ ਹੋਰ ਗਲਤੀ ਹੋ ਗਈ। ਮੈਂ ਨਿਊਕਲੀ-ਮਿਜ਼ਾਇਲ ਦੇ ਬਹੁਤ ਨੇੜੇ ਸਾਂ। ਮੇਰੀ ਰੇਡੀਏਸ਼ਨ-ਰੋਕੂ-ਢਾਲ ਨਿਊਕਲੀ-ਮਿਜ਼ਾਇਲ ਦੇ ਬੰਬ ਵਾਲੇ ਸਿਰੇ ਨਾਲ ਘਿਸਰ ਗਈ।

ਵਿਸਫੋਟਕ ਪਦਾਰਥ ਵਿਚ ਊਰਜਾ ਦੀ ਲਹਿਰ ਪੈਦਾ ਹੋ ਗਈ। ਇਸ ਰੋਲੇ-ਰੱਪੇ ਵਾਲੇ ਮਾਹੌਲ ਵਿਚ ਖ਼ਤਰੇ ਦੀ ਘੰਟੀ ਦੀ ਟਨ ਟਨ ਸੁਣਾਈ ਦਿੱਤੀ। ਮੇਰੇ ਆਲੇ ਦੁਆਲੇ ਮੌਜੂਦ ਹਰ ਕੋਈ, ਹੈਰਾਨੀ ਤੇ ਭੈਅ ਰੱਤੇ ਚਿਹਰਿਆਂ ਨਾਲ ਜਿਵੇਂ ਜੜ੍ਹ ਹੀ ਹੋ ਗਿਆ ਸੀ। ਐਟਮੀ ਬੰਬ ਵਿਚ ਨਿਊਕਲੀ ਤੋੜ-ਫੋੜ ਸ਼ੁਰੂ ਹੋ ਚੁੱਕੀ ਸੀ।

ਹੁਣ ਸਿਰਫ਼ ਇਕ ਹੀ ਰਾਹ ਸੀ ਤੇ ਉਹ ਵੀ ਬਹੁਤ ਗੜਬੜ੍ਹ ਵਾਲਾ ਹੀ ਸੀ।

ਪਲ ਛਿਣ ਦੀ ਗੱਲ ਸੀ ਕਿ ਇਹ ਐਟਮੀ ਬੰਬ ਨੇ ਫੱਟ ਜਾਣਾ ਸੀ ਤੇ ਫਿਰ ਨਾ ਮੈਂ ਹੋਣਾ ਸੀ ਤੇ ਨਾ ਹੀ ਮੇਰਾ ਮਿਸ਼ਨ। ਨਾ ਤਾਂ ਨਿਊਕਲੀ ਪਲਾਂਟ ਹੀ ਬੱਚਣਾ ਸੀ ਤੇ ਨਾ ਹੀ ਕੋਈ ਕਾਰਿੰਦਾ। ਸੱਭ ਕੁਝ ਤੱਤੇ ਵਾਸ਼ਪਾਂ ਦਾ ਰੂਪ ਧਾਰ ਗਾਇਬ ਹੋ ਜਾਣਾ ਸੀ।

ਇਹ ਸੋਚ, ਕਿ ਦੁਸ਼ਮਣ ਅਚੰਭੇ ਤੇ ਘਬਰਾਹਟ ਕਾਰਣ ਮੇਰੇ ਉੱਤੇ ਦੁਬਾਰਾ ਹਮਲਾ ਨਹੀਂ ਕਰੇਗਾ, ਮੈਂ ਆਖਰੀ ਦਾਅ ਖੇਲਿਆ। ਮੈਂ ਜਲਦੀ ਜਲਦੀ ਰੇਡੀਏਸ਼ਨ-ਰੋਕੂ-ਢਾਲ ਬੰਦ ਕੀਤੀ ਅਤੇ ਟਾਓਨੇਟਰ ਕੱਢ ਲਿਆ। ਇਸ ਨੂੰ ਐਟਮ-ਬੰਬ ਦੀ ਤਾਕਤ ਚੂਸਣ ਲਈ ਸੈੱਟ ਕਰ, ਨਿਊਕਲੀ ਰਾਕਟ ਦੇ ਐਟਮੀ ਬੰਬ ਵਾਲੇ ਹਿੱਸੇ ਨਾਲ ਜੋੜ ਦਿੱਤਾ।

ਐਟਮੀ-ਬੰਬ ਵਿਚੋਂ ਨੀਲੀ-ਪੀਲੀ ਤੇਜ਼ ਰੋਸ਼ਨੀ ਨਿਕਲੀ ਤੇ ਇਸ ਨੇ ਟਾਓਨੇਟਰ ਦੀ ਚਮਕੀਲੀ ਧਾਂਤ ਨੂੰ ਜਕੜ੍ਹ ਲਿਆ।ਹੁਣ ਐਟਮੀ-ਬੰਬ ਦੀ ਊਰਜਾ ਦਾ ਭੰਡਾਰ ਤੇਜ਼ੀ ਨਾਲ ਟਾਓਨੇਟਰ ਦੇ ਊਰਜਾ ਸੌਖਣ ਯੰਤਰ ਵਿਚ ਜ਼ਜਬ ਹੁੰਦਾ ਜਾ ਰਿਹਾ ਸੀ। ਇਕ ਪਲ ਮੈਂਨੂੰ ਚਿੰਤਾ ਹੋਈ ਕਿ ਕੀ ਇਹ ਯੰਤਰ ਐਟਮੀ-ਬੰਬ ਦੀ ਸਾਰੀ ਊਰਜਾ ਨੂੰ ਸੰਭਾਲ ਵੀ ਸਕੇਗਾ ਜਾਂ ਨਹੀਂ। ਕਿਧਰੇ ਇਹ ਊਰਜਾ ਉਸ ਯੰਤਰ ਦੀ ਸੰਭਾਲ ਸਮਰਥਾ ਤੋਂ ਵੱਧ ਨਾ ਹੋਵੇ। ਮੈਂ ਉਲਝਣ ਵਿਚ ਸਾਂ। ਪਰ ਕੀਤਾ ਵੀ ਜਾ ਸਕਦਾ ਸੀ।

ਕੁਝ ਦੇਰ ਟਾਓਨੇਟਰ ਦੇ ਉਪਰਲੇ ਸਿਰੇ ਉੱਤੇ ਲਾਲ-ਪੀਲੀਆਂ ਰੌਸ਼ਨੀਆਂ ਦਾ ਨਾਚ ਚਲਦਾ ਰਿਹਾ ਤੇ ਫਿਰ ਅਚਾਨਕ ਇਹ ਬੰਦ ਹੋ ਗਿਆ। ਐਟਮ-ਬੰਬ ਦੀ ਵਿਸਫੋਟਕ ਤਾਕਤ ਖ਼ਤਮ ਹੋ ਚੁੱਕੀ ਸੀ। ਨਿਊਕਲੀ ਰਾਕਟ ਵਿਚਲਾ ਵਿਸਫੋਟਕ ਪਦਾਰਥ ਹੁਣ ਕ੍ਰਿਆ ਮੁਕਤ ਸੀ।

ਮੇਰੇ ਸਾਹਮਣੇ ਹੁਣ ਬੇਜਾਨ ਤੇ ਬੇਕਾਰ ਨਿਊਕਲੀ-ਮਿਜ਼ਾਇਲ ਮੌਜੂਦ ਸੀ।

ਮੈਂ ਖੁਸ਼ ਸਾਂ ਕਿ ਮੈਂ ਯੂਕਰੇਨ ਮਿਲਟਰੀ ਦਾ ਸੱਭ ਤੋਂ ਖ਼ਤਰਨਾਕ ਹਥਿਆਰ ਨਕਾਰਾ ਕਰ ਦਿੱਤਾ ਸੀ।

******

ਮੈਨੂੰ ਯੂਕਰੇਨ ਦੇ ਜਾਂਬਾਜ਼ ਫੋਜੀਆਂ ਦੀ ਦਾਦ ਦੇਣੀ ਬਣਦੀ ਹੈ। ਬੇਸ਼ਕ ਮੈਂ ਕਾਫ਼ੀ ਖ਼ਤਰਨਾਕ ਜਾਪ ਰਿਹਾ ਸਾਂ ਪਰ ਉਨ੍ਹਾਂ ਬਿਨ੍ਹਾਂ ਕੋਈ ਹਥਿਆਰ ਵਰਤੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ। ਡਰਦੇ ਮਾਰੇ ਮੈਂ ਹੱਥ ਖੜ੍ਹੇ ਕਰ ਦਿੱਤੇ।

ਗੰਜੇ ਜਰਨੈਲ ਦੀਆਂ ਨਫ਼ਰਤ ਭਰੀਆਂ ਜ਼ਰਦ ਅੱਖਾਂ ਮੈਨੂੰ ਘੂਰ ਰਹੀਆਂ ਸਨ ।

‘ਕੌਣ ਹੈ ਤੂੰ?’ ਉਸ ਦੇ ਗੁੱਸੇ ਭਰੇ ਬੋਲ ਸਨ।

ਮੋਢੇ ਹਿਲਾਂਦੇ ਹੋਏ ਮੈਂ ਜਵਾਬ ਦੇਣ ਲਈ ਯੁਕਰੇਨੀਅਨ ਭਾਸ਼ਾ ਦੇ ਬੋਲ ਢੂੰਡ ਰਿਹਾ ਸਾਂ।

‘ਮੈਂ…ਮੈਂ ਗੁਪਤਚਰ ਹਾਂ!’ ਮੈਂ ਕਿਹਾ। ‘ਇਥੇ ਹੁਣੇ ਹੁਣੇ ਵਾਪਰੇ ਹਾਦਸੇ ਦਾ ਮੈਨੂੰ ਸਖ਼ਤ ਅਫ਼ਸੋਸ ਹੈ।’

‘ਅਫਸੋਸ?’ ਜਨਰਲ ਦੇ ਗੁੱਸੇ ਨਾਲ ਭਰੇ ਪੀਤੇ ਬੋਲ ਸਨ। ‘ਅਫਸੋਸ ਤਾਂ ਤੈਨੂੰ ਇਸ ਤੋਂ ਵੀ ਬਹੁਤ ਵੱਧ ਹੋਵੇਗਾ ਜਦ ਤੈਨੂੰ ਫਾਇਰਿੰਗ ਸੂਅਕੈਡ ਦਾ ਸਾਹਮਣਾ ਕਰਨਾ ਪਵੇਗਾ।’

ਲਾਚਾਰ ਹਾਲਤ ਵਿਚ ਮੈਂ ਆਪਣੇ ਹੱਥ ਅੱਗੇ ਕੀਤੇ। ਦਰਅਸਲ ਮੈਨੂੰ ਆਪਣੇ ਮਾਰੇ ਜਾਣ ਦਾ ਜ਼ਰਾ ਜਿੰਨ੍ਹਾਂ ਵੀ ਡਰ ਨਹੀਂ ਸੀ। ਫਾਇਰਿੰਗ ਸੂਅਕੈਡ ਦਾ ਸਾਹਮਣਾ ਤਾਂ ਅਜਿਹੇ ਹਾਲਤ ਵਿਚ ਵਰਦਾਨ ਹੀ ਹੋਵੇਗਾ ਜਦ ਕਿ ਮੈਂ ਪੂਰੇ ਰੂਸ ਨੂੰ ਤਬਾਹ ਕਰਨਯੋਗ ਐਟਮੀ ਬੰਬ ਨੂੰ ਨਸ਼ਟ ਕਰ ਚੁੱਕਾ ਸਾਂ। ਹੁਣ ਕੁਝ ਵੀ ਵਾਪਰੇ ਤੀਸਰੇ ਵਿਸ਼ਵ ਯੁੱਧ ਦਾ ਨਤੀਜਾ ਤਾਂ ਬਦਲ ਹੀ ਚੁੱਕਾ ਸੀ ਤੇ ਇਸ ਦੇ ਨਾਲ ਹੀ ਮੇਰਾ ਭਵਿੱਖ ਵੀ ਬਦਲ ਗਿਆ ਸੀ। ਜਿਸ ਵਿਚ ਨਾ ਤਾਂ ਮੇਰੀ ਹੌਂਦ ਸੀ ਤੇ ਨਾ ਹੀ ਸੋਫ਼ੀਆ ਨਾਲ ਕਿਸੇ ਮੁਲਾਕਾਤ ਦਾ ਸਬੱਬ।

‘ਬਾਹਰ ਲੈ ਜਾਓ ਇਸ ਨੂੰ ਤੇ ਗੋਲੀ ਮਾਰ ਦਿਓ!’ ਜਨਰਲ ਚੀਖ਼ ਰਹਿਆ ਸੀ।

ਮੈਂ ਲਗਭਗ ਤਤਪਰਤਾ ਨਾਲ ਹੀ ਮੌਤ ਦੇ ਗਲੇ ਲਗਣ ਲਈ ਚਲ ਪਿਆ। ਮੇਰਾ ਮਨ ਸੋਫ਼ੀਆ ਨਾਲ ਮੇਰੀ ਆਖ਼ਰੀ ਮੁਲਾਕਾਤ ਦੇ ਪਲਾਂ ਵਿਚ ਮਗਨ ਸੀ।

ਉਹ ਤਕਨੀਕੀ ਮਾਹਿਰ ਜਿਸ ਨੇ ਮੈਨੂੰ ਪਛਾਣ ਲਿਆ ਸੀ, ‘ਠਹਿਰੋ!’ ਉਹ ਬੋਲਿਆ। ‘ਸਰ! ਮੈਨੂੰ ਇਸ ਤੋਂ ਪੁੱਛ-ਪੜਤਾਲ ਕਰ ਲੈਣ ਦਿਓ। ਸ਼ਾਇਦ ਕੋਈ ਲਾਭਦਾਇਕ ਜਾਣਕਾਰੀ ਮਿਲ ਜਾਵੇ।’

‘ਕੀ ਫਾਇਦਾ? ਬੰਬ ਤਾਂ ਇਹ ਤਬਾਹ ਕਰ ਹੀ ਚੁੱਕਾ ਹੈ।’ਪਰ ਉਹ ਪਲ ਕੁ ਲਈ ਰੁਕਿਆ ਜਿਵੇਂ ਦੁਬਿਧਾ ਵਿਚ ਹੋਵੇ ਤੇ ਫਿਰ ਬੋਲਿਆ, ‘ਠੀਕ ਹੈ। ਜੋ ਪੁੱਛਣਾ ਚਾਹੁੰਦੇ ਹੋ ਪੁੱਛ ਲਵੋ। ਨੁਕਸਾਨ ਤਾਂ ਹੁਣ ਹੋ ਹੀ ਚੁੱਕਾ ਹੈ।’

ਜਾਂਚ-ਕੇਦਰ ਵਿਚ ਉਦਾਸੀ ਦੇ ਆਲਮ ਵਿਚ ਡੁੱਬਿਆ ਮੈਂ, ਜਾਂਚ ਅਫਸਰ ਦੇ ਤਿੱਖੇ ਸਵਾਲਾਂ ਨੂੰ ਲਗਭਗ ਅਣਸੁਣਿਆ ਹੀ ਕਰ ਰਿਹਾ ਸਾਂ। ਪਰ ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਇਹ ਸੱਭ ਜਾਨਣ ਲਈ ਬਜ਼ਿੱਦ ਸੀ, ਕਿ ਮੈਂ ਕੌਣ ਸਾਂ, ਕਿਥੋਂ ਤੇ ਕਿਉਂ ਆਇਆ ਸਾਂ?

‘ਤੇ ਉਹ ਬੰਬ?’ ਉਸ ਨੇ ਪੁੱਛਿਆ। ‘ਕੀ ਕੀਤਾ ਹੈ ਤੂੰ ਇਸ ਨੂੰ?’

ਮੈਂ ਆਪਣੀ ਬੈਲਟ ਨਾਲ ਲੱਗੇ ਟਾਓਨੇਟਰ ਦੇ ਊਰਜਾ ਸੌਖਣ ਯੰਤਰ ਨੂੰ ਥਪਥਪਾਇਆ। ‘ਮੇਰੇ ਇਸ ਯੰਤਰ ਨੇ ਉਸ ਦੀ ਊਰਜਾ ਨੂੰ ਚੂਸ ਲਿਆ ਹੈ।’ਮੈਂ ਕਿਹਾ। ‘ਦਰਅਸਲ ਤੁਹਾਡਾ ਬੰਬ ਤਾਂ ਫੱਟਣ ਵਾਲਾ ਹੀ ਸੀ।’

‘ਬੰਬ ਦੀ ਊਰਜਾ ਨੂੰ ਚੂਸ ਲਿਆ? ਉਹ ਕਿਵੇਂ?’

‘ਟਾਓਨੇਟਰ ਦੀ ਮਦਦ ਨਾਲ।’ਮੈਂ ਕਿਹਾ ਤੇ ਉਸ ਨੂੰ ਦੱਸਿਆ ਕਿ ਕਿਵੇਂ ਟਾਓਨੇਟਰ ਐਟਮੀ ਬੰਬ ਅੰਦਰ ਟੁੱਟ ਰਹੇ ਨਿਊਕਲੀਅਸਾਂ ਵਿਚੋਂ ਪੈਦਾ ਹੋ ਰਹੀ ਊਰਜਾ ਨੂੰ ਚੂਸ ਕੇ ਆਪਣੇ ਸੌਖਣ ਯੰਤਰ ਵਿਚ ਭੰਡਾਰ ਕਰ ਲੈਂਦਾ ਹੈ।’

ਉਸ ਨੇ ਟਾਇਓਨੇਟਰ ਦੇ ਸੌਖਣ ਯੰਤਰ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਅਚਾਨਕ ਹੀ ਉਸ ਦੀਆਂ ਅੱਖਾਂ ਵਿਚ ਕਿਸੇ ਨਵੀਂ ਆਸ ਦੀ ਚਮਕ ਦਿਖਾਈ ਦਿੱਤੀ।

‘ਕੀ ਤੂੰ ਇਸ ਊਰਜਾ ਨੂੰ ਇਸ ਯੰਤਰ ਵਿਚੋਂ ਕੱਢ ਕੇ ਕਿਸੇ ਹੋਰ ਯੰਤਰ ਵਿਚ ਪਾ ਸਕਦਾ ਹੈ?’

‘ਕੀ ਤੂੰ ਐਟਮ-ਬੰਬ ਨੂੰ ਦੁਬਾਰਾ ਕ੍ਰਿਆਸ਼ੀਲ ਕਰਨਾ ਚਾਹੁੰਦਾ ਹੈ?’ ਮੈਂ ਪੁੱਛਿਆ।

‘ਨਹੀਂ! ਬਿਲਕੁਲ ਹੀ ਨਹੀਂ!’ ਉਸ ਨੇ ਸਿਰ ਹਿਲਾਉਂਦੇ ਹੋਏ ਕਿਹਾ। ‘ਮੈਂ ਕੁਝ ਹੋਰ ਸੋਚ ਰਿਹਾ ਸਾਂ।’ਉਹ ਬੋਲ ਰਿਹਾ ਸੀ। ‘ਕੀ ਤੂੰ ਇਸ ਊਰਜਾ ਨੂੰ ਪੁਲਾੜ ਵਿਚ ਤਿੰਨ ਕਰੋੜ ਕਿਲੋਮੀਟਰ ਦੂਰ ਭੇਜ ਸਕਦਾ ਹੈ?’

ਮੈਂ ਕਿਸੇ ਅਣਕਿਆਸੇ ਹਾਲਾਤ ਦੇ ਡਰ ਕਾਰਣ, ਉਸ ਵੱਲ ਬੌਂਦਲਿਆ ਜਿਹਾ ਦੇਖ ਰਿਹਾ ਸਾਂ।

‘ਮੈਨੂੰ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਹੈ।’

‘ਪਰ ਤੂੰ ਗੜਬੜ ਤਾਂ ਕਰ ਹੀ ਚੁੱਕਾ ਹੈ।’ਉਹ ਚੀਕਿਆ। ‘ਤੂੰ ਸਾਡਾ ਇਹ ਜੰਗ ਜਿੱਤਣ ਦਾ ਮੌਕਾ ਤਾਂ ਖ਼ਰਾਬ ਕਰ ਹੀ ਚੁੱਕਿਆ ਹੈ। ਜੇ ਤੂੰ ਆਪਣੀ ਜਾਨ ਦੀ ਖ਼ੈਰ ਚਾਹੁੰਦਾ ਹੈ ਤਾਂ ਤੈਨੂੰ ਸਾਡੀ ਮਦਦ ਕਰਨੀ ਹੀ ਪੈਣੀ ਹੈ।’

ਕੁਰਸੀ ਤੇ ਬੈਠਾ ਮੈਂ ਘਬਰਾ ਕੇ ਪਿੱਛੇ ਨੂੰ ਹੋ ਗਿਆ। ਉਹ ਠੀਕ ਹੀ ਕਹਿ ਰਿਹਾ ਸੀ। ਮੇਰੀ ਟ੍ਰੇਨਿੰਗ ਦੇ ਬਾਵਜੂਦ, ਮੇਰੇ ਟ੍ਰੇਨਿੰਗ ਅਫ਼ਸਰ ਤੇ ਸੋਫ਼ੀਆਂ ਦੇ ਬਾਰ ਬਾਰ ਚੇਤਾਵਨੀ ਦੇ ਬਾਵਜੂਦ ਮੈਂ ਦੁਸ਼ਮਣ ਦੇ ਸ਼ਿਕੰਜੇ ਵਿਚ ਫਸ ਚੁੱਕਾ ਸਾਂ। ਸ਼ਾਇਦ ਇਨ੍ਹਾਂ ਦੀ ਮਦਦ ਦੇ ਬਹਾਨੇ ਮੈਨੂੰ ਮੌਤ ਦੇ ਖੂਹ ਵਿਚੋਂ ਨਿਕਲਣ ਦਾ ਮੌਕਾ ਮਿਲ ਹੀ ਜਾਵੇ।

‘ਮੈਂ ਤੁਹਾਨੂੰ ਟਾਓਨੇਟਰ ਚਲਾਉਣਾ ਸਿਖਾ ਸਕਦਾ ਹਾਂ।’ਮੇਰੇ ਮੁਰਦਾ ਜਿਹੇ ਬੋਲ ਸਨ।

ਮੈਂ ਚੁਪਚਾਪ ਬੈਲਟ ਉਤਾਰੀ, ਟਾਓਨੇਟਰ ਨੂੰ ਸੈੱਟ ਕਰ ਉਸ ਨੂੰ ਫੜ੍ਹਾ ਦਿੱਤਾ। ਉਹ ਮੈਨੂੰ ਕਾਲੀ ਹਨੇਰੀ ਰਾਤ ਵਿਚ ਤਾਰਿਆਂ ਜੜ੍ਹੇ ਅੰਬਰ ਹੇਠ ਲੈ ਆਏ। ਉਸ ਨੇ ਦੂਰ ਹਨੇਰੇ ਅੰਬਰ ਵੱਲ ਦੇਖਿਆ ਤੇ ਟਾਓਨੇਟਰ ਨੂੰ ਉਸ ਵੱਲ ਸਿੱਧਾ ਕਰ ਦਿੱਤਾ।

‘ਠਹਿਰੋ!’ ਮੈਂ ਚੀਖਿਆ। ‘ਊਰਜਾ-ਨਿਕਾਸ ਦੇ ਪ੍ਰਭਾਵਾਂ ਤੋਂ ਬੱਚਣ ਲਈ ਹਰ ਕਿਸੇ ਨੂੰ ਬਿਲਡਿੰਗ ਅੰਦਰ ਜਾਣਾ ਠੀਕ ਰਹੇਗਾ, ਤੇ ਉਹ ਵੀ ਖਿੜਕੀਆਂ ਤੋਂ ਪਰ੍ਹੇ। ਰੌਸ਼ਨੀ ਦੀ ਬਹੁਤ ਵਧੇਰੇ ਚਮਕ ਤੋਂ ਕਾਲੀਆਂ ਐਨਕਾਂ ਹੀ ਅੱਖਾਂ ਦਾ ਬਚਾ ਕਰ ਸਕਣਗੀਆਂ।’ਆਪਣੀ ਕਾਲੀ ਐਨਕ ਪਹਿਨਦੇ ਮੈਂ ਕਿਹਾ।

ਫੌਜੀ ਅਫ਼ਸਰ ਦਾ ਹੁਕਮ ਸੁਣਦੇ ਹੀ ਸਾਰੇ ਫੌਜੀ ਮਿਲਟਰੀ ਹੈੱਡ ਕੁਆਰਟਰ ਦੀ ਬਿਲਡਿੰਗ ਅੰਦਰ ਚਲੇ ਗਏ। ਬਾਹਰ ਸਿਰਫ਼ ਮੈਂ ਸਾਂ, ਉਹ ਅਫ਼ਸਰ ਤੇ ਇਕ ਹੋਰ ਫੌਜੀ।

ਤਦ ਹੀ ਉਸ ਅਫ਼ਸਰ ਨੇ ਟਾਓਨੇਟਰ ਦੀ ਨਲੀ ਅੰਬਰ ਵੱਲ ਕਰਦੇ ਹੋਏ ਕੋਲ ਖੜ੍ਹੇ ਫੌਜੀ ਨੂੰ ਪੁੱਛਿਆ, ‘ਕੀ ਇਹ ਸੇਧ ਸਹੀ ਹੈ?’

ਫੌਜੀ ਨੇ ਹਾਂ ਵਿਚ ਸਿਰ ਹਿਲਾਇਆ।

ਮਨ ਹੀ ਮਨ ਮੈਂ ਖੁਸ਼ ਸਾਂ ਕਿ ਉਸ ਨੇ ਨਿਸ਼ਾਨਾ ਰੂਸ ਵੱਲ ਨਹੀਂ ਸੀ ਸਾਧਿਆ।

ਤੇ ਉਸ ਅਫ਼ਸਰ ਨੇ ਮੇਰੇ ਦੱਸੇ ਅਨੁਸਾਰ ਟਾਓਨੇਟਰ ਦਾ ਟ੍ਰਿਗਰ ਦਬਾ ਦਿੱਤਾ।

ਆਸਮਾਨੀ ਬਿਜਲੀ ਵਰਗੀ ਤੇਜ਼ ਚਮਕ ਨਜ਼ਰ ਆਈ। ਟਾਓਨੇਟਰ ਦੀ ਨਲੀ ਵਿਚੋਂ ਨਿਕਲ ਰਹੀਆਂ ਲਾਲ-ਨੀਲੀਆਂ ਲਾਟਾਂ ਦੂਰ ਅੰਬਰ ਤਕ ਫੈਲ ਗਈਆਂ। ਮਿੰਟ ਕੁ ਦੇ ਅਰਸੇ ਵਿਚ ਹੀ ਟਾਓਨੇਟਰ ਦੀ ਸਾਰੀ ਸ਼ਕਤੀ ਖ਼ਤਮ ਹੋ ਗਈ। ਹੁਣ ਚਾਰੇ ਪਾਸੇ ਗਹਿਰਾ ਸੰਨਾਟਾ ਸੀ।

ਅਸੀਂ ਤਿੰਨੋਂ ਜਲਦੀ ਨਾਲ ਬਿਲਡਿੰਗ ਅੰਦਰ ਆ ਗਏ।

ਇਕ ਫੌਜੀ ਨੇ ਹੱਥ ਵਿਚ ਫੜ੍ਹੇ ਆਈ-ਪੈਡ ਦੇ ਕੀ-ਬੋਰਡ ਦੇ ਕੁਝ ਬਟਨ ਦੱਬੇ ਤੇ ਸਕਰੀਨ ਉਤਲੀ ਇਬਾਰਤ ਪੜ੍ਹਦਿਆਂ ਹੀ ਬੋਲਿਆ, ‘ਇਸ ਰੌਸ਼ਨੀ-ਬੀਮ ਨੂੰ ਨਿਸ਼ਾਨੇ ਨਾਲ ਟਕਰਾ ਕੇ ਮੁੜਣ ਲਈ ਸਿਰਫ਼ ਤਿੰਨ ਮਿੰਟ ਹੀ ਲਗਣਗੇ।’

ਟਾਓਨੇਟਰ ਚਲਾਉਣ ਵਾਲਾ ਅਫ਼ਸਰ ਮੇਰੇ ਵੱਲ ਮੁੜਿਆ। ‘ਜੇ ਨਿਸ਼ਾਨਾ ਉੱਕ ਜਾਵੇ ਤਾਂ?’ ਸ਼ੱਕ ਭਰੀ ਆਵਾਜ਼ ਵਿਚ ਉਹ ਅਚਾਨਕ ਚੀਖਿਆ। ‘ਉਹ ਤਾਂ ਇੰਨੀ ਦੂਰ ਹੈ ਕਿ ਥੌੜ੍ਹੀ ਜਿਹੀ ਉਕਾਈ ਵੀ ਰੌਸ਼ਨੀ-ਬੀਮ ਨੂੰ ਉਸ ਤੋਂ ਕੋਹਾਂ ਦੂਰ ਲਿਜਾ ਸਕਦੀ ਹੈ।’

ਮੈਂ ਨਾਂਹ ਵਿਚ ਸਿਰ ਹਿਲਾਂਦਿਆਂ ਕਿਹਾ, ‘ਜਿਵੇਂ ਜਿਵੇਂ ਰੌਸ਼ਨੀ-ਬੀਮ ਦੂਰੀ ਤੈਅ ਕਰਦਾ ਹੈ ਇਹ ਖਿੰਡਰਦਾ ਜਾਂਦਾ ਹੈ ਅਤੇ ਰੌਸ਼ਨੀ ਦੇ ਫੋਟੋਨ, ਨਿਸ਼ਾਨੇ ਦੀ ਗੁਰੂਤਾ-ਖਿੱਚ ਕਾਰਣ ਉਸ ਵੱਲ ਖਿੱਚੇ ਜਾਂਦੇ ਹਨ। ਜੇ ਰੌਸ਼ਨੀ-ਬੀਮ ਨਿਸ਼ਾਨੇ ਤੋਂ ਥੋੜ੍ਹਾ ਉੱਕ ਵੀ ਜਾਵੇ ਤਾਂ ਨਿਸ਼ਾਨੇ ਦਾ ਪਦਾਰਥ ਇਸ ਨੂੰ ਆਪਣੇ ਵੱਲ ਖਿੱਚ ਲਵੇਗਾ।’

****

ਉਸ ਨੇ ਸਿਰ ਹਿਲਾਇਆ, ਪਰ ਚੁੱਪ ਹੀ ਰਿਹਾ। ਚਾਰੋਂ ਪਾਸੇ ਚੁੱਪ-ਚਾਂ ਸੀ। ਮੈਂ ਤੇ ਯੂਕਰੇਨ ਦੇ ਲਗਭਗ 100 ਫੌਜੀ ਇਸ ਰਹੱਸ ਭਰੀ ਰਾਤ ਦੇ ਹਨੇਰੇ ਅੰਬਰ ਵੱਲ ਝਾਂਕ ਰਹੇ ਸਾਂ।

ਤਿੰਨ ਮਿੰਟ ਇੰਨ੍ਹੇ ਹੌਲੀ ਹੌਲੀ ਬੀਤ ਰਹੇ ਸਨ ਜਿਵੇਂ ਇਹ ਤਿੰਨ ਸਾਲ ਲੰਮਾ ਅਰਸਾ ਹੋਵੇ। ਜਿਵੇਂ ਹੀ ਮੇਰੀ ਹੱਥ-ਘੜੀ ਦੀ ਸੈਕਿੰਡਾਂ ਵਾਲੀ ਸੂਈ ਨੇ ਆਪਣਾ ਡੇਢ ਘੁੰਮੇਟਾ ਪੂਰਾ ਕੀਤਾ, ਤਦ ਹੀ ਟਾਓਨੇਟਰ ਦੇ ਊਰਜਾ-ਬੀਮ ਦੀ ਨਿਸ਼ਾਨੇ ਨਾਲ ਟੱਕਰ ਵਾਪਰ ਗਈ।

ਟਾਓਨੇਟਰ ਤੋਂ ਨਿਕਲੇ ਰੌਸ਼ਨੀ-ਬੀਮ ਨੇ ਬ੍ਰਹਿਮੰਡੀ ਤੀਲੀ ਦਾ ਕੰਮ ਕੀਤਾ। ਨਿਸ਼ਾਨੇ ਨਾਲ ਇਸ ਦੀ ਟੱਕਰ ਨੇ ਅਗੰਮੀ ਤੇਜ਼ ਵਾਲੇ ਸੂਰਜ ਨੂੰ ਜਨਮ ਦੇ ਦਿੱਤਾ।

ਅਗਲਾ ਡੇਢ ਮਿੰਟ ਤਾਂ ਜਿਵੇਂ ਉੱਡਣ ਛੂੰ ਹੀ ਹੋ ਗਿਆ ਸੀ। ਹਨੇਰਾ ਤਾਂ ਜਿਵੇਂ ਸਿਰ ‘ਤੇ ਪੈਰ ਰੱਖ ਨੱਸ ਗਿਆ ਸੀ ਤੇ ਸਿਖ਼ਰ ਦੁਪਿਹਰ ਦੀ ਤਪਸ਼ ਆਪਣੇ ਜੋਬਨ ‘ਤੇ ਸੀ। ਇੰਝ ਜਾਪ ਰਿਹਾ ਸੀ ਜਿਵੇਂ ਚਾਰੋਂ ਪਾਸੇ ਅੱਗ ਵਰ੍ਹ ਰਹੀ ਹੋਵੇ। ਅਜਿਹੀ ਤਿੱਖੀ ਚਮਕ ਪਹਿਲਾਂ ਕਦੇ ਨਹੀਂ ਸੀ ਦੇਖੀ। ਊਰਜਾ-ਬੀਮ ਦੇ ਨਿਸ਼ਾਨੇ ਨਾਲ ਟਕਰਾਉਣ ਪਿਛੋਂ ਪੈਦਾ ਹੋਏ ਅਸੀਮ ਵਿਕਿਰਣ ਦੀ ਤੇਜ਼ ਚਮਕ ਨਾਲ ਦਗ ਦਗ ਕਰਦਾ ਸਾਡੇ ਸਾਹਮਣਲਾ ਜੰਗਲ ਅਚਾਨਕ ਲਟ ਲਟ ਬਲਣ ਲੱਗਾ। ਇਕ ਪਲ ਤਾਂ ਮੈਨੂੰ ਅਜਿਹਾ ਲੱਗਿਆ ਕਿ ਨਿਊਕਲੀ ਵਿਕਿਰਣ ਦੀ ਗਰਮੀ ਸਾਨੂੰ ਸੁਆਹ ਹੀ ਕਰ ਦੇਵੇਗੀ।

ਤਦ ਹੀ ਗਰਮੀ ਦੀ ਅਤਿ ਹੋ ਗਈ ਤੇ ਇਸੇ ਅਥਾਹ ਗਰਮੀ ਦੀ ਬਦੌਲਤ ਜਿਵੇਂ ਹੀ ਹਾਈਡ੍ਰੋਜਨ ਪਰਮਾਣੂੰਆਂ ਦਾ ਖਾਤਮਾ ਹੋਇਆ, ਗਰਮੀ ਦੀ ਤੀਬਰਤਾ ਘੱਟਣ ਲੱਗੀ। ਅਗਲੇ ਕੁਝ ਕੁ ਪਲਾਂ ਵਿਚ ਊਰਜਾ ਦਾ ਇਹ ਵਰਤਾਰਾ ਘਟਦਾ ਘਟਦਾ ਖ਼ਤਮ ਹੋ ਗਿਆ।

ਮੈਨੂੰ ਸਮਝ ਨਹੀਂ ਸੀ ਆਈ ਕਿ ਫੌਜੀ ਅਫ਼ਸਰ ਨੇ ਟਾਓਨੇਟਰ ਦੀ ਤਾਕਤ ਨੂੰ ਅੰਜਾਈਂ ਹੀ ਕਿਉਂ ਗੁਆ ਲਿਆ ਸੀ। ਪਰ ਅੰਦਰੂਨੀ ਤੌਰ ਉੱਤੇ ਮੈਂ ਖੁਸ਼ ਸਾਂ ਕਿ ਉਸ ਨੇ ਇਹ ਊਰਜਾ ਮੇਰੇ ਦੇਸ਼ ਦੇ ਖਾਤਮੇ ਲਈ ਨਹੀਂ ਸੀ ਵਰਤੀ।

ਤਦ ਹੀ ਧਰਤੀ ਅੰਦਰ ਅਜੀਬ ਥਰਥਰਾਹਟ ਮਹਿਸੂਸ ਹੋਈ। ਅਗਲੇ ਹੀ ਪਲ, ਇਵੇਂ ਜਾਪਿਆ ਜਿਵੇਂ ਸ਼ਕਤੀਸ਼ਾਲੀ ਭੂਚਾਲ ਨੇ ਸਾਡੇ ਪੈਰਾਂ ਹੋਠੋਂ ਜ਼ਮੀਨ ਖਿਸਕਾ ਦਿੱਤੀ ਹੋਵੇ।

ਅਚਾਨਕ ਹੀ ਮੀਂਹ ਪੂਰੀ ਤੇਜ਼ੀ ਨਾਲ ਪੈਣਾ ਸ਼ੁਰੂ ਹੋ ਗਿਆ ਜਿਵੇਂ ਕੋਈ ਬੱਦਲ ਫੱਟ ਗਿਆ ਹੋਵੇ। ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਾਡੀ ਇਮਾਰਤ ਨੂੰ ਪਾਣੀ ਦੀਆਂ ਤੇਜ਼ ਛੱਲਾਂ ਨੇ ਚਾਰੇ ਪਾਸੇ ਤੋਂ ਘੇਰ ਲਿਆ।

ਮੇਰੀਆਂ ਅੱਖਾਂ ਭਰ ਆਈਆਂ ਸਨ……..ਪਤਾ ਨਹੀਂ ਕਿਉਂ। ਉਸ ਫੌਜੀ ਅਫ਼ਸਰ ਦਾ ਮੇਰੇ ਮੋਢੇ ਉੱਤੇ ਰੱਖਿਆ ਹੱਥ ਧਰਵਾਸ ਦਿੰਦਾ ਲਗ ਰਿਹਾ ਸੀ।

‘ਕੋਈ ਹੋਰ ਹੱਲ ਹੀ ਨਹੀਂ ਸੀ।’ਜ਼ਜਬਾਤਾਂ ਨਾਲ ਲਬਰੇਜ਼ ਉਸ ਦੀ ਆਵਾਜ਼ ਸੁਣਾਈ ਦਿੱਤੀ। ‘ਵਿਸ਼ਵ ਸ਼ਾਂਤੀ ਲਈ ਇਹ ਜ਼ਰੂਰੀ ਸੀ।’ਉਹ ਕਹਿ ਰਿਹਾ ਸੀ।

ਸਮਝ ਨਹੀਂ ਸੀ ਆ ਰਿਹਾ ਕਿ ਉਹ ਅਜਿਹਾ ਕਿਉਂ ਕਹਿ ਰਿਹਾ ਸੀ।

*****

ਅਗਲੀ ਸਵੇਰ ਦੇ ਨਿਊਜ਼ ਬੂਲੇਟਿਨ ਨੇ ਸੱਭ ਕੁਝ ਸਾਫ਼ ਕਰ ਦਿੱਤਾ ਸੀ। ਖ਼ਬਰ ਸੀ, ‘ਪਿਛਲੀ ਰਾਤ, ਯੂਕਰੈਨ ਦੁਆਰਾ ਕੀਤੇ ਨਿਊਕਲੀ ਹਮਲੇ ਦੌਰਾਨ ਰੂਸ ਦਾ ਪੁਲਾੜ ਸਥਿਤ ਮਿਲਟਰੀ ਕੰਟ੍ਰੋਲ ਸੈਂਟਰ ਨਸ਼ਟ ਹੋ ਗਿਆ ਹੈ। ਇਸ ਕੰਟ੍ਰੋਲ ਸੈਂਟਰ ਦੇ ਤਿੰਨ ਵੱਡੇ ਟੁਕੜੇ ਸਾਇਬੇਰੀਆ ਦੇ ਖੇਤਰ ਵਿਚ ਡਿੱਗਣ ਕਾਰਣ, ਰੂਸ ਵਿਖੇ ਰਿਕਟਰ ਪੈਮਾਨੇ ਦੀ 9.6 ਮਾਤਰਾ ਵਾਲਾ ਭੂਚਾਲ ਆਇਆ ਹੈ ਤੇ ਅਨੇਕ ਸ਼ਹਿਰ ਨਸ਼ਟ ਹੋ ਗਏ ਹਨ। ਇਸ ਸੈਂਟਰ ਦੇ ਬਹੁਤ ਹੀ ਗਰਮ ਟੁੱਕੜਿਆਂ ਦੇ ਸਾਇਬੇਰੀਆ ਵਿਖੇ ਡਿੱਗਣ ਨਾਲ ਉਥੋਂ ਦੇ ਗਲੇਸ਼ੀਅਰ ਪਿਘਲ ਗਏ ਹਨ। ਜਿਸ ਕਾਰਣ ਰੂਸ ਦੇ ਅਨੇਕ ਸ਼ਹਿਰ ਤੇ ਯੂਕਰੇਨ ਦੇ ਰੂਸ ਨਾਲ ਲਗਦੇ ਖੇਤਰ ਪਾਣੀ ਹੇਠ ਡੁੱਬ ਗਏ ਹਨ। ਰਾਹਤ ਕਾਰਜ ਲਗਾਤਾਰ ਜਾਰੀ ਹਨ। ਅਜਿਹੇ ਸੰਕਟਮਈ ਹਾਲਤਾਂ ਕਾਰਣ ਰੂਸੀ ਧੜ੍ਹੇ ਨੇ ਬਿਨ੍ਹਾਂ ਸ਼ਰਤ ਜੰਗਬੰਦੀ ਦਾ ਐਲਾਨ ਕਰਦੇ ਹੋਏ ਸੁਲਹ ਦੀ ਅਪੀਲ ਕੀਤੀ ਹੈ। ਵਿਸ਼ਵ ਸ਼ਾਂਤੀ ਦੀ ਕਾਇਮੀ ਦੇ ਮੱਦੇ ਨਜ਼ਰ ਯੂਕਰੈਨ ਧੜ੍ਹੇ ਵਲੋਂ ਇਹ ਅਪੀਲ ਸਵੀਕਾਰ ਕਰ ਲਏ ਜਾਣ ਪਿੱਛੋਂ ਤੀਸਰੇ ਵਿਸ਼ਵ ਯੁੱਧ ਦਾ ਖ਼ਾਤਮਾ ਹੋ ਗਿਆ ਹੈ।ਇਸ ਘਟਨਾ ਕਾਰਣ ਹੋਏ ਜਾਨ ਮਾਲ ਦੇ ਨੁਕਸਾਨ ਦਾ ਅੰਦਾਜ਼ਾ………।’

ਤੀਸਰੇ ਵਿਸ਼ਵ ਯੁੱਧ ਦੇ ਖ਼ਾਤਮੇ ਦਾ ਐਲਾਨ ਸੁਣਦੇ ਹੀ ਸਾਰੇ ਫੌਜੀ ਖੁਸ਼ੀ ਨਾਲ ਨੱਚ ਉੱਠੇ।

ਤੇ ਮੈਂ ਉਦਾਸ ਹਾਂ ਕਿਉਂ ਕਿ ਮੇਰਾ ਆਖ਼ਰੀ ਮਿਸ਼ਨ - ਤੀਸਰੇ ਵਿਸ਼ਵ ਯੁੱਧ ਦੇ ਨਤੀਜੇ ਨੂੰ ਦੇਸ਼ ਦੇ ਹੱਕ ਵਿਚ ਕਾਰਗਾਰ ਰੂਪ ਵਿਚ ਬਦਲਣਾ, ਪੂਰੀ ਤਰ੍ਹਾ ਅਸਫ਼ਲ ਹੋ ਚੁੱਕਾ ਹੈ। ਗਨੀਮਤ ਹੈ ਕਿ ਮੈਂ ਯੂਕਰੇਨ ਦੀ ਕੈਦ ਵਿਚ ਹਾਂ ਨਹੀਂ ਤਾਂ ਹੁਣ ਤਕ ਮੇਰਾ ਕੋਰਟ ਮਾਰਸ਼ਲ ਹੋ ਜਾਂਦਾ ਤਾਂ ਮੌਤ ਦੀ ਸਜ਼ਾ ਹੋ ਜਾਣੀ ਸੀ ਜਾਂ ਫਿਰ ਫੌ਼ਜ ਤੋਂ ਨਿਰਾਦਰੀ ਭਰੀ ਬਰਖ਼ਾਸਤੀ। ਅਜਿਹੇ ਹਾਲਾਤਾਂ ਵਿਚ ਮੈਨੂੰ ਦੇਸ਼ ਵਾਪਸੀ ਜਾਂ ਸੋਫ਼ੀਆ ਨਾਲ ਮੁਲਾਕਾਤ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਸਮੱਸਿਆ ਦਾ ਕੀ ਹਲ ਹੈ, ਸਮਝ ਨਹੀਂ ਆ ਰਿਹਾ। ਸੋਚਦਾ ਹਾਂ ਸੁਖਾਵੇਂ ਹਾਲਾਤਾਂ ਦੀ ਉਡੀਕ ਵਿਚ ਜਲਾਵਤਨੀ ਹੀ ਠੀਕ ਰਹੇਗੀ।……

******

ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1200 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 75 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਅਜ ਕਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਸੇਵਾ ਨਿਭਾ ਰਹੇ ਹਨ।

ਵੈਬਸਾਈਟ : www.drdpsigauthor.wordpress.com

ਈ-ਮੇਲ : drdpsn@gmail.com

Nature

ਵਿਗਿਆਨ ਗਲਪ ਨਾਵਲ

ਸਿਤਾਰਿਆਂ ਤੋਂ ਅੱਗੇ

ਅਮਨਦੀਪ ਸਿੰਘ

ਪ੍ਰਥਮ ਕਿੰਨਰ

‘ਸਿਤਾਰਿਆਂ ਤੋਂ ਅੱਗੇ ਜਹਾਨ ਹੋਰ ਵੀ ਨੇ।

ਅਜੇ ਇਸ਼ਕ ਦੇ ਇਮਤਿਹਾਨ ਹੋਰ ਵੀ ਨੇ।

ਪਰਿੰਦਾ ਹੈ ਤੂੰ ਉਡਣਾ ਹੈ ਕੰਮ ਤੇਰਾ

ਤਿਰੇ ਸਾਹਮਣੇ ਆਸਮਾਨ ਹੋਰ ਵੀ ਨੇ!‘

- ਇਕਬਾਲ (1877-1938)

ਜਿਵੇਂ ਜਿਵੇਂ ‘ਕਲਪਨਾ’ ਅੰਤਰਿਕਸ਼ ਯਾਨ ਸਿਆਹ ਖਲਾਅ ਦੇ ਵਿੱਚ ਆਪਣੀ ਮੰਜ਼ਿਲ ਵੱਲ ਨੂੰ ਵਧ ਰਿਹਾ ਸੀ, ਰੌਬਰਟ ਸਿੰਘ ਦੇ ਦਿਲ ਦੀ ਧੜਕਣ ਵੀ ਵੱਧ ਰਹੀ ਸੀ। ਇਕਬਾਲ ਦੇ ਸ਼ੇਅਰ ਦੀਆਂ ਸਤਰਾਂ ਉਸਦੇ ਮਨ ਅੰਦਰ ਗੂੰਜ ਰਹੀਆਂ ਸਨ, ਜੋ ਕਿ ਉਹਨਾਂ ਦੇ ਮਿਸ਼ਨ ‘ਤੇ ਬਿਲਕੁਲ ਢੁਕਵੀਆਂ ਸਨ। ਉਹ ਸਿਤਾਰਿਆਂ ਤੋਂ ਅੱਗੇ ਦੇ ਜਹਾਨ ਲੱਭਣ ਜਾ ਰਹੇ ਸਨ। ਉਹਨਾਂ ਦੀ ਮੰਜ਼ਿਲ ਸਭ ਤੋਂ ਨੇੜਲਾ ਸਿਤਾਰਾ ਮੰਡਲ ਪ੍ਰਥਮ ਕਿੰਨਰ ਸੀ। ਉਹਨਾਂ ਨੂੰ ਇਸ ਅੰਤਰਿਕਸ਼ ਯਾਨ ਵਿੱਚ ਤਕਰੀਬਨ ਦਸ ਸਾਲ ਹੋ ਗਏ ਸਨ। ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹ ਆਪਣੀ ਧਰਤੀ ਤੋਂ ਇੰਨੀ ਦੂਰ ਪਹੁੰਚ ਜਾਣਗੇ।

ਰੌਬਰਟ ਸਿੰਘ ਦੇ ਨਾਮ ਰੌਬਰਟ ਦਾ ਮਤਲਬ ਸ਼ਾਨਦਾਰ ਸ਼ੋਭਾ ਹੁੰਦਾ ਹੈ ਜੋ ਕਿ ਜਰਮਨ ਮੂਲ ਦਾ ਦੂਜਾ ਸਭ ਤੋ ਵੱਧ ਮਸ਼ਹੂਰ ਨਾਮ ਹੈ ਤੇ ਸਿੰਘ ਦਾ ਮਤਲਬ ਸ਼ੇਰ ਹੁੰਦਾ ਹੈ, ਜੋ ਕਿ ਸੰਸਕ੍ਰਿਤ ਦੇ ਸ਼ਬਦ ਤੋਂ ਬਣਿਆ ਹੈ ਤੇ ਉਹ ਹਿੰਦੁਸਤਾਨ, ਪੰਜਾਬ ਤੇ ਦੁਨੀਆਂ ਦੇ ਹਰ ਕੋਨੇ ਵਿੱਚ ਜਿੱਥੇ ਪੰਜਾਬੀ ਲੋਕ ਵੱਸਦੇ ਹਨ, ਇੱਕ ਮਸ਼ਹੂਰ ਉਪਨਾਮ ਹੈ। ਰੌਬਰਟ ਦੀ ਮਾਂ ਅਮਰੀਕਨ ਤੇ ਪਿਤਾ ਪੰਜਾਬੀ ਮੂਲ ਦੇ ਸਨ। ਉਹ ਆਪਣੇ ਨਾਮ ਦੇ ਨਾਲ਼ ਬਿਲਕੁਲ ਮੇਚ ਖਾਂਦਾ ਸੀ। ਉਹ ਦੁਨੀਆਂ ਦੇ ਸਭ ਤੋਂ ਪਹਿਲੇ ਅੰਤਰ-ਤਾਰਾ ਅੰਤਰਿਕਸ਼ ਯਾਨ (Spaceship) 'ਕਲਪਨਾ' ਦਾ ਕੈਪਟਨ ਸੀ। ਉਸਨੂੰ ਯਾਦ ਆ ਰਿਹਾ ਸੀ ਕਿ ਕਿੰਝ ਉਸਨੇ ਇਸ ਮਿਸ਼ਨ ਦੇ ਲਈ ਆਪਣੀ ਅਰਜ਼ੀ ਦਿੱਤੀ ਸੀ। ਉਦੋਂ ਉਹ ਸੰਯੁਕਤ ਰਾਸ਼ਟਰ ਅੰਤਰਿਕਸ਼ ਅਨੁਸੰਧਾਨ ਕੇਂਦਰ ਦੇ ਵਿੱਚ ਲੈਫਟੀਨੈਂਟ ਭਰਤੀ ਹੋਇਆ ਸੀ ਤੇ ਅਨੇਕਾਂ ਸਪੇਸ-ਮਿਸ਼ਨਾਂ ‘ਤੇ ਜਾ ਚੁੱਕਾ ਸੀ। ਉਸਨੂੰ ਅੰਤਰਿਕਸ਼ ਯਾਨ ਚਲਾਉਣ ਦਾ ਕਈ ਸਾਲਾਂ ਦਾ ਤਜਰਬਾ ਸੀ। ਆਪਣੀ ਅਣਥੱਕ ਮਿਹਨਤ ਤੇ ਕੰਮ ਪ੍ਰਤੀ ਸਮਰਪਣ ਸਦਕਾ ਉਹ ਆਪਣੇ ਉੱਚ-ਅਧਿਕਾਰੀਆਂ ਤੇ ਸਹਿਕਰਮੀਆਂ ਵਿੱਚ ਹਰਮਨ-ਪਿਆਰਾ ਸੀ। ਇਸੇ ਕਰਕੇ ਉਸਦੇ ਉੱਚ-ਅਧਿਕਾਰੀਆਂ ਨੇ ਜਲਦੀ ਹੀ ਉਸਨੂੰ ਤਰੱਕੀ ਦੇ ਕੇ ਕਮਾਂਡਰ ਬਣਾ ਦਿੱਤਾ ਸੀ। ਉਸਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ। ਅਨੇਕਾਂ ਮਿਸ਼ਨਾਂ ਨੂੰ ਸਫ਼ਲਤਾਪੂਰਵਕ ਸਿਰੇ ਚਾੜ੍ਹਿਆ ਸੀ। ਇਸੇ ਕਰਕੇ ਉਸਦੇ ਉੱਚ-ਅਧਿਕਾਰੀਆਂ ਨੇ ਉਸਨੂੰ ‘ਕਲਪਨਾ’ ਮਿਸ਼ਨ ਲਈ ਵੀ ਉਤਸ਼ਾਹਿਤ ਕੀਤਾ ਸੀ ਤੇ ਉਸਦੀ ਸਿਫ਼ਾਰਿਸ਼ ਵੀ ਕੀਤੀ ਸੀ। ਉਸਨੇ ‘ਕਲਪਨਾ’ ਮਿਸ਼ਨ ਲਈ ਕੈਪਟਨ ਦੀ ਪ੍ਰੀਖਿਆ ਬੜੀ ਅਸਾਨੀ ਨਾਲ਼ ਪਾਸ ਕਰ ਲਈ ਸੀ। ਉਸਦੀ ਕਾਰਜੁਕਾਰੀ ਸਭ ਤੋਂ ਵਧੀਆ ਹੋਣ ਕਰਕੇ ਤੇ ਜਵਾਨ ਹੋਣ ਕਰਕੇ ਚੋਣ-ਬੋਰਡ ਨੇ ਖ਼ੁਸ਼ੀ-ਖ਼ੁਸ਼ੀ ਉਸਨੂੰ ਮਿਸ਼ਨ ਦਾ ਕੈਪਟਨ ਨਿਯੁਕਤ ਕਰ ਦਿੱਤਾ ਸੀ।

ਅੰਤਰਿਕਸ਼ ਯਾਨ 'ਕਲਪਨਾ' ਧਰਤੀ ਦੇ ਵਿਗਿਆਨਕਾਂ ਦੀ ਦੋ ਦਹਾਕਿਆਂ ਦੀ ਸਖਤ ਮਿਹਨਤ ਦਾ ਫ਼ਲ਼ ਸੀ, ਜਿਸਦੀ ਮੰਜ਼ਿਲ ਸਭ ਤੋਂ ਨੇੜੇ ਦਾ ਤਾਰਾ-ਮੰਡਲ ਪ੍ਰਥਮ ਕਿੰਨਰ (Alpha Centauri) ਸੀ, ਜਿੱਥੇ ਅਜੇ ਤੱਕ ਕੋਈ ਮਨੁੱਖ ਨਹੀਂ ਪਹੁੰਚਿਆ ਸੀ। ਉੱਥੇ ਪਹੁੰਚਣ ਦਾ ਸਾਹਸ ਕਰਨਾ ਉਹਨਾਂ ਦਾ ਮੁਖ-ਮੰਤਵ ਸੀ! ਉਸਦੇ ਗਿਰਦ ਘੁੰਮਣ ਵਾਲ਼ੇ ਗ੍ਰਹਿਆਂ ਦੇ ਬਾਰੇ ਜਾਨਣਾ ਤੇ ਦੇਖਣਾ ਕਿ ਉਥੇ ਜੀਵਨ ਦੀ ਹੋਂਦ ਹੈ ਕਿ ਨਹੀਂ, ਜਾਂ ਉਸਦੀ ਸੰਭਾਵਨਾ ਹੋ ਸਕਦੀ ਹੈ? ਸਭ ਤੋਂ ਵੱਧ ਤਾਂ ਇਹ ਖੋਜ ਕਰਨੀ ਕਿ ਜੀਵਨ ਦੀ ਹੋਂਦ ਦਾ ਰਹੱਸ ਕੀ ਹੈ, ਇਹ ਬ੍ਰਹਿਮੰਡ ਕਿਸ ਨੇ ਤੇ ਕਿਓਂ ਬਣਾਇਆ ਹੈ?

ਪ੍ਰਥਮ ਕਿੰਨਰ ਤਾਰਾ-ਮੰਡਲ ਵਿੱਚ ਤਿੰਨ ਸਿਤਾਰੇ ਪ੍ਰਥਮ ਕਿੰਨਰ ਇੱਕ ((Alpha Centauri A) , ਤੇ ਪ੍ਰਥਮ ਕਿੰਨਰ ਦੋ (Alpha Centauri B) , ਜੁੜਵਾਂ ਸਿਤਾਰੇ ਸਨ ਤੇ ਅਗਾਮੀ ਕਿੰਨਰ (Proxima Centauri) ਤੇ ਉਸਦੇ ਗ੍ਰਹਿ ਸਨ। ਪ੍ਰਥਮ ਕਿੰਨਰ ਇੱਕ, ਤੇ ਪ੍ਰਥਮ ਕਿੰਨਰ ਦੋ, ਜੁੜਵਾਂ ਸਿਤਾਰੇ, ਇੱਕ ਦੂਸਰੇ ਦੇ ਗਿਰਦ ਚੱਕਰ ਲਾਉਂਦੇ ਸਨ। ਪ੍ਰਥਮ ਕਿੰਨਰ ਇੱਕ, ਹਰ ਤਰ੍ਹਾਂ ਸਾਡੇ ਸੂਰਜ ਵਰਗਾ ਸਿਤਾਰਾ ਹੀ ਸੀ, ਜਿਸਦੀ ਉਮਰ ਵੀ ਲੱਗਭੱਗ ਸੂਰਜ ਜਿੰਨੀ ਸੀ, ਤੇ ਪ੍ਰਥਮ ਕਿੰਨਰ ਦੋ ਥੋੜਾ ਛੋਟਾ ਤੇ ਘੱਟ ਚਮਕ ਵਾਲ਼ਾ ਸੀ, ਪਰ ਕਾਫ਼ੀ ਹੱਦ ਤੱਕ ਸੂਰਜ ਵਰਗਾ ਹੀ ਸੀ। ਅਗਾਮੀ ਕਿੰਨਰ ਬਹੁਤ ਛੋਟਾ ਲਾਲ ਵਾਮਨ (Red Dwarf ) ਸੀ ਜੋ ਪ੍ਰਥਮ ਕਿੰਨਰ ਇੱਕ ਤੇ ਦੋ ਦੇ ਗਿਰਦ ਚੱਕਰ ਲਾਉਂਦਾ ਸੀ। ਅਗਾਮੀ ਕਿੰਨਰ ਪ੍ਰਿਥਵੀ ਦਾ ਸਭ ਤੋਂ ਨੇੜੇ ਦਾ ਸਿਤਾਰਾ ਸੀ ਤੇ ਪ੍ਰਥਮ ਕਿੰਨਰ ਇੱਕ ਤੇ ਦੋ ਦੂਜੇ ਨੇੜੇ ਦੇ ਸਿਤਾਰੇ ਸਨ। ਨਾਸਾ ਦੀ ਚੰਦਰ ਐਕਸ-ਰੇ ਵੇਦਸ਼ਾਲਾ (Observatory) ਦੇ ਅਨੁਸਾਰ ਜੀਵਨ ਦੀ ਹੋਂਦ ਹੋਣ ਦੀ ਸੰਭਾਵਨਾ ਪ੍ਰਥਮ ਕਿੰਨਰ ਇੱਕ ਤੇ ਦੋ 'ਤੇ ਜ਼ਿਆਦਾ ਸੀ, ਕਿਉਂਕਿ ਅਗਾਮੀ ਕਿੰਨਰ ਤੋਂ ਐਕਸ-ਰੇ ਰੇਡੀਓ ਤਰੰਗਾਂ ਨਿੱਕਲਦੀਆਂ ਸਨ, ਜੋ ਕਿ ਕਿਸੇ ਤਰ੍ਹਾਂ ਦੀ ਜੀਵਨ ਦੀ ਹੋਂਦ ਲਈ ਖ਼ਤਰਨਾਕ ਸਨ। ਪ੍ਰਥਮ ਕਿੰਨਰ ਇੱਕ ਤੇ ਦੋ ਸਾਡੇ ਸੂਰਜ-ਮੰਡਲ ਤੋਂ 10 ਪ੍ਰਤੀਸ਼ਤ ਪੁਰਾਣੇ ਸਨ, ਜੋ ਕਿ ਜੀਵਨ ਦੀ ਹੋਂਦ ਪਣਪਣ ਲਈ ਕਾਫ਼ੀ ਸਮਾਂ ਹੈ! ਵਿਗਿਆਨਕਾਂ ਦੇ ਹਿਸਾਬ ਮੁਤਾਬਿਕ ਸਾਡੀ ਧਰਤੀ ਵਰਗੇ ਗ੍ਰਹਿ ਦਾ ਹੋਣਾ, ਜਿੱਥੇ ਪਾਣੀ ਦੀ ਸੰਭਾਵਨਾ ਹੋ ਸਕਦੀ ਹੈ, ਉਹ ਸਿਤਾਰੇ ਤੋਂ 1.2 ਤੋਂ 1.20 ਖਗੋਲੀ ਮਾਤ੍ਰਕ (AU - Astronomical Units) ਦੂਰੀ ਵਿੱਚ ਹੋ ਸਕਦਾ ਹੈ। ਇਸ ਤਰ੍ਹਾਂ ਪ੍ਰਥਮ ਕਿੰਨਰ ਇੱਕ ਦੇ ਦੁਆਲ਼ੇ ਘੁੰਮਣ ਵਾਲ਼ਾ ਗ੍ਰਹਿ ਜੇ ਇੰਨੀ ਦੂਰ ਹੋਵੇ ਤਾਂ ਉੱਥੇ ਜੀਵਨ ਦੀ ਹੋਂਦ ਹੋਣ ਦੀ ਸੰਭਾਂਵਨਾ ਹੋ ਸਕਦੀ ਹੈ! ਇੱਕੀਵੀਂ ਸਦੀ ਦੇ ਸ਼ੁਰੂ ਵਿੱਚ ਵਿਗਿਆਨਕਾਂ ਨੇ ਪਾਰ-ਗਮਨ (Transit), ਗੁਰੁਤਾਕਰਸ਼ਣ ਲੈਂਜ਼ਿੰਗ (Gravitational Lensing) ਤੇ ਹੋਰ ਵਿਧੀਆਂ ਨਾਲ਼ ਪ੍ਰਥਮ ਕਿੰਨਰ ਇੱਕ, ਦੋ ਤੇ ਅਗਾਮੀ ਕਿੰਨਰ ਦੇ ਗਿਰਦ ਘੁਮੰਦੇ ਗ੍ਰਹਿ ਲੱਭੇ ਸਨ। ਤੇ ਉਹਨਾਂ ਵਿੱਚੋਂ ਕੁੱਝ ਉਹਨਾਂ ਸਿਤਾਰਿਆਂ ਦੇ ਜੀਵਨ-ਹੋਂਦ ਦੇ ਘੇਰੇ (Habitable Zone) ਵਿੱਚ ਸਨ।

ਅੰਤਰਿਕਸ਼ ਯਾਨ ਦਾ ਨਾਮ 'ਕਲਪਨਾ', ਨਾਸਾ ਤਾਰਾ-ਵਿਗਿਆਨੀ (Astronaut) ਕਲਪਨਾ ਚਾਵਲਾ ਨੂੰ ਸ਼ਰਧਾਂਜਲੀ ਸੀ, ਜੋ ਕਿ 2003 ਈ: ਵਿੱਚ ਆਪਣੇ ਸੱਤ ਸਾਥੀਆਂ ਨਾਲ਼ ਕੁਲੰਬੀਆ ਸਪੇਸ ਸ਼ਟਲ ਹਾਦਸੇ ਵਿੱਚ ਸ਼ਹੀਦ ਹੋ ਗਈ ਸੀ। 'ਕਲਪਨਾ' ਯਾਨ ਪਰਾ-ਆਧੁਨਿਕ ਸੀ, ਜਿਸਦੇ ਦਸ ਹਿੱਸੇ ਸਨ, ਜੋ ਕਿ ਬਿਲਕੁਲ ਇੱਕੋ ਜਿਹੇ ਸਨ, ਜੇ ਇੱਕ ਹਿੱਸਾ ਖਰਾਬ ਹੋ ਗਿਆ ਜਾਂ ਉਸਦਾ ਕਿਸੇ ਅਕਾਸ਼ੀ-ਪਿੰਡ ਨਾਲ਼ ਐਕਸੀਡੈਂਟ ਹੋ ਗਿਆ ਤਾਂ ਦੂਜੇ ਹਿੱਸੇ ਸੁਤੰਤਰ ਤੌਰ ਤੇ ਚੱਲਦੇ ਰਹਿ ਸਕਦੇ ਸਨ। 'ਕਲਪਨਾ' ਯਾਨ ਨਿਊਕਲੀਅਰ ਇੰਜਣ ਨਾਲ਼ ਚੱਲਣ ਵਾਲ਼ਾ ਯਾਨ ਸੀ, ਜੋ ਕਿ ਪ੍ਰਕਾਸ਼ ਦੀ ਗਤੀ ਤੋਂ ਅੱਧੀ ਗਤੀ ਨਾਲ਼ ਚੱਲ ਸਕਦਾ ਸੀ ਤੇ ਇਸ ਤਰ੍ਹਾਂ ਉਹ ਤਕਰੀਬਨ 10-11 ਸਾਲਾਂ ਵਿੱਚ ਪ੍ਰਥਮ-ਕਿੰਨਰ ਸਿਤਾਰੇ ਤੱਕ ਪੁੱਜ ਸਕਦਾ ਸੀ। ਉਸਦੇ ਵਿੱਚ ਆਕਸੀਜਨ ਜਨਰੇਟਰ, ਕਾਰਬਨ ਡਾਈਆਕਸਾਈਡ ਸਾਫ਼ ਕਰਨ ਵਾਲ਼ਾ ਪਲਾਂਟ, ਬਨਸਪਤੀ ਤੇ ਦਾਲ਼-ਸਬਜ਼ੀਆਂ ਉਗਾਉਣ ਲਈ ਸਾਵਾ-ਘਰ (Green House), ਪਾਣੀ ਤੇ ਹੋਰ ਪਦਾਰਥਾਂ ਨੂੰ ਪੁਨਰਾਵ੍ਰਿਤ (Recycle) ਕਰਨ ਵਾਲ਼ਾ ਪਲਾਂਟ, ਖਾਣ-ਪੀਣ ਦੀ ਸੁੱਕੀ ਸਪਲਾਈ, ਬਰਫ਼ ਆਦਿ ਸਨ, ਜੋ ਕਿ ਇਸ ਤਰ੍ਹਾਂ ਤਿਆਰ ਕੀਤੇ ਗਏ ਸਨ ਤਾਂ ਜੋ ਉਸਦੇ ਯਾਤਰੀਆਂ ਲਈ ਕਾਫ਼ੀ ਹੋਣ। ਵੈਸੇ ਉਸਦੇ ਬਾਕੀ ਦੇ ਪੰਜਾਹ ਯਾਤਰੀ ਸਿਥਲਤਾ (Hybernation) ਦੀ ਅਵਸਥਾ ਵਿੱਚ ਹੀ ਸਨ, ਸਿਰਫ ਪੰਜ ਕਰੂ ਮੈਂਬਰ ਸਨ ਜੋ ਯਾਨ ਦੇ ਦਸ ਹਿੱਸਿਆਂ ਦੇ ਇੰਚਾਰਜ ਸਨ। ਵੈਸੇ ਤਾਂ 'ਕਲਪਨਾ' ਯਾਨ ਨੂੰ ਕੰਪਿਊਟਰ ਤੇ ਰੋਬੋਟ ਹੀ ਚਲਾਉਂਦੇ ਸਨ, ਪਰ ਮਨੁੱਖੀ ਇੰਚਾਰਜ ਉਹਨਾਂ ਹਿੱਸਿਆਂ ਦੀ ਦੇਖਭਾਲ਼ ਕਰਦੇ ਸਨ, ਕਿਓਂਕਿ ਕਈ ਨਿਰਣੇ ਕੰਪਿਊਟਰ ਨਹੀਂ ਸੀ ਲੈ ਸਕਦੇ! 'ਕਲਪਨਾ' ਯਾਨ ਕੰਪਿਊਟਰ ਤੇ ਰੋਬੋਟਾਂ ਨਾਲ਼ ਭਰਿਆ ਪਿਆ ਸੀ, ਕਈ ਰੋਬੋਟ ਵੀ ਸਿਥਿਲ ਅਵਸਥਾ ਵਿੱਚ ਬੰਦ ਸਨ, ਜਿਨ੍ਹਾਂ ਦਾ ਕੰਮ ਮੰਜ਼ਿਲ ਤੇ ਪਹੁੰਚ ਕੇ ਸ਼ੁਰੂ ਹੋਣਾ ਸੀ।

ਯਾਨ ਨੂੰ ਅਕਾਸ਼ੀ ਪਿੰਡਾਂ ਤੇ ਖਤਰਨਾਕ ਬ੍ਰਹਿਮੰਡਿਕ ਵਿਕਿਰਨਾਂ ਤੋਂ ਬਚਾਉਣ ਲਈ ਟਾਈਟੇਨੀਅਮ ਤੇ ਪਾਣੀ ਦਾ ਸੁਰੱਖਿਆ ਕਵਚ ਵੀ ਬਣਾਇਆ ਗਿਆ ਸੀ, ਤਾਂ ਜੋ ਯਾਨ ਦੇ ਯਾਤਰੀ, ਸੰਵੇਦਨਸ਼ੀਲ ਇਲੈਕਟ੍ਰੋਨਿਕਸ ਤੇ ਹੋਰ ਪੁਰਜ਼ੇ ਜੋ ਕਿ ਅਸਾਨੀ ਨਾਲ਼ ਪ੍ਰਭਾਵਿਤ ਨਾ ਹੋ ਸਕਣ! ਟਾਈਟੇਨੀਅਮ ਦਾ ਕਵਚ ਯਾਨ ਦੇ ਚਾਰੇ ਪਾਸੇ ਪਰ ਪਾਣੀ ਦਾ ਕਵਚ (ਟੈਂਕ) ਸਿਰਫ਼ ਯਾਨ ਦੇ ਅੱਗੇ ਸੀ, ਕਿਓਂਕਿ ਉਸ ਨਾਲ਼ ਯਾਨ ਦੇ ਅਗਲੇ ਤੇਜ਼ੀ ਨਾਲ਼ ਚੱਲਦੇ ਠੋਸ ਪੁਰਜ਼ੇ, ਬ੍ਰਹਿਮੰਡਿਕ ਵਿਕਿਰਨਾਂ ਨਾਲ਼ ਟਕਰਾਉਂਦੇ ਹੋਏ ਟੁੱਟਣ ਤੋਂ ਬਚ ਸਕਦੇ ਸਨ। ਪਾਣੀ ਦਾ ਕਵਚ ਧਾਤ ਦੇ ਕਵਚ ਤੋਂ ਜ਼ਿਆਦਾ ਕਾਟਵਾਂ ਸੀ!

ਕਲਪਨਾ

ਅਸੀਂ ਕੌਣ ਹਾਂ ਤੇ ਕਿੱਥੋਂ ਆਏ ਹਾਂ? ਕੀ ਕਿਤੇ ਹੋਰ ਵੀ ਜੀਵਨ ਦੀ ਹੋਂਦ ਹੈ? ਅਰਬਾਂ-ਖਰਬਾਂ ਸਿਤਾਰਿਆਂ ਦੇ ਵਿੱਚਕਾਰ ਕਿੰਨੇ ਗ੍ਰਹਿ ਹੋਣਗੇ ਜਿੱਥੇ ਜੀਵਨ ਪਣਪ ਸਕਦਾ ਹੈ? ਕੀ ਅਸੀਂ ਕਦੇ ਸਿਤਾਰਿਆਂ ਤੱਕ ਪੁੱਜ ਸਕਦੇ ਹਾਂ? ਜੇ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਤਾਂ ਕੁਦਰਤੀ ਤੌਰ ਤੇ ਸਾਡਾ ਪਹਿਲਾ ਪੜਾਅ ਸਭ ਤੋਂ ਨੇੜਲਾ ਸਿਤਾਰਾ ਪ੍ਰਥਮ ਕਿੰਨਰ (Alpha Centauri) ਹੋਵੇਗਾ ਜੋ ਕਿ ਧਰਤੀ ਤੋਂ ਤਕਰੀਬਨ 4 ਪ੍ਰਕਾਸ਼ ਵਰ੍ਹੇ ਦੂਰ ਹੈ।

ਇਸ ਤਰ੍ਹਾਂ ਦੇ ਖ਼ਿਆਲ ਮਨੁੱਖ ਦੇ ਅੰਦਰ ਸਦੀਆਂ ਤੋਂ ਉਪਜਦੇ ਆਏ ਹਨ। ਹਰ ਰੋਜ਼ ਜਦੋਂ ਅਸੀਂ ਗਹਿਨ ਅਕਾਸ਼ ਵੱਲ ਝਾਤੀ ਮਾਰਦੇ ਹਾਂ ਤਾਂ ਟਿਮ ਟਿਮ ਕਰਦੇ ਤਾਰੇ ਦੇਖ ਕੇ ਅਨੰਦਿਤ ਵੀ ਹੁੰਦੇ ਹਾਂ ਤੇ ਹੈਰਾਨ ਵੀ! ਬ੍ਰਹਿਮੰਡ ਕਿੰਨਾ ਅਸੀਮ ਹੈ, ਅਸੀਂ ਉਸਦਾ ਅੰਤ ਨਹੀਂ ਪਾ ਸਕਦੇ!

ਸੂਰਜ-ਮੰਡਲ, ਬ੍ਰਹਿਮੰਡ ਦਾ ਇੱਕ ਬਹੁਤ ਹੀ ਛੋਟਾ (ਮਹੀਨ, ਜਿਵੇਂ ਰੇਤ ਦਾ ਇੱਕ ਕਣ) ਹਿੱਸਾ ਹੈ। ਸਭ ਤੋਂ ਨੇੜਲਾ ਸਿਤਾਰਾ ਪ੍ਰਥਮ ਕਿੰਨਰ (Alpha Centauri) ਜੋ ਤਕਰੀਬਨ 4 ਪ੍ਰਕਾਸ਼ ਵਰ੍ਹੇ ਦੂਰ ਹੈ - ਜਿੱਥੇ ਪ੍ਰਕਾਸ਼ ਨੂੰ ਪਹੁੰਚਣ ਲਈ ਚਾਰ ਸਾਲ ਲੱਗ ਜਾਣਗੇ, ਤੇ ਮਨੁੱਖ ਦੁਆਰਾ ਵਿਕਸਿਤ ਅੰਤਰਿਕਸ਼ ਯਾਨ ਜੇ 13000 ਕਿਲੋਮੀਟਰ/ਘੰਟਾ ਚੱਲੇ ਤਾਂ ਤਕਰੀਬਨ 100 ਸਾਲ ਜਾਂ ਇੱਕ ਪੂਰੀ ਸਦੀ ਤੋਂ ਵੀ ਉੱਪਰ ਦਾ ਸਮਾਂ ਲੱਗ ਜਾਏਗਾ! ਅੰਤਰਿਕਸ਼ ਵਿੱਚ ਦੂਰੀਆਂ ਬਹੁਤ ਵਿਸ਼ਾਲ ਹਨ ਤੇ ਕਾਲ ਦੀ ਗਤੀ ਵੀ ਪ੍ਰਿਥਵੀ ਤੋਂ ਅੱਲਗ ਹੋ ਜਾਂਦੀ ਹੈ। ਵੀਹਵੀਂ ਸਦੀ ਵਿੱਚ ਵਿਗਿਆਨਕਾਂ ਨੇ ਆਧੁਨਿਕ ਤਕਨੀਕ ਨਾਲ਼ ਵਿਸ਼ਾਲ ਦੂਰੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਕੋਸ਼ਿਸ਼ਾਂ ਕਰੀਆਂ, ਪਰ ਉਹਨਾਂ ਦੇ ਬਣਾਏ ਰੌਕੇਟ, ਅੰਤਰਿਕਸ਼ ਯਾਨ ਵੀਹਵੀਂ ਤੇ ਇੱਕੀਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿੱਚ 13000 ਕਿਲੋਮੀਟਰ/ਘੰਟਾ ਵੀ ਨਹੀਂ ਸੀ ਚੱਲ ਸਕਦੇ। ਚੰਦਰਮਾ ਤੇ ਪ੍ਰਿਥਵੀ ਤੋਂ ਕੁੱਝ ਹੀ ਦਿਨਾਂ ਵਿੱਚ ਪਹੁੰਚਿਆ ਜਾ ਸਕਦਾ ਸੀ ਤੇ ਸ਼ੁੱਕਰ ਜਾਂ ਮੰਗਲ ਗ੍ਰਹਿ ਤੇ ਰੌਕੇਟ ਹਫ਼ਤਿਆਂ ਤੇ ਮਹੀਨੇ ਤੱਕ ਪੁੱਜ ਸਕਦੇ ਸਨ। ਮਨੁੱਖ ਦੇ ਰੌਕੇਟ ਬ੍ਰਹਿਸਪਤੀ, ਸ਼ਨੀ ਤੇ ਉਸਤੋਂ ਅੱਗੇ ਵੀ ਪਹੁੰਚ ਚੁੱਕੇ ਸਨ। ਇਸ ਤਰ੍ਹਾਂ ਮਨੁੱਖ ਨੇ ਸੌਰ-ਮੰਡਲ ਵਿੱਚ ਹਰ ਜਗ੍ਹਾ ਆਪਣੀ ਮੌਜੂਦਗੀ ਸਥਾਪਿਤ ਕਰ ਲਈ ਸੀ। ਹੁਣ ਮਨੁੱਖੀ-ਜਾਤੀ ਦੀਆਂ ਨਜ਼ਰਾਂ ਸਿਤਾਰਿਆਂ ਪਹੁੰਚਣ ਲਈ ਉਤਾਵਲੀਆਂ ਸਨ। ਪਰ ਅੰਤਰ-ਅਕਾਸ਼ੀ ਯਾਤਰਾ ਬੜੀ ਹੋਰ ਤਰ੍ਹਾਂ ਦੀ ਹੁੰਦੀ ਹੈ, ਅੰਤਰਿਕਸ਼ ਵਿੱਚ ਲੰਮੀਆਂ ਦੂਰੀਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਹਨ। ਉਹ ਦੂਰੀਆਂ ਲੱਖਾਂ-ਕਰੋੜਾਂ ਕਿਲੋਮੀਟਰਾਂ ਤੋਂ ਲੈ ਕੇ ਲੱਖਾਂ-ਕਰੋੜਾਂ ਪ੍ਰਕਾਸ਼-ਵਰ੍ਹਿਆਂ ਤੋਂ ਵੀ ਜ਼ਿਆਦਾ ਹਨ। ਰਸਾਇਣਕ ਬਾਲਣਾਂ ਤੋਂ ਚੱਲਣ ਵਾਲ਼ੇ ਰੌਂਕੇਟ ਤੋਂ ਸਿਤਾਰਿਆਂ ਤੱਕ ਜਾਣ ਦੀ ਕੋਈ ਵੀ ਉਮੀਦ ਨਹੀਂ ਰੱਖੀ ਜਾ ਸਕਦੀ ਸੀ।

ਪਰ ਤਾਰਾ ਵਿਗਿਆਨੀਆਂ ਨੇ ਆਸ ਨਹੀਂ ਛੱਡੀ, ਤੇ ਸੰਚਾਲਿਕ ਊਰਜਾ ਦੀਆਂ ਨਵੀਆਂ ਤਕਨੀਕਾਂ ਵਿਕਸਿਤ ਕਰਦੇ ਰਹੇ, ਤੇ ਉਹਨਾਂ ਨੂੰ ਇਕੀਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਜਾ ਕੇ ਸਫ਼ਲਤਾ ਮਿਲ਼ੀ ਜਦੋਂ ਵਿਗਿਆਨਕਾਂ ਨੇ ਪ੍ਰਮਾਣੁ ਊਰਜਾ ਤੇ ਫ਼ੋਟੋਨ ਤਕਨੀਕ ਨਾਲ਼ ਚੱਲਣ ਵਾਲ਼ਾ ਅੰਤਰਿਕਸ਼ ਯਾਨ ਵਿਕਸਿਤ ਕਰ ਲਿਆ, ਜੋ ਕਿ ਪ੍ਰਕਾਸ਼ ਤੋਂ ਅੱਧੀ ਗਤੀ ਤੱਕ ਚੱਲ ਸਕਦਾ ਸੀ। ਪ੍ਰਮਾਣੂ ਤਕਨੀਕ ਨਾਲ਼ ਉਹਨਾਂ ਨੇ ਨਿਊਕਲੀਅਰ ਏਕੀਕਰਨ (Fusion) ਡ੍ਰਾਈਵ ਵਿਕਸਿਤ ਕਰ ਲਈ ਜੋ ਕਿ ਨਿਊਕਲੀਅਰ ਏਕੀਕਰਨ ਪ੍ਰਤੀਕਿਰਿਆ ਦੇ ਵਿੱਚੋਂ ਉਪਜੇ ਤੇ ਚਾਰਜ ਹੋਏ ਕਣਾਂ ਨੂੰ ਨਿਰੰਤਰ ਗਤੀ ਦੇਣ ਲਈ ਵਰਤਿਆ ਜਾ ਸਕਦਾ ਸੀ। ਵਿਗਿਆਨਕਾਂ ਦੇ ਅਨੁਸਾਰ ਨਿਊਕਲੀਅਰ ਏਕੀਕਰਨ ਡ੍ਰਾਈਵ ਹੋਰ ਤਰੀਕਿਆਂ ਤੋਂ ਕਿਤੇ ਜ਼ਿਆਦਾ ਸ਼ਕਤੀ ਉਤਪੰਨ ਕਰ ਸਕਦੀ ਸੀ! ਜਿਸ ਨਾਲ਼ ਅੰਤਰ-ਤਾਰਾ ਯਾਤਰਾ ਲਈ ਸਮਾਂ ਘੱਟ ਲਗਦਾ ਸੀ ਤੇ ਜ਼ਿਆਦਾ ਸਮਾਨ ਢੋਇਆ ਜਾ ਸਕਦਾਆ ਸੀ। ਇੱਕ ਹੋਰ ਮਹੱਤਵਪੂਰਨ ਫ਼ਾਇਦਾ ਇਹ ਸੀ ਕਿ ਨਿਊਕਲੀਅਰ ਬਾਲਣ ਬਹੁਤ ਘੱਟ ਚਾਹੀਦਾ ਸੀ। ਕੁੱਝ ਇੱਕ ਕਿਲੋਗ੍ਰਾਮ ਨਿਊਕਲੀਅਰ ਬਾਲਣ ਸਾਲਾਂ ਬੱਧੀ ਚੱਲ ਸਕਦਾ ਸੀ!

ਫ਼ੋਟੋਨ ਰੌਕੇਟ ਵਿੱਚ ਰਸਾਇਣਕ-ਗਾਰ (Chemical Sink) ਨੂੰ ਪ੍ਰਕਾਸ਼-ਅਣੂਆਂ (Photons) ਦੇ ਵਹਾਅ ਵਿੱਚ ਬਦਲ ਦਿੱਤਾ ਗਿਆ ਜਿਵੇਂ ਕਿ ਪ੍ਰਕਾਸ਼ ਦੀ ਇੱਕ ਸ਼ਹਿਤੀਰ (Beam) ਹੋਵੇ! ਉਸ ਨਾਲ਼ ਜਿਹੜਾ ਧੱਕਾ (Thrust) ਤੇ ਵੇਗ ਉਤਪੰਨ ਹੋਵੇਗਾ, ਉਹ ਲੰਬੇ ਸਮੇਂ ਤੱਕ ਕਾਇਮ ਰਹਿ ਸਕੇਗਾ। ਸਮੇਂ ਦੇ ਨਾਲ਼ ਉਸ ਵਿੱਚ ਪ੍ਰਤੀਵੇਗ ਪੈਦਾ ਹੁੰਦਾ ਰਹੇਗਾ ਤੇ ਉਹ ਹੋਰ ਤੇਜ਼ ਹੁੰਦਾ ਪ੍ਰਕਾਸ਼ ਤੋਂ ਅੱਧੀ ਗਤੀ ਤੱਕ ਪੁੱਜ ਜਾਵੇਗਾ। ਇਸਤੋਂ ਇਲਾਵਾ ਯਾਨ ਵਿੱਚ ਜੀਵਨ ਨੂੰ ਸਹਾਰਾ ਦਿਨ ਲਈ, ਸੰਚਾਰ ਤੇ ਹੋਰ ਮਹੱਤਵਪੂਰਨ ਜ਼ਰੂਰਤਾਂ ਲਈ ਬਿਜਲਈ ਸ਼ਕਤੀ ਵੀ ਚਾਹੀਦੀ ਸੀ, ਜੋ ਕਿ ਨਿਊਕਲੀਅਰ ਏਕੀਕਰਨ ਡ੍ਰਾਈਵ ਤੇ ਰੇਡੀਓਸਕੋਪਿਕ ਥਰਮਲ-ਬਿਜਲੀ ਜਨਰੇਟਰ (RTG) ਤਕਨੀਕ ਦੇ ਸਹਾਰੇ ਵੀ ਦਿੱਤੀ ਜਾ ਸਕਦੀ ਸੀ। ਥਰਮਲ-ਬਿਜਲੀ ਜਨਰੇਟਰ (RTG) ਤਕਨੀਕ ਪੁਰਾਣੀ ਪਰਖੀ ਹੋਈ ਤਕਨੀਕ ਸੀ, ਜਿਸਨੇ ਵੋਆਏਯਰ (Voyager) ਸਪੇਸਕ੍ਰਾਫ਼ਟ ਨੂੰ ਸੂਰਜ ਤੋਂ ਦੂਰ ਕਈ ਦਹਾਕੇ ਬਿਜਲੀ ਸ਼ਕਤ ਦਿਤੀ ਸੀ।

ਅੰਤਰਿਕਸ਼ ਵਿੱਚ ਅਕਾਸ਼ੀ ਪਿੰਡਾਂ ਤੇ ਖਤਰਨਾਕ ਬ੍ਰਹਿਮੰਡਿਕ ਵਿਕਿਰਨਾਂ ਤੋਂ ਬਚਣ ਲਈ ਯਾਨ ਦੇ ਦੁਆਲ਼ੇ ਰੱਖਿਆ ਕਵਚ ਵੀ ਬਣਾਏ ਗਏ ਸਨ। ਗਹਿਨ ਅੰਤਰਿਕਸ਼ ਵਿੱਚ ਵਿਕਿਰਨਾਂ ਇੱਕ ਨਿਊਕਲੀਅਰ ਰਿਐਕਟਰ ਦੇ ਵਾਂਗ ਜ਼ਬਰਦਸਤ ਹੋ ਸਕਦੀਆਂ ਹਨ!

ਇਸ ਸਫ਼ਲਤਾ ਤੋਂ ਬਾਅਦ ਸੰਯੁਕਤ ਰਾਸ਼ਟਰ ਅੰਤਰਿਕਸ਼ ਅਨੁਸੰਧਾਨ ਕੇਂਦਰ ਦੇ ਵਿਗਿਆਨੀਆਂ ਨੇ ਨਵੀਆਂ ਵਿਕਸਿਤ ਤਕਨੀਕਾਂ ਨੂੰ ਵਰਤ ਕੇ, ਸਿਤਾਰਿਆਂ ਤੱਕ ਪਹੁੰਚਣ ਦੇ ਸੁਪਨੇ ਨੂੰ ਸਾਕਾਰ ਕਰਦਾ ਯਾਨ 'ਕਲਪਨਾ' ਦਾ ਨਿਰਮਾਣਕਰਨਾ ਸ਼ੁਰੂ ਕਰ ਦਿੱਤਾ। 'ਕਲਪਨਾ' ਯਾਨ ਨੂੰ ਬਣਨ ਤੇ ਵਿਕਸਿਤ ਹੋਣ ਲਈ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਲੱਗਿਆ, ਤੇ ਉਸਤੋਂ ਬਾਅਦ ਟੈਸਟ ਉਡਾਣਾਂ ਕਰਨ ਲਈ ਇੱਕ ਦਹਾਕਾ ਹੋਰ ਲੱਗ ਗਿਆ! ਇਸ ਤਰ੍ਹਾਂ ਉਹ ਇੱਕ ਸੁਪਨੇ ਦੀ ਪੂਰਤੀ ਕਰਨ ਵਾਲ਼ਾ ਯਾਨ ਤਿਆਰ ਹੋਇਆ, ਜਿਸਦੀ ਮੰਜ਼ਿਲ ਸਭ ਤੋਂ ਨੇੜਲਾ ਸਿਤਾਰਾ ਸੀ! 'ਕਲਪਨਾ' ਯਾਨ ਵਿਕਸਿਤ ਕਰਨ ਦਾ ਹਰ ਇੱਕ ਚਰਣ ਇੱਕ ਦਹਾਕੇ ਜਿੰਨਾ ਸੀ, ਤੇ ਉਸਦਾ ਪ੍ਰਥਮ ਕਿੰਨਰ ਸਿਤਾਰਾ-ਮੰਡਲ ਤੱਕ ਪੁੱਜਣ ਦਾ ਅਨੁਮਾਨ ਵੀ ਤਕਰੀਬਨ ਇੱਕ ਦਹਾਕਾ ਸੀ - ਜੋ ਕਿ ਇੱਕ ਇਨਕਲਾਬੀ ਪ੍ਰਾਪਤੀ ਸੀ। ਵੀਹਵੀਂ ਸਦੀ ਦਾ ਮਨੁੱਖ ਕਦੇ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਸਿਤਾਰਿਆਂ ਤੱਕ ਪੁੱਜ ਵੀ ਸਕਦਾ ਹੈ, ਕਿਉਂਕਿ ਵੀਹਵੀਂ ਸਦੀ ਦੇ ਯਾਨ ਨੂੰ ਪ੍ਰਥਮ ਕਿੰਨਰ ਤੱਕ ਪੁੱਜਣ ਲਈ ਦਸ ਸਦੀਆਂ ਲੱਗ ਸਕਦੀਆਂ ਸਨ!

ਜਿਸ ਤਰ੍ਹਾਂ 'ਕਲਪਨਾ' ਯਾਨ ਤਿਆਰ ਹੋ ਰਿਹਾ ਸੀ, ਉਸ ਵਿੱਚ ਸਵਾਰ ਹੋ ਕੇ ਪ੍ਰਥਮ ਕਿੰਨਰ ਤੱਕ ਜਾਣ ਵਾਲ਼ੇ ਜਥੇ ਦੀ ਵੀ ਖੋਜ ਸ਼ੁਰੂ ਹੋ ਗਈ। ਇਸ ਸਾਹਸੀ ਮਿਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਇੱਛਾ ਰੱਖਣ ਵਾਲ਼ੇ, ਵਿਗਿਆਨਕ, ਇੰਜਨੀਅਰਿੰਗ, ਡਾਕਟਰੀ, ਨਰਸਾਂ ਤੇ ਅੰਤਰਿਕਸ਼ ਫੌਜ ਦੇ ਮਾਹਿਰਾਂ ਨੂੰ ਸੱਦਾ-ਪੱਤਰ ਦਿੱਤਾ ਗਿਆ। ਜਿਹੜੇ ਵੀ ਮਾਹਿਰ ਭਰਤੀ ਹੋਣ ਲਈ ਆਏ ਉਹਨਾਂ ਦੀ ਸਖਤ ਪ੍ਰੀਖਿਆ ਲਈ ਗਈ ਤੇ ਉਹਨਾਂ ਵਿੱਚੋਂ ਸਰਬੋਤਮ ਮਾਹਿਰ ਹੀ ਚੁਣੇ ਗਏ। ਉਸਤੋਂ ਬਾਅਦ ਉਹਨਾਂ ਨੂੰ ਉੱਤਮ ਸਿਖਲਾਈ ਦਿੱਤੀ ਗਈ, ਜਿਸ ਵਿੱਚ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਗਈਆਂ ਹਕੀਕੀ ਵਾਸਤਵਿਕਤਾ (Virtual Reality) ਸਿਮੂਲੇਸ਼ਨ (Simulation) ਵੀ ਸਨ ਤਾਂ ਜੋ ਆਪਣੇ ਮਿਸ਼ਨ ਦੇ ਰਸਤੇ ਤੇ ਵਾਤਾਵਰਣ ਬਾਰੇ ਚੰਗੀ ਤਰ੍ਹਾਂ ਸਿੱਖ ਸਕਣ। ਉਹਨਾਂ ਨੂੰ ਇੱਕ ਦਹਾਕੇ ਤੱਕ ਚੱਲਣ ਵਾਲੀਆਂ ਟੈਸਟ ਉਡਾਣਾਂ ਵਿੱਚ ਵੀ ਭਾਗ ਲੈਣ ਦਾ ਮੌਕਾ ਦਿੱਤਾ ਗਿਆ, ਤਾਂ ਜੋ ਉਹ ਯਾਨ ਤੋਂ ਵੀ ਚੰਗੀ ਤਰ੍ਹਾਂ ਜਾਣਕਾਰ ਹੋ ਜਾਣ।

ਰੌਬਰਟ ਸਿੰਘ, ਰੀਨਾ, ਯੂਰੀ, ਚਿੰਗ, ਅਕੀਓ ਅੰਤਰਿਕਸ਼ ਫ਼ੌਜ ਦੇ ਵਿੱਚੋਂ ਚੁਣੇ ਗਏ ਸਨ, ਜਿਨ੍ਹਾਂ ਨੂੰ ਅੰਤਰਿਕਸ਼ ਯਾਨ ਚਲਾਉਣ ਦਾ ਕਾਫ਼ੀ ਤਜਰਬਾ ਸੀ, ਤੇ ਜੋ ਯਾਨ ਦੇ ਵਿੱਚ ਪੂਰੇ ਸੌਰ-ਮੰਡਲ ਦੇ ਚੱਕਰ ਲਗਾ ਚੁੱਕੇ ਸਨ। ਉਹਨਾਂ ਨੂੰ 'ਕਲਪਨਾ' ਨੂੰ ਚਲਾਉਣ ਦੀ ਤੇ ਪ੍ਰਥਮ ਕਿੰਨਰ ਤੱਕ ਸਫ਼ਲਤਾ ਪੂਰਵਕ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਰੌਬਰਟ ਸਿੰਘ ਨੂੰ ਯਾਨ ਦਾ ਕੈਪਟਨ ਨਿਯੁਕਤ ਕੀਤਾ ਗਿਆ। ਉਸਦੀ ਜ਼ਿੰਮੇਵਾਰੀ ਯਾਨ ਦੀ ਸਥਿਤੀ ਦੀ ਨਿਗਰਾਨੀ ਕਰਨਾ ਤੇ ਬਾਕੀ ਅਫ਼ਸਰਾਂ ਨੂੰ ਨਿਰਦੇਸ਼ ਦੇਣਾ ਸੀ, ਪਰ ਉਸਦਾ ਸਭ ਤੋਂ ਮਹੱਤਵਪੂਰਨ ਕੰਮ ਕਿਸੇ ਵੀ ਅਫ਼ਸਰ ਦੀ ਗ਼ੈਰਮੌਜੂਦਗੀ ਵਿੱਚ ਉਸਦਾ ਕਾਰਜ ਆਪ ਕਰਨਾ ਸੀ। ਰੀਨਾ ਉਸਦੀ ਸਹਿਯੋਗੀ ਸੀ। ਰੀਨਾ ਡਾਕਟਰ ਵੀ ਸੀ, ਤੇ ਉਸਦਾ ਕਰਤੱਵ ਬਾਕੀਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਵੀ ਸੀ। ਯੂਰੀ ਤੇ ਨੀਲ ਯਾਨ ਦੇ ਇੰਜੀਨਿਅਰ ਵੀ ਸਨ, ਜਿਹਨਾਂ ਦਾ ਕੰਮ ਯਾਨ ਦੀ ਊਰਜਾ ਨੂੰ ਨਿਯੰਤਰਣ ਵਿੱਚ ਰੱਖਣਾ ਸੀ ਤੇ ਜੇ ਕੁੱਝ ਖਰਾਬ ਹੋ ਜਾਵੇ ਤਾਂ ਯਾਨ ਦੀ ਰਿਪੇਅਰ ਕਰਨਾ ਸੀ। ਨੀਲ ਭਾਰਦਵਾਜ ਰੋਬੋਟ ਇੰਜਨੀਅਰ ਵੀ ਸੀ। ਅਕੀਓ ਯਾਨ ਦਾ ਸੰਚਾਲਕ ਸੀ, ਜਿਸਦਾ ਕੰਮ ਸਭ ਤੋਂ ਮਹਤਵਪੂਰਣ ਸੀ ਜੋ ਕਿ ਯਾਨ ਦੀ ਉਡਾਣ ਨੂੰ ਕੰਟਰੋਲ ਕਰਨ ਦਾ ਸੀ, ਪਰ ਨਾਲ਼ ਹੀ ਉਸਦਾ ਕੰਮ ਯਾਨ ਦੇ ਸਾਰੇ ਆਪ੍ਰੇਸ਼ਨ ਦਾ ਨਿਰੀਖਣ ਤੇ ਨਿਗਰਾਨੀ ਕਰਨਾ ਸੀ। ਇਸ ਤਰ੍ਹਾਂ ਇਹ ਯਾਨ ਦੀ ਮੁੱਖ ਕਰੂ/ਅਮਲੇ (Crew) ਦੇ ਕੰਮ ਸਨ, ਵੈਸੇ ਤਾਂ ਸਾਰੇ ਕੰਮ ਕੰਪਿਊਟਰ ਤੇ ਰੋਬੋਟਾਂ ਨੇ ਹੀ ਕਰਨੇ ਸਨ, ਪਰ ਉਹਨਾਂ ਦੀ ਦੇਖ ਰੇਖ ਕਰਨ ਲਈ ਮਨੁੱਖੀ ਨਿਗਰਾਨੀ ਦੀ ਜ਼ਰੂਰਤ ਸੀ। ਬਾਕੀ ਦੇ ਯਾਤਰੀਆਂ ਦਾ ਕੰਮ ਮੰਜ਼ਿਲ ਤੇ ਪਹੁੰਚ ਕੇ ਸ਼ੁਰੂ ਹੋਣਾ ਸੀ, ਜਾਂ ਫੇਰ ਜੇ ਕੋਈ ਐਮਰਜੰਸੀ ਪਰਸਥਿਤੀ ਆ ਜਾਵੇ। ਉਹਨਾਂ ਸਾਰਿਆਂ ਨੂੰ ਇੱਕ ਦਹਾਕੇ ਦਾ ਬਹੁਤਾ ਸਮਾਂ ਸਿਥਲਤਾ (Hibernation) ਦੀ ਅਵਸਥਾ ਵਿੱਚ ਹੀ ਰਹਿਣਾ ਸੀ, ਬੱਸ ਵਿੱਚ-ਵਿੱਚ ਕਦੇ ਕਦੇ ਉਹਨਾਂ ਦੇ ਡਾਕਟਰੀ ਮੁਆਇਨੇ ਕਰਨ ਲਈ ਹੀ ਉੱਠਣਾ ਸੀ! ਉਹਨਾਂ ਦੇ ਵੀ ਵੱਖ-ਵੱਖ ਕੰਮ ਸਨ ਜਿਵੇਂ ਚੰਦਰ ਸ਼ੇਖਰ ਤਾਰਾ ਵਿਗਿਆਨੀ ਸੀ, ਸ਼ਕੀਲ ਖ਼ਾਨ ਰੋਬੋਟ ਇੰਜੀਨਿਅਰ ਸਨ, ਚਿੰਗ ਚੋ ਇੰਜਨੀਅਰ ਸੀ, ਆਦਿ।

ਇਸ ਤਰ੍ਹਾਂ 'ਕਲਪਨਾ' ਯਾਨ ਨੂੰ 25 ਮਾਰਚ, 2100 ਨੂੰ ਚੰਦਰਮਾ ਦੇ ਕੋਲ਼ ਬਣੇ ਅੰਤਰਿਕਸ਼ ਦੁਆਰ (Space Gateway) ਤੋਂ ਸਿਤਾਰਿਆਂ ਤੋਂ ਅੱਗੇ ਦੇ ਜਹਾਨਾਂ ਦੀ ਖੋਜ ਲਈ ਪ੍ਰਥਮ ਕਿੰਨਰ ਵੱਲ ਨੂੰ ਰਵਾਨਾ ਕੀਤਾ ਗਿਆ!

ਜ਼ਿਆਦਾ ਸਪੀਡ ਜ਼ਿਆਦਾ ਖਰਚਾ

ਜ਼ਿਆਦਾ ਸਪੀਡ ਜ਼ਿਆਦਾ ਖਰਚਾ - ਆਖਿਰ ਕਿਸ ਵਾਸਤੇ?

ਪ੍ਰਕਾਸ਼ ਤੋਂ ਅੱਧੀ ਗਤੀ ਜੋ ਕਿ ਮਨੁੱਖੀ ਜਾਤੀ ਦਾ ਇੱਕ ਸੁਪਨਾ ਪੂਰਾ ਹੋਇਆ ਸੀ, ਬਿਨਾ ਪੈਸੇ ਦੇ ਸੰਭਵ ਨਹੀਂ ਸੀ ਹੋਈ। ਕਲਪਨਾ ਨੂੰ ਬਣਾਉਣ ਵਿੱਚ ਦਸ ਅਰਬ ਤੋਂ ਵੀ ਜ਼ਿਆਦਾ ਖਰਚਾ ਆਇਆ ਸੀ। ਤੇ ਪੂਰਾ ਮਿਸ਼ਨ ਸੰਪੂਰਨ ਹੋਣ ਤੱਕ ਇਹ ਖਰਚਾ ਤਕਰੀਬਨ ਦੁੱਗਣਾ ਹੋ ਜਾਣਾ ਸੀ। ਸੰਯੁਕਤ ਰਾਸ਼ਟਰ ਅੰਤਰਿਕਸ਼ ਅਨੁਸੰਧਾਨ ਕੇਂਦਰ ਕਿਓਂਕਿ ਦੁਨੀਆਂ ਦੇ ਸਭ ਦੇਸ਼ਾਂ ਦਾ ਸਾਂਝਾ ਉਪਰਾਲਾ ਸੀ, ਤੇ ਸਭ ਨੇ ਉਸ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਸੀ - ਪੈਸੇ ਨਾਲ਼, ਵਿਗਿਆਨੀਆਂ ਨਾਲ਼ ਤੇ ਤਕਨਾਲੋਜੀ ਨਾਲ਼। ਕਲਪਨਾ ਯਾਨ ਦੀ ਸਿਤਾਰਿਆਂ ਤੋਂ ਅੱਗੇ ਉਡਾਣ ਦੀ ਖ਼ਬਰ ਸਭ ਪਾਸੇ ਫੈਲ ਗਈ। ਬਹੁਤੇ ਲੋਕ ਵਿਗਿਆਨ ਦੇ ਇਸ ਮਹਾਨ ਕਾਰਨਾਮੇ ਤੇ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਸਨ, ਪਰ ਕੁੱਝ ਲੋਕ ਅਰਬਾਂ ਦਾ ਖਰਚਾ ਸੁਣ ਕੇ ਅਲੋਚਨਾ ਵੀ ਕਰ ਰਹੇ ਸਨ।

ਬਹੁਤ ਸਾਰੇ ਅਖ਼ਬਾਰਾਂ, ਟੀਵੀ ਤੇ ਰੇਡੀਓ ਚੈਨਲਾਂ ਨੇ ਇਹ ਖ਼ਬਰਾਂ ਪ੍ਰਸਾਰਿਤ ਕੀਤੀਆਂ।

‘ਸਿਤਾਰਿਆਂ ਵੱਲ ਨੂੰ ਮਨੁੱਖਤਾ ਦੀ ਪੁਲਾਂਘ …’

‘ਕੀ ਅਸੀਂ ਸੱਚਮੁੱਚ ਸਿਤਾਰਿਆਂ ਤੋਂ ਅੱਗੇ ਜਾ ਸਕਦੇ ਹਾਂ?’

‘ਅਤਿ ਜ਼ੋਖਿਮ ਭਰਿਆ ਸਾਹਸੀ ਕਾਰਨਾਮਾ - ਸਭ ਤੋਂ ਨੇੜਲੇ ਸਿਤਾਰੇ ਪ੍ਰਥਮ ਕਿੰਨਰ ਤੱਕ!’

‘ਸਭ ਤੋਂ ਨੇੜਲੇ ਸਿਤਾਰੇ ਤੱਕ ਦੀ ਯਾਤਰਾ - ਦਸ ਸਾਲਾਂ ਦੇ ਵਿੱਚ!’

‘ਚੰਨ, ਮੰਗਲ, ਬ੍ਰਹਿਸਪਤੀ ਤੇ ਸ਼ਨੀ ਤੋਂ ਬਾਅਦ ਹੁਣ ਮਨੁੱਖ ਨੇੜਲੇ ਸਿਤਾਰੇ ਤੱਕ ਦੀ ਯਾਤਰਾ ਕਰਨਗੇ।‘

‘ਸਭ ਤੋਂ ਨੇੜਲੇ ਸਿਤਾਰੇ ਤੱਕ ਪਹੁੰਚਣ ਦੀ ਖ਼ਬਤੀ ਯੋਜਨਾ!’

‘ਸਭ ਤੋਂ ਨੇੜਲੇ ਸਿਤਾਰੇ ਤੱਕ ਪਹੁੰਚਣ ਵਾਲ਼ੇ ਯਾਨ ‘ਤੇ ਅਰਬਾਂ ਦਾ ਖਰਚਾ!’

‘ਸਭ ਤੋਂ ਨੇੜਲੇ ਸਿਤਾਰੇ ਤੱਕ ਦੀ ਯਾਤਰਾ ਜਾਂ ਅਰਬਾਂ ਦੀ ਬਰਬਾਦੀ!’

‘ਸਿਤਾਰਿਆਂ ਤੱਕ ਪਹੁੰਚਣ ਲਈ ਅਰਬਾਂ ਦਾ ਖਰਚਾ, ਅਰਬਾਂ ਭੁੱਖਿਆਂ ਨੂੰ ਸਾਲਾਂ ਵੱਧੀ ਖਾਣਾ ਦੇ ਸਕਦਾ ਹੈ!‘

ਮਨੁੱਖਤਾ ਪਹਿਲੀ ਵਾਰ ਆਪਣੀ ਧਰਤੀ ਦੇ ਪੰਘੂੜੇ ਵਿੱਚੋਂ ਨਿੱਕਲ਼ ਕੇ ਸਿਤਾਰਿਆਂ ਤੋਂ ਅੱਗੇ ਪਹੁੰਚਣ ਦਾ ਸੁਪਨਾ ਸਾਕਾਰ ਕਰਨ ਜਾ ਰਹੀ ਸੀ! ‘ਕਲਪਨਾ’ ਦੀ ਉਡਾਣ ਦੀ ਖ਼ੁਸ਼ੀ ਤੇ ਸਫ਼ਲਤਾ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ। ਉੱਥੇ ਆਲੋਚਨਾ ਕਰਨ ਵਾਲ਼ੇ ਵੀ ਪਹੁੰਚੇ ਤੇ ਫ਼ਾਲਤੂ ਖਰਚਾ ਕਰਨ ਦੇ ਵਿਰੁੱਧ ਵਿੱਚ ਰੋਸ ਜਤਾਉਣ ਲਈ ਉਹਨਾਂ ਨੇ ਧਰਨਾ ਵੀ ਦਿੱਤਾ।

ਪ੍ਰੈੱਸ ਕਾਨਫ਼ਰੰਸ ਵਿੱਚ ਸੰਯੁਕਤ ਰਾਸ਼ਟਰ ਅੰਤਰਿਕਸ਼ ਅਨੁਸੰਧਾਨ ਕੇਂਦਰ ਦੇ ਚੀਫ਼ ਵਿਗਿਆਨਕ ਤੇ ਕਲਪਨਾ ਮਿਸ਼ਨ ਦੇ ਇੰਚਾਰਜ ਸੰਜੇ ਸ਼ਾਹ ਨੇ ਸੰਬੋਧਿਤ ਕਰਦਿਆਂ ਕਿਹਾ - ‘ਇਹ ਸਾਡੇ ਸਭ ਲਈ ਹੀ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਅਜੇ ਮਨੁੱਖਤਾ ਆਪਣੇ ਕਦਮ ਸਿਤਾਰਿਆਂ ਤੋਂ ਅੱਗੇ ਲੈ ਕੇ ਜਾ ਰਹੀ ਹੈ। ਅੱਜ ਇਤਿਹਾਸ ਲਿਖਿਆ ਜਾ ਰਿਹਾ ਹੈ! ਸਿਤਾਰਿਆਂ ਤੋਂ ਪਾਰ ਖੋਜ ਕਰਨ ਦਾ ਇਹ ਇੱਕ ਮਹਾਨ ਉਪਰਾਲਾ ਹੈ, ਜੋ ਆਉਣ ਵਾਲ਼ੇ ਸਮੇਂ ਵਿੱਚ ਹੋਰ ਵੀ ਵੱਡੇ ਯਤਨਾਂ ਲਈ ਦੁਆਰ ਖੋਲ੍ਹੇਗਾ, ਜਦੋਂ ਮਨੁੱਖਤਾ ਆਪਣੀ ਧਰਤੀ ਦੀ ਗੋਦ ਛੱਡ ਕੇ ਆਪਣਾ ਰੈਣ-ਬਸੇਰਾ ਸਿਤਾਰਿਆਂ ਤੋਂ ਵੀ ਪਾਰ ਬਣਾ ਲਏਗੀ। ਅਜੇ ਤਕ ਮਨੁੱਖਤਾ ਆਪਣੇ ਬਚਪਨ ਵਿੱਚ ਹੀ ਹੈ, ਕਿਉਂਕਿ ਅਜੇ ਅਸੀਂ ਆਪਣੀ ਧਰਤੀ ਤੇ ਆਪਣੇ ਸੌਰ-ਮੰਡਲ ਤੱਕ ਹੀ ਸੀਮਤ ਹਾਂ। ਜਦੋਂ ਅਸੀਂ ਸਿਤਾਰਿਆਂ ਤੋਂ ਅੱਗੇ ਪਹੁੰਚਾਂਗੇ, ਉਸ ਦਿਨ ਅਸੀਂ ਬਚਪਨ ਦੀ ਅਵਸਥਾ ਵਿੱਚੋਂ ਨਿੱਕਲ਼ ਕੇ ਜਵਾਨੀ ਵਿੱਚ ਕਦਮ ਧਰਾਂਗੇ! ਤੇ ਫਿਰ ਉਸਤੋਂ ਬਾਅਦ ਮਨੁੱਖਤਾ ਦੇ ਅੱਗੇ ਬੇਅੰਤ ਸੰਭਾਵਨਾਵਾਂ ਹੋਣਗੀਆਂ। ਅਸੀਂ ਜਾਣਦੇ ਹਾਂ ਕਿ ਅੱਜ ਸਾਡੀ ਧਰਤੀ ਆਲਮੀ ਤਪਿਸ਼ ਨਾਲ਼ ਜੂਝ ਰਹੀ ਹੈ। ਅੱਜ ਸਮੁੰਦਰ ਉੱਚੇ ਹੋ ਕੇ ਧਰਤੀ ‘ਤੇ ਜਲ ਥਲ ਕਰ ਰਹੇ ਹਨ - ਸ਼ਹਿਰਾਂ ਦੇ ਸ਼ਹਿਰ ਉਸ ਸੈਲਾਬ ਵਿੱਚ ਡੁੱਬ ਰਹੇ ਹਨ। ਕਿਤੇ ਭਿਆਨਕ ਤੂਫ਼ਾਨ ਆਉਂਦੇ ਹਨ, ਕਿਤੇ ਅੰਤ ਦੀ ਗਰਮੀ ਤੇ ਕਿਤੇ ਅੰਤਾਂ ਦੀ ਸਰਦੀ ਪੈਂਦੀ ਹੈ। ਅੱਜ ਮਨੁੱਖ ਧਰਤੀ ਨੂੰ ਜੀਵਨ ਦੇ ਯੋਗ ਨਹੀਂ ਰਹਿਣ ਦੇ ਰਿਹਾ! ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸਿਤਾਰਿਆਂ ਤੋਂ ਅੱਗੇ ਜਾਈਏ, ਤੇ ਉੱਥੇ ਜੀਵਨ ਦੀਆਂ ਸੰਭਾਵਨਾਵਾਂ ਦੇਖੀਏ, ਮਨੁੱਖਾਂ ਦੇ ਰਹਿਣ ਦੇ ਯੋਗ ਗ੍ਰਹਿ ਲੱਭੀਏ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਇੱਕ ਸਮੇਂ ਸਾਡੀ ਧਰਤੀ ਮਨੁੱਖਾਂ ਤੇ ਹੋਰ ਜੀਵਾਂ ਦੇ ਰਹਿਣ ਦੇ ਯੋਗ ਨਹੀਂ ਰਹੇਗੀ ਤੇ ਸਾਨੂੰ ਇਸ ਨੂੰ ਛੱਡ ਕੇ ਕਿਸੇ ਹੋਰ ਗ੍ਰਹਿ ਤੇ ਡੇਰਾ ਲਗਾਉਣਾ ਪੈਣਾ ਏ। ਉਸ ਵਾਸਤੇ ਸਾਨੂੰ ਹੁਣੇ ਹੀ ਕਾਰਜ ਸ਼ੁਰੂ ਕਰਨੇ ਪੈਣੇ ਨੇ, ਕਿਓਂਕਿ ਹੌਲ਼ੀ-ਹੌਲ਼ੀ ਕ੍ਰਮਗਤ ਤਰੀਕੇ ਨਾਲ਼ ਅਸੀਂ ਜੀਵਨ-ਦੇ-ਰਹਿਣ-ਯੋਗ ਗ੍ਰਹਿ ਲੱਭਣੇ ਹਨ ਤੇ ਆਪਣੀ ਪੱਕੀ ਮੌਜੂਦਗੀ ਸਥਾਪਿਤ ਕਰਨ ਦਾ ਢੰਗ-ਤਰੀਕਾ ਸਥਾਪਿਤ ਕਰਨਾ ਹੈ। ਅੱਜ ਇਹ ‘ਕਲਪਨਾ’ ਮਿਸ਼ਨ ਦੀ ਬਹਾਦਰ ਟੀਮ ਪਹਿਲਾ ਕਦਮ ਪੁੱਟ ਰਹੀ ਹੈ। ਉਸ ਵਾਸਤੇ ਆਓ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰੀਏ, ਮੁਬਾਰਕਬਾਦ ਤੇ ਸ਼ੁੱਭ ਇਛਾਵਾਂ ਦੇਈਏ। ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਉੱਠ ਰਿਹਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ।‘

‘... ਅੰਤ ਵਿੱਚ ਮੈਂ ਵੀਹਵੀਂ ਸਦੀ ਦੇ ਮਹਾਨ ਵਿਗਿਆਨੀ ਕਾਰਲ ਸੈਗਨ ਦੇ ਇਹ ਸ਼ਬਦ ਕਹਿਣਾ ਚਾਹੁੰਦਾ ਹਾਂ, ਜਿਸਨੇ ਅੰਤਰਿਕਸ਼ ਖੋਜ ‘ਤੇ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਬਾਰੇ ਇੰਝ ਲਿਖਿਆ - ਅਸੀਂ ਸਿਤਾਰਿਆਂ ਤੱਕ ਦੀ ਯਾਤਰਾ ਇਸ ਸਵਾਲ ਨਾਲ਼ ਪ੍ਰਾਰੰਭ ਕੀਤੀ, ਜਿਹੜਾ ਸਾਡੀ ਜਾਤੀ ਦੀ ਹਰ ਇੱਕ ਪੀੜ੍ਹੀ ਦੇ ਮਨ ਅੰਦਰ ਬਚਪਨ ਵਿੱਚ ਉੱਠਦਾ ਹੈ: ਸਿਤਾਰੇ ਕੀ ਹਨ? ਖੋਜ ਤਾਂ ਸਾਡਾ ਸੁਭਾਅ ਹੈ। ਅਸੀਂ ਘੁਮੱਕੜ ਸ਼ੁਰੂ ਹੋਏ ਸੀ, ਤੇ ਅਜੇ ਵੀ ਘੁਮੱਕੜ ਹੀ ਹਾਂ। ਅਸੀਂ ਬ੍ਰਹਿਮੰਡ ਦੇ ਸਮੁੰਦਰ ਦੇ ਇਸ ਕਿਨਾਰੇ ‘ਤੇ ਬਹੁਤ ਚਿਰ ਤੋਂ ਟਿਕੇ ਹੋਏ ਹਾਂ। ਹੁਣ ਅਸੀਂ ਸਿਤਾਰਿਆਂ ਤੋਂ ਅੱਗੇ ਜਾਣ ਲਈ ਤਿਆਰ ਹਾਂ …’

ਇੰਨਾ ਕਹਿ ਕੇ ਚੀਫ਼ ਨੇ ਆਪਣਾ ਭਾਸ਼ਣ ਸਮਾਪਤ ਕੀਤਾ। ਪੂਰਾ ਹਾਲ ਤਾੜੀਆਂ ਤੇ ਖ਼ੁਸ਼ੀ ਦੀਆਂ ਚੀਖਾਂ ਨਾਲ਼ ਭਰ ਉੱਠਿਆ।

‘ਕਈ ਅਰਬਾਂ ਦਾ ਖਰਚਾ ਇਸ ਮਿਸ਼ਨ ‘ਤੇ ਲੱਗ ਚੁੱਕਾ ਹੈ ਤੇ ਅਰਬਾਂ ਦਾ ਹੋਰ ਲੱਗ ਜਾਣਾ ਹੈ। ਕੀ ਅਸੀਂ ਉੰਨਾ ਖਰਚਾ ਉਨ੍ਹਾਂ ਲੋਕਾਂ ਲਈ ਨਹੀਂ ਖਰਚ ਸਕਦੇ ਜਿਨ੍ਹਾਂ ਕੋਲ਼ ਖਾਣ ਲਈ ਪੈਸੇ ਤੇ ਰਹਿਣ ਲਈ ਘਰ ਨਹੀਂ ਹਨ?’ ਇੱਕ ਆਲੋਚਨਾ ਕਰਨ ਵਾਲ਼ੇ ਪੱਤਰਕਾਰ ਨੇ ਸਵਾਲ ਪੁੱਛਿਆ, ਜਿਸਦੀ ਕਿ ਉਮੀਦ ਸੀ।

ਚੀਫ਼ ਥੋੜ੍ਹਾ ਚਿਰ ਸੋਚ ਕੇ ਫਿਰ ਬੋਲਿਆ - ‘ਜ਼ਰੂਰ ਕਰ ਸਕਦੇ ਹਾਂ, ਪਰ ਕੀ ਇਸ ਤਰ੍ਹਾਂ ਸਭ ਭੁੱਖਮਰੀ ਤੇ ਬੇਘਰਿਆਂ ਦੀਆਂ ਮੁਸੀਬਤਾਂ ਖਤਮ ਹੋ ਜਾਣਗੀਆਂ? ਅਸੀਂ ਆਲਮੀ ਤਪਿਸ਼ ਦਾ ਕਾਰਣ ਬਣਦੀ ਕਾਰਬਨ ਡਾਈਆਕਸਾਈਡ ਹਵਾ ਵਿੱਚੋਂ ਕੱਢਣ ਲਈ ਵੀ ਵਰਤ ਸਕਦੇ ਹਾਂ ਤੇ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਹਨ ਜਿਨ੍ਹਾਂ ਲਈ ਉਹ ਪੈਸੇ ਵਰਤਿਆ ਜਾ ਸਕਦਾ ਹੈ। ਪਰ ਇਤਿਹਾਸ ਸਾਨੂੰ ਦਰਸਾਉਂਦਾ ਹੈ ਕਿ ਇਸ ਤਰ੍ਹਾਂ ਕਦੇ ਵੀ ਮੁਸੀਬਤਾਂ ਖਤਮ ਨਹੀਂ ਹੋਈਆਂ। ਉਹ ਲੋਕ ਹਮੇਸ਼ਾਂ ਰਹੇ ਹਨ ਤੇ ਰਹਿਣਗੇ ਜਿਨ੍ਹਾਂ ਕੋਲ਼ ਖਾਣ ਲਈ ਪੈਸੇ ਨਹੀਂ ਤੇ ਰਹਿਣ ਲਈ ਘਰ ਨਹੀਂ! ਜੇ ਅਸੀਂ ਉਨ੍ਹਾਂ ਨੂੰ ਮੁਫ਼ਤ ਵਿੱਚ ਪੈਸੇ ਦੇਵਾਂਗੇ ਤਾਂ ਉਹ ਉਹਨਾਂ ਦਾ ਫਾਇਦਾ ਨਹੀਂ ਸਗੋਂ ਨੁਕਸਾਨ ਹੀ ਕਰੇਗਾ। ਹਾਂ ਸਾਨੂੰ ਉਨ੍ਹਾਂ ਨੂੰ ਰੋਜ਼ਗਾਰ ਦੇਣ ਦੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ। ਇਸ ਮਿਸ਼ਨ ਦੇ ਸ਼ੁਰੂ ਹੋਣ ਤੇ ਅੰਤ ਹੋਣ ਤੱਕ ਵਿਗਿਆਨਕਾਂ ਨੇ ਨਵੀਆਂ ਖੋਜਾਂ ਕੀਤੀਆਂ ਹਨ ਤੇ ਹੋਰ ਵੀ ਕਰਨਗੇ ਜੋ ਕਿ ਹਰ ਇੱਕ ਦੇ ਫਾਇਦੇ ਲਈ ਹੋਵੇਗਾ। ਇਸ ਮਿਸ਼ਨ ਦਾ ਇੱਕ ਵੱਡਾ ਫਾਇਦਾ ਇਹ ਹੋਇਆ ਹੈ ਕਿ ਬਹੁਤ ਸਾਰੀਆਂ ਤਕਨੀਕੀ ਨੌਕਰੀਆਂ ਉਪਲਬਧ ਹੋਈਆਂ ਹਨ ਤੇ ਅੱਗੇ ਵੀ ਹੋਣਗੀਆਂ। ਸੰਯੁਕਤ ਰਾਸ਼ਟਰਾਂ ਦਰਮਿਆਨ ਹੋਰ ਤਾਲ-ਮੇਲ ਵਧਿਆ ਹੈ। ਇਸ ਨਾਲ਼ ਸਿਹਤਯਾਬੀ ਲਈ ਹੋਰ ਸਹੂਲਤਾਂ ਪੈਦਾ ਹੋਣਗੀਆਂ ਕਿਓਂਕਿ ਅਸੀਂ ਗਹਿਨ ਅੰਤਰਿਕਸ਼ ਵਿੱਚ ਯਾਤਰੀਆਂ ਦੇ ਦੇਖਭਾਲ਼ ਕਰਨੀ ਹੈ। ਅਸੀਂ ਜਾਣਦੇ ਹਾਂ ਕਿ ਪੁਰਾਣੀ ਅੰਤਰਿਕਸ਼ ਖੋਜ ਨਾਲ਼ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਇਲਾਜ ਕਰਨ ਕਰਨ ਵਾਲ਼ੀਆਂ ਤਕਨੀਕਾਂ ਇਜਾਦ ਹੋਈਆਂ ਹਨ। ਸਾਡਾ ਮੁੱਖ ਮੰਤਵ ਤਾਂ ਆਪਣੀ ਧਰਤੀ, ਵਾਤਾਵਰਣ ਤੇ ਇਸਦੇ ਜੀਵਾਂ ਨੂੰ ਬਚਾਉਣਾ ਹੈ! ਅਸੀਂ ਦਸ ਅਰਬ ਲੋਕਾਂ ਦੀ ਸੁਰੱਖਿਆ ਦੇ ਨਵੇਂ ਨਵੇਂ ਤਰੀਕੇ ਲੱਭਣਾ ਹੈ। ਉਦਾਹਰਣ ਦੇ ਤੌਰ ‘ਤੇ ਚੰਦਰਮਾ ਤੋਂ ਲਿਆਂਦੇ ਪੱਥਰਾਂ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਪ੍ਰਿਥਵੀ ਤੇ ਚੰਦਰਮਾ ਕਦੇ ਇੱਕੋ ਮੂਲ ਗ੍ਰਹਿ ਦਾ ਹਿੱਸਾ ਹਨ। ਇਸੇ ਤਰ੍ਹਾਂ ‘ਕਲਪਨਾ’ ਮਿਸ਼ਨ ਤੋਂ ਵੀ ਮਹੱਤਵਪੂਰਣ ਖੋਜਾਂ ਹੋ ਸਕਦੀਆਂ ਹਨ - ਜਿਵੇਂ ਕਿ ਬ੍ਰਹਿਮੰਡ ਕਿਵੇਂ ਬਣਿਆ? ਜੀਵਨ ਦੀ ਚਿੰਗਾਰੀ ਕਿਸ ਤਰ੍ਹਾਂ ਮਘੀ? ਆਦਿ …। ਸਭ ਤੋਂ ਜ਼ਿਆਦਾ ਤਾਂ ਇਸ ਮਿਸ਼ਨ ਨਾਲ਼ ਸਾਡੇ ਬੱਚਿਆਂ ਤੇ ਨੌਜਵਾਨਾਂ ਵਿੱਚ ਵਿਗਿਆਨ ਦੇ ਪ੍ਰਤੀ ਰੁਚੀ ਪੈਦਾ ਹੋਵੇਗੀ!’

ਚੀਫ਼ ਬੋਲਦਾ ਰਿਹਾ - ‘... ਤੇ ਇਸਦੀ ਵੀ ਕੋਈ ਗਰੰਟੀ ਨਹੀਂ ਕਿ ਜਿਹੜਾ ਖਰਚਾ ਇਸ ਮਿਸ਼ਨ ‘ਤੇ ਹੋਇਆ ਹੈ, ਉਹ ਜੇ ਨਾ ਹੁੰਦਾ ਤਾਂ ਵਾਕਈ ਆਪਣੇ ਆਪ ਉਹ ਗ਼ਰੀਬਾਂ ‘ਤੇ ਖਰਚ ਹੋ ਜਾਂਦਾ। ਹਾਂ ਇਹ ਹੋ ਸਕਦਾ ਹੈ ਉਹ ਖਰਚਾ ਫ਼ੌਜ ਲਈ ਮਹਿੰਗੇ ਜਹਾਜ਼ ਤੇ ਹਥਿਆਰ ਖਰੀਦਣ ਲਈ ਲੱਗ ਜਾਂਦਾ, ਕਿਓਂਕਿ ਸਾਰੇ ਦੇਸ਼ਾਂ ਦੀ ਫ਼ੌਜ ਦਾ ਖਰਚਾ ਅਰਬਾਂ ਖਰਬਾਂ ਤੋਂ ਵੀ ਜ਼ਿਆਦਾ ਹੈ।’

‘... ਹਾਂ, ਮੈਂ ਇੱਕ ਗੁਪਤ ਗੱਲ ਅੱਜ ਆਪ ਨਾਲ਼ ਸਾਂਝੀ ਕਰਨੀ ਚਾਹੁੰਦਾ ਹਾਂ। ‘ਕਲਪਨਾ’ ਮਿਸ਼ਨ ਦਾ ਇੱਕ ਹੋਰ ਮੰਤਵ ਵੀ ਹੈ, ਉਹ ਹੈ - ਜੇ ਹੋ ਸਕੇ ਤਾਂ ਦੂਜੇ ਗ੍ਰਹਿਆਂ ‘ਤੇ ਖਣਿਜ ਪਦਾਰਥ ਲੱਭਣਾ ਜੋ ਕਿ ਪ੍ਰਿਥਵੀ ‘ਤੇ ਅਲੋਪ ਹੋ ਰਹੇ ਹਨ। ਇਸ ਤਰ੍ਹਾਂ ਖਣਿਜ ਪਦਾਰਥਾਂ ਦੀ ਪੂਰਤੀ ਹੋ ਸਕਦੀ ਹੈ ਤੇ ਸਾਡੇ ਮਿਸ਼ਨ ਨੂੰ ਮਾਇਕ ਸਹਾਇਤਾ ਮਿਲ਼ ਸਕਦੀ ਹੈ। ਉਸ ਨਾਲ਼ ਅਸੀਂ ਕਈ ਕੰਪਨੀਆਂ ਨਾਲ਼ ਤਾਲਮੇਲ ਕੀਤਾ ਹੈ ਤੇ ਉਹਨਾਂ ਦੇ ਰੋਬੋਟ ਤੇ ਹੋਰ ਮਸ਼ੀਨਰੀ ਵੀ ਮਿਸ਼ਨ ‘ਤੇ ਜਾ ਰਹੀ ਹੈ, ਜੋ ਕਿ ਖਣਿਜ ਪਦਾਰਥਾਂ ਦੀ ਖੁਦਾਈ ਕਰੇਗੀ। ਪਰ ਇਸਦੀ ਕੋਈ ਗਰੰਟੀ ਨਹੀਂ ਕਿ ਅਸੀਂ ਉਸਤੋਂ ਫ਼ਾਇਦਾ ਲੈ ਸਕਾਂਗੇ। ਹਾਂ ਉਨ੍ਹਾਂ ਕੰਪਨੀਆਂ ਨੇ ਸਾਡੀ ਮਾਇਕ ਸਹਾਇਤਾ ਜ਼ਰੂਰ ਕੀਤੀ ਹੈ। ਇਸ ਤਰ੍ਹਾਂ ਮੈਂ ਆਪ ਜੀ ਨੂੰ ਯਕੀਨ ਦੁਆਉਂਦਾ ਹਾਂ ਕਿ ਸਾਡਾ ਮਿਸ਼ਨ ਤੇ ਮੰਤਵ ਸੱਚਾ ਹੈ ਤੇ ਸੱਚ ਦੀ ਖੋਜ ਦਾ ਇੱਕ ਨਵਾਂ ਪਹਿਲੂ ਹੈ।’

ਚੀਫ਼ ਦਾ ਜਵਾਬ ਸੁਣ ਕੇ ਪੱਤਰਕਾਰ ਚੁੱਪ ਹੋ ਗਿਆ। ਹਾਲ ਵਿੱਚ ਕਾਫ਼ੀ ਦੇ ਸ਼ਾਂਤੀ ਛਾਈ ਰਹੀ। ਉਸਤੋਂ ਬਾਅਦ ਕਿਸੇ ਹੋਰ ਨੇ ਫਿਰ ਕੋਈ ਸਵਾਲ ਨਹੀਂ ਪੁੱਛਿਆ। ਸਭ ਨੇ ‘ਕਲਪਨਾ’ ਦੇ ਅਮਲੇ ਨੂੰ ਸ਼ੁੱਭ-ਇਛਾਵਾਂ ਪੇਸ਼ ਕੀਤੀਆਂ ਤੇ ਵਿਦਾ ਲਈ!

ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ, ਬਾਲ ਸਾਹਿਤ ਅਤੇ ਲੇਖ ਵੀ ਲਿਖਦਾ ਹੈ। ਉਸਦੀ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ ।

ਵੈਬਸਾਈਟ : https://www.punjabikids.org/, https://sahit.punjabikids.org/

Nature

ਸੰਯੁਕਤ ਰਾਸ਼ਟਰ ਜਲਵਾਯੂ ਕਾਨਫਰੰਸ : ਤਰੱਕੀ ਅਤੇ ਚੁਣੌਤੀਆਂ ਦਾ ਮਿਸ਼ਰਣ

ਅਮਨਦੀਪ ਸਿੰਘ

ਸੀਓਪੀ (COP) ਪਾਰਟੀਆਂ ਦੀ ਕਾਨਫਰੰਸ, ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਜਾਂ ਆਲਮੀ ਤਪਿਸ਼ ਦੇ ਸੰਭਾਵੀ ਨਤੀਜਿਆਂ ਨਾਲ਼ ਨਜਿੱਠਣ ਲਈ ਕਾਨਫਰੰਸਾਂ ਦੀ ਇੱਕ ਲੜੀ ਹੈ, ਜੋ 1995 ਵਿੱਚ ਸ਼ੁਰੂ ਹੋਈ ਸੀ, ਜਿਨ੍ਹਾਂ ਦੇ ਉਦੇਸ਼ ਜਲਵਾਯੂ ਤਬਦੀਲੀ ਪ੍ਰਤੀ ਗੱਲਬਾਤ ਅਤੇ ਪ੍ਰਗਤੀ ਨੂੰ ਮਾਪਣ ਲਈ ਸਰਕਾਰਾਂ ਨੂੰ ਇਕੱਠੇ ਕਰਨਾ, ਨਿੱਜੀ ਖੇਤਰ, ਸਿਵਲ ਸੁਸਾਇਟੀ, ਉਦਯੋਗ ਅਤੇ ਲੋਕਾਂ ਨੂੰ ਲਾਮਬੰਦ ਕਰਨਾ, ਕਾਰਬਨ ਦੇ ਨਿਕਾਸ ਨੂੰ ਘਟਾਉਣਾ, ਗਲੋਬਲ ਊਰਜਾ ਪਰਿਵਰਤਨ ਨੂੰ ਤੇਜ਼ ਕਰਨਾ, ਅਤੇ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਦੇ ਅਨੁਕੂਲ ਹੋਣ ਵਿੱਚ ਮਦਦ ਕਰਨ ਲਈ ਮਾਪਦੰਡ ਨਿਰਧਾਰਤ ਕਰਨਾ ਆਦਿ ਹਨ।

ਪਹਿਲੀ ਸੀਓਪੀ (COP) ਬਰਲਿਨ, ਜਰਮਨੀ ਵਿੱਚ 28 ਮਾਰਚ ਤੋਂ 7 ਅਪ੍ਰੈਲ, 1995 ਤੱਕ ਆਯੋਜਿਤ ਕੀਤੀ ਗਈ ਸੀ। 1997 ਦੀ ਸੀਓਪ-3 ਵਿੱਚ ਕਯੋਟੋ ਨਿਯਮਾਂ ਨੂੰ ਅਪਣਾਇਆ ਗਿਆ ਸੀ, ਜੋ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਸੀਮਤ ਕਰਨ ਲਈ ਪਹਿਲਾ ਕਾਨੂੰਨੀ ਤੌਰ 'ਤੇ ਲਾਜ਼ਮੀ ਪ੍ਰੋਟੋਕੋਲ ਸੀ।

2015 ਦੀ ਸੀਓਪੀ-21 ਵਿੱਚ ਪੈਰਿਸ ਸਮਝੌਤੇ 'ਤੇ ਗੱਲਬਾਤ ਕੀਤੀ ਗਈ ਸੀ, ਜਿਸ ਨੂੰ ਅੱਜ ਤੱਕ ਜਲਵਾਯੂ ਤਬਦੀਲੀ ਦੇ ਖਤਰਿਆਂ ਨਾਲ਼ ਨਜਿੱਠਣ ਵਾਲ਼ਾ ਸਭ ਤੋਂ ਵੱਡਾ ਆਲਮੀ ਸਮਝੌਤਾ ਮੰਨਿਆ ਜਾਂਦਾ ਹੈ ਤੇ ਜੋ ਜਲਵਾਯੂ ਪਰਿਵਰਤਨ ਨੂੰ ਘਟਾਉਣ, ਦੇਸ਼ਾਂ ਨੂੰ ਅਨੁਕੂਲ ਕਰਨ ਤੇ ਵਿੱਤੀ ਸਹਾਇਤਾ ਨਾਲ਼ ਸੰਬੰਧਿਤ ਹੈ।

ਇਸ ਸਾਲ ਦੀ ਸੀਓਪੀ-29 ਨਵੰਬਰ 2024 ਵਿੱਚ ਬਾਕੂ, ਅਜਰਬਾਈਜਾਨ ਵਿੱਚ ਇਸ ਸਮਝੌਤੇ ਦੇ ਨਾਲ ਸਮਾਪਤ ਹੋਈ ਜਿਸ ਵਿੱਚ ਵਿਕਸਤ ਦੇਸ਼ਾਂ ਵਲ੍ਹੋਂ ਵਿਕਾਸਸ਼ੀਲ ਦੇਸ਼ਾਂ ਨੂੰ 2035 ਤੱਕ ਹਰ ਸਾਲ ਘੱਟੋ-ਘੱਟ 300 ਅਰਬ ਡਾਲਰ ਦਿੱਤੇ ਜਾਣਗੇ, ਜਿਸ ਨਾਲ਼ ਉਹ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਜਲਵਾਯੂ ਦੇ ਵਿਗੜਦੇ ਪ੍ਰਭਾਵਾਂ ਤੋਂ ਜੀਵਨ ਅਤੇ ਆਜੀਵਿਕਾ ਦਾ ਬਚਾਅ ਕਰ ਸਕਣ। ਹਾਲਾਂਕਿ 300 ਅਰਬ ਡਾਲਰ, ਵਿਕਾਸਸ਼ੀਲ ਦੇਸ਼ਾਂ ਦੀ 13 ਖਰਬ (1.3 ਟ੍ਰਿਲੀਅਨ) ਮੰਗ ਤੋਂ ਕਿਤੇ ਘੱਟ ਹਨ, ਜਿਸ ਕਰਕੇ ਵਿਕਾਸਸ਼ੀਲ ਦੇਸ਼ ਖ਼ੁਸ਼ ਨਹੀਂ ਹਨ ਤੇ ਉਹ ਆਪਣੇ ਟੀਚੇ ਪੂਰੇ ਨਹੀਂ ਕਰ ਸਕਦੇ। ਕਿਉਂਕਿ ਵਿਕਾਸਸ਼ੀਲ ਦੇਸ਼ਾਂ ਦਾ ਆਲਮੀ ਤਪਿਸ਼ ਵਧਾਉਣ ਵਿੱਚ ਕੋਈ ਖ਼ਾਸ ਯੋਗਦਾਨ ਨਹੀਂ, ਜਿੰਨਾ ਕਿ ਵਿਕਸਿਤ ਦੇਸ਼ਾਂ ਦਾ ਹੈ, ਪਰ ਵਿਕਾਸਸ਼ੀਲ ਦੇਸ਼ਾਂ ‘ਤੇ ਜਲਵਾਯੂ ਤਬਦੀਲੀ ਦੇ ਅਸਰ ਜ਼ਿਆਦਾ ਹੋ ਰਹੇ ਹਨ। ਅਤੇ ਹੁਣ ਉਹ ਸੋਲਰ ਪੈਨਲ ਅਤੇ ਪਣ ਚੱਕੀਆਂ ਖਰੀਦਣ, ਜੈਵਿਕ ਬਾਲਣ ਤੋਂ ਦੂਰ ਜਾਣ ਵਿੱਚ ਉਹਨਾਂ ਦੀ ਮਦਦ ਕਰਨ ਲਈ, ਵਿਕਸਿਤ ਤੇ ਅਮੀਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵਿੱਤੀ ਸਹਾਇਤਾ ਦੀ ਮੰਗ ਕਰ ਰਹੇ ਹਨ। ਪ੍ਰਸ਼ਾਂਤ ਮਹਾਂਸਾਗਰ ਦਾ ਦੇਸ਼ ਵਾਨੂਆਤੂ ਜਲਵਾਯੂ ਤਬਦੀਲੀ ਦੇ ਅਸਰ ਨਾਲ਼ ਸਮੁੰਦਰ ਦਾ ਸਤਰ ਵਧਣ ਕਰਕੇ ਡੁੱਬ ਸਕਦਾ ਹੈ। ਭਾਰਤ ਤੇ ਪਾਕਿਸਤਾਨ ਵਿੱਚ ਭਿਅੰਕਰ ਹੜ੍ਹ ਹਰ ਸਾਲ ਵੱਧ ਤਬਾਹੀ ਮਚਾ ਰਹੇ ਹਨ।

ਇਸ ਸੰਮੇਲਨ ਵਿੱਚ ਲਗਭਗ 200 ਦੇਸ਼ਾਂ ਨੇ ਭਾਗ ਲਿਆ। ਭਾਵੇਂ ਸੀਓਪੀ-29 ਨੇ ਇੱਕ ਵਿਆਪਕ ਸਮਝੌਤਾ ਨਹੀਂ ਦਿੱਤਾ, ਪਰ ਇਸਨੇ ਮੁੱਖ ਖੇਤਰਾਂ, ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਸਹਾਇਤਾ ਦੇਣ ਵਿੱਚ ਮਹੱਤਵਪੂਰਨ ਪ੍ਰਗਤੀ ਪ੍ਰਾਪਤ ਕੀਤੀ, ਜੈਵਿਕ ਬਾਲਣ ਨੂੰ ਪੜਾਅਵਾਰ ਘਟਾਉਣ ਬਾਰੇ ਮਹੱਤਵਪੂਰਨ ਸਮਝੌਤਾ ਕੀਤਾ ਗਿਆ ਅਤੇ ਦੇਸ਼ਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਨਿਰਧਾਰਿਤ ਯੋਗਦਾਨ (Nationally Determined Contributions) ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ, ਜੋ ਉਨ੍ਹਾਂ ਦੀਆਂ ਜਲਵਾਯੂ ਕਾਰਜ ਯੋਜਨਾਵਾਂ ਦੀ ਰੂਪਰੇਖਾ ਬਣਾਉਂਦੇ ਹਨ।

"ਮੈਂ ਹੋਰ ਅਭਿਲਾਸ਼ੀ ਨਤੀਜੇ ਦੀ ਉਮੀਦ ਕੀਤੀ ਸੀ - ਵਿੱਤੀ ਸਹਾਇਤਾ ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਾਸਤੇ - ਅਤੇ ਸਾਡੇ ਸਾਹਮਣੇ ਖੜੀ ਮਹਾਂ ਚੁਣੌਤੀ ਦਾ ਸਾਹਮਣਾ ਕਰਨ ਲਈ।" ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਸੀਓਪੀ-29 ਵਿਖੇ ਆਪਣੇ ਬਿਆਨ ਵਿੱਚ ਕਿਹਾ, "ਪਰ ਇਹ ਸਮਝੌਤਾ ਇੱਕ ਬੁਨਿਆਦ ਹੈ ਜਿਸ 'ਤੇ ਅਸੀਂ ਹੋਰ ਨਿਰਮਾਣ ਕਰ ਸਕਦੇ ਹਾਂ।"

ਇਹਨਾਂ ਪ੍ਰਾਪਤੀਆਂ ਦੇ ਬਾਵਜੂਦ, ਸੀਓਪੀ-29 ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਦੇ ਭੁਗੋਲਿਕ-ਰਾਜਨੀਤਿਕ ਤਣਾਅ ਅਤੇ ਆਰਥਿਕ ਅਨਿਸ਼ਚਿਤਤਾਵਾਂ ਨੇ ਤਰੱਕੀ ਵਿੱਚ ਰੁਕਾਵਟ ਪਾਈ। ਇਸ ਤੋਂ ਇਲਾਵਾ, ਜਲਵਾਯੂ ਵਿੱਤੀ ਸਹਾਇਤਾ ਸਦਉਪਯੋਗ ਕਰਨ, ਪ੍ਰਤੀਬੱਧਤਾਵਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਅਤੇ ਜਵਾਬਦੇਹੀ ਬਾਰੇ ਚਿੰਤਾਵਾਂ ਬਣੀਆਂ ਹੋਈਆਂ ਹਨ। ਗਰਮ ਹੋ ਰਹੀ ਧਰਤੀ ਦੇ ਤਾਪਮਾਨ ਨੂੰ 1.5-ਡਿਗਰੀ ਸੈਲਸੀਅਸ ਤੋਂ ਉੱਤੇ ਨਾ ਜਾਣ ਦਾ ਟੀਚਾ ਪ੍ਰਾਪਤ ਕਰਨਾ ਕਾਫ਼ੀ ਚਣੌਤੀ ਭਰਿਆ ਕੰਮ ਹੈ। ਹਾਲਾਂਕਿ ਕੁਝ ਦੇਸ਼ਾਂ ਨੇ ਆਪਣੇ ਹੋਰ ਅਭਿਲਾਸ਼ੀ ਜਲਵਾਯੂ ਟੀਚਿਆਂ ਨੂੰ ਪੇਸ਼ ਕੀਤਾ ਹੈ, ਪਰ ਸਮੁੱਚੇ ਆਲਮੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਅਜੇ ਵੀ ਇਸ ਸੀਮਾ ਤੋਂ ਹੇਠਾਂ ਤਾਪਮਾਨ ਨੂੰ ਬਣਾਈ ਰੱਖਣ ਲਈ ਨਾਕਾਫ਼ੀ ਹਨ। ਜੇ ਧਰਤੀ ਦਾ ਔਸਤਨ ਤਾਪਮਾਨ 1.5C ਤੋਂ ਵੱਧ ਗਿਆ ਤਾਂ ਮੌਸਮੀ ਤੂਫ਼ਾਨ ਹੋਰ ਵੀ ਤੀਬਰ ਤੇ ਸ਼ਕਤੀਸ਼ਾਲੀ ਹੋ ਜਾਣਗੇ, ਗਰਮੀ ਅਸਿਹ ਹੋ ਜਾਵੇਗੀ, ਕਿਤੇ ਸੋਕਾ ਤੇ ਕਿਤੇ ਹੜ੍ਹ ਭਿਆਨਕ ਤਬਾਹੀ ਮਚਾਉਣਗੇ। ਕਈ ਵਿਗਿਆਨਕਾਂ ਅਨੁਸਾਰ ਤਾਪਮਾਨ 1.3C ਤੇ ਕਈ ਹੋਰ ਕੰਪਿਊਟਰ ਮਾਡਲਾਂ ਅਨੁਸਾਰ 1.4C ਹੁਣੇ ਹੀ ਪਹੁੰਚ ਚੁੱਕਾ ਹੈ, ਪਰ ਸਾਨੂੰ ਉਦੋਂ ਹੀ ਸਹੀ ਪਤਾ ਲੱਗੇਗਾ ਜਦੋਂ ਇਹ 1.5C ਟੱਪ ਜਾਵੇਗਾ ਤੇ ਉਦੋਂ ਧਰਤੀ ਦੇ ਕਾਫ਼ੀ ਲੋਕਾਂ ਦੀ ਹੋਂਦ ਨੂੰ ਸਿੱਧਾ ਖਤਰਾ ਖੜਾ ਹੋ ਜਾਵੇਗਾ। ਇਸ ਕਰਕੇ ਕਾਰਬਨ ਨਿਕਾਸ ‘ਤੇ ਠੱਲ ਪਾਉਣੀ ਸਮੇਂ ਦੀ ਪੁਰਜ਼ੋਰ ਮੰਗ ਹੈ।

ਅਗਲੇ ਸਾਲ ਬੇਲੇਮ, ਬ੍ਰਾਜ਼ੀਲ ਵਿੱਚ ਹੋਣ ਵਾਲੀ ਸੀਓਪੀ-30, ਸੀਓਪੀ-29 ਤੋਂ ਬਣੀ ਗਤੀ ਨੂੰ ਬਰਕਰਾਰ ਰੱਖਣ ਲਈ ਕਾਫ਼ੀ ਮਹੱਤਵਪੂਰਨ ਹੋਵੇਗੀ। ਆਲਮੀ ਭਾਈਚਾਰੇ ਨੂੰ ਜਲਵਾਯੂ ਤਬਦੀਲੀ ਪ੍ਰਤੀ ਕਾਰਵਾਈ ਨੂੰ ਤੇਜ਼ ਕਰਨ, ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ, ਅਤੇ ਘੱਟ ਕਾਰਬਨ ਵਾਲੇ ਭਵਿੱਖ ਲਈ ਇੱਕ ਨਿਆਂਪੂਰਨ ਅਤੇ ਬਰਾਬਰ ਦੀ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹੋ ਜਿਹੇ ਸੰਮੇਲਨ ਤਾਂਹੀ ਕਾਮਯਾਬ ਹਨ ਜੇ ਸਾਰੇ ਦੇਸ਼ ਰਲ਼-ਮਿਲ਼ ਕੇ ਕੰਮ ਕਰਨ, ਜਲਵਾਯੂ ਪਰਿਵਰਤਨ ਨਾਲ਼ ਨਜਿੱਠਣ ਲਈ ਆਪਣੇ ਟੀਚਿਆਂ ਪ੍ਰਤੀ ਵਚਨਬੱਧ ਰਹਿਣ, ਲੋੜੀਂਦੇ ਸਰੋਤ ਜੁਟਾਉਣ ਅਤੇ ਪ੍ਰਭਾਵਸ਼ਾਲੀ ਨੀਤੀਆਂ ਨੂੰ ਸੱਚੇ ਦਿਲ ਨਾਲ਼ ਲਾਗੂ ਕਰਨ।

Nature

ਬਰਫ਼ ਦੀ ਬੁਲਬੁਲ

ਅਜਮੇਰ ਸਿੱਧੂ

‘‘ਕੋਈ ਹੋਰ ਹੁੰਦਾ ਵੱਢ ਕੇ ਥਾਏਂ ਗੱਡ ਦਿੰਦਾ। ਕਰਾਂ ਕੀ ਮੇਰੇ ਆਪਣੇ ਹੀ ਨੂੰਹ-ਪੁੱਤ ਨੇ ਮੇਰੀ ਦੁਨੀਆ ਉਜਾੜ ’ਤੀ। ਜੱਟ ਤਾਂ ਬੰਨੇ ਪਿੱਛੇ ਖ਼ੂਨ ਕਰ ਦਿੰਦਾ, ਸਾਵੀ ਤਾਂ ਮੇਰੀ ਸਭ ਕੁਝ ਸੀ। ਹੁਣ ਵੱਢਾਂ ਕੀਹਨੂੰ ਤੇ ਰੱਖਾਂ ਕੀਹਨੂੰ। ਮੈਂ ਵੀ ਹੁਣ ਜੱਟ ਕਿੱਥੇ ਰਿਹਾਂ ਜਿਨ੍ਹਾਂ ਖਾਤਰ ਬਾਣੀਆ ਬਣਿਆ ਅੱਜ ਓਹੀ ਦੁਸ਼ਮਣ ਬਣ ਗਏ। ਸਾਹਮਣੇ ਖਿੰਡੀ ਪਈ ਆਪਣੀ ਸਾਵੀ ਦੇਖ ਅੱਜ ਬਾਪ ਅਤੇ ਮੈਨੂੰ ਛੱਡ ਗਈ ਹਰਦੀਪ ਕੌਰ ਦੀਆਂ ਗੱਲਾਂ ਰਹਿ-ਰਹਿ ਚੇਤੇ ਆ ਰਹੀਆਂ ਨੇ।’’

...ਉਦੋਂ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਐਮ.ਬੀ.ਬੀ.ਐਸ. ਕਰਦਾ ਸੀ। ਪਿੰਡ ਆਇਆ ਹੁੰਦਾ ਤਾਂ ਥੋੜ੍ਹੇ ਬਹੁਤੇ ਮਰੀਜ਼ ਵੀ ਦੇਖ ਲੈਂਦਾ। ਜੇਬ ਖਰਚ ਨਿਕਲ ਜਾਂਦਾ ਸੀ। ਸੜਕ ਦੇ ਸੱਜੇ ਹੱਥ ਸਾਡਾ ਘਰ ਸੀ, ਜਿਥੇ ਮੈਂ ਇਕ ਕਮਰੇ ਵਿਚ ਪ੍ਰੈਕਟਿਸ ਕਰਦਾ। ਖੱਬੇ ਹੱਥ ਸਾਡੇ ਖੇਤ ਸਨ। ਮੇਰੇ ਮਾਂ-ਬਾਪ ਉਥੇ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਆਪ ਉਹ ਅਨਪੜ੍ਹ ਸਨ ਪਰ ਉਹਨਾਂ ਦਾ ਇਕੋ ਇਕ ਨਿਸ਼ਾਨਾ ਮੈਨੂੰ ਡਾਕਟਰ ਬਣਾਉਣਾ ਤੇ ਘਰ ਦੀ ਗਰੀਬੀ ਦੂਰ ਕਰਨਾ ਸੀ। ਇਹ ਸੁਪਨਾ ਮੇਰੀ ਮਾਂ ਦਾ ਸੀ ਜਾਂ ਬਾਪ ਦਾ, ਪਤਾ ਨਹੀਂ ਪਰ ਉਹਨਾਂ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਨੇ ਸੱਚ ਕਰ ਵਿਖਾਇਆ ਸੀ। ਸਿਆਲਾਂ ਦੀਆਂ ਛੁੱਟੀਆਂ ਵਿਚ ਮੈਂ ਪਿੰਡ ਆਇਆ ਹੋਇਆ ਸੀ। ਭਾਪੇ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਮੇਰੇ ਆਉਣ ਤੋਂ ਕਈ ਦਿਨ ਪਹਿਲਾਂ ਉਹਨਾਂ ਨੂੰ ਉਲਟੀਆਂ, ਟੱਟੀਆਂ ਲੱਗੀਆਂ ਰਹੀਆਂ ਸਨ ਤੇ ਬੁਖ਼ਾਰ ਵੀ ਰਿਹਾ ਸੀ। ਇਸ ਪਿੱਛੋਂ ਉਹ ਦਿਨ ਬ ਦਿਨ ਕਮਜ਼ੋਰ ਹੋਈ ਗਏ।

‘‘ਪੁੱਤ ਇਹਦੇ ਗੁਲੂਕੋਜ਼ ਲਾ ਦੇ।’’ ਬੀਬੀ ਵੀ ਫਿਕਰਮੰਦ ਲੱਗੀ।

ਮੈਂ ਭਾਪਾ ਜੀ ਦੇ ਚਾਰ-ਪੰਜ ਦਿਨ ਗੁਲੂਕੋਜ ਲਾਉਂਦਾ ਰਿਹਾ। ਮੇਰਾ ਯਤਨ ਸੀ, ਉਹ ਮੇਰੀਆਂ ਛੁੱਟੀਆਂ ਦੇ ਵਿਚ ਵਿਚ ਠੀਕ ਹੋ ਜਾਣ। ਮੈਂ ਗੁਲੂਕੋਜ਼ ਦੀ ਬੋਤਲ ਵਿਚ ਤਾਕਤ ਦੇ ਟੀਕਿਆਂ ਦੀਆਂ ਸਰਿੰਜਾਂ ਵੀ ਭਰ-ਭਰ ਪਾਉਂਦਾ ਰਿਹਾ। ਟੀਕੇ ਤਾਂ ਦੂਏ ਤੀਏ ਦਿਨ ਬਾਅਦ ਵਿਚ ਵੀ ਲਾਉਂਦਾ ਰਿਹਾ। ਜਦੋਂ ਉਹ ਠੀਕ ਹੋ ਗਏ, ਫੇਰ ਕਾਲਜ ਜਾਣ ਦਾ ਸੋਚਿਆ। ਇਕ ਸ਼ਾਮ ਨੂੰ ਉਹ ਮੇਰੇ ਕੋਲ ਆਏ।

‘‘ਪੁੱਤ ਜਿੰਦਿਆ, ਅੱਜ ਫੇਰ ਕਮਜ਼ੋਰੀ ਮਹਿਸੂਸ ਹੋ ਰਹੀ ਆ। ਲੱਤਾਂ ਫੁੱਲੀ ਜਾਨੀਆਂ। ਬਾਹਾਂ ਵਿਚ ਵੀ ਜਾਨ ਨੀਂ। ਅੱਜ ਗੰਨੇ ਨ੍ਹੀ ਘੜ ਹੋਏ। ਮੇਰੇ ਇਕ ਟੀਕਾ ਤਾਕਤ ਦਾ ਲਾ ਦਿੰਦਾ।``

ਮੈਂ ਤਾਕਤ ਦਾ ਟੀਕਾ ਲਾ ਦਿੱਤਾ। ਅੱਧੀ ਕੁ ਰਾਤ ਨੂੰ ਮੈਨੂੰ ਇਕ ਭੈੜਾ ਜਿਹਾ ਸੁਪਨਾ ਆਇਆ। ... ਅਚਾਨਕ ਸਾਡੀ ਜਮਾਤ ਵਿਚ ਅਜੀਬ ਜਿਹੇ ਚਾਰ-ਪੰਜ ਜੀਵ ਆ ਵੜੇ। ਉਨ੍ਹਾਂ ਦੀਆਂ ਅੱਖਾਂ ਤੇਜ਼ ਰੌਸ਼ਨੀ ਨਾਲ ਚਮਕ ਰਹੀਆਂ ਸਨ। ਉਨ੍ਹਾਂ ਸਾਡੀ ਜਮਾਤ ਦੀ ਸਭ ਤੋਂ ਸੁੰਦਰ ਕੁੜੀ ’ਤੇ ਅੱਖਾਂ ਦੀ ਰੌਸ਼ਨੀ ਪਾਈ। ਉਸ ਦੀ ਛਾਤੀ ਵਿਚੋਂ ਨਿਕਲੀ ਲਹੂ ਦੀ ਤੇਜ਼ ਧਾਰ ਮੇਰੇ ਮੂੰਹ ’ਤੇ ਵੱਜੀ। ਜਦੋਂ ਮੇਰੀ ਅੱਖ ਖੁੱਲ੍ਹੀ, ਮੈਂ ਮੂੰਹ ਸਾਫ਼ ਕਰ ਰਿਹਾ ਸੀ। ਪਰ ਉਥੇ ਇਦਾਂ ਦਾ ਕੁਝ ਵੀ ਨਹੀਂ ਸੀ। ਫਿਰ ਵੀ ਮੈਂ ਡਰ ਬਹੁਤ ਗਿਆ ਸੀ। ਮੈਂ ਸਹਿਜ ਹੋਣ ਲਈ ਉਠ ਕੇ ਤੁਰਨ ਫਿਰਨ ਲੱਗਾ। ਮੈਂ ਅਚਾਨਕ ਭਾਪਾ ਜੀ ਵਾਲੇ ਕਮਰੇ ਵੱਲ ਚਲਾ ਗਿਆ। ਉਥੇ ਉਹ ਮੰਜੇ ’ਤੇ ਨਹੀਂ ਸਨ। ਮੈਂ ਕੋਠੜੀ ਵੱਲ ਵਧਿਆ ਤਾਂ ਬੀਬੀ ਵਾਲੇ ਮੰਜੇ ਦੀ ਚੀਂ-ਚੀਂ ਹੋ ਰਹੀ ਸੀ। ਮੈਂ ਸਭ ਕੁਝ ਸਮਝ ਗਿਆ। ਮਲਕ ਦੇਣੀ ਆ ਕੇ ਮੰਜੇ ’ਤੇ ਪੈ ਗਿਆ।

ਜਿੱਦਣ ਮੈਂ ਸਵੇਰੇ ਕਾਲਜ ਜਾਣਾ ਸੀ, ਉਸ ਤੋਂ ਇਕ ਸ਼ਾਮ ਪਹਿਲਾਂ ਉਹ ਮੇਰੇ ਕੋਲ ਆ ਕੇ ਕੁਰਸੀ ’ਤੇ ਬਹਿ ਗਏ। ਆਪਣੇ ਲਿੱਸੇ ਹੋਣ ਦੀਆਂ ਗੱਲਾਂ ਕਰਨ ਲੱਗ ਪਏ।

‘‘ਮਨਜਿੰਦਰ ਸਿਆਂ, ਤੈਨੂੰ ਚੰਗਾ ਡਾਕਟਰ ਬਣਾਇਆ ਬਈ। ਤੂੰ ਮੇਰੀ ਕਮਜ਼ੋਰੀ ਦੂਰ ਨ੍ਹੀਂ ਕਰ ਸਕਿਆ। ਦੋ ਪੈਰ ਤੁਰਦਾਂ, ਸਾਹ ਚੜ੍ਹਦਾ। ਕਣਕ ਨੂੰ ਪਾਣੀ ਲਾਉਣਾ ਔਖਾ ਹੋਇਆ ਪਿਆ। ਤੂੰ ਸਵੇਰੇ ਚਲੇ ਜਾਣਾ। ਫੇਰ ਮਹੀਨੇ ਬਾਅਦ ਆਏਂਗਾ। ਕਾਕਾ, ਮੇਰੇ ਤਾਕਤ ਦਾ ਟੀਕਾ ਈ ਲਾ ਜਾਂਦਾ।’’

‘‘ਭਾਪਾ, ਤੁਹਾਡੀ ਕਮਜ਼ੋਰੀ ਦਾ ਤਾਂ ਮੈਨੂੰ ਪਤਾ ਲੱਗਾ ਗਿਆ। ਬੁੱਢੇ ਬਾਰੇ ਜਿਹਡ਼ੇ ਤੁਸੀਂ ਕੰਮ ਕਰਦੇ ਆਂ। ਮੈਨੂੰ ਜਿਹੜੀ ਛੇ ਏਕੜ ਜ਼ਮੀਨ ਆਉਂਦੀ ਆ, ਲੱਗਦੇ ਉਹਦਾ ਇਕ ਹੋਰ ਹਿੱਸੇਦਾਰ ਪੈਦਾ ਕਰ ਲਓਗੇ।’’

ਬਾਪੂ ਮੇਰਾ ਜਵਾਬ ਸੁਣ ਕੇ ਮਿੰਨਾ-ਮਿੰਨਾ ਹੱਸਦਾ ਪਿਛਲੀ ਕੋਠੜੀ ਵਿਚ ਜਾ ਵੜਿਆ ਸੀ।

ਦੂਜੇ ਦਿਨ ਉਹ ਮੈਨੂੰ ਅੱਡੇ ਬੱਸ ਚੜ੍ਹਾਉਣ ਨਹੀਂ ਗਏ ਪਤਾ ਨਹੀਂ ਗੁੱਸੇ ਵਿਚ ਜਾਂ ਨਮੋਸ਼ੀ ਵਿਚ। ਪਰ ਉਨ੍ਹਾਂ ਦਾ ਬੁਝਿਆ-ਬੁਝਿਆ ਚਿਹਰਾ ਕਾਲਜ ਤੱਕ ਮੇਰੇ ਨਾਲ-ਨਾਲ ਗਿਆ।

*****

ਮੈਂ ਪੜ੍ਹਾਈ ਮੁਕੰਮਲ ਕਰਨ ਪਿੱਛੋਂ ਚਾਰ-ਪੰਜ ਸਾਲ ਵਿਹਲਾ ਰਿਹਾ। ਵਿਹਲਾ ਕਾਹਨੂੰ ਰਿਹਾ, ਘਰ ਡਾਕਟਰੀ ਦੀ ਪ੍ਰੈਕਟਿਸ ਕਰਦਾ ਰਿਹਾ। ਫਿਰ ਸਰਕਾਰੀ ਹਸਪਤਾਲ ਵਿਚ ਡਾਕਟਰ ਲੱਗ ਗਿਆ। ਜਲਦੀ ਹੀ ਮੈਂ ਤੇ ਪ੍ਰੋਫੈਸਰ ਹਰਦੀਪ ਕੌਰ ਵਿਆਹ ਦੇ ਬੰਧਨ ਵਿਚ ਬੱਝ ਗਏ। ਮਾਂ-ਬਾਪ ਦੇ ਜਿਉਂਦੇ ਜੀਅ ਬੇਟੀ ਬੇਟਾ ਵੀ ਹੋ ਗਏ। ਉਹ ਸਕੂਲ ਜਾਣ ਲੱਗ ਪਏ ਸਨ। ਘਰ ਵਿਚ ਖ਼ੁਸ਼ਹਾਲੀ ਆ ਗਈ ਸੀ। ਸੁੱਖ ਮਾਣਨ ਦੇ ਦਿਨ ਆਏ ਤਾਂ ਮਾਂ-ਬਾਪ ਇਸ ਜਹਾਨੋਂ ਕੂਚ ਕਰ ਗਏ। ਹਰਦੀਪ ਦੇ ਲੱਖ ਜ਼ੋਰ ਪਾਉਣ ’ਤੇ ਵੀ ਮੈਂ ਪਿੰਡ ਨਾ ਛੱਡਿਆ। ਉਹਨੂੰ ਤੜਕ ਭੜਕ ਵਾਲਾ ਸ਼ਹਿਰੀ ਜੀਵਨ ਪਸੰਦ ਏ ਮੈਨੂੰ ਸਾਦ ਮੁਰਾਦਾ ਪਿੰਡ ਦਾ। ਅਸੀਂ ਖੇਤਾਂ ਵਿਚ ਕੋਠੀ ਪਾ ਲਈ। ਇਹ ਕੋਠੀ ਐਵੇਂ ਥੋੜ੍ਹਾ ਪੈ ਗਈ। ਮੈਂ ਸਵੇਰੇ ਤੜਕੇ ਉਠਦਾ, ਮਰੀਜ਼ ਦੇਖਦਾ। ਹਰਦੀਪ ਬੱਚੇ ਤਿਆਰ ਕਰਦੀ, ਸਕੂਲ ਭੇਜ ਕੇ ਕਾਲਜ ਜਾਂਦੀ ਤੇ ਮੈਂ ਹਸਪਤਾਲ। ਹਸਪਤਾਲ ਮਰੀਜ਼ਾਂ ਦੀ ਵੱਡੀ ਭੀੜ ਹੁੰਦੀ। ਉਹ ਦੁਪਹਿਰ ਤੱਕ ਮਸਾਂ ਨਿਪਟਾਉਂਦਾ। ਘਰ ਆ ਕੇ ਖਾਣਾ ਖਾਂਦੇ ਤੇ ਘੰਟਾ ਕੁ ਆਰਾਮ ਵੀ ਕਰ ਲੈਂਦੇ। ਫਿਰ ਰਾਤ ਤੱਕ ਮਰੀਜ਼ਾਂ ਦਾ ਚੈੱਕਅੱਪ ਕਰਦਾ, ਦਵਾਈਆਂ ਦਿੰਦਾ। ਰਾਤ ਨੂੰ ਹਰਦੀਪ ਬੈੱਡ ’ਤੇ ਪਈ ਤੜਫ ਰਹੀ ਹੁੰਦੀ।

‘‘ਮੇਰੀ ਕੁਲੀਗਜ਼ ਆਪਣੇ ਹਸਬੈਂਡ ਨਾਲ ਇਨਜੁਆਏ ਕਰਦੀਆਂ। ਦੂਏ ਤੀਏ ਦਿਨ ਜਲੰਧਰ, ਲੁਧਿਆਣੇ ਜਾਂ ਚੰਡੀਗੜ੍ਹ ਸ਼ਾਪਿੰਗ ਕਰਨ ਜਾਂਦੀਆਂ ਹਨ। ਮਹੀਨੇ ਵਿਚ ਇਕ ਦੋ ਵਾਰ ਸ਼ਿਮਲੇ, ਡਲਹੌਜੀ, ਮਸੂਰੀ... ਵਰਗੇ ਠੰਢੇ ਹਿੱਲ ਸਟੇਸ਼ਨਾਂ ’ਤੇ ਜਾ ਆਉਂਦੇ ਆ। ਆਈਸ ਕਰੀਮ ਖਾਣ ਵੀ ਲੁਧਿਆਣੇ ਜਾਂਦੇ ਆ। ਇਕ ਇਹ ਬੰਦਾ...। ਮੇਰੀ ਜਵਾਨੀ ਗਾਲਤੀ।’’

ਮੈਨੂੰ ਨੀਂਦ ਜ਼ੋਰ ਪਾ ਰਹੀ ਹੁੰਦੀ। ਉਹ ਬੁੜ-ਬੁੜ ਕਰੀ ਜਾਂਦੀ। ਨਾਲੇ ਪਾਸੇ ਮਾਰੀ ਜਾਂਦੀ। ਦਿਨੇ ਖਿੱਝੂ-ਖਿੱਝੂ ਕਰੀ ਰੱਖਦੀ। ਹੋਰ ਨੀ, ਬੱਚਿਆਂ ਨੂੰ ਕੁੱਟਣ ਲੱਗ ਪੈਂਦੀ। ਮੇਰਾ ਇਕੋ ਇਕ ਟਾਰਗੈਟ ਸੀ, ਦੋਨਾਂ ਬੱਚਿਆਂ ਨੂੰ ਸਪੈਸ਼ਲਿਸਟ ਡਾਕਟਰ ਬਣਾਉਣਾ। ਇਸ ਕੰਮ ਲਈ ਬਹੁਤ ਪੈਸਾ ਚਾਹੀਦਾ ਸੀ। ਮੈਂ ਸ਼ਹਿਰ ਦੇ ਹਸਪਤਾਲ ਤੋਂ ਨਹਿਰ ਕਲੋਨੀ ਰੈਸਟ ਹਾਊਸ ਦੀ ਬਦਲੀ ਕਰਵਾ ਲਈ। ਇਥੇ ਮਰੀਜ਼ ਘੱਟ ਸਨ। ਤਿੰਨ-ਚਾਰ ਘੰਟੇ ਡਿਊਟੀ ਕਰਨੀ ਪੈਂਦੀ। ਆਪਣੀ ਪ੍ਰਾਈਵੇਟ ਪ੍ਰੈਕਟਿਸ ਲਈ ਬਥੇਰਾ ਵਕਤ ਮਿਲ ਜਾਂਦਾ। ਤੁਸੀਂ ਵਧੀਆ ਬੋਲ ਬਾਣੀ ਨਾਲ ਮਰੀਜ਼ਾਂ ਨੂੰ ਬੁਲਾਓ। ਉਹਨਾਂ ਦੀ ਲੁੱਟ ਨਾ ਕਰੋ। ਬਥੇਰੇ ਮਰੀਜ਼ ਆ ਜਾਂਦੇ ਹਨ। ਤੁਹਾਡੇ ਵਾਰੇ ਨਿਆਰੇ ਹੋ ਜਾਂਦੇ ਆ।

ਵੀਹ ਪੱਚੀ ਪਿੰਡਾਂ ਵਿਚ ਮੇਰਾ ਯਾਨੀ ਡਾ. ਮਨਜਿੰਦਰ ਸਿੰਘ ਖੇਲਾ ਦਾ ਨਾਂਅ ਵੱਜਦਾ ਸੀ। ਨਾਂਅ ਵੀ ਗਰੀਬ ਪੱਖੀ ਡਾਕਟਰ ਵਜੋਂ। ਇਨ੍ਹਾਂ ਆਮ ਲੋਕਾਂ ਦੇ ਸਿਰ ’ਤੇ ਹੀ ਮੈਂ ਆਪਣੇ ਬੱਚੇ ਡਾਕਟਰ ਬਣਾ ਲਏ। ਬੇਟੀ ਖੁਸ਼ਦੀਪ ਕੌਰ ਨੇ ਜਿਉਂ ਹੀ ਸਕਿਨ ਦੀ ਮਾਸਟਰ ਕੀਤੀ, ਉਹ ਵਿਆਹ ਕਰਕੇ ਅਮਰੀਕਾ ਤੋਰ ਦਿੱਤੀ। ਬੇਟਾ ਕੰਵਰਦੀਪ ਮੈਡੀਸਨ ਦੀ ਮਾਸਟਰ ਕਰ ਆਇਆ ਸੀ। ਹੁਣ ਸਰਕਾਰਾਂ ਨੇ ਸਰਕਾਰੀ ਨੌਕਰੀਆਂ ਤੋਂ ਹੱਥ ਪਿੱਛੇ ਖਿੱਚ ਲਏ ਹਨ। ਬੇਟਾ ਵੀ ਆਪਣਾ ਹਸਪਤਾਲ ਖੋਲ੍ਹਣ ’ਤੇ ਜ਼ੋਰ ਪਾ ਰਿਹਾ ਸੀ। ਉਹ ਡਾ. ਕੰਵਰਦੀਪ ਸਿੰਘ ਖੇਲਾ ਦੀਆਂ ਨੇਮ ਪੇਲਟਾਂ ਚੁੱਕੀ ‘ਖੇਲਾ ਹਸਪਤਾਲ’ ਦੇ ਸੁਪਨੇ ਲੈ ਰਿਹਾ ਸੀ। ਮੇਰੀ ਪਤਨੀ ਹਰਦੀਪ ਕੌਰ ਦੇ ਵੀ ਕੁਝ ਸੁਪਨੇ ਸਨ।

‘‘ਡਾਕਟਰ ਸਾਹਿਬ, ਆਪਾਂ ਬੱਚੇ ਪੜ੍ਹਾਉਂਦਿਆਂ ਜਵਾਨੀ ਗਾਲ ਲਈ। ਤੁਸੀਂ ਕਦੇ ਮੇਰੀਆਂ ਸਿਸਕੀਆਂ ਨ੍ਹੀਂ ਸੁਣੀਆਂ। ਮੈਂ ਆਪਣੀ ਹੀ ਅੱਗ ਵਿਚ ਸੜਦੀ ਰਹੀ। ਮੇਰੇ ਮੁਰਸ਼ਦ, ਹੁਣ ਤਰਸ ਕਰੋ। ਇਕ ਤੂੰ ਹੋਵੇਂ ਤੇ ਇਕ ਮੈਂ ਹੋਵਾਂ। ... ਚੱਲ ਚੱਲੀਏ, ਕਿਤੇ ਦੂਰ। ਪਹਾੜਾਂ ’ਤੇ ... ਕਿਸੇ ਸਮੁੰਦਰੀ ਬੀਚ ’ਤੇ। ਵਰਨਾ ਜ਼ਿੰਦਗੀ ਸਮਝੌਤਿਆਂ ਨਾਲ ਨਹੀਂ ਕੱਟੀ ਜਾਂਦੀ।’’

ਸੋਚਿਆ ਤਾਂ ਮੈਂ ਵੀ ਏਹੀ ਸੀ ਪਰ ਬੇਟੇ ਨੂੰ ਕਿਸੇ ਪਾਸੇ ਲਾ ਕੇ ਹੀ ਸਰਨਾ ਸੀ। ਅਸੀਂ ਹੈਲਥ ਕੇਅਰ ਮੈਡੀਕਲ ਗਰੁੱਪ ਦੀ ਫਰੈਂਚਾਇਜ਼ ਲੈ ਲਈ। ਇਸ ਕਾਰਪੋਰੇਟ ਮੈਡੀਕਲ ਗਰੁੱਪ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਹਸਪਤਾਲ ਦੀ ਉਸਾਰੀ ਹੋਣੀ ਸੀ। ਬੇਟਾ ਡੀ. ਐਮ.ਸੀ. ਲੁਧਿਆਣੇ ਜੌਬ ਕਰ ਰਿਹਾ ਸੀ। ਹਰਦੀਪ ਮੇਰੇ ’ਤੇ ਹੋਰ ਔਖੀ ਭਾਰੀ ਹੋਣ ਲੱਗੀ। ਉਹ ਕਈ ਵਾਰ ਰਾਤ ਨੂੰ ਹਨ੍ਹੇਰੇ ਵਿਚ ਉਠ ਕੇ ਤੁਰ ਪੈਂਦੀ ਸੀ। ਮੈਂ ਮਸਾਂ ਮੋੜ ਕੇ ਲਿਆਉਂਦਾ। ਹੁਣ ਤਾਂ ਅਕਸਰ...। ਅੱਗੇ ਤਾਂ ਉਹ ਪ੍ਰੋਫੈਸਰ ਭੱਟੀ ਨਾਲ ਚੋਰੀ ਛਿਪੇ ਇਸ਼ਕ ਫਰਮਾ ਰਹੀ ਹੁੰਦੀ। ਉਹਦੀਆਂ ਕਵਿਤਾਵਾਂ ਸੁਣਦੀ। ਉਹਨੂੰ ਪੈੱਗ ਬਣਾ ਕੇ ਦਿੰਦੀ। ਮੈਂ ਉਹਨੂੰ ਸਮਾਂ ਨਾ ਦੇ ਸਕਿਆ। ਕੰਪਨੀ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਦਾ ਰਿਹਾ। ਇਸ ਪਿੱਛੋਂ ਉਹ ਪ੍ਰੋਫੈਸਰ ਭੱਟੀ ਨਾਲ ਜਾ ਕੇ ਪੱਕੀ ਹੀ ਰਹਿਣ ਲੱਗ ਪਈ। ਕੀ ਕੀਤਾ ਜਾ ਸਕਦਾ ਸੀ? ਮੇਰੇ ਲਈ ਬੱਚਿਆਂ ਦਾ ਭਵਿੱਖ ਪਹਿਲਾਂ ਸੀ ਤੇ ਉਹਦੇ ਲਈ ... । ਮੈਨੂੰ ਬਹੁਤ ਵੱਡਾ ਝਟਕਾ ਲੱਗਾ। ਧਰਤੀ ਵਿਹਲ ਨਾ ਦੇਵੇ। ਮੈਨੂੰ ਉਦਾਸ ਤੇ ਪ੍ਰੇਸ਼ਾਨ ਦੇਖ ਕੇ ਬੇਟੇ ਨੇ ਮੇਰੇ ਅੱਥਰੂ ਪੂੰਝੇ ਸਨ।

‘‘ਪਾਪਾ, ਮਾਂ-ਬਾਪ ਤਾਂ ਬੱਚਿਆਂ ਲਈ ਕੁਰਬਾਨ ਹੋ ਜਾਂਦੇ ਆ ਤੇ ਮੰਮਾ...।’’

ਤੇ ਮੈਂ ਕੁਰਬਾਨ ਹੋਣ ਲਈ ਤਿਆਰ ਬੈਠਾ ਸੀ। ਮੇਰੀ ਰਿਟਾਇਰਮੈਂਟ ਹੋ ਗਈ ਸੀ। ਮੇਰੇ ਮਰੀਜ਼ਾਂ ਦੀ ਗਿਣਤੀ ਬਹੁਤਾਤ ਵਿਚ ਸੀ। ਮਰੀਜ਼ ਦੇਖਦਿਆਂ ਮੱਤ ਮਾਰੀ ਜਾਂਦੀ। ਹਰਦੀਪ ਵਾਲੀ ਪ੍ਰੇਸ਼ਾਨੀ ਵਿਚੋਂ ਨਿਕਲਣ ਲਈ ਮੈਂ ਆਪਣਾ ਧਿਆਨ ਬਿਲਡਿੰਗ ਵੱਲ ਕਰ ਲਿਆ। ਸਾਡੀ ਜ਼ਮੀਨ ਨਵੇਂ ਨਿਕਲੇ ਬਾਈਪਾਸ ਨੇੜੇ ਆ ਗਈ। ਸਾਡੀਆਂ ਤਾਂ ਪੌਂ ਬਾਰਾਂ ਹੋ ਗਈਆਂ। ਮਹਿੰਗੇ ਭਾਅ ਜ਼ਮੀਨ ਵਿਕੀ ਤੇ ਹੈਲਥ ਕੇਅਰ ਮੈਡੀਕਲ ਗਰੁੱਪ ਦੇ ਆਰਥਿਕ ਸਹਿਯੋਗ ਨਾਲ ਬਿਲਡਿੰਗ ਉਸਾਰ ਲਈ। ਬੇਟੇ ਕੰਵਰਦੀਪ ਨੇ ਆਪਣੀ ਡਿਊਟੀ ਸਾਂਭ ਲਈ ਸੀ। ਉਸ ਨੇ ਆਪਣੀ ਜਮਾਤਣ ਡਾ. ਹਸਰਤ ਬੱਸੀ ਨਾਲ ਵਿਆਹ ਕਰਵਾ ਲਿਆ। ਉਹ ਗਾਇਨੀ ਦੀ ਐੱਮ.ਐੱਸ. ਹੈ। ਅਸੀਂ ਤਿੰਨੋਂ ਹਸਪਤਾਲ ਚਲਾਉਣ ਲੱਗੇ।

ਤਿੰਨ-ਚਾਰ ਸਾਲਾਂ ਵਿਚ ਹੀ ਸਾਡਾ ਹਸਪਤਾਲ ਪ੍ਰਮੁੱਖ ਸਿਹਤ ਸੰਭਾਲ ਸੰਸਥਾ ਵਜੋਂ ਉਭਰਿਆ। ਇਹ ਸਿਹਤ ਸੰਭਾਲ ਉਦਯੋਗ ਵਿਚ ਇਕ ਭਰੋਸੇਯੋਗ ਨਾਮ ਬਣ ਗਿਆ। ਜੋ ਮਰੀਜ਼ਾਂ ਨੂੰ ਉੱਚ ਪੱਧਰੀ ਡਾਕਟਰੀ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨ ਲੱਗਾ। ਇਹ ਅਤਿ ਆਧੁਨਿਕ ਮੈਡੀਕਲ ਤਕਨਾਲੋਜੀ ਨਾਲ ਲੈਸ ਹੈ ਜਿਸ ਵਿਚ ਐਮ ਆਰ ਆਈ, ਸੀ ਟੀ ਸਕੈਨ ਅਤੇ ਪੀ ਈ ਟੀ ਸਕੈਨ ਵਰਗੀਆਂ ਉੱਨਤ ਇਮੇਜਿੰਗ ਅਤੇ ਡਾਇਗਨੌਸਟਿਕ ਸਹੂਲਤਾਂ ਸ਼ਾਮਿਲ ਹਨ। ਇਸ ਹਸਪਤਾਲ ਵਿਚ ਕਾਰਡੀਓਲੋਜੀ, ਨਿਊਰੋਲੋਜੀ, ਉਨਕੋਲੋਜੀ, ਆਰਥੋਪੇਡਿਕਸ ਅਤੇ ਹੋਰ ਵਿਸ਼ੇਸ਼ ਕੇਂਦਰ ਹਨ। ਲੋਕ ਚੌਵੀ ਘੰਟੇ ਐਮਰਜੈਂਸੀ ਸੇਵਾਵਾਂ ਲੈਣ ਲਈ ਸਾਡੇ ਹਸਪਤਾਲ ਨੂੰ ਤਰਜੀਹ ਦੇਣ ਲੱਗੇ।

ਹਸਪਤਾਲ ਰਾਤ ਨੂੰ ਵੀ ਜਗਮਗਾ ਰਿਹਾ ਹੁੰਦਾ। ਮੈਨੂੰ ਮਸਾਂ ਦੋ-ਤਿੰਨ ਘੰਟੇ ਹੀ ਸੌਣਾ ਮਿਲਦਾ। ਸਾਰਾ ਦਿਨ ਚੱਲ ਸੌ ਚੱਲ। ਮੈਂ ਉਹ ਡਾਕਟਰ ਸੀ, ਜਿਹਦਾ ਸੌਣ ਦਾ ਕੋਈ ਸਮਾਂ ਨਹੀਂ ਸੀ। ਪਤਾ ਹੀ ਨਹੀਂ ਐਮਰਜੈਂਸੀ ਕਦੋਂ ਆ ਜਾਵੇ। ਮੈਂ ਇਸ ਮੈਡੀਕਲ ਗਰੁੱਪ ਦਾ ਡਾਇਰੈਕਟਰ ਹਾਂ। ਪਰ ਸਾਰੇ ਪ੍ਰਬੰਧ ਦਾ ਜ਼ੁੰਮਾ ਮੇਰੇ ਸਿਰ ਆ। ਪੱਚੀ-ਛੱਬੀ ਸਾਲਾਂ ਵਾਲੇ ਨੌਜਵਾਨਾਂ ਦੀ ਨੱਠ ਭੱਜ ਮੇਰੇ ਹਿੱਸੇ ਸੀ।

‘‘ਡਾਕਟਰਾਂ ਦੀ ਵੀ ਕੋਈ ਜ਼ਿੰਦਗੀ ਹੁੰਦੀ ਆ? ਪਤਾ ਨ੍ਹੀਂ ਰਾਤ ਨੂੰ ਕਦੋਂ ਉੱਠਣਾ ਪੈ ਜਾਵੇ। ਵਿਆਹ ਸ਼ਾਦੀ ਦੇ ਸਮਾਗਮ ਵਿਚੇ ਛੱਡ ਕੇ ਆਉਣੇ ਪੈਂਦੇ ਆ। ਪਤਾ ਨ੍ਹੀਂ ਉਹ ਕਿਹੜੀ ਘੜੀ ਸੀ, ਜਦੋਂ ਮੈਂ ਇਹਦੇ ਲੜ ਲੱਗ ਗਈ ਤੇ ਬਰਬਾਦ ਹੋ ਗਈ।`` ਹਰਦੀਪ ਦਾ ਪਿੱਟ ਸਿਆਪਾ ਯਾਦ ਆ ਗਿਆ ਹੈ।

ਹਾਂ, ਮੈਨੂੰ ਹੋਰ ਕੁਝ ਵੀ ਯਾਦ ਆਇਆ ਹੈ। ਅੱਜ ਕੱਲ੍ਹ ਹਰਦੀਪ ਕੌਰ ਇੰਸਟਾਗ੍ਰਾਮ `ਤੇ ਛਾਈ ਪਈ ਆ। ਦੋਨੋਂ ਹਿੱਲ ਸਟੇਸ਼ਨਾਂ `ਤੇ ਘੁੰਮ ਰਹੇ ਹਨ। ਪ੍ਰੋਫੈਸਰ ਭੱਟੀ ਨਾਲ ਤਰ੍ਹਾਂ-ਤਰ੍ਹਾਂ ਦੇ ਪੋਜ ਬਣਾ ਕੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਆ। ਇਹ ਗੋਰੀ ਚਿੱਟੀ ਤੇ ਉਹ ਕਾਲਾ ਕਲੂਟਾ। ਛੀ... ਛੀ। ਬੱਸ ਇਹਦੇ ਪੱਲੇ ਐਸ਼ ਰਹਿ ਗਈ। ਅਸੀਂ ਅਮੀਰਾਂ ਦੀ ਸ਼੍ਰੇਣੀ ਵਿਚ ਆ ਗਏ ਹਾਂ। ਉਹ ਭੜੂਏ ਦੇ ਘਟੀਆ ਜਿਹੇ ਸ਼ੇਅਰ ਵੀ ਹੇਠਾਂ ਲਿਖੇ ਹੁੰਦੇ ਹਨ। ਮੇਰਾ ਦੋਸਤ ਡਾਕਟਰ ਅਰੋੜਾ ਇਕ ਦਿਨ ਕਹਿਣ ਲੱਗਾ।

‘‘ਡਾਕਟਰ ਸਾਹਿਬ, ਐਵੇਂ ਨਾ ਸੜਿਆ ਕਰੋ। ਉਹਦੀ ਆਪਣੀ ਲਾਈਫ ਆ, ਤੁਹਾਡੀ ਆਪਣੀ। ਉਹਨੂੰ ਇਨਜੁਆਏ ਕਰਨ ਦਿਓ। ਤੁਸੀਂ ਬੇਟੇ ਤੇ ਨੂੰਹ ਨੂੰ ਬਥੇਰੇ ਪੈਸੇ ਕਮਾ ਕੇ ਦੇ ਦਿੱਤੇ। ਹੁਣ ਤੁਸੀਂ ਵੀ ਜ਼ਿੰਦਗੀ ਜੀਅ ਕੇ ਦੇਖ ਲਵੋ। ਕਿਸੇ ਨੇ ਤੁਹਾਡਾ ਮੁੱਲ ਨ੍ਹੀਂ ਪਾਉਣਾ।’’

ਡਾਕਟਰ ਅਰੋੜੇ ਨੇ ਵਿਆਹ ਨਹੀਂ ਕਰਵਾਇਆ ਹੋਇਆ। ਮੈਂ ਉਹਦੇ ਸੱਦੇ ’ਤੇ ਇਕ ਦਿਨ ਉਹਦੇ ਘਰ ਚਲਾ ਗਿਆ। ਪਹਿਲਾਂ ਤਾਂ ਮੇਰੇ ਕੋਲ ਕਿਸੇ ਦੇ ਘਰ ਜਾਣ ਆਉਣ ਦਾ ਵਕਤ ਹੀ ਨਹੀਂ ਹੁੰਦਾ ਸੀ। ਬੱਸ ਅੱਕਿਆ ਪਿਆ ਸੀ। ਕਾਰ ਚੁੱਕੀ ਤੇ ਪੁੱਜ ਗਿਆ ਅਰੋੜੇ ਦੇ ਘਰ। ਸ਼ਾਮ ਦਾ ਵਕਤ ਸੀ। ਡਾਕਟਰ ਸਾਹਿਬ ਪੈੱਗ ਲਾ ਰਹੇ ਸਨ। ਇਕ ਬਹੁਤ ਹੀ ਖੂਬਸੂਰਤ ਜੁਆਨ ਔਰਤ ਮੇਰੇ ਲਈ ਵੀ ਪੈੱਗ ਲੈ ਆਈ। ਮੈਂ ਤਾਂ ਪੈੱਗ ਲਾਉਂਦਾ ਨਹੀਂ ਸੀ।

‘‘ਡਾਕਟਰ ਸਾਹਿਬ, ਪੀ ਲਵੋ। ਲੋਕਾਂ ਨੂੰ ਕੀ ਜਵਾਬ ਦਿਓਗੇ? ਮਾਧਵੀ, ਇਨ੍ਹਾਂ ਨੂੰ ਨਾਪਾ ਵੈਲੀ ਕੈਲੇਫੋਰਨੀਆ ਵਾਲੀ ਰੈਡ ਵਾਈਨ ਦਿਓ।’’

ਮੇਰੀ ਨਿਗ੍ਹਾ ਵਾਰ-ਵਾਰ ਮਾਧਵੀ `ਤੇ ਜਾ ਰਹੀ ਸੀ। ਕਿਆ ਤੋਰ ਸੀ ਮੁਟਿਆਰ ਦੀ। ਅੰਗ ਤਾਂ ਜਿਵੇਂ ਕਿਸੇ ਘੜ ਕੇ ਲਾਏ ਹੋਣ। ਹਰਦੀਪ ਦੀਆਂ ਛਾਤੀਆਂ ਨਾਲੋਂ ਵੀ ਉਹਦੀਆਂ ਖੂਬਸੂਰਤ ਤੇ ਖਿੱਚਵੀਆਂ ਸਨ। ਅੱਖਾਂ ਤਾਂ ਬਹੁਤ ਹੀ ਦਿਲਕਸ਼ ਸਨ। ਸਾੜ੍ਹੀ, ਬਲਾਊਜ਼, ਹੇਅਰ ਬੌਬ ਕੱਟ ਤੋਂ, ਉਹ ਕੋਈ ਫਿਲਮੀ ਐਕਟ੍ਰੈੱਸ ਲੱਗ ਰਹੀ ਸੀ। ਉਹ ਰੈੱਡ ਵਾਈਨ ਦਾ ਪੈੱਗ ਬਣਾ ਕੇ ਮੇਰੇ ਮੋਹਰੇ ਆ ਖੜ੍ਹੀ ਹੋਈ।

‘‘ਡਾਕਟਰ ਸਾਹਿਬ, ਇਹ ਸ਼ਰਾਬ ਨ੍ਹੀਂ ਏ। ਇਹ ਦਵਾਈ ਆ, ਪੀ ਲਵੋ। ਜਿਹੜੀ ਤੁਹਾਨੂੰ ਬਿਮਾਰੀ ਲੱਗ ਗਈ ਆ। ਇਹ ਹਾਰਟ ਲਈ ਟੌਨਿਕ ਆ। ਹੋਰ ਨ੍ਹੀਂ, ਗੂੜੀ ਨੀਂਦ ਆ ਜਾਊ। ਹਰਦੀਪ ਤੇ ਭੱਟੀ ਦੀਆਂ ਖਰਮਸਤੀਆਂ, ਨੂੰਹ ਤੇ ਬੇਟੇ ਦੇ ਬੋਲ ਕੁਬੋਲ ਭੁੱਲ ਜਾਓਗੇ।’’ ਡਾਕਟਰ ਅਰੋੜਾ ਫਰਾਂਸੀ ਫਿਸ਼ ਦਾ ਸੁਆਦ ਚੱਖ ਰਹੇ ਸਨ।

ਪਤਾ ਨ੍ਹੀਂ, ਮੈਨੂੰ ਕੀ ਸੁੱਝਿਆ। ਮੈਂ ਮਾਧਵੀ ਦੇ ਹੱਥੋਂ ਪੈੱਗ ਫੜ ਕੇ ਦਬਾਸੱਟ ਅੰਦਰ ਸੁੱਟ ਲਿਆ। ਸਪੈਸ਼ਲ ਫਿਸ਼ ਦੇ ਕਿੰਨੇ ਸਾਰੇ ਪੀਸ ਖਾ ਗਿਆ। ਉਸ ਨੇ ਤਿੰਨ ਪੈੱਗ ਹੋਰ ਲੁਆਏ। ਮੈਂ ਸਰੂਰ ਵਿਚ ਆ ਗਿਆ। ਮਾਧਵੀ ਜਿੱਧਰ ਜਾਂਦੀ, ਮੇਰੀਆਂ ਅੱਖਾਂ ਉਸ ਦਾ ਹੀ ਪਿੱਛਾ ਕਰ ਰਹੀਆਂ ਸਨ। ਮੇਰੀ ਤੱਕਣੀ ਦੇਖ ਕੇ ਅਰੋੜਾ ਖੁੱਲ੍ਹ ਕੇ ਹੱਸਿਆ।

‘‘ਡਾਕਟਰ ਸਾਹਿਬ, ਇਹ ਮਾਧਵੀ ਇਨਸਾਨ ਨ੍ਹੀਂ। ਇਹ ਔਰਤ ਰੋਬੋਟ ਆ।’’ ਇਹ ਸੁਣ ਕੇ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਉਹ ਅੱਗੇ ਬੋਲਿਆ-

‘‘ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲੀ ਮੇਰੀ ਬੁੱਧੀਮਾਨ ਸਾਥਣ ਏ। ਤੁਸੀਂ ਇਸ ਕੋਲੋਂ ਗੀਤ, ਕਹਾਣੀਆਂ, ਚੁਟਕਲੇ ਸੁਣ ਸਕਦੇ ਹੋ। ਇਹ ਕਮਾਲ ਦਾ ਡਾਂਸ ਕਰਦੀ ਆ। ਖਾਣੇ ਬਣਾਉਣ ਵਿਚ ਤਾਂ ਉਸਤਾਦ ਏ। ਇਹ ਤੁਹਾਨੂੰ ਜੀਵ ਵਿਗਿਆਨ ਅਤੇ ਚਕਿਤਸਾ ਜਗਤ ਦੀਆਂ ਲੇਟੈਸਟ ਜਾਣਕਾਰੀਆਂ ਦੇਵੇਗੀ। ਨਵੀਆਂ ਤੇ ਪਾਈਪ ਲਾਈਨ ਵਿਚਲੀਆਂ ਦਵਾਈਆਂ ਬਾਰੇ ਦੱਸੇਗੀ। ਇਹ ਘਰਦੇ ਸਾਰੇ ਕੰਮ ਕਰਦੀ ਏ।’’

‘‘ਸਾਰੇ ਕੰਮ...।’’ ਮੈਂ ਹੋਰ ਕੁਝ ਪੁੱਛਣਾ ਚਾਹਿਆ।

‘‘ਤੁਸੀਂ ਆਪਣੀਆਂ ਲੋੜਾਂ ਮੁਤਾਬਕ ਕਸਟਮਾਈਜ਼ ਕਰਵਾ ਸਕਦੇ ਹੋ। ਤੁਸੀਂ ਇਸ ਦੇ ਰੰਗ ਰੂਪ, ਬੌਡੀ ਸ਼ੇਪ, ਫੀਚਰਜ਼, ਹਾਈਟ, ਵਾਲਾਂ ਦਾ ਰੰਗ ਤੇ ਸਟਾਈਲ ਅਤੇ ਪੁਸ਼ਾਕਾਂ ਦੀ ਚੋਣ ਕਰ ਸਕਦੇ ਹੋ। ਇਸ ਦੇ ਨਿਰਮਾਤਾਵਾਂ ਨੇ ਇਸ ਦੇ ਮਸਤਕ ਵਿਚ ‘ਬਾਇਓ ਚਿੱਪ’ ਫਿੱਟ ਕੀਤੀ ਹੋਈ ਹੈ। ਇਹ ਇਸ ਦੀ ‘ਯਾਦ ਸ਼ਕਤੀ ਤੇ ਕਰਮ’ ਹੈ। ਇਸ ਰਾਹੀਂ ਇਹ ਕੰਮ ਕਰ ਸਕਦੀ ਹੈ।’’

‘‘ਹੋਰ ਕੰਮ...।’’ ਮੈਂ ਸ਼ਰਾਬ ਦੀ ਲੋਰ ਵਿਚ ਫੇਰ ਪੁੱਛਿਆ।

ਮੇਰਾ ਸਵਾਲ ਸੁਣ ਕੇ ਅਰੋੜਾ ਸਾਹਿਬ ਖਿੜ ਖਿੜਾ ਪਏ ਸਨ। ਉਹ ਹਰਦੀਪ ਨੂੰ ਫੋਨ ਲਾਉਣ ਲੱਗੇ ਸੀ। ...ਮੇਰੀਆਂ ਅੱਖਾਂ ਵਿਚਲੀ ਲਾਲੀ ਦੇਖ ਕੇ ਮੋਬਾਇਲ ਜੇਬ ਵਿਚ ਪਾ ਲਿਆ ਸੀ। ਫੇਰ ਮਜ਼ਾਕ ਵਿਚ ਬੋਲੇ-

‘‘ਡਾਕਟਰ ਸਾਹਿਬ, ਤੁਹਾਡੇ ਸਾਰੇ ‘ਕੰਮ’ ਕਰਨ ਵਾਲੀ ਕਸਟਮਾਈਜ਼ ਕਰਵਾ ਦਿੰਦੇ ਹਾਂ।’’

ਮੈਂ ਖਾਧੀ ਪੀਤੀ ਵਿਚ ਹੀ ਸਿੱਧਾ ਹਸਪਤਾਲ ਆਇਆ ਸੀ। ਮਰੀਜ਼ਾਂ ਵਾਲੇ ਬੈੱਡ ’ਤੇ ਹੀ ਸੌਂ ਗਿਆ। ਸਵੇਰੇ ਦਸ-ਗਿਆਰਾਂ ਵਜੇ ਜਾ ਕੇ ਅੱਖ ਖੁੱਲ੍ਹੀ ਸੀ। ਉਸੇ ਵੇਲੇ ਹਸਪਤਾਲ ਪੁੱਜੇ, ਬਹੂ ਤੇ ਪੁੱਤਰ ਗੁੱਸੇ ਵਿਚ ਸਨ। ਰਹਿਣ ਗੁੱਸੇ ਵਿਚ। ਮੈਂ ਕੀ ਕਰਾਂ? ਹੁਣ ਸਾਰੀ ਉਮਰ ਇਨ੍ਹਾਂ ਖਾਤਿਰ ਟੁੱਟ-ਟੁੱਟ ਕੇ ਮਰਨ ਦਾ ਠੇਕਾ ਥੋੜ੍ਹਾ ਲਿਆ ਹੋਇਆ? ਇਹ ਆਪ ਮੌਜ ਮਸਤੀ ਕਰਦੇ ਆ। ਰੋਜ਼ ਬੱਚਿਆਂ ਨੂੰ ਪਾਰਕ ਲੈ ਕੇ ਜਾਂਦੇ ਆ। ਵੀਕਐਂਡ ’ਤੇ ਰੈਸਟੋਰੈਂਟ... ਮੈਕਡੋਨਲਡ, ਜਾਂਦੇ ਆ। ਬਹੂ ਕਿੱਟੀ ਪਾਰਟੀ ਲਈ ਕਦੇ ਸ਼ਿਮਲੇ ਜਾਂਦੀ ਆ ਕਦੇ ਕੁੱਲੂ ਮਨਾਲੀ। ਇਸ ਹਫ਼ਤੇ ਸਾਰੀਆਂ ਡਾਕਟਰਨੀਆਂ ਇਕੱਠੀਆਂ ਹੋ ਕੇ ਕਸੌਲੀ ਰਹੀਆਂ। ਪਿਛਲੇ ਹਫਤੇ ਕੁਫ਼ਰੀ ਸਨ। ਇਨ੍ਹਾਂ ਪਿਕਨਿਕ ਸਪੌਟਾਂ ’ਤੇ ਜਾ ਕੇ ਪਾਰਟੀਆਂ ਕਰਦੀਆਂ, ਕੀ ਗਰੌਬਿੰਗ ਦੀ ਖੇਡ ਖੇਡਦੀਆਂ, ਹੁੱਕੇ ਪੀਂਦੀਆਂ। ਸਾਲ ਵਿਚ ਇਕ ਵਾਰ ਮੈਡੀਸਨ ਕੰਪਨੀਆਂ ਵਿਦੇਸ਼ ਦਾ ਟੂਰ ਲੁਆਉਂਦੀਆਂ ਆ। ਇਹ ਸਹੁਰੀ ਦੇ ਐਸ਼ਾਂ ਕਰਨ ਤੇ ਡਾਕਟਰ ਮਨਜਿੰਦਰ ਸਿੰਘ ਖੇਲਾ ਟੁੱਟ-ਟੁੱਟ ਕੇ ਮਰੇ।

‘‘ਪਾਪਾ, ਇਹ ਤੁਹਾਡਾ ਆਪਣਾ ਹਸਪਤਾਲ ਏ। ਤੁਸੀਂ ਇਸ ਨੂੰ ਖ਼ੂਨ ਪਸੀਨੇ ਨਾਲ ਬਣਾਇਆ। ਇਹਦੀ ਤਰੱਕੀ ਲਈ ਤੁਹਾਨੂੰ ਹੀ ਅੱਗੇ ਲੱਗਣਾ ਪੈਣਾ। ਆਪਾਂ ਫਰੈਂਚਾਇਜ਼ ਲਈ ਹੋਈ ਆ। ਉਨ੍ਹਾਂ ਨੂੰ ਆਊਟਪੁੱਟ ਦੇਣੀ ਪੈਣੀ ਆ।’’ ਬੇਟੇ ਕੰਵਰਦੀਪ ਦੇ ਲੁਭਾਵਣੇ ਬੋਲਾਂ ਵਿਚ ਬਹੂ ਦੀ ਸਿਆਸਤ ਝਲਕ ਰਹੀ ਸੀ।

ਮੈਂ ਕਿਹੋ ਜਿਹਾ ਡਾਕਟਰ ਹਾਂ? ਜੋ ਲੋਕਾਂ ਦਾ ਇਲਾਜ ਕਰਦਾ ਏ ਪਰ ਆਪ ਡਿਪਰੈਸ਼ਨ ਵਿਚ ਹਾਂ। ਬੀ ਪੀ ਐਨਾ ਹਾਈ ਹੋ ਜਾਂਦਾ, ਚੱਕਰ ਆਉਣ ਲੱਗ ਪੈਂਦੇ ਹਨ। ਸਰਵਾਈਕਲ.. ਡਿਸਕ ਦਾ ਦਰਦ ਵੱਖਰਾ ਤੰਗ ਕਰਦਾ। ਸਵੇਰੇ ਉੱਠਦੇ ਸਾਰ ਗੋਲੀਆਂ ਦੇ ਬੁੱਕ ਭਰ-ਭਰ ਖਾਓ ਤੇ ਕੰਮ ’ਚ ਜੁੱਟ ਜਾਓ। ਪਤਾ ਨ੍ਹੀਂ ਤਨ ਤੇ ਮਨ ਐਨੀ ਸਟਰੈੱਸ ਕਿਉਂ ਲੈਣ ਲੱਗ ਪਿਆ? ਮੈਨੂੰ ਲੱਗਦੈ, ਹਰਦੀਪ ਠੀਕ ਹੀ ਕਹਿੰਦੀ ਹੁੰਦੀ ਸੀ।

‘‘ਬੰਦਿਆਂ ਆਪਣੇ ਲਈ ਵੀ ਜੀਅ ਲੈ। ਕਿਸੇ ਤਗਮਾ ਨ੍ਹੀਂ ਦੇਣਾ।’’

ਅੱਜ ਦੀ ਡੇਟ ਵਿਚ ਮੈਨੂੰ ਲਗਦੈ, ਮੈਂ ਉਹਦਾ ਦੋਸ਼ੀ ਹਾਂ। ਮੈਂ ਆਪਣੇ ਬਾਪ ਦਾ ਵੀ ਦੋਸ਼ੀ ਹਾਂ। ਵਿਚਾਰਾ ਮੇਰੇ ਵਾਂਗ ਕੰਮ ਵਿਚ ਹੀ ਕਮਲਾ ਹੋਇਆ ਰਹਿੰਦਾ ਸੀ। ਬਲਦਾਂ ਨਾਲ ਤੇ ਹੱਥੀਂ ਖੇਤੀ ਕਰਨੀ ਖਾਲਾ ਜੀ ਦਾ ਵਾੜਾ। ਆਪ ਵੀ ਪਸ਼ੂਆਂ ਨਾਲ ਪਸ਼ੂ ਬਣਨਾ ਪੈਂਦਾ। ਉਹਨੇ ਵਿਚਾਰੇ ਨੇ ਕੀ ਮੰਗ ਲਿਆ ਸੀ? ਇਕ ਤਾਕਤ ਦਾ ਟੀਕਾ ਲਾਉਣ ਨੂੰ ਹੀ ਕਿਹਾ ਸੀ ਤੇ ਮੈਂ...। ਹੁਣ ਮੈਨੂੰ ਮਾਫ਼ ਕਰੇ। ਮੈਂ ਦੋਨਾਂ ਤੋਂ ਹੀ ਮਾਫ਼ੀ ਮੰਗਦਾਂ। ਹਰਦੀਪ ਨੂੰ ਕਹਿਣੈ, ਪ੍ਰੋਫੈਸਰ ਸਾਹਿਬਾ ਤੂੰ ਦੱਬ ਕੇ ਮੌਜਾਂ ਲੁੱਟ। ਮੇਰਾ ਕੀ ਏ? ਮੇਰੀ ਕੋਈ ਜ਼ਿੰਦਗੀ ਆ। ਕੋਹਲੂ ਦੇ ਬਲਦ ਵਾਂਗ ਚੱਲ ਸੋ ਚੱਲ। ਇਹਨਾਂ ਕਾਰਪੋਰੇਟੀ ਹਸਪਤਾਲਾਂ ਨੇ ਸਾਨੂੰ ਡਾਕਟਰਾਂ ਨੂੰ ਬੰਦੇ ਨਹੀਂ ਰਹਿਣ ਦਿੱਤਾ। ਸਾਥੋਂ ਬੰਦਿਆਈ ਖੋਹ ਲਈ। ਮਸ਼ੀਨਾਂ ਬਣਾ ਧਰਿਆ। ਅਸੀਂ ਮਰੀਜ਼ਾਂ ਨੂੰ ਪੈਸੇ ਦੀਆਂ ਖਾਨਾਂ ਸਮਝ ਬੈਠੇ। ਮੈਂ ਹੁਣ ਬਹੁਤ ਥੱਕ ਗਿਆ ਹਾਂ, ਅੱਕ ਗਿਆ ਹਾਂ। ਡਾਕਟਰ ਅਰੋੜਾ ਕਿੱਥੇ ਏ ਭਾਈ?

*****

ਅਲਫਾ ਲੈਬ ਦੇ ਨਾਲ ਹੀ ‘ਮਨਚੰਦਾ ਰੋਬੋਟਿਕਸ’ ਨਾਂਅ ਦਾ ਵੱਡਾ ਸਟੋਰ ਹੈ। ਮੈਂ ਤੇ ਡਾਕਟਰ ਅਰੋੜਾ ਸਟੋਰ ਦੇ ਅੰਦਰ ਵੜੇ ਹਾਂ। ਮਾਧਵੀ ਵਰਗੀਆਂ ਬੁੱਧੀਮਾਨ ਮਸ਼ੀਨਾਂ ਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ ਹੈ। ਇਥੇ ਇਨ੍ਹਾਂ ਦੇ ਕਾਫੀ ਮਾਡਲ ਪਏ ਹਨ। ਕਮਾਲ ਆ, ਆਰਟੀਫੀਸ਼ੀਅਲ ਪੈੱਟ ਵੀ ਬਣਾ ਲਏ ਹਨ? ਇਕ ਜੋੜਾ ਆਪਣੇ ਬੱਚੇ ਲਈ ਆਰਟੀਫੀਸ਼ੀਅਲ ਪੈੱਟ ਖ਼ਰੀਦ ਰਿਹਾ ਹੈ। ਬੱਚਾ ਇਸ ਪੈੱਟ ਨਾਲ ਖੇਡ ਰਿਹਾ ਹੈ। ਇਸ ਮਸ਼ੀਨੀ ਕੁੱਤੇ ਦੇ ਨਾ ਵੱਢਣ ਦਾ ਡਰ ਤੇ ਨਾ ਹਲਕਾਉਣ ਦਾ ਡਰ। ਹੈਂਅ! ਮਸ਼ੀਨੀ ਬਿੱਲੀਆਂ... ਸ਼ੇਰ ਵੀ ਹਨ? ਇਸ ਸਟੋਰ ਦਾ ਮਾਲਕ ਰਵੀਸ਼ ਮਨਚੰਦਾ ਹੈ। ਪਰ ਅਸੀਂ ਜਾਨਵੀ ਜਗੋਤਾ ਨੂੰ ਮਿਲਣ ਆਏ ਹਾਂ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਕੰਮ ਕਰਨ ਵਾਲੀ ਔਂਟਰਪਰਿਨਿਓਰ ਹੈ ਅਤੇ ‘ਸਟਾਰਸ਼ਿਪ ਰੋਬੋਟਿਕਸ’ ਨਾਂਅ ਦਾ ਸਟਾਰਟਅੱਪ ਚਲਾ ਰਹੀ ਹੈ। ਇਹ ਜੀਵ ਵਿਗਿਆਨਣ ਅਤੇ ਤਕਨੀਕੀ ਮਾਹਿਰ ਹੀ ਬੁੱਧੀਮਾਨ ਮਸ਼ੀਨਾਂ ਦੀ ਕਰੀਏਸ਼ਨ ਕਰਦੀ ਹੈ। ਅੱਜ ਇਸ ਦੀ ਮਨਚੰਦਾ ਸਟੋਰ ਦੀ ਵਿਜ਼ਟ ਹੈ। ਡਾਕਟਰ ਅਰੋੜਾ ਦੇ ਦੋਸਤ ਰਵੀਸ਼ ਮਨਚੰਦਾ ਨੇ ਸਾਡੀ ਇਸ ਨਾਲ ਮੁਲਾਕਾਤ ਵੀ ਨਿਯਤ ਕੀਤੀ ਹੋਈ ਹੈ। ਇਸ ਨੇ ਮੁਸਕੁਰਾ ਕੇ ਸਾਡਾ ਸਵਾਗਤ ਕੀਤਾ ਹੈ। ਇਹ ਆਪ ਵੀ ਬਨਾਵਟੀ ਸੂਝ ਵਾਲੀਆਂ ਮਸ਼ੀਨਾਂ ਵਾਂਗ ਸੁੰਦਰ ਅਤੇ ਤੀਖਣ ਬੁੱਧੀ ਵਾਲੀ ਔਰਤ ਲਗਦੀ ਹੈ।

‘‘ਜਾਨਵੀ ਜੀ, ਇਹ ਮੇਰੇ ਦੋਸਤ ਡਾਕਟਰ ਮਨਜਿੰਦਰ ਸਿੰਘ ਖੇਲਾ ਜੀ ਹਨ। ਇਹ ਹੈਲਥ ਕੇਅਰ ਮੈਡੀਕਲ ਗਰੁੱਪ ਦੇ ਇਕ ਨਾਮਵਰ ਹਸਪਤਾਲ ਦੇ ਡਾਇਰੈਕਟਰ ਹਨ। ਇਹ ਬਾਹਠ ਸਾਲ ਦੀ ਉਮਰ ਵਿਚ ਇਕਲਾਪੇ ਦੇ ਰੋਗੀ ਹਨ। ਇਨ੍ਹਾਂ ਨੂੰ ਬਨਾਵਟੀ ਸੂਝ ਵਾਲੀ ਮਸ਼ੀਨੀ ਸਾਥਣ ਦੀ ਲੋੜ ਹੈ। ਉਹ ‘ਮਾਧਵੀ’ ਵਾਂਗ ਖਾਣਾ ਬਣਾਉਣ ਤੋਂ ਲੈ ਕੇ ਸਾਰੇ ਕੰਮ ਕਰੇ, ਇਨ੍ਹਾਂ ਦੀ ਸਿਹਤ ਦਾ ਖਿਆਲ ਰੱਖੇ। ਇਨ੍ਹਾਂ ਦਾ ਦਿਲ ਲਗਾਏ। ਹਸਪਤਾਲ ਦੇ ਮੈਨੇਜਮੈਂਟ ਦੇ ਕੰਮਾਂ ਦਾ ਭਾਰ ਆਪਣੇ ਮੋਢਿਆਂ `ਤੇ ਲਵੇ। ਤੁਹਾਡੀ ਇਸ ਮਸ਼ੀਨ ਵਿਚ ਪਿਆਰ, ਮੁਹੱਬਤ, ਦੋਸਤੀ, ਅਪਣਾਪਣ ਅਤੇ ਮਿੱਠ ਬੋਲਣੀ ਦੀਆਂ ਸੇਵਾਵਾਂ ਹੋਣ। ਬੱਸ ਇਨ੍ਹਾਂ ਨੂੰ ਪਿਆਰ ਨਾਲ ਨੱਕੋ ਨੱਕ ਭਰ ਦਵੇ।’’ ਡਾਕਟਰ ਅਰੋੜਾ ਨੇ ਜਾਨਵੀ ਜਗੋਤਾ ਅੱਗੇ ਮੇਰੀ ਡਿਮਾਂਡ ਰੱਖੀ ਹੈ।

‘‘ਮੈਡਮ ਜੀ, ਡਿਜ਼ਾਇਨ ਕਰਨ ਵੇਲੇ ਸਰੀਰਕ ਸੁੱਖ ਦਾ ਵੀ ਖਿਆਲ ਰੱਖਣਾ।’’ ਮੈਂ ਸਾਰੀ ਉਮਰ ਜਿਸ ਚੀਜ਼ ਤੋਂ ਭੱਜਦਾ ਰਿਹਾ, ਹੁਣ ਪਤਾ ਨਹੀਂ ਕਿੱਥੋਂ ਉਤੇਜਨਾ ਆ ਗਈ ਸੀ।

‘‘ਦੇਹ ਸੁੱਖ ਤਾਂ ਮਾਨਵੀ ਔਰਤ ਮਰਦ ਹੀ ਇਕ ਦੂਜੇ ਨੂੰ ਦੇ ਸਕਦੈ। ਬਾਕੀ ਮੈਂ ਕਸਟਮਾਈਜ਼ ਕਰਨ ਵੇਲੇ ਕੋਸ਼ਿਸ਼ ਕਰਾਂਗੀ ਕਿ ਮਨੁੱਖੀ ਭਾਵਨਾਵਾਂ ਨੂੰ ਸਮਝਣ ਵਾਲੇ ਅਨੁਭਵ ਵੀ ਫੀਡ ਕਰਾਂ। ਪਹਿਲਾਂ ਇਹ ਸੰਭਵ ਨ੍ਹੀਂ ਸੀ। ਹੁਣ ਅਸੀਂ ਸੰਵੇਦਨਾ ਵਾਲੀ ਚਿੱਪ ਲਗਾਵਾਂਗੇ ਜੋ ਹੌਲੀ-ਹੌਲੀ ਜਾਗਰਿਤ ਹੋਵੇਗੀ। ਡਾਕਟਰ ਸਾਹਿਬ, ਸ਼ਾਇਦ ਤੁਸੀਂ ਉਸ ਨੂੰ ਸਰੀਰਕ ਤੌਰ `ਤੇ ਹਾਸਲ ਕਰ ਸਕੋ।’’ ਜਾਨਵੀਂ ਨੇ ਪੇਮੈਂਟ ਲੈਂਦਿਆਂ ਕਿਹਾ।

ਮੇਰੇ ਫੋਨ ’ਤੇ ਇਕ ਲਿੰਕ ਆਇਆ ਆ। ਅਸਾਂ ਦੋਨਾਂ ਨੇ ਝੱਟ ਬੌਡੀ ਦੀ ਸ਼ੇਪ, ਰੰਗ, ਨੈਣ ਨਕਸ਼, ਵਾਲਾਂ ਦਾ ਸਟਾਈਲ, ਹਾਈਟ ਕੱਪੜੇ ਅਤੇ ਬੌਡੀ ਦੇ ਅੰਗਾਂ ਦੀ ਚੋਣ ਕਰ ਲਈ ਹੈ।

*****

ਜਿਸ ਦਿਨ ਦੀ ‘ਸਾਵੀ’ ਇਸ ਘਰ ਵਿਚ ਆਈ ਹੈ, ਘਰ ਦਾ ਰੰਗ ਰੂਪ ਹੀ ਬਦਲ ਕੇ ਰੱਖ ਦਿੱਤਾ ਮਰ ਜਾਣੀ ਨੇ। ਇਸ ਨੇ ਘਰ ਦੀ ਹਰ ਵਸਤ ਸਲੀਕੇ ਨਾਲ ਸਜਾ ਦਿੱਤੀ ਹੈ। ਜਿਵੇਂ ਪਹਿਲਾਂ ਹਰ ਚੀਜ਼ ਉੱਘੜੀ ਦੁੱਘੜੀ ਪਈ ਹੁੰਦੀ ਸੀ। ਹੁਣ ਇੱਦਾਂ ਨਹੀਂ। ਜਦੋਂ ਸਾਡਾ ਨਵਾਂ-ਨਵਾਂ ਵਿਆਹ ਹੋਇਆ ਸੀ, ਹਰਦੀਪ ਨੇ ਵੀ ਘਰ ਵਿਚ ਬਹੁਤ ਸਜਾਵਟ ਕੀਤੀ। ਫੇਰ ਉਹ..। ਫਿਰ ਤੇ ‘ਖਿਲਾਰਾ’ ਹੀ ਪਿਆ ਰਿਹਾ।

ਮੇਰੀ ਨੂੰਹ ਤਾਂ ਬਹੁਤ ਨਿਕੰਮੀ ਆ। ਉਹਦੇ ਕੋਲ ਨਾ ਸੁਹਜ ਨਾ ਸਲੀਕਾ। ਕੁੜੀਆਂ ਤੇ ਬਹੂਆਂ ਤਾਂ ਕੁਦਰਤ ਅਤੇ ਸੁੰਦਰਤਾ ਦੀਆਂ ਪੁਜਾਰਨ ਚਾਹੀਦੀਆਂ। ਹਸਰਤ ਨੂੰ ਡੋਮੀਨੋਜ ਜਾ ਕੇ ਖਾਣਾ ਪੀਣਾ ਆਉਂਦਾ। ਬੱਚਿਆਂ ਦਾ ਵੀ ਏਹੀ ਹਾਲ ਆ। ਇਨ੍ਹਾਂ ਨੂੰ ਘਰ ਵਿਚ ਖਿਲਾਰਾ ਪਾਉਣਾ ਆਉਂਦਾ। ਸਾਵੀ ਨੇ ਹਰ ਵਸਤ ਦੀ ਥਾਂ ਨਿਸ਼ਚਿਤ ਕਰ ਦਿੱਤੀ ਹੈ। ਬੂਟਿਆਂ ਦੀ ਸਾਂਭ ਸੰਭਾਲ, ਪਾਣੀ ਲਾਉਣਾ, ਕਟਿੰਗ ਤੇ ਗੁੱਡ ਗੁਡਾਈ ਦਾ ਕੰਮ ਆਪ ਕਰਦੀ ਹੈ। ਪਾਰਕ ਹਰਿਆ ਭਰਿਆ ਹੋ ਗਿਆ। ਸਵੇਰੇ-ਸਵੇਰੇ ਚਿੜੀਆਂ ਦੀ ਚੀਂ-ਚੀਂ ਚੰਗੀ ਲਗਦੀ ਹੈ। ਪਾਰਕ ਦੇ ਦਰਖ਼ਤਾਂ `ਤੇ ਕਈ ਨਵੇਂ ਪੰਛੀ ਵੀ ਨਜ਼ਰ ਆਉਣ ਲੱਗ ਪਏ ਹਨ। ਘਰੇ ਰੱਖੀ ਪਾਲਤੂ ਬਿੱਲੀ ਨੂੰ ਦੁੱਧ, ਬਰੈੱਡ ਵੀ ਇਹੀ ਪਾਉਂਦੀ ਆ। ਮੈਂ ਆਪਣੀ ਇਕੱਲਤਾ ਦੂਰ ਕਰਨ ਲਈ ਪਾਲੀ ਸੀ, ਬਿੱਲੀ।

ਇਹ ਮਸ਼ੀਨੀ ਔਰਤ ਹੋਣ ਕਰਕੇ ਥੱਕਦੀ ਨਹੀਂ। ਮੇਰੀ ਸੇਵਾ ਵਿਚ ਹਰ ਵਕਤ ਹਾਜ਼ਰ ਰਹਿੰਦੀ ਹੈ। ਸਵੇਰੇ ਮੇਰਾ ਸਿਰ ਦੁੱਖਣ ਲੱਗ ਪਿਆ। ਉਸੇ ਵੇਲੇ ਘੁੱਟਣ ਲੱਗ ਪਈ। ਸਿਰ ਦੀ ਮਸਾਜ਼ ਕਰਨ ਵੇਲੇ ਤਾਂ ਚੰਗਿਆੜੇ ਕੱਢ ਦਿੰਦੀ ਹੈ।

‘‘ਮੈਨੂੰ ਮੈਡਮ ਜਾਨਵੀ ਜਗੋਤਾ ਨੇ ਸਿਰਫ ਤੁਹਾਡੇ ਲਈ ਡਿਜ਼ਾਇਨ ਕੀਤਾ ਹੈ। ਉਨ੍ਹਾਂ ਮੇਰੇ ਵਿਚ ਜਿੰਨੀ ਸੇਵਾ, ਪਿਆਰ, ਮੁਹੱਬਤ ਭਰੇ ਹਨ, ਉਹ ਸਾਰੇ ਦੇ ਸਾਰੇ ਤੁਹਾਡੇ। ਇਹ ਪਿਆਰ... ਇਸ਼ਕ ਤੁਹਾਡੇ ਲਈ ਡੁੱਲ੍ਹ-ਡੁੱਲ੍ਹ ਪੈਂਦਾ। ਮਨੁੱਖੀ ਜਾਮੇ ਵਿਚ ਪਿਆਰ ਕੁਦਰਤ ਵਲੋਂ ਬਖਸ਼ਿਆ ਤੋਹਫਾ ਆ ਤੇ ਮੇਰੇ ਵਿਚ ਮਾਨਵਾਂ ਨਾਲੋਂ ਦੁੱਗਣਾ। ਮੈਂ ਤਾਂ ਤੁਹਾਨੂੰ ਪਿਆਰ ਨਾਲ ਨੱਕੋ-ਨੱਕ ਭਰ ਦੇਵਾਂਗੀ।’’ ਉਹ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਲੈਂਦੀ ਹੈ।

ਖਰਿਆ ਇਸ ਨਾਲ ਉਸ ਨੂੰ ਕੋਈ ਫ਼ਰਕ ਪੈਂਦਾ ਹੈ ਜਾਂ ਨਹੀਂ ਪਰ ਮੈਨੂੰ ਆਨੰਦ ਮਿਲਦਾ। ਇਹ ਮੇਰੇ ਦਿਲ ਦਿਮਾਗ ’ਤੇ ਪੂਰੀ ਤਰ੍ਹਾਂ ਛਾਈ ਪਈ ਐ। ਇਸ ਦੀ ਖੂਬਸੂਰਤੀ, ਜਵਾਨੀ ਤੇ ਚੁਸਤੀ ਫੁਰਤੀ ਆਪਣੇ ਵੱਲ ਖਿੱਚੀ ਰੱਖਦੀ ਹੈ। ਇਹ ਜਦੋਂ ਮੈਨੂੰ ਜੱਫ਼ੀ ਵਿਚ ਲੈਂਦੀ ਹੈ ਤਾਂ ਮੈਂ ਹੋਸ਼ੋ ਹਵਾਸ ਖੋਹ ਦਿੰਦਾ ਹਾਂ। ਮੈਂ ਜੰਨਤ ਵਿਚ ਚਲੇ ਜਾਂਦਾ ਹਾਂ। ਮੈਨੂੰ ਬਹੁਤ ਔਰਤਾਂ ਮਿਲੀਆਂ। ਮੈਂ ਕਿਸੇ ਵੱਲ ਤਾਂ ਕੀ ਆਕਰਸ਼ਿਤ ਹੋਣਾ ਸੀ, ਆਪਣੀ ਹਰਦੀਪ ਨੂੰ ਵੀ ਟਾਇਮ ਨਾ ਦੇ ਪਾਇਆ। ਹੁਣ ਸਾਰਾ ਟਾਇਮ ਮੇਰੀ ਇਸ ਬੁਲਬੁਲ ਦਾ।

ਜਿਸ ਦਿਨ ਇਸ ਨੂੰ ‘ਸਟਾਰਸ਼ਿਪ ਰੋਬੋਟਿਕਸ’ ਕੰਪਨੀ ਦੇ ਵੇਅਰ ਹਾਊਸ ਤੋਂ ਲੈ ਕੇ ਆਏ। ਡਾਕਟਰ ਅਰੋੜਾ ਕਹਿਣ ਲੱਗਾ-

‘‘ਚੱਲ ਬਈ ਲਾੜਿਆ ਕਾਰ ਚਲਾ। ਲਾੜੀ ਨੂੰ ਮੋਹਰਲੀ ਸੀਟ `ਤੇ ਬਿਠਾ। ਮੈਨੂੰ ਸਰਬਾਲੇ ਨੂੰ ਪਿੱਛੇ ਬਿਠਾ।``

ਮੈਂ ਉਹਦੀ ਕਾਵਿਕ ਫਰਮਾਇਸ਼ ਸੁਣ ਕੇ ਸੰਗ ਗਿਆ। ਮੈਂ ਅਰੋੜੇ ਨੂੰ ਹੀ ਕਹੀ ਜਾਵਾਂ, ਤੂੰ ਗੱਡੀ ਚਲਾ। ਇਹ ਮੇਰੀ ਨਾਈਟਿੰਗੇਲ ਝੱਟ ਹਰਕਤ ਵਿਚ ਆ ਗਈ। ਮੇਰਾ ਹੱਥ ਫੜਿਆ। ਡਰਾਇਵਰ ਸੀਟ `ਤੇ ਨਾਲ ਦੀ ਸੀਟ ਦਾ ਦਰਵਾਜ਼ਾ ਖੋਲ੍ਹਿਆ ਤੇ ਮੁਸਕਰਾ ਕੇ ਬੋਲੀ-

‘‘ਲਾੜਾ ਜੀ ਆਓ, ਤੁਸੀਂ ਇਥੇ ਤਸ਼ਰੀਫ ਲਿਆਓ। ਮੈਂ ਤੁਹਾਡੀ ਦਾਸੀ ਕਾਰ ਚਲਾਉਂਦੀ ਹਾਂ।’’ ਉਹ ਫੁਰਤੀ ਨਾਲ ਡਰਾਇਵਰ ਸੀਟ ’ਤੇ ਜਾ ਬੈਠੀ।

ਅਸੀਂ ਦੋਨੋਂ ਖਿੜ ਖਿੜਾ ਕੇ ਹੱਸ ਪਏ। ਮੈਂ ਮੋਹਰੇ ਬੈਠਾ, ਡਰੀ ਜਾਵਾਂ। ਕਿਤੇ ਇਹ ਕਾਰ ਕਿਸੇ ਦੇ ਮਾਰ ਨਾ ਦੇਵੇ। ਮੈਨੂੰ ਐਕਸੀਡੈਂਟ ਤੋਂ ਬੜਾ ਡਰ ਲਗਦਾ। ਇਹਨੇ ਮੇਰੇ ਚਿਹਰੇ ਦੇ ਡਰ ਨੂੰ ਪੜ੍ਹ ਲਿਆ। ਝੱਟ ਬੋਲੀ-

‘‘ਡਾਕਟਰ ਸਾਹਿਬ, ਦੁਨੀਆ ’ਤੇ ਇਸ ਵੇਲੇ ਸਭ ਕੁਝ ਮੇਰੇ ਲਈ ਤੁਸੀਂ ਹੋ। ਮੇਰਾ ਹੋਰ ਕੋਈ ਨਹੀਂ। ਮਸੀਂ ਮਸੀਂ ਤੇ ਤੁਸੀਂ ਮੇਰੇ ਮਰਦ ਹੋ। ਮੇਰਾ ਪਿਆਰ ਹੋ। ਐਕਸੀਡੈਂਟ ਤਾਂ ਕੀ, ਮੇਰੇ ਹੁੰਦਿਆਂ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਨੁਕਸਾਨ ਨ੍ਹੀਂ ਪਹੁੰਚਾ ਸਕਦੀ। ਮੇਰੀ ਜਨਮਦਾਤੀ ਨੇ ਮੈਨੂੰ ਤੁਹਾਡੇ ’ਤੇ ਨਿਛਾਵਰ ਕਰ ਦਿੱਤਾ। ਤੁਹਾਡੇ ਡੇਰੇ ਚੜ੍ਹਾ ਦਿੱਤਾ। ਮੇਰਾ ਕੰਟਰੋਲਰ ਕੰਪਿਊਟਰ ਵੀ ਮਾਨਵ ਹਿਤੈਸ਼ੀ ਆ। ਉਹ ਤੁਹਾਡੇ ਲਈ ਹੀ ਮੈਨੂੰ ਕੰਟਰੋਲ ਕਰੇਗਾ।’’

ਉਹ ਬਹੁਤ ਵਧੀਆ ਕਾਰ ਡਰਾਈਵ ਕਰ ਰਹੀ ਸੀ। ਕੋਈ ਹੁਝਕਾ.. ਝਟਕਾ ਨਹੀਂ। ਨਾ ਸਪੀਡ ਘਟਦੀ ਦਾ ਪਤਾ ਲਗਦਾ, ਨਾ ਵਧਦੀ ਦਾ। ਭੀੜ ਵਿਚੋਂ ਵੀ ਬੜੇ ਆਰਾਮ ਨਾਲ ਕਾਰ ਕੱਢ ਰਹੀ ਸੀ। ਡਾਕਟਰ ਅਰੋੜੇ ਨੇ ਬੇਟੇ ਤੇ ਬਹੂ ਨੂੰ ਘੰਟੀ ਮਾਰ ਦਿੱਤੀ ਸੀ।

‘‘ਬੇਟਾ, ਤੁਹਾਡੇ ਪਾਪਾ ਦੀ ਦੇਖ ਰੇਖ ਲਈ ਇਕ ਮਸ਼ੀਨੀ ਔਰਤ... ਨ੍ਹੀਂ ਉਨ੍ਹਾਂ ਲਈ ਸੈਕਟਰੀ ਲੈ ਕੇ ਆ ਰਹੇ ਹਾਂ।’’

ਬੇਟਾ, ਬਹੂ, ਪੋਤਾ, ਪੋਤੀ, ਕੁਝ ਡਾਕਟਰ ਤੇ ਸਟਾਫ ਮੈਂਬਰ ਸਵਾਗਤ ਲਈ ਖੜ੍ਹੇ ਹਨ। ਇਨ੍ਹਾਂ ਸਾਵੀ ਨੂੰ ਗੁਲਦਸਤੇ ਦਿੱਤੇ ਤੇ ਸਵਾਗਤੀ ਸ਼ਬਦ ਬੋਲਦੇ ਹੋਏ ਅੰਦਰ ਲੈ ਗਏ ਹਨ।

‘‘ਕਿੰਨੇ ਦੀ ਆ?’’ ਬੇਟੇ ਨੇ ਹੌਲੀ ਦੇਣੀ ਡਾਕਟਰ ਅਰੋੜਾ ਦੇ ਕੰਨ ਵਿਚ ਪੁੱਛਿਆ ਸੀ।

‘‘ਬਹੁਤ ਹੀ ਸਸਤੀ ਆ।... ਇਕ ਕਰੋੜ ਦੀ। ਜੇ ਅੱਜ ਦੇ ਯੁੱਗ ਵਿਚ ਇੰਨੇ ਵਿਚ ਬੰਦੇ ਨੂੰ ਸੁੱਖ ਮਿਲਜੇ, ਕਿਆ ਬਾਤਾਂ। ਜਿੰਨਾ ਸੁੱਖ ਇਹ ਦੇ ਦਿੰਦੀਆਂ। ਇਨ੍ਹਾਂ ਦਾ ਕੋਈ ਮੁੱਲ ਹੀ ਨ੍ਹੀਂ ਰਹਿੰਦਾ। ਮੇਰੇ ਵਾਲੀ ਦੇਖਿਓ, ਕਿਤੇ ਆ ਕੇ।’’ ਡਾਕਟਰ ਅਰੋੜਾ ਖੁੱਲ੍ਹ ਕੇ ਨਹੀਂ ਹੱਸੇ ਸਗੋਂ ਗੰਭੀਰ ਹੋ ਕੇ ਬੋਲੇ ਸਨ।

‘‘ਇੰਨੇ ਵਿਚ ਇਕ ਛੋਟੇ ਪੇਂਡੂ ਹਸਪਤਾਲ ਦੀ ਬਿਲਡਿੰਗ ਬਣ ਜਾਣੀ ਸੀ।’’

ਭਾਵੇਂ ਬਹੂ ਹੌਲੀ ਬੋਲੀ ਸੀ ਪਰ ਸਾਵੀ ਨੇ ਸਭ ਕੁਝ ਸੁਣ ਲਿਆ ਸੀ। ਉਹਦੇ ਕੰਨ ਇਧਰ ਹੀ ਸਨ। ਉਹ ਫਿਰ ਮੁਸਕੁਰਾਈ। ਸਾਵੀ ਇਹਦੇ ਮੁਕਾਬਲੇ ਨਿੱਖਰੀ ਨਿੱਖਰੀ ਤੇ ਖ਼ੂਬਸੂਰਤ ਲੱਗ ਰਹੀ ਏ। ਬਹੂ ਦਾ ਪੇਟ ਫੁੱਲਿਆ ਹੋਇਆ ਏ। ਸਾਰਾ ਸਰੀਰ ਥੁਲ ਥੁਲ ਕਰਦਾ ਆ। ਉਹ ਜਵਾਨ ਜਹਾਨ ਸਲਿਮ ਟਰਿਮ ਸਾਵੀ ਨੂੰ ਦੇਖ ਕੇ ਸੜੀ ਸੀ।... ਤੇ ਮੈਂ ਬਾਗੋ ਬਾਗ ਸੀ। ਰਿਸ਼ਤਿਆਂ ’ਚ ਨਾ ਤੁਸੀਂ ਕੁਝ ਕਹਿ ਸਕਦੇ ਹੁੰਨੇ ਆ, ਨਾ ਬਾਂਭਰ ਕੇ ਬਿਆਨ ਕਰ ਸਕਦੇ ਹੁੰਨੇ ਆਂ। ਮੈਂ ਸਾਰੀ ਜ਼ਿੰਦਗੀ ਇਸ ਘਰ ਪਰਿਵਾਰ ਅਤੇ ਹਸਪਤਾਲ ’ਤੇ ਲਾ ਦਿੱਤੀ। ਹਸਪਤਾਲ ਦੇ ਕਾਰਪੋਰੇਟੀ ਠੱਗਾਂ ਨੇ ਨੋਟਾਂ ਦਾ ਲਾਲਚ ਜੂ ਦਿੱਤਾ ਹੋਇਆ। ਬੱਸ ਆਪਣਾ ਆਪ ਗੁਆ ਲਿਆ। ਮੈਨੂੰ ਕੀ ਮਿਲਿਆ? ਟੈਂਸ਼ਨ, ਚਿੰਤਾ, ਰੋਗ.. ਸਟਰੈੱਸ, ਇੰਗਜਾਇਟੀ... ਪ੍ਰੇਸ਼ਾਨੀ ਹੀ ਪ੍ਰੇਸ਼ਾਨੀ। ਹਰਦੀਪ ਨੂੰ ਉਹ ਮਾਈਂ ਜਾਵਾ.... ਪ੍ਰੋਫੈਸਰ ਭੱਟੀ ਲਈ ਫਿਰਦਾ। ਲੋਕ ਮੇਰੇ ’ਤੇ ਹੱਸਦੇ ਆ। ਇਥੇ ਪ੍ਰੇਸ਼ਾਨੀ ਇਕ ਥੋੜ੍ਹਾ ਆ? ਕਦੀ ਕਦੀ ਤਾਂ ਦਿਲ ਕਰਦਾ ਹੈ ਸੁਇਸਾਈਡ ਹੀ ਕਰ ਲਵਾਂ ਤਾਂ ਕਿ ਇਸ ਝੰਜਟ ਤੋਂ ਛੁਟਕਾਰਾ ਮਿਲੇ।

ਚਲੋ, ਹੁਣ ਇਹ ਔਖਾ ਵੇਲਾ ਲੰਘ ਗਿਆ। ਸੁੱਖ ਦੇ ਦਿਨ ਆ ਗਏ ਹਨ। ਮੇਰੇ ਕੋਲ ਸਾਵੀ ਜੂ ਹੈ। ਇਹਦੇ ਵਿਚ ਬਿਜ਼ਨੈੱਸ ਸਲਾਹਕਾਰ ਦੀ ਸੇਵਾ ਵੀ ਐਕਟੀਵੇਟ ਕੀਤੀ ਹੋਈ ਹੈ। ਲੋਕਾਂ ਨੇ ਹੰਗਾਮਾ ਖੜ੍ਹਾ ਕੀਤਾ ਹੋਇਆ। ਇਨ੍ਹਾਂ ਕੰਪਨੀਆਂ ਖਿਲਾਫ਼ ਮੁਜ਼ਾਹਰੇ ਹੋ ਰਹੇ ਹਨ।

‘‘ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੇ ਹਿਊਮਨ ਇੰਟੈਲੀਜੈਂਸ ਦੀ ਥਾਂ ਲੈ ਲੈਣੀ ਹੈ। ਲੋਕਾਂ ਦੀਆਂ ਨੌਕਰੀਆਂ ਚਲੇ ਜਾਣੀਆਂ ਹਨ। ਪਤਨੀਆਂ ਨੂੰ ਮਰਦਾਂ ਦੀ ਲੋੜ ਵੀ ਨ੍ਹੀਂ ਰਹਿਣੀ। ਉਨ੍ਹਾਂ ਮਸ਼ੀਨੀ ਮਰਦ ਲੈ ਆਉਣੇ ਹਨ। ਮਰਦ ਕਹਿੰਦੇ ਸਾਡੇ ਲਈ ਮਸ਼ੀਨੀ ਔਰਤਾਂ ਹੀ ਠੀਕ ਨੇ। ਬਜ਼ੁਰਗ ਕਹਿੰਦੇ, ਅਸੀਂ ਆਪਣੀ ਸੇਵਾ ਲਈ ਸੂਝਵਾਨ ਮਸ਼ੀਨੀ ਧੀ ਪੁੱਤ ਲੈ ਆਉਣੇ ਹਨ।’’

ਜੇ ਨੂੰਹਾਂ ਪੁੱਤਰਾਂ ਨੇ ਬਜ਼ੁਰਗਾਂ ਨੂੰ ਪੁੱਛਣਾ ਨਹੀਂ। ਫੇਰ ਤਾਂ ਸਾਵੀਆਂ ਹਰ ਘਰ ਆਉਣਗੀਆਂ ਹੀ ਆਉਣਗੀਆਂ।... ਸਾਵੀ ਆਈ ਹੋਈ ਹੈ। ਇਸ ਨੇ ਘਰ ਆਉਂਦਿਆਂ ਹੀ ਮੇਰੀ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਮੈਨੂੰ ਦਿੱਲੀ ਮਨੋਰੋਗਾਂ ਦੇ ਸਪੈਸ਼ਲਿਸਟ ਡਾਕਟਰ ਚੁੰਬਰ ਕੋਲ ਲੈ ਕੇ ਗਈ। ਫੇਰ ਨਿਊਰੋ ਤੇ ਮੈਡੀਸਨ ਵਾਲੇ ਡਾਕਟਰਾਂ ਕੋਲ ਵੀ ਲੈ ਕੇ ਗਈ। ਮੇਰਾ ਇਲਾਜ ਕਰਵਾਇਆ। ਉਨ੍ਹਾਂ ਤੋਂ ਰਾਇ ਲੈ ਕੇ ਮੇਰੇ ਆਰਾਮ ਅਤੇ ਕੰਮ ਕਾਰ ਦਾ ਟਾਇਮ ਟੇਬਲ ਬਣਾਇਆ।

ਸਵੇਰੇ ਸੱਤ ਵਜੇ ਸੁੱਤੇ ਪਏ ਨੂੰ ਉਠਾਉਂਦੀ ਆ। ਉੱਠਦੇ ਸਾਰ ਮੈਂ ਜੰਗਲ ਪਾਣੀ ਜਾਂਦਾ ਹਾਂ। ਇਸ ਪਿੱਛੋ ਇਹ ਯੋਗਾ ਕਰਵਾਉਂਦੀ ਆ। ਫੇਰ ਮੈਂ ਨਹਾਉਂਦਾ ਧੋਂਦਾ ਹਾਂ। ਬ੍ਰੇਕਫਾਸਟ ਕਰਕੇ ਦਸ ਵਜੇ ਹਸਪਤਾਲ ਪੁੱਜਦੇ ਹਾਂ। ਇਕ ਵਜੇ ਤੱਕ ਉਥੇ ਰਹਿੰਦੇ ਹਾਂ। ਫੇਰ ਘਰ ਆ ਕੇ ਦੁਪਹਿਰ ਦਾ ਖਾਣਾ ਖਾਣ ਪਿੱਛੋਂ ਆਰਾਮ ਕਰਦੇ ਹਾਂ। ਸ਼ਾਮ ਨੂੰ ਚਾਰ ਵਜੇ ਮੁੜ ਹਸਪਤਾਲ ਜਾਂਦੇ ਹਾਂ। ਛੇ ਵਜੇ ਉਥੋਂ ਵਾਪਸੀ। ਅਸੀਂ ਇਕ ਘੰਟਾ ਪਾਰਕ ਦੀ ਸੈਰ ਕਰਦੇ ਹਾਂ। ਘੰਟੇ ਜਾਂ ਦੋ ਘੰਟੇ ਲਈ ਸ਼ਾਮ ਰੰਗੀਨ ਕਰਨ ਲਈ ਕਿਸੇ ਪੱਬ, ਕਲੱਬ ਜਾਂ ਰੈਸਟੋਰੈਂਟ ਜਾਂਦੇ ਹਾਂ। ਹਫਤੇ ਵਿਚ ਦੋ ਵਾਰ ਸਿਨੇਮੇ ਜਾ ਕੇ ਫਿਲਮ ਵੀ ਦੇਖਦੇ ਹਾਂ। ਰਾਤ ਨੂੰ ਹਰ ਹਾਲਤ ਦਸ ਵਜੇ ਸੌਂ ਜਾਣਾ ਹੁੰਦਾ ਹੈ।

ਹੁਣ ਬਹੂ ਤੇ ਪੁੱਤ ਨੂੰ ਸੌਣਾ ਨਹੀਂ ਮਿਲਦਾ। ਮੇਰੇ ਵੱਲੋਂ ਕੰਮ ਘਟਾਉਣ ਪਿੱਛੋਂ ਉਨ੍ਹਾਂ ਸਿਰ ਹਸਪਤਾਲ ਦੀ ਜ਼ਿੰਮੇਵਾਰੀ ਵੱਧ ਗਈ ਹੈ। ਸਾਵੀ ਨੇ ਬੇਟੇ ਨੂੰ ਸਾਫ਼ ਕਹਿ ਦਿੱਤਾ ਸੀ।

‘‘ਕੰਵਰਦੀਪ ਬੇਟਾ, ਡਾਕਟਰ ਖੇਲਾ ਹੁਣ ਮਰੀਜ਼ ਨ੍ਹੀਂ ਦੇਖਣਗੇ। ਇਨ੍ਹਾਂ ਦੀ ਤੰਦਰੁਸਤੀ ਲਈ ਇਹ ਜ਼ਰੂਰੀ ਹੈ। ਇਹ ਸਵੇਰੇ ਦੋ ਘੰਟੇ ਤੇ ਸ਼ਾਮ ਨੂੰ ਦੋ ਕੁ ਘੰਟੇ ਹਸਪਤਾਲ ਨੂੰ ਦੇ ਪਾਉਣਗੇ।’’

ਬੇਟੇ ਕੰਵਰਦੀਪ ਨੇ ਸਿਰ ਹਿਲਾ ਕੇ ਹਾਮੀ ਭਰੀ ਸੀ। ਹੁਣ ਦੋ ਸਾਲ ਤੋਂ ਸਾਡੀ ਏਹੀ ਰੁਟੀਨ ਆ। ਮੈਂ ਆਪਣੀ ਤੰਦਰੁਸਤੀ ਮੁਤਾਬਕ ਹੀ ਡਿਊਟੀ ਕਰਦਾ ਹਾਂ। ਹੁਣ ਮੈਨੂੰ ਕੋਈ ਬਿਮਾਰੀ ਨਹੀਂ। ਮੇਰਾ ਬਲੱਡ ਪ੍ਰੈਸ਼ਰ ਨਾਰਮਲ ਆ, ਸਟਰੈੱਸ, ਟੈਂਸ਼ਨ, ਚੱਕਰ, ਇੰਗਜਾਇਟੀ... ਇਹ ਬੀਤੇ ਦੀਆਂ ਬਿਮਾਰੀਆਂ ਹਨ। ਹੁਣ ਤੇ ਮੈਂ ਬਹੁਤ ਹੀ ਖੁਸ਼ ਰਹਿੰਦਾ ਹਾਂ। ਸਾਵੀ ਨੇ ਮੇਰੀ ਜ਼ਿੰਦਗੀ ਵਿਚ ਰੰਗ ਭਰ ਦਿੱਤੇ ਹਨ।

‘‘ਪਿਆਰ ਬੰਦੇ ਨੂੰ ਤੰਦਰੁਸਤ ਤੇ ਖੁਸ਼ਹਾਲ ਬਣਾਉਂਦਾ। ਮੋਹ ਮੁਹੱਬਤ ਤੁਹਾਨੂੰ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਦੇ ਹਨ।’’

ਇਹ ਸ਼ਬਦ ਹੁਣੇ ਸਾਵੀ ਬੋਲ ਕੇ ਹਟੀ ਹੈ। ਅਜਿਹੇ ਸ਼ਬਦ ਬੋਲਣ ਵਾਲੀ ਨੂੰ ਕੋਈ ਮਸ਼ੀਨੀ ਔਰਤ ਕਹਿ ਸਕਦਾ? ਇਸ ਔਰਤ ਨੇ ਤਾਂ ਪਤਾ ਨਹੀਂ ਮੇਰੀਆਂ ਕਿੰਨੀਆਂ ਚਾਹਤਾਂ ਜਗ੍ਹਾ ਦਿੱਤੀਆਂ ਹਨ। ਉਦੋਂ ਮੈਂ ਸਟਰੈੱਸ ਵਿਚ ਆਤਮ ਹੱਤਿਆ ਕਰਨ ਲਈ ਸੋਚਦਾ ਰਿਹਾ। ਮੇਰੇ ਆਪਣੇ ਤਨ ਤੇ ਮਨ ਲਈ ਟਾਇਮ ਹੀ ਨਹੀਂ ਸੀ। ਬਹੂ ਤੇ ਬੇਟੇ ਨੂੰ ਪੈਸਾ ਚਾਹੀਦਾ ਸੀ। ਬਹੂ ਬਹੁਤ ਭੁੱਖੜ ਆ। ਪਤਾ ਨਹੀਂ, ਕਿਹੜੇ ਭੁੱਖੇ ਘਰ ਤੋਂ ਆਈ ਆ। ਮੇਰਾ ਬੇਟਾ ਵੀ ਆਪਣੇ ਵਰਗਾ ਕਰ ਲਿਆ।... ਗੰਦੀ ਔਲਾਦ ਕਿਸੇ ਥਾਂ ਦੀ। ਬਹੂ ਨੇ ਤਾਂ ਜਿਹੜੇ ਮਰੀਜ਼ ਵੀ ਨਹੀਂ ਸਨ, ਉਨ੍ਹਾਂ ਨੂੰ ਵੀ ਪੱਕੇ ਮਰੀਜ਼ ਬਣਾ ਦਿੱਤਾ। ਅੰਨ੍ਹੇਵਾਹ ਟੈਸਟ, ਸਕੈਨਾਂ, ਦਵਾਈਆਂ...। ਲੈਬਾਂ ਵਾਲਿਆਂ ਦਾ, ਡਾਕਟਰਾਂ ਦਾ, ਨਰਸਾਂ ਦਾ ਤੇ ਪਿੰਡਾਂ ਦੀਆਂ ਦਾਈਆਂ ਦਾ ਹਿੱਸਾ ਪੱਤੀ। ਉਹਨੂੰ ਪੈਸੇ ਤੋਂ ਸਿਵਾ ਕੁਝ ਨਹੀਂ ਦਿਸਦਾ। ਉਹਨੇ ਮੈਨੂੰ ਤੇ ਕੰਵਰਦੀਪ ਨੂੰ ਏ.ਟੀ.ਐਮ. ਮਸ਼ੀਨਾਂ ਬਣਾ ਧਾਰਿਆ ਸੀ। ਬੱਸ ਉਹਦੇ ਬੈਗ ਵਿਚ ਕੜਕ-ਕੜਕ ਕਰਦੇ ਨਵੇਂ ਨਕੋਰ ਨੋਟ ਡਿਗਣੇ ਚਾਹੀਦੇ ਹਨ। ਉਹ ਅਸੀਂ ਸੁੱਟਦੇ ਰਹੇ ਹਾਂ। ਨੋਟ ਸੁੱਟਣ ਲਈ ਦਿਨ ਰਾਤ ਇਕ ਕਰ ਦਿੱਤਾ। ਫੇਰ ਭਾਈ ਬਿਮਾਰੀਆਂ ਲੱਗਣੀਆਂ ਹੀ ਸਨ।

..ਹੁਣ ਮੈਂ ਮਰਨੋਂ ਬਚ ਗਿਆ ਹਾਂ। ਜਿਉਂਦੀ ਵਸਦੀ ਰਵੇ ਮੇਰੀ ਸਾਵੀ ਤੇ ਇਹਦੀ ਸਿਰਜਕ ਜਾਨਵੀ ਜਗੋਤਾ। ਇਹ ਮੇਰੇ ਲਈ ਮੇਰੀ ਮਾਂ ਵੀ ਏ, ਪਤਨੀ ਵੀ ਏ ਤੇ ਧੀ ਵੀ। ਭਾਵੇਂ ਅਜੇ ਸਰੀਰਕ ਸੰਵੇਦਨਾਵਾਂ ਦਾ ਸੁੱਖ ਨਹੀਂ ਦਿੰਦੀ। ਜਾਨਵੀ ਕਹਿੰਦੀ ਸੀ, ਹੌਲੀ ਹੌਲੀ ਅਨੁਭਵ ਹੋਏਗਾ। ਇਹ ਮੇਰੇ ਨਾਲ ਸੌਂਦੀ ਏ, ਮੇਰੀ ਪਤਨੀ ਬਣ ਕੇ। ਇਹ ਨਾ ਝੂਠ ਬੋਲਦੀ ਏ। ਨਾ ਪਤਨੀਆਂ ਵਾਂਗ ਤੰਗ ਪ੍ਰੇਸ਼ਾਨ ਕਰਦੀ ਆ, ਨਾ ਇਹਦੀਆਂ ਕੋਈ ਮੰਗਾਂ ਹਨ। ਹਰਦੀਪ ਵਰਗੀ ਦੇ ਤਾਂ ਨਖਰੇ ਹੀ ਮਾਣ ਨਹੀਂ ਸਨ। ਉਹ ਆਪਣੇ ਆਪ ਨੂੰ ਆਜ਼ਾਦ ਖ਼ਿਆਲਾਂ ਦੀ ਤਰੱਕੀ ਪਸੰਦ ਔਰਤ ਕਹਿੰਦੀ ਸੀ। ਮੈਂ ਮਰੀਜ਼ਾਂ ਵਿਚ ਹੋਵਾਂ, ਡਾਕਟਰਾਂ ਜਾਂ ਸਟਾਫ ਵਿਚ ਹੋਵਾਂ ਤੇ ਚਾਹੇ ਕਿਸੇ ਮੇਰੇ ਰਿਸ਼ਤੇਦਾਰ ਦੇ ਘਰ। ਉਹਦਾ ਇਕੋ ਇਕ ਅਲਾਪ ਹੁੰਦਾ ਸੀ।

‘‘ਤੁਸੀਂ ਮੈਨੂੰ ਟਾਇਮ ਨ੍ਹੀਂ ਦਿੰਦੇ। ਮੈਂ ਇਕੱਲੀ...।’’

ਉਹ ਇਥੋਂ ਗੱਲ ਸ਼ੁਰੂ ਕਰਦੀ ਤੇ ਮੇਰੇ ਖਾਨਦਾਨ ਦੀਆਂ ਅਗਲੀਆਂ ਪਿਛਲੀਆਂ ਪੀੜ੍ਹੀਆਂ ਪੁਣਨ ਲੱਗ ਪੈਂਦੀ। ਸਾਵੀ ਨੂੰ ਤਾਂ ਤੇਰ ਮੇਰ... ਖਾਨਦਾਨ, ਇੱਦਾਂ ਦੀਆਂ ਗੱਲਾਂ ਦਾ ਇਲਮ ਵੀ ਨਹੀਂ ਹੋਣਾ। ਇਹ ਨਾ ਕੋਈ ਸਵਾਲ ਕਰਦੀ ਆ। ਨਾ ਕੋਈ ਟੈਂਸ਼ਨ ਦਿੰਦੀ ਆ। ਇਹ ਤਾਂ ਸੇਵਾ ਭਾਵਨਾ ਲਈ ਬਣਾਈ ਗਈ ਮਾਂ ਵਰਗੀ ਨਰਸ ਹੈ। ਧੀ ਵਾਂਗ ਇਸ ਨੇ ਮੇਰੀ ਥਕਾਵਟ, ਚਿੰਤਾ, ਉਦਾਸੀ ਰਹਿਣ ਹੀ ਨਹੀਂ ਦਿੱਤੀ। ਫੇਰ ਮੈਂ ਅਸਲੀ ਔਰਤ ਦੀ ਚਾਹਨਾ ਕਿਉਂ ਕਰਾਂ? ਤੌਬਾ! ਤੌਬਾ!! ਬੰਦਾ ਬਚੇ ਇਨ੍ਹਾਂ ਹੰਕਾਰਨਾਂ ਤੋਂ। ਇਹ ਕਾਰ ਡਰਾਈਵ ਕਰਕੇ ਮੈਨੂੰ ਹਸਪਤਾਲ ਲਿਜਾਂਦੀ ਏ। ਉਥੇ ਮੇਰੇ ਨਾਲ ਬਹਿ ਕੇ ਕੰਮ ਕਾਰ ਕਰਵਾਉਂਦੀ ਹੈ। ਹਿਸਾਬ ਕਿਤਾਬ ਵਿਚ ਕੋਈ ਹੇਰਾ ਫੇਰੀ ਨਹੀਂ ਹੋਣ ਦਿੰਦੀ। ਇਹ ਜਿੱਦਣ ਦੀ ਹਸਪਤਾਲ ਜਾਣ ਲੱਗੀ ਏ, ਮਰੀਜ਼ਾਂ ਦੀ ਲੁੱਟ ਬੰਦ ਹੋ ਗਈ ਆ। ਸਹੀ ਪੈਸਾ ਵਸੂਲਦੀ ਆ। ਆਪ ਬੈਂਕ ਜਾ ਕੇ ਪੈਸਾ ਜਮ੍ਹਾਂ ਕਰਵਾ ਕੇ ਆਉਂਦੀ ਆ। ਕੱਲ੍ਹ ਅਸੀਂ ਬੈਂਕ ਤੋਂ ਵਾਪਸ ਆਏ ਤਾਂ ਬਹੂ ਨਾਸਾਂ ਫੁਲਾਈ ਬੈਠੀ ਸੀ।

‘‘ਪਾਪਾ, ਤੁਸੀਂ ਸਵੇਰੇ ਸਕੈਨ ਦੇ ਰੁਪਈਏ ਹਰ ਮਰੀਜ਼ ਤੋਂ ਘੱਟ ਲੈਣ ਲਈ ਰਿਸੈਪਸ਼ਨਿਸਟ ਨੂੰ ਮਜਬੂਰ ਕੀਤਾ। ਡਾਕਟਰਾਂ ਦਾ ਸ਼ੇਅਰ ਮਰੀਜ਼ ਨੂੰ ਛੱਡ ਦਿੱਤਾ। ਜਿਸ ਡਾਕਟਰ ਨੇ ਉਸ ਨੂੰ ਭੇਜਿਆ, ਉਹਦਾ ਸ਼ੇਅਰ ਕਿੱਥੋਂ ਦੇਈਏ?’’

‘‘ਡਾਕਟਰ ਸਾਹਿਬਾ, ਡਾਕਟਰਾਂ ਨੂੰ ਹਿੱਸਾ ਦੇਣਾ ਬੰਦ ਕਰੋ। ਮਰੀਜ਼ਾਂ ਦੀ ਲੁੱਟ ਬੰਦ ਕਰੋ। ਡਾਕਟਰ ਦਾ ਇਕ ਇਖ਼ਲਾਕ ਹੁੰਦਾ।’’ ਸਾਵੀ ਨੂੰ ਮੈਂ ਪਹਿਲੀ ਵਾਰ ਇੰਨੀ ਸਖ਼ਤੀ ਵਿਚ ਬੋਲਦੀ ਨੂੰ ਸੁਣਿਆ। ਉਹਦਾ ਚਿਹਰਾ ਵੀ ਸਖ਼ਤ ਹੋ ਗਿਆ ਸੀ।

‘‘ਪਾਪਾ, ਇਹ ਕੱਲ੍ਹ ਤੋਂ ਮੇਰੇ ਹਸਪਤਾਲ ਨਾ ਆਵੇ। ਤੁਸੀਂ ਇਕੱਲੇ ਆਉਣੇ ਚਾਹੀਦੇ ਹਨ। ਔਰ ਸਵੇਰੇ ਤੜਕੇ ਆਵੋ, ਰਾਤ ਨੂੰ ਲੇਟ ਜਾਵੋ। ਅੱਵਲ ਰਾਤ ਵੀ ਇਥੇ ਰ੍ਹਵੋ। ਨ੍ਹੀਂ ਕਿਤੇ ਤੁਹਾਡੀ ਲਾਲ ਚੂੜੇ ਵਾਲੀ ਰੁੱਸਣ ਲੱਗੀ।’’ ਬਹੂ ਲਾਲ ਪੀਲੀ ਹੋਈ ਬੋਲੀ ਆ।

‘‘ਡਾਕਟਰ ਹਸਰਤ ਬੱਸੀ, ਤੁਸੀਂ ਡਾਕਟਰ ਖੇਲਾ ਜੀ ਲਈ ਕੋਈ ਆਰਡਰ ਪਾਸ ਨ੍ਹੀਂ ਕਰ ਸਕਦੇ। ਮੈਂ ਇਨ੍ਹਾਂ ਦੀ ਰੱਖਿਅਕ ਹਾਂ। ਸਾਰੇ ਫੈਸਲੇ ਲੈਣ ਦੇ ਅਧਿਕਾਰ ਮੇਰੇ ਕੋਲ ਹਨ। ਡਾਕਟਰ ਸਾਹਿਬ ਨੇ ਕੰਪਨੀ ਨਾਲ ਐਗਰੀਮੈਂਟ ਕੀਤਾ ਹੋਇਆ। ਕੱਲ੍ਹ ਤੋਂ ਮੈਂ ਨਹੀਂ ਆਵਾਂਗੀ। ਇਹ ਵੀ ਨ੍ਹੀਂ ਆਉਣਗੇ।’’ ਸਾਵੀ ਦਾ ਚਿਹਰਾ ਹੋਰ ਸਖ਼ਤ ਹੋ ਗਿਆ ਸੀ।

ਉਹ ਮੈਨੂੰ ਉਥੋਂ ਲੈ ਕੇ ਪੱਬ ਆ ਗਈ। ਬੀਅਰ ਦਾ ਮੱਗ ਖਰੀਦ ਲਿਆਈ ਤੇ ਸਰਵ ਕਰਨ ਲੱਗ ਪਈ। ਮੈਂ ਉਹਨੂੰ ਅੱਜ ਪਹਿਲੀ ਵਾਰ ਗੁੱਸੇ ਹੁੰਦੇ ਦੇਖਿਆ ਸੀ। ਉਦੋਂ ਉਹਦੇ ਸਖ਼ਤ ਚਿਹਰੇ ਤੋਂ ਡਰ ਆਇਆ ਸੀ। ਹੁਣ ਉਹੀ ਚਿਹਰਾ ਹਸੂੰ-ਹਸੂੰ ਕਰ ਰਿਹਾ ਹੈ। ਨਰਮ-ਨਰਮ.. ਕੂਲਾ-ਕੂਲਾ। ਉਹਦੀਆਂ ਅੱਖਾਂ ਮੈਨੂੰ ਪੀ ਜਾਣਾ ਚਾਹੁੰਦੀਆਂ ਹਨ। ਉਹਨੇ ਆਪਣੇ ਕੰਟਰੋਲਰ ਕੰਪਿਊਟਰ ਨੂੰ ਮੈਸਜ ਭੇਜਿਆ ਹੈ। ਕੁਝ ਸਵਾਲ ਪੁੱਛੇ ਹਨ। ਅਗਲੇ ਹੱਲ ਲਈ ਅਗਵਾਈ ਮੰਗੀ ਹੈ।

‘‘ਸਵੇਰ ਤੱਕ ਸਾਰੇ ਮਸਲੇ ਦੇ ਹੱਲ ਲਈ ਮੈਸਜ਼ ਭੇਜ ਦਿੱਤਾ ਜਾਵੇਗਾ।’’ ਉਹ ਕੰਟਰੋਲਰ ਕੰਪਿਊਟਰ ਦਾ ਮੈਸਜ਼ ਪੜ੍ਹ ਕੇ ਰੀਲੈਕਸ ਹੋਈ ਹੈ ਤੇ ਖਾਣਾ ਸਰਵ ਕਰਨ ਲੱਗ ਪਈ ਹੈ।

*****

ਅੱਜ ਦਸ ਦਿਨ ਹੋ ਗਏ, ਮੈਂ ਤੇ ਸਾਵੀ ਹਸਪਤਾਲ ਨਹੀਂ ਗਏ। ਹਸਪਤਾਲ ਨਾ ਜਾਣ ਦਾ ਫੈਸਲਾ ਕੰਟਰੋਲਰ ਕੰਪਿਊਟਰ ਨੇ ਸਾਵੀ ਨੂੰ ਸੁਣਾਇਆ ਸੀ। ਸਾਵੀ ਨੇ ਉਸ ਤੋਂ ਸਿੱਖ ਮੱਤ ਲੈ ਕੇ ਕਿਹਾ ਸੀ।

‘‘ਡਾਕਟਰ ਸਾਹਿਬ, ਤੁਸੀਂ ਸਾਰੀ ਉਮਰ ਭੱਠ ਝੋਕਿਆ। ਹੁਣ ਰਿਟਾਇਰਮੈਂਟ ਲੈ ਲਵੋ। ਘਰ ਰਹੋ। ਖੁਸ਼ਹਾਲ ਜੀਵਨ ਜੀਵੋ। ਸੇਵਾ ਲਈ ਮੈਂ ਹਾਜ਼ਰ ਹਾਂ। ਤੁਸੀਂ ਹਸਪਤਾਲ ਵਿਚ ਹਿੱਸੇਦਾਰ ਹੋ। ਕਮਾਈ ਵਿਚੋਂ ਹਿੱਸਾ ਲਵੋ।’’ ਇਹ ਸਾਵੀ ਦੀ ਪਹੁੰਚ ਹੈ।

ਉਹ ਪੈਸਾ ਧੇਲਾ ਨਾ ਵੀ ਦੇਣ। ਮੇਰੇ ਕੋਲ ਬੈਂਕ ਬੈਲੇਂਸ ਹੈ। ਬੈਂਕ ਬੈਲੇਂਸ ਨਾਲੋਂ ਵੀ ਵੱਧ ਮੇਰੇ ਕੋਲ ਸਾਵੀ ਹੈ, ਰੋਬੋਟ ਗੁੱਡੀ। ਮੇਰੇ ਲਈ ਤਾਂ ਏਹੀ ਸੰਪੂਰਨ ਔਰਤ ਏ। ਜੇ ਅਪਡੇਟ ਕਰਵਾਉਣ ਦੀ ਲੋੜ ਪਈ ਤਾਂ ਕੰਪਨੀ ਕੋਲ ਲੈ ਜਾਵਾਂਗਾ। ਜਾਨਵੀ ਜਗੋਤਾ ਆਪ ਹੀ ਨਵੇਂ ਵਰਜਨ ਦੀ ਚਿੱਪ ਇਹਦੇ ਵਿਚ ਪਾ ਦੇਵੇਗੀ। ਜੇ ਇਹ ਕਬੂਤਰੀ ਨਾ ਹੁੰਦੀ, ਮੈਂ ਕਦੋਂ ਦਾ ਮਰ ਜਾਂਦਾ। ਸੱਚ ਜਾਣਿਓ, ਇਹਨੇ ਮੇਰੀ ਉਮਰ ਵਧਾਈ ਆ। ਫੇਰ ਮੈਂ ਮਾਨਵੀ ਪੁੱਤ ਨੂੰਹ ਤੋਂ ਕੀ ਲੈਣਾ? ਉਹਨਾਂ ਦੇ ਹਸਪਤਾਲ ਦੀ ਚੌਕੀਦਾਰੀ ਕਿਉਂ ਕਰਾਂ? ਹੈਲਥ ਕੇਅਰ ਮੈਡੀਕਲ ਗਰੁੱਪ ਦੇ ਠੱਗ ਟੋਲੇ ਤੋਂ ਕਿਉਂ ਪ੍ਰੇਸ਼ਾਨ ਹੋਵਾਂ?

ਸਾਵੀ ਮਸ਼ੀਨ ਏ ਪਰ ਬੰਦਿਆਈ ਨਾਲ ਨੱਕੋ ਨੱਕ ਭਰੀ ਹੋਈ ਹੈ। ਬਹੂ ਬੇਟੇ ਨਾਲ ਹੋਏ ਝਗੜੇ ਪਿੱਛੋਂ ਹੋਰ ਜ਼ਿੰਮੇਵਾਰ ਹੋ ਗਈ ਹੈ। ਇਹਦਾ ਕੰਪਿਊਟਰ ਕੰਟਰੋਲਰ ਹਰ ਰੋਜ਼ ਸੰਦੇਸ਼ ਭੇਜਦਾ ਹੈ। ਉਹ ਇਹਨੂੰ ਅਗਵਾਈ ਦਿੰਦਾ ਹੈ। ਹੁਣ ਅਸੀਂ ਹਸਪਤਾਲ ਜਾਣਾ ਨਹੀਂ ਹੁੰਦਾ। ਸਵੇਰੇ ਲੇਟ ਹੀ ਉੱਠਦੇ ਹਾਂ। ਇਕ ਦੂਜੇ ਦੀਆਂ ਬਾਹਾਂ ਵਿਚ ਬਾਹਾਂ ਪਾ ਕੇ ਪਏ ਰਹਿੰਦੇ ਹਾਂ। ਸਰੀਰ ਨੂੰ ਨਿੱਘ ਮਿਲਦਾ ਹੈ ਤੇ ਮਨ ਨੂੰ ਸਕੂਨ। ਇਹ ਮੇਰੀ ਮਹਿਬੂਬਾ... ਮੇਰੀ ਬੁਲਬੁਲ।

ਸਿਆਲ ਦੇ ਦਿਨ ਹਨ। ਬਾਹਰ ਠੰਢੀਆਂ ਸੀਤ ਹਵਾਵਾਂ ਚਲਦੀਆਂ ਪਈਆਂ ਪਰ ਅੰਦਰ ਨਿੱਘ ਹੀ ਨਿੱਘ ਹੈ, ਸਾਵੀ ਦਾ...। ਸਾਵੀ ਲੋੜ ਮੁਤਾਬਕ ਹੀਟ ਵੀ ਛੱਡ ਰੱਖਦੀ ਹੈ।.. ਇਹ ਕੀ ਹੋਇਆ? ਅੰਦਰ ਨੂੰ ਠੰਢੀ ਹਵਾ ਦਾ ਬੁੱਲ੍ਹਾ ਆਇਆ ਹੈ। ਫੁਰਤੀ ਨਾਲ ਬੇਟਾ, ਬਹੂ ਤੇ ਇਕ ਓਪਰਾ ਬੰਦਾ ਅੰਦਰ ਆਏ ਹਨ। ਉਹਨਾਂ ਨੂੰ ਦੇਖ ਕੇ ਮੈਂ ਤੇ ਸਾਵੀ ਉੱਠ ਕੇ ਬੈਠ ਗਏ ਹਾਂ। ਆਪਣੇ ਕੱਪੜੇ ਠੀਕ ਕਰਨ ਲੱਗ ਪਏ ਹਾਂ।

ਕੰਵਰਦੀਪ ਨੇ ਆਉਂਦਿਆਂ ਹੀ ਸਾਵੀ ’ਤੇ ਹਮਲਾ ਕਰ ਦਿੱਤਾ ਹੈ। ਸਾਵੀ ਨੇ ਝਟਪਟ ਆਪਣੇ ਸੁਰੱਖਿਆ ਸਿਸਟਮ ਨੂੰ ਆਨ ਕਰ ਲਿਆ ਹੈ। ਕੰਵਰਦੀਪ ਨੇ ਕਾਨਸ ਤੋਂ ਮਹਾਤਮਾ ਬੁੱਧ ਜੀ ਦੀ ਵੱਡੀ ਮੂਰਤ ਚੁੱਕ ਕੇ ਸਾਵੀ ਵੱਲ ਮਾਰੀ ਹੈ। ਸਾਵੀ ਪਾਸੇ ਹਟ ਗਈ ਹੈ। ਬੁੱਧ ਜੀ ਦਾ ਜਿਸਮ ਕੰਕਰ ਕੰਕਰ ਹੋ ਕੇ ਫਰਸ਼ ’ਤੇ ਖਿੱਲਰ ਗਿਆ ਹੈ। ਸਾਵੀ ਲਈ ਕੀਚਰਾਂ ਭਰੇ ਫਰਸ਼ ’ਤੇ ਤੁਰਨਾ ਆਸਾਨ ਨਹੀਂ ਹੈ।

‘‘ਤੂੰ ਬੁੱਢੇ ਬਾਰੇ ਇਹਦਾ ਦਿਮਾਗ ਖਰਾਬ ਕੀਤਾ ਹੋਇਆ। ... ਠਹਿਰ, ਮੈਂ ਪੱਟਦੀ ਆਂ ਤੇਰਾ ਝਾਟਾ।’’

ਡਾਕਟਰ ਹਸਰਤ ਬੱਸੀ ਨੇ ਸਾਵੀ ਦੇ ਵਾਲਾਂ ਨੂੰ ਹੱਥ ਪਾ ਲਿਆ ਹੈ। ਵਾਲ ਪੁੱਟ ਕੇ ਪਰ੍ਹੇ ਸੁੱਟੇ ਹਨ। ਤਾਲੂ ਤੋਂ ਡੱਬੀ ਖੁੱਲ੍ਹ ਗਈ ਹੈ। ਹੋ ਸਕਦਾ, ਸਾਵੀ ਨੇ ਵੀ ਮੇਰੇ ਵਾਂਗ ਇਹ ਅੰਦਾਜ਼ਾ ਨਹੀਂ ਲਾਇਆ ਸੀ ਕਿ ਇਹ ਲੋਕ ਇਥੋਂ ਤੱਕ ਚਲੇ ਜਾਣਗੇ। ਨਹੀਂ ਤਾਂ ਉਹਨੇ...। ਸਾਵੀ ਅਜੇ ਸੰਭਲੀ ਵੀ ਨਹੀਂ ਏ, ਹਸਰਤ ਨਾਲ ਆਏ ਉਪਰੇ ਮਰਦ ਨੇ ਇਸ ਦੇ ਸਿਰ ’ਚੋਂ ਚਿੱਪ, ਕਾਰਡ ਅਤੇ ਤਾਰਾਂ ਦਾ ਗੁੱਛਾ ਬਾਹਰ ਕੱਢਿਆ ਏ। ਉਸ ਨੇ ਇਸ ਦਾ ਸਰਕਟ ਸ਼ਾਟ ਕਰ ਦਿੱਤਾ ਹੈ।

ਸਾਵੀ ਧੜੱਮ ਕਰਕੇ ਜ਼ਮੀਨ ’ਤੇ ਡਿੱਗ ਪਈ ਹੈ। ਇਸ ਦੀ ਪਿੱਠ ਪਿਛਲੀ ਸਕਰੀਨ ਫਲੈਸ਼ ਕਰਨ ਲੱਗ ਪਈ ਹੈ... ਸਿਸਟਮ ਨਾਟ ਰਿਸਪੌਂਡਿੰਗ। ਮੈਂ ਉੱਠ ਕੇ ਆਪਣੀ ਸਾਵੀ ਨਾਲ ਲਿਪਟ ਗਿਆ ਹਾਂ।

‘‘ਤੁਹਾਡਾ ਬੇੜਾ ਬਹਿ ਜੇ, ਪਾਪੀਓ...। ਤੁਹਾਨੂੰ ਕਿਸੇ ਸੰਸਾਰ ਢੋਈ ਨਾ ਮਿਲੇ।’’

...ਮੇਰੀ ਜਾਨ ਸਕਿੰਟਾਂ ਵਿਚ ਹੀ ਲਾਸ਼ ਬਣ ਗਈ ਹੈ। ਮੈਂ ਇਸ ਨੂੰ ਚੁੰਮ ਰਿਹਾ ਹਾਂ। ਇਸ ਦੀਆਂ ਤਾਰਾਂ ਜੋੜ ਰਿਹਾ ਹਾਂ ਪਰ ਗੱਲ ਨਹੀਂ ਬਣ ਰਹੀ। ਬਹੂ, ਬੇਟਾ ਤੇ ਓਪਰਾ ਆਦਮੀ ਹੱਸ ਰਹੇ ਹਨ। ਇਹ ਖ਼ੁਸ਼ੀ ਵਿਚ ਚੀਕ ਚਿਹਾੜਾ ਪਾਉਂਦੇ ਹੋਏ ਬਾਹਰ ਵੱਲ ਨੂੰ ਤੁਰ ਪਏ ਹਨ। ‘ਮੇਰੀ ਸਾਵੀਏ, ਤੂੰ ਬੋਲਦੀ ਕਿਉਂ ਨਹੀਂ? ਕੋਈ ਤਾਂ ਹਰਕਤ ਕਰ। ਤੂੰ ਕਿਉਂ ਬਰਫ਼ ਵਾਂਗ ਠੰਢੀ ਹੋ ਗਈ ਏਂ? ਮੇਰੀ ਕੌਣ ਕੇਅਰ ਕਰੇਗਾ?`... ਮੈਂ ਵੀ ਲਾਸ਼ ਦੇ ਨਾਲ ਹੀ ਸਿੱਲ ਹੋ ਜਾਣਾ ਚਾਹੁੰਨੈ। ...ਮੈਂ ਦੁਹੱਥੜੀ ਮਾਰੀ ਆ। ਲਾਸ਼ ’ਤੇ ਹੀ ਢੇਰੀ ਹੋ ਗਿਆ ਹਾਂ।

ਅਜਮੇਰ ਸਿੱਧੂ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਪੰਜਾਬ ਦੇ ਸਮਾਜਕ ਯਥਾਰਥ ਤੋਂ ਲੈ ਕੇ ਬ੍ਰਹਿਮੰਡੀ ਵਿਗਿਆਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹਾਸ਼ੀਏ ਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਵਿਗਿਆਨਕ ਸੋਚ, ਯਥਾਰਥਵਾਦੀ ਸੋਝੀ, ਮਾਨਵੀ ਸੰਵੇਦਨਾ, ਬੌਧਿਕ ਕਲਪਨਾ ਅਤੇ ਕ੍ਰਾਂਤੀਕਾਰੀ ਚੇਤਨਾ ਇਕੋ ਵੇਲੇ ਨਾਲੋ ਨਾਲ ਮੌਜੂਦ ਰਹਿੰਦੀਆਂ ਹਨ। ਉਨ੍ਹਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿੱਚ ਹੀ ਨਵੇਂ ਪ੍ਰਯੋਗ ਕੀਤੇ ਸਗੋਂ ਅਸਲੋ ਨਵੀਂ ਸ਼ੈਲੀ ਦੀ ਵਿਗਿਆਨਕ ਗਲਪ ਵੀ ਲਿਖੀ। ਉਨ੍ਹਾਂ ਦੀ ਵਾਰਤਕ ਸ਼ੈਲੀ ਕਮਾਲ ਹੈ, ਜਿਸ ਵਿੱਚ ਤੱਥਗਗੱਤ ਜਾਣਕਾਰੀ, ਇਤਿਹਾਸਕ ਬੋਧ ਅਤੇ ਸੁੰਦਰ ਸ਼ਬਦ ਚੋਣ ਹੁੰਦੀ ਹੈ।

Nature

ਉਡਣ-ਤਸ਼ਤਰੀਆਂ ਤੇ ਅਣਪਛਾਤੀਆਂ ਹਵਾਈ ਚੀਜ਼ਾਂ (UFO)

ਮੁੱਢ-ਕਦੀਮ ਤੋਂ ਹੀ ਮਨੁੱਖ ਕਿਸੇ ਵੀ ਆਮ-ਖ਼ਾਸ ਖ਼ਬਰ ਜਾਂ ਕਹਾਣੀ ਨੂੰ ਸਨਸਨੀਖ਼ੇਜ਼ ਬਣਾ ਕੇ ਪੇਸ਼ ਕਰਦਾ ਆਇਆ ਹੈ। ਜੋ ਕਿ ਮਿਥਿਹਾਸਿਕ ਜਾਂ ਸੱਚੀਆਂ ਕਥਾਵਾਂ ਵਿਚ ਸਾਫ਼ ਨਜ਼ਰ ਆਉਂਦਾ ਹੈ - ਜਿਸ ਵਿਚ ਕਰਾਮਾਤਾਂ, ਚਮਤਕਾਰ ਤੇ ਅਦਭੁੱਤ ਪਾਤਰ ਸ਼ਾਮਿਲ ਹੁੰਦੇ ਹਨ। ਦੂਜੇ ਸ਼ਬਦਾਂ ਵਿਚ ਲੋਕ ਸੁਣੀਆਂ-ਅਣਸੁਣੀਆਂ ਗੱਲਾਂ ਨੂੰ ਮਿਰਚ-ਮਸਾਲਾ ਲਾ ਕੇ ਦੱਸਦੇ ਹਨ ਤਾਂ ਕਿ ਸ੍ਰੋਤੇ/ਪਾਠਕ ਉਹਨਾਂ ਨੂੰ ਉਤਸ਼ਾਹਿਤ ਹੋ ਕੇ ਪੜ੍ਹਨ-ਸੁਣਨ ਤੇ ਉਹਨਾਂ ਦੀ ਖ਼ਬਰ ਵੱਧ ਤੋਂ ਵੱਧ ਲੋਕਾਂ ਤੱਕ ਪੁੱਜੇ। ਉਡਣ-ਤਸ਼ਤਰੀਆਂ (Flying Saucers) ਦੀ ਕਾਢ ਵੀ ਅਜਿਹੀ ਪਤੱਰਕਾਰਤਾ ਵਿੱਚੋਂ ਨਿੱਕਲੀ ਸੀ।

24 ਜੂਨ 1947 ਦੀ ਗੱਲ ਹੈ। ਕੁੱਲ ਦੁਨੀਆ ‘ਤੇ ਅਜੇ ਵੀ ਦੂਜੇ ਵਿਸ਼ਵ-ਯੁੱਧ ਤੇ ਪ੍ਰਮਾਣੂ ਬੰਬ ਦੀ ਤਬਾਹੀ ਦਾ ਸੰਤਾਪ ਪਸਰਿਆ ਹੋਇਆ ਸੀ। ਕੈਨੇਥ ਆਰਨੋਲਡ ਨਾਮ ਦਾ ਇੱਕ ਪਾਇਲਟ ਅਮਰੀਕਾ ਦੇ ਵਾਸ਼ਿੰਗਟਨ ਰਾਜ ਵਿੱਚ ਮਾਉਂਟ ਰੇਨੀਅਰ ਨੇੜੇ ਆਪਣਾ ਛੋਟਾ ਜਿਹਾ ਜਹਾਜ਼ ਉਡਾ ਰਿਹਾ ਸੀ। ਉਸਨੇ ਉੱਤਰ-ਪੂਰਬ ਵੱਲ ਇੱਕ ਚਮਕਦਾ ਲਿਸ਼ਕਾਰਾ ਦੇਖਿਆ। “ਮੈਂ ਹੈਰਾਨ ਰਹਿ ਗਿਆ। ਮੈਨੂੰ ਲੱਗਿਆ ਕਿ ਉਹ ਚਮਕ ਪੀ-51 ਜਹਾਜ਼ ਵਾਲਾ ਕੋਈ ਫੌਜੀ ਲੈਫਟੀਨੈਂਟ ਹੋਣਾ ਅਤੇ ਮੈਂ ਉਸ ਦੇ ਜਹਾਜ਼ ਦੇ ਖੰਭਾਂ ਨਾਲ ਟਕਰਾਉਂਦੀ ਸੂਰਜੀ ਰੌਸ਼ਨੀ ਦਾ ਝਲਕਾਰਾ ਵੇਖਿਆ ਸੀ।" ਪਰ ਜਦੋ ਉਸਨੂੰ ਹੋਰ ਲਿਸ਼ਕਾਰੇ ਨਜ਼ਰ ਆਏ ਤਾਂ ਉਸਨੂੰ ਕੁਝ ਸਮਝ ਨਾ ਲੱਗੀ। ਉਸਨੇ ਦਾਅਵਾ ਕੀਤਾ ਕਿ ਉਹ ਲਿਸ਼ਕਾਰੇ ਨੌਂ ਚਮਕਦਾਰ ਵਸਤੂਆਂ ਵਿੱਚੋਂ ਨਿੱਕਲੇ ਜੋ ਲਗਭਗ ਪੰਜ ਮੀਲ ਲੰਬੇ ਖੇਤਰ ਵਿਚ ਇੱਕ ਕਤਾਰ ਵਿਚ ਉੱਡ ਰਹੇ ਸਨ। ਅਰਨੋਲਡ ਨੇ ਹਰੇਕ ਵਸਤੂ ਨੂੰ ਗੋਲਾਕਾਰ, ਲਗਭਗ 100 ਫੁੱਟ ਦੇ ਦਾਇਰੇ ਵਿਚ ਦੱਸਿਆ। ਅਰਨੋਲਡ ਦੇ ਉਤਰਨ ਤੋਂ ਬਾਅਦ, ਨਜ਼ਦੀਕੀ ਹਵਾਈ ਅੱਡੇ 'ਤੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਕੁਝ ਪੱਤਰਕਾਰਾਂ ਨਾਲ਼ ਵੀ ਗੱਲ ਕੀਤੀ। ਜਦੋਂ ਇੱਕ ਰਿਪੋਰਟਰ ਨੇ ਆਰਨੋਲਡ ਨੂੰ ਇਹ ਦੱਸਣ ਲਈ ਕਿਹਾ ਕਿ ਚੀਜ਼ਾਂ ਕਿਵੇਂ ਦਿਖਦੀਆਂ ਹਨ, ਤਾਂ ਉਸਨੇ ਕਿਹਾ, "ਉਹ ਇੱਕ ਤਸ਼ਤਰੀ ਵਾਂਗ ਉੱਡਦੇ ਸਨ।" ਇੱਕ ਬਹੁਤ ਹੀ ਤੇਜ਼ ਪੱਤਰਕਾਰ ਨੇ ਖ਼ਬਰ ਦਾ ਸਿਰਲੇਖ "ਉਡਣ,ਤਸ਼ਤਰੀਆਂ" ਦੇ ਦਿੱਤਾ, ਤੇ ਉਸਤੋਂ ਬਾਅਦ ਫਿਰ ਅਜਿਹਾ ਨਾਮ ਮਸ਼ਹੂਰ ਹੋ ਗਿਆ ਭਾਵੇਂ ਕਿ ਅਰਨੋਲਡ ਨੇ ਕਦੇ ਵੀ ਅਜਿਹਾ ਨਾਮ ਨਹੀਂ ਸੀ ਦਿੱਤਾ। ਜਲਦੀ ਹੀ ਇਹ ਖ਼ਬਰ ਪੂਰੇ ਅਮਰੀਕਾ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਉਸ ਵਰਤਾਰੇ ਦੀ ਸ਼ੁਰੂਆਤ ਸੀ ਜਿਸ ਨੂੰ ਕੁਝ ਲੋਕ “ਉਡਣ ਤਸ਼ਤਰੀਆਂ” ਜਾਂ UFO ਦਾ ਯੁੱਗ ਕਹਿੰਦੇ ਹਨ। ਰਾਤੋ-ਰਾਤ ਅਰਨੋਲਡ ਇੱਕ ਮੀਡੀਆ ਸਨਸਨੀ ਬਣ ਗਿਆ, ਪਰ ਉਸਨੇ ਇਸਨੂੰ ਬਹੁਤਾ ਗੌਲ਼ਿਆ ਨਹੀਂ, ਹਾਂ ਉਸਨੂੰ “ਉਡਣ ਤਸ਼ਤਰੀ” ਨਾਮ ਦੀ ਗ਼ਲਤਫਹਿਮੀ ਬਾਰੇ ਥੋੜ੍ਹੀ-ਬਹੁਤ ਸ਼ਰਮ ਜ਼ਰੂਰ ਮਹਿਸੂਸ ਹੋਈ। ਕੁਝ ਦਿਨਾਂ ਦੇ ਅੰਦਰ ਹੀ ਦੇਸ਼ ਦੇ ਹੋਰ ਲੋਕਾਂ ਨੇ ਵੀ ਅਸਮਾਨ ਵਿੱਚ ਅਣਪਛਾਤੀਆਂ ਚੀਜ਼ਾਂ ਦੇਖਣ ਦੀਆਂ ਰਿਪੋਰਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਫ਼ਤਿਆਂ ਦੇ ਅੰਦਰ ਅਮਰੀਕਾ ਦੀ ਏਅਰ ਫੋਰਸ ਨੇ ਉਹਨਾਂ ਰਿਪੋਰਟਾਂ ਦੀ ਘੋਖ ਕਰਨ ਦਾ ਫੈਸਲਾ ਕਰ ਲਿਆ। ਅਰਨੋਲਡ ਦੀ ਕਹਾਣੀ ਨੇ ਵੀ ਪ੍ਰੈਸ ਅੰਦਰ ਗਹਿਰੀ ਦਿਲਚਸਪੀ ਪੈਦਾ ਕੀਤੀ ਅਤੇ ਜਲਦੀ ਹੀ ਅੰਤਰਰਾਸ਼ਟਰੀ ਮੀਡੀਆ ਇਸ ਕਹਾਣੀ ਨੂੰ ਕਵਰ ਕਰਨ ਲੱਗਾ। ..ਤੇ ਫਿਰ ਦਿਨਾਂ-ਮਹੀਨਿਆਂ ਦੇ ਅੰਦਰ ਇਹ ਇੱਕ ਵਿਸ਼ਵਵਿਆਪੀ ਵਰਤਾਰਾ ਬਣ ਗਿਆ। ਪਰ ਜੋ ਕੁਝ ਵੀ ਅਰਨੋਲਡ ਨੇ ਦੇਖਿਆ ਅੱਜ ਤੱਕ ਉਸ ਬਾਰੇ ਕਦੇ ਵੀ ਕੋਈ ਵੀ ਠੋਸ ਸਪਸ਼ਟੀਕਰਣ ਸਾਹਮਣੇ ਨਾ ਆਇਆ!

~ਪੇਸ਼ਕਸ਼: ਅਮਨਦੀਪ ਸਿੰਘ

Nature

ਬ੍ਰਹਿਮੰਡ ਦੀ ਉੱਤਪਤੀ ਬਾਰੇ ਨਵੀਂ ਤਸਦੀਕ:ਸਟ੍ਰਿੰਗ ਥਿਊਰੀ

ਪ੍ਰੋ. (ਡਾ.) ਸਤਬੀਰ ਸਿੰਘ

ਕੀ ਹੈ ਸਟ੍ਰਿੰਗ ਥਿਊਰੀ: ਤੰਦਾਂ ਦੀ ਕੰਪਨ ਦਾ ਸਿਧਾਂਤ ਅਸਲ ਤੌਰ ਤੇ ਸਿਧਾਂਤਕ ਭੌਤਿਕ ਵਿਗਿਆਨ ਦਾ ਹੀ ਇੱਕ ਵਿਚਾਰ ਹੈ, ਜਿਸਦੀ ਅਸਲੀਅਤ ਅਨੁਸਾਰ ਇਹ ਪ੍ਰਮਾਣੂਆਂ, ਇਲੈਕਟ੍ਰਾਨਾਂ ਤੇ ਕੁਆਰਕ ਜਿਹੇ ਸੂਖਮ ਪਦਾਰਥਾਂ ਦੇ ਅਤੀ ਸੂਖਮ ਰੂਪ ਤੋਂ ਵੀ ਛੋਟਾ ਹੈ। ਸਟ੍ਰਿੰਗ ਤੋਂ ਭਾਵ ਕੰਪਨ ਜਾਂ ਥਿੜਕਣ ਹੈ, ਜਿਵੇਂ ਕਿ ਕਿਸੇ ਸਿਤਾਰ ਦੀਆਂ ਤੰਦਾਂ ਕੰਪਨ ਕਰਨ ਤੇ ਥਿੜਕਦੀਆਂ ਹਨ। ਮਤਲਬ ਕਿ ਅਨੰਤ ਪੱਧਰ ਤੇ ਥਿੜਕਣ ਵਾਲੀ ਸ਼ੈਅ ਵੀ ਪਦਾਰਥ ਦਾ ਰੂਪ ਹੈ, ਅਤੇ ਸਾਡੇ ਬ੍ਰਹਿਮੰਡ ਦੀ ਉਤਪਤੀ ਵਿੱਚ ਇਸਦਾ ਮਹੱਤਵਪੂਰਨ ਹਿੱਸਾ ਹੈ। ਇਸ ਥਿਊਰੀ ਮੁਤਾਬਕ ਕੁਦਰਤ ਵਿੱਚ ਅਤੀ ਸੂਖਮ ਤਾਰਾਂ ਕੰਪਨ ਕਰਦੀਆਂ ਹਨ, ਇਹ ਮਰੋੜੇ ਖਾ ਸਕਦੀਆਂ ਹਨ ਜਾਂ ਦੋਹਰੀਆਂ ਵੀ ਹੋ ਸਕਦੀਆਂ ਹਨ। ਗੱਲ ਕੀ ਇਹ ਬਹੁਤ ਸਾਰੇ ਛੋਟੇ ਮਾਪਾਂ ਵਿੱਚ ਆਪਣਾ ਪ੍ਰਭਾਵ ਪੈਦਾ ਕਰਦੀਆਂ ਹਨ, ਜਿਨ੍ਹਾਂ ਦੀ ਮਨੁੱਖ ਕਣ ਭੌਤਿਕ ਵਿਗਿਆਨ ਤੋਂ ਲੈ ਕੇ ਵੱਡੇ ਪੱਧਰ ਦੇ ਵਰਤਾਰਿਆਂ (ਬ੍ਰਹਿਮੰਡੀ ਗਰੂਤਾ ਪ੍ਰਭਾਵ) ਤੱਕ ਹਰ ਚੀਜ਼ ਦੇ ਰੂਪ ਵਿੱਚ ਗੰਭੀਰਤਾ ਨਾਲ ਵਿਆਖਿਆ ਕਰਦਾ ਹੈ। ਆਧੁਨਿਕ ਭੌਤਿਕ ਵਿਗਿਆਨ ਸਧਾਰਨ ਸਾਪੇਖਤਾ ਸਿਧਾਂਤ ਅਤੇ ਕੁਆਂਟਮ ਮਕੈਨਿਕਸ ਦੇ ਸਿਧਾਂਤ ਦੇ ਸੁਮੇਲ ਨਾਲ ਬਣਿਆ ਹੈ, ਪਰ ਸਟ੍ਰਿੰਗ ਥਿਊਰੀ “ਹਰ ਚੀਜ਼ ਦਾ ਹੀ ਸਿਧਾਂਤ” ਹੈ। ਇਹ ਸਿਧਾਂਤ ਅਸਲ ਵਿੱਚ ਸਾਪੇਖਤਾ ਅਤੇ ਕੁਆਂਟਮ ਮਕੈਨਿਕਸ ਦੇ ਸਿਧਾਂਤਾਂ ਨੂੰ ਆਪਸ ਵਿੱਚ ਜੋੜਦਾ ਹੈ। 1960 ਤੇ 1970 ਦੇ ਦਹਾਕੇ ਵਿੱਚ ਇਸ ਥਿਊਰੀ ਤੇ ਬਹੁਤ ਕੰਮ ਹੋਇਆ। ਕੈਲੀਫੋਰਨੀਆ ਤਕਨੀਕੀ ਸੰਸਥਾ ਦੇ ਵਿਗਿਆਨਕ ਜੌਹਨ ਸ਼ਵਾਰਜ਼ ਇਸ ਥਿਊਰੀ ਦੇ ਈਜਾਦ ਕਰਤਾ ਮੰਨੇ ਜਾਂਦੇ ਹਨ। ਇਸ ਥਿਊਰੀ ਸੰਬੰਧੀ ਵੱਖ-ਵੱਖ ਵਿਗਿਆਨਕ ਰਾਵਾਂ ਮੁਤਾਬਕ ਸਿਧਾਂਤਕ ਭੌਤਿਕੀ ਵਿਗਿਆਨ ਦੇ ਮੁੱਢਲੇ ਢਾਂਚਿਆਂ ਜਿਨ੍ਹਾਂ ਨਾਲ ਕੁਦਰਤ ਵਿੱਚ ਮਾਦਾ (ਪਦਾਰਥ) ਉਸਰਦਾ ਹੈ, ਉਹ ਅਸਲ ਵਿੱਚ ਕਣ (ਬਿੰਦੂਆਂ ਵਰਗੇ ਇਲੈਕਟ੍ਰਾਨ) ਨਹੀਂ ਹਨ, ਸਗੋਂ ਉਹ ਥਿੜਕਦੀਆਂ ਤੇ ਕੰਪਨ ਕਰਦੀਆਂ ਤਾਰਾਂ ਦੇ ਰੂਪ ਵਿੱਚ ਹਨ, ਜੋ ਕਿ ਕੁਆਂਟਮ ਗਰੂਤਵੀ ਸਿਧਾਂਤਾਂ ਅਨੁਸਾਰ ਕੰਮ ਕਰਦੀਆਂ ਹਨ। ਬ੍ਰਹਿਮੰਡ ਵਿੱਚ ਇੱਕ ਅਜਿਹੀ ਸੂਖਮ ਤਾਰ (ਤੰਦ) ਗਰੂਤਵੀ ਸਿਧਾਂਤ ਨੂੰ ਕੁਆਂਟਮ ਮਕੈਨਿਕਸ ਸਿਧਾਂਤ ਨਾਲ ਜੋੜ ਕੇ ਬਣਦੀ ਹੈ।

ਕੁਆਂਟਮ ਮਕੈਨਿਕਸ ਦਾ ਸਿਧਾਂਤ ਬ੍ਰਹਿਮੰਡ ਵਿੱਚ ਛੋਟੀਆਂ ਚੀਜ਼ਾਂ (ਸੂਖਮ ਮਾਦੇ) ਦੇ ਸੁਭਾਅ ਦੀ ਵਿਆਖਿਆ ਕਰਦਾ ਹੈ, ਜਦੋਂ ਕਿ ਸਾਪੇਖਤਾ ਦਾ ਸਿਧਾਂਤ ਬ੍ਰਹਿਮੰਡ ਦੀਆਂ ਵੱਡ-ਆਕਾਰੀ ਸ਼ੈਆਂ (ਤਾਰਿਆਂ, ਸੂਰਜਾਂ, ਗਲੈਕਸੀਆਂ ਅਤੇ ਕਾਲੇ ਛੇਕਾਂ) ਦੀ ਗੱਲ ਕਰਦਾ ਹੈ ਕਿ ਇਹ ਕਿਵੇਂ ਵਿਚਰਦੀਆਂ ਹਨ। ਪਿਛਲੇ 100 ਸਾਲਾਂ ਤੋਂ ਗਰੂਤਵੀ ਸਿਧਾਂਤਾਂ ਤੇ ਖੋਜ ਕਾਰਜ ਚੱਲ ਰਹੇ ਹਨ। ਹੁਣ ਕੰਪਨ ਥਿਊਰੀ ਮੁਤਾਬਕ ਹੀ ਵਿਗਿਆਨਕ ਬ੍ਰਹਿਮੰਡ ਦੀਆਂ ਅਣਸੁਲਝੀਆਂ ਗੁੱਥੀਆਂ ਸੁਲਝਾ ਰਹੇ ਹਨ।

ਸਟ੍ਰਿੰਗ ਥਿਊਰੀ ਦੀ ਖੋਜ:ਇਸ ਥਿਊਰੀ ਦੀ ਖੋਜ 1969 ਵਿੱਚ ਅਚਾਨਕ ਉਦੋਂ ਹੋਈ,ਜਦੋਂ ਇੱਕ ਇਟਾਲੀਅਨ ਖੋਜ ਕਰਤਾ ਆਪਣੀ ਪ੍ਰਯੋਗਸ਼ਾਲਾ ਵਿੱਚ ਚਾਰ ਥਿੜਕਦੀਆਂ ਤੰਦਾਂ ਦੇ ਹੱਲ ਕੱਢਣ ਲਈ ਕੰਮ ਕਰ ਰਿਹਾ ਸੀ। ਗੈਬਰੀਲੇ ਵੈਨਜ਼ੀਆਨੋ ਨਾਮਕ ਇਹ ਵਿਗਿਆਨੀ ਇਹ ਸਿੱਧ ਕਰ ਰਿਹਾ ਸੀ ਕਿ ਪਦਾਰਥ ਦੇ ਸੂਖਮ ਸਵਰੂਪ ਪ੍ਰੋਟਾਨ ਅਤੇ ਨਿਊਟ੍ਰਾਨ, ਤੰਦਾਂ ਵਾਂਗ ਥਿੜਕਦੇ ਨਹੀਂ ਹਨ। ਅਗਲੇ 20 ਸਾਲਾਂ (1990 ਤੱਕ) ਇਸ ਥਿਊਰੀ ਦੀ ਪਰਪੱਕਤਾ ਲਈ ਹਜ਼ਾਰਾਂ ਜੀ ਖੋਜ ਕਰਤਾਵਾਂ ਨੇ ਕਾਫੀ ਕੰਮ ਕੀਤਾ। ਭੌਤਿਕ ਵਿਗਿਆਨ ਦੇ ਮੁੱਢਲੇ ਸਿਧਾਂਤ ਇੱਕ ਵੱਡੀ ਖੇਡ ਹੀ ਹਨ। ਆਈਨਸਟਾਈਨ ਨੇ ਸੰਨ 1915 ਵਿੱਚ ਗਰੂਤਵੀ ਤਰੰਗਾਂ ਬਾਰੇ ਦੱਸ ਦਿੱਤਾ ਸੀ, ਪਰ ਇਹ 100 ਸਾਲਾਂ ਬਾਅਦ 2015 ਵਿੱਚ ਹੀ ਸਹੀ ਤਰੀਕੇ ਨਾਲ ਲੱਭੀਆਂ ਗਈਆਂ। ਅਜੇ ਤੱਕ ਸਟ੍ਰਿੰਗ ਥਿਊਰੀ ਬਾਰੇ ਇਹ ਪ੍ਰਯੋਗ ਨਹੀਂ ਹੋ ਸਕਿਆ ਕਿ ਇਹ ਕੁਦਰਤ ਦੀ ਮੁੱਢਲੀ ਥਿਊਰੀ ਹੈ। ਪਰ ਪਿਛਲੇ 50 ਸਾਲਾਂ ਦੌਰਾਨ ਠੋਸ ਗਣਿਤਕ ਗਣਨਾਵਾਂ ਰਾਹੀਂ ਇਸ ਸਿਧਾਂਤ ਨੂੰ ਸਿੱਧ ਕਰਨ ਲਈ ਕਾਫੀ ਕੰਪਿਊਟਰ ਮਾਡਲ ਬਣਾਏ ਜਾ ਚੁੱਕੇ ਹਨ। ਭਵਿੱਖ ਦੇ ਕਣ ਭੌਤਿਕੀ ਪ੍ਰਯੋਗ, ਗਰੂਤਾ ਤਰੰਗਾਂ ਦੇ ਖੋਜ ਕੇਂਦਰ ਅਤੇ ਤਾਰਾ ਵਿਗਿਆਨ ਦੀਆਂ ਗਣਨਾਵਾਂ ਰਲ ਕੇ ਸਟ੍ਰਿੰਗ ਥਿਊਰੀ ਦੇ ਅਸਲ ਵਿੱਚ ਹੋਣ ਬਾਰੇ ਪ੍ਰਕਾਸ਼ ਪਾ ਸਕਦੀਆਂ ਹਨ। ਇਹ ਥਿਊਰੀ ਬ੍ਰਹਿਮੰਡ ਵਿੱਚ 10 ਦੇ ਕਰੀਬ ਸਪੇਸ-ਸਮਾਂ ਮਾਪਾਂ (ਆਯਾਮਾਂ) ਨੂੰ ਦਰਸਾਉਂਦੀ ਹੈ, ਪਰ ਅਸਲ ਤੌਰ ਤੇ ਅਸੀਂ ਬ੍ਰਹਿਮੰਡ ਦੇ ਚਾਰ ਮਾਪਾਂ (ਆਯਾਮਾਂ) ਵਿੱਚ ਵਿਚਰ ਰਹੇ ਹਾਂ, ਜਿਸ ਵਿੱਚ ਤਿੰਨ ਮਾਪ ਸਪੇਸ (ਖਲਾਅ) ਦੇ ਤੇ ਇੱਕ ਮਾਪ ਸਮੇਂ ਦਾ ਹੈ। ਸਟਿੰ੍ਰਗ ਥਿਊਰੀ ਦੇ ਪ੍ਰਯੋਗਾਂ/ਗਣਿਤਕ ਗਣਨਾਵਾਂ ਮੁਤਾਬਕ 10 ਵਿੱਚੋਂ 6 ਮਾਪ ਕਿਸੇ ਛੋਟੇ (ਭੀੜੇ) ਆਕਾਰ ਵਿੱਚ ਵੀ ਹੋ ਸਕਦੇ ਹਨ, ਪਰ ਇਹ 6 ਮਾਪ ਫਰਾਂਸ-ਸਵਿਟਜ਼ਰਲੈਂਡ ਸਰਹੱਦ ਤੇ ਬਣੇ ਪ੍ਰਮਾਣੂ ਖੋਜ ਲਈ ਯੂਰਪੀਅਨ ਸੰਗਠਨ (CERN) ਦੀ ਲਾਰਜ ਹੈਡਰੋਨ ਕੋਲਾਈਡਰ (LHC) ਪ੍ਰਯੋਗਸ਼ਾਲਾ ਵਿੱਚ ਹੀ ਦੇਖੇ ਜਾ ਸਕਦੇ ਹਨ। ਇਸ ਪ੍ਰਯੋਗਸ਼ਾਲਾ ਵਿੱਚ ਬ੍ਰਹਿਮੰਡ ਦੇ ਬਣਨ ਦੇ ਕਾਰਨਾਂ ਤੇ ਖੋਜ ਕਾਰਜ ਚੱਲ ਰਹੇ ਹਨ।

ਸਟ੍ਰਿੰਗ ਥਿਊਰੀ ਦਾ ਸੰਕਲਪ: ਸਟ੍ਰਿੰਗ ਥਿਊਰੀ ਇੱਕ ਅਜਿਹਾ ਫਰੇਮਵਰਕ (ਢਾਂਚਾ) ਹੈ, ਜਿਸਨੂੰ ਕਿ ਭੌਤਿਕ ਵਿਗਿਆਨੀ ਇਹ ਵਰਣਨ ਕਰਨ ਲਈ ਵਰਤਦੇ ਹਨ ਕਿ ਕਿਵੇਂ ਬ੍ਰਹਿਮੰਡ ਵਿੱਚ ਬਲਾਂ ਨੂੰ ਆਮ ਤੌਰ ਤੇ ਇੱਕ ਵਿਸ਼ਾਲ ਪੱਧਰ ਤੇ ਸੰਕਲਪਿਤ ਕੀਤਾ ਜਾਂਦਾ ਹੈ ਜੋ ਕਿ ਇਲੈਕਟ੍ਰਾਨ ਅਤੇ ਪ੍ਰੋਟਾਨ ਵਰਗੀਆਂ ਪਦਾਰਥ ਦੀਆਂ ਛੋਟੀਆਂ ਇਕਾਈਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਲਬਰਟ ਆਈਨਸਟਾਈਨ ਦੇ ਸਧਾਰਨ ਸਾਪੇਖਤਾ ਦੇ ਸਿਧਾਂਤ ਵਿੱਚ ਗਰੂਤਾ ਇੱਕ ਅਜਿਹੀ ਸ਼ਕਤੀ ਹੈ, ਜੋ ਕਿ ਬ੍ਰਹਿਮੰਡ ਵਿੱਚ ਵਿਸ਼ਾਲ ਖਗੋਲੀ ਵਸਤੂਆਂ ਦੇ ਦੁਆਲੇ ਖਲਾਅ (ਸਪੇਸ) ਅਤੇ ਸਮੇਂ ਨੂੰ ਬੰਨਦੀ ਹੈ। ਕੁਦਰਤ ਨੂੰ ਸਮਝਣ ਲਈ ਵਿਗਿਆਨੀ ਚਾਰ ਬਲਾਂ ਦਾ ਵਰਣਨ ਕਰਦੇ ਹਨ। ਪਰ ਹੋਰ ਬਲਾਂ ਦੇ ਮੁਕਾਬਲਤਨ ਗਰੂਤਾ ਸ਼ਕਤੀ ਇੰਨੀ ਕਮਜ਼ੋਰ ਹੈ ਕਿ ਇਸਨੂੰ ਕਣ ਦੇ ਪੈਮਾਨੇ ਤੇ ਖੋਜਿਆ ਜਾਂ ਦੇਖਿਆ ਨਹੀਂ ਜਾ ਸਕਦਾ। ਇਸਦੇ ਬਜਾਏ, ਗਰੂਤਾ ਦੇ ਪ੍ਰਭਾਵ ਬ੍ਰਹਿਮੰਡੀ ਸ਼ੈਆਂ ਜਿਵੇਂ ਚੰਦਰਮਾ, ਤਾਰਿਆਂ, ਗਲੈਕਸੀਆਂ ਆਦਿ ਦੇ ਪੈਮਾਨੇ ਤੇ ਹੀ ਸਿਰਫ ਧਿਆਨਯੋਗ ਅਤੇ ਮਹੱਤਵਪੂਰਨ ਹਨ। ਇੱਕ ਸੰਭਾਵੀ ਹੱਲ, ਜੋ ਕਿ ਸਿਧਾਂਤਕਾਰਾਂ ਨੇ 1970 ਵਿੱਚ ਪ੍ਰਮਾਣੂ ਭੌਤਿਕ ਵਿਗਿਆਨੀਆਂ ਤੋਂ ਲਿਆ ਸੀ, ਉਹ ਹੈ ਸਮੱਸਿਆ ਪੈਦਾ ਕਰਨ ਵਾਲੇ ਗਰੂਤਾ ਕਣਾਂ ਵਰਗੇ ਬਿੰਦੂਆਂ ਦੇ ਵਿਚਾਰ ਤੋਂ ਛੁਟਕਾਰਾ ਪਾਉਣਾ। ਜਾਪਦਾ ਹੈ ਕਿ ਗਰੂਤਾ ਬਲ ਆਪਣੇ ਖੁਦ ਦੇ ਕਣ ਵਜੋਂ ਮੌਜੂਦ ਨਹੀਂ ਹੈ। ਸਿਧਾਂਤਕਾਰ ਅਨੁਮਾਨ ਲਗਾ ਸਕਦੇ ਹਨ ਕਿ ਗਰੂਤਾ ਕਣ ਕਿਹੋ ਜਿਹਾ ਦਿਖਾਈ ਦੇਣਾ ਚਾਹੀਦਾ ਹੈ। ਪਰ ਜਦੋਂ ਉਹ ਇਹ ਗਣਨਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਸਮਝਦੇ ਹਨ ਕਿ ਕੀ ਹੁੰਦਾ ਹੈ ਜਦੋਂ ਅਜਿਹੇ ਦੋ ਕਣ “ਗਰੈਵੀਟੋਨ” ਇਕੱਠੇ ਟਕਰਾਉਂਦੇ ਹਨ, ਤਾਂ ਖਲਾਅ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ ਆਨੰਤ ਊਰਜਾ ਸਮੋ ਜਾਂਦੀ ਹੈ। ਇੰਗਲੈਂਡ ਦੀ ਸਾਊਥ ਹੈਮਪਟਨ ਯੂਨੀਵਰਸਿਟੀ ਦੀ ਭੌਤਿਕ ਵਿਗਿਆਨੀ ਮਾਰਿਕਾ ਟੇਲਰ ਮੁਤਾਬਕ ਤੰਦਾਂ ਇਕਹਿਰੇ ਆਯਾਮ ਵਿੱਚ ਚੱਲ ਸਕਦੀਆਂ ਹਨ। ਤੰਦਾਂ ਅਤੇ ਕੇਵਲ ਤੰਦਾਂ ਹੀ ਭੌਤਿਕ ਤੌਰ ਤੇ ਅਸੰਭਵ ਆਨੰਤਤਾਵਾਂ ਵੱਲ ਸੰਕੇਤ ਕੀਤੇ ਬਿਨਾਂ ਸਾਫ ਤੌਰ ਤੇ ਟਕਰਾ ਸਕਦੀਆਂ ਹਨ ਅਤੇ ਮੁੜ ਸਕਦੀਆਂ ਹਨ। ਇਹ ਇੱਕ ਆਯਾਮੀ ਵਸਤੂ ਹੈ। ਗਰੂਤਾ ਦੇ ਨਾਲ ਨਾਲ ਸਟ੍ਰਿੰਗ ਥਿਊਰੀ ਇਲੈਕਟ੍ਰਾਨ ਦੇ ਪੁੰਜ ਵਰਗੇ ਬੁਨਿਆਦੀ ਸਥਿਰਾਂਕ ਦੀ ਵਿਆਖਿਆ ਕਰਨ ਦੀ ਸਮਰੱਥਾ ਵੀ ਰੱਖਦੀ ਹੈ। ਅੱਜ ਦੀ ਤੰਦ ਥਿਊਰੀ 1960 ਤੇ 1970 ਦੀ ਤੰਦ ਥਿਊਰੀ ਤੋਂ ਅਲੱਗ ਮੰਨੀ ਜਾ ਰਹੀ ਹੈ। ਕਈ ਸੋਧਾਂ ਤੋਂ ਬਾਅਦ ਵਿਗਿਆਨੀਆਂ ਨੇ ਇਸ ਥਿਊਰੀ ਨੂੰ “ਹਰ ਚੀਜ਼ ਦਾ ਸਿਧਾਂਤ” ਮੰਨਿਆ ਹੈ। ਫਿਰ 1973-74 ਵਿੱਚ ਇਸ ਥਿਊਰੀ ਤੇ ਕੰਮ ਬੰਦ ਹੋ ਗਿਆ ਅਤੇ ਵਿਗਿਆਨਕ ਹੈਡਰਾਨ ਨਾਮਕ ਉਪ-ਪ੍ਰਮਾਣੂ ਕਣ ਦੀ ਖੋਜ ਵੱਲ ਕੇਂਦਰਤ ਹੋਏ, ਜੋ ਕਿ ਕੁਆਰਕਜ਼ ਤੋਂ ਬਣਦਾ ਹੈ। ਇਸ ਉਪ-ਪ੍ਰਮਾਣੂ ਕਣ ਹੈਡਰਾਨ ਦੀਆਂ ਕਿਰਿਆਵਾਂ ਨੂੰ ਸਟ੍ਰਿੰਗ ਥਿਊਰੀ ਦੁਆਰਾ ਨਹੀਂ ਸਮਝਿਆ ਜਾ ਸਕਦਾ।

ਸਟ੍ਰਿੰਗ ਥਿਊਰੀ ਦੀ ਵਿਸ਼ੇਸ਼ਤਾ: ਇਹ ਸਿਧਾਂਤ ਸਾਰੇ ਮਾਦੇ ਅਤੇ ਬਲ-ਕਣਾਂ ਨੂੰ ਸਿਰਫ ਇੱਕ ਤੱਤ ਯਾਨੀ ਕਿ ਛੋਟੀਆਂ ਥਿੜਕਣ ਵਾਲੀਆਂ ਤੰਦ ਤਾਰਾਂ ਨਾਲ ਬਦਲ ਕੇ ਬ੍ਰਹਿਮੰਡ ਦੇ ਮਿਆਰੀ ਰੂਪ ਦੀ ਵਿਆਖਿਆ ਕਰਦਾ ਹੈ। ਇਹ ਛੋਟੀਆਂ ਥਿੜਕਣ ਵਾਲੀਆਂ ਤਾਰਾਂ ਗੁੰਝਲਦਾਰ ਤਰੀਕਿਆਂ ਨਾਲ ਮਰੋੜੀਆਂ ਜਾਂਦੀਆਂ ਹਨ। ਸਾਡੇ ਦ੍ਰਿਸ਼ਟੀਕੋਣ ਤੋਂ ਇਹ ਕਣਾਂ ਵਾਂਗ ਦਿਖਾਈ ਦਿੰਦੀਆਂ ਹਨ। ਖਾਸ ਤੌਰ ਤੇ ਤੰਦਾਂ ਕੁੱਝ ਖਾਸ ਕਿਸਮ ਦੀਆਂ ਤੰਦਾਂ ਨਾਲ ਟਕਰਾ ਕੇ ਪ੍ਰੋਟੋਨ ਦੀਆਂ ਵਿਸ਼ੇਸ਼ਤਾਵਾਂ ਪ੍ਰਾਪਤ ਕਰ ਸਕਦੀਆਂ ਹਨ। ਇਸੇ ਤਰਾਂ ਹੋਰ ਤੰਦਾਂ ਵੱਖਰੀ ਤੀਬਰਤਾ ਤੇ ਮੁੜ ਸਕਦੀਆਂ ਹਨ ਅਤੇ ਕੁਆਰਕ ਕਣਾਂ ਦੀ ਭੂਮਿਕਾ ਨਿਭਾ ਸਕਦੀਆਂ ਹਨ। ਅਗਲੇ 10 ਸਾਲਾਂ ਵਿੱਚ ਕੁੱਝ ਵਿਗਿਆਨੀਆਂ ਨੇ ਸਟ੍ਰਿੰਗ ਥਿਊਰੀ ਦੇ ਪੰਜ ਹੋਰ ਨਵੇਂ ਸਿਧਾਂਤਾਂ ਬਾਰੇ ਵੀ ਜ਼ਿਕਰ ਕੀਤਾ ਹੈ। ਐਡਵਰਡ ਵਾਟੇਨ ਨੇ 1995 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਇਸਦਾ ਵਰਣਨ ਕੀਤਾ। ਉਸਦੇ ਅਨੁਸਾਰ ਇਹਨਾਂ ਸਿਧਾਂਤਾਂ ਮੁਤਾਬਕ ਗਿਆਰਾਂ ਹੋਰ ਨਵੇਂ ਆਯਾਮ ਹੋ ਸਕਦੇ ਹਨ, ਜਿਸ ਵਿੱਚ ਮਾਦੇ ਦੀ ਹੋਂਦ ਹੁੰਦੀ ਹੈ। ਕਿਸੇ ਵੀ ਕਲਪਨਾ ਯੋਗ ਤਕਨਾਲੋਜੀ ਨਾਲ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਤਾਰਾਂ (ਸਟ੍ਰਿੰਗਾਂ) ਬਹੁਤ ਹੀ ਛੋਟੇ/ਸੂਖਮ ਪਦਾਰਥ ਵਾਂਗ ਹੀ ਹੁੰਦੀਆਂ ਹਨ। ਪਰ ਭੌਤਿਕ ਵਿਗਿਆਨੀਆਂ ਨੂੰ ਸ਼ੁਰੂਆਤੀ ਤੌਰ ਤੇ ਇੱਕ ਸਿਧਾਂਤਕ ਸਫਲਤਾ 1996 ਵਿੱਚ ਮਿਲੀ, ਜਦੋਂ ਭੌਤਿਕ ਵਿਗਿਆਨ ਦੇ ਇੱਕ ਜਰਨਲ ਵਿੱਚ ਇੱਕ ਖੋਜ-ਪੱਤਰ ਛਪਿਆ, ਜਿਸ ਵਿੱਚ ਬਲੈਕ ਹੋਲ (ਕਾਲੇ ਛੇਕ) ਦੀ ਐਂਟਰੌਪੀ ਦਾ ਵਰਣਨ ਕੀਤਾ ਗਿਆ ਸੀ। ਅਸਲ ਵਿੱਚ ਐਂਟਰੌਪੀ ਉਹਨਾਂ ਤਰੀਕਿਆਂ ਨੂੰ ਦਰਸਾਉਂਦੀ ਹੈ, ਜਿਸ ਨਾਲ ਇੱਕ ਪ੍ਰਣਾਲੀ ਦੇ ਹਿੱਸਿਆਂ ਨੂੰ ਵਿਵਸਥਿਤ ਕੀਤਾ ਜਾਂਦਾ ਹੈ। ਪਰ ਇੱਕ ਬਲੈਕ ਹੋਲ ਦੀ ਅਭੇਦ ਡੂੰਘਾਈ ਵਿੱਚ ਦੇਖਣ ਦੇ ਯੋਗ ਹੋਣ ਤੋਂ ਬਿਨ੍ਹਾਂ ਕੋਈ ਨਹੀਂ ਜਾਣਦਾ ਕਿ ਇਸ ਦੇ ਅੰਦਰ ਕਿਸ ਕਿਸਮ ਦੇ ਕਣ ਪਏ ਹੋਏ ਹੋ ਸਕਦੇ ਹਨ, ਜਾਂ ਉਹਨਾਂ ਦਾ ਕੀ ਪ੍ਰਬੰਧ ਹੋ ਸਕਦਾ ਹੈ। 1970 ਦੇ ਦਹਾਕੇ ਵਿੱਚ ਸਟੀਫਨ ਹਾਕਿੰਗ ਅਤੇ ਹੋਰਾਂ ਨੇ ਥਰਮੋਡਾਇਨਾਮਿਕਸ ਦੇ ਨਿਯਮਾਂ ਨੂੰ ਬਲੈਕ ਹੋਲਾਂ (ਕਾਲ਼ੇ ਖੂਹਾਂ) ਦੇ ਵਰਤਾਰੇ ਦੇਖਣ ਤੇ ਜਾਣਨ ਲਈ ਵਰਤਿਆ। ਸੰਨ 2020 ਵਿੱਚ ਭੌਤਿਕ ਵਿਗਿਆਨ ਦੇ ਪ੍ਰਸਿੱਧ ਮੈਗਜ਼ੀਨ "ਫਿਜ਼ਿਕਸ” ਵਿੱਚ ਕੁਆਂਟਮ ਮਕੈਨਿਕਸ ਦੇ ਨਿਯਮਾਂ ਰਾਹੀਂ ਬਲੈਕ ਹੋਲ ਦੇ ਅੰਦਰ ਐਂਟਰੌਪੀ ਲੱਭਣ ਲਈ ਜ਼ਿਕਰ ਕੀਤਾ ਗਿਆ। ਜੋ ਕਿ ਇਹ ਸੁਝਾਅ ਦਿੰਦਾ ਹੈ ਕਿ ਬਲੈਕ ਹੋਲ ਦੀ ਵੀ ਕਿਸੇ ਕਿਸਮ ਦੀ ਅੰਦਰੂਨੀ ਬਣਤਰ ਹੋਣੀ ਚਾਹੀਦੀ ਹੈ। ਇਸ ਸੰਬੰਧੀ ਸਿਰਫ ਸਟ੍ਰਿੰਗ ਥਿਊਰੀ ਹੀ ਇਸ ਬਾਰੇ ਦੱਸ ਸਕਦੀ ਹੈ। ਇਸ ਥਿਊਰੀ ਨੰ ਅਜੇ ਬਹੁਤ ਸਾਰੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਾਂਕਿ ਇਹ ਵਾਧੂ ਛੇ ਆਯਾਮਾਂ ਨੂੰ ਮੋੜਣ ਦੇ ਅਸੰਭਵ ਤਰੀਕੇ ਪੈਦਾ ਕਰਦੀ ਹੈ। ਤਾਰਾ ਵਿਗਿਆਨੀ ਈਥਾਨ ਸੀਗਲ ਮੁਤਾਬਕ ਵਾਧੂ ਮਾਪਾਂ/ਆਯਾਮਾਂ ਦੇ ਪ੍ਰਬੰਧਨ ਲਈ ਉਹ ਸਾਰੇ ਮਾਡਲ ਬਲ ਕਣਾਂ ਅਤੇ ਪਦਾਰਥ ਕਣਾਂ ਦੇ ਵਿਚਕਾਰ ਇੱਕ ਸਮਾਨਤਾ ਤੇ ਨਿਰਭਰ ਕਰਦੇ ਹਨ, ਜਿਨ੍ਹਾਂ ਨੂੰ ਸੁਪਰ-ਸਮਰੂਪਤਾ ਕਿਹਾ ਜਾਂਦਾ ਹੈ। ਪਰ ਜਿਵੇਂ ਕਿ ਸਟ੍ਰਿੰਗ ਥਿਊਰੀ ਲਈ ਵਾਧੂ ਮਾਪਾਂ ਦੀ ਲੋੜ ਹੁੰਦੀ ਹੈ,ਅਸੀਂ ਆਪਣੇ ਸੰਸਾਰ ਵਿੱਚ ਸੁਪਰ-ਸਮਰੂਪਤਾ ਦੀ ਪਾਲਣਾ ਨਹੀਂ ਕਰਦੇ ਹਾਂ। ਸਟ੍ਰਿੰਗ ਥਿਊਰੀ ਬਾਰੇ ਇਤਰਾਜਾਂ ਦੇ ਸਿਖਰ ਤੇ ਅਜੇ ਇਹ ਸਪਸ਼ਟ ਨਹੀਂ ਹੈ ਕਿ ਸਟ੍ਰਿੰਗ ਥਿਊਰੀ ਜਾਂ ਐਮ-ਥਿਊਰੀ ਸਾਡੀ ਫੈਲ ਰਹੇ ਬ੍ਰਹਿਮੰਡ ਅਤੇ ਡਾਰਕ ਮੈਟਰ ਦੇ ਗੱੁਝੇ ਭੇਤਾਂ ਨੂੰ ਜਾਨਣ ਵਾਲੀ ਆਧੁਨਿਕ ਸਮਝ ਦੇ ਅਨੁਕੂਲ ਹੈ ਵੀ ਜਾਂ ਨਹੀ। ਬ੍ਰਹਿਮੰਡ ਵਿੱਚ ਜ਼ਿਆਦਾ ਕਾਲਾ ਪਦਾਰਥ ਹੀ ਮੌਜੂਦ ਹੈ, ਜੋ ਕਿ ਕਾਲੀ ਊਰਜਾ ਨਾਲ ਭਰਪੂਰ ਹੈ। 2018 ਵਿੱਚ “ਕੁਆਂਟਾ” ਜਰਨਲ ਵਿੱਚ ਇਹ ਰਿਪੋਰਟ ਸਾਂਝੀ ਕੀਤੀ ਗਈ ਹੈ। ਕੁੱਝ ਭੌਤਿਕ ਵਿਗਿਆਨੀ (ਜਿਵੇਂ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਵੋਆਇਟ) ਮੁਤਾਬਕ ਸਾਨੂੰ ਅਸਲ ਵਿੱਚ ਇਹਨਾਂ ਵਿਭਿੰਨਤਾਵਾਂ ਨੂੰ ਘਾਤਕ ਖਾਮੀਆਂ ਵਜੋਂ ਦੇਖਣਾ ਚਾਹੀਦਾ ਹੈ। ਹਰ ਵਿਕਲਪ ਸਟੈਂਡਰਡ ਮਾਡਲ ਦੀਆਂ ਵਿਆਪਕ ਵਿਸ਼ੇਸ਼ਤਾਵਾਂ ਨੂੰ ਫਿੱਟ ਕਰਦਾ ਜਾਪਦਾ ਹੈ, ਜੋ ਕਿ ਕਣ ਭੌਤਿਕ ਵਿਗਿਆਨ ਨੂੰ ਨਿਯੰਤਰਿਤ ਕਰਦਾ ਹੈ। ਇਸ ਵਿੱਚ ਫਰਕ ਕਰਨ ਦੀ ਉਮੀਦ ਬਹੁਤ ਘੱਟ ਹੈ ਕਿ ਕਿਹੜਾ ਮਾਡਲ ਸਹੀ ਹੈ। ………(ਚਲਦਾ)

ਡਾ. ਸਤਬੀਰ ਸਿੰਘ ਨੇ ਨੈਨੋਇਲੈਕਟ੍ਰਾਨਿਕਸ ਵਿੱਚ ਪੀ.ਐਚ.ਡੀ. ਕੀਤੀ ਹੋਈ ਹੈ। ਉਹ ਵਿਗਿਆਨ ਅਤੇ ਤਕਨਾਲੋਜੀ ਵਿੱਚ ਹੁਣ ਤੱਕ 4 ਕਿਤਾਬਾਂ ਅਤੇ 35 ਦੇ ਕਰੀਬ ਆਰਟੀਕਲ ਲਿਖ ਚੁੱਕੇ ਹਨ, ਜੋ ਕਿ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਛਪ ਚੁੱਕੇ ਹਨ। ਉਨ੍ਹਾਂ ਦਾ ਯੂਨੀਵਰਸਿਟੀ ਵਿੱਚ ਅਧਿਆਪਨ ਦਾ 23 ਸਾਲ ਦਾ ਤਜ਼ਰਬਾ ਹੈ। ਵਿਦੇਸ਼ ਦੀਆਂ ਤਕਨੀਕੀ ਸੰਸਥਾਵਾਂ ਦੇ ਉਹ ਮੈਂਬਰ ਵੀ ਹਨ। ਪੰਜਾਬੀ ਭਾਸ਼ਾ ਦੇ ਵਿਸ਼ਵ ਪੱਧਰੀ ਵਿਕਾਸ ਲਈ ਉਹ ਹਮੇਸ਼ਾਂ ਤਤਪਰ ਰਹਿੰਦੇ ਹਨ।

Nature

ਪੁਲਾੜ ‘ਚੋਂ ਕਦੋਂ ਮੁੜੇਗੀ ਸੁਨੀਤਾ ਵਿਲੀਅਮਜ

ਹਰੀ ਕ੍ਰਿਸ਼ਨ ਮਾਇਰ

ਪੁਲਾੜ ਯਾਤਰੀ ਸੁਨੀਤਾ ਵਿਲੀਅਮਜ ਅਤੇ ਬੈਰੀ ਬੁੱਚ ਵਿਲਮੋਰ,ਪੁਲਾੜ ਵਿੱਚ ਅੱਠ ਦਿਨਾਂ ਦੇ ਇੱਕ ਮਿਸ਼ਨ ਤੇ 5 ਜੂਨ ਨੂੰ ਬੋਇੰਗ ਕੰਪਨੀ ਦੀ ਪੁਲਾੜ ਗੱਡੀ ‘ਸਟਾਰ ਲਾਈਨਰ’ ਰਾਂਹੀ ਅੰਤ੍ਰਰਾਸ਼ਟਰੀ ਸਪੇਸ ਸਟੇਸ਼ਨ ਵੱਲ ਉੱਡੇ ਸਨ। ਉਸੇ ਪੁਲਾੜ ਗੱਡੀ ਨੇ ਉਨ੍ਹਾ ਨੂੰ ਵਾਪਿਸ ਲੈਕੇ ਆਉਣਾ ਸੀ। ਹੁਣ ਚਾਰ ਮਹੀਨਿਆਂ ਤੋਂ ਵੱਧ ਸਮਾਂ ਲੰਘ ਜਾਣ ਉਪਰੰਤ, ਉਹ ਅਜੇ ਵੀ ਅੰਤ੍ਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਰੁਕੇ ਹੋਏ ਹਨ। ਅੱਠ ਦਿਨਾਂ ਦੀ ਯੋਜਨਾ ਤਹਿਤ ਕੀਤੇ ਜਾਣ ਵਾਲੀ ਪੁਲਾੜ ਯਾਤਰਾ ਦਾ ਸਮਾਂ ਹੁਣ ਅੱਠ ਮਹੀਨੇ ਐਲਾਨਿਆਂ ਗਿਆ ਹੈ। ਨਾਸਾ( NASA) ਤੋਂ ਮਿਲੀ ਜਾਣਕਾਰੀ ਮੁਤਾਬਿਕ ਸਪੇਸ ਕ੍ਰਾਫਟ ਸਟਾਰਲਾਈਨਰ ਨੂੰ ਕਿਸੇ ਤਕਨੀਕੀ ਖ਼ਰਾਬੀ ਦਾ ਸਾਮ੍ਹਣਾ ਕਰਨਾ ਪੈ ਗਿਆ ਸੀ। ਥਰਸਟਰ ਵਿਚ ਗੜਬੜੀ ਅਤੇ ਹੀਲੀਅਮ ਗੈਸ ਦੇ ਰਿਸਣ ਦੀ ਸਮੱਸਿਆ ਆ ਗਈ ਸੀ। ਇਸ ਖਰਾਬੀ ਦਾ ਸਬੰਧ ਅੱਗੇ ਪ੍ਰੋਪੈਲਰ ਨਾਲ ਜੁੜਦਾ ਸੀ। ਸਟਾਰ ਲਾਈਨਰ ਵਿੱਚ ਕੁੱਲ 28 ਥਰਸਟਰ ਹਨ। ਜਿੰਨ੍ਹਾ ਵਿੱਚੋਂ ਚਾਰ- ਪੰਜ ਥਰੱਸਟਰ ਇੰਜੀਨੀਅਰਾਂ ਵੱਲੋਂ ਆਨ ਲਾਈਨ ਠੀਕ ਵੀ ਕੀਤੇ ਗਏ ਹਨ। ਇਸੇ ਕਾਰਨ ਪੁਲਾੜੀ ਵਾਹਨ ਸਟਾਰਲਾਈਨਰ ਦਾ ਮੁੜ ਧਰਤੀ ਦੇ ਰਾਹ ਪੈਣਾ ਸੰਭਵ ਨਹੀਂ ਹੋ ਸਕਿਆ ਸੀ। ਤਾਂਹੀ ਪੁਲਾੜ ਵਾਹਨ ਨੂੰ ਧਰਤੀ ਵੱਲ ਰਵਾਨਾ ਹੋਣ ਤੋਂ ਰੋਕਿਆ ਗਿਆ ਸੀ। ਨਵੇਂ ਉਲੀਕੇ ਪ੍ਰੋਗਰਾਮ ਮੁਤਾਬਿਕ ਹੁਣ ਦੋਵੇਂ ਪੁਲਾੜ ਯਾਤ੍ਰੀਆਂ ਨੂੰ ਫਰਵਰੀ 2025 ਵਿੱਚ ਸਪੇਸ ਐਕਸਜ ਡ੍ਰੈਗਨ ਕੈਪਸੂਲ ( Space X’s Dragon Capsule)ਰਾਂਹੀ ਧਰਤੀ ‘ਤੇ ਲਿਆਂਦਾ ਜਾਵੇਗਾ। ਬਾਅਦ ਵਿੱਚ ਬੋਇੰਗ ਦਾ ਪੁਲਾੜੀ ਵਾਹਨ ਸਟਾਰਲਾਈਨਰ ਕੰਪਿਊਟਰ ਕੰਟ੍ਰੋਲ ਅਧੀਨ ਪੁਲਾੜ ਯਾਤਰੀਆਂ ਤੋਂ ਸੱਖਣਾ ਧਰਤੀ ਤੇ ਵਾਪਿਸ ਆ ਗਿਆ ਸੀ।

ਨੁਕਤਾਚੀਨੀ

ਬੋਇੰਗ ਕੰਪਨੀ ਦੀ ਪੁਲਾੜ ਗੱਡੀ ਸਟਾਰਲਾਈਨਰ ਨੂੰ ਭਾਰੀ ਨੁਕਤਾਚੀਨੀ ਦਾ ਸਾਮ੍ਹਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀ ਬੋਇੰਗ ਕੰਪਨੀ ਉੱਤੇ ਪ੍ਰਾਜੈਕਟ ਦੇ ਮਿਥੇ ਸਮੇਂ ਵਿੱਚ ਦੇਰ ਕਰਨ, ਸਪੇਸ ਸੂਟਾਂ ਦੀ ਅਨੁਕੂਲਤਾ, ਭਾਰੀ ਖ਼ਰਚੇ, ਤਕਨੀਕੀ ਅਣਗਹਿਲੀ ਦੇ ਦੋਸ਼ ਵੀ ਲੱਗਦੇ ਰਹੇ ਹਨ।

ਸਿਹਤ ਸੰਬੰਧੀ ਪ੍ਰੇਸ਼ਾਨੀਆਂ :

ਇਹ ਵੀ ਖ਼ਬਰ ਹੈ ਕਿ ਸੁਨੀਤਾ ਵਿਲੀਅਮਜ ਨੂੰ ਅੱਖਾਂ ਦੀ ਕੋਈ ਪ੍ਰੇਸ਼ਾਨੀ ਵੀ ਹੈ। ਅਜਿਹਾ ਮਾਇਕ੍ਰੋਗਰੈਵਿਟੀ ਸੰਪਰਕ ਕਰਕੇ ਪੈਦਾ ਹੋਏ ਪੁਲਾੜ ਉਡਾਣ ਸੰਬੰਧੀ। ‘ ਨਿਓਰੋ ਓਕੁਲਰ ਸਿੰਡ੍ਰੋਮ‘ ਕਰਕੇ ਹੁੰਦਾ ਹੈ, ਜਿਸ ਕਰਕੇ ਸਰੀਰ ਵਿੱਚ ਦ੍ਰਵ ਉਪਰ ਥੱਲੇ ਹੋਣ ਲੱਗਦਾ ਹੈ। ਅੱਖ ਨੂੰ ਧੁੰਦਲਾ ਦਿਖਾਈ ਦੇਣ ਲੱਗਦਾ ਹੈ। ਅੱਖ ਵਿੱਚ ਢਾਂਚਾਗਤ ਪ੍ਰੀਵਰਤਨ ਵੀ ਆਉਂਦੇ ਹਨ। ਭਾਰਹੀਣਤਾ ਦੀ ਹਾਲਤ ਵਿੱਚ ਸਰੀਰ ਵੱਖਰੇ ਤਰੀਕੇ ਵਰਤਾਓ ਕਰਦਾ ਹੈ। ਸਰੀਰਕ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਉਨ੍ਹਾ ਦੋਵਾਂ ਪੁਲਾੜ ਯਾਤਰੀਆਂ ਦੀਆਂ ਅੱਖਾਂ ਦੇ ਰੈਟੀਨਾ,ਕੋਰਨੀਆਂ, ਲੈਂਜ ਦੇ ਸਕੈਨ ਚੈੱਕ ਕੀਤੇ ਗਏ ਹਨ। ਉਨ੍ਹਾਂ ਦੇ ਅਲਟ੍ਰਾਸਾਊਡ ਯੰਤਰਾਂ ਜ਼ਰੀਏ

ਵਿਸ਼ੇਸ਼ ਸਾਫਟਵੇਅਰ ਇਸਤੇਮਾਲ ਕਰਕੇ ਬਲੈਡਰ ਅਤੇ ਕਿਡਨੀ ਦੇ ਟੈਸਟ ਵੀ ਕੀਤੇ ਗਏ ਹਨ। ਪੁਲਾੜ ਯਾਤਰੀਆਂ ਦੇ ਦਿਲੋ ਦਿਮਾਗ਼ ਮਸਲ ਮਾਸ ਘਟਣ ਅਤੇਹੱਡੀਆ ਦੀ ਘਣਤਾ ਘਟਣ ਦਾ ਡਰ ਵੀ ਹੁੰਦਾ ਹੈ। ਕਾਸਮਿਕ ਵਿਕੀਰਨਾਂ ਦਾ ਵੀ ਧਰਤੀ ਦੀ ਬਨਿਸਬਤ ਵੱਧ ਅਸਰ ਹੁੰਦਾ ਹੈ, ਸਿਹਤ ਸਬੰਧੀ ਨਵੇਂ ਵਿਗਾੜ ਉਪਜਣ ਦਾ ਵੀ ਖ਼ਦਸ਼ਾ ਬਣਿਆਂ ਰਹਿੰਦਾ ਹੈ। ਪੁਲਾੜ ਗੱਡੀ ਦੇ ਅੰਦਰ ਰੇਡੀਏਸ਼ਨਾਂ ਦਾ ਅਸਰ ਘਟਾਉਣ ਲਈ ਸ਼ੀਲਡਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ। ਇਹ ਦੱਸਣਾ ਵੀ ਦਿਲਚਸਪ ਹੋਵੇਗਾ ਕਿ ਸੁਨੀਤਾ ਵਿਲੀਅਮ ਨੇ ਆਪਣਾ ਜਨਮ ਦਿਨ 19 ਸਿਤੰਬਰ ਪੁਲਾੜ ਸਟੇਸ਼ਨ ‘ਤੇ ਹੀ ਮਨਾਇਆ ਹੈ। ਇਹ ਦੂਜੀ ਵਾਰ ਹੈ ਕਿ ਸੁਨੀਤਾ ਨੇ ਆਪਣਾ ਜਨਮ ਦਿਨ ਸਪੇਸ ਸੈਂਟਰ ਵਿੱਚ ਹੀ ਮਨਾਇਆ ਹੈ। ਹੁਣ ਉਹ 59 ਵਰ੍ਹਿਆਂ ਦੀ ਹੋ ਜਾਵੇਗੀ।

ਸਪੇਸ ਕਰਿਊ-8 ਮੁੜਿਆ ਹੈ ਧਰਤੀ ‘ਤੇ :

ਨਾਸਾ ਦਾ ਸਪੇਸ ਕਰਿਊ -8 ਕੁਝ ਦਿਨ ਹੋਏ 25 ਅਕਤੂਬਰ ਨੂੰ ਚਾਰ ਪੁਲਾੜ ਯਾਤਰੀਆਂ

ਅਲੈਗਜੈਂਡਰ ਗ੍ਰੇਬੇਨਕਿਨ ( ਰੂਸੀ ਕੌਸਮੋਨਾਟ)ਅਤੇ ਤਿੰਨ ਅਮਰੀਕਨ ਪੁਲਾੜ ਯਾਤਰੀ ਮਾਈਕਲ ਬੈਰਟ,ਮੈਥੀਓ ਡੋਮੀਨਿਕ,ਜੀਨੇਟ ਈਪਸ

ਸਮੇਤ ਪੈਨਸਾਕੋਲਾ, ਫਲੋਰੀਡਾ ਵਿਖੇ ਵਾਪਸ ਪਹੁੰਚ ਗਿਆ ਹੈ। ਇਹ ਸਪੇਸ਼ ਮਿਸ਼ਨ 232 ਦਿਨ ਪੁਲਾੜ ਵਿੱਚ ਰਹਿ ਕੇ ਧਰਤੀ ਕੇ ਮੁੜਿਆ ਹੈ।

ਸੁਨੀਤਾ ਤੇ ਬੁੱਚ ਨਹੀਂ ਆਏ?

ਹਰੇਕ ਪਾਠਕ ਦੇ ਮਨ ਵਿਚ ਇਹ ਸਵਾਲ ਜ਼ਰੂਰ ਉੱਭਰੇਗਾ ਕਿ ਉਸੇ ਪੁਲਾੜ ਸਟੇਸ਼ਨ ਤੋਂ ਆਈ ਪੁਲਾੜ ਗੱਡੀ ਕਰਿਊ -8 ਸੁਨੀਤਾ ਵਿਲੀਅਜ ਤੇ ਵਿਲਮੋਰ ਬੁੱਤ ਨੂੰ ਨਾਲ ਕਿਉਂ ਨਹੀਂ ਲੈ ਕੇ ਆਈ?

ਪਹਿਲੀ ਗੱਲ ਉਨ੍ਹਾਂ ਦਾ ਇਸ ਪੁਲਾੜ ਗੱਡੀ ਵਿਚ ਆਉਣਾ ਤਹਿ ਨਹੀਂ ਸੀ ਕੀਤਾ ਗਿਆ। ਇਹ ਕੋਈ ਧਰਤੀ ਵਾਂਗ ਟੈਂਪੂ ਬੱਸ ਤਾਂ ਹੈ ਨਹੀਂ ਸੀ, ਜਿਸ ਵਿੱਚ ਉਹ ਆਪਣੀ ਮਰਜ਼ੀ ਨਾਲ ਚੜ੍ਹ ਆ ਜਾਂਦੇ। ਨਾਸਾ ਨੇ ਉਨ੍ਹਾ ਨੂੰ ਕਰਨ ਲਈ ਪ੍ਰਾਜੈਕਟ ਸੌੰਪਿਆ ਹੋਇਆ ਹੈ। ਉਹ ਉਸ ਨੂੰ ਪੂਰਾ ਕਰ ਰਹੇ ਹਨ। ਪੁਲਾੜ ਸਟੇਸ਼ਨ ਤੇ ਉਨ੍ਹਾਂ ਨਾਲ ਚਾਰ ਅਮਰੀਕੀ, ਤਿੰਨ ਰੂਸੀ ਅਤੇ ਤਿੰਨ ਚੀਨੀ ਟੈਕੋਨੌਟ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ। ਉੱਥੇ ਉਨ੍ਹਾਂ ਲਈ ਜੀਵਨ ਦੀ ਹਰ ਸੁਵਿਧਾ ਦੇ ਸਰੋਤ ਉਪਲਬਧ ਹਨ। ਉਹ ਪੁਲਾੜ ਵਿੱਚ ਰਹਿਣ ਲਈ ਪੂਰੀ ਤਰ੍ਹਾਂ ਸਿੱਖਿਅਤ ਹਨ। ਸੁਨੀਤਾ ਵਿਲੀਅਮਜ ਸਪੇਸ ਸ਼ੂਟ ਦੇ ਸੰਦਰਭ ਵਿੱਚ ਅਤੇ ਬਿਲਮੋਰ ਬੁੱਚ ਪ੍ਰਯੋਗਸ਼ਾਲਾ ਵਿੱਚ ਵਰਤੋਂ ਲਈ ਹਾਈ ਰੈਜ਼ੂਲੇ਼ਸ਼ਨ ਕੈਮਰੇ ਤੇ ਕੰਮ ਕਰ ਰਿਹਾ ਹੈ।

ਦੋਵੇਂ ਪੁਲਾੜ ਯਾਤਰੀ ਪੁਲਾੜ ਸਟੇਸ਼ਨ ‘ਤੇ ਬਿਲਕੁਲ ਸੁਰੱਖਿਅਤ ਹਨ। ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਪੁਲਾੜ ਵਿੱਚ ਐਕਸਜ਼ ਡ੍ਰੈਗਨ ਕੈਪਸੂਲ ਰਾਂਹੀ ਅਗਲੀ ਨਾਸਾ ਕਰਿਊ -9 ਮੁਹਿੰਮ ਦਾ ਕੰਮ ਜਾਰੀ ਰੱਖ ਰਹੇ ਹਨ।

ਸੁਨੀਤਾ ਵਿਲੀਅਮ ਅਤੇ ਬੇਰੀ ਵਿਲਮੋਰ ਸੇਵਾਮੁਕਤ ਨੇਵੀ ਕਪਤਾਨ ਹਨ, ਉਨ੍ਹਾਂ ਚਿਰ ਪਹਿਲਾਂ ਸਪੇਸ ਸਟੇਸ਼ਨ ਤੇ ਮਹੀਨਿਆਂ ਬੱਧੀ ਸਮਾਂ ਬਿਤਾਇਆ ਹੈ।

ਪਿਛਲਾ ਰਿਕਾਰਡ:

ਸੁਨੀਤਾ ਵਿਲੀਅਮ ਨੇ ਕੁੱਲ ਮਿਲਾ ਕੇ 462 ਦਿਨ 20 ਘੰਟੇ 36 ਮਿੰਟ ਦਾ ਸਮਾਂ ਪੁਲਾੜ ਵਿੱਚ ਰਹਿਣ ਦਾ ਹੈ। ਸੱਤ ਵਾਰ ਉਸ ਨੇ,ਤਕਰੀਬਨ 50 ਘੰਟੇ 40 ਮਿੰਟ ਦੇ ਸਮੇਂ ਲਈ,ਪੁਲਾੜੀ ਸਫ਼ਰ ਦੌਰਾਨ ਪੁਲਾੜੀ ਵਾਹਨ ਤੋਂ ਬਾਹਰ ਖੋਜ ਗਤੀਵਿਧੀਆਂ ਵਿੱਚ ਵੀ ਸ਼ਮੂਲੀਅਤ ਕੀਤੀ ਹੈ। ਉਹ ਅੱਜ ਵੀ ਪੁਲਾੜ ਵਿੱਚ ਠਹਿਰੀ ਹੋਈ ਹੈ। ਪੁਲਾੜ ਵਿੱਚ ਠਹਿਰਨ ਦਾ ਸਮਾਂ ਵੱਧ ਰਿਹਾ ਹੈ। ਭਾਰਤ ਸਰਕਾਰ ਨੇ ਸੰਨ 2008 ‘ਚ ਸੁਨੀਤਾ ਵਿਲੀਅਮ ਨੂੰ ਪਦਮ ਭੂਸ਼ਨ ਸਨਮਾਨ ਨਾਲ ਵੀ ਨਿਵਾਜ਼ਿਆ ਸੀ। ਵਿਲਮੋਰ ਬੁੱਚ ਦਾ ਪੁਲਾੜ ਵਿਚ ਬਿਤਾਏ ਸਮੇਂ ਦਾ ਰਿਕਾਰਡ 320 ਦਿਨ 4ਘੰਟੇ 37ਮਿੰਟ ਦਾ ਹੈ। ਉਹ ਸੁਨੀਤਾ ਵਿਲੀਅਮ ਨਾਲ ਇਸ ਸਮੇਂ ਪੁਲਾੜ ਵਿੱਚ ਠਹਿਰਿਆ ਹੋਇਆ ਹੈ। ਇਹ ਸਮਾਂ ਵੱਧ ਰਿਹਾ ਹੈ। ਜਦੋਂ ਤੁਸੀਂ ਇਸ ਨਿਬੰਧ ਨੂੰ ਪੜ੍ਹੋਗੇ, ਇਹ ਸਮਾਂ ਉਪਰੋਕਤ ਨਾਲੋਂ ਵੱਧ ਹੀ ਹੋਵੇਗਾ।

ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਪੁਲਾੜ ਵਿੱਚ ਸਭ ਪ੍ਰਸਥਿਤੀਆਂ ਦੋਹਾਂ ਪੁਲਾੜੀ ਯਾਤਰੀਆਂ ਦੇ ਹੱਕ ਵਿੱਚ ਰਹਿਣ ਅਤੇ ਜਲਦੀ ਹੀ ਉਨ੍ਹਾਂ ਨੂੰ ਧਰਤੀ ਤੇ ਲਿਆਉਣ ਦਾ ਕੋਈ ਸਬੱਬ ਬਣੇ।

ਈ ਮੇਲ: mayer_hk@yahoo.com

ਹਰੀ ਕ੍ਰਿਸ਼ਨ ਮਾਇਰ ਨੇ ਵਿਗਿਆਨ ਦੇ ਵਿਸ਼ੇ ਫਿਜ਼ਿਕਸ ਦਾ ਤਿੰਨ ਦਹਾਕੇ ਅਧਿਆਪਨ ਕੀਤਾ। ਪੰਜਾਬ ਸਿੱਖਿਆ ਵਿਭਾਗ ਵਿਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ। ਵਿਗਿਆਨ ਦੇ ਵਿਸ਼ਿਆਂ ਤੇ ਨਿਬੰਧ ਅਕਸਰ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਬਾਲ ਸਾਹਿਤ ਵਿੱਚ ਕਹਾਣੀ, ਕਵਿਤਾ, ਜੀਵਨੀਆਂ, ਬੁਝਾਰਤਾਂ ਦੀਆਂ ਤਕਰੀਬਨ ਪੰਦਰਾਂ ਪੁਸਤਕਾਂ ਛਪੀਆਂ ਹਨ। ਕੁਝ ਛਪਾਈ ਅਧੀਨ ਹਨ। ਉਹਨਾਂ ਦੀਆਂ ਪੁਸਤਕਾਂ ‘ਮਹਾਨ ਖੋਜਕਾਰ’, ‘ਭਾਰਤੀ ਖੋਜਕਾਰ’, ‘ਅਸੀਂ ਜੀਵ ਜੰਤੂ’ ਭਾਗ 1 ਅਤੇ 2 ਪੁਸਤਕਾਂ ਕਾਫ਼ੀ ਚਰਚਿਤ ਰਹੀਆਂ ਹਨ।

Nature

ਤਾਰੇ ਅਰਬਾਂ ਸਾਲ ਭਰ ਜਵਾਨੀ ਦੀ ਅਵਸਥਾ ਵਿਚ ਰਹਿੰਦੇ ਹਨ

ਸੁਖਮੰਦਰ ਸਿੰਘ ਤੂਰ

ਚਿੱਤਰ ਨਾਸਾ ਤੋਂ ਧੰਨਵਾਦ ਸਹਿਤ। (Photo Courtesy: NASA)

ਤਾਰੇ ਅਥਾਹ ਗਰਮ ਗੈਸਾਂ ਦੇ ਵੱਡੇ-ਵੱਡੇ ਬੱਦਲ ਹਨ, ਜਿਸ ਵਿਚ 80%ਹਾਈਡਰੋਜਨ ਅਤੇ 20% ਹੋਰ ਗੈਸਾਂ ਹੁੰਦੀਆਂ ਹਨ, ਜਦੋਂ ਗੈਸਾਂ ਦੇ ਇਹ ਬਦਲ ਸੁੰਗੜਦੇ ਹਨ ਤਾਂ ਇਨ੍ਹਾਂ ਦਾ ਤਾਪਮਾਨ ਵੱਧਣ ਲੱਗਦਾ ਹੈ। ਜਦੋਂ ਤਾਪਮਾਨ 0.5 ਅਰਥਾਤ 50 ਲੱਖ ਕੇਲਵਿਨ ਹੋ ਜਾਂਦਾ ਹੈ ਤਾਂ ਨਿਊਕਲੀਅਰ ਸੰਯੋਜਨ (ਫਿਊਜ਼ਨ) ਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਹਾਈਡਰੋਜਨ, ਹੀਲੀਅਮ ਵਿਚ ਤਬਦੀਲ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਜਦੋਂ ਬਾਹਰਮੁਖੀ ਗੈਸ ਦਬਾਅ, ਅੰਦਰਮੁਖੀ ਗਰੂਤਾ ਆਕਰਸ਼ਨ ਦੇ ਬਰਾਬਰ ਹੋ ਜਾਂਦਾ ਹੈ ਤਾਂ ਤਾਰਾ ਸਥਿਰ ਅਵਸਥਾ ਵਿਚ ਆ ਜਾਂਦਾ ਹੈ। ਫਿਰ ਉਹ ਨਾ ਸੁੰਗੜਦਾ ਹੈ ਅਤੇ ਨਾ ਹੀ ਫੈਲਦਾ ਹੈ ਅਤੇ ਇਸ ਤਰ੍ਹਾਂ ਇਹ ਕਈ ਅਰਬ ਸਾਲ ਰਹਿੰਦਾ ਹੈ। ਅਸਲ ਵਿਚ ਤਾਰੇ ਦੀ ਸਥਿਰ ਅਵਸਥਾ ਦੀ ਉਮਰ ਵੀ ਇਸ 'ਤੇ ਨਿਰਭਰ ਕਰਦੀ ਹੈ, ਜਿੰਨਾ ਤਾਰੇ ਦਾ ਪੁੰਜ ਅਧਿਕ ਹੋਵੇਗਾ ਉਹ ਉਨਾ ਛੇਤੀ ਹੀ ਹਾਈਡਰੋਜਨ ਨੂੰ ਹੀਲੀਅਮ ਵਿਚ ਬਦਲੇਗਾ ਅਰਥਾਤ ਨਿਊਕਲੀਅਰ ਸੰਯੋਜਨ ਦੀ ਦਰ ਤੇਜ਼ ਹੋਵੇਗੀ। ਜਦੋਂ ਤੱਕ ਇਹ ਦੋਵੇਂ ਪ੍ਰਕਿਰਿਆਵਾਂ ਵਿਚ ਸੰਤੁਲਨ ਬਣਿਆ ਰਹਿੰਦਾ ਹੈ, ਭਾਵ ਦੋਵੇਂ ਬਰਾਬਰ ਰਹਿੰਦੀਆਂ ਹਨ ਉਦੋਂ ਤੱਕ ਤਾਰਾ ਜਵਾਨੀ ਦੀ ਅਵਸਥਾ ਵਿਚ ਰਹਿੰਦਾ ਹੈ। ਇਹ ਸਮਾਂ ਵੀ ਅਰਬਾਂ ਸਾਲ ਤੱਕ ਦਾ ਹੁੰਦਾ ਹੈ।

ਸਾਡਾ ਸੂਰਜ ਵੀ ਇਕ ਤਾਰਾ ਹੈ। ਇਹ ਹੁਣ ਆਪਣੀ ਪੂਰਨ ਜਵਾਨੀ ਦੀ ਅਵਸਥਾ ਵਿੱਚੋਂ ਗੁਜ਼ਰ ਰਿਹਾ ਹੈ। ਕਹਿਣ ਦਾ ਭਾਵ ਹੈ ਕਿ ਇਸ ਨੇ ਆਪਣੀ ਅੱਧੀ ਹਾਈਡਰੋਜਨ ਖਤਮ ਕਰ ਲਈ ਹੈ ਅਤੇ ਇਸ ਕੋਲ ਹੁਣ ਅੱਧੀ ਹਾਈਡਰੋਜਨ ਅਤੇ ਅੱਧੀ ਹੀਲੀਅਮ ਗੈਸ ਹੀ ਬਚੀ ਹੈ।

ਵਧੇਰੇ ਪੁੰਜ ਵਾਲੇ ਤਾਰੇ ਵੱਧ ਚਮਕੀਲੇ ਹੁੰਦੇ ਹਨ ਅਤੇ ਛੇਤੀ ਹੀ ਹਾਈਡਰੋਜਨ ਨੂੰ ਹੀਲੀਅਮ ਵਿਚ ਬਦਲ ਕੇ ਅਗਲੇ ਪੜਾਅ ਵਿਚ ਦਾਖਲ ਹੋ ਜਾਂਦੇ ਹਨ। ਜੇਕਰ ਤਾਰੇ ਦਾ ਪੁੰਜ ਸੂਰਜ ਪੁੰਜ ਤੋਂ ਲੈ ਕੇ ਇਕ ਪੂਰੇ ਸੂਰਜ ਦੇ ਬਰਾਬਰ ਹੋਵੇ ਤਾਂ ਇਸ ਵਿਚ ਹੀਲੀਅਮ ਦੀ ਨਿਊਕਲੀਅਰ ਸੰਯੋਜਨ ਵੀ ਹੋਵੇਗੀ, ਜਿਸ ਤੋਂ ਕਾਰਬਨ ਬਣ ਜਾਵੇਗੀ। ਇਸ ਤਰ੍ਹਾਂ ਦੇ ਤਾਰੇ ਨੂੰ ਦੂਸਰੀ ਕਿਸਮ ਦਾ ਚਿੱਟਾ ਬੌਣਾ (White Dwarf) ਤਾਰਾ ਆਖਿਆ ਜਾਂਦਾ ਹੈ ਇਹ ਵੀ ਇਕ ਸ਼ਾਂਤ ਮੌਤ ਮਰ ਜਾਵੇਗਾ, ਪਰ ਇਸ ਦਾ ਬਾਹਰੀ ਖੋਲ ਬ੍ਰਹਿਮੰਡ ਵਿਚ ਫੈਲਦਾ ਜਾਵੇਗਾ ਅਤੇ ਹੋਰ ਤਾਰਿਆਂ ਦੀ ਜਨਮ ਭੂਮੀ ਬਣੇਗਾ। ਇਸ ਤੋਂ ਪਹਿਲਾਂ ਇਸ ਦੀ ਘਣਤਾ ਇੰਨੀ ਜ਼ਿਆਦਾ ਹੋ ਜਾਵੇਗੀ ਕਿ ਰੌਸ਼ਨੀ ਵੀ ਇਸ ਤੋਂ ਬਾਹਰ ਨਹੀਂ ਜਾ ਸਕੇਗੀ ਅਤੇ ਇਹ ਨਜ਼ਰ ਨਹੀਂ ਆਵੇਗਾ, ਬਹੁਤ ਹੀ ਖਤਰਨਾਕ ਗਰੂਤਾ ਵਾਲੇ ਇਸ ਪੁੰਜ ਨੂੰ ਕਾਲਾ ਖੂਹ ਭਾਵ "ਬਲੈਕ ਹੋਲ" ਆਖਿਆ ਜਾਂਦਾ ਹੈ। ਇਸ ਦੀ ਗਰੂਤਾ ਖਿੱਚ ਇੰਨੀ ਜ਼ਿਆਦਾ ਹੋ ਜਾਵੇਗੀ ਕਿ ਇਹ ਕਿਸੇ ਹੋਰ ਵੱਡੇ ਤਾਰੇ ਨੂੰ ਵੀ ਨਿਗਲ ਸਕਦਾ ਹੈ।

ਸਾਡਾ ਸੂਰਜ ਵੀ ਇਸੇ ਹਾਲਤ ਵਿਚ ਖਤਮ ਹੋ ਜਾਵੇਗਾ ਅਤੇ ਖਤਮ ਹੋਣ ਤੋਂ ਪਹਿਲਾਂ ਇਹ ਧਰਤੀ ਸਮੇਤ ਆਪਣੇ ਮੰਡਲ ਦੇ ਸਾਰੇ ਗ੍ਰਹਿਆਂ ਨੂੰ ਆਪਣੇ ਵੱਲ ਖਿੱਚ ਲਵੇਗਾ ਭਾਵ ਨਿਗਲ ਲਵੇਗਾ, ਪਰ ਸਾਨੂੰ ਅਜੇ ਡਰਨ ਦੀ ਲੋੜ ਨਹੀਂ, ਕਿਉਂਕਿ ਇਸ ਮਹਾਂ - ਵਿਨਾਸ਼ ਨੂੰ ਲੱਗਭਗ 4 ਅਰਬ 60 ਕਰੋੜ ਸਾਲ ਦਾ ਸਮਾਂ ਲੱਗੇਗਾ । ਇਸ ਮਹਾਂ-ਵਿਨਾਸ਼ ਤੋਂ ਕਿਤੇ ਪਹਿਲਾਂ ਸਾਡੀ ਧਰਤੀ 'ਤੇ ਭਾਰੀ ਜਲਵਾਯੂ ਤਬਦੀਲੀਆਂ ਆਉਣਗੀਆਂ। ਇਨ੍ਹਾਂ ਤਬਦੀਲੀਆਂ ਵਿਚ ਮਨੁੱਖ ਦਾ ਕਿਸੇ ਵੀ ਤਰ੍ਹਾਂ ਜਿਉਂਦੇ ਰਹਿਣਾ ਸੰਭਵ ਨਹੀਂ ਹੋਵੇਗਾ!

ਸੁਖਮੰਦਰ ਸਿੰਘ ਤੂਰ ਜ਼ਿਆਦਾਤਰ ਵਿਗਿਆਨ, ਵਾਤਾਵਰਣ, ਜੀਵ ਵਿਕਾਸ, ਬਾਲ ਵਿਕਾਸ ਅਤੇ ਸਮਾਜਿਕ ਸਰੋਕਾਰ ਬਾਰੇ ਲਿਖਦਾ ਹੈ। ਉਸਦੇ ਪੰਜਾਬੀ ਦੇ ਪ੍ਰਮੁੱਖ ਪੱਤਰਾਂ ਵਿਚ ਸੈਂਕੜੇ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।

Nature

ਚਾਕ ਰਿਵਰ ਪ੍ਰਮਾਣੂ ਹਾਦਸੇ`

ਪ੍ਰਿੰ. ਸਤਵੰਤ ਕੌਰ ਕਲੋਟੀ (ਕਨੇਡਾ)

ਊਰਜਾ ਦੀ ਲੋੜ ਨਾਲ ਨਜਿੱਠਣ ਲਈ ਮਨੁੱਖ ਦਾ ਝੁਕਾਅ ਪ੍ਰਮਾਣੂ ਊਰਜਾ ਵੱਲ ਹੋਇਆ ਹੈ। ਥੋੜ੍ਹੀ ਜਿਹੀ ਮਾਤਰਾ ਵਿੱਚ ਰੇਡੀਓਐਕਟਿਵ ਪਦਾਰਥ ਬਹੁਤ ਵੱਡੀ ਮਾਤਰਾ ਵਿੱਚ ਊਰਜਾ ਪੈਦਾ ਕਰ ਸਕਦੇ ਹਨ ਪ੍ਰੰਤੂ ਛੋਟੀ ਜਿਹੀ ਅਣਗਹਿਲੀ ਕਿਸੇ ਗੰਭੀਰ ਹਾਦਸੇ ਨੂੰ ਜਨਮ ਦੇ ਸਕਦੀ ਹੈ ਕਿਉਂਕਿ ਰੇਡੀਓਐਕਟਿਵ ਪਦਾਰਥ ਆਪਣੇ ਵਿੱਚੋਂ ਵਿਕਿਰਣ ਛੱਡਦੇ ਹਨ ਜੋ ਸਿਹਤ ਦੇ ਪੱਖ ਤੋਂ ਅਤਿਅੰਤ ਘਾਤਕ ਤੇ ਵਿਨਾਸ਼ਕਾਰੀ ਹੁੰਦੇ ਹਨ। ਜੇਕਰ ਕਿਸੇ ਕਾਰਣ ਵਿਕਿਰਣਾਂ ਦਾ ਰਿਸਾਵ ਹੋ ਜਾਵੇ ਤਾਂ ਨੁਕਸਾਨ ਕਈ ਪੀੜੀਆਂ ਤੱਕ ਭੁਗਤਣਾ ਪੈ ਸਕਦਾ ਹੈ।

1950ਵਿਆਂ ਦੌਰਾਨ ਕਨੇਡਾ ਦੇ ਸੂਬੇ ਉਂਟਾਰੀਓ ਦਾ ਪਿੰਡ ‘ਚਾਕ ਰਿਵਰ’ ਦੋ ਵਾਰ ਗੰਭੀਰ ਪ੍ਰਮਾਣੂ ਹਾਦਸਿਆਂ ਦਾ ਸਥਾਨ ਬਣਿਆ। ਇੱਕ ਹਾਦਸਾ ਸੰਨ 1952 ਤੇ ਦੂਸਰਾ 1958 ਵਿੱਚ ਵਾਪਰਿਆ। ਦੂਜੇ ਵਿਸ਼ਵ ਯੁੱਧ ਦੌਰਾਨ ਨੈਸ਼ਨਲ ਰੀਸਰਚ ਕੌਂਸਲ (NRC) ਕਨੇਡਾ ਨੇ ਇੰਗਲੈਂਡ ਅਤੇ ਅਮਰੀਕਾ ਦੇ ਗੱਠਜੋੜ ਨਾਲ ਓਟਵਾ ਤੋਂ ਉੱਤਰ-ਪੱਛਮ ਦਿਸ਼ਾ ਵਿੱਚ ਕਰੀਬ 180 ਕਿਲੋਮੀਟਰ ਦੂਰੀ ਤੇ ਵਸੇ ‘ਚਾਕ ਰਿਵਰ’ ਨਾਂ ਦੇ ਪਿੰਡ ਵਿੱਚ ਇੱਕ ਵੱਡੀ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਹੋਈ ਸੀ ਜਿੱਥੇ ਸੈਂਕੜੇ ਖੋਜਕਰਤਾ ਪ੍ਰਮਾਣੂ ਖੋਜਾਂ ਕਰਦੇ ਸਨ।

ਸੰਨ 1952 ਦਾ ਚਾਕ ਰਿਵਰ ਪ੍ਰਮਾਣੂ ਹਾਦਸਾ ਕਿਵੇਂ ਵਾਪਰਿਆ, ਆਓ ਜਾਣੀਏ। ਨੈਸ਼ਨਲ ਰੀਸਰਚ ਕੌਂਸਲ ਵੱਲੋਂ ਚਾਕ ਰਿਵਰ ਪ੍ਰਯੋਗਸ਼ਾਲਾ ਵਿੱਚ ਬਿਜਲੀ ਉਤਪਾਦਨ ਦੇ ਉਦੇਸ਼ ਨਾਲ ਨੈਸ਼ਨਲ ਰੀਸਰਚ ਐਕਸਪੈਰੀਮੈਂਟਲ (NRX) ਨਾਂ ਦਾ ਇੱਕ ਰਿਐਕਟਰ ਵੀ ਲਗਾਇਆ ਗਿਆ ਸੀ ਜਿਸ ਨੇ ਸੰਨ 1947 ਵਿੱਚ ਕੰਮ ਕਰਨਾ ਸ਼ੁਰੂ ਕੀਤਾ। 20 ਮੈਗਾਵਾਟ ਦੀ ਸਮਰੱਥਾ ਵਾਲਾ ਇਹ ਰਿਐਕਟਰ ਉਸ ਸਮੇਂ ਦਾ ਦੁਨੀਆ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਰਿਐਕਟਰ ਸੀ। ਬਾਅਦ ਵਿੱਚ ਇਸ ਦੀ ਸਮਰੱਥਾ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਗਿਆ ਸੀ। ਨਿਊਕਲੀ ਰਿਐਕਟਰ ਦਾ ਅਧਾਰ ਨਿਊਕਲੀ ਵਿਖੰਡਨ ਪ੍ਰਤੀਕਿਰਿਆ ਹੁੰਦਾ ਹੈ। NRX ਰਿਐਕਟਰ ਵਿੱਚ ਬਾਲਣ ਵਜੋਂ ਯੂਰੇਨੀਅਮ ਇਸਤੇਮਾਲ ਕੀਤਾ ਗਿਆ ਸੀ। NRX ਰਿਐਕਟਰ ਦਾ ਕੰਟੇਨਰ ਐਲੂਮੀਨੀਅਮ ਦਾ ਇੱਕ ਸਿਲੰਡਰ ਸੀ ਜਿਸ ਨੂੰ ਕੈਲੰਡਰੀਆ ਕਿਹਾ ਜਾਂਦਾ ਸੀ। ਖੜ੍ਹੇ-ਦਾਅ ਧੁਰੇ ਵਾਲੇ ਇਸ ਸਿਲੰਡਰ ਦਾ ਵਿਆਸ ਲਗਭਗ 8 ਮੀਟਰ ਤੇ ਉਚਾਈ 3 ਮੀਟਰ ਸੀ। ਇਸ ਵਿੱਚ ਛੇ-ਭੁਜੀ ਖਾਨਿਆਂ ਵਾਲੀ ਇੱਕ ਜਾਲੀ ਫਿੱਟ ਕੀਤੀ ਗਈ ਸੀ ਜਿਸ ਵਿੱਚ 175 ਟਿਊਬਾਂ ਖੜ੍ਹੇ-ਦਾਅ ਰੱਖੀਆਂ ਗਈਆਂ ਸਨ। ਇਹਨਾਂ ਵਿੱਚੋਂ 163 ਟਿਊਬਾਂ ਵਿੱਚ ਬਾਲਣ ਭਾਵ ਯੂਰੇਨੀਅਮ ਭਰਿਆ ਗਿਆ ਸੀ ਅਤੇ ਬਾਕੀ 12 ਟਿਊਬਾਂ ਕੰਟਰੋਲ ਰਾਡਾਂ ਸਨ ਜਿਹਨਾਂ ਵਿੱਚ ਬੋਰੋਨ ਕਾਰਬਾਈਡ ਪਾਊਡਰ ਭਰਿਆ ਗਿਆ ਸੀ। ਰਿਐਕਟਰ ਵਿੱਚ ਕੰਟਰੋਲ ਰਾਡਾਂ ਦਾ ਕੰਮ ਨਿਊਟ੍ਰਾਨਾਂ ਨੂੰ ਸੋਖ ਕੇ ਯੂਰੇਨੀਅਮ ਦੀ ਨਿਊਕਲੀ ਵਿਖੰਡਨ ਪ੍ਰਤੀਕਿਰਿਆ ਨੂੰ ਕਾਬੂ ਵਿੱਚ ਰੱਖਣਾ ਹੁੰਦਾ ਹੈ। ਜੇਕਰ ਇਹਨਾਂ ਰਾਡਾਂ ਨੂੰ ਪੂਰੀ ਤਰ੍ਹਾਂ ਰਿਐਕਟਰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਵਿਖੰਡਨ ਪ੍ਰਤੀਕਿਰਿਆ ਤੇਜ਼ ਹੋ ਕੇ ਅਨਿਯੰਤ੍ਰਿਤ ਭਾਵ ਬੇਕਾਬੂ ਹੋ ਜਾਵੇਗੀ। ਰਿਐਕਟਰ ਦੇ ਅੰਦਰ ਨਿਊਟ੍ਰਾਨਾਂ ਦੀ ਸਪੀਡ ਨੂੰ ਘਟਾ ਕੇ ਵਿਖੰਡਨ ਪ੍ਰਤੀਕਿਰਿਆ ਨੂੰ ਅਸਰਦਾਇਕ ਬਣਾਉਣ ਲਈ ਮਾਡਰੇਟਰ ਭਾਵ ਮੰਦਕ ਦੀ ਵਰਤੋਂ ਕੀਤੀ ਜਾਂਦੀ ਹੈ। ਮਾਡਰੇਟਰ ਦੀ ਗ਼ੈਰ-ਮੌਜੂਦਗੀ ਵਿੱਚ ਤੇਜ਼ ਰਫ਼ਤਾਰ ਨਿਊਟ੍ਰਾਨ ਯੂਰੇਨੀਅਮ ਦੇ ਨਿਊਕਲੀਅਸਾਂ ਨਾਲ ਬਿਨਾਂ ਟਕਰਾਏ ਹੀ ਬਾਹਰ ਨਿਕਲ ਜਾਂਦੇ ਹਨ ਅਤੇ ਵਿਖੰਡਨ ਪ੍ਰਤੀਕਿਰਿਆ ਰੁਕ ਜਾਂਦੀ ਹੈ। NRX ਵਿੱਚ ਮਾਡਰੇਟਰ ਵਜੋਂ ਭਾਰੇ ਪਾਣੀ ਦਾ ਇਸਤੇਮਾਲ ਕੀਤਾ ਗਿਆ ਸੀ। ਕੈਲੰਡਰੀਆ ਵਿੱਚ 14 ਹਜ਼ਾਰ ਲਿਟਰ ਭਾਰਾ ਪਾਣੀ ਅਤੇ ਹੀਲੀਅਮ ਗੈਸ ਭਰ ਕੇ ਸੀਲ ਕਰ ਦਿੱਤਾ ਗਿਆ ਸੀ। ਹੀਲੀਅਮ ਦਾ ਮਕਸਦ ਹਵਾ ਨਾਲ ਹੋਣ ਵਾਲੀ ਰਸਾਇਣਕ ਪ੍ਰਤੀਕਿਰਿਆ ਤੋਂ ਬਚਾਅ ਕਰਨਾ ਸੀ। ਰਿਐਕਟਰ ਦਾ ਤਾਪਮਾਨ ਨਿਯੰਤਰਿਤ ਰੱਖਣ ਲਈ ਆਮ ਪਾਣੀ ਨੂੰ ਪਾਈਪਾਂ ਰਾਹੀਂ ਰਿਐਕਟਰ ਦੇ ਅੰਦਰ ਘੁਮਾਇਆ ਜਾਂਦਾ ਸੀ।

ਰਿਐਕਟਰ ਦੇ ਸੰਚਾਲਨ ਲਈ ਕੰਟਰੋਲ ਰੂਮ ਵਿੱਚ ਚਾਰ ਪੁਸ਼-ਬਟਨ ਲਗਾਏ ਗਏ ਸਨ ਜੋ ਵੱਖ-ਵੱਖ ਕਿਰਿਆਵਾਂ ਨੂੰ ਕੰਟਰੋਲ ਕਰਦੇ ਸਨ:

ਪੁਸ਼ ਬਟਨ ਨੰਬਰ ਇੱਕ ਰਿਐਕਟਰ ਵਿੱਚ ਇੱਕੋ ਸਮੇਂ ਫੰਕਸ਼ਨ ਕਰਨ ਵਾਲੀਆਂ ਚਾਰ ਕੰਟਰੋਲ ਰਾਡਾਂ ਦੇ ਸਮੂਹ ਜਿਸ ਨੂੰ ਸੇਫ ਗਾਰਡ ਬੈਂਕ ਕਿਹਾ ਜਾਂਦਾ ਸੀ, ਨੂੰ ਉਤਾਂਹ ਚੁੱਕ ਕੇ ਰਿਐਕਟਰ ਵਿੱਚੋਂ ਬਾਹਰ ਕੱਢ ਦਿੰਦਾ ਸੀ।

ਪੁਸ਼ ਬਟਨ ਨੰਬਰ ਦੋ ਬਾਕੀ ਦੀਆਂ ਅੱਠ ਕੰਟਰੋਲ ਰਾਡਾਂ ਨੂੰ ਲੜੀਵਾਰ ਉੱਪਰ ਚੁੱਕਦਾ ਅਤੇ ਹੇਠਾਂ ਸੁੱਟਦਾ ਸੀ।

ਪੁਸ਼ ਬਟਨ ਨੰਬਰ ਤਿੰਨ ਦਾ ਕੰਮ ਅਸਥਾਈ ਤੌਰ ਤੇ ਕਰੰਟ ਵਧਾ ਕੇ ਬਿਜਲ-ਚੁੰਬਕਾਂ ਨੂੰ ਸਰਗਰਮ ਕਰਕੇ ਕੰਟਰੋਲ ਰਾਡਾਂ ਨੂੰ ਜਗ੍ਹਾ ਸਿਰ ਟਿਕਾ ਕੇ ਰੱਖਣਾ ਸੀ।

ਪੁਸ਼ ਬਟਨ ਨੰਬਰ ਚਾਰ ਦਾ ਕੰਮ ਕੰਪਰੈੱਸਡ-ਏਅਰ ਸਿਸਟਮ ਚਾਲੂ ਕਰਕੇ, ਉੱਚ ਦਬਾਓ ਵਾਲੀ ਹਵਾ ਨਾਲ 12 ਕੰਟਰੋਲ ਰਾਡਾਂ ਨੂੰ ਰਿਐਕਟਰ ਦੇ ਅੰਦਰ ਧੱਕਣਾ ਸੀ।

ਇਹਨਾਂ ਪੁਸ਼ ਬਟਨਾਂ ਦੇ ਨੰਬਰਾਂ ਦੀ ਗੜਬੜੀ ਹੀ ਹਾਦਸੇ ਦਾ ਕਾਰਨ ਬਣੀ। 12 ਦਸੰਬਰ 1952 ਦਿਨ ਸ਼ੁਕਰਵਾਰ ਨੂੰ ਦੁਪਹਿਰ ਦੇ ਤਿੰਨ ਕੁ ਵਜੇ ਦਿਨ ਦਾ ਆਖ਼ਰੀ ਪ੍ਰਯੋਗ ਸ਼ੁਰੂ ਹੋਣ ਵਾਲਾ ਸੀ ਜਿਸ ਵਾਸਤੇ ਰਿਐਕਟਰ ਦੀ ਪਾਵਰ ਘਟਾਈ ਗਈ ਸੀ। ਇਸ ਦੇ ਕੂਲਿੰਗ ਸਿਸਟਮ ਵਿੱਚ ਵੀ ਬਦਲਾਵ ਕੀਤੇ ਗਏ ਸਨ। ਪਾਣੀ ਦਾ ਵਹਾਓ ਘਟਾਇਆ ਗਿਆ ਸੀ। ਬਹੁਤ ਸਾਰੀਆਂ ਕੈਲੰਡਰੀਆਂ ਟਿਊਬਾਂ ਨੂੰ ਆਮ ਵਾਟਰ ਕੂਲੈਂਟ ਸਿਸਟਮ ਨਾਲੋਂ ਹਟਾ ਕੇ ਇਕ ਅਸਥਾਈ ਕੂਲਿੰਗ ਸਿਸਟਮ ਨਾਲ ਜੋੜਿਆ ਗਿਆ ਸੀ। ਰਿਐਕਟਰ ਦੇ ਹੇਠਾਂ ਬੇਸਮੈਂਟ ਵਿੱਚ ਵਾਲਵਾਂ ਦੀ ਇੱਕ ਲੜੀ ਸੀ ਜੋ ਕੰਪਰੈੱਸਡ-ਏਅਰ ਸਿਸਟਮ ਨੂੰ ਨਿਯੰਤ੍ਰਿਤ ਕਰਦੀ ਸੀ। ਇਸ ਸਿਸਟਮ ਵਿੱਚ ਉੱਚ ਦਬਾਓ ਵਾਲੀ ਹਵਾ ਦਾ ਇਸਤੇਮਾਲ ਰਿਐਕਟਰ ਦੇ ਹਿੱਸਿਆਂ ਨੂੰ ਖਿਸਕਾਉਣ ਲਈ ਕੀਤਾ ਜਾਂਦਾ ਸੀ। ਕੁੱਝ ਵਾਲਵਾਂ ਦੇ ਹੱਥੇ ਉਤਾਰ ਦਿੱਤੇ ਗਏ ਸਨ ਤਾਂ ਕਿ ਉਹ ਖੋਲ੍ਹੇ ਨਾ ਜਾ ਸਕਣ। ਇੱਕ ਆਪਰੇਟਰ ਬੇਸਮੈਂਟ ਵਿੱਚ ਆਮ ਰੁਟੀਨ ਦੀ ਜਾਂਚ ਕਰ ਰਿਹਾ ਸੀ। ਉਸ ਨੇ ਇਹ ਸਮਝ ਲਿਆ ਕਿ ਕੰਪਰੈੱਸਡ-ਏਅਰ ਸਿਸਟਮ ਦੇ ਵਾਲਵ ਸਹੀ ਪੋਜੀਸ਼ਨ ’ਤੇ ਨਹੀਂ ਸਨ। ਉਸ ਨੇ ਆਪਣੀ ਸੂਝ ਅਨੁਸਾਰ ਉਨ੍ਹਾਂ ਨੂੰ ਸਹੀ ਕਰਨ ਲਈ ਤਿੰਨ ਚਾਰ ਵਾਲਵ ਖੋਹਲ ਦਿੱਤੇ ਜਿਸ ਦੇ ਸਿੱਟੇ ਵਜੋਂ ਉੱਪਰਲੇ ਪਾਸੇ ਹਵਾ ਦਾ ਦਬਾਓ ਘੱਟ ਗਿਆ ਅਤੇ ਹੇਠਾਂ ਤੋਂ ਹਵਾ ਦੇ ਅਧਿਕ ਦਬਾਓ ਕਾਰਨ ਚਾਰ ਕੰਟਰੋਲ ਰਾਡਾਂ ਰਿਐਕਟਰ ਵਿੱਚੋਂ ਬਾਹਰ ਨਿਕਲ ਗਈਆਂ। ਇਹ ਹਾਦਸੇ ਦਾ ਪਹਿਲਾ ਚਰਨ ਸੀ। ਕੰਟਰੋਲ ਰੂਮ ਵਿੱਚ ਲਾਲ ਬੱਤੀਆਂ ਜਗ ਗਈਆਂ। ਉੱਥੇ ਮੌਜੂਦ ਸੁਪਰਵਾਈਜ਼ਰ ਨੇ ਬੇਸਮੈਂਟ ਵਿੱਚ ਮੌਜੂਦ ਆਪਰੇਟਰ ਨੂੰ ਟੈਲੀਫੋਨ ਕਰਕੇ ਵਾਲਵ ਖੋਹਲਣ ਤੋਂ ਰੋਕਿਆ। ਫਿਰ ਉਹ ਕੰਟਰੋਲ ਰੂਮ ਛੱਡ ਕੇ ਖ਼ੁਦ ਬੇਸਮੈਂਟ ਵਿੱਚ ਗਿਆ ਅਤੇ ਵਾਲਵ ਬੰਦ ਕੀਤੇ ਤਾਂ ਕਿ ਕੰਟਰੋਲ ਰਾਡਾਂ ਰਿਐਕਟਰ ਵਿੱਚ ਡਿੱਗ ਜਾਣ ਪ੍ਰੰਤੂ ਕੇਵਲ ਇੱਕ ਹੀ ਕੰਟਰੋਲ ਰਾਡ ਰਿਐਕਟਰ ਵਿੱਚ ਵਾਪਸ ਡਿੱਗ ਸਕੀ। ਬਾਕੀ ਤਿੰਨ ਐਨੀਆਂ ਕੁ ਹੇਠਾਂ ਆਈਆਂ ਸਨ ਕਿ ਲਾਲ ਬੱਤੀਆਂ ਤਾਂ ਬੰਦ ਹੋ ਗਈਆਂ ਪ੍ਰੰਤੂ ਉਹ ਪੂਰੀ ਤਰ੍ਹਾਂ ਰਿਐਕਟਰ ਦੇ ਅੰਦਰ ਨਹੀਂ ਸਨ ਧਸੀਆਂ। ਸੁਪਰਵਾਈਜ਼ਰ ਨੇ ਬੇਸਮੈਂਟ ਤੋਂ ਕੰਟਰੋਲ ਰੂਮ ਵਿੱਚ ਫੋਨ ਕਰਕੇ ਉੱਥੇ ਮੌਜੂਦ ਆਪਣੇ ਸਹਾਇਕ ਨੂੰ ਦੋ ਪੁਸ਼ ਬਟਨ ਦਬਾਉਣ ਦੀ ਹਿਦਾਇਤ ਕੀਤੀ। ਉਸ ਨੇ ਸਹਾਇਕ ਨੂੰ ਪੁਸ਼ ਬਟਨ ਨੰਬਰ ਤਿੰਨ ਅਤੇ ਚਾਰ ਨੂੰ ਦਬਾਉਣ ਲਈ ਕਹਿਣਾ ਸੀ ਪਰੰਤੂ ਉਸ ਨੇ ਨੰਬਰ ਦੱਸਣ ਵਿੱਚ ਗੜਬੜੀ ਕਰ ਦਿੱਤੀ। ਉਸ ਨੇ ਗਲ਼ਤੀ ਨਾਲ ਪੁਸ਼ ਬਟਨ ਨੰਬਰ ਇੱਕ ਅਤੇ ਚਾਰ ਦਬਾਉਣ ਲਈ ਕਹਿ ਦਿੱਤਾ। ਸਹਾਇਕ ਨੇ ਫੋਨ ਸੁਣ ਕੇ ਰਿਸੀਵਰ ਹੇਠਾਂ ਰੱਖ ਦਿੱਤਾ ਤਾਂ ਕਿ ਉਹ ਦੱਸੇ ਗਏ ਪੁਸ਼ ਬਟਨਾਂ ਨੂੰ ਦਬਾ ਸਕੇ। ਤੁਰੰਤ ਹੀ ਸੁਪਰਵਾਈਜ਼ਰ ਨੂੰ ਬਟਨਾਂ ਦੇ ਨੰਬਰ ਦੱਸਣ ਵਿੱਚ ਹੋਈ ਗੜਬੜੀ ਦਾ ਅਹਿਸਾਸ ਹੋਇਆ। ਉਹ ਦੁਬਾਰਾ ਟੈਲੀਫੋਨ ਤੇ ਚੀਕਿਆ ਪ੍ਰੰਤੂ ਉਸ ਦਾ ਸਹਾਇਕ ਉਸ ਨੂੰ ਸੁਣ ਨਹੀਂ ਸਕਦਾ ਸੀ ਕਿਉਂਕਿ ਹੁਣ ਰਿਸੀਵਰ ਉਸ ਦੇ ਕੰਨ ਦੇ ਕੋਲ ਨਹੀਂ ਸੀ।

ਜਿਵੇਂ ਹੀ ਉਸ ਨੇ ਪੁਸ਼ ਬਟਨ ਨੰਬਰ ਇੱਕ ਦਬਾਇਆ, ਚਾਰ ਕੰਟਰੋਲ ਰਾਡਾਂ ਦਾ ਸਮੂਹ ਭਾਵ ਸੇਫ਼ ਗਾਰਡ ਬੈਂਕ ਰਿਐਕਟਰ ਵਿੱਚੋਂ ਬਾਹਰ ਆ ਗਿਆ। ਤਿੰਨ ਕੰਟਰੋਲ ਰਾਡਾਂ ਤਾਂ ਪਹਿਲਾਂ ਹੀ ਰਿਐਕਟਰ ਤੋਂ ਬਾਹਰ ਸਨ, ਹੁਣ ਕੁੱਲ 12 ਵਿੱਚੋਂ ਸੱਤ ਰਾਡਾਂ ਰਿਐਕਟਰ ਤੋਂ ਬਾਹਰ ਹੋ ਚੁੱਕੀਆਂ ਸਨ। ਲਾਲ ਬੱਤੀਆਂ ਮੁੜ ਜਗ ਗਈਆਂ। ਕੰਟਰੋਲ ਰੂਮ ਵਿੱਚ ਮੌਜੂਦ ਲੋਕਾਂ ਨੇ ਇੱਕ-ਦਮ ਪਾਵਰ ਆਊਟਪੁੱਟ ਵਿੱਚ ਹੈਰਾਨੀਜਨਕ ਵਾਧਾ ਨੋਟ ਕੀਤਾ ਜੋ ਹਰੇਕ ਦੋ ਸਕਿੰਟ ਵਿੱਚ ਦੁੱਗਣੀ ਹੋਈ ਜਾ ਰਹੀ ਸੀ। ਸਹਾਇਕ ਨੇ ਲਗਭਗ 20 ਸਕਿੰਟ ਬਾਅਦ ਸੇਫ਼ ਗਾਰਡ ਬੈਂਕ ਨੂੰ ਰਿਐਕਟਰ ਵਿੱਚ ਵਾਪਿਸ ਧੱਕਣ ਲਈ ਢੁਕਵਾਂ ਬਟਨ ਦਬਾਇਆ ਪ੍ਰੰਤੂ ਕੇਵਲ ਇੱਕ ਰਾਡ ਹੀ ਰਿਐਕਟਰ ਵਿੱਚ ਵਾਪਸ ਡਿੱਗ ਸਕੀ। ਪਾਵਰ ਦਾ ਵਧਣਾ ਲਗਾਤਾਰ ਜਾਰੀ ਸੀ। ਪਾਣੀ ਜਿਸ ਨੇ ਰਿਐਕਟਰ ਅੰਦਰ ਘੁੰਮ-ਘੁੰਮ ਕੇ ਤਾਪ ਸੋਖ ਕੇ ਰਿਐਕਟਰ ਦੇ ਤਾਪਮਾਨ ਨੂੰ ਨਿਯੰਤਰਿਤ ਰੱਖਣਾ ਸੀ, ਉਬਲਣ ਲੱਗਾ। ਤਾਪਮਾਨ ਮਾਪਣ ਵਾਲਾ ਯੰਤਰ ਤਾਂ ਤਾਪਮਾਨ ਦੇ ਵਾਧੇ ਸਾਹਮਣੇ ਫ਼ੇਲ ਹੀ ਹੋ ਗਿਆ। ਯੂਰੇਨੀਅਮ ਦੀਆਂ ਰਾਡਾਂ ਪਿਘਲ ਗਈਆਂ। ਰਿਐਕਟਰ ਦੀ ਪਾਵਰ ਵਧ ਕੇ 60 ਤੋਂ 100 ਮੈਗਾਵਾਟ ਦੇ ਦਰਮਿਆਨ ਹੋ ਗਈ ਜੋ ਰਿਐਕਟਰ ਦੀ ਸਾਂਭਣ ਸਮਰੱਥਾ ਤੋਂ ਕਿਤੇ ਜ਼ਿਆਦਾ ਸੀ। ਕੰਟਰੋਲ ਰੂਮ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉੱਥੇ ਮੌਜੂਦ ਕਰਮਚਾਰੀਆਂ ਨੇ ਫੌਰਨ ਆਪਸ ਵਿੱਚ ਮਸ਼ਵਰਾ ਕਰਕੇ ਮਾਡਰੇਟਰ ਭਾਵ ਭਾਰੇ ਪਾਣੀ ਨੂੰ ਰਿਐਕਟਰ ਵਿੱਚੋਂ ਕੱਢ ਕੇ ਇੱਕ ਟੈਂਕੀ ਵਿੱਚ ਸੁੱਟਣ ਦਾ ਫੈਸਲਾ ਲਿਆ। ਜਿਵੇਂ ਹੀ ਰਿਐਕਟਰ ਅੰਦਰ ਮਾਡਰੇਟਰ ਦਾ ਪੱਧਰ ਡਿੱਗਣ ਲੱਗਾ, ਪ੍ਰਤੀਕਿਰਿਆ ਦੀ ਦਰ ਘਟਣ ਲੱਗੀ। ਇਸ ਤਰ੍ਹਾਂ ਰਿਐਕਟਰ ਕਾਰਜ ਕਰਨੋਂ ਰੁਕ ਗਿਆ। ਪੂਰਾ ਸਿਸਟਮ ਕਰੀਬ 62 ਸੈਕੰਡ ਲਈ ਨਿਯੰਤਰਣ ਤੋਂ ਬਾਹਰ ਰਿਹਾ।

ਹਾਦਸੇ ਤੋਂ ਬਾਅਦ ਹੋਰ ਮੁਸ਼ਕਿਲਾਂ ਅਜੇ ਬਾਕੀ ਸਨ। ਰਿਐਕਟਰ ਵਿੱਚ ਪਿਘਲ ਰਹੇ ਗਰਮ ਯੂਰੇਨੀਅਮ ਅਤੇ ਪਾਣੀ ਤੋਂ ਪੈਦਾ ਹੋਈ ਹਾਈਡਰੋਜਨ ਨੇ ਰਿਐਕਟਰ ਅੰਦਰ ਦਾਖ਼ਲ ਹੋਣ ਵਾਲੀ ਹਵਾ ਦੇ ਸੰਪਰਕ ਵਿੱਚ ਆ ਕੇ ਧਮਾਕੇ ਨੂੰ ਅੰਜਾਮ ਦੇ ਦਿੱਤਾ। ਰਿਐਕਟਰ ਅਤੇ ਉਸ ਦੀ ਇਮਾਰਤ ਨੂੰ ਗੰਭੀਰ ਨੁਕਸਾਨ ਪਹੁੰਚਿਆ। ਇਮਾਰਤ ਦੀ ਛੱਤ ਉੱਡ ਗਈ। ਰਿਐਕਟਰ ਦੇ ਕੰਟੇਨਰ ਦੀ ਸੀਲ ਉੱਡ ਗਈ। ਸਿਸਟਮ ਨੂੰ ਠੰਡਾ ਰੱਖਣ ਵਾਲਾ ਪਾਣੀ ਬਾਹਰ ਵਗ ਗਿਆ। ਉੱਚ-ਰੇਡੀਓਐਕਟਿਵਤਾ ਵਾਲਾ ਲਗਭਗ 4500 ਕਿਊਬਿਕ ਮੀਟਰ ਪਾਣੀ ਇਮਾਰਤ ਦੀ ਬੇਸਮੈਂਟ ਵਿੱਚ ਇਕੱਠਾ ਹੋ ਗਿਆ। ਰੇਡੀਏਸ਼ਨ ਫੈਲ ਰਹੀ ਸੀ। ਚੌਗਿਰਦਾ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਸੀ। ਦੁਨੀਆ ਵਿੱਚ ਕਿਸੇ ਰਿਐਕਟਰ ਦੀ ਕੋਰ ਦੇ ਪਿਘਲਣ ਦੀ ਇਹ ਪਹਿਲੀ ਦੁਰਘਟਨਾ ਸੀ। ਕਿਸੇ ਪਰਮਾਣੂ ਹਾਦਸੇ ਦੀ ਤੀਬਰਤਾ ਮਾਪਣ ਲਈ ਨਿਰਧਾਰਿਤ ਅੰਤਰਰਾਸ਼ਟਰੀ ਪੈਮਾਨਾ ਜੋ ਇੱਕ ਤੋਂ ਸੱਤ ਤੱਕ ਦਰਜਾਬੰਦੀ ਕਰਦਾ ਹੈ ਅਨੁਸਾਰ ਚਾਕ ਰਿਵਰ ਦੇ ਇਸ ਹਾਦਸੇ ਦੀ ਤੀਬਰਤਾ ਪੰਜ ਸੀ। ਇਸ ਦੁਰਘਟਨਾ ਵਿੱਚ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਫਿਰ ਵੀ ਦੁਰਘਟਨਾ ਸਥਲ ਦੀ ਸਫ਼ਾਈ ਅਤੇ ਰਿਐਕਟਰ ਨੂੰ ਦੁਬਾਰਾ ਚਾਲੂ ਕਰਨਾ ਚੁਨੌਤੀ ਵਾਲਾ ਕੰਮ ਸੀ ਜਿਸ ਨੂੰ 14 ਮਹੀਨੇ ਲੱਗ ਗਏ। ਬੇਸਮੈਂਟ ਵਿੱਚ ਜਮ੍ਹਾਂ ਉੱਚ-ਰੇਡੀਓਐਕਟਿਵਤਾ ਵਾਲੇ ਪਾਣੀ ਦਾ ਨਿਪਟਾਰਾ ਕਰਨਾ ਬਹੁਤ ਵੱਡੀ ਸਮੱਸਿਆ ਸੀ। ਇਸ ਨੂੰ ਸਿੱਧਿਆਂ ਹੀ ਦਰਿਆ ਵਿੱਚ ਸੁੱਟਣ ਬਾਰੇ ਵੀ ਨਹੀਂ ਸੋਚਿਆ ਜਾ ਸਕਦਾ ਸੀ। ਫਿਲਟਰ ਕਰਨ ਲਈ ਰੇਤਲੇ ਖੇਤਰ ਵਿੱਚ ਪਹੁੰਚਾਉਣ ਲਈ ਪਾਈਪ ਲਾਈਨ ਵਿਛਾਈ ਗਈ। ਫਿਲਟਰ ਕਰਨ ਉਪਰੰਤ ਪਾਣੀ ਨੂੰ ਦਰਿਆ ਵਿੱਚ ਮਿਲਾ ਦਿੱਤਾ ਗਿਆ। ਰਿਐਕਟਰ ਦੀ ਕੋਰ ਨੂੰ ਵੀ ਕਿਸੇ ਰੇਤਲੀ ਥਾਂ ਉੱਤੇ ਦਬਾ ਦਿੱਤਾ ਗਿਆ। ਸਫ਼ਾਈ ਅਤੇ ਮੁਰੰਮਤ ਕਾਰਜਾਂ ਵਿੱਚ ਕਨੇਡੀਅਨ ਅਤੇ ਅਮਰੀਕਨ ਫੌਜੀਆਂ ਸਮੇਤ ਅਓਛਲ਼ (ਐਟੋਮਿਕ ਐਨਰਜੀ ਆਫ਼ ਕੈਨੇਡਾ ਲਿਮਿਟਡ) ਦੇ ਕਰੀਬ 800 ਕਰਮਚਾਰੀਆਂ ਨੇ ਸਹਿਯੋਗ ਦਿੱਤਾ। ਯੂ.ਐਸ. ਨੇਵੀ ਦੇ ਨੌਜਵਾਨ ਅਫ਼ਸਰ ਮਿਸਟਰ ਜਿੰਮੀ ਕਾਰਟਰ ਨੇ 13 ਹੋਰ ਯੂ.ਐਸ. ਨੇਵੀ ਵਲੰਟੀਅਰਾਂ ਸਮੇਤ 26 ਮੈਂਬਰੀ ਟੀਮ ਦਾ ਹਿੱਸਾ ਹੁੰਦਿਆਂ ਘਟਨਾਸਥਲ ਦੀ ਸਫ਼ਾਈ ਅਤੇ ਮੁਰੰਮਤ ਪ੍ਰਕਿਰਿਆ ਵਿੱਚ ਭਰਪੂਰ ਯੋਗਦਾਨ ਪਾਇਆ। ਬਾਅਦ ਵਿੱਚ ਮਿਸਟਰ ਜਿੰਮੀ ਕਾਰਟਰ ਸੰਯੁਕਤ ਰਾਜ ਦੇ 39ਵੇਂ ਰਾਸ਼ਟਰਪਤੀ ਬਣੇ। ਰਿਐਕਟਰ ਨੂੰ ਦੋਬਾਰਾ ਚਾਲੂ ਹੋਣ ਨੂੰ 2 ਸਾਲ ਲੱਗ ਗਏ। ਸੰਨ 1992 ਤੱਕ ਇਸ ਰਿਐਕਟਰ ਤੋਂ ਲਾਭ ਲੈ ਕੇ ਇਸ ਨੂੰ ਸਦਾ ਲਈ ਬੰਦ ਕਰ ਦਿੱਤਾ ਗਿਆ।

ਇਸੇ ਪ੍ਰਯੋਗਸ਼ਾਲਾ ਵਿੱਚ ਹੀ ਸੰਨ 1958 ਵਿੱਚ ਇੱਕ ਹੋਰ ਦੁਰਘਟਨਾ ਵਾਪਰ ਗਈ। NRX ਰਿਐਕਟਰ ਦੇ ਨਾਲ ਵਾਲੀ ਬਿਲਡਿੰਗ ਵਿੱਚ ਨੈਸ਼ਨਲ ਰੀਸਰਚ ਯੂਨੀਵਰਸਲ (NRU) ਨਾਂ ਦਾ ਇੱਕ ਹੋਰ ਸ਼ਕਤੀਸ਼ਾਲੀ ਰਿਐਕਟਰ ਲਗਾਇਆ ਗਿਆ ਸੀ ਜਿਸ ਨੇ 3 ਨਵੰਬਰ, 1957 ਨੂੰ ਕੰਮ ਕਰਨਾ ਆਰੰਭ ਕੀਤਾ। 24 ਮਈ 1958 ਨੂੰ ਰਿਐਕਟਰ ਦੀਆਂ ਖ਼ਰਾਬ ਫ਼ਿਊਲ (ਯੂਰੇਨੀਅਮ) ਰਾਡਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾਣਾ ਸੀ। ਇਸ ਵਾਸਤੇ ਰਿਐਕਟਰ ਬੰਦ ਕੀਤਾ ਗਿਆ ਸੀ। ਖਰਾਬ ਰਾਡਾਂ ਨੂੰ ਇੱਕ-ਇੱਕ ਕਰਕੇ ਪਾਣੀ ਨਾਲ ਠੰਢੇ ਰੱਖੇ ਜਾ ਰਹੇ ਇੱਕ ਕੰਟੇਨਰ ਵਿੱਚ ਰੱਖ ਕੇ ਰੋਬੋਟਿਕ ਕਰੇਨ ਦੀ ਮਦਦ ਨਾਲ ਬਾਹਰ ਕੱਢ ਕੇ ਸਟੋਰੇਜ ਪੂਲ ਵਿੱਚ ਰੱਖਿਆ ਜਾਣਾ ਸੀ। ਜਦੋਂ ਦੂਜੀ ਯੂਰੇਨੀਅਮ ਰਾਡ ਬਾਹਰ ਕੱਢੀ ਗਈ ਤਾਂ ਕਰਮਚਾਰੀਆਂ ਨੇ ਨੋਟ ਕੀਤਾ ਕਿ ਕੰਟੇਨਰ ਵਿੱਚ ਹੁਣ ਕੋਈ ਪਾਣੀ ਨਹੀਂ ਸੀ। ਕਰੇਨ ਆਪਰੇਟਰ ਨੇ ਤੁਰੰਤ ਰਾਡ ਨੂੰ ਦੁਬਾਰਾ ਰਿਐਕਟਰ ਦੀ ਕੋਰ ਦੇ ਅੰਦਰ ਘੁਸੇੜਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਹ ਫਸ ਗਈ ਤੇ ਪੂਰੀ ਤਰ੍ਹਾਂ ਕੋਰ ਦੇ ਅੰਦਰ ਨਹੀਂ ਧਸ ਸਕੀ। ਕਰੇਨ ਆਪਰੇਟਰ ਨੇ ਦੋਬਾਰਾ ਇਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਹ ਬਾਹਰ ਤਾਂ ਨਿਕਲ ਆਈ ਪ੍ਰੰਤੂ ਟੁੱਟ ਗਈ। ਯੂਰੇਨੀਅਮ ਦੀ ਇਸ ਰਾਡ ਦਾ ਇੱਕ ਵੱਡਾ ਟੁਕੜਾ ਮੇਂਟੀਨੈਂਸ ਪਿੱਟ ਵਿੱਚ ਡਿੱਗ ਪਿਆ ਅਤੇ ਇਸ ਨੂੰ ਅੱਗ ਪੈ ਗਈ ਜਿਸ ਨਾਲ ਧੂੰਏ ਦੇ ਰੂਪ ਵਿੱਚ ਰੇਡੀਓਐਕਟਿਵ ਪ੍ਰਦੂਸ਼ਣ ਫੈਲਣ ਲੱਗਾ। ਰੇਡੀਓਐਕਟਿਵ ਵਿਕਰਣਾਂ ਰਿਐਕਟਰ ਵਾਲੇ ਕਮਰੇ ਅਤੇ ਬਿਲਡਿੰਗ ਦੇ ਹੋਰ ਹਿੱਸਿਆਂ ਤੱਕ ਫੈਲਣ ਲੱਗੀਆਂ। ਹਵਾਦਾਰੀ ਸਿਸਟਮ ਦੇ ਵਾਲਵ ਖੋਹਲ ਦਿੱਤੇ ਗਏ। ਜਗ੍ਹਾ ਨੂੰ ਖ਼ਾਲੀ ਕਰਵਾ ਲਿਆ ਗਿਆ। ਸੁਰੱਖਿਆ ਵਰਦੀਆਂ ਪਹਿਨੇ ਹੋਏ ਵਿਗਿਆਨੀਆਂ ਅਤੇ ਕਰਮਚਾਰੀਆਂ ਦੁਆਰਾ ਯੂਰੇਨੀਅਮ ਦੀ ਬਲਦੀ ਰਾਡ ਉੱਤੇ ਬਾਲਟੀਆਂ ਨਾਲ ਰੇਤ ਸੁੱਟੀ ਗਈ। 15 ਮਿੰਟਾਂ ਵਿੱਚ ਅੱਗ ਉੱਤੇ ਕਾਬੂ ਪਾ ਲਿਆ ਗਿਆ। ਇਹ ਹਾਦਸਾ ਸੰਨ 1952 ਵਾਲੇ ਹਾਦਸੇ ਨਾਲੋਂ ਘੱਟ ਗੰਭੀਰ ਸੀ। ਇਹ ਅਟੋਮਿਕ ਐਨਰਜੀ ਆਫ ਕਨੇਡਾ ਲਿਮਿਟਿਡ (AECL) ਦੇ 800 ਤੋਂ ਵੱਧ ਕਰਮਚਾਰੀਆਂ ਅਤੇ 300 ਫੌਜ ਕਰਮਚਾਰੀਆਂ ਨੇ ਸਫ਼ਾਈ ਅਤੇ ਮੁਰੰਮਤ ਕਾਰਜਾਂ ਵਿੱਚ ਸਹਿਯੋਗ ਦਿੱਤਾ। ਛੇ ਮਹੀਨੇ ਬੰਦ ਰਹਿਣ ਉਪਰੰਤ ਇਹ ਰਿਐਕਟਰ ਮੁੜ ਚਾਲੂ ਹੋ ਗਿਆ। ਇਹ ਰਿਐਕਟਰ ਦੁਨੀਆਂ ਦੇ ਸਭ ਤੋਂ ਵੱਡੇ ਰੀਸਰਚ ਰਿਐਕਟਰਾਂ ਵਿੱਚੋਂ ਇੱਕ ਸੀ। ਕਈ ਦਹਾਕਿਆਂ ਲਈ ਇਹ ਰਿਐਕਟਰ ਪੂਰੀ ਦੁਨੀਆ ਵਾਸਤੇ ਮੈਡੀਕਲ ਆਈਸੋਟੋਪਾਂ ਦਾ ਵੱਡਾ ਸਰੋਤ ਰਿਹਾ। ਪੁਰਾਣਾ ਹੋ ਜਾਣ ਕਰਕੇ ਇਸ ਵਿੱਚ ਪਏ ਵਿਗਾੜਾਂ ਅਤੇ ਸੁਰੱਖਿਆ ਮੁੱਦਿਆਂ ਦੇ ਮੱਦੇਨਜ਼ਰ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 31 ਮਾਰਚ, 2018 ਨੂੰ ਇਸ ਰਿਐਕਟਰ ਨੂੰ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ।

ਪ੍ਰਿੰ. ਸਤਵੰਤ ਕੌਰ ਕਲੋਟੀ, ਪਿੰਡ ਚਨੌਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਨ ਤੇ ਅੱਜ-ਕੱਲ ਕਨੇਡਾ ਰਹਿੰਦੇ ਹਨ। ਇੱਕ ਵਿਗਿਆਨ ਅਧਿਆਪਕ ਹੋਣ ਦੇ ਨਾਤੇ ਉਨ੍ਹਾਂ ਦੀ ਲੇਖਣੀ ਵਿੱਚ ਵਿਗਿਆਨ ਦਾ ਪ੍ਰਭਾਵ ਕੁਦਰਤੀ ਹੀ ਦੇਖਣ ਨੂੰ ਮਿਲਦਾ ਹੈ। ਉਹ ਚਾਰ ਕਿਤਾਬਾਂ ਤੇ 100 ਤੋਂ ਵਧੇਰੇ ਲੇਖ ਲਿਖ ਚੁੱਕੇ ਹਨ ਜੋ ਸਮੇਂ ਸਮੇਂ ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ, ਦੇਸ਼ ਦੁਆਬਾ, ਨਿਰੰਤਰ ਸੋਚ, ਨਿੱਕੀਆਂ ਕਰੂੰਬਲਾਂ, ਤਰਕਸ਼ੀਲ ਵਗੈਰਾ ਵਿੱਚ ਛਪ ਚੁੱਕੇ ਹਨ।

ਉਨ੍ਹਾਂ ਦੁਆਰਾ ਰਚਿਤ ਚਾਰ ਕਿਤਾਬਾਂ ਹਨ:

ਬ੍ਰਹਿਮੰਡ: ਇੱਕ ਨਜ਼ਰ (ਗਲੈਕਸੀਆਂ, ਤਾਰਿਆਂ ਅਤੇ ਗ੍ਰਹਿਆਂ ਦੀ ਦੁਨੀਆ)

ਦਸ ਦਿਸ਼ਾਵਾਂ (ਮੁਢਲੀਆਂ ਭਾਰਤੀ ਵਿਗਿਆਨਕ ਮਹਿਲਾਵਾਂ)

ਪੈਟਰੋਲੀਅਮ ਅਤੇ ਹੋਰ ਬਦਲਵੇਂ ਊਰਜਾ ਸ੍ਰੋਤ

ਡਾ. ਆਨੰਦੀਬਾਈ ਜੋਸ਼ੀ - ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਵਿਸ਼ੇਸ਼ ਤੌਰ ਕਾਰਜ ਸੌਂਪ ਕੇ ਉਨ੍ਹਾਂ ਕੋਲੋਂ ਇਹ ਕਿਤਾਬ ਲਿਖਵਾਉਣ ਦਾ ਮਾਣ ਮਿਲਿਆ ਹੈ। ਇਹ ਕਿਤਾਬ ਭਾਸ਼ਾ ਵਿਭਾਗ ਵੱਲੋਂ ਹੀ ਛਾਪੀ ਜਾਣੀ ਹੈ। ਇਸ ਸਮੇਂ ਇਹ ਛਪਾਈ ਪ੍ਰਕਿਰਿਆ ਅਧੀਨ ਹੈ।

ਈਮੇਲ: sattysaini@gmail.com

Nature

ਸਾਈਬੋਰਗ-ਸਾਈਬਰਨੈਟਿਕ ਜੀਵ

ਸੁਰਿੰਦਰਪਾਲ ਸਿੰਘ

ਵਿਗਿਆਨ ਅਤੇ ਤਕਨੀਕੀ ਸਿੱਖਿਆ ਦੇ ਵਧਦੇ ਪ੍ਰਸਾਰ ਨੇ ਮਨੁੱਖੀ ਸਭਿਅਤਾ ਨੂੰ ਹਰ ਪ੍ਰਕਾਰ ਦੀ ਸੁਵਿਧਾ ਮੁਹੱਈਆ ਕਰਵਾਈ ਹੈ। ਮਨੁੱਖੀ ਜੀਵਨ ਦੀ ਹੋਂਦ ਅਜੋਕੇ ਦੌਰ ਵਿੱਚ ਵਿਗਿਆਨ ਦੇ ਸਹਾਰੇ ਤੋਂ ਬਿਨਾ ਕਲਪਨਾ ਤੋਂ ਬਾਹਰ ਦੀ ਵਸਤੂ ਹੈ। ਜਿੱਥੇ ਵਿਗਿਆਨ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਜੂਦ ਨੂੰ ਸਥਾਪਿਤ ਕਰਕੇ ਨਾਮਣਾ ਖੱਟਿਆ ਹੈ, ਉੱਥੇ ਉਸ ਨੇ ਕੁਦਰਤ ਦੇ ਵਰਤਾਰੇ ਨਾਲ ਆਪਣੀ ਟੱਕਰ ਵੀ ਤੈਅ ਕਰ ਲਈ ਹੈ। ਬੇਸ਼ੱਕ ਮਨੁੱਖ ਆਪਣੇ ਆਪ ਨੂੰ ਕੁਦਰਤ ਦੀ ਸ਼ਾਹਕਾਰ ਰਚਨਾ ਕਹਿੰਦਾ ਸੀ ਪਰ ਬੇਹਤਰ ਤੋਂ ਬੇਹਤਰ ਅਤੇ ਨਿਪੁੰਨਤਾ ਤੇ ਸਟੀਕਤਾ ਦੇ ਸਿਖਰ ਤੇ ਪਹੁੰਚਣ ਦੀ ਹੋੜ ਨੇ ਅੱਜ ਮਨੁੱਖੀ ਪ੍ਰਜਾਤੀ ਨੂੰ ਏਆਈ ਭਾਵ ਆਰਟੀਫਿਸ਼ਲ ਇੰਟੈਲੀਜੈਂਸ ਜਾਂ ਬਨਾਵਟੀ/ਮਸਨੂਈ ਬੁੱਧੀ ਦੇ ਖੁੱਲੇ ਮੁਹਾਨੇ ਤੇ ਲਿਆ ਖੜਾ ਕੀਤਾ ਹੈ। ਇਸੇ ਏਆਈ ਦੀ ਨਵੇਕਲੀ ਦੇਣ ਸਾਈਬੋਰਗ-ਸਾਈਬਰਨੈਟਿਕ ਜੀਵ (CYBORG-CYBERNETIC ORGANISM) ਹੈ।

ਇਸ ਸ਼ਬਦ ਦੀ ਖੋਜ 1960 ਦੇ ਦਹਾਕੇ ਵਿੱਚ ਮੈਨਫਰੈਡ ਕਲਾਇੰਨਸ ਤੇ ਨਾਥਨ ਐਸ ਕਲਾਇੰਨਸ ਨੇ ਕੀਤੀ ਸੀ। ਸਾਈਬੋਰਗ (CYBORG) ਵਿੱਚ ਮਨੁੱਖ ਦੇ ਜੀਵਨ ਨੂੰ ਸੁਖਾਲਾ ਕਰਨ ਲਈ ਮਸ਼ੀਨ ਤੇ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਣ ਦੇ ਤੌਰ ਤੇ ਮਨੁੱਖ ਦਿਲ ਦੀ ਗਤੀ ਨੂੰ ਨਿਰਧਾਰਤ ਕਰਨ ਲਈ ਪੇਸਮੇਕਰ ,ਅੱਖਾਂ ਦੀ ਦ੍ਰਿਸ਼ਟੀ ਨੂੰ ਦਰੁਸਤ ਕਰਨ ਲਈ ਲੈਨਜ਼, ਦੰਦਾਂ ਦੇ ਇੰਪਲਾਂਟ, ਕੰਨਾਂ ਦੀ ਸੁਣਨ ਸ਼ਕਤੀ ਲਈ ਕਾਕਲੀਅਰ (ਕੰਨ-ਵਲ) ਇੰਪਲਾਂਟ (COCHLEAR IMPLANT) ਆਦਿ ਮਨੁੱਖੀ ਸਰੀਰ ਤੇ ਵਿਗਿਆਨਕ ਤਕਨੀਕ ਤੇ ਆਧਾਰਿਤ ਮਸ਼ੀਨ ਦੇ ਸੁਮੇਲ ਨੂੰ ਦਰਸਾਉਂਦੀਆਂ ਹਨ।

ਜਿਵੇਂ ਜਿਵੇਂ ਵਿਗਿਆਨ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਜਾਵੇਗਾ, ਸਾਈਬੋਰਗ (CYBORG) ਮਨੁੱਖ ਸਰੀਰ ਦੇ ਕਈ ਆਯਾਮ ਵਿੱਚ ਆਪਣੀ ਹੋਂਦ ਸਥਾਪਤ ਕਰ ਲਵੇਗਾ। ਸਾਈਬੋਰਗ (CYBORG) ਆਉਣ ਵਾਲੇ ਭਵਿੱਖ ਵਿੱਚ ਮਨੁੱਖ ਦੀਆਂ ਕਈ ਕੁਦਰਤੀ ਸਮਰੱਥਾਵਾਂ ਨੂੰ ਉੱਨਤ ਕਰਨ ਵਿੱਚ ਸਹਾਈ ਹੋਵੇਗਾ। ਇਹਨਾਂ ਵਿੱਚ ਮਨੁੱਖ ਦੀ ਸੋਚ, ਸਮਰਣ ਸ਼ਕਤੀ, ਸਰੀਰਕ ਤਾਕਤ, ਬੌਧਿਕ ਪੱਧਰ ਆਦਿ ਸ਼ੁਮਾਰ ਹੋਣਗੇ।

ਅਜੋਕੇ ਸਮਾਜ ਵਿੱਚ ਅਨੇਕਾਂ ਪ੍ਰਾਣੀ ਹਨ ਜੋ ਸਿਰਫ ਆਪਣੇ ਸਰੀਰ ਦੇ ਅੰਗਾਂ ਨੂੰ ਕੁਦਰਤੀ ਜਾਂ ਗੈਰ ਕੁਦਰਤੀ ਤੌਰ ਤੇ ਗੁਆ ਚੁੱਕੇ ਸਨ, ਅੱਜ ਸਾਈਬੋਰਗ (CYBORG) ਦੀ ਮਦਦ ਨਾਲ ਆਮ ਇਨਸਾਨ ਵਾਂਗ ਜੀਵਨ ਬਤੀਤ ਕਰ ਰਹੇ ਹਨ। ਨਕਲੀ ਚਮੜੀ ਜੋ ਮਹਿਸੂਸ ਕਰਨ ਦੇ ਯੋਗ ਹੈ ਸਾਈਬੋਰਗ (CYBORG) ਦੀ ਦੇਣ ਵਜੋਂ ਮਨੁੱਖਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਆਉਣ ਵਾਲੇ ਭਵਿੱਖ ਵਿੱਚ ਨਿਊਰਾ ਲਿੰਕ (NEURALINK) (ਸਪੇਸ ਐਕਸ ਅਤੇ ਟੈਸਲਾ ਦੇ ਮਾਲਕ ਇਲੋਨ ਮਸਕ ਦੀ ਇੱਕ ਕੰਪਨੀ), ਸਿੰਕਰੋਂਨ (SYNCHRON) ਤੇ ਹੋਰ ਵੱਡੀਆਂ ਕੰਪਨੀਆਂ ਮਨੁੱਖੀ ਦਿਮਾਗ਼ ਤੇ ਕੰਪਿਊਟਰ ਦੇ ਸਾਂਝੇ ਸੁਮੇਲ () ਤੇ ਕੰਮ ਕਰ ਰਹੀਆਂ ਹਨ। ਜੇਕਰ ਉਹ ਇਸ ਖੋਜ ਵਿੱਚ ਸਫਲ ਹੁੰਦੀਆਂ ਹਨ ਤਾਂ ਅੰਧਰੰਗ, ਦਿਮਾਗ਼ੀ ਕਮਜ਼ੋਰੀ (DEMENTIA), ਯਾਦਦਾਸ਼ਤ ਦਾ ਖਤਮ ਹੋਣਾ ਵਰਗੇ ਅਨੇਕਾਂ ਰੋਗਾਂ ਲਈ ਕਫ਼ਨ ਤਿਆਰ ਕਰ ਦੇਣਗੀਆਂ।

ਮਨੁੱਖ ਅਤੇ ਤਕਨੀਕ ਦੀ ਸਾਂਝ ਜਿੰਨੀ ਤੇ ਜਿਉਂ ਜਿਉਂ ਵਧੇਗੀ, ਵਿਗਿਆਨ ਨਿੰਦਕ ਵੀ ਗਿਣਤੀ ਵਿੱਚ ਵਧਣਗੇ। ਅਜੋਕੇ ਸਮੇਂ ਏਆਈ ਮਨੁੱਖੀ ਦਿਮਾਗ਼ ਤੋਂ ਬੇਹਤਰ ਹੈ ਅਤੇ ਇਹ ਹਾਵੀ ਵੀ ਹੋ ਰਹੀ ਹੈ । ਵਿਗਿਆਨ ਨਿੰਦਕ ਮਨੁੱਖੀ ਪ੍ਰਜਾਤੀ ਦੇ ਵਿਨਾਸ਼ ਦੀਆਂ ਭਵਿੱਖਬਾਣੀਆਂ ਕਰ ਰਹੇ ਹਨ। ਵਿਕਸਤ ਹੋਣਾ ਕੁਦਰਤ ਦਾ ਨਿਯਮ ਹੈ, ਮਨੁੱਖੀ ਸਭਿਅਤਾ ਜਿੰਨੀ ਜਲਦੀ ਪ੍ਰੰਤੂ ਕੁਝ ਦਾਇਰਿਆਂ ਤਹਿਤ ਮਸ਼ੀਨ ਤੇ ਸਰੀਰ ਦਾ ਸੁਮੇਲ ਅਪਣਾਏਗੀ ਉੰਨਾ ਹੀ ਵਧੀਆ ਰਹੇਗਾ। ਆਉਣ ਵਾਲੇ ਭਵਿੱਖ ਵਿੱਚ ਦਿਮਾਗ਼ ਤੇ ਕੰਪਿਊਟਰ ਦੇ ਸੁਮੇਲ ਦੇ ਉਸ ਪੜਾਅ ਲਈ ਆਸ ਤੇ ਅਰਦਾਸ ਜੋ ਮਨੁੱਖੀ ਸਭਿਅਤਾ ਲਈ ਹਰ ਸੰਭਵ ਤਰੀਕੇ ਨਾਲੇ ਲਾਹੇਵੰਦ ਹੋਵੇਗਾ!

ਸੁਰਿੰਦਰਪਾਲ ਸਿੰਘ ਕਿੱਤੇ ਵਜੋਂ ਇੱਕ ਅਧਿਆਪਕ ਹੈ। ਵਿਦਿਆਰਥੀਆਂ ਦੇ ਬਹੁ ਪੱਖੀ ਵਿਕਾਸ ਲਈ ਵਿਗਿਆਨ ਦੀ ਵਰਤੋਂ ਕਰਦਾ ਹੈ। ਪਿੰਡਾਂ ਦੇ ਵਿਦਿਆਰਥੀ ਵਿਗਿਆਨ ਵਿਸ਼ੇ ਵਿੱਚ ਰੁਚੀ ਰੱਖਦੇ ਹਨ ਪ੍ਰੰਤੂ ਅੰਗ੍ਰੇਜ਼ੀ ਭਾਸ਼ਾ ਦੀ ਔਖ ਕਾਰਣ ਕਈ ਵਾਰ ਵਿਗਿਆਨ ਦੀ ਪੜ੍ਹਾਈ ਜਾਰੀ ਨਹੀ ਰੱਖ ਸਕਦੇ ਸੋ ਉਹ ਵਿਗਿਆਨ ਅਧਿਆਪਕ ਹੋਣ ਨਾਤੇ ਵਿਗਿਆਨ ਦੀਆਂ ਨਵੇਕਲੀਆਂ,

ਭਵਿੱਖਤ ਤੇ ਪੁਰਾਤਨ ਕਾਢਾਂ ਨੂੰ ਮਾਂ ਬੋਲੀ ਵਿੱਚ ਲੇਖਾਂ ਰਾਹੀ ਵਿਦਿਆਰਥੀਆਂ ਦੇ ਸਨਮੁੱਖ ਰੱਖ ਰਿਹਾ ਹੈ। ਉਹ ਕਵਿਤਾ ਅਤੇ ਲੇਖ ਲਿਖਦਾ ਹੈ ਤੇ ਦੋ ਭਾਸ਼ਾਵਾਂ ਅੰਗ੍ਰੇਜ਼ੀ ਤੇ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰਦਾ ਹੈ।

Nature

ਜੇ…॥

ਰੂਪ ਢਿੱਲੋਂ

ਧੁੱਪ, ਧੁੱਪ ਧੁੱਪ ’ਤੇ ਹੋਰ ਧੁੱਪ। ਧੁੱਪ ਹੀ ਧੁੱਪ। ਸਾਰੇ ਪਾਸੇ ਸੂਰਜ ਦਾ ਸੇਕ। ਸਾਰੇ ਪਾਸੇ ਆਦਮੀ ਦਾ ਅਤੀਤ। ਹੁਣ ਤਿੰਨ ਲੱਖ ਵਰ੍ਹਿਆਂ ਬਾਅਦ ਏਸ ਜੱਗ ‘ਤੇ ਇਨਸਾਨ ਦਾ ਨਿਵਾਸ ਨਹੀਂ ਸੀ। ਸ਼ਾਇਦ ਖ਼ੁਦ ਹੀ ਚੋਲ਼ਾ ਛੱਡ ਗਏ। ਬੰਦਾ-ਕੌਮ ਹੁਣ ਰਹੀ ਨਹੀਂ। ਜੇ ਇੱਕ ਦੋ ਜਣੇ ਹਨ, ਹੁਣ ਸਾਡੇ ਵਾਂਙ ਰਹਿ ਰਹੇ ਹੋਣਗੇ। ਜੰਗਲ ਵਿੱਚ, ਗੁਫਾਵਾਂ ਵਿੱਚ, ਖੁੱਡਾਂ ਵਿੱਚ। ਪਰ ਉਨ੍ਹਾਂ ਬਾਰੇ ਕੋਈ ਕੋਈ ਚਰਚਾ ਨਹੀਂ ਸੁਣਿਆ। ਨਾ ਕੇ ਕਿਸੇ ਪੰਛੀ ਨੇ ਵੇਖਿਆ, ਨਾ ਕੇ ਕਿਸੇ ਹਿਰਨ ਨੇ, ਨਾ ਕੇ ਕਿਸੇ ਗਊ ਨੇ। ਗਊਆਂ, ਸੂਰ ’ਤੇ ਕੁੱਕੜੀਆਂ ਪਹਿਲੀ ਵਾਰੀ ਸਦੀਆਂ ਵਿੱਚ ਸਹੀ ਸਲਾਮਤ ਹਨ। ਪਰ ਜਿਹੜੇ ਉਨ੍ਹਾਂ ਦੇ ਵਾੜਾਂ ਵਿੱਚ ਜਾਂ ਪਲਾਂਟਾਂ ਵਿੱਚ ਰਹਿ ਗਏ, ਭੁੱਖ ਨਾਲ਼ ਫੌਤ ਹੋ ਚੁੱਕੇ। ਭੁੱਖਮਰੀ ਦਾ ਨਤੀਜਾ ਸੀ ਕਿ ਉਹ ਇੱਕ ਦੂਜੇ ਨੂੰ ਮਾਰ ਕੇ ਖਾਣ ਤੀਕਰ ਪੁੱਜ ਗਏ।

ਤਿੰਨ ਲੱਖ ਸਾਲਾਂ ਬਾਅਦ ਗ੍ਰਹਿ ਨੇ ਸੁੱਖ ਵਾਲ਼ਾ ਸਾਹ ਭਰਿਆ ਹੈ। ਪਰ ਅਸੀਂ ਸਭ ਹਾਲੇ ਹੋਂਦ ਵਿੱਚ ਹਾਂ। ਹਮੇਸ਼ਾ ਵਾਂਙ ਅਸਾਂ ਘਾਹ ਖਾਂਦੇ ਹਾਂ, ਜਾਂ ਸ਼ਿਕਾਰ ਕਰਦੇ ਜਾਂ ਖ਼ੁਦ ਸ਼ਿਕਾਰ ਹਾਂ। ਉਨ੍ਹਾਂ ਵਾਂਗਰ ਇਰਦ ਗਿਰਦ ਨੂੰ ਅਦਲ ਬਦਲ ਨਹੀਂ ਸਕਦੇ। ਕੁਦਰਤ ਦਾ ਰਾਜ ਵਾਪਸ ਆ ਚੁੱਕਾ ਸੀ। ਕਲਯੁਗ ਤੁਰ ਪਿਆ ਸੀ।

ਕਿਸੇ ਨੂੰ ਯਾਦ ਨਹੀਂ ਪਤਾ ਕਦ ਬੰਦਾ ਖਤਮ ਹੋ ਗਿਆ ਸੀ। ਉਨ੍ਹਾਂ ਨੇ ਕਈ ਬਣਤਰ ਉਸਾਰੇ ਸਨ। ਆਸ ਪਾਸ ਹਾਲੇ ਵੀ ਉਨ੍ਹਾਂ ਦੇ ਟਿਕਾਣੇ ਹਨ, ਇੱਟਾਂ ਦੀਆਂ ਇਮਾਰਤਾਂ, ਸ਼ਹਿਰ, ਜੋ ਹੁਣ ਸਿਰਫ਼ ਮਲਬੇ ਹਨ, ਜਾਂ ਲੰਮੇ ਲੰਮੇ ਬਰਜ ਜਾਂ ਕੱਚੇ-ਕਿਲੇ, ਸਭ ਵੱਲਾਂ ਨਾਲ਼ ਲਪੇਟੇ। ਉਂਞ ਜਿੱਥੇ ਵੀ ਉਨ੍ਹਾਂ ਦੀਆਂ ਕੰਕਰੀਟ ਤਾਮੀਰਾਂ ਹਨ, ਹੁਣ ਤਰ੍ਹਾਂ ਤਰ੍ਹਾਂ ਦੇ ਬੂਟੇ ਚੜ੍ਹਾਈ ਕਰ ਕੇ ਵੱਸ ਚੁੱਕੇ ਨੇ। ਸ਼ਹਿਰਾਂ, ਨਗਰਾਂ, ਪਿੰਡਾਂ ’ਚ ਘੱਟ ਇੱਟਾਂ ਦਿੱਸ ਰਹੀਆਂ, ਜ਼ਿਆਦਾ ਹਰੀਆਲੀ ਜਾਪਦੀ ਹੈ। ਬੰਦੇ ਨੇ ਛੱਡ ਦਿੱਤਾ ਅਤੇ ਕੁਦਰਤ ਨੇ ਮੱਲ ਲਿਆ।

ਜਿੱਥੇ ਓਨ੍ਹਾਂ ਸ਼ਹਿਰਾਂ ਵਿੱਚ ਕਾਰਾਂ ਦੀ ਟੀਂ ਟੀਂ ਜਾਂ ਟ੍ਰੇਨਾਂ ਦੀ ਰਫ਼ਤਾਰ ਸੁਣਦੀ ਸੀ, ਜਾਂ ਧੁਆਂਖ ਫ਼ਲਕ ਨੂੰ ਕਾਲ਼ਾ ਕਰਦੀ ਸੀ, ਹੁਣ ਸਾਫ਼ ਨੀਲਾ ਅਸਮਾਨ ਹੈ। ਹੁਣ ਰੋਜ਼ ਪੰਛੀਆਂ ਨਾਲ਼ ਭਰਿਆ ਹੈ। ਜਦ ਦਾ ਬੰਦਾ ਚੱਲੇ ਗਿਆ ਲੋਹੇ ਦੇ ਉਕਾਬ, ਛਾਈਂ ਮਾਈ ਹੋ ਰਹੇ ਨੇ। ਖ਼ੈਰ, ਅੰਬਰ ਤੋਂ। ਹੁਣ ਧਰਤ ‘ਤੇ ਓਦੋਂ ਦੇ ਚੁੱਪ ਚਾਪ ਬੈਠੇ ਨੇ। ਕਾਰਾਂ ਟਰਕਾਂ ਵਾਂਙ ਮੀਂਹ ਵਿੱਚ ਭਿੱਜ ਕੇ ਜੰਗ ਨਾਲ਼ ਕੇਸਰੀਆਂ ਜੱਸੇ ਪਿੰਜਰ ਹੀ ਬਣ ਚੁੱਕੇ ਨੇ।

ਹੁਣ ਬੰਦੇ ਦਾ ਮੂੰਹ ਕੋਈ ਹਰੇ ਰੰਗ ਦੀ ਬੇਨਕਸ਼ ਚਟਾਨ ਹੈ। ਅੱਖਾਂ ਤੱਕ ਵੀ ਸਾਨੂੰ ਯਾਦ ਨਹੀਂ ਰਹੀਆਂ। ਕਦੀਂ ਕਦੀਂ ਕੋਈ ਕੰਧ ਜਾਂ ਬਿਲਬੋਰਡ ਉੱਤੇ ਉਨ੍ਹਾਂ ਦੇ ਮੂੰਹਾਂ ਦੀ ਤਸਵੀਰ ਦਿਖਦੀ ਹੈ। ਪਰ ਇਹ ਸਾਰੇ ਅੱਧ ਪਾਟੇ ਹਨ, ਤਾਰ ਤਾਰ ਤੇ ਬਦਰੰਗ ਹੋਇਓ। ਹੁਣ ਉਨ੍ਹਾਂ ਤੋਂ ਡਰ ਕੇ ਉਡਾਰੀ ਮਾਰ ਦਿੰਦੇ ਹਨ, ਹਾਲਾਂ ਕਿ ਪਹਿਲਾਂ ਕਬੂਤਰ ਡਰਣ ਦੀ ਬਜਾਏ ਉਨ੍ਹਾਂ ਕੋਲ਼ ਜਾ ਕੇ ਦਾਣੇ ਖਾਂਦੇ ਸਨ।

ਮੈਂ ਦੂਜੀਆਂ ਚਿੜੀਆਂ ਨਾਲ਼ ਸ਼ੁੱਧ ਅਰਸ਼ ਉੱਤੇ ਮੰਡਲਾਉਂਦਾ ਹਾਂ। ਤਰ੍ਹਾਂ ਤਰ੍ਹਾਂ ਦੇ ਪੰਛੀ ਉੱਡ ਰਹੇ ਹਨ। ਕਾਂ ਅਤੇ ਤੋਤੇ ਅਤੇ ਕਬੂਤਰ ਅਤੇ ਬੁਲਬੁਲ ਅਤੇ ਕੋਇਲ ਅਤੇ ਸਮੁੰਦਰੀ ਮੰਡਲਾਵਾਂ। ਬਾਜ਼ਾਂ ਤੋਂ ਦੂਰ ਲਹਿਰਾਉਂਦੇ ਨੇ। ਵੱਡੇ ਪੰਛੀ ਹਵਾ ਦੇ ਮੋਢਿਆਂ ਉੱਤੇ ਉਡ ਰਹੇ ਨੇ। ਮੁਰਗ਼ਾਬੀਆਂ ਦੀਆਂ ਤਿਰਛੀਆਂ ਕਤਾਰਾਂ ਅੰਬਰ ’ਤੇ ਮਾਂਜੇ ਫੇਰਦੀਆਂ ਹਨ। ਜੋ ਵੀ ਧਰਤ ਉੱਤੇ ਹੈ, ਸਭ ਨੂੰ ਦਿੱਸਦਾ ਹੈ। ਸਾਡੇ ਲੋਇਣ ਗੰਡੋਏ ਟੋਲ਼ ਰਹੇ ਨੇ, ਬਾਜ਼ ਸੱਸੇ ਸਹੇ ਨੂੰ, ਬਤਖਾਂ ਮੱਛੀਆਂ ਨੂੰ। ਮੇਰਾ ਇੱਕ ਆੜੀ ਮੇਰੇ ਨਾਲ਼ ਇੱਕ ਉੱਚੇ ਅੱਠ ਮੰਜਲੇ ਦੇ ਬਾਮ ਉੱਤੇ ਆ ਬਹਿ ਜਾਂਦਾ। ਅਸੀਂ ਥੱਲੇ ਜੋ ਬੰਦਿਆਂ ਦਾ ਸ਼ਹਿਰ ਦਾ ਰਹਿ ਚੁੱਕਾ ਸੀ, ਵੱਲ ਧਿਆਨ ਮਾਰਦੇ ਹਾਂ।

ਹੇਠਾਂ ਅਨਾਥ ਨਗਰ ਵਿੱਚ ਹੁਣ ਕਈ ਤਰ੍ਹਾਂ ਦੇ ਚੌਖਰ ਜੀਵ ਜਾਨਵਰ ਜੀ ਰਹੇ ਨੇ। ਮੇਰੇ ਆੜੀ ਨੇ ਇੱਕ ਵਾਰੀ ਮੈਨੂੰ ਪੁੱਛਿਆ ਸੀ - ਤੈਨੂੰ ਇਨਸਾਨਾਂ ਬਾਰੇ ਅਤੇ ਇਸ ਪੱਥਰ ਲੋਹੇ ਦੇ ਅਲੋਕਾਰਾਂ ਬਾਰੇ ਕਿੰਞ ਪਤਾ ਹੈ?

ਮੇਰੀ ਨਾਨੀ ਨੇ ਦੱਸਿਆ ਹੈ। ਇਹ ਸਭ ਕੁਝ ਚਾਲੂ ਸੀ, ਜਦ ਉਸ ਦੀ ਨਾਨੀ ਜਿਊਂਦੀ ਸੀ। ਉਸ ਨੇ ਸ਼ਹਿਰ, ਕਾਰ, ਟਰੱਕ ਵਗੈਰਾ ਵਗੈਰਾ ਸ਼ਬਦ ਫੜਾਏ ਨੇ। ਤਾਂ ਹੀ ਮੈਂ ਜਾਣਦਾ ਹਾਂ। ਮਾਂ ਕਹਿੰਦੀ ਹੁਣ ਜੰਨਤ ਵਾਪਸ ਆ ਗਈ ਹੈ। ਉਨ੍ਹਾਂ ਨੇ ਸਭ ਕੁਝ ਧਰਤ ਵਿੱਚੋਂ ਕੱਢ ਕੱਢ ਕੇ ਆ ਦੁਨੀਆ ਬੁਣਾਈ ਸੀ, ਪਰ ਹੁਣ ਉਹ ਤੁਰ ਗਏ…ਅਤੇ ਆਪਣਾ ਗੰਦ ਪਾ ਕੇ ਛੱਡ ਦਿੱਤਾ। ਪਰ ਵੇਖ, ਹੁਣ ਸਾਰੇ ਜਨੌਰ ਆਪਣੇ ਲਈ ਇਸਤੇਮਾਲ ਕਰ ਰਹੇ ਹਨ। ਕਾਸ਼! ਜੇ ਉਨ੍ਹਾਂ ਨੇ ਪਹਿਲਾਂ ਨਹੀਂ ਕੀਤਾ ਹੁੰਦਾ ਤਾਂ ਜੱਗ ਹੋਰ ਵੀ ਚੰਗਾ ਹੋਣਾ ਸੀ। ਮੈਨੂੰ ਸਾਥ ਦੱਸ ਰਿਹਾ ਸੀ ਜਦ ਉਹ ਸਮੁੰਦਰ ਵਿੱਚ ਮੱਛੀ ਫੜਨ ਗਿਆ ਸੀ, ਪਾਣੀ ਵਿੱਚ ਬੰਦਿਆਂ ਦਾ ਕੂੜਾ ਸੀ। ਪਲਾਸਟਿਕ, ਜਾਲ਼ ਅਤੇ ਹੋਰ ਖੇਹ ਸੁਆਹ ਸਮੁੰਦਰ ਵਿੱਚ ਜਲ ਪਰਵਾਹ ਕਰਦਾ। ਕਈ ਮੱਛ ਮੱਛੀਆਂ ਉਨ੍ਹਾਂ ਨੂੰ ਖਾ ਕੇ ਖਤਮ ਹੋ ਜਾਂਦੀਆਂ ਜਾਂ ਜਾਲ਼ਾਂ ਵਿੱਚ ਫਸ ਕੇ ਮਾਰ ਜਾਂਦੇ ਨੇ। ਆਹ ਸ਼ਹਿਰ ਵਿੱਚ ਵੇਖ ਲਿਓ, ਕੂੜਾ ਸਾਰੇ ਪਾਸੇ ਸੁੱਟਿਆ ਹੋਇਆ ਹੈ। ਬੰਦਾ ਤਾਂ ਜਾਨਵਰਾਂ ਤੋਂ ਜ਼ਿਆਦਾ ਹੈਵਾਨ ਸੀ। ਹਾਂ, ਜੇ ਉਹ ਨਾ ਹੁੰਦੇ। ਵੇਖ! ਉਨ੍ਹਾਂ ਨੇ ਕੀ ਕੁਝ ਪਿੱਛੇ ਛੱਡ ਦਿੱਤਾ ਹੈ।

ਆਣੀ ਜਾਣੀ ਤਾਂ ਹਰ ਜੀਵ ਵਾਸਤੇ ਹੈ। ਹਾਰ ਕੇ ਸਾਰੇ ਖਤਮ ਹੋ ਜਾਂਦੇ ਹਨ ਅਤੇ ਕੋਈ ਨਵਾਂ ਜੀਵ ਪੈਦਾ ਹੋ ਜਾਂਦਾ…ਤੇ ਜੱਗ ਦਾ ਸਰਤਾਜ ਬਣ ਜਾਂਦਾ।

ਸਹੀ ਗੱਲ ਤੇਰੀ। ਜੇ ਉਹ ਨਾ ਹੁੰਦੇ ਖੌਰ੍ਹੇ ਹੋਰ ਕਿਸੇ ਜੀਵ ਨੇ ਸਰਤਾਜ ਬਣਕੇ ਇਹ ਕੁਝ ਕਰ ਦੇਣਾ ਸੀ। ਪਰ ਮੈਨੂੰ ਲੱਗਦਾ ਨਹੀਂ। ਹੋਰ ਕਿਸੇ ਕੋਲ਼ ਉਨ੍ਹਾਂ ਦਾ ਵਿਵੇਕ ਨਹੀਂ ਹੈ ਜਾਂ ਯੋਗਤਾ।

ਕਿਹੜੀ ਯੋਗਤਾ? ਜੇ ਉਨ੍ਹਾਂ ਕੋਲ਼ ਅਕਲ ਹੁੰਦੀ ਤਾਂ ਆ ਕੁਝ ਸਾਡੇ ਵਾਸਤੇ ਨਾ ਛੱਡ ਜਾਂਦੇ, ਤੇ ਉਹ ਹਾਲੇ ਵੀ ਹੋਂਦ ’ਚ ਹੁੰਦੇ।

ਲੈ ਦੱਸ! ਤੂੰ ਹੁਣੇ ਹੀ ਮੰਨ ਚੁੱਕਾ ਸੀ ਕਿ ਦੁਨੀਆ ਆਣੀ ਜਾਣੀ ਦਾ ਚੱਕਰ ਹੈ। ਇੱਕ ਦਿਨ ਤਾਂ ਆਦਮੀ ਨੇ ਮੁੱਕਣਾ ਹੀ ਸੀ।

ਠੀਕ। ਮੈਂ ਤੇਰੇ ਵਰਗਾ ਗੱਲਾਂ ਦਾ ਬਾਦਸ਼ਾਹ ਨਹੀਂ ਹਾਂ। ਪਰ ਗੱਲ ਤੇਰੀ ਦਿਲਚਸਪੀ ਤਾਂ ਹੈ। ਇੰਞ ਕਹਿ ਕੇ ਮੇਰਾ ਆੜੀ ਇੱਕ ਬਾਰ ਫੇਰ ਹੇਠਾਂ ਝਾਕਣ ਲੱਗ ਪਿਆ। ਕਾਰਾਂ ਵੱਲ, ਟੱਰਕਾਂ ਵੱਲ, ਮਕਾਨਾਂ ਤੇ ਦੁਕਾਨਾਂ ਵੱਲ। ਸਭ ਪੁਰਾਣੇ ਪਰ ਅਛੂਤੇ। ਪਰ ਸੱਚ ਸੀ, ਹੁਣ ਹੋਰ ਸਾਰੇ ਜੀਵ ਇਨ੍ਹਾਂ ਜਗ੍ਹਾਵਾਂ ਵਿੱਚ ਹਨ। ਵਰਤ ਰਹੇ ਨੇ, ਜੋ ਵਰਤ ਸਕਦੇ। ਬਾਕੀ ਤਾਂ ਢੇਰੀ ਹੀ ਹੈ। ਅਪਰਚਲਿਤ ਸੱਭਿਅਤਾ।

ਅਸੀਂ ਛੱਤ ਤੋਂ ਉੱਡ ਪਏ। ਥੱਲੇ ਆਦਮੀ ਦਾ ਵਿਰਸਾ, ਹਰਿਆਵਲ ਦੇ ਹੇਠਾਂ ਇੱਕ ਮਕਬਰਾ ਸੀ। ਹੋ ਸਕਦਾ ਇੱਕ ਦਿਹਾੜੀ ਉਨ੍ਹਾਂ ਵਾਂਗਰ ਕੋਈ ਨਵਾਂ ਜੀਵ ਉੱਠੇਗਾ। ਅਤੇ ਜਦ ਉਹ ਇਹ ਸਭ ਕੁਝ ਵੱਲ ਝਾਤੀ ਮਾਰੇਗਾ, ਤਾਂ ਉਹ ਆਦਮਜ਼ਾਤ ਬਾਰੇ ਕੀ ਸੋਚੇਗਾ?

ਅੰਬਰ ਦੀ ਅੱਖ ਰੋਂਣ ਲੱਗ ਪਈ। ਛਿੱਟੇ ਪੈਣ ਲੱਗ ਪਏ। ਪਦਮ ਕਣੀਆਂ ਧਰਤ ਵੱਲ ਉੱਤਰਨ ਲੱਗ ਪਈਆਂ। ਉਨ੍ਹਾਂ ਵਿੱਚ ਸ਼ਾਇਦ ਇੱਕ ਬੂੰਦ ਹੈ ਜੋ ਹਜ਼ਾਰ ਪਦਮ ਪਹਿਲਾਂ ਇਹ ਗੇੜਾ ਮਾਰ ਚੁੱਕੀ। ਹੁਣ ਫੇਰ ਧਰਤ ਵੱਲ ਬੂੰਦ ਚੱਲੀ ਹੈ। ਇੱਕ ਬਾਰ ਕਿਸੇ ਬੰਦੇ ਦੇ ਸੀਸ ਉੱਤੇ ਡਿੱਗੀ ਸੀ, ਫੇਰ ਭਾਫ਼ ਹੋ ਕੇ ਫ਼ਲਕ ’ਚ ਜਾ ਕੇ ਕਿਸੇ ਬੱਦਲ਼ ਵਿੱਚ ਸ਼ਾਮਲ ਹੋ ਪਈ ਸੀ। ਫੇਰ ਡਰਦੀ ਡਰਦੀ ਇੱਕ ਬਾਰ ਫੇਰ ਧਰਤ ਉੱਤੇ ਡਿੱਗੀ, ਕਿਸੇ ਗਊ ਦੇ ਪਿੰਡੇ ’ਤੇ ਜਾਂ ਬੂਟੇ ’ਤੇ। ਜੇ ਇੰਞ ਬਾਰ ਬਾਰ ਕਰੀ ਗਈ, ਲੱਖ ਲੱਖ ਇਮਕਾਨਾਂ ਨਾਲ਼ ਸਭ ਨੂੰ ਛੋਹ ਸਕਦੀ ਹੈ। ਹਰ ਵਾਰੀ ਬਦਲ ਕੇ ਵਾਪਸ ਜਾਂਦੀ, ਫੇਰ ਆਉਂਦੀ। ਪਰ ਇਸ ਬਾਰ ਕੋਈ ਇਨਸਾਨ ਨਹੀਂ ਰਿਹਾ। ਪਰ ਉਨ੍ਹਾਂ ਦੀਆਂ ਇਮਾਰਤਾਂ, ਮੋਟਰਾਂ ਦੇ ਪਿੰਜਰ ਜਾਂ ਕੰਕਰੀਟਾਂ ਦੀਆਂ ਸੜਕਾਂ ਉੱਤੇ ਜਾ ਡਿੱਗ ਸਕਦੀ ਹੈ। ਖੰਡਰਾਂ ਨੂੰ ਛੋਹ ਕੇ ਕੀ ਸਿੱਖ ਸਕਦੀ ਹੈ? ਥੇਹਾਂ ਉੱਤੇ ਤਾਂ ਜਾਨਵਰ ਹੁਣ ਰਾਜ ਕਰ ਰਹੇ ਹਨ। ਫੇਰ ਵੀ ਉਸ ਬੂੰਦ ਅਤੇ ਉਸ ਦੇ ਭੈਣ ਭਰਾ ਧਰਤ ਉੱਤੇ ਵੱਸ ਰਹੇ ਨੇ। ਰਿਮਝਿਮ, ਰਿਮਝਿਮ ਰਿਮਝਿਮ ’ਤੇ ਹੋਰ ਰਿਮਝਿਮ। ਰਿਮਝਿਮ ਹੀ ਰਿਮਝਿਮ। ਸਾਰੇ ਪਾਸੇ ਵਰਖਾ ਦਾ ਵੱਤਰ।

ਬਾਰ ਬਾਰ, ਉਸ ਬੂੰਦ ਨੇ ਬਦਲ ਕੇ ਵਾਪਸ ਹੀ ਆਉਣਾ ਹੈ। ਉਸ ਦਾ ਰੂਪ ਹਮੇਸ਼ਾ ਬਦਲਦਾ। ਪਰ ਹਾਰ ਕੇ ਬੂੰਦ ਬਣ ਜਾਂਦੀ ਅਤੇ ਉਹ ਹੀ ਸਫ਼ਰ ’ਤੇ ਵਾਪਸ ਪਰਤਦੀ। ਰਿਮਝਿਮ, ਰਿਮਝਿਮ ਰਿਮਝਿਮ ’ਤੇ ਹੋਰ ਰਿਮਝਿਮ। ਰਿਮਝਿਮ ਹੀ ਰਿਮਝਿਮ। ਸਾਰੇ ਪਾਸੇ ਵਰਖਾ ਦਾ ਵੱਤਰ।

ਖਤਮ

ਰੂਪ ਢਿੱਲੋਂ

ਰੁਪਿੰਦਰਪਾਲ ਸਿੰਘ ਢਿੱਲੋਂ (ਰੂਪ ਢਿੱਲੋਂ) ਕਹਾਣੀ, ਨਾਵਲ ਅਤੇ ਕਵਿਤਾ ਲਿਖਦਾ, ਇੱਕ ਬਰਤਾਨਵੀ ਸਮਕਾਲੀ ਪੰਜਾਬੀ ਲੇਖਕ ਹੈ। ਰੂਪ ਢਿੱਲੋਂ ਇੰਗਲੈਂਡ ਦਾ ਜੰਮਪਲ ਅਤੇ ਅੰਗਰੇਜ਼ੀ ਸਾਹਿਤ ਦਾ ਚੰਗਾ ਜਾਣੂ ਹੈ। ਉਸਨੇ ਔਕਸਫੋਡ ਯੂਨੀਵਰਸਿਟੀ ਤੋਂ ਉਚੇਰੀ ਪੜ੍ਹਾਈ ਹਾਸਲ ਕੀਤੀ ਹੈ। ਹੁਣ ਤੱਕ ਉਸਦੇ ਪ੍ਰਕਾਸ਼ਿਤ ਹੋ ਚੁੱਕੇ ਨਾਵਲ ਤੇ ਕਹਾਣੀਆਂ ਹਨ - ਨੀਲਾ ਨੂਰ (2007), ਬੇਘਰ ਚੀਤਾ (2009), ਕਲਦਾਰ (2010), "ਬਾਰਸੀਲੋਨਾ: ਘਰ ਵਾਪਸੀ" (2010), ਭਰਿੰਡ (2011),ਓ, (2015), ਗੁੰਡਾ (2014), ਸਮੁਰਾਈ (2016), ਚਿੱਟਾ ਤੇ ਕਾਲ਼ਾ (2022), ਹੌਲ (2023)।

ਝੂਠ ਦਾ ਪੁਲੰਦਾ ਕਿਵੇਂ ਖੋਲ੍ਹੀਏ?

ਅਮਨਦੀਪ ਸਿੰਘ

ਅੱਜ-ਕੱਲ ਝੂਠੀਆਂ ਖ਼ਬਰਾਂ ਦੀ ਭਰਮਾਰ ਹੈ।

ਹੁਣ ਇੱਥੇ ਹਰ ਕੋਈ ਹੀ ਪੱਤਰਕਾਰ ਹੈ।

ਕੋਈ ਵੀ ਔਨਲਾਈਨ ਕੁਝ ਵੀ ਪੋਸਟ ਕਰ ਹੈ ਸਕਦਾ।

ਆਪਣੀ ਕੋਈ ਵੀ ਸੱਚੀ-ਝੂਠੀ ਖ਼ਬਰ ਘੜ ਹੈ ਸਕਦਾ।

ਇਸ ਲਈ ਕਿਹਾ ਹੈ -

ਝੂਠ ਦਾ ਪੁਲੰਦਾ ਕਿਵੇਂ ਖੋਲ੍ਹੀਏ?

ਸੱਚ ਤੇ ਝੂਠ ਨੂੰ ਕਿਵੇਂ ਤੋਲੀਏ?

ਭਾਵਨਾਵਾਂ ਦੇ ਵਹਿਣ ਵਿਚ ਵਹਿ ਕੇ -

ਕਦੇ ਵੀ ਨਾ ਡੋਲੀਏ!

ਪਹਿਲਾਂ ਜਾਣੋ ਸੰਦਰਭ -

ਕਿਤੇ ਝੂਠਾ, ਪੁਰਾਣਾ ਜਾਂ ਗ਼ਲਤ ਤਾਂ ਨਹੀਂ।

ਫਿਰ ਦੇਖੋ ਪ੍ਰਮਾਣ -

ਕਿਤੇ ਬਦਲਿਆ ਜਾਂ ਮਨਘੜਤ ਤਾਂ ਨਹੀਂ।

ਤਰਕ ਨਾਲ਼ ਪੁੱਛ ਕੇ ਸਵਾਲ

ਕਰੋ ਸਬੂਤ ਇਕੱਠਾ।

ਫਿਰ ਜਾਣੋ ਸਰੋਤ -

ਕਿਤੇ ਐਵੇਂ ਤਾਂ ਨਹੀਂ ਹਾਸਾ ਠੱਠਾ!

ਹਰ ਇੱਕ ਖ਼ਬਰ ਨੂੰ ਤਰਕ ਤੇ ਆਲੋਚਨਾ ਨਾਲ਼ ਵੇਖੋ।

ਥੋੜ੍ਹਾ ਠਹਿਰੋ ਤੇ ਅੱਗੇ ਭੇਜਣ ਤੋਂ ਪਹਿਲਾਂ ਸੋਚੋ!

ਸਕ੍ਰੀਨ ਤੋਂ ਹਟ ਕੇ ਵੀ ਸੰਸਾਰ ਨੂੰ ਜਾਣੋ।

ਕੁਦਰਤ ਨੂੰ ਦੇਖੋ, ਸੁਣੋ ਤੇ ਪਛਾਣੋ।

ਜੇ ਅਸੀਂ ਸੂਚਿਤ ਤੇ ਜਾਗਰੂਕ ਹੈ ਰਹਿਣਾ।

ਤਾਂ ਸਾਨੂੰ ਥੋੜ੍ਹਾ ਕੰਮ ਕਰਨਾ ਹੈ ਪੈਣਾ।

ਖ਼ਬਰਾਂ ਦੇ ਸਰਗਰਮ ਖਪਤਕਾਰ ਬਣਨਾ ਹੈ ਪੈਣਾ।

ਸੱਚੀ ਤੇ ਝੂਠੀ ਖ਼ਬਰ ਨੂੰ ਪਛਾਣਨਾ ਹੈ ਪੈਣਾ।

ਤਾਂ ਹੀ ਅਸੀਂ ਆਜ਼ਾਦ ਬਣ ਸਕਦੇ ਹਾਂ।

ਸੁਤੰਤਰ ਸੋਚ ਵਿਕਸਿਤ ਕਰ ਸਕਦੇ ਹਾਂ।

ਆਪਣੇ ਫ਼ੈਸਲੇ ਖ਼ੁਦ ਲੈ ਸਕਦੇ ਹਾਂ।

ਫ਼ਰਜ਼ੀ ਖ਼ਬਰਾਂ ਤੇ ਧੋਖੇ ਤੋਂ ਬਚ ਸਕਦੇ ਹਾਂ।

Nature

ਬੱਚਿਆਂ ਦਾ ਕੋਨਾ

ਸ਼ਤਰੰਜ ਅਤੇ ਤਘਾਤਾਂਕ ਅੰਕਾਂ ਦੀ ਦਾਸਤਾਨ

ਪੇਸ਼ਕਸ਼ - ਅਮਨਦੀਪ ਸਿੰਘ

ਕਹਿੰਦੇ ਹਨ ਸ਼ਤਰੰਜ ਖੇਡ ਦੀ ਕਾਢ ਇਕ ਗ਼ਰੀਬ ਪਰ ਹੁਸ਼ਿਆਰ ਕਿਸਾਨ ਨੇ ਕੀਤੀ ਸੀ। ਉਹ ਖੇਡ ਬਹੁਤ ਮਸ਼ਹੂਰ ਹੋ ਗਈ। ਜਦੋਂ ਦੇਸ਼ ਦੇ ਰਾਜੇ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਵੀ ਉਹ ਖੇਡ ਬਹੁਤ ਪਸੰਦ ਆਈ। ਉਸਨੇ ਕਿਸਾਨ ਨੂੰ ਮਿਲਣ ਵਾਸਤੇ ਤੇ ਸਨਮਾਨਿਤ ਕਰਨ ਲਈ ਸੱਦਾ-ਪੱਤਰ ਭੇਜਿਆ। "ਇੰਨੀ ਵਧੀਆ ਖੇਡ ਦੀ ਖੋਜ ਕਰਨ ਵਾਸਤੇ ਅਸੀਂ ਤੈਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ। ਤੇਰੀ ਜੋ ਵੀ ਇੱਛਾ ਹੈ ਤੂੰ ਉਹ ਚੀਜ਼ ਮੰਗ ਸਕਦਾ ਹੈਂ, ਮੇਰਾ ਵਾਅਦਾ ਹੈ ਕਿ ਅਸੀਂ ਤੈਨੂੰ ਉਹ ਜ਼ਰੂਰ ਦੇਵਾਂਗੇ!", ਰਾਜੇ ਨੇ ਕਿਸਾਨ ਨੂੰ ਆਖਿਆ। ਕਿਸਾਨ ਨੇ ਨਿਮਰਤਾ ਨਾਲ਼ ਆਖਿਆ, "ਮਹਾਰਾਜ, ਸਿਰਫ਼ ਥੋੜੇ ਜਿਹੇ ਚੌਲ ਚਾਹੀਦੇ ਹਨ, ਕਿਰਪਾ ਕਰਕੇ ਪਹਿਲੇ ਖਾਨੇ (ਵਰਗ) ਉੱਤੇ ਇੱਕ ਚੌਲ ਦਾ ਦਾਣਾ ਰੱਖੋ, ਅਤੇ ਫਿਰ ਉਸਤੋਂ ਬਾਅਦ ਵਾਲ਼ੇ ਸਾਰੇ ਖਾਨਿਆਂ ‘ਤੇ ਉਸਤੋਂ ਪਹਿਲੇ ਖਾਨੇ ਨਾਲ਼ੋਂ ਦੁੱਗਣੇ ਦਾਣੇ ਰੱਖਿਓ!" ਰਾਜੇ ਨੇ ਕਿਹਾ, "ਇਹ ਤਾਂ ਤੂੰ ਬਹੁਤ ਥੋੜੇ ਜਿਹੇ ਚੌਲ਼ ਮੰਗੇ ਨੇ। ਚਲੋ, ਦਿੱਤੇ!" ਜਦੋਂ ਰਾਜਾ ਚੌਲ਼ ਦੇ ਦਾਣੇ ਰੱਖਣ ਲੱਗਿਆ ਤਾਂ, ਉਸਨੇ ਸਭ ਤੋਂ ਪਹਿਲੇ ਖਾਨੇ 'ਤੇ ਇੱਕ ਦਾਣਾ ਰੱਖਿਆ ਜੋ ਕਿ 20 ਹੈ। ਉਸਨੇ ਦੋ (21) ਦਾਣੇ ਦੂੱਜੇ ਖਾਨੇ 'ਤੇ ਰੱਖੇ, ਤੇ ਚਾਰ (22) ਦਾਣੇ ਤੀਜੇ ਖਾਨੇ 'ਤੇ, ਅੱਠ (23) ਦਾਣੇ ਚੌਥੇ ਖਾਨੇ 'ਤੇ, ਸੌਲਾਂ (24) ਪੰਜਵੇਂ 'ਤੇ, ਬੱਤੀ (25) ਛੇਵੇਂ 'ਤੇ, ਚੌਂਹਟ (26) ਸੱਤਵੇਂ 'ਤੇ, 128 (27) ਅੱਠਵੇਂ 'ਤੇ, 256 (28) ਨੌਵੇਂ, 512 (29) ਦਸਵੇਂ 'ਤੇ 32768 (215) ਸੋਲ੍ਹਵੇਂ ‘ਤੇ! ਇਸ ਤਰ੍ਹਾਂ ਦਾਣੇ ਘਾਤਾਂਕ (Exponential) ਤਰੀਕੇ ਨਾਲ਼ ਵਧਦੇ ਗਏ। ਰਾਜਾ, ਉਸਦੇ ਵਜ਼ੀਰ, ਮੰਤਰੀ ਤੇ ਹੋਰ ਦਰਬਾਰੀ ਵੀ ਹੈਰਾਨ ਸਨ ਕਿ ਇਹ ਤਾਂ ਥੋੜੇ ਜਿਹੇ ਚੌਲ਼ ਹੀ ਹਨ ...ਅਤੇ ਚੋਵੀਵੇਂ ਖਾਨੇ ‘ਤੇ 8,388,608 (223) ਲੋੜੀਂਦੇ ਸਨ …ਪਰ ਉਹਨਾਂ ਦੀਆਂ ਅੱਖਾਂ ਅੱਡੀਆਂ ਰਹੀ ਗਈਆਂ ਤੇ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਚੌਲ਼ਾਂ ਦੇ ਦਾਣਿਆਂ ਦੀ ਗਿਣਤੀ ਐਨੀ ਤੇਜ਼ੀ ਨਾਲ਼ ਵਧੀ ਕਿ ਉਹ ਸ਼ਤਰੰਜ ਦੇ ਚੌਪਾਟ 'ਤੋਂ ਹੇਠਾਂ ਡਿਗਣ ਲੱਗੇ ਅਤੇ ਢੇਰੀਆਂ ਦੀਆਂ ਢੇਰੀਆਂ ਲੱਗ ਗਈਆਂ। ਇੱਕ ਸਮਾਂ ਇਹ ਵੀ ਆਇਆ ਕਿ ਉਹਨਾਂ ਸਾਰਾ ਅਨਾਜ ਘਰ ਖਾਲੀ ਹੋ ਗਿਆ।

ਪਰ ਅਜੇ ਤਾਂ ਬਹੁਤ ਖਾਨੇ ਬਾਕੀ ਸਨ! 2 ਅਰਬ (231) ਦਾਣੇ ਬੱਤੀਵੇਂ ਖਾਨੇ ‘ਤੇ ਲੋੜੀਂਦੇ ਸਨ …

ਸ਼ਤਰੰਜ ਵਿੱਚ ਕੁੱਲ੍ਹ ਚੌਂਹਟ (64) ਖਾਨੇ ਹੁੰਦੇ ਹਨ। ਤੇ ਜਦ ਚੌਂਹਟਵੇਂ ਖਾਨੇ ਤੱਕ ਪੁੱਜੇ ਤਾਂ ਲੱਗਭਗ 9,223,372,036,854,775,808 (263) ਚਾਹੀਦੇ ਸਨ।

ਇਸ ਤਰ੍ਹਾਂ ਸ਼ਤਰੰਜ ਦੇ ਬੋਰਡ ਦੇ ਪੂਰੇ ਖਾਨੇ ਭਰਨ ਲਈ ਚੌਲਾਂ ਦੇ ਕੁੱਲ 18, 446, 744, 073, 709, 551, 615 (264-1) ਦਾਣਿਆਂ ਦੀ ਲੋੜ ਸੀ, ਜੋ ਕਿ ਰਾਜਾ ਕੀ ਪੂਰੇ ਰਾਜ ਦੇ ਲੋਕਾਂ ਕੋਲ਼ ਵੀ ਨਹੀਂ ਸਨ। ਇਹ ਅੰਕ ਐਨਾ ਵੱਡਾ ਹੈ ਕਿ ਗਿਣਿਆ ਵੀ ਨਹੀਂ ਜਾ ਸਕਦਾ। ਇਹ ਚੌਲਾਂ ਦੇ ਦਾਣੇ 18 ਕੁਇੰਟਲੀਅਨ (Quintillion) ਦਾਣਿਆਂ ਤੋਂ ਵੀ ਵੱਧ ਹਨ, ਜਿਨ੍ਹਾ ਦਾ ਭਾਰ ਲਗਭਗ 210 ਬਿਲੀਅਨ ਟਨ ਹੋਵੇਗਾ ਅਤੇ ਪੂਰੇ ਭਾਰਤ ਦੇਸ਼ ਨੂੰ ਢੱਕਣ ਲਈ ਕਾਫ਼ੀ ਚੌਲ ਹੋਣਗੇ। ਧਰਤੀ ਦੇ ਸਾਰੇ ਲੋਕਾਂ ਕੌਲ਼ ਵੀ ਐਨੀ ਦੌਲਤ ਨਹੀਂ ਹੋਣੀ। ਹਾਂ ਧਰਤੀ ‘ਤੇ ਮਹੀਨ ਜੀਵਾਣੂ (bacteria), ਕੀਟ ਪਤੰਗੇ ਸ਼ਾਇਦ ਹੋ ਸਕਦੇ ਹਨ! ਇਸੇ ਤਰ੍ਹਾਂ ਹੀ ਕਰੋਨਾ ਵਾਇਰਸ ਪੂਰੀ ਦੁਨੀਆਂ ਵਿੱਚ ਇੱਕ ਮਹੀਨੇ ਦੇ ਅੰਦਰ-ਅੰਦਰ ਫੈਲ ਗਿਆ ਸੀ ਤੇ ਜਦੋਂ ਅਸੀਂ ਬਿਮਾਰ ਹੁੰਦੇ ਹਨ ਤਾਂ ਹੋਰ ਜੀਵਾਣੂ (ਬੈਕਟੀਰੀਆ ਤੇ ਵਾਇਰਸ) ਸਾਡੇ ਸਰੀਰ ਅੰਦਰ ਫਟਾ-ਫਟ ਫੈਲਦੇ ਹਨ, ਜਿਨ੍ਹਾਂ ਵਿੱਚੋਂ ਇੱਕ ਈ. ਕੋਲਾਈ (Escherichia coli) ਹੈ, ਜੋ ਗੰਦਲਾ ਪਾਣੀ ਪੀਣ ਨਾਲ਼,ਕੱਚਾ ਜਾਂ ਦੂਸ਼ਿਤ ਭੋਜਨ ਖਾਣ ਨਾਲ਼ ਸਾਨੂੰ ਬਿਮਾਰ ਕਰਦਾ ਹੈ। ਇਸੇ ਤਰ੍ਹਾਂ ਜੇ ਤੁਸੀਂ ਬੈਂਕ ਵਿੱਚ ਚੱਕਰਵ੍ਰਿਧੀ ਵਿਆਜ (ਸਧਾਰਨ ਵਿਆਜ ਨਹੀਂ) ਵਾਲ਼ਾ ਬੱਚਤ ਖਾਤਾ ਖੋਲ੍ਹੋਗੇ ਅਤੇ ਹਰ ਮਹੀਨੇ ਉਸ ਵਿੱਚ ਪੈਸੇ ਜਮ੍ਹਾਂ ਕਰਾਵੋਗੇ ਤਾਂ ਦਸ ਜਾਂ ਵੀਹ ਸਾਲ ਵਿੱਚ ਉਹ ਪੈਸੇ ਕਾਫ਼ੀ ਵਧ ਜਾਣਗੇ ਤੇ ਤੁਹਾਨੂੰ ਭਵਿੱਖ ਵਿੱਚ ਆਰਥਿਕ ਪੱਖੋਂ ਚਿੰਤਾ ਨਹੀਂ ਹੋਵੇਗੀ। ਜ਼ਰਾ ਸੋਚੋ ਕਿ ਤੁਸੀਂ ਚੱਕਰਵ੍ਰਿਧੀ ਵਿਆਜ ਦਾ ਫ਼ਾਇਦਾ ਕਿਵੇਂ ਉਠਾ ਸਕਦੇ ਹੋ।

ਇਹ ਨਹੀਂ ਪਤਾ ਕਿ ਰਾਜੇ ਨੇ ਕਿਸਾਨ ਨੂੰ ਆਪਣਾ ਪੂਰਾ ਰਾਜਭਾਗ ਦੇ ਦਿੱਤਾ ਜਾਂ ਫਿਰ ਉਸਨੂੰ ਫ਼ਾਂਸੀ 'ਤੇ ਚੜ੍ਹਾ ਦਿੱਤਾ।

ਸਿੱਖਿਆ: ਰਾਜਾ ਬਣੋ ਜਾਂ ਕਿਸਾਨ, ਪਰ ਹਿਸਾਬ ਜ਼ਰੂਰ ਆਉਣਾ ਚਾਹੀਦਾ ਹੈ, ਖ਼ਾਸ ਤੌਰ ਤੇ ਘਾਤਾਂਕ (ਤੇਜ਼ੀ ਨਾਲ਼ ਵਧਦੀਆਂ) ਸੰਖਿਆਵਾਂ ਦਾ।

Nature

ਬੇਲਾ - ਚੰਨ ਦੀ ਧਰਤੀ ਉੱਤੇ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਪੂਰੇ ਚੰਨ ਵਾਲੇ ਅੰਬਰ ਹੇਠ ਇਕ ਸ਼ਾਂਤ ਨਗਰੀ ਸਥਿਤ ਸੀ। ਇਸ ਨਗਰੀ ਵਿੱਚ, ਬੇਲਾ ਨਾਮ ਦੀ ਇੱਕ ਮੁਟਿਆਰ ਰਹਿੰਦੀ ਸੀ। ਬੇਲਾ ਜਦ ਕਦੇ ਵੀ ਰਾਤ ਦੇ ਅੰਬਰ ਵੱਲ ਦੇਖਦੀ ਤਾਂ ਉਸ ਦੇ ਮਨ ਵਿਚ ਕਈ ਸਵਾਲ ਸਿਰ ਚੁੱਕ ਲੈਂਦੇ। ਟਿਮਟਿਮਾਂਦੇ ਤਾਰਿਆਂ ਬਾਰੇ ਸੋਚ ਉਹ ਹੈਰਾਨ ਹੁੰਦੀ। ਉਸ ਦਾ ਦਿਲ ਕਰਦਾ ਕਿ ਉਹ ਚੰਨ ਤੇ ਤਾਰਿਆਂ ਦੀ ਸੈਰ ਉੱਤੇ ਜਾਵੇ। ਉਸ ਨੇ ਚੰਨ ਤੇ ਤਾਰਿਆਂ ਬਾਰੇ ਬਹੁਤ ਜਾਣਕਾਰੀ ਇਕੱਠੀ ਕੀਤੀ ਹੋਈ ਸੀ। ਉਹ ਜਾਣਦੀ ਸੀ ਕਿ ਚੰਨ ਦੇ ਦੱਖਣੀ ਧੁਰਵ ਵਾਲਾ ਹਿੱਸਾ ਬਹੁਤ ਹੀ ਰਹੱਸਮਈ ਹੈ। ਇਸੇ ਲਈ ਜਦੋਂ ਉਸ ਨੂੰ ਚੰਨ ਦੇ ਦੱਖਣੀ ਧਰੁਵ ਦਾ ਦੌਰਾ ਕਰਨ ਦਾ ਮੌਕਾ ਮਿ ਲਿਆ, ਉਸ ਨੇ ਝਟਪਟ ਹਾਂ ਕਰ ਦਿੱਤੀ।

ਉਤਸਕ ਮਨ ਤੇ ਨਵਾਂ ਜਾਨਣ ਦੀ ਇੱਛਾ ਨਾਲ, ਬੇਲਾ, ਚੰਨ ਵੱਲ ਜਾ ਰਹੇ ਪੁਲਾੜੀ ਜਹਾਜ਼ ਵਿੱਚ ਸਵਾਰ ਹੋ ਗਈ। ਜਿਵੇਂ ਹੀ ਪੁਲਾੜੀ ਜਹਾਜ਼, ਵਿਸ਼ਾਲ ਬ੍ਰਹਿਮੰਡੀ ਖ਼ਿਲਾਅ ਵਿੱਚ ਅੱਗੇ ਤੇ ਅੱਗੇ ਵੱਧਦਾ ਜਾ ਰਿਹਾ ਸੀ, ਬੇਲਾ ਦੀ ਨਵਾਂ ਜਾਨਣ ਦੀ ਚਾਹ ਤੇਜ਼ ਹੁੰਦੀ ਜਾ ਰਹੀ ਸੀ। ਉਹ ਉਤਸਕ ਸੀ ਕਿ ਚੰਨ ਦੇ ਦੱਖਣੀ ਧਰੁਵ ਵਾਲੇ ਖੇਤਰ ਵਿਚ ਪਤਾ ਨਹੀਂ ਕਿਹੋ ਜਿਹੇ ਭੇਤ ਛੁੱਪੇ ਹੋਏ ਹਨ।

ਚੰਨ ਦੀ ਧਰਤੀ ਉੱਤੇ ਉੱਤਰਣ ਨਾਲ, ਬੇਲਾ ਇਕ ਅਜਿਹੀ ਦੁਨੀਆਂ ਵਿਚ ਪਹੁੰਚ ਗਈ ਜਿਸ ਦੀ ਉਸ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਧਰਤੀ ਗ੍ਰਹਿ ਦੀ ਹਲਕੀ ਚਮਕ ਨਾਲ ਰੌਸ਼ਨ ਚੰਨ ਦੀ ਧਰਤੀ, ਉਸ ਨੂੰ ਦੂਰ ਦੂਰ ਤਕ ਫੈਲੀ ਨਜ਼ਰ ਆ ਰਹੀ ਸੀ। ਚੰਨ ਦੀ ਉਜਾੜ੍ਹ ਧਰਤੀ ਵਿਖੇ ਬੇਲਾ ਨੇ ਅਜੀਬ ਜਿਹਾ ਉਤਸ਼ਾਹ ਮਹਿਸੂਸ ਕੀਤਾ।

ਉਸ ਨੂੰ ਭਾਰੀ ਪੁਲਾੜੀ ਪੁਸ਼ਾਕ ਦੇ ਬਾਵਜੂਦ ਆਪਣਾ ਆਪ ਹਲਕਾ ਹਲਕਾ ਲੱਗ ਰਿਹਾ ਸੀ। ਧਰਤੀ ਉੱਤੇ ਬੇਸ਼ਕ ਉਸ ਦਾ ਭਾਰ 50 ਕਿਲੋਗ੍ਰਾਮ ਸੀ ਪਰ ਚੰਨ ਉੱਤੇ ਤਾਂ ਇਹ ਘੱਟ ਕੇ ਸਿਰਫ਼ ਸਾਢੇ ਅੱਠ ਕਿਲੋਗ੍ਰਾਮ ਹੀ ਰਹਿ ਗਿਆ ਸੀ। ਬੇਲਾ ਹੈਰਾਨ ਸੀ ਕਿ ਧਰਤੀ ਉੱਤੇ ਤਾਂ ਉਹ ਮੁਸ਼ਕਲ ਨਾਲ ਸਾਢੇ ਚਾਰ ਫੁੱਟ ਉੱਚੀ ਛਲਾਂਗ ਹੀ ਲਗਾ ਸਕਦੀ ਸੀ ਪਰ ਇਥੇ ਤਾਂ ਉਸ 10 ਫੁੱਟ ਉੱਚੀ ਛਲਾਂਗ ਵੀ ਸਹਿਜੇ ਹੀ ਲਗਾ ਲੈਂਦੀ ਸੀ।

ਇਥੇ ਹੀ ਉਸ ਦੀ ਮੁਲਾਕਾਤ ਸਮੀਰ ਨਾਲ ਹੋਈ।

ਤਾਰਿਆਂ ਵਾਂਗ ਚਮਕੀਲੀਆਂ ਅੱਖਾਂ ਵਾਲਾ ਸਮੀਰ ਨਵਾਂ ਜਾਨਣ ਲਈ ਬਹੁਤ ਹੀ ਉਤਸੁਕ ਲੜਕਾ ਸੀ। ਉਸ ਦਾ ਜਨਮ ਚੰਨ ਉੱਤੇ ਹੋਇਆ ਸੀ ਤੇ ਉਹ ਚੰਨ ਦੀ ਸਤ੍ਹਾ ਦੇ ਕੱਚੇ ਟੋਇਆਂ ਅਤੇ ਬੰਜਰ ਮੈਦਾਨਾਂ ਵਿਖੇ ਵੱਡਾ ਹੋਇਆ ਸੀ। ਜਦੋਂ ਉਹ ਬੇਲਾ ਨੂੰ ਮਿਲਿਆ, ਤਾਂ ਉਸ ਨੂੰ ਬੇਲਾ ਦੀ ਹੋਰ ਨਵਾਂ ਜਾਨਣ ਦੀ ਇੱਛਾ ਤੇ ਚੰਨ ਬਾਰੇ ਖੋਜ ਕਾਰਜਾਂ ਵਿਚ ਰੁਚੀ ਬਹੁਤ ਚੰਗੀ ਲੱਗੀ।

ਉਨ੍ਹਾਂ ਦੋਨਾਂ ਨੇ ਮਿਲ ਕੇ, ਚੰਨ ਦੇ ਅਦਭੁੱਤ ਰਹੱਸਾਂ ਨੂੰ ਜਾਨਣ ਲਈ ਅਜਿਹੇ ਕੰਮ ਸ਼ੁਰੂ ਕਰ ਲਏ ਜਿਨ੍ਹਾਂ ਬਾਰੇ ਉਨ੍ਹਾਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ ਸ਼ਾਇਦ। ਚੰਨ ਦੇ ਦੱਖਣੀ ਧਰੁਵ ਦੇ ਪਥਰੀਲੇ ਖੇਤਰ ਦੀ ਜਾਂਚ ਕਰਦੇ ਹੋਏ, ਉਹ ਬਹੁਤ ਹੀ ਠੰਡੇ ਅਤੇ ਹਵਾ ਰਹਿਤ ਮਾਹੌਲ ਵਿਚ ਇੱਕ ਟੋਏ ਤੋਂ ਦੂਜੇ ਤੱਕ ਛਾਲ ਮਾਰਦੇ, ਚੰਨ ਦੀ ਕਰੇਟਰਾਂ (ਟੋਇਆਂ) ਭਰੀ ਧਰਤੀ ਦੀ ਅਦਭੁੱਤ ਸੁੰਦਰਤਾ ਦੇ ਕਾਇਲ ਹੋਏ ਬਿਨ੍ਹਾਂ ਨਾ ਰਹਿ ਸਕੇ। ਇਥੇ ਹੀ ਉਨ੍ਹਾਂ ਨੇ ਚੰਨ ਦੇ ਅਤੀਤ ਦੀ ਦੱਸ ਪਾਉਣ ਵਾਲੀਆਂ ਚੱਟਾਨਾਂ ਦੀ ਜਾਂਚ ਵੀ ਕੀਤੀ।

ਪਰ ਆਪਣੀਆਂ ਖੋਜਾਂ ਦੌਰਾਨ ਉਨ੍ਹਾਂ ਨੂੰ ਅਨੇਕ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਬੇਲਾ ਨੇ ਚੰਨ ਦੇ ਘੱਟ ਗੁਰੂਤਾ ਖਿੱਚ ਵਾਲੇ ਮਾਹੌਲ ਅਨੁਸਾਰ ਖੁੱਦ ਨੂੰ ਢਾਲਣ ਦੀ ਪੂਰੀ ਕੋਸ਼ਿਸ਼ ਕੀਤੀ। ਜਿਵੇਂ ਉਹ ਚੰਨ ਦੀ ਸਤ੍ਹਾ ਉੱਤੇ ਛਲਾਂਗ ਲਗਾਂਉਂਦੀ ਉਹ ਅਕਸਰ ਲੜਖੜਾ ਜਾਂਦੀ ਸੀ। ਬੇਲਾ ਨੂੰ ਹਰ ਜਗਹ ਆਕਸੀਜਨ ਦਾ ਸਿਲੰਡਰ ਨਾਲ ਲਿਜਾਣਾ ਬੰਦਸ਼ ਵਾਂਗ ਜਾਪਦਾ ਸੀ। ਉਹ ਚੰਨ ਉੱਤੇ ਦਿਨ ਸਮੇਂ ਅਤਿ ਅਧਿਕ ਗਰਮੀ ਤੇ ਰਾਤ ਸਮੇਂ ਬਹੁਤ ਵਧੇਰੇ ਠੰਢੇਪਣ ਨੂੰ ਵੀ ਪਸੰਦ ਨਹੀਂ ਸੀ ਕਰਦੀ। ਇਸ ਦੇ ਉਲਟ ਸਮੀਰ, ਬੇਲਾ ਦੇ ਧਰਤੀ ਵਾਲੇ ਜੀਵਨ ਢੰਗ ਨੂੰ ਦੇਖ ਹੈਰਾਨ ਸੀ। ਧਰਤੀ ਤੇ ਚੰਨ ਉੱਪਰ ਜੀਵਨ ਜੀਊਣ ਦੇ ਢੰਗਾਂ ਵਿਚ ਬਹੁਤ ਫ਼ਰਕ ਦੇ ਬਾਵਜੂਦ ਉਹ ਦੋਵੇਂ ਚੰਗੇ ਦੋਸਤ ਬਣ ਗਏ। ਦੋਸਤੀ ਦਾ ਇਹ ਬੰਧਨ, ਵਿਸ਼ਾਲ ਬ੍ਰਹਿਮੰਡੀ ਖ਼ਿਲਾਅ ਵਿਚ ਮੌਜੂਦ ਦੋ ਅਲੱਗ ਅਲੱਗ ਸੰਸਾਰਾਂ ਦੇ ਸੁਮੇਲ ਦਾ ਪ੍ਰਤੀਕ ਬਣ ਗਿਆ।

ਚੰਨ ਦੇ ਭੇਦਾਂ ਦੀ ਖੋਜ ਕਰਦੇ ਹੋਏ, ਬੇਲਾ ਅਤੇ ਸਮੀਰ ਨੇ ਆਪੋ-ਆਪਣਾ ਗਿਆਨ ਅਤੇ ਅਨੁਭਵ ਸਾਂਝੇ ਕੀਤੇ। ਬੇਲਾ ਨੇ ਸਮੀਰ ਨੂੰ ਧਰਤੀ ਦੇ ਹਰੇ ਭਰੇ ਜੰਗਲਾਂ, ਵੰਨ-ਸੁਵੰਨੇ ਪੰਛੀਆਂ ਤੇ ਜਾਨਵਰਾਂ, ਸਾਫ਼-ਸੁਥਰੇ ਪਾਣੀਆਂ ਵਾਲੀਆਂ ਝੀਲਾਂ, ਬਰਫ਼ਾਂ ਲੱਦੇ ਪਹਾੜ੍ਹਾਂ ਤੇ ਨੀਲ-ਰੰਗੇ ਪਾਣੀਆਂ ਵਾਲੇ ਸਮੁੰਦਰਾਂ ਬਾਰੇ ਦੱਸਿਆ। ਸਮੀਰ ਨੇ ਉਸ ਨੂੰ ਚੰਨ ਦੇ ਵੱਡ-ਆਕਾਰੀ ਜ਼ੀਮੇਨ ਪਹਾੜ, ਸੱਭ ਤੋਂ ਉੱਚੇ ਹਾਇਗਨ ਪਹਾੜ, ਚੰਨ ਦੇ ਰੇਤੀਲੇ ਸਾਗਰਾਂ, ਅਤੇ ਕ੍ਰੇਟਰਾਂ ਤੋਂ ਜਾਣੂ ਕਰਵਾਇਆ। ਚੰਨ ਦੇ ਦੱਖਣੀ ਧਰੁਵ ਨੇੜਲੇ ਖੇਤਰ ਵਿਚ ਉਸ ਨੇ ਬੇਲਾ ਨੂੰ ਚੰਨ ਦਾ ਸੱਭ ਤੋਂ ਵੱਡੇ ਆਕਾਰ ਵਾਲਾ ਕ੍ਰੇਟਰ (ਐਟਕਿਨ ਬੇਸਿਨ) ਦਿਖਾਇਆ। ਹੋਰ ਤਾਂ ਹੋਰ ਉਸ ਨੇ ਬੇਲਾ ਨੂੰ ਚੰਨ ਦਾ ਉਹ ਖੇਤਰ ਵੀ ਦਿਖਾਇਆਂ ਜਿਥੇ ਕਦੇ ਧੁੱਪ ਨਹੀਂ ਪੈਂਦੀ ਤੇ ਇਥੋਂ ਦੇ ਡੂੰਘੇ ਟੋਇਆ ਵਿਚ ਬਰਫ਼ ਦੀ ਹੌਂਦ ਬਾਰੇ ਵੀ ਦੱਸਿਆ।

ਜਿਵੇਂ-ਜਿਵੇਂ ਦਿਨ ਬੀਤਦੇ ਗਏ, ਬੇਲਾ ਇਹ ਸੋਚ ਕੇ ਉਦਾਸ ਹੋ ਗਈ ਸੀ ਕਿ ਸਮੀਰ ਦਾ ਸਾਥ ਸਦਾ ਲਈ ਸੰਭਵ ਨਹੀਂ ਸੀ ਕਿਉਂ ਕਿ ਉਸ ਨੂੰ ਜਲਦੀ ਹੀ ਧਰਤੀ ਵਿਖੇ ਵਾਪਸ ਜਾਣਾ ਹੋਵੇਗਾ। ਧਰਤੀ ਵੱਲ ਦੀ ਪੁਲਾੜੀ ਉਡਾਣ ਦੇ ਦਿਨ, ਉਹ, ਚੰਦਰਮਾ ਦੀ ਸਤ੍ਹਾ ਉੱਤੇ ਸਮੀਰ ਨਾਲ ਖੜ੍ਹੀ, ਨੀਲ-ਰੰਗੀ ਧਰਤੀ ਦੀ ਹਲਕੀ ਚਮਕ ਨਾਲ ਲਿਸ਼ਕ ਰਹੀ ਚੰਨ ਦੀ ਧਰਤੀ ਨੂੰ ਦੇਖ ਰਹੀ ਸੀ।

ਜਿਵੇਂ ਹੀ ਉਨ੍ਹਾਂ ਨੇ ਧਰਤੀ ਨੂੰ ਚੰਨ ਦੇ ਆਕਾਸ਼ ਵਿਚ ਉਪਰ ਉੱਠਦੇ ਦੇਖਿਆ, ਬੇਲਾ ਇਹ ਸੋਚ ਉਦਾਸ ਹੋ ਗਈ ਸੀ ਕਿ ਉਸ ਨੂੰ ਚੰਨ ਦੇ ਅਜਬ ਭੇਦ ਅਤੇ ਸਮੀਰ ਦੇ ਸਾਥ ਵਿਚ ਬਿਤਾਏ ਪਲ ਬਹੁਤ ਯਾਦ ਆਉਣਗੇ। ਪਰ ਉਹ ਇਹ ਵੀ ਜਾਣਦੀ ਸੀ ਕਿ ਉਹ ਇਨ੍ਹਾਂ ਪਲਾਂ ਦੀਆਂ ਯਾਦਾਂ ਨੂੰ ਬਹੁਤ ਸੰਭਾਲ ਕੇ ਰੱਖੇਗੀ। ਇਹ ਪਲ ਜੋ ਦੋ ਸੰਸਾਰਾਂ ਵਿਚਕਾਰ ਪਿਆਰ ਭਰੀ ਦੋਸਤੀ ਦੇ ਸਿਰਜਕ ਸਨ।

ਤੇ ਜਿਵੇਂ ਹੀ ਪੁਲਾੜ ਜ਼ਹਾਜ਼ ਤਾਰਿਆਂ ਭਰੇ ਅੰਬਰ ਵੱਲ ਨੂੰ ਉੱਡ ਪਿਆ, ਬੇਲਾ ਆਪਣੀ ਸ਼ਾਨਦਾਰ ਯਾਤਰਾ ਤੇ ਵਿਲੱਖਣ ਅਨੁਭਵਾਂ ਲਈ ਸ਼ੁਕਰਾਨੇ ਦੀ ਭਾਵਨਾ ਨਾਲ ਭਰ ਗਈ। ਬੇਸ਼ਕ ਉਹ ਜਨਮ ਤੋਂ ਧਰਤੀਵਾਸੀ ਸੀ, ਸਮੀਰ ਵਰਗੇ ਚੰਗੇ ਦੌਸਤ ਦੇ ਕਾਰਣ, ਚੰਨ ਹਮੇਸ਼ਾ ਲਈ ਉਸ ਦੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਦਾ ਹੱਕਦਾਰ ਬਣ ਚੁੱਕਾ ਸੀ।

Nature

ਸਿਆਣੀ ਰਾਣੋ

ਅਮਰਪ੍ਰੀਤ ਸਿੰਘ ਝੀਤਾ

ਖੁਸ਼ਹਾਲ ਨਗਰ ਬੜਾ ਖੁਸ਼ਹਾਲੀ ਭਰਪੂਰ ਨਗਰ ਹੁੰਦਾ ਹੈ। ਉੱਥੋਂ ਦੇ ਵਸਨੀਕ ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੰਦੇ ਹਨ। ਹਰੇਕ ਨਗਰ ਨਿਵਾਸੀ ਬੜਾ ਸਫਾਈ ਪਸੰਦ ਹੈ। ਹੌਲੀ - ਹੌਲੀ ਹੋਰਨਾਂ ਪਿੰਡਾਂ ਵਾਂਗ ਇਸ ਨਗਰ ਨੂੰ ਵੀ ਬਿਜਲੀ ਅਤੇ ਪ੍ਰਾਇਮਰੀ ਸਕੂਲ ਦੀ ਸਹੂਲਤ ਮਿਲ ਗਈ। ਪਹਿਲਾਂ ਤਾਂ ਲੋਕ ਸੂਰਜ ਦੇ ਚੜ੍ਹਦਿਆਂ ਹੀ ਆਪਣੇ ਕੰਮ ਕਾਜ ਸ਼ੁਰੂ ਕਰਦੇ ਸਨ ਅਤੇ ਸੂਰਜ ਛਿਪਣ ਸਾਰ ਹੀ ਘਰਾਂ ਨੂੰ ਵਾਪਸ ਪਰਤ ਆਉਂਦੇ। ਹੌਲੀ ਹੌਲੀ ਨਗਰ ਦੇ ਲੋਕਾਂ ਨੇ ਆਪਣੇ ਮੁੰਡਿਆਂ ਨੂੰ ਸਕੂਲ ਪੜ੍ਹਨ ਲਈ ਦਾਖਲ ਕਰਾ ਦਿੱਤਾ। ਕੁਝ ਕੁ ਘਰਾਂ ਦੀਆਂ ਕੁੜੀਆਂ ਵੀ ਪੜ੍ਹਨ ਲੱਗੀਆਂ। ਪਰ ਜ਼ਿਆਦਾਤਰ ਲੋਕਾਂ ਨੇ ਕੁੜੀਆਂ ਸਕੂਲੇ ਦਾਖਲ ਨਾ ਕੀਤੀਆਂ। ਉਹਨਾਂ ਦੀ ਸੋਚ ਸੀ ਕਿ ਕੁੜੀਆਂ ਨੇ ਪੜ੍ਹ ਲਿਖ ਕੇ ਕਿਹੜਾ ਨੌਕਰੀ ਲੱਗਣਾ। ਵਿਆਹ ਕਰਵਾ ਕੇ ਚੁੱਲ੍ਹਾ ਚੌਂਕਾ ਹੀ ਸਾਂਭਣਾ। ਪਰ ਰਾਣੋ ਦਾ ਪੜ੍ਹਨ ਨੂੰ, ਸਕੂਲੇ ਜਾਣ ਨੂੰ ਬੜਾ ਹੀ ਜੀਅ ਕਰਦਾ। ਉਸਨੇ ਬੜੀਆਂ ਮਿੰਨਤਾਂ, ਤਰਲੇ ਪਾ ਕੇ ਆਪਣੇ ਪਿਤਾ ਜੀ ਨੂੰ ਮਨਾ ਲਿਆ। ਰਾਣੋ ਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਅਤੇ ਮਾਤਾ ਜੀ ਘਰਦੇ ਕੰਮ ਕਰਦੇ।

ਰਾਣੋ ਵੀ ਸਕੂਲ ਪੜ੍ਹਨ ਲੱਗ ਜਾਂਦੀ ਹੈ। ਰਾਣੋ ਪੜ੍ਹਾਈ ਵਿੱਚ ਬੜੀ ਹੁਸ਼ਿਆਰ ਨਿਕਲਦੀ ਹੈ। ਹਮੇਸ਼ਾ ਆਪਣੀ ਜਮਾਤ ਵਿੱਚੋਂ ਅੱਵਲ ਆਉਂਦੀ। ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੜੀ ਵਧੀਆ ਨਿਕਲੀ। ਹੁਣ ਰਾਣੋ ਪੰਜਵੀਂ ਜਮਾਤ ਵਿੱਚ ਹੋ ਗਈ ਸੀ। ਸਕੂਲੋਂ ਘਰ ਆ ਕੇ ਜਦੋਂ ਉਹ ਰੋਜ਼ ਦਾ ਸਬਕ ਅਤੇ ਵਿਗਿਆਨ ਦੀਆਂ ਗੱਲਾਂ ਦੱਸਦੀ ਤਾਂ ਉਸਦੇ ਮਾਪੇ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਬਾਗੋ ਬਾਗ ਹੋ ਜਾਂਦੇ। ਉਸਦੇ ਟੀਚਰ ਵੀ ਰਾਣੋ ਦੀ ਲਿਆਕਤ ਤੋਂ ਬੜੇ ਖੁਸ਼ ਹੁੰਦੇ। ਸਕੂਲ ਵਿੱਚ ਸਾਰੇ ਟੀਚਰ ਬੜਾ ਮਨ ਲਗਾ ਕੇ, ਰੌਚਕ ਤਰੀਕੇ ਨਾਲ ਪੜ੍ਹਾਉਂਦੇ। ਰਾਣੋ ਬੜੇ ਧਿਆਨ ਨਾਲ ਆਪਣੇ ਟੀਚਰਾਂ ਦੀਆਂ ਗੱਲਾਂ ਸੁਣਦੀ ਅਤੇ ਉਹਨਾਂ ਗੱਲਾਂ ਉੱਤੇ ਅਮਲ ਵੀ ਕਰਦੀ।

ਰਾਣੋ ਘਰ ਵਿੱਚ ਸਕੂਲ ਦਾ ਕੰਮ ਮੁਕਾ ਕੇ, ਆਪਣੀ ਮਾਤਾ ਜੀ ਨਾਲ ਘਰ ਦੇ ਕੰਮ ਵਿੱਚ ਵੀ ਹੱਥ ਵਟਾਉਂਦੀ। ਕਦੇ ਸਬਜ਼ੀ ਕਟਾਉਂਦੀ, ਪਸ਼ੂਆਂ ਨੂੰ ਪਾਣੀ ਪਿਲਾਉਂਦੀ ਅਤੇ ਕਦੀ ਕਦੀ ਪੱਠੇ ਵੀ ਕੁਤਰਾ ਦਿੰਦੀ। ਸ਼ਾਮ ਨੂੰ ਉਹ ਆਪਣੇ ਮੁਹੱਲੇ ਦੀਆਂ ਸਹੇਲੀਆਂ ਨਾਲ ਗੀਟੇ ਖੇਡਦੀ ਤਾਂ ਉਨ੍ਹਾਂ ਨਾਲ ਪੰਜਾਬੀ ਦੀਆਂ ਕਵਿਤਾਵਾਂ, ਗੀਤ ਗਾਉਂਦੀ, ਕਦੇ ਉਨ੍ਹਾਂ ਨੂੰ ਵਿਗਿਆਨ ਦੀਆਂ ਗੱਲਾਂ ਸੁਣਾ ਕੇ ਹੈਰਾਨ ਕਰ ਦਿੰਦੀ। ਸਾਰੀਆਂ ਕੁੜੀਆਂ ਇਹ ਗੱਲਾਂ ਜਦੋਂ ਆਪਣੇ ਘਰ ਦੱਸਦੀਆਂ ਤਾਂ ਉਨ੍ਹਾਂ ਦੇ ਘਰਦੇ ਬੜੇ ਹੈਰਾਨ ਹੋ ਜਾਂਦੇ।

ਇੱਕ ਦਿਨ ਸਕੂਲੇ ਮਾਸਟਰ ਜੀ ਨੇ ਦੱਸਿਆ ਕਿ ਸਾਡੀ ਧਰਤੀ ਇੱਕ ਗੋਲਾ ਹੈ। ਇਸਦੇ ਅੰਦਰ ਮਿੱਟੀ, ਪਾਣੀ, ਲਾਵਾ, ਚਟਾਨਾਂ, ਖਣਿਜਾਂ ਦੀਆਂ ਵੱਖ-ਵੱਖ ਪਰਤਾਂ ਹਨ। ਜਦੋਂ ਇਹ ਪਰਤਾਂ ਹਿੱਲਦੀਆਂ ਜਾਂ ਆਪਸ ਵਿੱਚ ਟਕਰਾਉਂਦੀਆਂ ਨੇ ਤਾਂ ਧਰਤੀ ਦੀ ਉੱਪਰਲੀ ਸਤ੍ਹਾ 'ਤੇ ਕੰਬਣੀ ਛਿੜ ਜਾਂਦੀ। ਜਿਸਨੂੰ ਅਸੀਂ ਸਾਰੇ ਭੁਚਾਲ ਕਹਿੰਦੇ ਹਾਂ। ਭੁਚਾਲ ਨੂੰ ਰਿਕਟਰ ਪੈਮਾਨੇ ਨਾਲ ਮਾਪਿਆ ਜਾਂਦਾ। ਅਸੀਂ ਇਹ ਨਹੀਂ ਦੱਸ ਸਕਦੇ ਕਿ ਕਦੋਂ ਭੁਚਾਲ ਆਉਣਾ? ਇਸ ਲਈ ਜਦੋਂ ਕਦੇ ਘਰਾਂ ਦੇ ਪੱਖੇ ਹਿੱਲਣ, ਕੰਧਾਂ ਕੰਬਣ ਜਾਂ ਸਾਨੂੰ ਖੜ੍ਹੇ ਹੋਇਆ ਨੂੰ ਕੰਬਣੀ ਜਿਹੀ ਲੱਗੇ ਤਾਂ ਫੌਰਨ ਹੀ ਘਰੋਂ ਬਾਹਰ ਆ ਜਾਓ। ਇਮਾਰਤਾਂ ਤੋਂ ਦੂਰ ਕਿਸੀ ਖੁੱਲ੍ਹੀ ਥਾਂ ਚਲੇ ਜਾਓ। ਜੇਕਰ ਬਾਹਰ ਨਾ ਆ ਸਕੋ ਤਾਂ ਮਜ਼ਬੂਤ ਬੈੱਡ ਜਾਂ ਮੇਜ਼ ਥੱਲੇ ਲੁੱਕ ਜਾਓ। ਮਕਾਨ ਦੇ ਖੂੰਜੇ ਵਿੱਚ ਖੜ੍ਹ ਜਾਓ, ਇਹ ਹਿੱਸੇ ਜਿਆਦਾ ਮਜ਼ਬੂਤ ਹੁੰਦੇ ਹਨ। ਕਦੀ ਵੀ ਅਫਵਾਹਾਂ ਨਾ ਫੈਲਾਓ, ਸਗੋਂ ਸਭ ਨੂੰ ਇਸਦੇ ਅਸਲ ਕਾਰਨਾਂ ਬਾਰੇ ਦੱਸ ਕੇ ਬੱਚਣ ਦੀ ਤਰੀਕੇ ਦੱਸੋ। ਰਾਣੋ ਇਹ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ। ਫਿਰ ਮਾਸਟਰ ਜੀ ਨੇ ਭੁਚਾਲ ਤੋਂ ਬੱਚਣ ਲਈ ਲੁਕਣ ਦੀ ਗਤੀਵਿਧੀ ਸਾਰੇ ਵਿਦਿਆਰਥੀਆਂ ਕੋਲੋਂ ਕਰਵਾਈ। ਸਾਰੇ ਵਿਦਿਆਰਥੀ ਅੱਜ ਦੇ ਇਸ ਸਬਕ ਤੋਂ ਬੜੇ ਪ੍ਰਭਾਵਿਤ ਹੋਏ।

ਸ਼ਾਮ ਨੂੰ ਜਦੋਂ ਰਾਣੋ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ ਸੀ, ਤਾਂ ਉਸਨੇ ਭੁਚਾਲ ਬਾਰੇ ਮਾਸਟਰ ਜੀ ਦੀਆਂ ਗੱਲਾਂ ਨੂੰ ਦੱਸਿਆ। ਉਸਦੀ ਸਹੇਲੀ ਛਿੰਦੋਂ ਬੋਲੀ ਕਿ ਭੈਣੇ ਬੇਬੇ ਤਾਂ ਕਹਿੰਦੀ ਸੀ ਕਿ ਜਦੋਂ ਧਰਤੀ ਹੇਠਲਾ ਬਲਦ ਆਪਣੇ ਇੱਕ ਸਿੰਗ ਤੋਂ ਦੂਜੇ ਸਿੰਗ 'ਤੇ ਧਰਤੀ ਟਿਕਾਉਂਦਾ ਤਾਂ ਭੁਚਾਲ ਆਉਂਦਾ। ਛਿੰਦੋਂ ਦੀ ਗੱਲ ਵਿੱਚ ਸਾਰੀਆਂ ਹੀ ਕੁੜੀਆਂ ਹਾਮੀ ਭਰਦੀਆਂ ਨੇ ਕਿ ਇਹੀ ਸੱਚ ਆ। ਪਰ ਰਾਣੋ ਕਹਿੰਦੀ ਕਿ ਇਹ ਸਭ ਝੂਠ ਆ। ਫਿਰ ਉਹ ਭੁਚਾਲ ਤੋਂ ਬਚਣ ਵਾਲੀ ਗਤੀਵਿਧੀ ਸਾਰੀਆਂ ਕੁੜੀਆਂ ਨੂੰ ਆਪ ਕਰ ਕੇ ਦੱਸਦੀ। ਸਾਰੀਆਂ ਕੁੜੀਆਂ ਸੰਗਦੀਆਂ ਹੋਈਆਂ ਗਤੀਵਿਧੀ ਕਰਦੀਆਂ ਨੇ। ਫਿਰ ਕੁਝ ਸਮਾਂ ਖੇਡਣ ਤੋਂ ਬਾਅਦ ਸਭ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਹਨ।

ਜਦੋਂ ਸਾਰਾ ਪਰਿਵਾਰ ਰੋਟੀ ਖਾਂਦਾ ਹੈ ਤਾਂ ਰਾਣੋ ਭੁਚਾਲ ਆਉਣ ਦੇ ਕਾਰਣ ਅਤੇ ਇਸ ਤੋਂ ਬੱਚਣ ਬਾਰੇ ਦੱਸਦੀ ਹੈ। ਸਾਰਾ ਪਰਿਵਾਰ ਉਸਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਹੈ। ਰਾਣੋ ਦੀ ਗੱਲ ਸੁਣਕੇ ਉਸਦੇ ਪਿਤਾ ਜੀ ਨੂੰ ਬੜਾ ਮਾਣ ਹੁੰਦਾ ਹੈ ਕਿ ਉਸਦੀ ਧੀ ਨੇ ਸਦੀਆਂ ਦੇ ਬਣੇ ਵਹਿਮ ਨੂੰ ਝੱਟ ਪੱਟ ਖਤਮ ਕਰ ਦਿੱਤਾ ਹੈ। ਉਹਨਾਂ ਨੂੰ ਆਪਣੀ ਧੀ ਦੀ ਪੜ੍ਹਾਈ ਉੱਤੇ ਬੜਾ ਮਾਣ ਹੁੰਦਾ ਹੈ। ਉਧਰ ਜਦੋਂ ਰਾਣੋ ਦੀਆਂ ਸਹੇਲੀਆਂ ਭੁਚਾਲ ਬਾਰੇ ਆਪਣੇ ਘਰਦਿਆਂ ਨੂੰ ਦੱਸਦੀਆਂ ਤਾਂ ਉਨ੍ਹਾਂ ਦੇ ਘਰਦੇ ਨਹੀਂ ਮੰਨਦੇ ਅਤੇ ਬਲਦ ਵਾਲੀ ਗੱਲ ਦੁਹਰਾਉਂਦੇ ਨੇ। ਫਿਰ ਸਭ ਕੰਮ ਕਾਜ ਖਤਮ ਕਰਕੇ ਸੌ ਜਾਂਦੇ ਨੇ।

ਅਗਲੇ ਦਿਨ ਮੁਹੱਲੇ ਦੀਆਂ ਔਰਤਾਂ ਰਾਣੋ ਦੇ ਘਰ ਆ ਕਹਿੰਦੀਆਂ ਕਿ ਭੈਣੇਂ, ਤੇਰੀ ਕੁੜੀ ਸਾਡੀਆਂ ਕੁੜੀਆਂ ਨਾਲ ਨਾ ਖੇਡਿਆ ਕਰੇ। ਪਤਾ ਨਹੀਂ ਕੀ ਕੀ ਗੱਲਾਂ ਸਾਡੀਆਂ ਕੁੜੀਆਂ ਨੂੰ ਸਮਝਾਉਂਦੀ ਰਹਿੰਦੀ ਆ। ਜੇ ਉਹ ਸਕੂਲ ਜਾਂਦੀ ਤਾਂ ਉਹ ਜ਼ਿਆਦਾ ਸਿਆਣੀ ਤਾਂ ਨਹੀਂ ਹੋ ਗਈ। ਸਾਡੇ ਬਜ਼ੁਰਗਾਂ ਦੀਆਂ ਗੱਲਾਂ ਕੋਈ ਝੂਠ ਨੇ। ਸਭ ਇੰਨਾ ਕਹਿ ਮੁੜ ਜਾਂਦੀਆਂ ਨੇ। ਰਾਣੋ ਦੇ ਮਾਤਾ ਜੀ ਉਹਨਾਂ ਨੂੰ ਸਮਝਾਉਣ ਲਈ ਉੱਠੇ ਤਾਂ ਕਿਸੀ ਨੇ ਵੀ ਉਹਨਾਂ ਦੀ ਗੱਲ ਨਾ ਸੁਣੀ।

ਜਦੋਂ ਰਾਣੋ ਘਰ ਆਈ ਤਾਂ ਉਸਦੀ ਮਾਤਾ ਜੀ ਨੇ ਸਾਰੀ ਗੱਲ ਦੱਸੀ। ਮਾਤਾ ਜੀ ਨੇ ਸਮਝਾਇਆ ਕਿ ਧੀਏ! ਲੋਕਾਂ ਨੂੰ ਸਮਝਾਉਣਾ ਬੜਾ ਔਖਾ, ਤੂੰ ਬਸ ਆਪਣਾ ਕੰਮ ਕਰਿਆ ਕਰ। ਫਿਰ ਰਾਣੋ ਬੋਲੀ ਕਿ ਮਾਤਾ ਜੀ ਸਾਡੇ ਟੀਚਰ ਕਹਿੰਦੇ ਨੇ ਕਿ ਝੂਠ, ਅੰਧਵਿਸ਼ਵਾਸ ਹਟਾਉਣਾ ਹੀ ਪੜ੍ਹਾਈ ਦਾ ਉਦੇਸ਼ ਹੈ। ਇੰਨਾ ਕਹਿ ਕੇ ਉਹ ਮਾਤਾ ਜੀ ਨਾਲ ਆਟੇ ਦੇ ਪੇੜੇ ਕਰਨ ਲੱਗ ਪੈਂਦੀ ਹੈ।

ਰੋਟੀ ਪਾਣੀ ਦਾ ਕੰਮ ਨਿਬੇੜਨ ਬਾਅਦ ਸਾਰੇ ਸੌ ਜਾਂਦੇ ਹਨ। ਪਰ ਰਾਣੋ ਗਣਿਤ ਦੇ ਸਵਾਲਾਂ ਦੀ ਦੁਹਰਾਈ ਕਰਕੇ ਗਿਆਰਾਂ ਵਜੇ ਸੌਣ ਲੱਗੀ ਤਾਂ ਉਸਨੂੰ ਆਪਣਾ ਮੰਜਾ ਅਤੇ ਛੱਤ ਵਾਲਾ ਪੱਖਾ ਹਿੱਲਦਾ ਲੱਗਿਆ। ਉਹ ਡਰ ਕੇ ਇੱਕਦਮ ਮੰਜੇ ਤੋਂ ਉਤਰ ਕੇ ਖੜ੍ਹੀ ਹੋਈ ਤਾਂ ਉਸਨੂੰ ਕੰਬਣੀ ਜਿਹੀ ਮਹਿਸੂਸ ਹੋਈ। ਉਸਨੂੰ ਧਰਤੀ ਹਿੱਲਦੀ ਹੋਈ ਲੱਗੀ। ਉਸਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਭੁਚਾਲ ਆ ਗਿਆ। ਉਸਨੂੰ ਮਾਸਟਰ ਜੀ ਦੀਆਂ ਭੁਚਾਲ ਬਾਰੇ ਦੱਸੀਆਂ ਗੱਲਾਂ ਯਾਦ ਆ ਗਈਆਂ। ਰਾਣੋ ਭੱਜ ਕੇ ਆਪਣੇ ਘਰਦਿਆਂ ਨੂੰ ਜਗਾ ਦਿੰਦੀ ਹੈ , ਘਰੋਂ ਬਾਹਰ ਜਾਣ ਲਈ ਕਹਿੰਦੀ ਹੈ। ਜਦੋਂ ਸਾਰੇ ਬਾਹਰ ਆਉਂਦੇ ਹਨ ਤਾਂ ਰਾਣੋ ਜਲਦੀ ਹੀ ਗੁਰਦੁਆਰੇ ਜਾ ਕੇ ਖੁੱਦ ਅਨਾਊਂਸਮੈਂਟ ਕਰਨ ਲੱਗ ਪੈਂਦੀ ਹੈ ਕਿ ਭੁਚਾਲ ਆ ਗਿਆ ਹੈ, ਸਾਰੇ ਨਗਰ ਨਿਵਾਸੀ ਆਪਣੇ ਘਰਾਂ ਤੋਂ ਬਾਹਰ ਆ ਜਾਣ। ਫਿਰ ਉਹ ਇਸਤੋਂ ਬੱਚਣ ਦੇ ਤਰੀਕਿਆਂ ਬਾਰੇ ਦੱਸਦੀ ਹੈ।

ਭੁਚਾਲ ਦੇ ਝਟਕੇ ਬੜੇ ਤੇਜ਼ ਸਨ। ਅਨਾਊਂਸਮੈਂਟ ਸੁਣ ਕੇ ਲੋਕ ਯਕਦਮ ਹੀ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੀ ਥਾਂ ਵੱਲ ਆ ਜਾਂਦੇ ਹਨ। ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ। ਪਰ ਕੁਝ ਕੁ ਘਰਾਂ ਦੀਆਂ ਛੱਤਾਂ ਤੇ ਕੰਧਾਂ ਢਹਿ ਜਾਂਦੀਆਂ ਹਨ। ਛਿੰਦੋ ਦੇ ਘਰ ਦੀ ਪੁਰਾਣੀ ਛੱਤ ਵੀ ਭੁਚਾਲ ਦੇ ਝਟਕੇ ਨਾਲ ਡਿੱਗ ਪੈਂਦੀ ਹੈ। ਪਰ ਛਿੰਦੋ ਤੇ ਉਸਦਾ ਪਰਿਵਾਰ ਭੱਜ ਕੇ ਬੈੱਡ ਥੱਲੇ ਲੁਕ ਕੇ ਜਾਨ ਬਚਾਉਂਦਾ ਹੈ। ਜਦੋਂ ਭੁਚਾਲ ਆਉਣੋਂ ਹਟਿਆ ਤਾਂ ਸਾਰੇ ਜਣੇ ਰੱਬ ਦਾ ਸ਼ੁਕਰ ਕਰਨ ਲੱਗੇ ਕਿ ਜਾਨ ਬੱਚ ਗਈ। ਸਾਰੇ ਲੋਕ ਰਾਣੋ ਅਤੇ ਉਸਦੇ ਪਰਿਵਾਰ ਦਾ ਧੰਨਵਾਦ ਕਰਦੇ ਹਨ ਕਿ ਤੁਹਾਡੀ ਸਿਆਣੀ ਅਤੇ ਬਹਾਦਰ ਧੀ ਨੇ ਸਾਡੀ ਜਾਨ ਬਚਾ ਲਈ। ਜੇਕਰ ਰਾਣੋ ਜਲਦੀ ਨਾਲ ਅਨਾਊਂਸਮੈਂਟ ਨਾ ਕਰਦੀ ਤਾਂ ਅਸੀਂ ਘਰਾਂ ਅੰਦਰ ਹੀ ਸੁੱਤੇ ਰਹਿਣਾ ਸੀ। ਸਾਨੂੰ ਭੁਚਾਲ ਦਾ ਪਤਾ ਹੀ ਨਹੀਂ ਲੱਗਣਾ ਸੀ। ਫਿਰ ਪਤਾ ਨਹੀਂ ਕੀ ਭਾਣਾ ਵਰਤ ਜਾਂਦਾ। ਛਿੰਦੋਂ ਦੇ ਪਿਤਾ ਵੀ ਕਹਿੰਦੇ ਹਨ ਕਿ ਧੀਏ! ਤੇਰੇ ਦੱਸੇ ਤਰੀਕੇ ਕਰਕੇ ਹੀ ਮੇਰਾ ਟੱਬਰ ਬਚਿਆ। ਮੈਨੂੰ ਹੁਣ ਪੜ੍ਹਾਈ ਦਾ ਮਹੱਤਵ ਅਤੇ ਆਵਦੇ ਅੰਧਵਿਸ਼ਵਾਸ ਬਾਰੇ ਪਤਾ ਚੱਲਿਆ। ਜਿਉਂਦੀ ਰਹਿ ਰਾਣੋ ਧੀਏ!, ਰੱਬ ਤੈਨੂੰ ਵੱਡੀ ਨੌਕਰੀ 'ਤੇ ਲਾਵੇ। ਫਿਰ ਉਹ ਛਿੰਦੋਂ ਦੀ ਬਾਂਹ ਫੜ੍ਹ ਕੇ ਕਹਿੰਦਾ ਕਿ ਮੈਂ ਵੀ ਆਪਣੀ ਧੀ ਨੂੰ ਸਕੂਲੇ ਲਾਵਾਂਗਾ ਅਤੇ ਪੜ੍ਹਾਵਾਂਗਾ। ਮੁੰਡਿਆਂ ਦੇ ਨਾਲ-ਨਾਲ ਧੀਆਂ ਨੂੰ ਪੜ੍ਹਾਉਣਾ ਜ਼ਰੂਰੀ ਆ। ਇਸ ਨਾਲ ਹੀ ਅਸੀਂ ਸਦੀਆਂ ਦੇ ਵਹਿਮਾਂ-ਭਰਮਾਂ ਨੂੰ ਖਤਮ ਕਰ ਸਕਦੇ ਹਾਂ। ਸਾਰੇ ਹੀ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਹਾਂ ਅਸੀਂ ਵੀ ਆਪਣੀਆਂ ਧੀਆਂ ਸਕੂਲੇ ਲਾਵਾਂਗੇ ਅਤੇ ਵਿਗਿਆਨ ਦੇ ਸੱਚ ਨਾਲ ਅੰਧਵਿਸ਼ਵਾਸ ਹਟਾਵਾਂਗੇ।

ਰਾਣੋ ਅਤੇ ਉਸਦੀਆਂ ਸਹੇਲੀਆਂ ਇਹ ਸੁਣ ਕੇ ਬੜੀਆਂ ਖੁਸ਼ ਹੋਈਆਂ। ਸਾਰੀਆਂ ਕੁੜੀਆਂ ਇਸ ਸਭ ਲਈ ਰਾਣੋ ਦੀਆਂ ਅਹਿਸਾਨਮੰਦ ਸਨ ਕਿ ਉਸਦੀ ਦਲੇਰੀ ਅਤੇ ਸੂਝਬੂਝ ਸਦਕਾ ਇਹ ਸੰਭਵ ਹੋ ਸਕਿਆ। ਹੁਣ ਉਹ ਵੀ ਰਾਣੋ ਨਾਲ ਸਕੂਲੇ ਜਾਣਗੀਆਂ। ਸਭ ਲੋਕਾਂ ਦੇ ਵਿਚਾਰ ਸੁਣਕੇ ਰਾਣੋ ਬੜੀ ਖੁਸ਼ ਹੋਈ। ਉਸਦੇ ਮਾਪਿਆਂ ਨੇ ਵੀ ਪਿਆਰ ਨਾਲ ਉਸਦੇ ਸਿਰ ਨੂੰ ਪਲੋਸਦਿਆਂ ਉਸਨੂੰ ਸ਼ਾਬਾਸ਼! ਦਿੱਤੀ। ਚੜਦੇ ਸੂਰਜ ਦੀ ਰੌਸ਼ਨੀ ਨਾਲ ਸਭ ਆਪਣੇ ਆਪਣੇ ਘਰਾਂ ਵੱਲ ਚੱਲ ਪੈਂਦੇ ਹਨ।

ਇਸ ਲਈ ਪਿਆਰੇ ਬੱਚਿਓ! ਸਕੂਲੇ ਜਾਣਾ, ਮਨ ਲਗਾ ਕੇ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ। ਤੁਸੀਂ ਵੀ ਰਾਣੋ ਵਾਂਗ ਪੜ੍ਹ ਲਿਖ ਕੇ ਸਿਆਣੇ ਬਣ ਸਕਦੇ ਹੋ। ਇਸ ਲਈ ਉਮਰ ਵਿੱਚ ਵੱਡੇ ਛੋਟੇ ਹੋਣਾ ਜ਼ਰੂਰੀ ਨਹੀਂ, ਸਗੋਂ ਗਿਆਨ ਦੀ ਸਮੇਂ ਸਿਰ ਸਹੀ ਵਰਤੋਂ ਕਰਨ ਦੀ ਲੋੜ ਹੈ। ਪੜ੍ਹਾਈ ਨਾਲ ਹੀ ਅਸੀਂ ਹਰੇਕ ਅੰਧਵਿਸ਼ਵਾਸ ਨੂੰ ਖਤਮ ਕਰ ਸਕਦੇ ਹਾਂ।

ਅਮਰਪ੍ਰੀਤ ਸਿੰਘ (ਝੀਤਾ) ਮੈਥ ਮਾਸਟਰ, ਪੰਜਾਬੀ ਲੇਖਕ, ਕਵੀ ਅਤੇ ਬਾਲ ਸਾਹਿਤਕਾਰ ਹੈ। ਉਸਦੀਆਂ ਰਚਨਾਵਾਂ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ (ਅਜੀਤ, ਪੰਜਾਬੀ ਟ੍ਰਿਬਿਊਨ, ਜਾਗਰਣ, ਨਵਾਂ ਜ਼ਮਾਨਾ, ਪੰਜਾਬ ਟਾਈਮਜ਼, ਪ੍ਰੀਤਲੜੀ, ਨਿੱਕੀਆਂ ਕਰੂੰਬਲ਼ਾਂ, ਪੰਖੜੀਆਂ) ਵਿੱਚ ਛਪਦੀਆਂ ਹਨ। ਉਸਦੀਆਂ ਹੁਣ ਤੱਕ ਕਵਿਤਾਵਾਂ ਦੀਆਂ ਤਿੰਨ ਬਾਲ ਪੁਸਤਕਾਂ: ਬੀਬੇ ਰਾਣੇ, ਪੰਖੇਰੂ, ਕਾਕਾ ਬੱਲੀ, ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇੱਕ ਬਾਲ ਕਹਾਣੀਆਂ ਦੀ ਪੁਸਤਕ ਛਪਾਈ ਅਧੀਨ ਹੈ।

ਵਿਗਿਆਨਕ ਕਵਿਤਾਵਾਂ

ਪਾਣੀ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਨਾ ਕੋਈ ਰੰਗ, ਰੂਪ ਨਾ ਮੇਰਾ, ਨਾ ਹੀ ਕੋਈ ਆਕਾਰ।

ਪਰ ਮੇਰੇ ਬਿਨ ਜੀਵਨ ਲਹਿਰਾਂ, ਹੋ ਨਾ ਸਕਣ ਸਾਕਾਰ।

ਜਿਸ ਬਰਤਨ ਵਿਚ ਪਾਵੋ ਮੈਨੂੰ, ਉਸ ਦਾ ਰੂਪ ਬਨਾਵਾਂ।

ਹਾਲਤ ਦੇ ਨਾਲ ਢਲ ਜਾਵਣ ਦਾ, ਸੱਭ ਨੂੰ ਗੁਣ ਸਿਖਲਾਵਾਂ।

ਉੱਪਰ ਤੋਂ ਹੇਠਾਂ ਵੱਲ ਜਾਣਾ, ਮੇਰਾ ਇਹ ਸੁਭਾਅ।

ਨਿਮਰਤਾ ਸੱਭ ਤੋਂ ਉਤਮ ਗੁਣ ਹੈ, ਦੇਵਾਂ ਇਹ ਸਮਝਾ।

ਤਿੰਨ ਹਿੱਸੇ ਧਰਤੀ ਦੇ ਉੱਤੇ, ਮੇਰਾ ਹੀ ਹੈ ਰਾਜ।

ਨੀਲੀ ਧਰਤੀ ਨਜ਼ਰੀ ਆਵੇ, ਜੇ ਦੇਖੋ ਵਿਚ ਪੁਲਾੜ।

ਸੌ ਦਰਜਾ ਹਰਾਰਤ ਉੱਤੇ, ਭਾਫ਼ ਦਾ ਰੂਪ ਵਟਾਵਾਂ।

ਅਦਿੱਖ਼ ਰੂਪ ਅਪਨਾ ਕੇ, ਹਵਾ ਸੰਗ ਰਲ ਜਾਵਾਂ।

ਸਾਗਰ ਦੇ ਪਾਣੀ ਨੂੰ ਜਦ, ਸੂਰਜ ਤਪਸ਼ ਪੁਜਾਵੇ।

ਵਾਸ਼ਪ ਬਣ ਕੇ ਬੂੰਦ ਸਲੇਟੀ, ਵੱਲ ਅੰਬਰ ਦੇ ਜਾਵੇ।

ਹਵਾ ਦੇ ਕੰਧਾੜੇ ਚੜ੍ਹ, ਕਰਾਂ ਮੈਂ ਅੰਬਰੀ ਸੈਰਾਂ।

ਬੱਦਲਾਂ ਦੀ ਗਰਜ ਸੁਣ, ਲੋਕੀ ਮੰਗਣ ਖੈਰਾਂ।

ਸੂਖ਼ਮ ਕਣ ਮਿਲ ਜਾਏ ਮੈਨੂੰ, ਦ੍ਰਵ ਰੂਪ ਵਟਾਵਾਂ।

ਕਦੇ ਬਰਫ਼, ਗੜੇ, ਤੇ ਮੀਂਹ, ਕਦੇ ਬੂੰਦ ਬਣ ਜਾਵਾਂ।

ਮੀਂਹ ਦਾ ਰੂਪ ਧਾਰ, ਜਦ ਆਵਾਂ ਧਰਤੀ ਵੱਲੇ।

ਨਦੀਆਂ ਨਾਲੇ ਭਰ ਭਰ ਚੱਲਣ, ਹਰ ਕੋਈ ਆਖੇ ਬੱਲੇ ਬੱਲੇ।

ਧਰਤੀ ਦਾ ਹਰ ਗੋਸ਼ਾ ਤਦ, ਹਰਾ ਭਰਾ ਹੋ ਜਾਏ।

ਮੇਰੀ ਆਮਦ ਦੇਖ ਕੇ, ਕੁਦਰਤ ਵੀ ਮੁਸਕਾਏੇ।

ਪੌਦੇ ਅਤੇ ਮੱਛਰ

ਹਰੀ ਕ੍ਰਿਸ਼ਨ ਮਾਇਰ

ਥੋਨੂੰ ਇਕ ਦੱਸਣਾ ਖ਼ਿਆਲ ਅੱਜ ਦਾ

ਪੌਦਿਆਂ ਤੋਂ ਡਰ ਕੇ ਮੱਛਰ ਭੱਜਦਾ

ਤੱਕਿਆ ਹੋਣਾ ਤੁਸੀਂ ਫੁੱਲਾਂ ਵਾਲਾ ‘ਗੇਂਦਾ’

ਨੇੜੇ ਤੇੜੇ ਮੱਛਰ ਖਲੋਣ ਨਹੀਂਓਂ ਦੇਂਦਾ

ਇਕ ‘ਮੋਰਪੰਖੀ’ ਦੂਜਾ ਰੁੱਖ ਜੋ ‘ਸਫ਼ੈਦਾ’

ਮੱਛਰ ਭਜਾਉਂਦੇ ਵਿੱਚ ਕਰਦੇ ਨੇ ਫ਼ਾਇਦਾ

‘ਸਿਟਰੋਨੇਲਾ’ ਪੌਦਾ ਘਰ ‘ਚ ਲਗਾਓ

ਮੱਛਰਾਂ ਦੇ ਕੋਲੋਂ ਜਾਨ ਆਪਣੀ ਬਚਾਓ

‘ਰੋਜ਼ਮੇਰੀ’ ਨੇੜੇ ਕਹਿੰਦੇ ਮੱਛਰ ਨਹੀਂ ਆਉਂਦਾ

‘ਮੈਂਥਾ’ ਤੇ ‘ਪੁਦੀਨਾ’ ਦੂਰ ਮੱਛਰ ਭਜਾਉਂਦਾ

‘ਤੁਲਸੀ’ ਦੇ ਕੋਲੋਂ ਮੱਛਰ ਦੂਰ ਭੱਜਦੇ

‘ਕੈਟਨਿੱਪ’,’ਲੈਵੇਂਡਰ’ ਵੀ ਪੌਦੇ ਹੁੰਦੇ ਚੱਜਦੇ

ਜੀਹਦੀ ਨੀਂਦ ਮੱਛਰਾਂ ਉਡਾਈ ਹੋਈ ਆ

ਮੱਛਰਾਂ ਨੇ ਜਾਨ ਸਤਾਈ ਹੋਈ ਆ

ਗਮਲਾ ਲਿਆ ਕੇ ਭਰ ਵਿੱਚ ਮਿੱਟੀ ਪਾਓ

ਮੱਛਰ ਭਜਾਉਣ ਵਾਲਾ ਪੌਦਾ ਇੱਕ ਲਾਓ

ਫੇਰ ਥੋਨੂੰ ਗੂੜ੍ਹੀ ਗੂੜ੍ਹੀ ਨੀਂਦ ਆਊਗੀ

ਸੁਪਨਿਆਂ ਦੀ ਧਰਤੀ ਤੇ ਪੀਂਘ ਪਾਊਗੀ

ਧੁਨੀ

ਸੁਰਿੰਦਰਪਾਲ ਸਿੰਘ

ਆਓ ਬੱਚਿਓ ਧੁਨੀ ਦੇ ਪਾਠ ਬਾਬਤ ਜਾਣੀਏ।

ਕੰਪਨ ਕਿਵੇਂ ਧੁਨੀ ਪੈਦਾ ਕਰਦਾ ਸਿਆਣੀਏ।

ਧੁਨੀ ਹੈ ਤਾਂ ਉਰਜਾ ਦਾ ਹੀ ਇੱਕ ਅਭਿੰਨ ਅੰਗ -

ਆਯਾਮ, ਆਵ੍ਰਿਤੀ ਤੇ ਆਵਰਤ ਕਾਲ ਨਾਲ਼ ਇਸਦਾ ਸੰਗ।

ਡੈਸੀਬਲ ਇਕਾਈ ਨਾਲ ਨਾਪੀ ਜਾਂਦੀ ਹੈ ਧੁਨੀ

ਕਿਸੇ ਮਾਧਿਅਮ ਤੋਂ ਬਿਨਾ ਇਹ ਨਾ ਜਾਂਦੀ ਸੁਣੀ।

20000 ਹਰਟਜ਼ ਤੋਂ ਵੱਧ ਆਵ੍ਰਿਤੀ ਵਾਲੀਆਂ ਪਰਾ ਧੁਨੀਆਂ

ਮਨੁੱਖਾਂ ਨੂੰ ਕਦੇ ਵੀ ਨਹੀਂ ਜਾਂਦੀਆ ਸੁਣੀਆਂ।

20 ਹਰਟਜ਼ ਤੋਂ ਘੱਟ ਆਵ੍ਰਿਤੀ ਵਾਲੀ ਧੁਨੀ ਹੁੰਦੀ ਨੀਮ ਧੁਨੀ

ਮਨੁੱਖ ਨੂੰ ਭਾਵੇ ਨਾ ਸਹੀ ਪਰ ਹਾਥੀ ਨੂੰ ਜਾਂਦੀ ਹੈ ਸੁਣੀ ।

ਚੰਗੀ ਲੱਗਣ ਵਾਲੀ ਧੁਨੀ ਨੂੰ ਕਹਿੰਦੇ ਹਨ ਸੰਗੀਤ

80 ਡੈਸੀਬਲ (dB) ਤੋਂ ਘੱਟ ਨਾਲ਼ ਹੈ ਸਭ ਦੀ ਪ੍ਰੀਤ।

90 ਡੈਸੀਬਲ (dB) ਤੋਂ ਵੱਧ ਨੂੰ ਕਹਿੰਦੇ ਸ਼ੌਰ ਜਾਂ ਰੌਲਾ

ਸੁਣਨ ਵਾਲੇ ਨੂੰ ਹੁੰਦੀ ਤਕਲੀਫ ਤੇ ਸਿਰ 'ਚ ਵੱਜਦਾ ਗੋਲ਼ਾ।

ਠੋਸ ਵਸਤੂ ਅੰਦਰ ਧੁਨੀ ਵੱਧ ਗਤੀ ਨਾਲ਼ ਕਰਦੀ ਹੈ ਸੰਚਾਰ

"ਐਸ ਪੀ" ਵੀ ਸ਼ੌਰ ਪ੍ਰਦੂਸ਼ਣ ਦੇ ਖ਼ਿਲਾਫ਼ ਖੁਲ੍ਹ ਕੇ ਕਰੇ ਪ੍ਰਚਾਰ।

ਆਯਾਮ (Amplitude)

ਆਵ੍ਰਿਤੀ (Frequency)

ਆਵਰਤ ਕਾਲ (Time Period)

ਹਰਟਜ਼ (Hertz)

ਪਰਾ ਧੁਨੀਆਂ (Ultrasonic Sounds)

ਨੀਮ ਧੁਨੀ (Infrasonic Sounds)

ਸਾਇੰਸ ਫਿਕਸ਼ਨ ਨੂੰ ਹਕੀਕਤ ਬਣਾਉਂਦੀਆਂ ਵਿਗਿਆਨ ਦੀਆਂ ਤਾਜ਼ਾ ਖ਼ਬਰਾਂ

ਨਾਸਾ ਦੀ ਜੇਮਜ਼ ਵੈੱਬ ਦੂਰਬੀਨ ਨੇ ਨੈਪਚਿਊਨ ਦੇ ਛੱਲਿਆਂ ਦੀ ਸਭ ਤੋਂ ਸਪਸ਼ਟ ਤਸਵੀਰ ਖਿੱਚੀ
ਵੈੱਬ ਦੀ ਨਵੀਂ ਤਸਵੀਰ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਗ੍ਰਹਿ ਦੇ ਛੱਲਿਆਂ ਦਾ ਖੂਬਸੂਰਤ ਤੇ ਸਪਸ਼ਟ ਦ੍ਰਿਸ਼ ਦਿਖਦਾ ਹੈ - ਜਿਨ੍ਹਾਂ ਵਿੱਚੋਂ ਕੁਝ ਦਾ ਪਤਾ ਹੁਣ ਫੇਰ ਲੱਗਿਆ ਹੈ, ਜਿਨ੍ਹਾਂ ਬਾਰੇ ਪਹਿਲੀ ਵਾਰ 1989 ਵਿੱਚ ਨਾਸਾ ਦੇ ਵੋਏਜਰ-2 ਸਪੇਸਕ੍ਰਾਫਟ ਤੋਂ ਜਾਣਕਾਰੀ ਮਿਲ਼ੀ ਸੀ, ਜੋ ਕਿ ਨੇਪਚਿਊਨ ਦਾ ਨਿਰੀਖਣ ਕਰਨ ਵਾਲਾ ਪਹਿਲਾ ਪੁਲਾੜ ਯਾਨ ਸੀ। ਕਈ ਚਮਕਦਾਰ ਤੇ ਮਹੀਨ ਛੱਲਿਆਂ ਤੋਂ ਇਲਾਵਾ, ਇਸ ਚਿੱਤਰ ਵਿੱਚ ਨੈਪਚਿਊਨ ਦੀਆਂ ਮੱਧਮ ਧੂੜ ਪੱਟੀਆਂ ਵੀ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀਆਂ ਹਨ। ਚਿੱਤਰ ਨਾਸਾ ਤੋਂ ਧੰਨਵਾਦ ਸਹਿਤ (Photo Courtesy: NASA)
ਵਿਗਿਆਨੀਆਂ ਨੇ ਗ਼ਲਤੀ ਨਾਲ਼ ਦੋ ਡੂੰਘੇ-ਸਮੁੰਦਰ ਵਿੱਚ ਰਹਿਣ ਵਾਲ਼ੇ 'ਜੈਲੀ' ਜੀਵ ਲੱਭੇ ਜੋ ਸੱਟ ਲੱਗਣ ਤੋਂ ਬਾਅਦ ਇੱਕ ਦੂਜੇ ਨਾਲ਼ ਜੁੜ ਕੇ ਇੱਕ ਬਣ ਗਏ
ਐਕਸੀਟਰ ਯੂਨੀਵਰਸਿਟੀ, ਯੂ.ਕੇ. ਦੀ ਇੱਕ ਪ੍ਰਯੋਗਸ਼ਾਲਾ ਵਿੱਚ ਵਿਗਿਆਨਕਾਂ ਨੇ ਵਾਰਟੀ ਕੂੰਬ ਜੈਲੀ (Warty Comb Jelly - Mnemiopsis leidyi), ਜਿਸ ਨੂੰ ਸਮੁੰਦਰੀ ਅਖਰੋਟ (Sea Walnut) ਵੀ ਕਿਹਾ ਜਾਂਦਾ ਹੈ, 'ਤੇ ਖੋਜ ਕਰਦੇ ਹੋਏ ਅਚਾਨਕ ਦੇਖਿਆ ਕਿ ਇੱਕ ਟੈਂਕ ਵਿੱਚੋਂ ਇੱਕ ਜੈਲੀ ਗਾਇਬ ਸੀ, ਬਾਅਦ ਵਿੱਚ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਇੱਕ ਵੱਡੀ ਜੈਲੀ ਅਸਲ ਵਿੱਚ ਦੋ ਜੈਲੀਆਂ ਤੋਂ ਮਿਲ਼ ਕੇ ਬਣੀ ਸੀ। ਅਜਿਹਾ ਉਦੋਂ ਹੋਇਆ ਜਦੋਂ ਇੱਕ ਦੁਰਘਟਨਾ ਵਿੱਚ ਇੱਕ ਜੈਲੀ ਜ਼ਖ਼ਮੀ ਹੋ ਗਈ। ਇਸ ਖੋਜ ਤੋਂ ਉਤਸ਼ਾਹਿਤ, ਮੁੱਖ ਵਿਗਿਆਨੀ ਤੇ ਖੋਜ ਪੇਪਰ ਦੇ ਲੇਖਕ ਕੇਈ ਜੋਕੁਰਾ ਨੇ ਉਸਨੂੰ ਤੁਰੰਤ ਦੂਜੇ ਵਿਗਿਆਨੀਆਂ ਨਾਲ਼ ਸਾਂਝਾ ਕੀਤਾ ਕਿ ਉਹ ਜੈਲੀ ਸੱਟ ਲੱਗਣ ਤੋਂ ਬਾਅਦ ਦੂਜੀ ਜੈਲੀ ਨਾਲ਼ ਮਿਲ਼ ਕੇ ਇੱਕ ਹੋ ਸਕਦੀ ਹੈ, ਤੇ ਉਹ ਤੰਤੂ ਪ੍ਰਬੰਧ (Nervous System) ਅਤੇ ਪੇਟ ਨੂੰ ਆਪਸ ਵਿੱਚ ਸਾਂਝਾ ਕਰ ਸਕਦੇ ਹਨ।
ਨਾਸਾ ਦੇ ਪੁਲਾੜ ਯਾਤਰੀ ਨੇ ISS ਤੋਂ ਗਲੈਕਸੀਆਂ ਦੇ ਇੱਕ ਜੋੜੇ ਦੀ ਸ਼ਾਨਦਾਰ ਫੋਟੋ ਖਿੱਚੀ
ਧਰਤੀ ਤੋਂ 250 ਮੀਲ (400 ਕਿਲੋਮੀਟਰ) ਦੀ ਉਚਾਈ 'ਤੇ ਘੁੰਮਦੇ ਹੋਏ, ਅੰਤਰਰਾਸ਼ਟਰੀ ਸਪੇਸ ਸਟੇਸ਼ਨ (ISS) 'ਤੇ ਸਵਾਰ ਪੁਲਾੜ ਯਾਤਰੀਆਂ ਨੂੰ ਬ੍ਰਹਿਮੰਡ ਦਾ ਬੇਮਿਸਾਲ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਪੁਲਾੜ ਯਾਤਰੀ ਡੌਨ ਪੇਟਿਟ ਨੇ ਅਜਿਹਾ ਹੀ ਇੱਕ ਚਿੱਤਰ ISS ਤੋਂ ਖਿਚਿਆ, ਜਿਸ ਵਿੱਚ ਤੁਸੀਂ ਖ਼ਿਤਿਜ ਦੇ ਉੱਪਰ ਤਾਰਿਆਂ ਨਾਲ ਭਰੇ ਇੱਕ ਆਕਾਸ਼ੀ ਖੇਤਰ ਅਤੇ ਸਾਡੀ ਆਕਾਸ਼ਗੰਗਾ ਦੇ ਸਥਾਨਕ ਸਮੂਹ (The Milky Way’s local group) ਦੀਆਂ ਦੋ ਛੋਟੀਆਂ ਗਲੈਕਸੀਆਂ ਵੇਖ ਸਕਦੇ ਹੋ। ਚਿੱਤਰ (ਧੰਨਵਾਦ ਸਹਿਤ): ਡੌਨ ਪੇਟਿਟ/ਨਾਸਾ (Photo Courtesy: Don Pettit/NASA)
ਇਹ ਜਾਦੂ ਨਹੀਂ ਹੈ, ਵਿਗਿਆਨ ਹੈ: ਕਿਵੇਂ ਧੁਨੀ ਵੀ ਵਸਤੂਆਂ ਨੂੰ ਉਡਾ ਸਕਦੀ ਹੈ
ਲੰਡਨ ਸਥਿੱਤ ਕੰਪਨੀ ਅਕੂਸਟੋਫੈਬ ਵਸਤੂਆਂ ਅਤੇ ਤਰਲ ਪਦਾਰਥਾਂ ਨੂੰ ਪਰਾ ਧੁਨੀ ਤਰੰਗਾਂ (Ultrasound) ਦੀ ਸਹਾਇਤਾ ਨਾਲ਼ ਮੱਧ-ਹਵਾ ਵਿੱਚ ਤੈਰਦੇ ਰੱਖਣ ਲਈ ਛੋਟੇ ਸਪੀਕਰਾਂ ਦੀ ਵਰਤੋਂ ਕਰ ਰਹੀ ਹੈ, ਜੋ 40 ਕਿਲੋਹਰਟਜ਼ ‘ਤੇ ਸੈੱਟ ਕੀਤੇ ਗਏ ਹਨ, ਜੋ ਮਨੁੱਖੀ ਸੁਣਨ ਸ਼ਕਤੀ ਦੇ ਘੇਰੇ ਤੋਂ ਬਾਹਰ ਹੈ। ਅਰਗੋਨ ਨੈਸ਼ਨਲ ਲੈਬਾਰਟਰੀ, ਅਮਰੀਕਾ ਦੇ ਵਿਗਿਆਨੀਆਂ ਨੇ ਵੀ ਘੋਲ ਦੀਆਂ ਬੂੰਦਾਂ ਨੂੰ ਹਵਾ ਵਿੱਚ ਤੈਰਦੇ ਰੱਖਣ ਲਈ ਧੁਨੀ ਤਰੰਗਾਂ ਦੀ ਵਰਤੋਂ ਕਰਨ ਦਾ ਤਰੀਕਾ ਲੱਭਿਆ ਹੈ। ਦੇਖਣ ਲਈ ਵਧੀਆ ਲੱਗਣ ਤੋਂ ਇਲਾਵਾ, ਸੀਐਨਐਨ (CNN) ਦੇ ਨਿੱਕ ਵੈਲੇਂਸੀਆ ਇਸ ਤਕਨਾਲੋਜੀ ਦੇ ਵਪਾਰਕ ਅਤੇ ਵਿਗਿਆਨਕ ਲਾਭਾਂ ਬਾਰੇ ਦੱਸਦੇ ਹਨ ਕਿ ਕਈ ਕੰਪਨੀਆਂ ਜਿਵੇਂ ਕਿ ਬੀਜ ਉਤਪਾਦਨ ਕਰਨ ਵਾਲੀਆਂ ਪੱਥਰ ਤੇ ਤੀਲਾਂ ਆਦਿ ਤੇ ਦਵਾਈਆਂ ਖੋਜਣ ਵਾਲੀਆਂ ਖਤਰਨਾਕ ਰਸਾਇਣਾਂ ਨੂੰ ਛਾਣਨ ਲਈ ਇਸ ਨਵੀਂ ਤਕਨਾਲੋਜੀ ਨੂੰ ਵਰਤ ਸਕਦੀਆਂ ਹਨ। (Photo Courtesy: Argonne National Laboratory)

ਉਡਾਣ - ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ

ਜਨਵਰੀ-ਮਾਰਚ 2025 ਸਾਲ ਤੀਜਾ, ਅੰਕ ਦਸਵਾਂ

ਸਲਾਹਕਾਰ ਬੋਰਡ: ਡਾ. ਦੇਵਿੰਦਰ ਪਾਲ ਸਿੰਘ (ਕੈਨੇਡਾ), ਹਰੀ ਕ੍ਰਿਸ਼ਨ ਮਾਇਰ (ਕੈਨੇਡਾ), ਅਜਮੇਰ ਸਿੱਧੂ (ਭਾਰਤ), ਰੂਪ ਢਿੱਲੋਂ (ਯੂ.ਕੇ.)

ਸੰਪਾਦਕ: ਅਮਨਦੀਪ ਸਿੰਘ (ਨੌਰਾ)

Udaan - Punjabi Science Fiction Magazine

Advisory Board: Dr. D.P. Singh (Canada), Hari Krishan Mayor (Canada), Ajmer Sidhu (India), Roop Dhillon (U.K.)

Editor: Amandeep Singh (Naura) Email: punjabiscifi@gmail.com

Photos Courtesy: BING AI, Pixabay.com, Nasa.gov

© 2024 Authors