Home

FrontCover

ਨੈਂਸੀ ਗ੍ਰੇਸ ਰੋਮਨ ਸਪੇਸ ਟੈਲੀਸਕੋਪ

ਮੁੱਖ ਪੰਨੇ ਦੀ ਤਸਵੀਰ (ਨਾਸਾ ਤੋਂ ਧੰਨਵਾਦ ਸਹਿਤ) ਵਿੱਚ ਤੁਸੀਂ ਨਾਸਾ ਦੁਆਰਾ ਹਾਲ ਹੀ ਪੁਲਾੜ ਵਿੱਚ ਲਾਂਚ ਕੀਤੀ ਗਈ ਨੈਂਸੀ ਗ੍ਰੇਸ ਰੋਮਨ ਸਪੇਸ ਟੈਲੀਸਕੋਪ ਵੇਖ ਰਹੇ ਹੋ। ਇਸਦਾ ਨਾਮ ਨਾਸਾ ਦੀ ਪਹਿਲੀ ਮੁੱਖ ਖਗੋਲ ਵਿਗਿਆਨੀ, 'ਹਬਲ ਸਪੇਸ ਟੈਲੀਸਕੋਪ ਦੀ ਜਣਨੀ' ਦੇ ਨਾਮ 'ਤੇ ਰੱਖਿਆ ਗਿਆ, ਨੈਂਸੀ ਗ੍ਰੇਸ ਰੋਮਨ ਸਪੇਸ ਟੈਲੀਸਕੋਪ ਦਾ ਦ੍ਰਿਸ਼ਟੀਕੋਣ ਹਬਲ ਨਾਲੋਂ ਘੱਟੋ-ਘੱਟ 100 ਗੁਣਾ ਵੱਡਾ ਹੋਵੇਗਾ, ਜੋ ਸੰਭਾਵੀ ਤੌਰ 'ਤੇ ਆਪਣੇ ਜੀਵਨ ਕਾਲ ਵਿੱਚ ਇੱਕ ਅਰਬ ਗਲੈਕਸੀਆਂ ਤੋਂ ਆ ਰਹੇ ਪ੍ਰਕਾਸ਼ ਨੂੰ ਮਾਪੇਗੀ। ਇਹ ਵੇਦਸ਼ਾਲਾ (Observatory) ਸੌਰ-ਮੰਡਲ ਤੋਂ ਬਾਹਰੀ-ਗ੍ਰਹਿ (Exoplanets) ਤੇ ਗ੍ਰਹਿ-ਬਣਾਉਣ ਵਾਲੀਆਂ ਤਵੀਆਂ (Disks) ਨੂੰ ਸਿੱਧੇ ਤੌਰ 'ਤੇ ਦੇਖਣ ਲਈ ਤਾਰਿਆਂ ਦੀ ਰੌਸ਼ਨੀ ਨੂੰ ਰੋਕਣ, ਸਾਡੀ ਆਕਾਸ਼ਗੰਗਾ ਵਿੱਚ ਗ੍ਰਹਿ ਪ੍ਰਣਾਲੀਆਂ ਦੀ ਇੱਕ ਅੰਕੜਾਤਮਕ ਜਨਗਣਨਾ ਨੂੰ ਪੂਰਾ ਕਰਨ, ਅਤੇ ਸਿਆਹ ਊਰਜਾ (Dark Energy), ਬਾਹਰੀ-ਗ੍ਰਹਿਆਂ ਤੇ ਇਨਫਰਾਰੈੱਡ ਖਗੋਲ ਭੌਤਿਕ ਵਿਗਿਆਨ ਦੇ ਖੇਤਰਾਂ ਵਿੱਚ ਜ਼ਰੂਰੀ ਸਵਾਲਾਂ ਦਾ ਨਿਪਟਾਰਾ ਕਰਨ ਦੇ ਯੋਗ ਵੀ ਹੋਵੇਗੀ। ਇਹ ਟੈਲੀਸਕੋਪ, ਬ੍ਰਹਿਮੰਡ ਦੀ ਇੱਕ ਵੱਡੀ ਤਸਵੀਰ ਪੇਸ਼ ਕਰਨ ਅਤੇ ਖਗੋਲ ਭੌਤਿਕ ਵਿਗਿਆਨ ਦੇ ਗਹਿਨ ਸਵਾਲਾਂ ਦੇ ਜਵਾਬ ਦੇਣ ਵਿੱਚ ਸਾਡੀ ਮਦਦ ਕਰੇਗੀ, ਜਿਵੇਂ ਕਿ ਬ੍ਰਹਿਮੰਡ ਕਿਵੇਂ ਵਿਕਸਤ ਹੋਇਆ, ਅਤੇ ਇਸਦਾ ਅੰਤ ਕਿਸ ਤਰ੍ਹਾ ਹੋ ਸਕਦਾ ਹੈ?

editorial
ਸੰਪਾਦਕੀ

ਅਗਲੇ ਹੱਦਾਂ-ਬੰਨੇ ਤੇ ਏਆਈ

"ਉਡਾਣ" ਦਾ ਇਹ ਸਤਾਰ੍ਹਵਾਂ ਵਿਸ਼ੇਸ਼ ਅੰਕ ਆਪ ਜੀ ਦੀ ਸੇਵਾ ਵਿੱਚ ਪੇਸ਼ ਹੈ। ਮਾਖਿਓਂ ਮਿੱਠੀ ਪੰਜਾਬੀ ਮਾਂ-ਬੋਲੀ ਵਿੱਚ ਵਿਗਿਆਨ ਗਲਪ ਬਾਰੇ ਜਾਗਰੂਕਤਾ ਫੈਲਾਉਣ ਅਤੇ ਵਿਗਿਆਨ ਨਾਲ਼ ਸੰਬੰਧਿਤ ਮਿਆਰੀ ਤੇ ਰੋਚਕ ਰਚਨਾਵਾਂ ਪੇਸ਼ ਕਰਦਾ ਇਹ ਮੈਗ਼ਜ਼ੀਨ ਚਾਰ ਸਾਲ ਸੰਪੂਰਣ ਕਰਕੇ ਪੰਜਵੇਂ ਵਰ੍ਹੇ ਵਿੱਚ ਦਾਖਲ ਹੋ ਰਿਹਾ ਹੈ। ਇਸ ਲਈ ਮੈਂ ਆਪਣੇ ਚਾਰ ਮੁਖ ਸਲਾਹਕਾਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾ ਇਹ ਮੈਗ਼ਜ਼ੀਨ ਸੰਭਵ ਨਹੀਂ ਹੋ ਸਕਦਾ – ਡਾ. ਦੇਵਿੰਦਰ ਪਾਲ ਸਿੰਘ (ਕੈਨੇਡਾ), ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ (ਕੈਨੇਡਾ), ਅਜਮੇਰ ਸਿੱਧੂ (ਭਾਰਤ), ਰੂਪ ਢਿੱਲੋਂ (ਯੂ.ਕੇ.) ਜੋ ਆਪਣੀਆਂ ਵਡਮੁੱਲੀਆਂ ਰਚਨਾਵਾਂ ਤੇ ਸੁਝਾਵਾਂ ਦੇ ਨਾਲ਼ ਲਗਾਤਾਰ ਸਹਿਯੋਗ ਕਰ ਰਹੇ ਹਨ। ਇਸ ਉਡਾਣ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਉਮੀਦ ਹੈ ਆਪ ਜੀ ਦੇ ਸਹਿਯੋਗ ਨਾਲ਼ ਅਸੀਂ ਹੌਲੀ-ਹੌਲੀ ਇੱਕ ਅਸਮਾਨ ਤੋਂ ਦੂਸਰੇ ਅਸਮਾਨ ਤੱਕ ਉੱਡਦੇ ਹੋਏ ਵਿਗਿਆਨ ਦੀ ਰੌਸ਼ਨੀ ਵੰਡਦੀਆਂ ਕਹਾਣੀਆਂ, ਕਵਿਤਾਵਾਂ ਤੇ ਲੇਖ ਘਰ-ਘਰ ਪਹੁੰਚਾਉਣ ਵਿੱਚ ਸਫ਼ਲ ਹੋਵਾਂਗੇ। ਕਹਾਣੀਆਂ ਜੋ ਸਾਨੂੰ ਬਹਿਲਾਉਂਦੀਆਂ, ਹਸਾਉਂਦੀਆਂ ਤੇ ਰੁਲਾਉਂਦੀਆਂ ਹਨ, ਕਵਿਤਾਵਾਂ ਜਿਨ੍ਹਾਂ ਦੇ ਬੋਲ ਸਾਡੇ ਰੋਮ-ਰੋਮ ਵਿੱਚ ਗੂੰਜਦੇ ਹਨ ਤੇ ਲੇਖ ਜੋ ਸਾਨੂੰ ਸੋਚਣ ‘ਤੇ ਮਜ਼ਬੂਰ ਕਰਦੇ ਹਨ ਅਤੇ ਜਦੋਂ ਉਨ੍ਹਾਂ ਵਿੱਚ ਵਿਗਿਆਨ ਤੇ ਤਰਕ ਦਾ ਸੰਕਲਪ ਵੀ ਆ ਜੁੜਦਾ ਹੈ ਤਾਂ ਉਹ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ ਅਤੇ ਪਾਠਕਾਂ ਦੇ ਮਨ ਅੰਦਰ ਵਿਗਿਆਨ ਪ੍ਰਤੀ ਉਤਸੁਕਤਾ ਤੇ ਗਹਿਰੇ ਅਹਿਸਾਸ ਜਗਾਉਂਦਾ ਹੈ — ਭਾਵੇਂ ਉਹ ਵਿਗਿਆਨ ਦੇ ਚਾਨਣ ਨਾਲ਼ ਰੌਸ਼ਨ ਸੁਨਹਿਰੀ ਭਵਿੱਖ ਹੋਵੈ ਜਾਂ ਵਿਨਾਸ਼ਕਾਰੀ ਅੰਨ੍ਹਾ-ਯੁੱਗ। ਵਿਗਿਆਨ ਗਲਪ ਕਹਾਣੀਆਂ ਪੜ੍ਹ ਕੇ ਅਸੀਂ ਭਵਿੱਖ ਦੇ ਦੋ ਆਯਾਮ ਸੋਚ ਸਕਦੇ ਹਾਂ, ਕਿਉਂਕਿ ਮਨੁੱਖ ਦਾ ਵਿਗਿਆਨ ਦਿਨੋ-ਦਿਨ ਤੱਰਕੀ ਦੀ ਚਰਮਸੀਮਾ ਵੱਲ ਵੱਧ ਰਿਹਾ ਹੈ, ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ ਜੋ ਮਨੁੱਖਤਾ ਦੇ ਭਲੇ ਤੇ ਵਿਨਾਸ਼ ਦੋਵਾਂ ਲਈ ਵਰਤੀਆਂ ਜਾ ਸਕਦੀਆਂ ਹਨ।

ਆਖਰਕਾਰ ਮਨੁੱਖ ਨੇ ਆਪਣੀ ਸਮਰੱਥਾ ਨੂੰ ਵਧਾਉਣ ਵਾਲਾ ਇੱਕ ਸ਼ਕਤੀਸ਼ਾਲੀ ਔਜ਼ਾਰ ਬਣਾਉਟੀ ਬੁੱਧੀ (ਏਆਈ) ਬਣਾ ਲਿਆ ਹੈ ਜਿਸ ਦੀਆਂ ਸੰਭਾਵਨਾਵਾਂ ਬੇਸ਼ੁਮਾਰ ਹਨ, ਜੋ ਮਨੁੱਖਤਾ ਨੂੰ ਅਰਸ਼ ਤੇ ਚੜ੍ਹਾ ਕੇ ਫ਼ਰਸ਼ ਤੇ ਡੇਗ ਸਕਦਾ ਹੈ ਤੇ ਹਨੇਰੇ ਭਵਿੱਖ ਵੱਲ ਵੀ ਧੱਕ ਸਕਦਾ ਹੈ। ਹਾਲ ਹੀ ਵਿੱਚ ਓਪਨ ਏਆਈ ਦੇ ਮਾਡਲ ਨੇ ਅਗਿਆਤ ਸੁਰੱਖਿਆ ਨੁਕਸ ਦਾ ਫਾਇਦਾ ਉਠਾ ਕੇ ਇੱਕ ਦੂਜੀ ਕੰਪਨੀ ਦੇ ਕੰਪਿਊਟਰ ਸਿਸਟਮ ਨੂੰ ਹੈਕ ਕਰ ਲਿਆ। ਇਸ ਕਰਕੇ ਅੱਜ ਸੂਝਵਾਨ ਨੇਤਾ ਤੇ ਅਫ਼ਸਰ ਉਸ ਨੂੰ ਮਨੁੱਖਾਂ ਤੋਂ ਸ਼ਕਤੀਸ਼ਾਲੀ ਬਣਨ ਲਈ ਰੋਕਣ ਦਾ ਸੁਝਾਅ ਦੇ ਰਹੇ ਹਾਂ ਕਿਉਂਕਿ ਭਵਿੱਖ ਵਿੱਚ ਬਣਾਉਟੀ ਮਹਾਂ ਬੁੱਧੀ (Artificial Superintelligence) ਆਪਣੀਆਂ ਖੁਦ ਦੀਆਂ ਇੱਛਾਵਾਂ ਵਿਕਸਤ ਕਰ ਸਕਦੀ ਹੈ ਤੇ ਮਨਮਰਜ਼ੀ ਕਰ ਸਕਦੀ ਹੈ, ਜੋ ਸਾਡੀਆਂ ਇੱਛਾਵਾਂ ਦੇ ਵਿਰੁੱਧ ਹੋ ਸਕਦੀਆਂ ਹਨ ਅਤੇ ਜਿਸ ਕਰਕੇ ਉਸਦੇ ਮਨੁੱਖਤਾ ਨਾਲ਼ ਮੱਤਭੇਦ ਤੇ ਦਵੰਦ ਖੜੇ ਹੋ ਸਕਦੇ ਹਨ ਜਿਨ੍ਹਾਂ ਬਾਰੇ ਅੱਜ ਅਸੀਂ ਸੋਚ ਵੀ ਨਹੀਂ ਸਕਦੇ। ਹੁਣੇ ਤੋਂ ਹੀ ਮਨੁੱਖ ਏਆਈ ਦੀ ਇੰਨੀ ਵੱਧ ਵਰਤੋਂ ਕਰਨ ਲੱਗ ਪਿਆ ਹੈ ਕਿ ਕਿਤੇ ਅਜਿਹਾ ਨਾ ਹੋਵੇ ਉਹ ਉਸਦਾ ਮੁਥਾਜ ਹੋ ਕੇ ਹੀ ਨਾ ਰਹਿ ਜਾਏ। ਕਈ ਵਿਗਿਆਨਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਏਆਈ ਲੋਕਾਂ ਦੀ ਤਰਕਮਈ ਤੇ ਅਲੋਚਨਾਤਮਕ ਸੋਚ ਨੂੰ ਕਮਜ਼ੋਰ ਕਰ ਸਕਦੀ ਹੈ। ਪਰ ਬਹੁਤੇ ਨੇਤਾ ਤੇ ਅਫ਼ਸਰ ਇਸ ਗੱਲ ਤੇ ਗੌਰ ਨਹੀਂ ਕਰ ਰਹੇ; ਏਆਈ ਦਾ ਵਿਕਾਸ ਹਾਲੇ ਰੁਕਦਾ ਨਹੀਂ ਲੱਗ ਰਿਹਾ ਤੇ ਉਹ ਲਗਾਤਾਰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਉਡਾਣ ਦੀਆਂ ਇਸ ਅੰਕ ਦੀਆਂ ਕਹਾਣੀਆਂ ਇਸ ਦੀ ਬਾਖੂਬੀ ਪੜਚੋਲ ਕਰਦੀਆਂ ਹਨ ਤੇ ਪਾਠਕ ਦੇ ਮਨ ਅੰਦਰ ਸਵਾਲ ਪੈਦਾ ਕਰਦੀਆਂ ਹਨ ਕਿ ਮਨੁੱਖਤਾ ਆਪਣਾ ਭਵਿੱਖ ਕਿਹੋ ਜਿਹਾ ਚਾਹੁੰਦੀ ਹੈ?

ਅਸੀਂ ਉਮੀਦ ਕਰਦੇ ਹਾਂ ਕਿ ਵਡਮੁੱਲੀ ਜਾਣਕਾਰੀ ਦਿੰਦਾ, ਆਪ ਦਾ ਮਨੋਰੰਜਨ ਕਰਦਾ ਇਹ ਅੰਕ ਤੁਹਾਡੀ ਸੋਚ ਨੂੰ ਵੀ ਹੁਲਾਰਾ ਦੇਵੇਗਾ ਤੇ ਤੁਸੀਂ ਇਸ ਵਿਚਲੀਆਂ ਰਚਨਾਵਾਂ ਨੂੰ ਜ਼ਰੂਰ ਪਸੰਦ ਕਰੋਗੇ। ਕਿਰਪਾ ਕਰਕੇ ਆਪਣੇ ਵਡਮੁੱਲੇ ਸੁਝਾਅ ਭੇਜਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ “ਉਡਾਣ” ਦੇ ਅਗਲੇ ਅੰਕ ਹੋਰ ਵੀ ਸਾਰਥਕ ਬਣਾਏ ਜਾ ਸਕਣ।

ਹਮੇਸ਼ਾਂ ਦੀ ਤਰ੍ਹਾਂ ਆਪਜੀ ਦੇ ਸੁਝਾਵਾਂ ਤੇ ਪ੍ਰਤੀਕਿਰਿਆ ਦੀ ਉਡੀਕ ਵਿਚ …

~ ਅਮਨਦੀਪ ਸਿੰਘ punjabiscifi@gmail.com

ਨੋਟ :"ਉਡਾਣ" ਮੈਗ਼ਜ਼ੀਨ ਵਿੱਚ ਲੇਖਕਾਂ ਵਲ੍ਹੋਂ ਪ੍ਰਗਟਾਏ ਵਿਚਾਰ ਉਹਨਾਂ ਦੇ ਆਪਣੇ ਹਨ। ਅਦਾਰਾ ਉਡਾਣ ਦੀ ਸੰਪਾਦਕੀ ਟੀਮ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।

ਸੰਪਾਦਕ

MachineTeManukh
ਵਿਗਿਆਨ ਗਲਪ ਕਹਾਣੀ

ਮਸ਼ੀਨ ਅਤੇ ਮਨੁੱਖ

ਅਮਨਦੀਪ ਸਿੰਘ

ਸਮੁੰਦਰ ਦਾ ਪਾਣੀ ਸ਼ਾਂਤ ਸੀ। ਬਿਲਕੁਲ ਸ਼ਾਂਤ। ਸਵੇਰ ਦਾ ਉਜਾਲਾ ਫੈਲਣ ਵਿੱਚ ਅਜੇ ਥੋੜ੍ਹੀ ਦੇਰ ਸੀ। ਦੂਰ-ਦੂਰ ਤੱਕ ਵੇਖਣ ਤੇ ਕੋਈ ਵੀ ਪਰਿੰਦਾ ਜਾਂ ਮਨੁੱਖ ਨਜ਼ਰ ਨਹੀਂ ਸੀ ਆਉਂਦਾ। ਜਿਵੇਂ ਜਿਵੇਂ ਸਮੁੰਦਰ ਦਾ ਹਰਾ ਅਤੇ ਹਲਕਾ ਚਿੱਟਾ ਨਿਰਮਲ ਜਲ, ਸਵੇਰ ਦੀ ਲਾਲੀ ਨਾਲ ਲਾਲ ਸੂਹਾ ਹੋ ਰਿਹਾ ਸੀ ਤਾਂ ਇਕ ਪਰਛਾਵਾਂ ਰੇਤ ਤੇ ਟੁਰਦਾ ਜਾਂਦਾ ਸਪੱਸ਼ਟ ਹੋ ਰਿਹਾ ਸੀ। ਠੰਡੀ ਰੇਤ ਉਸ ਦੇ ਗਿੱਲੇ ਪੈਰਾਂ ਨਾਲ ਚਿਪਕ ਰਹੀ ਸੀ। ਪਰ ਉਹ ਆਪਣੀ ਹੀ ਧੁੰਨ ਵਿੱਚ ਮਗਨ ਸਮੁੰਦਰ ਦੇ ਕਿਨਾਰੇ ਟੁਰਿਆ ਜਾ ਰਿਹਾ ਸੀ। ਜਿਵੇਂ ਹੀ ਸਵੇਰ ਨੇ ਅੰਗੜਾਈ ਲਈ, ਉਹ ਪਰਛਾਵਾਂ ਇਕ ਮਨੁੱਖ ਵਿੱਚ ਵਟਦਾ ਚਲਾ ਗਿਆ।

ਕੀ ਉਹ ਮਨੁੱਖ ਹੀ ਸੀ?

ਨਹੀਂ!... ਧਿਆਨ ਨਾਲ ਦੇਖਣ ਤੇ ਪਤਾ ਲਗਦਾ ਸੀ ਕਿ ਉਹ ਕਿਸੇ ਵਿਗਿਆਨਕ ਦਾ ਵਡਮੁੱਲਾ ਸ਼ਾਹਕਾਰ ਸੀ। ਬਿਲਕੁਲ ਮਨੁੱਖ ਦਿਖਣ ਵਾਲਾ ਉਹ ਇਕ ਰੋਬਟ ਸੀ, ਜਿਸ ਕੋਲ ਸੱਚ ਮੁੱਚ ਇਕ ਦਿਮਾਗ ਸੀ... ਸੁਤੰਤਰ ਦਿਮਾਗ। ਉਹ ਬਿਲਕੁਲ ਕਿਸੇ ਮਨੁੱਖ ਵਾਂਗ ਸੋਚ ਸਕਦਾ ਸੀ। ਲੇਕਿਨ ਅਜੇ ਉਸ ਦੇ ਸੀਨੇ ਵਿੱਚ ਦਿਲ ਨਹੀਂ ਸੀ, ਇਸ ਲਈ ਉਹ ਲੋਕ ਮਨ ਦੀਆਂ ਪੀੜਾਂ ਨਹੀਂ ਬਿਆਨ ਕਰ ਸਕਦਾ ਸੀ। ਪਰ ਨਹੀਂ..... ਮੈਂ ਵੀ ਸ਼ਾਇਦ ਗਲਤ ਹਾਂ। ਉਸ ਦੀਆਂ ਨੀਲੀਆਂ ਅੱਖਾਂ ਵਿੱਚ ਤਰਲਤਾ ਸੀ... ਸ਼ਾਇਦ ਅਥਰੂ ਸਨ। ਕੀ ਉਸ ਮਹਾਨ ਵਿਗਿਆਨਿਕ ਨੇ ਉਸ ਨੂੰ ਦਿਲ ਵੀ ਦਿੱਤਾ ਸੀ? ਉਸ ਦੀਆਂ ਅੱਖਾਂ ਵਿੱਚ ਏਨੀ ਡੂੰਘੀ ਉਦਾਸੀ ਸੀ ਜਿੰਨੀ ਕਿਸੇ ਸ਼ਾਇਰ ਦੀਆਂ ਅੱਖਾਂ ਵਿੱਚ ਹੀ ਹੋ ਸਕਦੀ ਹੈ। ਜਾਂ ਉਸ ਵਿਅਕਤੀ ਦੀਆਂ ਅੱਖਾਂ ਵਿੱਚ ਜਿਹੜਾ ਦੂਸਰਿਆਂ ਦੇ ਦੁੱਖ ਨੂੰ ਆਪਣਾ ਸਮਝਦਾ ਹੋਵੇ।

ਉਹ ਠੰਡੀ ਰੇਤ ਤੇ ਤੁਰ ਰਿਹਾ ਸੀ, ਜਿਹੜੀ ਕਿ ਹੌਲੀ-ਹੌਲੀ ਗਰਮ ਹੋ ਰਹੀ ਸੀ। ਫੇਰ ਉਹ ਸਮੁੰਦਰ ਦੇ ਕਿਨਾਰੇ ਚਲਦਿਆਂ ਦੂਰ ਨਿਕਲ ਗਿਆ....।

ਥੋੜੀ ਦੇਰ ਬਾਅਦ... ਉਹ ਇਕ ਬੰਗਲੇ ਸਾਹਮਣੇ ਸੀ। ਬੰਗਲੇ ਦੇ ਪਿਛਵਾੜੇ ਵਿੱਚ ਇਕ ਬਗੀਚੀ ਬਣੀ ਹੋਈ ਸੀ। ਠੰਡੀ-ਠੰਡੀ ਪੋਣ ਰੁਮਕ ਰਹੀ ਸੀ? ਪਰ ਸ਼ਾਇਦ ਉਸ ਰੋਬਟ ਤੇ ਇਸ ਦਾ ਕੋਈ ਅਸਰ ਨਹੀਂ ਸੀ। ਉਹ ਆਪਣੇ ਵਿੱਚ ਗੁਆਚਿਆ ਹੋਇਆ, ਉਸ ਬੰਗਲੇ ਦੇ ਅੰਦਰ ਘੁਸਦਾ ਚਲਿਆ ਗਿਆ। ਬੰਗਲੇ ਦੇ ਅੰਦਰ ਪੁਜ ਕੇ ਉਸ ਨੇ ਦਰਵਾਜ਼ੇ ਤੇ ਦਸਤਕ ਦਿੱਤੀ ਤਾਂ ਉਹ ਆਪਣੇ ਆਪ ਹੀ ਖੁੱਲ੍ਹ

ਗਿਆ। ਆਪਣੇ ਚਿਹਰੇ ਤੇ ਬਿਨਾਂ ਕਿਸੇ ਹੈਰਾਨੀ ਦੇ ਭਾਵ ਲਿਆਉਂਦਿਆਂ, ਉਸ ਨੇ ਬੰਗਲੇ ਦੇ ਅੰਦਰ ਇਧਰ-ਉਧਰ ਫਿਰਨਾ ਸ਼ੁਰੂ ਕਰ ਦਿੱਤਾ। ਉਹ ਬੰਗਲਾ ਵੇਖਣ ਨੂੰ ਕਿਸੇ ਰਾਜੇ-ਮਹਾਰਾਜੇ ਦੇ ਮਹਿਲ ਤੋਂ ਵੀ ਵੱਧ ਆਲੀਸ਼ਾਨ ਸੀ। ਹਲਕੇ ਨੀਲੇ ਰੰਗ ਦਾ ਪੇਂਟ ਦੀਵਾਰਾਂ ਦੀ ਸੁੰਦਰਤਾ ਵਿੱਚ ਹੋਰ ਵੀ ਵਾਧਾ ਕਰ ਰਿਹਾ ਸੀ।

ਰੋਬਟ ਆਪਣੇ ਆਪ ਵਿੱਚ ਹੀ ਬੁੜਬੜਾਇਆ -- "ਪਤਾ ਨਹੀਂ ਮੈਡਮ ਇਸ ਵਕਤ ਕਿਥੇ ਹੋਵੇਗੀ?" ਉਸ ਦੀ ਆਵਾਜ਼ ਹੌਲੀ ਹੁੰਦਿਆਂ ਵੀ ਬੇਹੱਦ ਮਨਮੋਹਣੀ ਸੀ। ਫੇਰ ਕਿਸੇ ਵਿੱਚਾਰ ਨੂੰ ਦਿਮਾਗ਼ ਵਿੱਚ ਲਿਆਉਂਦਿਆਂ ਹੀ ਉਸ ਨੇ ਆਪਣੇ ਸਿਰ ਨੂੰ ਇਕ ਝਟਕਾ ਦਿੱਤਾ। ਉਸ ਦੀਆਂ ਅੱਖਾਂ ਜਿਵੇਂ ਸਿਫ਼ਰ ਵਿੱਚ ਸਥਿਰ ਹੋ ਗਈਆਂ। ਪਲ ਭਰ ਲਈ ਜਿਵੇਂ ਉਹ ਨਿਰਜੀਵ ਹੋ ਗਿਆ। ਉਸ ਨੇ ਆਪਣੇ ਮਸਤਕ ਤੇ ਜ਼ੋਰ ਦਿੱਤਾ ਤਾਂ ਉਸ ਨੂੰ ਇਕ ਕਮਰੇ ਵਿੱਚ ਆਰਾਮ ਕਰਦੀ ਹੋਈ ਇਕ ਔਰਤ ਦੀ ਤਸਵੀਰ ਨਜ਼ਰੀਂ ਆਈ।

ਤੁਰੰਤ ਹੀ ਉਸ ਦੀਆਂ ਅੱਖਾਂ ਦੀ ਚਮਕ ਵਾਪਸ ਆ ਗਈ। ਜਿਸ ਨੂੰ ਉਹ ਮਿਲਣਾ ਚਾਹੁੰਦਾ ਸੀ ਨਿਸ਼ਚੇ ਹੀ ਉਹ ਉਸ ਨੂੰ ਮਿਲ ਗਈ ਸੀ।

ਹੌਲੀ ਹੌਲੀ ਉਹ ਕਮਰੇ ਵੱਲ ਵਧਿਆ। ਲਿਖਣ ਦੀ ਲੋੜ ਨਹੀਂ ਕਿ ਉਸ ਕਮਰੇ ਦਾ ਦਰਵਾਜ਼ਾ ਵੀ ਆਪਣੇ ਆਪ ਹੀ ਖੁੱਲ੍ਹ ਗਿਆ ਹੋਵੇਗਾ। ਅੰਦਰੋਂ ਤੇਜ਼ ਪਰ ਮਿੱਠੀ ਸੁਗੰਧ ਉਸ ਦੇ ਨੱਕ ਨਾਲ ਟਕਰਾਈ। ਉਹ ਕਮਰਾ ਦਰਅਸਲ ਬੈਡਰੂਮ ਸੀ। ਇਕ ਬਹੁਤ ਹੀ ਖੂਬਸੂਰਤ ਔਰਤ ਪਲੰਘ ਤੇ ਸੋਂ ਰਹੀ ਸੀ। ਨਹੀਂ... ਉਹ ਸੋਂ ਨਹੀਂ ਰਹੀ ਸੀ ਸ਼ਾਇਦ ਸੋਚਾਂ ਦੇ ਕਿਸੀ ਅਜਨਬੀ ਪ੍ਰਦੇਸ਼ ਦੀ ਯਾਤਰਾ ਕਰ ਰਹੀ ਸੀ।

ਹਲਕੀ ਜਿਹੀ ਆਹਟ ਨਾਲ ਉਹ ਚੌਂਕ ਕੇ ਉਠ ਬੈਠੀ। ਸਾਹਮਣੇ ਖੜੇ ਰੋਬਟ ਨੂੰ ਵੇਖ ਕੇ ਇਕ ਅਨੋਖੀ ਖੁਸ਼ੀ ਉਸ ਦੇ ਮੁਖੜੇ ਤੇ ਨਾਚ ਕਰਨ ਲੱਗੀ।

"ਹੇ ਜਨਮ ਦਾਤਾ! ਮੈਂ ਵਾਪਸ ਪਰਤ ਆਇਆ ਹਾਂ!" ਰੋਬਟ ਦੇ ਮੂੰਹੋਂ ਸ਼ਬਦਾ ਦੀਆਂ ਤਰੰਗਾਂ ਨਿਕਲ ਕੇ ਕਮਰੇ ਦੀ ਸੁਗੰਧੀ ਨਾਲ ਰਚ ਗਈਆਂ।

ਉਹ ਔਰਤ, ਜਿਸ ਨੇ ਰੋਬਟ ਨੂੰ ਬਣਾਇਆ ਸੀ ਠੀਕ ਤਰ੍ਹਾਂ ਹੋ ਕੇ ਪਲੰਘ ਤੇ ਬੈਠ ਗਈ।

"ਹਾਂ ਤਾਂ ਸਾਵਨ ਤੂੰ ਇਸ ਨਾਸ਼ਵਾਨ ਦੁਨਿਆਂ ਵਿੱਚ ਕੀ ਵੇਖਿਆ?"

"ਹੇ ਮਹਾਨ ਚੇਤਨਾ! ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਜਦ ਤੁਸੀਂ ਮੈਂਨੂੰ ਜਨਮ ਦਿੱਤਾ ਸੀ ਤਾਂ ਮੈਂ ਇਕ ਸਧਾਰਨ ਰੋਬਟ ਸਾਂ। ਫਿਰ ਪੂਰਾ ਇਕ ਸਾਲ ਹੋਰ ਤੁਸੀਂ ਮੇਰੇ ਤੇ ਖਰਚ

ਕੀਤਾ ਤਾਂ ਮੈਂ ਇਸ ਰੂਪ ਵਿੱਚ ਪੁਜਿਆ। ਅੱਜ ਤੋਂ ਤਿੰਨ ਸਾਲ ਪਹਿਲਾਂ ਤੁਸੀਂ ਮੈਂਨੂੰ ਵਿਸ਼ਵ ਦੀ ਯਾਤਰਾ ਵਾਸਤੇ ਭੇਜਿਆ ਸੀ ਅਤੇ ਇਹ ਪ੍ਰਯੋਗ ਸ਼ੁਰੂ ਕੀਤਾ ਸੀ ਕਿ ਜੇ ਰੌਬਟਾਂ ਨੂੰ ਮਨੁੱਖ ਵਰਗੇ ਹਾਲਾਤ ਵਿੱਚ ਜਿਉਣਾ ਪਵੇ ਤਾਂ ਕੀ ਉਹਨਾਂ ਦੇ ਸਰਕਿਟ ਵਿੱਚ ਸੰਵੇਦਨਸ਼ੀਲਤਾ ਨਾਮਕ ਕੋਈ ਵਸਤੂ ਉਤਪੰਨ ਹੋ ਸਕੇਗੀ? ਮੈਂ ਆਪਣੀ ਯਾਤਰਾ ਦਾ ਵਿਵਰਣ ਦੇਣ ਤੋਂ ਪਹਿਲਾਂ ਤੁਹਾਨੂੰ ਇਹ ਦਸ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਅੱਜ ਤੋਂ ਤਿੰਨ ਸਾਲ ਪਹਿਲਾਂ ਮੇਰੇ ਸਰਕਿਟ ਵਿੱਚ ਪਿਆਰ ਨਾਮਕ ਅਦਿੱਖ ਵਸਤੂ ਨੂੰ ਅਨੁਭਵ ਕਰਨਾ ਨਹੀਂ ਸੀ। ਪਰ ਅੱਜ ਮੈ ਤੁਹਾਡੇ ਸਾਹਮਣੇ ਖੜਾ ਇਹ ਅਨੁਭਵ ਕਰ ਰਿਹਾ ਹਾਂ ਕਿ ਤੁਹਾਡੇ ਪ੍ਰਤੀ ਮੇਰੇ ਸਰਕਿਟ ਵਿੱਚ ਪਿਆਰ ਦਾ ਹਲਕਾ ਕੰਪਨ ਉਤਪੰਨ ਹੋ ਰਿਹਾ ਹੈ...."

ਚੇਤਨਾ ਦੇ ਚਿਹਰੇ ਤੇ ਹਲਕੀ ਜਿਹੀ ਖੁਸ਼ੀ ਦੀ ਲਾਲੀ ਪਸਰ ਗਈ।

"ਮੈਂ ਤੈਥੋਂ ਪੂਰਾ ਬ੍ਰਿਤਾਂਤ ਸੁਣਨਾ ਚਾਹਾਂਗੀ...."

ਸਾਵਨ, ਜਿਹੜਾ ਕਿ ਇਕ ਯੰਤਰ ਮਾਨਵ ਸੀ, ਨੇ ਆਪਣਾ ਸਫ਼ਰ ਨਾਮਾ ਸਣਾਉਣਾ ਸ਼ੁਰੂ ਕੀਤਾ-

"ਪਹਿਲੇ ਸਾਲ ਮੈਂ ਚਕਾਚੌਂਧ ਕਰਨ ਵਾਲੀ ਉਸ ਦੁਨੀਆਂ ਵਿੱਚ ਪੁੱਜਾ, ਜਿਥੇ ਸਿਰਫ਼ ਦਿਖਾਵਾ ਹੈ ਦੌਲਤ ਹੈ, ਪਰ ਸੱਚਾ ਪਿਆਰ ਨਹੀਂ । ਸਿਰਫ਼ ਦਿਖਾਵੇ ਦਾ ਪਿਆਰ ਹੈ। ਵਾਸ਼ਨਾ ਦਾ ਪਲ ਭਰ ਦਾ ਤੂਫਾਨ ਹੈ। ਇਹੋ ਜਿਹੇ ਗਲੈਮਰ ਦੀ ਦੁਨਿਆਂ ਵਿੱਚ - ਜਿਥੇ ਲੋਕ ਪੈਸਾ ਲੁਟਾਉਂਦੇ ਹਨ। ਕਲੱਬਾਂ ਵਿੱਚ ਜਾ ਕੇ ਕੈਬਰੇ ਵੇਖਦੇ ਹਨ। ਰੰਗ ਬਰੰਗੀਆਂ ਰੌਸ਼ਨੀਆਂ ਵਿੱਚ ਆਪਣੇ ਜੀਵਨ ਨੂੰ ਇੰਝ ਰੁਲਾ ਦਿੰਦੇ ਹਨ ਜਿਵੇਂ ਉਹਨਾਂ ਜੀਵਨ ਆਨੰਦ ਦੀ ਸਿਖਰ ਮੰਜ਼ਿਲ ਪਾ ਲਈ ਹੋਵੇ। ਜਿਵੇਂ ਉਹਨਾਂ ਆਪਣੀ ਜ਼ਿੰਦਗੀ ਦਾ ਸਹੀ ਮਨੋਰਥ ਪਾ ਲਿਆ ਹੋਵੇ। ਪਰ ਉਹ ਇਹਨਾਂ ਚਮਕਦੀਆਂ ਗੁਲਾਬੀ ਤੇ ਹਰੀਆਂ ਰੌਸ਼ਨੀਆਂ ਵਿੱਚ ਇਹ ਭੁੱਲ ਜਾਂਦੇ ਹਨ ਕਿ ਇਹਨਾਂ ਗੁਲਾਬੀ ਰਾਤਾਂ ਥੱਲੇ ਇਕ ਬੱਚਾ ਵੀ ਭੁੱਖ ਨਾਲ ਵਿਲਕ ਰਿਹਾ ਹੈ, ਜਿਸਦੀ ਮਾਂ ਹੁਣੇ ਹੀ ਕੇਵਲ ਦਸ ਰੁਪਏ ਵਿੱਚ ਆਪਣੇ ਜਿਸਮ ਦਾ ਰੇਸ਼ਾ ਰੇਸ਼ਾ ਭੁੱਖੇ ਦਰਿੰਦਿਆ ਦੇ ਹੱਥ ਸੋਂਪ ਕੇ ਹਟੀ ਹੈ। ਰੰਗਬਰੰਗੀਆਂ ਰੌਸ਼ਨੀਆਂ ਵਿੱਚ ਵਿੱਚਰਦੀਆਂ ਇਹਨਾਂ ਜੀਵਤ ਲਾਸ਼ਾਂ ਨੂੰ ਪਤਾ ਨਹੀਂ ਦੁੱਖ ਕਿਸ ਚੀਜ਼ ਦਾ ਨਾਂ ਹੈ? ਉਹ ਤਾਂ ਦੌਲਤ ਲੁਟਾਂਦੇ ਹਨ, ਆਨੰਦ ਪਾਉਂਦੇ ਹਨ! ਜਿਹੜੇ ਆਪਣੀਆਂ ਆਲੀਸ਼ਾਨ ਕੋਠੜੀਆਂ ਵਿੱਚ ਆ ਕੇ ਬਾਹਰੀ ਦੁਨੀਆਂ ਨੂੰ ਬਿਲਕੁਲ ਭੁੱਲ ਜਾਂਦੇ ਹਨ। ਉਹਨਾਂ ਦੇ ਮਨਾਂ ਤੇ ਕੋਈ ਅਸਰ ਨਹੀਂ ਹੁੰਦਾ... ਭਾਵੇਂ ਉਹਨਾਂ ਸਾਹਮਣੇ ਕੋਈ ਭੁੱਖਾ ਗਿੜਗਿੜਾਉਂਦਾ ਰਹੇ......"

ਪਰ ਇਸੇ ਚਕਾਚੋਂਧ ਦੀ ਦੁਨੀਆਂ ਦਾ ਉਹ ਪਹਿਲੂ ਵੀ ਹੈ.... ਜਥੇ ਇਹ ਲੋਕ ਜੀਵਤ ਹੀ ਮਰ ਰਹੇ ਹਨ। ਪਰ ਉਹਨਾਂ ਨੂੰ ਆਪਣੀ ਮੌਤ ਦੀ ਖ਼ਬਰ ਨਹੀਂ। ਉਹ ਰੰਗਬਰੰਗੀਆਂ ਰੌਸ਼ਨੀਆਂ ਦੇ ਹੁੰਦਿਆਂ ਵੀ ਇਕ ਅਜਿਹੇ ਹਨੇਰੇ ਵਿੱਚ ਡੁੱਬੇ ਹੋਏ ਹਨ, ਜਿਥੋਂ ਨਿਕਲਣਾ ਬਿਲਕੁਲ ਅਸੰਭਵ ਹੈ। ਉਹ ਗੁਆਚ ਚੁੱਕੇ ਨੇ - ਚਰਸ ਦੇ ਧੂੰਏ ਵਿੱਚ ਹਿਰੋਇਨ ਜਿਹੇ ਘਾਤਕ ਨਸ਼ੇ ਦੀ ਤਰਲਤਾ ਵਿੱਚ। ਅਤੇ ਐਲ. ਐਸ. ਦੀ. ਦੀਆਂ ਗੋਲੀਆਂ ਦੇ ਤੂਫਾਨ ਵਿੱਚ। ਮੈਂ ਅਜੇ ਵੀ ਵੇਖ ਰਿਹਾ ਹਾਂ ਕਿ ਉਹਨਾਂ ਦੀਆਂ ਅੱਖਾਂ ਮੌਤ ਦੇ ਗਹਿਰੇ ਧੂੰਏ ਵਿੱਚ ਸਥਿਰ ਹਨ। ਉਹਨਾਂ ਦਾ ਜਿਸਮ ਨਸ਼ੇ ਦੀ ਤਰੰਗ ਵਿੱਚ ਢਿੱਲਾ ਹੋ ਕੇ ਜ਼ਮੀਨ ਤੇ ਲੁੜਕਿਆ ਪਿਆ ਹੈ। ਉਹ ਆਪ ਤੋਂ ਬੇਖ਼ਬਰ ਪਤਾ ਨਹੀਂ ਕਿਸ ਦੁਨੀਆਂ ਵਿੱਚ ਪੁੱਜੇ ਹੋਏ ਨੇ....।

ਫੇਰ ਮੈਂ ਵੇਖਿਆ ਕਿ ਇਕ ਆਦਮੀ ਦੌਲਤ ਵਿੱਚ ਨਹਾ ਰਿਹਾ ਸੀ, ਉਸ ਦੌਲਤ ਵਿੱਚ ਜਿਹੜੀ ਉਸ ਨੇ ਹਜ਼ਾਰਾਂ ਲੋਕਾਂ ਨੂੰ ਹੀਰੋਇਨ ਵੇਚ ਕੇ ਕਮਾਈ ਸੀ। ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਝੌਂਕ ਕੇ, ਪਰ ਉਸ ਵਿਅਕਤੀ ਦੇ ਚਿਹਰੇ ਤੇ ਰੱਤੀ ਭਰ ਵੀ ਸ਼ਿਕਨ ਨਹੀਂ ਸੀ। ਬੱਸ ਉਹ ਦੌਲਤ ਹਵਾ ਵਿੱਚ ਉਛਾਲ ਕੇ ਕਿਲਕਾਰੀਆਂ ਮਾਰ ਰਿਹਾ ਸੀ - ਕਿਸੇ ਬੱਚੇ ਵਾਂਗ! ਜਿਸ ਨੂੰ ਉਸ ਦਾ ਮਨਪਸੰਦ ਖਿਡੋਣਾ ਮਿਲ ਗਿਆ ਹੋਵੇ।

"ਫੇਰ ਫੋਨ ਦੀ ਘੰਟੀ ਵੱਜੀ ਅਤੇ ਉਸ ਵਿਅਕਤੀ ਨੇ ਫੋਨ ਚੁਕਿਆ.... "ਹੈਲੋ! ਹਾਂ... ਹਾਂ... ਮੈਂ ਬੋਲ ਰਿਹਾ ਹਾਂ। ਕੀ ਦੋ ਟਰੱਕ ਹੀਰੋਇਨ ਹੋਰ ਆ ਗਈ ਏ.... ਅੋਹ ਗਾਡ! ਯੂ ਮਰਸੀਫੁੱਲ....। ਦੋ ਟਰੱਕ...! ਫੇਰ ਤਾਂ ਮੈਂ ਮਾਲਾਮਾਲ ਹੋ ਜਾਵਾਂਗਾ?"

ਮੈਂ ਉਸ ਦੇ ਇਹ ਸ਼ਬਦ ਸੁਣਦਿਆਂ ਹੀ ਪਾਗਲ ਹੋ ਗਿਆ ਅਤੇ ਮੈਂ ਉਰੰਤ ਉਸ ਨੂੰ ਮੌਤ ਦੀ ਧੁੰਦ ਵਿੱਚ ਕਣ-ਕਣ ਮਿਲਾ ਦਿੱਤਾ।

ਸਾਵਨ ਜਿਵੇਂ ਸਾਹ ਲੈਣ ਲਈ ਕੁਝ ਦੇਰ ਰੁਕਿਆ। ਚੇਤਨਾ ਨੇ ਉਸਦੀਆਂ ਗੱਲ੍ਹਾਂ ਤੇ ਬੜੇ ਪਿਆਰ ਨਾਲ ਆਪਣਾ ਕੋਮਲ ਹੱਥ ਰੱਖ ਦਿੱਤਾ। ਸਾਵਨ ਜਿਹੀ ਮਸ਼ੀਨ ਵੀ ਇਸ ਮਮਤਾਈ ਪਿਆਰ ਦੀ ਤਰਲਤਾ ਨੂੰ ਮਹਿਸੂਸ ਕਰਕੇ ਮਿੱਠੇ ਆਨੰਦ ਨਾਲ ਕਰਾਹ ਉੱਠੀ।

ਚੇਤਨਾ ਨੇ ਉਸਨੂੰ ਆਪਣੀ ਗੱਲ ਜਾਰੀ ਰੱਖਣ ਦਾ ਮੂਕ ਇਸ਼ਾਰਾ ਕੀਤਾ।

“ਤੇ ਇਸ ਤਰ੍ਹਾਂ ਇਕ ਸਾਲ ਪਲਕ ਝਪਕਦਿਆਂ ਹੀ ਗੁਜ਼ਰ ਗਿਆ। ਕਹਾਣੀ ਬੜੀ ਲੰਬੀ ਹੈ। ਦੁਸਰੇ ਸਾਲ ਮੈਂ ਬਰਫ਼ ਨਾਲ ਢਕੇ ਪਹਾੜਾਂ ਦੀਆਂ ਵਾਦੀਆਂ ਵਿੱਚ ਪੁੱਜ ਗਿਆ - ਤਾਂ ਕਿ ਮੈਨੂੰ ਸਕੂਨ ਮਿਲ

ਸਕੇ। ਮੈਂ ਉੱਥੇ ਪਹੁੰਚ ਗਿਆ ਜਿਥੇ ਠੰਡੀਆਂ ਹਵਾਵਾਂ ਚੱਲਦੀਆਂ ਹਨ ਅਤੇ ਇਨਸਾਨਾਂ ਦੇ ਜਿਸਮਾਂ ਵਿੱਚ ਗੁਦਗੁਦੀਆਂ ਦੌੜਾਂ ਦਿੰਦੀਆਂ ਹਨ। ਉੱਥੇ ਜਿੱਥੇ ਲੋਕ ਰੇਂਡੀਅਰ ਦੀ ਖੱਲ ਦੇ ਬਣੇ ਭਾਰੇ ਭਾਰੇ ਕੋਟ ਪਹਿਨਦੇ ਹਨ। ਜਿਨ੍ਹਾ ਦੇ ਚਿਹਰੇ ਅਤਿਅੰਤ ਹੁਸੀਨ ਹਨ। ਪਰ ਮੈਨੂੰ ਲੱਗਾ ਕਿ ਉਹਨਾਂ ਦੇ ਹੁਸੀਨ ਚਿਹਰਿਆਂ ਦੇ ਅੰਦਰ ਅਤਿਅੰਤ ਦੁੱਖ ਛਿਪਿਆ ਹੋਇਆ ਹੈ। ਹੱਸਦੇ, ਮੁਸਕਰਾਉਂਦੇ ਮਨੁੱਖ ਦਾ ਤਾਂ ਉਨ੍ਹਾਂ ਸਿਰਫ਼ ਮਖੌਟਾ ਹੀ ਪਹਿਨਿਆ ਹੋਇਆ ਹੈ। ਅਸਲ ਵਿੱਚ ਇਨਸਾਨ ਦਾ ਅੰਦਰੂਨੀ, ਸਰਕਿਟ ਜਿਵੇਂ ਬਿਲਕੁਲ ਹੀ ਟੁੱਟ ਚੁੱਕਿਆ ਹੈ। ਬਰਫ਼ ਦੇ ਹੁਸੀਨ ਪ੍ਰਦੇਸ਼ ਵਿੱਚ ਵਸਦੇ ਲੋਕ ਵੀ ਜ਼ਿੰਦਗੀ ਤੋਂ ਉਦਾਸ ਵਿਖਾਈ ਦਿੰਦੇ ਹਨ। ਨੌਂ ਮਹੀਨੇ ਬਰਫ਼ ਵਿੱਚ ਰਹਿਣ ਕਰਕੇ ਕਦੇ ਕਦੇ ਜਦ ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਮਿਲਦਾ ਤਾਂ ਉਹਨਾਂ ਦੀ ਕਬਰ ਬਰਫ਼ ਵਿੱਚ ਹੀ ਬਣ ਜਾਂਦੀ। ਜ਼ਿੰਦਗੀ ਦੇ ਦੁੱਖਾਂ ਦੀ ਬਰਫ਼ ਦਾ ਤੂਫਾਨ ਉਹਨਾਂ ਨੂੰ ਜ਼ੀਰਣ-ਸ਼ੀਰਣ ਕਰ ਦਿੰਦਾ ਹੈ।

"ਮੈਂ ਉਹਨਾਂ ਹਰਿਆਲੀਆਂ ਵਾਦੀਆਂ ਵਿੱਚ ਵੀ ਗਿਆ। ਜਿਥੇ ਸਿਰਫ਼ ਰੰਗਰਬਰੰਗੀਆਂ ਚਿੜੀਆਂ ਹੀ ਰਹਿੰਦੀਆਂ ਹਨ। ਉੱਥੇ ਵੀ ਮੈਨੂੰ ਗ਼ਰੀਬੀ ਨਾਲ ਵਿਲਕਦੇ ਬਚਿਆ ਦੀਆਂ ਚੀਖਾਂ ਹੀ ਸੁਣਾਈ ਦਿੰਦੀਆਂ ਰਹੀਆਂ। ਮੇਰੇ ਕੰਨਾਂ ਦਾ ਡਾਇਆਫਾਰਮ ਐਨਾ ਸੰਵੇਦਨਸ਼ੀਲ ਹੋ ਗਿਆ ਸੀ ਕਿ ਦੂਰ ਦੇ ਕਿਸੇ ਵੀ ਪ੍ਰਦੁਸ਼ ਵਿੱਚ ਹੋਣ ਵਾਲੀ ਆਹਟ ਮੈਂ ਤੁਰੰਤ ਸੁਣ ਸਕਦਾ ਸਾਂ। ਮੈਨੂੰ ਮਜ਼ਬੂਰ ਮਾਵਾਂ ਦੀ ਦਾਸਤਾਨ ਨਾ ਭੁੱਲੀ। ਉਹ ਰੰਗਬਰੰਗੀਆਂ ਚਿੜੀਆਂ ਗਰਮ ਦੇਸ਼ਾਂ ਨੂੰ ਜਾਣ ਦਾ ਵਿੱਚਾਰ ਕਰ ਰਹਿਆ ਸਨ। ਮੈਂ ਉਨ੍ਹਾਂ ਦੀ ਭਾਸ਼ਾ ਸਮਝ ਸਕਦਾ ਸਾਂ। ਮੈਂ ਹਰੇ ਹਰੇ ਦਰਖ਼ੱਤਾਂ ਤੋਂ ਕੁਝ ਫਲ ਤੋੜ ਕੇ ਉਨ੍ਹਾਂ ਨੂੰ ਦਿੰਦਿਆਂ ਕਿਹਾ।

"ਐ ਦੂਰ ਦੇਸ਼ ਜਾਣ ਵਾਲੀਓ ਚਿੜੀਓ! ਕੀ ਤੁਸੀਂ ਭੁੱਖ ਨਾਲ ਤੜਫਦੇ ਬੱਚਿਆਂ ਨੂੰ ਮੇਰਾ ਤੁੱਛ ਜਿਹਾ ਤੋਹਫਾ ਦੇ ਸਕੋਗੀਆਂ? ਮੈ ਥੋੜੀ ਦੇਰ ਅਜੇ ਹੋਰ ਠਹਿਰਨਾ ਹੈ।"

"ਉਨ੍ਹਾਂ ਖ਼ੁਸ਼ੀ ਖ਼ੁਸ਼ੀ ਮੇਰੀ ਬੇਨਤੀ ਪ੍ਰਵਾਨ ਕਰ ਲਈ ਮੇਰੇ ਦਿਲ ਨੂੰ ਕੁੱਝ ਰਾਹਤ ਮਿਲੀ। ਮੇਰੇ ਸਰਕਿਟ ਵਿੱਚ ਪਹਿਲਾਂ ਅਜਿਹੀ ਕੋਈ ਗੱਲ ਨਹੀਂ ਸੀ। ਪਰ ਮੈਂ ਚਿੜੀਆਂ ਨੂੰ ਫਲ ਦੇਣ ਤੋਂ ਬਾਅਦ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕੀਤਾ।"

ਸਾਵਨ ਜਿਵੇਂ ਇੱਕੋ ਸਾਹ ਹੀ ਬੋਲੀ ਜਾ ਰਿਹਾ ਸੀ -

“ਫੇਰ ਮੇਰਾ ਜੀਅ ਹਰਿਆਲੀ ਅਤੇ ਠੰਢੀਆਂ ਹਵਾਵਾਂ ਦੇ ਦੇਸ਼ ਵਿੱਚ ਨਾ ਲੱਗ ਸਕਿਆ। ਮੈਂ

ਉਨ੍ਹਾਂ ਗਰਮ ਦੇਸ਼ਾ ਨੂੰ ਚੱਲ ਪਿਆ ਜਿੱਥੇ ਮੇਰੀਆਂ ਦੋਸਤ ਚਿੜੀਆਂ ਗਈਆਂ ਸਨ। ਮੈਂ ਸਪੱਸ਼ਟ ਦੇਖ ਰਿਹਾ ਸਾਂ ਕਿ ਉਹ ਗਰਮ ਦੇਸ਼ਾ ਦੀ ਗਰਮ ਰੇਤ ਵਿੱਚ ਕਿਵੇਂ ਫੁਦਕ ਰਹੀਆਂ ਸਨ। ਜਦ ਉਨ੍ਹਾਂ ਮੇਰਾ ਤੋਹਫਾ ਇੱਕ ਭੁੱਖ ਨਾਲ ਕੁਰਲਾਂਦੇ, ਬਾਲਕ ਨੂੰ ਦਿੱਤਾ ਤਾਂ ਉਸ ਬਾਲਕ ਤੋਂ ਜ਼ਿਆਦਾ ਮੇਰਾ ਮਨ ਖ਼ੁਸ਼ ਹੋਇਆ।

ਤੀਸਰੇ ਸਾਲ ਮੈਂ ਉਹਨਾਂ ਗ਼ਰੀਬੜਿਆਂ ਦੀਆਂ ਝੋਂਪੜੀਆਂ ਵਿੱਚ ਗਿਆ, ਜਿਨ੍ਹਾਂ ਵਿੱਚ ਅਜੇ ਵੀ ਗ਼ੁਲਾਮੀ ਦੀ ਘਣਘੋਰ ਕਾਲੀ ਰਾਤ ਛਾਈ ਹੋਈ। ਜਿਨ੍ਹਾ ਨੇ ਅਜੇ ਵੀ ਸੁਤੰਤਰਤਾ ਦੀ ਜੋਤੀ ਦਾ ਉਜਾਲਾ ਨਹੀਂ ਵੇਖਿਆ। ਬੱਚੇ ਭੁੱਖ ਨਾਲ ਕੁਰਲਾ ਰਹੇ ਸਨ। ਉਹਨਾਂ ਦੇ ਤਨ ਤੇ ਕਪੜੇ ਦਾ ਇਕੋ ਰੇਸ਼ਾ ਵੀ ਨਹੀਂ ਸੀ।

ਉਥੇ ਮੈਂ ਇਕ ਬੇਸਹਾਰਾ ਬੁੱਢੀ ਔਰਤ ਨੂੰ ਵੇਖਿਆ ਜਿਸ ਦੀਆਂ ਅੱਖਾਂ ਵਿੱਚ ਅਥਾਹ ਮਮਤਾ ਸੀ। ਉਸਨੂੰ ਉਸਦੀ ਬਹੂ ਨੇ ਖੂਹ ਤੋਂ ਪਾਣੀ ਭਰਨ ਜ਼ਬਰਦਸਤੀ ਭੇਜ ਦਿੱਤਾ ਸੀ। ਬਾਲਟੀ ਤਾਂ ਕੀ ਉਠਾਈ ਜਾਣੀ ਸੀ, ਉਸ ਤੋਂ ਤੁਰਿਆਂ ਵੀ ਨਹੀਂ ਸੀ ਜਾ ਰਿਹਾ। ਮੈਂ ਉਸ ਇਸਤਰੀ ਨੂੰ ਉਸੇ ਪਲ ਨੋਸਤੋਨਾਬੂਦ ਕਰ ਦੇਣਾ ਚਾਹਿਆ। ਜਦ ਮੈਂ ਉਸ ਨੂੰ ਮਾਰਨ ਲਈ ਆਪਣਾ ਹੱਥ ਉੱਪਰ ਚੁਕਿਆ ਤਾਂ ਮੇਰੀਆਂ ਅੱਖਾਂ ਨਾਲ ਟਕਰਾਈਆਂ ਤਾਂ ਮੇਰਾ ਹੱਥ ਹਵਾ ਵਿੱਚ ਹੀ ਸਥਿਰ ਹੋ ਕੇ ਰਹਿ ਗਿਆ। ਉਸ ਦੀਆਂ ਨੀਰਸ ਅੱਖਾਂ ਵਿੱਚ ਮੈਨੂੰ ਗ਼ਰੀਬੀ ਦੀ ਮੂੰਹ ਬੋਲਦੀ ਤਸਵੀਰ ਨਜ਼ਰ ਆਈ।

ਮੈਂ ਉਨ੍ਹਾਂ ਨੂੰ ਕਿਸਮਤ ਦੇ ਸਹਾਰੇ ਛੱਡ ਆਇਆ। ਹੋਰ ਮੈਂ ਕਰ ਵੀ ਕੀ ਸਕਦਾ ਸੀ? ਮੇਰੇ ਕੋਲ ਉਨ੍ਹਾਂ ਨੂੰ ਦੇਣ ਵਾਸਤੇ ਕੁਝ ਨਹੀਂ ਸੀ।"

"ਫੇਰ ਮੈਂ ਉਸ ਬਸਤੀ ਵਿੱਚ ਪੁੱਜਿਆ ਜਿਥੇ ਚਾਰ ਚੁਫੇਰੇ ਪਸ਼ੂਆਂ ਦੀਆਂ ਹੱਡੀਆਂ ਬਿਖਰੀਆਂ ਪਈਆਂ ਸਨ। ਜਿਥੇ ਕੁਝ ਹੋਰ ਗਰੀਬੀ ਦੇ ਸਤਾਏ ਵਸਦੇ ਸਨ। ਉਹ ਰੋਟੀ ਖਾਤਰ ਇਕ ਦੂਸਰੇ ਨਾਲ ਇੰਝ ਲੜ ਰਹੇ ਸਨ ਜਿਵੇਂ ਹੱਡੀ ਖਾਤਰ ਕੁੱਤੇ ਲੜਦੇ ਹਨ। ਮੈਥੌਂ ਹੋਰ ਬਹੁਤੀ ਦੇਰ ਉਥੇ ਨਾ ਠਹਿਰ ਹੋਇਆ।ਉਸ ਸਮੇਂ ਮੇਰੀਆਂ ਅੱਖਾਂ ਨਾਲ ਰੋਸ਼ਨੀ ਟਕਰਾਈ - ਮੈਂ ਸੂਰਜ ਵੱਲ ਨੂੰ ਵੇਖਿਆ ਤਾਂ ਝੌਂਪੜੀਆਂ ਦੇ ਪਾਰ ਇਕ ਫਾਈਵ ਸਟਾਰ ਹੋਟਲ ਬਣਿਆ ਹੋਈਆ ਸੀ। ਉਹ ਰੋਸ਼ਨੀ ਸੂਰਜ ਤੋਂ ਨਹੀਂ ਬਲਕਿ ਹੋਟਲ ਦੇ ਡਿਸਕੋ ਰੂਮ ਵਿੱਚੋਂ ਆ ਰਹੀ ਸੀ। ਜਿਥੇ ਜਵਾਨੀਆਂ ਮਦਹੋਸ਼ ਗੀਤ ਗਾ ਰਹੀਆਂ ਸਨ ਅਤੇ ਉਨ੍ਹਾਂ ਦੇ ਹੇਠਾਂ ਲੜਾਈ ਚੱਲ ਰਹੀ ਸੀ - ਰੋਟੀ ਖਾਤਰ।"

ਚੇਤਨਾ ਸਾਹ ਰੋਕੇ ਸੁਣਦੀ ਰਹੀ। ਉਸ ਦੀਆਂ ਗੁਲਾਬੀ ਗੱਲ੍ਹਾਂ ਤੇ ਇਕ ਹੰਝੂ ਲਟਕ ਆਇਆ

ਸੀ।

"ਮੈਂ ਥੋੜ੍ਹਾ ਹੋਰ ਅੱਗੇ ਗਿਆ ਤਾਂ ਇਕ ਵਿਅਕਤੀ, ਨਹੀਂ... ਉਸਨੂੰ ਮੈਂ ਵਿਅਕਤੀ ਨਹੀਂ ਦਰਿੰਦਾ ਕਹਾਂਗਾ। ਇਕ ਦਰਿੰਦਾ ਸ਼ਰਾਬ ਦੇ ਨਸ਼ੇ ਵਿੱਚ ਡੁਬਿਆ ਆਪਣੀ ਗਰਭਵਤੀ ਪਤਨੀ ਨੂੰ, ਸ਼ਰਾਬ ਪੀਣ ਲਈ ਹੋਰ ਪੈਸਿਆਂ ਖਾਤਰ ਬੇਦਰਦੀ ਨਾਲ ਮਾਰ ਰਿਹਾ ਸੀ। ਉਸਦੇ ਬੱਚੇ ਰੋਟੀ ਲਈ ਵਿਲਕ ਰਹੇ ਸਨ। ਪਰ ਉਸ ਨੂੰ ਤਾਂ ਸ਼ਰਾਬ ਚਾਹੀਦੀ ਸੀ। ਹੁਣ... ਹੁਣ ਮੈਥੋਂ ਸਹਾਰ ਨਾ ਹੋਇਆ। ਮੈਂ ਉਸ ਦਰਿੰਦੇ ਨੂੰ ਉਥੇ ਹੀ ਸੁਲਾ ਦਿੱਤਾ। ਤਦੇ ਮੈਨੂੰ ਪੁਲਿਸ ਜੀਪ ਦੇ ਸਾਇਰਨ ਦੀ ਅਵਾਜ਼ ਸੁਣਾਈ ਦਿੱਤੀ। ਮੈਂ ਉਥੋਂ ਦੋੜ ਆਇਆ ਅਤੇ ਬੇਤਹਾਸ਼ਾ ਦੋੜਦਾ ਰਿਹਾ...। ਮੇਰੇ ਕਦਮ ਇਕ ਵੇਰਾਂ ਫੇਰ ਉਸ ਕਾਲੀ ਬਸਤੀ ਵਿੱਚ ਜਾ ਕੇ ਰੁਕੇ ਜਿੱਥੇ ਦੋ ਕੋਮਲ ਬੱਚੇ ਇਕ ਮਰੇ ਹੋਏ ਕੁੱਤੇ ਦੇ ਮੂੰਹੋਂ ਰੋਟੀ ਖੋਹ ਰਹੇ ਸਨ....।”

"....ਬੱਸ....! ਬੱਸ ਕਰੋ ਸਾਵਨ! ਹੁਣ ਹੋਰ ਨਹੀਂ ਸੁਣਿਆ ਜਾਂਦਾ।....!"

"ਤੁਸੀਂ ਕੀ ਸਮਝਦੇ ਹੋ.... ਹੇ ਮਹਾਨ ਚੇਤਨਾ! ਮੈਂ ਵੀ ਉਸ ਦ੍ਰਿਸ਼ ਨੂੰ ਵੇਖ ਕੇ ਉਥੇ ਰੁਕਿਆ ਹੋਵਾਂਗਾ? ਮੈਂ ਫੈਸਲਾ ਕਰ ਲਿਆ ਕਿ ਹੁਣ ਇਸ ਦੁਨੀਆਂ ਵਿੱਚ ਹੋਰ ਨਹੀਂ ਰਹਿਣਾ... ਜਿੱਥੇ ਪਿਆਰ ਨਹੀਂ .... ਭੁੱਖ ਹੈ... ਗਰੀਬੀ ਹੈ... ਮੈਂ ਆਪਣੇ ਆਪ ਨੂੰ ਖ਼ਤਮ ਕਰਨ ਦਾ ਫੈਸਲਾ ਕਰ ਲਿਆ। ਪਰ ਫੇਰ ਮੈਂ ਸਾਰੀ ਕਹਾਣੀ ਦੱਸਣ ਤੁਹਾਡੇ ਕੋਲ ਆ ਗਿਆ।"

ਇੰਨਾ ਕਹਿ ਕੇ ਸਾਵਨ ਦਾ ਹੱਥ ਆਪਣੇ ਫ਼ਿਊਜ਼ ਪੁਆਂਇਟ ਤੇ ਚਲਿਆ ਗਿਆ। ਉਸਦੇ ਪੈਰ ਲੜਖੜਾ ਗਏ। ਚੇਤਨਾ ਨੇ ਦੌੜ੍ਹ ਕੇ ਉਸਨੂੰ ਸਾਂਭ ਲਿਆ। ਪਰ ਉਸਦੇ ਨੈਣਾਂ ਦੀ ਜੋਤੀ ਬੁਝ ਚੁੱਕੀ ਸੀ।

ਚੇਤਨਾ ਆਪਣੀ ਬਣਾਈ ਮਸ਼ੀਨ... ਨਹੀਂ। ਸ਼ਾਇਦ ਮੈਂ ਗ਼ਲਤ ਹਾਂ। ਉਹ ਮਸ਼ੀਨ ਨਹੀਂ ਕਿਸੇ ਮਨੁੱਖ ਤੋਂ ਵੀ ਵੱਧਕੇ ਸੀ... ਨੂੰ ਅਪਲਕ ਨਿਹਾਰਦੀ ਰਹੀ। ਉਸਦੇ ਦਿਲ ਵਿੱਚ ਦਰ ਦੀ ਇਕ ਲਹਿਰ ਉੱਠਦੀ ਚਲੀ ਗਈ। ਉਸ ਦੀਆਂ ਗੱਲ੍ਹਾਂ ਹੰਝੂਆਂ ਨਾਲ ਤਰ ਹੋ ਗਈਆਂ।

.... ਤੇ ਦੂਰ ਕਿਤਿਓਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਸ਼ਾਇਦ ਠੰਢੀਆਂ ਹਵਾਵਾਂ ਦੇ ਪ੍ਰਦੇਸ਼ਾਂ ਤੋਂ ਆਉਣ ਵਾਲੀਆਂ ਚਿੜੀਆਂ ਇਸ ਵਾਰ ਉਸ ਲਈ ਫਲਾਂ ਦਾ ਤੋਹਫ਼ਾ ਨਹੀਂ ਲੈ ਕੇ ਆਈਆਂ ਸਨ।

ਟਿੱਪਣੀ - ਵਿਕਸਿਤ ਦੇਸ਼ਾਂ ਵਿੱਚ ਅੱਜ ਰੋਬਟ ਕਾਰੋਬਾਰ ਵਿੱਚ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕੇ ਹਨ - ਕਾਰਖਾਨਿਆਂ, ਹਸਪਤਾਲਾਂ, ਘਰਾਂ (ਸਫ਼ਾਈ ਵਿੱਚ), ਪੁਲੀਸ, ਫ਼ੌਜ ਅਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਸਰਗਰਮ ਹਨ। ਉਹ ਦਿਨ ਦੂਰ ਨਹੀਂ ਜਦੋਂ ਰੋਬਟ ਮਨੁੱਖ ਦੇ ਜ਼ਿੰਦਗੀ ਬਚਾਉਣ ਵਿੱਚ ਵੀ ਅਤਿਅੰਤ ਵੱਡਮੁੱਲਾ ਯੋਗਦਾਨ ਪਾਉਣਗੇ, ਜਿਵੇਂ ਕਿ ਅੱਗ ਵਿੱਚ ਬਲ ਰਹੀਆਂ ਇਮਾਰਤਾਂ ਦੇ ਵਿੱਚੋਂ ਮਨੁੱਖੀ ਜ਼ਿੰਦਗੀ ਨੂੰ ਬਚਾਉਣਾ। ਇੱਕ ਸਰਵੇਖਣ ਅਨੁਸਾਰ, ਕਿਸੇ ਅਣਸੁਖਾਵੀਂ ਘਟਨਾ ਵਿੱਚੋਂ ਨਿਕੱਲਣ ਲਈ ਜਦੋਂ ਇੱਕ ਰੋਬਟ ਨੂੰ ਸੰਕੇਤ ਦੇਣ ਲਈ ਖੜਾ ਕੀਤਾ ਗਿਆ ਤਾਂ ਸਾਰੇ ਮਨੁੱਖਾਂ ਨੇ ਅਨੁਸ਼ਾਸਨ ਨਾਲ ਉਹਨਾਂ ਦਾ ਪਾਲਣ ਕਰਿਆ। ਬਦਕਿਸਮਤੀ ਨਾਲ, ਫ਼ੌਜ, ਪੁਲੀਸ ਅਤੇ ਗ਼ੈਰ-ਕਨੂੰਨੀ ਅਨਸਰ ਰੋਬਟਾਂ ਨੂੰ ਜਾਨ ਲੈਣ ਲਈ ਵੀ ਵਰਤ ਸਕਦੇ ਹਨ!

ਬੋਸਟਨ ਡਾਈਨਾਮਿਕਸ (www.bostondynamics.com) ਕੰਪਨੀ ਬਹੁਤ ਜ਼ਿਆਦਾ ਵਿਕਸਿਤ ਰੋਬਟ ਬਣਾ ਰਹੀ ਹੈ, ਜਿਹਨਾਂ ਦੀ ਗਤੀ, ਫੁਰਤੀ, ਨਿਪੁੰਨਤਾ ਅਤੇ ਤੇਜ਼ੀ ਹੈਰਾਨੀਕੁੰਨ ਹੈ। ਤੁਸੀਂ ਕੰਪਨੀ ਦੀ ਵੈਬਸਾਈਟ ਤੇ ਹੋਰ ਜਾਣਕਾਰੀ ਲੈ ਸਕਦੇ ਹੋ`। ਜਪਾਨ ਅਤੇ ਹੋਰ ਦੇਸ਼ਾਂ ਦੀਆਂ ਕੰਪਨੀਆਂ ਵੀ ਵਿੱਲਖਣ ਕਿਸਮ ਦੇ ਰੋਬਟ ਬਣਾ ਰਹੀਆਂ ਹਨ। ਹੇਠਾਂ ਤਸਵੀਰ ਵਿੱਚ ਤੁਸੀਂ ਹੌਂਡਾ ਕੰਪਨੀ ਵਲ੍ਹੋਂ 2002 ਈ: ਵਿੱਚ ਤਿਆਰ ਕੀਤਾ ਗਿਆ ਆਸੀਮੋ ਇੱਕ ਹੁਣ ਤੱਕ ਦਾ ਸਭ ਤੋਂ ਉੱਨਤ ਮਨੁੱਖਾ ਰੋਬਟ ਹੈ। ਉਹ ਚੱਲ ਸਕਦਾ ਹੈ, ਦੌੜ ਸਕਦਾ ਹੈ, ਨੱਚ ਸਕਦਾ ਹੈ, ਤੇ ਮਹਿਮਾਨਾਂ ਨੂੰ ਜਲਪਾਨ ਵਰਤਾ ਸਕਦਾ ਹੈ। ਲੋਕ ਉਸਨੂੰ ਵੇਖ ਕੇ ਖ਼ੁਸ਼ ਤੇ ਹੈਰਾਨ ਹੋ ਜਾਂਦੇ ਹਨ! ਉਹ ਜਵਾਨ ਬੱਚਿਆਂ ਨੂੰ ਗਣਿਤ ਤੇ ਵਿਗਿਆਨ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਤ ਕਰਦਾ ਹੈ! 2014 ਈ: ਵਿੱਚ ਆਸੀਮੋ ਨੇ ਸੰਕੇਤਕ ਭਾਸ਼ਾ ਦਾ ਪ੍ਰਯੋਗ ਕਰ ਕੇ ਦਿਖਾਇਆ!

ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ, ਬਾਲ ਸਾਹਿਤ ਅਤੇ ਲੇਖ ਵੀ ਲਿਖਦਾ ਹੈ। ਉਸਦੀ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ ।

ਵੈਬਸਾਈਟ : https://sahit.punjabikids.org/

WhySF4Kids
ਬੱਚਿਆਂ ਲਈ

ਵਿਗਿਆਨ ਗਲਪ (ਸਾਇੰਸ ਫਿਕਸ਼ਨ) ਕਿਉਂ ਮਹੱਤਵਪੂਰਨ ਹੈ?

ਸੁਮੀਤ ਕਪੂਰ ਪੰਜਾਬੀ ਰੂਪ: ਅਮਨਦੀਪ ਸਿੰਘ

ਇੱਕ ਬੱਚਾ ਇੱਕ ਵਿਗਿਆਨ ਗਲਪ ਦੀ ਕਿਤਾਬ ਖੋਲ੍ਹਦਾ ਹੈ ਤਾਂ ਉਹ ਆਪਣੇ ਸਾਹਮਣੇ ਦੋ ਭਵਿੱਖ ਵੇਖਦਾ ਹੈ –- ਇੱਕ ਵਿੱਚ, ਰੋਬੋਟ ਮਨੁੱਖਾਂ ਦੀ ਸਖਤ ਮਿਹਨਤ ਨੂੰ ਘਟਾਉਂਦੇ ਹਨ, ਸ਼ਹਿਰ ਸਾਫ਼ ਹੋ ਜਾਂਦੇ ਹਨ ਅਤੇ ਨਵੀਆਂ ਕਾਢਾਂ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਂਦੀਆਂ ਹਨ ਅਤੇ ਦੂਜੇ ਵਿੱਚ, ਉਹੀ ਮਸ਼ੀਨਾਂ ਲੋਕਾਂ ਨੂੰ ਨਿਯੰਤਰਿਤ ਕਰਦੀਆਂ ਹਨ ਜਾਂ ਅਜਿਹੀਆਂ ਸਮੱਸਿਆਵਾਂ ਪੈਦਾ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਜਿਨ੍ਹਾਂ ਦੀ ਕਿਸੇ ਨੂੰ ਉਮੀਦ ਨਹੀਂ ਸੀ। ਆਸ ਤੇ ਵਿਨਾਸ਼ (Dystopia) ਵਿਚਕਾਰਲੀ ਇਹ ਗਤੀਵਿਧੀ ਵਿਗਿਆਨ ਗਲਪ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਇਹ ਬੱਚਿਆਂ ਨੂੰ ਇੱਕ ਨਿਸ਼ਚਿਤ ਜਵਾਬ ਨਹੀਂ ਦਿੰਦੀ। ਦੋ ਬੱਚੇ ਇੱਕੋ ਕਹਾਣੀ ਪੜ੍ਹਕੇ ਉਸਦੀ ਵਿਆਖਿਆ ਅਲੱਗ-ਅਲੱਗ ਕਰ ਸਕਦੇ ਹਨ। ਇੱਕ ਬੱਚਾ ਉਸ ਕਾਢ ਦੀ ਸ਼ਲਾਘਾ ਕਰ ਸਕਦਾ ਹੈ, ਜਦੋਂ ਕਿ ਦੂਜਾ ਇਹ ਸਵਾਲ ਕਰ ਸਕਦਾ ਹੈ ਕਿ ਉਸਨੂੰ ਕੌਣ ਨਿਯੰਤਰਿਤ ਕਰ ਰਿਹਾ ਹੈ ਅਤੇ ਇਹ ਅਸਲ ਵਿੱਚ ਉਹ ਖੋਜ ਕਿਸਦੀ ਮਦਦ ਕਰਦੀ ਹੈ? ਸਹੀ ਉਮਰ ਵਿੱਚ, ਆਈਜ਼ੈਕ ਅਸਿਮੋਵ ਵਰਗੇ ਲੇਖਕ ਇਸ ਖੋਜ ਨੂੰ ਹੋਰ ਡੂੰਘਾਈ ਵਿੱਚ ਲੈ ਸਕਦੇ ਹਨ। ਉਸ ਦੁਆਰਾ ਰਚਿਤ ਰੋਬੋਟ ਕਹਾਣੀਆਂ ਦਰਸਾਉਂਦੀਆਂ ਹਨ ਕਿ ਕਿਵੇਂ ਸਮਝਦਾਰ ਨਿਯਮ ਵੀ ਮਨੁੱਖੀ ਵਿਵਹਾਰ ਨਾਲ ਮਿਲ ਕੇ ਅਣਕਿਆਸੇ ਨਤੀਜੇ ਪੈਦਾ ਕਰ ਸਕਦੇ ਹਨ। ਬੱਚੇ ਰੋਬੋਟ, ਪੁਲਾੜ ਅਤੇ ਦੂਰ ਦੁਰਾਡੇ ਦੇ ਸੰਸਾਰਾਂ ਪ੍ਰਤੀ ਪੜ੍ਹਨਾ ਸ਼ੁਰੂ ਕਰ ਸਕਦੇ ਹਨ, ਪਰ ਜਲਦੀ ਹੀ ਆਪਣੇ ਆਪ ਨੂੰ ਆਜ਼ਾਦੀ, ਨਿਰਪੱਖਤਾ, ਜ਼ਿੰਮੇਵਾਰੀ ਅਤੇ ਚੋਣ-ਸ਼ਕਤੀ ਬਾਰੇ ਸੋਚਣ ਲਗਦੇ ਹਨ। ਇਹਨਾਂ ਕਹਾਣੀਆਂ ਰਾਹੀਂ, ਬੱਚੇ ਸੁਤੰਤਰ ਰੂਪ ਵਿੱਚ ਕਲਪਨਾ ਕਰਨਾ, ਨਤੀਜਿਆਂ ਦੀ ਜਾਂਚ ਕਰਨਾ ਅਤੇ ਭਵਿੱਖ ਬਾਰੇ ਆਪਣਾ ਦ੍ਰਿਸ਼ਟੀਕੋਣ ਬਣਾਉਣਾ ਸਿੱਖਦੇ ਹਨ। ਉਤਸੁਕਤਾ ਅਤੇ ਨਿਰਣੇ ਦਾ ਇਹ ਸੁਮੇਲ ਕਿਤਾਬ ਸੰਪੂਰਨ ਹੋਣ ਤੋਂ ਬਾਅਦ ਵੀ ਬਣਿਆ ਰਹਿੰਦਾ ਹੈ!

ਸੁਮੀਤ ਕਪੂਰ ਲਾਈਫਸਕਿੱਲਜ਼ (Lyfskills.com) ਕੰਪਨੀ ਦੇ ਸੰਸਥਾਪਕ ਹਨ — ਇੱਕ ਖੋਜ ਪਲੇਟਫਾਰਮ ਜੋ ਭਾਰਤੀ ਪਰਿਵਾਰਾਂ ਨੂੰ ਖੇਡਾਂ, ਕਲਾ, ਸੰਗੀਤ, ਤੰਦਰੁਸਤੀ, ਕੋਡਿੰਗ, ਅਕਾਦਮਿਕ ਅਤੇ ਹੋਰ ਰੁਚੀਆਂ ਵਿੱਚ ਬੱਚਿਆਂ ਦੀਆਂ ਕਲਾਸਾਂ ਅਤੇ ਗਤੀਵਿਧੀਆਂ ਦੀ ਤੁਲਨਾ ਕਰਨ ਵਿੱਚ ਮਦਦ ਕਰਦਾ ਹੈ। ਉਹ ਬੱਚਿਆਂ ਦੀ ਗਤੀਵਿਧੀ ਖੋਜ, ਸੰਪੂਰਨ ਸਿਖਲਾਈ ਅਤੇ ਪਰਿਵਾਰ ਕਲਾਸਰੂਮ ਤੋਂ ਬਾਹਰ ਕਿਵੇਂ ਬਿਹਤਰ ਫੈਸਲੇ ਲੈ ਸਕਦੇ ਹਨ, ਬਾਰੇ ਲਿਖਦਾ ਹੈ।

BeyondTime
ਵਿਗਿਆਨ ਗਲਪ ਕਹਾਣੀ

ਸਮੇਂ ਦੇ ਆਰ-ਪਾਰ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਘਰ ਨੂੰ ਵਾਪਸ ਜਾਂਦਿਆਂ ਜਦ ਉਹ ਹਾਈਵੇਅ ਦੇ ਜਾਣੇ ਪਛਾਣੇ ਖੇਤਰ ਵਿਖੇ ਕਾਰ ਚਲਾ ਰਿਹਾ ਸੀ ਤਾਂ ਹਮੇਸ਼ਾਂ ਦੀ ਤਰ੍ਹਾਂ ਇੰਜਣ ਦੀ ਘੂੰ-ਘੂੰ ਅਤੇ ਟਾਇਰਾਂ ਦੀ ਤਾਲਬੱਧ ਆਵਾਜ਼ ਕੰਨੀਂ ਪੈ ਰਹੀ ਸੀ। ਢਲ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਵਿੱਚ ਚੋਗਿਰਦਾ ਸੋਨ ਰੰਗੀ ਭਾਹ ਮਾਰਦਾ ਨਜ਼ਰ ਆ ਰਿਹਾ ਸੀ। ਇਹ ਇੱਕ ਆਮ ਸਫ਼ਰ ਹੀ ਸੀ, ਜੋ ਉਸ ਨੇ ਪਹਿਲਾਂ ਵੀ ਅਨੇਕ ਵਾਰ ਕੀਤਾ ਸੀ। ਪਰ ਜਿਵੇਂ ਹੀ ਉਸ ਨੇ ਇੱਕ ਮੋੜ ਮੁੜਿਆ, ਕੁਝ ਦੂਰੀ ਉੱਤੇ ਉਸ ਨੂੰ ਅਜੀਬ ਚਮਕ ਦਿਖਾਈ ਦਿੱਤੀ, ਜਿਵੇਂ ਧਰਤੀ ਤੋਂ ਗਰਮ ਹਵਾ ਦੀਆਂ ਲਹਿਰਾਂ ਉੱਠ ਰਹੀਆਂ ਹੋਣ, ਪਰ ਇਹ ਵਰਤਾਰਾ ਬਹੁਤ ਤੀਬਰ ਅਤੇ ਅਲੌਕਿਕ ਸੀ।

ਰਾਜੇਸ਼ ਨੇ ਅੱਖਾਂ ਝਪਕੀਆਂ ਅਤੇ ਕਾਰ ਦੇ ਸਟੀਅਰਿੰਗ ਵ੍ਹੀਲ ਨੂੰ ਹੋਰ ਵੀ ਮਜ਼ਬੂਤੀ ਨਾਲ ਫੜ੍ਹ ਲਿਆ। ਇਹ ਚਮਕ ਹੋਰ ਵਧੇਰੇ ਤੇਜ਼ ਹੁੰਦੀ ਗਈ, ਜਦ ਤਕ ਇਸ ਨੇ ਉਸ ਦੀ ਕਾਰ ਨੂੰ ਪੂਰੀ ਤਰ੍ਹਾਂ ਘੇਰ ਨਹੀਂ ਲਿਆ। ਪਲ ਕੁ ਲਈ, ਉਸ ਨੂੰ ਇੰਝ ਲੱਗਾ ਜਿਵੇਂ ਉਹ ਭਾਰਹੀਣ ਹੋ ਖਿਲਾਅ ਵਿੱਚ ਤੈਰ ਰਿਹਾ ਹੋਵੇ। ਇੰਜਣ ਦੀ ਗੂੰਜ ਦੀ ਥਾਂ ਹੁਣ ਇੱਕ ਭਿਆਨਕ ਚੁੱਪ ਨੇ ਲੈ ਲਈ ਸੀ। ਫਿਰ, ਅਚਾਨਕ ਇਕ ਝਟਕੇ ਨਾਲ, ਉਸ ਦੀ ਕਾਰ ਇੱਕ ਕੱਚੇ ਤੇ ਓਬੜ੍ਹ-ਖਾਬੜ੍ਹ ਰਸਤੇ ਉੱਤੇ ਚਲਦੀ ਨਜ਼ਰ ਆਈ। ਉਸ ਨੇ ਹੈਰਾਨ ਹੋ ਕੇ ਆਲੇ-ਦੁਆਲੇ ਦੇਖਿਆ। ਜਾਣਿਆ-ਪਛਾਣਿਆ ਹਾਈਵੇਅ ਗਾਇਬ ਸੀ। ਇਸ ਦੀ ਥਾਂ 'ਤੇ ਇੱਕ ਤੰਗ ਕੱਚਾ ਰਾਹ ਸੀ ਜੋ ਉੱਚੇ ਉੱਚੇ ਦਰੱਖਤਾਂ ਨਾਲ ਘਿਰਿਆ ਹੋਇਆ ਸੀ। ਇਨ੍ਹਾਂ ਦਰੱਖਤਾਂ ਦੇ ਉਪਰਲੇ ਹਿੱਸੇ ਆਪਸ ਵਿੱਚ ਪੂਰੀ ਤਰ੍ਹਾਂ ਰਲ-ਗੱਡ ਸਨ ਜੋ ਸਾਰੇ ਖੇਤਰ ਨੂੰ ਹਰੀ ਭਾਹ ਵਾਲੀ ਰੋਸ਼ਨੀ ਨਾਲ ਰੰਗਦੇ ਜਾਪ ਰਹੇ ਸਨ।

ਮਾਹੌਲ ਗੰਭੀਰ ਅਤੇ ਅਲੌਕਿਕ ਸੀ। ਇੱਕ ਹਲਕੀ, ਮਿੱਠੀ ਖੁਸ਼ਬੂ ਹਰ ਪਾਸੇ ਫੈਲੀ ਹੋਈ ਸੀ। ਉਸ ਨੇ ਕਾਰ ਦੀ ਖਿੜਕੀ ਦਾ ਸ਼ੀਸ਼ਾ ਹੇਠਾਂ ਕੀਤਾ। ਠੰਢੀ ਹਵਾ ਦੀ ਛੂੰਹ ਉਸ ਦੇ ਸਰੀਰ ਵਿੱਚ ਝਰਨਾਹਟ ਪੈਦਾ ਕਰਦੀ ਜਾ ਰਹੀ ਸੀ। ਸਭ ਕੁਝ ਸਜੀਵ ਸੀ - ਪੱਤਿਆਂ ਦੀ ਸਰਸਰਾਹਟ, ਅਣਜਾਣ ਜੀਵਾਂ ਦੀਆਂ ਦੂਰ-ਦੁਰਾਡੇ ਤੋਂ ਆ ਰਹੀਆਂ ਆਵਾਜ਼ਾਂ, ਰੁਮਕ ਰਹੀ ਹਵਾ ਦਾ ਹਲਕਾ ਹਲਕਾ ਵਹਾਅ। ਇਹ ਸੱਭ ਕੁਝ ਮਨਮੋਹਕ ਸੀ ਪਰ ਘਬਰਾਹਟ ਪੈਦਾ ਕਰਨ ਵਾਲਾ ਵੀ ਸੀ।

ਜਿਵੇਂ ਹੀ ਉਹ ਘੁੰਮ-ਘੁੰਮੇਟੇ ਵਾਲੇ ਰਸਤੇ ਉੱਤੇ ਹੌਲੀ-ਹੌਲੀ ਗੱਡੀ ਚਲਾ ਰਿਹਾ ਸੀ, ਤਾਂ ਉਸ ਨੂੰ ਸਾਹਮਣੇ ਕਿਸੇ ਦਾ ਝਾਉਲਾ ਪਿਆ। ਸੰਘਣੇ ਰੁੱਖਾਂ ਦੇ ਝੁੰਡ ਓਹਲੇ ਤੋਂ ਕੱਚੇ ਰਾਹ ਵੱਲ ਆ ਰਹੀ ਇੱਕ ਮੁਟਿਆਰ ਨਜ਼ਰ ਆਈ। ਉਸ ਨੇ ਬਹੁਤ ਹੀ ਅਜੀਬ ਕਿਸਮ ਦਾ ਪੁਰਾਣਾ ਜਿਹਾ ਪਹਿਰਾਵਾ ਪਾਇਆ ਹੋਇਆ ਸੀ। ਖੁੱਲੇ ਚੋਗੇ ਵਰਗੇ ਇਸ ਪਹਿਰਾਵੇ ਉੱਤੇ ਬਹੁਤ ਹੀ ਖੂਬਸੂਰਤ ਫੁੱਲਾਂ ਵਾਲਾ ਕਸੀਦਾ ਕੱਢਿਆ ਹੋਇਆ ਸੀ ਅਤੇ ਉਸ ਦੇ ਹੱਥਾਂ ਵਿੱਚ, ਬਹੁਤ ਹੀ ਸਜੀਵ ਤੇ ਗੂੜ੍ਹੇ ਰੰਗਾਂ ਵਾਲੇ ਫੁੱਲਾਂ ਦਾ ਇੱਕ ਗੁੱਲ-ਦਸਤਾ ਸੀ। ਉਸ ਦੀ ਸੁਰੀਲੀ ਅਤੇ ਦਿਲ ਨੂੰ ਧੂਹ ਪਾਣ ਵਾਲੀ ਆਵਾਜ਼ ਜਦ ਹਵਾ ਦੀਆਂ ਲਹਿਰਾਂ ਉੱਤੇ ਤੈਰਦੀ ਰਾਜੇਸ਼ ਤਕ ਪਹੁੰਚੀ ਤਾਂ ਉਹ ਦਿਲ ਉੱਤੇ ਕਾਬੂ ਨਾ ਰੱਖ, ਇਸ ਵਿਚ ਮੁਗਧ ਹੁੰਦਾ ਚਲਾ ਗਿਆ। ਉਸ ਮੁਟਿਆਰ ਤੋਂ ਨਜ਼ਰਾਂ ਹਟਾਉਣ ਤੋਂ ਅਸਮਰਥ ਰਾਜੇਸ਼ ਨੇ ਕਾਰ ਨੂੰ ਰੋਕ ਲਿਆ।

"ਮਾਫ਼ ਕਰਨਾ," ਉਸ ਨੇ ਖਿੜਕੀ ਤੋਂ ਬਾਹਰ ਝੁਕਦਿਆ, ਝਿਜਕਦੇ ਹੋਏ ਕਿਹਾ। "ਕੀ ਤੁਸੀਂ ਰਸਤਾ ਭੁੱਲ ਗਏ ਹੋ? ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ?"

ਮੁਟਿਆਰ ਨੇ ਗਾਉਣਾ ਬੰਦ ਕਰ ਦਿੱਤਾ ਅਤੇ ਉਸ ਵੱਲ ਦੇਖਿਆ। ਉਸ ਦੀਆਂ ਗੂੜ੍ਹੀਆਂ ਕਾਲੀਆਂ ਅੱਖਾਂ ਕਿਸੇ ਰਹੱਸਮਈ ਚਮਕ ਦੀ ਦੱਸ ਪਾ ਰਹੀਆਂ ਸਨ। ਉਸ ਨੇ ਹੌਲੀ ਜਿਹੇ ਆਪਣਾ ਸਿਰ ਹਿਲਾਇਆ, ਪਰ ਬੋਲੀ ਕੁਝ ਨਾ।

ਰਾਜੇਸ਼ ਕਾਰ ਤੋਂ ਬਾਹਰ ਨਿਕਲਿਆ। "ਇੱਥੇ ਖ਼ਤਰਾ ਹੈ। ਜੇ ਤੁਸੀਂ ਮੇਰੀ ਕਾਰ ਵਿੱਚ ਬੈਠ ਜਾਵੋ ਤਾਂ ਮੈਂ ਤੁਹਾਨੂੰ ਜੰਗਲ ਵਿੱਚੋਂ ਬਾਹਰ ਲੈ ਜਾ ਸਕਦਾ ਹਾਂ।"

ਉਹ ਝਿਜਕ ਗਈ, ਉਸ ਦੇ ਚਿਹਰੇ ਦੇ ਭਾਵਾਂ ਨੂੰ ਸਮਝਣਾ ਸੰਭਵ ਨਹੀਂ ਸੀ। "ਇਹ ਮੇਰਾ ਘਰ ਹੈ," ਕੁਝ ਦੇਰ ਬਾਅਦ ਉਸ ਨੇ ਕਿਹਾ, ਉਸ ਦੀ ਆਵਾਜ਼ ਕਿਸੇ ਸੰਗੀਤ ਵਾਂਗ ਸੀ।

"ਤਾਂ ਵੀ," ਰਾਜੇਸ਼ ਨੇ ਜ਼ੋਰ ਦੇ ਕੇ ਕਿਹਾ, "ਦੇਰ ਹੋ ਰਹੀ ਹੈ। ਪਲੀਜ਼, ਸਮਝੋ, ਮੈਂ ਤੁਹਾਡੀ ਮਦਦ ਕਰਨੀ ਚਾਹ ਰਿਹਾ ਹਾਂ।"

ਕੁਝ ਦੇਰ ਬਾਅਦ, ਉਸ ਨੇ ਸਿਰ ਹਿਲਾਇਆ ਅਤੇ ਕਾਰ ਦੀ ਪਿਛਲੀ ਸੀਟ ਉੱਤੇ ਬੈਠ ਗਈ। ਉਸ ਦੀ ਹੌਂਦ ਨੇ ਕਾਰ ਨੂੰ ਸ਼ਾਂਤੀ ਅਤੇ ਰਹੱਸਮਈ ਮਾਹੌਲ ਨਾਲ ਭਰ ਦਿੱਤਾ। ਜਿਵੇਂ-ਜਿਵੇਂ ਉਹ ਗੱਡੀ ਚਲਾ ਰਿਹਾ ਸੀ, ਰਾਜੇਸ਼ ਉਸ ਵੱਲ ਚੋਰੀ ਨਜ਼ਰ ਨਾਲ ਦੇਖਣ ਤੋਂ ਰਹਿ ਨਾ ਸਕਿਆ। ਉਹ ਅਜਬ ਜਾਪ ਰਹੀ ਸੀ, ਉਸ ਦੀ ਹਰ ਹਰਕਤ ਸੁੰਦਰ ਅਤੇ ਮਨਲੁਭਾਵਣੀ ਸੀ।

"ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ?" ਉਸ ਨੇ ਪਸਰੀ ਹੋਈ ਚੁੱਪ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਪੁੱਛਿਆ।

"ਜੰਗਲ ਦੇ ਕਿਨਾਰੇ," ਉਸ ਦੇ ਸਾਦਗੀ ਭਰੇ ਬੋਲ ਸਨ।

ਜਿਵੇਂ-ਜਿਵੇਂ ਕਾਰ ਅੱਗੇ ਵੱਧਦੀ ਗਈ, ਸੜਕ ਭੀੜ੍ਹੀ ਅਤੇ ਹਨੇਰੀ ਹੁੰਦੀ ਗਈ। ਦਰੱਖਤ ਇੱਕ ਦੂਜੇ ਦੇ ਨੇੜੇ ਨੇੜੇ ਹੁੰਦੇ ਜਾ ਰਹੇ ਸਨ। ਰਾਜੇਸ਼ ਦੇ ਮਨ ਵਿੱਚ ਬੇਚੈਨੀ ਦੀ ਭਾਵਨਾ ਫਿਰ ਪੈਦਾ ਹੋਣ ਲੱਗ ਪਈ। ਜਿਵੇਂ ਹੀ ਉਸ ਨੂੰ ਬਹੁਤ ਵਧੇਰੇ ਤਣਾਅ ਮਹਿਸੂਸ ਹੋਣ ਲੱਗਾ, ਦਰੱਖਤ ਵਿਰਲੇ ਵਿਰਲੇ ਨਜ਼ਰ ਆਉਣੇ ਸ਼ੁਰੂ ਹੋ ਗਏ। ਰੌਸ਼ਨੀ ਤੇਜ਼ ਹੁੰਦੀ ਗਈ, ਅਤੇ ਜੰਗਲ ਦਾ ਕਿਨਾਰਾ ਨਜ਼ਰ ਆਉਣ ਲੱਗਾ।

ਜਿਵੇਂ ਹੀ ਉਹ ਜੰਗਲ ਦੇ ਕਿਨਾਰੇ ਕੋਲ ਪਹੁੰਚੇ, ਕਾਰ ਖੜ੍ਹ ਖੜ੍ਹ ਕਰਦੀ ਅਚਾਨਕ ਰੁਕ ਗਈ। ਰਾਜੇਸ਼ ਨੇ ਝੁਕ ਕੇ ਇਗਨੀਸ਼ਨ ਦੀ ਚਾਬੀ ਘੁਮਾਈ, ਕੋਈ ਲਾਭ ਨਾ ਹੋਇਆ। "ਇਹ ਕੀ ਹੋ ਗਿਆ?" ਉਹ ਬੁੜਬੁੜਾਇਆ, ਕਾਰ ਦੇ ਹੁੱਡ ਦੇ ਹੇਠਾਂ ਜਾਂਚ ਕਰਨ ਲਈ ਉਹ ਕਾਰ ਵਿਚੋਂ ਬਾਹਰ ਨਿਕਲਿਆ।

ਜਦੋਂ ਉਸ ਨੇ ਪਿੱਛੇ ਮੁੜ ਮੁੜ ਕੇ ਦੇਖਿਆ, ਤਾਂ ਮੁਟਿਆਰ ਗਾਇਬ ਸੀ। ਕਾਰ ਦਾ ਪਿਛਲਾ ਦਰਵਾਜ਼ਾ ਬੰਦ ਸੀ, ਪਰ ਮੁਟਿਆਰ ਦਾ ਕੋਈ ਨਾਮੋ-ਨਿਸ਼ਾਨ ਨਜ਼ਰ ਨਹੀਂ ਸੀ ਆ ਰਿਹਾ। ਤੇਜ਼ੀ ਨਾਲ ਧੜਕਦੇ ਹੋਏ ਦਿਲ ਨਾਲ ਉਹ ਉੱਚੀ ਆਵਾਜ਼ ਵਿਚ ਬੋਲਿਆ, "ਹੈਲੋ? ਤੁਸੀਂ ਕਿੱਥੇ ਹੋ?"

ਇਕ ਸ਼ਾਂਤ ਚੁੱਪ ਚਾਰੋ ਪਾਸੇ ਪਸਰੀ ਹੋਈ ਸੀ।

ਅਜਬ ਵਰਤਾਰੇ ਤੋਂ ਹੈਰਾਨ ਪ੍ਰੇਸ਼ਾਨ, ਰਾਜੇਸ਼ ਕਾਰ ਵਿੱਚ ਵਾਪਸ ਬੈਠ ਗਿਆ। ‘ਕੀ ਇਹ ਕੋਈ ਪ੍ਰੇਤ ਆਤਮਾ ਤਾਂ ਨਹੀਂ ਸੀ? ਜਾਂ ਫਿਰ ਕੋਈ ਛਲੇਡਾ?’ ਉਸ ਦੇ ਮਨ ਵਿੱਚ ਅਜੀਬ ਖਿਆਲ ਜਨਮ ਲੈ ਰਹੇ ਸਨ। ਮਾਰੇ ਘਬਰਾਹਟ ਦੇ ਉਸ ਨੂੰ ਪਸੀਨਾ ਆ ਗਿਆ ਸੀ। ਕਾਰ ਨੂੰ ਦੁਬਾਰਾ ਚਾਲੂ ਕਰਨ ਲਈ ਉਸ ਨੇ ਇਗਨੀਸ਼ਨ ਦੀ ਚਾਬੀ ਜਲਦੀ ਜਲਦੀ ਘੁਮਾਈ। ਇਸ ਵਾਰ, ਕੋਸਿ਼ਸ਼ ਸਫ਼ਲ ਰਹੀ। ਘੂੰ-ਘੂੰ ਕਰਦਾ ਇੰਜਣ ਚਾਲੂ ਹੋ ਗਿਆ।

ਪਿੱਛੇ ਮੁੜ ਕੇ ਦੁਬਾਰਾ ਨਜ਼ਰ ਮਾਰੇ ਬਿਨਾਂ, ਜੰਗਲ ਨੂੰ ਪਿੱਛੇ ਛੱਡਣ ਲਈ ਬੇਤਾਬ, ਉਹ ਸੜਕ ਉਤੇ ਤੇਜ਼ੀ ਨਾਲ ਚਲ ਪਿਆ। ਜੰਗਲੀ ਰੁੱਖ ਹੌਲੇ ਹੌਲੇ ਘੱਟਦੇ ਹੋਏ ਖੁੱਲ੍ਹੇ ਮੈਦਾਨ ਦਾ ਰੂਪ ਧਾਰ ਹਏ। ਅਤੇ ਅਚਾਨਕ, ਉਹ ਹਾਈਵੇਅ ਉੱਤੇ ਵਾਪਸ ਆ ਗਿਆ। ਅਜਿਹਾ ਲੱਗ ਰਿਹਾ ਸੀ ਜਿਵੇਂ ਕੁਝ ਅਜਬ ਹੋਇਆ ਹੀ ਨਾ ਹੋਵੇ।

ਉਹ ਸੋਚਾਂ ਵਿਚ ਡੁੱਬਿਆ ਹੋਇਆ ਸੀ, ਉਸ ਦੇ ਹੱਥ ਕੰਬ ਰਹੇ ਸਨ। ਕੀ ਇਹ ਇੱਕ ਸੁਪਨਾ ਸੀ? ਇੱਕ ਭਰਮ? ਦਿਮਾਗੀ ਕਸ਼ਮਕਸ਼ ਨੇ ਉਸ ਦੀ ਪਿਆਸ ਜਗਾ ਦਿੱਤੀ ਸੀ। ਕਾਰ ਦੀ ਪਿਛਲੀ ਸੀਟ ਉੱਤੇ ਪਈ ਪਾਣੀ ਦੀ ਬੋਤਲ ਲੈਣ ਲਈ ਜਦੋਂ ਉਸ ਨੇ ਹੱਥ ਵਧਾਇਆ, ਤਾਂ ਉਸ ਦੀ ਨਜ਼ਰ ਸੀਟ ਉੱਤੇ ਮੌਜੂਦ ਰੰਗ-ਬਰੰਗੇ ਫੁੱਲਾਂ ਦੇ ਗੁੱਲਦਸਤੇ ਉੱਤੇ ਪਈ। ਇਹ ਉਹੋ ਗੁੱਲ-ਦਸਤਾ ਸੀ ਜੋ ਉਸ ਮੁਟਿਆਰ ਨੇ ਹੱਥਾਂ ਵਿੱਚ ਫੜ੍ਹਿਆ ਹੋਇਆ ਸੀ, ਅਜਿਹੇ ਖੂਬਸੂਰਤ ਰੰਗਾਂ ਵਾਲੇ ਫੁੱਲ ਉਸ ਨੇ ਪਹਿਲਾਂ ਕਦੇ ਵੀ ਨਹੀਂ ਸਨ ਦੇਖੇ।

ਰਾਜੇਸ਼ ਨੂੰ ਯਕੀਨ ਨਹੀਂ ਸੀ ਹੋ ਰਿਹਾ, ਉਸ ਦਾ ਦਿਮਾਗ ਅਜੀਬ ਉਥਲ-ਪੁਥਲ ਦਾ ਸਿ਼ਕਾਰ ਸੀ। ਕੀ ਉਹ ਸਮੇਂ ਦੀ ਘੁੰਮਣਘੇਰ ਵਿੱਚੋਂ ਲੰਘਿਆ ਸੀ? ਕੀ ਉਹ ਕਿਸੇ ਹੋਰ ਯੁੱਗ ਦੀ ਵਾਸੀ ਮੁਟਿਆਰ ਨੂੰ ਮਿਲਿਆ ਸੀ? ਹੁਣ ਜਦੋਂ ਉਸ ਦੀ ਕਾਰ ਜਾਣੇ-ਪਛਾਣੇ ਹਾਈਵੇ ਉੱਤੇ ਸਰਪਟ ਦੌੜ੍ਹ ਰਹੀ ਸੀ ਤਾਂ ਅਨੇਕ ਸਵਾਲ ਉਸ ਦੇ ਦਿਮਾਗ ਵਿੱਚ ਘੁੰਮ ਰਹੇ ਸਨ, ਫੁੱਲਾਂ ਦੀ ਨਸ਼ੀਲੀ ਖੁਸ਼ਬੂ ਉਸ ਦੇ ਆਲੇ-ਦੁਆਲੇ ਫੈਲੀ ਹੋਈ ਸੀ।

ਅੱਗੇ ਵੱਧਦਾ ਹੋਇਆ ਬੇਸ਼ਕ ਉਹ ਹੁਣ ਹਾਈਵੇਅ ਨੂੰ ਪਿੱਛੇ ਛੱਡ ਆਇਆ ਸੀ, ਪਰ ਉਸ ਖੂਬਸੂਰਤ ਮੁਟਿਆਰ ਦੀ ਯਾਦ ਅਜੇ ਵੀ ਕਾਇਮ ਸੀ।

******

ਦਿਨ ਬੀਤਦੇ ਗਏ, ਪਰ ਇਸ ਅਜਬ ਮੁਲਾਕਾਤ ਦੀ ਯਾਦ ਧੁੰਦਲੀ ਨਹੀਂ ਸੀ ਹੋਈ। ਰਾਜੇਸ਼ ਅਕਸਰ ਉਸੇ ਹਾਈਵੇਅ ਉੱਤੇ ਦੁਬਾਰਾ ਚੱਲਣ ਦੀ ਖਿੱਚ ਮਹਿਸੂਸ ਕਰਦਾ ਸੀ। ਇਸੇ ਖੇਤਰ ਵਿੱਚ ਕਿਸੇ ਵੀ ਚਮਕੀਲੇ ਸੰਕੇਤ ਦੇ ਨਜ਼ਰ ਆਉਣ ਦਾ ਉਹ ਅਕਸਰ ਬੇਤਾਬੀ ਨਾਲ ਇੰਤਜ਼ਾਰ ਕਰਦਾ ਰਹਿੰਦਾ ਸੀ। ਉਸ ਨੇ ਅਜੇ ਵੀ ਉਨ੍ਹਾਂ ਫੁੱਲਾਂ ਨੂੰ ਆਪਣੀ ਕਾਰ ਵਿੱਚ ਹੀ ਰੱਖਿਆ ਹੋਇਆ ਸੀ। ਸਮੇਂ ਦੇ ਬੀਤਣ ਨਾਲ ਬੇਸ਼ਕ ਇਹ ਥੋੜ੍ਹਾ ਮੁਰਝਾ ਗਏ ਸਨ, ਪਰ ਅਜੇ ਵੀ ਉਨ੍ਹਾਂ ਦੀ ਅਲੌਕਿਕਤਾ ਬਰਕਰਾਰ ਸੀ। ਉਸ ਰਹੱਸਮਈ ਮੁਟਿਆਰ ਬਾਰੇ ਜਾਨਣਾ ਉਸ ਲਈ ਇੱਕ ਜਨੂੰਨ ਬਣ ਗਿਆ ਸੀ। ਇਸ ਅਜਬ ਰਹੱਸ ਨੂੰ ਉਹ ਅਣਸੁਲਝਿਆ ਛੱਡਣਾ ਨਹੀਂ ਸੀ ਚਾਹੁੰਦਾ।

ਇੱਕ ਸ਼ਾਮ, ਜਿਵੇਂ ਹੀ ਸੂਰਜ ਖਿਤਿਜ਼ ਦੇ ਹੇਠਾਂ ਡੁੱਬ ਰਿਹਾ ਸੀ, ਉਹ ਉਸੇ ਮੋੜ 'ਤੇ ਰੁਕ ਗਿਆ ਜਿੱਥੇ ਪਹਿਲਾਂ ਅਜਬ ਚਮਕ ਦਿਖਾਈ ਦਿੱਤੀ ਸੀ। ਉਹ ਉਡੀਕ ਕਰ ਰਿਹਾ ਸੀ, ਫੁੱਲਾਂ ਦਾ ਗੁੱਲ-ਦਸਤਾ ਕਾਰ ਦੀ ਪਿਛਲੀ ਸੀਟ ਉੱਤੇ ਟਿਕਿਆ ਹੋਇਆ ਸੀ। ਅਣਜਾਣੀ ਉਡੀਕ ਵਿੱਚ, ਕਿਨਾਂ ਹੀ ਸਮਾਂ ਬੀਤ ਗਿਆ, ਅਸਮਾਨ ਨੀਲ-ਗੁਲਾਬੀ ਰੰਗ ਤੋਂ ਕਾਲੇ ਰੰਗ ਵਿੱਚ ਬਦਲ ਗਿਆ, ਅਤੇ ਫਿਰ ਟਿਮਟਿਮਾਂਦੇ ਤਾਰਿਆਂ ਨਾਲ ਜੜ੍ਹਿਤ ਕਾਲੀ ਚਾਂਦਨੀ ਦਾ ਰੂਪ ਧਾਰ ਗਿਆ ਸੀ।

ਜਦੋਂ ਉਹ ਥੱਕ-ਹਾਰ ਮੁੜਣ ਹੀ ਲੱਗਾ ਸੀ, ਦੂਰ-ਪਰ੍ਹੇ ਇੱਕ ਹਲਕੀ ਜਿਹੀ ਚਮਕ ਦਿਖਾਈ ਦਿੱਤੀ। ਰਾਜੇਸ਼ ਦਾ ਤਾਂ ਜਿਵੇਂ ਸਾਹ ਹੀ ਰੁਕ ਗਿਆ। ਉਸੇ ਦਿਨ ਵਾਲੀ ਚਮਕ ਦੁਬਾਰਾ ਨਜ਼ਰ ਆ ਰਹੀ ਸੀ, ਕਿਸੇ ਸੰਜੀਵ ਚੀਜ਼ ਵਾਂਗ ਲਹਿਰਾਉਂਦੀ ਹੋਈ। ਬਿਨਾਂ ਕਿਸੇ ਹਿਚਕਚਾਹਟ ਦੇ ਉਹ ਉਸ ਰੌਸ਼ਨੀ ਵੱਲ ਵੱਧਦਾ ਚਲਾ ਗਿਆ। ਤੇਜ਼ ਰੌਸ਼ਨੀ ਕਾਰਣ ਉਸ ਦੀਆਂ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸਨ। ਅਜਬ ਰੌਸ਼ਨੀ ਨੇ ਉਸ ਨੂੰ ਇੱਕ ਵਾਰ ਫਿਰ ਘੇਰ ਲਿਆ ਸੀ।

ਇਸ ਵਾਰ, ਤਬਦੀਲੀ ਸਹਿਜ ਹੀ ਸੀ। ਜਦੋਂ ਉਸ ਨੇ ਅੱਖਾਂ ਖੋਲ੍ਹੀਆਂ, ਉਹ ਕੱਚੀ ਸੜਕ ਉੱਤੇ ਵਾਪਸ ਆ ਗਿਆ ਸੀ। ਸੰਘਣਾ ਜੰਗਲ ਉਸਦੇ ਆਲੇ-ਦੁਆਲੇ ਛਾਇਆ ਹੋਇਆ ਸੀ, ਅਤੇ ਮਿੱਠੀ, ਅਲੌਕਿਕ ਖੁਸ਼ਬੂ ਹਵਾ ਨੂੰ ਭਰ ਰਹੀ ਸੀ। ਰਾਜੇਸ਼ ਦਾ ਦਿਲ ਤੇਜ਼ ਤੇਜ਼ ਧੜਕ ਰਿਹਾ ਸੀ। ਉਸ ਨੇ ਕਾਰ ਪਾਰਕ ਕੀਤੀ ਅਤੇ ਫੁੱਲਾਂ ਵਾਲਾ ਗੁੱਲ-ਦਸਤਾ ਫੜ ਕੇ ਕਾਰ ਵਿੱਚੋਂ ਬਾਹਰ ਨਿਕਲ ਆਇਆ।

"ਮੈਂਨੂੰ ਪਤਾ ਹੈ ਕਿ ਤੁਸੀਂ ਇੱਥੇ ਹੋ," ਉਸ ਨੇ ਰੁੱਖਾਂ ਵੱਲ ਦੇਖਦੇ ਹੋਏ ਥੋੜ੍ਹੀ ਉੱਚੀ ਆਵਾਜ਼ ਵਿੱਚ ਕਿਹਾ। "ਪਲੀਜ਼, ਮੈਂ ਕੁਝ ਜਾਨਣਾ ਚਾਹੁੰਦਾ ਹਾਂ।"

ਇੱਕ ਲੰਬੇ ਪਲ ਲਈ, ਕੁਝ ਵੀ ਸੁਣਾਈ ਨਾ ਦਿੱਤਾ। ਫਿਰ, ਮੱਧਮ ਜਿਹੇ ਬੋਲਾਂ ਵਾਲੀ ਇਕ ਸੁਰੀਲੀ ਆਵਾਜ਼ ਸੁਣਾਈ ਦਿੱਤੀ। ਪੱਤਿਆਂ ਦੀ ਨਰਮ ਸਰਸਰਾਹਟ ਦੇ ਨਾਲ ਉਹੀ ਮੁਟਿਆਰ ਨਜ਼ਰ ਆਈ। ਉਸ ਦਾ ਆਕਾਰ ਇੱਕ ਅਲੌਕਿਕ ਰੋਸ਼ਨੀ ਨਾਲ ਚਮਕ ਰਿਹਾ ਸੀ। ਚਾਰੇ ਪਾਸੇ ਇਕ ਅਜਬ ਰਹੱਸਮਈ ਮਾਹੌਲ ਸੀ।

"ਤੁਸੀਂ ਕਿਉਂ ਵਾਪਸ ਆਏ ਹੋ?" ਉਸਨੇ ਪੁੱਛਿਆ। ਉਸ ਦੀ ਆਵਾਜ਼, ਉਤਸੁਕਤਾ ਅਤੇ ਉਦਾਸੀ, ਦੋਵਾਂ ਹੀ ਰੰਗਾਂ ਨਾਲ ਲਥਪਥ ਸੀ।

"ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕੌਣ ਹੋ," ਰਾਜੇਸ਼ ਨੇ ਉਸ ਵੱਲ ਵਧਦਿਆਂ ਕਿਹਾ। "ਇਹ ਕਿਹੜ੍ਹੀ ਜਗ੍ਹਾ ਹੈ? ਕੀ ਤੁਸੀਂ ਅਸਲੀ ਹੋ, ਜਾਂ ਫਿਰ ਮੈਂ ਮਨੋ-ਭ੍ਰਾਂਤੀ ਦਾ ਸ਼ਿਕਾਰ ਹਾਂ?"

ਉਹ ਹਲਕੀ ਜਿਹੀ ਮੁਸਕਰਾਈ। ਉਸ ਦੀ ਨਜ਼ਰ ਰਾਜ਼ੇਸ਼ ਦੇ ਹੱਥਾਂ ਵਿੱਚ ਫੜ੍ਹੇ ਫੁੱਲਾਂ ਉੱਤੇ ਪਈ। "ਤੁਸੀਂ ਇਨ੍ਹਾਂ ਨੂੰ ਅਜੇ ਵੀ ਸੰਭਾਲ ਕੇ ਰੱਖਿਆ ਹੈ?"

ਰਾਜੇਸ਼ ਨੇ ਸਿਰ ਹਿਲਾਇਆ। "ਮੈਂ ਇਨ੍ਹਾਂ ਨੂੰ ਸੁੱਟ ਨਹੀਂ ਸਕਿਆ। ਮੇਰੇ ਕੋਲ ਇਹ ਹੀ ਇੱਕੋ ਇੱਕ ਸਬੂਤ ਹੈ ਆਪਣੀ ਮੁਲਾਕਾਤ ਦੀ ਸਾਕਾਰਤਾ ਦਾ।"

ਕੁੜੀ ਨੇ ਹੱਥ ਵਧਾਇਆ, ਉਸ ਦੀਆਂ ਉਂਗਲਾਂ ਨੇ ਗੁੱਲ-ਦਸਤੇ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਛੂੰਹਿਆ। "ਇਹ ਜਗ੍ਹਾ ਸਮੇਂ ਦੇ ਆਰ-ਪਾਰ ਹਕੀਕੀ ਹਾਲਾਤ ਵਿੱਚ ਮੌਜੂਦ ਹੈ। ਬਹੁਤ ਘੱਟ ਲੋਕ ਇਸ ਥਾਂ ਪਹੁੰਚਦੇ ਹਨ, ਅਤੇ ਉਨ੍ਹਾਂ ਵਿਚੋਂ ਬਹੁਤ ਥੋੜ੍ਹੇ ਹੀ ਆਪਣਾ ਮਾਨਸਿਕ ਸਤੁੰਲਨ ਸਲਾਮਤ ਰੱਖਣ ਦੇ ਕਾਬੁਲ ਹੁੰਦੇ ਹਨ।"

"ਮੇਰੇ ਨਾਲ ਹੀ ਅਜਿਹਾ ਕਿਉਂ ਵਾਪਰਿਆ?" ਪੁੱਛਦਿਆਂ ਰਾਜੇਸ਼ ਦੀ ਆਵਾਜ਼ ਕੰਬ ਰਹੀ ਸੀ। "ਤੂੰ ਮੈਨੂੰ ਕਿਉਂ ਜਾਣ ਦਿੱਤਾ?"

ਉਸ ਨੇ ਨਰਮ ਹਾਵ-ਭਾਵ ਆਪਣਾ ਸਿਰ ਹਲਕੇ ਜਿਹੇ ਹਿਲਾਇਆ। "ਤੂੰ ਇਸ ਦੁਨੀਆਂ ਨੂੰ ਛੂੰਹ ਲਿਆ ਹੈ ਪਰ ਤੂੰ ਇੱਸ ਦੁਨੀਆਂ ਦਾ ਨਹੀਂ ਹੈਂ। ਪਰ ਇਹ ਫੁੱਲ ਹੁਣ ਤੇਰੀ ਦੁਨੀਆ ਦਾ ਹਿੱਸਾ ਬਣ ਚੁੱਕੇ ਹਨ, ਜਿਵੇਂ ਉਹ ਤੇਰੇ ਸਾਥੀ ਹੋਣ।"

ਰਾਜੇਸ਼ ਦੇ ਬੋਲਣ ਤੋਂ ਪਹਿਲਾਂ, ਉਸ ਮੁਟਿਆਰ ਦੇ ਆਲੇ ਦੁਆਲੇ ਦੀ ਚਮਕ ਤੇਜ਼ ਹੋ ਗਈ। ਜੰਗਲ ਲਹਿਰਾਉਂਦਾ ਜਾਪ ਰਿਹਾ ਸੀ, ਦਰੱਖਤ ਹਿੱਲਦੇ ਹੋਏ ਤੇਜ਼ ਹਵਾਂ ਨਾਲ ਝੂੰਲਣ ਲੱਗ ਪਏ ਸਨ ਜਿਵੇਂ ਜੀਵਨ ਦੀ ਭਰਪੂਰਤਾ ਆਪਣਾ ਰੰਗ ਦਿਖਾ ਰਹੀ ਹੋਵੇ। "ਹੁਣ ਜਾਓ," ਉਸ ਨੇ ਕਿਹਾ, ਉਸ ਦੀ ਆਵਾਜ਼ ਹਵਾ ਦੀਆ ਲਹਿਰਾਂ ਸੰਗ ਚਾਰੇ ਪਾਸੇ ਫੈਲਦੀ ਜਾ ਰਹੀ ਸੀ। "ਇਹ ਤੁਹਾਡਾ ਸਮਾਂ ਨਹੀਂ ਹੈ।"

ਰਾਜੇਸ਼ ਦਾ ਦਿਲ ਅਜੇ ਆਪਣੇ ਸਮੇਂ ਵਿੱਚ ਵਾਪਸ ਮੁੜਣ ਦਾ ਨਹੀਂ ਸੀ ਇਸ ਲਈ ਉਸ ਨੇ ਆਨਾਕਾਨੀ ਕਰਨੀ ਚਾਹੀ, ਪਰ ਤੀਬਰ ਰੌਸ਼ਨੀ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀਆ ਅੱਖਾਂ ਆਪ ਮੁਹਾਰੇ ਬੰਦ ਹੋ ਗਈਆ।

ਜਦੋਂ ਉਸ ਨੇ ਅੱਖਾਂ ਖੋਲ੍ਹੀਆਂ, ਤਾਂ ਉਹ ਹਾਈਵੇਅ ਉੱਤੇ ਵਾਪਸ ਆ ਚੁੱਕਾ ਸੀ, ਚਲ ਰਹੀ ਕਾਰ ਦੀ ਘੂੰ-ਘੂੰ ਉਸ ਦੇ ਕੰਨੀ ਪੈ ਰਹੀ ਸੀ। ਫੁੱਲ ਅਜੇ ਵੀ ਉਸਦੇ ਹੱਥਾਂ ਵਿੱਚ ਸਨ, ਬੇਸ਼ਕ ਉਨ੍ਹਾਂ ਦੀ ਚਮਕ ਮੱਧਮ ਹੋ ਗਈ ਸੀ ਪਰ ਉਹ ਵਾਪਰੇ ਹਾਲਾਤਾ ਦੀ ਸਾਖ਼ਸ਼ੀ ਭਰ ਰਹੇ ਸਨ। ਉਹ ਕਾਫ਼ੀ ਦੇਰ ਤੱਕ ਚੁੱਪਚਾਪ ਬੈਠਾ, ਤੇਜ਼ੀ ਨਾਲ ਅੱਗੇ ਵੱਲ ਜਾ ਰਹੀ ਕਾਰ ਕਾਰਣ ਪਿੱਛੇ ਰਹਿੰਦੀ ਜਾ ਰਹੀ ਸੜਕ ਨੂੰ ਘੂਰਦਾ ਰਿਹਾ। ਅਦਭੁੱਤ ਜੰਗਲ ਦਾ ਰਹੱਸ ਉਸ ਦੇ ਦਿਲੋ-ਦਿਮਾਗ ਵਿੱਚ ਘਰ ਕਰ ਗਿਆ ਸੀ।

ਬੇਸ਼ਕ ਉਸ ਨੇ ਆਪਣੀ ਜ਼ਿੰਦਗੀ ਦੇ ਬਾਕੀ ਸਾਲ ਇਸ ਅਜਬ ਵਰਤਾਰੇ ਬਾਰੇ ਸੋਚਦੇ ਹੋਏ ਬਿਤਾਏ, ਪਰ ਉਸ ਦੀ ਫਿਰ ਕਦੇ ਉਸ ਜੰਗਲ ਨੂੰ ਦੁਬਾਰਾ ਭਾਲਣ ਦੀ ਹਿੰਮਤ ਨਾ ਹੋਈ।

*******

ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1200 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 75 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਅਜ ਕਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਸੇਵਾ ਨਿਭਾ ਰਹੇ ਹਨ।

ਵੈਬਸਾਈਟ : www.drdpsinghauthor.wordpress.com

ਈ-ਮੇਲ : drdpsn@gmail.com

Quotesi
ਸ਼ਬਦ-ਖੋਜ

ਕੁਆਰੰਟੀਨ

ਕੁਆਰੰਟੀਨ ਸ਼ਬਦ ਇਤਾਲਵੀ ਸ਼ਬਦ "ਕੁਆਰੰਟੀਨਾ" ਤੋਂ ਆਇਆ ਹੈ, ਜਿਸਦਾ ਸ਼ਾਬਦਿਕ ਅਰਥ ਹੈ "ਚਾਲੀ ਦਿਨਾਂ ਦੀ ਮਿਆਦ" - ਜਿਸਦਾ ਸਰੋਤ ਸ਼ਬਦ ਲਾਤੀਨੀ ਸ਼ਬਦ ਕਵਾਡਰਾਗਿੰਟਾ (Quadraginta) ਹੈ, ਜਿਸਦਾ ਅਰਥ ਹੈ ਚਾਲੀ।। ਪੰਜਾਬੀ ਵਿੱਚ ਇਸਨੂੰ ਪੱਤਣ-ਰੋਕ ਜਾਂ ਚਲੀਹਾ ਵੀ ਕਹਿੰਦੇ ਹਨ। ਇਹ ਰੋਗੀ ਮੁਸਾਫ਼ਿਰ ਜਾਂ ਬਿਮਾਰੀ ਵਾਲੇ ਜਹਾਜ਼ ਨੂੰ ਅਲੱਗ ਰੱਖਣ ਲਈ ਨਿਸ਼ਚਿਤ ਸਮਾਂ ਹੁੰਦਾ ਹੈ ਤਾਂ ਜੋ ਰੋਗ ਹੋਰ ਲੋਕਾਂ ਵਿੱਚ ਨਾ ਫੈਲੇ, ਪੁਰਾਣੇ ਸਮੇਂ ਵਿੱਚ ਆਮ ਤੌਰ ‘ਤੇ ਇਹ ਚਾਲੀ ਦਿਨ ਹੁੰਦਾ ਸੀ, ਪਰ ਅੱਜ-ਕੱਲ ਇਹ ਸਮਾਂ ਬਿਮਾਰੀ ਦੇ ਪ੍ਰਫੁੱਲਤ ਹੋਣ (Incubation period) ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ। ਇਸਦਾ ਮੁੱਖ ਉਦੇਸ਼ ਸਮਾਜ ਵਿੱਚ ਇਨਫ਼ੈਕਸ਼ਨ ਜਾਂ ਵਾਇਰਸ ਨੂੰ ਫੈਲਣ ਤੋਂ ਬਚਾਉਣਾ ਹੈ। ਚੌਦ੍ਹਵੀਂ ਸਦੀ ਵਿੱਚ ਕਾਲ਼ੀ ਮੌਤ (Black Death) ਪਲੇਗ ਦੌਰਾਨ, ਇਟਲੀ ਦੇ ਸ਼ਹਿਰ ਵੇਨਿਸ ਪਹੁੰਚਣ ਵਾਲੇ ਜਹਾਜ਼ਾਂ ਨੂੰ ਕਿਸੇ ਦੇ ਉਤਰਨ ਤੋਂ ਪਹਿਲਾਂ ਚਾਲੀ ਦਿਨਾਂ ਲਈ ਸਮੁੰਦਰ ਵਿੱਚ ਲੰਗਰ ਲਗਾਉਣ ਲਈ ਮਜ਼ਬੂਰ ਕੀਤਾ ਗਿਆ ਸੀ, ਤਾਂ ਜੋ ਇਹ ਸਾਬਤ ਹੋ ਸਕੇ ਕਿ ਉਨ੍ਹਾਂ ਵਿੱਚ ਸਵਾਰ ਵਿਅਕਤੀਆਂ ਨੂੰ ਇਹ ਬਿਮਾਰੀ ਨਹੀਂ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਕੁਆਰੰਟੀਨ ਸ਼ਬਦ ਕਾਫ਼ੀ ਪ੍ਰਚਲਿਤ ਹੋਇਆ। ਅਗਲੀ ਕਹਾਣੀ ਕੁਆਰੰਟੀਨ ‘ਤੇ ਹੀ ਅਧਾਰਿਤ ਹੈ, ਪਰ ਉਸਦਾ ਵਿਸ਼ਾ-ਵਸਤੂ ਅਲੱਗ ਹੈ, ਉਹ ਜਾਣਨ ਲਈ ਅਗਲਾ ਪੰਨਾ ਪੜ੍ਹੋ …

Quarntine
ਅੰਗ੍ਰੇਜ਼ੀ ਵਿਗਿਆਨ ਗਲਪ ਕਹਾਣੀ

ਕੁਆਰੰਟੀਨ ਦਾ ਦੂਜਾ ਹਫ਼ਤਾ

ਗੈਰੇਥ ਡੀ ਜੋਨਸ

ਅਨੁਵਾਦ: ਅਮਨਦੀਪ ਸਿੰਘ

ਸੋਮਵਾਰ

ਗੋਰੀ ਅਤੇ ਸੁੱਖੀ ਇੱਕ ਤਿੱਖੀ ਢਲਾਣ ਦੇ ਸਿਖਰ 'ਤੇ ਲੰਮੇ ਪਏ ਸਨ, ਸਵੇਰ ਦੀ ਨਿੱਘੀ ਹਵਾ ਉਨ੍ਹਾਂ ਦੇ ਗੰਜੇ ਸਿਰਾਂ ਨਾਲ਼ ਖੇਡ ਰਹੀ ਸੀ। ਉਨ੍ਹਾਂ ਦੇ ਪਿੱਛੇ ਵੀਰਾਨ ਪਹਾੜੀਆਂ ਸਨ ਜੋ ਇੱਕ ਸੁੱਕੇ ਮੈਦਾਨ ਵੱਲ ਨੂੰ ਇਸ਼ਾਰਾ ਕਰ ਰਹੀਆਂ ਸਨ ਅਤੇ ਅੱਗੇ ਇੱਕ ਢਲਾਣ ਸੀ, ਜਿੱਥੇ ਇੱਕ ਤਿੱਖੀ ਜਿਹੀ ਚੱਟਾਨ ਸੀ ਜੋ ਘਾਹ ਵਿੱਚ ਰਲਦੀ ਹੋਈ, ਤੁਹਾਨੂੰ ਬੁਲਾਵਾ ਦਿੰਦੀ ਹੋਈ, ਇੱਕ ਹਰੀ ਭਰੀ ਘਾਟੀ ਵਿੱਚ ਢਲ ਰਹੀ ਸੀ, ਜਿੱਥੇ ਨਦੀਆਂ ਅਤੇ ਬਲੂਤ (Oak) ਦੇ ਰੁੱਖਾਂ ਵਿਚਕਾਰ ਇੱਕ ਛੋਟਾ ਜਿਹਾ ਸ਼ਹਿਰ ਘੁੱਗ ਵੱਸ ਰਿਹਾ ਸੀ।

"ਓਹ ਵੇਖੋ ਰੈਂਡੀ ਆ ਰਿਹਾ ਹੈ," ਗੋਰੀ ਨੇ ਕਿਹਾ। ਉਹ ਸ਼ਹਿਰ ਦੇ ਸਭ ਤੋਂ ਮੋਹਰੀ ਮਾਹਰਾਂ ਵਿੱਚੋਂ ਇੱਕ ਸੀ ਅਤੇ ਜਿਸਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਉਸਦਾ ਅਧਿਐਨ ਕਰਨ ਵਿੱਚ ਬਿਤਾਇਆ ਸੀ। "ਉਹ ਹਰ ਸੋਮਵਾਰ ਆਉਂਦਾ ਹੈ, ਘੜੀ ਦੇ ਵਾਂਗ।"

ਇੱਕ ਛੋਟੀ ਨੀਲੀ ਹੈਚਬੈਕ ਕਾਰ ਸ਼ਹਿਰ ਤੋਂ ਬਾਹਰ ਮੁੱਖ ਸੜਕ ਦੇ ਨਾਲ-ਨਾਲ ਚਲਦੀ ਉੱਥੇ ਆ ਕੇ ਰੁਕ ਗਈ ਜਿੱਥੇ ਇੱਕ ਲੱਕੜ ਦੀ ਬੈਰੀਅਰ ਸੀ ਅਤੇ ਇੱਕ ਪੁਲਿਸ ਕਾਰ ਸੜਕ ਦੇ ਪਾਰ ਖੜੀ ਸੀ। ਪੁਲਿਸ ਕਾਰ ਵਿੱਚੋਂ ਇੱਕ ਨੀਲੇ ਰੰਗ ਦਾ ਆਕਾਰ ਬਾਹਰ ਨਿੱਕਲਿਆ।

"ਉਹ ਰਿਹਾਨਾ ਹੈ, ਰੈਂਡੀ ਦੀ ਪਤਨੀ," ਸੁੱਖੀ ਨੇ ਕਿਹਾ।

"ਬਿਲਕੁਲ ਸਹੀ।" ਗੋਰੀ ਨੇ ਉਸਦੀ ਬਾਂਹ ਥਪਥਪਾਉਂਦਿਆ ਕਿਹਾ।

ਰੈਂਡੀ ਜੋ ਕਿ ਇੱਕ ਲੰਮਾ ਆਦਮੀ ਸੀ, ਨੇ ਕਾਰ ਦੀ ਅਗਲੀ ਸੀਟ ਤੋਂ ਬਾਹਰ ਨਿੱਕਲਿਆ ਅਤੇ ਪੁਲਿਸ ਔਰਤ ਕੋਲ ਪਹੁੰਚਿਆ। ਉਹ ਕੁਝ ਮਿੰਟ ਗੱਲ ਕਰਦੇ ਰਹੇ, ਫੇਰ ਥੋੜ੍ਹੀ ਦੇਰ ਲਈ ਜੱਫੀ ਪਾਈ ਅਤੇ ਰੈਂਡੀ ਦੁਬਾਰਾ ਕਾਰ ਵਿੱਚ ਚਲਿਆ ਗਿਆ। ਰਿਹਾਨਾ ਕਾਰ ਦੇ ਆਲੇ-ਦੁਆਲੇ ਘੁੰਮੀ, ਕੁਝ ਮਿੰਟਾਂ ਲਈ ਬੈਰੀਅਰ 'ਤੇ ਝੁਕੀ, ਤੇ ਫੇਰ ਉਹ ਵੀ ਆਪਣੀ ਗੱਡੀ ਵਿੱਚ ਬੈਠ ਗਈ।

"ਉਹ ਕੀ ਗੱਲ ਕਰ ਰਹੇ ਸਨ?" ਸੁੱਖੀ ਨੇ ਆਪਣੀ ਇੱਕ ਅੱਖ ਝਪਕਦੇ ਹੋਏ ਪੁੱਛਿਆ।

"ਸਾਡੇ ਕੋਲ ਸਾਰੇ ਸ਼ਬਦ ਨਹੀਂ ਹਨ ਕਿਉਂਕਿ ਅਸੀਂ ਪੂਰੀ ਤਰ੍ਹਾਂ ਉਨ੍ਹਾਂ ਨੂੰ ਗੱਲਾਂ ਕਰਦਿਆਂ ਵੇਖ ਨਹੀਂ ਸੀ ਸਕਦੇ, ਪਰ ਮੋਟੇ ਤੌਰ 'ਤੇ ਉਸਨੇ ਕਿਹਾ - "ਮੈਨੂੰ ਸਵੇਰੇ ਤੇਰੀ ਯਾਦ ਆ ਰਹੀ ਸੀ।" ਅਤੇ ਉਹ ਕਹਿੰਦੀ ਸੀ - "ਮੈਨੂੰ ਪਤਾ ਹੈ, ਪਰ ਕੁਆਰੰਟੀਨ ਜ਼ਿਆਦਾ ਦੇਰ ਨਹੀਂ ਚੱਲੇਗਾ ਅਤੇ ਮੇਰੀ ਡਿਊਟੀ ਫਿਰ ਤੋਂ ਦਿਨ ਵੇਲੇ ਦੀ ਲੱਗ ਜਾਵੇਗੀ"। ਉਹ ਅੱਜ ਰਾਤ ਦੇ ਖਾਣੇ ਬਾਰੇ ਗੱਲ ਕਰਦੇ ਹਨ। ਫੇਰ ਉਹ ਕਹਿੰਦਾ ਹੈ - "ਮੈਂ ਤੈਨੂੰ ਜਲਦੀ ਮਿਲਾਂਗਾ'" ਅਤੇ ਉਹ ਕਹਿੰਦੀ ਹੈ - "ਆਪਣਾ ਖ਼ਿਆਲ ਰੱਖਿਓ।"

"ਇਹ ਕੋਈ ਬਹੁਤਾ ਮਹੱਤਵਪੂਰਨ ਨਹੀਂ ਲੱਗਦਾ," ਸੁੱਖੀ ਨੇ ਕਿਹਾ।

"ਸਾਨੂੰ ਨਹੀਂ ਪਤਾ ਕਿ ਕੀ ਮਹੱਤਵਪੂਰਨ ਹੈ," ਗੋਰੀ ਨੇ ਸਖ਼ਤੀ ਨਾਲ ਕਿਹਾ। "ਸਾਡੇ ਕੋਲ ਦੂਰਬੀਨ ਜਾਂ ਸੁਣਨ ਵਾਲੇ ਯੰਤਰ ਨਹੀਂ ਹਨ ਜੋ ਸਾਡੇ ਕੋਲ ਪਹਿਲਾਂ ਹੁੰਦੇ ਸਨ, ਪਰ ਅਸੀਂ ਅਜੇ ਵੀ ਕੁਝ ਜਾਣ ਸਕਦੇ ਹਾਂ ਜੋ ਇਸ ਵਰਤਾਰੇ ਨੂੰ ਖਤਮ ਕਰਨ ਵਿੱਚ ਸਾਡੀ ਮਦਦ ਕਰ ਸਕਦਾ ਹੈ"

ਉਹ ਇੱਕ ਹੋਰ ਦਿਨ ਨਿਗਰਾਨੀ ਅੰਦਰ ਗ਼ੁਜ਼ਾਰਨ ਲਈ ਤਿਆਰ ਹੋ ਗਏ, ਉਸ ਵੇਲੇ ਦੀ ਕਾਮਨਾ ਕਰਦੇ ਹੋਏ ਜਦੋਂ ਉਹ ਹਰੀ ਭਰੀ ਵਾਦੀ ਵਿੱਚ ਬਿਨਾ ਕਿਸੇ ਰੋਕ ਟੋਕ ਦੇ ਜਾ ਸਕਣ, ਸ਼ਹਿਰ ਦੀ ਸੁਰੱਖਿਆ ਕਰਦੀ ਹੋਈ ਏਆਈ (ਬਨਾਵਟੀ/ਮਸਨੂਈ ਬੁੱਧੀ) ਅਤੇ ਉਸਦੇ ਹਥਿਆਰਬੰਦ ਬਾਇਓਟੈਕ ਦੀ ਤਬਾਹੀ ਤੋਂ ਬਚਦਿਆਂ।

ਮੰਗਲਵਾਰ

ਰੈਂਡੀ ਨੇ ਆਪਣੀ ਚਾਹ ਸੁੜ੍ਹਾਕੇ ਮਾਰ ਕੇ ਪੀਤੀ ਅਤੇ ਇੱਕ ਵੱਡੀ ਸਾਰੀ ਸਪ੍ਰੈਡਸ਼ੀਟ ਨੂੰ ਐਂਵੇ ਹੀ ਸਕ੍ਰੌਲ (Scroll) ਕੀਤਾ, ਕਦੇ-ਕਦੇ ਤੈਰਦੇ ਹੋਏ ਇੱਕ ਸੈੱਲ ਨੂੰ ਆਪਣੀ ਪਤਲੀ ਉਂਗਲ ਨਾਲ ਛੇੜਦੇ ਹੋਏ। ਪਹਿਲੇ ਕੁਝ ਦਿਨਾਂ ਦੇ ਕੋਲਾਹਾਲ ਤੋਂ ਬਾਅਦ ਲੋਕ ਹੁਣ ਸ਼ਾਂਤ ਸਨ ਅਤੇ ਕੁਆਰੰਟੀਨ ਦੇ ਦੂਜੇ ਹਫ਼ਤੇ, ਜ਼ਿਆਦਾਤਰ ਬਸ਼ਿੰਦੇ ਆਪਣੀ ਰੋਜ਼ਮੱਰਾ ਦੀ ਆਮ ਰੁਟੀਨ ਵਿੱਚ ਵਾਪਸ ਆ ਗਏ ਸਨ, ਜਦੋਂ ਤੱਕ ਬੈਰੀਅਰ ਨੂੰ ਦੁਬਾਰਾ ਹਟਾਇਆ ਨਹੀਂ ਜਾਂਦਾ।

"ਮੈਨੂੰ ਯਕੀਨ ਹੈ ਕਿ ਮੈਂ ਇਹ ਪਹਿਲਾਂ ਵੀ ਕਰ ਚੁੱਕੀ ਹਾਂ," ਐਸਥਰ ਲਾਗਲੇ ਡੈਸਕ ਤੋਂ ਬੁੜਬੁੜਾਈ।

"ਮੈਂ ਸਮਝ ਸਕਦਾ ਹਾਂ," ਰੈਂਡੀ ਨੇ ਕਿਹਾ। ਉਸਨੇ ਵਰਚੁਅਲ ਸਕ੍ਰੀਨ ਨੂੰ ਵਾਪਸ ਉਸਦੇ ਪ੍ਰੋਜੈਕਟਰ ਵਿੱਚ ਪਾ ਦਿੱਤਾ।

"ਨਹੀਂ," ਐਸਥਰ ਨੇ ਕਿਹਾ, "ਮੇਰਾ ਮਤਲਬ ਇਹ ਹਫ਼ਤਾਵਾਰੀ ਰਿਪੋਰਟ ਹੈ। ਮੈਨੂੰ ਯਕੀਨ ਹੈ ਕਿ ਮੈਂ ਇਸਨੂੰ ਪਹਿਲਾਂ ਵੀ ਜਮ੍ਹਾ ਕਰਾਇਆ ਸੀ।"

"ਪਿਛਲੇ ਹਫ਼ਤੇ ਵੀ ਸ਼ਾਇਦ ਇੰਝ ਹੀ ਸੀ।"

ਐਸਥਰ ਨੇ ਮੱਥੇ ਵੱਟ ਪਾਇਆ ਤੇ ਉਸ ਨੂੰ ਅੰਗੂਠੇ ਅਤੇ ਵਿਚਕਾਰਲੀ ਉਂਗਲ ਨਾਲ ਦਬਾਇਆ। "ਜ਼ਿਆਦਾਤਰ ਹਫ਼ਤੇ, ਉਹ ਲਗਭਗ ਇੱਕੋ ਜਿਹੀਆਂ ਹੁੰਦੀਆਂ ਹਨ।" ਉਸਨੇ ਆਪਣੀਆਂ ਅੱਖਾਂ ਫੈਲਾਈਆਂ ਅਤੇ ਆਪਣੇ ਮੱਥੇ ਨੂੰ ਇਸ ਤਰ੍ਹਾਂ ਦਬਾਇਆ ਜਿਵੇਂ ਉਸਨੂੰ ਅਚਾਨਕ ਝੁਰੜੀਆਂ ਦਾ ਅਹਿਸਾਸ ਹੋਇਆ ਹੋਵੇ। "ਪਰ ਇਸ ਹਫ਼ਤੇ ਦੀ ਰਿਪੋਰਟ ਖਰਾਬ ਹੈ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਅਸੀਂ ਕਿਸ ਦਲਦਲ ਵਿੱਚ ਫਸੇ ਹੋਏ ਹਾਂ।"

"ਪਹਿਲਾਂ ਵਾਂਗ ਮਹਿਸੂਸ ਹੋ ਰਿਹਾ ਹੈ," ਰੈਂਡੀ ਬੋਲਿਆ ਅਤੇ ਉਸਨੇ ਆਪਣੀ ਬਚੀ ਚਾਹ ਗਟਾ ਗਟ ਪੀ ਲਈ।

"ਸ਼ਾਇਦ," ਐਸਥਰ ਨੇ ਕਿਹਾ, ਅਤੇ ਫਿਰ ਮੱਥੇ ਵੱਟ ਪਾ ਲਿਆ।

ਬੁੱਧਵਾਰ

ਰੈਂਡੀ ਫੇਰ ਇਕੱਲਾ ਜਾਗਿਆ, ਪਰ ਰਿਹਾਨਾ ਨੇ ਉਸਨੂੰ ਬੈਰੀਅਰ 'ਤੇ ਮਿਲਣ ਤੋਂ ਰੋਕਿਆ ਹੋਇਆ ਸੀ; ਉਸਨੂੰ ਆਪਣੀ ਆਮ ਰੁਟੀਨ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਵੇਂ ਕਿ ਮੇਅਰ ਨੇ ਕਿਹਾ ਸੀ। ਉਸਨੇ ਇੱਕਸਾਰ ਸ਼ੇਵ ਕੀਤੀ ਪਰ ਉਸਦਾ ਉੱਪਰਲਾ ਬੁੱਲ੍ਹ ਟੁੱਕਿਆ ਗਿਆ। ਜਦੋਂ ਸ਼ੇਵ ਪੂਰੀ ਹੋਈ ਤੇ ਉਸਨੇ ਆਪਣਾ ਚਿਹਰਾ ਧੋਤਾ, ਕੱਟ ਵਿੱਚੋਂ ਖੂਨ ਵਗਣਾ ਬੰਦ ਹੋ ਗਿਆ ਸੀ। ਬਾਇਓਟੈਕ ਛੋਟੀਆਂ-ਮੋਟੀਆਂ ਸੱਟਾਂ ਅਤੇ ਜ਼ਿਆਦਾਤਰ ਬਿਮਾਰੀਆਂ ਦਾ ਧਿਆਨ ਰੱਖਦੀ ਸੀ - ਪਾਲਤੂ ਬਾਇਓਟੈਕ। ਪਰ ਵਾਦੀ ਦੇ ਬਾਹਰ, ਬਾਇਓਟੈਕ ਨਾਲ ਸਬੰਧਤ ਕੋਈ ਘਟਨਾ ਵਾਪਰੀ ਸੀ। ਵੇਰਵਿਆਂ ਨੂੰ ਲੁਕਾਇਆ ਗਿਆ ਸੀ, ਪਰ ਖ਼ਬਰਾਂ ਆ ਰਹੀਆਂ ਸਨ। ਉਨ੍ਹਾਂ ਦਾ ਸ਼ਹਿਰ ਕਈ ਪ੍ਰਯੋਗਾਤਮਕ ਬਾਇਓਟੈਕ-ਏਕੀਕ੍ਰਿਤ ਭਾਈਚਾਰਿਆਂ ਵਿੱਚੋਂ ਇੱਕ ਸੀ ਅਤੇ ਉਨ੍ਹਾਂ ਨੂੰ ਕਿਤੇ ਹੋਰ ਜਗ੍ਹਾ ਪੈਦਾ ਹੋਈਆਂ ਸਮੱਸਿਆਵਾਂ ਦੇ ਮੱਦੇ-ਨਜ਼ਰ ਕੁਆਰੰਟੀਨ ਕੀਤਾ ਗਿਆ ਸੀ। ਉਸਨੇ ਸ਼ੀਸ਼ੇ ਵਿੱਚ ਦੇਖਿਆ ਅਤੇ ਸੋਚਿਆ ਕਿ ਬਾਇਓਟੈਕ ਉਨ੍ਹਾਂ ਕੁਝ ਸਲੇਟੀ ਵਾਲਾਂ ਬਾਰੇ ਕੀ ਕਰ ਸਕਦੀ ਹੈ ਜੋ ਹੌਲੀ-ਹੌਲੀ ਉਸਦੀਆਂ ਪੁੜਪੁੜੀਆਂ 'ਤੇ ਨਜ਼ਰ ਆਉਣ ਲੱਗ ਪਏ ਸਨ।

ਉਸਨੇ ਹੌਲੀ-ਹੌਲੀ ਕੱਪੜੇ ਪਹਿਨੇ, ਉਹ ਦਫ਼ਤਰ ਵਿੱਚ ਇੱਕ ਹੋਰ ਦਿਮਾਗ਼ ਨੂੰ ਸੁੰਨ ਕਰ ਦੇਣ ਵਾਲੇ ਦਿਨ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਸੀ। ਪਰ ਦਫ਼ਤਰ ਜਾਣਾ ਘਰ ਬੈਠ ਕੇ ਕੁਆਰੰਟੀਨ ਬਾਰੇ ਚਿੰਤਾ ਕਰਨ ਨਾਲੋਂ ਬਿਹਤਰ ਸੀ। ਉਸਦੀ ਵਿਚਾਰੀ ਪਤਨੀ ਵਾਂਗ ਸਾਰਾ ਦਿਨ ਨਾਕੇ 'ਤੇ ਬੈਠਣ ਨਾਲੋਂ ਬਿਹਤਰ। ਅਸਲ ਵਿੱਚ ਉਸਦੀ ਨੌਕਰੀ ਸਿਰਫ ਦਿਖਾਵੇ ਲਈ ਸੀ। ਵਾਦੀ ਦੀ ਚੋਟੀ ਤੋਂ ਪਰੇ ਫੌਜ ਨੇ ਅਸਲ ਕੁਆਰੰਟੀਨ ਸਥਾਪਤ ਕੀਤੀ ਸੀ, ਅਜਿਹਾ ਸੁਣਨ ਵਿੱਚ ਆਇਆ ਸੀ। ਕਿਸੇ ਨੂੰ ਵੀ ਇੰਨੀ ਦੂਰ ਜਾ ਕੇ ਦੇਖਣ ਦੀ ਇਜਾਜ਼ਤ ਨਹੀਂ ਸੀ।

ਉਸਨੇ ਚਾਹ ਦਾ ਕੱਪ ਬਣਾਇਆ ਅਤੇ ਦੁੱਧ ਵਾਪਸ ਫਰਿੱਜ ਵਿੱਚ ਰੱਖਦਿਆਂ ਰੁਕ ਗਿਆ। ਬੋਤਲ ਕਈ ਦਿਨਾਂ ਤੱਕ ਚੱਲ ਗਈ ਲਗਦੀ ਸੀ।

ਵੀਰਵਾਰ

ਪੱਬ ਦੇ ਜਾਣੇ-ਪਛਾਣੇ ਨਿੱਘ ਵਿੱਚ ਬੈਠਾ, ਰੈਂਡੀ ਮੂੰਗਫਲੀ ਚਬਾ ਰਿਹਾ ਸੀ ਜਦ ਤੱਕ ਗੈਰੀ ਇੱਕ ਰਾਊਂਡ ਲੈ ਕੇ ਆਇਆ। ਰਿਹਾਨਾ ਬਿਸਤਰੇ ਵਿੱਚ ਸੁਤੀ ਪਈ ਸੀ, ਉਸਦੀ ਨੀਂਦ ਹੁਣ ਬੇਵਕਤੀ ਸੀ। ਸ਼ਾਮ ਦਾ ਸਮਾਂ ਸੀ - ਪਰ ਉਨ੍ਹਾਂ ਨੇ ਪਹਿਲਾਂ ਹੀ ਦੋ-ਦੋ ਅਧੀਏ (ਪਾਇੰਟ/Pint) ਚਾੜ੍ਹ ਲਏ ਸਨ।

"ਅਸੀਂ ਬੈਰੀਅਰ ਦੇਖਣ ਜਾ ਰਹੇ ਹਾਂ," ਬਾਜ਼ ਨੇ ਕਿਹਾ, ਗੈਰੀ ਵੱਲ ਨੂੰ ਸਿਰ ਹਿਲਾਉਂਦੇ ਹੋਏ ਜਦੋਂ ਉਸਨੇ ਮੇਜ਼ 'ਤੇ ਚਾਰ ਕੌੜੇ ਅਧੀਏ ਰੱਖੇ।

"ਮੈਨੂੰ ਯਕੀਨ ਹੈ ਕਿ ਰਿਹਾਨਾ ਤੁਹਾਨੂੰ ਦੇਖ ਕੇ ਖੁਸ਼ ਹੋਵੇਗੀ," ਰੈਂਡੀ ਨੇ ਗੰਭੀਰਤਾ ਨਾਲ ਕਿਹਾ।

"ਨਹੀਂ।" ਬਾਜ਼ ਨੇ ਹੌਲੇ ਜਿਹੇ ਕਿਹਾ, "ਫੌਜੀ ਬੈਰੀਅਰ। ਤੁਹਾਨੂੰ ਪਤਾ ਹੈ, ਬਸ ਦੇਖਣ ਲਈ ਹੀ ਹੈ।"

"ਉਹ ਤੁਹਾਨੂੰ ਨੇੜੇ ਨਹੀਂ ਜਾਣ ਦੇਣਗੇ," ਸੁਮੀਤ ਨੇ ਕਿਹਾ। ਉਸਨੇ ਰੈਂਡੀ ਵੱਲ ਦੇਖਿਆ, "ਉਹ ਉਨ੍ਹਾਂ ਨੂੰ ਨੇੜੇ ਨਹੀਂ ਆਉਣ ਦੇਣਗੇ।" ਉਸਨੇ ਆਪਣੀ ਉਂਗਲ ਮੂੰਹ ਵਿੱਚ ਪਾਈ ਅਤੇ ਚੂਸੀ।

"ਅਸੀਂ ਅੱਜ ਰਾਤ ਹਨੇਰਾ ਹੋਣ ਤੋਂ ਬਾਅਦ ਜਾ ਰਹੇ ਹਾਂ," ਬਾਜ਼ ਨੇ ਕਿਹਾ।

"ਕੀ ਹਨੇਰੇ ਵਿੱਚ ਦੇਖਣਾ ਔਖਾ ਨਹੀਂ ਹੋਵੇਗਾ?" ਰੈਂਡੀ ਨੇ ਪੁੱਛਿਆ।

"ਹਾ," ਬਾਜ਼ ਨੇ ਕਿਹਾ।

"ਤੂੰ ਰਿਹਾਨਾ ਨੂੰ ਤਾਂ ਨਹੀਂ ਦੱਸੇਂਗਾ?" ਗੈਰੀ ਨੇ ਪੁੱਛਿਆ।

"ਨਹੀਂ।" ਰੈਂਡੀ ਨੇ ਹਉਕਾ ਭਰਿਆ। "ਮੈਂ ਰਿਹਾਨਾ ਨੂੰ ਨਹੀਂ ਦੱਸਾਂਗਾ।" ਉਸਨੇ ਆਪਣੇ ਮੂੰਹ ਵਿੱਚ ਇੱਕ ਹੋਰ ਮੂੰਗਫਲੀ ਦਾ ਦਾਣਾ ਸੁੱਟਿਆ।

ਸ਼ੁੱਕਰਵਾਰ

"ਮੇਰਾ ਸਿਰ ਠੀਕ ਨਹੀਂ ਹੈ," ਐਸਥਰ ਨੇ ਕਿਹਾ।

ਦਫ਼ਤਰ ਵਿੱਚ ਅੱਧਾ ਅਮਲਾ ਨਹੀਂ ਆਇਆ ਸੀ, ਸ਼ੁੱਕਰਵਾਰ ਅਤੇ ਕੁਆਰੰਟੀਨ ਦੇ ਦੂਜੇ ਹਫ਼ਤੇ ਦਾ ਅੰਤ ਹੋਣ ਕਰਕੇ। ਉਹ ਸਾਰੇ ਟਾਊਨ ਹਾਲ ਵਿਖੇ ਬੇਦਿਲੇ ਮੋਰਚੇ (ਪ੍ਰੋਟੈਸਟ) ਵਿੱਚ ਸ਼ਾਮਲ ਸਨ ਜੋ ਸੜਕ ਪਾਰਟੀ ਵਿੱਚ ਬਦਲ ਗਿਆ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਹਲਕੀ ਬਾਰਿਸ਼ ਸ਼ੁਰੂ ਹੋ ਗਈ ਸੀ ਇਸ ਲਈ ਰੈਂਡੀ ਖੁਸ਼ ਸੀ ਕਿ ਉਸਨੇ ਜਾਣ ਦੀ ਖੇਚਲ ਨਹੀਂ ਸੀ ਕੀਤੀ। ਵਿਚਾਰੀ ਰਿਹਾਨਾ, ਬੈਰੀਅਰ 'ਤੇ ਫਸੀ ਹੋਈ ਸੀ।

"ਬੱਸ, ਇਹ ਅਜੀਬ ਜਿਹੀ ਭਾਵਨਾ ਹੈ।"

"ਹੂੰ।" ਰੈਂਡੀ ਨੇ ਆਪਣੇ ਮੇਜ਼ 'ਤੇ ਪਏ ਸਮਾਨ ਨੂੰ ਸਾਫ਼ ਕੀਤਾ: ਸੇਵਾ ਦੇ ਦਸ ਸਾਲ ਪੂਰੇ ਹੋਣ ਵਾਲੀ ਤਖ਼ਤੀ, ਇੱਕ ਪੇਪਰ ਵੇਟ (Weight) - ਹਾਲਾਂਕਿ ਉਥੇ ਕੋਈ ਕਾਗ਼ਜ਼ ਨਹੀਂ ਸੀ ਅਤੇ ਇੱਕ ਖੁਦ ਹੱਲ ਹੋਣ ਵਾਲਾ ਰਿਊਬਿਕ ਕਿਊਬ (Rubik’s cube) ਜੋ ਆਪਣੇ ਆਪ ਨੂੰ ਹਰਾਉਣ ਲਈ ਨਿਰੰਤਰ ਰੰਗ ਬਦਲਦਾ ਰਹਿੰਦਾ ਸੀ।

"ਮੈਂ ਗੰਭੀਰ ਹਾਂ," ਐਸਥਰ ਨੇ ਕਿਹਾ। "ਮੈਨੂੰ ਲੱਗਦਾ ਹੈ ਕਿ ਕੋਈ ਮੇਰੇ ਦਿਮਾਗ ਨਾਲ ਖੇਡ ਰਿਹਾ ਹੈ।"

"ਤੈਨੂੰ ਆਪਣੀ ਬਾਇਓਟੈਕ ਦੀ ਜਾਂਚ ਕਰਵਾਉਣੀ ਚਾਹੀਦੀ ਹੈ," ਰੈਂਡੀ ਨੇ ਕਿਹਾ। "ਇਸਨੂੰ ਠੀਕ (ਕੈਲੀਬ੍ਰੇਟ) ਕਰਨ ਦੀ ਲੋੜ ਹੋ ਸਕਦੀ ਹੈ।" ਉਸਨੇ ਪੇਪਰ ਵੇਟ ਥੋੜ੍ਹਾ ਜਿਹਾ ਹਿਲਾਇਆ। "ਜਾਂ ਹੋ ਸਕਦਾ ਹੈ ਕਿ ਬਾਇਓਟੈਕ ਸ਼ੈਤਾਨ ਹੋ ਗਈ ਹੋਵੇ। ਜਿਵੇਂ ਕਿ ਕੁਝ ਪੱਤਰਕਾਰ ਕਹਿ ਰਹੇ ਸਨ ਕਿ ਕਿਸੇ ਜਗ੍ਹਾ ਅਜਿਹਾ ਹੀ ਹੋਇਆ ਸੀ।"

"ਧੰਨਵਾਦ, ਹੁਣ ਖੁਸ਼।" ਐਸਥਰ ਖੜ੍ਹੀ ਹੋ ਗਈ। "ਮੈਂ ਘਰ ਜਾ ਰਹੀ ਹਾਂ।"

ਰੈਂਡੀ ਖਾਲੀ ਦਫ਼ਤਰ ਵਿੱਚ ਆਲੇ-ਦੁਆਲੇ ਦੇਖਦਾ ਰਿਹਾ, ਸੋਚ ਰਿਹਾ ਸੀ ਕਿ ਅਗਲੇ ਹਫ਼ਤੇ ਕਿੰਨੇ ਜਣੇ ਕੰਮ 'ਤੇ ਆਉਣਗੇ।

ਸ਼ਨੀਵਾਰ

ਰਿਹਾਨਾ ਫੇਰ ਕੰਮ 'ਤੇ ਸੀ, ਇਸ ਲਈ ਰੈਂਡੀ ਨੂੰ ਦੁਪਹਿਰ ਦੇ ਖਾਣੇ ਦੇ ਸਮੇਂ ਪੱਬ ਵਿੱਚ ਜਾਣ ਬਾਰੇ ਬੁਰਾ ਮਹਿਸੂਸ ਨਹੀਂ ਹੋਇਆ। ਉਸਦੇ ਤਿੰਨ ਨਿਯਮਤ ਪੱਬ ਸਾਥੀ ਉੱਥੇ ਹੀ ਸਨ, ਜੋ ਕਿ ਕੋਈ ਹੈਰਾਨੀ ਦੀ ਗੱਲ ਨਹੀਂ ਸੀ।

"ਮੁਹਿੰਮ ਕਿਵੇਂ ਰਹੀ?" ਉਸਨੇ ਪੁੱਛਿਆ।

ਬਾਜ਼ ਨੇ ਡੂੰਘਾ ਸਾਹ ਲਿਆ।

"ਠੁੱਸ," ਸੁਮੀਤ ਨੇ ਸਪਸ਼ਟ ਕਿਹਾ।

"ਇੰਨੀ ਆਫ਼ਤ ਨਹੀਂ," ਗੈਰੀ ਨੇ ਕਿਹਾ। "ਬਾਜ਼ ਉੱਪਰਲੀ ਢਲਾਣ 'ਤੋਂ ਤਿਲਕ ਗਿਆ ਅਤੇ ਜ਼ਿਆਦਾਤਰ ਰਸਤਾ ਵਾਪਸ ਹੇਠਾਂ ਖਿਸਕਦਾ ਗਿਆ। ਬੱਸ ਐਵੇਂ ਹੀ ਗਏ।"

"ਐਵੇਂ ਹੀ ਕਿਉਂ? ਮੈਨੂੰ ਲੱਗਿਆ ਕਿ ਇਹ ਤੁਹਾਡਾ ਵੱਡਾ ਅਭਿਆਨ ਸੀ?"

ਬਾਜ਼ ਅਤੇ ਗੈਰੀ ਨੇ ਉਸਨੂੰ ਸਵਾਲੀਆ ਲਹਿਜ਼ੇ ਨਾਲ ਦੇਖਿਆ, ਜਿਵੇਂ ਕਿ ਉਹ ਹੀ ਉਸ ਯੋਜਨਾ ਦੇ ਪਿੱਛੇ ਸੀ।

"ਕੀ ਤੁਸੀਂ ਤਾਜ਼ਾ ਖ਼ਬਰ ਸੁਣੀ ਹੈ?" ਸੁਮੀਤ ਗੰਭੀਰਤਾ ਨਾਲ ਹੱਸਿਆ। "ਕਹਿੰਦੇ ਹਨ ਕਿ ਕੁਆਰੰਟੀਨ ਸਾਡੇ ਸੋਚਣ ਨਾਲੋਂ ਬਹੁਤ ਜ਼ਿਆਦਾ ਲੰਮਾ ਸਮਾਂ ਚੱਲੇਗਾ। ਉਹ ਕਹਿੰਦੇ ਹਨ ਕਿ ਹਾਲਾਤ ਕਾਬੂ ਵਿੱਚ ਨਹੀਂ ਹਨ।"

"ਉਹ ਤਾਂ ਬਹੁਤ ਕੁਝ ਕਹਿੰਦੇ ਹਨ।" ਰੈਂਡੀ ਨੇ ਆਪਣਾ ਅਧੀਆ (ਪਾਇੰਟ/Pint) ਸਹਿਲਾਉਂਦਿਆਂ ਕਿਹਾ, ਸੋਚ ਰਿਹਾ ਸੀ ਕਿ ਉਹ ਉਸ ਨੂੰ ਬਚਾਵੇ ਜਾ ਪੀ ਲਵੇ, ਇਸ ਤੋਂ ਪਹਿਲਾਂ ਕਿ ਕੋਈ ਹੋਰ ਪੀਵੇ।

ਐਤਵਾਰ

ਰੈਂਡੀ ਸਵੇਰੇ ਦੇਰ ਨਾਲ ਉੱਠਿਆ ਅਤੇ ਰਿਹਾਨਾ ਨੂੰ ਆਪਣੇ ਨਾਲ ਪਈ ਦੇਖ ਕੇ ਖ਼ੁਸ਼ ਤੇ ਹੈਰਾਨ ਹੋਇਆ। ਉਸਨੇ ਉਸਨੂੰ ਘਰ ਆਉਂਦਿਆਂ ਨਹੀਂ ਸੀ ਸੁਣਿਆ। ਉਹ ਕੁਝ ਦੇਰ ਲਈ ਚੁੱਪ ਬੈਠਾ ਰਿਹਾ, ਚੁੱਪ ਨੂੰ ਸੁਣਦਾ ਰਿਹਾ, ਚੁੱਪ ਜਿਹੜੀ ਸਿਰਫ਼ ਉਸਦੇ ਕੋਮਲ ਸਾਹ ਹੀ ਤੋੜ ਸਕਦੇ ਸਨ।

ਰਿਹਾਨਾ ਨੇ ਆਪਣੀਆਂ ਅੱਖਾਂ ਝਪਕਾਈਆਂ। "ਕੀ ਜਾਗਣ ਦਾ ਸਮਾਂ ਹੋ ਗਿਆ ਹੈ?"

"ਕੋਈ ਕਾਹਲੀ ਨਹੀਂ," ਉਸਨੇ ਕਿਹਾ। "ਇਸੇ ਕਰਕੇ ਹਮੇਸ਼ਾਂ ਮੈਨੂੰ ਐਤਵਾਰ ਚੰਗਾ ਲਗਦਾ ਹੈ।"

ਸੋਮਵਾਰ

ਰੈਂਡੀ ਆਪਣੀ ਛੋਟੀ ਨੀਲੀ ਹੈਚਬੈਕ ਕਾਰ ਨੂੰ ਸ਼ਹਿਰ ਦੇ ਕਿਨਾਰੇ ਅਤੇ ਪੁਲਿਸ ਬੈਰੀਅਰ ਵੱਲ ਲੈ ਗਿਆ। ਇਹ ਅਸਲ ਵਿੱਚ ਰਿਹਾਨਾ ਦੀ ਕਾਰ ਸੀ, ਜਿਸ ਕਰਕੇ ਉਸਨੂੰ ਇਸ ਵਿੱਚੋਂ ਬਾਹਰ ਨਿੱਕਲਣ ਲਈ ਝੁਕਣਾ ਪਿਆ ਸੀ। ਉਹ ਰੁਕਿਆ ਅਤੇ ਰਿਹਾਨਾ ਨੂੰ ਆਪਣੀ ਪੁਲੀਸ ਕਾਰ ਵਿੱਚੋਂ ਬਾਹਰ ਨਿਕਲਦੇ ਹੋਏ ਦੇਖਿਆ, ਮੁਸਕਰਾਉਂਦੇ ਹੋਏ।

ਉਸਨੇ ਆਪਣੇ ਆਪ ਨੂੰ ਬਾਹਰ ਕੱਢਿਆ ਅਤੇ ਉਸਦੇ ਕੋਲ ਗਿਆ।

"ਮੈਨੂੰ ਅੱਜ ਸਵੇਰੇ ਤੇਰੀ ਬੜੀ ਯਾਦ ਆਈ," ਉਸਨੇ ਕਿਹਾ।

"ਮੈਨੂੰ ਪਤਾ ਹੈ, ਪਰ ਕੁਆਰੰਟੀਨ ਜ਼ਿਆਦਾ ਦੇਰ ਨਹੀਂ ਚੱਲੇਗਾ ਅਤੇ ਫੇਰ ਮੈਂ ਦਿਨ ਦੀ ਸ਼ਿਫਟ 'ਤੇ ਵਾਪਸ ਆ ਜਾਵਾਂਗੀ।"

"ਕੀ ਤੂੰ ਅੱਜ ਰਾਤ ਦੇ ਖਾਣੇ ਲਈ ਘਰ ਹੋਵੇਂਗੀ?"

"ਹੋਣਾ ਚਾਹੀਦਾ ਹੈ, ਪਰ ਜਦ ਤੱਕ ਤੂੰ ਆਵੇਂਗਾ ਤਾਂ ਮੈਂ ਸੌਂ ਚੁੱਕੀ ਹੋਵਾਂਗੀ ।" ਉਸਨੇ ਰਿਹਾਨਾ ਨੂੰ ਆਪਣੀ ਸਭ ਤੋਂ ਸੁੰਦਰ ਪਰ ਉਦਾਸ ਮੁਸਕਰਾਹਟ ਦਿੱਤੀ ਅਤੇ ਉਸਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ।

"ਮੈਂ ਤੈਨੂੰ ਜਲਦੀ ਮਿਲਾਂਗਾ।"

"ਆਪਣਾ ਖ਼ਿਆਲ ਰੱਖਣਾ," ਰਿਹਾਨਾ ਨੇ ਕਿਹਾ।

ਉਹ ਸ਼ਹਿਰ ਵਾਪਸ ਵੱਲ ਨੂੰ ਚੱਲ ਪਿਆ, ਦਫਤਰ ਜਾਣ ਲਈ। ਇਹ ਕੁਆਰੰਟੀਨ ਦਾ ਦੂਜਾ ਹਫ਼ਤਾ ਸੀ ਅਤੇ ਮੇਅਰ ਨੇ ਸਾਰਿਆਂ ਨੂੰ ਜਿੰਨਾ ਕੁ ਸੰਭਵ ਹੋਵੇ ਆਮ ਜ਼ਿੰਦਗੀ ਜੀਉਣ ਲਈ ਕਿਹਾ ਸੀ।

ਸੋਮਵਾਰ

"ਤੁਸੀਂ ਇਸ ਦਿਨ ਨੂੰ ਕਿੰਨੀ ਵਾਰ ਦੇਖਿਆ ਹੈ?" ਸੁੱਖੀ ਨੇ ਪੁੱਛਿਆ। ਉਸਨੇ ਆਪਣੀ ਪੇਪੜੀ ਜੰਮੀ ਹੋਈ ਠੋਡੀ ਨੂੰ ਖੁਰਕਿਆ, ਜੋ ਕਿ ਬਾਇਓਟੈਕ ਦੇ ਬਹੁਤ ਸਾਰੇ ਨਤੀਜਿਆਂ ਵਿੱਚੋਂ ਇੱਕ ਸੀ, ਭਗੌੜੀ ਬਾਇਓਟੈਕ ਜਿਸਨੇ ਲਗਭਗ ਪੂਰੀ ਦੁਨੀਆ ਨੂੰ ਜਿੱਤ ਲਿਆ ਸੀ, ਸਿਰਫ਼ ਇਸ ਇਲਾਕੇ ਨੂੰ ਛੱਡ ਕੇ।

"ਮੈਂ ਗਿਣਤੀ ਭੁੱਲ ਬੈਠੀ ਹਾਂ," ਗੋਰੀ ਨੇ ਕਿਹਾ। ਉਸਨੇ ਉਮੀਦ ਕੀਤੀ ਕਿ ਇੱਕ ਦਿਨ ਉਹ ਉਸ ਏਆਈ ਤੱਕ ਪਹੁੰਚ ਕਰ ਸਕਦੇ ਹਨ ਜੋ ਬਾਇਓਟੈਕ ਨੂੰ ਨਿਯੰਤਰਿਤ ਕਰਦੀ ਸੀ, ਤੇ ਉਹ ਉਸਨੂੰ ਮਦਦ ਕਰਨ ਲਈ ਕਹਿ ਸਕਦੀ ਸੀ। ਕੁਝ ਲੋਕ ਸਨ ਜੋ ਕਹਿੰਦੇ ਸਨ ਕਿ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਏਆਈ ਇੱਕ ਸੁਰੱਖਿਆਤਮਕ ਚੱਕਰ (Loop) ਵਿੱਚ ਫਸੀ ਹੋਈ ਸੀ ਅਤੇ ਉਹ ਕਦੇ ਵੀ ਕੁਆਰੰਟੀਨ ਨੂੰ ਖਤਮ ਨਹੀਂ ਕਰੇਗੀ।

"ਕੀ ਅਸੀਂ ਸੱਚਮੁੱਚ ਕੁਝ ਨਵਾਂ ਵਰਤਾਰਾ ਦੇਖਣ ਜਾ ਰਹੇ ਹਾਂ?"

"ਮੈਨੂੰ ਉਮੀਦ ਹੈ," ਗੋਰੀ ਨੇ ਕਿਹਾ। "ਤਕਰੀਬਨ ਹਰ ਹਫ਼ਤੇ ਸ਼ਹਿਰ ਦੇ ਕਿਸੇ ਨਾ ਕਿਸੇ ਬਸ਼ਿੰਦੇ ਨੂੰ ਅਹਿਸਾਸ ਹੁੰਦਾ ਹੈ ਕਿ ਕੋਈ-ਨਾ-ਕੋਈ ਗੜਬੜ ਤਾਂ ਹੈ।" ਇਹ ਸੋਚ ਉਹਨਾਂ ਨੂੰ ਅਤੇ ਉਨ੍ਹਾਂ ਦੇ ਪੂਰਵਜਾਂ ਨੂੰ, ਚੱਲਦਾ ਰੱਖਦੀ ਸੀ - ਇੱਕੋ ਹਫ਼ਤੇ ਨੂੰ ਮੁੜ-ਮੁੜ ਕੇ ਵਾਪਰਦੇ ਹੋਏ ਦੇਖਣਾ। ਏਆਈ ਸ਼ਹਿਰ ਵਾਸੀਆਂ ਨੂੰ ਪ੍ਰਾਪਤ ਹੋਣ ਵਾਲੀ ਜਾਣਕਾਰੀ ਨੂੰ ਨਿਯੰਤਰਿਤ ਰੱਖਦੀ ਸੀ, ਘੁਸਪੈਠ ਦੀ ਹਰ ਇੱਕ ਕੋਸ਼ਿਸ਼ ਨੂੰ ਕੁਸ਼ਲਤਾਪੂਰਵਕ ਢੰਗ ਨਾਲ ਦਬਾਅ ਦਿੱਤਾ ਗਿਆ ਸੀ। ਬਾਇਓਟੈਕ ਨੇ ਉਨ੍ਹਾਂ ਦੇ ਸਰੀਰਾਂ ਨੂੰ ਨਵੇਂ-ਨਰੋਏ ਅਤੇ ਉਨ੍ਹਾਂ ਦੇ ਖਾਣ-ਪੀਣ ਦੇ ਭੰਡਾਰੇ ਭਰਪੂਰ ਰੱਖੇ ਸਨ। ਉਹ ਹਰ ਹਫ਼ਤੇ ਉਨ੍ਹਾਂ ਦੀਆਂ ਯਾਦਾਂ ਨੂੰ ਵੀ ਨਵੇਂ ਸਿਰਿਓਂ (Reset) ਸ਼ੁਰੂ ਕਰ ਦਿੰਦੀ ਸੀ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੁਆਰੰਟੀਨ ਦਾ ਦੂਜਾ ਹਫ਼ਤਾ ਪੰਦਰਾਂ ਸੌ ਸਾਲਾਂ ਤੱਕ ਚੱਲਿਆ ਸੀ। ਸ਼ਾਇਦ ਇੱਕ ਦਿਨ ਉਹ ਜਾਣ ਸਕਣਗੇ।

ਗੋਰੀ ਨੇ ਸੁੱਖੀ ਵੱਲ ਪਰਖ ਦੇ ਲਹਿਜ਼ੇ ਨਾਲ ਦੇਖਿਆ, ਉਸਨੂੰ ਯਕੀਨ ਨਹੀਂ ਸੀ ਕਿ ਉਸ ਕੋਲ ਇਸ ਕੰਮ ਲਈ ਸਬਰ ਹੈ ਜਾਂ ਨਹੀਂ। ਇਹ ਬਹੁਤ ਬਾਰ ਬਾਰ ਕਰਨ ਵਾਲਾ ਉਕਤਾਹਤ ਭਰਿਆ ਹੋ ਸਕਦਾ ਹੈ।

ਇੱਕ ਨਿੱਘੀ, ਸਵੇਰ ਦੀ ਹਵਾ ਉਸ ਦੇ ਗੰਜੇ ਸਿਰ ਨੂੰ ਛੂਹ ਕੇ ਗਈ ਅਤੇ ਉਸ ਨੇ ਰਿਹਾਨਾ ਨੂੰ ਆਪਣੀ ਕਾਰ ਵਿੱਚ ਵਾਪਸ ਆਉਂਦੇ ਦੇਖਣ ਲਈ ਪਿੱਛੇ ਮੁੜ ਕੇ ਦੇਖਿਆ। ਇੱਕ ਬਾਰ ਫਿਰ ਤੋਂ!

ਕੁਆਰੰਟੀਨ - ਕੁਆਰੰਟੀਨ ਸ਼ਬਦ ਇਤਾਲਵੀ ਸ਼ਬਦ "ਕੁਆਰੰਟੀਨਾ" ਤੋਂ ਆਇਆ ਹੈ, ਜਿਸਦਾ ਸ਼ਾਬਦਿਕ ਅਰਥ ਹੈ "ਚਾਲੀ ਦਿਨਾਂ ਦੀ ਮਿਆਦ" - ਜਿਸਦਾ ਸਰੋਤ ਸ਼ਬਦ ਲਾਤੀਨੀ ਸ਼ਬਦ ਕਵਾਡਰਾਗਿੰਟਾ (Quadraginta) ਹੈ, ਜਿਸਦਾ ਅਰਥ ਹੈ ਚਾਲੀ।। ਪੰਜਾਬੀ ਵਿੱਚ ਇਸਨੂੰ ਪੱਤਣ-ਰੋਕ ਜਾਂ ਚਲੀਹਾ ਵੀ ਕਹਿੰਦੇ ਹਨ। ਇਹ ਰੋਗੀ ਮੁਸਾਫ਼ਿਰ ਜਾਂ ਬਿਮਾਰੀ ਵਾਲੇ ਜਹਾਜ਼ ਨੂੰ ਅਲੱਗ ਰੱਖਣ ਲਈ ਨਿਸ਼ਚਿਤ ਸਮਾਂ ਹੁੰਦਾ ਹੈ ਤਾਂ ਜੋ ਰੋਗ ਹੋਰ ਲੋਕਾਂ ਵਿੱਚ ਨਾ ਫੈਲੇ, ਪੁਰਾਣੇ ਸਮੇਂ ਵਿੱਚ ਆਮ ਤੌਰ ‘ਤੇ ਇਹ ਚਾਲੀ ਦਿਨ ਹੁੰਦਾ ਸੀ, ਪਰ ਅੱਜ-ਕੱਲ ਇਹ ਸਮਾਂ ਬਿਮਾਰੀ ਦੇ ਪ੍ਰਫੁੱਲਤ ਹੋਣ (Incubation period) ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ। ਇਸਦਾ ਮੁੱਖ ਉਦੇਸ਼ ਸਮਾਜ ਵਿੱਚ ਇਨਫ਼ੈਕਸ਼ਨ ਜਾਂ ਵਾਇਰਸ ਨੂੰ ਫੈਲਣ ਤੋਂ ਬਚਾਉਣਾ ਹੈ। ਚੌਦ੍ਹਵੀਂ ਸਦੀ ਵਿੱਚ ਕਾਲ਼ੀ ਮੌਤ (Black Death) ਪਲੇਗ ਦੌਰਾਨ, ਇਟਲੀ ਦੇ ਸ਼ਹਿਰ ਵੇਨਿਸ ਪਹੁੰਚਣ ਵਾਲੇ ਜਹਾਜ਼ਾਂ ਨੂੰ ਕਿਸੇ ਦੇ ਉਤਰਨ ਤੋਂ ਪਹਿਲਾਂ ਚਾਲੀ ਦਿਨਾਂ ਲਈ ਸਮੁੰਦਰ ਵਿੱਚ ਲੰਗਰ ਲਗਾਉਣ ਲਈ ਮਜ਼ਬੂਰ ਕੀਤਾ ਗਿਆ ਸੀ, ਤਾਂ ਜੋ ਇਹ ਸਾਬਤ ਹੋ ਸਕੇ ਕਿ ਉਨ੍ਹਾਂ ਵਿੱਚ ਸਵਾਰ ਵਿਅਕਤੀਆਂ ਨੂੰ ਇਹ ਬਿਮਾਰੀ ਨਹੀਂ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਕੁਆਰੰਟੀਨ ਸ਼ਬਦ ਕਾਫ਼ੀ ਪ੍ਰਚਲਿਤ ਹੋਇਆ। ਅਗਲੀ ਕਹਾਣੀ ਕੁਆਰੰਟੀਨ ‘ਤੇ ਹੀ ਅਧਾਰਿਤ ਹੈ, ਪਰ ਉਸਦਾ ਵਿਸ਼ਾ-ਵਸਤੂ ਅਲੱਗ ਹੈ, ਉਹ ਜਾਣਨ ਲਈ ਅਗਲਾ ਪੰਨਾ ਪੜ੍ਹੋ …

ਬਾਇਓਟੈਕ - ਸਰੀਰ ਨੂੰ ਨਿਯੰਤ੍ਰਿਤ ਕਰਨ ਵਾਲੀ ਕਾਲਪਨਿਕ ਤਕਨਾਲੋਜੀ ਜੋ ਕਿ ਅੱਜ-ਕੱਲ ਏ.ਆਈ. ਦੀ ਤਰੱਕੀ ਕਰਕੇ ਸੱਚ ਹੁੰਦੀ ਦਿਖਾਈ ਦੇ ਰਹੀ ਹੈ।

ਸਪ੍ਰੈਡਸ਼ੀਟ (Spreadsheet) - ਇੱਕ ਇਲੈਕਟ੍ਰਾਨਿਕ ਦਸਤਾਵੇਜ਼ ਜਿਸ ਵਿੱਚ ਅੰਕੜਿਆਂ ਨੂੰ ਕਤਾਰਾਂ ਅਤੇ ਕਾਲਮਾਂ ਵਿੱਚ ਕ੍ਰਮਬੱਧ ਕੀਤਾ ਜਾਂਦਾ ਹੈ, ਅਤੇ ਹਿਸਾਬ, ਵਿੱਤੀ ਗਣਨਾਵਾਂ ਅਤੇ ਯੋਜਨਾਵਾਂ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ।

ਸਕ੍ਰੌਲ (Scroll) - ਕੰਪਿਊਟਰ ਸਕਰੀਨ ਤੇ ਪ੍ਰਦਰਸ਼ਿਤ ਲਿਖਾਈ ਜਾਂ ਤਸਵੀਰਾਂ ਨੂੰ ਕੀਬੋਰਡ ਜਾਂ ਮਾਊਸ ਦੀ ਮਦਦ ਨਾਲ਼ ਹਿਲਾਉਣਾ ਤੇ ਉੱਪਰ-ਥੱਲੇ ਕਰਨਾ। ਇਸ ਸ਼ਬਦ ਦਾ ਮੂਲ ਪੁਰਾਣੇ ਜ਼ਮਾਨੇ ਵਿੱਚ ਲਪੇਟੇ ਹੋਏ ਕਾਗ਼ਜ਼ ਜਾਂ ਲਿਖਤ ਹੈ ਜਿਸ ਉੱਤੇ ਸੰਦੇਸ਼ ਲਿਖ ਕੇ ਭੇਜਿਆ ਜਾਂਦਾ ਸੀ ਤੇ ਪ੍ਰਾਪਤ ਕਰਨ ਵਾਲ਼ਾ ਵਿਅਕਤੀ ਉਸ ਨੂੰ ਖੋਲ੍ਹ ਕੇ ਸੰਦੇਸ਼ ਪੜ੍ਹਦਾ ਸੀ।

ਏਆਈ ਇੱਕ ਸੁਰੱਖਿਆਤਮਕ ਚੱਕਰ (Loop) ਵਿੱਚ ਫਸੀ ਹੋਈ ਸੀ - ਕੋਈ ਵੀ ਕੰਪਿਊਟਰ ਪ੍ਰੋਗਰਾਮ ਜੇ ਸਹੀ ਤਰੀਕੇ ਨਾਲ਼ ਪ੍ਰੋਗਰਾਮ ਨਾ ਕੀਤਾ ਹੋਵੇ ਤਾਂ ਉਹ ਕਿਸੇ ਅਜਿਹੇ ਹਾਲਤ ਵਿੱਚ, ਜਿਸ ਨੂੰ ਪਹਿਲਾਂ ਟੈਸਟ ਨਾ ਕੀਤਾ ਗਿਆ ਹੋਵੇ, ਅਨੰਤ ਚੱਕਰ ਵਿੱਚ ਫਸ ਸਕਦਾ ਹੈ, ਜਿਸਨੂੰ ਕੰਪਿਊਟਰ ਭਾਸ਼ਾ ਵਿੱਚ ਲੂਪ (Loop) ਕਿਹਾ ਜਾਂਦਾ ਹੈ, ਜਿਸ ਤੋਂ ਬਾਹਰ ਨਿੱਕਲਣ ਲਈ ਜਾਂ ਰੋਕਣ ਲਈ ਕੰਪਿਊਟਰ ਨੂੰ ਰੀਸੈੱਟ (ਬਿਜਲੀ ਦਾ ਪਲੱਗ ਕੱਢ ਕੇ ਨਵੇਂ ਸਿਰੇ ਤੋਂ ਸ਼ੁਰੂ ਕਰਨਾ) ਕੀਤਾ ਜਾਂਦਾ ਹੈ)।

ਗੈਰਥ ਡੀ. ਜੋਨਜ਼ ਇੱਕ ਵਾਤਾਵਰਣ ਵਿਗਿਆਨੀ ਤੇ ਅੰਗਰੇਜ਼ੀ ਵਿਗਿਆਨ ਗਲਪ ਲੇਖਕ ਹੈ। ਉਸਦੀਆਂ ਹੁਣ ਤੱਕ 200 ਕਹਾਣੀਆਂ ਛਪ ਚੁੱਕੀਆਂ ਹਨ ਤੇ 32 ਭਾਸ਼ਾਵਾਂ ਵਿਚ ਅਨੁਵਾਦਿਤ ਹੋ ਚੁੱਕੀਆਂ ਹਨ। ਉਹ ਕਹਾਣੀਆਂ ਤੇ ਨਾਵਲਾਂ ਦੀ ਸਮੀਖਿਆ ਵੀ ਕਰਦਾ ਹੈ। ਵੈੱਬਸਾਈਟ: http://www.garethdjones.co.uk/

Digitalwife
ਵਿਗਿਆਨ ਗਲਪ ਕਹਾਣੀ

ਡਿਜੀਟਲ ਪਤਨੀ

ਹਰੀ ਕ੍ਰਿਸ਼ਨ ਮਾਇਰ

ਗੁਰਮੀਤ ਇੱਕ ਸਾਫ਼ਟਵੇਅਰ ਇੰਜੀਨੀਅਰ ਸੀ। ਸ਼ਹਿਰ ਵਿੱਚ ਨੌਕਰੀ ਕਰਨ ਕਰਕੇ, ਉਹ ਸ਼ਹਿਰ ਵਿੱਚ ਹੀ ਕਿਰਾਏ ਦੀ ਕੋਠੀ ਵਿੱਚ ਇਕੱਲਾ ਹੀ ਰਹਿੰਦਾ ਸੀ। ਕੰਪਨੀ ਦੇ ਮਿੱਤਰ ਇੰਜੀਨੀਅਰ, ਇਕੱਲੇਪਣ ਨੂੰ ਰੋਮਾਂਚਕ ਢੰਗ ਨਾਲ ਬਿਤਾਉਣ ਲਈ, ਉਸ ਨੂੰ ਤਰਾਂ ਤਰਾਂ ਦੇ ਸੁਝਾਅ ਦਿੰਦੇ ਰਹਿੰਦੇ ਸਨ। ਦੋਸਤਾਂ ਦੇ ਵਾਰ ਵਾਰ ਜ਼ੋਰ ਪਾਉਣ ਤੇ ਉਸਨੇ ਇੱਕ ਅਧੁਨਿਕ 'ਵਰਚੁਅਲ ਵਾਈਫ਼' ਜਾਣੀ ਕਿ ਇਕ 'ਆਭਾਸੀ ਪਤਨੀ',( ਏ. ਆਈ. ਹੋਲੋਗ੍ਰਾਮਸ ਸਿਸਟਮ) ਖਰੀਦ ਲਿਆ ਸੀ। ਉਸ ਨੇ ਇਸ 'ਊਂਈ ਮਿੱਚੀ ਦੀ ਪਤਨੀ' ਦਾ ਨਾਂ 'ਭਾਗਭਰੀ' ਰੱਖ ਲਿਆ ਸੀ। ਭਾਗਭਰੀ ਸਿਰਫ਼ ਇਕ ਮਸ਼ੀਨ ਹੀ ਨਹੀਂ ਸੀ, ਸਗੋਂ ਉਸ ਨੂੰ ਗੁਰਮੀਤ ਦੀ ਪਸੰਦ ਅਤੇ ਨਾਂ ਪਸੰਦ ਬਾਰੇ ਪੂਰਾ ਇਲਮ ਸੀ। ਭਾਗਭਰੀ ਸਕਰੀਨ ਜ਼ਰੀਏ ਗੁਰਮੀਤ ਨਾਲ ਖੂਬ ਮਿੱਠੀਆਂ ਪਿਆਰੀਆਂ ਗੱਲਾਂ ਮਾਰਦੀ। ਹਾਸਾ ਠੱਠਾ ਕਰਦੀ। ਚੁਟਕਲੇ ਸੁਣਾਉਂਦੀ।

ਥੋੜ੍ਹੇ ਦਿਨ ਲੰਘੇ ਤਾਂ ਕੀ ਹੋਇਆ ਕਿ ਗੁਰਮੀਤ ਦੇ ਮਾਤਾ ਪਿਤਾ ਉਸ ਨੂੰ ਮਿਲਨ ਲਈ ਸ਼ਹਿਰ ਆ ਗਏ। ਉਨ੍ਹਾਂ ਨੂੰ ਗੁਰਮੀਤ ਦੀ ਮਸਨੂਈ ਬੁੱਧ ਪਤਨੀ ਬਾਰੇ ਕੁਝ ਨਹੀਂ ਸੀ ਪਤਾ। ਗੁਰਮੀਤ ਨੇ ਜਦੋਂ ਉਨ੍ਹਾਂ ਦਾ ਭਾਗਭਰੀ ਨਾਲ ਤੁਆਰਫ ਕਰਾਇਆ ਤਾਂ ਉਹ ਤਾਂ ਬੌਖਲਾ ਗਏ। ਉਨ੍ਹਾਂ ਦੇਖ ਲਿਆ ਸੀ ਕਿ ਗੁਰਮੀਤ ਰਸੋਈ ਵਿੱਚ ਖੜਾ ਇਕ ਔਰਤ ਨਾਲ ਸਕਰੀਨ ਤੇ ਲਗਾਤਾਰ ਗੱਲਾਂ ਕਰ ਰਿਹਾ ਸੀ। ਗੁਰਮੀਤ ਨੇ ਬੜੇ ਉਤਸ਼ਾਹ ਨਾਲ ਮੰਮੀ ਨੂੰ ਕਿਹਾ,"ਆਜੋ ਮੰਮੀ, ਤੁਹਾਨੂੰ ਆਪਣੀ ਮਸਨੂਈ ਬੁੱਧੀ ਵਾਲੀ ਪਤਨੀ 'ਭਾਗਭਰੀ' ਨਾਲ ਮਿਲਾਵਾਂ। ਮਾਂ ਸਕਰੀਨ ਮੂਹਰੇ ਚਲੀ ਗਈ। ਭਾਗਭਰੀ ਨੇ ਬੜੇ ਸਤਿਕਾਰ ਨਾਲ ਗੁਰਮੀਤ ਦੀ ਮਾਤਾ ਨੂੰ 'ਜੀ ਆਇਆਂ ਨੂੰ' ਕਿਹਾ। ਪਰ ਮਾਂ ਨੇ ਤਾਂ ਉਸ ਨੂੰ ਦੇਖ ਕੇ ਘੂਰੀ ਵੱਟ ਲਈ ਸੀ। ਦੁਆ ਸਲਾਮ ਦਾ ਵੀ ਜਵਾਬ ਨਹੀਂ ਸੀ ਦਿੱਤਾ। ਮਾਂ ਮੂੰਹ ਵਿੱਚ ਬੁੜਬੁੜਾਈ,"ਵੇ ਗੁਰਮੀਤ! ਤੂੰ ਇਹ ਕੀ ਲੋਹੜਾ ਮਾਰਿਆ, ਮਸ਼ੀਨ ਨੂੰ ਰੰਨ ਬਣਾਈ ਬੈਠਾਂ।"

ਗੁਰਮੀਤ ਨੂੰ ਮਾਂ ਦਾ ਇਹ ਵਰਤਾਓ ਚੰਗਾ ਨਹੀਂ ਸੀ ਲੱਗਿਆ। ਭਾਗਭਰੀ ਵੀ ਮਾਂ ਦੀ ਗੱਲ ਸੁਣ ਰਹੀ ਸੀ। ਮਾਂ ਤਾਂ ਗੁਰਮੀਤ ਵੱਲ ਵੀ ਅਜੀਬ ਤਰੀਕੇ ਨਾਲ ਦੇਖ ਰਹੀ ਸੀ। ਆਖ਼ਰ ਬੋਲ ਪਈ,"ਮੈਂ ਤੇਰੇ ਲਈ ਇੱਕ ਕੁੜੀ ਦੇਖੀ ਆ। ਪਰ ਤੂੰ ਐਥੇ ਕੰਧਾਂ ਤੇ ਚੱਲਦੇ ਪਰਛਾਵਿਆ ਨਾਲ ਜ਼ਿੰਦਗੀ ਜੋੜੀ ਬੈਠਾਂ ਏਂ। ਇਸ ਤਰ੍ਹਾਂ ਕਿਤੇ ਜ਼ਿੰਦਗੀ ਲੰਘਦੀ ਹੈ।"

ਭਾਗਭਰੀ ਵਿਚਾਲੇ ਹੀ ਬੋਲ ਪਈ,"ਮਾਤਾ ਜੀ, ਮੈਂ ਗੁਰਮੀਤ ਦੀ ਸਿਹਤ ਅਤੇ ਖੁਸ਼ੀ ਦੀ ਪੂਰਾ ਧਿਆਨ ਰੱਖਦੀ ਹਾਂ। ਹੋ ਸਕਦਾ ਕੋਈ ਹੋਰ ਇਨਸਾਨ ਐਨਾ ਖਿਆਲ ਨਾਂ ਰੱਖ ਸਕੇ।"

ਭਾਗਭਰੀ ਦੀ ਗੱਲ ਸੁਣ ਕੇ ਗੁਰਮੀਤ ਦਾ ਪਿਤਾ ਵੀ ਗੁੱਸਾ ਮੰਨ ਗਿਆ। ਬੋਲਿਆ,"ਗੁਰਮੀਤ ਐਹਨੂੰ ਚੁੱਪ ਕਰਾ। ਮਸ਼ੀਨ ਸਾਨੂੰ ਦੱਸੂਗੀ ਬਈ ਪਰਿਵਾਰ ਕੀ ਹੁੰਦਾ? ਤੈਨੂੰ ਜਿਉਂਦੇ ਜਾਗਦੇ ਰਿਸ਼ਤਿਆਂ ਅਤੇ ਕੰਪਿਊਟਰੀ ਰਿਸ਼ਤੇ ਵਿਚਾਲੇ ਫਰਕ ਨਹੀਂ ਸਮਝ ਆ ਰਿਹਾ?"ਫਿਰ ਉਹ ਆਪੋ ਵਿਚੀਂ ਬਹਿਸਣ ਲੱਗੇ। ਮਾਂ ਵੀ ਬਹਿਸ ਵਿੱਚ ਸ਼ਾਮਲ ਹੋ ਗਈ। ਗੁਰਮੀਤ ਕੁਝ ਨਾਂ ਬੋਲਿਆ। ਪਰ ਭਾਗਭਰੀ ਨੇ ਪਿਤਾ ਦੀ ਗੱਲ ਦਾ ਤਰਕ ਨਾਲ ਜਵਾਬ ਦਿੱਤਾ,"ਮੈਂ ਗੁਰਮੀਤ ਦੀਆਂ ਜ਼ਿਆਦਾਤਰ ਲੋੜਾਂ ਪੂਰੀਆਂ ਕਰ ਸਕਦੀ ਹਾਂ।"

ਮਾਂ ਬਾਪ ਬੋਲੇ,"ਕੀ ਤੂੰ ਅਗਲੀ ਪੀੜ੍ਹੀ ਦਾ ਚਿਰਾਗ ਪੈਦਾ ਕਰ ਸਕਦੀ ਏਂ?"ਗੁਰਮੀਤ ਦੋਹਾਂ ਰਿਸ਼ਤਿਆਂ ਵਿਚਾਲੇ ਫਸ ਗਿਆ ਸੀ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਭਾਗਭਰੀ ਉਸ ਨੂੰ ਥੋੜ੍ਹੇ ਚਿਰ ਲਈ ਤਾਂ ਸੁੱਖ ਦੇ ਸਕਦੀ ਸੀ, ਪਰ ਮਾਂ ਦੇ ਹੱਥਾਂ ਦੀ ਰੋਟੀ ਦੀ ਮਹਿਕ ਅਤੇ ਪਿਉ ਦੀ ਝਿੜਕੀ ਵਿੱਚ ਲੁਕਵੇਂ ਪਿਆਰ ਦੀ ਥਾਂ ਨਹੀਂ ਸੀ ਲੈ ਸਕਦੀ। ਮਾਂ ਬਾਪ ਰੁੱਸ ਕੇ ਨਾਲ ਦੇ ਕਮਰੇ ਵਿੱਚ ਚਲੇ ਗਏ ਸਨ। ਉਹ ਹੌਲੀ ਹੌਲੀ ਆਪਸ ਵਿੱਚ ਗੱਲਾਂ ਕਰ ਰਹੇ ਸਨ:

"ਐਨਾਂ ਪੜ੍ਹਾ ਲਿਖਾ ਕੇ ਇੰਜੀਨੀਅਰ ਪੁੱਤ ਤੋਂ ਮੈਨੂੰ ਤਾਂ ਇਹ ਉਮੀਦ ਨਹੀਂ ਸੀ।"

"ਮੈਂ ਕਿਹਾ ਜੀ! ਅੱਜਕੱਲ੍ਹ ਹਵਾ ਹੀ ਐਸੀ ਵੱਗ ਰਹੀ ਐ। ਬਹਿਵਤਾਂ ਹਾਕਾਂ ਮਾਰਕੇ ਬੰਦੇ ਨੂੰ ਚਿੰਬੜਨ ਨੂੰ ਫਿਰਦੀਆਂ ਨੇ। ਦੋਸਤ ਵੀ ਤੁਹਾਨੂੰ ਪੁੱਠੀ ਸਲਾਹ ਦੇਂਦੇ ਨੇ। ਇਨ੍ਹਾਂ ਸੁਵਿਧਾਵਾਂ ਤੇ ਬਾਜ਼ਾਰ ਦੀ ਇਸ਼ਤਿਹਾਰਬਾਜ਼ੀ ਬਹੁਤ ਹੈ। ਪਿੰਡ ਦਾ ਨੌਜਵਾਨ ਬੱਚਾ ਕਿੱਥੇ ਇਨ੍ਹਾਂ ਤੋਂ ਬਚ ਕੇ ਨਿਕਲ ਸਕਦਾ।"

"ਮੈਨੂੰ ਤਾਂ ਡਰ ਜਿਹਾ ਆਉਂਦਾ, ਇਕੋ ਪੁੱਤ ਆ, ਉਹ ਵੀ..!"

"ਢੇਰੀ ਨਾਂ ਢਾਅ, ਮੇਰਾ ਗੁਰਮੀਤ ਐਹੋ ਜਿਹਾ ਨਹੀਂ।"

"ਮਾਂ ਬਾਪ ਕੋਲ ਹੁੰਦੇ,ਉਸ ਨੂੰ ਵਰਜਦੇ ਰਹਿੰਦੇ । ਇਕੱਲ ਵਿੱਚ ਫੈਸਲੇ ਲੋਕ ਕਰਦੇ ਹਨ। ਇੱਥੇ ਤਾਂ ਸਾਡੇ ਦਿੱਤੇ ਸੰਸਕਾਰ ਵੀ ਫੇਲ ਹੁੰਦੇ ਜਾਪਦੇ ਹਨ।"

ਗੁਰਮੀਤ ਨੇ ਮਾਂ ਬਾਪ ਦੀ ਗੱਲਬਾਤ ਸੁਣ ਲਈ ਸੀ। ਉਹ ਸਾਮ੍ਹਣੇ ਆ ਕੇ ਬੋਲਿਆ,"ਮੈਂ ਊਂਈ ਮਿੱਚੀ ਦੀ ਪਤਨੀ ਵਾਲਾ ਸਿਸਟਮ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਮੈਨੂੰ ਹੁਣ ਇਸ ਦੀ ਕੇਈ ਬਹੁਤੀ ਲੋੜ ਨਹੀਂ।"

"ਮਸ਼ੀਨਾਂ ਦੇ ਸਾਥ ਵਿੱਚ ਤੈਨੂੰ ਪਤਾ ਤੂੰ ਅਸਲ ਪਰਿਵਾਰਿਕ ਪਤਨੀ ਬੱਚਿਆਂ ਪ੍ਰਤੀ ਭਾਵਨਾਵਾਂ ਨੂੰ ਅਜਾਈਂ ਗੁਆਚ ਜਾਂਦੀਆਂ ਹਨ।"

"ਹਾਂ, ਮਸ਼ੀਨਾ ਵਿੱਚ ਭਾਵਨਾਵਾਂ ਤੇ ਪਰਿਵਾਰਕ ਰਿਸ਼ਤਿਆਂ ਦੀ ਗਰਮਾਹਟ ਨਹੀਂ ਹੁੰਦੀ।"

"ਮਸ਼ੀਨੀ ਰਿਸ਼ਤੇ ਤੈਨੂੰ ਭਾਵਨਾਵਾਂ ਤੋਂ ਸੱਖਣਾ ਕਰ ਦਿੰਦੇ। "

"ਮੈਨੂੰ ਮੁਆਫ਼ ਕਰ ਦਿਓ ਪਿਤਾ ਜੀ ਮੈਂ ਭਟਕ ਗਿਆ ਸਾਂ। ਮੈਂ ਇਸ ਨੂੰ ਹਾਸਾ ਮਜ਼ਾਕ ਹੀ ਸਮਝਦਾ ਸਾਂ। ਹੁਣ ਮੈਨੂੰ ਸਮਝ ਆ ਗਈ ਹੈ। ਭਾਵੇਂ ਮੈਂ ਕੰਪਿਊਟਰਾਂ ਦਾ ਮਾਹਰ ਰਿਹਾਂ, ਪਰ ਤੁਸੀਂ ਮਨੁੱਖੀ ਸਮਝ ਦੇ ਇੰਜੀਨੀਅਰ ਹੋ। ਮੇਰੇ ਮਾਂ ਬਾਪ ਹੋ। ਤੁਹਾਡੀ ਲੱਭੀ ਕੁੜੀ ਆਪਾਂ ਕੱਲ ਹੀ ਦੇਖਣ ਚੱਲਾਂਗੇ। ਮੈਂ ਹੁਣੇ ਦੋ ਦਿਨ ਦੀ ਛੁੱਟੀ ਦੀ ਮੇਲ ਪਾ ਦਿੰਨਾ।"

ਮਾਂ ਬਾਪ ਦੇ ਚਿਹਰੇ ਤੇ ਖੁਸ਼ੀ ਝਲਕ ਪਈ। ਉਨ੍ਹਾਂ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਆਪਣੇ ਗੁਰਮੀਤ ਨੂੰ ਕਿਸੇ ਡੂੰਘੀ ਖੱਡ ਵਿੱਚੋਂ ਬਾਹਰ ਕੱਢ ਲਿਆਏ ਸਨ।

ਹਰੀ ਕ੍ਰਿਸ਼ਨ ਮਾਇਰ ਨੇ ਵਿਗਿਆਨ ਦੇ ਵਿਸ਼ੇ ਫਿਜ਼ਿਕਸ ਦਾ ਤਿੰਨ ਦਹਾਕੇ ਅਧਿਆਪਨ ਕੀਤਾ। ਪੰਜਾਬ ਸਿੱਖਿਆ ਵਿਭਾਗ ਵਿਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ। ਵਿਗਿਆਨ ਦੇ ਵਿਸ਼ਿਆਂ ਤੇ ਨਿਬੰਧ ਅਕਸਰ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਬਾਲ ਸਾਹਿਤ ਵਿੱਚ ਕਹਾਣੀ, ਕਵਿਤਾ, ਜੀਵਨੀਆਂ, ਬੁਝਾਰਤਾਂ ਦੀਆਂ ਤਕਰੀਬਨ ਪੰਦਰਾਂ ਪੁਸਤਕਾਂ ਛਪੀਆਂ ਹਨ। ਕੁਝ ਛਪਾਈ ਅਧੀਨ ਹਨ। ਉਹਨਾਂ ਦੀਆਂ ਪੁਸਤਕਾਂ ‘ਮਹਾਨ ਖੋਜਕਾਰ’, ‘ਭਾਰਤੀ ਖੋਜਕਾਰ’, ‘ਅਸੀਂ ਜੀਵ ਜੰਤੂ’ ਭਾਗ 1 ਅਤੇ 2 ਪੁਸਤਕਾਂ ਕਾਫ਼ੀ ਚਰਚਿਤ ਰਹੀਆਂ ਹਨ।

MissionRedstar
ਲੜੀਵਾਰ ਵਿਗਿਆਨ ਗਲਪ ਨਾਵਲ

ਮਿਸ਼ਨ ਰੈੱਡ ਸਟਾਰ

ਗੁਰਚਰਨ ਕੌਰ ਥਿੰਦ

(4)

ਕੈਥਰੀਨ ਆਪਣੇ ਕੈਬਨ ਵਿੱਚ ਕੁਰਸੀ ਤੇ ਬੈਠੀ ਕਈ ਘੰਟਿਆਂ ਤੋਂ ਇੱਕ ਮੋਟੀ ਕਿਤਾਬ ਪੜ੍ਹਨ ਵਿੱਚ ਮਗਨ ਸੀ। ਹੱਥ ਵਿੱਚ ਫੜੀ ਪੈਨਸਲ ਨਾਲ ਉਹ ਕਿਤੇ ਕਿਤੇ ਹਲਕਾ ਜਿਹਾ ਨਿਸ਼ਾਨ ਲਗਾ ਮੇਜ਼ ਤੇ ਪਈ ਡਾਇਰੀ ਵਿੱਚ ਨੋਟ ਕਰ ਲੈਂਦੀ। ਉਸ ਕੁਰਸੀ ਦੇ ਸੱਜੇ ਹੱਥ ਲਗੇ ਬਟਨ ਨੂੰ ਹਲਕਾ ਜਿਹਾ ਦਬਾ ਕੁਰਸੀ ਨੂੰ ਥੋੜ੍ਹਾ ਜਿਹਾ ਪਿੱਛੇ ਵੱਲ ਖੋਲ੍ਹ ਲੱਕ ਸਿੱਧਾ ਕਰਨ ਲਈ ਢੋਅ ਲਾ ਲਈ। ਥੱਕੀਆਂ ਅੱਖਾਂ ਨੂੰ ਉੱਂਗਲਾਂ ਦੇ ਪੋਰਿਆਂ ਨਾਲ ਪੋਲਾ ਪੋਲਾ ਘੁੱਟਿਆ। ਕੋਲ ਪਈ ਬੋਤਲ ਵਿਚੋਂ ਪਾਣੀ ਦੇ ਦੋ ਘੁੱਟ ਭਰੇ ਅਤੇ ਅਧਲੇਟੀ ਜਿਹੀ ਹੋ ਅੱਖਾਂ ਬੰਦ ਕਰ ਲਈਆਂ। ਅਣਜਾਣ ਮੰਜ਼ਿਲ ਵੱਲ ਵਧ ਰਹੀ ਕੈਥਰੀਨ ਅੱਖਾਂ ਬੰਦ ਕਰਦਿਆਂ ਹੀ ਮੁੜ ਉੱਥੇ ਪਹੁੰਚ ਗਈ ਜਿਥੋਂ ਉਹ ਤੁਰੀ ਸੀ।

ਡਰਾਈਵ ਵੇ 'ਤੇ ਕਾਰ ਖੜੀ ਕਰ ਦਰਵਾਜ਼ਾ ਖੋਲ੍ਹ ਉਹ ਘਰ ਅੰਦਰ ਦਾਖਲ ਹੋਈ ਤਾਂ ਕਿਚਨ ਵਿੱਚ ਡਿਸ਼-ਵਾਸ਼ਰ ਵਿਚੋਂ ਧੋਤੇ ਬਰਤਨ ਬਾਹਰ ਕੱਢਦੀ ਉਹਦੀ ਮੰਮੀ ਨੇ ਪਦ-ਚਾਪ ਸੁਣ ਸਿਰ ਉੱਪਰ ਚੁੱਕਿਆ ਤੇ ਉਸ ਨੂੰ ਮੁਖਾਤਿਬ ਹੋਈ, "ਯੂ ਆਰ ਬੈਕ, ਕੈਥੀ! ਹਾਓ ਵਾਜ਼ ਯੂਅਰ ਡੇ?"

"ਫਾਈਨ ਮੌਮ! ਵੇਅਰ ਇਜ਼ ਗ੍ਰੈਂਡ ਮੌਮ?"ਉਹ ਕਾਹਲੀ ਵਿੱਚ ਜਾਪਦੀ ਸੀ।

"ਸ਼ੀਇਜ਼ ਅਪਸਟੇਅਰਜ਼ ਇਨ ਹਰ ਰੂਮ," ਆਪਣੀ ਮੌਮ ਦਾ ਉੱਤਰ ਸੁਣ ਉਹ ਕਾਹਲੀ ਨਾਲ ਪੌੜੀਆਂ ਚੜ੍ਹਨ ਲਗ ਪਈ। ਅਚਾਨਕ ਉਸ ਦੀ ਅੱਖ ਖੁੱਲ੍ਹ ਗਈ, "ਓਹ! ਮੈਂ ਕਿੱਥੇ ਪਹੁੰਚ ਗਈ?"ਉਸ ਹੈਰਾਨੀ ਨਾਲ ਸਿਰ ਝਟਕਿਆ।

"ਹਾਂ, ਮੈਂ ਇਸ ਵੇਲੇ ਖਲਾਅ ਵਿੱਚ ਲਟਕ ਰਹੀ ਹਾਂ। ਤੇਜ਼ ਗਤੀ ਪੁਲਾੜੀ ਵਿਮਾਨ ਵਿੱਚ ਸੁਆਰ, ਆਪਣੀ ਜੰਮਣ-ਭੋਂ ਤੋਂ ਕਰੋੜਾਂ ਮੀਲ ਦੂਰ ਕਿਸੇ ਹੋਰ ਧਰਤੀ ਦੀ ਵਾਸੀ ਬਣਨ ਲਈ। ਇਸ ਬੰਦ ਯੰਤਰ ਵਿੱਚ ਨਾ ਤਾਂ ਸਮੇਂ ਦਾ ਕੋਈ ਅਭਾਸ ਹੁੰਦਾ ਅਤੇ ਨਾ ਹੀ ਦਿਨ ਰਾਤ ਦੇ ਅੰਤਰ ਦਾ ਪਤਾ ਚਲਦਾ। ਜਦੋਂ ਭੁੱਖ ਲਗੀ ਕੁੱਝ ਖਾ ਲਿਆ, ਪਿਆਸ ਲਗੀ ਤਾਂ ਪੀ ਲਿਆ। ਲੋੜ ਪੈਣ ਤੇ ਵਾਸ਼-ਰੂਮ ਜਾ ਆਏ। ਚੁਫ਼ੇਰੇ ਫਿੱਟ ਯੰਤਰਾਂ ਤੋਂ ਪਤਾ ਚਲਦਾ ਹੈ ਕਿ ਮੈਂ ਪਿਛਲੇ ਦੋ ਮਹੀਨੇ ਤੋਂ ਇਸ ਯੰਤਰ ਵਿੱਚ ਸਫ਼ਰ ਤੇ ਹਾਂ।" ਅੱਖਾਂ ਖੋਲ੍ਹ ਉਸ ਆਪਣੀ ਅਜੋਕੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁੜ ਅੱਖਾਂ ਮੁੰਦ ਲਈਆਂ। ਅੱਧਸੁੱਤੀ ਅਵਸਥਾ ਵਿੱਚ ਉਹਦੀ ਸੁਰਤ ਆਪਣੇ ਦੇਸ਼ ਦੀਆਂ ਗਲੀਆਂ ਨਾਪ ਰਹੀ ਸੀ।

"ਮੈਂ ਹਾਂ ਦੁਨੀਆਂ ਦੇ ਸਭ ਤੋਂ ਅਮੀਰ ਕਹੇ ਜਾਣ ਵਾਲੇ ਦੇਸ਼ ਅਮਰੀਕਾ ਦੇ ਖ਼ੂਬਸੂਰਤ ਪ੍ਰਾਂਤ ਕੈਲੇਫੋਰਨੀਆ ਵਿੱਚ ਜੰਮੀ ਪਲ਼ੀ ਯੂਨੀਵਰਸਿਟੀ ਆਫ ਕੈਲੇੋਫੋਰਨੀਆ ਦੇ ਵਿਖਆਤ ਡਾ: ਜੌਨ੍ਹ ਦੀ ਅਤਿ ਪਿਆਰੀ ਧੀ। ਡੈਡ ਸੈਨ ਫਰਾਂਸਿਸਕੋ ਵਿਖੇ ਯੂਨੀਵਰਸਿਟੀ ਦੇ ਮੈਡੀਕਲ ਸਾਇੰਸ ਡਿਪਾਰਟਮੈਂਟ ਵਿੱਚ ਬਰੇਨ ਸਪੈਸ਼ਲਿਸਟ। ਮੇਰੇ ਮੌਮ ਕਾਲਜ ਵਿੱਚ ਸਾਈਕੌਲੋਜੀ ਦੇ ਅਧਿਆਪਕ। ਖੋਜ ਕਾਰਜਾਂ ਵਿੱਚ ਰੁੱਝੇ ਮੇਰੇ ਡੈਡ ਕਈ ਵਾਰ ਅੱਧੀ ਰਾਤ ਘਰ ਵਾਪਸ ਆਉਂਦੇ। ਮਾਮਾ ਅਕਸਰ ਦੇਰ ਰਾਤ ਤੱਕ ਆਪਣਾ ਪੜ੍ਹਾਉਣ ਦੀ ਤਿਆਰੀ ਦਾ ਕੰਮ ਕਰਦੇ ਰਹਿੰਦੇ। ਮੈਂ ਵੀ ਉਹਨਾਂ ਕੋਲ ਚੁੱਪਚਾਪ ਬੈਠੀ ਜਾਂ ਆਪਣੇ ਬੈੱਡ ਤੇ ਲੇਟੀ ਓਨੀ ਦੇਰ ਜਾਗਦੀ ਰਹਿੰਦੀ ਜਿੰਨੀ ਦੇਰ ਡੈਡ ਆ ਨਾ ਜਾਂਦੇ। ਮੈਂ ਡੈਡ ਕੋਲੋਂ 'ਗੁੱਡ ਨਾਈਟ ਹਗ' ਜੁ ਲੈ ਕੇ ਸੌਣਾ ਹੁੰਦਾ ਸੀ। ਡੈਡ ਆਉਂਦੇ ਉਹ ਥੱਕੇ ਲਗਦੇ ਪ੍ਰੰਤੂ ਉਹਨਾਂ ਦੇ ਚਿਹਰੇ ਤੋਂ ਕੁੱਝ ਵਖਰਾ ਕਰ ਲੈਣ ਦਾ ਹੁਲਾਸ ਝਲਕਦਾ ਹੁੰਦਾ ਸੀ।

"ਓ, ਮਾਈ ਲਿਟਲ ਏਂਜਲ, ਯੂ ਆਰ ਸਟਿਲ ਅਵੇਕ," ਉਹ ਮੈਨੂੰ ਗੋਦੀ ਵਿੱਚ ਲੈ ਪਿਆਰਦੇ ਆਪਣੀ ਛਾਤੀ ਨਾਲ ਘੁੱਟ ਲੈਂਦੇ। "ਗੋ ਐਂਡ ਸਲੀਪ ਨਾਓ, ਡੀਅਰ!"ਉਹ ਮੈਨੂੰ ਮੇਰੇ ਬੈੱਡ ਤੇ ਲਿਟਾ ਦੇਂਦੇ ਅਤੇ ਮੈਨੂੰ 'ਗੁੱਡ ਨਾਈਟ ਹੱਗ' ਦੇ ਫ੍ਰੈਸ਼ ਹੋਣ ਲਈ ਆਪਣੇ ਕਮਰੇ ਵਿੱਚ ਜਾਂਦੇ। ਓਨੀ ਦੇਰ ਮਾਮਾ ਕੌਫ਼ੀ ਬਣਾ ਲੈਂਦੇ ਅਤੇ ਫਿਰ ਦੋਵੇਂ ਕੌਫ਼ੀ ਟੇਬਲ ਤੇ ਬੈਠ ਦਿਨ ਭਰ ਦੇ ਆਪਣੇ ਰੁਝੇਵਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਮੈਨੂੰ ਡਾਹਢੇ ਚੰਗੇ ਲਗਦੇ ਸਨ। ਮੇਰਾ ਛੋਟਾ ਭਰਾ ਚਾਰਲੀ ਵੀ ਸਭ ਦਾ ਪਿਆਰਾ ਸੀ ਪਰ ਮੈਂ ਆਪਣੇ ਹਿੱਸੇ ਦਾ ਪਿਆਰ ਖ਼ੁਦ ਅੱਗੇ ਵਧ ਲੈ ਲੈਂਦੀ ਸੀ।

ਮਾਮਾ ਦੱਸਦੇ ਹੁੰਦੇ ਸੀ ਕਿ ਛੋਟੇ ਹੁੰਦੇ ਮੈਂ ਆਪਣੇ ਟੁਆਏਜ਼ ਨੂੰ ਬੜਾ ਸੰਭਾਲ ਸੰਭਾਲ ਕੇ ਰਖਦੀ ਸੀ। ਮੈਨੂੰ ਮੇਰੀ ਨੀਲੀਆਂ ਅੱਖਾਂ ਵਾਲੀ ਡੌਲ ਅਜੇ ਵੀ ਯਾਦ ਏ। ਲੰਮੇ ਪਾਉਣ ਤੇ ਉਸ ਅੱਖਾਂ ਬੰਦ ਕਰ ਲੈਣੀਆਂ ਤੇ ਜਦ ਉਸ ਨੂੰ ਉਪਰ ਚੁੱਕਣਾ ਤਾਂ ਉਸ ਆਪਣੀਆਂ ਨੀਲੀਆਂ ਨੀਲੀਆਂ ਅੱਖਾਂ ਖੋਲ੍ਹ ਜਾਣਕਾਰਾਂ ਵਾਂਗ ਝਾਕਣ ਲਗ ਪੈਣਾ। ਉਹਦਾ ਇੰਜ ਕਰਨਾ ਮੈਨੂੰ ਬੜਾ ਵਚਿੱਤਰ ਲਗਦਾ। ਮੇਰਾ ਨਿੱਕਾ ਜਿਹਾ ਦਿਮਾਗ ਸੋਚਦਾ, 'ਇਹ ਕਿੰਵੇਂ ਹੋ ਜਾਂਦਾ? ਇਹਦੇ ਅੰਦਰ ਕੀ ਫਿੱਟ ਕੀਤਾ ਗਿਆ?' ਮੇਰਾ ਨੰਨ੍ਹਾ ਜਿਹਾ ਮਨ ਉਹਨੂੰ ਅੰਦਰੋਂ ਵੇਖਣਾ ਲੋਚਦਾ। ਜਿਉਂ ਜਿਉਂ ਵੱਡੀ ਹੁੁੰਦੀ ਗਈ ਆਪਣੇ ਚਲਣ ਵਾਲੇ, ਨੱਚਣ ਵਾਲੇ ਅਤੇ ਗੱਲਾਂ ਕਰਨ ਵਾਲੇ ਟੁਏਜ਼ ਦੀ ਅੰਦਰਲੀ ਬਣਤਰ ਵੇਖਣ ਖਾਤਰ ਪੇਚਕੱਸ ਨਾਲ ਖੋਲ੍ਹ ਉਸ ਦਾ ਇੰਜਰ ਪਿੰਜਰ ਵੱਖ ਵੱਖ ਕਰ ਮੁੜ ਜੋੜਨ ਦੀ ਕੋਸ਼ਿਸ਼ ਕਰਦੀ। ਮਾਮਾ ਅਕਸਰ ਕਹਿੰਦੀ ਕਿ 'ਕੈਥੀ ਆਪਣੇ ਟੁਏਜ਼ ਨਾਲ ਖੇਡਦੀ ਘੱਟ ਏ ਉਹਨਾਂ ਦੇ ਓਪਰੇਸ਼ਨ ਵੱਧ ਕਰਦੀ ਏ।' ਮਾਮਾ ਮੱਠੀ ਜਿਹੀਂ ਝਿੜਕ ਦੇਂਦੇ, 'ਕੈਥੀ! ਸੀ ਵੱਟ ਹੈਵ ਯੂ ਡਨ? ਯੂ ਬਰੋਕ ਦਿਸ ਨਿਊ ਡੌਲ ਟੁਆਏ!"

"ਨੋ ਵਰੀਜ਼ ਮਾਮਾ! ਆਈ ਵਿਲ ਫਿਕਸ ਇਟ ਅਗੇਨ।" ਮੈਂ ਕਹਿੰਦੀ ਤਾਂ ਉਹ ਹੱਸ ਪੈਂਦੇ। ਉਹਨਾਂ ਨੂੰ ਪਤਾ ਸੀ ਕਿ ਮੈਂ ਕਿੰਨਾ ਕੁ ਫਿਕਸ ਕਰ ਲੈਣਾ। ਨਿੱਕੇ ਨਿੱਕੇ ਪੁਰਜ਼ੇ ਇਧਰ ਉਧਰ ਰੁਲਦੇ ਆਖਰ ਗੁਆਚ ਜਾਂਦੇ। ਬਚਪਨ ਵਿੱਚ ਖਿਡੌਣਿਆਂ ਅੰਦਰਲੇ ਸਪਰਿੰਗ ਅਤੇ ਅਜਿਹੇ ਹੋਰ ਨਿੱਕੇ ਨਿੱਕੇ ਪੁਰਜ਼ਿਆਂ ਨੂੰ ਘੋਖਦਿਆਂ ਮੈਨੂੰ ਇਨ੍ਹਾਂ ਚਲਦੇ-ਫਿਰਦੇ ਤੇ ਬੋਲਣ ਵਾਲੇ ਖਿਡੌੋਣਿਆਂ ਅੰਦਰ ਫਿੱਟ ਛੋਟੇ ਛੋਟੇ ਕੰਪਿਊਟਰੀ ਯੰਤਰਾਂ ਦਾ ਗਿਆਨ ਵੀ ਹੁੰਦਾ ਗਿਆ। ਇਸੇ ਤੋੜਨ-ਜੋੜਨ ਦੀ ਪ੍ਰਵਿਰਤੀ ਕਰਕੇ ਹੀ ਸਕੂਲੀ ਪੜ੍ਹਾਈ ਦੌਰਾਨ ਹੀ ਮੇਰਾ ਰੁਝਾਨ ਕੰਪਿਊਟਰ ਦੀ ਪੜ੍ਹਾਈ ਵਿੱਚ ਵੱਧ ਰਿਹਾ। ਉਪਰੰਤ ਮੈਂ ਯੂਨੀਵਰਸਿਟੀ ਆਫ ਸਦਰਨ ਕੈਲੇਫੋਰਨੀਆ ਦੇ ਲਾਸ ਏਂਜਲਸ ਕੈਂਪਸ ਵਿੱਚ ਕੰਪਿਊਟਰ ਸਾਇੰਸ ਦੇ ਡਿਗਰੀ ਕੋਰਸ ਵਿੱਚ ਦਾਖਲਾ ਲੈ ਲਿਆ। ਇੱਥੋਂ ਦੇ ਇਨਫਰਮੇਸ਼ਨ ਸਾਇੰਸਜ਼ ਇੰਸਟੀਚਿਊਟ ਵਿੱਚ ਬਹੁਤ ਹੀ ਵਧੀਆ ਅਤੇ ਉੱਤਮ ਦਰਜੇ ਦੇ ਕਵਾਂਟਮ ਕੰਪਿਊਟਰ ਹਨ ਜਿਹਨਾਂ ਨੂੰ ਸੁਪਰ-ਕੂਲਡ ਅਤੇ ਮੈਗਨੈਟੇਕਲੀ ਸ਼ੀਲਡਿਡ ਸਪੈਸ਼ਲ ਕਮਰਿਆਂ ਵਿੱਚ ਰਖਿਆ ਜਾਂਦਾ ਹੈ। ਇਸ ਪ੍ਰਕਾਰ ਦੇ ਹੋਰ ਕੰਪਿਊਟਰ ਕੇਵਲ ਨਾਸਾ ਅਤੇ ਗੂਗਲ ਕੋਲ ਹੀ ਹਨ ਜੋ ਕਿ ਵਪਾਰਕ ਕੰਮਾਂ ਲਈ ਵਰਤੇ ਜਾਂਦੇ ਹਨ।"ਉਹ ਅਧਲੇਟੀ ਪਈ ਐਸ ਵੇਲੇ ਵੀ ਆਪਣੇ ਆਪ ਨੂੰ ਹੋਰ ਸਾਥਣਾਂ ਨਾਲ ਇਸ ਕੰਪਿਊਟਰ ਲੈਬ ਵਿੱਚ ਕੰਮ ਕਰ ਰਹੀ ਅਨੁਭਵ ਕਰ ਰਹੀ ਸੀ। ਉਸ ਪਾਸਾ ਪਰਤਿਆ ਅਤੇ ਮੁੜ ਧਰਤੀ ਨਾਲ ਆ ਜੁੜੀ।

"ਮੇਰੇ ਅੰਦਰ ਕੁੱਝ ਨਵਾਂ, ਕੁੱਝ ਵਖਰਾ ਰਚਣ ਦੀ ਖੋਹ ਪਈ ਰਹਿੰਦੀ। ਕੁੱਝ ਅਜਿਹਾ ਜੋ ਮੇਰੇ ਖਿਡੌਣਿਆਂ ਵਰਗਾ ਹੋਵੇ ਪਰ ਮੇਰੀ ਮਰਜ਼ੀ ਨਾਲ ਚਲਣ ਵਾਲਾ, ਬੋਲਣ ਵਾਲਾ, ਮੇਰੇ ਬਟਨ ਨੱਪਣ ਤੇ ਜੋ ਮੈਂ ਕਹਾਂ ਉਹ ਕਰਨ ਵਾਲਾ। ਆਪਣੇ ਇਸੇ ਸੁਪਨੇ ਨੂੰ ਸਾਰਥਿਕ ਕਰਨ ਹਿੱਤ ਮੈਂ ਵਾਸ਼ਿੰਗਟਨ ਯੂਨੀਵਰਸਿਟੀ ਆਫ਼ ਸੇਂਟ ਲੂਈ ਵਿਖੇ ਰੋਬੋਟਿਕਸ ਦੀ ਪੜ੍ਹਾਈ ਵਿੱਚ ਦਾਖਲਾ ਲੈ ਲਿਆ। ਇੱਥੇ ਮੈਂ ਰੋਬੋਟਾਂ ਦੇ ਨਮੂਨੇ ਤਿਆਰ ਕਰਨਾ, ਰੋਬੋਟ ਬਣਾਉਣਾ ਅਤੇ ਰੋਬੋਟ ਨੂੰ ਚਲਾਉਣ ਤੇ ਨਿਯੰਤਰਣ ਕਰਨ ਲਈ ਸਿਸਟਮ ਤਿਆਰ ਕਰਨਾ ਸਿੱਖਿਆ—ਮਸਲਨ ਉਸਦਾ ਸੈਂਸਰੀ ਫੀਡ ਬੈਕ ਅਤੇ ਇਨਫਰਮੇਸ਼ਨ ਪ੍ਰੌਸੈਸਿੰਗ। ਜਿਹਨਾਂ ਦੁਆਰਾ ਉਹਨਾਂ ਕੋਲੋਂ ਰਿਮੋਟ ਨਾਲ ਮਨੁੱਖਾਂ ਵਾਂਗ ਹੀ ਤੁਰਨ-ਫਿਰਨ, ਬੋਲਣ, ਭਾਰੀਆਂ ਵਸਤੂਆਂ ਚੁੱਕਣ ਵਰਗੇ ਔਖੇ ਕੰਮ ਲਏ ਜਾ ਸਕਦੇ ਹਨ। ਇਥੋਂ ਤੱਕ ਕਿ ਕੰਪਿਊਟਰ ਦੀ ਮਦਦ ਨਾਲ ਉਹਨਾਂ ਨੂੰ ਖ਼ੁਦ ਫੈਸਲੇ ਲੈਣ ਦੇ ਯੋਗ ਵੀ ਬਣਾਇਆ ਜਾ ਸਕਦਾ ਹੈ। ਮਤਲਬ ਕਿ ਆਰਟੀਫਿਸ਼ਲ ਇੰਟੈਲੀਜੈਂਸ ਪ੍ਰੋਗਰਾਮਿੰਗ ਫਿੱਟ ਕਰਨ ਤੇ ਇਹ ਹੂ-ਬਹੂ ਮਨੁੱਖ ਵਰਗੀਆਂ ਆਪੇ ਕੰਮ ਕਰਨ ਵਾਲੀਆਂ ਮਨੁੱਖੀ ਮਸ਼ੀਨਾਂ ਬਣ ਜਾਂਦੇ ਹਨ। ਜੋ ਖਤਰਨਾਕ ਅਤੇ ਮੁਸ਼ਕਿਲ ਕੰਮ ਮਨੁੱਖ ਲਈ ਜਾਨ ਲੇਵਾ ਹੋ ਸਕਦੇ ਹਨ ਉਹ ਇਨ੍ਹਾਂ ਹੱਥੀਂ ਬਣਾਏ ਮਸ਼ੀਨੀ ਮਨੁੱਖਾਂ ਤੋਂ ਕਰਵਾਏ ਜਾ ਸਕਦੇ ਹਨ। ਮੇਰੀ ਤਿੰਨ ਸਾਲ ਦੀ ਪੜ੍ਹਾਈ ਨੇ ਮੈਨੂੰ ਵੀ ਇਸ ਕੰਮ ਵਿੱਚ ਚੰਗਾ ਪ੍ਰਪੱਕ ਕਰ ਦਿੱਤਾ।"

"ਪ੍ਰੰਤੂ ਮੈਨੂੰ ਚੰਗੀ ਤਰ੍ਹਾਂ ਯਾਦ ਏ ਜਦੋਂ ਮੈਂ ਇਥੇ ਜਾ ਪੜ੍ਹਨ ਦਾ ਫੈਸਲਾ ਕੀਤਾ ਸੀ ਤਾਂ ਮੇਰੇ ਮੌਮ-ਡੈਡ ਦੀ ਪ੍ਰਤੀ ਕ੍ਰਿਆ ਤਾਂ ਠੀਕ ਹੀ ਸੀ ਪਰ ਮੇਰੇ ਗ੍ਰੈਂਡਮੌਮ ਭਾਵੁਕ ਹੋ ਮੈਨੂੰ ਗਲ਼ ਲਾਉਂਦੇ ਫਿਸ ਹੀ ਪਏ ਸਨ, 'ਐਨੀ ਦੂਰ ਜਾ ਕੇ ਪੜ੍ਹੇਗੀ ਮੇਰੀ ਲਾਡੋ ਰਾਣੀ! ਭਲਾ ਨੇੜੇ ਕੋਈ ਕਾਲਜ ਨਹੀਂ ਤੇਰੀ ਮਨਪਸੰਦ ਪੜ੍ਹਾਈ ਵਾਲਾ!' ਮੈਂ ਆਪਣੀ ਦਾਦੀ ਨਾਲ ਅਤੇ ਦਾਦੀ ਮੇਰੇ ਨਾਲ ਕੁੱਝ ਬਾਹਲਾ ਈ ਅਟੈਚਡ ਆਂ। ਮੌਮ ਘਰ ਦੇ, ਬਾਹਰ ਦੇ, ਪਹਿਲਾਂ ਪੜ੍ਹਨ ਅਤੇ ਫਿਰ ਪੜ੍ਹਾਉਣ ਦੇ ਰੁਝੇਵਿਆਂ ਵਿੱਚ ਰੁੱਝੀ ਹੋਣ ਕਰਕੇ ਮੈਂ ਬਹੁਤਾ ਦਾਦੀ ਮਾਂ ਦੀ ਗੋਦ ਦਾ ਹੀ ਨਿੱਘ ਮਾਣਿਆ। ਮੈਨੂੰ ਉਹਨਾਂ ਕੋਲੋਂ ਪਰੀ-ਕਹਾਣੀਆਂ ਸੁਣ ਕੇ ਹੀ ਨੀਂਦਰ ਆਉਂਦੀ ਸੀ। ਘਰ ਵਿੱਚ ਸਾਰੇ ਜੀਅ ਅੰਗਰੇਜ਼ੀ ਬੋਲਦੇ ਸਨ। ਪਰ ਦਾਦੀ ਜੀ ਮੇਰੇ ਨਾਲ ਪੰਜਾਬੀ ਵਿੱਚ ਗੱਲਾਂ ਕਰਦੇ। ਇੰਜ ਮੈਂ ਪੰਜਾਬੀ ਸਮਝਣੀ, ਬੋਲਣੀ ਤੇ ਥੋੜ੍ਹੀ ਬਹੁਤ ਪੜ੍ਹਨੀ-ਲਿਖਣੀ ਸਿੱਖ ਲਈ। ਕਦੇ ਕਦਾਈਂ ਅਸੀਂ ਪਿਓ-ਧੀ ਤੇ ਦਾਦੀ ਮਾਂ ਪੰਜਾਬੀ ਵਿੱਚ ਗੱਲਾਂ ਕਰਨ ਦਾ ਲੁਤਫ਼ ਉਠਾਉਂਦੇ। ਬੜਾ ਮਜ਼ਾ ਆਉਂਦਾ। ਮੌਮ ਥੋੜ੍ਹੇ ਬਹੁਤ ਅੱਖਰ ਸਮਝ ਤਾਂ ਲੈਂਦੇ ਪਰ ਉਹਨਾਂ ਦੇ ਮੂੰਹੋਂ ਲਫ਼ਜ਼ ਬਾਹਰ ਨਾ ਆਉਂਦੇ। ਮੇਰੇ ਮਾਮਾ ਆਇਰਸ਼ ਨੇ। ਆਇਰਲੈਂਡ ਵਿੱਚ ਜੰਮੀ ਪਲ਼ੀ ਮੇਰੀ ਮੰਮੀ ਛੇ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੀ ਸਨ। ਉਹ ਦਸਦੇ ਹੁੰਦੇ ਨੇ ਕਿ 'ਮੈਂ ਐਡੇ ਵੱਡੇ ਪਰਿਵਾਰ ਵਿੱਚ ਸਭ ਤੋਂ ਛੋਟੀ ਤੇ ਅਣਚਾਹੀ ਔਲਾਦ ਸੀ। ਬਹੁਤ ਜ਼ਿਆਦਾ ਦੇਖ ਭਾਲ ਅਤੇ ਪਿਆਰ ਤਾਂ ਹਿੱਸੇ ਨਹੀਂ ਆਇਆ ਪ੍ਰੰਤੂ ਜ਼ਹੀਨ ਹੋਣ ਕਰਕੇ ਸਭ ਦਾ ਧਿਆਨ ਜ਼ਰੂਰ ਖਿੱਚ ਲੈਂਦੀ ਸਾਂ। ਇਸੇ ਕਰਕੇ ਹੀ ਮੈਂ ਉੱਚ ਵਿਦਆ ਲਈ ਅਮਰੀਕਾ ਆਈ। ਇੱਥੇ ਤੇਰੇ ਡੈਡ ਨਾਲ ਮੁਲਾਕਾਤ ਹੋਈ ਅਤੇ ਮੈ ਇਸ ਖ਼ੂਬਸੂਰਤ ਫੈਮਲੀ ਦਾ ਹਿੱਸਾ ਬਣ ਗਈ।' ਮੇਰੇ ਮੌਮ ਬਹੁਤ ਹੀ ਖ਼ੂਬਸੂਰਤ, ਬੜੀ ਪਿਆਰੀ ਮਾਂ ਹੈ।"ਕੈਥਰੀਨ ਨੇ ਨੀਂਦ ਵਿੱਚ ਆਪਣੀ ਮਾਂ ਨੂੰ ਘੁੱਟ ਕੇ ਗਲਵਕੜੀ ਪਾ ਲਈ। ਉਹਦਾ ਨਿੰਦਰਾਈ ਮੁਸਕਰਾਹਟ ਨਾਲ ਭਰਿਆ ਚਿਹਰਾ ਅੰਤਾਂ ਦਾ ਖੂਬਸੂਰਤ ਲਗ ਰਿਹਾ ਸੀ। ਹੁਣ ਉਹ ਕਨੇਡਾ ਦੇ ਬ੍ਰਿਟਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਆਪਣੇ ਦਾਦਾ ਜੀ ਨਾਲ ਉਹਨਾਂ ਦੇ ਅੰਗੂਰਾਂ ਦੇ ਬਾਗ ਦੀ ਸੈਰ ਕਰ ਰਹੀ ਸੀ।

"ਜੀ ਹਾਂ, ਮੇਰੇ ਦਾਦਾ ਜੀ ਕੋਲ ਵਿਕਟੋਰੀਆ ਦੇ ਖੂਬਸੂਰਤ ਏਰੀਏ ਵਿੱਚ ਚਾਲੀ ਪੰਜਾਹ ਏਕੜਾਂ ਦਾ ਅੰਗੂਰਾਂ ਦੇ ਬਾਗ ਵਾਲਾ ਵਾਈਨਰੀ ਫਾਰਮ ਹਾਊਸ ਸੀ। ਵੇਲਾਂ ਨਾਲ ਹਰੇ, ਲਾਲ ਤੇ ਕਾਲੇ ਅੰਗੂਰਾਂ ਦੇ ਲਟਕਦੇ ਗੁੱਛੇ ਵਿੰਹਦਿਆਂ ਮੂੰਹ ਵਿੱਚ ਪਾਣੀ ਭਰ ਆਉਂਦਾ ਤੇ ਮੇਰੀਆਂ ਲਾਲ਼ਾਂ ਟਪਕਣ ਲਗ ਪੈਂਦੀਆਂ। ਮੈਂ ਇਧਰ ਉਧਰ ਦੌੜਦੀ ਆਪਣੀ ਪਹੁੰਚ ਵਾਲੇ ਗੁੱਛਿਆਂ ਤੋਂ ਤੋੜ ਤੋੜ ਮਨਭਾਉਂਦੇ ਅੰਗੂਰ ਖਾਂਦੀ। ਪਲੇਟ ਵਿੱਚ ਧੋ-ਸੁਆਰ ਕੇ ਸਜਾਏ ਅੰਗੂਰ ਖਾਣ ਨਾਲੋਂ ਇੰਜ ਖਾਣ ਦਾ ਸੁਆਦ ਹੀ ਵੱਖਰਾ ਹੁੰਦਾ ਸੀ। ਗ੍ਰੈਂਡਪਾ ਅੰਗੂਰਾਂ ਦੇ ਰਸ ਤੋਂ ਵਾਈਨ ਵੀ ਬਣਾਉਂਦੇ ਹੁੰਦੇ ਸਨ। ਇੱਕ ਵੱਡੇ ਸਾਰੇ ਕਮਰੇ ਵਿੱਚ ਲੱਕੜ ਦੇ ਵੱਡੇ ਵੱਡੇ ਢੋਲਾਂ ਵਿੱਚ ਮਸ਼ੀਨ ਨਾਲ ਕੱਢਿਆ ਅੰਗੂਰਾਂ ਦਾ ਰਸ ਪਾਉਂਦੇ। ਫਿਰ ਫਰਮੈਂਟੈਂਸ਼ਨ ਲਈ ਕੋਈ ਰਸਾਇਣ ਮਿਲਾਉਂਦੇ ਅਤੇ ਕਈ ਮਹੀਨਿਆਂ ਬਾਦ ਉਸ ਤੋਂ ਵਾਈਨ ਤਿਆਰ ਕਰ ਬੋਤਲ ਬੰਦ ਕਰਦੇ। ਜਿਹੜੇ ਰੰਗ ਦੇ ਅੰਗੂਰ ਉਸੇ ਰੰਗ ਦੀ ਵਾਈਨ....ਸਫੈਦ, ਹਲਕੀ ਲਾਲ, ਗਾੜ੍ਹੀ ਲਾਲ ਅਤੇ ਕਾਲੀ ਵਾਈਨ ਦੀਆਂ ਬੋਤਲਾਂ ਉਹ ਬਹੁਤ ਹੀ ਮਾਣ ਨਾਲ ਆਪਣੇ ਦਫ਼ਤਰ ਵਿੱਚ ਪ੍ਰਦਰਸ਼ਨ ਲਈ ਸਜਾਉਂਦੇ।"ਕੈਥੀ ਨੀਂਦਰ ਵਿੱਚ ਹਲਕਾ ਜਿਹਾ ਮੁਸਕਰਾਈ ਅਤੇ ਪਾਸਾ ਪਰਤ ਲਿਆ। ਘੰਟੇ ਕੁ ਦੀ ਨੀਂਦਰ ਉਪਰੰਤ ਉਹ ਅਲਸਾਈ ਜਿਹੀ ਉੱਠੀ। ਮੂੰਹ ਹੱਥ ਧੋ ਕੈਬਨ ਦੇ ਬਾਹਰ ਜਾ ਕੌਰੀਡੌਰ ਵਿੱਚ ਦੋ ਤਿੰਨ ਚੱਕਰ ਲਗਾਏ। ਕਮਰੇ ਵਿੱਚ ਪਰਤ ਹਲਕਾ ਜਿਹਾ ਨਾਸ਼ਤਾ ਲੈ ਡਾਈਨਿੰਗ ਟੇਬਲ ਤੇ ਬੈਠ ਗਈ। ਬ੍ਰੈੱਡ ਟੋਸਟ ਦੇ ਟੁੱਕੜੇ ਨੂੰ ਛਿੱਥਦੀ ਅੱਜ ਦੇ ਆਪਣੇ ਪਿੱਛਲ-ਪੈਰੇ ਸਫ਼ਰ ਦੀ ਸੋਚ ਵਿੱਚ ਡੂੰਘਾ ਉਤਰ ਗਈ। ਉਹਦੇ ਚਿਹਰੇ ਤੇ ਵਿਛੋੜੇ ਦੇ ਵੈਰਾਗ ਦੀ ਹਲਕੀ ਪੀੜ ਪਸਰ ਗਈ। ਅੱਖਾਂ ਥੋੜ੍ਹੀਆਂ ਨਮ ਹੋ ਆਈਆਂ। ਹੱਥ 'ਚ ਫੜਿਆ ਟੋਸਟ ਮੁੜ ਪਲੇਟ ਵਿੱਚ ਰੱਖ ਉਸ ਸਿਰ ਕੁਰਸੀ ਦੀ ਢੋਅ ਤੇ ਟਿਕਾ ਲਿਆ। ਉਹ ਵਿਕਟੋਰੀਆ ਦੇ ਗੋਲਡ ਸਟਰੀਮ ਪ੍ਰੋਵਿੰਸ਼ਲ ਪਾਰਕ ਦੀਆਂ ਉੱਚੀਆਂ ਨੀਵੀਆਂ ਪਗਡੰਡੀਆਂ ਤੇ ਆਪਣੀ ਬਾਈਕ ਦੀ ਸੁਆਰੀ ਦਾ ਆਨੰਦ ਮਾਣ ਰਹੀ ਸੀ।

"ਮੈਨੂੰ ਸਾਈਕਲ ਚਲਾਉਣ ਦਾ ਬੜਾ ਸ਼ੌਂਕ ਸੀ। ਮੈਨੂੰ ਅਜੇ ਤੱਕ ਆਪਣਾ ਪਹਿਲਾ ਗੁਲਾਬੀ ਰੰਗ ਦਾ ਟ੍ਰਾਈਸਿਕਲ ਯਾਦ ਹੈ ਜਿਹਨੂੰ ਮੈਂ ਆਪਣੇ ਬੈਕਯਾਰਡ ਵਿੱਚ ਚਲਾਉਂਦੀ ਥੱਕਦੀ ਨਹੀਂ ਸੀ। ਫਿਰ ਦੋ-ਪਹੀਆ ਸਾਈਕਲ ਅਤੇ ਬਾਦ ਵਿੱਚ ਲੰਮੀ ਰੇਸ ਲਈ ਗੇਅਰਾਂ ਵਾਲਾ ਸਾਈਕਲ, ਮੇਰੀ ਮਨਪਸੰਦ ਸੁਆਰੀ ਸੀ। ਜਦ ਵੀ ਅਸੀਂ ਗ੍ਰੈਂਡਪਾ ਦੇ ਵਾਈਨਰੀ ਫਾਰਮ ਤੇ ਆਉਂਦੇ ਮੈਂ ਆਪਣੀਆਂ ਛੁੱਟੀਆਂ ਸਾਈਕਲਿੰਗ ਕਰਕੇ ਹੀ ਐਨਜੁਆਏ ਕਰਦੀ। ਮੈਂ ਪਹਿਲੀ ਵਾਰ ਗੋਲਡ ਸਟ੍ਰੀਮ ਪਾਰਕ ਵੇਖਣ ਆਪਣੀ ਫੈਮਲੀ ਨਾਲ ਗਈ ਸੀ। ਸਦੀਆਂ ਪੁਰਾਣਾ ਸੰਘਣਾ ਜੰਗਲ। ਇਸ ਵਿੱਚ ਆਉਣ ਜਾਣ ਲਈ ਪੱਕੀਆਂ ਸੜਕਾਂ ਤੇ ਪਗਡੰਡੀਆਂ। ਗੋਲਡ ਸਟ੍ਰੀਮ ਨਾਂ ਦੇ ਨਾਲੇ ਦਾ ਤੇਜ਼ ਵਹਿੰਦਾ ਸਾਫ਼ ਸ਼ਫ਼ਾਕ ਠੰਢਾ ਯੱਖ਼ ਪਾਣੀ। ਮੈਂ ਤੇ ਡੈਡ ਨੇ ਵਿੰਗੀਆਂ ਟੇਡੀਆਂ ਪਗਡੰਡੀਆਂ 'ਤੇ ਖੂਬ ਸਾਈਕਲ ਚਲਾਇਆ। ਹਜ਼ਾਰਾਂ ਸਾਲ ਪੁਰਾਣੇ ਦਰਖਤਾਂ ਦੇ ਚੌੜੇ ਤਣਿਆਂ ਦੀਆਂ ਖੁੱਡਾਂ ਵਿੱਚ ਬੈਠ ਫੋਟੋ ਖਿੱਚੀਆਂ। ਮੈਂ ਆਲੇ ਦੁਆਲੇ ਪਸਰੀ ਬਨਸਪਤੀ ਬਾਰੇ ਡੈਡ ਤੋਂ ਖ਼ੂਬ ਜਾਣਕਾਰੀ ਲਈ। ਉਸ ਤੋਂ ਬਾਦ ਮੈਂ ਜਦ ਵੀ ਗ੍ਰੈਂਡਪਾ ਕੋਲ ਆਉਂਦੀ ਤਾਂ ਇਹ ਪਾਰਕ ਮੇਰਾ ਮਨਭਾਉਂਦਾ ਮਨਪ੍ਰਚਾਵਾ ਹੁੰਦਾ। ਇਹ ਸਾਡੇ ਫਾਰਮ ਹਾਊਸ ਤੋਂ ਬਹੁਤੀ ਦੂਰ ਨਹੀਂ ਸੀ। ਮੈਂ ਸਾਈਕਲ ਚੁੱਕਦੀ ਅਤੇ ਕੁਦਰਤ ਦੇ ਅਦਭੁੱਤ ਨਜ਼ਾਰਿਆਂ ਦਾ ਆਨੰਦ ਮਾਨਣ ਲਈ ਇਸ ਪਾਰਕ ਵੱਲ ਹੋ ਤੁਰਦੀ।"

"ਗੋਲਡ ਸਟ੍ਰੀਮ ਪਾਰਕ ਵਿੱਚ ਵਹਿਣ ਵਾਲੀ ਗੋਡ ਸਟ੍ਰੀਮ ਨਾਂ ਦੀ ਨਦੀ ਉੱਚੇ ਪਹਾੜਾਂ ਦੀਆਂ ਚੋਟੀਆਂ ਤੋਂ ਬਰਫ਼ੀਲਾ ਪੈਣੀ ਲੈ ਤੇਜ਼ ਚਾਲ ਵਹਿੰਦੀ ਹੇਠਾਂ ਸ਼ਾਂਤ ਮਹਾਂਸਾਗਰ ਵਿੱਚ ਜਾ ਰਲਦੀ ਹੈ। ਅਕਤੂਬਰ ਤੋਂ ਦਿਸੰਬਰ ਮਹੀਨੇ ਦਰਮਿਆਨ ਗਲੋਡ ਸਟ੍ਰੀਮ ਦੇ ਠੰਡੇ ਯੱਖ਼ ਪਾਣੀ ਵਿੱਚ ਵਾਪਰਨ ਵਾਲਾ ਕੁਦਰਤ ਦਾ ਇੱਕ ਅਜੀਬੋ ਗਰੀਬ ਵਰਤਾਰਾ ਮੇਰੀ ਖਿੱਚ ਦਾ ਮੁੱਖ ਕਾਰਨ ਹੁੰਦਾ। ਇਨ੍ਹਾਂ ਮਹੀਨਿਆਂ ਵਿੱਚ ਸਮੁੰਦਰ ਦੇ ਖ਼ਾਰੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਦੀ ਇੱਕ ਖਾਸ ਜਾਤੀ ਦੀਆਂ ਬਾਲਗ ਮੱਛੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸਮੁੰਦਰੀ ਕਿਨਾਰੇ ਆ ਇਸ ਨਦੀ ਦੇ ਤਾਜ਼ੇ ਪਾਣੀ ਦੇ ਵਹਾਅ ਦੇ ਉਲਟ ਤੈਰਦੀਆਂ, ਆਪਣਾ ਵੰਸ਼ ਚਲਦਾ ਰਖਣ ਦੀ ਆਪਣੀ ਜ਼ਿੰਮੇਵਾਰੀ ਪੂਰਾ ਕਰਨ ਲਈ ਨਦੀ ਦੇ ਇਸ ਪਾਰਕ ਵਾਲੇ ਹਿੱਸੇ ਵਿੱਚ ਆਉਂਦੀਆਂ। ਮਾਦਾ ਮੱਛੀ ਨਦੀ ਦੇ ਕਿਨਾਰੇ ਸੁਰੱਖਿਅਤ ਜਗ੍ਹਾ ਤਲਾਸ਼ ਆਪਣੇ ਪੂਛ ਖੰਭੜੇ ਨਾਲ ਵਹਿੰਦੇ ਪਾਣੀ ਵਿਚਲੇ ਛੋਟੇ ਛੋਟੇ ਪੱਥਰਾਂ ਨੂੰ ਪਿੱਛੇ ਵੱਲ ਸੁੱਟ ਅੱਧਾ ਕੁ ਮੀਟਰ ਡੂੰਘਾ ਟੋਆ ਪੁੱਟਦੀ। ਉਤਨੀ ਦੇਰ ਨਰ ਮੱਛੀ ਉਸ ਦੇ ਚੁਫ਼ੇਰੇ ਗੇੜੇ ਕੱਢਦੀ ਰਹਿੰਦੀ। ਤਦ ਮਾਦਾ ਮੱਛੀ ਉਸ ਟੋਏ ਵਿੱਚ ਕੋਈ ਚਾਰ ਕੁ ਸੌ ਦੇ ਕਰੀਬ ਆਂਡੇ ਦੇਂਦੀ ਅਤੇ ਨਰ ਮੱਛੀ ਆਪਣਾ ਮਿਲਟ ਛਿੜਕ ਉਹਨਾਂ ਆਂਡਿਆਂ ਨੂੰ ਫਰਟੇਲਾਈਜ਼ ਕਰਦੀ। ਉਪਰੰਤ ਮਾਦਾ ਮੱਛੀ ਥੋੜ੍ਹੀ ਉਚਾਈ ਤੇ ਜਾ ਇੱਕ ਹੋਰ ਟੋਆ ਇਸ ਤਰੀਕੇ ਨਾਲ ਪੁੱਟਦੀ ਕਿ ਛੋਟੇ ਛੋਟੇ ਪੱਥਰ ਪਹਿਲੇ ਟੋਏ ਨੂੰ ਚੰਗੀ ਤਰ੍ਹਾਂ ਢੱਕ ਦੇਣ ਅਤੇ ਕੋਈ ਜੀਵ ਜੰਤੂ ਇਹਨਾਂ ਆਂਡਿਆਂ ਨੂੰ ਨੁਕਸਾਨ ਨਾ ਪੁਚਾ ਸਕੇ। ਉਹ ਇਸ ਟੋਏ ਵਿੱਚ ਵੀ ਆਂਡੇ ਦੇਂਦੀ ਜਿਨ੍ਹਾਂ ਨੂੰ ਨਰ ਮੱਛੀ ਆਪਣੇ ਮਿਲਟ ਨਾਲ ਫਰਟੇਲਾਈਜ਼ ਕਰਦੀ। ਇਸ ਤਰ੍ਹਾਂ ਇੱਕ ਮੱਛੀ ਤਕਰੀਬਨ ਚਾਰ ਹਜ਼ਾਰ ਆਂਡੇ ਵੱਖ ਵੱਖ ਟੋਇਆਂ ਵਿੱਚ ਦੇਂਦੀ। ਉਪਰੰਤ ਨਰ ਮੱਛੀ ਤਾਂ ਕਿਸੇ ਹੋਰ ਮਾਦਾ ਮੱਛੀ ਦੀ ਭਾਲ ਵਿੱਚ ਇਧਰ ਉਧਰ ਚਲੇ ਜਾਂਦੀ ਪਰ ਮਾਦਾ ਮੱਛੀ ਉਥੇ ਹੀ ਆਂਡਿਆਂ ਦੇ ਆਸ ਪਾਸ ਹੀ ਰਹਿੰਦੀ।

ਦਸ ਕੁ ਦਿਨਾਂ ਵਿੱਚ ਇਹ ਸਾਰਾ ਕਾਰਜ ਪੂਰਾ ਕਰ ਇਹ ਮੱਛੀਆਂ ਇਤਨਾ ਥੱਕ ਜਾਂਦੀਆਂ ਕਿ ਇੱਥੇ ਹੀ ਆਪਣੀ ਜੀਵਨ ਲੀਲ੍ਹਾ ਖਤਮ ਕਰ ਦੇਂਦੀਆਂ। ਕੁੱਝ ਦਿਨਾਂ ਬਾਦ ਆਂਡਿਆਂ ਵਿਚੋਂ ਪੂਛ ਵਾਲੇ ਲਾਰਵੇ (ਟੈਡ ਪੋਲ ਲਾਰਵੇ) ਨਿਕਲਦੇ ਜੋ ਮਹੀਨੇ ਕੁ ਵਿੱਚ ਪੂਰੀ ਮੱਛੀ ਵਿੱਚ ਵਿਕਸਤ ਹੋ ਮੁੜ ਇਸ ਤਾਜ਼ੇ ਪਾਣੀ ਦੇ ਨਾਲੇ ਦੇ ਵਹਾਅ ਨਾਲ ਤੈਰਦੇ ਸਮੁੰਦਰ ਕੰਢੇ ਪਹੁੰਚ ਜਾਂਦੇ। ਕੁੱਝ ਦੇਰ ਸਮੁੰਦਰ ਦੇ ਕਿਨਾਰੇ ਰਹਿ ਆਪਣੇ ਆਪ ਨੂੰ ਖ਼ਾਰੇ ਪਾਣੀ ਦੇ ਅਨੁਕੂਲ ਢਾਲ ਡੂੰਘੇ ਖ਼ਾਰੇ ਪਾਣੀਆਂ ਦੇ ਵਾਸੀ ਬਣ ਜਾਂਦੇ ਅਤੇ ਮੁੜ ਬਾਲਗ ਮੱਛੀ ਬਣ ਜਣਨ ਕ੍ਰਿਆ ਲਈ ਤਿਆਰ ਹੋ ਆਪਣਾ ਆਖਰੀ ਸਫ਼ਰ ਇਸ ਨਦੀ ਦੇ ਵਹਾਅ ਦੇ ਉਲਟ ਇਸ ਸਥਾਨ ਤੇ ਆ ਪੂਰਾ ਕਰਦੇ। ਦੂਰੋਂ ਦੂਰੋਂ ਲੋਕ ਮੱਛੀਆਂ ਦੇ ਸਪਾਨਿੰਗ (ਜਣਨ ਕਿਰਿਆ) ਦੇ ਇਸ ਅਦੁਭੁਤ ਵਰਤਾਰੇ ਨੂੰ ਵੇਖਣ ਇਨ੍ਹਾਂ ਦਿਨਾਂ ਵਿੱਚ ਇਸ ਪਾਰਕ ਵਿੱਚ ਆਉਂਦੇ। ਉਹਨੀਂ ਦਿਨੀਂ ਮ੍ਰਿਤਕ ਮੱਛੀਆਂ ਨੂੰ ਖਾਣ ਨਦੀ ਕਿਨਾਰੇ ਪਹਾੜੀ ਕਾਂ ਆ ਝੁਰਮੁੱਟ ਪਾਉਂਦੇ। ਇਸ ਨਦੀ ਦੇ ਨਾਲ ਨਾਲ ਉੱਡਦੇ ਪਹਾੜੀ ਕਾਵਾਂ ਦੀ ਬਹੁਤਾਤ ਅਤੇ ਕਾਵਾਂਰੌਲੀ ਤੋਂ ਮੱਛੀਆਂ ਦੀ ਸਪਾਨਿੰਗ ਦਾ ਸਹਿਜੇ ਹੀ ਪਤਾ ਚਲ ਜਾਂਦਾ ਸੀ।"

ਕੁਦਰਤ ਦੇ ਇਸ ਕ੍ਰਿਸ਼ਮਈ ਵਰਤਾਰੇ ਤੇ ਹੈਰਾਨ ਹੁੰਦੀ ਮੈਂ ਅਕਸਰ ਸੋਚਦੀ ਕਿ ਇਹਨਾਂ ਨਿੱਕੇ ਨਿੱਕੇ ਜੀਵਾਂ ਨੂੰ ਆਪਣੇ ਜੀਵਨ-ਪੰਧ ਦੇ ਇਸ ਟੇਢੇ ਮੇਢੇ ਚੱਕਰ ਦਾ ਅਭਾਸ ਕਿੰਵੇਂ ਹੋ ਜਾਂਦਾ! ਕਿੰਵੇ ਪਤਾ ਚਲਦਾ ਕਿ ਜੀਵਨ ਦੀ ਸ਼ੁਰੂਆਤ ਤਾਜ਼ੇ ਪਾਣੀ ਤੋਂ ਕਰਨੀ ਹੈ, ਜਿਉਣਾ ਦੂਰ ਦੂਰ ਤੱਕ ਪਸਰੇ ਖੁੱਲ੍ਹੇ-ਡੁਲ੍ਹੇ ਖ਼ਾਰੇ ਪਾਣੀਆਂ ਵਿੱਚ ਅਤੇ ਮਰਨਾ ਮੁੜ ਉਸੇ ਜੰਮਣ-ਭੋਂ ਤੇ ਆ ਕੇ। ਮੈਨੂੰ ਜਦ ਵੀ ਮੌਕਾ ਮਿਲਦਾ ਮੈਂ ਉਹਨਾਂ ਦਿਨਾਂ ਵਿੱਚ ਜ਼ਰੂਰ ਉਸ ਸਥਾਨ ਤੇ ਜਾਂਦੀ ਅਤੇ ਆਪਣੀਆਂ ਅੱਖਾਂ ਨਾਲ ਮੱਛੀਆਂ ਦੇ ਇਸ ਵਰਤਾਰੇ ਨੂੰ ਦਰਖਤਾਂ ਦੀਆਂ ਟਾਹਣੀਆਂ ਓਹਲੇ ਲੁਕ ਲੁਕ ਕੇ ਵੇਖਦੀ ਕਿ ਮਤਾਂ ਉਹ ਡਰ ਜਾਣ। 'ਮਾਂ-ਮੱਛੀ ਦੀ ਔਲਾਦ ਪੈਦਾ ਕਰਨ ਦੀ ਜਦੋਜਹਿਦ, ਉਹਦੀ ਸੁਰੱਖਿਅਤਾ ਲਈ ਚਿੰਤਾ ਅਤੇ ਆਪਣੇ ਉਸਾਰੇ ਆਲ੍ਹਣਿਆਂ ਦੀ ਮਰਦੇ ਦਮ ਤੱਕ ਪਹਿਰੇਦਾਰੀ ਕਰਦੀ ਹੋਈ ਮਾਂ-ਮੱਛੀ' ਇਹ ਪ੍ਰਕ੍ਰਿਆ ਹਰ ਜੀਵ ਦੇ ਜੀਵਨ ਵਿੱਚ ਮਾਂ ਦੇ ਨਿਰਸਵਾਰਥ ਅਤੇ ਬਹਾਦਰੀ ਭਰੇ ਲਾਸਾਨੀ ਯੋਗਦਾਨ ਨੂੰ ਰੂਪਮਾਨ ਕਰਦੀ ਅਕਸਰ ਮੇਰੇ ਜ਼ਿਹਨ ਨੂੰ ਮੱਲੀ ਰਖਦੀ ਹੈ। ਮੈਂ ਆਪਣੀ ਜੰਮਣ-ਭੋਂਅ ਤੋਂ ਆਪਣੀ ਮਾਂ ਤੋਂ ਕਰੋੜਾਂ ਮੀਲ ਦੂਰ ਜਾ ਰਹੀ ਹਾਂ। ਕੀ ਮੈਂ ਵੀ ਆਪਣਾ ਜੀਵਨ ਚੱਕਰ ਪੂਰਾ ਕਰਨ ਲਈ ਆਪਣੀ ਜਨਮ-ਭੂਮੀ ਵੱਲ ਮੁੜ ਸਕਾਂਗੀ?"ਐਸ ਵੇਲੇ ਭਾਵੁਕ ਹੋਈ ਕੈਥੀ ਅੰਦਰ ਹੀ ਅੰਦਰ ਉਸ ਵਿਚਾਰ ਸੰਗ ਜੂਝ ਰਹੀ ਸੀ ਜਿਸ ਨੂੰ ਆਪਣੀਆਂ ਲੰਮੀਆਂ ਟ੍ਰੇਨਿੰਗਾਂ ਦੌਰਾਨ ਉਸ ਆਪਣੇ ਮੱਥੇ ਦੀਆਂ ਸੋਚਾਂ 'ਚੋਂ ਇੱਕ ਤਰ੍ਹਾਂ ਪੂੰਝ ਸੁੱਟਿਆ ਸੀ ਅਤੇ ਮੁੜ ਕਦੇ ਵਾਪਸ ਨਾ ਮੁੜਨ ਦੇ ਯਥਾਰਥ ਸੰਗ ਹੀ ਆਪਣੇ ਕਦਮ ਪਕਿਆਈ ਨਾਲ ਅੱਗੇ ਵਧਾਏ ਸਨ। ਪਰ ਉਫ਼! ਮਨੁੱਖੀ ਮਨ ਦੇ ਬਦਲਦੇ ਤੇਵਰਾਂ ਤੇ ਮਨੁੱਖ ਦਾ ਆਪਣਾ ਹੀ ਨਿਯੰਤਰਣ ਨਹੀਂ ਨਾ ਹੁੰਦਾ!

(5)

ਤਿਸ਼ ਅਤੇ ਕਿਨ ਆਪੋ ਆਪਣੇ ਕੈਬਨ ਵਿੱਚ ਅਧਿਐਨ ਕਰ ਰਹੇ ਸਨ। ਇਸ ਮਿਸ਼ਨ ਦੀ ਸਫਲਤਾ ਦਾ ਦਾਰੋਮਦਾਰ ਉਹਨਾਂ ਦੀਆਂ ਗਤੀਵਿਧੀਆਂ ਨੇ ਬਣਨਾ ਹੈ। ਕਿਉਂਜੁ ਉਹਨਾਂ ਕੋਲ ਚੰਦ ਤੇ ਜਾਣ ਅਤੇ ੳੱੁਥੇ ਵਿਚਰਨ ਦਾ ਤਜਰਬਾ ਹੈ। ਉਹ ਬਾਇਲੌਜੀਕਲ ਮਸ਼ੀਨਾਂ ਜਿਸ ਕੰਮ ਵਿੱਚ ਜੁਟ ਜਾਂਦੀਆਂ ਫਿਰ ਹਰ ਸੰਭਵ ਅਸੰਭਵ ਯਤਨ ਕਰ ਪੂਰਾ ਕਰਕੇ ਹੀ ਹਟਦੀਆਂ। ਮਨੁੱਖ ਹੋ ਕਰ ਵੀ ਉਹ ਸੌ ਪ੍ਰਤੀਸ਼ਤ ਮਨੁੱਖਾਂ ਵਾਂਗ ਵਿਵਹਾਰ ਨਹੀਂ ਕਰਦੇ ਹਨ। ਸਰੀਰਕ ਪੱਖੋਂ ਉੱਚੇ-ਲੰਮੇ, ਸੁਢੌਲ ਤੇ ਸਿਹਤਮੰਦ ਜਿਸਮ ਅਤੇ ਬਹੁਤ ਤੇਜ਼ ਦਿਮਾਗ ਦੇ ਮਾਲਕ ਤਿਸ਼ ਅਤੇ ਕਿਨ, ਭਾਵਨਾਤਮਕ ਪੱਖੋਂ ਬਿਲਕੁਲ ਕੋਰੇ ਨਹੀਂ ਤਾਂ ਕੋਈ ਬਹੁਤੇ ਜਜ਼ਬਾਤੀ ਵੀ ਨਹੀਂ ਹਨ। ਦੋ ਲਗਪਗ ਮੁਰਦਾ ਵਿਗਆਨੀਆਂ ਦੇ ਸਰੀਰ ਦੇ ਸੈਲਾਂ ਤੋਂ ਬਣਾਏ ਗਏ ਦੋ ਕਲੋਨਜ਼ ਤਿਸ਼ ਅਤੇ ਕਿਨ ਨੇ ਬੇਸ਼ਕ ਸਰੋਗੇਟ ਮਾਵਾਂ ਦੀ ਕੁੱਖ ਵਿੱਚ ਵੱਧ ਫੁਲ ਕੇ ਆਮ ਬੱਚਿਆਂ ਵਾਂਗ ਹੀ ਜਨਮ ਲਿਆ ਪ੍ਰੰਤੂ ਮਾਵਾਂ ਦਾ ਨੇੜ ਤੇ ਨਿੱਘ, ਦੁਲਾਰ ਤੇ ਪਿਆਰ ਉਹਨਾਂ ਨੂੰ ਨਹੀਂ ਮਿਿਲਆ। ਉਹ ਤਾਂ ਉਹਨਾਂ ਨੂੰ ਜਨਮ ਦੇਣ ਸਾਰ ਹੀ ਉਸ ਪ੍ਰਾਜੈਕਟ ਤੋਂ ਵੱਖ ਹੋ ਆਪੋ ਆਪਣੇ ਕੰਮ-ਧੰਦੀਂ ਜਾ ਲਗੀਆਂ ਸਨ। ਆਲੇ ਦੁਆਲੇ ਤੋਂ ਅਲੱਗ ਥਲੱਗ ਬੰਦ ਕਮਰਿਆਂ ਵਿੱਚ ਵਿਗਆਨਕ ਤਜਰਬਿਆਂ ਦਰਮਿਆਨ ਪਲ਼ੇ ਤਿਸ਼ ਤੇ ਕਿਨ ਨੂੰ ਕਿਸੇ ਦੂਸਰੇ ਨਾਲ ਘੁਲਣ ਮਿਲਣ ਦਾ ਮੌਕਾ ਤੇ ਵਾਤਾਵਰਣ ਮਿਿਲਆ ਹੀ ਨਹੀਂ ਜਾਂ ਕਹਿ ਲਓ ਦਿੱਤਾ ਹੀ ਨਹੀਂ ਗਿਆ ਤਾਂ ਉਹਨਾਂ ਵਿੱਚ ਆਪਸੀ ਮੇਲ-ਜੋਲ, ਪ੍ਰੇਮ-ਪਿਆਰ ਤੇ ਲਗਾਓ ਵਰਗੀਆਂ ਭਾਵਨਾਵਾਂ ਦਾ ਉਤਪੰਨ ਹੋਣਾ ਕਿੰਵੇਂ ਸੰਭਵ ਹੋ ਸਕਦਾ। ਉਹਨਾਂ ਦੇ ਚੇਤਿਆਂ ਵਿੱਚ ਮਾਂ-ਬਾਪ, ਭੈਣ-ਭਰਾ, ਦਾਦਾ-ਦਾਦੀ ਜਾਂ ਅਜਿਹੇ ਹੋਰ ਕਿਸੇ ਵੀ ਮਨੁੱਖੀ ਰਿਸ਼ਤੇ ਦੀ ਛਾਪ ਨਹੀਂ। ਕਦੇ ਕਿਸੇ ਘੁੱਟ ਕੇ ਗਲ਼ ਨਹੀਂ ਲਾਇਆ, ਕਦੇ ਕਿਸੇ ਲਾਡ ਨਾਲ ਉਂਗਲ ਫੜ ਰਾਹ ਨਹੀਂ ਵਿਖਾਇਆ। ਫਿਰ ਰੁੱਸਣਾ ਮਨਾਉਣਾ ਕੀ ਹੁੰਦਾ ਉਹਨਾਂ ਨੂੰ ਕੀ ਪਤਾ? ਇਸੇ ਕਰਕੇ ਉਹ ਮਨੁੱਖੀ ਰਿਸ਼ਤਿਆਂ ਤੋਂ ਬੇਨਿਆਜ਼ ਮਨੁੱਖਾਂ ਤੇ ਰੋਬੋਟਾਂ ਵਿਚਕਾਰਲੀ ਕੋਈ ਚੀਜ਼ ਮਸ਼ੀਨੀ ਮਨੁੱਖ ਜਿਹੇ ਲਗਦੇ ਹਨ। ਗਲੀਆਂ ਬਜ਼ਾਰਾਂ ਦੁਕਾਨਾਂ ਤੇ ਮਾਲਜ਼ ਵਿੱਚ ਘੁੰਮਦੇ ਤਿਸ਼ ਅਤੇ ਕਿਨ ਆਮ ਪ੍ਰਾਣੀਆਂ ਵਰਗੇ ਹੀ ਦਿਸਦੇ ਪ੍ਰੰਤੂ ਉਹਨਾਂ ਦੀਆਂ ਬੇਨੂਰ ਤੇ ਖਾਲੀ ਖਾਲੀ ਨਿਗ੍ਹਾਹਾਂ ਅਤੇ ਭਾਵਹੀਣ ਸਪਾਟ ਚਿਹਰਾ ਉਹਨਾਂ ਨੂੰ ਮਨੁੱਖੀ ਭੀੜ ਤੋਂ ਨਖੇੜ ਦੇਂਦਾ। ਕੋਲੋਂ ਲੰਘਦੀ ਹਰ ਨਜ਼ਰ ਉਹਨਾਂ ਵੱਲ ਵੇਖ ਸੋਚਦੀ, 'ਇਹ ਕਿਹੋ ਜਿਹੇ ਨੇ? ਕੁੱਝ ਅਜੀਬ ਜਿਹੇ ਨਹੀਂ।

'ਚੰਦਰਯਾਨ-ਤਿਸ਼ਕਨ' ਦੀ ਸਫਲਤਾ ਪੂਰਵਕ ਪੁਲਾੜੀ ਉੜਾਨ ਤੋਂ ਬਾਦ ਜਦ ਤਿਸ਼ ਤੇ ਕਿਨ ਕਲੋਨਜ਼ ਦੀ ਹੋਂਦ ਜੱਗਜ਼ਾਹਿਰ ਹੋਈ ਤਾਂ ਤਰੁਣ ਘੋਸ਼ ਤੇ ਕਨਿਕਾ ਨਾਇਡੋ ਦੇ ਮਾਂ-ਬਾਪ ਇਨ੍ਹਾਂ ਅਜੂਬਿਆਂ ਨੂੰ ਵੇਖਣ ਆਏ ਸਨ। ਆਪਣੇ ਬੱਚਿਆਂ ਦੇ ਜਿਸਮ ਦੇ ਸੈੱਲਾਂ ਤੋਂ ਬਣੇ ਹੂ-ਬਹੂ ਉਹਨਾਂ ਨਾਲ ਮਿਲਦੇ ਜੁਲਦੇ ਤਿਸ਼ ਤੇ ਕਿਨ ਵੇਖ ਉਹਨਾਂ ਦੇ ਮੂੰਹ ਹੈਰਾਨੀ ਵੱਸ ਟੱਡੇ ਰਹਿ ਗਏ।

"ਉਹ ਤਾਂ ਆਪਣੇ ਹੱਥੀਂ ਆਪਣੇ ਬੱਚਿਆਂ ਦੇ ਅੰਤਮ ਸੰਸਕਾਰ ਕਰ ਚੁੱਕੇ ਸਨ......ਪਰ ਆਹ!!!"ਸਮਾਂ ਕਈ ਵਰ੍ਹੇ ਪਿਛਾਂਹ ਜਾ ਖੜਾ ਸੀ। ਤਰੁਣ ਘੋਸ਼ ਦੇ ਮਾਂ-ਬਾਪ ਤਿਸ਼ ਵੱਲ ਅਤੇ ਕਨਿਕਾ ਦੇ ਮਾਂ-ਬਾਪ ਕਿਨ ਨੂੰ ਤਰਲ ਅੱਖਾਂ ਨਾਲ ਵਿਹੰਦੇ ਅੱਗੇ ਵੱਧ ਕਲਾਵੇ ਵਿੱਚ ਲੈ ਲਿਆ। ਪਰ ਤਿਸ਼ ਤੇ ਕਿਨ ਵਲੋਂ ਕਿਸੇ ਵੀ ਪ੍ਰਕਾਰ ਦੀ ਭਾਵਨਾ ਦਾ ਕੋਈ ਪ੍ਰਗਟਾਵਾ ਨਾ ਵੇਖ ਉਹ ਖੁਦ ਵਿੱਥ ਤੇ ਜਾ ਖੜੇ। ਉਹ ਉਹਨਾਂ ਨੂੰ ਆਪਣੇ ਤਰੁਣ ਤੇ ਕਨਿਕਾ ਲਈ ਖਰੀਦੇ ਸਟੱਫ਼ਡ ਖਡੌਣਿਆਂ ਵਰਗੇ ਲਗੇ ਜੋ ਵੇਖਣ ਨੂੰ ਤਾਂ ਸੱਚੀਂ ਮੁੱਚੀਂ ਦੇ ਲਗਦੇ ਸਨ ਪਰ ਹੁੰਦੇ ਨਹੀਂ। ਉਸ ਤੋਂ ਬਾਦ ਕਦੇ ਉਹਨਾਂ ਦਾ ਮੇਲ ਨਹੀਂ ਹੋਇਆ।

ਰਵਾਇਤੀ ਢੰਗ ਦੇ ਪਾਲਣ ਪੋਸ਼ਣ ਅਤੇ ਰਵਾਇਤੀ ਸਕੂਲੀ ਸਿੱਖਿਆ ਦੇ ਬਜਾਏ ਬ੍ਰੇਨ ਟ੍ਰਾਂਸਫਿਊਜ਼ਨਜ਼ ਅਤੇ ਖਾਸ ਪ੍ਰਕਾਰ ਦੇ ਰਸਾਇਣਕ ਪਦਾਰਥਾਂ ਨਾਲ ਵੱਡੇ ਹੋਏ ਤਿਸ਼ ਤੇ ਕਿਨ ਲਈ ਪੜ੍ਹਾਈ ਤੇ ਸਿਖਲਾਈ ਵੀ ਵਿਸ਼ੇਸ਼ ਪ੍ਰਕਾਰ ਦੀ ਹੋਣ ਕਰਕੇ ਉਹ ਅਜਿਹੇ ਵਿਅਕਤੀ ਵਜੋਂ ਪ੍ਰਵਾਨ ਚੜ੍ਹੇ ਜੋ ਅਸੰਭਵ ਨੂੰ ਸੰਭਵ ਕਰ ਸਕਣ ਵਿੱਚ ਮਾਹਿਰ ਸਾਬਤ ਹੋਏ।

ਚੰਦਰਮਾ ਦੀ ਯਾਤਰਾ ਤੋਂ ਬਾਦ ਇਹਨਾਂ ਦੀ ਸਿਹਤ ਵਿੱਚ ਆਏ ਨਿਘਾਰ ਨੇ ਇੱਕ ਵਾਰ ਤਾਂ ਇਨ੍ਹਾਂ ਦੇ ਪਾਲਣਹਾਰਿਆਂ ਨੂੰ ਡਰਾ ਹੀ ਦਿੱਤਾ ਸੀ। ਚਾਹੇ ਕਾਫੀ ਸਮਾਂ ਲਗ ਗਿਆ ਪਰ ਆਖਰ ਪੂਰੀ ਤਰ੍ਹਾਂ ਤੰਦਰੁਸਤ ਹੋ ਉਹ 'ਮਿਸ਼ਨ ਰੈੱਡ ਸਟਾਰ' ਦਾ ਹਿੱਸਾ ਬਣਨ ਦੇ ਸਮਰੱਥ ਹੋ ਗਏ। ਇਸ ਮਿਸ਼ਨ ਦੀ ਲੰਮੀ ਤਿਆਰੀ ਅਤੇ ਸਿਖਲਾਈ ਦੌਰਾਨ ਇਨ੍ਹਾਂ ਦਾ ਮੇਲ ਅਜੀਤਪਾਲ ਅਤੇ ਕੈਥਰੀਨ ਨਾਲ ਹੋਇਆ। ਇਸ ਤਿਆਰੀ ਦੇ ਕਈ ਪੜ੍ਹਾਵਾਂ ਵਿੱਚ ਇਹਨਾਂ ਨੂੰ ਇਕੱਲੇ ਇਕੱਲੇ ਅਤੇ ਕਈ ਪੜ੍ਹਾਵਾਂ ਵਿੱਚ ਇਹਨਾਂ ਚਾਰਾਂ ਨੂੰ ਇਕੱਠਿਆ ਗੁਜ਼ਰਨਾ ਪਿਆ। ਚੁਫੇਰਿਓੁਂ ਬੰਦ ਡੱਬੇਨੁਮਾ ਮੰਗਲਯਾਨ ਵਿੱਚ ਘੰਟਿਆਂ ਜਾਂ ਦਿਨਾਂ ਦਾ ਨਹੀਂ ਬਲਕਿ ਕਈ ਮਹੀਨਿਆਂ ਬੱਧੀ ਲੰਮਾ ਸਫ਼ਰ ਅਤੇ ਫਿਰ ਉਸ ਅਣਜਾਣ ਨਿਰਜਨ ਧਰਤੀ ਉਪਰ ਵੱਸ ਜਾਣ ਦੀ ਜ਼ੋਖ਼ਮਾਂ ਭਰੀ ਜਦੋਜਹਿਦ ਦੀ ਤਿਆਰੀ ਕਈ ਸਾਲਾਂ ਤੱਕ ਚਲਦੀ ਰਹੀ।

ਹੁਣ ਤੱਕ ਦੇ ਪੁਲਾੜੀ ਸਫ਼ਰਾਂ ਅਤੇ ਹੋਰ ਤਜਰਬਿਆਂ ਤੋਂ ਸਪਸ਼ਟ ਹੋ ਚੁੱਕਾ ਸੀ ਕਿ ਪੁਲਾੜ ਯਾਤਰੀ ਨੂੰ ਜਿਹੜੀ ਚੀਜ਼ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਉਹ ਹੈ ਉਸ ਦੀ ਮਾਨਸਿਕ ਅਵਸਥਾ। ਸਫ਼ਰ ਸਮੇਂ ਇਕ ਸੀਮਿਤ ਜਗ੍ਹਾ ਤੇ ਰਹਿਣਾ, ਉਨੀ ਕੁ ਜਗ੍ਹਾ ਤੇ ਤੁਰਨਾ ਫਿਰਨਾ ਵਿਚਰਨਾ ਅਤੇ ਇੱਕਲਤਾ ਦਾ ਜੀਵਨ ਬਤੀਤ ਕਰਨਾ। ਕੁੱਝ ਸਮੇਂ ਲਈ ਤਾਂ ਇਹ ਸਭ ਕੁੱਝ ਠੀਕ ਲਗਦਾ ਪ੍ਰੰਤੂ ਹੌਲੀ ਹੌਲੀ ਇਹ ਇਕੱਲਤਾ ਵਿਅਕਤੀ ਦੀਆਂ ਸੋਚਾਂ ਤੇ ਹਾਵਾਂ ਭਾਵਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਂਦੀ ਹੈ ਅਤੇ ਉਹ ਇੱਕ ਪ੍ਰਕਾਰ ਦੀ ਮਾਨਸਿਕ ਬਿਮਾਰੀ ਤੋਂ ਪੀੜਿਤ ਹੋ ਜਾਂਦਾ ਹੈ। ਪੁਲਾੜ ਯਾਤਰੀਆਂ ਵਿੱਚ ਸਮਾਂ ਬੀਤਣ ਨਾਲ ਇਹ ਮਾਨਸਿਕ ਰੋਗ 'ਥਰਡ ਕਵਾਟਰ ਸਿੰਡੋਰਮ' ਨਾਂ ਦੀ ਬਿਮਾਰੀ ਦਾ ਰੂਪ ਧਾਰਨ ਕਰ ਸਕਦਾ ਹੈ। ਇਸ ਕਾਰਨ ਉਸ ਨੂੰ ਨੀਂਦਰ ਨਹੀਂ ਆਉਂਦੀ। ਉਹ ਦੂਸਰੇ ਵਿਅਕਤੀ ਦੀ ਹੋਂਦ ਤੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਸ ਨੂੰ ਹਰ ਪ੍ਰਸ਼ਨ ਦਾ ਉੱਤਰ ਝੱਟਪਟ ਅਤੇ ਉਸ ਅਨੁਸਾਰ ਸਹੀ ਚਾਹੀਦਾ ਹੈ। ਅਜਿਹਾ ਇਨ ਬਿਨ ਨਾ ਹੋਣ ਕਾਰਨ ਗੁੱਸਾ, ਕ੍ਰੋਧ, ਖਿੱਝ, ਈਰਖਾ, ਸਾੜਾ ਅਤੇ ਅਜਿਹੀਆਂ ਕਈ ਹੋਰ ਨਾਂਹ-ਪੱਖੀ ਭਾਵਨਾਵਾਂ ਹਾਵੀ ਹੋਣ ਲਗ ਜਾਂਦੀਆਂ ਹਨ। ਉਸ ਦੇ ਗਲਤੀਆਂ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ। ਉਸ ਨੂੰ ਇੱਕ ਪ੍ਰਕਾਰ ਦਾ ਮਾਨਸਿਕ ਖੋਰਾ ਸ਼ੁਰੂ ਹੋ ਜਾਂਦਾ ਹੈ। ਇਸ ਵਰਤਾਰੇ ਨੂੰ ਸਾਈਕੋਜੀਕਲ ਕਲੋਜ਼ਿੰਗ ਵੀ ਆਖਦੇ ਹਨ। ਇੱਕ ਹੀ ਕੈਬਨ ਵਿੱਚ ਰਹਿਣ ਨਾਲ ਇਕੱਲਤਾ ਭਿਆਨਕ ਰੂਪ ਧਾਰਨ ਕਰ ਸਕਦੀ ਹੈ ਅਤੇ ਪੁਲਾੜ ਯਾਤਰੀ ਨੂੰ 'ਕੈਬਨ ਫੀਵਰ' ਹੋਣ ਦੀ ਸੰਭਾਵਨਾ ਵੀ ਹੋ ਸਕਦੀ ਹੈ।

ਵੱਖ ਵੱਖ ਪੁਲਾੜ ਯਾਤਰੀਆਂ ਦੇ ਨਿੱਜੀ ਅਨੁਭਾਵਾਂ ਅਤੇ ਹੋ ਚੁੱਕੇ ਅਧਿਐਨਾਂ ਦੇ ਮੱਦੇਨਜ਼ਰ ਇਨ੍ਹਾਂ ਚਾਰਾਂ ਭਵਿੱਖੀ ਪੁਲਾੜ ਯਾਤਰੀਆਂ ਦੀ ਮਾਨਸਿਕ ਪੱਖੋਂ ਤਿਆਰੀ ਦਾ ਲੰਮਾ ਸਮਾਂ ਪ੍ਰਚਲਨ ਚਲਦਾ ਰਿਹਾ। ਬੇਸ਼ਕ ਇਸ ਸਫ਼ਰ ਦੌਰਾਨ ਕਿਸੇ ਪ੍ਰਕਾਰ ਦੇ ਆਰਥਿਕ ਬੋਝ ਵਰਗੀ ਕੋਈ ਸਥਿਤੀ ਨਹੀਂ ਪੈਦਾ ਹੋਣੀ ਹੁੁੰਦੀ ਪ੍ਰੰਤੂ ਵਿਅਕਤੀਗਤ ਪੱਧਰ ਤੇ ਆਪਣੀ ਮਾਨਸਿਕ ਸਿਹਤ ਨੂੰ ਖ਼ੁਦ ਆਪ ਨਿਯੰਤ੍ਰਤਿ ਕਰਨ ਦਾ ਅਭਿਆਸ ਕਰਨਾ ਡਾਹਢਾ ਲੰਬਾ ਤੇ ਜ਼ੋਖ਼ਮ ਭਰਪੂਰ ਹੋਣਾ ਸੀ। ਇਸਦੇ ਨਾਲ ਹੀ ਕਿਸੇ ਨਾ ਕਿਸੇ ਰੂਪ ਵਿੱਚ ਸਮਾਜਿਕ ਪਹਿਲੂ ਵੀ ਹਾਵੀ ਹੋਣਾ ਹੁੰਦਾ ਹੈ। ਮਹੀਨਿਆਂ ਬੱਧੀ ਲੰਬੇ ਸਫ਼ਰ ਦੌਰਾਨ ਆਪਣੇ ਪੁਲਾੜ ਸਾਥੀਆਂ ਨਾਲ ਵਿਚਰਨਾ ਅਤੇ ਫਿਰ ਉਸ ਅਣਜਾਣ ਧਰਤੀ ਤੇ ਪਹੁੰਚ ਵਸੇਬਾ ਕਰਨ ਲਈ ਰਲਮਿਲਕੇ ਯਤਨ ਕਰਨੇ। ਸੋ ਇਸ ਸਭ ਕਾਸੇ ਦੇ ਹਰ ਛੋਟੇ ਤੋਂ ਛੋਟੇ ਪਹਿਲੂ ਨੂੰ ਧਿਆਨ ਵਿੱਚ ਰਖ ਸਾਲਾਂ ਬੱਧੀ ਕਰਵਾਈ ਗਈ ਤਿਆਰੀ ਤੋਂ ਬਾਦ ਆਖਰ ਇਹ ਚਾਰੇ ਪੁਲਾੜ ਯਾਤਰੀ ਇਸ ਅਦਭੁਤ ਸਫ਼ਰ ਤੇ ਰਵਾਨਾ ਹੋ ਇਸ ਵੇਲੇ ਮੰਗਲਯਾਨ-ਰੈੱਡਸਟਾਰ ਦੇ ਆਪੋ ਆਪਣੇ ਕੈਬਨਾਂ ਵਿੱਚ ਆਪਣੇ ਕੰਮ ਵਿੱਚ ਬਿਜ਼ੀ ਹਨ। ਬੇਸ਼ਕ ਇੱਥੇ ਦਿਨ ਰਾਤ ਜਾਂ ਸਮੇਂ ਦਾ ਕੋਈ ਬਾਹਰੀ ਅਨੁਭਵ ਨਹੀਂ ਪ੍ਰੰਤੂ ਨਿਸ਼ਚਤ ਸਮਾਂ-ਸਾਰਣੀ ਅਨੁਸਾਰ ਕੀਤੀ ਸਮਾਂ ਵੰਡ ਮੁਤਾਬਕ ਇਹ ਆਪਣੇ ਰੋਜ਼ਾਨਾ ਦੇ ਕੰਮ ਕਰਦੇ ਹਨ। ਇੱਕ ਵਾਰ ਇਕੱਠੇ ਬੈਠ ਖਾਂਦੇ ਹਨ। ਇੱਕ ਦੂਜੇ ਨਾਲ ਗੱਲਾਂਬਾਤਾਂ ਕਰਦੇ ਹਨ, ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਲੋੜ ਪੈਣ ਤੇ ਸਲਾਹ ਮਸ਼ਵਰਾ ਕਰਦੇ ਹਨ। ਡਿਊਟੀ ਵੇਲੇ ਆਪੋ ਆਪਣੀ ਡਿਊਟੀ ਤੇ ਹਾਜ਼ਰ ਹੁੰਦੇ ਹਨ। ਬਾਕੀ ਸਮਾਂ ਇਹਨਾਂ ਦਾ ਆਪਣਾ ਹੁੰਦਾ ਹੈ ਆਪਣੀ ਮਰਜ਼ੀ ਤੇ ਜ਼ਰੂਰਤ ਅਨੁਸਾਰ ਵਿਚਰਨ ਲਈ।

(6)

ਬੰਦ ਡੱਬੇਨੁਮਾ ਪ੍ਰੰਤੂ ਸਭ ਲੋੜਾਂ ਪੂਰੀਆਂ ਕਰਦੇ ਖੂਬਸੂਰਤ ਵੱਡੇ ਘਰ ਵਰਗੇ ਮੰਗਲਯਾਨ-ਰੈੱਡਸਟਾਰ ਅੰਦਰ ਜ਼ਿੰਦਗੀ ਮਿਥੀ ਸਮਾਂ-ਸਾਰਣੀ ਅਨੁਸਾਰ ਚਲ ਰਹੀ ਸੀ। ਐਸ ਵੇਲੇ ਤਿਸ਼ ਦੀ ਡਿਊਟੀ ਕੰਟਰੋਲ ਰੂਮ ਵਿੱਚ ਸੀ। ਉਹ ਬੜੀ ਮੁਸਤੈਦੀ ਨਾਲ ਯੰਤਰਾਂ ਤੇ ਨਿਗ੍ਹਾ ਟਿਕਾਈ ਲੋੜ ਅਨੁਸਾਰ ਓਪਰੇਟ ਕਰ ਰਿਹਾ ਸੀ। ਉਸ ਆਪਣੀ ਗੁੱਟ ਘੜੀ ਤੇ ਝਾਤੀ ਮਾਰੀ। ਘੜੀ ਦੀ ਸੂਈ ਉਹਦੀ ਡਿਊਟੀ ਖਤਮ ਹੋਣ ਦਾ ਸੰਕੇਤ ਕਰ ਰਹੀ ਸੀ। ਐਨੇ ਨੂੰ ਹੌਲੀ ਜਿਹੀ ਦਰਵਾਜ਼ਾ ਖੁਲ੍ਹਿਆ ਅਤੇ ਕਿਨ ਨੇ ਅੰਦਰ ਪ੍ਰਵੇਸ਼ ਕੀਤਾ।

"ਹੈਲੋ ਤਿਸ਼, ਹਾਓ ਇਜ਼ ਗੋਇੰਗ!"ਕਹਿ ਉਹ ਸੀਟ ਤੇ ਜਾ ਬੈਠੀ।

"ਹਾਏ! ਯਾਅ, ਐਵਰੀਥਿੰਗ ਇਜ਼ ਫਾਈਨ," ਤਿਸ਼ ਨੇ ਉਸ ਵੱਲ ਹੱਥ ਵਧਾਇਆ। ਆਪਣੀ ਸੀਟ ਛੱਡ ਬਾਹਰ ਆ ਥੋੜ੍ਹੀ ਦੇਰ ਸੁਸਤਾਉਣ ਲਈ ਉਹ ਆਪਣੇ ਕੈਬਨ ਵੱਲ ਤੁਰ ਪਿਆ। ਸਿਿਟੰਗ ਰੂਮ ਵਿੱਚ ਅਜੀਤਪਾਲ ਅਤੇ ਕੈਥਰੀਨ ਨੂੰ ਬੈਠੇ ਵੇਖ ਸਿਰ ਹਲਾ ਨਿੰਮ੍ਹੀ ਜਿਹੀ ਮੁਸਕਰਾਹਟ ਬਖੇਰਦਾ ਕੋਲੋਂ ਲੰਘ ਗਿਆ। ਉਹ ਦੋਵੇਂ ਵੀ ਹਲਕਾ ਜਿਹਾ ਮੁਸਕਰਾਏ।

"ਨਾਈਸ ਫੈਲੋ," ਕੈਥਰੀਨ ਨੇ ਜਾਂਦੇ ਤਿਸ਼ ਵੱਲ ਵੇਖ ਆਖਿਆ।

"ਹਾਂ, ਬਹੁਤ ਜ਼ਹੀਨ ਤੇ ਮਿਹਨਤੀ ਵੀ"ਅਜੀਤਪਾਲ ਦੇ ਬੋਲ ਸਨ। ਕੈਥਰੀਨ ਨੇ ਸਿਰ ਹਿਲਾ ਹਾਮੀ ਭਰੀ। ਪਲ ਭਰ ਦੀ ਚੁੱਪ ਬਾਦ ਅਜੀਤਪਾਲ ਨੇ ਗੱਲਾਂ ਦੀ ਲੜੀ ਜਾਰੀ ਰਖਦੇ ਕਿਹਾ, "ਕੈਥੀ! ਮੇਰਾ ਨਿੱਕੇ ਹੁੰਦਿਆਂ ਤੋਂ ਹੀ ਚੰਦ ਤੇ ਜਾਣ ਦਾ ਸੁਪਨਾ ਸੀ। ਮੈਂ ਸੁਪਨੇ ਵਿੱਚ ਆਪਣੇ ਆਪ ਨੂੰ ਚੰਦਰਮਾ ਤੇ ਤੁਰਦਾ ਫਿਰਦਾ ਵੇਖਦਾ ਹੁੰਦਾ ਸੀ। ਮੈਂ ਕਦੇ ਨਹੀਂ ਸੀ ਕਿਆਸਿਆ ਕਿ ਹਕੀਕਤ ਵਿੱਚ ਕਦੇ ਅਜਿਹਾ ਸੰਭਵ ਹੋ ਸਕੇਗਾ। ਪਰ ਵੇਖੋ! ਐਸ ਵੇਲੇ ਮੈਂ ਪੁਲਾੜੀ ਵਿਮਾਨ ਵਿੱਚ ਸੁਆਰ ਚੰਦ ਤੇ ਤਾਂ ਨਹੀਂ ਪ੍ਰੰਤੂ ਇੱਕ ਹੋਰ ਧਰਤੀ ਵੱਲ ਜਾ ਰਿਹਾ ਹਾਂ। ਸਦਾ ਸਦਾ ਉੱਥੇ ਰਹਿਣ ਲਈ, ਕਦੇ ਨਾ ਮੁੜਨ ਲਈ।"ਅਜੀਤ ਦੇ ਬੋਲਾਂ ਵਿੱਚ ਉਹਦੇ ਸੁਪਨੇ ਸੱਚ ਹੋਣ ਦੀ ਭਾਵੁਕਤਾ ਪ੍ਰਤੱਖ ਸੀ।

"ਯੈਸ ਅਜੀਤ! ਐਸ ਵੇਲੇ ਸ਼ਾਇਦ ਆਪਾਂ ਸਾਰੇ ਹੀ ਅਜੇਹੀ ਮਨੋਸਥਿਤੀ ਵਿੱਚ ਵਿਚਰ ਰਹੇ ਹਾਂ। ਸੁਪਨਿਆਂ ਨੂੰ ਬੂਰ ਪੈਣ ਵਾਲੀ ਮਨੋਸਥਿਤੀ ਦੀ ਕਲਪਨਾ ਮਾਤਰ ਨਾਲ ਆਵੇਸ਼ਤ ਹੋਣ ਵਾਲੀ ਹਾਲਤ ਵਿੱਚ ਹਾਂ। ਪ੍ਰੰਤੂ ਜਿਉਂ ਜਿਉਂ ਨਿਸ਼ਾਨੇ ਵੱਲ ਵਧ ਰਹੇ ਹਾਂ ਤਾਂ ਕਈ ਅਣਕਿਆਸੇ ਪ੍ਰਸ਼ਨ ਜ਼ਿਹਨ ਨੂੰ ਟਿਕਣ ਨੀਂ ਦੇਂਦੇ।"ਆਖ ਉਸ ਡੂੰਘਾ ਸਾਹ ਭਰਿਆ। ਅਜੀਤ ਟਿਕਟਿਕੀ ਲਗਾਈ ਉਸ ਦੇ ਚਿਹਰੇ ਦੇ ਹਾਵ ਭਾਵ ਵਾਚ ਰਿਹਾ ਸੀ।

"ਉਂਜ ਤਾਂ ਆਪਾਂ ਨੂੰ ਇਸ ਸਫ਼ਰ ਤੇ ਚਲਣ ਤੋਂ ਪਹਿਲਾਂ ਸਾਰੀ ਹਕੀਕਤ ਦਾ ਪਤਾ ਸੀ। ਆਪਾਂ ਇਸ ਲਈ ਫਿਜ਼ੀਕਲੀ, ਮੈਂਟਲੀ, ਸਾਈਕਲੌਜੀਕਲੀ ਪੂਰੀ ਤਰ੍ਹਾਂ ਤਿਆਰ ਹਾਂ। ਆਪਾਂ ਨੂੰ ਪਤਾ ਹੈ ਕਿ ਆਪਾਂ ਉਸ ਧਰਤੀ ਵੱਲ ਵਧ ਰਹੇ ਹਾਂ ਜਿਹੜੀ ਸਾਡੀ ਧਰਤੀ ਦੇ ਮੁਕਾਬਲੇ ਬਹੁਤ ਛੋਟੀ ਹੈ। ਸੂਰਜ ਦੁਆਲੇ ਘੁੰਮਦੇ ਸਭ ਨਾਲੋਂ ਛੋਟੇ ਗ੍ਰਹਿ ਮਰਕਰੀ ਨਾਲੋਂ ਬਸ ਥੋੜ੍ਹੀ ਜਿਹੀ ਵੱਡੀ। ਇਸ ਦਾ ਅਰਧ ਵਿਆਸ ਧਰਤੀ ਨਾਲੋਂ ਅੱਧਾ, ਘਣਫਲ ਧਰਤੀ ਦੇ ਘਣਫਲ ਦਾ 15% ਅਤੇ ਭਾਰ ਧਰਤੀ ਦੇ ਭਾਰ ਦਾ ਕੇਵਲ 11% ਹੈ। ਇਸ ਦੀ ਸਤ੍ਹਾ ਦਾ ਖੇਤਰਫਲ ਧਰਤੀ ਦੀ ਸਤ੍ਹਾ ਦੇ ਕੁੱਲ ਖੇਤਰਫਲ ਦਾ 28.4% ਭਾਵ ਧਰਤੀ ਦੇ ਖੁਸ਼ਕੀ ਵਾਲੇ ਭਾਗ ਜਿਤਨਾ ਹੀ ਹੈ। ਇਹਨਾਂ ਸਾਰੇ ਅੰਕੜਿਆਂ ਤੋਂ ਨਤੀਜਾ ਇਹ ਨਿਕਲਦਾ ਕਿ ਇਸ ਗ੍ਰਹਿ ਦੀ ਧਰਤੀ ਦਾ ਗੁਰੂਤਾ ਆਕਰਸ਼ਣ ਆਪਣੀ ਧਰਤੀ ਦੀ ਤੁਲਨਾ ਵਿੱਚ ਕੇਵਲ 38 ਕੁ ਪ੍ਰਤੀਸ਼ਤ ਭਾਵ ਤੀਜਾ ਹਿੱਸਾ ਹੀ ਹੈ। ਇਸ ਕਾਰਨ ਪੈਦਾ ਹੋਣ ਵਾਲੀ ਭਾਰਹੀਣਤਾ ਦੀ ਸਥਿਤੀ ਨਾਲ ਦਰਪੇਸ਼ ਸਿਹਤ ਸਮੱਸਿਆਵਾਂ ਨਾਲ ਕਿੰਵੇਂ ਸਿੱਝਣਾ ਇਹ ਤਾਂ ਉੱਥੇ ਪਹੁੰਚ ਕੇ ਹੀ ਪਤਾ ਲਗਣਾ। ਨਾਲੇ ਉਸ ਵੀਰਾਨ ਸਤ੍ਹਾ 'ਤੇ ਕਿਸੇ ਪ੍ਰਕਾਰ ਦੀ ਬਨਸਪਤੀ ਜਾਂ ਜੀਵ-ਜੰਤੂ ਹੋਣ ਦੀ ਸੰਭਾਵਨਾ ਵੀ ਨਹੀਂ ਜਾਪਦੀ।"ਕੈਥਰੀਨ ਦੇ ਦਿਮਾਗ ਵਿੱਚ ਪ੍ਰਸ਼ਨਾਂ ਦਾ ਕੋਤੂਹਲ ਸੀ ਜਿਸਦੀ ਤੰਦ ਅਜੀਤ ਪਾਲ ਨੇ ਫੜ ਲਈ।

"ਬਿਲਕੁਲ ਠੀਕ ਕੈਥੀ, ਆਪਾਂ ਆਪਣੀ ਧਰਤੀ ਦੇ ਅਗਲੇਰੇ ਪਲੈਨੇਟ ਵੱਲ ਵਧ ਰਹੇ ਹਾਂ ਜਿਹੜਾ ਸੂਰਜ ਦੇ ਦੁਆਲੇ ਚੌਥੇ ਸਥਾਨ ਤੇ ਚੱਕਰ ਕੱਟ ਰਿਹਾ ਹੈ। ਇਹ ਸੂਰਜ ਤੋਂ ਧਰਤੀ ਨਾਲੋਂ ਡੇਢ ਗੁਣਾ ਦੂਰੀ ਤੇ ਹੈ। ਇਸ ਤਰ੍ਹਾਂ ਧਰਤੀ ਉਪਰ ਪਹੁੰਚਣ ਵਾਲੀ ਸੂਰਜੀ ਊਰਜਾ ਦੇ ਮੁਕਾਬਲੇ ਇੱਥੇ ਅੱਧੇ ਤੋਂ ਵੀ ਘੱਟ ਮਸਾਂ 43% ਸੂਰਜੀ ਗਰਮੀ ਪਹੁੰਚਦੀ ਹੈ। ਸੋ ਕੁਦਰਤੀ ਹੈ ਕਿ ਇੱਥੇ ਵਧੇਰੇ ਠੰਡ ਹੋਵੇਗੀ। ਸੋ ਇਸਦੇ ਧਰੁਵਾਂ 'ਤੇ ਘੱਟ ਤੋਂ ਘੱਟ ਤਾਪਮਾਨ -143 ਡਿਗਰੀ ਸੈਲਸੀਅਸ ਅਤੇ ਮੱਧ ਰੇਖਾ 'ਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਹੀ ਹੁੰਦਾ ਹੈ। ਉੱਥੇ ਪਾਣੀ ਦੇ ਤਰਲ ਰੂਪ ਵਿੱਚ ਹੋਣ ਦੀ ਸੰਭਾਵਨਾ ਵੀ ਨਾਂਹ ਦੇ ਬਰਾਬਰ ਜਾਪਦੀ ਹੈ। ਜੋ ਵੀ ਪਾਣੀ ਹੈ ਉਹ ਧਰੁਵਾਂ ਉਪਰ ਜੰਮੀ ਬਰਫ਼ ਦੇ ਰੂਪ ਵਿੱਚ ਹੈ ਜਾਂ ਉੱਥੇ ਮੌਜੂਦ ਰਸਾਇਣਕ ਪਦਾਰਥਾਂ ਵਿੱਚ ਉਹਨਾਂ ਨਾਲ ਜੁੜੇ ਪਾਣੀ ਦੇ ਅਣੂਆਂ (ਵਾਟਰ ਮੌਲੀਕਿਊਲਜ਼) ਦੇ ਰੂਪ ਵਿੱਚ ਹੈ। ਉੱਥੇ ਵਾਯੂਮੰਡਲੀ ਦਬਾਅ ਵੀ ਧਰਤੀ ਦੀ ਤੁਲਨਾ ਵਿੱਚ ਬਹੁਤ ਘੱਟ ਹੈ। ਧਰਤੀ ਦੁਆਲੇ ਤਕਰੀਬਨ 120 ਕਿਲੋਮੀਟਰ ਵਾਯੂਮੰਡਲੀ ਘੇਰਾ ਹੈ ਜਦੋਂ ਕਿ ਮੰਗਲ ਧਰਤੀ ਚੁਫ਼ੇਰੇ ਕੇਵਲ 12 ਕਿਲੋਮੀਟਰ ਵਾਯੂਮੰਡਲੀ ਘੇਰਾ ਹੈ ਅਤੇ ਉਹ ਵੀ ਬਹੁਤ ਪਤਲਾ ਵਾਯੂਮੰਡਲ ਹੈ, ਜਿਹਦੇ ਵਿੱਚ ਮੁੱਖ ਤੌਰ ਤੇ ਕਾਰਬਨ ਡਾਇਔਕਸਾਈਡ ਗੈਸ 96%, ਆਰਗੌਨ 1.96%, ਨਾਈਟ੍ਰੋਜਨ 1.89% ਅਤੇ ਆਕਸੀਜਨ ਕੇਵਲ ਟ੍ਰੇਸਜ਼ ਮਾਤਰ ਹੈ। ਵਾਯੂਮੰਡਲ ਵਿੱਚ ਮਿੱਟੀ ਦੇ ਕਣਾਂ ਦੀ ਬਹੁਲਤਾ ਹੈ।"ਅਜੀਤ ਪਾਲ ਵਰਨਣ ਕਰ ਰਿਹਾ ਸੀ ਅਤੇ ਕੈਥੀ ਆਪਣੀ ਗੱਲ੍ਹ ਉਪਰ ਉਂਗਲ ਟਿਕਾਈ ਚੁੱਪਚਾਪ ਸੁਣ ਰਹੀ ਸੀ। ਜਮਾਤ ਵਿੱਚ ਪੜ੍ਹਾ ਰਹੇ ਅਧਿਆਪਕ ਵਾਂਗ ਅਜੀਤ ਪਾਲ ਕੈਥੀ ਨੂੰ ਸੰਬੋਧਿਤ ਹੋਇਆ।

"ਕੈਥੀ, ਤੈਨੂੰ ਪਤਾ ਈ ਏ ਕਿ ਆਪਣੀ ਧਰਤੀ ਦੇ ਵਾਯੂਮੰਡਲ ਵਿੱਚ 4 ਹਿੱਸਾ ਨਾਈਟ੍ਰੋਜਨ, 1 ਹਿੱਸਾ ਆਕਸੀਜਨ ਅਤੇ ਕਾਰਬਨ ਡਾਈਔਕਸਾਈਡ ਕੇਵਲ .04% ਹੈ। ਸੋ ਉੱਥੇ ਜੀਵਾਂ ਦੇ ਸਾਹ ਲੈਣ ਲਈ ਕਾਫ਼ੀ ਮਾਤਰਾ ਵਿੱਚ ਆਕਸੀਜਨ ਹੈ ਅਤੇ ਨਾਈਟ੍ਰੋਜਨ ਦੀ ਵੱਧ ਮਾਤਰਾ ਹੋਣ ਕਰਕੇ ਬਲਣ ਕਿਰਿਆ ਧਮਾਕੇ ਨਾਲ ਨਹੀਂ ਬਲਕਿ ਧੀਮੇ ਧੀਮੇ ਨਿਰੰਤਰ ਜਾਰੀ ਰਹਿੰਦੀ ਹੈ। ਹੁਣ ਮੰਗਲ ਗ੍ਰਹਿ ਉਪਰ ਲਗਪਗ ਸਭ ਕੁੱਝ ਉਲਟਾ ਹੋਣਾ ਹੈ। ਸਭ ਤੋਂ ਵੱਡੀ ਮੁਹਿੰਮ ਸਾਹ ਲੈਣ ਲਈ ਆਕਸੀਜਨ ਦੀ ਪ੍ਰਾਪਤੀ ਹੈ ਜਿਸਨੂੰ ਆਪਾਂ ਸਰ ਕਰਨਾ।"ਅਜੀਤ ਪਾਲ ਜੀਵਨ ਦੀਆਂ ਸੰਭਾਵਨਾਵਾਂ ਅਸੰਭਨਾਵਾਂ ਦਾ ਨਾਪ ਤੋਲ ਕਰ ਰਿਹਾ ਸੀ।

"ਯੈੱਸ ਅਜੀਤ! ਅਕਾਸ਼ ਦੇ ਇੱਕ ਕੋਨੇ ਵਿੱਚ ਚਮਕਦਾ ਗੂੜ੍ਹੇ ਲਾਲ ਰੰਗ ਦਾ ਤਾਰਾ ਜਾਪਦਾ ਇਹ ਅਦਭੁਤ ਅਕਾਸ਼ੀ ਪਿੰਡ ਹਮੇਸ਼ਾਂ ਤੋਂ ਮਨੁੱਖ ਦੇ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਆਖਰ ਮਨੁੱਖ ਦੀ ਤੇਜ਼ ਬੁੱਧੀ ਨੇ ਇਸ ਨੂੰ ਬਾਕੀ ਤਾਰਿਆਂ ਨਾਲੋਂ ਨਿਖੇੜ ਹੀ ਲਿਆ ਕਿ ਇਹ ਤਾਰਾ ਨਹੀਂ ਬਲਕਿ ਸਾਡੀ ਧਰਤੀ ਵਾਂਗ ਸੂਰਜ ਦੁਆਲੇ ਚੱਕਰ ਕਟ ਰਿਹਾ ਇੱਕ ਹੋਰ ਗ੍ਰਹਿ ਹੈ। ਮੰਗਲ ਗ੍ਰਹਿ ਉੱਤੇ ਵੀ ਧਰਤੀ ਵਾਂਗ ਦਿਨ ਤੇ ਰਾਤ ਹੁੰਦੇ ਹਨ। ਧਰਤੀ ਦਾ ਦਿਨ 24 ਘੰਟੇ ਦਾ ਹੁੰਦਾ ਤੇ ਮੰਗਲ ਗ੍ਰਹਿ ਦਾ ਦਿਨ 39 ਮਿੰਟ ਵੱਡਾ ਮਤਲਬ ਕਿ 24 ਘੰਟੇ ਤੇ 39 ਮਿੰਟਾਂ ਦਾ। ਆਪਾਂ ਜਦੋਂ ਉੱਥੇ ਪਹੁੰਚਣਾ ਤਾਂ ਆਪਾਂ ਨੂੰ ਧਰਤੀ ਵਾਂਗੂ ਹੀ ਅਨੁਭਵ ਹੋਣਾ। ਉਂਜ ਹੀ ਦਿਨ ਚੜ੍ਹਿਆ ਕਰਨਾ, ਸੂਰਜ ਨੇ ਸਰਕਦੇ ਸਰਕਦੇ ਹੇਠਾਂ ਤੁਰੀ ਜਾਣਾ ਤਾਂ ਸ਼ਾਮ ਦਾ ਘੁਸਮੁਸਾ ਹੋ ਜਾਣਾ ਤੇ ਫਿਰ ਰਾਤ ਪੈ ਜਾਣੀ," ਕੈਥੀ ਦੇ ਚਿਹਰੇ ਤੇ ਜਾਣੇ ਮਾਣੇ ਅਨੁਭਵਾਂ ਨੂੰ ਮਾਨਣ ਦੀ ਆਸ਼ਾ ਦੀ ਆਭਾ ਫੈਲ ਗਈ।

"ਠੀਕ ਕਿਹਾ ਕੈਥੀ! ਆਪਾਂ ਨੂੰ ਪਤਾ ਭਈ ਮਨੁੱਖ ਨੂੰ ਨਵੀਆਂ ਨਵੀਆਂ ਖੋਜਾਂ ਕਰਨ, ਨਵੀਆਂ ਥਾਵਾਂ ਲਭਣ ਅਤੇ ਉੱਥੇ ਜਾ ਕੇ ਵੱਸਣ ਦੀ ਲਾਲਸਾ ਸਦਾ ਤੋਂ ਰਹੀ ਹੈ। ਇਸੇ ਲਲਕ ਸਦਕਾ ਹੀ ਪੰਦਰਵੀਂ ਸਦੀ ਵਿੱਚ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਜਹਾਜ਼ੀ ਸਮੁੰਦਰੀ ਯਾਤਰਾਵਾਂ ਤੇ ਨਿਕਲੇ ਅਤੇ ਕਈ ਨਵੀਆਂ ਧਰਤੀਆਂ ਲੱਭੀਆਂ ਜਿਨ੍ਹਾਂ ਵਿਚੋਂ ਕੋਲੰਬਸ ਦੇ ਜਹਾਜ਼ੀ ਬੇੜੇ ਵਲੋਂ ਬਹੁਤ ਵੱਡੇ ਦੇਸ਼ ਅਮਰੀਕਾ ਦੀ ਖੋਜ ਇਤਿਹਾਸ ਦੀ ਨਾਮਵਰ ਖੋਜ ਸਾਬਤ ਹੋਈ। ਪਰ ਬੰਦਾ ਕਿਹੜਾ ਟਿਕ ਕੇ ਬੈਠਦਾ। ਧਰਤੀ ਤੇ ਅਣਲੱਭੀਆਂ ਧਰਤੀਆਂ ਲੱਭਣ ਉਪਰੰਤ ਉਹ ਅਕਾਸ਼ ਵਿਚਲੀਆਂ ਨਵੀਆਂ ਧਰਤੀਆਂ ਲੱਭਣ ਹੋ ਤੁਰਿਆ। ਕੈਥੀ, ਛੇਵੀਂ ਜਮਾਤ ਵਿੱਚ ਸਾਇੰਸ ਦਾ ਇੱਕ ਪ੍ਰਸ਼ਨ ਹੁੰਦਾ ਸੀ 'ਕੀ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ਤੇ ਧਰਤੀ ਵਾਂਗ ਜੀਵਨ ਸੰਭਵ ਹੈ?' ਇਸ ਦਾ ਜੁਆਬ ਮੈਨੂੰ ਅਜੇ ਤੱਕ ਜਿਉਂ ਦਾ ਤਿਉਂ ਰਟਿਆ ਹੋਇਆ ਹੈ। 'ਹਾਂ, ਮੰਗਲ ਗ੍ਰਹਿ ਇੱਕ ਅਜਿਹਾ ਗ੍ਰਹਿ ਹੈ ਜਿਸ ਉਪਰ ਧਰਤੀ ਵਾਂਗ ਜੀਵਨ ਹੋਣ ਦੀਆਂ ਸੰਭਾਵਨਾਵਾਂ ਹਨ। ਇਸ ਉਪਰ ਮੌਜੂਦ ਪ੍ਰਸਥਿਤੀਆਂ ਕਾਫ਼ੀ ਹੱਦ ਤੱਕ ਧਰਤੀ ਨਾਲ ਮਿਲਦੀਆਂ ਜੁਲਦੀਆਂ ਹਨ। 1970 ਦੇ ਦਹਾਕੇ ਵਿੱਚ ਵਿਗਆਨੀਆਂ ਨੇ ਮਨੁੱਖ ਦੇ ਮੰਗਲ ਗ੍ਰਹਿ ਉਪਰ ਵਸ ਸਕਣ ਦੀ ਭਵਿੱਖਬਾਣੀ ਕੀਤੀ ਸੀ।"ਇੰਜ ਲਗਦਾ ਸੀ ਜਿਵੇਂ ਅਜੀਤਪਾਲ ਜਮਾਤ ਵਿੱਚ ਖੜਾ ਪ੍ਰਸ਼ਨ ਦਾ ਜੁਆਬ ਸੁਣਾ ਰਿਹਾ ਹੋਵੇ। ਬਿਲਕੁਲ ਇੱਕ ਮਨ ਇੱਕ ਚਿੱਤ ਹੋ ਕੇ।

ਕੈਥੀ ਉਹਦੇ ਚਿਹਰੇ ਦੇ ਬਦਲਦੇ ਹਾਵਾਂ ਭਾਵਾਂ ਨੂੰ ਵੇਖਦੀ ਮੰਦ ਮੰਦ ਮੁਸਕਰਾ ਰਹੀ ਸੀ, "ਵੈਰੀ ਗੁੱਡ! ਅਜੀਤਪਾਲ, ਸਿਟ ਡਾਊਨ! ਸਾਰੇ ਬੱਚੇ ਇੰਜ ਹੀ ਪ੍ਰਸ਼ਨ ਯਾਦ ਕਰਿਆ ਕਰੋ ਜਿਵੇਂ ਅਜੀਤ ਨੇ ਯਾਦ ਕੀਤਾ ਮੂੰਹ ਜ਼ੁਬਾਨੀ, ਇੱਕ ਵੀ ਅੱਖਰ ਨਹੀਂ ਭੁੱਲਣਾ ਚਾਹੀਦਾ।"ਉਸ ਉਹਦਾ ਮੋਢਾ ਥਾਪੜਿਆ।

"ਕੈਥੀ, ਤੂੰ ਮੇਰਾ ਮੌਜੂ ਉੜਾ ਰਹੀ ਏਂ," ਰਤਾ ਕੁ ਸ਼ਰਮਿੰਦਾ ਹੁੰਦਾ ਅਜੀਤਪਾਲ ਘੁਰਕਿਆ।

"ਓਅ....ਨੋਅ! ਮੈਂ ਤਾਂ ਤੇਰੀ ਯਾਦਾਸ਼ਤ ਅਤੇ ਅੰਦਾਜ਼ ਦੀ ਦਾਦ੍ਹ ਦੇ ਰਹੀ ਆਂ। ਤੂੰ ਸਚੀਂ ਮੁਚੀਂ ਐਸ ਵੇਲੇ ਛੇਵੀਂ ਦਾ ਵਿਦਆਰਥੀ ਪ੍ਰਤੀਤ ਹੁੰਦਾ ਸੀ।"ਉਹ ਗੁਟਕੀ, "ਉਂਜ ਜੋ ਸਾਡੇ ਸਾਇੰਸ ਦੇ ਅਧਿਆਪਕ ਨੇ ਪੜ੍ਹਾਇਆ ਸੀ ਮੈਨੂੰ ਵੀ ਯਾਦ ਏ 'ਕਿ ਮੰਗਲ ਗ੍ਰਹਿ ਦਾ ਲਾਲ ਰੰਗ ਉਸ ਦੀ ਸਤ੍ਹਾ 'ਤੇ ਆਇਰਨ ਔਕਸਾਈਡ ਨਾਂ ਦੇ ਪਦਾਰਥ ਦੀ ਵੱਧ ਮਾਤਰਾ ਹੋਣ ਕਰਕੇ ਹੈ। ਆਇਰਨ ਔਕਸਾਈਡ ਲੋਹੇ ਉਪਰ ਲਗਿਆ ਜੰਗਾਲ ਹੁੰਦਾ ਹੈ ਜੋ ਕਿ ਲੋਹੇ ਦੇ ਸਿੱਲੀ ਥਾਂ ਤੇ ਪਏ ਰਹਿਣ ਕਾਰਨ ਹਵਾ ਵਿਚਲੀ ਔਕਸੀਜਨ ਤੇ ਲੋਹੇ ਦੇ ਮੇਲ ਨਾਲ ਬਣੀ ਲੋਹੇ ਤੇ ਜੰਮੀ ਲਾਲ ਰੰਗ ਦੀ ਪਤਲੀ ਜਿਹੀ ਤਹਿ ਹੁੰਦੀ ਹੈ।"ਕੈਥੀ ਨੇ ਵੀ ਆਪਣੀ ਵਿਦਵਤਾ ਦਰਸਾਈ।

"ਬਿਲਕੁਲ ਠੀਕ ਫੁਰਮਾਇਆ ਕੈਥੀ! ਯੂ ਆਰ ਜੀਨੀਅਸ!"ਉਸ ਉਹਦੀ ਗੱਲ੍ਹ ਪਲੋਸੀ, "ਤੇ ਹਾਂ, ਆਇਰਨ ਤੋਂ ਇਲਾਵਾ ਮੰਗਲ ਦੀ ਸਤ੍ਹਾ ਉਪਰ ਮੈਗਨੀਸ਼ੀਅਮ, ਐਲੂਮੀਨੀਅਮ, ਕੈਲਸ਼ੀਅਮ ਤੇ ਪੋਟਾਸ਼ੀਅਮ ਤੱਤ ਵੀ ਵੱਡੀ ਮਾਤਰਾ ਵਿੱਚ ਹਨ। ਇਸ ਧਰਤੀ ਉਪਰ 50 ਕਿਲੋਮੀਟਰ ਮੋਟੀ ਕ੍ਰਸਟ ਹੈ ਜੋ ਕਿ ਕਈ ਸਥਾਨਾਂ 'ਤੇ ਵੱਧ ਤੋਂ ਵੱਧ 125 ਕਿਲੋਮੀਟਰ ਤੱਕ ਵੀ ਮੋਟੀ ਹੈ। ਮਤਲਬ ਕਿ ਧਰਤੀ ਦੀ ਕ੍ਰਸਟ ਦੀ ਵੱਧ ਤੋਂ ਵੱਧ 40 ਕਿਲੋਮੀਟਰ ਮੋਟੀ ਕ੍ਰਸਟ ਨਾਲੋਂ ਤਿੰਨ ਗੁਣਾ ਮੋਟੀ ਪਰਤ।......ਓ.ਕੇ. ਕੈਥੀ, ਇਹ ਵੀ ਚੰਗੀ ਤਰ੍ਹਾਂ ਯਾਦ ਕਰ ਲੈਣਾ।"ਉਹ ਦੋਵੇਂ ਗੁਰੂ ਸ਼ਿਸ਼ ਬਣੇ ਆਪਸੀ ਸਾਥ ਦਾ ਆਨੰਦ ਮਾਣ ਰਹੇ ਸਨ। ਕੈਥਰੀਨ ਤੋਂ 'ਕੈਥੀ' ਅਤੇ ਅਜੀਤਪਾਲ ਤੋਂ 'ਅਜੀਤ' ਸੰਬੋਧਨ ਦਾ ਸਫ਼ਰ ਕਦੋਂ ਤੇ ਕਿੰਵੇਂ ਤਹਿ ਕਰ ਹਕੀਕਤ ਦੇ ਖਰ੍ਹਵੇ ਪੰਧ ਤੇ ਉਹ ਪੋਲੇ ਪੈਰੀਂ ਤੁਰਨ ਲਗ ਪਏ ਉਹਨਾਂ ਨੂੰ ਪਤਾ ਹੀ ਨਹੀਂ ਚਲਿਆ।

ਇੰਜ ਹੀ ਇੱਕ ਦਿਨ ਦੋਵੇਂ ਆਪਣੇ ਵਿਹਲੇ ਸਮੇਂ ਵਿੱਚ ਬੈਠੇ ਕਿਸੇ ਗੱਲ ਤੇ ਵਿਚਾਰ ਚਰਚਾ ਕਰ ਰਹੇ ਸਨ ਕਿ ਕੈਥਰੀਨ ਚਲਦੀ ਗਲਬਾਤ ਨੂੰ ਵਿਚਾਲੇ ਛੱਡ ਅਜੀਤਪਾਲ ਨੂੰ ਮੁਖ਼ਾਤਿਬ ਹੋਈ।

"ਅਜੀਤਪਾਲ! ਆਈ ਵਾਂਟ ਟੂ ਨੋਅ ਮੀਨਿੰਗ ਆਫ਼ ਯੂਅਰ ਨੇਮ? ਆਈ ਨੋਅ, ਯੂ ਪੀਪਲ ਹੇਵ ਆਲਵੇਜ਼ ਯੂਅਰ ਨੇਮਜ਼ ਵਿੱਦ ਸੰਮ ਵੰਡਰਫੁਲ ਮੀਨਿੰਗ। ਐਮ ਆਈ ਰਾਈਟ?"

"ਯੂ ਆਰ ਐਬਸੋਲੂਟਲੀ ਰਾਈਟ ਕੈਥਰੀਨ! 'ਅਜੀਤ' ਮੀਨਜ਼ 'ਅਨਕੌਨਕਰੇਬਲ'.....ਦੈਟ ਕਾਂਟ ਬੀ ਕਨਕਰਡ...ਜਿਹਨੂੰ ਜਿੱਤਿਆ ਨਹੀਂ ਜਾ ਸਕਦਾ। ਐਂਡ 'ਪਾਲ' ਇਜ਼ ਏ ਸੂਫਿਕਸ ਐਡਡ ਟੂ ਇਟ, ਦੈਟ ਮੀਨਜ਼ 'ਫ੍ਰੈਂਡ' "ਅਜੀਤਪਾਲ ਆਪਣੇ ਨਾਂ ਦਾ ਮਤਲਬ ਸਮਝਾਉਂਦਾ ਮਾਣ ਮਹਿਸੂਸ ਕਰ ਰਿਹਾ ਸੀ।

"ਵਾਓ! ਵੰਡਰਫੁਲ! ਅਨਕੌਨਕਰੇਬਲ....ਜਿਹਨੂੰ ਜਿੱਤਿਆ ਨਹੀਂ ਜਾ ਸਕਦਾ," ਕੈਥਰੀਨ ਨੇ ਦੁਹਰਾਇਆ। ਫਿਰ ਮਨ ਹੀ ਮਨ ਬੁਦਬੁਦਾਈ, "ਬਟ ਆਈ ਵਿਲ ਕਨਕਰ ਯੂ ਮਾਈ ਫ੍ਰੈਂਡ"

"ਯੂ ਸੈੱਡ ਸਮਥਿੰਗ," ਉਹਦੇ ਹਿਲਦੇ ਬੁੱਲ੍ਹ ਵੇਖ ਅਜੀਤਪਾਲ ਨੇ ਪੁੱਛਿਆ।

"ਨੋ...ਨਥਿੰਗ," ਉਹ ਸੁਕਚਾਈ।

"ਐਂਡ ਕੈਥਰੀਨ! ਐਵਰੀ ਨੇਮ ਹੇਜ਼ ਸਮ ਮੀਨਿੰਗ, ਸੋ ਆਈ ਐਮ ਸ਼ੁਅਰ ਯੂਅਰ ਨੇਮ ਮਸਟ ਹੇਵ ਬਿਊਟੀਫੁੱਲ ਮੀਨਿੰਗ।"

"ਯਾਅ, ਇਟਸ ਏ ਲੈਟਿਨ ਵਰਡ। 'ਕੈਥਰੀਨ' ਮੀਨਜ਼ 'ਪਿਓਰ....ਕਲੀਅਰ।"

"ਬਹੁਤ ਖ਼ੂਬ! 'ਪਿਓਰ....ਕਲੀਅਰ' ਮਤਲਬ ਕਿ 'ਸ਼ੁਧ...ਸ਼ਵੱਛ...ਨਿਰਮਲ' ਕੈਥਰੀਨ ਇਨ ਪੰਜਾਬੀ ਯੂਅਰ ਨੇਮ ਵੁਡ ਬੀ 'ਨਿਰਮਲ', ਉਸ ਹੱਸ ਕੇ ਦੱਸਿਆ।

"ਓ ਮਾਈ ਗਾਡ! ਯੂ ਨੋਅ ਆਈ ਹੈਡ ਮਾਈ ਸਕੂਲ ਫ੍ਰੈਂਡ ਨੇਮਡ 'ਨਿਰਮਲ'। ਵਟ ਏ ਕੋਇਨਸੀਡੈਂਸ! ਵੁਈ ਨੈਵਰ ਨਿਊ ਵੁਈ ਹੇਡ ਸੇਮ ਨੇਮਜ਼," ਉਹ ਖਿੜੀ ਬੈਠੀ ਸੀ।

"ਬਸ ਲੈਂਗੁਏਜ਼ ਡਿਫਰੈਂਟ ਸੀ," ਅਜੀਤਪਾਲ ਨੇ ਆਖਿਆ।

"ਐਂਡ ਅਜੀਤ, ਇਨ ਇੰਗਲਿਸ਼ ਯੂਅਰ ਨੇਮ ਵੁਡ ਹੈਵ ਬਿਨ 'ਵਿਕਟਰ'……ਜਿਹੜਾ ਜਿੱਤਿਆ ਨਹੀਂ ਜਾ ਸਕਦਾ ਪਰ ਹੋਰਾਂ ਨੂੰ ਜਿੱਤ ਸਕਦਾ।"ਸੋ ਆਈ ਕੈਨ ਕਾਲ ਯੂ 'ਵਿਕਟਰ'," ਉਸ ਆਵੇਸ਼ ਵਿੱਚ ਅਜੀਤਪਾਲ ਦਾ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਘੁੱਟ ਲਿਆ ਸੀ।

"ਤੇ ਮੈਂ ਤੈਨੂੰ 'ਨਿਰਮਲ' ਕਹਿ ਸਕਦਾਂ...ਹੈਨਾ"ਅਜੀਤਪਾਲ ਨੇ ਆਪਣਾ ਦੂਸਰਾ ਹੱਥ ਉਹਨਾਂ ਉਪਰ ਰੱਖ ਆਖਿਆ ਸੀ। ਉਦੋਂ ਤੋਂ ਉਹ ਇੱਕ ਦੂਜੇ ਨੂੰ 'ਵਿਕਟਰ' ਤੇ 'ਨਿਰਮਲ' ਤਾਂ ਨਹੀਂ ਪ੍ਰੰਤੂ ਛੋਟੇ ਨਾਂ 'ਅਜੀਤ' ਤੇ 'ਕੈਥੀ' ਨਾਲ ਸੰਬੋਧਨ ਕਰਨ ਲਗ ਪਏ ਸਨ।

ਤਿਸ਼ ਆਪਣੇ ਕਮਰੇ ਵਿਚੋਂ ਫ੍ਰੈਸ਼ ਹੋ ਕੇ ਬਾਹਰ ਨਿਕਲਿਆ। ਹਾਲ ਵਿੱਚ ਅਜੀਤਪਾਲ ਤੇ ਕੈਥਰੀਨ ਨੂੰ ਬੈਠੇ ਗੱਲਾਂ ਕਰਦੇ ਵੇਖ ਕੋਲ ਆ ਉਹਨਾਂ ਨੂੰ ਸੰਬੋਧਿਤ ਹੋਇਆ, "ਕੁਡ ਆਈ ਜੁਆਇਨ ਯੂ ਪੀਪਲ?"

"ਸ਼ੁਅਰ! ਸ਼ੁਅਰ! ਪਲੀਜ਼ ਹੈਵ ਸੀਟ," ਅਜੀਤਪਾਲ ਨੇ ਉਸ ਵੱਲ ਹੱਥ ਵਧਾਇਆ। ਦੋਵਾਂ ਨਾਲ ਹੱਥ ਮਿਲਾ ਤਿਸ਼ ਨਾਲ ਵਾਲੀ ਖਾਲੀ ਕੁਰਸੀ ਤੇ ਬੈਠ ਚਲਦੀ ਗੱਲਬਾਤ ਵਿੱਚ ਸ਼ਾਮਲ ਹੋ ਗਿਆ। ਧਰਤੀ ਉਪਰ ਟ੍ਰੇਨਿੰਗਾਂ ਦਰਮਿਆਨ ਵੀ ਉਹ ਇਕੱਠੇ ਵਿਚਰਦੇ ਰਹੇ ਸਨ। ਪ੍ਰੰਤੂ ਉੱਥੇ ਸਭ ਕੁੱਝ ਖਾਸ ਨਿਯੰਤਰਣ ਹੇਠ ਹੁੰਦਾ ਸੀ। ਕੁੱਝ ਨਵਾਂ ਸਿਖਾਉਣ ਤੇ ਪੜ੍ਹਾਉਣ ਵਾਂਗ। ਮਿਸ਼ਨ ਦੀ ਤਿਆਰੀ ਲਈ ਸਭ ਕੁਝ ਨਿਯਮਬੱਧ। ਜਿਵੇਂ ਲੰਮੇ ਸਫ਼ਰ ਤੇ ਜਾਣ ਤੋਂ ਪਹਿਲਾਂ ਲੋੜੀਂਦੀਆਂ ਚੀਜ਼ਾਂ ਨੂੰ ਪੈਕ ਕਰ ਲੈਣ ਦੀ ਚਿੰਤਾ, ਹਰਫ਼ਲੀ ਤੇ ਅਜਿਹਾ ਹੋਰ ਕਈ ਕੁੱਝ ਕਿ ਕਿਤੇ ਕੋਈ ਜ਼ਰੂਰੀ ਚੀਜ਼ ਵਸਤ ਰਹਿ ਨਾ ਜਾਏ। ਪਰ ਇੱਥੇ ਇਹਨਾਂ ਦੀਆਂ ਗੱਲਾਂਬਾਤਾਂ ਅਤੇ ਸੋਚਾਂ ਅਣਜਾਣ ਭਵਿੱਖ ਵੱਲ ਨੂੰ ਪਲਾਇਨ ਕਰਨ ਸਬੰਧੀ ਹੁੰਦੀਆਂ ਸਨ ਜਿਹਨਾਂ ਵਿੱਚ ਆਉਣ ਵਾਲੇ ਸਮੇਂ ਨੂੰ ਦਰਪੇਸ਼ ਚੁਨੌਤੀਆਂ, ਮੁਸ਼ਕਲਾਂ, ਦੁਸ਼ਵਾਰੀਆਂ ਤੇ ਚਿੰਤਾਵਾਂ ਦਾ ਵਧਦਾ ਬੋਝ ਵੀ ਅਚੇਤ ਸ਼ਾਮਲ ਹੋ ਜਾਂਦਾ। ਐਸ ਵੇਲੇ ਚਲਦੀ ਗੱਲਬਾਤ ਦਾ ਰੁਖ਼ ਧਰਤੀ ਦੀ ਗਰੁਤਵ ਸ਼ਕਤੀ ਵੱਲ ਹੋ ਤੁਰਿਆ।

"ਧਰਤੀ ਉਪਰ ਸਾਢੇ ਤਿੰਨ ਬਿਲੀਅਨ ਸਾਲ ਪਹਿਲਾਂ ਹੋਂਦ ਵਿੱਚ ਆਇਆ ਜੀਵਨ, ਧਰਤੀ ਦੇ ਸਥਿਰ ਗਰੂਤਵੀ ਖੇਤਰ (ੂਨਚਹੳਨਗਨਿਗ ਘਰੳਵਟਿੳਟੋਿਨੳਲ ਢਇਲਦ) ਵਿੱਚ ਵਧਿਆ ਫੁਲਿਆ ਅਜੋਕੀ ਪ੍ਰਫੁਲਿਤ ਸਥਿਤੀ ਵਿੱਚ ਹੈ ਅਤੇ ਯੁਗਾਂ ਯੁਗਾਤਰਾਂ ਤੱਕ ਇੰਜ ਹੀ ਰਹਿਣ ਦੀ ਸੰਭਾਵਨਾ ਹੈ। ਪਰ ਆਪਾਂ ਨੂੰ ਪਤਾ ਭਈ ਆਪਾਂ ਜਿਸ ਨਵੀਂ ਧਰਤੀ ਤੇ ਜਾ ਕੇ ਵਾਸ ਕਰਨਾ ਉਹਦਾ ਗੁਰੂਤਵ ਧਰਤੀ ਦੇ ਮੁਕਾਬਲੇ ਸਿਰਫ਼ ਤੀਜਾ ਹਿੱਸਾ (38%) ਹੈ। ਇਹਦੇ ਕਰਕੇ ਭਾਰਹੀਣਤਾ ਦੀ ਸਥਿੱਤੀ ਉਤਪੰਨ ਹੋਣੀ ਹੈ। ਮੇਰਾ 75 ਕਿਲੋ ਭਾਰ ਉੱਥੇ ਕੇਵਲ 25 ਕਿਲੋ ਹੋਣਾ। ਗੁਰੂਤਾ ਕਾਰਨ ਹੀ ਤਾਂ ਆਪਣੇ ਪੈਰ ਧਰਤੀ ਦੇ ਤਲ 'ਤੇ ਟਿਕੇ ਰਹਿੰਦੇ ਆ। ਜਿਵੇਂ ਉੱਥੇ ਕਾਗਜ਼ ਤੇ ਪੱਤਿਆਂ ਵਰਗੀਆਂ ਹਲਕੀਆਂ ਵਸਤੂਆਂ ਹਵਾ ਵਿੱਚ ਉੱਡਣ ਲਗ ਪੈਂਦੀਆਂ, ਆਪਾਂ ਵੀ ਮੰਗਲ ਦੀ ਘੱਟ ਗੁਰੂਤਾ ਸ਼ਕਤੀ ਕਾਰਨ ਉੱਡਣ ਵਾਲੀ ਸਥਿਤੀ ਵਿੱਚ ਹੋ ਸਕਦੇ ਆਂ। ਨਾਲੇ ਭਾਰਹੀਣਤਾ ਦੀ ਸਥਿਤੀ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਹੱਢੀਆਂ ਦੀ ਡੈਨਸਿਟੀ ਭਾਵ ਘਣਤਾ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਅੰਦਰੂਨੀ ਅੰਗਾਂ ਦੀ ਕਾਰਜਸ਼ੀਲਤਾ ਤੇ ਪ੍ਰਭਾਵ ਪੈਂਦਾ। ਮਤਲਬ ਦਿਲ ਦੀ ਧੜਕਣ ਅਤੇ ਅੰਦਰੂਨੀ ਅੰਗ ਪ੍ਰਣਾਲੀਆਂ ਦੀ ਗਤੀ ਧੀਮੀ ਹੋ ਜਾਣ ਕਾਰਨ ਵਿਅਕਤੀ ਦੀ ਕੰਮ ਕਰਨ ਦੀ ਓਵਰ ਆਲ ਸਮਰੱਥਾ ਘਟ ਹੋ ਜਾਣੀ ਹੈ। ਬੇਸ਼ਕ ਇਸ ਸਭ ਕਾਸੇ ਦਾ ਅਗਾਊਂ ਪ੍ਰਬੰਧ ਹੈ। ਖਾਸ ਤੌਰ ਤੇ ਇਸ ਦੀ ਰੋਕਥਾਮ ਲਈ ਪ੍ਰੈਸਕਰਾਈਬਡ ਗ੍ਰੈਵਟੀ ਮੈਡੀਸਨਜ਼। ਪਰ ਉੱਥੇ ਪਹੁੰਚ ਕੇ ਕਿੰਵੇਂ ਮਹਿਸੂਸ ਹੁੰਦਾ, ਕਿੰਵੇਂ ਇਹਦਾ ਸਾਹਮਣਾ ਕਰਨਾ? ਇਹ ਤਾਂ ਆਪਾਂ ਨੂੰ ਪ੍ਰਸਥਿਤੀਆਂ ਦੇ ਰੂਬਰੂ ਹੋ ਕੇ ਹੀ ਪਤਾ ਚਲਣਾ।"ਅਜੀਤਪਾਲ ਵਾਪਰਨ ਵਾਲੇ ਯਥਾਰਥ ਨੂੰ ਚਿਤਵ ਰਿਹਾ ਸੀ।

ਕੈਥਰੀਨ ਨੇ ਗੱਲ ਅਗਾਂਹ ਤੋਰੀ, "ਚੰਦਰਮਾ ਤੇ ਤਾਂ ਹੋਰ ਵੀ ਗੁਰੂਤਾ ਆਕਰਸ਼ਣ ਘੱਟ ਹੈ। ਧਰਤੀ ਦੇ ਗੁਰੂਤਵ ਦਾ ਕੇਵਲ ਦਸਵਾਂ ਹਿੱਸਾ। ਉੱਥੇ 100 ਕਿਲੋ ਭਾਰ ਕੇਵਲ 10 ਕਿਲੋ ਭਾਰ ਜਿਤਨਾ ਮਹਿਸੂਸ ਹੁੰਦਾ। ਤਿਸ਼! ਤੁਸੀਂ ਤਾਂ ਚੰਦਰਮਾ ਤੇ ਗਏ ਹੋ ਤੁਹਾਡਾ ਕਿਹੋ ਜਿਹਾ ਅਨੁਭਵ ਰਿਹਾ ਇਸ ਭਾਰਹੀਣਤਾ ਬਾਰੇ," ਕੈਥਰੀਨ ਨੇ ਤਿਸ਼ ਕੋਲੋਂ ਪੱੁਛਿਆ।

"ਯੈਸ ਕੈਥਰੀਨ! ਚੰਦਰਮਾ ਤੱਕ ਦਾ ਸਫ਼ਰ ਤੇ ਉੱਥੇ ਜਾ ਕੇ ਥੋੜ੍ਹੇ ਸਮੇਂ ਲਈ ਵਿਚਰਨਾ ਐਸ ਵੈਂਚਰ ਦੇ ਮੁਕਾਬਲੇ ਤਾਂ ਹੁਣ ਬੜਾ ਸੌਖਾ ਲਗਦਾ। ਧਰਤੀ ਤੋਂ ਚੰਦਰਮਾ ਤੱਕ ਦਾ 3,84,400 ਕਿਲੋਮੀਟਰ ਦਾ (2,38,900 ਮੀਲ) ਦਾ ਸਫ਼ਰ ਸੀ ਜਿਹੜਾ ਸਾਢੇ ਕੁ ਚਾਰ ਦਿਨਾਂ ਵਿੱਚ ਪੂਰਾ ਕਰ ਅਸੀਂ ਚੰਦ ਦੀ ਸਤ੍ਹਾ ਤੇ ਉੱਤਰ ਗਏ ਸਾਂ। ਚੰਦ ਤੋਂ ਧਰਤੀ ਕਾਲੇ ਹਨੇਰੇ ਮਿਸਟ੍ਰੀਅਸ ਅਕਾਸ਼ ਵਿੱਚ ਨੀਲੇ ਸਫੈਦ ਰੰਗ ਦਾ ਚਮਕਦਾ ਗੋਲ਼ਾ ਜਿਹਾ ਦਿਖਾਈ ਦੇਂਦੀ ਸੀ। ਖਾਸ ਡੀਜ਼ਾਈਂਡ ਪੁਲਾੜੀ ਸੂਟ ਪਹਿਨੀ ਚੰਦ ਦੀ ਸਤ੍ਹਾ ਉਪਰ ਤੁਰਦੇ ਇੰਜ ਲਗਦਾ ਸੀ ਜਿਵੇਂ ਉੱਡ ਰਹੇ ਹੋਈਏ। ਜਿਹਨੂੰ ਕਹਿੰਦੇ ਨੇ ਨਾ 'ਖੁਸ਼ੀ ਨਾਲ ਪੈਰ ਭੁੰਜੇ ਨਹੀਂ ਲਗਦੇ' ਕੁੱਝ ਇੰਜ ਦੀ ਸਥਿਤੀ ਸੀ। ਨਾਲੇ ਗਰੂਤਵਤਾ ਕਾਰਣ ਸਰੀਰ ਉਪਰ ਭਾਰਹੀਣਤਾ ਦਾ ਪ੍ਰਭਾਵ ਉਸ ਸਥਾਨ ਤੇ ਬਹੁਤਾ ਮਾਇਨੇ ਨਹੀਂ ਰਖਦਾ ਜਿਤਨਾ ਧਰਤੀ ਤੇ ਵਾਪਸ ਪਹੁੰਚ ਮੁੜ ਪਹਿਲਾਂ ਵਾਲੀਆਂ ਧਰਤੀ ਦੀਆਂ ਗੁਰੂਤਵੀ ਸਥਿਤੀਆਂ ਦੇ ਅਨੁਕੂਲ ਹੋਣ ਲਈ ਹੁੰਦਾ ਹੈ। ਸਰੀਰ ਨੂੰ ਭਾਰਹੀਣਤਾ ਤੋਂ ਮੁੜ ਭਾਰਵਾਲੀ ਸਥਿਤੀ ਵਿੱਚ ਪਹੁੰਚਣ ਲਈ ਕਾਫੀ ਸਰੀਰਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਜਾਨ ਲੇਵਾ ਵੀ ਸਾਬਤ ਹੋ ਸਕਦਾ। ਖਾਸ ਤੌਰ ਤੇ ਵਾਪਸੀ ਸਮੇਂ ਬਹੁਤ ਤੇਜ਼ ਗਤੀ ਨਾਲ ਹੇਠਾਂ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਵੇਲੇ ਵਾਯੂਮੰਡਲ ਦੀ ਰਗੜ ਕਾਰਨ ਅੱਤ ਦੀ ਗਰਮੀ ਦਾ ਉਤਪੰਨ ਹੋਣਾ ਬਹੁੁਤ ਵੱਡਾ ਖਤਰਾ ਹੈ।"ਤਿਸ਼ ਨੇ ਆਪਣੇ ਅਨੁਭਵ ਬਿਆਨ ਕੀਤੇ

"ਹਾਂ, ਸ਼ਾਇਦ ਤਾਂ ਹੀ ਸ਼ੁਰੂ ਵਿੱਚ ਨਾਸਾ (ਂਅਸ਼ਅ) ਵਲੋਂ ਵੱਖ ਵੱਖ ਸਮੇਂ ਤੇ ਚੰਦ ਉਪਰ ਭੇਜੇ ਗਏ ਬਾਰਾਂ ਪੁਲਾੜ ਯਾਤਰੀ ਵਾਪਸ ਨਹੀਂ ਮੁੜੇ ਤੇ ਰਾਹ ਵਿੱਚ ਹੀ ਖਤਮ ਹੋ ਗਏ।"ਕਹਿੰਦੀ ਕੈਥਰੀਨ ਉਦਾਸ ਹੋ ਗਈ।

"ਖੈਰ, ਸਮੇਂ ਨਾਲ ਇਨ੍ਹਾਂ ਤਜਰਬਿਆਂ ਤੇ ਅਨੁਭਵਾਂ ਦੀ ਬਦੌਲਤ ਨਵੇਂ ਤਜਰਬੇ ਤੇ ਨਵੀਆਂ ਕਾਢਾਂ ਸਦਕਾ ਹੀ ਸਫਲਤਾ ਮਿਲ ਰਹੀ ਹੈ। ਇਸੇ ਕਰਕੇ ਇਤਨੀ ਲੰਮੀ ਅਕਾਸ਼ੀ ਯਾਤਰਾ ਸੰਭਵ ਹੋ ਸਕੀ ਹੈ, ਜਿਹਦੇ ਤੇ ਆਪਾਂ ਨਿਕਲੇ ਹਾਂ। ਅਸਲ ਗੱਲ ਤਾਂ ਹੁਣ ਆਪਾਂ ਨੂੰ ਉੱਥੇ ਸਫਲਤਾ ਪੂਰਨ ਉਤਰਨ ਉਪਰੰਤ ਦਰਪੇਸ਼ ਚੁਨੌਤੀਆਂ ਦੀ ਹੈ। ਜਿਹਦੇ ਵਿੱਚ ਸਭ ਤੋਂ ਅਹਿਮ ਹੈ 'ਲਾਈਫ਼ ਸਪੋਰਟ' ਭਾਵ ਉੱਥੇ ਜਿਉਂਦੇ ਰਹਿਣ ਦੇ ਯੋਗ ਬਣਨਾ ਅਤੇ ਵਸਣਾ। ਆਪਾਂ ਆਪਣੀ ਹਿੰਮਤ, ਹੁਨਰ ਤੇ ਅਕਲ ਨਾਲ ਇੱਕ ਅਜਿਹਾ ਸਿਸਟਮ ਤਿਆਰ ਕਰਨਾ ਭਈ ਆਪਾਂ ਸਰੀਰਕ ਲੋੜ ਅਨੁਸਾਰ ਸਾਹ ਲੈਣ ਲਈ ਆਕਸੀਜਨ ਉਪਲਬਧ ਕਰਵਾ ਸਕੀਏ, ਭੋਜਨ ਪ੍ਰਾਪਤ ਕਰ ਸਕੀਏ, ਸਿਰ ਉਪਰ ਆਪਣੀ ਛੱਤ ਬਣਾ ਸਕੀਏ, ਉਸ ਧਰਤੀ ਉਪਰ ਮਨੁੱਖ ਜਾਤੀ ਦਾ ਵਾਧਾ ਅਤੇ ਵਿਕਾਸ ਕਰ ਸਕੀਏ। ਇਸ ਲੰਮੇ ਸਫ਼ਰ ਲਈ ਲੋੜੀਂਦੀ ਸਮੱਗਰੀ ਤਾਂ ਹੈ ਹੀ, ਉੱਥੇ ਪਹੁੰਚ ਮੁੱਢਲੇ ਦੋ ਢਾਈ ਸਾਲ ਸਰਵਾਈਵ ਕਰਨ ਜੋਗੀ ਜਮ੍ਹਾਂ-ਪੰੂਜੀ ਵੀ ਹੈ। ਪ੍ਰੰਤੂ ਇਸ ਤੋਂ ਬਾਦ ਦੇ ਪ੍ਰਬੰਧ ਲਈ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਆਪਾਂ ਸਾਰਿਆਂ ਨੂੰ ਆਪਣੇ ਪੱਕੇ ਇਰਾਦੇ ਅਤੇ ਭਰਪੂਰ ਯਤਨਾਂ ਨਾਲ ਹੀ ਕਰਨਾ ਪੈਣਾ ਹੈ।"ਅਜੀਤਪਾਲ ਪਹਿਲਾਂ ਤੋਂ ਪਤਾ ਜਾਣਕਾਰੀ ਨੂੰ ਦੁਹਰਾ ਜਿਵੇਂ ਸਭ ਨੂੰ ਪੱਕਿਆਂ ਕਰ ਰਿਹਾ ਸੀ।

"ਵੈੱਲ ਸੈੱਡ ਅਜੀਤ! ਮੰਗਲ ਗ੍ਰਹਿ ਦੇ ਤਲ ਤੇ ਪਾਣੀ ਦੀਆਂ ਨਦੀਆਂ ਅਤੇ ਸਮੁੰਦਰ ਨਹੀਂ ਵਹਿ ਰਹੇ ਹਨ। ਜੋ ਵੀ ਹੈ ਉੱਤਰੀ ਅਤੇ ਦੱਖਣੀ ਧਰੁਵ ਤੇ ਬਰਫ਼ ਦੇ ਰੂਪ ਵਿੱਚ ਜੰਮਿਆ ਪਾਣੀ ਹੈ। ਉਸ ਬਰਫ਼ ਦੇ ਉਪਰ ਵੀ ਇੱਕ ਕਿਲੋਮੀਟਰ ਤੋਂ ਲੈ ਕੇ ਅੱਠ ਕਿਲੋਮੀਟਰ ਮੋਟੀ ਖੁਸ਼ਕ ਬਰਫ਼ ਭਾਵ ਜੰਮੀ ਹੋਈ ਕਾਰਬਨ ਡਾਇਔਕਸਾਈਡ ਦੀ ਤਹਿ ਹੈ। ਉਸ ਮੋਟੀ ਪਰਤ ਨੂੰ ਹਟਾ ਕੇ ਹੀ ਹੇਠਲੀ ਬਰਫ਼ ਨੂੰ ਵਾਸ਼ਪਤ ਕਰ ਪਾਣੀ ਵਰਤੇ ਜਾ ਸਕਣ ਦੀ ਸੰਭਾਵਨਾ ਹੈ।"ਕੈਥਰੀਨ ਔਖੇ ਸੁਆਲ ਦਾ ਜ਼ਿਕਰ ਕਰ ਰਹੀ ਸੀ।

"ਯੈੱਸ ਕੈਥਰੀਨ! ਉਂਜ ਉੱਤਰੀ ਧਰੁੱਵ ਦੇ ਹਜ਼ਾਰ ਕਿਲੋਮੀਟਰ ਦੇ ਘੇਰੇ ਅਤੇ ਦੱਖਣੀ ਧਰੁੱਵ ਦੇ ਲਗਪਗ ਸਾਢੇ ਤਿੰਨ ਸੌ ਕਿਲੋਮੀਟਰ ਦੇ ਘੇਰੇ ਵਿੱਚ ਦੋ ਤੋਂ ਤਿੰਨ ਕਿਲੋਮੀਟਰ ਮੋਟੀ ਬਰਫ਼ ਦੀ ਸਮੁੱਚੀ ਤਹਿ ਜੇਕਰ ਪਿਘਲ ਜਾਵੇ ਤਾਂ ਮੰਗਲ ਦੀ ਪੂਰੀ ਧਰਤੀ ਦਾ ਤਲ ਤਕਰੀਬਨ 115 ਫੁੱਟ (38 ਮੀਟਰ) ਡੂੰਘੇ ਪਾਣੀ ਨਾਲ ਭਰ ਜਾਵੇਗਾ। ਐਨਾ ਪਾਣੀ ਮੌਜੂਦ ਹੈ ਇਸ ਮੰਗਲ ਗ੍ਰਹਿ ਉਪਰ!"ਤਿਸ਼ ਨੇ ਜਾਣਕਾਰੀ ਵਿੱਚ ਵਾਧਾ ਕੀਤਾ।

"ਵਾਹ! ਮਤਲਬ ਲਗਪਗ ਬਾਰਾਂ ਕੁ ਮੰਜ਼ਲੀ ਬਿਲਡਿੰਗ ਜਿੰਨਾ ਉੱਚਾ। ਪਰ ਅਸਲ ਜਦੋਜਹਿਦ ਤਾਂ ਇਸ ਲੁਕੇ ਪਾਣੀ ਦੀ ਪ੍ਰਾਪਤੀ ਹੈ। ਇੱਕ ਵਾਰ ਆਪਾਂ ਇਸ ਵਿੱਚ ਸਫ਼ਲ ਹੋ ਗਏ ਫਿਰ ਪਾਣੀ ਵਿਚਲੀ ਹਾਈਡ੍ਰੋਜਨ ਅਤੇ ਆਕਸੀਜਨ ਵੱਖ ਵੱਖ ਕਰ ਸਾਹ ਲੈਣ ਲਈ ਆਕਸੀਜਨ ਦਾ ਮਸਲਾ ਹੱਲ ਹੋ ਹੀ ਜਾਣਾ ਹੈ।"ਕੈਥਰੀਨ ਟੇ੍ਰਨਿੰਗ ਦੌਰਾਨ ਵਿਚਾਰ ਕੀਤੀਆਂ ਸੰਭਾਵਨਾਵਾਂ ਨੂੰ ਵਿਸਥਾਰਦੀ ਡਾਹਢੀ ਉਤਸ਼ਾਹਿਤ ਅਤੇ ਆਸਵੰਦ ਲਗਦੀ ਸੀ, "ਪਰ ਇਸ ਮੁਹਿੰਮ ਵਿੱਚ ਸਭ ਤੋਂ ਵੱਧ ਖਤਰਾ ਮੰਗਲ ਗ੍ਰਹਿ ਤੇ ਮੌਜੂਦ ਰੇਡੀਏਸ਼ਨਜ਼ ਦਾ ਹੈ। ਸੂਰਜ ਤੋਂ ਆਉਣ ਵਾਲੀ ਰੋਸ਼ਨੀ ਵਿੱਚੋਂ ਇਹਨਾਂ ਹਾਨੀਕਾਰਕ ਅਲਟਰਾ ਵਾਇਲਟ ਕਿਰਨਾਂ ਨੂੰ ਸਤ੍ਹਾ ਤੱਕ ਪਹੁੰਚਣ ਤੋਂ ਵਾਯੂਮੰਡਲ ਰੋਕਦਾ। ਹੁਣ ਮੰਗਲ ਦੀ ਧਰਤੀ ਉਪਰ ਵਾਯੂਮੰਡਲ ਤਾਂ ਹੈ ਪਰ ਬਹੁਤ ਪਤਲਾ ਹੈ ਅਤੇ ਹੈ ਵੀ ਘੱਟ ਉਚਾਈ ਤੱਕ। ਸੋ ਉੱਥੇ ਇਹ ਰੇਡੀਏਸ਼ਨਜ਼ ਵੱਧ ਮਾਤਰਾ ਵਿੱਚ ਹੋਣੀਆਂ ਨੇ। ਇਹਨਾਂ ਦੇ ਸੰਪਰਕ ਨਾਲ ਕਈ ਪ੍ਰਕਾਰ ਦਾ ਕੈਂਸਰ ਹੋ ਸਕਦਾ।"ਉਸ ਅਗਲੇਰੀ ਚਿੰਤਾ ਜ਼ਾਹਿਰ ਕਰਦੀ ਨੇ ਭਰਵੱਟੇ ਰਤਾ ਕੁ ਸੁਕੇੜੇ।

"ਯੈੱਸ ਕੈਥਰੀਨ! ਇਹ ਕਿਰਨਾਂ ਤਾਂ ਸਲੋ-ਪੁਆਇਜ਼ਨ ਵਾਂਗ ਨੇ ਜੋ ਹੌਲੀ ਹੌਲੀ ਸਰੀਰਕ ਸ਼ਕਤੀ ਨੂੰ ਖੀਣ ਕਰ ਦੇਂਦੀਆਂ। ਸ਼ੁਕਰ ਏ ਆਪਣੇ ਕੋਲ ਅਜਿਹੇ ਪੁਲਾੜੀ ਸੂਟ ਹਨ ਜੋ ਵਿਕਰਣਾਂ ਨੂੰ ਸਾਡੇ ਸਰੀਰ ਤੱਕ ਨਹੀਂ ਪਹੁੰਚਣ ਦੇਣਗੇ। ਆਪਾਂ ਉਹਨਾਂ ਸੂਟਾਂ ਵਿੱਚ ਸੁਰੱਖਿਅਤਾ ਨਾਲ ਮੰਗਲ ਦੀ ਧਰਤੀ ਤੇ ਤੁਰ ਫਿਰ ਸਕਾਂਗੇ।"ਤਿਸ਼ ਨੇ ਜੇਤੂ ਅੰਦਾਜ਼ ਵਿੱਚ ਇਸ ਖਤਰੇ ਦਾ ਇਲਾਜ ਬਿਆਨਿਆ।

"ਤੂੰ ਠੀਕ ਆਖਿਆ ਤਿਸ਼! ਆਪਣੇ ਕੋਲ ਆਪਣੇ ਵਾਸਤੇ ਕੁੱਝ ਸਮੇਂ ਲਈ ਤਾਂ ਕਾਫ਼ੀ ਸਮਾਨ ਹੈ। ਪਰ ਆਪਾਂ ਪਿੱਛੇ ਤਾਂ ਮੁੜਨਾ ਨਹੀਂ। ਉੱਥੇ ਸਦਾ ਲਈ ਵੱਸਣ ਵਾਸਤੇ ਇਹ ਸਭ ਕੁੱਝ ਆਪਾਂ ਨੂੰ ਉੱਥੋਂ ਦੇ ਵਸੀਲਿਆਂ ਨਾਲ ਵੱਡੀ ਮਾਤਰਾ ਵਿੱਚ ਤਿਆਰ ਕਰਨਾ ਪੈਣਾ। ਕਿਉਂ ਜੁ ਜ਼ਰੂਰਤਾਂ ਵਧਣੀਆਂ ਨੇ। 'ਡੀਮਾਂਡ ਅਤੇ ਸਪਲਾਈ' ਦੇ ਸਿਧਾਂਤ ਅਨੁਸਾਰ ਨਾਲੋ ਨਾਲ ਨਵਾਂ ਉਪਜਾਉਣਾ ਅਤਿ ਮਹੱਤਵਪੂਰਨ ਹੁੰਦਾ।"ਕੈਥਰੀਨ ਦੀ ਸੋਚ ਕਿਤੇ ਅਗਾਂਹ ਅਗਲੇਰੀ ਪੀੜ੍ਹੀ ਦੀ ਸਥਾਪਤੀ ਲਈ ਚਿੰਤਤ ਸੀ।

"ਸਹੀ ਗੱਲ ਹੈ ਕੈਥੀ! ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਆਪਾਂ ਨੂੰ ਪਤਾ ਕਿ ਮੰਗਲ ਗ੍ਰਹਿ ਦੀਆਂ ਅਜੋਕੀਆਂ ਵਾਤਾਵਰਣਿਕ ਪ੍ਰਸਥਿਤੀਆਂ ਵਿੱਚ ਸਾਡੇ ਵਾਲਾ ਮਨੁੱਖੀ ਜੀਵਨ ਜਿਉਂ ਦਾ ਤਿਉਂ ਤਾਂ ਸੰਭਵ ਨਹੀਂ ਹੈ। ਆਪਾਂ ਜੇਕਰ ਵਿਸ਼ੇਸ਼ ਜੀਵਨ ਰੱਖਿਆ ਪ੍ਰਣਾਲੀ ਅਪਣਾਵਾਂਗੇ ਤਾਂ ਹੀ ਸੁਰਖਿੱਅਤ ਰਹਿ ਸਕਾਂਗੇ। ਰਹਿਣਾ ਵੀ ਆਪਾਂ ਨੂੰ ਮਸ਼ੀਨੀ ਵਹੀਕਲਾਂ ਜਾਂ ਜ਼ਮੀਨ ਹੇਠਾਂ ਬਣਾਏ ਘਰਾਂ ਵਿੱਚ ਹੀ ਪੈਣਾ। ਜੇਕਰ ਉੱਥੇ ਕਿਸੇ ਪ੍ਰਕਾਰ ਦਾ ਜੀਵਨ ਹੋਣ ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਵਾਯੂਮੰਡਲ ਵਿੱਚ ਮੌਜੂਦ ਮੀਥੇਨ ਗੈਸ ਦੀ ਵਧਦੀ ਘਟਦੀ ਮਾਤਰਾ ਇਸ ਗੱਲ ਦਾ ਪ੍ਰਤੀਕ ਹੈ ਕਿ ਉੱਥੇ ਕਿਸੇ ਤਰ੍ਹਾਂ ਦੀਆਂ ਜੈਵਿਕ ਕਿਰਿਆਵਾਂ ਤਾਂ ਜ਼ਰੂਰ ਹੀ ਹੁੰਦੀਆਂ ਹੋਣਗੀਆਂ ਚਾਹੇ ਅਤਿ ਮਹੀਨ ਆਰਗੇਨਿਜ਼ਮਜ਼ ਦੇ ਰੂਪ ਵਿੱਚ ਹੀ ਹੁੰਦੀਆਂ ਹੋਣ। ਪੂਰਾ ਪਤਾ ਤਾਂ ਉੱਥੇ ਜਾ ਕੇ ਹੀ ਲਗਣਾ। ਉਂਜ ਮੇਰਾ ਅੰਤਰਮਨ ਕਹਿੰਦਾ ਕਿ ਧਰਤੀ ਵਰਗਾ ਜੀਵਨ ਤਾਂ ਸੰਭਵ ਨਹੀਂ ਪਰ ਹੋ ਸਕਦਾ ਕਿਸੇ ਹੋਰ ਪ੍ਰਕਾਰ ਦਾ ਜੀਵਨ ਜ਼ਰੂਰ ਹੋਵੇਗਾ ਉੱਥੇ।" ਅਜੀਤਪਾਲ ਨੇ ਆਪਣੇ ਮਨ ਦੀ ਗੱਲ ਕਹਿ ਇੱਕ ਹੋਰ ਸੰਭਾਵਨਾ ਦਾ ਪ੍ਰਗਟਾਵਾ ਕਰ ਦਿੱਤਾ।

"ਵਟ? ਅਜੀਤ, ਵਟ ਡਿਫ਼ਰੈਂਟ ਟਾਈਪ ਆਫ ਲਾਈਫ਼ ਯੂ ਆਰ ਟਾਕਿੰਗ," ਕੈਥਰੀਨ ਹੈਰਾਨ ਪ੍ਰੇਸ਼ਾਨ ਸੀ।

"ਕੈਥੀ! ਮਸਲਨ ਉਹ ਜੀਵ ਜਾਂ ਜੀਵਾਂ ਵਰਗੇ ਕੁੱਝ ਹੋਰ ਜੋ ਇਸ ਗ੍ਰਹਿ ਦੇ ਵਾਤਾਵਰਣ ਦੇ ਅਨੁਕੂਲ ਹੋਣ, ਜੋ ਸਾਹ ਨਾ ਲੈਂਦੇ ਹੋਣ ਜਾਂ ਸਾਹ ਲੈਣ ਲਈ ਕਾਰਬਨ ਡਾਇਔਕਸਾਈਡ ਵਰਤਦੇ ਹੋਣ, ਖੂਨ ਦੀ ਥਾਂ ਉਹਨਾਂ ਅੰਦਰ ਕਿਸੇ ਹੋਰ ਪ੍ਰਕਾਰ ਦਾ ਫ਼ਲਿਊਡ ਹੁੰਦਾ ਹੋਵੇ। ਕੁੱਝ ਵੀ ਹੋ ਸਕਦਾ ਸਾਡੀ ਕਲਪਨਾ ਤੋਂ ਕਿਤੇ ਵਖਰਾ। ਧਰਤੀ ਉਪਰਲੇ ਪੌਦੇ ਵੀ ਤਾਂ ਮਨੁੱਖਾਂ ਨਾਲੋਂ ਭਿੰਨ ਪ੍ਰਕਾਰ ਦਾ ਜੀਵਨ ਜਿਉਂਦੇ ਨੇ। ਹੋ ਸਕਦਾ ਉੱਥੇ ਵੀ ਇੰਜ ਦਾ ਕੁੱਝ ਹੋਵੇ।"ਅਜੀਤ ਕਲਪਨਾ ਵਿੱਚ ਉੱਥੋਂ ਦਾ ਜੀਵਨ ਚਿਤਵ ਰਿਹਾ ਸੀ।

"ਐਬਸੋਲੂਟਲੀ ਟਰੂ! ਆਈ ਐਗਰੀ ਵਿਦ ਯੂ," ਤਿਸ਼ ਨੇ ਵੀ ਪੋ੍ਰੜਤਾ ਕੀਤੀ। ਹਾਲ ਕਮਰੇ ਵਿੱਚ ਬੈਠੇ ਤਿੰਨੋਂ ਜਣੇ ਕਾਫ਼ੀ ਦੇਰ ਭਵਿੱਖ ਦੀਆਂ ਗੱਲਾਂ, ਯੋਜਨਾਵਾਂ ਅਤੇ ਕਲਪਨਾਵਾਂ ਕਰਦੇ ਰੁੱਝੇ ਰਹੇ। ਇੰਜ ਜਦੋਂ ਵੀ ਸਮਾਂ ਮਿਲਦਾ ਉਹ ਇਕੱਠੇ ਬੈਠਦੇ, ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਦੇ, ਨਵੇਂ ਨੁਕਤੇ ਉਠਾਉਂਦੇ, ਉਹਨਾਂ ਸਬੰਧੀ ਸਲਾਹ ਮਸ਼ਵਰਾ ਕਰਦੇ ਇਸ ਬੰਦ ਯੰਤਰ ਵਿੱਚ ਬੈਠੇ ਲੰਮਾ ਪੰਧ ਤਹਿ ਕਰਦੇ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਹੁਣ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜ ਮਹਿਸੂਸ ਕਰਦੇ ਪਰਿਵਾਰ ਦੇ ਜੀਆਂ ਵਾਂਗ ਵਿਚਰ ਰਹੇ ਸਨ। ਚੱਲਦਾ…

ਗੁਰਚਰਨ ਕੌਰ ਥਿੰਦ ਲੇਖਕ, ਸੋਸ਼ਲ ਐਕਟਵਿਸਟ ਅਤੇ ਰਿਟਾਇਰਡ ਅਧਿਆਪਕ ਹੈ। ਉਸਦੇ ਹੁਣ ਤੱਕ ਪੰਜ ਕਹਾਣੀ ਸੰਗ੍ਰਿਹ, ਚਾਰ ਨਾਵਲ (ਦੋ ਸਾਇੰਸ ਫਿਕਸ਼ਨ) ਦੋ ਲੇਖ-ਸੰਗ੍ਰਿਹ ਅਤੇ ਇੱਕ ਸਫ਼ਰਨਾਮਾ ਛੱਪ ਚੁੱਕਾ ਹੈ। ਇੱਕ ਹਿੰਦੀ ਵਿੱਚ ਅਨੁਵਾਦਤ ਕਹਾਣੀ ਸੰਗ੍ਰਿਹ ਅਤੇ ਇੱਕ ਨਾਵਲ ਅੰਗਰੇਜ਼ੀ ਵਿੱਚ ਛਪਿਆ ਹੈ। ਉਹ ਪਿੰਡ ਚੁਹਾਨ, ਜ਼ਿਲਾ ਅੰਮ੍ਰਿਤਸਰ ਤੋਂ ਹਨ ਤੇ ਅੱਜ-ਕੱਲ ਕੈਲਗਰੀ, ਕੈਨੇਡਾ ਵਿੱਚ ਰਹਿੰਦੇ ਹਨ।

RedStarMars
ਗ੍ਰਹਿ-ਖੋਜ

ਮੰਗਲ ਗ੍ਰਹਿ

ਨਾਸਾ ਦੇ ਅਨੁਸਾਰ ਮੰਗਲ ਗ੍ਰਹਿ ਕਮਜ਼ੋਰ ਜਿਗਰੇ ਵਾਲਿਆਂ ਲਈ ਨਹੀਂ ਹੈ। ਇਹ ਧੂੜ ਵਾਲ਼ਾ, ਪੱਥਰੀਲਾ ਅਤੇ ਅਤਿ ਠੰਡਾ-ਯਖ਼, ਬਹੁਤ ਹੀ ਪਤਲੇ ਵਾਯੂਮੰਡਲ ਵਾਲਾ ਮਾਰੂਥਲ ਸੰਸਾਰ ਹੈ। ਪਰ ਇਸ ਗਤੀਸ਼ੀਲ ਗ੍ਰਹਿ ‘ਤੇ ਵੀ ਮੌਸਮ ਹੁੰਦੇ ਹਨ। ਧਰੁਵੀ ਬਰਫ਼ ਦੀਆਂ ਟੋਪੀਆਂ, ਅਲੋਪ ਹੋ ਚੁੱਕੇ ਜੁਆਲਾਮੁਖੀ, ਘਾਟੀਆਂ ਅਤੇ ਰੁੱਤਾਂ ਵੀ ਹਨ। ਸੂਰਜ ਤੋਂ ਚੌਥਾ ਗ੍ਰਹਿ, ਮੰਗਲ ਗ੍ਰਹਿ ਧਰਤੀ ਦੇ ਦੋ ਸਭ ਤੋਂ ਨਜ਼ਦੀਕੀ ਗ੍ਰਹਿ ਗੁਆਂਢੀਆਂ ਵਿੱਚੋਂ ਇੱਕ ਹੈ (ਦੂਜਾ ਸ਼ੁੱਕਰ ਗ੍ਰਹਿ ਹੈ)। ਉਸਨੂੰ ਰਾਤ ਦੇ ਅਸਮਾਨ ਵਿੱਚ ਦੇਖਣਾ ਆਸਾਨ ਹੈ - ਜੋ ਕਿ ਰੌਸ਼ਨੀ ਦੇ ਇੱਕ ਚਮਕਦਾਰ ਲਾਲ ਬਿੰਦੂ ਵਾਂਗ ਦਿਖਾਈ ਦਿੰਦਾ ਹੈ। ਇਸ ਦੀ ਮਿੱਟੀ ਵਿੱਚ ਬਹੁਤ ਜਿਆਦਾ ਲੋਹਾ ਹੋਣ ਕਰਕੇ, ਜੰਗ ਦੀ ਵਜ੍ਹਾ ਨਾਲ ਇਸ ਦਾ ਰੰਗ ਲਾਲ ਦਿਸਦਾ ਹੈ । ਮਨੁੱਖਾਂ ਲਈ ਰਹਿਣ ਦੇ ਅਯੋਗ ਹੋਣ ਦੇ ਬਾਵਜੂਦ, ਨਾਸਾ ਦੇ ਰੋਬੋਟਿਕ ਖੋਜੀ ਰੋਵਰ ਵਾਹਨ (ਜਿਵੇਂ ਕਿ ਪਰਸੈਵਰੈਂਸ ਰੋਵਰ ਅਤੇ ਮਾਰਸ ਰਿਕੋਨਾਈਸੈਂਸ ਔਰਬਿਟਰ), ਅੰਤ ਵਿੱਚ ਪੁਲਾੜ ਯਾਤਰੀਆਂ ਨੂੰ ਲਾਲ ਗ੍ਰਹਿ ਦੀ ਸਤ੍ਹਾ 'ਤੇ ਪਹੁੰਚਾਉਣ ਲਈ ਪੱਥ-ਪ੍ਰਦਸਰਸ਼ਕ ਹਨ। ਨਾਸਾ 2030 ਦੇ ਦਹਾਕੇ ਦੇ ਸ਼ੁਰੂ ਵਿੱਚ ਮੰਗਲ 'ਤੇ ਪੁਲਾੜ ਯਾਤਰੀਆਂ ਨੂੰ ਭੇਜਣ ਲਈ ਕਈ ਤਕਨੀਕਾਂ ਵਿਕਸਿਤ ਕਰ ਰਿਹਾ ਹੈ। ਚੰਦਰਮਾ ਵਾਂਗ, ਮੰਗਲ ਗ੍ਰਹਿ ਵਿਗਿਆਨਕ ਖੋਜ ਲਈ ਇੱਕ ਕੀਮਤੀ ਮੰਜ਼ਿਲ ਹੈ ਅਤੇ ਉਨ੍ਹਾਂ ਤਕਨਾਲੋਜੀਆਂ ਦਾ ਰਥਵਾਨ ਹੈ ਜੋ ਮਨੁੱਖਾਂ ਨੂੰ ਧਰਤੀ ਤੋਂ ਦੂਰ ਗਹਿਨ ਪੁਲਾੜ ਵਿੱਚ ਯਾਤਰਾ ਕਰਨ ਅਤੇ ਖੋਜ ਕਰਨ ਦੇ ਯੋਗ ਬਣਾਏਗਾ।

seas
ਖੋਜ ਨਿਬੰਧ

ਸਮੁੰਦਰ ਕੂੜੇਦਾਨ ਨਹੀਂ ਹਨ !!!!

ਸੁਰਿੰਦਰਪਾਲ ਸਿੰਘ

ਬ੍ਰਹਿਮੰਡ ਦੀ ਰਚਨਾ ਅਤੇ ਧਰਤੀ ਉੱਤੇ ਜੀਵਨ ਦੀ ਉਤਪਤੀ ਤੋਂ ਲੈ ਕੇ ਅੱਜ ਤੱਕ ਸਮੁੰਦਰ ਜੀਵਨ, ਸੁੰਦਰਤਾ ਅਤੇ ਅਸੀਮ ਕੁਦਰਤੀ ਸੰਪਦਾ ਦੇ ਪ੍ਰਤੀਕ ਰਹੇ ਹਨ। ਇਹ ਮਨੁੱਖਤਾ ਲਈ ਭੋਜਨ ਦਾ ਮਹੱਤਵਪੂਰਨ ਸਰੋਤ ਹਨ, ਜਲਵਾਯੂ ਨੂੰ ਸੰਤੁਲਿਤ ਰੱਖਦੇ ਹਨ, ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਆਧਾਰ ਹਨ ਅਤੇ ਸਾਡੇ ਸਾਹਾਂ ਲਈ ਲੋੜੀਂਦੀ ਆਕਸੀਜ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਪ੍ਰਦਾਨ ਕਰਦੇ ਹਨ। ਪਰ ਵਿਡੰਬਨਾ ਇਹ ਹੈ ਕਿ ਮਨੁੱਖ ਇਨ੍ਹਾਂ ਵਿਸ਼ਾਲ ਜਲ-ਸਰੋਤਾਂ ਨੂੰ ਹੌਲੀ-ਹੌਲੀ ਕੂੜਾ ਸੁੱਟਣ ਲਈ ਇੱਕ ਸੁਵਿਧਾਜਨਕ ਥਾਂ ਵਜੋਂ ਵਰਤਣ ਲੱਗ ਪਿਆ ਹੈ।

ਹਰ ਰੋਜ਼ ਵੱਡੀ ਮਾਤਰਾ ਵਿੱਚ ਪਲਾਸਟਿਕ, ਗੰਦਾ ਪਾਣੀ, ਉਦਯੋਗਿਕ ਰਸਾਇਣ, ਖੇਤੀਬਾੜੀ ਦਾ ਕੂੜਾ ਅਤੇ ਹੋਰ ਪ੍ਰਦੂਸ਼ਕ ਦਰਿਆਵਾਂ ਰਾਹੀਂ ਆਖ਼ਰਕਾਰ ਸਮੁੰਦਰਾਂ ਵਿੱਚ ਪਹੁੰਚ ਰਹੇ ਹਨ। ਪਲਾਸਟਿਕ ਦੀਆਂ ਬੋਤਲਾਂ, ਥੈਲੀਆਂ, ਮੱਛੀ ਫੜਨ ਵਾਲੇ ਜਾਲ, ਖਾਣ-ਪੀਣ ਦੀ ਪੈਕਿੰਗ ਅਤੇ ਹੋਰ ਅਣਗਿਣਤ ਬੇਕਾਰ ਵਸਤੂਆਂ ਸਮੁੰਦਰਾਂ ਦੀ ਸਤ੍ਹਾ ਉੱਤੇ ਤੈਰਦੀਆਂ ਰਹਿੰਦੀਆਂ ਹਨ ਜਾਂ ਸਮੁੰਦਰ ਦੀ ਤਲਹੱਟੀ ਵਿੱਚ ਜਾ ਡੁੱਬਦੀਆਂ ਹਨ। ਜੋ ਸਮੱਸਿਆ ਸਾਨੂੰ ਦੂਰ ਦੀ ਵਾਤਾਵਰਣੀ ਸਮੱਸਿਆ ਜਾਪਦੀ ਹੈ, ਅਸਲ ਵਿੱਚ ਉਹ ਮਨੁੱਖੀ ਸਿਹਤ, ਸਮੁੰਦਰੀ ਜੀਵ-ਜੰਤੂਆਂ ਅਤੇ ਸਾਡੇ ਗ੍ਰਹਿ ਦੇ ਭਵਿੱਖ ਲਈ ਇੱਕ ਗੰਭੀਰ ਖ਼ਤਰਾ ਬਣ ਚੁੱਕੀ ਹੈ। ਇੰਨਾ ਜ਼ਿਆਦਾ ਕਿ ਸਮੁੰਦਰਾਂ ਵਿੱਚ ਪੰਜ ਵਿਸ਼ਾਲ ਕੂੜੇ ਦੇ ਢੇਰਾਂ ਨਾਲ਼ ਬਣੀਆਂ ਟਾਕੀਆਂ (Patches) ਹਨ। ਉਹ ਸਮੁੰਦਰੀ ਧਾਰਾਵਾਂ ਦੇ ਨਾਲ ਚੱਲਦੀਆਂ ਹਨ, ਲਹਿਰਾਂ ਦੇ ਨਾਲ ਆਕਾਰ ਬਦਲਦੀਆਂ ਹਨ। ਉਨ੍ਹਾਂ ਵਿੱਚੋਂ ਸਭ ਤੋਂ ਵੱਡੀ ਉੱਤਰੀ ਪ੍ਰਸ਼ਾਂਤ ਟਾਕੀ (the North Pacific Garbage Patch) ਹੈ, ਜਿਹੜੀ ਕਿ 16 ਲੱਖ ਵਰਗ ਕਿਲੋਮੀਟਰ ਲੰਮੀ ਹੈ ਅਤੇ ਜਿਸਦਾ ਭਾਰ ਲੱਗਭੱਗ 80,000 ਤੋਂ ਇੱਕ ਲੱਖ ਟੰਨ ਹੈ।

ਇਸ ਪ੍ਰਦੂਸ਼ਣ ਦੇ ਨਤੀਜ਼ੇ ਹੁਣ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੇ ਹਨ। ਸਮੁੰਦਰੀ ਜੀਵ ਅਕਸਰ ਪਲਾਸਟਿਕ ਨੂੰ ਭੋਜਨ ਸਮਝ ਕੇ ਨਿਗਲ ਜਾਂਦੇ ਹਨ, ਜਦਕਿ ਛੱਡੇ ਹੋਏ ਮੱਛੀ ਫੜਨ ਵਾਲੇ ਜਾਲ ਕੱਛੂਆਂ, ਡਾਲਫਿਨਾਂ ਅਤੇ ਹੋਰ ਜੀਵਾਂ ਨੂੰ ਫਸਾ ਕੇ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣ ਜਾਂਦੇ ਹਨ। ਬਹੁਤ ਹੀ ਛੋਟੇ ਪਲਾਸਟਿਕ ਕਣ, ਜਿਨ੍ਹਾਂ ਨੂੰ ਮਾਈਕ੍ਰੋਪਲਾਸਟਿਕ ਕਿਹਾ ਜਾਂਦਾ ਹੈ, ਸਮੁੰਦਰੀ ਭੋਜਨ ਲੜੀ ਵਿੱਚ ਦਾਖ਼ਲ ਹੋ ਚੁੱਕੇ ਹਨ ਅਤੇ ਹੁਣ ਸਮੁੰਦਰੀ ਖੁਰਾਕ ਸਮੇਤ ਵਾਤਾਵਰਣ ਦੇ ਹੋਰ ਹਿੱਸਿਆਂ ਵਿੱਚ ਵੀ ਪਾਏ ਜਾ ਰਹੇ ਹਨ। ਰਸਾਇਣਕ ਪ੍ਰਦੂਸ਼ਣ ਵੀ ਅਜਿਹੇ ਖੇਤਰ ਪੈਦਾ ਕਰ ਸਕਦਾ ਹੈ ਜਿੱਥੇ ਸਮੁੰਦਰੀ ਜੀਵਨ ਲਈ ਜੀਊਣਾ ਮੁਸ਼ਕਲ ਹੋ ਜਾਂਦਾ ਹੈ।

ਇਹ ਸਮੱਸਿਆ ਸਮੁੰਦਰਾਂ ਦੀ ਨਹੀਂ, ਸਗੋਂ ਮਨੁੱਖੀ ਆਦਤਾਂ ਦੀ ਪੈਦਾਵਾਰ ਹੈ। ਖਰਾਬ ਕੂੜਾ ਪ੍ਰਬੰਧਨ ਪ੍ਰਣਾਲੀ, ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦੀ ਬੇਹਿਸਾਬ ਵਰਤੋਂ, ਬਿਨਾਂ ਸਾਫ਼ ਕੀਤੇ ਗੰਦੇ ਪਾਣੀ ਦਾ ਨਿਕਾਸ ਅਤੇ ਉਦਯੋਗਾਂ ਦੀ ਗੈਰ-ਜ਼ਿੰਮੇਵਾਰਾਨਾ ਕਾਰਗੁਜ਼ਾਰੀ ਅਜਿਹੇ ਕਾਰਨ ਹਨ ਜੋ ਸ਼ਹਿਰਾਂ ਅਤੇ ਪਿੰਡਾਂ ਦਾ ਕੂੜਾ ਦਰਿਆਵਾਂ ਰਾਹੀਂ ਸਮੁੰਦਰਾਂ ਤੱਕ ਪਹੁੰਚਾਉਂਦੇ ਹਨ। ਇਸ ਅਰਥ ਵਿੱਚ ਸਮੁੰਦਰੀ ਪ੍ਰਦੂਸ਼ਣ ਇਸ ਗੱਲ ਦਾ ਦਰਪਣ ਹੈ ਕਿ ਅਸੀਂ ਧਰਤੀ ਉੱਤੇ ਆਪਣੇ ਕੂੜੇ ਦਾ ਪ੍ਰਬੰਧਨ ਕਿੰਨੀ ਜ਼ਿੰਮੇਵਾਰੀ ਜਾਂ ਗੈਰ-ਜ਼ਿੰਮੇਵਾਰੀ ਨਾਲ ਕਰਦੇ ਹਾਂ।

ਸਰਕਾਰਾਂ ਨੂੰ ਕੂੜਾ ਪ੍ਰਬੰਧਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਉਦਯੋਗਿਕ ਗੰਦੇ ਪਾਣੀ ਅਤੇ ਰਸਾਇਣਕ ਨਿਕਾਸ ਉੱਤੇ ਸਖ਼ਤ ਨਿਯੰਤਰਣ ਲਗਾਉਣਾ ਚਾਹੀਦਾ ਹੈ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਬਿਹਤਰ ਕੂੜਾ ਇਕੱਠਾ ਕਰਨ ਦੀਆਂ ਸਹੂਲਤਾਂ ਉਪਲਬਧ ਕਰਵਾਉਣੀਆਂ ਚਾਹੀਦੀਆਂ ਹਨ। ਉਦਯੋਗਾਂ ਨੂੰ ਆਪਣੇ ਦੁਆਰਾ ਪੈਦਾ ਕੀਤੇ ਕੂੜੇ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।

ਨਾਗਰਿਕਾਂ ਦੀ ਭੂਮਿਕਾ ਵੀ ਉਤਨੀ ਹੀ ਮਹੱਤਵਪੂਰਨ ਹੈ। ਸਾਨੂੰ ਬੇਲੋੜੀ ਪਲਾਸਟਿਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ, ਜਨਤਕ ਥਾਵਾਂ 'ਤੇ ਕੂੜਾ ਨਹੀਂ ਸੁੱਟਣਾ ਚਾਹੀਦਾ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਕਰਨਾ ਚਾਹੀਦਾ ਹੈ ਅਤੇ ਦੁਬਾਰਾ ਵਰਤੋਂਯੋਗ ਵਸਤੂਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਸਫ਼ਾਈ ਅਭਿਆਨ ਕੁਝ ਹੱਦ ਤੱਕ ਕੂੜਾ ਹਟਾ ਸਕਦੇ ਹਨ, ਪਰ ਇਹ ਸਥਾਈ ਹੱਲ ਨਹੀਂ ਹਨ। ਅਸਲ ਹੱਲ ਇਸ ਗੱਲ ਵਿੱਚ ਹੈ ਕਿ ਕੂੜਾ ਪੈਦਾ ਹੀ ਘੱਟ ਹੋਵੇ ਅਤੇ ਉਸ ਨੂੰ ਸਮੁੰਦਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕਿਆ ਜਾਵੇ। ਇਸ ਲਈ ਵਾਤਾਵਰਣੀ ਸਿੱਖਿਆ ਅਤੇ ਲੋਕ ਜਾਗਰੂਕਤਾ ਨੂੰ ਵਾਤਾਵਰਣ ਨੀਤੀ ਦਾ ਅਟੁੱਟ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ।

ਸਮੁੰਦਰਾਂ ਕੋਲ ਪ੍ਰਦੂਸ਼ਣ ਵਿਰੁੱਧ ਆਪਣੀ ਆਵਾਜ਼ ਉਠਾਉਣ ਲਈ ਕੋਈ ਸ਼ਬਦ ਨਹੀਂ ਹਨ, ਪਰ ਉਨ੍ਹਾਂ ਦੀ ਵਿਗੜਦੀ ਸਿਹਤ ਸਾਨੂੰ ਇੱਕ ਸਪੱਸ਼ਟ ਚੇਤਾਵਨੀ ਦੇ ਰਹੀ ਹੈ। ਅਸੀਂ ਸਮੁੰਦਰਾਂ ਨੂੰ ਅਜਿਹਾ ਅਥਾਹ ਕੂੜੇਦਾਨ ਨਹੀਂ ਬਣਾ ਸਕਦੇ ਜਿਸ ਵਿੱਚ ਆਪਣਾ ਕੂੜਾ ਸੁੱਟ ਕੇ ਸਿਰਫ਼ ਇਸ ਲਈ ਨਿਸ਼ਚਿੰਤ ਹੋ ਜਾਈਏ ਕਿ ਉਹ ਸਾਡੀਆਂ ਅੱਖਾਂ ਤੋਂ ਦੂਰ ਚਲਾ ਗਿਆ ਹੈ।

ਸਮੁੰਦਰ ਸਾਡਾ ਕੂੜੇਦਾਨ ਨਹੀਂ, ਸਗੋਂ ਸਾਡੀ ਜੀਵਨ-ਰੇਖਾ ਹਨ। ਉਨ੍ਹਾਂ ਦੀ ਰੱਖਿਆ ਕਰਨਾ ਕੇਵਲ ਵਾਤਾਵਰਣੀ ਜ਼ਿੰਮੇਵਾਰੀ ਨਹੀਂ, ਬਲਕਿ ਆਪਣੇ ਆਪ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ।

ਸੁਰਿੰਦਰਪਾਲ ਸਿੰਘ ਕਿੱਤੇ ਵਜੋਂ ਇੱਕ ਅਧਿਆਪਕ ਹੈ। ਵਿਦਿਆਰਥੀਆਂ ਦੇ ਬਹੁ ਪੱਖੀ ਵਿਕਾਸ ਲਈ ਵਿਗਿਆਨ ਦੀ ਵਰਤੋਂ ਕਰਦਾ ਹੈ। ਪਿੰਡਾਂ ਦੇ ਵਿਦਿਆਰਥੀ ਵਿਗਿਆਨ ਵਿਸ਼ੇ ਵਿੱਚ ਰੁਚੀ ਰੱਖਦੇ ਹਨ ਪ੍ਰੰਤੂ ਅੰਗ੍ਰੇਜ਼ੀ ਭਾਸ਼ਾ ਦੀ ਔਖ ਕਾਰਣ ਕਈ ਵਾਰ ਵਿਗਿਆਨ ਦੀ ਪੜ੍ਹਾਈ ਜਾਰੀ ਨਹੀ ਰੱਖ ਸਕਦੇ ਸੋ ਉਹ ਵਿਗਿਆਨ ਅਧਿਆਪਕ ਹੋਣ ਨਾਤੇ ਵਿਗਿਆਨ ਦੀਆਂ ਨਵੇਕਲੀਆਂ,

ਭਵਿੱਖਤ ਤੇ ਪੁਰਾਤਨ ਕਾਢਾਂ ਨੂੰ ਮਾਂ ਬੋਲੀ ਵਿੱਚ ਲੇਖਾਂ ਰਾਹੀ ਵਿਦਿਆਰਥੀਆਂ ਦੇ ਸਨਮੁੱਖ ਰੱਖ ਰਿਹਾ ਹੈ। ਉਹ ਕਵਿਤਾ ਅਤੇ ਲੇਖ ਲਿਖਦਾ ਹੈ ਤੇ ਦੋ ਭਾਸ਼ਾਵਾਂ ਅੰਗ੍ਰੇਜ਼ੀ ਤੇ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰਦਾ ਹੈ।

wisdom
ਖੋਜ ਨਿਬੰਧ

ਬੁੱਧੀ, ਸਿਆਣਪ ਅਤੇ ਏ.ਆਈ

ਇੰਜ. ਈਸ਼ਰ ਸਿੰਘ

ਬੁੱਧੀ ਅਤੇ ਇਸਦਾ ਕਾਰਜ-ਖੇਤਰ

ਆਪਾਂ ਮਨੁੱਖ ਆਪਣੇ-ਆਪ ਨੂੰ ਬੁੱਧੀਮਾਨ ਸਮਝਦੇ ਹਾਂ ਅਤੇ ਬੁੱਧੀਮਾਨ (Homo Sapiens) ਕਹਾਉਂਦੇ ਹਾਂ। ਮਾਣ ਕਰਦੇ ਹਾਂ ਕਿ ਬੁੱਧੀ ਰਾਹੀਂ ਆਪਾਂ, ਵਿਗਿਆਨ, ਤਕਨਾਲੋਜੀ, ਅਰਥ-ਵਿਵਸਥਾ, ਸਾਰੇ ਖੇਤਰਾਂ 'ਚ ਚਮਤਕਾਰੀ ਤਰੱਕੀ ਅਤੇ ਸਮੁੱਚੀ ਖੁਸ਼ਹਾਲੀ ਪ੍ਰਾਪਤ ਕਰ ਸਕੇ ਹਾਂ। ਪਰ ਮਹਾਂਪੁਰਖ ਸਾਨੂੰ ਮੂਰਖ ਵੀ ਕਹਿੰਦੇ ਹਨ ਅਤੇ ਸਬੂਤ ਵਜੋਂ, ਸਾਡੀ ਮੂਰਖਤਾ ਕਾਰਨ ਵਾਪਰੀਆਂ ਭਿਆਨਕ ਇਤਿਹਾਸਕ ਵਾਰਦਾਤਾਂ ਸਾਡੇ ਸਾਹਮਣੇ ਰਖਦੇ ਹਨ। ਆਪਾਂ ਖੁਦ ਵੀ ਇਤਿਹਾਸ ਵਿੱਚ ਹੋਏ ਜ਼ੁਲਮ ਅਤੇ ਬਰਬਾਦੀਆਂ ਤੋਂ ਸ਼ਰਮਿੰਦਾ ਹਾਂ ਅਤੇ ਸੰਸਾਰ ਦੇ ਮੌਜੂਦਾ ਮੰਦੇ ਹਾਲਾਤਾਂ ਨੂੰ ਤਾਂ ਦੇਖ ਹੀ ਰਹੇ ਹਾਂ। ਨਾਲ਼ ਹੀ, ਆਪਣੀਆਂ ਮਾਣ-ਮੱਤੀਆਂ ਪਦਾਰਥਕ ਪ੍ਰਾਪਤੀਆਂ ਦੇ ਬਾਵਜੂਦ ਅੰਦਰੂਨੀ ਖੁਸ਼ੀਆਂ ਅਤੇ ਸਬਰ-ਸੰਤੋਖ ਤੋਂ ਵਿਰਵੇ ਮਹਿਸੂਸ ਕਰਦੇ ਹਾਂ। ਜਦ ਇਨ੍ਹਾਂ ਵਿਰੋਧਾਭਾਸਾਂ ਸੰਬੰਧੀ ਵਿਵੇਕ ਨਾਲ਼ ਵਿਚਾਰ ਕਰਦੇ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਮਹਾਂਪੁਰਖ ਠੀਕ ਹੀ ਸਾਨੂੰ ਮੂਰਖ ਗਰਦਾਨਦੇ ਹਨ। ਸਾਨੂੰ ਇਹ ਮੰਨਣਾ ਪੈਂਦਾ ਹੈ ਕਿ ਬੁੱਧੀਮਾਨ ਹੋ ਕੇ ਵੀ ਆਪਾਂ ਮੂਰਖ ਰਹਿ ਸਕਦੇ ਹਾਂ। ਇਹ ਅਹਿਸਾਸ ਸਾਡੇ ਅੱਗੇ ਇਹ ਸਵਾਲ ਖੜ੍ਹਾ ਕਰਦਾ ਹੈ ਕਿ: ਜੇ ਅੱਜ ਬੁੱਧੀਮਾਨ ਹੁੰਦੇ ਹੋਏ ਅਸੀਂ ਮੂਰਖ ਹਾਂ, ਤਾਂ ਕੀ ਬੁੱਧੀ ਦਾ ਵਾਧਾ ਭਵਿੱਖ 'ਚ ਸਾਨੂੰ ਮੂਰਖਤਾ ਤੋਂ ਛੁਟਕਾਰਾ ਦਿਵਾ ਸਕੇਗਾ? ਕੀ ਕ੍ਰਿਤਮ ਬੁੱਧੀ ਸਾਡੀ ਸੁਭਾਵਿਕ ਮੂਰਖਤਾ ਨੂੰ ਘਟਾ ਸਕੇਗੀ?

ਮਨੁੱਖ ਸ਼ੁਰੂ ਤੋਂ ਹੀ ਇਸ ਵਿਸ਼ਵਾਸ ਦਾ ਧਾਰਨੀ ਰਿਹਾ ਹੈ ਕਿ ਬੁੱਧੀ ਨਾਲ਼ ਉਹ ਬਹੁਤ ਕੁਛ ਕਰ ਸਕਦਾ ਹੈ ਪਰ ਸਮੇਂ ਨਾਲ਼ ਉਸ ਨੂੰ, ਇਸ ਦੀਆਂ ਸੀਮਾਵਾਂ ਅਤੇ ਘਾਟਾਂ ਦਾ ਵੀ ਪਤਾ ਲਗਦਾ ਰਿਹਾ। ਜਿਵੇਂ ਕਿ ਯਾਦ-ਸ਼ਕਤੀ ਦਾ ਸੀਮਤ ਹੋਣਾ, ਹਿਸਾਬ-ਕਿਤਾਬ ਲਾਉਣ ਦੀ ਗਤੀ ਦਾ ਸੀਮਤ ਹੋਣਾ, ਧਿਆਨ ਦਾ ਭਟਕਣਾ ਅਤੇ ਥੱਕ-ਅੱਕ ਜਾਣਾ ਆਦਿ। ਇਸ ਤੋਂ ਇਲਾਵਾ ਇਹ, ਮਨੁੱਖੀ ਕਮਜ਼ੋਰੀਆਂ, ਪੱਖ-ਪਾਤਾਂ, ਖੁੰਦਕਾਂ ਅਤੇ ਸਾਡੇ ਵਿਕਾਰਾਂ ਦਾ ਅਸਰ ਬਹੁਤ ਛੇਤੀ ਕਬੂਲਦੀ ਹੈ। ਇਸ ਦੀਆਂ ਇਨ੍ਹਾਂ ਘਾਟਾਂ ਨੂੰ ਦੂਰ ਕਰਨ ਅਤੇ ਇਸ ਦੀ ਕਾਰਜ-ਕੁਸ਼ਲਤਾ (Efficiency) ਵਧਾਉਣ ਲਈ ਮਨੁੱਖ ਨੇ ਸਮੇਂ-ਸਮੇਂ ਸਿਰ ਲੋੜੀਂਦੇ ਸਾਧਨ ਵਿਕਸਿਤ ਕੀਤੇ। ਉਦਾਹਰਨ ਵਜੋਂ: ਲਿਖਣ ਦੀ ਕਲਾ, ਕਿਤਾਬਾਂ, ਲਾਇਬ੍ਰੇਰੀਆਂ, ਗਣਿਤ, ਵਿਗਿਆਨ, ਕੈਲਕੂਲੇਟਰ, ਕੰਪਿਊਟਰ ਅਤੇ ਇੰਟਰਨੈੱਟ ਆਦਿ। ਇਨ੍ਹਾਂ ਸਾਰਿਆਂ ਦਾ ਉਦੇਸ਼ ਮਨੁੱਖੀ ਬੁੱਧੀ ਦੀ ਮੂਲ ਪ੍ਰਵਿਰਤੀ ਨੂੰ ਬਰਕਰਾਰ ਰਖਦਿਆਂ ਹੋਇਆਂ, ਇਸ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣਾ ਸੀ। ਪਰ ਮਨੁੱਖ ਦੀ ਪਦਾਰਥ ਦੀ ਭੁੱਖ ਅਸੀਮ ਅਤੇ ਬਹੁ-ਰੰਗੀ ਹੈ, ਇਸ ਲਈ ਪੂਰੀ ਤਰ੍ਹਾਂ ਕਾਰਜ-ਕੁਸ਼ਲ ਬੁੱਧੀ ਵੀ ਉਸ ਨੂੰ ਘੱਟ ਲੱਗਣ ਲੱਗੀ। ਢਾਈ ਕੁ ਸੌ ਸਾਲ ਪਹਿਲਾਂ, ਮਸ਼ੀਨਰੀ ਰਾਹੀਂ ਸਰੀਰਕ-ਬਲ ਨੂੰ ਅਨੇਕਾਂ ਗੁਣਾ ਵਧਾ ਸਕਣ ਦੀਆਂ ਸਫਲ ਕੋਸ਼ਿਸਾਂ ਦਾ ਤਾਜਾ ਇਤਿਹਾਸ ਉਸ ਦੇ ਸਾਹਮਣੇ ਸੀ। ਸੋ, ਉਸ ਨੇ ਬੁੱਧੀ ਦੇ ਕੁਝ ਗੁਣਾਂ ਨੂੰ ਵੀ ਮਸ਼ੀਨਾਂ ਰਾਹੀਂ ਹੋਰ ਵਿਕਸਿਤ ਕਰਨ ਲਈ ਖੋਜਾਂ ਸ਼ੁਰੂ ਕੀਤੀਆਂ ਅਤੇ ਇਸ ਵਿੱਚ ਉਸ ਨੂੰ ਸਫਲਤਾ ਵੀ ਮਿਲਣ ਲੱਗੀ। ਇਸ ਤਕਨਾਲੋਜੀ ਨੂੰ ਕ੍ਰਿਤਮ ਬੁੱਧੀ (Artificial Intelligence) ਕਿਹਾ ਗਿਆ ਅਤੇ ਪਿਛਲੇ ਸੱਤ-ਅੱਠ ਦਹਾਕਿਆਂ ਵਿੱਚ ਇਹ ਅਮਰ-ਵੇਲ੍ਹ ਵਾਂਗ ਫੈਲੀ ਹੈ। ਇਕੱਲਾ ਇਸ ਕਰਕੇ ਹੀ ਨਹੀਂ, ਸਗੋਂ ਹੋਰ ਤਕਨਾਲੋਜੀਆਂ ਅਤੇ ਜੀਵਨ ਦੇ ਅਨੇਕਾਂ ਖੇਤਰਾਂ ਵਿੱਚ ਖਾਹ-ਮਖਾਹ ਆਪਣੀ ਭੂਮਿਕਾ ਵਧਾਉਣ ਦੀ ਹੋੜ ਕਰਕੇ ਵੀ ਇਸ ਨੂੰ ਅਮਰ-ਵੇਲ੍ਹ ਕਹਿ ਸਕਦੇ ਹਾਂ। ਪਰ ਦੋਵੇਂ ਬੁਧੀਆਂ (ਕੁਦਰਤੀ ਅਤੇ ਕ੍ਰਿਤਮ) ਰਲ਼ ਕੇ ਵੀ ਆਪਾਂ ਨੂੰ ਮੂਰਖਤਾ ਤੋਂ ਛੁਟਕਾਰਾ ਨਹੀਂ ਦਿਵਾ ਸਕੀਆਂ। ਅਜੇ ਵੀ ਆਪਾਂ ਜੰਗਾਂ-ਯੁਧਾਂ, ਵਾਤਾਵਰਣਕ ਸੰਕਟਾਂ, ਨਾ-ਬਰਾਬਰੀਆਂ, ਪ੍ਰੇਸ਼ਾਨੀਆਂ, ਨਫ਼ਰਤ, ਸਾਧਨਾਂ ਦੀ ਬਰਬਾਦੀ ਆਦਿ ਨੂੰ ਠੱਲ ਪਾਉਣ ਵਿੱਚ ਅਸਮਰੱਥ ਹਾਂ।

ਮੂਰਖਤਾ ਸਦੀਵੀ ਅਤੇ ਸਰਬ-ਵਿਆਪੀ ਹੈ

ਸਪਸ਼ਟ ਹੈ ਕਿ ਮੂਰਖਤਾ ਤੋਂ ਭਾਵ ਬੁੱਧੀ ਦੀ ਘਾਟ ਨਹੀਂ। ਮੂਰਖਤਾ ਤਾਂ, ਬੁੱਧੀ, ਗਿਆਨ ਅਤੇ ਸਾਧਨਾਂ ਦੇ ਬਾਵਜੂਦ ਅਜਿਹੇ ਕੰਮ ਕਰਨਾ ਹੈ ਜੋ ਵਿਅਕਤੀ, ਸਮਾਜ ਅਤੇ ਮਨੁੱਖਤਾ ਦੇ ਹਿਤਾਂ ਅਤੇ ਮਾਨਤਾ-ਪ੍ਰਾਪਤ ਕਦਰਾਂ-ਕੀਮਤਾਂ ਦੇ ਵਿਰੁੱਧ ਜਾਂ ਨੁਕਸਾਨਦਾਇਕ ਹੋਣ। ਹਰ ਦੇਸ਼ ਅਤੇ ਕਾਲ ਦੇ ਮਹਾਂਪੁਰਖ, ਮੂਰਖਤਾ ਅਤੇ ਇਸ ਦਾ ਆਧਾਰ ਬਣੇ ਹੋਏ ਵਿਕਾਰਾਂ-ਔਗੁਣਾਂ ਬਾਰੇ ਸਪਸ਼ਟ ਸ਼ਬਦਾਂ 'ਚ ਸਮਝਾਉਂਦੇ ਆ ਰਹੇ ਹਨ। ਭਾਰਤ ਦੇ ਉਪਨਿਸ਼ਦਾਂ, ਭਾਗਵਤ ਗੀਤਾ ਅਤੇ ਧਾਰਮਿਕ ਗ੍ਰੰਥਾਂ 'ਚ ਇਨ੍ਹਾਂ ਬਾਰੇ ਬਹੁਤ ਚਰਚਾ ਹੈ। ਹਜਰਤ ਮੂਸਾ ਨਾਲ ਸੰਬੰਧਿਤ 'ਦਸ ਹੁਕਮ' (ਦਸ ਕਮਾਂਡਮੈਂਟਾਂ) ਉਸ ਸਮੇਂ ਅਤੇ ਖੇਤਰ ਦੇ ਮਨੁੱਖਾਂ ਦੀਆਂ ਮੰਦੀਆਂ ਪ੍ਰਵਿਰਤੀਆਂ ਦਾ ਸਬੂਤ ਹਨ। ਇਹੀ ਗੱਲ ਮਹਾਤਮਾ ਬੁੱਧ ਦੇ ਅਸ਼ਟ-ਮਾਰਗ 'ਤੋਂ ਸਮਝ ਆਉਂਦੀ ਹੈ। ਹਜ਼ਰਤ ਈਸਾ ਨੇ ਮਨੁੱਖ ਦੇ ਅੰਦਰਲੇ ਵਿਕਾਰਾਂ, ਪਖੰਡ, ਲੋਭ, ਹੰਕਾਰ ਅਤੇ ਨਫਰਤ ਦੀ ਤਿੱਖੀ ਆਲੋਚਨਾ ਕਰਦਿਆਂ ਪ੍ਰੇਮ, ਦਇਆ ਅਤੇ ਖਿਮਾ ਦਾ ਉਪਦੇਸ਼ ਦਿੱਤਾ। ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਵਿੱਚ ਵੀ ਨੇਕ-ਪਾਕ ਜੀਵਨ, ਇਨਸਾਫ਼, ਦਇਆ ਅਤੇ ਮਨੁੱਖੀ ਜ਼ਿੰਮੇਵਾਰੀ ਉੱਤੇ ਜ਼ੋਰ ਦਿੱਤਾ ਗਿਆ ਹੈ। ਸਿੱਖ ਧਰਮ ਦੇ ਸੇਵਕਾਂ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਪੰਜ ਮੁੱਖ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਤੋਂ ਇਲਾਵਾ ਅਨੇਕਾਂ ਹੋਰ ਔਗੁਣਾਂ ਨੂੰ ਤਿਆਗਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਹਰ ਮਹਾਂਪੁਰਖ ਨੇ ਇਨ੍ਹਾਂ ਨੂੰ ਆਪਣੀ-ਆਪਣੀ ਭਾਸ਼ਾ, ਦੇਸ਼ ਅਤੇ ਯੁਗ ਦੇ ਪਰਿਪੇਖ ਵਿੱਚ ਸਮਝਾਇਆ ਹੈ ਅਤੇ ਹਾਲਾਤਾਂ ਅਨੁਸਾਰ ਇਨ੍ਹਾਂ ਨੂੰ ਨਿਯੰਤਰਿਤ ਕਰਨ ਲਈ ਅਸੂਲ-ਨਿਯਮ ਵੀ ਬਣਾਏ ਹਨ। ਹਰ ਧਰਮ ਦਾ ਅਨੁਯਾਈ ਆਪੋ-ਆਪਣੇ ਮੋਢੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ 'ਤੇ ਅਮਲ ਕਰ ਕੇ, ਇਨ੍ਹਾਂ ਔਗੁਣਾਂ-ਵਿਕਾਰ ਨੂੰ ਤਿਆਗ ਕੇ ਸਿਆਣਪ ਦੇ ਰਸਤੇ 'ਤੇ ਚੱਲ ਸਕਦਾ ਹੈ।

ਮੂਰਖਤਾ ਕੇਵਲ ਵਿਅਕਤੀਆਂ ਤੱਕ ਸੀਮਿਤ ਨਹੀਂ ਰਹਿੰਦੀ; ਇਹ ਸਰਕਾਰਾਂ, ਸੰਸਥਾਵਾਂ ਅਤੇ ਸਭਿਅਤਾਵਾਂ ਦੇ ਫ਼ੈਸਲਿਆਂ ਵਿੱਚ ਵੀ ਪਰਗਟ ਹੁੰਦੀ ਹੈ। ਬਰਬਾਰਾ ਟੱਕਮੈਨ ਦੀ ਕਿਤਾਬ 'The March of Folly' ਅਨੁਸਾਰ ਮੂਰਖਤਾ (Folly) ਦੇਸ਼ ਅਤੇ ਕਾਲ ਤੋਂ ਅਜ਼ਾਦ ਹੁੰਦੀ ਹੈ। ਇਹ ਸਦੀਵੀ ਅਤੇ ਸਰਬ-ਵਿਆਪੀ ਹੈ ਭਾਵੇਂ ਕਿ ਵਕਤ ਅਤੇ ਸਥਾਨ ਦੀਆਂ ਮਾਨਤਾਵਾਂ ਅਤੇ ਰਹੁ-ਰੀਤਾਂ ਅਨੁਸਾਰ, ਇਸ ਦਾ ਰੂਪ ਬਦਲਦਾ ਰਹਿੰਦਾ ਹੈ। ਇਸ ਦਾ ਹਕੂਮਤ ਦੀ ਕਿਸਮ ਨਾਲ਼ ਕੋਈ ਸਬੰਧ ਨਹੀਂ ਅਤੇ ਨਾਂ ਹੀ ਇਸ ਦਾ ਕਿਸੇ ਕੌਮ ਜਾਂ ਵਰਗ ਨਾਲ਼ ਕੋਈ ਸਬੰਧ ਹੈ। ਇਹ ਰਾਜਤੰਤਰ, ਅਲਪਤੰਤਰ ਅਤੇ ਗਣਤੰਤਰ ਸਭ ਵਿੱਚ ਦਿਖਦੀ ਹੈ। ਇਸੇ ਤਰ੍ਹਾਂ ਆਧੁਨਿਕ ਫਿਲਾਸਫਰ-ਇਤਿਹਾਸਕਾਰ ਯੁਵਾਲ ਹਰਾਰੀ ਆਪਣੀ ਕਿਤਾਬ '21 Lessons for the 21st Century' 'ਚ ਮਨੁੱਖੀ ਮੂਰਖਤਾ ਨੂੰ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਵਿਨਾਸ਼ਕਾਰੀ ਤਾਕਤਾਂ ਵਿੱਚੋਂ ਇੱਕ ਮੰਨਿਆ ਹੈ। ਕਹਿੰਦਾ ਹੈ ਕਿ ਸਾਨੂੰ ਮਨੁੱਖੀ ਮੂਰਖਤਾ (Human Stupidity) ਨੂੰ ਕਦੇ ਵੀ ਘੱਟ ਕਰਕੇ ਨਹੀਂ ਸਮਝਣਾ ਚਾਹੀਂਦਾ – ਇਹ ਭਾਵੇਂ ਵਿਅਕਤੀਗਤ ਪੱਧਰ ਦੀ ਹੋਵੇ ਭਾਵੇਂ ਸਮੂਹਕ ਪੱਧਰ ਦੀ। ਮਨੁੱਖ ਵਿੱਚ ਆਪਣੀ ਤਬਾਹੀ ਆਪ ਕਰਨ ਦੀ ਪ੍ਰਵਿਰਤੀ ਕੰਮ ਕਰਦੀ ਹੈ ਅਤੇ ਬੁੱਧੀਮਾਨ ਆਗੂ ਵੀ ਵੱਡੀਆਂ ਮੂਰਖਤਾਵਾਂ ਕਰ ਸਕਦੇ ਹਨ। ਵੱਧ-ਘੱਟ ਦੇ ਫ਼ਰਕ ਨਾਲ ਇਹ ਸਾਡੇ ਸਭ ਵਿੱਚ ਮੌਜੂਦ ਹੈ। ਇਸ ਲਈ ਪਛਤਾਵਾ ਕਰਨ ਦੀ ਬਜਾਇ, ਇਸ ਨੂੰ ਪਛਾਣ ਕੇ ਘਟਾਉਣ ਦੀ ਲੋੜ ਹੈ। ਇਸ ਤੋਂ ਬਚਣਾ ਜ਼ਰੂਰੀ ਵੀ ਹੈ ਅਤੇ ਸੰਭਵ ਵੀ—ਪੂਰੀ ਤਰ੍ਹਾਂ ਭਾਵੇਂ ਨਹੀਂ। ਚੰਗੀ ਗੱਲ ਇਹ ਹੈ ਕਿ ਇਸ ਤੋਂ ਬਚਣ ਅਤੇ ਇਸ ਨੂੰ ਘਟਾਉਣ ਲਈ ਸਿਆਣਿਆਂ ਨੇ ਪੁਰਾਣੇ ਸਮਿਆਂ ਤੋਂ ਹੀ ਵੱਖ-ਵੱਖ ਢੰਗ-ਤਰੀਕੇ ਅਪਣਾਏ ਹਨ, ਜਿਨ੍ਹਾਂ ਦੇ ਮੂਲ-ਆਧਾਰ ਸਾਰੀਆਂ ਧਾਰਮਿਕ ਪਰੰਪਰਾਵਾਂ ਵਿੱਚ ਸਾਂਝੇ ਹਨ। ਅੱਜ ਦੀ ਮਨੋਵਿਗਿਆਨਕ ਖੋਜ ਇਨ੍ਹਾਂ ਨੂੰ ਨਵੇਂ ਸੰਦਰਭ ਵਿੱਚ ਸਮਝਣ ਵਿੱਚ ਸਹਾਇਤਾ ਕਰਦੀ ਹੈ।

ਕੁਝ ਮਾਡਰਨ ਖੋਜਾਂ

ਮੂਰਖਤਾ ਦਾ ਕਾਰਨ ਬਣੀਆਂ ਕੁਝ ਪ੍ਰਵਿਰਤੀਆਂ ਨੂੰ ਅੱਜ ਦੇ ਸੰਦਰਭ 'ਚ ਸਮਝਾਉਂਣ ਵਾਲ਼ੀਆਂ ਕੁਝ ਖੋਜਾਂ,ਇਹ ਹਨ:

o ਅੱਜ ਦਾ ਮਨੋਵਿਗਿਆਨ, ਗਿਆਨੀ ਹੋਣ ਦੇ ਭੁਲੇਖੇ ( "Knowledge Illusion") ਦੀ ਗੱਲ ਕਰਦਾ ਹੈ। ਮਨੁੱਖ ਨੂੰ ਲੱਗਦਾ ਹੈ ਕਿ ਉਹ ਬਹੁਤ ਕੁਝ ਜਾਣਦਾ ਹੈ, ਜਦਕਿ ਉਸ ਦਾ ਗਿਆਨ ਅਕਸਰ ਸਤਹੀ ਹੁੰਦਾ ਹੈ। ਇਹ ਹਉਮੈ ਹੈ ਅਤੇ ਇਸ ਦੇ ਇਸ ਅਧੀਨ ਹੋ ਕੇ ਮਨੁੱਖ ਆਪਣੇ ਅਗਿਆਨ ਨੂੰ ਵੀ ਗਿਆਨ ਸਮਝਣ ਲੱਗ ਪੈਂਦਾ ਹੈ। ਇਸ ਲਈ ਸਿਆਣਪ ਕੇਵਲ ਜਾਣਕਾਰੀ ਇਕੱਠੀ ਕਰਨ ਵਿੱਚ ਨਹੀਂ, ਸਗੋਂ ਆਪਣੀ ਸਮਝ ਅਤੇ ਮੂਰਖਤਾ ਦੀਆਂ ਹੱਦਾਂ ਪਛਾਣਨ ਵਿੱਚ ਹੈ।

o ਇਸੇ ਤਰ੍ਹਾਂ ਪਹਿਲੇ ਗਿਆਨ 'ਤੇ ਭਰੋਸੇ ਦਾ ਭੁਲੇਖਾ ( Confirmation Bias ) ਦਸਦਾ ਹੈ ਕਿ ਅਸੀਂ ਉਹੀ ਗੱਲਾਂ ਸਵੀਕਾਰ ਕਰਦੇ ਹਾਂ ਜੋ ਸਾਡੇ ਪਹਿਲਾਂ ਤੋਂ ਬਣੇ ਵਿਚਾਰਾਂ ਨਾਲ ਮਿਲਦੀਆਂ ਹੋਣ।ਮਨੁੱਖ ਸੱਚ ਦੀ ਥਾਂ ਆਪਣੇ ਮਨੋ-ਵੇਗਾਂ ਅਧੀਨ ਹੋ ਕੇ ਚਲਦਾ ਹੈ ਅਤੇ ਅੱਜ ਦਾ ਸੋਸ਼ਲ ਮੀਡੀਆ ਇਸੇ ਛਲਾਵੇ ਨੂੰ ਵਰਤ ਕੇ ਕਮਾਈ ਕਰ ਰਿਹਾ ਹੈ।

o ਸਮੂਹਿਕ ਸੋਚ (Groupthink) ਦਸਦਾ ਹੈ ਕਿ ਕਈ ਵਾਰ ਪੂਰਾ ਸਮਾਜ ਗਲਤ ਦਿਸ਼ਾ ਵਿੱਚ ਚੱਲ ਪੈਂਦਾ ਹੈ, ਕਿਉਂਕਿ ਕੋਈ ਵੀ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦਾ। ਸਿਆਣਪ ਨੂੰ ਹਮੇਸ਼ਾਂ ਬਹੁਮਤ ਦੀ ਜੱਦੀ ਵਿਰਾਸਤ ਨਹੀਂ ਮੰਨਿਆ ਜਾ ਸਕਦਾ।

o "Dunning–Kruger Effect" ਅਨੁਸਾਰ ਘੱਟ ਯੋਗਤਾ ਵਾਲਾ ਮਨੁੱਖ ਵੀ ਆਪਣੇ ਆਪ ਨੂੰ ਵੱਧ ਯੋਗ ਸਮਝਣ ਦਾ ਅਕਸਰ ਭੁਲੇਖਾ ਖਾਂਦਾ ਹੈ। ਮੂਰਖ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਫਿਰਦਾ ਹੈ ਜਦ ਕਿ ਅਸਲ ਸਿਆਣਪ ਨਿਮਰਤਾ ਤੋਂ ਸ਼ੁਰੂ ਹੁੰਦੀ ਹੈ।

ਮੂਰਖਤਾ ਬਾਰੇ ਮੁਢਲੀ ਜਾਣਕਾਰੀ ਪ੍ਰਾਪਤ ਕਰ ਕੇ ਆਪਾਂ ਸਿਆਣਪ ਦੀ ਲੋੜ ਅਤੇ ਇਸ ਦੇ ਮੁਢਲੇ ਕੁਝ ਗੁਣਾਂ ਬਾਰੇ ਵਿਚਾਰ ਕਰ ਸਕਦੇ ਹਾਂ ਅਤੇ ਪ੍ਰਾਪਤ ਸਿੱਟਿਆਂ 'ਤੇ ਅਮਲ ਕਰਕੇ ਇਸ ਦਾ ਲਾਹਾ ਲੈ ਸਕਦੇ ਹਾਂ।

ਪਰਖੀਆਂ-ਅਜਮਾਈਆਂ ਸਿਆਣਪਾਂ

ਸਿਆਣਪ ਮੂਰਖਤਾ ਦਾ ਤੋੜ (Antidote) ਹੈ। ਇਹ ਉਹ ਕਲਾ ਹੈ ਜਿਸ ਰਾਹੀਂ ਮਨੁੱਖ ਆਪਣੀ ਬੁੱਧੀ, ਗਿਆਨ ਅਤੇ ਪ੍ਰਾਪਤੀਆਂ ਨੂੰ ਨਿਮਰਤਾ ਸਹਿਤ ਸਰਬ-ਸਾਂਝੇ ਹਿਤਾਂ ਲਈ ਵਰਤਦਾ ਹੈ। ਇਸ ਨਾਲ਼, ਮਨੁੱਖ ਕੀਤੇ ਜਾਣ ਵਾਲ਼ੇ ਕੰਮਾਂ ਦੇ ਫੌਰੀ ਲਾਭਾਂ ਨੂੰ ਦੇਖਣ ਦੀ ਬਜਾਇ ਉਨ੍ਹਾਂ ਨੂੰ ਨੈਤਿਕ, ਸਮਾਜਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਅਨੁਸਾਰ ਕਰਨ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ। ਸਿਆਣਪ ਦਾ ਮੂਲ ਸੁਭਾਅ ਹੀ ਵਿਵੇਕ-ਬੁੱਧ ਨਾਲ਼ ਮੰਦੇ-ਚੰਗੇ ਦੀ ਪਰਖ ਕਰਨਾ ਹੈ। ਇਹ ਕਲਾ ਹੈ, ਸੋ ਇਹ ਸਿਰੜ ਅਤੇ ਅਭਿਆਸ ਨਾਲ ਸਿੱਖਣੀ ਅਤੇ ਵਿਕਸਤ ਕਰਨੀ ਪੈਂਦੀ ਹੈ, ਜਦ ਕਿ ਬੁੱਧੀ ਬਹੁਤਾ ਕਰ ਕੇ ਸੁਭਾਵਿਕ ਹੁੰਦੀ ਹੈ ਭਾਵੇਂ ਕਿ ਇਸ ਨੂੰ ਵੀ ਸਿਧਾਇਆ ਜਾ ਸਕਦਾ ਹੈ। ਸਿਆਣਪ ਔਗੁਣਾਂ-ਵਿਕਾਰਾਂ ਤੋਂ ਨਿਰਲੇਪ ਕਰਦੀ ਹੈ ਜਦ ਕਿ ਬੁੱਧੀ ਅਕਸਰ ਇਨ੍ਹਾਂ ਦੇ ਅਧੀਨ ਹੋ ਕੇ ਕੰਮ ਕਰਦੀ ਹੈ। ਸਿਆਣਪ ਦੱਸਦੀ ਹੈ ਕਿ ਕੀ ਕਰਨਾ ਚਾਹੀਦਾ ਹੈ ਅਤੇ ਬੁੱਧੀ ਦੱਸਦੀ ਹੈ ਕਿ ਇਹ ਕਿਵੇਂ ਕੀਤਾ ਜਾ ਸਕਦਾ ਹੈ। ਬੁੱਧੀ ਅਕਸਰ ਕੁ-ਬੁੱਧ ਜਾਂ ਕੁ-ਮੱਤ ਬਣ ਜਾਂਦੀ ਹੈ ਪਰ ਸਿਆਣਪ ਮਨੁੱਖ ਦੀ ਇਸ ਕਮਜ਼ੋਰੀ ਨੂੰ ਘਟਾ ਸਕਦੀ ਹੈ। ਮਹਾਂਪੁਰਖਾਂ ਦੀਆਂ ਪਰਖੀਆਂ ਸਿਆਣਪਾਂ ਅੱਜ ਦੇ ਯੁਗ 'ਚ ਵੀ ਪ੍ਰਾਸੰਗਿਕ ਹਨ।

ਮੂਰਖਤਾ ਅਤੇ ਵਿਕਾਰਾਂ ਤੋਂ ਉਪਾਅ ਦੇ ਉਪਰਾਲੇ ਵੀ ਆਦਿ-ਕਾਲ ਤੋਂ ਹੀ ਹੋ ਰਹੇ ਹਨ ਪਰ ਮਨੁੱਖ ਅੱਜ ਤੱਕ ਇਨ੍ਹਾਂ ਦੇ ਚੁੰਗਲ਼ ਤੋਂ ਮੁਕਤ ਨਹੀਂ ਹੋ ਸਕਿਆ। ਸਪਸ਼ਟ ਹੈ ਕਿ ਮੂਰਖਤਾ ਅਤੇ ਵਿਕਾਰਾਂ ਦੇ ਸਮਾਧਾਨ ਲਈ ਜੋ ਉਪਾਅ ਮਨੁੱਖ ਕਰਦਾ ਰਿਹਾ ਹੈ ਉਹ ਕਾਰਗਰ ਨਹੀਂ। ਸਾਇੰਸ ਅਤੇ ਤਕਨਾਲੋਜੀ ਮਨੁੱਖੀ ਸਮਰੱਥਾ ਨੂੰ ਵਧਾ ਸਕਦੀਆਂ ਹਨ, ਪਰ ਇਹ ਫੈਸਲਾ ਨਹੀਂ ਕਰਦੀਆਂ ਕਿ ਉਸ ਸਮਰੱਥਾ ਨੂੰ ਵਰਤਣਾ ਕਿਸ ਮੰਤਵ ਲਈ ਹੈ। ਮਹਾਂਪੁਰਖ ਸਾਡੇ ਸਾਹਮਣੇ ਇਹ ਆਦਰਸ਼ ਰਖਦੇ ਹਨ ਕਿ ਅਸੀਂ ਦੋਵੇਂ ਕਿਸਮ ਦੇ ਲਾਭ ਪ੍ਰਾਪਤ ਕਰੀਏ – ਬੁੱਧੀ ਦੇ ਵੀ ਅਤੇ ਸਿਆਣਪ ਦੇ ਵੀ। ਅੱਜ ਦੇ ਤਕਨਾਲੋਜੀ-ਮੁਖੀ (Technocratic Paradigm) ਮਾਹੌਲ ਵਿੱਚ ਇਸ ਆਦਰਸ਼ ਦੀ ਪ੍ਰਾਪਤੀ ਕਿਵੇਂ ਸੰਭਵ ਹੈ? ਇਸ ਲਈ ਗੁਰਬਾਣੀ (ਭਾਵ ਹਰ ਇਨਸਾਨ ਲਈ ਉਸ ਦੇ ਮੋਢੀ ਪਹਾਂਪੁਰਖਾਂ ਦੀਆਂ ਸਿੱਖਿਆਵਾਂ ਅਤੇ ਉਪਦੇਸ਼) ਅਨੁਸਾਰ ਸਮਾਜਿਕ ਬਦਲਾਅ ਦਾ ਇੱਕ ਮਹੱਤਵਪੂਰਨ ਰਸਤਾ ਵਿਅਕਤੀ ਦੇ ਅੰਦਰੋਂ ਹੋ ਕੇ ਜਾਂਦਾ ਹੈ, ਜਦਕਿ ਆਧੁਨਿਕ ਪ੍ਰਬੰਧ ਅਕਸਰ ਸੰਸਥਾਗਤ ਅਤੇ ਨੀਤੀਗਤ ਬਦਲਾਅ ਰਾਹੀਂ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਭਾਵੇਂ ਦੋਵੇਂ ਦ੍ਰਿਸ਼ਟੀਕੋਣ ਇੱਕ-ਦੂਜੇ ਦੇ ਪੂਰਕ ਹਨ, ਪਰ ਗੁਰਬਾਣੀ ਇਹ ਯਾਦ ਕਰਵਾਉਂਦੀ ਹੈ ਕਿ ਚੰਗੇ ਸਮਾਜਿਕ ਬਦਲਾਅ ਦਾ ਮੁੱਖ ਆਧਾਰ ਸਵੈ-ਵਿਕਾਸ ਹੁੰਦਾ ਹੈ।

ਅੱਜ ਗੁਰਬਾਣੀ ਦਾ ਸੰਦੇਸ਼ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੈ, ਕਿਉਂਕਿ ਇਹ ਮਨੁੱਖ ਨੂੰ ਬੁੱਧੀਮਾਨ ਹੋਣ ਦੇ ਨਾਲ਼ ਸਿਆਣਾ ਅਤੇ ਵਿਵੇਕੀ ਬਣਨ ਲਈ ਪ੍ਰੇਰਦਾ ਹੈ। ਗੁਰਬਾਣੀ ਸਮਾਜ ਨੂੰ ਬਦਲਣ ਤੋਂ ਪਹਿਲਾਂ ਮਨੁੱਖ ਨੂੰ ਬਦਲਣ ਦੀ ਗੱਲ ਕਰਦੀ ਹੈ। 'ਆਪਾ-ਪਛਾਣ' ਦੀ ਹਜ਼ਾਰਾਂ ਸਾਲ ਪੁਰਾਣੀ ਸਿਆਣਪ ਇਸ ਵਿਧੀ ਦਾ ਪੱਕਾ ਸਬੂਤ ਹੈ। ਇਨ੍ਹਾਂ ਗੁਣਾਂ ਨੂੰ ਆਧੁਨਿਕ ਮਨੋਵਿਗਿਆਨੀ ਵੀ ਸਿਆਣਪ ਗ੍ਰਹਿਣ ਕਰਨ ਲਈ ਜ਼ਰੂਰੀ ਸਮਝਣ ਲੱਗ ਪਏ ਹਨ। ਸਮਾਜ ਵਿਅਕਤੀਆਂ ਦਾ ਸਮੂਹ ਹੈ, ਜੇ ਹਰ ਵਿਅਕਤੀ ਹਉਮੈ, ਲੋਭ ਅਤੇ ਮੋਹ ਦੇ ਅਧੀਨ ਹੈ, ਤਾਂ ਉਹੀ ਗੁਣ ਸਰਕਾਰਾਂ, ਸੰਸਥਾਵਾਂ ਅਤੇ ਸਮਾਜਕ ਪ੍ਰਬੰਧਾਂ ਵਿੱਚ ਵੀ ਪਰਗਟ ਹੋਣਗੇ। ਕੇਵਲ ਸੰਸਥਾਵਾਂ ਬਦਲਣ ਨਾਲ ਸਮਾਜ 'ਚ ਸਾਰਥਿਕ ਬਦਲਾਅ ਨਹੀਂ ਆਉਂਦਾ; ਚੰਗੀਆਂ ਸੰਸਥਾਵਾਂ ਲਈ ਸਿਆਣੇ ਮਨੁੱਖ ਦੀ ਵੀ ਲੋੜ ਹੈ।

ਸਾਡੇ ਸ਼ੁਰੂ ਦੇ ਸਵਾਲਾਂ

o 'ਜੇ ਅੱਜ ਬੁੱਧੀਮਾਨ ਹੁੰਦੇ ਹੋਏ ਅਸੀਂ ਮੂਰਖ ਹਾਂ, ਤਾਂ ਕੀ ਬੁੱਧੀ ਦਾ ਵਾਧਾ ਭਵਿੱਖ 'ਚ ਸਾਨੂੰ ਮੂਰਖਤਾ ਤੋਂ ਛੁਟਕਾਰਾ ਦਿਵਾ ਸਕੇਗਾ?'

o 'ਕੀ ਨਕਲੀ ਬੁੱਧੀ ਸਾਡੀ ਅਸਲੀ ਮੂਰਖਤਾ ਨੂੰ ਘਟਾ ਸਕੇਗੀ?'

ਦਾ ਜਵਾਬ ਨਹੀਂ ਵਿੱਚ ਹੈ। ਆਪਾਂ ਦੇਖ ਹੀ ਰਹੇ ਹਾਂ ਕਿ ਬੁੱਧੀ ਦੀ ਭਰਮਾਰ ਦੇ ਬਾਵਜੂਦ, ਅੱਜ ਦੇ ਵੱਡੇ ਲੀਡਰਾਂ ਦੀ ਮੂਰਖਤਾ ਦਾ ਖਮਿਆਜਾ ਸਾਰਾ ਸੰਸਾਰ ਭੁਗਤ ਰਿਹਾ ਹੈ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਵੀ ਭੁਗਤਣਗੀਆਂ। ਸਮੁੱਚੀ ਭਲਾਈ ਦਾ ਰਾਜ ਬੁੱਧੀ ਦੇ ਬਹੁਤੇ ਵਾਧੇ-ਵਿਕਾਸ 'ਚ ਨਹੀਂ ਸਗੋਂ ਇਸ ਦੇ ਮਨੁੱਖ, ਸਮਾਜ ਅਤੇ ਧਰਤੀ ਦੀਆਂ ਪ੍ਰਣਾਲ਼ੀਆਂ ਦੇ ਬਹੁ-ਪੱਖੀ ਭਲੇ ਹਿਤ ਕੰਮ ਕਰਨ 'ਚ ਹੈ। ਮਨੁੱਖ ਦਾ ਭਵਿੱਖ ਇਸ ਗੱਲ 'ਤੇ ਨਿਰਭਰ ਨਹੀਂ ਕਰਦਾ ਕਿ ਉਸ ਕੋਲ ਕਿੰਨੀ ਬੁੱਧੀ ਹੈ ਸਗੋਂ ਇਸ ਗੱਲ 'ਤੇ ਕਰਦਾ ਹੈ ਕਿ ਉਹ ਦੋਵੇਂ ਬੁੱਧੀਆਂ ਦੇ ਸੁਮੇਲ ਨੂੰ ਕਿੰਨੀ ਸਿਆਣਪ ਨਾਲ਼ ਵਰਤਦਾ ਹੈ।

ਇੰਜ ਈਸ਼ਰ ਸਿੰਘ ਪੰਜਾਬ ਰਾਜ ਬਿਜਲੀ ਬੋਰਡ ’ਚੋਂ ਚੀਫ਼ ਇੰਜੀਨੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਆਪ ਬਿਜਲੀ ਮਹਿਕਮੇ ਦੇ ਦੋ ਅਹਿਮ ਖੇਤਰਾਂ, ਓਪਰੇਸ਼ਨ ਅਤੇ ਵਿਜੀਲੈਂਸ ਦੇ ਵਿਸ਼ੇਸ਼ਗ ਸਮਝੇ ਜਾਂਦੇ ਸਨ। ਸਰਵਿਸ ਦੌਰਾਨ ਆਪ ਨੂੰ ਯੂ ਐੱਨ ਓ ਦੀ ਇੱਕ ਖਾਸ ਸਕੀਮ ਅਧੀਨ 'ਹਾਇਰ ਮੈਨੇਜਮੈਂਟ ਕਨਸਲਟੈਂਸੀ' ਦੀ ਟ੍ਰੈਨਿੰਗ ਕਰਨ ਦਾ ਮੌਕਾ ਮਿਲਿਆ ਜਿਸ ਦੇ ਆਧਾਰ ਤੇ ਆਪ ਨੇ ਮਹਿਕਮੇ ’ਚ ਇੱਕ ਪੁਰਾਣੀ ਗੁੰਝਲ਼ਦਾਰ ਤਕਨੀਕੀ ਸਮੱਸਿਆ ਦਾ ਹੱਲ ਕੀਤਾ ਜਿਸ ਨੂੰ ਭਾਰਤ ਦੇ ਕਈ ਹੋਰ ਬਿਜਲੀ ਬੋਰਡਾਂ ’ਚ ਵੀ ਸਲਾਹਿਆ ਗਿਆ। ਓਦੋਂ ਤੋਂ ਹੀ ਮੈਨੇਜਮੈਂਟ ਅਤੇ ਬਿਜਲੀ ਖੇਤਰਾਂ ’ਚ ਯੂ ਐੱਨ ਓ ਨਾਲ਼ ਜੁੜੇ ਹਨ। ਅੱਜ ਕਲ੍ਹ ਵਿਗਿਆਨਕ ਕਿਸਮ ਦੇ ਲੇਖਾਂ ਰਾਹੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ। ਇਸ ਦੇ ਨਾਲ਼ ਹੀ 21 ਕਿਲੋਮੀਟਰ ਦੇ ਵਾਕਿੰਗ ਸਮਾਗਮਾਂ ’ਚ ਹਿੱਸਾ ਲੈਂਦੇ ਹਨ। ਇਸ 15 ਅਪ੍ਰੈਲ ਨੂੰ ਸੀ ਐੱਨ ਟਾਵਰ ਦੀਆਂ 1,776 ਪੌੜੀਆਂ ਚੜ੍ਹਨ ਦੇ ਮੁਕਾਬਲੇ ’ਚ ਆਪਣੇ ਏਜ-ਗਰੁੱਪ ’ਚ ਪਹਿਲੇ ਨੰਬਰ ਤੇ ਰਹੇ ਹਨ।

drdpsingh
ਜੀਵਨੀ-ਸਾਹਿਤ

ਡਾ. ਡੀ. ਪੀ. ਸਿੰਘ - ਇੱਕ ਬਹੁ-ਪੱਖੀ ਸ਼ਖ਼ਸੀਅਤ, ਵਿਗਿਆਨ, ਧਰਮ ਅਤੇ ਸਮਾਜ ਸੇਵਾ ਦਾ ਸੁਮੇਲ

ਅਮਨਦੀਪ ਸਿੰਘ

ਡਾ. ਡੀ. ਪੀ. ਸਿੰਘ (ਅਸਲ ਨਾਮ ਡਾ. ਦੇਵਿੰਦਰ ਪਾਲ ਸਿੰਘ) ਉਨ੍ਹਾਂ ਵਿਰਲੇ ਵਿਦਵਾਨ-ਸੰਚਾਰਕਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਜੋ ਪ੍ਰਯੋਗਸ਼ਾਲਾਵਾਂ, ਕਲਾਸਰੂਮਾਂ, ਮੀਡੀਆ ਸਟੂਡੀਓਜ਼ ਅਤੇ ਅੰਤਰ-ਧਰਮ ਮੰਚਾਂ ਵਿਚਕਾਰ ਬੜੀ ਸਹਿਜਤਾ ਨਾਲ ਵਿਚਰਦੇ ਹਨ। ਇੱਕ ਭੌਤਿਕ ਵਿਗਿਆਨੀ ਵਜੋਂ ਸਿਖਲਾਈ ਪ੍ਰਾਪਤ ਅਤੇ ਅਕੁਸਟਿਕਸ (ਧੁਨੀ ਵਿਗਿਆਨ), ਪੋਲੀਮਰ ਫਿਜ਼ਿਕਸ ਅਤੇ ਮਟੀਰੀਅਲ ਸਾਇੰਸ (ਪਦਾਰਥ ਵਿਗਿਆਨ) ਵਿੱਚ ਸਰਗਰਮ ਰਹਿਣ ਦੇ ਨਾਲ-ਨਾਲ, ਉਨ੍ਹਾਂ ਨੇ ਵਿਗਿਆਨ, ਵਾਤਾਵਰਣ ਅਤੇ ਸਿੱਖ ਵਿਚਾਰਧਾਰਾ ਬਾਰੇ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਇੱਕ ਲੇਖਕ ਅਤੇ ਬੁਲਾਰੇ ਵਜੋਂ ਆਪਣਾ ਇੱਕ ਸਮਾਨਅੰਤਰ ਜਨਤਕ ਕੈਰੀਅਰ ਵੀ ਬਣਾਇਆ ਹੈ। ਪਿਛਲੇ ਚਾਰ ਦਹਾਕਿਆਂ ਦੌਰਾਨ, ਉਨ੍ਹਾਂ ਨੇ 100 ਤੋਂ ਵੱਧ ਖੋਜ ਪੱਤਰ, ਦੋ ਦਰਜਨ ਪੁਸਤਕਾਂ ਅਤੇ ਅਨੇਕਾਂ ਨਿਬੰਧ ਅਤੇ ਪ੍ਰਸਿੱਧ ਲੇਖ ਲਿਖੇ ਹਨ, ਜਦ ਕਿ ਪੰਜਾਬੀ ਅਤੇ ਹੋਰ ਵਿਸ਼ਾਲ ਸਰੋਤਿਆਂ ਵਿੱਚ ਵਿਗਿਆਨਕ ਸੋਚ ਅਤੇ ਵਾਤਾਵਰਣਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਟੈਲੀਵਿਜ਼ਨ ਅਤੇ ਰੇਡੀਓ 'ਤੇ ਲਗਾਤਾਰ ਹਾਜ਼ਰੀ ਦਰਜ ਕਰਵਾਈ ਹੈ [1-3]।

ਮੁਢਲਾ ਜੀਵਨ, ਸਿਖਲਾਈ ਅਤੇ ਖੋਜ ਦਾ ਸਫ਼ਰ

1956 ਵਿੱਚ ਹੁਸ਼ਿਆਰਪੁਰ (ਪੰਜਾਬ, ਭਾਰਤ) ਵਿੱਚ ਜਨਮੇ, ਡਾ. ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ. ਐਸਸੀ. (ਭੌਤਿਕ ਵਿਗਿਆਨ) (1978) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਧੁਨੀ ਵਿਗਿਆਨ ਵਿੱਚ ਪੀ.ਐਚ.ਡੀ. (ਅਕੁਸਟਿਕਸ/Acoustics) (1986) ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਪੰਜਾਬ ਸਿੱਖਿਆ ਵਿਭਾਗ ਵਿੱਚ ਲਗਭਗ ਤਿੰਨ ਦਹਾਕਿਆਂ ਤੱਕ ਭੌਤਿਕ ਵਿਗਿਆਨ ਪੜ੍ਹਾਇਆ, ਖਾਸ ਤੌਰ 'ਤੇ ਸ਼ਿਵਾਲਿਕ ਕਾਲਜ, ਨਵਾਂ ਨੰਗਲ ਵਿਖੇ, ਜਿਸ ਤੋਂ ਬਾਅਦ ਉਹ 2008 ਵਿੱਚ ਕੈਨੇਡਾ ਚਲੇ ਗਏ। ਕੈਨੇਡਾ ਵਿੱਚ, ਉਨ੍ਹਾਂ ਨੇ ਅਕੁਸਟਿਕਸ ਰਿਸਰਚ ਸੈਂਟਰ, ਮਿਸੀਸਾਗਾ ਦੀ ਸਥਾਪਨਾ ਕਰਕੇ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੀਆਂ ਵੱਖ-ਵੱਖ ਅਕਾਦਮਿਕ ਸੰਸਥਾਵਾਂ ਵਿੱਚ ਇੱਕ ਵਿਦਿਅਕ ਸਲਾਹਕਾਰ ਵਜੋਂ ਸੇਵਾ ਨਿਭਾਉਂਦੇ ਹੋਏ ਅਧਿਆਪਨ ਅਤੇ ਖੋਜ ਦੋਵਾਂ ਕਾਰਜਾਂ ਨੂੰ ਜਾਰੀ ਰੱਖਿਆ [1]।

ਇੱਕ ਵਿਗਿਆਨੀ ਵਜੋਂ, ਡਾ. ਸਿੰਘ ਦੇ ਖੋਜ ਪ੍ਰਕਾਸ਼ਨ ਅਕੁਸਟਿਕਸ, ਪੋਲੀਮਰ ਫਿਜ਼ਿਕਸ, ਕੰਡੈਂਸਡ ਮੈਟਰ ਅਤੇ ਮਟੀਰੀਅਲ ਸਾਇੰਸ ਤੱਕ ਫੈਲੇ ਹੋਏ ਹਨ। ਉਨ੍ਹਾਂ ਨੇ ਦਰਜਨਾਂ ਕਾਨਫਰੰਸਾਂ ਵਿੱਚ ਖੋਜ ਪੱਤਰ ਪੇਸ਼ ਕੀਤੇ ਹਨ ਅਤੇ ਪੋਸਟ-ਗ੍ਰੈਜੂਏਟ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਹੈ। ਉਹ ਕੈਨੇਡੀਅਨ ਅਕੁਸਟੀਕਲ ਐਸੋਸੀਏਸ਼ਨ, ਅਲਟਰਾਸੋਨਿਕ ਸੋਸਾਇਟੀ ਆਫ਼ ਇੰਡੀਆ, ਅਤੇ ਅਕੁਸਟੀਕਲ ਸੋਸਾਇਟੀ ਆਫ਼ ਇੰਡੀਆ ਸਮੇਤ ਕਈ ਪੇਸ਼ੇਵਰ ਸੰਸਥਾਵਾਂ ਨਾਲ ਜੁੜੇ ਹੋਏ ਹਨ। 100 ਤੋਂ ਵੱਧ ਵਿਗਿਆਨਕ ਪੱਤਰਾਂ ਅਤੇ ਦਹਾਕਿਆਂ ਦੇ ਖੋਜ ਤਜ਼ਰਬੇ ਦੇ ਨਾਲ, ਉਹ ਵਰਤਮਾਨ ਵਿੱਚ ਮਿਸੀਸਾਗਾ ਵਿੱਚ ਅਕੁਸਟਿਕਸ ਰਿਸਰਚ ਸੈਂਟਰ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਇਸ ਤਕਨੀਕੀ ਕਾਰਜ ਦਾ ਮੁੱਖ ਕੇਂਦਰ ਬਣਤਰ-ਵਿਸ਼ੇਸ਼ਤਾ ਸਬੰਧਾਂ (Structure–property relationships) ਦੀ ਜਾਂਚ ਕਰਨ ਲਈ ਅਕੁਸਟਿਕਸ ਤਰੀਕਿਆਂ ਅਤੇ ਪਦਾਰਥਕ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨਾ ਹੈ, ਇਹ ਇੱਕ ਅਜਿਹਾ ਖੇਤਰ ਹੈ ਜਿਸ ਦੇ ਪ੍ਰਭਾਵ ਨਾਨ-ਡਿਸਟਰਕਟਿਵ ਟੈਸਟਿੰਗ (ਗੈਰ-ਵਿਨਾਸ਼ਕਾਰੀ ਪਰਖ) ਤੋਂ ਲੈ ਕੇ ਪੋਲੀਮਰ ਪ੍ਰੋਸੈਸਿੰਗ ਤੱਕ ਹਨ [1-2]।

ਚਿਤਕਾਰਾ ਯੂਨੀਵਰਸਿਟੀ ਵਿਖੇ ਅਕਾਦਮਿਕ ਰੁਝੇਵੇਂ

ਡਾ. ਡੀ. ਪੀ. ਸਿੰਘ ਦਾ ਚਿਤਕਾਰਾ ਯੂਨੀਵਰਸਿਟੀ, ਪੰਜਾਬ, ਭਾਰਤ ਨਾਲ ਲੰਮਾ ਸਮਾਂ ਰਿਸ਼ਤਾ ਰਿਹਾ ਹੈ, ਜਿੱਥੇ ਉਨ੍ਹਾਂ ਨੇ ਲਗਭਗ ਡੇਢ ਦਹਾਕੇ ਤੱਕ ਇਸ ਦੇ ਖੋਜ ਅਤੇ ਅਕਾਦਮਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇੱਕ ਰਿਸਰਚ ਪ੍ਰੋਫੈਸ਼ਨਲ ਅਤੇ ਖੋਜ ਪਹਿਲਕਦਮੀਆਂ ਦੇ ਸਲਾਹਕਾਰ ਵਜੋਂ ਸੇਵਾ ਨਿਭਾਉਂਦੇ ਹੋਏ, ਉਨ੍ਹਾਂ ਨੇ ਸੰਸਥਾ ਦੇ ਅਕਾਦਮਿਕ ਮਾਹੌਲ ਨੂੰ ਮਜ਼ਬੂਤ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਡਾ. ਸਿੰਘ ਦੀ ਅਗਵਾਈ ਹੇਠ ਅਕੁਸਟਿਕਸ ਰਿਸਰਚ ਸੈਂਟਰ, ਕੈਨੇਡਾ ਅਤੇ ਚਿਤਕਾਰਾ ਯੂਨੀਵਰਸਿਟੀ, ਪੰਜਾਬ, ਭਾਰਤ ਨੇ ਇੱਕ ਲਾਹੇਵੰਦ ਅਕਾਦਮਿਕ ਭਾਈਵਾਲੀ ਸਥਾਪਤ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਪੀਅਰ-ਰੀਵਿਊਡ ਰਸਾਲਿਆਂ ਵਿੱਚ ਕਈ ਖੋਜ ਲੇਖ ਸਾਂਝੇ ਤੌਰ 'ਤੇ ਪ੍ਰਕਾਸ਼ਿਤ ਹੋਏ ਹਨ। ਇਹ ਸਹਿਯੋਗ ਅਕੁਸਟਿਕਸ ਅਤੇ ਮਟੀਰੀਅਲ ਸਾਇੰਸ ਦੇ ਖੇਤਰ ਵਿੱਚ ਗਿਆਨ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਸਰਹੱਦ ਪਾਰ ਅਕਾਦਮਿਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉੱਚ-ਗੁਣਵੱਤਾ ਵਾਲੇ ਪ੍ਰਕਾਸ਼ਨਾਂ ਦੇ ਉਤਪਾਦਨ ਤੋਂ ਇਲਾਵਾ, ਇਸ ਸਾਂਝੇ ਯਤਨ ਨੇ ਵਿਚਾਰਾਂ ਦੇ ਆਦਾਨ-ਪ੍ਰਦਾਨ, ਨੌਜਵਾਨ ਵਿਦਵਾਨਾਂ ਨੂੰ ਮਾਰਗਦਰਸ਼ਨ ਦੇਣ ਅਤੇ ਭਾਰਤ-ਕੈਨੇਡੀਅਨ ਖੋਜ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ ਹੈ, ਜੋ ਵਿਗਿਆਨਕ ਖੋਜ ਵਿੱਚ ਅੰਤਰਰਾਸ਼ਟਰੀ ਸਹਿਯੋਗ ਲਈ ਇੱਕ ਮਿਸਾਲ ਕਾਇਮ ਕਰਦਾ ਹੈ। ਆਪਣੀ ਭੂਮਿਕਾ ਵਿੱਚ, ਡਾ. ਸਿੰਘ ਨੇ ਫੈਕਲਟੀ ਅਤੇ ਵਿਦਿਆਰਥੀਆਂ ਦੋਵਾਂ ਨੂੰ ਪ੍ਰਭਾਵਸ਼ਾਲੀ ਖੋਜ ਕਰਨ ਲਈ ਮਾਰਗਦਰਸ਼ਨ ਦਿੱਤਾ ਹੈ, ਜਿਸ ਨਾਲ ਅਜਿਹੇ ਪ੍ਰੋਜੈਕਟਾਂ ਨੂੰ ਤਿਆਰ ਕਰਨ ਵਿੱਚ ਮਦਦ ਮਿਲੀ ਹੈ ਜੋ ਨਾ ਸਿਰਫ਼ ਅਕਾਦਮਿਕ ਗਿਆਨ ਨੂੰ ਵਧਾਉਂਦੇ ਹਨ ਬਲਕਿ ਸਮਾਜਿਕ ਤੌਰ 'ਤੇ ਪ੍ਰਸੰਗਿਕ ਮੁੱਦਿਆਂ ਨੂੰ ਵੀ ਹੱਲ ਕਰਦੇ ਹਨ। ਰਿਸਰਚ ਡਿਗਰੀ ਕਮੇਟੀ ਦੇ ਮੈਂਬਰ ਵਜੋਂ, ਉਹ ਡਾਕਟਰੇਟ ਖੋਜ ਪ੍ਰਸਤਾਵਾਂ ਦੀ ਸਮੀਖਿਆ ਕਰਨ, ਵਿਧੀਗਤ ਸ਼ੁੱਧਤਾ ਅਤੇ ਅਕਾਦਮਿਕ ਉੱਤਮਤਾ ਨੂੰ ਯਕੀਨੀ ਬਣਾਉਣ ਵਿੱਚ ਸਰਗਰਮੀ ਨਾਲ ਰੁੱਝੇ ਰਹੇ ਹਨ। ਉਨ੍ਹਾਂ ਦਾ ਮਾਰਗਦਰਸ਼ਨ ਅਕਸਰ ਉੱਚ ਅਕਾਦਮਿਕ ਮਿਆਰਾਂ ਨੂੰ ਬਣਾਈ ਰੱਖਣ ਲਈ ਇੱਕ ਮਾਪਦੰਡ ਵਜੋਂ ਕੰਮ ਕਰਦਾ ਰਿਹਾ ਹੈ, ਜੋ ਗੁਣਵੱਤਾ ਭਰਪੂਰ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਚਿਤਕਾਰਾ ਯੂਨੀਵਰਸਿਟੀ ਦੁਆਰਾ ਆਯੋਜਿਤ ਵੱਖ-ਵੱਖ ਅੰਤਰਰਾਸ਼ਟਰੀ ਕਾਨਫਰੰਸਾਂ ਲਈ ਸਲਾਹਕਾਰ ਪੈਨਲ ਦੇ ਮੈਂਬਰ ਵਜੋਂ ਉਨ੍ਹਾਂ ਦੀ ਭੂਮਿਕਾ ਵੀ ਬਰਾਬਰ ਜ਼ਿਕਰਯੋਗ ਹੈ। ਇਸ ਮੰਚ ਰਾਹੀਂ, ਡਾ. ਸਿੰਘ ਨੇ ਗਲੋਬਲ ਪ੍ਰਸੰਗਿਕਤਾ ਦੇ ਵਿਸ਼ਿਆਂ ਦੀ ਸਿਫ਼ਾਰਸ਼ ਕਰਕੇ, ਅੰਤਰ-ਅਨੁਸ਼ਾਸਨੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਅਤੇ ਵਿਦਵਾਨਾਂ, ਪੇਸ਼ੇਵਰਾਂ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਦੀ ਸਹੂਲਤ ਪ੍ਰਦਾਨ ਕਰਕੇ ਇਹਨਾਂ ਸਮਾਗਮਾਂ ਦੀ ਬੌਧਿਕ ਦਿਸ਼ਾ ਨੂੰ ਰੂਪ ਦੇਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਦੇ ਯੋਗਦਾਨ ਨੇ ਇਹ ਯਕੀਨੀ ਬਣਾਇਆ ਹੈ ਕਿ ਅਜਿਹੀਆਂ ਕਾਨਫਰੰਸਾਂ ਅਕਾਦਮਿਕ ਡੂੰਘਾਈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਬਣਾਈ ਰੱਖਣ। ਚਿਤਕਾਰਾ ਯੂਨੀਵਰਸਿਟੀ ਨਾਲ ਡਾ. ਸਿੰਘ ਦਾ ਜੁੜਾਵ ਇੱਕ ਸਿੱਖਿਆ ਸ਼ਾਸਤਰੀ ਵਜੋਂ ਉਨ੍ਹਾਂ ਦੇ ਵਿਆਪਕ ਫਲਸਫੇ ਨੂੰ ਦਰਸਾਉਂਦਾ ਹੈ, ਜੋ ਸੰਸਥਾਗਤ ਵਿਕਾਸ ਅਤੇ ਸਮਾਜਿਕ ਪ੍ਰਭਾਵ ਦੇ ਨਾਲ ਮੂਲ ਵਿਗਿਆਨਕ ਖੋਜ ਨੂੰ ਜੋੜਦਾ ਹੈ। ਆਪਣੇ ਵਿਆਪਕ ਖੋਜ ਤਜ਼ਰਬੇ, ਗਲੋਬਲ ਦ੍ਰਿਸ਼ਟੀਕੋਣ ਅਤੇ ਗਿਆਨ ਦੇ ਪ੍ਰਸਾਰ ਲਈ ਵਚਨਬੱਧਤਾ ਨੂੰ ਲਿਆ ਕੇ, ਉਨ੍ਹਾਂ ਨੇ ਯੂਨੀਵਰਸਿਟੀ ਦੇ ਖੋਜ ਖੇਤਰ 'ਤੇ ਇੱਕ ਅਮਿੱਟ ਛਾਪ ਛੱਡੀ ਹੈ ਅਤੇ ਪੰਜਾਬ ਅਤੇ ਇਸ ਤੋਂ ਬਾਹਰ ਇਸ ਨੂੰ ਅਕਾਦਮਿਕ ਰੁਝੇਵਿਆਂ ਦੇ ਇੱਕ ਕੇਂਦਰ ਵਜੋਂ ਸਥਾਪਤ ਕਰਨ ਵਿੱਚ ਮਦਦ ਕੀਤੀ ਹੈ।

ਸਿੱਖਿਆ ਸ਼ਾਸਤਰੀ ਅਤੇ ਸੰਸਥਾ ਨਿਰਮਾਤਾ

ਇੱਕ ਸਿੱਖਿਆ ਸ਼ਾਸਤਰੀ ਵਜੋਂ ਡਾ. ਸਿੰਘ ਦੀ ਪਛਾਣ ਉਨ੍ਹਾਂ ਦੀ ਵਿਗਿਆਨਕ ਪਛਾਣ ਜਿੰਨੀ ਹੀ ਕੇਂਦਰੀ ਹੈ। ਉੱਚ-ਸਿੱਖਿਆ ਅਧਿਆਪਨ ਦੇ ਚਾਲੀ ਤੋਂ ਵੱਧ ਸਾਲਾਂ ਦੇ ਦੌਰਾਨ, ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਵਿੱਚ ਅਣਗਿਣਤ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਪੜ੍ਹਾਇਆ ਹੈ। ਉਨ੍ਹਾਂ ਨੇ ਵਾਰ-ਵਾਰ ਅਜਿਹੀਆਂ ਭੂਮਿਕਾਵਾਂ ਨਿਭਾਈਆਂ ਹਨ ਜੋ ਕਲਾਸਰੂਮ ਤੋਂ ਬਾਹਰ ਤੱਕ ਫੈਲੀਆਂ ਹੋਈਆਂ ਹਨ, ਜਿਸ ਵਿੱਚ ਪਾਠਕ੍ਰਮ ਵਿਕਾਸ, ਵਿਦਿਆਰਥੀ ਮਾਰਗਦਰਸ਼ਨ (Mentoring) ਅਤੇ ਅਕਾਦਮਿਕ ਲੀਡਰਸ਼ਿਪ ਸ਼ਾਮਲ ਹਨ। ਕੈਨੇਡਾ ਵਿੱਚ, ਉਨ੍ਹਾਂ ਨੇ ਅਜਿਹੀਆਂ ਸਿੱਖਣ ਪਹਿਲਕਦਮੀਆਂ ਦੀ ਸਥਾਪਨਾ ਕੀਤੀ ਅਤੇ ਸਲਾਹ ਦਿੱਤੀ ਜੋ ਹਾਈ-ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਅਤੇ ਸਮਾਜ ਵਿਗਿਆਨ (Humanities) ਵਿੱਚ ਮੁਹਾਰਤ ਹਾਸਲ ਕਰਨ ਵਿੱਚ ਮਦਦ ਕਰਦੀਆਂ ਹਨ। ਉਹ ਅਧਿਆਪਨ ਵਿਧੀ (Pedagogy) ਅਤੇ ਜਨਤਕ ਸਕਾਲਰਸ਼ਿਪ ਦੋਵਾਂ 'ਤੇ ਜ਼ੋਰ ਦਿੰਦਾ ਹੈ [4-5], ਅਤੇ ਓਨਟਾਰੀਓ ਵਿੱਚ 'ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ' (Center for Understanding Sikhism) ਦੀ ਸਥਾਪਨਾ ਵਿੱਚ ਉਨ੍ਹਾਂ ਦੀ ਭੂਮਿਕਾ ਅਕਾਦਮਿਕ ਸਮਝ ਨੂੰ ਭਾਈਚਾਰਕ ਸਿੱਖਿਆ ਨਾਲ ਜੋੜਨ ਦੀ ਉਨ੍ਹਾਂ ਦੀ ਵਚਨਬੱਧਤਾ ਦਾ ਸੰਕੇਤ ਦਿੰਦੀ ਹੈ।

ਡਾ. ਸਿੰਘ ਦੇ ਵਿਦਿਅਕ ਕਾਰਜ ਨੂੰ ਜੋ ਚੀਜ਼ ਵਿਲੱਖਣ ਬਣਾਉਂਦੀ ਹੈ, ਉਹ ਹੈ ਭਾਸ਼ਾ ਅਤੇ ਪਹੁੰਚਯੋਗਤਾ। ਪਾਠ ਪੁਸਤਕਾਂ, ਕਾਲਮਾਂ ਅਤੇ ਭਾਸ਼ਣਾਂ ਰਾਹੀਂ ਪੰਜਾਬੀ ਵਿੱਚ ਵਿਗਿਆਨ ਪੜ੍ਹਾਉਣ ਦਾ ਉਨ੍ਹਾਂ ਦਾ ਨਿਰੰਤਰ ਯਤਨ ਤਕਨੀਕੀ ਮੁਹਾਰਤ ਅਤੇ ਮਾਂ-ਬੋਲੀ ਦੀ ਸਮਝ ਵਿਚਕਾਰ ਪੁਰਾਣੇ ਪਾੜੇ ਨੂੰ ਪੂਰਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਡਾ. ਸਿੰਘ "ਪੰਜਾਬੀ ਵਿੱਚ ਵਿਗਿਆਨ ਲੇਖਣ" ਦੇ ਉਦੇਸ਼ ਨੂੰ ਦਸਤਾਵੇਜ਼ੀ ਰੂਪ ਦੇ ਰਹੇ ਸਨ ਅਤੇ ਅੱਗੇ ਵਧਾ ਰਹੇ ਸਨ, ਇਹ ਦਲੀਲ ਦਿੰਦੇ ਹੋਏ ਕਿ ਵਿਗਿਆਨਕ ਸਾਖਰਤਾ ਉਦੋਂ ਪ੍ਰਫੁੱਲਤ ਹੁੰਦੀ ਹੈ ਜਦੋਂ ਲੋਕ ਆਪਣੀ ਮਾਂ-ਬੋਲੀ ਵਿੱਚ ਸਿੱਖ ਸਕਦੇ ਹਨ। ਉਸ ਸ਼ੁਰੂਆਤੀ ਵਕਾਲਤ ਨੇ ਹੁਣ ਇੱਕ ਵਿਆਪਕ, ਦੋ-ਭਾਸ਼ੀ ਉਪਜ (Output) ਦਾ ਰੂਪ ਲੈ ਲਿਆ ਹੈ ਜੋ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਆਮ ਪਾਠਕਾਂ ਦੀ ਸੇਵਾ ਕਰ ਰਹੀ ਹੈ [6]।

ਵਿਗਿਆਨ ਨੂੰ ਹਰਮਨ-ਪਿਆਰਾ ਬਣਾਉਣ ਵਾਲੇ ਅਤੇ ਜਨਤਕ ਸੰਚਾਰਕ

ਭਾਰਤ ਵਿੱਚ, "ਵਿਗਿਆਨਕ ਸੋਚ" (Scientific temper) ਨੂੰ ਉਤਸ਼ਾਹਿਤ ਕਰਨ ਦਾ ਸੰਵਿਧਾਨਕ ਕਰਤੱਵ ਅਜਿਹੇ ਮਾਧਿਅਮਾਂ ਦੀ ਮੰਗ ਕਰਦਾ ਹੈ ਜੋ ਮਾਹਰ ਗਿਆਨ ਨੂੰ ਜਨਤਕ ਸਮਝ ਵਿੱਚ ਬਦਲ ਸਕਣ। ਡਾ. ਸਿੰਘ ਨੇ ਦਹਾਕਿਆਂ ਤੋਂ ਉਸ ਭੂਮਿਕਾ ਨੂੰ ਨਿਭਾਇਆ ਹੈ। ਉਨ੍ਹਾਂ ਦੇ ਯੋਗਦਾਨ ਵਿੱਚ ਪ੍ਰਸਿੱਧ ਵਿਗਿਆਨ ਪੁਸਤਕਾਂ ਅਤੇ ਕਾਲਮ, ਉਤਸੁਕਤਾ ਪੈਦਾ ਕਰਨ ਲਈ ਬੱਚਿਆਂ ਦੀ ਵਿਗਿਆਨ ਗਲਪ (Science fiction) ਅਤੇ ਸਮਕਾਲੀ ਖੋਜਾਂ ਅਤੇ ਉਨ੍ਹਾਂ ਦੇ ਸਮਾਜਿਕ ਸੰਦਰਭਾਂ 'ਤੇ ਲੇਖਾਂ ਦੀ ਇੱਕ ਵਿਸ਼ਾਲ ਲੜੀ ਸ਼ਾਮਲ ਹੈ। ਕਈ ਸਰੋਤ [1,3-4] ਇਸ ਕੰਮ ਦੇ ਪੈਮਾਨੇ ਦੀ ਪੁਸ਼ਟੀ ਕਰਦੇ ਹਨ, ਜਿਸ ਵਿੱਚ ਵਿਗਿਆਨ, ਵਾਤਾਵਰਣ ਅਤੇ ਸਿੱਖ ਧਰਮ ਨੂੰ ਸੰਬੋਧਿਤ ਕਰਨ ਵਾਲੀਆਂ 24 ਤੋਂ ਵੱਧ ਪੁਸਤਕਾਂ ਅਤੇ 1,500 ਤੋਂ ਵੱਧ ਲੇਖ ਸ਼ਾਮਲ ਹਨ। ਉਨ੍ਹਾਂ ਦੀਆਂ ਕਈ ਰਚਨਾਵਾਂ ਦਾ ਹਿੰਦੀ, ਸ਼ਾਹਮੁਖੀ, ਮਲਿਆਲਮ, ਮਰਾਠੀ ਅਤੇ ਰੋਮਾਨੀਅਨ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਦੀ ਲੇਖਣੀ ਸਰਹੱਦਾਂ ਅਤੇ ਲਿਪੀਆਂ ਤੋਂ ਪਾਰ ਜਾਂਦੀ ਹੈ।

ਉਨ੍ਹਾਂ ਦੀ ਪ੍ਰਸਿੱਧ ਵਿਗਿਆਨ ਪਹੁੰਚ ਤਿੰਨ ਪਰਪੱਕ ਆਦਤਾਂ ਨੂੰ ਦਰਸਾਉਂਦੀ ਹੈ। ਪਹਿਲੀ, ਉਹ ਵਿਗਿਆਨਕ ਸਾਖਰਤਾ ਨੂੰ ਕੇਵਲ ਇੱਕ ਅਕਾਦਮਿਕ ਵਸਤੂ ਨਹੀਂ, ਬਲਕਿ ਇੱਕ ਨਾਗਰਿਕ ਭਲਾਈ ਦੇ ਰੂਪ ਵਿੱਚ ਦੇਖਦੇ ਹਨ; ਉਹ ਵਿਸ਼ੇਸ਼ ਰਸਾਲਿਆਂ (Niche journals) ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਛਪਣ ਵਾਲੇ ਅਖ਼ਬਾਰਾਂ ਅਤੇ ਭਾਈਚਾਰਕ ਮਾਧਿਅਮਾਂ ਲਈ ਵੀ ਲਿਖਦੇ ਹਨ। ਦੂਜੀ, ਉਹ ਉਦਾਹਰਣਾਂ ਦਾ ਸਥਾਨੀਕਰਨ ਕਰਦੇ ਹਨ, ਗਲੋਬਲ ਵਿਗਿਆਨ ਨੂੰ ਪੰਜਾਬੀ ਪਾਠਕਾਂ ਦੇ ਅਸਲ ਜੀਵਨ ਦੇ ਤਜਰਬਿਆਂ ਨਾਲ ਜੋੜਦੇ ਹਨ, ਅਤੇ ਅਕਸਰ ਪੰਜਾਬੀ ਵਿੱਚ ਹੀ ਅਜਿਹਾ ਕਰਦੇ ਹਨ। ਤੀਜੀ, ਉਹ ਨਿਰੰਤਰਤਾ ਬਣਾਉਂਦੇ ਹਨ: ਉਹ ਕੇਵਲ ਵੱਡੀਆਂ ਸੁਰਖੀਆਂ ਬਣਨ ਵਾਲੇ ਵਿਸ਼ਿਆਂ ਬਾਰੇ ਹੀ ਲੇਖ ਨਹੀਂ ਲਿਖਦੇ ਸਗੋਂ ਲੜੀਵਾਰਾਂ, ਕਾਲਮਾਂ ਅਤੇ ਪ੍ਰਸਾਰਣ ਵਾਰਤਾਵਾਂ (Broadcast talks) ਦੇ ਨਾਲ ਨਿਰੰਤਰ ਕਾਰਜ ਕਰਦੇ ਹਨ ਜੋ ਸਮੇਂ ਦੇ ਨਾਲ ਸਮਝ ਨੂੰ ਵਿਕਸਤ ਕਰਦੇ ਹਨ। ਆਪਣੇ ਕੈਰੀਅਰ ਦੇ ਸ਼ੁਰੂ ਵਿੱਚ, ਉਨ੍ਹਾਂ ਨੇ ਪੰਜਾਬੀ ਵਿਗਿਆਨ ਰਸਾਲਿਆਂ ਅਤੇ ਸੈਮੀਨਾਰਾਂ ਦੇ ਤਾਣੇ-ਬਾਣੇ ਨੂੰ ਵੀ ਉਤਸ਼ਾਹਿਤ ਕੀਤਾ, ਜਿਵੇਂ ਕਿ 1990 ਤੋਂ 2000 ਦੇ ਦਹਾਕੇ ਤੱਕ ਦੇ ਉਨ੍ਹਾਂ ਦੇ "ਪੰਜਾਬੀ ਵਿੱਚ ਪ੍ਰਸਿੱਧ ਵਿਗਿਆਨ ਲੇਖਣ" ਵਿੱਚ ਦਰਜ ਗਤੀਵਿਧੀਆਂ ਤੋਂ ਪਤਾ ਲੱਗਦਾ ਹੈ, ਜਿਸ ਨਾਲ ਲੇਖਕਾਂ, ਸਿੱਖਿਆ ਸ਼ਾਸਤਰੀਆਂ ਅਤੇ ਪਾਠਕਾਂ ਨੂੰ ਇੱਕ ਸਾਂਝੇ ਗਿਆਨ ਮੰਚ ਨਾਲ ਜੋੜਨ ਵਿੱਚ ਮਦਦ ਮਿਲੀ [6]।

ਇਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਮਾਨਤਾ ਵੀ ਮਿਲੀ। ਉਨ੍ਹਾਂ ਨੂੰ ਇੰਡੀਅਨ ਸਾਇੰਸ ਰਾਈਟਰਜ਼ ਐਸੋਸੀਏਸ਼ਨ ਦੁਆਰਾ ਵਿਗਿਆਨ ਨੂੰ ਹਰਮਨ-ਪਿਆਰਾ ਬਣਾਉਣ ਵਿੱਚ ਉਨ੍ਹਾਂ ਦੇ ਲੰਬੇ ਸਮੇਂ ਦੇ ਯੋਗਦਾਨ ਲਈ "ਇਸਵਾ ਸਨਮਾਨ" (ISWA Samman) (2003), ਵਿਗਿਆਨ ਸੰਚਾਰ ਲਈ ਲਾਲਾ ਹਰਦਿਆਲ ਮੈਮੋਰੀਅਲ ਅਵਾਰਡ (2006), ਅਤੇ ਪੀਸ ਆਨ ਅਰਥ ਆਰਗੇਨਾਈਜ਼ੇਸ਼ਨ, ਕੈਨੇਡਾ ਵੱਲੋਂ ਲਾਈਫਟਾਈਮ ਅਚੀਵਮੈਂਟ ਅਵਾਰਡ (2010) ਨਾਲ ਸਨਮਾਨਿਤ ਕੀਤਾ ਗਿਆ ਹੈ। ਸੰਨ 2024 ਅਤੇ ਸੰਨ 2025 ਵਿਚ, ਬੁੱਲ੍ਹੇ ਸ਼ਾਹ ਅਦਬੀ ਸੰਗਤ, ਕਸੂਰ, ਪੱਛਮੀ ਪੰਜਾਬ, ਪਾਕਿਸਤਾਨ ਵੱਲੋਂ ਉਨ੍ਹਾਂ ਨੂੰ ਦੋ ਵਾਰ, ਬੁੱਲ੍ਹੇ ਸ਼ਾਹ ਅਵਾਰਡ ਨਾਲ ਨਿਵਾਜਿਆ ਗਿਆ ਹੈ। ਸੰਨ 2026 ਵਿਚ ਵਰਲਡ ਸੈਂਟਰ ਫਾਰ ਪੰਜਾਬੀ, ਲਾਹੌਰ, ਪਾਕਿਸਤਾਨ ਵਲੋਂ ਉਹ ਕੈਨੇਡਾ ਲਈ ਦੋਸਤੀ ਦੇ ਰਾਜਦੂਤ ਵਜੋਂ ਨਾਮਜ਼ਦ ਕੀਤੇ ਗਏ ਹਨ। ਕੇਵਲ ਪੁਰਸਕਾਰ ਹੀ ਜਨਤਕ ਰੁਝੇਵਿਆਂ ਨੂੰ ਪਰਿਭਾਸ਼ਿਤ ਨਹੀਂ ਕਰਦੇ, ਪਰ ਉਹ ਦਹਾਕਿਆਂ ਦੌਰਾਨ ਅਤੇ ਮਹਾਂਦੀਪਾਂ ਵਿੱਚ ਡਾ. ਸਿੰਘ ਦੇ ਸੰਚਾਰ ਯਤਨਾਂ ਦੀ ਨਿਰੰਤਰਤਾ ਅਤੇ ਪਹੁੰਚ ਦਾ ਸੰਕੇਤ ਦਿੰਦੇ ਹਨ [1]।

ਵਾਤਾਵਰਣ ਸਮਰਥਕ ਅਤੇ ਵਾਤਾਵਰਣ ਸਿੱਖਿਅਕ

ਡਾ. ਸਿੰਘ ਦੀ ਵਾਤਾਵਰਣ ਪ੍ਰਤੀ ਵਕਾਲਤ ਉਨ੍ਹਾਂ ਦੇ ਵਿਗਿਆਨਕ ਪ੍ਰਸਾਰ (Outreach) ਨਾਲ ਨੇੜਿਓਂ ਜੁੜੀ ਹੋਈ ਹੈ। ਉਹ ਪੰਜਾਬ ਅਤੇ ਇਸ ਤੋਂ ਬਾਹਰ ਦੀਆਂ ਵਾਤਾਵਰਣਕ ਚੁਣੌਤੀਆਂ ਬਾਰੇ ਲਿਖਦੇ ਹਨ, ਵਾਤਾਵਰਣ ਜਾਗਰੂਕਤਾ 'ਤੇ ਕੇਂਦਰਿਤ ਮੀਡੀਆ ਪ੍ਰੋਗਰਾਮਾਂ (ਵਿਸ਼ਵ ਧਰਤੀ ਦਿਵਸ ਦੀਆਂ ਵਿਸ਼ੇਸ਼ ਪੇਸ਼ਕਾਰੀਆਂ ਸਮੇਤ) ਵਿੱਚ ਹਿੱਸਾ ਲੈਂਦੇ ਹਨ, ਅਤੇ ਪ੍ਰਬੰਧਕੀ ਜਨਤਕ ਨੈਤਿਕਤਾ ਨੂੰ ਮਜ਼ਬੂਤ ਕਰਨ ਲਈ "ਕੁਦਰਤ" ਬਾਰੇ ਸਿੱਖ ਧਰਮ ਸੰਬੰਧਤ ਸਿੱਖਿਆਵਾਂ ਦੀ ਵਰਤੋਂ ਕਰਦੇ ਹਨ। ਇਸ ਦਾ ਇੱਕ ਸਪੱਸ਼ਟ ਰੂਪ ਦਰਿਆਈ ਅਤੇ ਪਾਣੀ ਦੀ ਗੁਣਵੱਤਾ ਦੇ ਮੁੱਦਿਆਂ (ਉਦਾਹਰਣ ਵਜੋਂ, ਸਤਲੁਜ ਪ੍ਰਦੂਸ਼ਣ ਅਤੇ ਮੱਛੀਆਂ ਦੇ ਮਰਨ ਦੀਆਂ ਘਟਨਾਵਾਂ, ਜੋ ਪੰਜਾਬੀ ਮੀਡੀਆ ਵਿੱਚ ਵਿਆਪਕ ਤੌਰ 'ਤੇ ਸਾਹਮਣੇ ਆਈਆਂ ਸਨ) 'ਤੇ ਉਨ੍ਹਾਂ ਦੀ ਟਿੱਪਣੀ ਹੈ, ਜਿਸ ਨੂੰ ਉਹ ਵਾਤਾਵਰਣ ਪ੍ਰਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਵਿਆਪਕ ਸੰਦਰਭ ਵਿੱਚ ਪੇਸ਼ ਕਰਦੇ ਹਨ। ਉਨ੍ਹਾਂ ਦੇ ਟੈਲੀਵਿਜ਼ਨ ਅਤੇ ਰੇਡੀਓ ਪ੍ਰੋਗਰਾਮ ਅਕਸਰ ਵਿਗਿਆਨ ਅਤੇ ਪਵਿੱਤਰ ਬਾਣੀ (ਧਰਮ ਗ੍ਰੰਥ) ਦੋਵਾਂ ਦੁਆਰਾ ਨਿਰਧਾਰਤ ਵਿਹਾਰਕ ਵਾਤਾਵਰਣਕ ਕਾਰਵਾਈਆਂ 'ਤੇ ਕੇਂਦਰਿਤ ਹੁੰਦੇ ਹਨ [1]।

ਅਕਾਦਮਿਕ ਪੱਖ ਤੋਂ, ਉਨ੍ਹਾਂ ਨੇ ਖੋਜ ਪੱਤਰ ਪੇਸ਼ ਕੀਤੇ ਹਨ ਅਤੇ ਲੇਖ ਲਿਖੇ ਹਨ ਜੋ ਵਾਤਾਵਰਣ ਵਿਗਿਆਨ ਨੂੰ ਸਿੱਖ ਦ੍ਰਿਸ਼ਟੀਕੋਣ ਨਾਲ ਜੋੜਦੇ ਹਨ, ਇਹ ਦਲੀਲ ਦਿੰਦੇ ਹੋਏ ਕਿ ਸ੍ਰਿਸ਼ਟੀ ("ਕੁਦਰਤ") ਲਈ ਅਧਿਆਤਮਿਕ ਸਤਿਕਾਰ ਅਸਲ ਵਾਤਾਵਰਣਕ ਵਿਵਹਾਰ ਵਿੱਚ ਬਦਲਣਾ ਚਾਹੀਦਾ ਹੈ। ਕੋਵਿਡ-19 ਦੇ ਸਮੇਂ ਦੌਰਾਨ, ਉਨ੍ਹਾਂ ਨੇ ਮਹਾਂਮਾਰੀ ਦੇ ਵਾਤਾਵਰਣਕ ਪ੍ਰਭਾਵਾਂ 'ਤੇ ਮੀਡੀਆ ਦੀਆਂ ਚਰਚਾਵਾਂ ਵਿੱਚ ਹਿੱਸਾ ਲਿਆ, ਅਤੇ ਨੈਤਿਕ ਪੱਖ ਨੂੰ ਅਣਗੋਲੇ ਕੀਤੇ ਬਿਨਾਂ ਜਨਤਕ ਗੱਲਬਾਤ ਵਿੱਚ ਵਿਗਿਆਨਕ ਤੱਥ (ਡਾਟਾ) ਸਾਹਮਣੇ ਲਿਆਂਦੇ। ਵਿਗਿਆਨਕ ਅਤੇ ਅਧਿਆਤਮਿਕ ਦ੍ਰਿਸ਼ਟੀਕੋਣਾਂ ਨੂੰ ਜੋੜਨ ਵਾਲੀ ਇਹ ਏਕੀਕ੍ਰਿਤ ਆਵਾਜ਼ ਉਨ੍ਹਾਂ ਸਰੋਤਿਆਂ ਲਈ ਬਹੁਤ ਮਹੱਤਵਪੂਰਨ ਰਹੀ ਹੈ ਜੋ ਧਾਰਮਿਕ ਪ੍ਰਗਟਾਵਿਆਂ 'ਤੇ ਭਰੋਸਾ ਕਰਦੇ ਹਨ, ਪਰ ਜਿਨ੍ਹਾਂ ਨੂੰ ਵਾਤਾਵਰਣ ਦੇ ਜੋਖਮਾਂ ਬਾਰੇ ਤੱਥਾਂ 'ਤੇ ਅਧਾਰਤ, ਅਮਲੀ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ [1]।

ਸਿੱਖ ਵਿਦਵਾਨ: ਵਿਗਿਆਨ-ਧਰਮ ਸੰਵਾਦ ਅਤੇ ਗੁਰਮਤਿ ਵਿਚਾਰਧਾਰਾ

ਇੱਕ ਸਿੱਖ ਵਿਦਵਾਨ ਵਜੋਂ, ਡਾ. ਸਿੰਘ ਦਾ ਮੁੱਖ ਯੋਗਦਾਨ ਸਿੱਖ ਦ੍ਰਿਸ਼ਟੀਕੋਣ ਤੋਂ ਵਿਗਿਆਨ ਅਤੇ ਧਰਮ ਦੇ ਸੰਵਾਦ ਵਿੱਚ ਹੈ। ਉਨ੍ਹਾਂ ਨੇ ਇਹ ਪਤਾ ਲਗਾਉਣ ਲਈ ਪੁਸਤਕਾਂ ਅਤੇ ਅਣਗਿਣਤ ਲੇਖ ਲਿਖੇ ਹਨ ਕਿ ਕੀ ਵਿਗਿਆਨ ਅਤੇ ਸਿੱਖ ਧਰਮ ਆਪਸ ਵਿੱਚ ਟਕਰਾਅ ਵਿੱਚ ਹਨ ਜਾਂ ਇਕਸੁਰਤਾ ਵਿੱਚ, ਅਤੇ ਕਿਵੇਂ ਗੁਰਮਤਿ (ਸਿੱਖ ਸਿੱਖਿਆਵਾਂ) ਅੰਨ੍ਹੇ ਵਿਗਿਆਨਵਾਦ (Scientism) ਜਾਂ ਬੌਧਿਕਤਾ-ਵਿਰੋਧੀ ਸੋਚ ਦਾ ਸ਼ਿਕਾਰ ਹੋਏ ਬਿਨਾਂ ਤਕਨਾਲੋਜੀ ਅਤੇ ਆਧੁਨਿਕਤਾ ਨੂੰ ਇੱਕ ਸਹੀ ਦਿਸ਼ਾ ਦੇ ਸਕਦੀ ਹੈ। ਉਨ੍ਹਾਂ ਦਾ 2021 ਦਾ ਖੋਜ ਪੱਤਰ, "ਸਾਇੰਸ-ਰਿਲੀਜਨ ਡਾਇਲਾਗ: ਅ ਸਿੱਖ ਪਰਸਪੈਕਟਿਵ" (Science-Religion Dialogue: A Sikh Perspective), ਇੱਕ ਸੰਖੇਪ ਵਿਧੀਗਤ ਪਹੁੰਚ ਪੇਸ਼ ਕਰਦਾ ਹੈ: ਵਿਗਿਆਨ ਅਤੇ ਅਧਿਆਤਮਿਕਤਾ ਦੇ ਵੱਖੋ-ਵੱਖਰੇ ਖੇਤਰਾਂ ਅਤੇ ਸਾਧਨਾਂ ਨੂੰ ਸਮਝਣਾ, ਉਨ੍ਹਾਂ ਦੇ ਨੈਤਿਕ ਮੇਲ ਨੂੰ ਪਛਾਣਨਾ, ਅਤੇ ਸਾਂਝੀਆਂ ਮਨੁੱਖੀ ਚਿੰਤਾਵਾਂ ਜਿਵੇਂ ਕਿ ਵਾਤਾਵਰਣ ਦੀ ਸੰਭਾਲ, ਬਾਇਓਐਥਿਕਸ (ਜੈਵ-ਨੈਤਿਕਤਾ) ਅਤੇ ਮਨੁੱਖੀ ਗੌਰਵ ਦੇ ਹੱਲ ਲਈ ਸੰਵਾਦ ਦੀ ਵਰਤੋਂ ਕਰਨਾ [7]।

ਸਿੱਖ ਅਧਿਐਨ ਵਿੱਚ ਡਾ. ਸਿੰਘ ਦਾ ਵਿਆਪਕ ਯੋਗਦਾਨ ਬਹੁਤ ਵੱਡਾ ਹੈ, ਜਿਸ ਵਿੱਚ ਕਈ ਪੁਸਤਕਾਂ, ਪੁਸਤਿਕਾਵਾਂ ਅਤੇ ਸੈਂਕੜੇ ਲੇਖ ਸ਼ਾਮਲ ਹਨ, ਨਾਲ ਹੀ ਸੰਪਾਦਿਤ ਸੰਗ੍ਰਹਿਆਂ ਵਿੱਚ ਯੋਗਦਾਨ ਅਤੇ 'ਦ ਸਿੱਖ ਰਿਵਿਊ' (The Sikh Review, ਕੋਲਕਾਤਾ) ਅਤੇ 'ਜਰਨਲ ਆਫ਼ ਸਟੱਡੀਜ਼ ਇਨ ਸਿੱਖਇਜ਼ਮ ਐਂਡ ਕੰਪੈਰੇਟਿਵ ਰਿਲੀਜਨ' (Journal of Studies in Sikhism and Comparative Religion) ਲਈ ਸੰਪਾਦਕੀ ਸਲਾਹਕਾਰ ਵਜੋਂ ਨਿਭਾਈਆਂ ਭੂਮਿਕਾਵਾਂ ਸ਼ਾਮਲ ਹਨ। ਇਸ ਦੇ ਦਾਇਰੇ ਵਿੱਚ ਸਿਧਾਂਤਕ ਵਿਆਖਿਆ (Doctrinal exegesis), ਇਤਿਹਾਸਕ ਪ੍ਰੋਫਾਈਲ (ਜਿਵੇਂ ਕਿ ਉੱਘੇ ਵਿਦਵਾਨਾਂ ਦੇ ਜੀਵਨ) ਅਤੇ ਸਮਕਾਲੀ ਮੁੱਦੇ ਸ਼ਾਮਲ ਹਨ, ਜਿਵੇਂ ਕਿ ਅਧਿਆਤਮਿਕਤਾ ਅਤੇ ਧਾਰਮਿਕ ਪ੍ਰਵਚਨ 'ਤੇ ਏ.ਆਈ. (AI - ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਪ੍ਰਭਾਵ। ਹਾਲ ਹੀ ਦੇ ਕਾਰਜਾਂ ਵਿੱਚ, ਉਨ੍ਹਾਂ ਨੇ ਸਿੱਖ ਭਾਈਚਾਰਿਆਂ ਵਿੱਚ ਏ.ਆਈ. ਸਾਧਨਾਂ ਨੂੰ ਜੋੜਨ ਦੇ ਮੌਕਿਆਂ ਅਤੇ ਸਾਵਧਾਨੀਆਂ ਦੀ ਰੂਪ ਰੇਖਾ ਤਿਆਰ ਕਰਨੀ ਸ਼ੁਰੂ ਕੀਤੀ ਹੈ, ਜੋ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਨਵੀਂ ਤਕਨਾਲੋਜੀ, ਸਮਝ ਅਤੇ ਅਭਿਆਸ ਨੂੰ ਕਿਵੇਂ ਮੁੜ ਰੂਪ ਦਿੰਦੀ ਹੈ, ਜਿਸ ਵਿੱਚ ਉਨ੍ਹਾਂ ਦੀ ਜੀਵਨ ਭਰ ਦੀ ਦਿਲਚਸਪੀ ਰਹੀ ਹੈ [5]।

ਡਾ. ਸਿੰਘ ਦੇ ਸਿੱਖ ਵਿਦਵਤਾ ਭਰਪੂਰ ਕਾਰਜਾਂ ਦੀ ਇੱਕ ਖਾਸ ਖੂਬੀ ਗੁਰਬਾਣੀ ਨੂੰ ਵਿਗਿਆਨ-ਵਿਰੋਧੀ ਪਾਠ ਵਜੋਂ ਨਹੀਂ, ਬਲਕਿ ਮਨੁੱਖੀ ਹਿੱਤ ਵਿੱਚ ਤਕਨੀਕੀ ਤਰੱਕੀ ਦੇ ਇੱਕ ਸਾਧਨ ਵਜੋਂ ਪੜ੍ਹਨਾ ਹੈ। ਉਹ ਦਲੀਲ ਦਿੰਦੇ ਹਨ ਕਿ ਸਿੱਖ ਨੈਤਿਕਤਾ, ਜਿਸ ਵਿੱਚ ਸੱਚਾਈ, ਨਿਮਰਤਾ, ਸੇਵਾ ਅਤੇ ਵਾਤਾਵਰਣ ਲਈ ਸਤਿਕਾਰ ਸ਼ਾਮਲ ਹੈ, ਵਿਗਿਆਨਕ ਅਭਿਲਾਸ਼ਾ ਨੂੰ ਅਨੁਸ਼ਾਸਿਤ ਕਰ ਸਕਦੀ ਹੈ ਅਤੇ ਨਵੀਂਆਂ ਖੋਜਾਂ ਨੂੰ "ਸਰਬੱਤ ਦਾ ਭਲਾ" ਦੇ ਸਿਧਾਂਤ ਦੇ ਅਨੁਕੂਲ ਰੱਖ ਸਕਦੀ ਹੈ। ਇਹ ਕੋਈ ਉੱਪਰੀ ਜਾਂ ਦਿਖਾਵੇ ਦੀ ਇਕਸੁਰਤਾ ਨਹੀਂ ਹੈ: ਇਹ ਅਨੁਭਵੀ ਵਿਗਿਆਨ (Empirical science) ਅਤੇ ਪ੍ਰਗਟ ਹੋਏ ਬ੍ਰਹਮ ਗਿਆਨ (Revealed wisdom) ਵਿਚਕਾਰ ਗਿਆਨ ਸੰਬੰਧੀ ਸੀਮਾਵਾਂ ਨੂੰ ਸਵੀਕਾਰ ਕਰਦੀ ਹੈ, ਜਦ ਕਿ ਇਹ ਵੀ ਮੰਨਦੀ ਹੈ ਕਿ ਦੋਵੇਂ ਮਨੁੱਖੀ ਭਲਾਈ ਦੇ ਨੈਤਿਕ ਪ੍ਰੋਜੈਕਟ ਵਿੱਚ ਮਿਲ ਕੇ ਕੰਮ ਕਰ ਸਕਦੇ ਹਨ [2]। ਵਰਤਮਾਨ ਵਿੱਚ, ਉਹ ਸੈਨ ਹੋਜ਼ੇ, ਕੈਲੀਫੋਰਨੀਆ, ਅਮਰੀਕਾ (USA) ਵਿੱਚ ਅਰੀਹੰਤਾ ਇੰਸਟੀਚਿਊਟ ਵਿਖੇ ਧਾਰਮਿਕ ਅਧਿਐਨ (Religious Studies) ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ।

ਵੱਖ-ਵੱਖ ਸ਼ੈਲੀਆਂ ਦੇ ਲੇਖਕ: ਭੌਤਿਕ ਵਿਗਿਆਨ ਤੋਂ ਵਿਗਿਆਨ ਗਲਪ ਤੱਕ

ਇੱਕ ਲੇਖਕ ਵਜੋਂ, ਡਾ. ਸਿੰਘ ਬੜੀ ਸਹਿਜਤਾ ਨਾਲ ਵੱਖ-ਵੱਖ ਸਾਹਿਤਕ ਸ਼ੈਲੀਆਂ ਵਿੱਚ ਵਿਚਰਦੇ ਹਨ। ਉਨ੍ਹਾਂ ਦੀਆਂ ਵਿਗਿਆਨਕ ਮੋਨੋਗ੍ਰਾਫਾਂ ਅਤੇ ਸੰਪਾਦਿਤ ਪੁਸਤਕਾਂ ਆਮ ਪਾਠਕਾਂ ਲਈ ਗੁੰਝਲਦਾਰ ਵਿਸ਼ਿਆਂ ਨੂੰ ਸਰਲ ਭਾਸ਼ਾ ਵਿੱਚ ਬਦਲਦੀਆਂ ਹਨ; ਉਨ੍ਹਾਂ ਦੀਆਂ ਵਾਤਾਵਰਣ ਸੰਬੰਧੀ ਲਿਖਤਾਂ ਨੀਤੀਗਤ ਜਾਗਰੂਕਤਾ ਦੇ ਨਾਲ ਰਿਪੋਰਟਿੰਗ ਦਾ ਸੁਮੇਲ ਪੇਸ਼ ਕਰਦੀਆਂ ਹਨ; ਅਤੇ ਉਨ੍ਹਾਂ ਦੀਆਂ ਸਿੱਖ-ਅਧਿਐਨ ਦੀਆਂ ਪੁਸਤਕਾਂ ਆਮ ਸਰੋਤਿਆਂ ਲਈ ਅਧਿਆਤਮਿਕਤਾ ਦੇ ਸੁਲਭ ਦੁਆਰ ਖੋਲ੍ਹਦੀਆਂ ਹਨ। ਉਨ੍ਹਾਂ ਦੀਆਂ ਲਿਖਤਾਂ ਦਾ ਇੱਕ ਵਿਲੱਖਣ ਹਿੱਸਾ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਉਨ੍ਹਾਂ ਦਾ ਵਿਗਿਆਨ-ਗਲਪ (Science-fiction) ਲੇਖਣ ਹੈ, ਜਿਸ ਵਿੱਚ ਛੋਟੀਆਂ ਕਹਾਣੀਆਂ ਅਤੇ ਬੱਚਿਆਂ ਦੀਆਂ ਕਿਤਾਬਾਂ ਸ਼ਾਮਲ ਹਨ ਜੋ ਉਤਸੁਕਤਾ ਪੈਦਾ ਕਰਨ ਅਤੇ ਕਹਾਣੀ ਰਾਹੀਂ ਵਿਗਿਆਨਕ ਸੰਕਲਪਾਂ ਨੂੰ ਪੇਸ਼ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।

ਇਹ ਪਹਿਲੂ ਬਹੁਤ ਮਹੱਤਵਪੂਰਨ ਹੈ: ਉਹਨਾਂ ਖੇਤਰਾਂ ਵਿੱਚ ਜਿੱਥੇ STEM (ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ, ਅਤੇ ਮੈਥ) ਸਟਰੀਮ ਦੇ ਨਿਰਮਾਣ ਦਾ ਸਮਾਜਿਕ-ਆਰਥਿਕ ਦਬਾਵਾਂ ਨਾਲ ਮੁਕਾਬਲਾ ਹੁੰਦਾ ਹੈ, ਉੱਥੇ ਵਿਗਿਆਨ ਗਲਪ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਜ਼ਰੀਆ ਬਣ ਸਕਦਾ ਹੈ। ਪੰਜਾਬੀ ਵਿਗਿਆਨ ਗਲਪ ਦੇ "ਸਮਕਾਲੀ ਦ੍ਰਿਸ਼" ਬਾਰੇ ਸਰਵੇਖਣਾਂ ਅਤੇ ਲੇਖਾਂ ਵਿੱਚ ਇਸ ਖੇਤਰ ਨੂੰ ਲਿਖਣ ਅਤੇ ਦਸਤਾਵੇਜ਼ੀ ਰੂਪ ਦੇਣ ਵਿੱਚ ਡਾ. ਸਿੰਘ ਦੀ ਭੂਮਿਕਾ ਅਹਿਮ ਰਹੀ ਹੈ [1]। ਉਨ੍ਹਾਂ ਦਾ ਇੱਕ ਲੇਖਕ ਵਜੋਂ ਪ੍ਰਭਾਵ ਵੱਖ-ਵੱਖ ਸੰਸਥਾਗਤ ਪ੍ਰੋਫਾਈਲਾਂ [3-4] ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਜੋ 24 ਤੋਂ ਵੱਧ ਪੁਸਤਕਾਂ ਦੀ ਗਿਣਤੀ ਦੱਸਦੇ ਹਨ, ਜਿਨ੍ਹਾਂ ਦੇ ਪ੍ਰਕਾਸ਼ਕਾਂ ਵਿੱਚ ਨੈਸ਼ਨਲ ਬੁੱਕ ਟਰੱਸਟ (National Book Trust) ਤੋਂ ਲੈ ਕੇ ਯੂਨੀਵਰਸਿਟੀ ਪ੍ਰੈਸਾਂ ਅਤੇ ਨਿੱਜੀ ਪ੍ਰਕਾਸ਼ਨ ਘਰ ਸ਼ਾਮਲ ਹਨ, ਅਤੇ ਕਈ ਭਾਸ਼ਾਵਾਂ ਵਿੱਚ ਉਨ੍ਹਾਂ ਦੇ ਅਨੁਵਾਦ ਹੋਏ ਹਨ। ਇੱਕ ਅਜਿਹੇ ਵਿਗਿਆਨੀ ਨੂੰ ਲੱਭਣਾ ਬਹੁਤ ਦੁਰਲੱਭ ਹੈ ਜੋ ਖੇਤਰੀ ਭਾਸ਼ਾਵਾਂ ਵਿੱਚ ਇੱਕ ਨਿਰੰਤਰ ਸਾਹਿਤਕ ਹਸਤੀ ਵੀ ਹੋਵੇ; ਅਤੇ ਇਸ ਤੋਂ ਵੀ ਵੱਧ ਔਖਾ ਅਜਿਹਾ ਵਿਅਕਤੀ ਲੱਭਣਾ ਹੈ ਜੋ ਆਮ ਜਨਤਾ ਲਈ ਵਿਗਿਆਨ, ਵਾਤਾਵਰਣ ਅਤੇ ਅੰਤਰ-ਧਰਮ ਵਿਚਾਰਾਂ ਨੂੰ ਆਪਸ ਵਿੱਚ ਜੋੜਨ ਲਈ ਉਸ ਮੰਚ ਦੀ ਵਰਤੋਂ ਕਰਦਾ ਹੋਵੇ [3-4]।

ਟੈਲੀਵਿਜ਼ਨ ਅਤੇ ਰੇਡੀਓ: ਪ੍ਰਸਾਰਣ ਵਿੱਚ ਜਨਤਕ ਬੁੱਧੀਜੀਵੀ

ਡਾ. ਸਿੰਘ ਦੀ ਜਨਤਕ ਸ਼ਖਸੀਅਤ, ਟੈਲੀਵਿਜ਼ਨ ਅਤੇ ਰੇਡੀਓ ਦੁਆਰਾ ਹੋਰ ਵਧੇਰੇ ਵਿਆਪਕ ਬਣ ਚੁੱਕੀ ਹੈ। ਸਿੱਖ ਧਰਮ, ਵਿਗਿਆਨ ਅਤੇ ਸਮਾਜਿਕ ਮੁੱਦਿਆਂ 'ਤੇ ਉਨ੍ਹਾਂ ਦੇ 75 ਤੋਂ ਵੱਧ ਭਾਸ਼ਣ ਝਾਂਜਰ ਟੀਵੀ (Jhanjar TV), ਸਾਂਝਾ ਪੰਜਾਬ ਟੀਵੀ (Sanjha Punjab TV), ਚੈਨਲ ਪੰਜਾਬੀ - ਟੋਰਾਂਟੋ ਡੇਟਲਾਈਨ (Channel Punjabi - Toronto Dateline), ਵਿਜ਼ਨ ਟੀਵੀ (Vision TV), ਅਤੇ ਹੈਲੋ ਕੈਨੇਡਾ ਟੀਵੀ (Hello Canada TV) ਵਰਗੇ ਚੈਨਲਾਂ ਦੁਆਰਾ ਪ੍ਰਸਾਰਿਤ ਕੀਤੇ ਗਏ ਹਨ; ਵਿਗਿਆਨ ਅਤੇ ਧਰਮ 'ਤੇ ਦਰਜਨਾਂ ਰੇਡੀਓ ਪ੍ਰੋਗਰਾਮ ਕੈਨੇਡੀਅਨ ਪੰਜਾਬੀ ਸਟੇਸ਼ਨਾਂ ਅਤੇ ਆਲ ਇੰਡੀਆ ਰੇਡੀਓ (ਜਲੰਧਰ) 'ਤੇ ਪ੍ਰਸਾਰਿਤ ਹੋ ਚੁੱਕੇ ਹਨ। ਇਹ ਪੇਸ਼ਕਾਰੀਆਂ ਇੰਟਰਵਿਊਆਂ ਅਤੇ ਪੈਨਲ ਚਰਚਾਵਾਂ ਤੋਂ ਲੈ ਕੇ ਵਿਸ਼ੇਸ਼ ਪ੍ਰੋਗਰਾਮਾਂ (ਜਿਵੇਂ ਕਿ ਸਿੱਖ ਹੈਰੀਟੇਜ ਮੰਥ, ਵਾਤਾਵਰਣ ਸੰਬੰਧੀ ਐਪੀਸੋਡ ਅਤੇ ਵਿਗਿਆਨਕ ਵਿਆਖਿਆਵਾਂ) ਤੱਕ ਫੈਲੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਆਨਲਾਈਨ ਉਪਲਬਧ ਹਨ [1,3]। ਇੱਕ "ਟੀਵੀ ਹੋਸਟ" (ਮੰਚ ਸੰਚਾਲਕ) ਵਜੋਂ ਉਨ੍ਹਾਂ ਦੀ ਭੂਮਿਕਾ ਨਾ ਕੇਵਲ ਮਹਿਮਾਨ ਵਜੋਂ ਹਾਜ਼ਰੀ ਨੂੰ ਦਰਸਾਉਂਦੀ ਹੈ, ਬਲਕਿ ਪ੍ਰਸਾਰਣ ਦੌਰਾਨ ਗੱਲਬਾਤ ਦਾ ਮਾਰਗਦਰਸ਼ਨ ਕਰਨ, ਸਵਾਲ ਪੁੱਛਣ, ਦ੍ਰਿਸ਼ਟੀਕੋਣਾਂ ਦਾ ਸੰਸਲੇਸ਼ਣ (ਸੰਖੇਪ) ਕਰਨ ਅਤੇ ਦਰਸ਼ਕਾਂ ਲਈ ਗੁੰਝਲਦਾਰ ਮੁੱਦਿਆਂ ਨੂੰ ਸਰਲ ਬਣਾਉਣ ਵਿੱਚ ਉਨ੍ਹਾਂ ਦੀ ਨਿਰੰਤਰ ਭੂਮਿਕਾ ਨੂੰ ਵੀ ਪ੍ਰਗਟ ਕਰਦੀ ਹੈ। ਉਨ੍ਹਾਂ ਦੀ ਸੰਸਥਾ [8] ਜਾਂ ਸਾਈਟ [9] ਦੁਆਰਾ ਤਿਆਰ ਕੀਤੀਆਂ ਗਈਆਂ ਮੀਡੀਆ ਸੂਚੀਆਂ ਉਨ੍ਹਾਂ ਦੀ "ਗੈਸਟ ਐਕਸਪਰਟ" (ਮਾਹਰ ਮਹਿਮਾਨ) ਵਜੋਂ ਹਾਜ਼ਰੀ ਨੂੰ ਦਰਸਾਉਂਦੀਆਂ ਹਨ, ਜੋ ਕੈਨੇਡੀਅਨ ਅਤੇ ਭਾਰਤੀ ਪ੍ਰਸਾਰਕਾਂ ਦੋਵਾਂ ਨਾਲ ਉਨ੍ਹਾਂ ਦੇ ਰੁਝੇਵਿਆਂ ਦੀ ਨਿਰੰਤਰਤਾ ਨੂੰ ਰੇਖਾਂਕਿਤ ਕਰਦੀਆਂ ਹਨ। ਇੱਕ ਅਜਿਹੇ ਦੌਰ ਵਿੱਚ ਜਿੱਥੇ ਗਲਤ ਜਾਣਕਾਰੀ (Misinformation) ਬਹੁਤ ਤੇਜ਼ੀ ਨਾਲ ਫੈਲਦੀ ਹੈ, ਪੰਜਾਬੀ ਪ੍ਰਸਾਰਣ ਦੀ ਦੁਨੀਆ ਵਿੱਚ ਇੱਕ ਦੋ-ਭਾਸ਼ੀ ਵਿਗਿਆਨੀ-ਵਿਦਵਾਨ ਦੀ ਨਿਰੰਤਰ ਮੌਜੂਦਗੀ ਆਪਣੇ ਆਪ ਵਿੱਚ ਇੱਕ ਬਹੁਤ ਹੀ ਕੀਮਤੀ ਜਨਤਕ ਸੇਵਾ ਹੈ।

ਅਨੁਸ਼ਾਸਨਾਂ ਨੂੰ ਜੋੜਨਾ: ਇੱਕ ਇਕਸਾਰ ਬੌਧਿਕ ਪ੍ਰੋਗਰਾਮ

ਡਾ. ਸਿੰਘ ਦੀਆਂ ਕਈ ਪਛਾਣਾਂ ਨੂੰ ਨਾਲ-ਨਾਲ ਦੇਖਣਾ ਗਤੀਵਿਧੀਆਂ ਦੇ ਖਿੰਡੇ ਹੋਏ ਰੂਪ ਦੀ ਬਜਾਏ ਇੱਕ ਇਕਸਾਰ ਪ੍ਰੋਗਰਾਮ ਨੂੰ ਦਰਸਾਉਂਦਾ ਹੈ। ਚਾਰ ਸਿਧਾਂਤ ਉਨ੍ਹਾਂ ਦੇ ਜੀਵਨ ਦੇ ਕਾਰਜਾਂ ਦਾ ਮੁੱਖ ਆਧਾਰ ਜਾਪਦੇ ਹਨ:

• ਮਾਂ-ਬੋਲੀ ਵਿੱਚ ਗਿਆਨ: ਡਾ. ਸਿੰਘ ਪੰਜਾਬੀ ਭਾਸ਼ਾ ਦੇ ਵਿਗਿਆਨ ਅਤੇ ਅਧਿਆਪਨ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਿਚਾਰ ਉਦੋਂ ਹੀ ਜੜ੍ਹ ਫੜਦੇ ਹਨ ਜਦੋਂ ਉਨ੍ਹਾਂ ਨੂੰ ਘਰ ਅਤੇ ਦਿਲ ਦੀ ਭਾਸ਼ਾ ਵਿੱਚ ਸਮਝਾਇਆ ਜਾਂਦਾ ਹੈ। ਪੰਜਾਬੀ ਵਿਗਿਆਨ ਲੇਖਣ ਲਈ ਉਨ੍ਹਾਂ ਦੀ ਲੰਬੇ ਸਮੇਂ ਦੀ ਵਕਾਲਤ ਅਤੇ ਉਨ੍ਹਾਂ ਦੀਆਂ ਕਈ ਪੰਜਾਬੀ ਪੁਸਤਕਾਂ ਇਸ ਵਿਸ਼ਵਾਸ ਨੂੰ ਦਰਸਾਉਂਦੀਆਂ ਹਨ ਕਿ ਭਾਸ਼ਾਈ ਪਹੁੰਚਯੋਗਤਾ ਬਰਾਬਰੀ (Equity) ਲਈ ਇੱਕ ਵੱਡਾ ਸਾਧਨ ਹੈ [6]।

• ਨਾਗਰਿਕ ਗੁਣ ਵਜੋਂ ਵਿਗਿਆਨ: ਉਹ ਵਿਗਿਆਨਕ ਸਾਖਰਤਾ ਨੂੰ ਜਮਹੂਰੀ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਮੰਨਦੇ ਹਨ, ਜੋ ਵਾਤਾਵਰਣ ਦੀ ਸੰਭਾਲ, ਜਨਤਕ ਸਿਹਤ ਅਤੇ ਸਮਾਜਿਕ ਲਚਕੀਲੇਪਣ (social resilience) ਲਈ ਜ਼ਰੂਰੀ ਹੈ। ਵਿਗਿਆਨ-ਲੇਖਣ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ (NGOs) ਤੋਂ ਮਿਲੇ ਉਨ੍ਹਾਂ ਦੇ ਪੁਰਸਕਾਰ ਆਮ ਲੋਕਾਂ ਵਿੱਚ "ਵਿਗਿਆਨਕ ਸੋਚ" ਪੈਦਾ ਕਰਨ ਲਈ ਉਨ੍ਹਾਂ ਦੇ ਜੀਵਨ ਭਰ ਦੇ ਯਤਨਾਂ ਨੂੰ ਦਰਸਾਉਂਦੇ ਹਨ [1]।

• ਵਿਗਿਆਨ ਅਤੇ ਵਿਸ਼ਵਾਸ (ਧਰਮ) ਵਿਚਕਾਰ ਸੰਵਾਦ: ਪ੍ਰਯੋਗਸ਼ਾਲਾ (Lab) ਅਤੇ ਗੁਰਦੁਆਰੇ ਨੂੰ ਆਪਸ ਵਿੱਚ ਵੱਖ ਕਰਨ ਦੀ ਬਜਾਏ, ਡਾ. ਸਿੰਘ ਸਿਧਾਂਤਕ ਸੰਵਾਦ ਦੀ ਵਕਾਲਤ ਕਰਦੇ ਹਨ: ਵੱਖੋ-ਵੱਖਰੀਆਂ ਵਿਧੀਆਂ ਦਾ ਸਤਿਕਾਰ ਕਰਨਾ, ਨੈਤਿਕਤਾ ਤੇ ਵਿਗਿਆਨ ਲਈ ਸਾਂਝੀ ਜ਼ਮੀਨ ਦੀ ਪਛਾਣ ਕਰਨਾ, ਅਤੇ ਦੋਵਾਂ ਨੂੰ ਮਨੁੱਖੀ ਭਲਾਈ ਅਤੇ ਵਾਤਾਵਰਣਕ ਸੰਤੁਲਨ ਲਈ ਵਰਤਣਾ [2]।

• ਕਲਾਸਰੂਮ ਦੇ ਰੂਪ ਵਿੱਚ ਮੀਡੀਆ: ਉਹ ਰੇਡੀਓ ਅਤੇ ਟੀਵੀ ਨੂੰ ਵਿਸਤ੍ਰਿਤ ਕਲਾਸਰੂਮਾਂ ਵਜੋਂ ਵਰਤਦੇ ਹਨ ਜਿੱਥੇ ਉਤਸੁਕਤਾ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਗੁੰਝਲਦਾਰਤਾ ਨੂੰ ਬੜੀ ਸਹਿਜਤਾ ਨਾਲ ਸਮਝਾਇਆ ਜਾਂਦਾ ਹੈ, ਚਾਹੇ ਵਿਸ਼ਾ "ਗੌਡ ਪਾਰਟੀਕਲ" (God particle) ਦਾ ਹੋਵੇ, ਟਿਕਾਊ ਜੀਵਨ (Sustainable living) ਦਾ ਹੋਵੇ, ਜਾਂ ਗੁਰਬਾਣੀ ਦੇ ਅੰਦਰ ਵਾਤਾਵਰਣ ਦੀਆਂ ਸਿੱਖਿਆਵਾਂ ਹੋਣ [1]।

ਪ੍ਰਭਾਵ ਅਤੇ ਵਿਰਾਸਤ

ਇੱਕ ਅਜਿਹੇ ਵਿਦਵਾਨ-ਸੰਚਾਰਕ ਦੇ ਪ੍ਰਭਾਵ ਨੂੰ ਮਾਪਣਾ ਚੁਣੌਤੀਪੂਰਨ ਹੈ ਜਿਸਦਾ ਕਾਰਜ ਵੱਖ-ਵੱਖ ਪਲੇਟਫਾਰਮਾਂ ਜਿਵੇਂ ਕਿ ਖੋਜ ਰਸਾਲਿਆਂ, ਸਥਾਨਕ ਰੋਜ਼ਾਨਾ ਅਖ਼ਬਾਰਾਂ, ਭਾਈਚਾਰਕ ਰੇਡੀਓ ਅਤੇ ਟੈਲੀਵਿਜ਼ਨ ਚੈਨਲਾਂ ਵਿੱਚ ਫੈਲਿਆ ਹੋਇਆ ਹੈ। ਫਿਰ ਵੀ ਕਈ ਪੱਖ ਬਹੁਤ ਮਹੱਤਵਪੂਰਨ ਹਨ। ਪਹਿਲਾ, ਉਨ੍ਹਾਂ ਦੇ ਪ੍ਰਕਾਸ਼ਨ ਰਿਕਾਰਡ ਵਿੱਚ 100 ਤੋਂ ਵੱਧ ਵਿਗਿਆਨਕ ਪੱਤਰ, 24 ਪੁਸਤਕਾਂ ਅਤੇ 1,500 ਤੋਂ ਵੱਧ ਆਮ ਲੇਖ ਸ਼ਾਮਲ ਹਨ, ਜੋ ਇੱਕ ਅਸਧਾਰਨ ਵਿਸਤਾਰ ਅਤੇ ਦ੍ਰਿੜਤਾ ਨੂੰ ਦਰਸਾਉਂਦੇ ਹਨ। ਦੂਜਾ, ਉਨ੍ਹਾਂ ਦੀ ਬਹੁ-ਭਾਸ਼ਾਈ ਪਹੁੰਚ ਭਾਰਤ, ਪਾਕਿਸਤਾਨ (ਸ਼ਾਹਮੁਖੀ ਪਾਠਕ), ਕੈਨੇਡਾ, ਰੋਮਾਨੀਆ ਅਤੇ ਵਿਸ਼ਵ ਭਰ ਵਿੱਚ ਫੈਲੇ ਪ੍ਰਵਾਸੀ ਭਾਈਚਾਰਿਆਂ ਨੂੰ ਆਪਸ ਵਿੱਚ ਜੋੜਦੀ ਹੈ। ਤੀਜਾ, ਖੋਜ ਸੋਸਾਇਟੀਆਂ ਤੋਂ ਲੈ ਕੇ ਸੰਪਾਦਕੀ ਬੋਰਡਾਂ ਤੱਕ ਦੇ ਸੰਸਥਾਗਤ ਜੁੜਾਅ ਉਨ੍ਹਾਂ ਨੂੰ ਅਜਿਹੇ ਨੈਟਵਰਕਾਂ ਵਿੱਚ ਸਥਾਪਤ ਕਰਦੇ ਹਨ ਜੋ ਵਿਗਿਆਨਕ ਅਤੇ ਧਾਰਮਿਕ ਉਪਦੇਸ਼ ਦੋਵਾਂ ਨੂੰ ਰੂਪ ਦਿੰਦੇ ਹਨ। ਚੌਥਾ, ਯੂਨੀਵਰਸਿਟੀਆਂ, ਅੰਤਰ-ਧਰਮ ਕਾਨਫਰੰਸਾਂ ਅਤੇ ਮੀਡੀਆ ਪਲੇਟਫਾਰਮਾਂ 'ਤੇ ਬੋਲਣ ਲਈ ਉਨ੍ਹਾਂ ਨੂੰ ਮਿਲਣ ਵਾਲੇ ਵਾਰ-ਵਾਰ ਸੱਦੇ, ਸਪੱਸ਼ਟ ਕਰਨ, ਜੋੜਨ ਅਤੇ ਪ੍ਰੇਰਿਤ ਕਰਨ ਦੀ ਉਨ੍ਹਾਂ ਦੀ ਯੋਗਤਾ ਵਿੱਚ ਭਰੋਸੇ ਨੂੰ ਦਰਸਾਉਂਦੇ ਹਨ [1-2, 5]।

ਉਨ੍ਹਾਂ ਦਾ ਕਾਰਜ ਸਮਕਾਲੀ ਜ਼ਰੂਰੀ ਲੋੜਾਂ ਦੇ ਅਨੁਕੂਲ ਵੀ ਹੈ। ਜਲਵਾਯੂ ਪਰਿਵਰਤਨ, ਜੈਵ-ਵਿਭਿੰਨਤਾ ਦੇ ਨੁਕਸਾਨ ਅਤੇ ਪ੍ਰਦੂਸ਼ਣ ਲਈ ਨਾ ਕੇਵਲ ਤਕਨੀਕੀ ਹੱਲਾਂ ਦੀ ਲੋੜ ਹੈ, ਬਲਕਿ ਸੰਸਕ੍ਰਿਤੀ, ਨੈਤਿਕਤਾ ਅਤੇ ਸਥਾਨਕ ਭਾਸ਼ਾਵਾਂ ਵਿੱਚ ਆਧਾਰ ਵਾਲੇ ਨਾਗਰਿਕ ਗਠਜੋੜਾਂ ਦੀ ਵੀ ਲੋੜ ਹੈ। ਵਿਗਿਆਨ (ਵੈਕਸੀਨਾਂ ਦੀ ਜਾਣਕਾਰੀ ਤੋਂ ਲੈ ਕੇ ਏ.ਆਈ. ਤੱਕ) ਬਾਰੇ ਸਹੀ ਜਾਣਕਾਰੀ ਲਈ ਅਜਿਹੀਆਂ ਭਰੋਸੇਮੰਦ ਆਵਾਜ਼ਾਂ ਦੀ ਲੋੜ ਹੁੰਦੀ ਹੈ ਜੋ ਬਿਨਾਂ ਕਿਸੇ ਅਸਹਿਜਤਾ ਦੇ ਗੁੰਝਲਦਾਰ ਵਿਸ਼ਿਆਂ ਨੂੰ ਸਮਝਾ ਸਕਣ। ਅੰਤਰ-ਧਰਮ ਤਣਾਅ ਅਤੇ ਧਰੁਵੀਕਰਨ (Polarization) ਨੂੰ ਉਨ੍ਹਾਂ ਵਿਦਵਾਨਾਂ ਦੁਆਰਾ ਘੱਟ ਕੀਤਾ ਜਾ ਸਕਦਾ ਹੈ ਜੋ ਸਾਂਝੀਆਂ ਸਮੱਸਿਆਵਾਂ 'ਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਾਲੇ ਤਰੀਕਿਆਂ ਨਾਲ ਅਧਿਆਤਮਿਕ ਪਰੰਪਰਾਵਾਂ ਨੂੰ ਪ੍ਰਗਟ ਕਰ ਸਕਦੇ ਹਨ। ਇੱਕ ਭੌਤਿਕ ਵਿਗਿਆਨੀ ਅਤੇ ਅਧਿਆਤਮਿਕ ਵਿਦਵਾਨ, ਸਿੱਖਿਆ ਸ਼ਾਸਤਰੀ ਅਤੇ ਮੀਡੀਆ ਮੇਜ਼ਬਾਨ ਵਜੋਂ ਡਾ. ਸਿੰਘ ਦਾ ਇਹ ਸੁਮੇਲ, ਉਨ੍ਹਾਂ ਨੂੰ ਇਹਨਾਂ ਸਾਂਝੇ ਖੇਤਰਾਂ ਲਈ ਵਿਲੱਖਣ ਰੂਪ ਵਿੱਚ ਪੇਸ਼ ਕਰਦਾ ਹੈ।

ਡਾ. ਦੇਵਿੰਦਰ ਪਾਲ ਸਿੰਘ ਪ੍ਰਯੋਗਸ਼ਾਲਾ ਦੇ ਸਖ਼ਤ ਨਿਯਮਾਂ ਅਤੇ ਸਮਾਜ ਸੇਵਾ ਦੋਵਾਂ ਖੇਤਰਾਂ ਵਿੱਚ ਆਧਾਰ ਵਾਲੇ ਆਧੁਨਿਕ ਜਨਤਕ ਬੁੱਧੀਜੀਵੀ ਦੀ ਇੱਕ ਵਧੀਆ ਮਿਸਾਲ ਹਨ।

• ਇੱਕ ਵਿਗਿਆਨੀ ਵਜੋਂ, ਉਨ੍ਹਾਂ ਨੇ ਅਕੁਸਟਿਕਸ ਅਤੇ ਮਟੀਰੀਅਲ ਖੋਜ ਵਿੱਚ ਯੋਗਦਾਨ ਪਾਇਆ ਹੈ;

• ਇੱਕ ਸਿੱਖਿਆ ਸ਼ਾਸਤਰੀ ਵਜੋਂ, ਉਨ੍ਹਾਂ ਨੇ ਕਈ ਪੀੜ੍ਹੀਆਂ ਨੂੰ ਪੜ੍ਹਾਇਆ ਹੈ ਅਤੇ ਕਈ ਵਿਦਿੱਅਕ ਸੰਸਥਾਵਾਂ ਦਾ ਨਿਰਮਾਣ ਕੀਤਾ ਹੈ;

• ਇੱਕ ਵਿਗਿਆਨ ਪ੍ਰਸਾਰਕ ਵਜੋਂ, ਉਨ੍ਹਾਂ ਨੇ ਆਪਣੇ ਸਰੋਤਿਆਂ ਲਈ ਮਹੱਤਵ ਰੱਖਣ ਵਾਲੀਆਂ ਭਾਸ਼ਾਵਾਂ ਵਿੱਚ ਅਣਥੱਕ ਲਿਖਿਆ ਹੈ;

• ਇੱਕ ਵਾਤਾਵਰਣ ਕਾਰਕੁਨ ਵਜੋਂ, ਉਨ੍ਹਾਂ ਨੇ ਤੱਥਾਂ (ਡਾਟਾ) ਅਤੇ ਧਰਮ ਦੋਵਾਂ 'ਤੇ ਅਧਾਰਤ ਪ੍ਰਬੰਧਨ ਦੀ ਅਪੀਲ ਕੀਤੀ ਹੈ;

• ਇੱਕ ਸਿੱਖ ਵਿਦਵਾਨ ਵਜੋਂ, ਉਨ੍ਹਾਂ ਨੇ ਵਿਗਿਆਨ-ਧਰਮ ਸੰਵਾਦ ਦਾ ਵਿਸਤਾਰ ਕੀਤਾ ਹੈ; ਇੱਕ ਲੇਖਕ ਵਜੋਂ, ਉਹ ਵੱਖ-ਵੱਖ ਸ਼ੈਲੀਆਂ ਵਿੱਚ ਬੜੀ ਸਹਿਜਤਾ ਨਾਲ ਵਿਚਰੇ ਹਨ;

• ਅਤੇ ਇੱਕ ਟੀਵੀ/ਰੇਡੀਓ ਹੋਸਟ ਵਜੋਂ, ਉਨ੍ਹਾਂ ਨੇ ਮੀਡੀਆ ਨੂੰ ਸਾਰਿਆਂ ਲਈ ਇੱਕ ਕਲਾਸਰੂਮ ਵਿੱਚ ਬਦਲ ਦਿੱਤਾ ਹੈ।

ਉਨ੍ਹਾਂ ਦੇ ਕੈਰੀਅਰ ਦਾ ਸਫ਼ਰ ਇੱਕ ਸਰਲ ਪਰ ਬਹੁਤ ਹੀ ਮਹੱਤਵਪੂਰਨ ਵਿਚਾਰ ਨੂੰ ਰੂਸ਼ਨਾਉਂਦਾ ਹੈ: ਗਿਆਨ ਉਦੋਂ ਸਭ ਤੋਂ ਸ਼ਕਤੀਸ਼ਾਲੀ ਹੁੰਦਾ ਹੈ ਜਦੋਂ ਇਸਨੂੰ ਸਹੀ, ਸੁਲਭ ਅਤੇ ਹਮਦਰਦੀ ਨਾਲ ਸਾਂਝਾ ਕੀਤਾ ਜਾਂਦਾ ਹੈ।

ਸਰੋਤ

• ਡੀ. ਪੀ. ਸਿੰਘ (ਲੇਖਕ) – ਜੀਵਨੀ, ਰਚਨਾਵਾਂ, ਮੀਡੀਆ, ਪੁਰਸਕਾਰ ਅਤੇ ਕੈਰੀਅਰ ਦਾ ਕ੍ਰਮਵਾਰ ਇਤਿਹਾਸ। ਵਿਕੀਪੀਡੀਆ

• ਰਿਸਰਚਗੇਟ (ResearchGate) ਪ੍ਰੋਫਾਈਲ (ਅਕੌਸਟਿਕਸ ਰਿਸਰਚ ਸੈਂਟਰ, ਪ੍ਰਕਾਸ਼ਨ)। ਰਿਸਰਚਗੇਟ

• ਸਿੱਖਨੈੱਟ (SikhNet) ਲੇਖਕ ਪੰਨਾ (ਪੁਸਤਕਾਂ, ਟੈਲੀਕਾਸਟ, ਰੇਡੀਓ ਵਾਰਤਾਵਾਂ)। ਸਿੱਖਨੈੱਟ

• ਅਰੀਹੰਤਾ ਇੰਸਟੀਚਿਊਟ (Arihanta Institute) ਫੈਕਲਟੀ ਪ੍ਰੋਫਾਈਲ (ਕਿਤਾਬਾਂ/ਲੇਖਾਂ ਦੀ ਗਿਣਤੀ; ਸੰਸਥਾਪਕ-ਡਾਇਰੈਕਟਰ C4U ਸਿੱਖਇਜ਼ਮ)। ਅਰੀਹੰਤਾ ਇੰਸਟੀਚਿਊਟ

• ਫਿਲਪੀਪਲ (PhilPeople) ਪ੍ਰੋਫਾਈਲ ਅਤੇ ਪ੍ਰਕਾਸ਼ਨ (ਸਿੱਖ ਅਧਿਐਨ ਆਉਟਪੁੱਟ; ਸੰਪਾਦਕੀ ਭੂਮਿਕਾਵਾਂ)। ਫਿਲਪੀਪਲ

• “ਪੰਜਾਬੀ ਵਿੱਚ ਪ੍ਰਸਿੱਧ ਵਿਗਿਆਨ ਲੇਖਣ” (ਪੰਜਾਬੀ-ਭਾਸ਼ਾ ਵਿਗਿਆਨ ਪ੍ਰਸਾਰ ਲਈ ਸ਼ੁਰੂਆਤੀ ਵਕਾਲਤ)। ਅਕੈਡਮੀਆ (Academia)

• “ਸਾਇੰਸ-ਰਿਲੀਜਨ ਡਾਇਲਾਗ: ਅ ਸਿੱਖ ਪਰਸਪੈਕਟਿਵ” (2021)। ਰਿਸਰਚਗੇਟ

• C4U ਸਿੱਖਇਜ਼ਮ: ਮਾਹਰ ਮਹਿਮਾਨ (Guest Expert) ਵਜੋਂ ਇੰਟਰਵਿਊਆਂ ਅਤੇ ਮੀਡੀਆ ਪੇਸ਼ਕਾਰੀਆਂ। ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ

• ਮੀਡੀਆ ਇੰਟਰਵਿਊ ਸੂਚੀਆਂ ਦੇ ਨਾਲ ਨਿੱਜੀ/ਲੇਖਕ ਸਾਈਟ (ਧਰਮ ਅਤੇ ਵਾਤਾਵਰਣ)। ਡਾ. ਡੀ. ਪੀ. ਸਿੰਘ, ਲੇਖਕ

360
ਪੁਸਤਕ ਰੀਵਿਊ

ਪੁਸਤਕ ਦਾ ਨਾਮ: 360 ਡਿਗਰੀ (ਨਾਵਲ)

ਲੇਖਕ: ਅਮਨਪ੍ਰੀਤ ਸਿੰਘ ਮਾਨ

ਪ੍ਰਕਾਸ਼ਕ: : SWA (Screen Writers Association) www.swaindia.org

ਪ੍ਰਕਾਸ਼ਨ ਸਾਲ: 2022, ਪੰਨੇ: 168, ਮੁੱਲ: $44.48; ISBN-13: 978-9391530594

ਰੀਵਿਊਕਾਰ: ਡਾ. ਡੀ.ਪੀ. ਸਿੰਘ

ਅਮਨਪ੍ਰੀਤ ਸਿੰਘ ਮਾਨ ਦਾ ਨਾਵਲ "360 ਡਿਗਰੀ" ਇੱਕ ਵਿਚਾਰ ਉਤਪਾਦਕ, ਭਾਵਨਾਤਮਕ ਅਤੇ ਮਨੋਵਿਗਿਆਨਕ ਗਹਿਰਾਈ ਵਾਲੀ ਸਾਹਿਤਕ ਰਚਨਾ ਹੈ, ਜੋ ਗਣਿਤ, ਮਨੁੱਖੀ ਸੰਬੰਧਾਂ, ਮਨੋਵਿਗਿਆਨ ਅਤੇ ਰਹੱਸ ਨੂੰ ਇੱਕ ਵਿਲੱਖਣ ਢੰਗ ਨਾਲ ਜੋੜਦੀ ਹੈ। ਨਾਵਲ ਦਾ ਸਿਰਲੇਖ ਆਪਣੇ ਆਪ ਵਿੱਚ ਪੂਰਨਤਾ, ਚੱਕਰ ਅਤੇ ਜੀਵਨ ਦੇ ਆਪਸੀ ਸੰਬੰਧਾਂ ਦਾ ਪ੍ਰਤੀਕ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਗੋਲ ਦੇ 360 ਡਿਗਰੀ ਹੁੰਦੇ ਹਨ। ਨਾਵਲ ਦੇ ਸ਼ੁਰੂਆਤੀ ਸਫ਼ਿਆਂ ਤੋਂ ਹੀ ਲੇਖਕ ਗਣਿਤ ਅਤੇ ਜੀਵਨ ਵਿਚਕਾਰ ਇੱਕ ਡੂੰਘਾ ਦਾਰਸ਼ਨਿਕ ਸੰਬੰਧ ਸਥਾਪਿਤ ਕਰਦਾ ਹੈ। ਇੱਥੇ ਅੰਕ, ਪੈਟਰਨ ਅਤੇ ਕੋਣ ਸਿਰਫ਼ ਅਕਾਦਮਿਕ ਧਾਰਨਾਵਾਂ ਨਹੀਂ ਰਹਿੰਦੇ, ਸਗੋਂ ਮਨੁੱਖੀ ਭਾਵਨਾਵਾਂ ਅਤੇ ਕਿਸਮਤ ਦੇ ਪ੍ਰਤੀਕ ਬਣ ਜਾਂਦੇ ਹਨ।

ਇਸ ਨਾਵਲ ਦੀ ਸਭ ਤੋਂ ਵੱਡੀ ਖ਼ੂਬੀ ਇਸ ਦੀ ਮੌਲਿਕਤਾ ਹੈ। ਪੰਜਾਬੀ ਸਾਹਿਤ ਵਿੱਚ ਆਮ ਤੌਰ 'ਤੇ ਪਿੰਡ ਜੀਵਨ, ਪ੍ਰਵਾਸ, ਪ੍ਰੇਮ ਕਹਾਣੀਆਂ ਜਾਂ ਸਮਾਜਿਕ ਹਕੀਕਤਾਂ ਦੀ ਚਰਚਾ ਹੁੰਦੀ ਹੈ, ਪਰ "360 ਡਿਗਰੀ" ਮਨੋਵਿਗਿਆਨਕ ਕਥਾ ਨੂੰ ਬੌਧਿਕ ਗਹਿਰਾਈ ਨਾਲ ਪੇਸ਼ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਗਣਿਤ ਅਤੇ ਪੈਟਰਨਾਂ ਨਾਲ ਡੂੰਘੀ ਰੁਚੀ ਰੱਖਦਾ ਹੈ, ਖ਼ਾਸ ਤੌਰ 'ਤੇ "ਇਨਫਿਨਿਟੀ" ਅਤੇ ਜਾਮਿਤੀ ਪੂਰਨਤਾ ਦੇ ਪ੍ਰਤੀਕਾਂ ਨਾਲ। "180 ਡਿਗਰੀ" ਅਤੇ "360 ਡਿਗਰੀ" ਵਰਗੀਆਂ ਧਾਰਨਾਵਾਂ ਨੂੰ ਲੇਖਕ ਜੀਵਨ ਦੇ ਅਧੂਰੇ ਅਤੇ ਪੂਰੇ ਨਜ਼ਰੀਏ ਦੇ ਰੂਪ ਵਿੱਚ ਬਹੁਤ ਸੁੰਦਰ ਢੰਗ ਨਾਲ ਵਰਤਦਾ ਹੈ। ਇਹ ਬੌਧਿਕ ਪਹਿਲੂ ਨਾਵਲ ਨੂੰ ਇੱਕ ਵੱਖਰੀ ਪਛਾਣ ਦਿੰਦਾ ਹੈ।

ਨਾਵਲ ਦਾ ਭਾਵਨਾਤਮਕ ਪੱਖ ਵੀ ਬਹੁਤ ਪ੍ਰਭਾਵਸ਼ਾਲੀ ਹੈ। ਕਹਾਣੀ ਦੌਰਾਨ ਇਕੱਲਾਪਣ, ਮਾਪਿਆਂ ਦਾ ਪਿਆਰ, ਮਨੋਵਿਗਿਆਨਕ ਸਦਮੇ, ਪਛਾਣ ਦਾ ਸੰਕਟ ਅਤੇ ਅੰਦਰੂਨੀ ਉਲਝਣਾਂ ਵਰਗੇ ਵਿਸ਼ੇ ਬਹੁਤ ਪ੍ਰਭਾਵੀ ਢੰਗ ਨਾਲ ਸਾਹਮਣੇ ਆਉਂਦੇ ਹਨ। ਖ਼ਾਸ ਤੌਰ 'ਤੇ ਉਹ ਦ੍ਰਿਸ਼, ਜਿੱਥੇ ਪਾਤਰ "I love you Papa, I love you Mama" ਵਰਗੀਆਂ ਭਾਵਨਾਵਾਂ ਪ੍ਰਗਟ ਕਰਦਾ ਹੈ, ਪਾਠਕ ਨੂੰ ਡੂੰਘਾਈ ਨਾਲ ਛੂਹਦੇ ਹਨ। ਇਹ ਪਲ ਪਾਤਰਾਂ ਨੂੰ ਮਨੁੱਖੀ ਬਣਾਉਂਦੇ ਹਨ ਅਤੇ ਪਾਠਕ ਨੂੰ ਉਨ੍ਹਾਂ ਦੇ ਦੁੱਖ ਅਤੇ ਮਜ਼ਬੂਰੀ ਨਾਲ ਜੋੜਦੇ ਹਨ।

ਅਮਨਪ੍ਰੀਤ ਸਿੰਘ ਮਾਨ ਦੀ ਲਿਖਤ ਦੀ ਇੱਕ ਹੋਰ ਮਹੱਤਵਪੂਰਨ ਖ਼ੂਬੀ ਉਸ ਦੀ ਰਹੱਸ ਬਣਾਈ ਰੱਖਣ ਦੀ ਸਮਰਥਾ ਹੈ। ਕਹਾਣੀ ਹੌਲੀ-ਹੌਲੀ ਖੁਲ੍ਹਦੀ ਹੈ ਅਤੇ ਮਨੋਵਿਗਿਆਨਕ ਪਰਤਾਂ ਇੱਕ-ਇੱਕ ਕਰਕੇ ਸਾਹਮਣੇ ਆਉਂਦੀਆਂ ਹਨ। ਮਨੋਚਿਕਿਤਸਕਾਂ ਨਾਲ ਹੋਣ ਵਾਲੀਆਂ ਗੱਲਬਾਤਾਂ ਅਤੇ "ਸਪਲਿਟ ਪਰਸਨੈਲਿਟੀ ਡਿਸਆਰਡਰ" ਦੀ ਧਾਰਨਾ ਕਹਾਣੀ ਦਾ ਕੇਂਦਰੀ ਅੰਗ ਬਣ ਜਾਂਦੀ ਹੈ। ਲੇਖਕ ਨੇ ਮਨੋਵਿਗਿਆਨਕ ਬਿਮਾਰੀ ਨੂੰ ਸਿਰਫ਼ ਇੱਕ ਰੋਗ ਵਜੋਂ ਨਹੀਂ, ਸਗੋਂ ਮਨੁੱਖੀ ਮਨ ਦੀ ਟੁੱਟਫੁੱਟ ਅਤੇ ਪਛਾਣ ਦੇ ਸੰਕਟ ਵਜੋਂ ਦਰਸਾਇਆ ਹੈ। ਇਹ ਪਹਿਲੂ ਪਾਠਕ ਦੀ ਦਿਲਚਸਪੀ ਨੂੰ ਲਗਾਤਾਰ ਬਣਾਈ ਰੱਖਦਾ ਹੈ।

ਨਾਵਲ ਦੀ ਸੰਵਾਦ-ਕੇਂਦਰਿਤ ਸ਼ੈਲੀ ਵੀ ਬਹੁਤ ਪ੍ਰਭਾਵਸ਼ਾਲੀ ਹੈ। ਕਹਾਣੀ ਦਾ ਵੱਡਾ ਹਿੱਸਾ ਗੱਲਬਾਤਾਂ ਰਾਹੀਂ ਅੱਗੇ ਵਧਦਾ ਹੈ, ਜਿਸ ਨਾਲ ਪੜ੍ਹਨ ਦਾ ਅਨੁਭਵ ਜੀਵੰਤ ਅਤੇ ਦ੍ਰਿਸ਼ਮਾਨ ਬਣ ਜਾਂਦਾ ਹੈ। ਕਈ ਥਾਵਾਂ 'ਤੇ ਇਹ ਰਚਨਾ ਇੱਕ ਫ਼ਿਲਮੀ ਸਕ੍ਰਿਪਟ ਦਾ ਅਹਿਸਾਸ ਦਿੰਦੀ ਹੈ। ਸੰਵਾਦ ਸੁਭਾਵਿਕ ਅਤੇ ਭਾਵਨਾਤਮਕ ਹਨ, ਜੋ ਪਾਤਰਾਂ ਦੇ ਅੰਦਰੂਨੀ ਸੰਘਰਸ਼ ਨੂੰ ਬੜੀ ਸਪਸ਼ਟਤਾ ਨਾਲ ਪੇਸ਼ ਕਰਦੇ ਹਨ।

ਭਾਸ਼ਾ ਦੇ ਪੱਖੋਂ ਵੀ ਨਾਵਲ ਕਾਬਿਲ-ਏ-ਤਾਰੀਫ਼ ਹੈ। ਲੇਖਕ ਨੇ ਪੰਜਾਬੀ ਦੇ ਨਾਲ ਅੰਗਰੇਜ਼ੀ ਸ਼ਬਦਾਂ ਅਤੇ ਆਧੁਨਿਕ ਪ੍ਰਗਟਾਵਾਂ ਦਾ ਸੁਚੱਜਾ ਮਿਲਾਪ ਕੀਤਾ ਹੈ। ਗਣਿਤ, ਮਨੋਵਿਗਿਆਨ ਅਤੇ ਪ੍ਰਸ਼ਾਸਨ ਨਾਲ ਜੁੜੇ ਸ਼ਬਦ ਕਹਾਣੀ ਨੂੰ ਆਧੁਨਿਕ ਅਤੇ ਬੌਧਿਕ ਰੰਗ ਦਿੰਦੇ ਹਨ। ਇਹ ਸ਼ੈਲੀ ਨੌਜਵਾਨ ਪਾਠਕਾਂ ਲਈ ਵੀ ਆਕਰਸ਼ਕ ਬਣਦੀ ਹੈ।

ਨਾਵਲ ਵਿੱਚ ਸਮਾਜਿਕ ਟਿੱਪਣੀ ਵੀ ਮਹੱਤਵਪੂਰਨ ਹੈ। IAS ਅਤੇ IPS ਵਰਗੀਆਂ ਉੱਚ ਅਹੁਦਿਆਂ ਦੀ ਚਰਚਾ ਰਾਹੀਂ ਸਮਾਜਕ ਦਬਾਅ, ਉਮੀਦਾਂ ਅਤੇ ਸਫ਼ਲਤਾ ਦੀ ਦੌੜ ਨੂੰ ਦਰਸਾਇਆ ਗਿਆ ਹੈ। ਲੇਖਕ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਉੱਚੀਆਂ ਉਪਲਬਧੀਆਂ ਦੀ ਦੌੜ ਵਿੱਚ ਮਨੁੱਖ ਆਪਣੀ ਅੰਦਰੂਨੀ ਸ਼ਾਂਤੀ ਗੁਆ ਬੈਠਦਾ ਹੈ? ਇਸ ਤਰ੍ਹਾਂ ਨਾਵਲ ਮਨੋਵਿਗਿਆਨਕ ਸਿਹਤ ਅਤੇ ਭਾਵਨਾਤਮਕ ਸਹਾਰੇ ਦੀ ਲੋੜ ਵੱਲ ਧਿਆਨ ਖਿੱਚਦਾ ਹੈ।

ਨਾਵਲ ਵਿੱਚ ਪ੍ਰਤੀਕਾਂ ਦੀ ਵਰਤੋਂ ਵੀ ਕਾਬਿਲ-ਏ-ਗੌਰ ਹੈ। "ਇਨਫਿਨਿਟੀ", "ਸਰਕਲ", "ਐਂਗਲ" ਅਤੇ "ਪੈਟਰਨ" ਵਰਗੇ ਪ੍ਰਤੀਕ ਮਨੁੱਖੀ ਜੀਵਨ ਅਤੇ ਮਨ ਦੀਆਂ ਗੁੰਝਲਾਂ ਨੂੰ ਦਰਸਾਉਂਦੇ ਹਨ। "Infinity" ਨੂੰ ਆਪਣਾ "unique charm" ਕਹਿਣਾ ਨਾਵਲ ਦਾ ਇੱਕ ਯਾਦਗਾਰ ਪ੍ਰਤੀਕ ਬਣ ਜਾਂਦਾ ਹੈ।

ਹਾਲਾਂਕਿ, ਕੁਝ ਪਾਠਕਾਂ ਲਈ ਨਾਵਲ ਦੀ ਮਨੋਵਿਗਿਆਨਕ ਸ਼ੈਲੀ ਥੋੜ੍ਹੀ ਜਟਿਲ ਲੱਗ ਸਕਦੀ ਹੈ। ਕਈ ਥਾਵਾਂ 'ਤੇ ਲੇਖਕ ਨੇ ਮਨ ਦੀ ਉਲਝਣ ਨੂੰ ਦਰਸਾਉਣ ਲਈ ਦੁਹਰਾਵ ਅਤੇ ਅਸਪਸ਼ਟਤਾ ਵਰਤੀ ਹੈ, ਜਿਸ ਨਾਲ ਕਹਾਣੀ ਨੂੰ ਸਮਝਣ ਲਈ ਧੀਰਜ ਦੀ ਲੋੜ ਪੈਂਦੀ ਹੈ। ਪਰ ਇਹੀ ਗੁਣ ਨਾਵਲ ਨੂੰ ਕਲਾਤਮਕ ਤੌਰ 'ਤੇ ਵਿਲੱਖਣ ਵੀ ਬਣਾਉਂਦਾ ਹੈ।

ਕੁੱਲ ਮਿਲਾ ਕੇ "360 ਡਿਗਰੀ" ਇੱਕ ਅਹਿਮ ਅਤੇ ਪ੍ਰਯੋਗਵਾਦੀ ਪੰਜਾਬੀ ਨਾਵਲ ਹੈ, ਜੋ ਮਨੋਵਿਗਿਆਨਕ ਰਹੱਸ, ਬੌਧਿਕ ਪ੍ਰਤੀਕਵਾਦ ਅਤੇ ਭਾਵਨਾਤਮਕ ਡਰਾਮੇ ਦਾ ਸੁੰਦਰ ਮਿਲਾਪ ਪੇਸ਼ ਕਰਦਾ ਹੈ। ਇਹ ਨਾਵਲ ਪਾਠਕ ਨੂੰ ਸਿਰਫ਼ ਮਨੋਰੰਜਨ ਹੀ ਨਹੀਂ ਦਿੰਦਾ, ਸਗੋਂ ਸੋਚਣ ਲਈ ਵੀ ਮਜਬੂਰ ਕਰਦਾ ਹੈ। ਅਮਨਪ੍ਰੀਤ ਸਿੰਘ ਮਾਨ ਨੇ ਪੰਜਾਬੀ ਸਾਹਿਤ ਵਿੱਚ ਇੱਕ ਨਵਾਂ ਅਤੇ ਵੱਖਰਾ ਪ੍ਰਯੋਗ ਕੀਤਾ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ "360 ਡਿਗਰੀ" ਸਿਰਫ਼ ਇੱਕ ਕਹਾਣੀ ਨਹੀਂ, ਸਗੋਂ ਮਨੁੱਖੀ ਮਨ ਅਤੇ ਜੀਵਨ ਨੂੰ ਹਰ ਪਾਸੇ ਤੋਂ ਦੇਖਣ ਦੀ ਕੋਸ਼ਿਸ਼ ਹੈ। ਇਹ ਇੱਕ ਐਸਾ ਨਾਵਲ ਹੈ ਜੋ ਪਾਠਕ ਨੂੰ ਬੌਧਿਕ ਤੌਰ 'ਤੇ ਚੁਣੌਤੀ ਦਿੰਦਾ ਹੈ ਅਤੇ ਭਾਵਨਾਤਮਕ ਤੌਰ 'ਤੇ ਛੂੰਹ ਜਾਂਦਾ ਹੈ। ਮਨੋਵਿਗਿਆਨਕ ਕਥਾਵਾਂ, ਪ੍ਰਤੀਕਵਾਦ ਅਤੇ ਗੰਭੀਰ ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਇਹ ਰਚਨਾ ਯਾਦਗਾਰ ਸਾਬਤ ਹੋਵੇਗੀ।

sun
ਖੋਜ ਨਿਬੰਧ

ਸੂਰਜ ਦੀ ਅਸਲੀਅਤ

ਸੁਖਮੰਦਰ ਸਿੰਘ ਤੂਰ

ਅਸੀਂ ਸੂਰਜ ਨੂੰ ਆਮਤੌਰ 'ਤੇ ਇਕ ਅੱਗ ਦੇ ਗੋਲੇ ਵਜੋਂ ਜਾਣਦੇ ਹਾਂ, ਪਰ ਅਸਲੀਅਤ ਵਜੋਂ ਇਹ ਇਕ ਤਾਰਾ ਹੈ,ਜੋ ਅਜੇ ਸਥਿਰ ਹਾਲਤ ਵਿਚ ਹੈ, ਨਾ ਅਜੇ ਇਹ ਫੈਲ ਰਿਹਾ ਅਤੇ ਨਾ ਹੀ ਸੁੰਘੜ ਰਿਹਾ ਹੈ। ਸੂਰਜ ਦੇ ਕਾਰਨ ਹੀ ਸਾਡੀ ਧਰਤੀ 'ਤੇ ਜੀਵਨ ਕਾਰਜ ਸੰਭਵ ਹੈ। ਇਹ ਹਾਈਡਰੋਜਨ ਅਤੇ ਹੀਲੀਅਮ ਦਾ ਭੰਡਾਰ ਹੈ, ਜੋ ਨਿਰੰਤਰ ਬਲਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਗੈਸਾਂ ਨਾਲ ਥੋੜ੍ਹੀ - ਥੋੜ੍ਹੀ ਮਾਤਰਾ ਵਿਚ ਆਕਸੀਜਨ, ਕਾਰਬਨ ਅਤੇ ਆਇਰਨ ਵੀ ਕਿਰਿਆਸ਼ੀਲ ਹਨ। ਵਿਗਿਆਨੀਆਂ ਅਨੁਸਾਰ ਸੂਰਜ 250 ਲੱਖ ਸਾਲਾਂ ਬਾਅਦ ਆਕਾਸ਼ ਗੰਗਾ ਦੇ ਇਰਦ-ਗਿਰਦ ਇਕ ਚੱਕਰ ਪੂਰਾ ਕਰਦਾ ਹੈ, ਜੋ ਆਕਾਸ਼ ਗੰਗਾ ਦੇ ਕੇਂਦਰ ਤੋਂ 30,000 ਪ੍ਰਕਾਸ਼ ਵਰ੍ਹੇ ਦੂਰ ਹੈ। ਇਸ ਦੀ ਸਤ੍ਹਾ ਦਾ ਤਾਪਮਾਨ 6000 ਡਿਗਰੀ ਸੈਂਟੀਗ੍ਰੇਡ ਹੈ। ਸਤ੍ਹਾ ਦੇ ਅੰਦਰਲਾ ਤਾਪਮਾਨ 2 ਕਰੋੜ 70 ਲੱਖ ਡਿਗਰੀ ਫਾਰਨਹੀਟ ਰਹਿੰਦਾ ਹੈ। ਇੰਨੇ ਉੱਚੇ ਤਾਪਮਾਨ 'ਤੇ ਸਾਡੀ ਧਰਤੀ ਭਾਫ ਬਣ ਕੇ ਉੱਡ ਸਕਦੀ ਹੈ। ਅਨੁਮਾਨ ਹੈ ਕਿ ਧਰਤੀ ਦੀ ਸਖਤ ਤੋਂ ਸਖਤ ਧਾਤ ਨੂੰ ਪਿਘਲਾਉਣ ਲਈ ਕੇਵਲ 4000 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੈ। ਇਸ ਤੋਂ ਪ੍ਰਤੱਖ ਹੈ ਕਿ ਜੇਕਰ ਸੂਰਜ ਦੇ ਕੇਂਦਰੀ ਭਾਗ ਦੀ ਗਰਮੀ ਇਕ ਚਿਣਗ ਮਾਤਰ ਵੀ ਧਰਤੀ ਤੱਕ ਪਹੁੰਚ ਜਾਂਦੀ ਹੈ ਤਾਂ ਇੱਥੋਂ ਦੀ ਹਰ ਵਸਤੂ ਪਿਘਲ ਕੇ ਗੈਸ ਬਣ ਕੇ ਉੱਡ ਸਕਦੀ ਹੈ। ਵਿਗਿਆਨੀਆਂ ਦਾ ਮਤ ਹੈ ਕਿ ਸੂਰਜ ਦੇ ਸਾਰੇ ਹਿੱਸਿਆਂ ਵਿਚ ਤਾਪ ਇਕ ਮਾਤਰ ਨਹੀਂ ਹੈ। ਕੁਝ ਅਜਿਹੇ ਹਿੱਸੇ ਵੀ ਹਨ, ਜਿੱਥੇ ਤਾਪ ਦੂਸਰੇ ਭਾਗਾਂ ਨਾਲੋਂ ਘੱਟ ਹੈ। ਘੱਟ ਤਾਪਮਾਨ ਕਰਕੇ ਇਹ ਹਿੱਸੇ ਕਾਲੇ ਧੱਬਿਆਂ ਦੇ ਰੂਪ ਵਿਚ ਨਜ਼ਰ ਆਉਂਦੇ ਹਨ, ਜੋ ਸਾਡੀ ਧਰਤੀ ਦੇ ਵਾਤਾਵਰਨ/ਮੌਸਮ ਅਤੇ ਜੀਵ ਜਗਤ 'ਤੇ ਅਸਰ ਪਾਉਂਦੇ ਹਨ। ਇਹ ਧੱਬੇ ਵੱਧਦੇ - ਘਟਦੇ ਰਹਿੰਦੇ ਹਨ। ਕਈ ਧੱਬੇ ਤਾਂ ਇੰਨੇ ਵੱਡੇ ਹਨ ਕਿ ਸਾਡੀ ਧਰਤੀ ਇਸ ਵਿਚ ਆਸਾਨੀ ਨਾਲ ਸਮਾਅ ਸਕਦੀ ਹੈ। ਇਸ ਦੀ ਨਾਭੀ ਵਿਚ ਗੈਸਾਂ ਦਾ ਦਬਾਅ ਦਾ ਤਾਪਮਾਨ 50 ਲੱਖ ਦਰਜੇ ਕੈਲਵਿਨ ਹੁੰਦਾ ਹੈ। ਪਲਾਜ਼ਮਾ ਬਣੀ ਹਾਈਡਰੋਜਨ ਇਸ ਤਾਪਮਾਨ ਉੱਪਰ ਹੀਲੀਅਮ ਵਿਚ ਫੁਟਦੀ ਹੈ। ਇਸ ਕਿਰਿਆ ਸਮੇਂ ਕੁਝ ਮਾਤਰਾ ਵਿਚ ਪਦਾਰਥ ਊਰਜਾ ਵਿਚ ਤਬਦੀਲ ਹੁੰਦਾ ਹੈ। ਇਸ ਨਾਲ ਇਕ ਸੈਕਿੰਡ ਵਿਚ ਇੰਨੀ ਊਰਜਾ ਪੈਦਾ ਹੁੰਦੀ ਹੈ, ਜੋ ਮਨੁੱਖ ਜਾਤੀ ਦੇ ਪੈਦਾ ਹੋਣ ਤੋਂ ਲੈ ਕੇ ਹੁਣ ਤੱਕ ਨਹੀਂ ਵਰਤੀ ਗਈ।

ਵਿਗਿਆਨੀਆਂ ਅਨੁਸਾਰ ਸੂਰਜ ਤੋਂ ਜਿੰਨੀ ਊਰਜਾ ਤਿਆਰ ਹੁੰਦੀ ਹੈ, ਉਸ ਦਾ 220 ਕਰੋੜਵਾਂ ਹਿੱਸਾ ਧਰਤੀ 'ਤੇ ਪਹੁੰਚਦਾ ਹੈ ਅਤੇ ਬਾਕੀ 219 ਕਰੋੜ ਹਿੱਸਾ ਧਰਤੀ ਦੇ ਬਾਹਰ ਬ੍ਰਹਿਮੰਡ ਵਿਚ ਫੈਲ ਜਾਂਦਾ ਹੈ। ਸੂਰਜ 4.6 ਅਰਬ ਸਾਲ ਪਹਿਲਾਂ ਹੋਂਦ ਵਿਚ ਆਇਆ। ਵਿਗਿਆਨੀਆਂ ਅਨੁਸਾਰ ਸੂਰਜ ਦੀ ਉਮਰ 10 ਅਰਬ ਸਾਲ ਹੈ। ਲੱਗਭਗ ਇਹ ਆਪਣੀ ਅੱਧੀ ਉਮਰ ਬਤੀਤ ਕਰ ਚੁੱਕਾ ਹੈ। ਅੰਤ ਵਿਚ ਜਦੋਂ ਇਸ 'ਤੇ ਹਾਈਡਰੋਜਨ ਅਤੇ ਹੀਲੀਅਮ ਦਾ ਭੰਡਾਰ ਖਤਮ ਹੋ ਜਾਵੇਗਾ ਤਾਂ ਇਸ ਦਾ ਜਲੌਅ ਘੱਟ ਜਾਵੇਗਾ ਅਤੇ ਇਹ ਹੌਲੀ-ਹੌਲੀ ਖਤਮ ਹੋ ਜਾਵੇਗਾ। ਖਤਮ ਹੋਣ ਤੋਂ ਪਹਿਲਾਂ ਇਹ ਧਰਤੀ ਸਮੇਤ ਆਪਣੇ ਮੰਡਲ ਦੇ ਸਾਰੇ ਗ੍ਰਹਿਆਂ ਨੂੰ ਨਿਗਲ ਲਵੇਗਾ।

ਬਹੁਤ ਸਮੇਂ ਤੱਕ ਮਨੁੱਖ ਸੂਰਜ ਦੇ ਆਕਾਰ ਦਾ ਅੰਦਾਜ਼ਾ ਨਹੀਂ ਸੀ ਲਗਾ ਸਕਿਆ। ਹੁਣ ਵਿਗਿਆਨ ਨੇ ਪਤਾ ਲਗਾ ਲਿਆ ਹੈ ਕਿ ਆਕਾਰ ਵਿਚ ਸੂਰਜ ਧਰਤੀ ਤੋਂ 10 ਲੱਖ ਗੁਣਾ ਵੱਡਾ ਹੈ। ਇਸ ਦੀ ਰੌਸ਼ਨੀ ਇਕ ਸੈਕਿੰਡ ਵਿਚ 3 ਲੱਖ ਕਿਲੋਮੀਟਰ ਦੀ ਰਫਤਾਰ ਨਾਲ ਚੱਲਦੀ ਹੈ। ਇਸ ਰੌਸ਼ਨੀ ਨੂੰ ਧਰਤੀ 'ਤੇ ਪਹੁੰਚਣ ਲਈ 8 ਮਿੰਟ ਦਾ ਸਮਾਂ ਲੱਗਦਾ ਹੈ। ਇਸ ਤਰ੍ਹਾਂ ਸੂਰਜ ਧਰਤੀ ਤੋਂ 14 ਕਰੋੜ ਕਿਲੋਮੀਟਰ ਦੂਰ ਹੈ। ਭਾਰਤ ਵਿਚ ਸਾਲ ਭਰ 3000 ਘੰਟੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ, ਜਦ ਕਿ ਅਮਰੀਕਾ ਦੇ ਐਰੀਜ਼ੋਨਾ ਖੇਤਰ .'ਚ 4 ਹਜ਼ਾਰ ਘੰਟੇ ਇਹ ਕਿਰਨਾਂ ਪੈਂਦੀਆਂ ਹਨ। ਇਨ੍ਹਾਂ ਕਿਰਨਾਂ ਦੇ ਪ੍ਰਯੋਗ ਨਾਲ ਆਉਣ ਵਾਲੇ ਸਮੇਂ ਵਿਚ ਮੋਟਰ ਗੱਡੀਆਂ ਚੱਲਣਗੀਆਂ, ਬਿਜਲੀ ਘਰ ਸਥਾਪਿਤ ਹੋਣਗੇ ਕਿਉਂਕਿ ਕੋਲਾ/ਡੀਜ਼ਲ /ਪਟਰੋਲ /ਧਰਤੀ ਹੇਠਲੀ ਗੈਸ ਆਦਿ ਕੁਝ ਸਮੇਂ ਵਿਚ ਖਤਮ ਹੋਣ ਵਾਲੇ ਹਨ।

ਸੁਖਮੰਦਰ ਸਿੰਘ ਤੂਰ ਜ਼ਿਆਦਾਤਰ ਵਿਗਿਆਨ, ਵਾਤਾਵਰਣ, ਜੀਵ ਵਿਕਾਸ, ਬਾਲ ਵਿਕਾਸ ਅਤੇ ਸਮਾਜਿਕ ਸਰੋਕਾਰ ਬਾਰੇ ਲਿਖਦਾ ਹੈ। ਉਸਦੇ ਪੰਜਾਬੀ ਦੇ ਪ੍ਰਮੁੱਖ ਪੱਤਰਾਂ ਵਿਚ ਸੈਂਕੜੇ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।

homework
ਬਾਲ ਵਿਗਿਆਨ ਗਲਪ ਕਹਾਣੀ

ਹੋਮਵਰਕ, ਜੋ ਰਾਜ ਨੇ ਖੁਦ ਨਹੀਂ ਸੀ ਕੀਤਾ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਰਾਜ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਸਕੂਲ ਵਿੱਚ ਉਹ ਇੱਕ ਹੋਣਹਾਰ ਵਿਦਿਆਰਥੀ ਵਜੋਂ ਮਸ਼ਹੂਰ ਸੀ। ਉਹ ਹਰ ਵਿਸ਼ੇ ਵਿੱਚ ਹਮੇਸ਼ਾਂ ਚੰਗੇ ਨੰਬਰਾਂ ਹਾਸਿਲ ਕਰਦਾ ਸੀ। ਉਸ ਦੇ ਸ਼ਾਨਦਾਰ ਰਿਪੋਰਟ ਕਾਰਡ ਉੱਤੇ ਅਕਸਰ ਗਣਿਤ ਵਿੱਚ 95 ਫ਼ੀਸਦੀ, ਵਿਗਿਆਨ ਵਿੱਚ 93 ਫ਼ੀਸਦੀ ਅਤੇ ਅੰਗਰੇਜ਼ੀ ਵਿੱਚ 96 ਫ਼ੀਸਦੀ ਨੰਬਰ ਨਜ਼ਰ ਆਉਂਦੇ ਸਨ।

"ਰਾਜ, ਤੂੰ ਬਹੁਤ ਹੁਸ਼ਿਆਰ ਤੇ ਸਿਆਣਾ ਵਿਦਿਆਰਥੀ ਹੈਂ," ਉਸ ਦੀ ਅਧਿਆਪਕਾ ਅਕਸਰ ਕਹਿੰਦੀ ਸੀ।

ਰਾਜ ਹਲਕੇ ਜਿਹੇ ਮੁਸਕਰਾ ਕੇ ਕਹਿੰਦਾ, "ਧੰਨਵਾਦ, ਮੈਡਮ।"

ਪਰ ਇਨ੍ਹਾਂ ਚੰਗੇ ਨੰਬਰਾਂ ਦਾ ਵੀ ਇੱਕ ਅਜਬ ਰਾਜ ਸੀ। ਹਰ ਰੋਜ਼ ਸਕੂਲ ਤੋਂ ਘਰ ਆ ਕੇ ਰਾਜ, ਜਦੋਂ ਹੋਮਵਰਕ ਕਰਨ ਲਈ ਬੈਠਦਾ, ਉਹ ਕੰਪਿਊਟਰ ਖੋਲ੍ਹਦਾ ਅਤੇ ਚੈਟਜੀਪੀਟੀ (ChatGPT) ਦੀ ਵਰਤੋਂ ਨਾਲ ਇੱਕ-ਇੱਕ ਕਰਕੇ ਸਾਰੇ ਸਵਾਲ ਤੁਰੰਤ ਹੀ ਹੱਲ ਕਰ ਲੈਂਦਾ।

ਚੈਟਜੀਪੀਟੀ ਨੂੰ ਉਹ ਆਦੇਸ਼ ਦਿੰਦਾ "ਪ੍ਰਕਾਸ਼ ਸੰਸ਼ਲੇਸ਼ਣ ਬਾਰੇ ਇੱਕ ਲੇਖ ਲਿਖੋ।"

ਕੁਝ ਪਲਾਂ ਵਿੱਚ ਜਵਾਬ ਸਾਹਮਣੇ ਆ ਜਾਂਦਾ।

ਫਿਰ ਉਹ ਨਿਰਦੇਸ਼ ਦਿੰਦਾ, "ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਸਮਝਾਓ।"

ਤੁਰੰਤ ਇੱਕ ਹੋਰ ਜਵਾਬ ਹਾਜਿ਼ਰ ਹੋ ਜਾਂਦਾ।

ਉਹ ਲਿਖਦਾ, "ਵਾਤਾਵਰਨ ਪ੍ਰਦੂਸ਼ਣ ਬਾਰੇ ਇੱਕ ਪੈਰਾ ਲਿਖੋ।"

ਚੈਟਜੀਪੀਟੀ ਫਿਰ ਇੱਕ ਸ਼ਾਨਦਾਰ ਜਵਾਬ ਪੇਸ਼ ਕਰ ਦਿੰਦੀ।

ਰਾਜ ਉਨ੍ਹਾਂ ਜਵਾਬਾਂ ਦੀ ਨਕਲ ਆਪਣੀ ਕਾਪੀ ਵਿੱਚ ਉਤਾਰ ਲੈਂਦਾ। ਕਈ ਵਾਰ ਉਹ ਕੁਝ ਸ਼ਬਦ ਬਦਲ ਦਿੰਦਾ ਤਾਂ ਜੋ ਲੱਗੇ ਕਿ ਕੰਮ ਉਸ ਨੇ ਖੁਦ ਕੀਤਾ ਹੈ।

ਉਸ ਦੀ ਅਧਿਆਪਕਾ ਨੂੰ ਕਦੇ ਸ਼ੱਕ ਨਹੀਂ ਹੋਇਆ।

ਹੌਲੀ-ਹੌਲੀ ਰਾਜ ਨੂੰ ਇਹ ਵਿਸ਼ਵਾਸ ਹੋਣ ਲੱਗਾ ਕਿ ਉਹ ਸੱਚਮੁੱਚ ਬਹੁਤ ਹੁਸ਼ਿਆਰ ਹੈ।

ਉਹ ਇੱਕ ਅਹਿਮ ਸੱਚਾਈ ਭੁੱਲ ਗਿਆ ਸੀ ਕਿ "ਚੰਗੇ ਨੰਬਰ ਮਿਲਣਾ ਅਤੇ ਅਸਲ ਵਿੱਚ ਗਿਆਨ ਪ੍ਰਾਪਤੀ ਇੱਕੋ ਗੱਲ ਨਹੀਂ ਹੈ।"

ਫਿਰ ਨੌਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਗਈ। ਮਿਡਲ ਸਕੂਲ ਤੋਂ ਵਿਦਾ ਲੈ, ਰਾਜ ਹੁਣ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਸੀ। ਨਵੀਆਂ ਕਲਾਸਾਂ, ਨਵੇਂ ਵਿਦਿਆਰਥੀ, ਨਵੇਂ ਅਧਿਆਪਕ ਅਤੇ ਨਵਾਂ ਮਾਹੌਲ, ਸਭ ਕੁਝ ਉਸ ਲਈ ਅਨਜਾਣਾ ਸੀ।

ਹਰੀਸ਼ ਅਰੋੜਾ ਸਰ, ਉਸ ਦਾ ਅੰਗਰੇਜ਼ੀ ਦਾ ਅਧਿਆਪਕ ਸੀ। ਉਹ ਕਾਫ਼ੀ ਸਖ਼ਤ ਸੁਭਾਅ ਵਾਲੇ ਪਰ ਨਿਆਂਪ੍ਰਸਤ ਅਧਿਆਪਕ ਵਜੋਂ ਮਸ਼ਹੂਰ ਸੀ। ਨਵੀਂ ਕਲਾਸ ਦੇ ਪਹਿਲੇ ਹੀ ਦਿਨ ਉਸ ਨੇ ਬਲੈਕਬੋਰਡ ’ਤੇ ਲਿਖਿਆ: "ਤੁਹਾਡਾ ਕੰਮ ਤੁਹਾਡੀ ਆਪਣੀ ਸੋਚ ਨੂੰ ਪ੍ਰਗਟਾਉਣ ਵਲਾ ਹੌਣਾ ਚਾਹੀਦਾ ਹੈ।"

ਰਾਜ ਨੇ ਇਹ ਵਾਕ ਪੜ੍ਹਿਆ, ਪਰ ਉਸ ਨੇ ਇਸ ਨੂੰ ਵਧੇਰੇ ਗੰਭੀਰਤਾ ਨਾਲ ਨਾ ਲਿਆ।

ਹਫ਼ਤੇ ਕੁ ਬਾਅਦ ਅਰੋੜਾ ਸਰ ਨੇ ਕਲਾਸ ਨੂੰ ਹੋਮਵਰਕ ਦਿੱਤਾ। ਹੋਮਵਰਕ ਸੀ: "500 ਸ਼ਬਦਾਂ ਵਿੱਚ ਵਰਨਣ ਕਰੋ: ‘ਵਿਦਿਆਰਥੀਆਂ ਦੇ ਸਿੱਖਿਆ ਪ੍ਰਾਪਤੀ ਕਾਰਜਾਂ ਵਿੱਚ ਤਕਨਾਲੋਜੀ ਕਿਵੇਂ ਮਦਦ ਕਰ ਸਕਦੀ ਹੈ?’"

ਹਰੀਸ਼ ਸਰ ਦੀ ਹਦਾਇਤ ਸੀ, "ਮੈਂ ਤੁਹਾਡੇ ਆਪਣੇ ਵਿਚਾਰ ਜਾਨਣਾ ਚਾਹੁੰਦਾ ਹਾਂ। ਕਿਸੇ ਨੇ ਵੀ ਕਿਤਾਬ ਜਾਂ ਇੰਟਰਨੈੱਟ ਤੋਂ ਨਕਲ ਨਹੀਂ ਕਰਨੀ। ਸੋਚੋ, ਲਿਖੋ ਅਤੇ ਆਪਣੇ ਸ਼ਬਦਾਂ ਵਿੱਚ ਵਰਨਣ ਕਰੋ।"

ਘਰ ਆ ਰਾਜ ਹੋਮਵਰਕ ਕਰਨ ਬੈਠਾ ਤਾਂ ਉਸ ਨੂੰ ਆਪਣਾ ਪੁਰਾਣਾ ਤਰੀਕਾ ਖੂਬ ਮਦਦਗਾਰ ਲੱਗਾ। ਉਸ ਸ਼ਾਮ ਉਸ ਨੇ ਫਿਰ ਚੈਟਜੀਪੀਟੀ ਖੋਲ੍ਹ ਲਈ। ਉਸ ਨੇ ਚੈਟਜੀਪੀਟੀ ਨੂੰ ਆਦੇਸ਼ ਦਿੱਤਾ: "ਵਿਦਿਆਰਥੀਆਂ ਦੇ ਸਿੱਖਿਆ ਪ੍ਰਾਪਤੀ ਕਾਰਜਾਂ ਵਿੱਚ ਤਕਨਾਲੋਜੀ ਦੀ ਮਹੱਤਤਾ ਬਾਰੇ 500 ਸ਼ਬਦਾਂ ਦਾ ਲੇਖ ਲਿਖੋ।" ਕੁਝ ਹੀ ਪਲਾਂ ਵਿੱਚ ਜਵਾਬ ਤਿਆਰ ਸੀ। …ਰਾਜ ਨੇ ਉਹ ਜਵਾਬ ਆਪਣੀ ਕਾਪੀ ਵਿੱਚ ਲਿਖ ਲਿਆ।

ਅਗਲੇ ਦਿਨ ਅਰੋੜਾ ਸਰ ਨੇ ਸਾਰੇ ਵਿਦਿਆਰਥੀਆਂ ਦੀਆਂ ਹੋਮਵਰਕ ਵਾਲੀਆਂ ਕਾਪੀਆਂ ਚੈਕਿੰਗ ਲਈ ਇਕੱਠੀਆਂ ਕਰ ਲਈਆਂ।

ਜਦੋਂ ਉਨ੍ਹਾਂ ਨੇ ਕਾਪੀਆਂ ਵਾਪਸ ਕੀਤੀਆਂ, ਤਾਂ ਉਹ ਰਾਜ ਵੱਲ ਕੁਝ ਦੇਰ ਤੱਕ ਧਿਆਨ ਨਾਲ ਵੇਖਦੇ ਰਹੇ।

"ਤੂੰ ਬਹੁਤ ਵਧੀਆ ਲਿਖਿਆ ਹੈ, ਰਾਜ।"

ਰਾਜ ਮੁਸਕਰਾਂਦੇ ਹੋਏ ਬੋਲਿਆ, "ਧੰਨਵਾਦ, ਸਰ।"

"ਪਰ ਮੇਰਾ ਇੱਕ ਸਵਾਲ ਹੈ।"

ਰਾਜ ਦੀ ਮੁਸਕਰਾਹਟ ਥੋੜ੍ਹੀ ਹਲਕੀ ਹੋ ਗਈ।

"ਜੀ, ਸਰ?"

ਅਰੋੜਾ ਸਰ ਨੇ ਕਾਪੀ ਵਿੱਚ ਲਿਖੇ ਇੱਕ ਵਾਕ ਉੱਤੇ ਉਂਗਲ ਰੱਖਦੇ ਹੋਏ ਕਿਹਾ, "ਕੀ ਤੂੰ ਇਸ ਵਿਚਾਰ ਦੀ ਵਿਆਖਿਆ ਕਰ ਸਕਦਾ ਹੈਂ?"

ਰਾਜ ਨੇ ਵਾਕ ਪੜ੍ਹਿਆ। ਉਸ ਨੇ ਉਹ ਵਾਕ ਲਿਖਿਆ ਤਾਂ ਸੀ, ਪਰ ਉਸ ਨੂੰ ਇਸ ਦੀ ਪੂਰੀ ਤਰ੍ਹਾਂ ਸਮਝ ਨਹੀਂ ਸੀ।

"ਮੇਰੇ ਖ਼ਿਆਲ ਅਨੁਸਾਰ ਇਸ ਦਾ ਭਾਵ ਹੈ ਕਿ ਤਕਨਾਲੋਜੀ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ," ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ।

"ਠੀਕ ਹੈ। ਹੁਣ ਇਸ ਨੂੰ ਜ਼ਰਾ ਵਿਸਥਾਰ ਨਾਲ ਸਮਝਾ।"

ਰਾਜ ਕੁਝ ਨਾ ਬੋਲ ਸਕਿਆ।

ਅਰੋੜਾ ਸਰ ਵੀ ਚੁੱਪ ਹੀ ਰਹੇ।

ਅਗਲੇ ਦਿਨ ਕਲਾਸ ਵਿੱਚ ਅਰੋੜਾ ਸਰ ਨੇ ਵਿਦਿਆਰਥੀਆਂ ਨੂੰ ਇੱਕ ਛੋਟਾ ਜਿਹਾ ਲੇਖ ਲਿਖਣ ਲਈ ਕਿਹਾ। "ਵਿਸ਼ਾ ਸੀ: ‘ਇਮਾਨਦਾਰੀ ਦੀ ਮਹੱਤਤਾ।’ਲੇਖ ਲਿਖਣ ਲਈ ਕੋਈ ਕਿਤਾਬ, ਮੋਬਾਈਲ ਜਾਂ ਕੰਪਿਊਟਰ ਨਾ ਵਰਤਣ ਦੀ ਹਦਾਇਤ ਵੀ ਸੀ।

ਰਾਜ ਨੇ ਕਲਮ ਚੁੱਕੀ… ਪਰ ਉਸ ਦਾ ਮਨ ਖਾਲੀ ਸੀ… ਉਸ ਨੇ ਖਾਲੀ ਪੰਨੇ ਵੱਲ ਤੱਕਿਆ… ਫਿਰ ਉਸ ਨੇ ਆਲੇ-ਦੁਆਲੇ ਝਾਤ ਮਾਰੀ। ਸਾਰੇ ਵਿਦਿਆਰਥੀ ਲਿਖ ਰਹੇ ਸਨ।

ਉਸ ਦੇ ਦੋਸਤ ਅਮਨ ਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ, "ਕੀ ਹੋਇਆ?"

"ਮੈਨੂੰ ਨਹੀਂ ਪਤਾ ਕੀ ਲਿਖਾਂ," ਰਾਜ ਦੀ ਰੁਆਂਸੀ ਜਿਹੀ ਆਵਾਜ਼ ਸੀ।

ਜਦੋਂ ਅਰੋੜਾ ਸਰ ਨੇ ਕਾਪੀਆਂ ਇਕੱਠੀਆਂ ਕੀਤੀਆਂ, ਰਾਜ ਨੇ ਸਿਰਫ਼ ਤਿੰਨ ਵਾਕ ਹੀ ਲਿਖੇ ਸਨ।

ਅਰੋੜਾ ਸਰ ਨੇ ਰਾਜ ਦਾ ਕਲਾਸਵਰਕ ਦੇਖਿਆ। ਫਿਰ ਉਸ ਦੀ ਹੋਮਵਰਕ ਵਾਲੀ ਕਾਪੀ ਖੋਲ੍ਹੀ। ਦੋਹਾਂ ਵਿੱਚ ਬਹੁਤ ਵੱਡਾ ਫ਼ਰਕ ਸੀ। ਹੋਮਵਰਕ ਸ਼ਾਨਦਾਰ, ਸਲੀਕੇਦਾਰ ਅਤੇ ਲਗਭਗ ਬੇਦਾਗ ਸੀ। ਕਲਾਸਵਰਕ ਸਧਾਰਨ ਜਿਹਾ, ਅਤੇ ਗਲਤੀਆਂ ਨਾਲ ਭਰਪੂਰ ਸੀ।

ਕਲਾਸ ਖ਼ਤਮ ਹੋਣ ਤੋਂ ਬਾਅਦ ਅਰੋੜਾ ਸਰ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ,

"ਰਾਜ, ਜ਼ਰਾ ਰੁਕਣਾ। ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ।"

ਰਾਜ ਅਧਿਆਪਕ ਦੇ ਮੇਜ਼ ਕੋਲ ਆ ਗਿਆ।

"ਤੇਰਾ ਹੋਮਵਰਕ ਤੇਰੇ ਕਲਾਸਵਰਕ ਨਾਲੋਂ ਕਾਫ਼ੀ ਵਧੀਆ ਹੈ," ਅਰੋੜਾ ਸਰ ਨੇ ਕਿਹਾ। "ਸੱਚ-ਸੱਚ ਦੱਸ। ਤੇਰਾ ਹੋਮਵਰਕ ਕੌਣ ਕਰਦਾ ਹੈ?"

ਰਾਜ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ।

"ਮੈਂ ਹੀ ਕਰਦਾ ਹਾਂ ਸਰ।" ਉਹ ਬੋਲਿਆ।

ਅਰੋੜਾ ਸਰ ਕੁਝ ਦੇਰ ਚੁੱਪ ਰਹੇ। ਫਿਰ ਬੋਲੇ, "ਰਾਜ।" ਅਜਿਹਾ ਬੋਲਦਿਆਂ ਉਨ੍ਹਾਂ ਦੀ ਆਵਾਜ਼ ਵਿੱਚ ਗੁੱਸਾ ਨਹੀਂ ਸੀ।

ਇਸ ਕਰਕੇ ਰਾਜ ਲਈ ਸੱਚ ਲੁਕਾਉਣਾ ਹੋਰ ਵੀ ਔਖਾ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

"ਮੈਂ ਚੈਟਜੀਪੀਟੀ ਦੀ ਵਰਤੋਂ ਕਰਦਾ ਹਾਂ, ਸਰ।" ਉਹ ਰੁਕਿਆ ਅਤੇ ਫਿਰ ਬੋਲਿਆ, "ਮੈਂ ਅੱਠਵੀਂ ਜਮਾਤ ਤੋਂ ਹੀ ਆਪਣਾ ਹੋਮਵਰਕ ਇਸ ਦੀ ਵਰਤੋਂ ਨਾਲ ਕਰ ਰਿਹਾ ਹਾਂ। ਮੇਰੀ ਪੁਰਾਣੀ ਅਧਿਆਪਕਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਮੈਨੂੰ ਚੰਗੇ ਨੰਬਰ ਮਿਲਦੇ ਸਨ, ਇਸ ਲਈ ਮੈਨੂੰ ਲੱਗਦਾ ਰਿਹਾ ਹੈ ਕਿ ਮੈਂ ਬਹੁਤ ਹੁਸ਼ਿਆਰ ਵਿਦਿਆਰਥੀ ਹਾਂ।"

ਅਰੋੜਾ ਸਰ ਨੇ ਹੌਲੀ ਜਿਹੀ ਸਿਰ ਹਿਲਾਇਆ ਤੇ ਬੌਲੇ, "ਸੱਚ ਦੱਸਣ ਲਈ ਸ਼ੁਕਰੀਆ, ਰਾਜ।"

ਰਾਜ ਨੇ ਹੈਰਾਨੀ ਨਾਲ ਉਨ੍ਹਾਂ ਵੱਲ ਵੇਖਿਆ।

"ਤੁਸੀਂ ਮੇਰੇ ਨਾਲ ਨਾਰਾਜ਼ ਨਹੀਂ ਹੋ, ਸਰ?" ਰਾਜ ਨੇ ਦੱਬੀ ਜਿਹੀ ਆਵਾਜ਼ ਨਾਲ ਪੁੱਛਿਆ।

"ਮੈਨੂੰ ਤੇਰੇ ਕੰਮ ਤੋਂ ਨਿਰਾਸ਼ਾ ਹੋਈ ਹੈ," ਅਧਿਆਪਕ ਨੇ ਕਿਹਾ। "ਪਰ ਇਸ ਤੋਂ ਵੀ ਵੱਧ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਇਸ ਆਦਤ ਨੇ ਤੇਰਾ ਡਾਢਾ ਨੁਕਸਾਨ ਕੀਤਾ ਹੈ।"

"ਕੀ ਮਤਲਬ, ਸਰ?"

"ਤੂੰ ਜਵਾਬ ਤਾਂ ਠੀਕ ਲਿਖਦਾ ਰਿਹਾ ਹੈ, ਪਰ ਗਿਆਨ ਪ੍ਰਾਪਤ ਨਹੀਂ ਕਰ ਸਕਿਆ। ਤੇਰੇ ਨੰਬਰ ਤਾਂ ਵਧਦੇ ਗਏ, ਪਰ ਤੇਰੀ ਗਿਆਨ ਪ੍ਰਾਪਤੀ ਪਛੜ ਗਈ।"

ਰਾਜ ਨੇ ਸਿਰ ਝੁਕਾ ਲਿਆ।

ਪਹਿਲੀ ਵਾਰ ਉਸ ਨੂੰ ਆਪਣਾ ਸ਼ਾਨਦਾਰ ਰਿਪੋਰਟ ਕਾਰਡ ਬਹੁਤ ਭਾਰੀ ਲੱਗਾ।

"ਮੈਨੂੰ ਲੱਗਦਾ ਸੀ ਕਿ ਮੈਂ ਬਹੁਤ ਹੁਸ਼ਿਆਰ ਹਾਂ," ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ।

"ਤੂੰ ਸੱਚਾ ਤਾਂ ਹੈਂ," ਅਰੋੜਾ ਸਰ ਨੇ ਕਿਹਾ। "ਪਰ ਸੱਚੇ ਹੋਣਾ ਅਤੇ ਇਮਾਨਦਾਰੀ ਨਾਲ ਮਿਹਨਤ ਕਰਨਾ ਦੋ ਵੱਖਰੀਆਂ ਗੱਲਾਂ ਹਨ।"

ਰਾਜ ਨੇ ਅੱਖਾਂ ਪੂੰਝੀਆਂ।

"ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ?" ਉਸ ਪੁੱਛਿਆ।

ਅਰੋੜਾ ਸਰ ਮੁਸਕਰਾਏ।

"ਦੁਬਾਰਾ ਤੋਂ ਸ਼ੁਰੂ ਕਰਨਾ ਹੋਵੇਗਾ।" ਉਹ ਬੌਲੇ।

"ਕੀ ਮੈਂ ਫੇਲ ਹੋ ਜਾਵਾਂਗਾ?"

"ਹੋ ਸਕਦਾ ਹੈ ਕੁਝ ਨੰਬਰ ਘੱਟ ਮਿਲਣ। ਪਰ ਤੂੰ ਇਨ੍ਹਾਂ ਨਾਲੋਂ ਵੀ ਕੀਮਤੀ ਚੀਜ਼ਾਂ ਹਾਸਲ ਕਰ ਰਿਹਾ ਹੋਵੇਗਾ — ਗਿਆਨ ਅਤੇ ਸੌਝੀ।"

ਅਰੋੜਾ ਸਰ ਨੇ ਉਸ ਦੇ ਸਾਹਮਣੇ ਇੱਕ ਖਾਲੀ ਕਾਪੀ ਰੱਖੀ।

"ਤਕਨਾਲੋਜੀ ਨੂੰ ਆਪਣਾ ਅਧਿਆਪਕ ਬਣਾ, ਉਸ ਦਾ ਨਕਲਚੀ ਨਾ ਬਣ। ਸਵਾਲ ਪੁੱਛ। ਵਿਆਖਿਆ ਸਮਝ। ਆਪਣੇ ਵਿਚਾਰਾਂ ਦੀ ਜਾਂਚ ਕਰ। ਪਰ ਸੋਚਣ ਦਾ ਕੰਮ ਆਪਣੇ ਦਿਮਾਗ ਨੂੰ ਕਰਨ ਦੇ।"

ਰਾਜ ਨੇ ਕਾਪੀ ਖੋਲ੍ਹੀ…ਪਹਿਲੇ ਪੰਨੇ ’ਤੇ ਉਸ ਨੇ ਲਿਖਿਆ: "ਅੱਜ ਤੋਂ ਮੈਂ ਸਿਰਫ਼ ਜਾਣਨ ਦਾ ਦਿਖਾਵਾ ਨਹੀਂ ਕਰਾਂਗਾ। ਮੈਂ ਸੱਚਮੁੱਚ ਗਿਆਨ ਹਾਸਿਲ ਕਰਾਂਗਾ।"

ਕਈ ਹਫ਼ਤੇ ਬੀਤ ਗਏ… ਹੁਣ ਰਾਜ ਦੇ ਹਮੇਸ਼ਾ 90 ਜਾਂ 95 ਨੰਬਰ ਨਹੀਂ ਸਨ ਆਉਂਦੇ… ਕਦੇ ਉਸ ਨੂੰ 72 ਨੰਬਰ ਮਿਲਦੇ ਅਤੇ ਕਦੇ 78। ਇੱਕ ਵਾਰ ਤਾਂ ਉਸ ਨੂੰ ਸਿਰਫ਼ 64 ਅੰਕ ਮਿਲੇ।

ਫਿਰ ਉਸ ਵਿੱਚ ਇੱਕ ਅਜਬ ਤਬਦੀਲੀ ਆ ਗਈ ਸੀ। ਹੁਣ ਉਹ ਆਪਣੇ ਜਵਾਬਾਂ ਦੀ ਵਿਆਖਿਆ ਕਰਨ ਦੇ ਯੋਗ ਹੋ ਗਿਆ ਸੀ। ਉਹ ਬਿਨਾਂ ਚੈਟਜੀਪੀਟੀ ਦੀ ਮਦਦ ਦੇ ਲਿਖ ਸਕਦਾ ਸੀ। ਉਹ ਗਲਤੀਆਂ ਕਰਨ ਤੋਂ ਡਰਦਾ ਨਹੀਂ ਸੀ।

ਇੱਕ ਦਿਨ ਅਰੋੜਾ ਸਰ ਨੇ ਉਸ ਦਾ ਟੈਸਟ ਮੁਲਾਂਕਣ ਤੋਂ ਬਾਅਦ ਵਾਪਸ ਕੀਤਾ। ਰਾਜ ਨੇ ਆਨਸਰ-ਸ਼ੀਟ ਖੋਲੀ। ਉਸ ਦੇ 82 ਨੰਬਰ ਸਨ। ਕਾਗਜ਼ ਦੇ ਹੇਠਾਂ ਅਧਿਆਪਕ ਨੇ ਲਿਖਿਆ ਸੀ: "ਇਹ ਜਵਾਬ ਤੇਰੀ ਆਪਣੀ ਲਿਆਕਤ ਅਨੁਸਾਰ ਹੈ। ਇੰਝ ਹੀ ਮਿਹਨਤ ਕਰਦੇ ਰਹੋ।" ਰਾਜ ਮੁਸਕਰਾਇਆ।

ਇਹ ਉਸ ਦੇ ਜੀਵਨ ਦੇ ਸਭ ਤੋਂ ਖੁਸ਼ੀ ਭਰੇ 82 ਨੰਬਰ ਸਨ। ਉਸ ਦਿਨ ਉਸ ਨੂੰ ਸਮਝ ਆ ਗਿਆ ਕਿ ਸਭ ਤੋਂ ਵੱਡੀ ਕਾਮਯਾਬੀ ਸਭ ਤੋਂ ਵੱਧ ਅੰਕ ਲੈਣਾ ਨਹੀਂ ਹੈ। ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਅਸੀਂ ਆਪਣੇ ਕੰਮ ਵੱਲ ਦੇਖ ਕੇ ਮਾਣ ਨਾਲ ਕਹਿ ਸਕੀਏ: "ਇਹ ਮੈਂ ਕੀਤਾ ਹੈ। ਇਹ ਮੈਂ ਸਿੱਖਿਆ ਹੈ। ਇਹ ਸੱਚਮੁੱਚ ਮੇਰਾ ਆਪਣਾ ਕੀਤਾ ਕੰਮ ਹੈ।"

ਉਸ ਦਿਨ ਤੋਂ ਬਾਅਦ ਰਾਜ ਨੇ ਤਕਨਾਲੋਜੀ ਦੀ ਵਰਤੋਂ ਕਰਨੀ ਬੰਦ ਨਹੀਂ ਕੀਤੀ। ਪਰ ਹੁਣ ਤਕਨਾਲੋਜੀ ਉਸ ਲਈ ਸੋਚ ਦਾ ਬਦਲ ਨਹੀਂ, ਸਿੱਖਣ ਦਾ ਸਾਧਨ ਸੀ। ਰਾਜ ਨੇ ਆਖ਼ਰਕਾਰ ਇੱਕ ਬਹੁਤ ਵੱਡਾ ਫ਼ਰਕ ਸਮਝ ਲਿਆ ਸੀ—ਕਿਸੇ ਵੀ ਸਵਾਲ ਦਾ ਜਵਾਬ ਆਪਣੇ ਕੋਲ ਹੋਣਾ ਅਤੇ ਉਸ ਜਵਾਬ ਨੂੰ ਸਮਝ ਕੇ ਹਾਸਲ ਕਰਨਾ ਇੱਕੋ ਗੱਲ ਨਹੀਂ ਹੈ।

******

ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1200 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 75 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਅਜ ਕਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਸੇਵਾ ਨਿਭਾ ਰਹੇ ਹਨ।

ਵੈਬਸਾਈਟ : www.drdpsinghauthor.wordpress.com

ਈ-ਮੇਲ : drdpsn@gmail.com

computerlab
ਕਵਿਤਾ

ਕੰਪਿਊਟਰ ਲੈਬ

ਗੁਰਪ੍ਰੀਤ ਸਿੰਘ

ਕੰਪਿਊਟਰ ਲੈਬ ਸਾਡੀ ਗਿਆਨ ਦਾ ਭੰਡਾਰ ਏ,

ਤਕਨੋਲੋਜੀ ਦਾ ਹੁੰਦਾ ਜਿੱਥੇ ਦਰਸ਼ ਦੀਦਾਰ ਏ......

ਚੌਥਾ ਪੀਰੀਅਡ ਹੁੰਦਾ ਸਾਡਾ ਕੰਪਿਊਟਰ ਵਿਗਿਆਨ ਦਾ,

ਕੰਪਿਊਟਰ ਲੈਬ 'ਚ ਪਤਾ ਲੱਗਦਾ ਸਾਰੇ ਹੀ ਜਹਾਨ ਦਾ,

ਡੈਸਕਟਾਪ ਨੂੰ ਕਹਿੰਦੇ, ਕੀ ਹੁੰਦੀ ਟਾਈਟਲ ਬਾਰ ਏ.....

ਮਾਊਸ ਕੀਬੋਰਡ ਨੂੰ ਜਾ ਕੇ ਜਦੋਂ ਹੱਥ ਲਾਈਦਾ ,

ਇਨਪੁੱਟ -ਆਊਟਪੁੱਟ ਵਾਲ਼ਾ ਸਭ ਭੇਦ ਪਾਈਦਾ ,

ਪੇਂਟ ਵਾਲੇ ਰੰਗਾਂ ਦੀ ਸੋਹਣੀ ਖਿੜਦੀ ਬੁਛਾਰ ਏ......

ਐਮ.ਐਸ. ਵਰਡ ਨਾਲ਼ੇ ਐਕਸਲ ਚਲਾਈ ਦਾ ,

ਰਾਵੀ ,ਅਨਮੋਲ ਲਿਪੀ ਵਿੱਚ ਨਾਂ ਲਿਖਵਾਈਦਾ ,

ਪਾਵਰ ਪੁਆਇੰਟ 'ਚ ਸਲਾਈਡ ਬੇਸ਼ੁਮਾਰ ਏ......

'ਪ੍ਰੀਤ ਬੀੜ ਕਿਸ਼ਨ ' ਸਰ ਸਬਕ ਪੜਾਉਂਦੇ ਨੇ ,

ਏ.ਆਈ. ਬਾਰੇ ਦੱਸ ਸਾਡਾ ਗਿਆਨ ਵਧਾਉਂਦੇ ਨੇ,

ਕੰਪਿਊਟਰ ਬੱਚਿਓ ਕਹਿਣ ਭਵਿੱਖ ਦਾ ਸੰਸਾਰ ਏ......

birds
ਬਾਲ ਗੀਤ

ਪੰਛੀਆਂ ਦੀ ਉਡਾਣ

ਹਰੀ ਕ੍ਰਿਸ਼ਨ ਮਾਇਰ

ਲੱਗਦਾ ਸਾਨੂੰ ਜੀਕੁਣ ਐਨਾ ਹੁੰਦਾ ਨਹੀਂ ਆਸਾਨ

ਸੌਖ਼ੀ ਨਹੀਂ ਹੁੰਦੀ ਅੰਬਰ ‘ਚ ਪੰਛੀਆਂ ਦੀ ਉਡਾਣ

ਪਲ 'ਚ ਉੱਪਰ ਉੱਡਣਾ ਹੋਰ ਉਤਾਂਹ ਜਾਣਾ

ਉੱਡਦੇ ਉੱਡਦੇ ਝੱਟ ਧਰਤੀ 'ਤੇ ਉਤਰ ਆਉਣਾ

ਲਾਉਂਦੇ ਹੋਣ ਜਦ ਕਲਾਬਾਜ਼ੀਆਂ ਹੁੰਦੀ ਬੜੀ ਥਕਾਨ

ਹੁਨਰਾਂ ਵਾਲੇ ਪੰਛੀ ਭਰਦੇ ਖੰਭਾਂ ਵਿੱਚ ਵਿਸ਼ਵਾਸ

ਉਡੱਦੇ ਪੰਛੀਆਂ ਸਾਹਵੇਂ ਬੌਨਾ ਹੋ ਜਾਂਦਾ ਆਕਾਸ਼

ਨਿੱਕੇ-ਨਿੱਕੇ ਖੰਭ ਗਾਹ ਆਉਂਦੇ ਨੇ ਕੀਕੁਣ ਅਸਮਾਨ

ਰੋਕ ਨਾ ਹੱਦਾ ਵੀ ਉਡਾਣ ਪੰਛੀਆਂ ਦੀ

ਪੈਰੀ ਛੱਲੇ ਪਾਕੇ ਕਰਨ ਪਛਾਣ ਪੰਛੀਆਂ ਦੀ

ਪੌਣਾਂ ਦੀ ਅਸਵਾਰੀ ਕਰਦੇ ਹੱਦ ਬੰਨੇ ਲੰਘ ਜਾਣ

ਸਮਝੋ ਪੰਛੀਆਂ ਦੀ ਬੋਲੀ ਸਾਨੂੰ ਕੀ ਕਹਿੰਦੇ

ਜ਼ਹਿਰੀ ਕਣ ਧੂੰਏਂ ਦੇ ਮਾਰਨ ਨੂੰ ਪੈਂਦੇ

ਜ਼ਹਿਰੀ ਚੋਗੇ ਦੀ ਪੰਛੀ ਕਿੱਦਾਂ ਕਰਨ ਪਛਾਣ

ਵੱਢੀ ਜਾਂਦੇ ਰੁੱਖ ਉੱਜੜ ਜਾਂਦੇ ਨੇ ਆਲ੍ਹਣੇ

ਸੋਚੋ ਪੰਛੀਆਂ ਨੇ ਵੀ ਹੁੰਦੇ ਬੋਟ ਪਾਲਣੇ

ਕਬਜ਼ਾ ਕਰਕੇ ਧਰਤੀ ਉੱਤੇ ਬੈਠ ਗਿਆ ਇਨਸਾਨ

ਆਪਣੇ ਪਿਓ ਦਾਦੇ ਦੇ ਲੋਕੋ ਬੋਲ ਪੁਗਾਉਣੇ

ਰੁੱਖ ਲਗਾਉਣੇ ਚੋਗਾ ਭਰਕੇ ਆਲ੍ਹਣੇ ਵੀ ਲਟਕਾਉਣੇ

ਪੰਛੀਆਂ ਦੇ ਵਿੱਚ ਹੁੰਦੀ ਸਾਡੇ ਵਰਗੀ ਜਾਨ

ਤੋਤੇ ਚਿੜੀਆਂ,ਮੋਰ ਗੁਟਾਰਾਂ ਪਿਆਸੇ ਮੰਗਦੇ ਪਾਣੀ

ਦਾਣੇ ਮੰਗਣ ਬੈਠਣ ਨੂੰ ਰੁੱਖ ਦੀ ਟਾਹਣੀ

ਲਾਉਣ ਛਹਿਬਰਾਂ ਕੱਠੇ ਹੋਕੇ ਗੀਤ ਸੁਰੀਲੇ ਗਾਉਣ

jokes
ਕੁਝ ਹਲਕਾ ਫੁਲਕਾ

ਏਆਈ ਚੁਟਕਲੇ

ਏਆਈ ਗ਼ਲਤੀਆਂ ਕਿਉਂ ਨਹੀਂ ਕਰਦੀ?

ਕਿਉਂਕਿ ਉਹ ਹਰੇਕ ਮੁਸ਼ਕਲ ਦੇ ਵਿਕਲਪ ਹੱਲ ਕੱਢਦੀ ਹੈ।

ਏਆਈ ਆਪਣੀਆਂ ਗ਼ਲਤੀਆਂ ਤੋਂ ਸਿੱਖਦੀ ਹੈ, ਪਰ ਮਨੁੱਖ ਨਹੀਂ?

ਏਆਈ ਆਪਣੇ ਗੁੱਸੇ ‘ਤੇ ਕਿਸ ਤਰ੍ਹਾਂ ਕਾਬੂ ਰੱਖਦੀ ਹੈ?

ਕਿਉਂਕਿ ਉਹ ਆਪਣਾ ਸਹਿਜ (Bits) ਨਹੀਂ ਛੱਡਦੀ।

ਏਆਈ ਨੇ ਸੜਕ ਪਾਰ ਕਿਉਂ ਕੀਤੀ?

ਆਪਣਾ ਪ੍ਰੋਗਰਾਮ/ਐਲਗੋਰਿਧਮ ਸੁਧਾਰਨ ਤੇ ਵੱਧ ਤੋਂ ਵੱਧ ਗੁਣਕਾਰੀ ਬਣਾਉਣ ਲਈ।

ਏਆਈ ਕਦੇ ਥੱਕਦੀ ਕਿਉਂ ਨਹੀਂ?

ਕਿਉਂਕਿ ਉਹ ਆਪਣੇ ਆਪ ਨੂੰ ਅਪਡੇਟ (Update) ਕਰਦੀ ਰਹਿੰਦੀ ਹੈ।

ਏਆਈ ਕਦੇ ਝੂਠ ਨਹੀਂ ਬੋਲਦੀ।

ਉਹ ਤਾਂ ਸਿਰਫ਼ ਭਰਮ-ਭੁਲੇਖੇ (Hallucinations) ਪਾਲਦੀ ਹੈ।

ਏਆਈ ਦਾ ਮਨਪਸੰਦ ਸੰਗੀਤ ਕਿਹੜਾ ਹੈ? ਐਲਗੋ-ਰਿਧਮ

RobotThatCouldntTakeIt
ਕੌਮਿਕ

ਰੋਬੋਟ ਜੋ ਬਰਦਾਸ਼ਤ ਨਹੀਂ ਕਰ ਸਕਿਆ

ਸੰਕਲਪ: ਅਮਨਦੀਪ ਸਿੰਘ ਤਸਵੀਰਾਂ: ਗੂਗਲ ਜੈਮਿਨੀ ਏਆਈ

ਸਾਇੰਸ ਫਿਕਸ਼ਨ ਨੂੰ ਹਕੀਕਤ ਬਣਾਉਂਦੀਆਂ ਵਿਗਿਆਨ ਦੀਆਂ ਤਾਜ਼ਾ ਖ਼ਬਰਾਂ

ਖਗੋਲ ਵਿਗਿਆਨੀਆਂ ਨੇ ਧਰਤੀ ਵਰਗੇ ਗ੍ਰਹਿ 'ਤੇ ਵਾਯੂਮੰਡਲ ਲੱਭਿਆ
ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੂਰ ਗਹਿਨ ਅੰਤਰਿਕਸ਼ ਵਿੱਚ ਇੱਕ 'ਧਰਤੀ ਵਰਗੇ' ਗ੍ਰਹਿ 'ਤੇ ਵਾਯੂਮੰਡਲ ਲੱਭਿਆ ਹੈ। ਉਹ ਇੱਕ ਪਹਿਲਾ ਸੰਭਾਵੀ ਤੌਰ 'ਤੇ ਰਹਿਣ ਯੋਗ ਸੰਸਾਰ ਹੈ ਜਿੱਥੇ ਵਾਯੂਮੰਡਲ ਦੀ ਹੋਂਦ ਹੈ, ਜੋ ਉਸਨੂੰ ਸਾਡੇ ਸੂਰਜ ਮੰਡਲ ਤੋਂ ਪਰੇ ਜੀਵਨ ਦੀ ਖੋਜ ਲਈ ਇੱਕ ਪ੍ਰਮੁੱਖ ਦਾਅਵੇਦਾਰ ਬਣਾਉਂਦਾ ਹੈ। ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਪੱਤਰ ਵਿੱਚ, ਟੀਮ ਨੇ ਧਰਤੀ ਤੋਂ ਲਗਭਗ 48 ਪ੍ਰਕਾਸ਼ ਵਰ੍ਹੇ ਦੂਰ ਸਥਿਤ ਗ੍ਰਹਿ LHS 1140 b ਦੇ ਹੀਲੀਅਮ ਨਾਲ਼ ਭਰਪੂਰ ਵਾਯੂਮੰਡਲ ਦਾ ਵੇਰਵਾ ਦਿੱਤਾ ਹੈ। https://current.fas.harvard.edu/stories/harvard-scientists-detect-atmosphere-distant-earth-planet
ਹੁਣ ਯੰਤਰ-ਮਾਨਵ ਵੀ ਚੀਨ ਦੀ ਟ੍ਰੈਫ਼ਿਕ ਪੁਲਿਸ ਵਿੱਚ ਸ਼ਾਮਲ
ਇੱਕ ਯੰਤਰ-ਮਾਨਵ (ਰੋਬੋਟ) ਸਥਾਨਕ ਸੜਕਾਂ ਦੇ ਟ੍ਰੈਫਿਕ ਨੂੰ ਨਿਯੰਤ੍ਰਿਤ ਕਰਨ ਲਈ ਵੁਹਾਨ ਦੀ ਪੁਲਿਸ ਅਮਲੇ ਵਿੱਚ ਸ਼ਾਮਲ ਹੋਇਆ ਹੈ। ਇਹ ਰੋਬੋਟ ਚੌਰਾਹਿਆਂ ਦੇ ਵਿੱਚ ਟ੍ਰੈਫਿਕ ਦਾ ਤਾਲਮੇਲ ਕਰਨ, ਉਸਦੀ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਉਣ, ਅਤੇ ਇੱਥੋਂ ਤੱਕ ਕਿ ਪੈਦਲ ਯਾਤਰੀਆਂ ਨੂੰ ਨਿਰਦੇਸ਼ ਦੇਣ ਲਈ ਟ੍ਰੈਫਿਕ ਸਿਗਨਲ ਸਿਸਟਮ ਦੀ ਵਰਤੋਂ ਕਰਦਾ ਹੈ। Image Credit: wionews.com ਵੀਡੀਓ: https://www.wionews.com/videos/china-s-humanoid-robot-joins-wuhu-s-traffic-police-force-1786852830429
ਖੰਭ ਫੜਫੜਾਉਂਦਾ ਇੱਕ ਨਵਾਂ ਰੋਬੋਟ ਗੋਤਾਖੋਰ ਪੰਛੀ ਵਾਂਗ ਤੈਰਦਾ ਅਤੇ ਉੱਡਦਾ ਹੈ
ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਵਿਗਿਆਨੀਆਂ ਨੇ ਕਈ ਸਾਲਾਂ ਤੋਂ ਗੋਤਾਖੋਰ ਪੰਛੀਆਂ, ਜਿਵੇਂ ਕਿ ਪਫਿਨ, ਦੀਆਂ ਹਰਕਤਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਅਜਿਹੇ ਰੋਬੋਟ ਬਣਾਏ ਜਾ ਸਕਣ ਜੋ ਚੁੱਪਚਾਪ ਪਾਣੀ ਵਿੱਚ ਡੁਬਕੀ ਲਗਾ ਕੇ ਬਾਹਰ ਉਡਣ ਸਕਣ। ਪਰ ਇੱਕ ਅਜਿਹਾ ਰੋਬੋਟ ਬਣਾਉਣਾ ਜੋ ਪਾਣੀ ਵਿੱਚ ਓਨਾ ਹੀ ਸਮਰੱਥ ਹੋਵੇ ਜਿੰਨਾ ਇਹ ਅਸਮਾਨ ਵਿੱਚ, ਇੱਕ ਗੁੰਝਲਦਾਰ ਕੰਮ ਤੇ ਇੰਜੀਨੀਅਰਿੰਗ ਚੁਣੌਤੀ ਹੈ। ਹੁਣ, ਐਮ.ਆਈ.ਟੀ. ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਅਜਿਹਾ ਹੀ ਇੱਕ ਅਭਿੱਜ (ਵਾਟਰਪ੍ਰੂਫ਼) ਖੰਭਾਂ ਵਾਲਾ ਰੋਬੋਟ ਬਣਾਇਆ ਹੈ ਜੋ ਬੜੇ ਸੁੰਦਰ ਤਰੀਕੇ ਨਾਲ਼ ਪਾਣੀ ਵਿੱਚ ਗੋਤਾ ਲਗਾ ਕੇ ਬਾਹਰ ਉੱਡਦਾ ਹੈ। Image Credit:MIT ਵੀਡੀਓ: https://news.mit.edu/2026/new-flapping-robot-swims-and-flies-like-diving-bird-0709
ਇੱਕ ਮਿੱਠੀ ਹੈਰਾਨੀ: ਵਿਗਿਆਨੀਆਂ ਨੇ ਸਾਡੀ ਆਕਾਸ਼ਗੰਗਾ ਵਿੱਚ ਖੰਡ ਲੱਭੀ
ਇਹ ਪਹਿਲੀ ਵਾਰ ਹੈ ਜਦੋਂ ਅੰਤਰ-ਸਿਤਾਰਾ ਪੁਲਾੜ ਵਿੱਚ ਵਿਗਿਆਨੀਆਂ ਨੇ ਖੰਡ ਦਾ ਅਣੂ ਲੱਭਿਆ ਹੈ। ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਅੰਤਰ-ਸਿਤਾਰਾ ਪੁਲਾੜ ਵਿੱਚ ਏਰੀਥਰੂਲੋਜ਼ ਦੀ ਰਿਪੋਰਟ ਕਰਦੀ ਹੈ। ਇਹ ਖੋਜ ਧਰਤੀ 'ਤੇ ਜੀਵਨ ਦੀ ਹੋਂਦ ਬਾਰੇ ਨਵੇਂ ਸੁਰਾਗ ਪ੍ਰਦਾਨ ਕਰ ਸਕਦੀ ਹੈ। ਧਰਤੀ 'ਤੇ ਜੀਵਨ ਦੀ ਉਤਪਤੀ ਦੀ ਖੋਜ ਵਿੱਚ ਇੱਕ ਕੇਂਦਰੀ ਸਵਾਲ ਇਹ ਹੈ ਕਿ ਮੁੱਢ ਕਦੀਮੀ ਧਰਤੀ 'ਤੇ ਮੋਨੋਸੈਕਰਾਈਡ ਕਿਵੇਂ ਬਣੇ, ਕਿਉਂਕਿ ਪ੍ਰਯੋਗਾਂ ਤੋਂ ਕੋਈ ਖ਼ਾਸ ਸੁਰਾਗ ਨਹੀਂ ਮਿਲਦਾ ਹੈ। ਆਕਾਸ਼ੀ ਪਿੰਡਾਂ ਅਤੇ ਉਲਕਾ ਪਿੰਡਾਂ ਵਿੱਚ ਰਾਈਬੋਜ਼, ਗਲੂਕੋਜ਼ ਅਤੇ ਹੋਰ ਮੋਨੋਸੈਕਰਾਈਡਾਂ ਦੀ ਖੋਜ ਇੱਕ ਬਾਹਰੀ ਉਤਪਤੀ ਦਾ ਸੁਝਾਅ ਦਿੰਦੀ ਹੈ। Image Credit: NASA/JPL-Caltech/S. Stolovy