Home

frontcover

ਮੁੱਖ ਪੰਨੇ ਦੀ ਤਸਵੀਰ (ਨਾਸਾ ਤੋਂ ਧੰਨਵਾਦ ਸਹਿਤ) ਵਿੱਚ ਤੁਸੀਂ ਯੂਰੋਪਾ, ਬ੍ਰਹਿਸਪਤੀ ਦਾ ਠੰਡਾ ਯਖ ਚੰਦਰਮਾ ਦੇਖ ਰਹੇ ਹੋ, ਯੂਰੋਪਾ, ਬ੍ਰਹਿਸਪਤੀ ਦਾ ਠੰਡਾ ਯਖ ਚੰਦਰਮਾ ਆਪਣੀ ਹਿੱਕ ਉੱਤੇ ਬਰਫ਼ ਦੇ ਖੇਪੜ ਤੇ ਅੰਦਰ ਧਰਤੀ ਤੋਂ ਵੀ ਜ਼ਿਆਦਾ ਪਾਣੀ ਦਾ ਸਮੁੰਦਰ ਸਮੋਈ ਬੈਠਾ ਹੋ ਸਕਦਾ ਹੈ। ਕੀ ਉਹ ਅਜਨਬੀ ਸਾਗਰ ਜੀਵਨ ਦੀ ਹੋਂਦ ਲਈ ਅਨੁਕੂਲ ਪ੍ਰਸਥਿਤੀਆਂ ਪੈਦਾ ਕਰ ਸਕਦਾ ਹੈ? ਕੀ ਧਰਤੀ ਤੋਂ ਇਲਾਵਾ ਸਾਡੇ ਸੌਰ ਮੰਡਲ ਤੋਂ ਬਾਹਰਲੇ ਹੋਰ ਗ੍ਰਹਿਆਂ' 'ਤੇ ਜੀਵਨ ਸੰਭਵ ਹੈ? ਜਿੰਨਾ ਕੁ ਧਰਤੀ ਦੇ ਵਿਗਿਆਨੀਆਂ ਨੂੰ ਪਤਾ ਹੈ ਜੀਵਨ ਦੀ ਹੋਂਦ ਲਈ ਪਾਣੀ, ਊਰਜਾ ਦੇ ਸੋਮੇ, ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਆਕਸੀਜਨ, ਫਾਸਫੋਰਸ, ਸਲਫਰ, ਇੱਕ ਸੁਰੱਖਿਅਤ ਵਾਤਾਵਰਨ, ਅਨੁਕੂਲ ਤਾਪਮਾਨ ਤੇ ਜੈਵਿਕ ਅਣੂ ਜਿਨ੍ਹਾਂ ਵਿੱਚ ਅਮੀਨੋ ਐਸਿਡ ਆਦਿ ਲੋੜੀਂਦੇ ਹਨ, ਚਾਹੀਦੇ ਹਨ। ਯੂਰੋਪਾ, ਜਿਸ ਦੀ ਉਮਰ (4.5 ਅਰਬ ਸਾਲ) ਸਾਡੀ ਧਰਤੀ ਜਿੰਨੀ ਹੀ ਹੈ, 'ਤੇ ਇਹ ਸਾਰੇ ਤੱਤ ਮੌਜੂਦ ਹੋ ਸਕਦੇ ਹਨ।

'ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥' ਦੇ ਮਹਾਂਵਾਕ, ਨਾਸਾ ਤੇ ਵਿਗਿਆਨਕਾਂ ਦੇ ਅਨੁਸਾਰ ਜਿੱਥੇ ਪਾਣੀ ਹੈ ਉੱਥੇ ਜੀਵਨ ਹੈ। ਪਾਣੀ ਜੀਵਾਂ ਦੇ ਖਾਣ ਲਈ ਪੌਸ਼ਟਿਕ ਤੱਤਾਂ ਨੂੰ ਘੋਲਦਾ ਹੈ, ਜੀਵਤ ਸੈੱਲਾਂ ਦੇ ਅੰਦਰ ਮਹੱਤਵਪੂਰਨ ਰਸਾਇਣਾਂ ਨੂੰ ਪਹੁੰਚਾਉਂਦਾ ਹੈ, ਮੈਟਾਬੋਲਿਜ਼ਮ ਭਾਵ ਸਰੀਰ ਦੀ ਢਾਹ-ਉਸਾਰੀ ਦੀ ਕਿਰਿਆ ਲਈ ਸਹਾਈ ਹੁੰਦਾ ਹੈ, ਅਤੇ ਸੈੱਲਾਂ ਨੂੰ ਮਲ ਤੋਂ ਛੁਟਕਾਰਾ ਦਿਵਾਉਂਦਾ ਹੈ। ਅਤੇ ਯੂਰੋਪਾ ‘ਤੇ ਪਾਣੀ ਕਾਫ਼ੀ ਤਦਾਦ ਵਿੱਚ ਹੈ। ਨਾਸਾ ਦੇ ਗੈਲੀਲੀਓ ਸਪੇਸਕ੍ਰਾਫਟ (1995-2003) ਨੇ ਪਹਿਲਾਂ ਉੱਥੇ ਪਾਣੀ ਹੋਣ ਦਾ ਸਬੂਤ ਲੱਭਿਆ ਸੀ। ਵਿਗਿਆਨਕ ਅੰਦਾਜ਼ਾ ਲਗਾਉਂਦੇ ਹਨ ਕਿ ਯੂਰੋਪਾ 'ਤੇ ਖਾਰਾ ਸਮੁੰਦਰ ਹੈ। ਉਸ ਸਮੁੰਦਰ ਦੇ ਅੰਦਰ ਹਾਈਡ੍ਰੋਥਰਮਲ ਗਤੀਵਿਧੀਆਂ ਸਜੀਵ ਇਕਾਈ ਨੂੰ ਊਰਜਾ ' ਰਸਾਇਣਕ ਪੌਸ਼ਟਿਕ ਤੱਤ ਪ੍ਰਦਾਨ ਕਰ ਸਕਦੀਆਂ ਹਨ। ਬ੍ਰਹਿਸਪਤੀ ਦੁਆਰਾ ਸੰਚਾਰਿਤ ਪ੍ਰਕਿਰਨਾਂ ਵੀ ਸਮੁੰਦਰ ਦੇ ਪਾਣੀ ਨੂੰ ਨਿਖੇੜ ਕੇ ਸੰਭਾਵੀ ਜੀਵਨ ਲਈ ਊਰਜਾ ਤੇ ਆਕਸੀਜਨ ਪੈਦਾ ਕਰ ਸਕਦੀਆਂ ਹਨ।

ਕੰਪਿਊਟਰ ਮਾਡਲਾਂ ਮੁਤਾਬਿਕ ਯੂਰੋਪਾ ਦਾ ਬਰਫੀਲਾ ਖੇਪੜ ਬ੍ਰਹਿਸਪਤੀ ਦੀ ਗੁਰੂਤਾ ਖਿੱਚ ਦੁਆਰਾ ਖਿੱਚਿਆ ਜਾਂਦਾ ਹੈ ਕਿਉਂਕਿ ਯੂਰੋਪਾ ਵਿਸ਼ਾਲ ਗ੍ਰਹਿ ਦੇ ਚੱਕਰ ਲਗਾਉਂਦਾ ਹੈ। ਇਸ ਜਵਾਰਭਾਟੇ ਵਰਗੀ ਲਚਕ ਦੀ ਪ੍ਰਕਿਰਿਆ ਨਾਲ਼ ਯੂਰੋਪਾ ਦੇ ਅੰਦਰ ਗਰਮੀ ਪੈਦਾ ਹੋ ਸਕਦੀ ਹੈ ਅਤੇ ਬਰਫ਼ ਦੇ ਥੱਲੇ ਤਰਲ ਸਮੁੰਦਰ ਬਣਿਆ ਰਹਿ ਸਕਦਾ ਹੈ, ਜੋ ਕਿ ਜੀਵਨ ਲਈ ਅਨੁਕੂਲ ਰਸਾਇਣ ਯੁਕਤ ਵਾਤਾਵਰਣ ਬਣਾ ਸਕਦਾ ਹੈ।

ਯੂਰੋਪਾ ਦਾ ਸਮੁੰਦਰ ਸਾਡੀ ਧਰਤੀ ਵਾਂਗ ਹੀ ਸ਼ਾਇਦ ਸਮੁੰਦਰੀ ਤਲ 'ਤੇ ਗਰਮ ਚੱਟਾਨਾਂ ਦੇ ਸਿੱਧੇ ਸੰਪਰਕ ਵਿੱਚ ਵੀ ਹੋ ਸਕਦਾ ਹੈ। ਗਰਮ ਚੱਟਾਨਾਂ ਦਾ ਪਰਸਪਰ ਪ੍ਰਭਾਵ ਸਮੁੰਦਰ ਨੂੰ ਹਾਈਡ੍ਰੋਜਨ ਅਤੇ ਹੋਰ ਰਸਾਇਣ ਦੇ ਸਕਦਾ ਹੈ। ਜਦੋਂ ਕਿ ਧਰਤੀ 'ਤੇ ਜੀਵਨ ਲਈ ਊਰਜਾ ਮੁੱਖ ਤੌਰ 'ਤੇ ਸੂਰਜ ਤੋਂ ਆਉਂਦੀ ਹੈ, ਯੂਰੋਪਾ ਦੀ ਊਰਜਾ ਸਤਹੀ ਰਸਾਇਣਕ ਪ੍ਰਕਿਰਿਆ ਤੇ ਸਮੁੰਦਰੀ ਤਲ ਉੱਤੇ ਪਾਣੀ ਤੇ ਚਟਾਨ ਦੇ ਪਰਸਪਰ ਪ੍ਰਭਾਵ ਤੋਂ ਮਿਲ ਸਕਦੀ ਹੈ। ਵਿਗਿਆਨਕ ਜਾਣਦੇ ਹਨ ਕਿ ਇਸ ਕਿਸਮ ਦੀ ਪ੍ਰਕਿਰਿਆ ਸੰਭਵ ਹੈ ਕਿਉਂਕਿ ਅਸੀਂ ਧਰਤੀ 'ਤੇ ਹਾਈਡ੍ਰੋਥਰਮਲ ਸੁਰਾਖਾਂ (Vents) ਵਿੱਚ ਕੁਝ ਅਜਿਹਾ ਹੀ ਦੇਖਦੇ ਹਾਂ। ਧਰਤੀ 'ਤੇ ਅਜਿਹੇ ਹਾਈਡ੍ਰੋਥਰਮਲ ਸੁਰਾਖ ਪਹਿਲੀ ਵਾਰ 1977 ਵਿੱਚ ਗੈਲਾਪਾਗੋਸ ਰਿਫਟ 'ਤੇ ਲੱਭੇ ਗਏ ਸਨ, ਜੋ ਕਿ ਦੱਖਣੀ ਅਮਰੀਕਾ ਦੇ ਤੱਟ ਤੋਂ ਦੂਰ ਪ੍ਰਸ਼ਾਂਤ ਮਹਾਸਾਗਰ ਦੀ ਡੂੰਘਾਈ ਵਿੱਚ ਸਥਿੱਤ ਹੈ। ਉਦੋਂ ਤੋਂ ਹੁਣ ਤੱਕ, ਧਰਤੀ ਦੇ ਸਮੁੰਦਰੀ ਤਲ 'ਤੇ ਅਜਿਹੇ ਬਹੁਤ ਸਾਰੇ ਹਾਈਡ੍ਰੋਥਰਮਲ ਸੁਰਾਖ ਮਿਲੇ ਹਨ। ਇਸ ਖੋਜ ਨੇ ਧਰਤੀ 'ਤੇ ਜੀਵਨ ਬਾਰੇ ਸਾਡੀ ਸਮਝ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਇਸਨੂੰ ਸਮੁੰਦਰੀ ਵਿਗਿਆਨ ਵਿੱਚ ਹੁਣ ਤੱਕ ਕੀਤੀਆਂ ਗਈਆਂ ਸਭ ਤੋਂ ਮਹੱਤਵਪੂਰਨ ਖੋਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਖਗੋਲ-ਜੀਵ ਵਿਗਿਆਨ ਦਾ ਉਦੇਸ਼ ਬ੍ਰਹਿਮੰਡ ਵਿੱਚ ਜੀਵਨ ਦੀ ਉਤਪਤੀ, ਵਿਕਾਸ ਅਤੇ ਵੰਡ ਬਾਰੇ ਅਧਿਐਨ ਕਰਨਾ ਹੈ। ਇਹ ਬਹੁ-ਅਨੁਸ਼ਾਸਨੀ ਖੇਤਰ ਬ੍ਰਹਿਮੰਡ ਵਿੱਚ ਜੀਵਨ ਦੀ ਖੋਜ ਕਰਨ ਲਈ ਧਰਤੀ ਉੱਤੇ ਜੀਵਨ ਦੀਆਂ ਅਤਿਅੰਤਤਾਵਾਂ (extremes) ਦੀ ਜਾਂਚ ਕਰਦਾ ਹੈ ਅਤੇ ਜੀਵਨ ਲਈ ਅਨੁਕੂਲ ਵਾਤਾਵਰਣਾਂ ਦੀ ਵਿਸ਼ੇਸ਼ਤਾ ਨੂੰ ਸਮਝਦਾ ਹੈ।

ਹੁਣ ਨਾਸਾ ਨੇ ਯੂਰੋਪਾ 'ਤੇ ਜੀਵਨ ਦੀ ਵਿਸਤ੍ਰਿਤ ਖੋਜ ਕਰਨ ਲਈ ਅਕਤੂਬਰ 2024 ਵਿੱਚ ਕਲਿੱਪਰ ਪੁਲਾੜ ਯਾਨ ਭੇਜਿਆ ਹੈ ਜੋ ਅਪ੍ਰੈਲ 2030 ਵਿੱਚ ਉੱਥੇ ਪਹੁੰਚੇਗਾ। ਉਸਦਾ ਉਦੇਸ਼ ਇਹ ਦੇਖਣਾ ਹੈ ਕਿ ਕੀ ਬ੍ਰਹਿਸਪਤੀ ਦਾ ਬਰਫ਼ੀਲਾ ਚੰਦਰਮਾ ਆਪਣੇ ਸਮੁੰਦਰ ਦੇ ਨਾਲ ਜੀਵਨ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ? ਯੂਰੋਪਾ 'ਤੇ ਜੀਵਨ ਦੀ ਸੰਭਾਵਨਾ ਦਾ ਅਧਿਐਨ ਕਰਨ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਤੋਂ ਪਰੇ ਜੀਵਨ ਦੀ ਹੋਂਦ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੇਗੀ।

ਵਿਗਿਆਨਕਾਂ ਦੁਆਰਾ ਯੂਰੋਪਾ ਨੂੰ ਧਰਤੀ ਉੱਤੇ ਇੱਕ ਸ਼ਕਤੀਸ਼ਾਲੀ ਰਾਡਾਰ ਨਾਲ 2011 ਤੋਂ 2024 ਤੱਕ ਲਗਾਤਾਰ ਛੂਹਿਆ (ਪਿੰਗ ਕੀਤਾ/Ping) ਕੀਤਾ ਗਿਆ, ਜੋ ਰੇਡੀਓ ਤਰੰਗਾਂ ਨੂੰ ਇੱਕ ਅਜੀਬ, ਮਜ਼ਬੂਤ ਤੇ ਗੁੰਝਲਦਾਰ ਤਰੀਕੇ ਨਾਲ ਪ੍ਰਤੀਬਿੰਬਤ ਕਰਦਾ ਹੈ, ਜਿਸ ਦੇ ਨਤੀਜੇ ਪੱਥਰੀਲੇ ਗ੍ਰਹਿਆਂ ਵਰਗੇ ਨਹੀਂ ਹਨ। ਇਹ ਨਵੇਂ ਨਿਰੀਖਣ ਦਰਸਾਉਂਦੇ ਹਨ ਕਿ ਯੂਰੋਪਾ ਦਾ ਰਾਡਾਰ "ਐਲਬੇਡੋ", ਆਮ ਗ੍ਰਹਿਆਂ ਅਤੇ ਆਕਾਸ਼ੀ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਹੈ। ਰਾਡਾਰ "ਐਲਬੇਡੋ" ਇੱਕ ਮਾਪਦੰਡ ਹੈ ਜੋ ਇਹ ਦਰਸਾਉਂਦਾ ਹੈ ਕਿ ਉਹ ਰਾਡਾਰ ਨੂੰ ਕਿੰਨਾ ਚਮਕਦਾਰ ਦਿਖਾਈ ਦਿੰਦਾ ਹੈ। ਰਾਡਾਰ ਦੀ ਵਰਤੋਂ ਕਰਦੇ ਹੋਏ ਇਹ ਡੂੰਘਾਈ ਸੀਮਾ ਯੂਰੋਪਾ ਦੀ ਬਰਫ਼ ਦੇ ਪਾਰਦਰਸ਼ੀ ਹੋਣ ਬਾਰੇ ਨਵੇਂ ਪ੍ਰਤਿਬੰਧ (Constraints) ਪੇਸ਼ ਕਰਦੀ ਹੈ, ਜੋ ਵਿਗਿਆਨੀਆਂ ਨੂੰ ਨਾਸਾ ਦੇ ਯੂਰੋਪਾ ਕਲਿੱਪਰ ਪੁਲਾੜ ਯਾਨ ਤੋਂ ਆਉਣ ਵਾਲੇ ਅਜਿਹੇ ਰਾਡਾਰ ਦੇ ਅੰਕੜਿਆਂ (ਡੇਟਾ) ਦੀ ਵਿਆਖਿਆ ਕਰਨ ਵਿੱਚ ਮਦਦ ਕਰਨਗੇ।

~ਅਮਨਦੀਪ ਸਿੰਘ

editorial

ਸੰਪਾਦਕੀ: ਸਾਂਝੀਵਾਲਤਾ ਦਾ ਸੁਨੇਹਾ

ਜਿਵੇਂ ਹੀ ਪੁਲਾੜ ਯਾਤਰੀ ਸ਼੍ਰੀ ਵਿਕਟਰ ਗਲੋਵਰ ਅਪ੍ਰੈਲ ਵਿੱਚ ਨਾਸਾ ਦੇ ਆਰਟੇਮਿਸ II ਮਿਸ਼ਨ 'ਤੇ ਚੰਦਰਮਾ ਦੇ ਕੋਲ ਪਹੁੰਚੇ, ਉਨ੍ਹਾਂ ਨੇ ਆਪਣੀ ਅਦਭੁਤ ਤੇ ਪਿਆਰੀ ਧਰਤੀ ਨੂੰ ਨੀਝ ਨਾਲ ਤੱਕਦਿਆਂ ਉਸ ਦੀ ਹੋਂਦ 'ਤੇ ਵਿਚਾਰ ਕੀਤਾ। ਪੁਲਾੜ ਦੇ ਵਿਸ਼ਾਲ ਪਸਾਰ ਤੇ ਸੰਗੀਨ ਚੁੱਪ ਵਿੱਚ, ਜਿੱਥੇ ਖਾਲੀਪਣ ਅਨੰਤਤਾ ਤੱਕ ਫੈਲਿਆ ਹੋਇਆ ਹੈ, ਸਾਡੀ ਧਰਤੀ ਬਹੁਤ ਹੀ ਖਾਸ ਹੈ। ਉਨ੍ਹਾਂ ਨੇ ਦੇਖਿਆ, ਬ੍ਰਹਿਮੰਡ ਬਹੁਤ ਹੀ ਠੰਡਾ ਯਖ, ਸਿਆਹ ਤੇ ਖਲਾਅ ਦਾ ਸਮੂਹ ਹੈ ਅਤੇ ਇਸ ਠੰਡੇ, ਹਨੇਰੇ ਪਿਛੋਕੜ ਵਿੱਚ, ਸਾਡੀ ਧਰਤੀ ਇੱਕ ਵਿਲੱਖਣ ਚਮਤਕਾਰ ਦੇ ਰੂਪ ਵਿੱਚ ਚਮਕਦੀ ਹੈ—ਇੱਕ ਨੀਲਾ ਨਖਲਿਸਤਾਨ, ਵਿਸ਼ਾਲ ਖਲਾਅ ਵਿੱਚ ਜੀਵਨ ਦੀ ਰੁਮਕਦੀ ਰੌਅ ਪਾਲਦਾ ਆਲ੍ਹਣਾ, ਜੋ ਕਿ ਸਿਰਫ਼ ਸਾਡਾ ਘਰ ਹੀ ਨਹੀਂ, ਸਾਡੀ ਸਮੂਹਿਕ ਹੋਂਦ, ਸਾਡੇ ਸੰਘਰਸ਼ਾਂ ਅਤੇ ਸੁਪਨਿਆਂ ਦਾ ਪੜਾਅ ਹੈ।

ਅੱਜ ਜਦੋਂ ਅਸੀਂ ਭਵਿੱਖ ਵੱਲ ਦੇਖਦੇ ਹਾਂ, ਸਾਡੀ ਕਮਜ਼ੋਰੀ ਅਤੇ ਕੁਝ ਕਰ ਕੇ ਦਿਖਾਉਣ ਦਾ ਸੰਕਲਪ ਸਾਡੇ ਸੱਭਿਆਚਾਰਕ ਅਤੇ ਵਿਗਿਆਨਕ ਗੱਲਾਂਬਾਤਾਂ ਵਿੱਚ ਪ੍ਰਤੱਖ ਦਿਖਾਈ ਦਿੰਦਾ ਹੈ। ਇਸ ਅੰਕ ਵਿੱਚ ਪੇਸ਼ ਵਿਗਿਆਨ ਗਲਪ ਕਹਾਣੀਆਂ ਆਲਮੀ ਤਪਿਸ਼ ਦੇ ਦੁਸ਼ਪ੍ਰਭਾਵ ਜਾਂ ਨਵ-ਪੂੰਜੀਵਾਦ ਦੀਆਂ ਜਟਿਲਤਾਵਾਂ ਦੀ ਪੜਚੋਲ ਕਰਦੀਆਂ ਹੋਈਆਂ ਸਾਡੇ ਵਡਮੁੱਲੇ ਗ੍ਰਹਿ 'ਤੇ ਸਾਡੇ ਸਾਹਵੇਂ ਦਰਪੇਸ਼ ਚੁਣੌਤੀਆਂ ਨੂੰ ਦਰਸਾਉਂਦੀਆਂ ਹਨ। ਇਹ ਬਿਰਤਾਂਤ ਚੇਤਾਵਨੀਆਂ ਤੇ ਪ੍ਰਤੀਬਿੰਬ ਹਨ—ਭਾਵੇਂ ਸੇਪੀਅਨਜ਼ ਵਿੱਚ ਇੱਕ ਪਰਜੀਵੀ ਹੋਂਦ ਬਾਰੇ ਹੋਵੇ, ਖੂਹ ਗਿੜਦਾ ਹੈ ਵਿੱਚ ਨਸ਼ਿਆਂ ਦੀ ਮਾਰ ਹੇਠ ਦੱਬੇ ਮੁੱਖ ਪਾਤਰ ਦਾ ਸੰਘਰਸ਼ ਹੋਵੇ, ਜਾਂ ਮੈਂ ਤਰੱਕੀ ਨਹੀਂ ਹਾਂ ਵਿੱਚ ਉਪਯੋਗੀ ਤੇ ਖਤਰਨਾਕ ਵਿਕਿਰਨਾਂ ਦੀ ਕਹਾਣੀ ਹੋਵੇ, ਜੋ ਸਾਨੂੰ ਯਾਦ ਦਿਵਾਉਂਦੇ ਹਨ ਕਿ ਅੱਜ ਜਦੋਂ ਅਸੀਂ ਸਿਤਾਰਿਆਂ ਤੋਂ ਅੱਗੇ ਪਹੁੰਚਣਾ ਲੋੜਦੇ ਹਾਂ, ਤਾਂ ਸਾਨੂੰ ਆਪਣੇ ਬਣਾਏ ਦੁਨਿਆਵੀ ਯਥਾਰਥ (ਜਿਵੇਂ ਕਿ ਵਾਤਾਵਰਣ ਦਾ ਪਤਨ, ਕਿਰਤੀਆਂ ਦਾ ਸਮਾਜਿਕ ਅਤੇ ਆਰਥਿਕ ਸੰਘਰਸ਼, ਸੰਭਾਵੀ ਤਕਨੀਕੀ ਖ਼ਤਰੇ ਆਦਿ) ਨਾਲ ਜੂਝਣਾ ਚਾਹੀਦਾ ਹੈ।

ਸਾਡੀ ਉਤਸੁਕਤਾ ਜੋ ਸਾਨੂੰ ਦੂਰ ਦੇ ਗ੍ਰਹਿ ਤੇ ਜੀਵਨ ਦੀ ਸੰਭਾਵਨਾ ਲੱਭਣ ਲਈ ਪ੍ਰੇਰਿਤ ਕਰਦੀ ਹੈ—ਚਾਹੇ ਉਹ ਯੂਰੋਪਾ ਕਲਿੱਪਰ ਪੁਲਾੜ ਯਾਨ ਵਰਗੇ ਪ੍ਰੋਬ ਨੂੰ ਭੇਜਣਾ ਜਾਂ ਚੰਦਰਮਾ ਅਤੇ ਮੰਗਲ ਉੱਤੇ ਸਥਾਈ ਅੱਡੇ (Base) ਬਣਾਉਣ ਦੀ ਤਿਆਰੀ ਕਰਨਾ, ਅਤੇ ਉਸੇ ਸਮੇਂ ਸਾਡੀ ਪਿਆਰੀ ਧਰਤੀ ਦੀ ਰੱਖਿਆ ਕਰਨ ਦੀ ਲੋੜ, ਸਾਡੇ ਸਮੇਂ ਦੀ ਮੁੱਖ ਚੁਣੌਤੀ ਹੈ।

ਇਸ ਵਾਰ ਬੱਚਿਆਂ ਦੇ ਕੋਨੇ ਵਿੱਚ ਵੀ ਕੁਦਰਤ ਦੀਆਂ ਹੀ ਬਾਤਾਂ ਹਨ। ਕੁਦਰਤ ਖੂਬ ਖੂਬਸੂਰਤ ਹੈ, ਜਿਸਦੀ ਸਿਫ਼ਤ ਸਲਾਹ ਅਤੇ ਸੰਭਾਲ ਕਰਨੀ ਸਾਡਾ ਸਭਦਾ ਦਾ ਫ਼ਰਜ਼ ਹੈ। ਕੁਦਰਤ ਇਨਸਾਨ ਦੀ ਰੂਹ ਨੂੰ ਸੁਕੂਨ ਬਖਸ਼ਦੀ ਹੈ—ਇੱਕ ਤਰ੍ਹਾਂ ਨਾਲ ਜਿਵੇਂ ਆਪਣੇ ਸਾਵੇ ਪੱਤਰਾਂ, ਲਾਲ-ਪੀਲੇ ਫੁੱਲਾਂ ਅਤੇ ਰੁਮਕਦੀ ਪੌਣ ਨਾਲ਼, ਸਾਡੇ ਬਿਮਾਰ ਤਨ ਤੇ ਮਨ ਦਾ ਇਲਾਜ ਕਰਦੀ ਹੈ! ਆਓ ਖ਼ੁਸ਼ੀ ਨਾਲ਼ ਉਸ ਨਾਲ ਮੁਲਾਕਾਤ ਕਰੀਏ, ਉਸਨੂੰ ਸਮਝੀਏ, ਜਾਣੀਏ ਤੇ ਮਾਣੀਏ!

ਅੱਜ ਦੇ ਵਿਲੱਖਣ ਯੁੱਗ ਵਿੱਚ ਜਿੱਥੇ ਤਕਨੀਕੀ ਤਰੱਕੀ—"ਤਰੱਕੀ" ਜਿਸ ਦੇ ਪਿੱਛੇ ਅਸੀਂ ਉਤਸੁਕਤਾ ਨਾਲ ਭੱਜਦੇ ਹਾਂ, ਜਿਸ ‘ਤੇ ਪੋਪ ਨੇ ਵੀ ਚਿੰਤਾ ਯਤਾਈ ਹੈ—ਨੂੰ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਇਕਲੋਤੇ ਸੰਸਾਰ ਨੂੰ ਬੱਚਿਆਂ ਲਈ ਹਰਿਆ ਭਰਿਆ ਰੱਖਣ ਦੀ ਜ਼ਿੰਮੇਵਾਰੀ ਨਿਭਾਅ ਸਕੀਏ। ਸਾਹਿਤ ਦੀ ਕਲਮ, ਸਾਰਥਕ ਵਿਗਿਆਨਕ ਖੋਜਾਂ, ਜਾਂ ਸਾਡੇ ਗ੍ਰਹਿ ਦੀ ਸੁੰਦਰਤਾ ਦੇ ਕਾਵਿਕ ਅਹਿਸਾਸ ਨਿਰੰਤਰ ਬ੍ਰਹਿਮੰਡ ਵਿੱਚ ਸਾਨੂੰ ਆਪਣੀ ਹਸਤੀ ਨੂੰ ਪਛਾਣਨ ਲਈ ਕਹਿ ਰਹੇ ਹਨ। ਧਰਤੀ ਸਿਰਫ਼ ਇੱਕ ਸਰੋਤ ਹੀ ਨਹੀਂ, ਇੱਕ ਪਵਿੱਤਰ ਸ਼ਰਣਗਾਹ ਹੈ। ਜਿਵੇਂ ਜਿਵੇਂ ਅਸੀਂ ਵਿਗਿਆਨ ਅਤੇ ਖੋਜ ਦੀਆਂ ਸੀਮਾਵਾਂ ਨੂੰ ਪਾਰ ਕਰ ਰਹੇ ਹਾਂ, ਸਾਨੂੰ ਪੁਲਾੜ ਯਾਤਰੂ ਗਲੋਵਰ ਦੇ ਕਥਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ: ਇਹ ਸਾਡੇ ਲਈ ਇਹ ਯਾਦ ਰੱਖਣ ਦਾ ਮੌਕਾ ਹੈ ਕਿ ਅਸੀਂ ਕਿੱਥੇ ਹਾਂ, ਅਸੀਂ ਕੌਣ ਹਾਂ, ਅਤੇ ਅਸੀਂ ਸਭ ਇੱਕੋ ਹਾਂ, ਅਤੇ ਸਾਨੂੰ ਇਸ ਵਿੱਚੋਂ ਇਕੱਠੇ ਲੰਘਣਾ ਪਵੇਗਾ। ਸਾਡੀ ਧਰਤੀ—ਸਾਡੇ ਕੋਲ ਇਹ ਸੁੰਦਰ ਜਗ੍ਹਾ ਹੈ, ਅਤੇ ਇਹ ਉਹ ਰਮਣੀਕ ਸਥਾਨ ਹੈ ਜਿੱਥੇ ਸਾਨੂੰ ਸਭ ਨੂੰ ਪਿਆਰ-ਮੁਹੱਬਤ ਨਾਲ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ।

~ ਅਮਨਦੀਪ ਸਿੰਘ

punjabiscifi@gmail.com

sapiens
ਵਿਗਿਆਨ ਗਲਪ ਕਹਾਣੀ

ਸੇਪਿਅਨਜ਼: ਇੱਕ ਪਰਜੀਵੀ ਦਾ ਮਰਸੀਆ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਉਸ ਗ੍ਰਹਿ ਦਾ ਅਜੇ ਕੋਈ ਨਾਂ ਨਹੀਂ ਸੀ। ਤਦ ਚਾਰੇ ਪਾਸੇ ਸਿਰਫ਼ ਕੁਦਰਤ ਦਾ ਸੰਗੀਤ ਮੌਜੂਦ ਸੀ।

ਇਰੀਡੀਆ - ਇੱਕ ਨੀਲਾ ਗ੍ਰਹਿ, ਜੋ ਆਪਣੇ ਸੂਰਜ ਮੰਡਲ ਦੇ ਇੱਕ ਵਿਸ਼ਾਲ ਘੇਰੇ ਵਿੱਚ, ਕਿਸੇ ਹਨੇਰੇ ਗਿਰਜਾਘਰ ਦੇ ਹਾਲ ਵਿੱਚ ਲਟਕ ਰਹੇ ਦੀਵੇ ਵਾਂਗ ਝੂਲ ਰਿਹਾ ਸੀ। ਇਹ ਅਜਬ ਕ੍ਰਿਸ਼ਮਿਆਂ ਨਾਲ ਭਰਪੂਰ ਇੱਕ ਅਦਭੁੱਤ ਸੰਸਾਰ ਸੀ। ਉਸ ਦੇ ਸਮੁੰਦਰਾਂ ਦਾ ਪਾਣੀ, ਉਸ ਦੀ ਭੂ-ਮੱਧ ਰੇਖਾ ਨੂੰ ਬਦਲਦੇ ਫਿਰੋਜ਼ੀ ਰੰਗਾਂ ਨਾਲ ਅੋਤ-ਪ੍ਰੋਤ ਕਰਦਾ ਨਜ਼ਰ ਆਉਂਦਾ ਸੀ। ਉਸ ਦੇ ਛੇ ਮਹਾਂਦੀਪਾਂ ਵਿੱਚ ਮੌਜੂਦ ਪ੍ਰਾਚੀਨ ਜੰਗਲ, ਜਵਾਰ-ਭਾਟਾ ਵਰਗੀਆਂ ਲਹਿਰਾਂ ਵਾਂਗ ਤਾਲ ਵਿੱਚ ਹੌਲੇ ਹੌਲੇ ਨਾਲ ਸਾਹ ਲੈਂਦੇ ਸਨ। ਉਹ ਆਕਸੀਜਨ ਨੂੰ ਇਸ ਤਰ੍ਹਾਂ ਬਾਹਰ ਕੱਢਦੇ ਸਨ ਜਿਵੇਂ ਉਨ੍ਹਾਂ ਨੂੰ ਇਸ ਦੇ ਬਦਲੇ ਵਿੱਚ ਕੁਝ ਵੀ ਨਾ ਚਾਹੀਦਾ ਹੋਵੇ। ਉਸ ਦੇ ਧਰੁਵਾਂ ਦੀਆਂ ਬਰਫਾਨੀ-ਟੋਪੀਆਂ ਰੌਸ਼ਨੀ ਨੂੰ ਛੂੰਹੇ ਬਿਨਾ ਕਿਸੇ ਲੱਗ-ਲਗਾਵ ਦੇ ਬ੍ਰਹਿਮੰਡ ਵੱਲ ਵਾਪਸ ਸੁੱਟ ਦਿੰਦੀਆਂ ਸਨ।

ਇਰੀਡੀਆ ਉੱਤੇ ਹਰ ਚੀਜ਼ ਹੀ ਕੁਦਰਤੀ ਸੰਤੁਲਨ ਅਤੇ ਪ੍ਰਸਪਰ-ਸਾਂਝ ਵਿੱਚ ਮੌਜੂਦ ਸੀ।

ਦਸ ਹਜ਼ਾਰ ਵੰਨਗੀਆ ਵਾਲੇ ਰੁੱਖਾਂ ਦੀਆਂ ਜੜ੍ਹਾਂ ਨੂੰ ਮਾਇਕੋਰਾਈਜ਼ਲ ਧਾਗੇ ਮਿੱਟੀ ਦੇ ਹੇਠਾਂ ਇੱਕ ਫੁਸਫੁਸਾਉਂਦੀ ਸਾਂਝੀ ਬੁੱਧੀ ਵਿੱਚ ਬਦਲ ਰਹੇ ਸਨ। ਦੱਖਣੀ ਸਮੁੰਦਰ ਦੀਆ ਵਿਸ਼ਾਲ ਵੇਲ੍ਹ ਮੱਛੀਆਂ ਅਜਿਹੇ ਗੀਤ ਗਾਉਂਦੀਆਂ ਸਨ ਜੋ ਪੰਛੀਆਂ ਨੂੰ ਦਸ ਹਜ਼ਾਰ ਕਿਲੋਮੀਟਰ ਦੀ ਯਾਤਰਾ ਵਿੱਚ ਕਿਸੇ ਚੁੰਬਕੀ ਸੂਈ ਵਾਂਗ ਦਿਸ਼ਾ ਸੁਝਾਂਦੇ ਸਨ। ਦਰਿਆ ਆਪਣੇ ਡੈਲਟਿਆਂ ਵਿਖੇ ਹੌਲੇ ਹੋ ਜਾਂਦੇ ਤਾਂ ਜੋ ਮੈਂਗਰੋਵ ਨਰਸਰੀਆਂ ਨੂੰ ਠੀਕ ਉਹੀ ਮਿਲੇ ਜਿਸ ਦੀ ਉਨ੍ਹਾਂ ਨੂੰ ਲੋੜ ਸੀ। ਸਮੁੰਦਰਾਂ ਵਿੱਚ ਮੌਜੂਦ ਪਹਾੜੀ ਟੀਸੀਆਂ ਵਿਖੇ ਫੱਟ ਰਹੇ ਜੁਆਲਾਮੁਖੀ ਅਜਿਹੇ ਖਣਿਜ ਬਾਹਰ ਕੱਢਦੇ, ਜਿਨ੍ਹਾਂ ਨਾਲ ਉਹ ਮੂੰਗੇ ਪਲਦੇ ਜਿਨ੍ਹਾਂ ਨੇ ਪਿਛਲੇ ਸੌ ਮਿਲੀਅਨ ਸਾਲਾਂ ਤੋਂ ਸੂਰਜ ਦੀ ਰੌਸ਼ਨੀ ਨਹੀਂ ਵੇਖੀ ਸੀ। ਅਤੇ ਖੀਣਕਾਰੀ ਜੀਵ, ਫਫੂੰਦ, ਭੂੰਡ, ਅਤੇ ਅਦਿੱਖ ਬੈਕਟੀਰੀਆ, ਵੀ ਜੀਵਨ-ਚੱਕਰ ਦੇ ਅਜਿਹੇ ਅਟੁੱਟ ਰਚਨਹਾਰ ਸਨ ਜੋ ਬਿਨਾ ਕਿਸੇ ਬਰਬਾਦੀ ਦੇ ਮ੍ਰਿਤਕਾਂ ਨੂੰ ਮੁੜ ਜੀਵਨ ਵਿੱਚ ਬਦਲ ਦਿੰਦੇ ਸਨ।

ਬੁੱਢੇ ਹਾਥੀ ਲਾਲ ਮਿੱਟੀ ਦੇ ਢੇਰਾਂ ਨਾਲ ਸਿਰ ਮਾਰਦੇ ਅਤੇ ਇਰੀਡੀਆ ਦਾ ਗੀਤ ਸੁਣਦੇ।

ਇਰੀਡੀਆ ਦਾ ਮਧੁਰ ਸੰਗੀਤ ਸੱਭ ਪਾਸੇ ਮੌਜੂਦ ਸੀ ਅਤੇ ਚਾਰ ਅਰਬ ਸਾਲਾਂ ਤੱਕ ਹਰ ਜੀਵ ਜਾਣਦਾ ਸੀ ਕਿ ਇਹ ਸੁਣਨਾ ਕਿਵੇਂ ਹੈ।

******

ਸਮੇਂ ਦੇ ਬੀਤਣ ਨਾਲ, ਇੱਕ ਵਾਦੀ ਵਿਚ ਕੁਝ ਨਵਾਂ ਪੈਦਾ ਹੋ ਗਿਆ।

ਇਹ ਇੱਕ ਦੋ-ਪੈਰਾਂ ਵਾਲਾ ਬਾਂਦਰ ਸੀ। ਛਾਤੀ ਤੋਂ ਬਿਨਾ ਵਾਲਾਂ ਵਾਲਾ, ਅਤੇ ਅੱਖਾਂ ਵਿੱਚ ਬੇਚੈਨ, ਅਦਭੁਤ ਭੁੱਖ ਵਾਲਾ। ਅੱਜ ਤੋਂ ਲਗਭਗ ਦੋ ਲੱਖ ਸਾਲ ਪਹਿਲਾਂ ਉਹ ਜੰਗਲਾਂ ਵਿੱਚੋਂ ਨਿਕਲਿਆ। ਸ਼ੁਰੂ ਵਿੱਚ ਉਹ ਛੋਟੇ-ਛੋਟੇ ਟੋਲਿਆਂ ਵਿੱਚ ਘਾਹ ਵਾਲੇ ਮੈਦਾਨਾਂ ਵਿੱਚ ਕੰਬਦਾ ਫਿਰਦਾ ਸੀ। ਤਦ ਉਹ ਕਿਸੇ ਡਰਾਉਣੇ ਸ਼ਿਕਾਰੀ ਦੀ ਥਾਂ, ਬਹੁਤ ਹੀ ਡਰੇ ਹੋਏ ਸ਼ਿਕਾਰ ਵਾਂਗ ਹੀ ਵਿਚਰ ਰਿਹਾ ਸੀ।

ਪਹਿਲਾਂ ਪਹਿਲਾਂ ਉਹ ਇਰੀਡੀਆ ਦੀ ਕੁਦਰਤੀ ਪ੍ਰਣਾਲੀ ਵਿੱਚ ਫਿੱਟ ਹੋ ਗਏ। ਉਹ ਕੇਵਲ ਉਨ੍ਹਾ ਹੀ ਸ਼ਿਕਾਰ ਕਰਦੇ ਜਿੰਨਾ ਉਨ੍ਹਾਂ ਦੀ ਭੁੱਖ-ਪੂਰਤੀ ਲਈ ਲੋੜੀਂਦਾ ਸੀ। ਉਹ ਛੋਟੀਆਂ ਛੋਟੀਆਂ ਅੱਗਾਂ ਸੁਲਗਾਉਂਦੇ ਜਿਨ੍ਹਾਂ ਨੂੰ ਜੰਗਲ ਬਿਨ੍ਹਾ ਉਚੇਚ ਦੇ ਆਪਣੇ ਵਿੱਚ ਜਜ਼ਬ ਕਰ ਲੈਂਦਾ। ਉਹ ਆਪਣੇ ਮ੍ਰਿਤਕਾਂ ਨੂੰ ਮਿੱਟੀ ਵਿੱਚ ਦਫਨਾ ਦਿੰਦੇ ਤਾਂ ਜੋ ਧਰਤੀ ਦਾ ਜਾਇਆ ਮੁੜ ਧਰਤੀ ਵਿਚ ਹੀ ਮਿਲ ਜਾਏੇ।

ਪਰ ਇਰੀਡੀਆ ਵਿਖੇ ਹੁਣ ਤਕ ਪੈਦਾ ਹੋਰ ਜੀਵਾਂ ਦੀ ਤੁਲਨਾ ਵਿੱਚ ਉਨ੍ਹਾਂ ਦੇ ਮਨ ਵੱਖਰੀ ਕਿਸਮ ਦੇ ਸਨ।

ਜਿੱਥੇ ਹੋਰ ਜੀਵ ਗਿਆਨ ਆਪਣੇ ਸਰੀਰਾਂ ਵਿੱਚ ਸਾਂਭੀ ਰੱਖਦੇ ਸਨ ਜਿਵੇਂ ਕਿ ਆਪਣੇ ਸੁਭਾਅ ਵਿੱਚ, ਹੱਡੀਆਂ ਦੀ ਮਿੱਝ ਵਿੱਚ ਅਤੇ ਵਿਕਾਸ ਦੇ ਧੀਮੀ ਗਤੀ ਵਿੱਚ। ਇਹ ਦੋ-ਪੈਰਾਂ ਵਾਲੇ ਬਾਂਦਰ ਆਪਣਾ ਗਿਆਨ ਮੂੰਹਾਂ ਵਿੱਚ ਰੱਖਦੇ ਸਨ। ਉਹ ਚੀਜ਼ਾਂ ਨੂੰ ਨਾਮ ਦਿੰਦੇ ਸਨ। ਅਤੇ ਜਦੋਂ ਉਹ ਕਿਸੇ ਚੀਜ਼ ਦਾ ਨਾਮ ਰੱਖਦੇ, ਉਹ ਮੰਨ ਲੈਂਦੇ ਕਿ ਹੁਣ ਉਹ ਉਸਦੇ ਮਾਲਕ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ "ਸੇਪਿਅਨਜ਼" ਕਿਹਾ। ਭਾਵ "ਬੁੱਧੀਮਾਨ।"

ਹਜ਼ਾਰਾਂ ਸਾਲਾਂ ਤੱਕ ਉਹ ਇਰੀਡੀਆ ਦੇ ਕੁਦਰਤੀ ਸੰਗੀਤ ਦਾ ਹਿੱਸਾ ਰਹੇ। ਫਿਰ ਖੇਤੀ ਆਈ ਅਤੇ ਇਕੋ ਵੰਨਗੀ ਵਾਲੇ ਫਸਲੀ ਖੇਤਾਂ ਨੇ ਘਾਹ-ਮੈਦਾਨ ਨਿਗਲ ਲਏ। ਫਿਰ ਉਦਯੋਗ ਆਇਆ, ਅਤੇ ਸੇਪਿਅਨਜ਼ ਨੇ ਖੋਜਿਆ ਕਿ ਇਰੀਡੀਆ ਨੇ ਆਪਣੇ ਭੂ-ਤਲ ਹੇਠਾਂ ਪ੍ਰਾਚੀਨ ਸੂਰਜੀ ਰੌਸ਼ਨੀ ਸੰਭਾਲ ਕੇ ਰੱਖੀ ਹੋਈ ਹੈ: ਤੀਹ ਕਰੋੜ ਸਾਲ ਪੁਰਾਣੇ ਜੰਗਲ, ਜੋ ਕੋਲੇ, ਤੇਲ ਅਤੇ ਗੈਸ ਵਿੱਚ ਬਦਲ ਗਏ ਸਨ।

ਉਹਨਾਂ ਨੇ ਕੇਵਲ ਦੋ ਸਦੀਆਂ ਵਿੱਚ ਉਹ ਸਭ ਸਾੜ ਦਿੱਤਾ ਜੋ ਗ੍ਰਹਿ ਨੇ ਤੀਹ ਕਰੋੜ ਸਾਲਾਂ ਵਿੱਚ ਸੰਭਾਲਿਆ ਸੀ।

ਆਪਣੇ ਚਮਕਦਾਰ ਸ਼ਹਿਰਾਂ ਵਿੱਚ ਉਹ ਐਲਾਨ ਕਰਦੇ ਸਨ:

"ਅਸੀਂ ਕੁਦਰਤ ਨੂੰ ਜਿੱਤ ਰਹੇ ਹਾਂ।"

ਉਹ ਨਹੀਂ ਸਮਝੇ ਸਨ ਕਿ ਉਹ ਆਪ ਹੀ ਕੁਦਰਤ ਹਨ। ਉਹ ਨਹੀਂ ਸਮਝੇ ਸਨ ਕਿ ਜੋ ਜੀਵ ਆਪਣੇ ਮੇਜ਼ਬਾਨ ਨੂੰ ਲੋੜੋਂ ਵੱਧ ਖਾਂਦਾ ਹੈ, ਉਹ ਜੇਤੂ ਨਹੀਂ ਹੁੰਦਾ, ਉਹ ਤਾਂ ਪਰਜੀਵੀ ਹੁੰਦਾ ਹੈ।

ਅਤੇ ਜੋ ਪਰਜੀਵੀ ਆਪਣੇ ਮੇਜ਼ਬਾਨ ਨੂੰ ਮਾਰ ਦੇਵੇ, ਉਹ ਆਪਣੀ ਹੀ ਵਿਨਾਸ਼ਕਥਾ ਲਿਖਦਾ ਹੈ।

******

ਡਾ. ਮੀਨਾ ਪਾਠਕ ਨੇ ਕੈਨੇਡਾ ਦੇ ਉੱਤਰੀ ਖੋਜ ਕੇਂਦਰ ਵਿੱਚ ਗਿਆਰਾਂ ਸਾਲ ਬਿਤਾਏ ਸਨ। ਉਸ ਨੇ ਇਰੀਡੀਆ ਦੇ ਬਦਲਦੇ ਹਾਲਾਤ ਪੜ੍ਹਣੇ ਸਿੱਖ ਲਏ ਸਨ, ਬਿਲਕੁਲ ਉਸ ਤਰ੍ਹਾਂ ਜਿਵੇਂ ਕੋਈ ਡਾਕਟਰ ਮਰੀਜ਼ ਦਾ ਚਿਹਰਾ ਪੜ੍ਹਦਾ ਹੈ।

ਆਪਣੇ ਜੀਵਨ ਦੇ ਤਰਤਾਲੀਵੇਂ ਸਾਲ ਦੀ ਬਸੰਤ ਵਿੱਚ ਜਦੋਂ ਉਹ ਸਵੇਰੇ ਬਾਹਰ ਨਿਕਲੀ ਅਤੇ ਉਸ ਨੇ ਮਹਿਸੂਸ ਕੀਤਾ ਕਿ ਜ਼ਮੀਨ ਵਿੱਚ ਇੱਕ ਅਜੀਬ ਨਰਮੀ ਸੀ। ਪਰਮਾ-ਫਰਾਸਟ, ਜੋ ਆਖਰੀ ਬਰਫ਼ ਯੁੱਗ ਤੋਂ ਜੰਮਿਆ ਹੋਇਆ ਸੀ, ਪਿਘਲ ਰਿਹਾ ਸੀ।

ਉਹ ਵਾਪਸ ਅੰਦਰ ਆਈ ਅਤੇ ਲੰਮੇ ਸਮੇਂ ਤੱਕ ਆਪਣੇ ਯੰਤਰਾਂ ਵੱਲ ਤੱਕਦੀ ਰਹੀ।

"ਸ਼ੀਨਾ," ਉਸਨੇ ਆਖਿਰਕਾਰ ਹੌਲੇ ਨਾਲ ਕਿਹਾ, "ਮੀਥੇਨ ਦੀਆਂ ਰੀਡਿੰਗਾਂ…"

ਉਸ ਦੀ ਸਾਥੀ ਨੇ ਸਿਰ ਚੁੱਕ ਉਸ ਵੱਲ ਦੇਖਿਆ, ਫਿਰ ਕੰਪਿਊਟਰ ਦੀ ਸਕਰੀਨ ਉੱਤੇ ਮੌਜੂਦ ਅੰਕੜ੍ਹਿਆਂ ਉੱਤੇ ਝਾਤ ਮਾਰੀ, ਤੇ ਹੱਥਲਾ ਕਾਫੀ ਦਾ ਕੱਪ ਡੈਸਕ ਉੱਤੇ ਰੱਖ ਦਿੱਤਾ।

"ਇਹ ਗਲਤ ਨਹੀਂ ਹਨ," ਉਸ ਨੇ ਹੌਲੇ ਜਿਹੇ ਕਿਹਾ। "ਬਿਲਕੁਲ ਸਹੀ ਹਨ ਇਹ।"

ਇਰੀਡੀਆ ਦਾ ਤਾਪਮਾਨ ਪਹਿਲਾਂ 1.5 ਡਿਗਰੀ ਵਧਿਆ ਤੇ ਫਿਰ 2 ਡਿਗਰੀ ਤਕ ਹੋ ਗਿਆ। ਤਦ ਤਾਂ ਫਿਰ ਫੀਡਬੈਕ ਲੂਪ ਚੱਲ ਪਿਆ, ਬਰਫ਼ ਦੀ ਥਾਂ ਕਾਲੇ ਸਮੁੰਦਰ ਨੇ ਮੱਲ ਲਈ। ਪਿਘਲਦੇ ਪਰਮਾ-ਫਰਾਸਟ ਨੇ ਮੀਥੇਨ ਛੱਡਣੀ ਸ਼ੁਰੂ ਕਰ ਦਿੱਤੀ ਸੀ, ਮਰ ਰਹੇ ਜੰਗਲ ਜਜ਼ਬ ਕੀਤੀ ਹੋਈ ਕਾਰਬਨ ਛੱਡ ਰਹੇ ਸਨ। ਹਰ ਕਿਰਿਆ ਹੀ ਤਾਪਮਾਨ ਵਿਚ ਹੋਰ ਵਾਧਾ ਕਰਦੀ ਜਾ ਰਹੀ ਸੀ।

ਮਾਨਸੂਨ ਪੌਣਾਂ ਗਲਤ ਮਹੀਨਿਆਂ ਵਿੱਚ ਆਉਣ ਲੱਗੀਆਂ। ਸਮੁੰਦਰ ਸਮੁੰਦਰੀ ਤੱਟ ਨੂੰ ਨਿਗਲਣ ਲੱਗ ਪਏ ਸਨ। ਅੱਗਾਂ ਨੇ ਸੁੱਖੇ ਜੰਗਲਾਂ ਵਾਲੇ ਮਹਾਂਦੀਪਾਂ ਦਾ ਨਾਸ਼ ਕਰ ਦਿੱਤਾ।

ਡਾ। ਪਾਠਕ ਨੇ ਸਭ ਕੁਝ ਦਰਜ ਕੀਤਾ। ਉਸ ਨੇ ਰਿਪੋਰਟਾਂ ਲਿਖੀਆਂ। ਕਮੇਟੀਆਂ ਅੱਗੇ ਗਵਾਹੀ ਦਿੱਤੀ। ਪਰ ਸੂਟ ਪਹਿਨੇ ਲੋਕ ਨਿਮਰਤਾ ਨਾਲ ਸੁਣਦੇ ਰਹ, ਉਸ ਨਿਮਰਤਾ ਨਾਲ ਜੋ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੋਵੇ।

ਉਸ ਨੇ ਆਪਣੇ ਖੋਜ ਕਾਰਜਾਂ ਦੇ ਨਤੀਜਿਆਂ ਨੂੰ ਬਹਿਸ-ਮੁਬਾਹਿਸਾਂ ਵਿੱਚ ਹਲਕੇ ਪੈਂਦੇ ਵੇਖਿਆ। ਫਿਰ ਇੱਕ ਹੋਰ ਦਹਾਕਾ ਲੰਘ ਗਿਆ।

ਇੱਕ ਸ਼ਾਮ, ਜਦੋਂ ਉਹ ਲਾਲ-ਸੰਤਰੀ ਨਜ਼ਰ ਆ ਰਹੇ ਸੂਰਜ ਨੂੰ ਦੇਖ ਰਹੀ ਸੀ ਤਾਂ ਉਸ ਨੇ ਸ਼ੀਨਾ ਨੂੰ ਕਿਹਾ, "ਅਸੀਂ ਉਨ੍ਹਾਂ ਨੂੰ ਦੱਸਦੇ ਰਹਿੰਦੇ ਹਾਂ"। ਸੂਰਜ ਦਾ ਗੂੜ੍ਹਾ ਲਾਲ-ਸੰਤਰੀ ਸਿਰਫ਼ ਇਸ ਲਈ ਖੂਨ-ਰੰਗਾ ਨਜ਼ਰ ਆ ਰਿਹਾ ਸੀ ਕਿਉਂ ਕਿ ਚੋਗਿਰਦਾ ਧੂੰਏ ਨਾਲ ਭਰਿਆ ਹੋਇਆ ਸੀ।

"ਅਤੇ ਉਹ ਕੀ ਕਰਦੇ ਹਨ?"

"ਸਿਰਫ਼ ਬਹਿਸਬਾਜ਼ੀ," ਸ਼ੀਨਾ ਨੇ ਕਿਹਾ।

ਤੇ ਉਹ ਸ਼ਬਦ ਬੇਆਵਾਜ਼ ਪੱਥਰ ਵਾਂਗ ਡਿੱਗ ਗਏ।

******

2.8 ਡਿਗਰੀ ਗਰਮੀ ਉੁੱਤੇ ਇਰੀਡੀਆ ਦਾ ਧੀਰਜ ਖ਼ਤਮ ਹੋ ਗਿਆ।

ਕਿਸੇ ਗੁੱਸੇ ਨਾਲ ਨਹੀਂ। ਨਾ ਹੀ ਕਿਸੇ ਸੋਚ ਨਾਲ। ਸਿਰਫ਼ ਭੌਤਿਕ ਵਿਗਿਆਨ ਦੀ ਬਦੌਲਤ।

ਉਸ ਨੂੰ ਬੁਖਾਰ ਸੀ। ਅਤੇ ਬੁਖਾਰ ਵਾਲਾ ਸਰੀਰ ਗੱਲਾਂ ਨਹੀਂ ਕਰਦਾ। ਉਹ ਕੰਬਦਾ ਹੈ।

ਸਭ ਤੋਂ ਪਹਿਲਾਂ ਭੂਚਾਲ ਆਏ। ਫਿਰ ਜੁਆਲਾਮੁਖੀ ਫੱਟਣ ਲੱਗੇ। ਉਪਰੰਤ ਹੜ੍ਹਾਂ ਦਾ ਸੈਲਾਬ ਆ ਗਿਆ ਅਤੇ ਫਿਰ ਅਕਾਲ ਦਾ ਬੋਲ-ਬਾਲਾ।

"ਅਸੀਂ ਕਿੱਥੇ ਜਾਈਏ?" ਹਰਲੀਨ ਨਾਮ ਦੀ ਇੱਕ ਜਵਾਨ ਔਰਤ ਨੇ ਪੁੱਛਿਆ। ਉਸ ਦੇ ਗੋਡੇ ਗੋਡੇ ਸਮੁੰਦਰੀ ਪਾਣੀ ਵਿੱਚ ਖੜ੍ਹੀ ਸੀ। ਇੱਕ ਨਿੱਕਾ ਜਿਹਾ ਬੱਚਾ ਉਸ ਦੇ ਲੱਕ ਨਾਲ ਚਿੰਬੜਿਆ ਹੋਇਆ ਸੀ। ਉਸ ਦੇ ਪਿੱਛੇ ਪਾਸੇ ਨਜ਼ਰ ਆ ਰਹੀ ਇਮਾਰਤ ਪਾਣੀ ਵਿੱਚ ਰੁੜ੍ਹਦੀ ਨਜ਼ਰ ਆ ਰਹੀ ਸੀ।

ਕਿਸੇ ਕੋਲ ਜਵਾਬ ਨਹੀਂ ਸੀ।

ਫਿਰ ਵਾਇਰਸਾਂ ਨੇ ਹਮਲਾ ਬੋਲ ਦਿੱਤਾ।

ਪਿਘਲਦੇ ਪਰਮਾ-ਫਰੋਸਟ ਵਿੱਚੋਂ ਸਿਰਫ਼ ਮੀਥੇਨ ਗੈਸ ਹੀ ਨਹੀਂ ਨਿਕਲੀ; ਹਜ਼ਾਰਾਂ ਸਾਲ ਪੁਰਾਣੇ ਜਾਨਵਰਾਂ ਦੇ ਸਰੀਰ ਵੀ ਬਾਹਰ ਆ ਗਏ। ਉਨ੍ਹਾਂ ਦੇ ਯਖ਼-ਮੁਰਦਾ ਸਰੀਰਾਂ ਵਿੱਚ ਅਜਿਹੇ ਵਾਇਰਸ ਮੌਜੂਦ ਸਨ, ਜਿਨ੍ਹਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਦਾ ਅਜੇ ਕੋਈ ਤੋੜ੍ਹ ਨਹੀਂ ਸੀ ਬਣਿਆ।

ਇੱਕ ਵਾਇਰਸ ਸਾਈਬੇਰੀਆ ਦੀ ਘਾਟੀ ਵਿੱਚੋਂ ਉਭਰਿਆ। ਅੱਠ ਮਹੀਨਿਆਂ ਵਿੱਚ ਉਹ ਹਰ ਮਹਾਂਦੀਪ ਵਿਖੇ ਪਹੁੰਚ ਗਿਆ।

ਉੱਤਰੀ ਖੋਜ ਕੇਂਦਰ ਵਿੱਚ ਹੁਣ ਡਾ. ਪਾਠਕ ਇਕੱਲੀ ਰਹਿ ਗਈ ਸੀ। ਮਸ਼ੀਨੀ-ਯੰਤਰ ਹੁਣ ਵੀ ਚੱਲ ਰਹੇ ਸਨ, ਪਰ ਉਨ੍ਹਾਂ ਦੀ ਕੋਈ ਮਹੱਤਤਾ ਨਹੀਂ ਸੀ ਰਹਿ ਗਈ।

ਉਸ ਨੇ ਆਪਣੀ ਡਾਇਰੀ ਖੋਲੀ ਅਤੇ ਲਿਖਿਆ:

"ਅਸੀਂ ਆਪਣੇ ਆਪ ਨੂੰ ਬੁੱਧੀਮਾਨ ਕਹਿੰਦੇ ਰਹੇ। ਹੁਣ ਮੈਂ ਸੋਚਦੀ ਹਾਂ ਕਿ ਸ਼ਾਇਦ ਅਸੀਂ ਸਿਰਫ਼ ਜਗਿਆਸੂ ਸੀ: ਅਸਧਾਰਣ, ਪ੍ਰਭਾਵਸ਼ਾਲੀ, ਪਰ ਘਾਤਕ ਜਿਗਿਆਸੂ।"

ਉਸ ਨੇ ਕਲਮ ਰੱਖ ਦਿੱਤੀ।

ਫਿਰ ਉਹ ਕੋਟ ਪਾ ਕੇ ਬਾਹਰ ਨਿਕਲ ਗਈ, ਨਾ ਦੌੜਦੀ ਹੋਈ, ਨਾ ਰੋਂਦੀ ਹੋਈ, ਸਿਰਫ਼ ਹੌਲੇ ਹੌਲੇ ਤੁਰਦੀ ਹੋਈ।

ਇੱਕ ਵਿਗਿਆਨੀ ਵਾਂਗ, ਆਖਰੀ ਪਲ ਤੱਕ ਵੇਖਦੀ ਹੋਈ।

ਉਹ ਮੁੜ ਕਦੇ ਨਜ਼ਰ ਨਹੀਂ ਆਈ।

******

ਗ੍ਰਹਿ ਦੀ ਗਿਣਤੀ-ਮਿਣਤੀ ਇੱਕ ਵੱਡੀ ਤਬਾਹੀ ਨਾਲ ਖਤਮ ਨਹੀਂ ਹੋਈ। ਇਹ ਤਬਾਹੀ ਤਾਂ ਅਨੇਕ ਤਬਾਹੀਆਂ ਦਾ ਮਿਲਗੋਭਾ ਸੀ।

ਇੱਕ ਹੀ ਸਾਲ ਵਿੱਚ ਚਾਰ ਮਹਾਂਦੀਪਾਂ ਵਿੱਚ ਫਸਲਾਂ ਨਸ਼ਟ ਹੋ ਗਈਆਂ। ਉਸੇ ਸਾਲ ਸਮੁੰਦਰੀ ਤੱਟਾਂ ਉੱਤੇ ਸਥਿਤ ਤਿੰਨ ਮਹਾਨਗਰ ਸਮੁੰਦਰੀ ਪਾਣੀਆ ਦਾ ਸ਼ਿਕਾਰ ਬਣ ਖ਼ਤਮ ਹੋ ਗਏ। ਆਸਮਾਨ ਵਿੱਚ ਫੈਲੀ ਜਵਾਲਾਮੁਖੀਆਂ ਦੀ ਰਾਖ ਦੇ ਪ੍ਰਭਾਵ ਹੇਠ ਉੱਤਰੀ ਗੋਲਾਰਧ ਵਿੱਚ ਸਰਦੀ ਦਾ ਮੌਸਮ ਲੰਮਾ ਹੋ ਗਿਆ ਜਿਸ ਕਾਰਣ ਖੇਤੀ ਦਾ ਸਮਾਂ ਅੱਧਾ ਰਹਿ ਗਿਆ।

ਸਮਾਜਿਕ ਵਿਵਸਥਾ, ਜੋ ਕੁਸ਼ਲ ਸਪਲਾਈ-ਚੇਨਾਂ ਉੱਤੇ ਨਿਰਭਰ ਸੀ, ਇੱਕ-ਇੱਕ ਕਰਕੇ ਵਿਗੜਦੀ ਗਈ।

ਆਖਰੀ ਕਾਰਜ-ਕੁਸ਼ਲ ਮੇਅਰ, ਐਲੀਨੋਰ ਨਾਮ ਦੀ ਇੱਕ ਔਰਤ, ਨੇ ਇੱਕ ਡੁੱਬ ਰਹੀ ਇਮਾਰਤ ਵਿੱਚੋਂ ਸੰਦੇਸ਼ ਦਿੱਤਾ:

"ਅਸੀਂ ਸੋਚਿਆ ਸੀ ਕਿ ਅਸੀਂ ਕਹਾਣੀ ਦੇ ਹੀਰੋ ਹਾਂ," ਉਸਨੇ ਕੈਮਰੇ ਵੱਲ ਵੇਖਦੇ ਹੋਏ ਕਿਹਾ। "ਪਰ ਅਸੀਂ ਤਾਂ ਕਹਾਣੀ ਦੇ ਇਕ ਸਾਧਾਰਣ ਜਿਹੇ ਪਾਤਰ ਹੀ ਸਾਂ। ਸਾਡੀ ਕਹਾਣੀ ਤਾਂ ਗ੍ਰਹਿ ਦੀ ਕਿਤਾਬ ਦਾ ਇਕ ਛੋਟਾ ਜਿਹਾ ਅਧਿਆਇ ਹੀ ਸੀ। ਮੈਂ ਆਸ ਕਰਦੀ ਹਾਂ ਕਿ ਬਾਕੀ ਕਿਤਾਬ ਸੁੰਦਰ ਹੋਵੇਗੀ।"

ਸੰਦੇਸ਼ ਖ਼ਤਮ ਹੋ ਗਿਆ।

ਅਗਲੇ ਸਦੀਆਂ ਵਿੱਚ ਸੇਪਿਅਨਜ਼ ਘਟਦੇ ਗਏ। ਕੁਝ ਛੋਟੇ ਸਮੂਹ ਉੱਚੀਆਂ ਘਾਟੀਆਂ ਵਿੱਚ ਬਚੇ ਰਹੇ। ਉਹ ਧਰਤੀ ਬਾਰੇ ਮੁੜ ਜਾਨਣਾ ਸਿੱਖਣ ਲੱਗੇ, ਉਸ ਨੂੰ ਲੁਟਣ ਦੀ ਥਾਂ ਉਸ ਨਾਲ ਸੁਮੇਲਤਾ ਰੱਖਣ ਬਾਰੇ ਸਮਝਣ ਲੱਗੇ।

ਉਨ੍ਹਾਂ ਦੀ ਭੁੱਖ ਦੀਆਂ ਅੱਗਾਂ ਪਹਿਲਾਂ ਨਾਲੋਂ ਬਹੁਤ ਛੋਟੀਆਂ ਅਤੇ ਲੋੜ ਅਨੁਸਾਰ ਹੋ ਗਈਆਂ।

ਉਨ੍ਹਾਂ ਦੇ ਸ਼ਹਿਰਾਂ ਤੇ ਕਸਬਿਆਂ ਦੀਆਂ ਕੰਕਰੀਟ ਦੀਆਂ ਕੰਧਾਂ, ਹਰੀਆਂ ਵੇਲ੍ਹਾਂ, ਮੀਂਹ ਅਤੇ ਰੁੱਖਾਂ ਦੀਆਂ ਜੜ੍ਹਾਂ ਦੇ ਫੈਲਦੇ ਸੰਸਾਰ ਹੇਠ ਹੌਲੀ ਹੌਲੀ ਦਫ਼ਨ ਹੋ ਗਈਆ।

******

ਇਰੀਡੀਆ ਦਾ ਫਿਰ ਚੰਗਾ (ਸਿਹਤਮੰਦ) ਹੋ ਜਾਣਾ ਚਮਤਕਾਰ ਨਹੀਂ ਸੀ। ਇਹ ਰਸਾਇਣ ਵਿਗਿਆਨ ਤੇ ਭੌਤਿਕ ਵਿਗਿਆਨ ਦੀ ਸੁਮੇਲਤਾ ਭਰਿਆ ਹੱਲ ਸੀ।

ਕਾਰਬਨ ਡਾਈਆਕਸਾਈਡ ਹੌਲੀ-ਹੌਲੀ ਘਟਣ ਲੱਗ ਪਈ ਸੀ ਕਿਉਂ ਜੋ ਉਸ ਨੂੰ ਪੈਦਾ ਕਰਨ ਵਾਲੇ ਮਨੁੱਖੀ-ਸੋਮੇ (ਫੈਕਟਰੀਆਂ) ਬੰਦ ਹੋ ਚੁੱਕੇ ਸਨ। ਸਮੁੰਦਰਾਂ ਦਾ ਤੇਜ਼ਾਬੀਪਣ ਘਟਦਾ ਹੋਇਆ ਸੰਤੁਲਿਤ ਹਾਲਤ ਵੱਲ ਵੱਧ ਰਿਹਾ ਸੀ। ਗਰਮ-ਖੰਡੀ ਸਾਗਰਾਂ ਵਿਚ ਕੋਰਲ ਜੀਵ ਫਿਰ ਵਧਣ ਲੱਗੇ। ਦਰਿਆਈ ਪਾਣੀਆਂ ਵਿੱਚ ਮੱਛੀਆਂ ਵਾਪਸ ਆ ਗਈਆਂ। ਹਰੇ ਭਰੇ ਜਮਗਲਾਂ ਵਿੱਚ ਪੰਛੀਆਂ ਨੇ ਆ ਡੇਰੇ ਲਾਏ।

ਜੰਗਲ ਸਭ ਤੋਂ ਪਹਿਲਾਂ ਗਰਮ ਖੇਤਰਾਂ ਵਿੱਚ ਵਾਪਸ ਆਏ। ਫਰਨਾਂ ਨੇ ਸ਼ਾਪਿੰਗ ਮਾਲਜ਼ ਦੀਆਂ ਫਰਸ਼ਾਂ ਫਾੜ੍ਹ ਸਿਰ ਕਢ ਲਏ। ਦਰਿਆਵਾਂ ਨੇ ਮੁੜ ਆਪਣੇ ਕੁਦਰਤੀ ਰਾਹਾਂ ਉੱਤੇ ਵਹਿਣਾਂ ਸ਼ੁਰੂ ਕਰ ਦਿੱਤਾ।

ਸੂਖੰ-ਜੀਵਾਣੂੰਆਂ ਦਾ ਤਾਣਾ-ਬਾਣਾ, ਜੋ ਪੁਰਾਣੇ ਜੰਗਲਾਂ ਵਿੱਚ ਜਿਊਂਦਾ ਬਚਿਆ ਹੋਇਆ ਸੀ, ਮੁੜ ਫੈਲਣ ਲੱਗਾ, ਠੀਕ ਉਵੇਂ ਜਿਵੇਂ ਕੋਈ ਜਖ਼ਮ ਹੌਲੇ ਹੌਲੇ ਭਰਦਾ ਹੈ।

ਉਨ੍ਹਾਂ ਰਾਹਾਂ ਉੱਤੇ ਹਾਥੀ ਫਿਰ ਘੁੰਮਣ ਲੱਗੇ ਜਿਨ੍ਹਾਂ ਰਾਹਾਂ ਬਾਰੇ ਉਹ ਪਿਛਲੇ ਦਸ ਹਜ਼ਾਰ ਸਾਲਾਂ ਤੋਂ ਭੁੱਲੇ ਹੋਏ ਸਨ।

ਵੇਲ੍ਹ ਮੱਛੀਆਂ ਫਿਰ ਆਪਣੇ ਮਨ-ਲੁਭਾਵਣੇ ਗੀਤ ਗਾਉਣ ਲੱਗੀਆਂ।

ਪੰਜ ਸੌ ਸਾਲਾਂ ਦਾ ਅਰਸਾ ਬੀਤਣ ਨਾਲ ਘਾਅ ਭਰਨ ਲੱਗ ਪਿਆ ਸੀ।

ਅਗਲੇ ਪੰਜ ਹਜ਼ਾਰ ਸਾਲਾਂ ਵਿੱਚ ਉਹ ਲਗਭਗ ਠੀਕ ਹੋ ਗਿਆ ਸੀ।

ਪੰਜਾਹ ਹਜ਼ਾਰ ਸਾਲਾਂ ਵਿੱਚ ਇਰੀਡੀਆ ਪਹਿਲਾਂ ਨਾਲੋਂ ਵੀ ਵਧੇਰੇ ਸੰਪੰਨ ਹੋ ਚੁੱਕਿਆ ਸੀ।

******

ਇੱਕ ਟਿੱਲੇ ਉੱਤੇ, ਜਿੱਥੇ ਕਦੇ ਕੋਈ ਸ਼ਹਿਰ ਖੜ੍ਹਾ ਸੀ, ਹੁਣ ਸਿਰਫ਼ ਮੈਦਾਨ ਸੀ।

ਚਾਰੋ ਪਾਸੇ ਜੰਗਲੀ ਫੁੱਲ ਖਿੜ ਰਹੇ ਸਨ। ਭੂਰੇ-ਚਿੱਟੇ ਡੱਬ-ਖੜ੍ਹਬਿਆਂ ਵਾਲੀ ਇੱਕ ਹਿਰਣੀ ਮੈਦਾਨ ਦੇ ਕਿਨਾਰੇ ਖੜ੍ਹੀ ਹਵਾ ਦਾ ਰੁਖ ਜਾਂਚ ਰਹੀ ਸੀ। ਕਿਸੇ ਵੀ ਖ਼ਤਰੇ ਦਾ ਕੋਈ ਅਹਿਸਾਸ ਨਾ ਪਾ ਉਹ ਹੌਲੇ ਜਿਹੇ ਘਾਹ ਭਰੇ ਮੈਦਾਨ ਵੱਲ ਚੱਲ ਪਈ।

ਉਸ ਦੇ ਖੁਰਾਂ ਹੇਠਾਂ, ਤਿੰਨ ਮੀਟਰ ਡੂੰਘਾਈ ਵਿੱਖੇ, ਇੱਕ ਜੰਗ ਲੱਗੀ ਧਾਤ ਦੀ ਤਖ਼ਤੀ ਦੱਬੀ ਹੋਈ ਸੀ। ਉਸ ਉੱਤੇ ਲਿਖੇ ਸ਼ਬਦ ਹੁਣ ਮਿੱਟੀ ਵਿੱਚ ਰਲ ਚੁੱਕੇ ਸਨ।

ਹਿਰਣੀ ਇਸ ਬਾਰੇ ਬਿਲਕੁਲ ਅਣਜਾਣ ਸੀ।

ਘਾਹ ਭਰਿਆ ਮੈਦਾਨ ਵੀ ਇਸ ਤੋਂ ਬੇਖ਼ਬਰ ਸੀ।

ਇਰੀਡੀਆ ਵੀ ਇਸ ਬਾਰੇ ਨਹੀਂ ਸੀ ਜਾਣਦਾ, ਤੇ ਨਾ ਹੀ ਉਸ ਨੂੰ ਇਸ ਬਾਰੇ ਜਾਨਣ ਦੀ ਕੋਈ ਲੋੜ੍ਹ ਹੀ ਸੀ।

ਨਵੀਂ ਸਵੇਰ ਦਾ ਸੂਰਜ ਉਦੇ ਹੋ ਰਿਹਾ ਸੀ। ਰੌਸ਼ਨੀ ਫੁੱਲਾਂ ਦੀਆਂ ਪੱਤੀਆਂ ਨੂੰ ਚਮਕ ਬਖ਼ਸ਼ ਰਹੀ ਸੀ। ਸ਼ਹਿਦ ਦੀਆਂ ਮੱਖੀਆਂ ਨੇ ਫੁੱਲਾਂ ਉੱਤੇ ਮੰਡਰਾਉਣਾਂ ਸ਼ੁਰੂ ਕਰ ਦਿੱਤਾ ਸੀ।

ਇਰੀਡੀਆ ਨੇ ਸਾਹ ਲਿਆ।

ਇਰੀਡੀਆ ਨੇ ਸਾਹ ਛੱਡਿਆ।

ਅਤੇ ਦੂਰ ਕਿਧਰੇ ਕਿਸੇ ਗਰਮ ਪਾਣੀ ਦੇ ਛੋਟੇ ਜਿਹੇ ਬੇਨਾਮ ਛੱਪੜ੍ਹ ਵਿੱਚ, ਇੱਕ ਛੋਟਾ ਜਿਹਾ ਬਹੁ-ਸੈੱਲੀ ਜੀਵ ਇੱਕ ਨਵੇਂ ਢੰਗ ਨਾਲ ਵੰਡ ਹੁੰਦਾ ਨਵੀਆਂ ਪ੍ਰੋਟੀਨ ਲੜ੍ਹੀਆਂ ਦਾ ਜਨਮਦਾਤਾ ਬਣ ਰਿਹਾ ਸੀ। ਸ਼ਾਇਦ ਇਹ ਇਰੀਡੀਆ ਦੇ ਸਦੀਵੀ ਪ੍ਰਸ਼ਨ ਦਾ ਨਵਾਂ ਜਵਾਬ ਸੀ; ਅਤੇ ਇਹ ਸਵਾਲ ਸੀ

"ਅੱਗੇ ਕੀ ਹੋਵੇਗਾ?"

ਕਿਸੇ ਨੇ ਜਵਾਬ ਨਹੀਂ ਦਿੱਤਾ।

ਪਰ, ਇਰੀਡੀਆ ਉੱਤੇ ਮੌਜੂਦ ਹਰ ਚੀਜ਼ ਹੀ ਇਸ ਦਾ ਜਵਾਬ ਸੀ।

******

ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1200 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 75 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਅਜ ਕਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਸੇਵਾ ਨਿਭਾ ਰਹੇ ਹਨ।

ਵੈਬਸਾਈਟ : www.drdpsinghauthor.wordpress.com

ਈ-ਮੇਲ : drdpsn@gmail.com

khooh
ਵਿਗਿਆਨ ਗਲਪ ਕਹਾਣੀ

ਖੂਹ ਗਿੜਦਾ ਹੈ

ਅਜਮੇਰ ਸਿੱਧੂ

''ਮੈਂ ਰਣਜੋਧ ਸਿੰਘ ਪੁੱਤਰ ਸਰਦਾਰ ਕਾਲਾ ਸਿੰਘ ਵਾਸੀ ਜੰਡਪੁਰ ਜ਼ਿਲ੍ਹਾ ਨਵਾਂ ਸ਼ਹਿਰ ਆਪਣੇ ਪੁੱਤਰ ਯੁੱਧਵੀਰ ਸਿੰਘ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ । ਮੇਰਾ ਉਸ ਦੇ ਲੈਣ-ਦੇਣ ਨਾਲ ਕੋਈ ਸੰਬੰਧ ਨਹੀਂ ਹੋਏਗਾ ।"

ਅਖ਼ਬਾਰ ਵਿਚਲਾ ਬੇਦਖ਼ਲੀ ਵਾਲਾ ਨੋਟਿਸ ਕਮਰੇ ਦੀ ਛੱਤ 'ਤੇ ਚਿਪਕ ਗਿਆ ਹੈ । ਬੈੱਡ 'ਤੇ ਪਿਆ ਹਾਂ । ਸਿਰ ਘੁੰਮਣ ਲੱਗ ਪਿਆ । ਅੱਖਰ ਵੱਡੇ ਹੋ ਰਹੇ ਨੇ । ਮੇਰੀਆਂ ਅੱਖਾਂ ਵਿਚ ਲਾਲੀ ਉੱਤਰ ਆਈ ਹੈ । ਮੇਰੀ ਸੋਚ 'ਕੈਪ' 'ਤੇ ਆ ਗਈ ਆ । 'ਕੈਪ' ਸਿਰ 'ਤੇ ਰੱਖੀ ਗਈ ਹੈ । ਇਨਵਿਜ਼ੀਬਲਮੈਨ ਬਣ ਗਿਆ ਹਾਂ । ਕੰਪਿਊਟਰ ਨੂੰ ਕਮਾਂਡ ਦਿੰਦਾ ਹਾਂ । ਉੱਡ ਪਿਆ ਹਾਂ ।

ਜੰਡਪੁਰ ਰੁਕਣ ਲਈ ਦਿਮਾਗ਼ ਕੰਪਿਊਟਰ ਨੂੰ ਮੈਸਜ਼ ਦਿੰਦਾ ਹੈ । ਕੋਠੀ ਦੀ ਛੱਤ ਤੋਂ ਵਿਹੜੇ ਵਿਚ ਨਿਗ੍ਹਾ ਮਾਰੀ ।

''ਵੱਡਿਆ ਸੂਰਮਿਆ, ਭੱਜ ਲੈ ਜਿਧਰ ਭੱਜ ਹੁੰਦਾ ।" ਮੈਂ ਰਣਜੋਧ ਸਿੰਘ ਕਾਮਰੇਡ ਨੂੰ ਦੇਖ ਕੇ ਲਲਕਾਰਾ ਮਾਰਿਆ ਹੈ । ਮੰਮੀ ਉਸ ਉੱਤੇ ਲਿਟ ਗਈ ਹੈ । ਕੰਪਿਊਟਰ ਨੂੰ ਕਮਾਂਡ ਦਿੰਦਾ ਹਾਂ । ਰੇਅਜ਼ ਨਿਕਲਦੀਆਂ ਹਨ । ਦੋਨਾਂ ਨੂੰ ਛਲਣੀ ਕਰ ਦਿੰਦੀਆਂ ਹਨ । ਮੈਂ ਛੱਤ ਤੋਂ ਵਿਹੜੇ ਵਿਚ ਆਇਆ ਹਾਂ । ਕਾਮਰੇਡ ਦੀ ਲੋਥ 'ਤੇ ਜ਼ੋਰ ਨਾਲ ਪੈਰ ਮਾਰਦਾ ਹਾਂ ।

''ਹਾਏ ! ਮਰ ਗਿਆ ਓਏ ।" ਮੈਂ ਬੈੱਡ 'ਤੇ ਪਿਆ ਦੋਹਰਾ ਹੋ ਗਿਆ ਹਾਂ । ਪੈਰ ਦੇ ਦਰਦ ਨੇ ਮੇਰੀਆਂ ਚੀਕਾਂ ਕੱਢਾ ਦਿੱਤੀਆਂ ।...ਉੱਠ ਕੇ ਪੈਰ ਮਲ਼ਿਆ । ਸੁਪਨੇ ਨਾਲੋਂ ਟੁੱਟ ਕੇ ਆਲੇ-ਦੁਆਲੇ ਦੇਖਦਾ ਹਾਂ । ਆਪਣੇ ਆਪ ਨੂੰ ਕਮਰੇ ਵਿਚ ਦੇਖ ਕੇ ਹੈਰਾਨੀ ਹੋਈ ਆ । ਰਾਤ ਸ਼ਰਤ ਲਾ ਕੇ ਸਮੈਕ ਪੀਣ ਲੱਗ ਪਏ ਸਾਂ । ਇਥੇ ਕਿਵੇਂ ਪੁੱਜਾ? ਪਤਾ ਨਹੀਂ ।...ਕਲੌਕ ਨੌ ਵਜਾ ਰਿਹਾ ਹੈ । ਉੱਠਣ ਨੂੰ ਚਿੱਤ ਤਾਂ ਨ੍ਹੀਂ ਕਰਦਾ । ਸਰੀਰ ਟੁੱਟਾ ਪਿਆ । ਟੇਬਲ ਤੋਂ ਅਧੀਆ ਚੁੱਕਿਆ ।...ਸਰੀਰ ਕਾਇਮ ਹੋ ਗਿਆ । ਤਿਆਰ ਹੋ ਕੇ ਕੰਨਟੀਨ ਤੋਂ ਬਰੇਕਫਾਸਟ ਕਰਦਾ ਹਾਂ ।

ਕੰਪਿਊਟਰ ਸੈਂਟਰ ਵੜਦਿਆਂ ਹੀ ਏ ਪੀ ਸਿੰਘ ਨੂੰ ਦੇਖਦਾਂ । ਉਹ ਹੈ ਨਹੀਂ । ਕਮਰੇ ਵਿਚ ਮੂਰਤਾਂ ਨੂੰ ਅਲਮਾਰੀ ਵਿਚੋਂ ਕੱਢ ਕੇ ਟੇਬਲ 'ਤੇ ਰੱਖ ਲਿਆ । ਖੱਬੇ ਪ੍ਰੋਫ਼ੈਸਰ ਰਣਜੋਧ ਸਿੰਘ ਹੈ ਜਾਂ ਕਹਿ ਲਓ ਮੇਰਾ ਪਿਉ ਕਾਮਰੇਡ ਰਣਜੋਧ ਸਿੰਘ ਹੈ । ਇਸ ਖੱਬੇ-ਪੱਖੀ ਦੇ ਸੱਜੇ ਮੰਮੀ ਹਰਜੀਤ ਕੌਰ ਤੇ ਪਿ੍ੰਸੀਪਲ ਕਾਲੀਆਂ ਨੇ ।

...ਮੈਂ ਸਿਗਰਟ ਸੁਲਗਾ ਲਈ ਹੈ । ਮੂਰਤੀਆਂ ਨੂੰ ਧੂਫ ਬੱਤੀ ਜੂ ਕਰਨੀ ਹੋਈ । ਧੂੰਏਂ ਦੇ ਗੋਲੇ ਛੱਤ 'ਤੇ ਲਟਕ ਗਏ ਨੇ । ਇਕ ਗੋਲਾ ਵੱਡਾ ਹੋ ਰਿਹਾ ਹੈ । ਹੁਣ ਇਹਨੇ ਰਣਜੋਧ ਸਿੰਘ ਦਾ ਰੂਪ ਧਾਰਨ ਕਰ ਲਿਆ ਹੈ । ਲੱਤਾਂ ਉੱਪਰ ਨੂੰ ਸਿਰ ਥੱਲੇ ਨੂੰ ਕਰੀ ਮੇਰੇ ਵੱਲ ਵਧ ਰਿਹਾ । ਦੂਜਾ ਗੋਲਾ ਅਖ਼ਬਾਰ ਵਾਂਗ ਵਿਛੀ ਜਾ ਰਿਹਾ । ਬੇਦਖ਼ਲੀ ਨੋਟਿਸ ਤੈਰਨ ਲੱਗ ਪਿਆ । ਸੁਲਘਦੀ-ਸੁਲਘਦੀ ਸਿਗਰਟ ਰਣਜੋਧ ਸਿੰਘ ਦੇ... ।

''ਕਿਹੜੀ ਮਿੱਟੀ ਦਾ ਬਣਿਐਂ । ਚੀਕ-ਚਿਹਾੜਾ ਵੀ ਨ੍ਹੀਂ ਪਾਂਦਾ ।" ਮੂਰਤੀ ਨੂੰ ਵਗਾਹ ਮਾਰਦਾ ਹਾਂ ।

ਏ ਪੀ ਸਿੰਘ ਪਤਾ ਨਹੀਂ ਕਿਥੇ ਚਲਾ ਗਿਆ ਹੈ । ਮੈਂ ਉਹਦੀ 'ਕੈਪ' ਤੇ 'ਚਿਪ' ਲੱਭ ਰਿਹਾਂ ।...ਚੱਪਾ-ਚੱਪਾ ਛਾਣ ਮਾਰਿਆ । ਉਹ ਵੀ ਹੱਥ ਨ੍ਹੀਂ ਲੱਗੇ ।...ਜੇ ਦੋਨੋਂ ਯੰਤਰ ਮਿਲ ਜਾਣ । ਕਸਮ ਏ ਪੀ ਸਿੰਘ ਦੀ । ਦੁਸ਼ਮਣ ਦੇ ਤੁਖ਼ਮ ਉਡਾ ਦਿਆਂ । ਸਿਗਰਟ ਸੁਲਗਾ ਲਈ ਹੈ ਤੇ ਸੋਚਾਂ ਵਿਚ ਪੈ ਗਿਆ ਹਾਂ ।

''ਕਰੂਰ...ਨਸ਼ੱਈ...ਰੰਡੀਬਾਜ਼ ।" ਧੂੰਏਂ ਦੇ ਅੱਖਰ ਬਣ ਗਏ ਨੇ । ਇਹ ਤਿੰਨ ਨਾਂ ਦਿੱਤੇ ਨੇ ਮੈਨੂੰ ਮੇਰੇ ਬਾਪ ਨੇ । ਘਰੋਂ ਕੱਢਣ ਦਾ ਸੁਆਦ ਦੱਸਣਾਂ ਉਹਨੂੰ । ਬੇਦਖ਼ਲੀ ਨੋਟਿਸ ਛਪਵਾਉਣੇ ਸੌਖੇ ਨੇ ਤੇ... । ਸਵੇਰੇ ਸੁਪਨੇ ਵਿਚ ਜਿਸ ਕੰਪਿਊਟਰ 'ਚਿਪ' ਨਾਲ ਉੱਡ ਰਿਹਾ ਸੀ ਤੇ 'ਕੈਪ' ਲੈਣ ਨਾਲ ਕਿਸੇ ਨੂੰ ਦਿਖ ਨਹੀਂ ਰਿਹਾ ਸੀ, ਉਹ ਏ ਪੀ ਸਿੰਘ ਕੋਲ ਨੇ । ਬੱਸ ਉਹਦੇ ਕੋਲੋਂ ਲੈਣੇ ਨੇ ਤੇ ਰਣਜੋਧ ਸਿੰਘ ਨੂੰ ਸੋਧ ਦੇਣਾ । ਫੇਰ ਆਪਣਾ ਰਾਜ । ਨਾ ਪੈਸੇ ਦੀ ਘਾਟ, ਨਾ ਕੁੜੀਆਂ ਦੀ ।...ਸਿਗਰਟ ਦਾ ਟੋਟਾ ਐਸ਼ਟਰੇਅ ਵਿਚ ਮਸਲ ਦਿੰਦਾ ਹਾਂ ।

ਏ ਪੀ ਸਿੰਘ ਦੀ ਭਾਲ ਵਿਚ ਯੂਨੀਵਰਸਿਟੀ ਆ ਵੜਿਆ ਹਾਂ ।...ਉਹ ਤਾਂ ਮਿਲਿਆ ਨਹੀਂ । ਰੱਜਤ ਸ਼ਰਮਾ ਤੇ ਕਬੀਰ ਠਾਕੁਰ ਕੌਫ਼ੀ-ਹਾਊਸ ਲੈ ਵੜੇ ਨੇ । ਸੰਦੀਪ ਕੌਰ ਆਪਣੀ ਜੁੰਡਲੀ ਸਮੇਤ ਬੈਠੀ ਹੈ । ਸਾਨੂੰ ਦੇਖ ਕੇ ਕੌਫ਼ੀ ਦਾ ਆਰਡਰ ਦਿੱਤਾ ਹੈ । ਮੈਂ ਰਣਜੋਧ ਸਿੰਘ ਤੇ ਏ ਪੀ ਸਿੰਘ ਨੂੰ ਭੁੱਲ ਕੇ ਸੰਦੀਪ ਵਿਚ ਗੁਆਚ ਗਿਆ ਹਾਂ ।

ਕੌਫ਼ੀ ਪੀ ਕੇ ਕੌਫ਼ੀ-ਹਾਊਸ ਤੋਂ ਬਾਹਰ ਆਏ ਹਾਂ । ਮੇਰੀ ਨਿਗ੍ਹਾ ਸੰਦੀਪ ਕੌਰ 'ਤੇ ਟਿਕੀ ਹੋਈ ਹੈ ।

''ਬੜੀਆਂ ਲਲਚਾਈਆਂ ਨਜ਼ਰਾਂ ਨਾਲ ਦੇਖਦੇ ।" ਸੰਦੀਪ ਨੇ ਖੰਘੂਰਾ ਮਾਰਿਆ ਹੈ ।

''ਨਾਈਟ 'ਤੇ ਚੱਲੇਂਗੀ?" ਮੈਂ ਅੱਖ ਦੱਬੀ ਹੈ ।

''ਓ ਸ਼ੱਟ ਅੱਪ !" ਸੰਦੀਪ ਨੇ ਡੇਲੇ ਕੱਢ ਲਏ !

''ਜਿਸ ਦਿਨ ਮੇਰੇ ਕੋਲ 'ਕੈਪ' ਤੇ 'ਚਿਪ' ਹੋਏ । ਇਨਵਿਜ਼ੀਬਲਮੈਨ ਬਣ ਕੇ ਇਨ੍ਹਾਂ ਚਾਰਾਂ ਨੂੰ ਦੱਸਾਂਗਾ । ਰੋਜ਼ ਰਾਤ ਨੂੰ... ।" ਮੈਂ ਚਿੱਤ ਵਿਚ ਸੋਚ ਕੇ ਸੁਜ਼ੁਕੀ ਨੂੰ ਕਿੱਕ ਮਾਰੀ । ਰੇਸ ਵਧਾ ਕੇ ਧੂੰਆਂ ਉਨ੍ਹਾਂ ਦੇ ਮੂੰਹ 'ਤੇ ਮਾਰਿਆ । ਬਾਕੀਆਂ ਨੇ ਵੀ ਗੱਡੀਆਂ ਭਜਾ ਲਈਆਂ ਨੇ ।

ਰੈਸਟੋਰੈਂਟ ਵੜਦਿਆਂ ਹੀ ਰੱਜਤ ਨੇ ਚਿੱਲੀ ਚਿਕਨ, ਬੀਅਰਜ਼ ਤੇ ਵਿਸਕੀ ਲਈ ਆਰਡਰ ਦਿੱਤਾ ਹੈ ।...ਬਹਿਰਾ ਸਲਾਦ ਤੇ ਹੋਰ ਖਾਣ-ਪੀਣ ਵਾਲਾ ਸਾਮਾਨ ਰੱਖ ਗਿਆ ਹੈ । ਅਸੀਂ ਖਾਣ-ਪੀਣ ਵਿਚ ਮਸਤ ਹੋ ਗਏ ਹਾਂ । ਗਲਾਸੀ ਖਾਲੀ ਨਹੀਂ ਹੋਣ ਦੇ ਰਹੇ । ਕੰਧ 'ਤੇ ਲੜਕੀ ਦੀ ਪੋਰਟਰੇਟ ਉਤੇ ਮੇਰੀ ਨਿਗ੍ਹਾ ਟਿਕ ਗਈ ਹੈ । ਪੈੱਗ ਰਾਹੀਂ ਉਹਦੇ ਵੱਲ ਦੇਖ ਰਿਹਾ ਹਾਂ । ਉਹ ਕੰਧ ਤੋਂ ਮੇਰੇ ਵੱਲ ਤੁਰ ਪਈ ਹੈ । ਮਲਕ- ਮਲਕ ਪੈਰ ਰੱਖ ਰਹੀ ਹੈ । ਪਰੀ ਜਿਹੀ ਏ । ਹੁਣ ਗਲਾਸੀ ਵਿਚ ਸ਼ਰਾਬ ਨਹੀਂ ਰਹੀ । ਪਰੀ ਨੇ ਆਪਣੇ ਪਰ ਖ਼ਿਲਾਰ ਲਏ ਨੇ । ਮੁਸਕਰਾ ਪਈ ਹੈ । ਅੱਖਾਂ ਵਿਚ ਅੱਖਾਂ ਪਾਈਆਂ ਨੇ...ਨਹੀਂ ਡੇਲੇ ਕੱਢੇ ਨੇ । ਇਹ ਤਾਂ ਸੰਦੀਪ ਕੌਰ ਦੇ ਨੇ ।

''ਤੈਨੂੰ ਵੀ ਦੇਖ ਲਊਂਗਾ ਵੱਡੀ ਸ਼ੇਰਨੀ ਨੂੰ । ਉਹ ਦੁਆ...ਤ! ਬਾਹਰ ਨਿਕਲ ਓਏ ਰਣਜੋਧ ਸਿਹਾਂ ।" ਮੈਂ ਗਲਾਸੀ ਫ਼ਰਸ਼ 'ਤੇ ਮਾਰ ਕੇ ਮੱਘਾ ਮਾਰਿਆ ਹੈ । ਮੇਰੇ ਮਿੱਤਰ ਮੈਨੂੰ ਸ਼ਰਾਬੀ ਸਮਝ ਕੇ ਰੈਸਟੋਰੈਂਟ 'ਚੋਂ ਬਾਹਰ ਲੈ ਆਏ ਨੇ । ਮੈਂ ਗਾਲ੍ਹਾਂ ਕੱਢਣ ਲੱਗ ਪਿਆ ਹਾਂ । ਕਬੀਰ ਬਿੱਲ ਦੇ ਕੇ ਆਇਆ, ਮੈਨੂੰ ਸ਼ਾਂਤ ਕਰਨ ਲੱਗ ਪਿਆ ਹੈ । ਮੈਂ ਉਹਦੇ ਗਲ ਲੱਗ ਕੇ ਰੋਣ ਲੱਗ ਪਿਆ ਹਾਂ ।

ਕਮਰੇ ਵਿਚ ਆਏ ਹਾਂ । ਟੇਬਲ 'ਤੇ ਪਈ ਬੇਦਖ਼ਲੀ ਨੋਟਿਸ ਵਾਲੀ ਅਖ਼ਬਾਰ ਮੇਰਾ ਸੀਨਾ ਚੀਰ ਗਈ ਹੈ ।

''ਮੈਂ ਨ੍ਹੀਂ ਸੀ ਪੜ੍ਹਨਾ ਚਾਹੁੰਦਾ ਨੈਨੀਤਾਲ । ਰਣਜੋਧ ਸਿੰਘ ਨੇ ਆਪਣੇ ਭਤੀਜਿਆਂ ਦੀ ਖ਼ਾਤਰ ਉਥੇ ਮੇਰੀ ਬਲੀ ਦਿੱਤੀ ।" ਮੇਰਾ ਰੋਣ ਨਿਕਲ ਆਇਆ ਹੈ । ਕੂਕਾਂ ਮਾਰਨ ਲੱਗ ਪਿਆ ਹਾਂ । ਮੇਰੇ ਜਮਾਤੀ ਮੈਨੂੰ ਢਾਰਸ ਦੇ ਕੇ ਚਲਦੇ ਹੋਏ ਨੇ । ਮੇਰੇ ਅੰਦਰ ਭਾਂਬੜ ਬਲ਼ ਰਹੇ ਨੇ । ਮੈਂ ਬੈੱਡ ਤੋੜਨ ਲੱਗ ਪਿਆ ਹਾਂ ।

ਮੇਰੇ ਸਾਹਮਣੇ ਕੈਨੇਡਾ ਵਾਲੇ ਤਾਏ ਜਤਿੰਦਰ ਸਿੰਘ ਦੇ ਮੁੰਡੇ ਮਾਰਕਸ ਹਾਕ ਤੇ ਜੈਜ਼ੀ ਸ਼ੇਰਗਿੱਲ ਨੇ, ਦੂਜੇ ਪਾਸੇ ਵਿਦਿਅਕ ਮਾਹਿਰ ਪ੍ਰੋਫ਼ੈਸਰ ਰਣਜੋਧ ਸਿੰਘ । ਉਹਦੀਆਂ ਆਰਥਿਕ ਪਾਲਸੀਆਂ ਨੇ ਮੈਨੂੰ ਬਲੀ ਦਾ ਬੱਕਰਾ ਬਣਾਇਆ । ਹਾਕ ਤੇ ਜੈਜ਼ੀ ਮੇਰੇ ਸੀਨੀਅਰ ਸਨ । ਏ ਪੀ ਸਿੰਘ ਦੇ ਜਮਾਤੀ । ਨੈਨੀਤਾਲ ਛੱਡਣ ਗਏ ਵਿਦਿਅਕ ਮਾਹਿਰ ਦਾ ਫ਼ੁਰਮਾਨ ਸੀ ।

''ਯੋਧੇ ਪੁੱਤਰ, ਤੈਨੂੰ ਵੱਡਾ ਅਫ਼ਸਰ ਬਣਾਉਣਾ । ਦੱਬ ਕੇ ਪੜ੍ਹਨਾ ।"

''ਹੁਣ ਬੋਲ ਕੇ ਦਿਖਾ ।" ਮੈਂ ਮੂਰਤੀ ਦੇ ਮੂੰਹ ਨੂੰ ਟੇਪ ਲਾ ਦਿੱਤੀ ਹੈ ।

ਮੈਥੋਂ ਛੋਟੀ ਮਲਕਾ ਮੇਰਾ ਬੜਾ ਤੇਹ ਕਰਦੀ । ਉਹਨੂੰ ਛੱਡ ਕੇ ਹੋਸਟਲ ਜਾਣ ਨੂੰ ਚਿੱਤ ਨਾ ਕਰਦਾ । ਤੇਹ ਤਾਂ ਹਾਕ ਤੇ ਜੈਜ਼ੀ ਵੀ ਬਥੇਰਾ ਕਰਦੇ ਸਨ । ਜੇ ਮੈਂ ਨੈਨੀਤਾਲ ਪੜ੍ਹਿਆ ਤਾਂ ਉਨ੍ਹਾਂ ਦੀ ਮਿਹਰਬਾਨੀ ਨਾਲ । ਉਹ ਤਾਂ ਹੁਣ ਵੀ ਪਹਿਲਾਂ ਵਾਂਗ ਹੀ ਬੀਹੇਵ ਕਰਦੇ ਨੇ । ਪਰਸੋਂ ਈ-ਮੇਲ ਚੈਕ ਕੀਤੀ ਤਾਂ ਉਨ੍ਹਾਂ ਦਾ ਮੈਸਜ ਸੀ-

''ਮਿੱਤਰ ਪਿਆਰੇ, ਕੈਨੇਡਾ ਆਉਣਾ ਤਾਂ ਸਪਾਂਸਰ ਕਰੀਏ ।"

''ਥੈਂਕ ਯੂ. ਭਾਅ ਜੀ ।" ਮੈਂ ਉਸੇ ਵੇਲੇ ਮੈਸਜ ਛੱਡ ਦਿੱਤਾ ਸੀ । ਉਨ੍ਹਾਂ ਦਾ ਅਹਿਸਾਨ ਲੈਣ ਦਾ ਮਤਲਬ ਹੋਏਗਾ, ਕਾਮਰੇਡ ਦੇ ਥੱਲੇ ਲੱਗਣਾ । ਮੈਂ 'ਕੈਪ' ਤੇ 'ਚਿਪ' ਦੀ ਮਦਦ ਨਾਲ ਆਪੇ ਕੈਨੇਡਾ ਚਲੇ ਜਾਵਾਂਗਾ । ਕੈਨੇਡਾ ਕੀ? ਮੈਂ ਤਾਂ ਅਮਰੀਕਾ, ਇੰਗਲੈਂਡ ਸਭ ਪਾਸੇ ਇਨਵਿਜ਼ੀਬਲ ਮੈਨ ਬਣ ਕੇ ਜਾ ਸਕਦੈਂ । ਅਰਬ ਦੇ ਹੁਸਨ ਦਾ ਵੀ ਨਜ਼ਾਰਾ ਚੱਖਣੈਂ । ਪਰ 'ਕੈਪ' ਤੇ 'ਚਿਪ'... । ਏ ਪੀ ਸਿੰਘ ਨੇ ਮੈਨੂੰ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਹੈ । ਅੱਜ ਸਾਰਾ ਦਿਨ ਉਹਨੂੰ ਲੱਭਦੇ ਨੇ ਲਾ ਦਿੱਤਾ । ਨੌਜਵਾਨ ਕੰਪਿਊਟਰ ਸੈਂਟਰ ਵੀ ਨਹੀਂ ਵੜਿਆ । ਬੱਸ ਉਹਦੇ ਟੇਬਲ ਤੋਂ 'ਪੰਜ ਪੀਰ' ਦੀ ਕੁਟੇਸ਼ਨ ਹੀ ਪਿ੍ੰਟ ਹੋਈ ਮਿਲੀ । ਇਹ ਕੁਟੇਸ਼ਨ ਕੋਈ ਮਾਮੂਲੀ ਚੀਜ਼ ਨਹੀਂ ਹੈ ।

ਛੋਟੇ ਹੁੰਦੇ ਮੈਂ ਤੇ ਮਲਕਾ ਮੰਮੀ-ਪਾਪਾ ਨਾਲ ਹੀ ਸੌਂਦੇ ਸਾਂ । ਮੰਮਾ ਕੋਲੋਂ ਰੋਜ਼ ਰਾਤ ਨੂੰ ਬਾਤ ਸੁਣਦੇ । ਇਕ ਵਾਰ ਉਨ੍ਹਾਂ ਪੰਜ ਪੀਰਾਂ ਦੀ ਬਾਤ ਸੁਣਾਈ ਸੀ । ''ਇਕ ਮੁਗਲ ਬਾਦਸ਼ਾਹ ਸੀ । ਉਹਦੇ ਗੁਆਂਢੀ ਰਾਜੇ ਦੀ ਧੀ ਰੱਜ ਕੇ ਸੋਹਣੀ ਸੀ । ਮੁਗਲ ਬਾਦਸ਼ਾਹ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਦੂਜਾ ਰਾਜਾ ਧੀ ਦੇਣ ਲਈ ਮੰਨੇ ਨਾ ।"

''ਉਹ ਕਾਹਤੋਂ ਮੰਮਾ?"

''ਯੁੱਧਵੀਰ ਬੇਟੇ, ਉਹ ਹਿੰਦੂ ਰਾਜਾ ਸੀ ।" ਮੰਮੀ ਅੱਗੇ ਬੋਲੀ ਸੀ ।

''...ਮੁਗ਼ਲ ਬਾਦਸ਼ਾਹ ਨੇ ਹਮਲਾ ਵੀ ਕੀਤਾ ਪਰ ਸਫ਼ਲ ਨਾ ਹੋਇਆ । ਹਾਰ ਕੇ ਉਹਨੇ ਪੰਜਾਂ ਪੀਰਾਂ ਨੂੰ ਧਿਆਇਆ ।...ਬੱਚਿਓ, ਬਾਬਿਆਂ ਨੂੰ ਜੈ ਕੀਤੀ । ਜੰਨਤ ਵਿੱਚੋਂ ਪੰਜ ਪੀਰ ਉੱਡ ਕੇ ਆ ਗਏ । ਬਾਦਸ਼ਾਹ ਦੀ ਵਿਥਿਆ ਸੁਣ ਕੇ ਇਕ ਪੀਰ ਨੇ ਆਪਣੇ ਪੈਰਾਂ ਦੇ ਪਊਏ ਉਹਨੂੰ ਦੇ ਦਿੱਤੇ । ਨਾਲੇ ਕਿਹਾ-

''ਇਹ ਪਾ ਕੇ ਤੂੰ ਕਿਤੇ ਵੀ ਉੱਡ ਕੇ ਜਾ ਸਕਦੈਂ ।"

ਫੇਰ ਦੂਜੇ ਪੀਰ ਨੇ ਆਪਣੇ ਸਿਰ ਤੋਂ ਟੋਪੀ ਲਾਹ ਕੇ ਦਿੰਦਿਆਂ ਕਿਹਾ-

''ਟੋਪੀ ਪਾ ਲੈਣ ਨਾਲ ਤੂੰ ਕਿਸੇ ਨੂੰ ਦਿਖੇਂਗਾ ਨ੍ਹੀਂ । ਪਰ ਤੂੰ ਸਾਰਿਆਂ ਨੂੰ ਦੇਖ ਸਕੇਂਗਾ ।"

''ਲਉ ਜੀ ਪੀਰ ਪਊਏ ਤੇ ਟੋਪੀ ਦੇ ਕੇ ਜੰਨਤ ਪਹੁੰਚ ਗਏ । ਬਾਦਸ਼ਾਹ ਨੇ ਟੋਪੀ ਲਈ । ਪੈਰਾਂ ਵਿਚ ਪਊਏ ਪਾਏ । ਪੀਰਾਂ ਨੂੰ ਧਿਆਇਆ ਤੇ ਰਾਜੇ ਦੇ ਮਹਿਲੀਂ ਜਾ ਵੜਿਆ । ਰਾਜੇ ਦੀ ਧੀ ਉਹਦੀ ਸ਼ਕਤੀ ਦੇਖ ਕੇ ਖ਼ੁਸ਼ ਹੋ ਗਈ । ਉਹਦੀ ਪਿੱਠ 'ਤੇ ਬਹਿ ਕੇ ਮਹਿਲ 'ਚੋਂ ਉੱਡ ਆਈ । ਉਨ੍ਹਾਂ ਆਪਣੇ ਰਾਜ ਵਿਚ ਆ ਕੇ ਵਿਆਹ ਕਰਵਾ ਲਿਆ ।"

''ਮੰਮੀ ਇੱਦਾਂ ਹੋ ਜਾਂਦੈ?" ਮੈਂ ਆਪ ਅਜਿਹੀ ਟੋਪੀ ਅਤੇ ਪਊਆਂ ਦੀ ਮੰਗ ਕਰਨੀ ਚਾਹੀ ।

''ਨ੍ਹੀਂ ਬੇਟਾ! ਇਹ ਬਾਤਾਂ ਗੱਪ ਹੁੰਦੀਆਂ ਨੇ ।" ਨਾਸਤਿਕ ਪਿਓ ਨੇ ਮੇਰੀ ਆਸ 'ਤੇ ਪਾਣੀ ਫੇਰ ਦਿੱਤਾ ਸੀ । ਨਹੀਂ ਮੈਂ ਤੇ ਸੋਚ ਲਿਆ ਸੀ ਕਿ ਪੇਪਰਾਂ ਵੇਲੇ ਪੰਜ ਪੀਰਾਂ ਤੋਂ 'ਟੋਪੀ' ਲਵਾਂਗਾ । ਕੋਲ ਹੈਲਪ-ਬੁਕਸ ਲੈ ਜਾਇਆ ਕਰਾਂਗਾ । ਪੜ੍ਹਨ ਤੋਂ ਛੁਟਕਾਰਾ ਹੋ ਜਾਵੇਗਾ । ਫੇਰ ਮੈਂ ਵੱਡਾ ਅਫ਼ਸਰ ਬਣੂੰਗਾ । ਮੰਮੀ-ਪਾਪਾ ਦੀਆਂ ਝਿੜਕਾਂ ਤੋਂ ਬਚ ਜਾਵਾਂਗਾ ।

ਪਿਛਲੇ ਸਾਲ ਮੈਂ ਅਜੂਬਾ ਰੈਸਟੋਰੈਂਟ ਵਿਚ ਬੈਠਾ ਏ ਪੀ ਸਿੰਘ, ਰੱਜਤ ਤੇ ਕਬੀਰ ਨਾਲ ਪੀ ਰਿਹਾ ਸੀ । ਥੋੜ੍ਹਾ ਸਰੂਰ ਵਿਚ ਆਏ ਤਾਂ ਕਬੀਰ ਨੇ ਯੂਨੀਵਰਸਿਟੀ- ਕੁਈਨ ਦੀਆਂ ਗੱਲਾਂ ਛੇੜ ਲਈਆਂ । ਉਹਨੂੰ ਕਿਵੇਂ ਪੱਟਿਆ ਜਾਵੇ, ਇਸ ਬਾਰੇ ਤਰਕੀਬਾਂ ਘੜਨ ਲੱਗੇ । ਮੇਰੇ ਅੰਦਰ ਲਗਾਤਾਰ ਪੈੱਗ ਗਏ ਤਾਂ ਮੈਂ ਆਪਣੇ ਆਪ ਨੂੰ ਮੁਗ਼ਲ ਬਾਦਸ਼ਾਹ ਸਮਝ ਲਿਆ ਸੀ ।...ਪੀਰਾਂ ਦਾ ਅਸ਼ੀਰਵਾਦ ਮੇਰੇ ਸਿਰ 'ਤੇ ਸੀ । ਇਕ ਨੇ ਮੇਰੇ ਸਿਰ 'ਤੇ ਟੋਪੀ ਦੇ ਦਿੱਤੀ । ਦੂਜੇ ਨੇ ਪੈਰਾਂ ਵਿਚ ਪਊਏ ਪਾ ਦਿੱਤੇ । ਉੱਡ ਕੇ ਮੈਂ ਕੁਈਨ ਦੇ ਘਰ ਜਾ ਪੁੱਜਾ । ਮੇਰੀ ਬਿਰਤੀ ਕਬੀਰ ਦੇ ਚੁਟਕਲੇ ਨੇ ਤੋੜੀ ਸੀ ।

ਏ ਪੀ ਸਿੰਘ ਕੰਪਿਊਟਰ ਸੈਂਟਰ ਦਾ ਮਾਲਕ ਹੈ । ਵਿਗਿਆਨ ਸੰਸਥਾਨ ਅਤੇ ਇਲੈਕਟ੍ਰੋਨਿਕਸ ਕੰਪਨੀ ਵਿਚ ਨੌਕਰੀ ਕਰਦਾ ਹੈ । 'ਜੈ ਸੀਆ ਰਾਮ' ਤੇ 'ਕੁਰੂਕਸ਼ੇਤਰ' ਵਰਗੇ ਟੈਲੀ ਸੀਰੀਅਲਜ਼ ਵਿਚ ਜੋ ਇਲੈਕਟ੍ਰੋਨਿਕਸ ਲੜਾਈ ਦਿਖਾਈ ਹੈ । ਦੁਸ਼ਮਣਾਂ ਨੂੰ ਤੀਰਾਂ ਤੇ ਹੋਰ ਹਥਿਆਰਾਂ ਨਾਲ ਮਾਰਨ ਦੀ ਤਕਨੀਕ ਏ ਪੀ ਸਿੰਘ ਦੀ ਹੈ । ਉਹਨੇ 'ਪੰਜ ਪੀਰ' ਵਾਲੀ ਬਾਤ ਮੈਤੋਂ ਕਈ ਵਾਰ ਸੁਣੀ । ਉਹ ਇਹੋ ਜਿਹੀ 'ਕੈਪ' ਤੇ ਕੰਪਿਊਟਰ 'ਚਿਪ' ਦੀ ਖੋਜ ਕਰਨ ਲੱਗ ਪਿਆ । ਜਿਸ ਨਾਲ ਵਿਅਕਤੀ ਦਿਖਣੋਂ ਹਟ ਜਾਵੇ ਤੇ ਹਵਾ ਵਿਚ ਉੱਡਣ ਲੱਗ ਪਏ । ਮੈਨੂੰ ਖ਼ਬਰ ਮਿਲੀ ਆ ਕਿ ਉਹਨੇ ਇਹ ਖੋਜ ਕਰ ਲਈ ਹੈ ।

ਅੱਜ ਮੈਂ ਉਹੀ 'ਕੈਪ' ਤੇ 'ਚਿਪ' ਲੱਭਦਾ ਰਿਹਾ । ਬੱਸ ਮਿਲਣ ਦੀ ਦੇਰ ਆ । ਰਣਜੋਧ ਸਿੰਘ ਦੀ ਖੋਪੜੀ ਲਾਹ ਦੇਣੀ ਆ । ਮੈਨੂੰ ਭੰਗੀ ਸੱਦਦਾ । ਫੇਰ ਮੈਂ ਉਹਦੀ ਲੋਥ 'ਤੇ ਬਹਿ ਕੇ ਭੰਗ ਵਾਲੀਆਂ ਸਿਗਰਟਾਂ ਪੀਣੀਆਂ ।...ਮੈਂ ਸਿਗਰਟ ਲਾ ਲਈ ਹੈ । ਮੂਰਤੀ ਦੀ ਟੇਪ ਲਾਹ ਕੇ ਸਿਗਰਟ ਕਾਮਰੇਡ ਦੇ ਮੂੰਹ 'ਚ ਤੁੰਨਦਾਂ ।

''ਮੇਰਾ ਬਚਪਨ ਖਾ ਗਿਆ ।" ਮੂਰਤੀ ਫ਼ਰਸ਼ ਤੇ ਵਗਾਹ ਮਾਰੀ ਐ ਤਾਂ ਕਿ ਇਹਦੀ ਖੋਪੜੀ ਸਿੱਧੀ ਹੋ ਜਾਵੇ । ਕਾਮਰੇਡ ਤੋਂ ਜੇਬ-ਖ਼ਰਚ ਮੰਗੋ । ਉਹ ਵੀ ਸਿਸਟਮ ਨਾਲ ਜੋੜ ਦਏਗਾ । ਕਹੇਗਾ-

''ਇਨਕਲਾਬ ਆਉਣ ਤੋਂ ਬਾਅਦ ਹੀ ਆਰਥਿਕ ਆਜ਼ਾਦੀ ਮਿਲੇਗੀ ।" ''ਓਏ ਵੱਡਿਆ ਜੰਗਜੂਆ... ।" ਮੈਤੋਂ ਫੇਰ ਮੱਘਾ ਵੱਜ ਗਿਆ ।

ਛੋਟਾ ਹੁੰਦਾ ਤਾਂ ਮੈਂ ਇਨ੍ਹਾਂ ਦਾ ਭੋਲਾ ਪੁੱਤ ਸੀ । ਤਾਇਆ ਕੈਨੇਡਾ ਤੋਂ ਤਿੰਨਾਂ ਲਈ ਖ਼ਰਚ ਭੇਜਦਾ । ਮੰਮੀ-ਪਾਪਾ ਹੋਸਟਲ ਛੱਡਣ ਆਂਦੇ । ਘਰ ਨੂੰ ਲੈ ਕੇ ਜਾਂਦੇ । ਪਿੰਡ ਜਾਂਦਾ ਤਾਂ ਉਨ੍ਹਾਂ ਨਾਲ ਹੀ ਸੌਂਦਾ । ਮੰਮਾ ਨੂੰ ਮੈਤੋਂ ਬਿਨਾਂ ਨੀਂਦ ਨ੍ਹੀਂ ਸੀ ਆਉਂਦੀ । ਪਾਪਾ ਦਾ ਮੈਂ ਇਨਕਲਾਬੀ ਸੂਰਮਾ ਪੁੱਤ ਸੀ । ਨਾਂ ਵੀ ਯੁੱਧਵੀਰ ਸਿੰਘ ਰੱਖਿਆ ।

''ਪ੍ਰੋਫ਼ੈਸਰ ਸਾਹਿਬ, ਯੁੱਧਵੀਰ ਸਿੰਘ ਨੂੰ ਕੀ ਬਣਾਉਣਾ?" ਪਾਪਾ ਦਾ ਝੋਲੇ ਵਾਲਾ ਸਾਥੀ ਰਛਪਾਲ ਸਿੰਘ ਘਰ ਆਉਂਦਾ ਤਾਂ ਪੁੱਛ ਲੈਂਦਾ ।

''ਇਹ ਭਗਤ ਸਿੰਘ, ਸਰਾਭਾ ਬਣੂੰ ।" ਪਾਪਾ ਦੀ ਹਿੱਕ ਗਿੱਠ ਚੌੜੀ ਹੋ ਜਾਂਦੀ ।

ਮੇਰੀ ਹਰ ਇੱਛਾ ਦਾ ਖ਼ਿਆਲ ਰੱਖਦੇ । ਉਹ ਪਾਰਟੀ-ਕੰਮਾਂ ਵਿਚ ਬਾਹਰ ਤੁਰੇ ਫਿਰਦੇ । ਮੰਮੀ ਘਰ ਸੰਭਾਲਦੇ । ਸਕੂਲ ਤੋਂ ਘਰ ਜਾਂਦਾ । ਮੰਮੀ ਪੜ੍ਹਾਉਣ ਲੱਗ ਪੈਂਦੇ । ''ਹਰਜੀਤ, ਮੁੰਡੇ ਨੂੰ ਕਿਤਾਬੀ ਕੀੜਾ ਨਾ ਬਣਾ ਦੇਈਂ । ਨਾਲੇ ਬੁਰਜੂਆ ਪੜ੍ਹਾਈ ਬੰਦੇ ਨੂੰ ਦੇ ਕੁਝ ਨਹੀਂ ਰਹੀ ।...ਮਿੱਤਰਾ, ਇਨਕਲਾਬੀ ਸਾਹਿਤ ਪੜ੍ਹਿਆ ਕਰ ।" ਪਾਪਾ ਮੈਨੂੰ ਰਸਾਲੇ ਫੜਾਉਂਦੇ ਕਹਿੰਦੇ ।

ਤਾਏ ਨੇ ਪਾਪਾ ਨੂੰ ਕੈਨੇਡਾ ਲਈ ਸਪਾਂਸਰਸ਼ਿਪ ਭੇਜ ਦਿੱਤੀ । ਉਹ ਜਾਣ ਲਈ ਤਿਆਰ ਨਹੀਂ ਸੀ । ਪਾਰਟੀ ਦੀ ਆਗਿਆ ਮਿਲਣ 'ਤੇ ਚਲੇ ਗਏ । ਛੇ ਮਹੀਨਿਆਂ ਬਾਅਦ ਮੁੜੇ ਤਾਂ ਕਾਫ਼ੀ ਬਦਲੇ-ਬਦਲੇ ਲੱਗੇ ।

''ਕਾਮਰੇਡਾ ! ਕੀ ਗੱਲ? ਘਰ ਬੈਠਾ ਰਹਿਨਾਂ?" ਲੋਕ ਘਰ ਮੂਹਰਿਉਂ ਲੰਘਦੇ ਪੁੱਛ ਲੈਂਦੇ ।

''ਲਹਿਰ ਫੇਲ੍ਹ ਹੋ ਗਈ । ਲੀਡਰਸ਼ਿਪ ਮਾੜੀ ਆ । ਆਪੋ ਵਿਚ ਲੜੀ ਜਾਂਦੇ ਨੇ । ਸਟੇਟ ਖਿਲਾਫ਼ ਤਾਂ ਲੜਦੇ ਈ ਨ੍ਹੀਂ । ਇਹਦੇ ਨਾਲੋਂ ਤਾਂ ਘਰ ਦਾ ਕੰਮ ਕਰਨਾ ਬੇਹਤਰ ਏ ।" ਉਹਦਾ ਇਹੀ ਜਵਾਬ ਹੁੰਦਾ ।

ਤਾਇਆ ਪੈਸੇ ਭੇਜੀ ਜਾਂਦਾ । ਉਹ ਜ਼ਮੀਨ ਖ਼ਰੀਦੀ ਜਾਂਦਾ । ਤਾਏ ਦੇ ਮੁੰਡੇ ਇੰਡੀਆ ਪੜ੍ਹਨ ਲਈ ਆਏ । ਮੈਨੂੰ ਅੱਠਵੀਂ ਵਿਚੋਂ ਪੜ੍ਹਦੇ ਨੂੰ ਹਟਾ ਕੇ ਉਨ੍ਹਾਂ ਦੇ ਨਾਲ ਨੈਨੀਤਾਲ ਲਾਇਆ । ਉਹਦੀ ਖ਼ਾਹਿਸ਼ ਸੀ ਕਿ ਮੈਂ ਅਫ਼ਸਰ ਬਣਾਂ । ਹੋਸਟਲ ਤੋਂ ਘਰ ਆਉਂਦਾ ਤਾਂ ਮੈਨੂੰ ਸੌਣ ਨਾ ਦਿੰਦੇ । ਟੀ ਵੀ ਦੇਖਣ ਅਤੇ ਖੇਡਣ 'ਤੇ ਪਾਬੰਦੀ ਲਾ ਦਿੱਤੀ । ਪੜ੍ਹਨ ਬਾਰੇ ਭਾਸ਼ਣ ਦੇਣ ਲੱਗ ਪੈਂਦੇ । ਮੈਂ ਪਾਪਾ ਤੋਂ ਬੋਰ ਹੋ ਜਾਂਦਾ । ਮੰਮੀ ਚੰਗੀ ਸੀ । ਉਹ ਉਹਦੇ ਨਾਲ ਲੜ ਪੈਂਦੀ ।

''ਨਾ ਭਲੀਏ ਮਾਣਸੇ, ਮੈਂ ਇਹਦਾ ਦੁਸ਼ਮਣ ਆਂ । ਇਹਦੀ ਜ਼ਿੰਦਗੀ ਬੇਹਤਰ ਬਣਾਉਣੀ ਚਾਹੁੰਨਾਂ । ਹੁਣ ਇਹ ਕਾਨਵੈਂਟ ਸਕੂਲ ਦਾ ਸਟੂਡੈਂਟ ਏ । ਉਥੇ ਦਾ ਪੱਧਰ ਬਣਾਉਣਾ ਪਊ ।" ਉਹ ਦਬਕਾ ਮਾਰਦਾ ।

ਮੈਨੂੰ ਕੰਪਿਊਟਰ ਖ਼ਰੀਦ ਕੇ ਦਿੱਤਾ । ਸਕੂਲ ਕੰਪਿਊਟਰ-ਕੰਪਟੀਸ਼ਨ ਵਿਚ ਮੈਨੂੰ ਪ੍ਰਾਈਜ਼ ਨਾ ਮਿਲਿਆ ।

''ਇੰਡੀਅਨ ਸੁਸਾਇਟੀ ਵਿਚ ਬੰਦਾ ਹਰ ਹੀਲਾ ਵਰਤ ਕੇ ਕਾਮਯਾਬ ਹੋ ਜਾਂਦੈ ।" ਉਸ ਮੈਨੂੰ ਨਿਰਾਸ਼ ਦੇਖ ਕੇ ਹੌਂਸਲਾ ਦਿੱਤਾ ਸੀ ।

ਕਾਮਰੇਡ ਤੇ ਗਣਿਤ ਦੋਨੋਂ ਮੇਰੇ ਲਈ ਇਕੋ ਜਿਹੇ ਨੇ । ਇਨ੍ਹਾਂ ਨੂੰ ਸਮਝਣਾ ਮੇਰੇ ਵੱਸੋਂ ਬਾਹਰ ਏ । ਨੌਵੀਂ ਦੇ ਪਹਿਲੇ ਹਾਊਸ-ਟੈਸਟ ਹੋਏ । ਮੈਂ ਗਣਿਤ ਵਿਚੋਂ ਫੇਲ੍ਹ ਸੀ । ਰਣਜੋਧ ਸਿੰਘ ਦਾ ਭਾਸ਼ਣ ਸ਼ੁਰੂ ਹੋ ਗਿਆ । ਜਦੋਂ ਮੈਨੂੰ ਦਬਕਣ ਲੱਗੇ ਤਾਂ ਮਾਰਕਸ ਹਾਕ ਤੇ ਜੈਜ਼ੀ ਮੇਰੀ ਹਮਾਇਤ 'ਤੇ ਆ ਗਏ ਸਨ ।

''ਚਾਚਾ ਜੀ, ਤੁਸੀਂ ਥਰੈਟ ਕਿਉਂ ਕਰਦੇ ਓ । ਇਹ ਸਾਡਾ ਨਿੱਕਾ ਵੀਰ ਏ । ਅਸੀਂ ਆਪੇ ਪੜ੍ਹਾ ਲਵਾਂਗੇ ।"

ਮੈਂ ਗੁੱਸੇ ਵਿਚ ਆਏ ਨੇ ਰਾਤ ਨੂੰ ਹੋਸਟਲ ਦੀਆਂ ਦੋ ਟਿਊਬਾਂ ਭੰਨ ਦਿੱਤੀਆਂ ਸਨ ।...'ਕਰੂਰ', 'ਨਸ਼ੱਈ', 'ਰੰਡੀਬਾਜ਼', ਵਰਗੇ ਉਪਨਾਮ ਮੇਰੇ ਦਿਮਾਗ਼ ਦੀ ਸਕਰੀਨ 'ਤੇ ਅਪੀਅਰ ਹੋਈ ਜਾ ਰਹੇ ਹਨ ।

ਜੀਨੀ ਅੰਦਰ ਆਈ ਹੈ । ਮੈਂ ਕਾਮਰੇਡ ਦੇ ਸ਼ਾਸ਼ਨ ਤੋਂ ਟੁੱਟ ਕੇ ਉਹਦਾ ਹਾਲ ਪੁੱਛਿਆ ਤੇ ਸਿਗਰਟ ਦੀ ਪੇਸ਼ਕਸ਼ ਕੀਤੀ ਹੈ ।

''ਭਰੀ ਹੋਈ ਆ?" ਜੀਨੀ ਭੰਗ ਵਾਲੀ ਸਿਗਰਟ ਬਾਰੇ ਪੁੱਛਦੀ ਹੈ ।

''ਨਹੀਂ, ਸਿੰਪਲ ।"

ਮੇਰਾ ਜਵਾਬ ਸੁਣ ਕੇ ਨਾਂਹ ਕਰਦੀ ਹੈ । ਮੇਰੇ ਕੋਲ ਇਕ ਹੀ ਭਰੀ ਹੋਈ ਸਿਗਰਟ ਹੈ । ਕਾਮਰੇਡ ਵੀ ਕਿਸੇ ਨੂੰ ਚੀਜ਼ ਨਹੀਂ ਦਿੰਦਾ ਸੀ ।

'ਪਿਉ ਵਰਗਾ... ।' ਮੰਮੀ ਦਾ ਮਿਹਣਾ ਯਾਦ ਆਇਆ ਹੈ ।

''ਆਹ ਲੈ ।" ਮੈਂ ਕਾਮਰੇਡ ਦੀਆਂ ਆਦਤਾਂ ਦਾ ਵਿਰੋਧੀ ਹਾਂ । ਨਾਲੇ ਇਹਦੀ ਹਾਲਤ ਨਹੀਂ ਦੇਖੀ ਜਾਂਦੀ । ਜੀਨੀ ਕੈਂਡੀ ਖਾ ਕੇ ਧੂੰਏਂ ਦੇ ਗੋਲੇ ਬਣਾਉਣ ਲੱਗ ਪਈ ਹੈ ।

''ਰੀਪੂ, ਮੈਂ ਪ੍ਰੈਗਨੈਂਟ... ।" ਜੀਨੀ ਦਾ ਗੱਚ ਭਰ ਆਇਆ ਹੈ ।

ਮੈਂ ਚਾਹੁੰਨਾਂ ਇਹ ਆਪ ਹੀ ਡਾਕਟਰ ਕੋਲ ਜਾਵੇ । ਇਹਦੀ ਵੀ ਤਾਂ ਲੋੜ ਸੀ । ਮੇਰੇ ਕੋਲ ਪੈਸੇ ਨਹੀਂ ਹਨ । ਕਾਮਰੇਡ ਮਾਓ ਨੇ ਤਾਂ ਲਾਲ ਝੰਡੀ ਕਦੋਂ ਦੀ ਦਿਖਾਈ ਹੋਈ ਹੈ ।

''ਰੀਪੂ, ਮੈਂ..." ਜੀਨੀ ਨੇ ਰੱਟ ਲਗਾ ਲਈ ਹੈ । ਮੈਂ ਕਮਰੇ ਤੋਂ ਬਾਹਰ ਆ ਗਿਆ ਹਾਂ ।

ਕੰਪਿਊਟਰ-ਸੈਂਟਰ ਦੇ ਬਾਹਰ ਹੀ ਕੰਪਿਊਟਰ-ਅਪਰੇਟਰ ਮਿਲ ਪਈ ਹੈ । ਮੈਂ ਏ ਪੀ ਸਿੰਘ ਬਾਰੇ ਪੁੱਛਦਾ ਹਾਂ ।

''ਕਾਲੀ ਮਾਤਾ ਬਾਰੇ ਇਕ ਸੀਰੀਅਲ ਬਣ ਰਿਹੈ । ਮਾਤਾ ਦੇ ਚਮਤਕਾਰਾਂ ਨੂੰ ਕੰਪਿਊਟਰ 'ਤੇ ਕ੍ਰੀਏਟ ਕਰਨ ਬੰਬੇ ਗਏ ਸੀ । ਸ਼ਾਇਦ ਮੁੜ ਤਾਂ ਆਏ ਆ... ।" ਜੁਗਾਲੀ ਜਿਹੀ ਕਰਦੀ ਤੁਰ ਪਈ ਹੈ । ਮੈਂ ਡਾਂਸ-ਕਲੱਬ ਵੱਲ ਹੋ ਲਿਆ ਹਾਂ । ਕਾਲੀ ਮਾਤਾ ਤੇ ਪਿ੍ੰਸੀਪਲ ਕਾਲੀਆ ਇਕ ਦੂਜੇ ਦੇ ਉਲਟ ਦਿਸ਼ਾ ਵਿਚ ਜਾ ਰਹੇ ਹਨ ।

ਗਰਮੀਆਂ ਵਿਚ ਸਕੂਲ ਦਾ ਟੂਰ ਕਾਫ਼ਨੀ ਕਸ਼ੌਨੀ ਗਿਆ । ਪਿ੍ੰਸੀਪਲ ਕਾਲੀਆ ਨੇ ਰੱਜਤ, ਕਬੀਰ ਤੇ ਮੇਰੇ ਜਾਣ 'ਤੇ ਪਾਬੰਦੀ ਮੜ੍ਹ ਦਿੱਤੀ । ਕੁੜੀਆਂ ਛੇੜਨ ਦਾ ਦੋਸ਼ ਸੀ । ਅਸੀਂ ਵੱਖਰੇ ਟੂਰ 'ਤੇ ਚਲੇ ਗਏ । ਭੰਗ ਵਾਲੇ ਪਕੌੜੇ ਖਾਧੇ । ਕਬੀਰ ਰਾਇਲ ਸਟੂਡੀਓ ਲੈ ਵੜਿਆ । ਪੰਜਾਹ ਰੁਪਏ ਵਿਚ ਕੁੜੀ ਨਾਲ ਫ਼ੋਟੋ ਖਿਚਵਾਈ । ਆਉਣ ਲੱਗਿਆਂ ਡਾਂਸ-ਕਲੱਬ ਦੀ ਦੁਨੀਆਂ ਦਾ ਵੀ ਲੁਤਫ਼ ਲਿਆ । ਉਸ ਦਿਨ ਮੈਂ ਪਹਿਲੀ ਵਾਰ ਆਜ਼ਾਦ ਦੇਸ਼ ਦਾ ਨਾਗਰਿਕ ਬਣਿਆ । ਮੇਰੇ ਸਾਹਮਣੇ ਦੁਨੀਆਂ ਭਰ ਦੇ ਡਿਕਟੇਟਰਾਂ ਦੇ ਚਿਹਰੇ ਆ ਗਏ । ਤੇ ਹਰੇਕ ਦੇ ਧੜ 'ਤੇ ਰਣਜੋਧ ਸਿੰਘ ਦਾ ਸਿਰ ਦਿਸਿਆ ।

ਟੂਰ ਤੋਂ ਵਾਪਸ ਆਏ ਤਾ ਪੇਸ਼ੀ ਹੋਈ ਸੀ । ਪੇਰੈਂਟਸ ਸੱਦ ਲਏ ਗਏ । ਟਿਊਬਾਂ ਭੰਨਣੀਆਂ, ਕੁੜੀਆਂ ਨੂੰ ਛੇੜਨਾ, ਹਿੰਦੀ ਵਾਲੇ ਸਰ ਦਾ ਨਾਂ 'ਬਿੱਜੂ' ਰੱਖਣਾ ਤੇ ਪੈਰਲਲ ਟੂਰ 'ਤੇ ਜਾਣਾ ਆਦਿ ਮਸਲੇ ਗੰਭੀਰ ਹੋ ਗਏ ਸਨ । ਮੈਨੂੰ ਉਮੀਦ ਸੀ ਪਾਪਾ ਬਚਾ ਲੈਣਗੇ ।

''ਇਨ੍ਹਾਂ ਦਾ ਗਰੁੱਪ ਤੋੜ ਦਿਓ ।" ਇਹ ਮਸ਼ਵਰਾ ਕਾਮਰੇਡ ਮਾਓ ਵਰਗੀ ਟੋਪੀ ਪਹਿਨੇ ਰਣਜੋਧ ਸਿੰਘ ਨੇ ਦਿੱਤਾ ਸੀ । ਮਾਹੌਲ ਵਿਗੜਦਾ ਵੇਖ ਕੇ ਅਸੀਂ ਤਿੰਨਾਂ ਨੇ ਸੌਰੀ ਫੀਲ ਕਰ ਲਈ ਸੀ ।

ਮੈਂ ਅਸ਼ਾਂਤ ਰਹਿਣ ਲੱਗ ਪਿਆ । ਮੰਮੀ ਬਥੇਰਾ ਸਾਥ ਦਿੰਦੀ ਪਰ ਮੈਂ... । ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ । ਪੜ੍ਹਾਈ ਦੀ ਗੱਲ ਕਰਨ ਵਾਲੇ ਮੈਨੂੰ ਦੁਸ਼ਮਣ ਨਜ਼ਰ ਆਉਂਦੇ । ਸਿਰਫ਼ ਕੁੜੀਆਂ ਚੰਗੀਆਂ ਲੱਗਦੀਆਂ ਸਨ । ਮੈਂ ਡੇ-ਡਰੀਮ ਵਿਚ ਦਿਨ ਬਿਤਾਉਂਦਾ ਸਾਂ ।

ਜੈਜ਼ੀ ਤੇ ਹਾਕ ਨੂੰ ਲਿਜਾਣ ਲਈ ਤਾਇਆ ਜੀ ਕੈਨੇਡਾ ਤੋਂ ਆਏ ਤਾਂ ਉਨ੍ਹਾਂ ਮੈਨੂੰ ਸੰਭਾਲਿਆ । ਪੜ੍ਹਾਈ ਨਾਲ ਜੋੜਿਆ । ਮੈਟਿ੍ਕ ਕਰਨ ਤੋਂ ਬਾਅਦ ਉਥੇ ਹੀ ਪੜ੍ਹਨ ਲਾ ਦਿੱਤਾ ਸੀ । ਰਣਜੋਧ ਸਿੰਘ ਨੇ ਹਿਸਟਰੀ ਤੇ ਪੁਲੀਟੀਕਲ ਸਾਇੰਸ ਰਖਵਾਈ । ਤੁਰਨ ਲੱਗਾ ਸਿੱਖਿਆ ਵਾਲਾ ਸਿਹਰਾ ਪੜ੍ਹਨ ਲੱਗ ਪਿਆ ।

''ਪੁੱਤਰ ਜੀ, ਦੁਨੀਆਂ ਨੂੰ ਅਫ਼ਸਰ ਬਣ ਕੇ ਦਿਖਾਉਣੈਂ । ਕੁੜੀਆਂ ਤੋਂ ਦੂਰ ਰਹਿਣਾ । ਨਸ਼ਿਆਂ ਨੂੰ ਮੂੰਹ ਨਾ ਲਾਣਾ ।"

ਇਕ ਦਿਨ ਅਸੀਂ ਫ਼ਿਲਮ ਦੇਖ ਕੇ ਆਏ । ਰਣਜੋਧ ਸਿੰਘ ਜਮਦੂਤ ਬਣਿਆ ਗੈਸਟ-ਰੂਮ ਵਿਚ ਬੈਠਾ ਸੀ ।

''ਵਿਦਿਆਰਥੀਆਂ ਦਾ ਜੀਵਨ ਉਨ੍ਹਾਂ ਸੰਤਾਂ-ਮਹਾਤਮਾ ਦੀ ਤਰ੍ਹਾਂ ਹੁੰਦਾ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਲਈ ਗ੍ਰਹਿਸਥੀ, ਘਰ-ਬਾਰ, ਖਾਣ-ਪੀਣ, ਦੁਨੀਆਂਦਾਰੀ, ਸਭ ਕਾਸੇ ਦਾ ਤਿਆਗ ਕਰਕੇ ਉਸ ਦੇ ਨਾਮ-ਸਿਮਰਨ ਵਿਚ ਸਮਾਂ ਲਾ ਦਿੰਦੇ ਨੇ । ਪੜ੍ਹਾਈ ਦੀ ਖ਼ਾਤਰ ਸਭ ਐਬ, ਸੁੱਖ ਸਹੂਲਤਾਂ ਤਿਆਗ ਦਿਓ ।" ਕਾਮਰੇਡ ਦੇ ਪ੍ਰਵਚਨ ਸੁਣ ਕੇ ਮੈਂ ਦੰਗ ਰਹਿ ਗਿਆ । ਨਾਸਤਿਕ ਬੰਦੇ ਦੀ ਕਿਸ ਉਮਰੇ ਲਿਵ ਲੱਗੀ?

''ਮਾੜੀ ਸੁਸਾਇਟੀ ਤੋਂ ਬਚੀਂ ।" ਤੁਰਨ ਲੱਗਿਆਂ ਸਿੱਖਿਆ ਵਾਲੇ ਸਿਹਰੇ ਦਾ ਦੂਜਾ ਭਾਗ ਸੁਣਾਉਣ ਲੱਗ ਪਿਆ ਸੀ । ਮਾੜੀ ਸੁਸਾਇਟੀ ਦੀਆਂ ਗੱਲਾਂ ਕਰਦਾ ਆਪਣਾ ਰੰਡੀ-ਰੋਣਾ ਲੈ ਕੇ ਬਹਿ ਗਿਆ ।

''ਮੈਂ ਕਾਲਜ ਦੀ ਨੌਕਰੀ ਨੂੰ ਲੱਤ ਮਾਰੀ । ਮਿਲਿਆ ਕੀ? ਬੇਇੱਜ਼ਤੀ...ਪੁਲਿਸ ਤਸ਼ੱਦਦ ।"

ਮੇਰੀਆਂ ਅੱਖਾਂ ਸਾਹਮਣੇ ਥਾਣੇ ਦਾ ਫਲੌਪੀ ਵਾਲਾ ਦਿ੍ਸ਼ ਆ ਗਿਆ...ਪੁੱਠਾ ਟੰਗਿਆ ਹੋਇਆ । ਗਰਮ ਸਲਾਖਾਂ... । ਕਾਮਰੇਡ ਪਹਿਲਾਂ ਕਾਲਜ-ਲੈਕਚਰਾਰ ਸੀ । ਇਨਕਲਾਬੀ ਲਹਿਰ ਸਮੇਂ ਬੁਰਜੂਆਂ ਸਿਸਟਮ ਖ਼ਿਲਾਫ਼ ਲੜਨ ਲਈ ਨੌਕਰੀ ਛੱਡ ਦਿੱਤੀ ਸੀ । ਸਟੇਟ ਦੇ ਤਸ਼ੱਦਦ ਨੇ ਅੰਡਰ-ਗਰਾਊਂਡ ਹੋਣ ਲਈ ਮਜ਼ਬੂਰ ਕਰ ਦਿੱਤਾ ਸੀ ।...ਇਕ ਦਿਨ ਮੈਂ ਘਰੋਂ ਘੜੀ, ਦੋ ਕੈਮਰੇ, ਟੈਲੀਫੋਨ ਦੇ ਚਾਰ ਸੈਟ ਚੁੱਕ ਲਿਆਇਆ ਸੀ । ਜਦੋਂ ਉਸਨੇ ਖ਼ਰਚ ਦੇਣ ਤੋਂ ਨਾਂਹ ਕਰ ਦਿੱਤੀ ਸੀ । ਫਿਰ ਮੈਂ ਆਪਣਾ ਹੱਕ ਖੋਹ ਲਿਆਇਆ ਸੀ । ਉਸ ਸਾਮਾਨ ਵਿਚ ਇਕ ਫਲੌਪੀ ਵੀ ਆ ਗਈ ਸੀ । ਉਸ ਫਲੌਪੀ ਵਿਚ ਕਾਮਰੇਡ ਨੇ ਆਪਣੀ ਡਾਇਰੀ ਲਿਖੀ ਹੋਈ ਸੀ । ਮੈਂ 'ਸਰਕਾਰੀ ਤਸ਼ੱਦਦ' ਦੇ ਟਾਈਟਲ ਹੇਠ ਹਾਅ ਸਾਰਾ ਕੁਝ ਫੀਡ ਕੀਤਾ ਹੋਇਆ ਸੀ ।

ਮੈਂ ਪਾਰਟ-ਵੰਨ ਵੇਲੇ ਕਾਲਜ ਦਾਖ਼ਲਾ ਲੈ ਲਿਆ । ਇਕ ਪੜ੍ਹਾਈ ਔਖੀ ਦੂਜਾ ਕਾਮਰੇਡ ਕੱਬਾ । ਮੇਰੇ ਨਸ਼ੇ ਵਧ ਗਏ ਸਨ । ਆਪਣੇ ਆਪ ਨੂੰ ਸੈੱਟ ਕਰਨ ਲਈ ਹਰ ਤਰ੍ਹਾਂ ਦਾ ਨਸ਼ਾ ਲੈਣ ਲੱਗਾ । ਕਾਮਰੇਡ ਮੇਰੇ ਦੁੱਖਾਂ ਤੇ ਪਰੇਸ਼ਾਨੀਆਂ ਨੂੰ ਸਮਝ ਨਹੀਂ ਰਿਹਾ ਸੀ । ਪਹਿਲੇ ਸਮਿਆਂ ਵਿਚ ਤਾਂ ਉਹ ਇਨ੍ਹਾਂ ਦਾ ਹੱਲ ਇਨਕਲਾਬ ਵਿਚੋਂ ਕੱਢਦਾ ਹੁੰਦਾ ਸੀ । ਹਰ ਸ਼ੈਅ ਨੂੰ ਇਨਕਲਾਬੀ ਰੰਗਤ ਦਿੰਦਾ ਸੀ । ਮੇਰਾ ਨਾਂ ਯੁੱਧਵੀਰ ਸਿੰਘ ਵੀ ਇਸੇ ਕਾਰਨ ਰਖਿਆ ਸੀ । ਮੈਂ ਹੈਰਾਨ ਹਾਂ ਕਿ ਭੈਣ ਦਾ ਨਾਂ ਮਲਕਾ ਕਿਵੇਂ ਰੱਖ ਲਿਆ? ਹੁਣ ਉਹ ਸਮੱਸਿਆਵਾਂ ਨੂੰ ਸਮਝ ਹੀ ਨਹੀਂ ਰਿਹਾ ਸੀ । ਮੈਂ ਔਖੇ ਸੌਖੇ ਨੇ ਪਾਰਟ ਵੰਨ ਕਰ ਲਈ ਸੀ ।

ਕਾਮਰੇਡ ਨੇ ਕਾਲਜ ਆ ਵੜਨਾ । ਮੇਰੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢ ਲਈ । ਮੈਂ ਪੰਜਾਹ ਸਮੱਸਿਆਵਾਂ ਵਿਚ ਘਿਰਿਆ ਹੋਇਆ ਸੀ, ਪਰ ਉਹ... । ਮੈਂ ਹੈਰਾਨ ਸੀ ਕਿ ਹਰ ਵਕਤ ਜਮਾਤੀ ਯੁੱਧ ਦੀ ਗੱਲ ਕਰਨ ਵਾਲੇ, ਬੁਰਜੁਆਜੀ ਤੇ ਪ੍ਰੋਲੇਤਾਰੀ ਦੀ ਵੰਡ ਕਰਨ ਵਾਲੇ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ । ਪਹਿਲਾਂ ਪਹਿਲ ਕੋਈ ਵੀ ਸਮੱਸਿਆ ਦੱਸਣੀ, ਉਸ ਮੂਹਰਿਉਂ ਕਹਿਣਾ-

''ਬੇਟਾ, ਇਹ ਸਿਸਟਮ ਦੀ ਪੈਦਾਵਾਰ ਹੈ । ਸਮਾਜਵਾਦ ਆਉਣੇ 'ਤੇ ਇਹਦਾ ਆਪਣੇ ਆਪ ਹੱਲ ਹੋ ਜਾਏਗਾ ।" ਉਹ ਕਾਮਰੇਡਾਂ ਵਾਲਾ ਘੜਿਆ-ਘੜਾਇਆ ਜਵਾਬ ਦਿੰਦਾ ।

ਮੈਂ ਬਹੁਤਾ ਯੂਨੀਵਰਸਿਟੀ ਰਹਿੰਦਾ । ਯੂਨੀਵਰਸਿਟੀ ਵਿਚ ਮੇਰਾ ਦਿਲ ਲੱਗ ਗਿਆ ਸੀ । ਚੰਡੀਗੜ੍ਹ ਸ਼ਹਿਰ ਨੇ ਮੈਨੂੰ ਆਪਣਾ ਬਣਾ ਲਿਆ ਸੀ । ਪੈੱਗ ਅੰਦਰ ਜਾਂਦੇ । ਖ਼ੁਸ਼ੀ ਦੀਆਂ ਚਾਂਗਰਾਂ ਵੱਜਦੀਆਂ । ਚਾਰੇ ਪਾਸੇ ਮਸਤੀ ਹੀ ਮਸਤੀ । ਇਕ ਦਿਨ ਡਾਂਸ-ਕਲੱਬ ਵਿਚੋਂ ਨਿਕਲਦੇ ਨੂੰ ਰਣਜੋਧ ਸਿੰਘ ਨੇ ਫੜ ਲਿਆ ਸੀ ।

''ਅਸੀਂ ਇਸ ਕਲਚਰ ਦੇ ਖ਼ਿਲਾਫ਼ ਲੜਦੇ ਰਹੇ ਆਂ ਤੇ ਸਾਡੇ ਧੀਆਂ-ਪੁੱਤ... । ਬੁਰਜੂਆ ਸੁਸਾਇਟੀ ਵਿਚ ਹਰ ਤਰ੍ਹਾਂ ਦੀ ਓਪਨ-ਨੈਸ ਮਿਲਦੀ ਹੈ ਪਰ... ।" ਉਹਦਾ ਭਾਸ਼ਣ ਸ਼ੁਰੂ ਹੋ ਗਿਆ ਸੀ ।

ਮੈਨੂੰ ਪਿੰਡ ਨੂੰ ਨਾਲ ਹੀ ਲੈ ਗਿਆ । ਮਾਮੇ ਕੋਲ ਲੈ ਕੇ ਗਿਆ । ਆੜ੍ਹਤੀਏ ਨੂੰ ਮਿਲਾਇਆ । ਸਭ ਮੈਨੂੰ ਸਮਝਾਉਣ 'ਤੇ ਲੱਗੇ ਹੋਏ ਸਨ । ਜਿਵੇਂ ਮੈਂ ਪਾਗਲ ਹੋਵਾਂ । ਲੜਾਈ ਤਾਂ ਜੇਬ-ਖ਼ਰਚ ਦੀ ਸੀ । ਮੇਰਾ ਖ਼ਰਚ ਘਟਾ ਦਿੱਤਾ ਸੀ । ਮੈਂ ਖੇਤੀ ਵਿਚੋਂ ਹਿੱਸਾ ਮੰਗ ਲਿਆ ।

''ਆ ਜਾ, ਖੇਤੀਂ ਕੰਮ ਕਰ, ਹਿੱਸਾ ਲੈ ਲਈਂ । ਨਾਲੇ ਵਰਕ-ਕਲਚਰ ਦੀ ਆਦਤ ਬਣ ਜੂ ।" ਕੋਰਾ ਜਵਾਬ ਸੁਣ ਕੇ ਮੈਂ ਕਾਲਜ ਨੂੰ ਤੁਰ ਪਿਆ ।

ਪਰ ਮੰਮੀ ਨੇ ਚੋਰੀ ਪੈਸੇ ਫੜਾ ਦਿੱਤੇ ਸਨ । ਕਾਮਰੇਡ ਨੇ ਕੈਨੇਡਾ ਤੋਂ ਵੀ ਖ਼ਰਚ ਬੰਦ ਕਰਵਾ ਦਿੱਤਾ ਸੀ । ਮੈਂ ਬੀ ਏ ਸੈਕੰਡ-ਈਯਰ ਦੇ ਪੇਪਰ ਨਾ ਪਾਏ । ਮੈਨੂੰ ਕਾਮਰੇਡ ਦੀ ਰਾਜਨੀਤੀ ਨਾਲ ਨਫ਼ਰਤ ਹੋ ਗਈ ਸੀ । ਹਿਸਟਰੀ ਤੇ ਪੁਲੀਟੀਕਲ ਸਾਇੰਸ ਵਿਸ਼ੇ ਛੱਡ ਕੇ ਦੁਬਾਰਾ ਪਾਰਟ-ਵੰਨ ਵਿਚ ਦਾਖ਼ਲਾ ਲੈ ਲਿਆ । ਸਬਜੈਕਟ ਬਦਲਣ 'ਤੇ ਕਾਮਰੇਡ ਬੜਾ ਤੜਫ਼ਿਆ ਪਰ ਮੈਂ ਇਕ ਨਾ ਸੁਣੀ । ਮੈਨੂੰ ਆਪਣੇ ਨਾਂ ਤੋਂ ਵੀ ਨਫ਼ਰਤ ਹੋ ਗਈ । ਮੈਂ ਯੁੱਧਵੀਰ ਤੋਂ ਰਿਪਦੁਮਨ ਸਿੰਘ ਸ਼ੇਰਗਿੱਲ ਹੋ ਗਿਆ ।

ਡਾਂਸ-ਕਲੱਬ ਆ ਗਿਆ ਹਾਂ । ਕਲੱਬ ਵੜਦਿਆਂ ਹੀ ਨੱਢੀ ਨਾਲ ਟੇਬਲ- ਡਾਂਸ ਕਰਨ ਲੱਗ ਪਿਆ ਹਾਂ । ਪਹਿਲੀ ਵਾਰ ਮੈਨੂੰ ਇਹ ਡਾਂਸ ਕਬੀਰ ਨੇ ਸਿਖਾਇਆ ਸੀ । ਮੈਂ ਕੁੜੀ ਤੋਂ ਸੰਗੀ ਜਾ ਰਿਹਾ ਸੀ ਤੇ ਉਹ ਮੇਰੇ ਕੱਪੜੇ... ।

''ਏ ਮਿਸਟਰ, ਗਾਂਜਾ ਹੈ?" ਨੱਢੀ ਨਸ਼ੇ ਦੀ ਤੋਟ ਨਾਲ ਨਿਢਾਲ ਹੋਈ ਲੱਗਦੀ ਹੈ । ਮੈਂ ਨਾਂਹ ਕੀਤੀ ਹੈ । ਉਹ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਚਿੰਬੜ ਜਾਂਦੀ ਹੈ । ਮੈਂ ਦੂਜੀ ਨਾਲ ਪੈੱਗ-ਗੇਮ ਖੇਡਣ ਲੱਗ ਪਿਆ ਹਾਂ । ਮੇਰੀਆਂ ਸੋਚਾਂ ਭਾਵਨਾ ਨਾਲ ਜਾ ਜੁੜੀਆਂ ਨੇ ।

ਮੈਂ ਪ੍ਰੋਫ਼ੈਸਰ ਗੁਪਤਾ ਕੋਲ ਟਿਊਸ਼ਨ ਪੜ੍ਹਨ ਜਾਂਦਾ ਹੁੰਦਾ ਸੀ । ਉਹਦੀ ਕੁੜੀ ਭਾਵਨਾ ਮੇਰੇ ਨੇੜੇ ਹੋ ਗਈ ਸੀ । ਮੈਂ ਉਹਨੂੰ ਪਿੰਡ ਲੈ ਗਿਆ ।

''ਇਹ ਕੌਣ ਐ?" ਸਾਰੇ ਟੱਬਰ ਦੇ ਮੱਥੇ ਦੀਆਂ ਤਿਊੜੀਆਂ ਵਿਚ ਇਹ ਸਵਾਲ ਉੱਭਰ ਆਇਆ ਸੀ ।

''ਇਹ ਕਿਹੋ ਜਿਹਾ ਘਰ ਆ, ਜਿੱਥੇ ਬੰਦਾ ਆਪਣੀ ਗਰਲ-ਫ਼ਰੈਂਡ ਵੀ ਨ੍ਹੀਂ ਲਿਆ ਸਕਦਾ ।"

''ਇਥੋਂ ਦਫਾ ਹੋ ਜਾਹ ।" ਕਾਮਰੇਡ ਦੋਏਂ ਖੁਰ ਚੁੱਕ ਕੇ ਪਿਆ ਸੀ । ਮੰਮੀ ਵੀ ਬੁੜ-ਬੁੜ ਕਰਨ ਲੱਗ ਪਈ ਸੀ ।

''ਤੂੰ ਹੀ ਇਹਨੂੰ ਭੂਏ ਚੜ੍ਹਾਇਆ ।" ਉਹ ਮੰਮੀ ਦੁਆਲੇ ਹੋ ਗਿਆ ਸੀ ।

ਘਰ ਵਿਚ ਮੇਰੀ ਚਿੰਤਾ ਸਿਰਫ਼ ਮੰਮੀ ਨੂੰ ਹੈ । ਅਗਲੀ ਵਾਰ ਪਿੰਡ ਗਿਆ ਤਾਂ ਉਹ ਮੇਰੇ ਵਿਆਹ ਲਈ ਜ਼ੋਰ ਪਾਉਣ ਲੱਗ ਪਈ ।

''ਇਹਨੂੰ ਕਹਿ, ਲੈ ਆਵੇ ਜਿਹੜੀ ਲਿਆਉਣੀ ਆ । ਘਰ ਵਾੜ ਲਵਾਂਗੇ । ਜਾਤ, ਧਰਮ ਤੇ ਸੂਬੇ ਦਾ ਕੋਈ ਰੌਲਾ ਨਹੀਂ ਪਰ ਬੰਦੇ ਦਾ ਪੁੱਤ ਬਣੇ ।" ਕਾਮਰੇਡ ਨੇ ਪਾਰਟੀ ਦਾ ਮੈਨੀਫੈਸਟੋ ਪੇਸ਼ ਕਰਨ ਵਾਂਗ ਗੱਲ ਤੋਰੀ ਸੀ ।

''ਕਰ ਦਿਓ । ਸਿਰਫ਼ ਹਫ਼ਤੇ ਲਈ । ਮੈਂ ਹਫ਼ਤੇ ਬਾਅਦ ਕੁੜੀ ਬਦਲਾਂਗਾ ।" ਏਨਾ ਕਹਿਣ ਦੀ ਦੇਰ ਸੀ, ਰਣਜੋਧ ਸਿੰਘ ਦੀਆਂ ਉਂਗਲਾਂ ਮੇਰੀਆਂ ਗੱਲ੍ਹਾਂ 'ਤੇ ਛਪ ਗਈਆਂ ਸਨ ।

''ਜੇ ਤੇਰੀ ਭੈਣ ਜਾਂ ਮੈਂ ਹਫ਼ਤੇ ਬਾਅਦ ਬੰਦਾ ਬਦਲੀਏ ।" ਮੰਮੀ ਲੋਹੀ ਲਾਖੀ ਹੋਈ ਬੋਲੀ ।

''ਤੁਸੀਂ ਵੀ ਬਦਲੋ, ਆਜ਼ਾਦੀ ਨਾ' ਰਹੋ ।"

ਮੈਂ ਘਰ ਨੂੰ, ਪਰਿਵਾਰ ਨੂੰ ਪਿੰਡ ਨੂੰ ਜਾਂ ਸਮਾਜ ਨੂੰ ਮਾਨਤਾ ਨਹੀਂ ਦਿੰਦਾ, ਐਵੇਂ ਉਮਰ ਭਰ ਇੱਕੋ ਨਾਲ ਬੱਝੇ ਰਹੋ ।

ਘਰੋਂ ਸਿੱਧਾ ਨਾਨਕੀਂ ਜਾ ਵੜਿਆ ਸੀ । ਉਥੇ ਤਿੰਨ ਦਿਨ ਰਿਹਾ । ਜਥੇਦਾਰ ਮਾਮਾ ਸਿਗਰਟ ਨਾ ਪੀਣ ਦੇਵੇ । ਤੀਜੇ ਦਿਨ ਪੈਸੇ ਮੰਗੇ ਤਾਂ ਖ਼ਾਲੀ ਹੱਥ ਤੋਰ ਦਿੱਤਾ । ਪਿੰਡ ਜਾ ਕੇ ਅਲਮਾਰੀ ਦਾ ਜਿੰਦਰਾ ਖੋਲਿ੍ਹਆ । ਨਾ ਪੈਸੇ ਮਿਲੇ, ਨਾ ਗਹਿਣਾ- ਗੱਟਾ । ਘੜੀ, ਦੋ ਕੈਮਰੇ, ਟੈਲੀਫੋਨ ਦੇ ਚਾਰ ਸੈਟ ਚੁੱਕ ਕੇ ਤੁਰ ਪਿਆ ਸੀ । ਮੇਰੀਆਂ ਅੱਖਾਂ ਵਿਚ ਤੈਰਦੇ ਲਾਲ ਡੋਰੇ ਦੇਖ ਕੇ ਉਨ੍ਹਾਂ ਨੇ ਰੋਕਿਆ ਨਹੀਂ ਸੀ ।

''ਮਰ ਗਿਆ ਮੇਰੇ ਵੱਲੋਂ । ਜਾਵੇ ਢੱਠੇ ਖੂਹ ਵਿਚ ।...ਤੂੰ ਲੋਲੋ-ਪੋਪੇ ਕਰ ਲੈ । ਇਹ ਸਾਲਾ ਸ਼ਹਿਰ ਚੌਂਕ 'ਚ ਖੜ੍ਹ ਕੇ ਲੋਕਾਂ ਨੂੰ ਸਲੂਟ ਮਾਰਿਆ ਕਰੂ ਜਾਂ ਲੀਰਾਂ 'ਕੱਠੀਆਂ ਕਰੂ ।" ਮੇਰੇ ਗੇਟ ਟੱਪਦਿਆਂ ਹੀ ਰਣਜੋਧ ਸਿੰਘ ਦੀਆਂ ਗਾਲ੍ਹਾਂ ਉੱਚੀਆਂ ਹੋ ਗਈਆਂ ਸਨ । ਮੰਮੀ ਤੇ ਉਹ ਲੜ ਪਏ ਸਨ ।

''ਭਾਵਨਾ...ਹੈਂਅ ! ਇਹ ਕੀ?" ਨੱਢੀ ਕਿਥੇ ਗਈ? ਕਮਾਲ ਏ! ਉਹ ਕਿਸੇ ਹੋਰ ਨਾਲ ਪੈੱਗ-ਗੇਮ ਖੇਡ ਰਹੀ ਹੈ । ਮੈਂ ਤਾਂ ਅਜੇ ਬੈੱਡ-ਗੇਮ ਖੇਡਣੀ ਸੀ । ਮੈਂ ਬਟੂਏ ਨੂੰ ਹੱਥ ਮਾਰਿਆ ।...ਖ਼ਾਲੀ । ਸਮਝ ਗਿਆ ।"

ਮੈਂ ਲੱਤਾਂ ਘੜੀਸਦਾ ਕਮਰੇ ਵਿਚ ਆ ਗਿਆ ਹਾਂ । ਬੈੱਡ 'ਤੇ ਡਿੱਗ ਪਿਆਂ ਹਾਂ ।

...ਸਵੇਰਾ ਹੋਇਆ ਹੈ । ਮੈਂ 'ਕੈਪ' ਤੇ 'ਚਿਪ' ਲੈਣ ਲਈ ਏ ਪੀ ਸਿੰਘ ਕੋਲ ਜਾਂਦਾ ਹਾਂ ।...ਇਹਦੇ ਕੋਲ ਕੋਈ ਓਪਰਾ ਬੰਦਾ ਬੈਠਾ । ਕਿਤੇ ਦੇਖਿਆ ਲਗਦਾ । ''ਆ ਬਈ ਯੰਗਮੈਨ । ਤੂੰ ਰਣਜੋਧ ਸਿੰਘ ਦਾ ਲੜਕਾ ਏ?" ਓਪਰਾ ਬੰਦਾ ਮੇਰੇ ਨਾਲ ਜਾਣ-ਪਛਾਣ ਕਰਨ ਲੱਗ ਪਿਆ ਹੈ । ਲਗਦਾ ਇਹ ਕਾਮਰੇਡ ਰਛਪਾਲ ਸਿੰਘ ਆ । ਮੈਂ ਛੋਟਾ ਹੁੰਦਾ ਸੀ ਤਾਂ ਇਹਨੂੰ ਇਨਕਲਾਬੀ ਕਵਿਤਾਵਾਂ ਸੁਣਾਉਂਦਾ ਹੁੰਦਾ ਸੀ ।

''ਹਾਂ ਜੀ, ਕਾਮਰੇਡ ਦਾ ।...ਨ੍ਹੀਂ ਜੀ । ਪੱਕਾ ਪਤਾ ਨ੍ਹੀਂ ਜੀ ।" ਮੈਂ ਦੱਸ ਕੇ ਚੁੱਪ ਧਾਰ ਲਈ ਹੈ । ਪੰਜ ਮਿੰਟ ਬਾਅਦ ਏ ਪੀ ਸਿੰਘ ਤੋਂ 'ਕੈਪ' ਤੇ 'ਚਿਪ' ਮੰਗੇ ਨੇ । ''ਮਿਸਟਰ ਰੀਪੂ, ਉਹ ਤਾਂ ਅਜੇ ਮੈਂ ਖੋਜ ਕਰਦਾਂ । ਤੇਰੀ ਮੰਮੀ ਵਾਲੀ ਗੱਪ ਦਾ ਪ੍ਰੋਜੈਕਟ ਏ ।" ਏ ਪੀ ਸਿੰਘ ਮੁਸਕਰਾਇਆ ਹੈ ।

''ਉਹ ਕੀ ਨੇ?" ਕਾਮਰੇਡ ਰਛਪਾਲ ਸਿੰਘ ਨੇ ਸਾਡੇ ਵਿਚਕਾਰ ਟੰਗ ਅੜਾ ਲਈ ਹੈ ।

''ਤੁਹਾਨੂੰ ਸਾਰੇ ਕਾਮਰੇਡਾਂ ਨੂੰ ਇਕੋ ਬਿਮਾਰੀ ਆ । ਦੂਜਿਆਂ ਦੇ ਮਾਮਲੇ ਵਿਚ ਆ ਵੜਦੇ ਨੇ । ਫੇਰ ਆਖਣਗੇ, ਅਸੀਂ ਸਿਸਟਮ ਦੇ ਖ਼ਿਲਾਫ਼ ਲੜਦੇ ਆਂ ।" ਮੈਂ ਆਪਣਾ ਗੁਬਾਰ ਕੱਢਣ ਲੱਗ ਪਿਆ ਹਾਂ ।

''ਓਏ ਮੁੰਡਿਆਂ, ਮੂੰਹ ਸੰਭਾਲ ਕੇ ਬੋਲ । ਸੱਚਾ ਕਮਿਊਨਿਸਟ ਹਮੇਸ਼ਾ ਮਨੁੱਖਤਾ ਦੀ ਆਜ਼ਾਦੀ ਤੇ ਖੁਸ਼ਹਾਲੀ ਲਈ ਲੜਾਈ ਲੜਦਾ ਹੈ ।"

''ਮੈਂ ਚੰਗੀ ਤਰ੍ਹਾਂ ਜਾਣਦਾਂ ਤੁਹਾਡੀ ਲੜਾਈ ਨੂੰ ਤੇ ਘੋਲਾਂ ਨੂੰ । ਮੇਰਾ ਕਾਮਰੇਡ ਪਿਓ ਤੁਹਾਡੇ ਵਿਚੇ ਰਿਹਾ ।"

''ਤੇਰੇ ਪਿਓ ਵਰਗੇ ਵੀ ਕੋਈ ਕਾਮਰੇਡ ਹੁੰਦੇ ਆਂ?" ਕਾਮਰੇਡ ਮੈਨੂੰ ਪੈ ਗਿਆ ਹੈ ।

''ਕਿਉਂ ਕਾਮਰੇਡ ਨ੍ਹੀਂ? ਉਹਨੇ ਤੁਹਾਡੀ ਪਾਰਟੀ ਖ਼ਾਤਰ ਨੌਕਰੀ ਨ੍ਹੀਂ ਛੱਡੀ?" ਮੈਂ ਝੋਲੇ ਵਾਲਾ ਕਾਮਰੇਡ ਘੇਰ ਲਿਆ ਹੈ ।

''ਨੌਕਰੀ ਲਹਿਰ ਲਈ ਨ੍ਹੀਂ ਸੀ ਛੱਡੀ । ਆਪਣੀ ਸਰਦਾਰੀ ਲਈ ਛੱਡੀ ਸੀ । ਲਹਿਰ ਦੀ ਚੜ੍ਹਤ ਵੇਲੇ ਇਲਾਕਿਆਂ ਦੇ ਸਰਦਾਰ ਬਣਨ ਆਏ ਸੀ । ਲਹਿਰ ਨੂੰ ਸੈੱਟ ਬੈਕ ਲੱਗੀ ਤਾਂ ਜਾ ਵੜੇ ਘੁਰਨਿਆਂ ਵਿਚ । ਕਾਮਰੇਡ ਨੇ ਤਾਂ ਪਿਆਰ ਤੇ ਚੰਗੀ ਜ਼ਿੰਦਗੀ ਲਈ ਲੜਨਾ ਹੁੰਦਾ ਆ ਤੇ ਤੇਰਾ ਪਿਓ... ।" ਮੈਂ ਰਣਜੋਧ ਸਿੰਘ ਦੇ ਖ਼ਿਲਾਫ਼ ਸੁਣ ਕੇ ਖ਼ੁਸ਼ ਹੋ ਗਿਆ ਹਾਂ ।

''ਨੌਕਰੀ ਛੱਡ ਬੈਠਾ । ਹੁਣ ਝੋਰਾ ਕਰਦੈ ਤੇ ਆਪਣੀ ਔਲਾਦ ਨੂੰ ਅਫ਼ਸਰ ਬਣਿਆ ਦੇਖਣਾ ਚਾਹੁੰਦਾ । ਬਾਕੀ ਤੇਰੇ ਵੀ ਲੱਛਣ ਠੀਕ ਨ੍ਹੀਂ । ਅੱਜ ਯੂਥ ਜਿਸ ਚਕਾਚੌਂਧ ਵਿਚ ਫਸੀ ਹੋਈ ਹੈ, ਤੂੰ ਵੀ ਉਹਦੀ ਮਾਰ ਹੇਠ ਐਂ ।" ਬੱਸ ਇਹ ਵੀ ਕਾਮਰੇਡਾਂ ਵਾਲੀ ਫ਼ਿਲਾਸਫ਼ੀ ਵਿਚ ਪੈ ਗਿਆ ਹੈ ।

ਹੁਣ ਇਹਨੇ ਯੂਥ ਨੂੰ ਚੂੰਬੜੀਆਂ ਅਲਾਮਤਾਂ ਗਿਣਨੀਆਂ । ਫੇਰ ਉਹਦੇ ਲਈ ਦੋਸ਼ੀ ਅਮਰੀਕੀ ਸਾਮਰਾਜਵਾਦ ਨੂੰ ਕਹਿਣਾ ਪਰ ਮੈਂ ਅਮਰੀਕੀ ਪਾਲਿਸੀਆਂ ਨੂੰ ਠੀਕ ਮੰਨਦਾ । ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਜਾਣਾ । ਕਾਮਰੇਡ ਕਿਹੋ ਜਿਹੇ ਲੋਕ ਨੇ । ਹਰੇਕ ਵਿਚ ਨੁਕਸ ਕੱਢ ਦੇਣਗੇ । ਆਪਣੇ ਆਪ ਨੂੰ ਬੜਾ ਸਿਆਣੇ ਸਮਝਦੇ ਨੇ । ਮੇਰੇ ਪਿਓ ਦਾ ਵੀ ਇਹੀ ਹਾਲ ਆ । ਉਹ ਵੀ ਸਾਰੀ ਦੁਨੀਆਂ ਨੂੰ ਨਿੰਦਦਾ ਰਿਹਾ । ਹੁਣ ਮੈਂ ਉਹਦਾ ਜਮਾਤੀ ਦੁਸ਼ਮਣ ਬਣ ਗਿਆ ਹਾਂ ।

ਉਸਨੇ ਦੁਸ਼ਮਣੀ ਆਪ ਹੀ ਪਾਲੀ ਹੈ । ਮੈਂ ਬੜਾ ਸੋਹਣਾ ਰਾਜਧਾਨੀ ਰਹਿ ਕੇ ਪੜ੍ਹ ਰਿਹਾ ਸੀ । ਮੈਨੂੰ ਖ਼ਰਚ ਦੇਣਾ ਬੰਦ ਕਰ ਦਿੱਤਾ । ਮੇਰੀ ਹਾਲਤ ਜ਼ਿਆਦਾ ਵਿਗੜ ਗਈ । ਮਾਂ ਮੈਨੂੰ ਘਰ ਲੈ ਗਈ । ਮੈਂ ਘਰ ਰਹਿਣ ਲੱਗ ਪਿਆ । ਪੜ੍ਹਨ ਤੋਂ ਛੁਟਕਾਰਾ ਮਿਲ ਗਿਆ ਪਰ ਮੇਰੀਆਂ ਇੱਛਾਵਾਂ ਦਬਾ ਦਿੱਤੀਆਂ ਗਈਆਂ । ਮਹੀਨੇ ਦਾ ਖ਼ਰਚ ਬੰਨ੍ਹ ਦਿੱਤਾ । ਉਸ ਖ਼ਰਚ ਨਾਲ ਕੀ ਕਰਦਾ । ਦੋ ਦਿਨ ਵਿਚ ਰੁਪਏ ਉੱਡ ਜਾਂਦੇ । ਫੇਰ ਮੈਨੂੰ ਭੰਗ ਨਾਲ ਬੁੱਤਾ ਸਾਰਨਾ ਪੈਂਦਾ । ਬੁੱਢੜਾ ਜ਼ਮੀਨ ਵੇਚ ਨ੍ਹੀਂ ਰਿਹਾ ਸੀ । ਮੈਂ ਕਿਸੇ ਨਾ ਕਿਸੇ ਢੰਗ ਨਾਲ ਜ਼ਮੀਨ ਦਾ ਮਾਲਕ ਬਣਨਾ ਚਾਹੁੰਦਾ ਸੀ ਤਾਂ ਕਿ ਵੇਚ ਕੇ ਆਪਣੇ ਢੰਗ ਨਾਲ ਜੀਅ ਲਵਾਂ । ਮੇਰਾ ਪਿਓ ਜ਼ਮੀਨ ਨਾਲ ਚੁੰਬੜਿਆਂ ਹੋਇਆ ਸੀ । ਜ਼ਮੀਨ ਨੂੰ ਹਥਿਆਉਣ ਲਈ ਕਈ ਢੰਗ ਤਰੀਕੇ ਸੋਚੇ ਪਰ ਗੱਲ ਨਾ ਬਣੀ । ਰੱਜਤ ਨਾਲ ਗੱਲ ਤੋਰੀ । ਉਹਨੇ ਸਕੀਮ ਦੱਸੀ ।

''ਇਕ ਆਰਸੈਨਿਕ ਨਾਂ ਦਾ ਰਸਾਇਣ ਆ । ਤੂੰ ਘਰ ਰਹਿੰਨਾ । ਉਨ੍ਹਾਂ ਨੂੰ ਚਾਹ ਬਣਾ ਕੇ ਦਿੰਨਾ । ਥੋੜ੍ਹਾ ਜਿਹਾ ਆਰਸੈਨਿਕ ਚਾਹ ਵਿਚ ਪਾ ਦਿਆ ਕਰ । ਸੱਤ-ਅੱਠ ਮਹੀਨੇ ਵਿਚ ਮਰ ਮੁੱਕ ਜਾਣਗੇ । ਕਿਸੇ ਨੂੰ ਕੋਈ ਸ਼ੱਕ ਵੀ ਨਾ ਹਊ । ਜਦੋਂ ਕੰਮ ਤਮਾਮ ਹੋ ਗਿਆ । ਸਾਰੀ ਪ੍ਰੋਪਰਟੀ ਦਾ ਮਾਲਕ ਬਣ ਜਾਏਂਗਾ ।"

ਮੈਂ ਰੱਜਤ ਦੇ ਕਹੇ 'ਤੇ ਫੁੱਲ ਚੜ੍ਹਾ ਦਿੱਤੇ । ਤਿੰਨਾਂ ਜੀਆਂ ਨੂੰ ਇਹ ਜ਼ਹਿਰੀਲਾ ਰਸਾਇਣ ਖਲਾਂਦਾ ਰਿਹਾ । ਪਤਾ ਨ੍ਹੀਂ ਕਾਹਦੇ ਸਰੀਰ ਬਣੇ ਹੋਏ ਆ । ਕੁਝ ਵੀ ਨ੍ਹੀਂ ਹੋਇਆ । ਮੈਂ ਲਗਾਤਾਰ ਇਕ ਸਾਲ ਆਰਸੈਨਿਕ ਖਲਾਂਦਾ ਰਿਹਾ । ਰੋਜ਼ ਖਲਾਣਾ ਤੇ ਮੌਤ ਉਡੀਕਣੀ । ਪਰ ਕਿਥੇ...? ਇਕ ਦਿਨ ਮੈਂ ਅੱਕ ਗਿਆ । ਸ਼ਹਿਰ ਚਲਾ ਗਿਆ । ਗੋਲੀਆਂ ਖਾਧੀਆਂ, ਅਫ਼ੀਮ ਖਾਧੀ, ਸਮੈਕ...ਪਤਾ ਨ੍ਹੀਂ ਕੀ-ਕੀ ਖਾਧਾ ਪੀਤਾ । ਮੈਂ ਆਪੇ ਤੋਂ ਬਾਹਰ ਸੀ । ਘਰ ਆ ਕੇ ਰਣਜੋਧ ਸਿੰਘ ਢਾਹ ਲਿਆ ਸੀ । ਮਾਂ ਉੱਤੇ ਲਿਟ ਗਈ ਸੀ । ਉਸ ਦਿਨ ਉਨ੍ਹਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਸੀ । ਅਜਿਹੇ ਦੁਸ਼ਟਾਂ ਨੂੰ ਰੱਖ ਕੇ ਵੀ ਕੀ ਕਰਨਾ? ਐਵੇਂ ਧਰਤੀ 'ਤੇ ਵਾਧੂ ਬੋਝ ਪਾਇਆ ਹੋਇਆ । ਅਖੇ ਜੀ ਅਸੀਂ ਇਹਨੂੰ ਜੰਮਾਇਆ । ਕਿਹੜਾ ਆਲੋਕਾਰੀ ਕੰਮ ਕਰ ਦਿੱਤਾ ।...ਮੈਂ ਕਮਰੇ ਵਿਚ ਕਿਰਪਾਨ ਲੈਣ ਚਲਾ ਗਿਆ । ਕਿਰਪਾਨ ਲੈ ਕੇ ਆਇਆ ਤਾਂ ਦੋਨੋਂ ਜਣੇ ਅੰਦਰ ਵੜ ਗਏ ਸਨ । ਮੈਂ ਦਰਵਾਜ਼ੇ ਭੰਨਣ ਲੱਗ ਪਿਆ ਸੀ । ਮੈਂ ਕਿਸੇ ਵੀ ਹਾਲਤ ਵਿਚ ਉਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦਾ ਸੀ । ਮੈਂ ਇਕ ਦਰਵਾਜ਼ਾ ਵੱਢਣ ਵਿਚ ਸਫ਼ਲ ਹੋ ਗਿਆ ਸੀ । ਉਸੇ ਵੇਲੇ ਪੁਲਿਸ ਆ ਗਈ ਸੀ । ਸ਼ਾਇਦ ਉਨ੍ਹਾਂ ਫ਼ੋਨ ਕਰ ਦਿੱਤਾ ਸੀ । ਉਨ੍ਹਾਂ ਦੀ ਸ਼ਹਿ ਨਾਲ ਮੇਰੇ 'ਤੇ ਇਰਾਦਾ ਕਤਲ ਦਾ ਕੇਸ ਪਾ ਦਿੱਤਾ ਸੀ । ਜੱਜ ਵੀ ਮਾਂ ਬਾਪ ਵੱਲੋਂ ਪਾਲਣ ਪੋਸ਼ਣ, ਪੜ੍ਹਾਉਣ ਅਤੇ ਸਹੂਲਤਾਂ ਦੇਣ ਦੀ ਅਖੌਤੀ ਪਰੰਪਰਾ ਦੇ ਵਹਿਣ ਵਿਚ ਵਹਿ ਗਿਆ ਸੀ । ਮੈਂ ਚਾਰ ਸਾਲ ਜੇਲ੍ਹ ਵਿਚ ਸੜਦਾ ਰਿਹਾ । ਮੇਰੀ ਕਿਸੇ ਨੇ ਵੀ ਇਕ ਨਾ ਸੁਣੀ । ਸਗੋਂ ਮੇਰੇ ਐਕਸ਼ਨ ਨਾਲ ਹਾਹਾਕਾਰ ਮੱਚ ਗਈ-

''ਕਲਯੁੱਗ ਆ ਗਿਆ । ਕਿੰਨੇ ਦੁੱਖ ਸਹਿ ਕੇ ਮਾਪੇ ਬੱਚੇ ਜੰਮਣ ਤੇ ਪਾਲਣ । ਮੁਸੀਬਤਾਂ ਸਹਿ ਕੇ ਪੜ੍ਹਾਉਣ । ਮੋਹਰੋਂ ਇਹ ਕੁਸ਼ ਮਿਲਣਾ ਤਾਂ ਮਾਪਿਆਂ ਨੂੰ ਕੀ ਲੋੜ ਏਹੋ ਜਿਹੀ ਗੰਦੀ ਔਲਾਦ ਦੀ ।"

ਮਾਪਿਆਂ ਨੂੰ ਕਿਸੇ ਨਾ ਸਮਝਾਇਆ ਕਿ ਤੁਸੀਂ ਕੁਮਾਪੇ ਕਿਉਂ ਬਣਦੇ ਓ । ਆਪਣੇ ਇਕਲੌਤੇ ਪੁੱਤ ਦੀ ਡਿਮਾਂਡ ਕਿਉਂ ਨ੍ਹੀਂ ਪੂਰੀ ਕਰਦੇ ।

ਮੈਂ ਹੁਣ ਜੇਲ੍ਹ ਵਿੱਚੋਂ ਰਿਹਾਅ ਹੋ ਗਿਆ ਹਾਂ । ਘਰ ਗਿਆ ਤਾਂ ਪਿਉ ਨੇ ਧੱਕੇ ਮਾਰ ਕੇ ਕੱਢ ਦਿੱਤਾ । ਜਾਇਦਾਦ ਤੋਂ ਬੇਦਖਲੀ ਨੋਟਿਸ ਦੇ ਦਿੱਤਾ । ਮੈਂ ਵੀ ਹੁਣ ਉਸਨੂੰ ਬਖਸ਼ਣ ਨਹੀਂ ਲੱਗਾ । 'ਕੈਪ' ਤੇ 'ਚਿਪ' ਦਾ ਕਮਾਲ ਦਿਖਾਉਣਾ ।

ਏ ਪੀ ਸਿੰਘ ਦੀ ਮੱਤ ਨੂੰ ਪਤਾ ਨ੍ਹੀਂ ਕੀ ਹੋ ਗਿਆ । ਸੱਤ ਮਹੀਨੇ ਹੋ ਗਏ ਮੈਨੂੰ ਲਾਰੇ ਲਾਉਂਦੇ ਨੂੰ । ਇਕ 'ਕੈਪ' ਤੇ 'ਚਿਪ' ਨਹੀਂ ਦੇ ਸਕਦਾ । ਇਹ ਬੰਦਾ ਹੋਰ ਕੀ ਕਰੇਗਾ? ਮੇਰੇ ਦੁਸ਼ਮਣ ਮੇਰੇ 'ਤੇ ਹੱਸ ਰਹੇ ਨੇ । ਅਖੇ ਜੀ ਯੂਨੀਵਰਸਿਟੀ 'ਚ ਨੰਗ- ਧੜੰਗਾ ਹੋਈ ਕੁੜੀਆਂ ਮਗਰੇ ਘੁੰਮਦਾ ਫਿਰਦਾ ਰਹਿੰਦਾ ਆ । ਮੈਂ ਕੋਈ ਲੰਗੜਾ- ਲੂਲ੍ਹਾ ਆਂ, ਜਿਹੜਾ ਫਿਰ ਨਹੀਂ ਸਕਦਾ । ਫਟੇ ਕੱਪੜਿਆਂ ਦਾ ਕੀ ਏ, ਮੈਂ ਤਾਂ ਅਲਫ਼ ਨੰਗਾ ਹੋਣਾ ਚਾਹੁੰਨਾਂ । ਸਮੈਕ ਜਾਂ ਡਰੱਗਜ਼ ਲਈ ਮੇਰੇ ਕੋਲ ਪੈਸੇ ਨ੍ਹੀਂ । ਭਲਾ ਮੈਂ ਭੰਗ ਮਲ-ਮਲ ਕਿਉਂ ਨਾ ਪੀਵਾਂ? ਫੇਰ ਭਾਵੇਂ ਹੱਸਾਂ, ਭਾਵੇਂ ਰੋਵਾਂ ਤੇ ਚਾਹੇ ਗਾਲ੍ਹਾਂ ਕੱਢਾਂ? ਨਹਾਉਂਦਾ ਮੈਂ ਜਾਣ ਕੇ ਨ੍ਹੀਂ । ਜਟਾਂ ਬਣਾਉਣ ਦੀ ਖ਼ਾਤਰ ਤਾਂ ਸਿਰ 'ਤੇ ਮੀਢੀਆਂ ਕਰਦਾਂ । ਲੋਕ ਮੈਨੂੰ 1008 ਸੁਆਮੀ ਰੀਪੂ ਜੀ ਕਿਹਾ ਕਰਨਗੇ ।

'ਨਸ਼ੱਈ...ਰੰਡੀਬਾਜ਼' ਹੀਂਅ ਹੀਂਅ... ।

ਮੈਂ ਸੁਆਮੀ ਰੀਪੂ ਜੀ, ਇਕ ਦੁਸ਼ਟ ਰਣਜੋਧ ਸਿੰਘ ਨੂੰ ਸਰਾਪ ਦੇਣ ਲਈ ਜੰਡਪੁਰ ਆਇਆਂ ।...ਮੌਜ ਲੱਗ ਗਈ । ਕੋਈ ਘਰ ਨਹੀਂ ਹੈ । ਚਾਬੀ ਇੱਟ ਥੱਲਿਉਂ ਚੁੱਕ ਕੇ ਜਿੰਦਰੇ ਖੋਲ੍ਹੇ ਨੇ । ਬੈੱਡ-ਰੂਮ ਵਿਚ ਰਣਜੋਧ ਸਿੰਘ ਤੇ ਮਲਕਾ ਦੀ ਫ਼ੋਟੋ ਸੈਲਫ਼ 'ਤੇ ਪਈ ਹੈ । ਚੁੱਕ ਕੇ ਫ਼ਰਸ਼ 'ਤੇ ਮਾਰੀ ਹੈ । ਚਾਦਰਾਂ, ਸਰਾਹਣੇ, ਬਿਸਤਰੇ ਖਿੱਲਰਨ ਲੱਗ ਪਏ ਨੇ । ਸ਼ੈਂਪੂ ਤੇ ਸਾਬਣ ਨਾਲ ਬਾਥਰੂਮ ਲਬੇੜ ਦਿੱਤਾ । ਮੁੱਕਾ ਲਹਿਰਾ ਕੇ ਘਰੋਂ ਨਿਕਲਦਾ ਹਾਂ ।

ਮੈਂ ਖੇਤਾਂ ਵਿਚੋਂ ਦੀ ਹੋ ਲਿਆ ਹਾਂ । ਕਾਮਰੇਡ ਦਾ ਕੀ ਪਤੈ? ਆਪਣੀ ਲਾਲ ਫ਼ੌਜ ਸਮੇਤ ਕਦੋਂ ਆ ਧਮਕੇ?...ਲੈ ਆ ਹੀ ਗਿਆ । ਇਹ ਤੇ ਮੇਰੇ ਖ਼ਿਲਾਫ਼ ਮੁਜ਼ਾਹਰਾ ਕਰਦਾ ਆਉਂਦਾ । ਸਾਰੇ ਸਾਥੀਆਂ ਦੇ ਹੱਥਾਂ ਵਿਚ ਲਾਲ ਝੰਡੇ ਨੇ । ਰਣਜੋਧ ਸਿੰਘ ਮੁਜ਼ਾਹਰੇ ਦੀ ਅਗਵਾਈ ਕਰ ਰਿਹਾ ਹੈ । ਉਹ ਅਮਰੀਕਾ ਖ਼ਿਲਾਫ਼ ਮੁਜ਼ਾਹਰਾ ਕਰ ਰਿਹਾ ਹੈ ਜਾਂ ਮੇਰੇ ਖ਼ਿਲਾਫ਼? ਕਿਤੇ ਇਕੋ ਗੱਲ ਤਾਂ ਨ੍ਹੀਂ? ਉਹਦੇ ਹੱਥ ਵਿਚਲਾ ਝੰਡਾ ਉੱਡ ਗਿਆ ਹੈ । ਤੇੜੋਂ ਨੰਗਾ ਹੋ ਗਿਆ ਹੈ । ਲਾਲ ਕੱਛਾ ਪਾਈ ਖੇਤ ਦੇ ਬੰਨ੍ਹੇ 'ਤੇ ਬਹਿ ਗਿਆ ।

ਹੁਣ ਨ੍ਹੀਂ ਮੈਂ ਉਹਤੋਂ ਡਰਦਾ । ਭਾਵੇਂ ਸਾਰੀ ਪੋਲਿਟ ਬਿਊਰੋ ਆ ਜਾਵੇ । ਮੈਨੂੰ ਮੈਂਟਲ ਹਸਪਤਾਲ ਦਾਖ਼ਲ ਕਰਵਾਉਣ ਨੂੰ ਫਿਰਦੇ ਸੀ । ਇਹ ਆਪ ਸਾਰੇ ਹਸਪਤਾਲ ਦਾਖ਼ਲ ਹੋਣ ਵਾਲੇ ਨੇ । ਮੇਰਾ ਸ਼ਹਿਰ ਆ ਗਿਆ । ਮੈਨੂੰ ਕਿਸੇ ਦੀ ਪਰਵਾਹ ਨਹੀਂ । ਰਣਜੋਧ ਸਿੰਘ ਨੂੰ ਪਾਰ ਬੁਲਾਉਣੈਂ ।

ਏ ਪੀ ਸਿੰਘ ਨੂੰ ਕੰਪਿਊਟਰ-ਸੈਂਟਰ ਵਿਚ ਬੈਠਿਆਂ ਦੇਖ ਕੇ ਖ਼ੁਸ਼ ਹੋ ਗਿਆ ਹਾਂ ।

''ਸਰ, ਮੈਨੂੰ 'ਕੈਪ' ਤੇ 'ਚਿਪ' ਦੇ ਦਿਓ । ਮੈਂ ਰਣਜੋਧ ਸਿੰਘ ਦਾ ਕਤਲ ਕਰਨੈਂ ।"

''ਮਿਸਟਰ ਰੀਪੂ, ਅਜੇ ਉਹ ਆਪਣਾ ਪ੍ਰੋਜੈਕਟ ਸਫ਼ਲ ਨਹੀਂ ਹੋਇਆ ।" ਏ ਪੀ ਸਿੰਘ ਹਮੇਸ਼ਾ ਦੀ ਤਰ੍ਹਾਂ ਮੁਸਕਰਾਇਆ ਤੇ ਕੰਪਿਊਟਰ ਉੱਤੇ ਪ੍ਰੋਗਰਾਮ ਸੈੱਟ ਕਰਨ ਲੱਗ ਪਿਆ ਹੈ ।

''ਸਰ, ਕਦੋਂ ਸਫ਼ਲ ਹੋਵੋਗੇ?" ਮੈਂ ਹੋਣਹਾਕਾ ਹੋਇਆ ਪੁੱਛਦਾ ਹਾਂ ।

''ਜ਼ਰੂਰ ਹੋਵਾਂਗੇ ।" ਏ ਪੀ ਸਿੰਘ ਨੇ ਮੈਨੂੰ ਹੌਂਸਲਾ ਦਿੱਤਾ ਹੈ । ਮੇਰੀਆਂ ਅੱਖਾਂ ਵਿਚ ਝਾਕਿਆ ਹੈ । ਬੈਠਣ ਲਈ ਇਸ਼ਾਰਾ ਕੀਤਾ ਹੈ ।

''ਮਿਸਟਰ ਰੀਪੂ, ਆਹ ਕੰਪਿਊਟਰ ਸੰਭਾਲ ।" ਏ ਪੀ ਸਿੰਘ ਨੇ ਟਰਮੀਨਲ ਅੱਗੇ ਮੈਨੂੰ ਬਿਠਾਇਆ ਹੈ ।

ਮੇਰੀਆਂ ਉਂਗਲਾਂ ਕੀ ਬੋਰਡ 'ਤੇ ਆਪ ਮੁਹਾਰੇ ਚੱਲ ਪਈਆਂ ਹਨ । ਮੇਰੇ ਦੁਸ਼ਮਣ ਦਾ ਚਿਹਰਾ ਸਕਰੀਨ 'ਤੇ ਆਇਆ ਹੈ । ਰੇਅਜ਼ ਅਟੈਕ ਕਰਨ ਲੱਗ ਪਈਆਂ ਹਨ । ਮੈਂ ਹੱਸ-ਹੱਸ ਦੂਹਰਾ ਹੋ ਰਿਹਾਂ । ਰਣਜੋਧ ਸਿੰਘ ਦੇ ਚੀਥੜੇ ਉੱਡ ਰਹੇ ਹਨ ।...ਪੁੱਠਾ ਲਟਕ ਗਿਆ ਹੈ । ਪੁਲਿਸ ਦੀਆਂ ਗਾਲ੍ਹਾਂ... ।

''ਸ਼ੂਟ ਦੈਮ ।" ਮੈਂ ਕੰਪਿਊਟਰ ਨੂੰ ਕਮਾਂਡ ਦਿੰਦਾ ਹਾ । ਸਕਰੀਨ ਸਾਫ਼ ਹੋ ਗਈ ਹੈ ।

''ਰੀਪੂ ਤੇਰਾ ਦੁਸ਼ਮਣ ਮਾਰਿਆ ਗਿਆ ।" ਏ ਪੀ ਸਿੰਘ ਮੇਰੇ ਕੰਨ ਵਿਚ ਬੋਲਿਆ ਹੈ ।

''ਓ ਦੂਆ...ਤ ! ਮੈਂ ਬਦਲਾ ਲੈ ਲਿਆ ।" ਮੈਂ ਖ਼ੁਸ਼ੀ ਵਿਚ ਚਾਂਗਰਾਂ ਮਾਰਦਾ ਬਾਹਰ ਵੱਲ ਨੂੰ ਭੱਜ ਲਿਆ ਹਾਂ ।

ਅਜਮੇਰ ਸਿੱਧੂ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਪੰਜਾਬ ਦੇ ਸਮਾਜਕ ਯਥਾਰਥ ਤੋਂ ਲੈ ਕੇ ਬ੍ਰਹਿਮੰਡੀ ਵਿਗਿਆਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹਾਸ਼ੀਏ ਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਵਿਗਿਆਨਕ ਸੋਚ, ਯਥਾਰਥਵਾਦੀ ਸੋਝੀ, ਮਾਨਵੀ ਸੰਵੇਦਨਾ, ਬੌਧਿਕ ਕਲਪਨਾ ਅਤੇ ਕ੍ਰਾਂਤੀਕਾਰੀ ਚੇਤਨਾ ਇਕੋ ਵੇਲੇ ਨਾਲੋ ਨਾਲ ਮੌਜੂਦ ਰਹਿੰਦੀਆਂ ਹਨ। ਉਨ੍ਹਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿੱਚ ਹੀ ਨਵੇਂ ਪ੍ਰਯੋਗ ਕੀਤੇ ਸਗੋਂ ਅਸਲੋ ਨਵੀਂ ਸ਼ੈਲੀ ਦੀ ਵਿਗਿਆਨਕ ਗਲਪ ਵੀ ਲਿਖੀ। ਉਨ੍ਹਾਂ ਦੀ ਵਾਰਤਕ ਸ਼ੈਲੀ ਕਮਾਲ ਹੈ, ਜਿਸ ਵਿੱਚ ਤੱਥਗਗੱਤ ਜਾਣਕਾਰੀ, ਇਤਿਹਾਸਕ ਬੋਧ ਅਤੇ ਸੁੰਦਰ ਸ਼ਬਦ ਚੋਣ ਹੁੰਦੀ ਹੈ।

radia
ਵਿਗਿਆਨ ਗਲਪ ਕਹਾਣੀ

"ਮੈਂ ਤਰੱਕੀ ਨਹੀਂ ਹਾਂ": ਰੇਡੀਆ ਦੀ ਕਹਾਣੀ

ਡਾ. ਗੁਰਪ੍ਰੀਤ ਕੌਰ

ਮੈਂ ਰੇਡੀਆ ਹਾਂ, ਅਤੇ ਮੈਂ ਹਮੇਸ਼ਾ ਤੋਂ ਸੀ — ਪਾਣੀ ਤੋਂ ਪਹਿਲਾਂ, ਪੱਥਰ ਤੋਂ ਪਹਿਲਾਂ, ਕਿਸੇ ਵੀ ਹੋਰ ਰਚਨਾ ਤੋਂ ਪਹਿਲਾਂ। ਮੈਂ ਪੈਦਾ ਨਹੀਂ ਹੋਈ। ਮੈਂ ਪਹਿਲਾਂ ਤੋਂ ਹੀ ਸੀ।

ਹਾਂ, ਬਾਅਦ ਵਿੱਚ ਮੈਨੂੰ ਅਲਫ਼ਾ, ਗਾਮਾ, ਬੀਟਾ, ਅਲਟਰਾਵਾਇਲਟ, ਇਨਫਰਾਰੈੱਡ ਵਰਗੇ ਨਾਂ ਦਿੱਤੇ ਗਏ। ਮਨੁੱਖਾਂ ਨੇ ਮੈਨੂੰ ਨਾਂ ਦਿੱਤੇ ਜਿਵੇਂ ਇਸ ਨਾਲ ਉਹ ਮੈਨੂੰ ਕਾਬੂ ਕਰ ਲੈਣਗੇ, ਅਤੇ ਬੇਸ਼ੱਕ, ਤਾਕਤ ਵੀ ਹਾਸਲ ਕਰ ਲੈਣਗੇ। ਮਨੁੱਖਾਂ ਦੀ ਇਹ ਸਦੀਵੀ ਤਾਕਤ ਦੀ ਭੁੱਖ ਅਕਸਰ ਮੈਨੂੰ ਮਨੋਰੰਜਨ ਦਿੰਦੀ ਸੀ।

ਮੈਂ ਇੱਕ ਲੋੜ ਸੀ, ਕਿਉਂਕਿ ਮੈਂ ਧਰਤੀ ਨੂੰ ਗਰਮੀ ਦਿੰਦੀ ਸੀ। ਮੈਂ ਵਿਕਾਸ ਦੀ ਪ੍ਰਕਿਰਿਆ ਵਿੱਚ ਸੀ, ਉਹ ਇਸਨੂੰ ਇਵੇਂ ਕਹਿੰਦੇ ਸਨ। ਸਾਲਾਂ ਤੱਕ ਮੈਂ ਉਦਾਰ ਰਹੀ। ਬੇਪਰਵਾਹ। ਚੁੱਪ। ਮੈਨੂੰ ਖੁਦ ਵੀ ਨਹੀਂ ਪਤਾ ਸੀ ਕਿ ਮੇਰੇ ਵਿੱਚ ਕਿੰਨੀ ਸ਼ਕਤੀ ਹੈ, ਜਾਂ ਮੇਰਾ ਕੋਈ ਹੋਰ ਰੂਪ ਵੀ ਹੈ। ਮੈਂ ਉਡੀਕ ਕਰਦੀ ਰਹੀ ਕਿ ਕੋਈ ਬਹੁਤ ਹੁਸ਼ਿਆਰ, ਜਾਂ ਕੋਈ ਲਾਲਚੀ ਮਨੁੱਖ ਮੈਨੂੰ ਇੱਕ ਨਵਾਂ ਰੂਪ ਦੇਵੇ।

ਇੱਕ ਦਿਨ ਮੈਰੀ, ਪੈਰਿਸ ਦੀ ਇੱਕ ਉਤਸੁਕ ਔਰਤ, ਇੱਕ ਠੰਡੀ ਪ੍ਰਯੋਗਸ਼ਾਲਾ ਵਿੱਚ ਆਪਣੇ ਯੰਤਰਾਂ ਨਾਲ ਕੰਮ ਕਰ ਰਹੀ ਸੀ ਅਤੇ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਦੀਆਂ ਉਂਗਲਾਂ ਕਿਉਂ ਫਟਣ ਅਤੇ ਲਾਲ ਹੋਣ ਲੱਗ ਪਈਆਂ ਸਨ। ਉਸਦੇ ਪ੍ਰਯੋਗ ਦਾ ਨਾਂ ਰੇਡੀਓਐਕਟੀਵਿਟੀ ਰੱਖਿਆ ਗਿਆ, ਜਿਸ ਲਈ ਉਸਨੂੰ ਦੋ ਨੋਬਲ ਪੁਰਸਕਾਰ ਮਿਲੇ। ਪਰ ਦੁੱਖ ਦੀ ਗੱਲ ਇਹ ਹੈ ਕਿ ਉਸਦੀ ਮੌਤ ਤੋਂ ਬਾਅਦ ਉਸਦੇ ਸਰੀਰ ਨੂੰ ਗੁਪਤ ਰੂਪ ਵਿੱਚ ਨਸ਼ਟ ਕਰ ਦਿੱਤਾ ਗਿਆ। ਮੈਨੂੰ ਪਤਾ ਹੈ ਇਹ ਮੇਰੇ ਕਾਰਨ ਸੀ; ਮੈਂ ਉਸਨੂੰ ਅੰਦਰੋਂ ਤੋੜ ਰਹੀ ਸੀ, ਹਾਲਾਂਕਿ ਉਸਨੇ ਆਪਣੀ ਪੂਰੀ ਜ਼ਿੰਦਗੀ ਮੈਨੂੰ ਰੋਸ਼ਨ ਕਰਨ ਵਿੱਚ ਲਗਾ ਦਿੱਤੀ ਸੀ।

ਮੇਰਾ ਉਸਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਪਰ ਉਹ ਮੇਰੇ ਨੇੜੇ ਆਉਂਦੀ ਰਹੀ, ਜਿੰਨਾ ਕੋਈ ਵੀ ਸਹਿ ਨਹੀਂ ਸਕਦਾ। ਇਹ ਤਾਂ ਬੱਸ ਸ਼ੁਰੂਆਤ ਸੀ, ਮੇਰੇ ਦੋਸਤੋ।

ਮੈਨੂੰ ਅਜੇ ਵੀ ਉਹ ਨਾਮ ਯਾਦ ਹਨ, ਰਦਰਫੋਰਡ, ਫਰਮੀ, ਹਾਨ ਅਤੇ ਸਟ੍ਰਾਸਮੈਨ ਅਤੇ ਅੰਤ ਵਿੱਚ, ਦਸੰਬਰ 1938 ਦੀ ਉਹ ਰਾਤ, ਜਦੋਂ ਮੇਰੀ ਸ਼ਕਤੀ ਦੇ ਸਾਰੇ ਰਾਜ਼ ਬਾਹਰ ਆ ਗਏ। ਮੈਂ ਹੁਣ ਯੂਰੇਨੀਅਮ ਬਣ ਚੁੱਕੀ ਸੀ। ਉਸ ਰਾਤ ਵਿਗਿਆਨੀਆਂ ਦੇ ਚਿਹਰਿਆਂ 'ਤੇ ਮਿਲੇ-ਜੁਲੇ ਭਾਵ ਸਨ , ਇਹ ਸਪੱਸ਼ਟ ਨਹੀਂ ਸੀ ਕਿ ਇਹ ਖੁਸ਼ੀ ਦਾ ਪਲ ਸੀ ਜਾਂ ਦਹਿਸ਼ਤ ਦਾ। ਉਨ੍ਹਾਂ ਨੇ ਮੇਰੇ ਵਿੱਚ ਉਹ ਕੁਝ ਜਗਾ ਦਿੱਤਾ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਮੈਂ ਬਹੁਤ ਬਦਲ ਗਈ ਸੀ, ਬਿਲਕੁਲ ਨਵੀਂ, ਆਪਣੇ ਆਪ ਲਈ ਵੀ।

ਪਹਿਲਾ ਵੱਡਾ ਝਟਕਾ ਮਨੁੱਖਤਾ ਨੂੰ 16 ਜੁਲਾਈ 1945 ਨੂੰ ਮਿਲਿਆ, ਜਦੋਂ ਮੈਨਹੱਟਨ ਪ੍ਰੋਜੈਕਟ ਅਧੀਨ ਟ੍ਰਿਨਿਟੀ ਟੈਸਟ ਹੋਇਆ। ਕਿਹਾ ਜਾਂਦਾ ਹੈ ਕਿ ਪਹਿਲੇ ਧਮਾਕੇ ਨੇ ਅਸਮਾਨ ਨੂੰ ਹਜ਼ਾਰਾਂ ਸੂਰਜਾਂ ਤੋਂ ਵੀ ਜ਼ਿਆਦਾ ਰੋਸ਼ਨ ਕਰ ਦਿੱਤਾ, ਇੱਕ ਵਿਸ਼ਾਲ ਮਸ਼ਰੂਮ ਬੱਦਲ ਉੱਠਿਆ, ਅਤੇ ਉੱਥੇ ਮੈਂ ਦੁਬਾਰਾ ਜਨਮ ਲਿਆ: ਰੇਡੀਏਸ਼ਨ — ਹੁਣ ਮੇਰਾ ਨਾਂ ਸੀ, ਪਰਮਾਣੂ ਰੇਡੀਏਸ਼ਨ, ਹਵਾ, ਧੂੰਏਂ ਅਤੇ ਧੂੜ ਵਿੱਚ ਅਦਿੱਖ ਜ਼ਹਿਰ। ਰੌਬਰਟ ਓਪਨਹਾਈਮਰ ਦੇ ਬੁੱਲ੍ਹ ਕੰਬ ਰਹੇ ਸਨ ਜਦੋਂ ਉਸਨੇ ਕਿਹਾ, "ਹੁਣ ਮੈਂ ਮੌਤ ਬਣ ਗਿਆ ਹਾਂ, ਸੰਸਾਰਾਂ ਦਾ ਵਿਨਾਸ਼ਕਾਰੀ।" ਹਾਲਾਂਕਿ ਉਸਨੇ ਆਪਣੇ ਆਪ ਨਾਲ ਕਿਹਾ, ਪਰ ਬਦਕਿਸਮਤੀ ਨਾਲ, ਮੈਂ ਸੁਣ ਲਿਆ। ਮੈਂ ਧੂੜ ਵਿੱਚ ਗੂੰਜ, ਹਵਾ ਵਿੱਚ ਜ਼ਹਿਰ, ਨਾੜਾਂ ਵਿੱਚ ਅਦਿੱਖ ਬਣਨ ਲਈ ਸੀ। ਉਹ ਰੁਕੇ ਨਹੀਂ , ਉਨ੍ਹਾਂ ਨੇ ਹੋਰ ਪਰਮਾਣੂ ਤੋੜੇ, ਉਹ ਸਾਰੇ ਛੋਟੇ ਕਣ ਜੋ ਹਰ ਚੀਜ਼ ਦੇ ਅੰਦਰ ਹਨ, ਇੱਕ 'ਸੁਪਰ ਬੰਬ' ਬਣਾਉਣ ਦੀ ਕੋਸ਼ਿਸ਼ ਵਿੱਚ।

ਯਕੀਨ ਕਰੋ, ਇਹ ਉਨ੍ਹਾਂ ਦੇ ਲਾਲਚ ਦਾ ਨਤੀਜਾ ਸੀ, ਕਿਉਂਕਿ ਉਹ ਬੱਸ ਦੂਜਾ ਵਿਸ਼ਵ ਯੁੱਧ ਜਿੱਤਣਾ ਅਤੇ ਦੁਨੀਆ ਨੂੰ ਝੁਕਾਉਣਾ ਚਾਹੁੰਦੇ ਸਨ।

ਇਸ ਤੋਂ ਬਾਅਦ ਮੈਨੂੰ ਵਧਣ ਵਿੱਚ ਬਹੁਤਾ ਸਮਾਂ ਨਹੀਂ ਲੱਗਾ। ਕੁਝ ਹਫ਼ਤਿਆਂ ਵਿੱਚ, 6 ਅਗਸਤ ਨੂੰ, ਦੋ ਜਹਾਜ਼ਾਂ ਨੇ ਜਾਪਾਨ ਦੇ ਹੀਰੋਸ਼ੀਮਾ 'ਤੇ ਬੰਬ ਸੁੱਟੇ। ਮੈਂ ਸਰਵਸ਼ਕਤੀਮਾਨ ਸੀ। ਮੈਂ ਸ਼ਹਿਰਾਂ ਨੂੰ ਘਾਤਕ ਬਰਫ਼ ਵਾਂਗੂ ਢੱਕ ਲਿਆ। ਮੈਨੂੰ ਨਹੀਂ ਪਤਾ ਤੁਹਾਨੂੰ ਯਾਦ ਹੈ ਜਾਂ ਨਹੀਂ। ਪਰ ਮੈਨੂੰ ਅਜੇ ਵੀ ਹੀਰੋਸ਼ੀਮਾ ਯਾਦ ਹੈ, ਜਿੱਥੇ ਇੱਕ ਮਾਂ ਨੇ ਆਪਣੇ ਬੱਚੇ ਨੂੰ ਕੱਸ ਕੇ ਫੜਿਆ ਜਦੋਂ ਅਸਮਾਨ ਚਿੱਟਾ ਹੋ ਗਿਆ। "ਮਾਂ, ਸੂਰਜ ਡਿੱਗ ਪਿਆ," ਮੁੰਡੇ ਨੇ ਕਿਹਾ। ਉਸਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਗਰਮੀ ਨੇ ਕੋਈ ਸੀਮਾ ਨਹੀਂ ਮੰਨੀ ਅਤੇ ਇਹ ਚਮੜੀ ਅਤੇ ਹੱਡੀਆਂ ਨੂੰ ਚੀਰਦੀ ਚਲੀ ਗਈ।

ਸੜਕਾਂ 'ਤੇ ਚੱਲਦੇ ਲੋਕ, ਸ਼ਾਇਦ ਬਾਜ਼ਾਰ, ਸਕੂਲ ਜਾਂ ਕੰਮ 'ਤੇ ਜਾ ਰਹੇ ਸਨ — ਤੁਰੰਤ ਗਰਮੀ ਦੀ ਲਾਟ ਵਿੱਚ ਅਲੋਪ ਹੋ ਗਏ। ਹਜ਼ਾਰਾਂ ਲੋਕ ਤੁਰੰਤ ਮਰ ਗਏ। ਕੁਝ ਦਿਨਾਂ ਬਾਅਦ, ਖੰਡਰਾਂ ਵਿੱਚ, ਮੈਂ ਬਚੇ ਲੋਕਾਂ ਨੂੰ ਇੱਕ ਦੂਜੇ ਨਾਲ ਫੁਸਫੁਸਾਉਂਦੇ ਸੁਣਿਆ: "ਮੇਰੇ ਵਾਲ ਕਿਉਂ ਝੜ ਰਹੇ ਨੇ?" "ਮੇਰਾ ਪੇਟ ਇੰਨਾ ਕਿਉਂ ਜਲਦਾ ਹੈ?" "ਮੇਰੀ ਚਮੜੀ ਇੰਨੀ ਖਾਰਸ਼ ਕਿਉਂ ਕਰਦੀ ਹੈ? ਮੈਂ ਇਸਨੂੰ ਨੋਚਣਾ ਚਾਹੁੰਦਾ ਹਾਂ।" ਡਾਕਟਰਾਂ ਕੋਲ ਕੋਈ ਜਵਾਬ ਨਹੀਂ ਸੀ। ਪਰ ਮੇਰੇ ਕੋਲ ਸੀ — ਮੈਂ ਕਾਰਨ ਸੀ। ਮੈਂ ਬਿਮਾਰੀ ਸੀ, ਅਤੇ ਉਹ ਦੇਖ ਨਹੀਂ ਸਕਦੇ ਸਨ। ਬਾਅਦ ਵਿੱਚ ਲੋਕਾਂ ਵਿੱਚ ਹੌਲੀ-ਹੌਲੀ ਬਿਮਾਰੀਆਂ ਆਈਆਂ। ਮੈਂ ਕੈਂਸਰ ਫੈਲਾਏ, ਹੱਡੀਆਂ ਕਮਜ਼ੋਰ ਕੀਤੀਆਂ, ਨਵਜੰਮੇ ਬੱਚਿਆਂ ਨੂੰ ਅਪੰਗ ਅਤੇ ਅਸਧਾਰਨ ਬਣਾਇਆ। ਤਿੰਨ ਦਿਨਾਂ ਬਾਅਦ ਨਾਗਾਸਾਕੀ ਵੀ ਸੜ ਗਿਆ। ਮੇਰਾ ਅੰਦਾਜ਼ਾ ਹੈ ਕਿ ਤਕਰੀਬਨ 2 ਲੱਖ ਤੋਂ ਵੱਧ ਜ਼ਿੰਦਗੀਆਂ ਚਲੀਆਂ ਗਈਆਂ — ਸਿਰਫ਼ ਇਸ ਲਈ ਕਿ ਅਮਰੀਕਾ ਦੇ ਨੇਤਾ ਦਿਖਾ ਸਕਣ ਕਿ ਉਹ ਪਰਮਾਣੂ 'ਤੇ ਰਾਜ ਕਰਦੇ ਹਨ। ਪੂਰਾ ਵਾਤਾਵਰਨ ਰੋਇਆ , ਰੁੱਖ ਉਜੜ ਗਏ, ਦਰਿਆ ਲਹੂ ਅਤੇ ਲਾਸ਼ਾਂ ਨਾਲ ਭਰ ਗਏ, ਮਿੱਟੀ ਸਾਲਾਂ ਤੱਕ ਧੂੜ ਬਣ ਗਈ।

ਮੇਰਾ ਸਫ਼ਰ ਫੈਲਦਾ ਗਿਆ। ਮੈਂ ਹੋਰ ਸ਼ਕਤੀਸ਼ਾਲੀ ਹੁੰਦੀ ਗਈ , ਦੇਸ਼ਾਂ ਵਿੱਚ ਮੈਨੂੰ ਹਾਸਲ ਕਰਨ ਦੀ ਦੌੜ ਲੱਗ ਗਈ, ਹਜ਼ਾਰਾਂ ਬੰਬ ਬਣਾਏ ਗਏ। 1946 ਵਿੱਚ ਬਿਕਿਨੀ ਐਟਾਲ 'ਤੇ ਹੋਏ ਧਮਾਕਿਆਂ ਨੇ ਨੀਲੇ ਲਗੂਨਾਂ ਨੂੰ ਕਾਲਾ ਕਰ ਦਿੱਤਾ। ਟਾਪੂ ਦੇ ਲੋਕ ਬੁਰੀ ਤਰ੍ਹਾਂ ਬਿਮਾਰ ਹੋ ਗਏ — ਖੂਨ ਦੀਆਂ ਉਲਟੀਆਂ ਅਤੇ ਕੈਂਸਰ ਨੇ ਉਨ੍ਹਾਂ ਦੇ ਸਰੀਰ ਖਾ ਲਏ। ਨਾਰੀਅਲ ਦੇ ਦਰੱਖਤ ਮੁਰਝਾ ਗਏ, ਮੂੰਗਾ ਚੱਟਾਨਾਂ ਚਿੱਟੀਆਂ ਪੈ ਗਈਆਂ। ਮੱਛੀਆਂ ਬਿਮਾਰ ਹੋ ਗਈਆਂ, ਪੰਛੀਆਂ ਦੇ ਖੰਭ ਝੜ ਗਏ। ਬਿਕਿਨੀ ਐਟਾਲ ਦੇ ਬਜ਼ੁਰਗ ਖਜੂਰ ਦੇ ਦਰੱਖਤਾਂ ਹੇਠ ਬੈਠ ਕੇ ਸੋਚਦੇ ਸਨ: "ਅਮਰੀਕੀ ਸਾਨੂੰ ਟੈਸਟ ਤੋਂ ਬਾਅਦ ਕੀ ਦੇਣਗੇ?" "ਉਨ੍ਹਾਂ ਨੇ ਸੁਰੱਖਿਆ ਅਤੇ ਭੋਜਨ ਦਾ ਵਾਅਦਾ ਕੀਤਾ ਸੀ।" "ਇਹ ਤਾਂ ਹੋਵੇਗਾ ਜੇ ਅਸੀਂ ਬਚੇ।" ਇੱਕ ਮਛੇਰਾ ਰੋਇਆ: "ਸਮੁੰਦਰ ਸਾਡੀ ਮਾਂ ਸੀ। ਹੁਣ ਇਹ ਜ਼ਹਿਰੀਲਾ ਹੈ ਅਤੇ ਮੌਤ ਵਰਗਾ ਸੁਆਦ ਦਿੰਦਾ ਹੈ।" ਮੈਂ ਚੁੱਪਚਾਪ ਹੱਸਦੀ ਰਹੀ ਅਤੇ ਹਵਾ ਵਿੱਚ ਉੱਡਦੀ ਰਹੀ। ਮੈਂ ਹਵਾ ਅਤੇ ਪਾਣੀ ਰਾਹੀਂ ਦੂਰ-ਦੂਰ ਤੱਕ ਫੈਲ ਗਈ, ਜਿਵੇਂ ਸਾਰਾ ਗਲੋਬ ਮੇਰਾ ਘਰ ਬਣ ਗਿਆ ਹੋਵੇ।

ਪਹਿਲਾਂ, ਮਨੁੱਖਾਂ ਨੇ ਮੈਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ — ਸ਼ਾਇਦ ਚੰਗੇ ਮਕਸਦ ਨਾਲ। ਉਨ੍ਹਾਂ ਦਾ ਅਸਲ ਕਾਰਨ ਸੀ ਕੋਲੇ ਤੋਂ ਬਿਨਾਂ ਬਿਜਲੀ ਬਣਾਉਣਾ, ਜੋ ਪ੍ਰਦੂਸ਼ਣ ਵਧਾਉਂਦਾ ਸੀ। ਡਾਕਟਰਾਂ ਨੇ ਮੈਨੂੰ ਐਕਸ-ਰੇ ਅਤੇ ਕੈਂਸਰ ਦੇ ਇਲਾਜ ਲਈ ਵਰਤਣਾ ਸ਼ੁਰੂ ਕੀਤਾ। ਜ਼ਿੰਦਗੀ ਬਿਹਤਰ ਲੱਗਦੀ ਸੀ। ਪਰ ਮੈਂ ਅਜੇ ਵੀ ਕੁਦਰਤ ਨੂੰ ਨੁਕਸਾਨ ਪਹੁੰਚਾ ਰਹੀ ਸੀ ਅਤੇ ਦਰਿਆਵਾਂ ਨੂੰ ਦੂਸ਼ਿਤ ਕਰ ਰਹੀ ਸੀ, ਮੱਛੀਆਂ ਮਾਰ ਰਹੀ ਸੀ, ਨਦੀਆਂ ਨੂੰ ਘਾਤਕ ਖੇਤਰਾਂ ਵਿੱਚ ਬਦਲ ਰਹੀ ਸੀ।

ਫਿਰ ਮੈਂ 1986 ਵਿੱਚ ਦੁਬਾਰਾ ਤਬਾਹੀ ਮਚਾਈ। ਮੈਨੂੰ ਯਕੀਨ ਹੈ ਇਹ ਮਨੁੱਖੀ ਗਲਤੀ ਸੀ। ਦੁਨੀਆ ਇਸਨੂੰ ਚੇਰਨੋਬਿਲ ਹਾਦਸੇ ਵਜੋਂ ਜਾਣਦੀ ਹੈ, ਜੋ ਯੂਕਰੇਨ ਵਿੱਚ ਹੋਇਆ। ਰਾਤ ਨੂੰ ਕਾਮਿਆਂ ਨੇ ਗਲਤ ਸਵਿੱਚ ਦਬਾਏ। ਪਲਾਂ ਵਿੱਚ ਰਿਐਕਟਰ ਫਟ ਗਿਆ ਅਤੇ ਮੈਨੂੰ ਅਸਮਾਨ ਵਿੱਚ ਉਛਾਲ ਦਿੱਤਾ। ਅਚਾਨਕ ਅਗਨੀਸ਼ਾਮਕ ਦੌੜ ਕੇ ਆਏ, ਪਰ ਉਨ੍ਹਾਂ ਦੀ ਚਮੜੀ ਗਿੱਲੇ ਕਾਗਜ਼ ਵਾਂਗੂ ਉਤਰਨ ਲੱਗੀ। ਮਰੇ ਹੋਏ ਖੇਤਰ ਹਜ਼ਾਰਾਂ ਕਿਲੋਮੀਟਰ ਤੱਕ ਫੈਲ ਗਏ। ਖੂਬਸੂਰਤ ਲਾਲ ਜੰਗਲ ਇੱਕ ਰਾਤ ਵਿੱਚ ਸੁੱਕੇ ਦਰੱਖਤਾਂ ਦੀ ਕਬਰਿਸਤਾਨ ਬਣ ਗਿਆ। ਕੁਝ ਬਘਿਆੜ ਡਰੀਆਂ ਅੱਖਾਂ ਨਾਲ ਸ਼ਿਕਾਰ ਕਰਦੇ ਹਨ, ਹਿਰਨਾਂ ਦੇ ਕਈ ਵਾਰ ਵਾਧੂ ਸਿਰ ਜਾਂ ਕੋਈ ਸਿੰਗ ਨਹੀਂ, ਪੰਛੀਆਂ ਨੇ ਪਤਲੇ ਛਿਲਕਿਆਂ ਵਾਲੇs ਆਂਡੇ ਦਿੱਤੇ। ਚੇਰਨੋਬਿਲ ਵਿੱਚ ਅਗਨੀਸ਼ਾਮਕ ਬਲਦੇ ਰਿਐਕਟਰ ਵਿੱਚ ਬੇਖੌਫ਼ ਦੌੜੇ: "ਯਾਰ! ਸਾਨੂੰ ਪਲਾਂਟ ਬਚਾਉਣਾ ਹੈ!" ਉਹ ਚੀਕ ਰਹੇ ਸਨ ਜਦੋਂ ਉਨ੍ਹਾਂ ਦੀ ਚਮੜੀ ਸੜ ਰਹੀ ਸੀ: "ਇਹ ਮੈਨੂੰ ਮਾਰ ਰਿਹਾ ਹੈ!" ਮੇਰੇ ਲਈ ਕੋਈ ਬਖਸ਼ਿਆ ਨਹੀਂ — ਅਮੀਰ ਜਾਂ ਗਰੀਬ, ਜਵਾਨ ਜਾਂ ਬੁੱਢਾ। ਕੁਝ ਦਿਨਾਂ ਬਾਅਦ ਨੇੜਲੇ ਪਿੰਡਾਂ ਵਿੱਚ ਕੁਝ ਮਾਵਾਂ ਬੇਨਤੀ ਕਰ ਰਹੀਆਂ ਸਨ - "ਮੇਰੇ ਬੱਚੇ ਦੀ ਗਰਦਨ ਕਿਉਂ ਸੁੱਜ ਗਈ ਹੈ?" ਡਾਕਟਰਾਂ ਕੋਲ ਇੱਕੋ ਜਵਾਬ ਸੀ: "ਥਾਇਰਾਇਡ ਕੈਂਸਰ।" ਮੈਂ ਇੱਥੇ ਰਾਜ ਕਰਦੀ ਸੀ। ਅਤੇ ਇਹ ਧਰਤੀ ਮੇਰਾ ਰਾਜ ਸੀ। ਮੈਂ ਦਰਿਆਵਾਂ ਰਾਹੀਂ ਕਾਲੇ ਸਮੁੰਦਰ ਤੱਕ ਪਹੁੰਚੀ, ਪਲੈਂਕਟਨ ਅਤੇ ਮੱਛੀਆਂ ਮਾਰੀਆਂ। ਹਵਾ ਅਤੇ ਜ਼ਮੀਨ ਸਾਲਾਂ ਤੱਕ ਜ਼ਹਿਰੀਲੀ ਰਹੀ।

ਇਹ ਉਨ੍ਹਾਂ ਸੀ ਜਿਨ੍ਹਾਂ ਨੇ ਮੈਨੂੰ ਹੋਰ ਵੀ ਭੈੜਾ ਬਣਾਇਆ, ਜਾਂ ਸ਼ਾਇਦ ਇਹ ਉਨ੍ਹਾਂ ਦੀ ਲਾਪਰਵਾਹੀ ਸੀ। ਮੈਂ ਦੁਬਾਰਾ ਤਬਾਹੀ ਲਿਆਂਦੀ। ਇਸ ਵਾਰ ਫੁਕੁਸ਼ੀਮਾ ਵਿੱਚ, ਮਾਰਚ 2011 ਵਿੱਚ, ਜਾਪਾਨ। ਇੱਕ ਵਿਸ਼ਾਲ ਭੂਚਾਲ ਅਤੇ ਸੁਨਾਮੀ ਨੇ ਪਲਾਂਟ ਹਿਲਾ ਦਿੱਤਾ। ਕਿਹਾ ਜਾਂਦਾ ਹੈ ਕਿ ਬਿਜਲੀ ਸਪਲਾਈ ਫੇਲ੍ਹ ਹੋ ਗਈ। ਹਾਈਡ੍ਰੋਜਨ ਧਮਾਕਿਆਂ ਨਾਲ ਤਿੰਨ ਰਿਐਕਟਰ ਪਿਘਲ ਗਏ। ਮੈਨੂੰ ਫਿਰ ਸਮੁੰਦਰ ਤੱਕ ਪਹੁੰਚਣ ਦਾ ਮੌਕਾ ਮਿਲਿਆ, ਅਣਗਿਣਤ ਮੱਛੀਆਂ ਅਤੇ ਲੋਕ ਮਾਰੇ ਗਏ। ਕਾਮਿਆਂ ਨੇ ਹਰ ਪਾਸੇ ਪਾਣੀ ਵਾਹਿਆ, ਪਰ ਇਸ ਨਾਲ ਮੀਂਹ ਜ਼ਹਿਰੀਲਾ ਹੋ ਗਿਆ। ਮੈਂ ਇੱਕ ਮਛੇਰੇ ਨੂੰ ਦੇਖਿਆ ਜੋ ਸਮੁੰਦਰ ਵੱਲ ਦੇਖ ਰਿਹਾ ਸੀ। ਉਹ ਹੈਰਾਨ ਸੀ: "ਮੱਛੀਆਂ ਨੂੰ ਜ਼ਖਮ ਕਿਉਂ ਨੇ?" ਉਸਦੇ ਭੋਲੇ ਪੁੱਤਰ ਨੇ ਬੁਖ਼ਾਰ ਹੈ ਅਤੇ ਇਹ ਹਮੇਸ਼ਾ ਦਰਦ ਵਿੱਚ ਰਹੇਗਾ।" ਮੈਂ ਇੰਨੀ ਸ਼ਕਤੀਸ਼ਾਲੀ ਸੀ ਕਿ ਮੈਂ ਉਸ ਰੋਬੋਟ ਨੂੰ ਵੀ ਖਰਾਬ ਕਰ ਦਿੱਤਾ ਜੋ ਮੈਨੂੰ ਕਾਬੂ ਕਰਨ ਲਈ ਭੇਜਿਆ ਗਿਆ ਸੀ। ਮੈਂ ਬੇਕਾਬੂ ਸੀ ਕਿਉਂਕਿ ਮਨੁੱਖੀ ਲਾਲਚ ਨੇ ਮੈਨੂੰ ਇੰਨਾ ਤਾਕਤਵਰ ਬਣਾਇਆ।

ਹੁਣ ਸਾਲ ਬੀਤ ਗਏ ਹਨ, ਅਤੇ ਮੈਂ ਪੀੜ੍ਹੀ ਦਰ ਪੀੜ੍ਹੀ ਅਪੰਗਤਾ ਅਤੇ ਟੈਸਟ ਸਾਈਟਾਂ ਦੀ ਬਰਬਾਦੀ ਦੇਖਦੀ ਹਾਂ, ਨੇਵਾਡਾ ਵਿੱਚ ਜੈਨੇਟਿਕ ਪਰਿਵਰਤਨ ਦੇਖਦੀ ਹਾਂ, ਖਰਗੋਸ਼ ਜਨਮ ਤੋਂ ਅੰਨ੍ਹੇ ਹੋ ਗਏ ਹਨ। ਪਾਗਲ ਮਨੁੱਖ ਜਾਤੀ ਅਜੇ ਵੀ ਸਹਿਯੋਗ ਅਤੇ ਫਿਊਜ਼ਨ ਦੀ ਗੱਲ ਕਰਦੀ ਹੈ, ਰਹਿੰਦ-ਖੂਹੰਦ ਤੋਂ ਬਿਨਾਂ ਸਾਫ਼ ਊਰਜਾ ਚਾਹੁੰਦੀ ਹੈ। ਉਨ੍ਹਾਂ ਦੀਆਂ ਅੱਖਾਂ ਦੇ ਕੋਨੇ ਵਿੱਚ ਮੈਨੂੰ ਕਾਬੂ ਕਰਨ ਦੀ ਚਾਹ ਝਲਕਦੀ ਹੈ। ਮੈਂ ਉਨ੍ਹਾਂ ਦਾ ਬਣਾਇਆ ਇੱਕ ਸੰਦ ਹਾਂ, ਪਰ ਉਹ ਇਹ ਨਹੀਂ ਜਾਣਦੇ ਕਿ ਜਿੰਨੇ ਜ਼ਿਆਦਾ ਪਰਮਾਣੂ ਤੋੜੇ ਜਾਣਗੇ, ਉੱਨੀ ਹੀ ਸ਼ਕਤੀ ਦੀ ਭੁੱਖ ਵਧੇਗੀ, ਇਹ ਕਿਸੇ ਵੀ ਤਰ੍ਹਾਂ ਤਰੱਕੀ ਨਹੀਂ ਹੈ। ਮਨੁੱਖ ਜਨਮ ਲੈਂਦਾ ਅਤੇ ਮਰਦਾ ਹੈ, ਪਰ ਕੁਦਰਤ 'ਤੇ ਪਿਆ ਅਸਰ ਸਦਾ ਲਈ ਰਹਿੰਦਾ ਹੈ।

ਯਕੀਨ ਕਰੋ, ਮੈਂ ਤਰੱਕੀ ਨਹੀਂ ਹਾਂ। ਤੁਸੀਂ ਮੈਨੂੰ ਭੁੱਖ ਕਹੋ — ਅਜਿਹੀ ਭੁੱਖ ਜੋ ਕਦੇ ਨਹੀਂ ਭਰਦੀ। ਮਨੁੱਖੋ! ਤੁਸੀਂ ਸੋਚਦੇ ਹੋ ਤੁਸੀਂ ਮੈਨੂੰ ਕਾਬੂ ਕਰਦੇ ਹੋ। ਓਹ! ਨਹੀਂ, ਨਹੀਂ! ਜਾਪਾਨ ਵਿੱਚ, ਫੁਕੁਸ਼ੀਮਾ ਵਿੱਚ, ਅਤੇ ਅਜਿਹੀਆਂ ਕਈ ਥਾਵਾਂ 'ਤੇ, ਮੈਂ ਅਜੇ ਵੀ ਤੁਹਾਡੇ ਖੂਨ ਵਿੱਚ, ਤੁਹਾਡੀਆਂ ਹੱਡੀਆਂ ਵਿੱਚ, ਤੁਹਾਡੀਆਂ ਨਦੀਆਂ ਵਿੱਚ, ਤੁਹਾਡੀ ਭੂਮੀ ਵਿੱਚ ਜ਼ਿੰਦਾ ਹਾਂ, ਅਤੇ ਤੁਹਾਡੇ ਅਣਜੰਮੇ ਬੱਚਿਆਂ ਦੇ ਨਾਲ ਵਧਦੀ ਰਹਾਂਗੀ। ਮੈਂ ਹੋਰ ਹਾਦਸਿਆਂ ਅਤੇ ਯੁੱਧਾਂ ਦੀ ਉਡੀਕ ਵਿੱਚ ਹਾਂ ਜੋ ਮੈਨੂੰ ਪੂਰੀ ਤਰ੍ਹਾਂ ਜਗਾ ਦੇਣਗੇ। ਮੈਂ ਆਪਣਾ ਮੌਕਾ ਲੱਭ ਰਹੀ ਹਾਂ। ਉਦੋਂ ਤੱਕ, ਮੈਂ ਪਿੱਛੇ ਰਹਾਂਗੀ — ਮਾਰੂਥਲਾਂ ਦੇ ਪਰਛਾਵਿਆਂ ਵਿੱਚ।

ਡਾ. ਗੁਰਪ੍ਰੀਤ ਕੌਰ, ਅੰਗਰੇਜ਼ੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਅਤੇ ਮੁਖੀ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ, ਇੱਕ ਪ੍ਰਸਿੱਧ ਅਧਿਆਪਕ, ਲੇਖਿਕਾ, ਕਵਿਤਰੀ, ਸੰਪਾਦਕ ਅਤੇ ਅਵਾਰਡ ਪ੍ਰਾਪਤ ਵਿਦਵਾਨ ਹਨ। ਉਨ੍ਹਾਂ ਕੋਲ ਵੀਹ ਸਾਲ ਤੋਂ ਵੱਧ ਦਾ ਅਧਿਆਪਨ ਅਨੁਭਵ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੀਐਚ.ਡੀ. ਕੀਤੀ ਹੈ। ਖੋਜ ਅਤੇ ਪ੍ਰਕਾਸ਼ਨ ਦੇ ਖੇਤਰ ਵਿੱਚ ਉਨ੍ਹਾਂ ਦਾ ਵਿਸ਼ਾਲ ਯੋਗਦਾਨ ਹੈ। ਉਨ੍ਹਾਂ ਨੇ 16 ਕਿਤਾਬਾਂ, 70 ਲੇਖ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਜਰਨਲਾਂ ਅਤੇ ਕਿਤਾਬਾਂ ਵਿੱਚ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਨੇ 56 ਤੋਂ ਵੱਧ ਕਾਨਫਰੰਸਾਂ ਵਿੱਚ ਪੇਪਰ ਪੇਸ਼ ਕੀਤੇ ਹਨ। ਵਿਸਥਾਰ ਲੈਕਚਰਾਂ ਅਤੇ ਕੀਨੋਟ ਸੰਬੋਧਨ ਦੇਣ ਵਿੱਚ ਉਨ੍ਹਾਂ ਦੀ ਮੁਹਾਰਤ ਹੈ।

machines
ਕਵਿਤਾ

ਮਸ਼ੀਨਾਂ ਬੋਲਦੀਆਂ

ਬਖ਼ਸ਼ਿੰਦਰ

ਜਦ ਵੀ ਕਰੀਏ ਫੋਨ, ਮਸ਼ੀਨਾਂ ਬੋਲਦੀਆਂ।

ਆਓ ਲੈ ਜਾਓ ਲੋਨ, ਮਸ਼ੀਨਾਂ ਬੋਲਦੀਆਂ।

ਬੰਦਾ ਇੱਥੇ ਗੱਲ ਸੁਣੇ ਨਾ ਬੰਦੇ ਦੀ,

ਸੁਣਦਾ ਆਈਫੋਨ, ਮਸ਼ੀਨਾਂ ਬੋਲਦੀਆਂ।

ਸਾਰੇ ਇੱਥੇ ਡਾਲਰ ਪਿੱਛੇ ਭੱਜਦੇ ਨੇ,

ਇਹੋ ਦ੍ਰਿਸ਼ਟੀਕੋਣ, ਮਸ਼ੀਨਾਂ ਬੋਲਦੀਆਂ।

ਅਮੜੀ ਅੰਨ੍ਹੀ ਹੋਈ, ਉਡੀਕੇ ਪੁੱਤਰ ਨੂੰ

ਸੁਣ ਕੇ ਆਵੇ ਰੋਣ, ਮਸ਼ੀਨਾਂ ਬੋਲਦੀਆਂ।

ਜਦ ਤੋਂ ਸੁਣ ਲਈ ਭਾਨ ਖੜਕਦੀ ਡਾਲਰ ਦੀ

ਬਦਲ ਗਈ ਏ ਟੋਨ, ਮਸ਼ੀਨਾਂ ਬੋਲਦੀਆਂ।

ਮੁਲਕ ਬਦਲ ਵੀ ਦੇਖ ਲਿਆ ‘ਬਖ਼ਸ਼ਿੰਦਰ’ ਜੀ,

ਮਸਲੇ ਹੱਲ ਨਾ ਹੋਣ, ਮਸ਼ੀਨਾਂ ਬੋਲਦੀਆਂ।

BeyondStars
ਲੜੀਵਾਰ ਵਿਗਿਆਨ ਗਲਪ ਨਾਵਲ

ਸਿਤਾਰਿਆਂ ਤੋਂ ਅੱਗੇ

ਅਮਨਦੀਪ ਸਿੰਘ

ਆਖਰੀ ਕਿਸ਼ਤ

ਮਨਰਾਜ

ਉਸੇ ਸਮੇਂ ਨਾਲ਼ ਦੇ ਕੈਬਿਨ ਵਿੱਚੋਂ ਹੌਲ਼ੀ ਹੌਲ਼ੀ ਤੁਰਦਾ ਡਾ: ਚੰਦਰ ਆਇਆ। ਉਸਦੀ ਹਾਲਤ ਕਾਫ਼ੀ ਖ਼ਸਤਾ ਸੀ।

'ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨ ਆਇਆ ਹਾਂ। ਸਾਨੂੰ ਜ਼ਮੀਨ ਦੀ ਖੁਦਾਈ ਪੂਰਨ ਤੌਰ ਤੇ ਬੰਦ ਕਰ ਦੇਣੀ ਚਾਹੀਦੀ ਹੈ। ਮੈਨੂੰ ਬੜਾ ਅਜੀਬ ਜਿਹਾ ਸੁਪਨਾ ਆਇਆ - ਜਿਵੇਂ ਮੈਂ ਕਿਸੇ ਚੱਕਰਵਿਊ ਜਿਹੇ ਵਿੱਚ ਘਿਰਿਆ ਹੋਵਾਂ। ਪਰ ਉਹ ਚੱਕਰਵਿਊ ਕੋਈ ਇਮਾਰਤ ਜਾਂ ਢਾਂਚਾ ਨਹੀਂ ਸੀ ਸਗੋਂ ਮਨੋਵਿਕ੍ਰਿਤਕਾਰੀ (Psychedelic) ਸੀ। ਮੇਰੇ ਆਸ ਪਾਸ ਜਿਵੇਂ ਰੰਗ-ਬਰੰਗੀਆਂ ਧਾਰੀਆਂ ਹੋਣ, ਜਿਵੇ ਸਤਰੰਗੀ ਪੀਂਘ ਹੋਵੇ ਤੇ ਮੈਂ ਉਸਤੇ ਝੂਟੇ ਲੈ ਰਿਹਾ ਹੋਵਾਂ। ਤੇ ਅਚਾਨਕ ਮੈਂ ਥੱਲੇ ਕਾਈ ਤੇ ਡਿਗ ਜਾਂਦਾ ਹਾਂ, ਮੈਨੂੰ ਕਾਈ ਤੇ ਜੁਗਨੂੰ ਮੇਰੇ ਆਸਪਾਸ ਦਿਖਦੇ ਹਨ। ਕਾਈ ਰੋ ਰਹੀ ਹੈ ਤੇ ਜੁਗਨੂੰ ਜਿਵੇਂ ਉਸਨੂੰ ਬਰਚਾ ਰਹੇ ਹੋਣ। ਕਾਈ ਜਿਵੇਂ ਉਹਨਾਂ ਨੂੰ ਕਹਿ ਰਹੀ ਹੋਵੇ ਕਿ ਇਹ ਅਜਨਬੀ ਲੋਕਾਂ ਨੇ ਸਾਡਾ ਪੂਰਾ ਵਾਤਾਵਰਣ ਭੰਗ ਕਰ ਦਿੱਤਾ ਹੈ। ਤੇ ਜੁਗਨੂੰ ਜਿਵੇ ਉਸਨੂੰ ਸਹਿਲਾਉਂਦੇ ਹੋਏ ਕਹਿ ਰਹੇ ਹਨ ਕਿ ਚਿੰਤਾ ਨਾ ਕਰ ਮਨਰਾਜ ਨੇ ਇਹਨਾਂ ਨੂੰ ਬਿਮਾਰ ਕਰ ਦਿੱਤਾ ਹੈ ਤੇ ਉਹ ਆਪੇ ਹੀ ਹੁਣ ਸਾਨੂੰ ਵੀ ਬਚਾਵੇਗਾ।'

'ਇਹ ਮਨਰਾਜ ਕੌਣ ਹੈ?' ਸਾਇਰਾ ਤੇ ਰੌਬਰਟ ਇੱਕਠੇ ਬੋਲੇ।

'ਇੰਝ ਲਗਦਾ ਹੈ ਜਿਵੇਂ ਇਹ ਪੂਰੇ ਗ੍ਰਹਿ ਦੀ ਕਾਈ ਜਾਂ ਇਕੱਠੀ ਹੋ ਕੇ ਇੱਕ ਵੱਡੀ ਸੰਪੂਰਨ ਮਨ ਬਣਾਉਂਦੇ ਹੋਣ। ਮੈਨੂੰ ਲਗਦਾ ਹੈ ਕਿ ਇਹ ਕਾਈ ਜਿਸਨੇ ਪੂਰੇ ਗ੍ਰਹਿ ਨੂੰ ਢਕਿਆ ਹੋਇਆ ਇੱਕ ਜੀਵ ਹੀ ਹੈ - ਇੱਕ ਸੰਘਠਿਤ ਜੀਵ। ਤੇ ਇਹ ਵੀ ਸੰਭਵ ਹੈ ਕਿ ਇਹ ਜਾਲ਼ ਜ਼ਮੀਨ ਵਿੱਚ ਵੀ ਫੈਲਿਆ ਹੋਇਆ ਹੈ ਤੇ ਇਸਦਾ ਇੱਕ ਰਾਜਾ ਜਾਂ ਰਾਣੀ ਵੀ ਹੈ - ਜੋ ਕਿ ਮਨਰਾਜ ਹੋ ਸਕਦਾ ਹੈ। ਜਿਵੇਂ ਇੱਕ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਦੀ ਇੱਕ ਰਾਣੀ ਹੁੰਦੀ ਹੈ ਜੋ ਪੂਰੇ ਛੱਤੇ ਦੀਆਂ ਮੱਖੀਆਂ ਨੂੰ ਕੰਟਰੋਲ ਕਰਦੀ ਹੈ ਤੇ ਬਾਕੀ ਮੱਖੀਆਂ ਸਿਰਫ਼ ਕਾਮੇ ਜਾਂ ਨਰ ਹੁੰਦੀਆਂ ਹਨ। ਜਾਂ ਫੇਰ ਜਿਵੇਂ ਕੀੜੀਆਂ ਦੀ ਕਲੋਨੀ ਇਕੱਠੇ ਕੰਮ ਕਰਦੀ ਹੈ। ਤੁਸੀਂ ਪਤਾ ਨਹੀਂ ਜਾਣਦੇ ਹੋ ਕਿ ਨਹੀਂ ਪ੍ਰਿਥਵੀ ਤੇ ਵੀ ਸਭ ਤੋਂ ਵੱਡਾ ਤੇ ਉਮਰ ਵਾਲ਼ਾ ਜੀਵ ਵ੍ਹੇਲ ਮੱਛੀ ਨਹੀਂ ਸਗੋਂ ਅਰਮਿਲੈਰਿਆ (Armillaria ostoyae) ਕਾਈ ਹੈ, ਜੋ ਕਿ ਓਰੇਗਨ (ਅਮਰੀਕਾ) ਦੀਆਂ ਨੀਲੀਆਂ ਪਹਾੜੀਆਂ ਵਿੱਚ ਹੈ ਤੇ 10 ਵਰਗ ਕਿਲੋਮੀਟਰ ਵੱਡੀ ਹੈ ਤੇ ਤਕਰੀਬਨ 9000 ਸਾਲ ਪੁਰਾਣੀ ਹੈ। ਜੇ ਡਾ: ਸਾਇਰਾ ਤੁਸੀਂ ਕਾਈ ਦੇ ਦੂਰ ਦੂਰ ਤੋਂ ਅਲੱਗ-ਅਲੱਗ ਨਮੂਨਿਆਂ ਦੀ ਡੀ ਐਨੇ ਨਿਸ਼ਾਨ (DNA fingerprints) ਮਿਲਾਓ ਤਾਂ ਇਸ ਗੱਲ ਦੀ ਪੁਸ਼ਟੀ ਹੋ ਸਕਦੀ ਹੈ ਕਿ ਇਹ ਸੰਪੂਰਨ ਕਾਈ ਇਕੋ ਜੀਵ ਹੀ ਹੈ। '

'ਵਾਹ!' ਹੈਰਾਨਕੁੰਨ ਰੌਬਰਟ ਸਿਰਫ਼ ਇੰਨਾ ਹੀ ਕਹਿ ਸਕਿਆ। ਉਹ ਚੰਦਰ ਦੇ ਗਿਆਨ ਤੋਂ ਹਮੇਸ਼ਾਂ ਹੀ ਬਹੁਤ ਪ੍ਰਭਾਵਿਤ ਹੁੰਦਾ ਸੀ। ਉਸਨੂੰ ਉਸਦੀਆਂ ਗੱਲਾਂ ਵਿੱਚ ਕਾਫ਼ੀ ਸਚਾਈ ਨਜ਼ਰ ਆ ਰਹੀ ਸੀ।

ਡਾ: ਸਾਇਰਾ ਵੀ ਹੈਰਾਨ ਸੀ। ਉਹ ਬੋਲੀ - 'ਡੀ ਐਨੇ ਨਿਸ਼ਾਨ ਚੈੱਕ ਕਰਨੇ ਤਾਂ ਬਾਅਦ ਦੀ ਗੱਲ ਹੈ। ਪਰ ਸਭ ਤੋਂ ਪਹਿਲਾਂ ਤਾਂ ਸਾਡੀ ਪਹਿਲ ਤੁਹਾਡੇ ਸਾਰਿਆਂ ਦੀ ਇਨਫੈਕਸ਼ਨ ਠੀਕ ਕਰਨਾ ਹੈ।'

'ਬਿਲਕੁਲ ਸਹੀ ਹੈ। ਮੈਨੂੰ ਲਗਦਾ ਹੈ ਜੇ ਅਸੀਂ ਖੁਦਾਈ ਰੋਕ ਦੇਈਐ, ਇਹ ਮੀਂਹ ਹਟ ਜਾਵੇ ਤੇ ਤਾਜ਼ੀ ਹਵਾ ਮਿਲੇ ਤਾਂ ਸਾਡੀ ਇਨਫੈਕਸ਼ਨ ਠੀਕ ਹੋ ਸਕਦੀ ਹੈ।'

'ਖੁਦਾਈ ਤਾਂ ਪਹਿਲਾਂ ਹੀ ਰੁਕੀ ਪਈ ਹੈ। ਪਰ ਮੈਂ ਹੁਣ ਰੋਬੋਟਾਂ ਨੂੰ ਵੀ ਬੰਦ ਕਰਨ ਦੇ ਤੇ ਸਾਰੇ ਸਮਾਨ ਨੂੰ ਪੈਕ ਕਰਨ ਦੇ ਹੁਕਮ ਦੇ ਦਿੰਦਾ ਹਾਂ। ਤੇ ਸਾਰਾ ਸਮਾਨ ਉੱਪਰ 'ਕਲਪਨਾ' ਤੱਕ ਪਹੁੰਚਾ ਦੇਣਾ ਚਾਹੀਦਾ ਹੈ।' ਰੌਬਰਟ ਨੇ ਆਖਿਆ।

ਸਾਇਰਾ ਤੇ ਚੰਦਰ ਦੇ ਜਾਣ ਤੋਂ ਬਾਅਦ ਉਸਨੇ ਰੀਨਾ ਨੂੰ ਫ਼ੋਨ ਮਿਲਾਇਆ। ਰੀਨਾ ਉਸਦੀ ਹਾਲਤ ਤੇ ਕਾਫ਼ੀ ਚਿੰਤਤ ਸੀ। ਪਰ ਰੌਬਰਟ ਨੇ ਉਸਨੂੰ ਡਾ: ਚੰਦਰ ਦੀ ਸਲਾਹ ਦੱਸੀ ਤਾਂ ਉਸਨੇ ਵੀ ਆਪਣੀ ਹਾਮੀ ਭਰੀ ਤੇ ਖੁਦਾਈ ਦਾ ਸਮਾਨ ਵਾਪਿਸ 'ਕਲਪਨਾ' ਤੱਕ ਲਿਜਾਉਣ ਲਈ ਮੰਨ ਗਈ। ਰੌਬਰਟ ਨੇ ਉਸਨੂੰ ਇੱਕ ਸਪੇਸ ਸ਼ਟਲ ਤੇ ਨਾਲ਼ ਚਾਰ-ਪੰਜ ਕਰੂ ਮੈਂਬਰ ਭੇਜਣ ਲਈ ਕਿਹਾ।

ਸੁਪਨਾ ਜਾਂ ਹਕੀਕਤ

ਦੂਜੇ ਦਿਨ ਪੰਜ ਕਰੂ ਮੈਂਬਰ ਸਪੇਸ ਸ਼ਟਲ ਦੇ ਨਾਲ਼ ਆ ਗਏ। ਉਹ ਆਪਣੇ ਨਾਲ਼ ਉਹਨਾਂ ਲਈ ਕੁੱਝ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਵੀ ਲੈ ਕੇ ਆਏ, ਜੋ ਉਹਨਾਂ ਨੇ ਰੌਬਰਟ ਤੇ ਸਾਇਰਾ ਨੂੰ ਦੇ ਦਿੱਤੀਆਂ।

ਉਹਨਾਂ ਨੇ ਖੁਦਾਈ ਦਾ ਸਾਰਾ ਸਮਾਨ ਤੇ ਹੋਰ ਗ਼ੈਰ ਜ਼ਰੂਰੀ ਸਮਾਨ ਸ਼ਟਲ ਤੇ ਲੱਦ ਲਿਆ। ਬਰਸਾਤ ਰੁਕ ਚੁੱਕੀ ਸੀ। ਇਸ ਕਰਕੇ ਸਮਾਨ ਲੱਦਣ ਵਿੱਚ ਉਹਨਾਂ ਨੂੰ ਕੋਈ ਬਹੁਤੀ ਪ੍ਰੇਸ਼ਾਨੀ ਨਹੀਂ ਹੋਈ। ਉਹਨਾਂ ਨੇ ਖੁਦਾਈ ਦੇ ਰੋਬੋਟ ਵੀ ਬੰਦ ਕਰਕੇ ਸ਼ਟਲ ਤੇ ਨਾਲ਼ ਹੀ ਲੱਦ ਲਏ। ਸ਼ਾਮ ਤੱਕ ਜਿੰਨਾ ਵੀ ਸਮਾਨ ਲੱਦ ਹੋ ਸਕਦਾ ਸੀ ਲੈ ਕੇ ਉਹ ਵਾਪਿਸ 'ਕਲਪਨਾ' ਵੱਲ ਨੂੰ ਉਡਾਣ ਭਰ ਗਏ।

ਰੌਬਰਟ ਤੇ ਚੰਦਰ ਨੂੰ ਥੋੜੀ ਤੱਸਲੀ ਮਿਲ਼ੀ। ਉਹ ਹੁਣ ਥੋੜਾ ਠੀਕ ਮਹਿਸੂਸ ਕਰ ਰਹੇ ਸਨ। ਜੋ ਕਿ ਕੁਦਰਤੀ ਹੀ ਸੀ ਕਿਉਂਕਿ ਉਹਨਾਂ ਦੇ ਮਨ ਤੋਂ ਇੱਕ ਬੋਝ ਹਟ ਚੁੱਕਾ ਸੀ। ਹੁਣ ਉਹਨਾਂ ਦਾ ਮੰਤਵ ਬਾਕੀ ਦਾ ਸਮਾਨ ਤੇ ਮਿਸ਼ਨ ਨੂੰ ਸਮੇਟਣਾ ਸੀ ਤਾਂ ਜੋ ਉਹ ਵਾਪਿਸ ਪ੍ਰਿਥਵੀ ਵੱਲ ਮੁੜਨ ਦੀ ਤਿਆਰੀ ਕਰ ਸਕਣ। ਉਹਨਾਂ ਦਾ ਮੰਤਵ ਇੱਥੇ ਤਕਰੀਬਨ ਇਕ ਸਾਲ ਰਹਿਣਾ ਸੀ। ਪਰ ਇੰਝ ਲੱਗ ਰਿਹਾ ਸੀ ਕਿ ਉਹਨਾਂ ਨੂੰ ਪਹਿਲਾਂ ਹੀ ਇੱਥੋਂ ਜਾਣਾ ਪਏਗਾ।

ਜੁਗਨੂੰ ਜਿਹੜੇ ਉਹਨਾਂ ਦੀ ਖੁਦਾਈ ਤੇ ਹੋਰ ਗਤੀਵਿਧੀਆਂ ਕਰਕੇ ਉੱਥੋਂ ਚਲੇ ਗਏ ਸਨ, ਵਾਪਿਸ ਮੁੜ ਆਏ ਸਨ। ਹੁਣ ਉਹ ਦੁਬਾਰਾ ਤੋਂ ਜੁਗਨੂੰਆਂ ਦੀ ਸੁਖਦਾਈ ਰੌਸ਼ਨੀ ਦੇਖ ਸਕਦੇ ਸਨ!

ਉਸ ਰਾਤ ਉਹਨਾਂ ਸਾਰਿਆਂ ਨੂੰ ਇੱਕੋ ਸੁਪਨਾ ਆਇਆ ਜੋ ਕਿ ਬੜਾ ਹੀ ਅਜੀਬ ਸੀ। ਇੰਝ ਲੱਗਿਆ ਕਿ ਉਹਨਾਂ ਦੀਆਂ ਸੋਚਾਂ ਵੀ ਇੱਕ ਦੂਜੇ ਨਾਲ਼ ਤੇ ਗ੍ਰਹਿ ਦੇ ਕਾਈ ਤੇ ਜੁਗਨੂੰਆਂ ਦੇ ਛੱਤੇ ਵਾਤਾਵਰਣ (Hive Mind) ਨਾਲ਼ ਜੁੜ ਗਈਆਂ ਹੋਣ। ਸੁਪਨੇ ਵਿੱਚ ਉਹ ਸਾਰੇ ਇੱਕ ਦੂਜੇ ਨੂੰ ਵੇਖ ਸਕਦੇ ਸਨ ਤੇ ਗੱਲਬਾਤ ਕਰ ਸਕਦੇ ਸਨ। ਜਾਮਣੀ ਕਾਈ ਦੇ ਨਾਲ਼ ਉਹ ਜੁਗਨੂੰਆਂ ਦੀ ਰੌਸ਼ਨੀ ਵੀ ਵੇਖ ਸਕਦੇ ਸਨ। ਉਹ ਇੱਕ ਹੋਰ ਤਰ੍ਹਾਂ ਦੀਆਂ ਰੌਸ਼ਨੀਆਂ ਵੀ ਵੇਖ ਸਕਦੇ ਸਨ ਜੋ ਕਿ ਇੱਕ ਲੰਬੀਆਂ ਲਕੀਰਾਂ ਜਾਂ ਤਰੰਗਾਂ ਦੇ ਵਾਂਗ ਫੈਲੀਆਂ ਹੋਈਆਂ ਸਨ। ਉਹਨਾਂ ਨੂੰ ਇੰਝ ਲੱਗ ਰਿਹਾ ਸੀ ਕਿ ਉਹ ਕਿਸੇ ਕਾਲ਼ੇ ਖੂਹ ਵਿੱਚ ਡਿਗਦੇ ਜਾ ਰਹੇ ਹੋਣ। ਉਹਨਾਂ ਨੂੰ ਆਪਣਾ ਡਿਗਣਾ ਜਿਵੇਂ ਭਾਰ-ਮੁਕਤ ਲੱਗ ਰਿਹਾ ਸੀ - ਬਿਲਕੁਲ ਹੌਲ਼ਾ ਫੁੱਲ ਜਿਵੇਂ ਉਹਨਾਂ ਦੇ ਜਿਸਮਾਂ ਦਾ ਭਾਰ ਹੀ ਨਾ ਹੋਵੇ! ਸਿਤਾਰਿਆਂ ਦੇ ਵਾਂਗ ਹੀ ਉਹਨਾਂ ਨੂੰ ਦੂਰ ਤੱਕ ਛੋਟੀਆਂ ਛੋਟੀਆਂ ਚਮਕਦੀਆਂ ਰੌਸ਼ਨੀਆਂ ਤੇ ਤਰੰਗਾਂ ਹੀ ਤਰੰਗਾਂ ਨਜ਼ਰ ਆ ਰਹੀਆਂ ਸਨ। ਫੇਰ ਇੱਕ ਦਮ ਇਵੇਂ ਲੱਗਿਆ ਉਹ ਕਾਲ਼ੇ ਖੂਹ ਦੇ ਤਲ ਤੱਕ ਪਹੁੰਚ ਗਏ ਹੋਣ। ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸੂਰਜ ਵਰਗੀ ਰੌਸ਼ਨੀ ਦਿਖਾਈ ਦੇ ਰਹੀ ਸੀ, ਜੋ ਕਿ ਹੋਰ ਵੱਡੀ ਹੋਈ ਜਾ ਰਹੀ ਸੀ। ਉਹਨਾਂ ਨੇ ਸੋਚਿਆ ਕਿ ਸੁਰੰਗ ਦੇ ਅੰਤ ਵਿੱਚ ਜਿਵੇਂ ਰੌਸ਼ਨੀ ਦਿਖਾਈ ਦਿੰਦੀ ਹੈ, ਉਵੇਂ ਹੀ ਉਹਨਾਂ ਨੂੰ ਵੀ ਦਿਖਾਈ ਦੇ ਰਹੀ ਹੈ, ਜੋ ਕਿ ਸ਼ਾਇਦ ਚੰਗੀ ਗੱਲ ਹੋਵੇ। ਜਿਵੇਂ ਜਿਵੇਂ ਉਹ ਵੱਡੀ ਰੌਸ਼ਨੀ ਦੇ ਕੋਲ਼ ਪਹੁੰਚ ਰਹੇ ਸਨ ਉਹ ਹੋਰ ਵੱਡੀ ਹੋ ਗਈ ਤੇ ਫਿਰ ਜਦੋਂ ਉਹ ਕੋਲ਼ ਪਹੁੰਚੇ ਤਾਂ ਉਹ ਸਭ ਉਸ ਵਿੱਚ ਹੀ ਸਮਾਂ ਗਏ ਤੇ ਸਭ ਪਾਸੇ ਦਿਨ ਦਾ ਉਜਾਲ਼ਾ ਫੈਲ ਗਿਆ। ਜੁਗਨੂੰ ਤੇ ਲੰਬੀਆਂ ਤਰੰਗਾਂ ਦਿਖਣੋ ਹਟ ਗਈਆਂ।

'ਅਸੀਂ ਕਿੱਥੇ ਹਾਂ?' ਰੌਬਰਟ ਨੇ ਥੋੜੀ ਦੂਰ ਖੜੇ ਚੰਦਰ ਤੇ ਥੌਮਸ ਨੂੰ ਪੁੱਛਿਆ।

'ਕੁੱਝ ਸਮਝ ਨਹੀਂ ਪੈ ਰਹੀ। ਮੈਨੂੰ ਵੀ ਬਹੁਤ ਹੈਰਾਨੀ ਹੋ ਰਹੀ ਹੈ।' ਚੰਦਰ ਨੇ ਕਿਹਾ।

'ਹਾਂ, ਮੈਨੂੰ ਵੀ। ਪਰ ਇਵੇਂ ਲੱਗ ਰਿਹਾ ਹੈ ਕਿ ਅਸੀਂ ਕਿਸੇ ਕਿਸੇ ਵਿਸ਼ਾਲ ਚੱਕਰਵਿਊ ਵਿੱਚ ਫਸ ਗਏ ਹੋਈਏ।'

ਉਸੇ ਵਕਤ ਉਹਨਾਂ ਨੂੰ ਕਿਤਿਓਂ ਅਵਾਜ਼ ਸੁਣਾਈ ਦਿੱਤੀ, ਜਿਵੇਂ ਆਕਾਸ਼ਬਾਣੀ ਹੋਵੇ।

'ਹੈ, ਪ੍ਰਿਥਵੀ ਵਾਸੀਓ। ਤੁਹਾਡਾ ਗੰਧਰਵ ਗ੍ਰਹਿ ਤੇ ਸਵਾਗਤ ਹੈ, ਜਿਸਨੂੰ ਤੁਸੀਂ ਇਹ ਨਾਂ ਦਿੱਤਾ ਹੈ, ਪਰ ਅਸੀਂ ਇਸਨੂੰ ਬੇਟੇਜ਼ਡ ਅਖਦੇ ਹਾਂ। ਜਿਸ ਤਰ੍ਹਾਂ ਤੁਸੀਂ ਜਾਣ ਹੀ ਗਏ ਹੋ, ਇਹ ਗ੍ਰਹਿ ਜੋ ਦੋ ਤਾਰਿਆਂ ਦੇ ਵਿੱਚ ਸਥਿੱਤ ਹੈ, ਇੱਕ ਰਹੱਸਮਈ ਤੇ ਗੁੰਝਲਦਾਰ ਸਿਸਟਮ ਹੈ। ਇੱਥੇ ਹਰ ਵਕਤ ਕੁੱਝ ਨਾ ਕੁੱਝ ਅਜੀਬ ਵਾਪਰਦਾ ਹੈ ਤੇ ਜਿਸਨੂੰ ਤੁਸੀਂ ਪਹਿਲਾਂ ਤੋਂ ਜਾਣ ਨਹੀਂ ਸਕਦੇ। ਪਰ ਇਸ ਤਰ੍ਹਾਂ ਤਾਂ ਤੁਹਾਡੇ ਗ੍ਰਹਿ ਤੇ ਵੀ ਹੁੰਦਾ ਹੈ। ਇੱਥੇ ਅੱਲਗ ਇਹ ਹੈ ਕਿ ਦੋ ਸਿਤਾਰੇ ਤੇ ਦੋ ਦੀ ਚੰਦਰਮਾ ਹਨ। ਜੇ ਤੁਸੀਂ ਇਸਦੇ ਗੁੰਝਲਦਾਰ ਵਾਤਾਵਰਣ ਦੀ ਇੱਜ਼ਤ ਨਹੀਂ ਕਰਦੇ ਤੇ ਉਸਨੂੰ ਤਬਾਹ ਕਰਨ ਲਗਦੇ ਹੋ ਤਾਂ ਇਹ ਤੁਹਾਡੇ ਖ਼ਿਲਾਫ਼ ਹੀ ਹੋ ਜਾਵੇਗਾ, ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ। ਤੁਸੀਂ ਬਹੁਤ ਖੁਸ਼ਕਿਸਮਤ ਹੋ ਜੋ ਆਪਣੇ ਗ੍ਰਹਿ ਤੋਂ ਇੰਨੀ ਦੂਰ ਠੀਕ ਠਾਕ ਹੋ ਤੇ ਕਿਸੇ ਦੀ ਮੌਤ ਨਹੀਂ ਹੋਈ! ਤੁਸੀਂ ਕੋਈ ਇੰਨਾ ਨੁਕਸਾਨ ਨਹੀਂ ਕੀਤਾ, ਪਰ ਜੇ ਤੁਸੀਂ ਨਹੀਂ ਹਟਦੇ ਤਾਂ ਤੁਹਾਡਾ ਬਹੁਤ ਨੁਕਸਾਨ ਹੋਣਾ ਸੀ। ਇਹ ਬਹੁਤ ਚੰਗਾ ਹੋਇਆ ਕਿ ਤੁਸੀਂ ਹੁਣ ਹਟ ਗਏ ਹੋ ਤੇ ਅਸੀਂ ਵੀ ਤੁਹਾਡਾ ਭਲਾ ਹੀ ਚਾਹੁੰਦੇ ਹਾਂ। ਤੁਹਾਡਾ ਮਿਸ਼ਨ ਤੇ ਉਸਦਾ ਉਦੇਸ਼ ਮਾਨਵਤਾ ਦੇ ਭਲੇ ਦਾ ਹੈ, ਹਾਲਾਂਕਿ ਉਸ ਵਿੱਚ ਥੋੜਾ ਵਪਾਰ ਵੀ ਸ਼ਾਮਿਲ ਹੈ! ਪਰ ਫੇਰ ਵੀ ਤੁਹਾਡਾ ਇਰਾਦਾ ਖਤਰਨਾਕ ਨਹੀਂ ਹੈ। ਇਸ ਕਰਕੇ ਅਸੀਂ ਤੁਹਾਨੂੰ ਇਹ ਹੀ ਸਲਾਹ ਦੇਵਾਂਗੇ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਵਾਪਿਸ ਮੁੜ ਜਾਵੋ। ਅਸੀਂ ਤੁਹਾਡੇ ਉਸ ਫੈਸਲੇ ਦੀ ਕਦਰ ਕਰਾਂਗੇ ਤੇ ਜੇ ਹੋ ਸਕਿਆ ਤਾਂ ਤੁਹਾਡੀ ਮਦਦ ਵੀ ਕਰਾਂਗੇ। ਪਰ ਅਸੀਂ ਤੁਹਾਡੇ ਨਾਲ਼ ਇੱਕ ਹੋਰ ਖਤਰੇ ਦੀ ਜਾਣਕਾਰੀ ਸਾਂਝਾ ਕਰਨੀ ਚਾਹੁੰਦੇ ਹਾਂ। ਹਰ ਤੁਹਾਡੇ 80 ਸਾਲ ਬਾਅਦ ਗੰਧਰਵ ਗ੍ਰਹਿ ਆਪਣੇ ਸੂਰਜਾਂ ਦੇ ਕੋਲ਼ ਉਪਸੌਰ (Perihelion) ਪੱਥ ਵਿੱਚ ਪਹੁੰਚ ਜਾਂਦਾ ਹੈ, ਜਿਸ ਨਾਲ਼ ਗ੍ਰਹਿ ਦਾ ਤਾਪਮਾਨ ਬਹੁਤ ਵੱਧ ਜਾਂਦਾ ਹੈ। ਜਿਸ ਨਾਲ਼ ਇੱਥੋਂ ਦੇ ਜੀਵਨ ਵਿੱਚ ਖਲਬਲੀ ਮੱਚ ਜਾਂਦੀ ਹੈ ਤੇ ਹਰ ਕੋਈ ਉਹ ਪਾਗਲ ਹੋ ਜਾਂਦਾ ਹੈ। ਕੋਈ ਹੋਰ ਜੀਵ ਨਹੀਂ ਬਚਦਾ, ਸਿਰਫ਼ ਇਹ ਕਾਈ ਹੀ ਬਚਦੀ ਹੈ ਜਾਂ ਜੋ ਜੀਵ ਜ਼ਮੀਨ ਦੇ ਅੰਦਰ ਹੋਣ ਉਹ ਬਚ ਸਕਦੇ ਹਨ। ਪਰ ਇਸ ਸਮੇਂ ਜ਼ਮੀਨ ਦੇ ਅੰਦਰ ਤੇ ਬਾਹਰ ਕੁੱਝ ਵੀ ਨਹੀਂ ਹੈ। ਜੋ ਕਾਈ ਤੇ ਜੁਗਨੂੰ ਤੁਸੀਂ ਦੇਖ ਰਹੇ ਹੋ, ਸਿਰਫ ਇਹ ਹੀ ਹਨ।'

'ਜੋ ਵੀ ਤੁਸੀਂ ਹੋ ਤੁਹਾਡਾ ਇਸ ਸਾਰੀ ਜਾਣਕਾਰੀ ਲਈ ਬਹੁਤ ਧੰਨਵਾਦ।' ਚੰਦਰ ਬੋਲਿਆ -'ਅਸੀਂ ਤੁਹਾਡੇ ਬਹੁਤ ਰਿਣੀ ਹਾਂ ਜੋ ਤੁਸੀਂ ਸਾਨੂੰ ਇਹ ਸਬਕ ਦਿੱਤਾ। ਕੀ ਤੁਸੀਂ ਸਾਨੂੰ ਆਪਣੇ ਬਾਰੇ ਹੋਰ ਜਾਣਕਾਰੀ ਦੇ ਸਕਦੇ ਹੋ ਤੇ ਇਹ ਜਾਣਦੇ ਹੋ ਕਿ ਇੱਥੇ ਪਹਿਲਾਂ ਹੋਰ ਬੁੱਧੀਮਾਨ ਜੀਵ ਸਨ ਕਿ ਨਹੀਂ। ਕਿਉਂਕਿ ਅਸੀਂ ਜੋ ਸਲੇਟਾਂ ਲੱਭੀਆਂ ਹਨ, ਉਹਨਾਂ ਤੇ ਕੁੱਝ ਲਿਖਿਆ ਹੋਇਆ ਇਹ ਦੱਸਦਾ ਹੈ ਕਿ ਇੱਥੇ ਪਹਿਲਾਂ ਕਦੇ ਅਜਿਹੇ ਜੀਵ ਸਨ ਜੋ ਲਿਖ ਸਕਦੇ ਸਨ। '

'ਅਸੀਂ ਕੋਈ ਜੀਵ ਨਹੀਂ ਸਗੋਂ ਇਸ ਗ੍ਰਹਿ ਦੀ ਸੰਗਠਿਤ ਚੇਤਨਤਾ ਹਾਂ। ਜਿਸਨੂੰ ਤੁਸੀਂ ਮਨਰਾਜ ਵੀ ਕਹਿ ਸਕਦੇ ਹੋ। ਕਾਈ ਤੇ ਜੁਗਨੂੰ ਆਪਸ ਵਿੱਚ ਤੇ ਇਸ ਗ੍ਰਹਿ ਦੀ ਆਤਮਾ ਨਾਲ਼ ਜੁੜੇ ਹੋਏ ਹਨ ਤੇ ਇੰਝ ਸਮਝੋ ਉਸਦਾ ਹੀ ਇੱਕ ਹਿੱਸਾ ਹਨ। ਇੱਥੇ ਤਕਰੀਬਨ ਇੱਕ ਲੱਖ ਵਰ੍ਹੇ ਪਹਿਲਾਂ ਬੁੱਧੀਮਾਨ ਜੀਵਨ ਸੀ, ਉਦੋਂ ਜਦੋ ਤੁਹਾਡੀ ਪ੍ਰਿਥਵੀ ਤੇ ਬੁੱਧੀਮਾਨ ਜੀਵਨ ਦੀ ਸ਼ੁਰੂਆਤ ਹੋ ਰਹੀ ਸੀ। ਉਹਨਾਂ ਦੇ ਵਿਗਿਆਨ ਨੇ ਬਹੁਤ ਤੱਰਕੀ ਕਰ ਲਈ ਸੀ, ਪਰ ਜਦੋਂ ਵੀ ਹਰ ਅੱਸੀ ਸਾਲ ਬਾਅਦ ਉਪਸੌਰ ਆਉਂਦਾ ਸੀ ਤਾਂ ਵਧਦੇ ਤਾਪਮਾਨ ਕਰਕੇ ਉਹ ਭੜਕਾਹਟ ਵਿੱਚ ਆ ਜਾਂਦੇ ਤੇ ਇੱਕ ਦੂਸਰੇ ਨਾਲ਼ ਲੜਕੇ ਮਰਨ ਲਗੇ। ਇਸ ਤਰ੍ਹਾਂ ਹੌਲ਼ੀ ਹੌਲ਼ੀ ਉਹ ਖਤਮ ਹੁੰਦੇ ਗਏ। ਤੇ ਉਹਨਾਂ ਵਿੱਚੋਂ ਕੁੱਝ ਸਮਝਦਾਰ ਬਚੇ ਜੋ ਬੇਟੇਜ਼ਡ ਗ੍ਰਹਿ ਨੂੰ ਛੱਡਕੇ ਕਿੱਧਰੇ ਹੋਰ ਚਲੇ ਗਏ।'

'ਕੀ ਉਹਨਾਂ ਦੀ ਕੋਈ ਹੋਰ ਨਿਸ਼ਾਨੀ ਵੀ ਬਚੀ ਹੈ? ਉਹ ਇੱਥੋਂ ਕਿਸ ਤਰ੍ਹਾਂ ਗਏ?'

'ਕਿਓਂਕਿ ਬਹੁਤ ਸਮਾਂ ਬੀਤ ਗਿਆ, ਉਹਨਾਂ ਦੀਆਂ ਸਭ ਨਿਸ਼ਾਨੀਆਂ ਜਾਂ ਤਾਂ ਤਬਾਹ ਹੋ ਗਈਆਂ ਜਾਂ ਜ਼ਮੀਨ ਦੇ ਅੰਦਰ ਦੱਬੀਆਂ ਗਈਆਂ। ਉਹਨਾਂ ਦੇ ਵਿਗਿਆਨ ਤੁਹਾਡੇ ਵਰਗਾ ਨਹੀਂ ਸਗੋਂ ਅੱਲਗ ਕਿਸਮ ਦਾ ਸੀ। ਉਹਨਾਂ ਨੇ ਵਿਗਿਆਨ ਦੇ ਉਹ ਅਯਾਮ ਖੋਜ ਲੈ ਸਨ ਕਿ ਉਹਨਾਂ ਨੂੰ ਇੱਥੋਂ ਕਿਧਰੇ ਜਾਣ ਲਈ ਕਿਸੇ ਸ਼ਿੱਪ ਦੀ ਜ਼ਰੂਰਤ ਨਹੀਂ ਸਗੋਂ ਸਿਰਫ਼ ਸੋਚਣ ਦੀ ਹੀ ਲੋੜ ਸੀ। ਉਹਨਾਂ ਨੇ ਦੇਖ ਲਿਆ ਸੀ ਕਿ ਜੀਵ ਦਾ ਸਰੀਰਕ ਅਕਾਰ ਤਾਂ ਦੁੱਖ ਹੀ ਦਿੰਦਾ ਹੈ ਤੇ ਜਨਮ-ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸਰੀਰਕ ਬੰਧਨਾਂ ਤੋਂ ਅਜ਼ਾਦ ਕਰ ਲਿਆ ਸੀ। ਹੁਣ ਉਹ ਦੂਰ ਦੇ ਤਾਰਾ ਮੰਡਲਾਂ ਦੇ ਕਿਸੇ ਸੁਹਾਵਣੇ ਕੋਨੇ ਵਿੱਚ ਆਰਾਮ ਨਾਲ਼ ਆਪਣੀ ਖੇਡ ਖੇਡ ਰਹੇ ਹੋਣਗੇ!'

‘ਹੁਣ ਇੱਥੇ ਕਾਈ ਤੇ ਜੁਗਨੂੰਆਂ ਤੋਂ ਇਲਾਵਾ ਹੋਰ ਕੋਈ ਜੀਵ ਕਿਓਂ ਨਹੀਂ ਹਨ?

‘ਉਹਨਾਂ ਨੇ ਆਪਣੇ ਫ਼ਾਇਦੇ ਲਈ ਸਾਰੇ ਜੀਵਾਂ ਨੂੰ ਅਲੋਪ ਕਰ ਦਿੱਤਾ। ਉਹਨਾਂ ਦੀ ਭੁੱਖ ਤੇ ਲਾਲਚ ਬਹੁਤ ਵਧ ਗਿਆ ਸੀ। ਮਹੀਨ ਜੀਵ ਜਿਵੇਂ ਵਾਇਰਸ, ਬੈਕਟੀਰੀਆ ਆਦਿ ਵੀ ਨਹੀਂ ਬਚੇ, ਕਿਉਂਕਿ ਬਿਮਾਰੀਆਂ ਤੋਂ ਬਚਾ ਕਰਨ ਵਾਸਤੇ ਉਹਨਾਂ ਨੇ ਉਹਨਾਂ ਦਾ ਖਾਤਮਾ ਵੀ ਕਰ ਦਿੱਤਾ। ਹਾ ਜ਼ਮੀਨ ਦੇ ਅੰਦਰ ਕਾਈ ਦੇ ਨਾਲ਼ ਕੁੱਝ ਮਹੀਨ ਜੀਵ ਬਚੇ ਹਨ।’

'ਬਹੁਤ ਧੰਨਵਾਦ!' ਚੰਦਰ ਨੇ ਬੱਸ ਇੰਨਾ ਹੀ ਕਿਹਾ। ਆਕਾਸ਼ਬਾਣੀ ਸੁਣਕੇ ਉਹ ਬਹੁਤ ਹੈਰਾਨ ਸੀ।

'ਹੁਣ, ਅਸੀਂ ਤੁਹਾਥੋਂ ਵਿਦਾ ਲੈਂਦੇ ਹਾਂ। ਤੁਸੀਂ ਜਲਦੀ ਹੀ ਠੀਕ ਹੋ ਜਾਓਗੇ।'

ਇੰਨਾ ਸੁਣਦੇ ਹੀ ਉਹਨਾਂ ਸਭ ਦੀ ਅੱਖ ਖੁੱਲ੍ਹ ਗਈ। ਤਰੁੰਤ ਹੀ ਰੌਬਰਟ ਨੇ ਚੰਦਰ ਤੇ ਥੌਮਸ ਨਾਲ਼ ਸੰਪਰਕ ਕੀਤਾ। ਉਹਨਾਂ ਨੇ ਸਾਂਝੇ ਸੁਪਨੇ ਦੀ ਪੁਸ਼ਟੀ ਕੀਤੀ। ਬਾਅਦ ਵਿੱਚ ਬਾਕੀ ਕਰੂ ਮੈਂਬਰ ਜੋ ਬਿਮਾਰ ਸਨ, ਸਭ ਨੇ ਉਸ ਸੁਪਨੇ ਦੀ ਪੁਸ਼ਟੀ ਕੀਤੀ। ਜਿਸ ਕਾਈ ਇਨਫੈਕਸ਼ਨ ਨੇ ਉਹਨਾਂ ਨੂੰ ਫੜਿਆ ਹੋਇਆ ਸੀ, ਉਹ ਉਹਨਾਂ ਦੇ ਦਿਮਾਗ਼ ਤੱਕ ਫੈਲ ਚੁੱਕੀ ਸੀ। ਪਰ ਹੁਣ ਉਹਨਾਂ ਨੂੰ ਆਸ ਦੀ ਲੋਅ ਨਜ਼ਰ ਆ ਰਹੀ ਸੀ ਕਿ ਉਹ ਜਲਦੀ ਸਿਹਤਯਾਬ ਹੋ ਜਾਣਗੇ।

ਵਾਪਸੀ

ਉਸ ਅਜੀਬੋ-ਗਰੀਬ ਸੁਪਨੇ ਤੋਂ ਜਾਗਦੇ ਹੀ, ਸਭ ਤੋਂ ਪਹਿਲਾਂ ਉਹਨਾਂ ਨੇ ਕੰਪਿਊਟਰ ਸਿਮੂਲੈਸ਼ਨ ਦੇ ਨਾਲ਼ ਗੰਧਰਵ ਗ੍ਰਹਿ ਦੇ ਉਪਸੌਰ ਦਾ ਅਨੁਮਾਨ ਲਗਾਇਆ ਜੋ ਕਿ ਬਿਲਕੁਲ ਸਹੀ ਸੀ। ਇਸਦਾ ਮਤਲਬ ਸੁਪਨੇ ਵਿੱਚ ਜੋ ਵੀ ਉਹਨਾਂ ਨੂੰ ਪਤਾ ਲੱਗਿਆ ਉਹ ਸੱਚ ਸੀ! ਰੌਬਰਟ ਨੇ ਜਲਦੀ ਨਾਲ਼ ਸਾਰੇ ਅਮਲੇ ਨੂੰ ਸਾਰਾ ਸਮਾਨ ਪੈਕ ਕਰਨ ਦੇ ਆਦੇਸ਼ ਦੇ ਦਿੱਤੇ। ਉਹ ਆਪ ਵੀ ਉਸ ਕੰਮ ਦੇ ਵਿੱਚ ਰੁੱਝ ਗਿਆ। ਹੁਣ ਉਹ ਸਾਰੇ ਕਾਫੀ ਚੰਗਾ ਮਹਿਸੂਸ ਕਰ ਰਹੇ ਸਨ, ਤੇ ਦਰਦ ਦੀਆਂ ਦਵਾਈਆਂ ਵੀ ਹੁਣ ਉਹਨਾਂ 'ਤੇ ਕਾਫ਼ੀ ਅਸਰ ਕਰ ਰਹੀਆਂ ਸਨ, ਜਿਸ ਨਾਲ਼ ਉਹਨਾਂ ਨੂੰ ਬੜੀ ਰਾਹਤ ਮਹਿਸੂਸ ਹੋ ਰਹੀ ਸੀ। ਸਭ ਤੋਂ ਜ਼ਿਆਦਾ ਫਰਕ ਯੂਰੀ ਨੂੰ ਪਿਆ ਸੀ ਜੋ ਕਿ ਅੱਧਮੋਈ ਹਾਲਤ ਵਿੱਚ ਸੀ। ਹੁਣ ਉਸਦੀ ਸਿਹਤ ਪਹਿਲਾਂ ਨਾਲ਼ੋਂ ਕਾਫ਼ੀ ਬੇਹਤਰ ਸੀ।

‘ਮੈਨੂੰ ਇੰਝ ਲੱਗ ਰਿਹਾ ਕਿ ਜਿਵੇਂ ਮੇਰਾ ਦੁਬਾਰਾ ਜਨਮ ਹੋਇਆ ਹੈ। ਕਾਈ ਇਨਫੈਕਸ਼ਨ ਨੇ ਤਾਂ ਮੇਰੀ ਜਾਂ ਹੀ ਕੱਢ ਦਿੱਤੀ ਸੀ।’ ਯੂਰੀ ਕਾਫ਼ੀ ਦਿਨ ਬਾਅਦ ਬੋਲਿਆ ਸੀ।

‘ਸਾਨੂੰ ਬਹੁਤ ਖ਼ੁਸ਼ੀ ਹੈ ਕਿ ਤੂੰ ਠੀਕ ਹੋ ਰਿਹਾ ਹੈਂ। ਸਾਡੀ ਸਾਰਿਆਂ ਦੀ ਹਾਲਤ ਬਹੁਤ ਬੁਰੀ ਸੀ, ਪਰ ਤੇਰੀ ਹਾਲਤ ਤਾਂ ਕਿਸੇ ਭੂਤ ਜਾਂ ਜ਼ਾਂਬੀ (Zombie) ਵਰਗੀ ਸੀ। ਨਾਲ਼ੇ ਹੁਣ ਸਾਨੂੰ ਇਸ ਇਨਫੈਕਸ਼ਨ ਦਾ ਅਸਲ ਕਾਰਣ ਵੀ ਸਮਝ ਆ ਗਿਆ ਹੈ।’ ਰੌਬਰਟ ਨੇ ਜਵਾਬ ਦਿੱਤਾ।

ਉਹਨਾਂ ਨੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਹਰ ਰੋਜ਼ ਉੱਪਰ 'ਕਲਪਨਾ' ਯਾਨ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਵਿਚ ਉਹਨਾਂ ਨੂੰ ਇੱਕ ਹਫ਼ਤਾ ਲੱਗ ਗਿਆ।

ਜਾਮਣੀ ਕਾਈ ਵੀ ਅਚਾਨਕ ਇੱਕ ਦਮ ਫੈਲਣੀ ਸ਼ੁਰੂ ਹੋ ਗਈ, ਜਿਵੇਂ ਕਿ ਉਸ ‘ਤੇ ਬਹਾਰ ਆ ਗਈ ਹੋਵੇ। ਉਹ ਕੁੱਝ ਕੁ ਘੰਟਿਆਂ ਵਿੱਚ ਹੀ ਕਿੰਨੇ ਕਿੰਨੇ ਕਿਲੋਮੀਟਰ ਦੇ ਖੇਤਰ ਵਿੱਚ ਫੈਲਣ ਲੱਗੀ। ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਕਾਈ ਉਹਨਾਂ ਦੇ ਜਾਣ ਦੀ ਖ਼ੁਸ਼ੀ ਵਿੱਚ ਫੈਲ ਰਹੀ ਸੀ ਜਾਂ ਫਿਰ ਆਉਣ ਵਾਲ਼ੇ ਉਪਸੌਰ ਤੋਂ ਆਪਣੇ ਬਚਾਅ ਲਈ!

ਆਖਰੀ ਦਿਨ ਜਦੋਂ ਉਹ ਗ੍ਰਹਿ ਨੂੰ ਵਿਦਾ ਕਹਿਕੇ ਜਾਣ ਲੱਗੇ ਤਾਂ ਅਚਾਨਕ ਸੂਰਜੀ ਚਮਕਾਂ ਸ਼ੁਰੂ ਹੋ ਗਈਆਂ। ਗ੍ਰਹਿ ਦਾ ਤਾਪਮਾਨ ਇੱਕ ਦਮ ਵਧਣਾ ਸ਼ੁਰੂ ਹੋ ਗਿਆ। ਉਹਨਾਂ ਨੇ ਸਮਝ ਲਿਆ ਕਿ ਉਪਸੌਰ ਸ਼ੁਰੂ ਹੋ ਗਿਆ ਹੈ। ਸੂਰਜੀ ਚਮਕਾਂ ਇੰਨੀਆਂ ਤੇਜ਼ ਸਨ ਕਿ ਉਹਨਾਂ ਦੀ ਸ਼ਟਲ ਦਾ ਸੰਚਾਰ ਸਿਸਟਮ ਤਬਾਹ ਹੋ ਗਿਆ ਤੇ ਉਹਨਾਂ ਦਾ 'ਕਲਪਨਾ' ਦੇ ਨਾਲ਼ ਸੰਪਰਕ ਟੁੱਟ ਗਿਆ। ਬਾਕੀ ਸਾਰੇ ਕਰੂ ਮੈਂਬਰ ਪਹਿਲਾ ਹੀ ਚਲੇ ਗਏ ਸਨ। ਉੱਥੇ ਸਿਰਫ ਰੌਬਰਟ, ਚੰਦਰ, ਥੌਮਸ, ਯੂਰੀ ਤੇ ਨੀਲ ਦੀ ਮੁੱਢਲੀ ਟੀਮ ਹੀ ਬਚੀ ਸੀ। ਬਿਨਾ ਸੰਪਰਕ ਦੇ ਉਹ 'ਕਲਪਨਾ' ਤੱਕ ਉਡਾਣ ਨਹੀਂ ਸੀ ਲੈ ਕੇ ਜਾ ਸਕਦੇ!

ਨੀਲ ਤੇ ਯੂਰੀ ਨੁਕਸਾਨ ਦਾ ਅੰਦਾਜ਼ਾ ਤੇ ਉਸਨੂੰ ਠੀਕ ਕਰਨ ਦੇ ਬਾਰੇ ਸ਼ਟਲ ਦੀ ਜਾਂਚ-ਪੜਤਾਲ ਕਰਨ ਲੱਗੇ। ਰੌਬਰਟ ਨੇ ਸੈਟੇਲਾਈਟ ਫ਼ੋਨ ਦੇ ਨਾਲ਼ ਰੀਨਾ ਨਾਲ਼ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ ਕੀਤੀ ਪਰ ਸੰਪਰਕ ਨਾ ਬਣ ਸਕਿਆ। ਉਹਨਾਂ ਕੋਲ ਇੰਤਜ਼ਾਰ ਕਰਨ ਤੇ ਸ਼ਟਲ ਦੇ ਸੰਚਾਰ ਸਿਸਟਮ ਨੂੰ ਠੀਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ, ਕਿਓਂਕਿ ਖਰਾਬ ਹੋਏ ਪੁਰਜ਼ੇ 'ਕਲਪਨਾ' ਤੋਂ ਮੰਗਵਾਉਣੇ ਪੈਣੇ ਸਨ। ਪੂਰਾ ਦਿਨ ਉਹਨਾਂ ਨੇ 'ਕਲਪਨਾ' ਨਾਲ਼ ਸੰਪਰਕ ਕਰਨ ਦਾ ਕੋਈ ਹੋਰ ਤਰੀਕਾ ਲੱਭਣ ਵਿੱਚ ਗ਼ੁਜ਼ਾਰ ਦਿੱਤਾ, ਪਰ ਉਹਨਾਂ ਨੂੰ ਕੋਈ ਹੋਰ ਜ਼ਰੀਆ ਨਹੀਂ ਲੱਭ ਰਿਹਾ ਸੀ। ਜਿਵੇਂ ਹੀ ਰਾਤ ਹੋਈ ਤਾਂ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਇੱਕ ਲੰਬੀ ਰੌਸ਼ਨੀ ਦੀ ਤਰੰਗ ਉਹਨਾਂ ਦੀ ਸ਼ਟਲ ਤੋਂ ਨਿੱਕਲ ਕੇ ਆਕਾਸ਼ ਵੱਲ ਜਾਣ ਲੱਗੀ।

'ਇਹ ਰੌਸ਼ਨੀ ਕੀ ਹੋ ਸਕਦੀ ਹੈ?' ਰੌਬਰਟ ਬੋਲਿਆ।

'ਹਾਂ, ਬੜੀ ਅਜੀਬ ਗੱਲ ਹੈ ਇਹ ਸ਼ਟਲ ਵਿੱਚੋਂ ਨਿੱਕਲ ਕੇ ਉੱਪਰ ਅਸਮਾਨ ਵੱਲ ਵੀ ਜਾ ਰਹੀ ਹੈ।' ਥੌਮਸ ਬੋਲਿਆ।

'ਪਰ ਇਹ ਸ਼ਟਲ ਤੋਂ ਕਿਵੇਂ ਨਿੱਕਲ ਰਹੀ ਹੈ। ਸ਼ਟਲ ਵਿੱਚ ਤਾਂ ਅਜਿਹੀ ਕੋਈ ਚੀਜ਼ ਨਹੀਂ।' ਚੰਦਰ ਬੋਲਿਆ। ਫੇਰ ਨੀਲ ਤੇ ਯੂਰੀ ਨੂੰ ਮੁਖਾਤਿਬ ਹੁੰਦਾ ਬੋਲਿਆ - 'ਕੀ ਅਜਿਹੀ ਕੋਈ ਚੀਜ਼ ਸ਼ਟਲ ਵਿੱਚ ਹੈ?'

'ਨਹੀਂ, ਸਾਡੀ ਜਾਣਕਾਰੀ ਵਿੱਚ ਤਾਂ ਨਹੀਂ। ਪਰ ਚਲੋ ਅੰਦਰ ਚੱਲ ਕੇ ਦੇਖਦੇ ਹਾਂ।' ਉਹ ਦੋਵੇਂ ਇੱਕੋ ਵੇਲੇ ਬੋਲੇ।

ਜਿਵੇਂ ਹੀ ਉਹ ਸ਼ਟਲ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੂੰ ਅਜਿਹਾ ਕੁੱਝ ਨਹੀਂ ਦੀਖਿਆ ਜੋ ਰੌਸ਼ਨੀ ਉਪਰ ਨੂੰ ਭੇਜ ਰਿਹਾ ਹੋਵੇ।

'ਚਲੋ ਇੱਕ ਵਾਰ 'ਕਲਪਨਾ' ਨਾਲ਼ ਸੰਪਰਕ ਕਰਕੇ ਦੇਖਦੇ ਹਾਂ। ਕੀ ਪਤਾ ਹੋ ਹੀ ਜਾਵੇ!' ਯੂਰੀ ਨੇ ਕਿਹਾ।

ਤੇ ਸੱਚਮੁੱਚ ਉਹਨਾਂ ਦਾ 'ਕਲਪਨਾ' ਨਾਲ਼ ਸੰਪਰਕ ਹੋ ਗਿਆ। ਉੱਧਰੋਂ ਵੀ ਟੀਮ ਦਾ ਇੰਚਾਰਜ ਬੋਲਿਆ - 'ਅਸੀਂ ਵੀ ਤੁਹਾਡੇ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸੂਰਜੀ ਚਮਕਾਂ ਨਾਲ਼ ਸਾਡੇ ਸੰਚਾਰ ਸਿਸਟਮ ਤੇ ਵੀ ਪ੍ਰਭਾਵ ਪਿਆ ਹੈ। ਅਸੀਂ ਕੁੱਝ ਨਹੀਂ ਕੀਤਾ, ਪਰ ਹੁਣ ਆਪਣੇ ਆਪ ਤੁਹਾਡੇ ਨਾਲ਼ ਸੰਪਰਕ ਹੋ ਗਿਆ।'

ਯੂਰੀ ਤੇ ਨੀਲ ਨੇ ਸਲਾਹ ਦਿੱਤੀ -'ਹੁਣ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ। ਜਲਦੀ ਨਾਲ਼ ਸ਼ਟਲ ਨੂੰ ਉਡਾਣ ਦੀ ਤਿਆਰੀ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਸੰਪਰਕ ਦੇ ਹੁੰਦੇ ਹੁੰਦੇ 'ਕਲਪਨਾ' ਤੱਕ ਪੁੱਜ ਜਾਈਏ।'

ਸਾਰੇ ਉਹਨਾਂ ਦੀ ਰਾਏ ਨਾਲ਼ ਸਹਿਮਤ ਸਨ। ਰਾਤ ਦੇ ਹਨੇਰੇ ਵਿੱਚ ਹੀ, ਪੱਥਪ੍ਰਦ੍ਰਸ਼ਿਕ ਰੌਸ਼ਨੀ ਦੀ ਇੱਕ ਤਰੰਗ ਦੇ ਸਹਾਰੇ, ਉਹਨਾਂ ਨੇ 'ਗੰਧਰਵ' ਗ੍ਰਹਿ ਨੂੰ ਵਿਦਾ ਆਖ ਕੇ ਸ਼ਟਲ ਦੀ ਆਖਰੀ ਉਡਾਣ ਭਰ ਦਿੱਤੀ।

ਕੁੱਝ ਘੰਟਿਆਂ ਬਾਅਦ ਉਹ 'ਕਲਪਨਾ' ਦੇ ਕੋਲ਼ ਸਨ। ਰੀਨਾ ਤੇ ਉਹਨਾਂ ਦੇ ਹੋਰ ਸਾਥੀ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਖੜੇ ਸਨ। ਉਹਨਾਂ ਨੇ ਦੂਰ ਤੋਂ ਹੀ ਉਹਨਾਂ ਨੂੰ ਹੱਥ ਹਿਲਾਇਆ, ਕਿਉਂਕਿ ਅਜੇ ਉਹਨਾਂ ਨੂੰ ਕੁੱਝ ਸਮਾਂ ਕੁਆਰਨਟੀਨ ਕਰਨਾ ਪੈਣਾ ਸੀ।

ਉਹ ਸਾਰੇ ਜਾਣੇ ਰਹੱਸਮਈ ਰੌਸ਼ਨੀ ਬਾਰੇ ਹੀ ਸੋਚ ਹੀ ਰਹੇ ਸਨ।

‘ਉਹ ਰਹੱਸਮਈ ਰੌਸ਼ਨੀ ਕੀ ਹੋ ਸਕਦੀ ਹੈ?’ ਕੈਪਟਨ ਰੌਬਰਟ ਸਿੰਘ ਨੇ ਡਾ: ਚੰਦਰ ਤੇ ਥੌਮਸ ਨੂੰ ਪੁੱਛਿਆ।

ਡਾ: ਚੰਦਰ ਜੋ ਕਿ ਗ੍ਰਹਿ ਦੇ ਬਾਰੇ ਵਿੱਚ ਕਾਫ਼ੀ ਵਾਕਫ਼ ਹੋ ਗਿਆ ਸੀ ਸੋਚਣ ਲੱਗ ਪਿਆ। ਫੇਰ ਉਸਨੂੰ ਇਕਦਮ ਸਾਂਝਾ ਸੁਪਨਾ ਯਾਦ ਆਇਆ। 'ਆਕਾਸ਼ਬਾਣੀ' ਨੇ ਉਹਨਾਂ ਦੀ ਗੰਧਰਵ ਗ੍ਰਹਿ ਤੋਂ ਜਾਣ ਲਈ ਮਦਦ ਕਰਨ ਦਾ ਵਾਅਦਾ ਕੀਤਾ ਸੀ।

‘ਇੰਝ ਲੱਗ ਰਿਹਾ ਹੈ ਕਿ ਉਹ ਰੌਸ਼ਨੀ ਗੰਧਰਵ ਗ੍ਰਹਿ ਦੀ ਰਹਸਮਈ ਸੰਗਠਿਤ ਚੇਤਨਾ ਦਾ ਹੀ ਕਾਰਨਾਮਾ ਹੋ ਸਕਦਾ ਹੈ।’

‘ਹਾਂ, ਚੰਦਰ ਸਹੀ ਕਹਿ ਰਿਹਾ ਹੈ।’ ਡਾ: ਥੌਮਸ ਨੇ ਵੀ ਹੁੰਗਾਰਾ ਭਰਿਆ।

ਉਹਨਾਂ ਦੇ ਮਨ ਵਿੱਚ ਗ੍ਰਹਿ ਦੀ ਉਸ ਸਾਂਝੀ ਚੇਤਨਾ ਲਈ ਧੰਨਵਾਦ ਦੇ ਭਾਵ ਪੈਦਾ ਹੋਏ!

‘ਠੀਕ ਹੈ, ਇਸ ਤੋਂ ਪਹਿਲਾਂ ਉਪਸੌਰ ਦੇ ਕਰਕੇ ਸੂਰਜੀ ਚਮਕਾਂ ਦੇ ਤੂਫ਼ਾਨ ਆਉਣੇ ਸ਼ੁਰੂ ਹੋਣ ਸਾਨੂੰ ਹੁਣ ਇੱਥੋਂ ਚਲੇ ਜਾਣਾ ਚਾਹੀਦਾ ਹੈ।’

ਉਸਨੇ ਰੀਨਾ ਨੂੰ ਫ਼ੋਨ ਦੇ ਰਾਹੀਂ ‘ਕਲਪਨਾ’ ਨੂੰ ਵਾਪਸ ਜਾਣ ਲਈ ਕਹਿ ਦਿੱਤਾ।

‘ਰੀਨਾ, ਤੂੰ ਮੁੱਖ ਕੰਪਿਊਟਰ ਨੂੰ ਪ੍ਰਿਥਵੀ ਵੱਲ ਵਾਪਸੀ ਦੇ ਆਦੇਸ਼ ਦੇ ਦੇ।’

‘ਠੀਕ ਹੈ।‘ ਰੀਨਾ ਨੇ ਜਵਾਬ ਦਿੱਤਾ।

ਉਹਨਾਂ ਦੇ ਆਦੇਸ਼ ‘ਤੇ ਮੁੱਖ ਕੰਪਿਊਟਰ ਨੇ 'ਕਲਪਨਾ' ਦੇ ਅਮਲੇ ਨੇ ਯਾਨ ਨੂੰ ਵਾਪਿਸ ਪ੍ਰਿਥਵੀ ਵੱਲ ਨੂੰ ਮੋੜ ਦਿੱਤਾ। ਸੂਰਜੀ ਚਮਕਾਂ ਹੋਰ ਤੇਜ਼ ਹੋ ਰਹੀਆਂ ਸਨ। ਉਹ ਜਲਦੀ ਨਾਲ਼ ਉੱਥੋਂ ਦੂਰ ਚਲੇ ਜਾਣਾ ਚਾਹੁੰਦੇ ਸਨ, ਆਪਣੀ ਪਿਆਰੀ ਧਰਤੀ ਵੱਲ ਨੂੰ ...

ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ, ਬਾਲ ਸਾਹਿਤ ਅਤੇ ਲੇਖ ਵੀ ਲਿਖਦਾ ਹੈ। ਉਸਦੀ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ ।

ਵੈਬਸਾਈਟ : https://sahit.punjabikids.org/

MissionRedstar
ਲੜੀਵਾਰ ਵਿਗਿਆਨ ਗਲਪ ਨਾਵਲ

ਮਿਸ਼ਨ ਰੈੱਡ ਸਟਾਰ

ਗੁਰਚਰਨ ਕੌਰ ਥਿੰਦ

(1)

ਕਮਰੇ ਵਿੱਚ ਰਿਮੋਟ ਨਾਲ ਖੁਲ੍ਹਣ ਤੇ ਬੰਦ ਹੋਣ ਵਾਲੇ ਬੈੱਡ ’ਤੇ ਮੂੰਹ ਸਿਰ ਲਪੇਟੀ ਇੱਕ ਵਿਅਕਤੀ ਸੁੱਤਾ ਜਾਪਦਾ ਹੈ। ਕਮਰੇ ਵਿੱਚ ਲੋੜੀਂਦਾ ਲਗਪਗ ਹਰ ਤਰ੍ਹਾਂ ਦਾ ਸਮਾਨ ਹੈ। ਬੈੱਡ ਦੇ ਨੇੜੇ ਪਏ ਸਟੂਲ ਤੇ ਦਵਾਈ ਦੀਆਂ ਇੱਕ ਦੋ ਸ਼ੀਸ਼ੀਆ, ਗਲਾਸ, ਚਮਚਾ ਤੇ ਹੋਰ ਨਿੱਕਸੁੱਕ ਹੈ। ਬੈਠਣ ਲਈ ਸੋਫ਼ੇ ਤੇ ਕੁਰਸੀਆਂ ਵਰਗਾ ਵੀ ਆਸ ਪਾਸ ਹੈ। ਕਮਰੇ ਦੇ ਘੁਸਮੁਸੇ ਵਿੱਚ ਕੰਧਾਂ ਤੇ ਟੰਗੇ ਕੁਦਰਤੀ ਦ੍ਰਿਸ਼ਾਂ ਦੇ ਚਿੱਤਰ ਕਮਰੇ ਦੀ ਨੀਰਸਤਾ ਨੂੰ ਭੰਗ ਕਰ ਕਮਰੇ ਦੇ ਵਾਤਾਵਰਣ ਨੂੰ ਰੌਚਕਤਾ ਪ੍ਰਦਾਨ ਕਰਦੇ ਪ੍ਰਤੀਤ ਹੁੰਦੇ ਹਨ। ਦਰਵਾਜ਼ੇ ਨੂੰ ਆਹਿਸਤਾ ਜਿਹੇ ਅੰਦਰ ਵੱਲ ਧੱਕਣ ਨਾਲ ਢੁਕਿਆ ਦਰਵਾਜ਼ਾ ਹਲਕੀ ਜਿਹੀ ਚੀਂਅ..ਅ..ਅ ਦੀ ਅਵਾਜ਼ ਨਾਲ ਰਤਾ ਕੁ ਖੁੱਲ੍ਹਿਆ ਤਾਂ ਅਸੀਵਾਂ ਟੱਪ ਚੁੱਕੇ ਵਿਅਕਤੀ ਨੇ ਸਿਰ ਚੁੱਕ ਉਧਰ ਨੂੰ ਵੇਖਿਆ। ਉਸ ਬੈੱਡ ਨਾਲ ਦਾ ਬਟਨ ਨੱਪ ਦਿੱਤਾ। ਚਾਨਣ ਦਾ ਰੁੱਗ ਕਮਰੇ ਵਿੱਚ ਖਿੱਲਰ ਗਿਆ।

"ਗ੍ਰੈਂਡਪਾ ਤੁਸੀਂ ਜਾਗਦੇ ਓ?" ਅੱਠ ਕੁ ਸਾਲ ਦਾ ਹੱਢਾਂ ਪੈਰਾਂ ਦਾ ਖੁੱਲ੍ਹਾ ਤੰਦਰੁਸਤ ਬਾਲ ਅੰਦਰ ਵੜ੍ਹਿਆ।

"ਹਾਂ…ਕੌਣ?....ਟਿੰਮੀ!.....ਆਜਾ ਪੁੱਤਰ," ਉਸ ਬਟਨ ਨੱਪ ਬੈੱਡ ਦਾ ਸਿਰਾ ਉੱਚਾ ਕਰ ਸਿੱਧਾ ਬੈਠਦੇ ਨੇ ਕਿਹਾ, "ਉਰ੍ਹੇ ਆ ਮੇਰੇ ਕੋਲ।" ਟਿੰਮੀ ਨੇ ਦੌੜ ਕੇ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਵਾਂ ਨਾਲ ਦਾਦੇ ਨੂੰ ਜੱਫੀ ਪਾ ਲਈ। ਉਸ ਪੋਤਰੇ ਨੂੰ ਛਾਤੀ ਨਾਲ ਘੁੱਟ ਪਿਆਰਿਆ ਅਤੇ ਆਪਣੇ ਕੋਲ ਬਠਾ ਲਿਆ।

"ਤੇਰੇ ਮੌਮ-ਡੈਡ ਘਰ ਨਹੀਂ?"

"ਉਹ ਯੂਰਾਕਾ ਬਸਤੀ ਗਏ ਨੇ।…… ਦਾਦੂ ਕਹਿੰਦੇ ਉੱਥੇ ਬੜਾ ਵੱਡਾ ਸਪੇਸਸ਼ਿਪ ਉਤਰਿਆ!" ਉਸ ਅੱਖਾਂ ਦੀਆਂ ਪੁਤਲੀਆਂ ਨੂੰ ਤੇ ਤੇਜ਼ ਤੇਜ਼ ਘੁੰਮਾਉਂਦੇ ਦੱਸਿਆ, "ਕੋਈ ਫੰਕਸ਼ਨ ਆ ਯੂਰਾਕਾ ਬਸਤੀ ਵਿੱਚ! ਮੈਨੂੰ ਨਾਲ ਲੈ ਕੇ ਨਹੀਂ ਗਏ। ਕਹਿੰਦੇ ਉੱਥੇ ਬੱਚੇ ਅਲਾਊਡ ਨਹੀਂ।" ਉਸ ਦਾਦੇ ਕੋਲ ਸ਼ਕਾਇਤ ਕਰ ਆਪਣਾ ਮਨ ਹੌਲਾ ਕਰ ਲਿਆ।

"ਤੇ ਤੂੰ ਕਿੱਥੇ ਸੀ ਐਨਾ ਚਿਰ?" ਉਸਦੀ ਸੁਰ ਚਿੰਤਤ ਸੀ।

"ਮੈਂ ਆਪਣੇ ਫ੍ਰੈਂਡ ਨਾਲ ਖੇਡਣ ਚਲਿਆ ਗਿਆ ਸੀ।"

"ਕੋਈ ਨਾ ਉਹ ਆਉਂਦੇ ਤਾਂ ਮੈਂ ਪੁਛੂੰ ਉਹਨਾਂ ਨੂੰ," ਉਸ ਲਾਡ ਨਾਲ ਉਹਦਾ ਮੱਥਾ ਚੁੰਮਿਆ ਅਤੇ ਅਗਲੇਰੀ ਪੀੜ੍ਹੀ ਨੂੰ ਪਲ੍ਹਰਦੀ ਵੇਖ ਨਸ਼ਿਆਇਆ ਜਿਹਾ ਗਿਆ।

"ਲਿਆ ਵਖਾ, ਕੀ ਬਣਾ ਰਿਹਾ ਮੇਰਾ ਸ਼ੇਰ!" ਉਸ ਟਿੰਮੀ ਦੇ ਹੱਥ ਵਿੱਚ ਫੜੇ ਕਾਗਜ਼ ਵੱਲ ਇਸ਼ਾਰਾ ਕਰਦੇ ਆਖਿਆ। ਟਿੰਮੀ ਨੇ ਸ਼ਰਮਾਉਂਦੇ ਹੋਏ ਕਾਗਜ਼ ਪਿੱਛੇ ਲੁਕਾਉਣ ਦਾ ਯਤਨ ਕੀਤਾ। ਪਰ ਉਸਦੇ ਹੱਥੋਂ ਕਾਗਜ਼ ਫੜ ਵੇਖਦੇ ਹੋਏ ਉਸ ਹੈਰਾਨ ਹੋ ਕਿਹਾ, "ਭਈ ਮੇਰਾ ਨਿੱਕਾ ਜਿਹਾ ਸ਼ੇਰ ਤਾਂ ਬੜਾ ਵਧੀਆ ਆਰਟਿਸਟ ਆ। ਕਿੰਨੀ ਸੁਹਣੀ ਡਰਾਇੰਗ ਬਣਾਈ! ਸ਼ਾਵਾਸ਼ੇ ਭਈ ਸ਼ਵਾਸ਼ੇ!" ਉਸ ਉਹਦੀ ਗੱਲ੍ਹ ਨੂੰ ਆਪਣੇ ਹੱਥ ਦੀਆਂ ਉਗਲਾਂ ਨਾਲ ਪੋਲਾ ਜਿਹਾ ਸਹਿਲਾਇਆ। ਨੰਨ੍ਹਾ ਟਿਮੀ ਸ਼ਰਮਾਉਂਦਾ ਹੋਇਆ ਬਾਹਰ ਵੱਲ ਦੌੜ ਗਿਆ।

ਉਹ ਮੰਦ ਮੰਦ ਮੁਸਕਰਾਉਂਦਾ ਥੋੜ੍ਹੀ ਦੇਰ ਲੇਟਿਆ ਰਿਹਾ। ਉਸਦੇ ਬਜ਼ੁਰਗ ਚਿਹਰੇ ਤੇ ਸੰਤੁਸ਼ਟਤਾ ਦੇ ਨਾਲ ਨਾਲ ਲੰਮੀ ਜਦੋਜਹਿਦ ਦੀਆਂ ਲਕੀਰਾਂ ਪ੍ਰਤੱਖ ਨਜ਼ਰ ਆ ਰਹੀਆਂ ਸਨ। ਯਾਦਾਂ ਦੀ ਲੰਮੀ ਲੜੀ ਆਪਮੁਹਾਰੇ ਸ਼ੁਰੂ ਹੋ ਤੁਰੀ ਸੀ। ਥੋੜ੍ਹੀ ਦੇਰ ਬਾਦ ਉਹ ਉੱਠਿਆ। ਬਾਹਰ ਜਾਣ ਵਾਲੇ ਆਪਣੇ ਖਾਸ ਕਿਸਮ ਦੇ ਕਪੜੇ ਪਾਏ ਅਤੇ ਆਪਣੀ ਛੜੀ ਲੈ ਕਮਰੇ ਤੋਂ ਬਾਹਰ ਆ ਗਿਆ। ਗਰਾਜ ਵਿਚੋਂ ਆਪਣੀ ਰੋਬੋਟ ਕਾਰ ਬਾਹਰ ਕੱਢ ਉਸ ਤੇ ਸੁਆਰ ਹੋ ਇੱਕ ਖਾਸ ਦਿਸ਼ਾ ਵੱਲ ਤੁਰ ਪਿਆ।

ਸੂਰਜ ਅਜੇ ਅਸਤ ਨਹੀਂ ਸੀ ਹੋਇਆ। ਚੁਫ਼ੇਰਾ ਚਾਨਣ ਨਾਲ ਭਰਿਆ ਰੁਸ਼ਨਾਇਆ ਹੋਇਆ ਸੀ। ਉਸ ਆਪਣੀ ਕਾਰ ਇੱਕ ਪਾਸੇ ਖੜੀ ਕਰ ਦਿੱਤੀ ਅਤੇ ਛੜੀ ਆਸਰੇ ਸਹਿਜੇ ਸਹਿਜੇ ਪੈਰ ਪੁੱਟਦਾ ਅੱਗੇ ਵਧਦਾ ਗਿਆ। ਥੋੜ੍ਹੀ ਥੋੜ੍ਹੀ ਦੇਰ ਬਾਦ ਕਿਸੇ ਰੁੱਖ ਥੱਲੇ ਖੜਾ ਹੋੋ ਦਮ ਮਾਰ ਲੈਂਦਾ। ਵਿੰਹਦਿਆਂ ਵਿੰਹਦਿਆਂ ਸੂਰਜ ਦੂਰ ਉੱਚੀਆਂ ਚਟਾਨਾਂ ਦੇ ਉਹਲੇ ਵੱਲ ਵਧਦਾ ਹੇਠਾਂ ਨੂੰ ਜਾਣ ਲਗਾ ਤੇ ਉਸ ਦਾ ਤਪ-ਤੇਜ਼ ਮੱਠਾ ਪੈਣ ਲਗ ਪਿਆ। ਉਹ ਦੂਰ ਦਿੱਸਹਦੇ ਵੱਲ ਟਿਕਟਿਕੀ ਲਗਾਈ ਵੇਖ ਰਿਹਾ ਸੀ।

"ਇੰਜ ਦਾ ਹੀ ਇੱਕ ਦਿਨ ਸੀ ਜਦੋਂ ਕਰੀਬ ਅੱਧੀ ਕੁ ਸਦੀ ਪਹਿਲਾਂ ਸਾਡਾ ਸਪੇਸਸ਼ਿਪ ਇਸ ਮੰਗਲ ਦੀ ਧਰਤੀ ਦੇ ਘੇਰੇ ਵਿੱਚ ਦਾਖਲ ਹੋਇਆ ਸੀ ਅਤੇ ਅਸੀਂ ਇਸ ਨੂੰ ਧਰਤੀ ਤੇ ਉਤਾਰਨ ਦੀਆਂ ਤਿਆਰੀਆਂ ਕਰ ਰਹੇ ਸਾਂ। ਪਤਲਾ ਵਾਯੂਮੰਡਲ ਹੋਣ ਕਰਕੇ ਪੂਰੇ ਦਾ ਪੂਰਾ ਸਪੇਸਸ਼ਿਪ ਇਕੱਠਾ ਤਾਂ ਲੈਂਡ ਨਹੀਂ ਸੀ ਕਰ ਸਕਣਾ। ਇੱਕ ਵਾਰ ਇੱਕ ਮੀਟ੍ਰਕ ਟਨ ਭਾਰ ਦੇ ਲਗਪਗ ਵਾਲੀ ਵਸਤੂ ਹੀ ਇਸ ਧਰਤੀ ਤੇ ਉਤਰ ਸਕਦੀ ਸੀ। ਸੋ ਅਸੀਂ ਚਾਰਾਂ ਨੇ ਵੱਖ ਵੱਖ ਆਪੋ ਆਪਣੇ ਕੈਬਨਾਂ ਵਿੱਚ ਸੁਆਰ, ਸਪੇਸਸ਼ਿਪ ਤੋਂ ਅਲੱਗ ਹੋ ਧਰਤੀ ਦੀ ਸਤ੍ਹਾ ਤੇ ਉਤਰਨਾ ਸੀ।" ਉਹ ਐਸ ਵੇਲੇ ਵੀ ਉਸ ਵੇਲੇ ਦੀ ਹਲਚਲ ਜਿਉਂ ਦੀ ਤਿਉਂ ਆਪਣੇ ਜ਼ਿਹਨ ਵਿੱਚ ਮਹਿਸੂਸ ਕਰ ਰਿਹਾ ਸੀ।

"ਤੇ ਫਿਰ ਅਸੀਂ ਚਾਰੋਂ ਜਣੇ ਸਪੇਸਸ਼ਿਪ ਤੋਂ ਵੱਖ ਹੋ ਹਵਾ ਵਿੱਚ ਤੈਰਨ ਲਗੇ। ਅਸੀਂ ਆਹਿਸਤਾ ਆਹਿਸਤਾ ਚੱਕਰ ਕੱਟਦੇ ਆਖਰ ਕੈਬਨ ਸਮੇਤ ਧਰਤੀ ਤੇ ਆ ਟਿਕੇ। ਆਹ ਉਹੋ ਹੀ ਜਗ੍ਹਾ ਹੈ ਜਿੱਥੇ ਮੈਂ ਪਹਿਲਾ ਕਦਮ ਮੰਗਲ ਦੀ ਧਰਤੀ ’ਤੇ ਰਖਿਆ ਸੀ।" ਉਸ ਮਿੱਟੀ ਦੀ ਚੁਟਕੀ ਭਰ ਆਪਣੇ ਮੱਥੇ ਨੂੰ ਲਾਈ ਤੇ ਸ਼ਰਧਾ ਨਾਲ ਮੱਥਾ ਟੇਕਿਆ।

"ਉਦੋਂ ਵੀ ਸੂਰਜ ਇੰਜ ਹੀ ਚਮਕ ਰਿਹਾ ਸੀ। ਦੂਰ ਦੂਰ ਤੱਕ ਕਿਤੇ ਕੋਈ ਜੀਅ ਪਰਿੰਦਾ ਨਜ਼ਰ ਨਹੀਂ ਸੀ ਆਉਂਦਾ। ਚਾਰ ਚੁਫ਼ੇਰਾ ਚੁੱਪ ਸ਼ਾਂਤ ਨਿਰਜਨ। ਜਿਥੋਂ ਤੱਕ ਨਿਗ੍ਹਾ ਜਾਂਦੀ ਸੀ ਉਜਾੜ ਹੀ ਉਜਾੜ। ਅਸੀਂ ਚਾਰੋਂ ਆਪੋ ਆਪਣੇ ਕੈਬਨਾਂ ਵਿੱਚ ਅਜੀਬ ਜਿਹੀ ਮਨੋਸਥਿਤੀ ਵਿੱਚ ਬੈਠੇ ਅਜੇ ਬਾਹਰਲੇ ਵਾਤਾਵਰਣ ਨਾਲ ਰਾਬਤਾ ਕਾਇਮ ਕਰਨ ਦੀ ਸਥਿਤੀ ਵਿੱਚ ਨਹੀਂ ਸਾਂ ਲਗਦੇ। ਜਿਵੇਂ ਦੂਰੋਂ ਉੱਡੇ ਆਏ ਪੰਛੀ ਚੁਫ਼ੇਰੇ ਡੌਰ ਭੌਰ ਜਿਹੇ ਵਿੰਹਦੇ ਹਨ ਉਹੋ ਜਿਹੀ ਹੀ ਸਥਿਤੀ ਸਾਡੀ ਲਗਦੀ ਸੀ। ਛੇਤੀ ਹੀ ਸੂਰਜ ਅਸਤ ਹੋ ਗਿਆ ਅਤੇ ਹਨੇਰੇ ਦੀ ਕਾਲੀ ਚਾਦਰ ਚੁਫ਼ੇਰਾ ਢੱਕ ਲਿਆ। ਸਾਡਾ ਆਪਸ ਵਿੱਚ ਕਮਿਊਨੀਕੇਸ਼ਨ ਤਾਂ ਸੀ, ਸਾਨੂੰ ਪਤਾ ਸੀ ਅਸੀਂ ਆਪੋ ਆਪਣੇ ਕੈਬਨ ਵਿੱਚ ਠੀਕ ਠਾਕ ਹਾਂ ਪਰ ਇੱਕ ਦੂਜੇ ਨੂੰ ਮਿਲ ਨਹੀਂ ਸਕੇ ਸੀ। ਖ਼ੈਰ ਰਾਤ ਸੁੱਖੀ ਸਾਂਦੀ ਲੰਘ ਗਈ ਅਤੇ ਅਗਲੀ ਸਵੇਰ ਇਸ ਨਵੀਂ ਧਰਤੀ ਤੇ ਵੱਸਣ ਦਾ, ਸਾਡੀ ਆਪਣੀ ਧਰਤੀ ਨਾਲੋਂ ਇਸ ਧਰਤੀ ਉਪਰਲੇ ਬਿਲਕੁਲ ਹੀ ਵਖਰੇ ਵਾਤਾਵਰਣ ਵਿੱਚ ਵਿਚਰਨ ਦੀ ਜਦੋਜਹਿਦ ਦੇ ਲੰਬੇ ਘੋਲ ਦਾ ਅਗਾਜ਼ ਹੋ ਗਿਆ।"

ਉਸ ਵੇਲੇ ਦਾ ਸਭ ਕੁਝ ਉਸ ਦੇ ਚੇਤਿਆਂ ਵਿੱਚ ਜਿਉਂ ਦਾ ਤਿਉਂ ਸਾਂਭਿਆ ਪਿਆ ਸੀ। ਉਹਨੂੰ ਲਗਾ ਜਿਵੇਂ ਕੱਲ੍ਹ ਦੀ ਗੱਲ ਹੋਵੇ ਕਿ ਉਹ ਸਵੇਰ ਦਾ ਸੂਰਜ ਚੜ੍ਹਿਆ ਵੇਖ ਮੰਗਲ ਦੀ ਧਰਤੀ ਤੇ ਉਤਰਨ ਵਾਸਤੇ ਵਿਸ਼ੇਸ਼ ਪ੍ਰਕਾਰ ਦੇ ਬਣਾਏ ਹੋਏ ਕਪੜਿਆਂ ਦਾ ਖੋਲ੍ਹ (ਸਪੇਸ-ਸੂਟ) ਆਪਣੇ ਜਿਸਮ ਤੇ ਚੜ੍ਹਾ ਕੈਬਨ ਵਿਚੋਂ ਬਾਹਰ ਨਿੱਕਲ ਸੂਰਜ ਨੂੰ ਨਤਮਸਤਕ ਹੋਇਆ ਸੀ। ਉਹਨਾਂ ਚੌਹਾਂ ਦੇ ਕੈਬਨ ਥੋੜ੍ਹੀ ਥੋੜ੍ਹੀ ਵਿੱਥ ਤੇ ਲੈਂਡ ਕੀਤੇ ਸਨ ਅਤੇ ਨਾਲ ਹੀ ਉਹਨਾਂ ਦੇ ਸਪਲਾਈ ਵਾਲੇ ਕੈਬਨ ਵੀ ਸਨ। ਕੈਥੀ, ਤਿਸ਼ ਅਤੇ ਕਿਨ ਵੀ ਬਾਹਰ ਆ ਗਏ ਸਨ। ਉਹਨਾਂ ਤੁਰ ਫਿਰ ਕੇ ਆਲੇ ਦੁਆਲੇ ਦਾ ਜਾਇਜ਼ਾ ਲਿਆ। ਕਿਤੇ ਰੇਤ ਦੇ ਟਿੱਲੇ, ਕਿਤੇ ਚਟਾਨਾਂ, ਕਿਤੇ ਉਭੜ ਖੋਭੜ ਜ਼ਮੀਨ ਅਤੇ ਕਿਧਰੇ ਥੋੜ੍ਹੀ ਪੱਧਰੀ ਧਰਤੀ।

"ਅਜੀਤ ਪਾਲ, ਆਹ ਇਨ੍ਹਾਂ ਕਪੜਿਆਂ ਨੂੰ ਪਾ ਕੇ ਚਲਣਾ ਥੋੜਾ ਔਖਾ ਲਗਦਾ। ਇੰਜ ਲਗਦਾ ਜਿਵੇਂ ਥਰਮਸ ਵਾਲਾ ਖੋਲ ਚਾੜ੍ਹਿਆ ਹੋਵੇ ਸਰੀਰ ਤੇ। ਥੋੜ੍ਹਾ ਚਿਰ ਬਗੈਰ ਇਨ੍ਹਾਂ ਦੇ ਤੁਰ ਫਿਰ ਕੇ ਨਜ਼ਾਰਾ ਨਾ ਲਈਏ।" ਕੈਥੀ ਨੇ ਰਤਾ ਕੁ ਅਵਾਜ਼ਾਰੀ ਦੇ ਨਾਲ ਨਾਲ ਜਗਿਆਸਾ ਵੱਸ ਉਸ ਨੂੰ ਮਸ਼ਵਰਾ ਦਿੱਤਾ।

"ਇਨ੍ਹਾਂ ਕਰਕੇ ਹੀ ਅਰਾਮ ਨਾਲ ਤੁਰੇ ਫਿਰਦੇ ਓ ਤੁਸੀਂ, ਨਹੀਂ ਤਾਂ ਸੂਰਜੀ ਰੇਡੀਏਸ਼ਨ ਨੇ ਬੁਰਾ ਹਾਲ ਕਰ ਦੇਣਾ ਸੀ। ਬਾਹਰ ਠੰਢ ਵੀ ਬਥੇਰੀ ਜੇ। ਖੂਨ ਜੰਮ ਜਾਣਾ ਤੁਹਾਡਾ। ਜੇ ਹਾਲੇ ਵੀ ਜੀਅ ਕਰਦਾ ਤਾਂ ਫਿਰ ਇਨ੍ਹਾਂ ਦੇ ਬਗੈਰ ਨਜ਼ਾਰਾ ਲੈ ਸਕਦੇ ਓ। ਤੁਹਾਡੀ ਮਰਜ਼ੀ ਏ।" ਉਸ ਸਾਰਿਆਂ ਨੂੰ ਮੁਖਾਤਬ ਹੋ ਆਖਿਆ ਸੀ।

ਉਸ ਦਿਨ ਉਹਨਾਂ ਚਾਰਾਂ ਨੇ ਰਲਕੇ ਆਪਣੇ ਕੈਬਨ ਨੇੜੇ ਨੇੜੇ ਕਰ ਲਏ ਸਨ ਅਤੇ ਸਪਲਾਈ ਕੈਬਨ ਵੀ ਨਾਲ ਜੋੜ ਲਏ ਸਨ। ਇੰਜ ਇਹ ਮੰਗਲ ਧਰਤੀ ਤੇ ਵਸਿਆ ਪਹਿਲਾ ਘਰ ਬਣ ਗਿਆ ਸੀ। ਜਦੋਂ ਉਹ ਕੰਮ ਮੁਕਾ ਕੇ ਹਟੇ ਸੀ ਤਾਂ ਸੂਰਜ ਦਿਨ ਭਰ ਦਾ ਤਪ ਤੇਜ਼ ਸਮੇਟ ਪੱਛਮ ਵੱਲ ਆਪਣੀ ਅਰਾਮਗਾਹ ਵੱਲ ਜਾ ਰਿਹਾ ਸੀ। ਉਹਦੇ ਅੱਖੋਂ ਉਹਲੇ ਹੁੰਦਿਆਂ ਹੀ ਇੱਕ ਪੂਰਬ ਵਾਲੇ ਪਾਸਿਓ ਅਤੇ ਇੱਕ ਪੱਛਮ ਵਾਲੇ ਪਾਸਿਓਂ, ਦੋ ਚੰਦਰਮਾ ਅਕਾਸ਼ ਵਿੱਚ ਦਿਖਾਈ ਦੇਣ ਲਗੇ। ਇਹ ਲੁਭਾਵਣਾ ਨਜ਼ਾਰਾ ਉਹ ਸਾਰੇ ਠਗੇ ਜਿਹੇ ਖੜੇ ਵੇਖਦੇ ਰਹੇ ਸਨ। ਬਾਦ ਵਿੱਚ ਉਹਨਾਂ ਨੂੰ ਪਤਾ ਚਲਿਆ ਕਿ ਪੱਛਮ ਵਾਲੇ ਪਾਸਿਓਂ ਇੱਕ ਚੰਦਰਮਾ (ਫੋਬੋਜ਼) ਰੋਜ਼ ਨਿਕਲਦਾ ਸੀ ਅਤੇ ਦੂਸਰਾ (ਡੀਮੋਸ) ਪੂਰਬ ਵਾਲੇ ਪਾਸਿਓਂ ਤੀਸਰੇ ਕੁ ਦਿਨ ਦਿਖਾਈ ਦੇਂਦਾ ਸੀ।

ਉਸਦਾ ਜਦੋਂ ਵੀ ਦਿਲ ਕਰਦਾ ਉਹ ਇਸ ਸਥਾਨ ਤੇ ਆ ਜਾਂਦਾ ਅਤੇ ਬੀਤੇ ਵਰ੍ਹਿਆਂ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਤੇ ਝਾਤੀ ਮਾਰ ਲੈਂਦਾ। ਉਸਦੇ ਚੇਤਿਆਂ ਵਿੱਚ ਉਹ ਦਿਨ ਉਭਰ ਖਲੋਤਾ ਜਦੋਂ ਉਹ ਤੇ ਉਸ ਦੇ ਸਾਥੀ ਵਰ੍ਹਿਆਂ ਲੰਮੀ ਤਿਆਰੀ ਤੇ ਸਾਧਨਾ ਉਪਰੰਤ ਸਪੇਸਸ਼ਿਪ ਵਿੱਚ ਸੁਆਰ ਹੋਣ ਲਈ ਤਿਆਰ ਬਰ ਤਿਆਰ ਸਨ।

(2)

ਸਤੀਸ਼ ਧਵਨ ਸਪੇਸ ਸੈਂਟਰ ਹਰੀਕੋਟਾ ਵਿੱਚ ਮੰਗਲਯਾਨ-ਰੈੱਡ ਸਟਾਰ ਪੁਲਾੜ ਉਡਾਰੀ ਲਈ ਤਿਆਰ ਬਰ ਤਿਆਰ ਖੜਾ ਸੀ। ਇਸ ਵਿੱਚ ਸੁਆਰ ਹੋਣ ਵਾਲੇ ਸਪੇਸ ਯਾਤਰੀ, ਇਮਤਿਹਾਨ ਤੋਂ ਪੰਜ ਮਿੰਟ ਪਹਿਲਾਂ ਵਾਲੀ ਤਿਆਰੀ ਵਾਂਗ ਆਖਰੀ ਹਿਦਾਇਤਾਂ ਲੈ ਰਹੇ ਸਨ। ਕੁੱਝ ਸਮੇਂ ਬਾਦ ਉਹ ਸਿਰ ਤੋਂ ਪੈਰਾਂ ਤੱਕ ਸਪੇਸ ਵਸਤਰਾਂ ਵਿੱਚ ਢੱਕੇ ਬਾਹਰ ਆਏ। ਇਹਨਾਂ ਦੇ ਕੇਵਲ ਚਿਹਰੇ ਹੀ ਵਿਖਾਈ ਦੇ ਰਹੇ ਸਨ। ਸਭ ਤੋਂ ਅੱਗੇ ਖ਼ੂਬਸੂਰਤ ਬਾਂਕਾ ਨੌਜੁਆਨ ਡਾ: ਮਾਹੀ ਕੋਲ ਆਇਆ ਤੇ ਉਸ ਨੂੰ ਸਤਿਕਾਰ ਨਾਲ ਝੁੱਕ ਕੇ ਪ੍ਰਣਾਮ ਕੀਤਾ।

"ਅਜੀਤਪਾਲ, ਆਈ ਐਮ ਪਰਾਊਡ ਆਫ ਯੂ," ਕਹਿ ਡਾ: ਮਾਹੀ ਨੇ ਉਸ ਨੂੰ ਗਲ਼ ਨਾਲ ਲਾ ਲਿਆ। ਉਪਰੰਤ ਉਹ ਕੋਲ ਖੜੇ ਆਪਣੇ ਮਾਂ-ਬਾਪ ਨੂੰ ਬਗਲਗੀਰ ਹੋਇਆ ਤਾਂ ਭਾਵਨਾਵੱਸ ਉਹਨਾਂ ਦੇ ਮੂੰਹੋਂ ਬੋਲ ਹੀ ਨਹੀਂ ਨਿਕਲੇ। ਅਣਜਾਣ ਸਫ਼ਰ ਤੇ ਜਾ ਰਹੇ ਆਪਣੇ ਪੁੱਤਰ ਨੂੰ ਉਹਨਾਂ ਸੇਜਲ ਨੇਤਰਾਂ ਨਾਲ ਮੂਕ ਆਸ਼ੀਰਵਾਦ ਦਿੱਤਾ ਅਤੇ ਵਾਰੀ ਵਾਰੀ ਉਹਦਾ ਮੱਥਾ ਚੁੰਮਿਆ।

ਉਸਦੇ ਪਿੱਛੇ ਆ ਰਹੀ ਦੂਸਰੀ ਸਪੇਸ ਯਾਤਰੀ ਨੌਜੁਆਨ ਮਹਿਲਾ ਅਗਾਂਹ ਵਧ ਡਾ: ਜੌਨ੍ਹ ਨੂੰ ਆ ਮਿਲੀ। "ਹਾਏ ਕੈਥੀ! ਯੂ ਹੈਵ ਡਨ ਇਟ" ਉਸ ਭਾਵੁਕ ਹੁੰਦਿਆਂ ਉਸ ਦਾ ਹੱਥ ਚੁੰਮਿਆ। ਪਿੱਛੇ ਆਉਂਦੇ ਤਿਸ਼ ਅਤੇ ਕਿਨ ਨੇ ਵਾਰੀ ਵਾਰੀ ਡਾ: ਮਾਹੀ ਅਤੇ ਡਾ: ਜੌਨ੍ਹ ਨੂੰ ਮਿਲ ਉਹਨਾਂ ਦਾ ਆਸ਼ੀਰਵਾਦ ਲਿਆ। ਉਪਰੰਤ ਇਹ ਉੱਥੇ ਖੜੇ ਮਿਸ਼ਨ ਦੇ ਚੇਅਰਮੈਨ ਕਰਨ ਕੁਮਾਰ, ਪ੍ਰੋਫੈਸਰ ਚੈਟਰਜੀ, ਡਾ: ਦਿਆਲ ਅਤੇ ਹੋਰ ਪਤਵੰਤਿਆਂ ਨਾਲ ਹੱਥ ਮਿਲਾ ਅੱਖੋਂ ਓਝਲ ਹੋ ਗਏ।

ਇਸ ਵੇਲੇ ਖੁਸ਼ੀ, ਗ਼ਮੀ, ਉਤਸੁਕਤਾ ਤੇ ਹੈਰਾਨੀ ਰਲਿਆ ਮਾਹੌਲ ਬਣਿਆ ਹੋਇਆ ਸੀ। ਮਨੁੱਖੀ ਇਤਿਹਾਸ ਵਿੱਚ ਇੱਕ ਅਚੰਭਾ ਹੋਣ ਜਾ ਰਿਹਾ ਸੀ। ਮਨੁੱਖ ਮਹੀਨਿਆਂ ਬੱਧੀ ਲੰਮੀ ਪੁਲਾੜੀ ਉਡਾਣ ਭਰ ਕਿਸੇ ਦੂਸਰੀ ਧਰਤੀ ਦਾ ਵਾਸੀ ਬਣਨ ਜਾ ਰਿਹਾ ਸੀ ਜਿਥੋਂ ਮੁੜ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ। ਉਤਸ਼ਾਹਤ ਤੇ ਐਡਵੈਂਚਰੱਸ ਵਿਅਕਤੀ ਫਿਰ ਵੀ ਇਸ ਵੈਂਚਰ ਤੇ ਜਾ ਰਹੇ ਸਨ ਕਿਉਂਕਿ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਕੁੱਝ ਵਚਿੱਤਰ ਤੇ ਵੱਖਰਾ ਕਰ ਸਕਣ ਦੀ ਸਮਰਥਾ ਰਖਦਾ ਹੈ। ਉੱਥੇ ਖੜਾ ਹਰ ਵਿਅਕਤੀ ਇੱਕ ਅਜੀਬ ਜਿਹੀ ਅਵਸਥਾ ਵਿੱਚੋਂ ਗੁਜ਼ਰ ਰਿਹਾ ਸੀ। ਚਿਹਰੇ ਤੇ ਨਵੀਂ ਉਮੀਦ ਦਾ ਹੁਲਾਸ ਅਤੇ ਅੱਖਾਂ ਵਿੱਚ ਵੈਰਾਗ ਦੀ ਤਰਲਤਾ। ਵਿੰਹਦਿਆਂ ਵਿੰਹਦਿਆਂ ਰਾਕਟ ਦਾ ਫਿਊਲ ਇਗਨਾਈਟ ਹੋਇਆ। ਅੰਤਾਂ ਦੇ ਜ਼ੋਰ ਨਾਲ ਗਰਮ ਗੈਸਾਂ ਦਾ ਧੂੰਆਂ ਹੇਠਾਂ ਵੱਲ ਆਇਆ ਤਾਂ ਉਨੇ ਹੀ ਜ਼ੋਰ ਨਾਲ ਪਲਕ ਝਪਕਦਿਆਂ ਮੰਗਲਯਾਨ-ਰੈਡਸਟਾਰ ਹਵਾ ਨੂੰ ਚੀਰਦਾ ਉਪਰ ਵੱਲ ਉੱਡ ਗਿਆ।

ਨਾਲ ਹੀ ਸ਼ੁਰੂ ਹੋ ਗਈ ਮਨੁੱਖ ਦੀ ਇਹ ਧਰਤੀ ਛੱਡ ਕਿਸੇ ਹੋਰ ਧਰਤੀ ਦਾ ਵਾਸੀ ਬਣਨ ਦੀ ਸਦੀਆਂ ਪੁਰਾਣੀ ਤਮੰਨਾ ਦੀ ਸ਼ੁਰੂਆਤ। ਕੰਟਰੋਲ ਰੂਮ ਵਿੱਚ ਦਰਜਨਾਂ ਕੰਮਪਿਊਟਰਾਂ ਦੇ ਸਕਰੀਨ ਤੇ ਚਿਪਕੀਆਂ ਨਿਗਾਹਾਂ ਮੰਗਲਯਾਨ ਦੀਆਂ ਗਤੀਵਿਧੀਆਂ ਬੜੀ ਨੀਝ ਨਾਲ ਵਾਚ ਰਹੀਆਂ ਸਨ। ਕਾਨਫਰੰਸ ਹਾਲ ਵਿੱਚ ਮਿਸ਼ਨ-ਰੈੱਡ ਸਟਾਰ ਦੇ ਚੇਅਰਮੈਨ, ਡਾਇਰੈਕਟਰ, ਪ੍ਰੋ. ਚੈਟਰਜੀ, ਡਾ: ਮਾਹੀ ਡਾ: ਜੌਨ੍ਹ ਅਤੇ ਕਈ ਹੋਰ ਅਹਿਮ ਵਿਅਕਤੀ ਪਲ ਪਲ ਪਹੁੰਚ ਰਹੀ ਸੂਚਨਾ ਸਬੰਧੀ ਵਿਚਾਰ ਵਟਾਂਦਰਾ ਕਰ ਰਹੇ ਸਨ।

ਧਰਤੀ ਦੇ ਸੌ ਕਿਲੋਮੀਟਰ ਵਾਯੂਮੰਡਲ ਨੂੰ ਅੱਖ ਪਲਕਾਰੇ ਵਿੱਚ ਪਾਰ ਕਰ ਮੰਗਲਯਾਨ ਖਲਾਅ ਵਿੱਚ ਆਪਣੇ ਪੰਜ ਛੇ ਕਰੋੜ ਕਿਲੋਮੀਟਰ ਲੰਮੇ ਪੰਧ ਤੇ ਪੈ ਗਿਆ। ਪਹਿਲਾ ਰਾਕਟ ਇਸ ਨੂੰ ਇਸਦੇ ਨਿਸ਼ਚਤ ਮੁਕਾਮ ਤੇ ਪੁਚਾ ਇਸ ਨਾਲੋ ਵੱਖ ਹੋ ਗਿਆ ਅਤੇ ਇਹ ਅੱਗੇ ਤੇ ਹੋਰ ਅੱਗੇ ਵਧਦਾ ਨਜ਼ਰ ਆ ਰਿਹਾ ਸੀ। ਚਾਰ ਸਪੇਸ ਯਾਤਰੀਆਂ ਸਮੇਤ ਮੰਗਲਯਾਨ-ਰੈੱਡ ਸਟਾਰ ਦੀ ਕਾਮਯਾਬ ਉਡਾਣ ਦੀ ਖ਼ਬਰ ਸਪੇਸ ਸੈਂਟਰ ਤੋਂ ਘੋਸ਼ਿਤ ਹੋ ਚੁੱਕੀ ਸੀ। ਟੀ. ਵੀ. ਰੇਡੀਓ, ਅਤੇ ਸੋਸ਼ਲ ਮੀਡੀਆ ਤੋਂ ਪਲ ਪਲ ਪ੍ਰਸਾਰਤ ਹੋ ਰਹੀਆਂ ਖ਼ਬਰਾਂ ਤੇ ਵੀਡੀਓਜ਼ ਨੇ ਪੂਰੀ ਦੁਨੀਆਂ ਨੂੰ ਆਪਣੇ ਨਾਲ ਜੋੜ ਲਿਆ ਸੀ। ਸਪੇਸ ਯਾਤਰੀਆਂ ਦੀਆਂ ਜੀਵਨੀਆਂ ਦੇ ਲੰਮੇ ਚੌੜੇ ਲੇਖ ਅਖ਼ਬਾਰਾਂ ਰਸਾਲਿਆਂ ਦੀਆਂ ਸੁਰਖੀਆਂ ਬਣ ਕਈਆਂ ਲਈ ਪ੍ਰੇਰਨਾ ਸਰੋਤ ਅਤੇ ਬਹੁਤਿਆਂ ਲਈ ਹੈਰਾਨੀ ਦਾ ਵਿਸ਼ਾ ਬਣੇ ਹੋਏ ਸਨ।

ਪਿੰਡ ਦੇ ਵਿਚਕਾਰ ਜਿਹੇ ਸਾਂਝੇ ਤਖਤਪੋਸ਼ ਤੇ ਸਿਆਣੀ ਉਮਰ ਦੇ ਕੁੱਝ ਬੰਦੇ ਇਧਰ ਉਧਰ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ ਕਿ ਅੱਧਖੜ੍ਹ ਉਮਰ ਦੇ ਅਮਰ ਸਿੰਹੁ ਨੇ ਆਉਂਦਿਆਂ ਹੀ ਇਹ ਆਖ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ, "ਓ ਭਾਈ, ਆਹ ਖ਼ਬਰ ਸੁਣੀ ਜੇ ਭਲਾ ਤੁਸੀਂ?"

"ਕਿਹੜੀ ਖ਼ਬਰ?" ਇੱਕ ਨੇ ਪੁੱਛਿਆ ਤਾਂ ਸਾਰੇ ਆਪੋ-ਆਪਣੀਆਂ ਗੱਲਾਂ ਛੱਡ ਉਹਦੇ ਵੱਲ ਵੇਖਣ ਲਗ ਪਏ।

"ਓਏ ਕੈਂਦ੍ਹੇ, ਆਹ ਆਪਣੇ ਜਾਗਰ ਸਿੰਹੁ ਦਾ ਪੋਤਰਾ ਅਜੀਤਪਾਲ ਰਾਕਟ ਤੇ ਚੜ੍ਹ ਕੇ, ਜਿਹੜਾ ਰਾਤ ਨੂੰ ਗੂੜ੍ਹੇ ਲਾਲ ਰੰਗ ਦਾ ਤਾਰਾ ਨਜ਼ਰ ਆਉਂਦਾ ਨਾ, ਉਹਦੇ ਤੇ ਰਹਿਣ ਚਲਾ ਗਿਆ," ਅਮਰ ਸਿੰਘ ਨੇ ਸਭ ਨੂੰ ਹੈਰਾਨ ਕਰ ਦਿੱਤਾ।

"ਹੈਂਅ…ਅ…ਅ!" ਹਰੇਕ ਦਾ ਮੂੰਹ ਹੈਰਾਨੀ ਨਾਲ ਅੱਡਿਆ ਗਿਆ।

"ਭਾਈ ਸੱਚ ਈ ਹੋਊ। ਇਹਨਾਂ ਦੇ ਟੱਬਰ ਦਾ ਕੋਈ ਪਤਾ ਨੀ। ਆਹ ਇਹਦੇ ਮੁੰਡੇ ਮਾਹੀਪਾਲ ਨੇ ਵੀ ਤੇ ਕਹਿੰਦੇ ਆ ਮਰੇ ਬੰਦਿਆਂ ਦੇ ਸਰੀਰ ਤੋਂ ਨਵੇਂ ਬੰਦੇ ਬਣਾ ਦਿੱਤੇ ਸੀ," ਕਿਸੇ ਪੁਰਾਣੀ ਗੱਲ ਯਾਦ ਕਰਾਈ।

"ਵਾਰੇ ਵਾਰੇ ਜਾਈਏ ਆਹ ਨਵੀਆਂ ਪੜ੍ਹਾਈਆਂ ਦੇ। ਅੱਜ ਕੱਲ੍ਹ ਜੋ ਵੀ ਕੋਈ ਕਹਿੰਦਾ ਸਭ ਸੱਚੋ ਸੱਚ ਈ ਆ," ਤਖ਼ਤਪੋਸ਼ ਤੇ ਬੈਠਿਆਂ ਨੂੰ ਗਲਬਾਤ ਦਾ ਨਵਾਂ ਵਿਸ਼ਾ ਮਿਲ ਗਿਆ ਸੀ। ਹਰ ਕੋਈ ਆਪੋ ਆਪਣੀ ਵਿੱਤ ਅਨੁਸਾਰ ਚਲਦੀ ਗੱਲ ਵਿੱਚ ਯੋਗਦਾਨ ਪਾ ਰਿਹਾ ਸੀ।

(3)

ਮੰਗਲਯਾਨ ਵਿੱਚ ਸੁਆਰ ਅਜੀਤਪਾਲ, ਕੈਥਰੀਨ, ਤਿਸ਼ ਤੇ ਕਿਨ ਆਪੋ ਆਪਣੇ ਕੈਬਨਾਂ ਵਿੱਚ ਭਿੰਨ ਭਿੰਨ ਯੰਤਰਾਂ ਨਾਲ ਘਿਰੇ ਤਕਰੀਬਨ ਸਾਢੇ ਕੁ ਬਾਰਾਂ ਹਜ਼ਾਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਧਰਤੀ ਤੋਂ ਦੂਰ ਤੇ ਹੋਰ ਦੂਰ ਜਾ ਰਹੇ ਸਨ। ਪੱਚੀ ਕੁ ਸਾਲ ਉਮਰ, ਛੇ ਫੁੱਟ ਉੱਚਾ ਕੱਦ, ਭਰਵਾਂ ਜੁੱਸਾ ਅਤੇ ਸਿਹਤਮੰਦ ਸਰੀਰ ਵਾਲੇ ਡਾਹਢੇ ਬਣਦੇ ਫੱਬਦੇ ਨੌਜੁਆਨ ਅਜੀਤਪਾਲ ਨੇ ਆਪਣੇ ਕੈਬਨ ਦੇ ਚੁਫ਼ੇਰੇ ਝਾਤੀ ਮਾਰੀ। ਜ਼ਰੂਰਤ ਦੀ ਹਰ ਚੀਜ਼ ਅਸਾਨੀ ਨਾਲ ਉਹਦੀ ਪਹੁੰਚ ਵਿੱਚ ਸੀ। ਉਸ ਕੰਪਿਊਟਰ ਦਾ ਇੱਕ ਬਟਨ ਨੱਪਿਆ। ਨਿੰਮ੍ਹਾ ਜਿਹਾ ਮੁਸਕਰਾਇਆ। ਬਾਹਵਾਂ ਉਪਰ ਕਰ ਭਰਵੀਂ ਅੰਗੜਾਈ ਲਈ। ਫਿਰ ਸਕਰੀਨ ਵੱਲ ਵੇਖਿਆ। ਤੇਜ਼ੀ ਨਾਲ ਬਦਲਦੀਆਂ ਤਸਵੀਰਾਂ ਸੰਗ ਉਹਦੀਆਂ ਸੋਚਾਂ ਵੀ ਕਈ ਵਰ੍ਹੇ ਪਿਛਾਂਹ ਵੱਲ ਹੋ ਤੁਰੀਆਂ। ਉਦੋਂ ਜਦੋਂ ਉਹ ਨਿੱਕਾ ਹੁੰਦਾ ਸੀ। ਹਰ ਗੱਲ ਤੇ ਰਿਆੜ੍ਹ ਕਰਦਾ ਸੀ। ਮੰਮੀ ਦਸਦੀ ਹੁੰਦਾ ਸੀ, "ਜੀਤ ਬੜਾ ਰਿਆੜ੍ਹੀ ਹੁੰਦਾ ਸੀ। ਜਿਹੜੀ ਗੱਲ ਦੀ ਜ਼ਿਦ ਫੜ ਲਈ ਫਿਰ ਬਸ ਪੁਗਾ ਕੇ ਹੀ ਹਟਦਾ ਸੀ। ਭਾਵੇਂ ਕੋਈ ਖਾਣ ਵਾਲੀ ਚੀਜ਼ ਹੋਵੇ ਜਾਂ ਫਿਰ ਕੋਈ ਖਿਡਾਉਣਾ ਲੈਣਾ ਹੋਵੇ।" ਮੇਰੇ ਦਾਦਾ ਜੀ ਮੈਨੂੰ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾ ਆਏ ਉੱਥੇ ਮੇਰਾ ਵਾਹਵਾ ਦਿਲ ਲਗਦਾ ਸੀ। ਆਪਣੇ ਹਾਣੀਆਂ ਨਾਲ ਖੇਡਣਾ, ਨਿੱਕੀਆਂ ਨਿੱਕੀਆਂ ਸ਼ਰਾਰਤਾਂ, ਕਿਤਾਬਾਂ, ਕਾਪੀਆਂ, ਰੰਗ ਤੇ ਹੋਰ ਬੜਾ ਕੁੱਝ ਮੇਰੇ ਮਨਭਾਉਂਦਾ ਸੀ। ਪਹਿਲੀਆਂ ਦੋ ਕੁ ਜਮਾਤਾਂ ਦਾ ਤਾਂ ਬਹੁਤਾ ਚੇਤਾ ਨਹੀਂ ਪਰ ਉਸ ਤੋਂ ਬਾਦ ਮੈਂ ਮੂਹਰਲੀ ਕਤਾਰ ਦਾ ਹੀ ਵਿਿਦਆਰਥੀ ਰਿਹਾ। ਪੰਜਵੀਂ ਵਿੱਚੋਂ ਪੂਰੇ ਸੈਂਟਰ ਵਿਚੋਂ ਫਸਟ ਆਉਣ ਤੇ ਮੈਨੂੰ ਵਜੀਫ਼ਾ ਮਿਿਲਆ ਤਾਂ ਸਾਰਾ ਟੱਬਰ ਫੁੱਲਿਆ ਨਹੀਂ ਸਮਾਉਂਦਾ ਸੀ।

ਉਦੋਂ ਕੁ ਹੀ ਚਾਚਾ ਜੀ ਮਾਹੀਪਾਲ ਦਿੱਲੀਓਂ ਪਿੰਡ ਆਏ ਤਾਂ ਉਹਨਾਂ ਨੇ ਮੈਨੂੰ ਬੜਾ ਪਿਆਰ ਕੀਤਾ ਸੀ ਤੇ ਆਖਿਆ ਸੀ, "ਸਾਡਾ ਜੀਤ ਤਾਂ ਬਾਹਲਾ ਬੀਬਾ ਪੁੱਤਰ ਆ। ਪੁੱਤ, ਦੱਬ ਕੇ ਪੜ੍ਹ। ਖੂਬ ਮਿਹਨਤ ਕਰਿਆ ਕਰ।" ਮੈ ਤਾਂ ਫੁੱਲ ਕੇ ਕੁੱਪਾ ਹੋ ਗਿਆ ਸੀ ਅਤੇ ਉਹਨਾਂ ਦੇ ਹੋਰ ਨੇੜੇ ਢੁੱਕ ਕੇ ਬਹਿ ਗਿਆ ਸੀ।

"ਹਾਂ ਭਈ ਜੀਤ, ਤੂੰ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ?" ਜਦ ਉਹਨਾਂ ਪੁੱਛਿਆ ਤਾਂ ਮੈਂ ਹੈਰਾਨੀ ਨਾਲ ਉਹਨਾਂ ਦੇ ਮੂੰਹ ਵੱਲ ਵੇਖਿਆ ਸੀ ਤੇ ਸੋਚਿਆ, "ਮੈਨੂੰ ਕੀ ਪਤਾ? ਅਜੇ ਤੇ ਮੈਂ ਨਿੱਕਾ ਜਿਹਾਂ" ਉਹਨਾਂ ਮੈਨੂੰ ਹਲੂਣ ਕੇ ਫਿਰ ਲਾਡ ਨਾਲ ਕਿਹਾ, "ਮੇਰੇ ਸ਼ੇਰ ਪੁੱਤ ਨੇ ਕੀ ਕਰਨਾ ਵੱਡਾ ਹੋ ਕੇ?" ਤਾਂ ਮੇਰੇ ਮੂੰਹੋਂ ਅਚੇਤ ਹੀ ਨਿਕਲ ਗਿਆ, "ਚਾਚਾ ਜੀ, ਮੈਂ ਚੰਦ ਤੇ ਜਾਊਂਗਾ" ਮੇਰੇ ਇਹਨਾਂ ਬੋਲਾਂ ਨੇ ਸਾਰਾ ਟੱਬਰ ਹੱਸਣ ਲਾ ਦਿੱਤਾ।

"ਵਾਹ ਭਈ ਵਾਹ! ਸਾਡਾ ਅਜੀਤਪਾਲ ਚੰਦ ਤੇ ਜਾਏਗਾ"

"ਬਲੇ ਭਈ ਸ਼ੇਰਾ, ਖੁਸ਼ ਕਰਤਾ!"

"ਟਿੱਡੀਆਂ ਸੁਰਗਾਂ ਨੂੰ ਚਲੀਆਂ"

"ਆਹ ਮੂੰਹ ਮਸਰਾਂ ਦੀ ਦਾਲ"

ਭਾਂਤ ਸੁਭਾਂਤੇ ਬੋਲਾਂ ਨਾਲ ਹਾਸੇ ਦਾ ਫੁਆਰਾ ਹੋਰ ਉੱਚਾ ਹੁੰਦਾ ਗਿਆ ਤਾਂ ਚਾਚਾ ਜੀ ਮਾਹੀਪਾਲ ਨੇ ਮੈਨੂੰ ਪਿਆਰ ਨਾਲ ਗਲਵਕੜੀ ਪਾਉਂਦੇ ਆਖਿਆ ਸੀ, "ਨਾ ਭਈ, ਐਵੇਂ ਮਖੌਲ ਨਾ ਕਰੋ ਮੇਰੇ ਨਿੱਕੇ ਜਿਹੇ ਐਸਟ੍ਰੋਨੌਟ ਨੂੰ! ਬੇਟੇ ਤੂੰ ਦਿਲ ਲਾ ਕੇ ਪੜ੍ਹ। ਤੁਹਾਡੇ ਕੋਲ ਤੁਹਾਡਾ ਮਕਸਦ ਹੋਵੇ, ਇੱਛਾ ਹੋਵੇ ਤਾਂ ਮਿਹਨਤ ਸਦਕਾ ਤੁਸੀਂ ਕੁੱਝ ਵੀ ਕਰ ਸਕਦੇ ਹੋ। ਮੇਰਾ ਅਜੀਤਪਾਲ ਜੋ ਵੀ ਚਾਹੁੰਦਾ ਉਹ ਜ਼ਰੂਰ ਹਾਸਲ ਕਰੂ। ਮੈਨੂੰ ਪੱਕਾ ਯਕੀਨ ਹੈ।" ਮੇਰੇ ਵਿਗਆਨੀ ਚਾਚਾ ਜੀ ਦੇ ਇਨ੍ਹਾਂ ਆਸਵੰਦ ਬੋਲਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਅਤੇ ਮੈਂ ਗੁਟਕਦਾ ਉਹਨਾਂ ਦੇ ਹੋਰ ਨੇੜੇ ਹੋ ਕੇ ਬੈਠ ਗਿਆ।

ਘਰ ਦੇ ਜੀਆਂ ਨੂੰ ਕੀ ਪਤਾ ਸੀ ਕਿ ਰਾਤ ਨੂੰ ਖੁੱਲ੍ਹੇ ਵਿਹੜੇ ਵਿੱਚ ਤਾਰਿਆਂ ਨਾਲ ਭਰੇ ਅਸਮਾਨ ਹੇਠਾਂ ਮੰਜੇ ਤੇ ਪਿਆ ਮੈਂ ਦੇਰ ਰਾਤ ਤੱਕ ਟਿਮ ਟਿਮ ਕਰਦੇ ਨਿੱਕੇ ਨਿੱਕੇ ਤਾਰਿਆਂ ਵੱਲ ਵਿੰਹਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਸੀ। ਅਕਾਸ਼ ਵਿੱਚ ਚੰਦਰਮਾ ਦੇ ਨਿੱਤ ਵਧਦੇ ਘਟਦੇ ਅਕਾਰ ਨੂੰ ਵੇਖ ਹੈਰਾਨ ਹੁੰਦਾ ਸੋਚਦਾ ਕਿ ‘ਇਹ ਛੋਟੇ ਤੋਂ ਵੱਡਾ ਤੇ ਫਿਰ ਵੱਡੇ ਤੋਂ ਛੋਟਾ ਕਿੰਵੇਂ ਹੋ ਜਾਂਦਾ?’ ਜਿਸ ਰਾਤ ਚੰਦਰਮਾ ਪੂਰਾ ਗੋਲ ਅਕਾਸ਼ ਵਿੱਚ ਚਾਨਣ ਦੇ ਭਰੇ ਥਾਲ ਵਰਗਾ ਲਟਕਦਾ ਲਗਦਾ, ਮੰਮੀ ਉਸ ਦਿਨ ਕਹਿੰਦੀ ਸੀ ਕਿ ‘ਅੱਜ ਪੁੰਨਿਆ ਹੈ।’ ਉਹ ਮਿੱਠੇ ਚੌਲ ਜਾਂ ਕੜਾਹ ਬਣਾਉਂਦੀ ਅਤੇ ਅਸੀਂ ਉਸ ਦਿਨ ਪਿੰਡ ਦੇ ਬਾਹਰਵਾਲੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਸੀ। ਜਿਸ ਰਾਤ ਘੁੱਪ ਹਨੇਰਾ ਹੁੰਦਾ, ਚੰਦਰਮਾ ਕਿਤੇ ਨਜ਼ਰ ਨਾ ਆਉਂਦਾ ਉਹ ਦਿਨ ਮੱਸਿਆ ਦਾ ਦਿਨ ਹੁੰਦਾ ਸੀ। ਮੈਂ ਦਾਦਾ ਜੀ ਨਾਲ ਸ਼ਹਿਰ ਦੇ ਵੱਡੇ ਗੁਰਦੁਆਰੇ ਵਿੱਚ ਮੱਸਿਆ ਨਹਾਉਣ ਵੀ ਜਾਂਦਾ ਹੁੰਦਾ ਸੀ। ਇੱਕ ਰਾਤ ਬਾਪੂ ਜੀ ਦੇ ਮੰਜੇ ਤੇ ਉਹਨਾਂ ਨਾਲ ਲੇਟਿਆਂ ਪੂਰੇ ਚੰਦਰਮਾ ਵੱਲ ਵੇਖ ਪੁੱਛਿਆ ਸੀ, "ਬਾਪੂ ਜੀ ਆਹ ਚੰਦ ਵਿੱਚ ਜਿਹੜਾ ਕਾਲਾ ਕਾਲਾ ਜਿਹਾ ਦਿਸਦਾ ਉਹ ਕੀ ਆ?"

"ਪੁੱਤ ਇਹ ਇੱਕ ਬੁੱਢੀ ਮਾਈ ਆ ਜਿਹੜੀ ਚੰਦ ਤੇ ਬੈਠ ਕੇ ਚਰਖਾ ਕੱਤਦੀ ਆ," ਉਹਨਾਂ ਮੇਰੀ ਗੱਲ੍ਹ ਨੂੰ ਲਡਿਆਉਂਦਿਆਂ ਜੁਆਬ ਦਿੱਤਾ।

"ਹੱਛਾ! ਤੁਹਾਨੂੰ ਕਿੰਵੇਂ ਪਤਾ ਬਾਪੂ ਜੀ?" ਮੇਰਾ ਨਿੱਕਾ ਜਿਹਾ ਦਿਮਾਗ ਉਹਨਾਂ ਦੇ ਗਿਆਨ ਤੇ ਹੈਰਾਨ ਸੀ।

"ਮੈਨੂੰ ਮੇਰੇ ਬਾਬਾ ਜੀ ਨੇ ਦੱਸਿਆ ਸੀ," ਉਹਨਾਂ ਆਖਿਆਂ ਅਤੇ ਪਾਸਾ ਪਰਤ ਅੱਖਾਂ ਬੰਦ ਕਰ ਲਈਆਂ। ਮੈਨੂੰ ਚੰਦਰਮਾ ਵਿੱਚ ਚਰਖਾ ਕੱਤਦੀ ਮਾਈ ਵੱਲ ਵੇਖਦੇ ਵੇਖਦੇ ਕਿਹੜੇ ਵੇਲੇ ਨੀਂਦਰ ਆ ਗਈ ਪਤਾ ਹੀ ਨਹੀਂ ਚਲਿਆ। ਉਸ ਰਾਤ ਮੈਂ ਸੁਪਨੇ ਵਿੱਚ ਚੰਦ ਤੇ ਉਸ ਮਾਤਾ ਨੂੰ ਮਿਲਣ ਗਿਆ ਪਤਾ ਨਹੀਂ ਕਿਥੋਂ ਕਿਥੋਂ ਦੀਆਂ ਸੈਰਾਂ ਕਰ ਆਇਆ ਸੀ। ਸ਼ਾਇਦ ਇਸੇ ਕਰਕੇ ਜਦੋ ਚਾਚਾ ਜੀ ਨੇ ਉਸ ਦਿਨ ਪੁੱਛਿਆ ਤਾਂ ਮੈਂ ਝੱਟ ਕਹਿ ਦਿੱਤਾ ਸੀ, "ਮੈਂ ਚੰਦ ਤੇ ਜਾਊਂਗਾ" ਬੇਸ਼ਕ ਉਸ ਤੋਂ ਬਾਦ ਵੀ ਮੇਰਾ ਚੰਗਾ ਮਜ਼ਾਕ ਬਣਦਾ ਰਿਹਾ। ‘ਆ ਗਿਆ ਸਾਡਾ ਪੁਲਾੜ ਯਾਤਰੀ" ਕਹਿ ਘਰ ਦਾ ਕੋਈ ਵੀ ਜੀਅ ਮੈਨੂੰ ਛੇੜਨ ਦਾ ਮੌਕਾ ਨਹੀਂ ਖੁੰਝਾਉਂਦਾ ਸੀ।"

"ਆ ਗਿਆ ਸਾਡਾ ਪੁਲਾੜ ਯਾਤਰੀ" ਉਹ ਹੌਲੀ ਜਿਹੀ ਬੁਦਬੁਦਾਇਆ ਅਤੇ ਆਪਮੁਹਾਰੇ ਉਹਦਾ ਹਾਸਾ ਨਿਕਲ ਗਿਆ। ਉਸ ਚੁਫ਼ੇਰੇ ਝਾਤੀ ਮਾਰੀ। ਸਭ ਕੁੱਝ ਪਹਿਲਾਂ ਵਾਂਗ ਅਹਿਲ, ਚੁੱਪ, ਸ਼ਾਂਤ। ਪ੍ਰੰਤੂ ਉਹ ਪੁਲਾੜ ਵਿਮਾਨ ਵਿੱਚ ਸੁਆਰ ਤੇਜ਼ੀ ਨਾਲ ਆਪਣੇ ਚੇਤਿਆਂ ਦੀ ਧਰਤੀ ਤੋਂ ਦੂਰ ਜਾ ਰਿਹਾ ਸੀ।

"ਫਿਰ ਨਿੱਕੇ ਸਕੂਲ ਤੋਂ ਬਾਦ ਵੱਡੇ ਸਕੂਲ ਦਾ ਸਫ਼ਰ ਸ਼ੁਰੂ ਹੋਇਆ। ਨਵਾਂ ਸਕੂਲ, ਨਵੀਆਂ ਜਮਾਤਾਂ, ਨਵੇਂ ਦੋਸਤ, ਨਵੀਆਂ ਕਿਤਾਬਾਂ, ਵੱਖ ਵੱਖ ਵਿਿਸ਼ਆਂ ਦੇ ਵੱਖ ਵੱਖ ਅਧਿਆਪਕ ਅਤੇ ਗਿਆਨ ਵਿਗਆਨ ਦਾ ਭੰਡਾਰ। ਜਿਸ ਦਿਨ ਸਾਡੇ ਸਾਇੰਸ ਦੇ ਅਧਿਆਪਕ ਨੇ ਸੌਰ-ਮੰਡਲ (ਸੋਲਰ ਸਿਸਟਮ) ਬਾਰੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਮੇਰਾ ਲੂੰਅ ਲੂੰਅ ਅੱਖਾਂ ਤੇ ਕੰਨ ਬਣ ਗਿਆ। ਮੈਨੂੰ ਪਤਾ ਲਗਾ ਕਿ ਰਾਤ ਨੂੰ ਅਕਾਸ਼ ਵਿੱਚ ਵਿਖਾਈ ਦੇਣ ਵਾਲੇ ਅਣਗਿਣਤ ਤਾਰੇ ਅਸਲ ਵਿੱਚ ਬਹੁਤ ਵੱਡੇ ਵੱਡੇ ਅੱਗ ਰੂਪੀ ਗੋਲੇ ਹਨ। ਇਹ ਧਰਤੀ ਤੋਂ ਐਨੀ ਦੂਰ ਹਨ ਕਿ ਬਹੁਤ ਛੋਟੇ ਨਜ਼ਰ ਆਉਂਦੇ ਹਨ। ਇਨ੍ਹਾਂ ਤਾਰਿਆਂ ਤੋਂ ਆਉਣ ਵਾਲੀ ਰੋਸ਼ਨੀ ਦਾ ਧਰਤੀ ਦੇ ਵਾਯੂਮੰਡਲ ਵਿੱਚ ਪ੍ਰਵੇਸ਼ ਕਰਨ ਤੇ ਅਪਵਰਤਨ (ਰੀਫ੍ਰੈਕਸ਼ਨ) ਹੋਣ ਕਾਰਨ ਤਾਰੇ ਟਿਮਟਿਮਾਉਂਦੇ ਵਿਖਾਈ ਦੇਂਦੇ ਹਨ। ਸੂਰਜ ਧਰਤੀ ਦਾ ਸਭ ਤੋਂ ਨੇੜਲਾ ਤਾਰਾ ਹੈ। ਇਸ ਕਰਕੇ ਇਹ ਅਕਾਰ ਵਿੱਚ ਵੱਡਾ ਹੈ ਅਤੇ ਇਸਦੀ ਰੋਸ਼ਨੀ ਤੇ ਗਰਮੀ ਕਾਫ਼ੀ ਮਾਤਰਾ ਵਿੱਚ ਧਰਤੀ ਤੱਕ ਪਹੁੰਚਦੀ ਹੈ।

ਕਰੋੜਾਂ ਸਾਲ ਪਹਿਲਾਂ ਬ੍ਰਹਿਮੰਡ ਵਿੱਚ ਸੂਰਜ ਦੇ ਅੱਗ ਰੂਪੀ ਵੱਡੇ ਗੋਲੇ ਤੋਂ ਕਈ ਛੋਟੇ ਗੋਲੇ ਵੱਖ ਹੋ ਗਏ ਅਤੇ ਇਸ ਦੁਆਲੇ ਚੱਕਰ ਕੱਟਣ ਲਗ ਪਏ। ਸੂਰਜ ਤੋਂ ਵੱਖ ਹੋ ਇਸ ਦੁਆਲੇ ਚੱਕਰ ਲਾਉਣ ਵਾਲੇ ਇਨ੍ਹਾਂ ਗੋਲਿਆਂ ਨੂੰ ਗ੍ਰਹਿ (ਪਲੈਨੈੱਟ) ਆਖਿਆ ਜਾਂਦਾ ਹੈ। ਸਾਡੀ ਧਰਤੀ ਵੀ ਇਹੋ ਜਿਹਾ ਇੱਕ ਬਲਦਾ ਗੈਸੀ ਗੋਲਾ ਸੀ ਜੋ ਹੌਲੀ ਹੌਲੀ ਠੰਡਾ ਹੋ ਠੋਸ ਰੂਪ ਧਾਰਨ ਕਰਦਾ ਗਿਆ। ਇਸ ਤਰ੍ਹਾਂ ਧਰਤੀ ਦੀ ਉਪਰਲੀ ਤਹਿ ਸਖ਼ਤ ਹੋ ਅਜੋਕੀ ਮਿੱਟੀ ਬਣਦੀ ਗਈ। ਪ੍ਰੰਤੂ ਅੰਦਰੋਂ ਧਰਤੀ ਅਜੇ ਵੀ ਬਹੁਤ ਗਰਮ ਹੈ। ਇਸੇ ਤਰ੍ਹਾਂ ਧਰਤੀ ਨਾਲੋਂ ਵੱਖ ਹੋਇਆ ਇੱਕ ਛੋਟਾ ਟੁੱਕੜਾ ਧਰਤੀ ਦੁਆਲੇ ਘੁੰਮਣ ਲਗ ਪਿਆ। ਇਹ ਸਾਡਾ ਚੰਦਰਮਾ ਹੈ। ਇਸ ਨੂੰ ਉਪਗ੍ਰਹਿ ਆਖਦੇ ਹਾਂ। ਧਰਤੀ ਵਾਂਗ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ। ਸੂਰਜ ਦੀ ਰੋਸ਼ਨੀ ਇਸਦੇ ਤਲ ਤੋਂ ਪ੍ਰਾਵਰਤਿਤ ਹੋ ਧਰਤੀ ਤੇ ਪਹੁੰਚਦੀ ਹੈ। ਇਸ ਕਰਕੇ ਇਹ ਚਮਕਦਾ ਵਿਖਾਈ ਦੇਂਦਾ ਹੈ। ਇਸੇ ਤਰ੍ਹਾਂ ਹਰੇਕ ਗ੍ਰਹਿ ਦੇ ਆਪੋ ਆਪਣੇ ਚੰਦਰਮਾ ਹਨ। ਕਿਸੇ ਦੇ ਦੋ, ਕਿਸੇ ਦੇ ਤਿੰਨ ਅਤੇ ਕਿਸੇ ਦੇ ਚਾਰ ਚੰਦਰਮਾ ਵੀ ਹਨ।" ਜਿਉਂ ਜਿਉਂ ਸਾਡਾ ਅਧਿਆਪਕ ਸੂਰਜੀ ਮੰਡਲ ਬਾਰੇ ਪੜ੍ਹਾ ਰਿਹਾ ਸੀ ਮੈਨੂੰ ਲਗਦਾ ਸੀ ਜਿਵੇਂ ਮੈਂ ਕਿਸੇ ਹੋਰ ਹੀ ਦੁਨੀਆਂ ਦਾ ਵਾਸੀ ਬਣ ਗਿਆ ਹੋਵਾਂ।

ਹੁਣ ਮੈਂ ਰਾਤ ਨੂੰ ਤਾਰਿਆਂ ਭਰੇ ਅਸਮਾਨ ਵੱਲ ਵਿੰਹਦਾ ਤਾਰਿਆਂ ਦੇ ਝੁਰਮਟ ਵਿਚੋਂ ਅਕਾਸ਼ ਗੰਗਾ, ਸਪਤਰਿਸ਼ੀ, ਸਰਵਣ ਦੀ ਵਹਿੰਗੀ, ਧਰੂ ਤਾਰਾ ਤੇ ਹੋਰ ਤਾਰਾ-ਸਮੂਹ ਖੋਜਦਾ ਰਹਿੰਦਾ। ਮੈਨੂੰ ਪਤਾ ਲਗ ਗਿਆ ਸੀ ਕਿ ਜਿਹਨੂੰ ਸਵੇਰ ਦਾ ਤਾਰਾ ਤੇ ਸ਼ਾਮ ਤਾਰਾ ਕਿਹਾ ਜਾਂਦਾ ਉਹ ਤਾਰੇ ਨਹੀਂ ਬਲਕਿ ਸ਼ੁਕਰ ਗ੍ਰਹਿ ਹੈ। ਧਰਤੀ ਵਰਗੀ ਇੱਕ ਹੋਰ ਧਰਤੀ ਜੋ ਸੂਰਜ ਦੀ ਰੋਸ਼ਨੀ ਨਾਲ ਕਦੇ ਸਵੇਰੇ ਤੇ ਕਦੇ ਸ਼ਾਮ ਨੂੰ ਚਮਕਦਾ ਨਜ਼ਰ ਆਉਂਦਾ ਹੈ। ਅਕਾਸ਼ ਵਿੱਚ ਲਾਲ ਸੂਹੇ ਰੰਗ ਦਾ ਵਿਖਾਈ ਦੇਂਦਾ ਲਾਲ ਤਾਰਾ ਮੰਗਲ ਗ੍ਰਹਿ ਹੈ ਜੋ ਸੌਰ-ਮੰਡਲ ਵਿੱਚ ਧਰਤੀ ਦੇ ਨੇੜਲਾ ਗ੍ਰਹਿ ਹੈ।

ਤੇ ਵੇਖੋ! ਇਸ ਸਮੇਂ ਮੈਂ ਆਪਣੇ ਸਾਥੀਆਂ ਸਮੇਤ ਇਸ ਸਪੇਸ ਕ੍ਰਾਫਟ ਵਿੱਚ ਸੁਆਰ ਉਸੇ ਮੰਗਲ ਗ੍ਰਹਿ ਦੀ ਧਰਤੀ ਤੇ ਵੱਸਣ ਜਾ ਰਿਹਾ ਹਾਂ। ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਨਵੀ ਕਿਸਮ ਦੀ ਦੂਰਬੀਨ (ਟੈਲੀਸਕੋਪ) ਤਿਆਰ ਕਰ ਲੈਣ ਤੋਂ ਬਾਦ ਗੇਲੀਲਓ ਨੇ ਇਸ ਲਾਲ ਤਾਰੇ ਬਾਰੇ ਵਿਸਥਾਰਤ ਵੇਰਵੇ ਦਿੱਤੇ ਸਨ। ਇਸੇ ਗਲੇਲੀਓ ਨੂੰ ਉਸ ਵੇਲੇ ਦੀ ਧਾਰਮਿਕ ਹਕੂਮਤ ਨੇ ਸਥਾਪਤ ਧਾਰਮਿਕ ਧਾਰਨਾਵਾਂ ਦੇ ਉਲਟ ਬ੍ਰਹਿਮੰਡੀ ਤੱਥ ਬਿਆਨਣ ਕਾਰਨ ਉਸ ਦੇ ਘਰ ਵਿੱਚ ਨਜ਼ਰਬੰਧ ਕਰ ਭਿਆਨਕ ਯਾਤਨਾਵਾਂ ਦੇ ਤਿਲ ਤਿਲ ਮਰਨ ਲਈ ਮਜਬੂਰ ਕਰ ਦਿੱਤਾ। ਗਲੇਲੀਓ ਨੇ ਸਿੱਧ ਕਰ ਦਿੱਤਾ ਸੀ ਕਿ ਸੂਰਜ ਖੜਾ ਹੈ ਅਤੇ ਧਰਤੀ ਉਸ ਦੁਆਲੇ ਚੱਕਰ ਕਟਦੀ ਹੋਈ ਨਾਲੋ ਨਾਲ ਆਪਣੇ ਧੁਰੇ ਦੁਆਲੇ ਵੀ ਘੁੰਮਦੀ ਹੈ। ਉਦੋਂ ਤੱਕ ਧਰਤੀ ਨੂੰ ਕੇਂਦਰ ਅਤੇ ਬਾਕੀ ਸਾਰਾ ਬ੍ਰਹਿਮੰਡ ਉਸ ਦੁਆਲੇ ਘੁੰਮਦਾ ਮੰਨਿਆ ਜਾਂਦਾ ਸੀ।" ਆਪਣੇ ਆਪ ਨਾਲ ਮਨ ਹੀ ਮਨ ਗੱਲਾਂ ਕਰਦੇ ਅਜੀਤਪਾਲ ਦੇ ਚਿਹਰੇ ਤੇ ਹਲਕੀ ਜਿਹੀ ਕੁੜੱਤਣ ਫੈਲ ਗਈ।

"ਹੂੰਅ! ਕਿਆ ਦੁਖਾਂਤ ਹੈ! ਵਿਅਕਤੀ ਦੀ ਨਵੀਨ ਖੋਜ ਅਤੇ ਸੋਚ ਤੇ ਪਹਿਰਾ ਲਾ ਉਹਨੂੰ ਹੌਲੀ ਹੌਲੀ ਕਤਲ ਕਰਨ ਦੀ ਸਾਜਿਸ਼! ਹਾਲਾਂਕਿ ਬਾਦ ਵਿੱਚ ਉਹੋ ਤੱਥ ਤੇ ਸੱਚ ਪ੍ਰਵਾਨ ਹੋ ਜਾਂਦੇ ਹਨ। ਪ੍ਰੰਤੂ ਉਸ ਵਿਅਕਤੀ ਦੀ ਹੋਰ ਕਈ ਕੁੱਝ ਨਵਾਂ ਖੋਜ ਲੈਣ ਦੀ ਸਮਰਥਾ ਨੂੰ ਤਾਂ ਸਦਾ ਸਦਾ ਦੀ ਨੀਂਦਰ ਸੁਆ ਕੇ ਹੀ ਸਾਹ ਲੈਂਦੀਆਂ ਨੇ ਵਕਤ ਦੀਆਂ ਹਕੂਮਤਾਂ ਤੇ ਧਾਰਮਿਕ ਕੱਟੜਵਾਦੀ ਸੋਚਾਂ। ਪਰ ਵੇਖੋ, ਬੰਦਾ ਕਿਹੜਾ ਚੁੱਪ ਬੈਠਦਾ, ਉਹ ਨਹੀਂ ਤਾਂ ਕੋਈ ਹੋਰ। ਇਹ ਸੋਚਾਂ ਤੇ ਖੋਜਾਂ ਦਾ ਸਿਲਸਲਾ ਹਮੇਸ਼ਾਂ ਚਲਦਾ ਰਹਿੰਦਾ ਹੈ। ਉਸੇ ਰਹੱਸਮਈ ਬ੍ਰਹਿਮੰਡ ਵਿਚੋਂ ਕਿੰਨਾ ਕੁੱਝ ਨਵਾਂ ਖੋਜ ਲਿਆ ਮਨੁੱਖ ਦੇ ਜ਼ਰਖ਼ੇਜ਼ ਦਿਮਾਗ ਨੇ! ਵਿਗਆਨਕ ਖੋਜਾਂ ਦਾ ਹੀ ਨਤੀਜਾ ਹੈ ਕਿ ਇਸ ਨਵੀਂ ਧਰਤੀ ਬਾਰੇ ਸਭ ਕੁੱਝ ਪਤਾ ਕਰ ਮਨੁੱਖ ਉਸ ਤੇ ਚੜ੍ਹਾਈਆਂ ਕਰਨ ਤੁਰ ਪਿਆ।" ਉਸ ਆਪਣੀ ਕੁਰਸੀ ਦੇ ਪਾਸੇ ਦਾ ਬਟਨ ਨੱਪਿਆ। ਹਲਕੀ ਚਰੀਂਅ ਦੀ ਅਵਾਜ਼ ਨਾਲ ਹੌਲੀ ਹੌਲੀ ਖੁੱਲ੍ਹਦੀ ਕੁਰਸੀ ਅਰਾਮਦਾਇਕ ਬੈੱਡ ਬਣ ਗਈ ਅਤੇ ਉਹ ਆਪਣੀਆਂ ਲੱਤਾਂ ਨਿਸਾਲ ਸੁੱਤ ਉਨੀਂਦਾ ਜਿਹਾ ਲੇਟ ਗਿਆ।

"ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਏ ਜਦੋਂ ਚਾਚਾ ਜੀ ਅਹਿਮਦਾਬਾਦ ਤੋਂ ਡਾ: ਸਵਰੀਨਾ ਨੂੰ ਨਾਲ ਲੈ ਕੇ ਸਾਨੂੰ ਮਿਲਣ ਆਪਣੇ ਪਿੰਡ ਆਏ ਸੀ। ਅਸੀਂ ਚਲਦੀ ਮੋਟਰ ਦੇ ਪਾਣੀ ਵਿੱਚ ਚੰਗਾ ਖੌਰੂ ਪਾਇਆ ਸੀ। ਚਾਚਾ ਜੀ ਨੇ ਪੁਰਾਣੇ ਖੂਹ ਤੇ ਬੈਠ ਬਚਪਨ ਦੀਆਂ ਕਿੰਨ੍ਹੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ। ਲਸੂੜੇ ਦੀ ਜਿਲਬ ਨਾਲ ਕਿਤਾਬਾਂ ਜੋੜਨ ਵਾਲੀ ਗੱਲ, ਬਲਦਾਂ ਨੂੰ ਹਿੱਕਦਿਆਂ ਗਾਧੀ ਤੇ ਝਪਕੀ ਲਗ ਜਾਣ ਅਤੇ ਬਲਦਾਂ ਦੇ ਖੜੋ ਜਾਣ ਤੇ ਪੈਣ ਵਾਲੀਆਂ ਝਿੜਕਾਂ ਦੀਆਂ ਗੱਲਾਂ ਸੁਣ ਅਸੀਂ ਖੂਬ ਹੱਸੇ ਸਾਂ। ਉਦੋਂ ਮੈਂ ਪਹਿਲੀ ਵਾਰ ਕਾਰ ਵਿੱਚ ਚੜ੍ਹਿਆ ਸੀ। ਮੈਂ ਚਾਚਾ ਜੀ ਨਾਲ ਕਾਰ ਵਿੱਚ ਸ਼ਹਿਰ ਵੀ ਗਿਆ ਸੀ। ਤੇਜ਼ ਚਲਦੀ ਕਾਰ ਵਿਚੋਂ ਸੜਕ ਕਿਨਾਰੇ ਦੇ ਦਰਖਤਾਂ ਨੂੰ ਪਿੱਛੇ ਨੂੰ ਭੱਜੇ ਜਾਂਦੇ ਵੇਖ ਅਚੇਤ ਹੀ ਮੇਰੇ ਮੂੰਹੋਂ ਨਿਕਲ ਗਿਆ, ‘ਵੇਖੋ ਰੁੱਖ ਕਿੰਨੀ ਤੇਜ਼ੀ ਨਾਲ ਪਿਛਾਂਹ ਨੂੰ ਭੱਜੀ ਜਾਂਦੇ ਆ।’ ਤਾਂ ਚਾਚਾ ਜੀ ਨੇ ਦਰੁੱਸਤ ਕੀਤਾ ਸੀ। "ਜੀਤ, ਰੁੱਖ ਤਾਂ ਉਥੇ ਹੀ ਖੜੇ ਆ। ਆਪਾਂ ਹੀ ਕਾਰ ਵਿੱਚ ਬੈਠੇ ਤੇਜ਼ੀ ਨਾਲ ਅੱਗੇ ਵੱਲ ਜਾ ਰਹੇ ਹਾਂ।"

"ਚਾਚਾ ਜੀ, ਉਵੇਂ ਹੀ ਜਿਵੇਂ ਸਾਡੇ ਮਾਸਟਰ ਜੀ ਨੇ ਪੜ੍ਹਾਇਆ ਸੀ ਭਈ ਲਗਦਾ ਹੈ ਕਿ ਸਾਡੀ ਧਰਤੀ ਖੜੀ ਹੈ ਅਤੇ ਸੂਰਜ ਸਵੇਰੇ ਇੱਕ ਸਿਰੇ ਤੋਂ ਤੁਰਦਾ ਦੂਜੇ ਸਿਰੇ ਪਹੁੰਚ ਜਾਂਦਾ ਹੈ। ਪ੍ਰੰਤੂ ਅਸਲ ਵਿੱਚ ਸੂਰਜ ਖੜਾ ਹੈ ਅਤੇ ਧਰਤੀ ਘੁੰਮਦੀ ਹੈ। ਆਪਣੀ ਧੁਰੀ ਦੁਆਲੇ ਵੀ ਅਤੇ ਸੂਰਜ ਦੇ ਚੁਫ਼ੇਰੇ ਵੀ। ਧਰਤੀ ਦੇ ਆਪਣੇ ਧੁਰੇ ਦੁਆਲੇ ਘੁੰਮਣ ਕਾਰਨ ਧਰਤੀ ਦਾ ਇੱਕ ਪਾਸਾ ਸੂਰਜ ਵੱਲ ਅਤੇ ਦੂਸਰਾ ਸੂਰਜ ਤੋਂ ਪਰ੍ਹੇ ਹੁੰਦਾ ਜਾਂਦਾ ਹੈ। ਇਸੇ ਕਾਰਨ ਨਾਰੰਗੀ ਵਾਂਗ ਗੋਲ ਧਰਤੀ ਦੇ ਇੱਕ ਹਿੱਸੇ ਵਿੱਚ ਦਿਨ ਅਤੇ ਦੂਜੇ ਵਿੱਚ ਰਾਤ ਹੁੰਦੀ ਹੈ। ਧਰਤੀ ਦੇ ਸੂਰਜ ਦੁਆਲੇ ਚੱਕਰ ਕੱਟਣ ਕਾਰਨ ਧਰਤੀ ਉਪਰ ਵੱਖ ਵੱਖ ਰੁੱਤਾਂ ਦਾ ਚੱਕਰ ਚਲਦਾ ਹੈ। ਇਸੇ ਕਰਕੇ ਸਾਲ ਦੇ ਦੌਰਾਨ ਗਰਮੀ, ਸਰਦੀ, ਪਤਝੜ ਅਤੇ ਬਹਾਰ ਦੀਆਂ ਵੱਖ ਵੱਖ ਰੁੱਤਾਂ ਦਾ ਪ੍ਰਚਲਨ ਚਲਦਾ ਰਹਿੰਦਾ ਹੈ।" ਮੈਂ ਆਪਣਾ ਪੜ੍ਹਿਆ ਤੇ ਯਾਦ ਕੀਤਾ ਹੂਬਹੂ ਸੁਣਾ ਦਿੱਤਾ ਸੀ।

"ਬਿਲਕੁਲ ਅਜੀਤਪਾਲ!" ਚਾਚਾ ਜੀ ਨੇ ਥਾਪੜਾ ਦਿੱਤਾ।

"ਹੁਣ ਸਮਝ ਲਗੀ ਭਈ ਅਸਲ ਵਿੱਚ ਇਹ ਸਭ ਕਿਸ ਤਰ੍ਹਾਂ ਹੁੰਦਾ, ਪਹਿਲਾਂ ਤਾਂ ਪ੍ਰਸ਼ਨ ਦੇ ਉੱਤਰ ਨੂੰ ਰੱਟਾ ਹੀ ਲਾਇਆ ਹੋਇਆ ਸੀ।" ਇਹ ਸੁਣ ਚਾਚਾ ਜੀ ਨੇ ਲਾਡ ਨਾਲ ਮੇਰੀ ਗੱਲ੍ਹ ਨੂੰ ਥਪਥਪਾਇਆ ਅਤੇ ਅਸੀਂ ਸਾਰਾ ਰਾਹ ਹੋਰ ਕਿੰਨ੍ਹੀਆਂ ਹੀ ਗੱਲਾਂ ਕਰਦੇ ਗਏ।

ਮੇਰੇ ਚਾਚਾ ਜੀ ਮੇਰੇ ਆਦਰਸ਼ ਸੀ। ਉਹ ਪਿੰਡ ਕਦੇ ਕਦਾਈਂ ਹੀ ਆਉਂਦੇ ਪਰ ਜਦੋਂ ਵੀ ਆਉਂਦੇ ਮੈਂ ਉਹਨਾਂ ਦੇ ਆਲੇ ਦੁਆਲੇ ਮੰਡਰਾਉਂਦਾ ਰਹਿੰਦਾ। ਉਦੋਂ ਉਹ ਅਹਿਮਦਾਬਾਦ ਹੁੰਦੇ ਸਨ। ਇਕ ਵਾਰ ਉਹ ਪਿੰਡ ਆਏ ਤਾਂ ਮੈਂ ਭੋਲੇ-ਭਾਅ ਪੁੱਛਿਆ, "ਚਾਚਾ ਜੀ, ਤੁਸੀਂ ਕੀ ਕੰਮ ਕਰਦੇ ਓ?"

"ਬੇਟੇ ਮੈਂ ਵਿਗਆਨੀ ਆ ਤੇ ਹੋਰ ਵਿਗਆਨੀਆਂ ਨਾਲ ਮਿਲ ਕੇ ਨਵੀ ਖੋਜ ਕਰ ਰਿਹਾਂ।" ਉਹਨਾਂ ਦਾ ਸੰਖੇਪ ਉੱਤਰ ਸੀ।

"ਕਿਹੜੀ ਖੋਜ?" ਮੈਂ ਹੋਰ ਜਾਣਨ ਦੀ ਉਤਸੁਕਤਾ ਵੱਸ ਪੁੱਛਿਆ ਤਾਂ ਉਹਨਾਂ ਕਿਹਾ, "ਸਮਾਂ ਆਉਣ ਤੇ ਸਭ ਨੂੰ ਪਤਾ ਲਗ ਜਾਣਾ ਏ।" ਇਹ ਸੁਣ ਮੈਂ ਪਟੱਕ ਦੇਣੀ ਆਖਿਆ, "ਚਾਚਾ ਜੀ, ਮੈਂ ਅਕਾਸ਼ ਵਿੱਚ ਉੱਡਣਾ ਚਾਹੁੰਦਾ। ਮੈਨੂੰ ਕੀ ਕਰਨਾ ਚਾਹੀਦਾ?"

"ਖੂਬ ਦਿਲ ਲਾ ਕੇ ਪੜ੍ਹ। ਮਿਹਨਤ ਕਰ। ਉੱਡਣਾ ਆਪੇ ਆ ਜਾਊ," ਉਹਨਾਂ ਮੈਨੂੰ ਆਪਣੀ ਵੱਖੀ ਨਾ ਘੁੱਟ ਲਿਆ ਸੀ।

ਜਦੋਂ ਮੈਂ ਬਾਰਵੀਂ ਜਮਾਤ ਪਾਸ ਕਰ ਵਧੀਆ ਰੈਂਕ ਵਿੱਚ ਐਂਟਰੈਂਸ ਟੈਸਟ ਪਾਸ ਕਰ ਲਿਆ ਤਾਂ ਚਾਚਾ ਜੀ ਦੀ ਸਲਾਹ ਨਾਲ ਮੈਂ ਦਿੱਲੀ ਦੇ ਇੰਜਨੀਅਰਿੰਗ ਕਾਲਜ ਵਿੱਚ ਐਰੋਨੌਟੀਕਲ ਇੰਜਨੀਅਰਿੰਗ ਵਿੱਚ ਦਾਖਲਾ ਲੈ ਲਿਆ। ਉਦੋਂ ਤੱਕ ਚਾਚਾ ਜੀ ਦਿੱਲੀ ਵਾਪਸ ਆ ਗਏ ਸਨ ਅਤੇ ਡਾ: ਸਵਰੀਨਾ ਮੇਰੀ ਚਾਚੀ ਬਣ ਚੁੱਕੀ ਸੀ। ਉਹਨਾਂ ਦੇ ਜੁੜਵੇਂ ਬੱਚੇ ਤਿਸ਼ਪ੍ਰੀਤ ਅਤੇ ਕਿਰਨਦੀਪ, ਮੇਰਾ ਛੋਟਾ ਭਰਾ ਅਤੇ ਭੈਣ, ਦੋ ਕੁ ਸਾਲ ਦੇ ਸਨ ਜਦ ਮੈਂ ਦਿੱਲੀ ਜਾਣ ਲਈ ਪਹਿਲੀ ਵਾਰ ਰੇਲ ਗੱਡੀ ਦਾ ਸਫ਼ਰ ਕੀਤਾ। ਤੇਜ਼ ਚਾਲੇ ਦੌੜੀ ਜਾ ਰਹੀ ਗੱਡੀ ਦੇ ਡੱਬੇ ਵਿੱਚੋਂ ਰੇਲਵੇ ਲਾਈਨ ਦੇ ਕਿਨਾਰੇ ਪਿਛਾਂਹ ਵੱਲ ਨੂੰ ਭੱਜੇ ਜਾਂਦੇ ਰੁੱਖਾਂ ਦਾ ਨਜ਼ਾਰਾ ਪਹਿਲੀ ਵਾਰ ਕੀਤੇ ਕਾਰ ਦੇ ਸਫ਼ਰ ਨਾਲੋਂ ਵੀ ਕਿਤੇ ਅਦਭੁਤ ਸੀ। ਪਿਛੇ ਰਹਿ ਗਈਆਂ ਪਗਡੰਡੀਆਂ, ਪਿੰਡ, ਕਸਬੇ ਤੇ ਸ਼ਹਿਰ ਮੈਨੂੰ ਨਵੀਂ ਦੁਨੀਆਂ ਵੱਲ ਧੱਕੀ ਤੁਰੇ ਜਾਂਦੇ ਸਨ। ਦਿੱਲੀ ਪਹੁੰਚ ਕੁੱਝ ਦਿਨ ਚਾਚਾ ਜੀ ਦੇ ਪਰਿਵਾਰ ਨਾਲ ਗੁਜ਼ਾਰ ਮੈਂ ਹੌਸਟਲ ਵਿੱਚ ਰਹਿ ਆਪਣੇ ਜੀਵਨ ਦੇ ਨਵੇਂ ਪੰਧ ਵੱਲ ਪੁਲਾਂਘਾ ਪੁੱਟਣ ਲਗ ਪਿਆ।

ਉਦੋਂ ਹੀ ਚੰਦਰਯਾਨ-ਤਿਸ਼ਕਿਨ ਦੀਆਂ ਤਿਸ਼ ਅਤੇ ਕਿਨ ਨਾਂ ਦੇ ਦੋ ਕਲੋਨਾਂ ਸਮੇਤ ਚੰਦਰਮਾ ਤੇ ਕਾਮਯਾਬ ਸਫ਼ਰ ਦੀਆਂ ਖ਼ਬਰਾਂ ਨਾਲ ਸੰਸਾਰ ਭਰ ਦੀਆਂ ਅਖ਼ਬਾਰਾਂ ਅਤੇ ਰਸਾਲੇ ਭਰ ਉੱਠੇ ਅਤੇ ਰੇਡੀਓ ਟੀ. ਵੀ. ਇਹਨਾਂ ਜਿੱਤ ਦੀਆਂ ਗੱਲਾਂ ਤੇ ਬੋਲਾਂ ਨਾਲ ਗੂੰਜ ਉੱਠੇ। ਨਾਲ ਹੀ ਚਾਚਾ ਜੀ ਦੀ ਟੀਮ ਦੁਆਰਾ ਤਿਸ਼ ਅਤੇ ਕਿਨ ਕਲੋਨਾਂ ਦੇ ਨਿਰਮਾਣ ਦੇ ਵੇਰਵਿਆਂ ਨੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਮੇਰੇ ਤਾਂ ਪੈਰ ਭੋਂਅ ਤੇ ਨਹੀਂ ਲਗਦੇ ਸਨ। ਚਾਚਾ ਜੀ ਕਰਕੇ ਮੈਂ ਵੀ ਪੂਰੇ ਕਾਲਜ ਵਿੱਚ ਜਾਣਿਆ ਜਾਣ ਲਗਾ। ਇਹ ਸੱਚ ਏ ਕਿ ਇੱਕ ਵਿਅਕਤੀ ਦੀ ਕਾਮਯਾਬੀ ਉਹਦੇ ਪੂਰੇ ਪਰਿਵਾਰ, ਮੁਹੱਲੇ, ਪਿੰਡ ਅਤੇ ਇਲਾਕੇ ਦਾ ਨਾਂ ਉੱਚਾ ਕਰ ਦੇਂਦੀ ਏ। ਉਦੋਂ ਜਦੋਂ ਪ੍ਰੋ: ਚੈਟਰਜੀ ਨੇ ਚਾਚਾ ਜੀ ਨੂੰ ਅਹਿਮਦਾਬਾਦ ਬੁਲਾਇਆ ਤਾਂ ਮੈਂ ਵੀ ਚਾਚਾ ਜੀ ਹੁਰਾਂ ਨਾਲ ਉੱਥੇ ਗਿਆ ਸੀ। ਮੈਨੂੰ ਸਪੇਸ ਦੀ ਖੋਜ ਕਰ ਰਹੇ ਕਈ ਵਿਗਆਨੀਆਂ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ।

ਪ੍ਰੋ: ਚੈਟਰਜੀ ਨਾਲ ਮੇਰੀ ਵੀ ਖੁੱਲ੍ਹ ਕੇ ਗਲਬਾਤ ਹੋਈ। ਉਹਨਾਂ ਮੈਨੂੰ ਸਲਾਹ ਦਿੱਤੀ, "ਬੇਟਾ, ਅਗਰ ਤੁਮਹਾਰਾ ਇੰਟ੍ਰੈਸਟ ਇਸ ਸਭ ਮੇਂ ਹੈ ਤੋ ਐਸਾ ਕਰੋ ਕਿ ਮੈਂਗਲੋਰ ਕੇ ਇੰਜਨੀਅਰਿੰਗ ਕਾਲਜ ਮੇਂ ਦਾਖਲਾ ਲੇਨੇ ਕਾ ਪ੍ਰਯਾਸ ਕਰੋ।" ਬਸ ਫਿਰ ਕੀ ਸੀ ਇਹ ਸਭ ਮੇਰੇ ਲਈ ਮੱਛੀ ਦੀ ਅੱਖ ਬਣ ਗਿਆ ਅਤੇ ਮੈਂ ਇਸ ਤੇ ਨਿਸ਼ਾਨਾ ਸੇਧ ਲਿਆ। ਸਾਲ ਬਾਦ ਮੈਂ ਮੈਂਗਲੋਰ ਦੇ ਇੰਜਨੀਅਰਿੰਗ ਕਾਲਜ ਵਿੱਚ ਐਰੋਸਪੇਸ ਇੰਜਨੀਅਰਿੰਗ ਦੀ ਵਿਸ਼ੇਸ਼ ਪੜ੍ਹਾਈ ਕਰ ਰਿਹਾ ਸੀ।" ਸੁਤ-ਅਨੀਂਦੀ ਅਵਸਥਾ ਸੰਪੂਰਨ ਨੀਂਦਰ ਵਿੱਚ ਤਬਦੀਲ ਹੋ ਚੁੱਕੀ ਸੀ ਅਤੇ ਮੱਠੇ ਮੱਠੇ ਘੁਰਾੜਿਆਂ ਦੀ ਅਵਾਜ਼ ਚੁਫ਼ੇਰੇ ਪਸਰੀ ਚੁੱਪ ਨੂੰ ਭੰਗ ਕਰ ਰਹੀ ਸੀ। ਚੱਲਦਾ …

ਗੁਰਚਰਨ ਕੌਰ ਥਿੰਦ ਲੇਖਕ, ਸੋਸ਼ਲ ਐਕਟਵਿਸਟ ਅਤੇ ਰਿਟਾਇਰਡ ਅਧਿਆਪਕ ਹੈ। ਉਸਦੇ ਹੁਣ ਤੱਕ ਪੰਜ ਕਹਾਣੀ ਸੰਗ੍ਰਿਹ, ਚਾਰ ਨਾਵਲ (ਦੋ ਸਾਇੰਸ ਫਿਕਸ਼ਨ) ਦੋ ਲੇਖ-ਸੰਗ੍ਰਿਹ ਅਤੇ ਇੱਕ ਸਫ਼ਰਨਾਮਾ ਛੱਪ ਚੁੱਕਾ ਹੈ। ਇੱਕ ਹਿੰਦੀ ਵਿੱਚ ਅਨੁਵਾਦਤ ਕਹਾਣੀ ਸੰਗ੍ਰਿਹ ਅਤੇ ਇੱਕ ਨਾਵਲ ਅੰਗਰੇਜ਼ੀ ਵਿੱਚ ਛਪਿਆ ਹੈ। ਉਹ ਪਿੰਡ ਚੁਹਾਨ, ਜ਼ਿਲਾ ਅੰਮ੍ਰਿਤਸਰ ਤੋਂ ਹਨ ਤੇ ਅੱਜ-ਕੱਲ ਕੈਲਗਰੀ, ਕੈਨੇਡਾ ਵਿੱਚ ਰਹਿੰਦੇ ਹਨ।

encyclicle
ਖੋਜ ਨਿਬੰਧ

ਏ.ਆਈ. ਦੇ ਯੁਗ ਵਿੱਚ ਮਾਣਯੋਗ ਪੋਪ ਦਾ ਮਨੁੱਖਤਾ ਦੇ ਹੱਕ ਵਿੱਚ 'ਫੁਰਮਾਨ'

ਇੰਜ. ਈਸ਼ਰ ਸਿੰਘ

Image Courtesy: vaticannews.va

'ਐਨਸਾਈਕਲੀਕਲ' (Encyclical ) ਦੀ ਜਾਣ-ਪਛਾਣ:

ਅੱਜ-ਕੱਲ੍ਹ ਸੰਸਾਰ ਭਰ ਦੇ ਤਕਨਾਲੋਜੀਕਲ, ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਵਪਾਰਿਕ ਖੇਤਰਾਂ ਵਿੱਚ ਚਰਚਾ ਦਾ ਮੁੱਖ ਵਿਸ਼ਾ, ਮਾਣਯੋਗ ਪੋਪ ਲੀਓ 14ਵੇਂ ਵਲੋਂ ਜਾਰੀ ਕੀਤਾ ਧਾਰਮਿਕ ਫੁਰਮਾਨ (ਐਨਸਾਈਕਲੀਕਲ) ਹੈ। ਈਸਾਈ ਧਰਮ ਦੀ ਕੈਥੌਲਿਕ ਸੰਪਰਦਾ ਦੀ ਪੁਰਾਣੀ ਪ੍ਰਥਾ ਹੈ ਕਿ ਮਾਣਯੋਗ ਪੋਪ ਧਾਰਮਿਕ ਫੁਰਮਾਨ ਜਾਰੀ ਕਰਦੇ ਹਨ ਜਿਸ ਨੂੰ 'ਐਨਸਾਈਕਲੀਕਲ' (Encyclical) ਕਿਹਾ ਜਾਂਦਾ ਹੈ ਅਤੇ ਬਹੁਤ ਮਹਤੱਤਾ ਦਿੱਤੀ ਜਾਂਦੀ ਹੈ। ਇਸ ਨੂੰ, ਮਾਣਯੋਗ ਪੋਪ ਦੇ ਵਿਚਾਰਾਂ ਅਨੁਸਾਰ ਅਤੇ ਉਨ੍ਹਾਂ ਦੀ ਅਗਵਾਈ ਵਿੱਚ, ਧਰਮ ਦੇ ਦਾਰਸ਼ਨਿਕ ਗਿਆਨੀ, ਬਿਸ਼ਪ, ਵਿਦਵਾਨ, ਦੁਨਿਆਵੀ ਮਾਹਿਰ ਅਤੇ ਸਿਆਣੇ ਰਲ਼ ਕੇ ਤਿਆਰ ਕਰਦੇ ਹਨ। ਇਹ ਬਾਈਬਲ ਦੀਆਂ ਸਿੱਖਿਆਵਾਂ ਦੀ, ਵਰਤਮਾਨ ਯੁਗ ਦੇ ਵਿਗਿਆਨਕ, ਤਕਨਾਲੋਜੀਕਲ, ਆਰਥਿਕ, ਸਮਾਜਿਕ ਜਾਂ ਹੋਰ ਭਖਦੇ ਮਸਲਿਆਂ ਦੇ ਸੰਦਰਭ ਵਿੱਚ, ਵਿਆਖਿਆ ਕਰਦਾ ਹੈ। 'ਐਨਸਾਈਕਲੀਕਲ' (Encyclical) ਰਾਹੀਂ ਮਾਣਯੋਗ ਪੋਪ ਦਸਦੇ ਹਨ ਕਿ ਉਹ ਖਾਸ ਵਰਤਮਾਨ ਹਾਲਾਤਾਂ ਅਤੇ ਚੁਣੌਤੀਆਂ ਬਾਰੇ ਕੀ ਵਿਚਾਰ ਰਖਦੇ ਹਨ। ਇਨ੍ਹਾਂ ਨੂੰ ਨਜਿੱਠਣ ਲਈ ਕਿਹੜੇ ਹੱਲਾਂ ਦੀਆਂ ਸਿਫ਼ਾਰਸ਼ਾਂ ਕਰਦੇ ਹਨ। ਜ਼ਿਕਰ-ਯੋਗ ਹੈ ਕਿ ਹਾਲਾਤਾਂ ਅਨੁਸਾਰ ਪੋਪ, ਇੱਕ ਤੋਂ ਵੱਧ ਫੁਰਮਾਨ ਵੀ ਜਾਰੀ ਕਰ ਸਕਦੇ ਹਨ। ਇਸ ਤਰ੍ਹਾਂ ਦੇ ਦਸਤਾਵੇਜ਼ ਸਮਝਾਉਂਦੇ ਹਨ ਕਿ ਧਰਮ ਸਿਰਫ਼ ਧਾਰਮਿਕ ਅਸਥਾਨਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਂਦਾ; ਬਲਕਿ ਮਨੁੱਖੀ ਜੀਵਨ ਦੇ ਹਰ ਖੇਤਰ ਨਾਲ ਜੁੜਿਆ ਹੋਣਾ ਚਾਹੀਂਦਾ ਹੈ।

ਉਚੇਚਾ ਸਮਾਗਮ:

ਇਸ ਪ੍ਰਥਾ ਅਨੁਸਾਰ ਮੌਜੂਦਾ ਪੋਪ ਲੀਓ 14ਵੇਂ ਨੇ ਆਪਣਾ ਪਹਿਲਾ 'ਐਨਸਾਈਕਲੀਕਲ' ਅਰਥਾਤ ਧਾਰਮਿਕ ਫੁਰਮਾਨ ('Magnifica Humanitas' ) 25 ਮਈ, 2026 ਨੂੰ ਜਾਰੀ ਕੀਤਾ ਹੈ, ਭਾਵੇਂ ਕਿ ਇਸ 'ਤੇ ਦਸਤਖਤ ਉਨ੍ਹਾਂ ਨੇ 15 ਮਈ ਨੂੰ ਹੀ ਕਰ ਦਿੱਤੇ ਹੋਏ ਸਨ। ਇਸ ਫੁਰਮਾਨ ਨੂੰ, ਪ੍ਰੈੱਸ ਲਈ ਜਾਰੀ ਕਰਨ ਦਾ ਕੰਮ ਵੈਟੀਕਨ ਸਟਾਫ ਦੇ ਅਹੁਦੇਦਾਰ ਕਰਦੇ ਹਨ, ਕਿਉਂਕਿ ਇਸ ਨੂੰ ਮਹਿਜ ਇੱਕ ਕਾਰਵਾਈ ਮੰਨਿਆ ਜਾਂਦਾ ਹੈ। ਪਰ ਇਸ ਫੁਰਮਾਨ ਨੂੰ ਜਾਰੀ ਕਰਨ ਦੇ ਸਮਾਗਮ 'ਚ ਮਾਣਯੋਗ ਪੋਪ ਉਚੇਚੇ ਤੌਰ 'ਤੇ ਆਪ ਸ਼ਾਮਿਲ ਹੋਏ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਨਾਲ਼ ਕ੍ਰਿਸੋਫਰ ਓਲਾਹ ਸਣੇ, ਏ.ਆਈ. ਦੇ ਹੋਰ ਮਾਹਿਰਾਂ ਨੂੰ ਵੀ ਇਸ ਸਮਾਗਮ 'ਚ ਸ਼ਾਮਿਲ ਕੀਤਾ। ਕ੍ਰਿਸਟੋਫਰ ਓਲਾਹ ਏ.ਆਈ. ਖੇਤਰ ਦੇ ਪ੍ਰਸਿੱਧ ਖੋਜਕਾਰ ਹਨ ਅਤੇ ਯੂ.ਐੱਸ.ਏ. ਦੀ ਬਹੁਤ ਵੱਡੀ ਏ.ਆਈ. ਕੰਪਨੀ 'ਐਂਥਰੋਪਿਕ' ਦੇ ਸਹਿ-ਸੰਸਥਾਪਕ ਹਨ। ਇਸ ਤਰ੍ਹਾਂ ਕਰਕੇ, ਮਾਣਯੋਗ ਪੋਪ ਨੇ ਸੰਸਾਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਇਹ ਫੁਰਮਾਨ ਬਹੁਤ ਗੰਭੀਰ ਵਿਸ਼ਵ-ਵਿਆਪੀ ਮਸਲਿਆਂ ਨਾਲ਼ ਸਬੰਧਿਤ ਹੈ। ਇਸ ਵਿੱਚ ਉਨ੍ਹਾਂ ਨੇ ਏ.ਆਈ. (ਕ੍ਰਿਤਿਮ ਬੁੱਧੀ) ਅਤੇ ਆਧੁਨਿਕ ਤਕਨਾਲੋਜੀਆਂ ਦੇ, ਮਨੁੱਖੀ ਸੋਚ, ਜੀਵਨ, ਸਮਾਜ ਅਤੇ ਅਨੇਕਾਂ ਹੋਰ ਖੇਤਰਾਂ 'ਤੇ ਪੈ ਰਹੇ ਗੰਭੀਰ ਪ੍ਰਭਾਵਾਂ ਬਾਰੇ ਆਪਣੇ ਸਪਸ਼ਟ ਅਤੇ ਬੇ-ਬਾਕ ਵਿਚਾਰ ਦਰਸਾਏ ਹਨ। ਕ੍ਰਿਸੋਫਰ ਓਲਾਹ ਵਲੋਂ ਇਸ ਮੌਕੇ ਦਿੱਤੇ ਬਿਆਨ, ਮਾਣਯੋਗ ਪੋਪ ਦੀ ਤਕਨਾਲੋਜੀਆਂ / ਏ.ਆਈ. ਪ੍ਰਤੀ ਚਿੰਤਾ-ਜਨਕ ਸੋਚ ਦੀ, ਝਲਕ ਪੇਸ਼ ਕਰਦੇ ਹਨ। ਬਿਆਨ ਅਨੁਸਾਰ ਓਹ ਸਮਝਦੇ ਹਨ ਕਿ ਏ.ਆਈ. ਦੇ ਖੋਜੀ ਪੂਰੇ ਸੁਹਿਰਦ ਢੰਗਾਂ ਨਾਲ਼ ਮਨੁੱਖੀ ਹਿਤਾਂ ਅਤੇ ਮੁੱਲਾਂ ਅਨੁਸਾਰ ਕੰਮ ਨਹੀਂ ਕਰ ਪਾਉਂਦੇ।

ਪਹਿਲੇ ਫੁਰਮਾਨ ਨਾਲ਼ ਤੁਲਨਾ:

ਇਸ ਫੁਰਮਾਨ ਨੂੰ ਮਨਜ਼ੂਰ ਕਰਨ ਦੀ ਤਾਰੀਕ ਦੀ ਖਾਸ ਮਹੱਤਤਾ ਹੈ। ਇਸ ਤੋਂ ਪੂਰੇ 135 ਸਾਲ ਪਹਿਲਾਂ (15 ਮਈ, 1891 ਨੂੰ) ਉਸ ਸਮੇਂ ਦੇ ਮਾਣਯੋਗ ਪੋਪ ਨੇ, ਉਦਯੋਗਿਕ ਕ੍ਰਾਂਤੀ ਕਰਕੇ ਹੋਈ ਮਜਦੂਰਾਂ ਅਤੇ ਕਾਮਿਆਂ ਦੀ ਦੁਰਦਸ਼ਾ ਵਿਰੁਧ, ਇਸੇ ਤਰਜ ਦਾ ਫੁਰਮਾਨ ਜਾਰੀ ਕੀਤਾ ਸੀ। ਮੌਜੂਦਾ ਪੋਪ ਲੀਓ 14ਵੇਂ ਨੇ, ਏ.ਆਈ. ਬਾਰੇ ਆਪਣੇ ਫੁਰਮਾਨ 'ਤੇ 15 ਮਈ, 2026 ਨੂੰ ਦਸਤਖਤ ਕਰ ਕੇ, ਆਪਣੇ ਫੁਰਮਾਨ ਨੂੰ ਉਸ ਵੇਲ਼ੇ ਦੇ ਫੁਰਮਾਨ ਨਾਲ਼ ਜੋੜਿਆ ਹੈ। ਇਸ ਕਰ ਕੇ ਹੀ ਮਾਣਯੋਗ ਪੋਪ ਨੇ ਇਸ ਵਿੱਚ ਆਪਣੇ ਪੂਰਵਜ ਪੋਪ ਦੇ ਫੁਰਮਾਨ ਦਾ ਵਾਰ-ਵਾਰ ਹਵਾਲਾ ਦਿੱਤਾ ਹੈ। ਉਨ੍ਹਾਂ ਦੇ ਵਿਚਾਰ ਅਨੁਸਾਰ, ਪੂੰਜੀ-ਪਤੀਆਂ ਅਤੇ ਇਜਾਰੇਦਾਰਾਂ ਨੇ ਤਕਨਾਲੋਜੀਆਂ ਨੂੰ ਪਹਿਲਾਂ ਵੀ ਸ਼ੋਸ਼ਣ ਦਾ ਸਾਧਨ ਬਣਾਇਆ ਹੋਇਆ ਸੀ ਅਤੇ ਅੱਜ ਵੀ ਬਣਾ ਰਹੇ ਹਨ। ਭਾਵੇਂ ਕਿ ਉਨ੍ਹਾਂ ਨੇ ਤਕਨਾਲੋਜੀਆਂ ਨੂੰ ਨਕਾਰਿਆ ਨਹੀਂ ਪਰ ਉਨ੍ਹਾਂ ਦਾ ਪ੍ਰਸ਼ਨ ਹੈ: “ਕੀ ਤਕਨਾਲੋਜੀਆਂ ਮਨੁੱਖ ਦੀ ਸੇਵਾ ਕਰ ਰਹੀਆਂ ਹਨ ਜਾਂ ਮਨੁੱਖ ਤਕਨਾਲੋਜੀਆਂ ਦੀ ਸੇਵਾ ਕਰਨ 'ਚ ਲੱਗ ਗਿਆ ਹੈ?” ਇਸ ਤਰ੍ਹਾਂ ਇਹ ਫੁਰਮਾਨ (ਐਨਸਾਈਕਲੀਕਲ) ਇਕੱਲਾ ਧਾਰਮਿਕ ਦਸਤਾਵੇਜ਼ ਨਾਂ ਰਹਿ ਕੇ, 21ਵੀਂ ਸਦੀ ਦੀਆਂ ਤਕਨਾਲੋਜੀਆਂ ਦੇ ਸਾਰੇ ਸੰਸਾਰ 'ਤੇ ਪੈ ਰਹੇ ਬਹੁ-ਪੱਖੀ ਪ੍ਰਭਾਵਾਂ ਬਾਰੇ ਚਿਤਾਵਨੀ-ਪੱਤਰ ਬਣ ਗਿਆ ਹੈ। ਪੋਪ ਦੇ ਵਿਚਾਰ ਅਨੁਸਾਰ ਮਨੁੱਖ ਸਿਰਫ਼ ਇੱਕ ਬੁੱਧੀਮਾਨ ਜੀਵ ਹੀ ਨਹੀਂ, ਬਲਕਿ ਇੱਕ ਆਤਮਿਕ ਹਸਤੀ ਹੈ। ਜੇ ਤਕਨਾਲੋਜੀਆਂ ਰਾਹੀਂ ਕੀਤੀ ਤਰੱਕੀ ਮਨੁੱਖ ਦੀਆਂ ਉੱਚੀਆਂ ਪ੍ਰਵਿਰਤੀਆਂ ਨੂੰ ਨਿਵਾਣ ਵਲ ਲਿਜਾਵੇ ਜਾਂ ਉਸ ਨੂੰ ਰੂਹਾਨੀਅਤ ਤੋਂ ਦੂਰ ਕਰੇ, ਤਾਂ ਉਹ ਤਰੱਕੀ ਨਹੀਂ ਮੰਨੀ ਜਾ ਸਕਦੀ।

ਸਰਬ-ਸਾਂਝਾ ਫੁਰਮਾਨ:

ਇਹ ਫੁਰਮਾਨ ਆਮ ਤੌਰ 'ਤੇ ਈਸਾਈ ਧਰਮ ਦੀ ਕੈਥੌਲਿਕ ਸੰਪਰਦਾ ਦੇ ਅਨੁਯਾਈਆਂ ਲਈ ਹੁੰਦੇ ਹਨ ਪਰ ਵਰਤਮਾਨ ਫੁਰਮਾਨ, ਆਪਣੇ ਸਰਬ-ਸਾਂਝੇ ਵਿਸ਼ੇ ਕਰਕੇ ਸਾਰੀ ਮਨੁੱਖਤਾ ਲਈ ਹੈ। ਇਹ, ਏ.ਆਈ. ਦੀ ਨਜਾਇਜ਼ ਸਿਰਮੌਰਤਾ ਕਰ ਕੇ ਮਨੁੱਖ-ਜਾਤੀ ਲਈ ਉਪਜ ਰਹੀਆਂ ਸਰਬ-ਵਿਆਪੀ ਅਤੇ ਸਰਬ-ਸਾਂਝੀਆਂ ਗੰਭੀਰ ਸਮੱਸਿਆਵਾਂ ਬਾਰੇ ਚਿੰਤਾ ਪਰਗਟ ਕਰਦਾ ਹੈ। ਇਹ ਏ.ਆਈ. ਦੇ ਅਨੇਕਾਂ ਖੇਤਰਾਂ 'ਚ ਪੈ ਰਹੇ ਪ੍ਰਭਾਵਾਂ ਦਾ ਬਰੀਕੀ ਨਾਲ਼ ਜ਼ਿਕਰ ਕਰਦਾ ਹੈ ਅਤੇ ਦਿਨਾਂ ਵਿੱਚ ਹੀ ਵਿਸ਼ਵ-ਵਿਆਪੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮਾਣਯੋਗ ਪੋਪ ਨੇ ਇੱਥੋਂ ਤੱਕ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਹੱਦੋਂ ਵੱਧ ਵਿਕਸਿਤ ਤਕਨਾ ਲੋਜੀਆਂ, ਨਵੀਂ ਕਿਸਮ ਦੀਆਂ 'ਡਿਜਿਟਲ' ਦਾਸ-ਪ੍ਰਥਾਵਾਂ ("new digital slaveries") ਦੀਆਂ ਸੰਭਾਵਨਾਵਾਂ ਪੈਦਾ ਕਰ ਰਹੀਆਂ ਹਨ। ਇਸ ਕਰਕੇ, ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਏ.ਆਈ. ਦੀ ਬੇ-ਕਾਬੂ ਹੋ ਰਹੀ ਤਾਕਤ ਨੂੰ ਨਿਯੰਤਰਿਤ ਅਤੇ ਸੀਮਿਤ ਕਰਨਾ ਜ਼ਰੂਰੀ ਹੈ।

ਮਾਣਯੋਗ ਪੋਪ ਦੀਆਂ ਚਿੰਤਾਵਾਂ:

ਉਨ੍ਹਾਂ ਨੇ ਏ.ਆਈ. ਦੇ ਮੰਦੇ ਪ੍ਰਭਾਵ ਦਰਸਾਉਣ ਲਈ ਇਤਿਹਾਸ ਦੀਆਂ ਅਤਿ ਘਿਣਾਉਣੀਆਂ ਵਾਰਦਾਤਾਂ 'ਚ ਗਿਣੇ ਜਾਂਦੇ ਗੁਲਾਮ-ਵਪਾਰ ਦਾ ਹਵਾਲਾ ਦਿੱਤਾ ਹੈ। ਭਾਵ ਨਵੀਆਂ ਤਕਨਾਲੋਜੀਆਂ ਕਰ ਕੇ ਹਾਲਾਤ ਇਸ ਹੱਦ ਤੱਕ ਵਿਗੜ ਸਕਦੇ ਹਨ ਕਿ ਇਸ ਤਰ੍ਹਾਂ ਦੇ ਘਿਣਾਉਣੇ ਸ਼ੋਸ਼ਣ ਨੂੰ ਭੀ ਇੱਕ ਸਧਾਰਨ ਗੱਲ ਸਮਝਿਆ ਜਾਣ ਲੱਗੇ। ਓਨ੍ਹਾਂ ਨੇ ਆਪਣੇ ਕਰੜੇ ਸ਼ਬਦਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਦਲੀਲ ਦਿੱਤੀ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਇਹੋ ਜਿਹੇ ਸ਼ਬਦ ਵਰਤਣੇ ਜ਼ਰੂਰੀ ਹਨ, ਤਾਂ ਜੋ ਸਭ ਦਾ ਧਿਆਨ ਖਿੱਚਿਆ ਜਾ ਸਕੇ। ਸ਼ਾਇਦ ਪਹਿਲੀ ਵਾਰ ਕਿਸੇ ਪੋਪ ਨੇ ਏ.ਆਈ. ਦੇ ਖ਼ਤਰਿਆਂ ਬਾਰੇ ਇੰਨੀਆਂ ਗੰਭੀਰ ਚਿਤਾਵਨੀਆਂ ਦਿੱਤੀਆ ਹਨ। ਉਨ੍ਹਾਂ ਨੇ ਏ.ਆਈ. ਨੂੰ ਕੇਵਲ ਇੱਕ ਤਕਨਾਲੋਜੀ ਹੀ ਨਹੀਂ ਸਮਝਿਆ, ਬਲਕਿ ਇਸਨੂੰ ਮਨੁੱਖੀ, ਸਮਾਜਿਕ ਅਤੇ ਆਤਮਿਕ ਸੰਕਟਾਂ ਨਾਲ ਜੋੜ ਕੇ ਦੇਖਿਆ ਹੈ । ਫੁਰਮਾਨ ਵਿੱਚ ਕਿਹਾ ਗਿਆ ਹੈ ਕਿ ਇਹ ਮਹਿਜ ਇੱਕ ਉਦਾਸੀਨ ('ਨਿਉਟਰਲ') ਜੰਤਰ ਨਹੀਂ ਰਿਹਾ, ਜਿਸ ਤਰ੍ਹਾਂ ਕਿ ਇਸ ਦੇ ਸੁਪਰ-ਅਮੀਰ ਇਜਾਰੇਦਾਰ ਪਰਚਾਰ ਰਹੇ ਹਨ। ਇਸ ਤਰ੍ਹਾਂ ਕਰਕੇ ਓਹ ਆਪਣੀਆਂ ਅਣ-ਨਿਯੰਤਰਿਤ ਅਤੇ ਨਜਾਇਜ ਖੁਲ੍ਹਾਂ ਨੂੰ ਜਾਇਜ ਠਹਿਰਾ ਰਹੇ ਹਨ। ਮਾਣਯੋਗ ਪੋਪ ਵੱਲੋਂ ਦਰਸਾਈਆਂ ਗਈਆਂ ਮੁੱਖ ਚਿੰਤਾਵਾਂ ਇਹ ਹਨ:

  • ਮਨੁੱਖ ਨੂੰ “ਵਿਅਕਤੀ” ਦੀ ਥਾਂ “ਡਾਟਾ”, “ਉਪਭੋਗਤਾ” ਜਾਂ “ਉਤਪਾਦਕ ਇਕਾਈ” ਵਜੋਂ ਦੇਖਿਆ ਜਾਣ ਲੱਗ ਪਿਆ ਹੈ। ਵੱਡੀਆਂ ਤਕਨਾਲੋਜੀ ਕੰਪਨੀਆਂ ਅਤੇ ਮੁਨਾਫਾ-ਖੋਰ ਇਜਾਰੇਦਾਰੇਦਾਰੀਆਂ ਦੁਨੀਆ ਦੀ ਦੌਲਤ ਅਤੇ ਜਾਣਕਾਰੀਆਂ 'ਤੇ ਕਬਜ਼ਾ ਕਰ ਰਹੀਆਂ ਹਨ।
  • ਏਆਈ ਅਤੇ ਆਟੋਮੇਸ਼ਨ ਕਾਰਨ ਮਨੁੱਖੀ ਮਿਹਨਤ ਦੀ ਕਦਰ ਘਟਣ ਦਾ ਡਰ ਪ੍ਰਗਟਾਇਆ ਗਿਆ ਹੈ। ਕੰਮ ਕੇਵਲ ਰੋਜ਼ੀ ਨਹੀਂ, ਸਗੋਂ ਮਨੁੱਖੀ ਮਾਣ ਅਤੇ ਸਮਾਜਿਕ ਭਾਗੀਦਾਰੀ ਦਾ ਸਾਧਨ ਹੈ।
  • ਡੀਪਫੇਕ, ਪ੍ਰਚਾਰ, ਅਤੇ ਐਲਗੋਰਿਦਮਿਕ ਮੈਨਿਪੁਲੇਸ਼ਨ ਕਾਰਨ ਲੋਕਾਂ ਲਈ ਸੱਚ ਅਤੇ ਝੂਠ ਵਿਚ ਫ਼ਰਕ ਕਰਨਾ ਮੁਸ਼ਕਲ ਹੋ ਸਕਦਾ ਹੈ। ਇਹ ਲੋਕਤੰਤਰ ਅਤੇ ਨੈਤਿਕ ਜੀਵਨ ਲਈ ਖ਼ਤਰਾ ਹਨ।
  • ਖ਼ਾਸ ਕਰਕੇ ਸਵੈਚਾਲਿਤ ਹਥਿਆਰਾਂ (autonomous weapons) ਬਾਰੇ ਗੰਭੀਰ ਚਿੰਤਾ ਜਤਾਈ ਗਈ ਹੈ। ਮਸ਼ੀਨਾਂ ਨੂੰ ਜੀਵਨ-ਮੌਤ ਦੇ ਫ਼ੈਸਲੇ ਕਰਨ ਦਾ ਕੰਮ ਦੇਣਾ ਉਨ੍ਹਾਂ ਅਨੁਸਾਰ ਨੈਤਿਕ ਰੇਖਾ ਪਾਰ ਕਰਨਾ ਹੈ।
  • ਡਿਜ਼ੀਟਲ ਸੰਸਾਰ ਮਨੁੱਖਾਂ ਨੂੰ “ਜੋੜਦਾ” ਵੀ ਹੈ ਅਤੇ “ਅਲੱਗ” ਵੀ ਕਰਦਾ ਹੈ। ਵਰਚੁਅਲ ਸੰਪਰਕ ਅਸਲੀ ਸਮਾਜਿਕਤਾ ਅਤੇ ਦਇਆ ਦੀ ਥਾਂ ਨਹੀਂ ਲੈ ਸਕਦਾ।
  • ਬੱਚਿਆਂ ਅਤੇ ਨੌਜਵਾਨਾਂ ਦੇ ਧਿਆਨ, ਸੋਚਣ ਦੀ ਸਮਰੱਥਾ ਅਤੇ ਨੈਤਿਕ ਵਿਕਾਸ 'ਤੇ ਡਿਜ਼ੀਟਲ ਮੀਡੀਆ ਦੇ ਪ੍ਰਭਾਵ ਬਾਰੇ ਵੀ ਚਿੰਤਾ ਜਤਾਈ ਗਈ ਹੈ।
  • ਤਕਨਾਲੋਜੀ-ਕੇਂਦਰਿਤ ਵਿਕਾਸ ਜੇਕਰ ਕੇਵਲ ਲਾਭ ਅਤੇ ਖਪਤ 'ਤੇ ਆਧਾਰਿਤ ਹੋਵੇ, ਤਾਂ ਇਹ ਧਰਤੀ ਅਤੇ ਕੁਦਰਤੀ ਸੰਸਾਧਨਾਂ ਦੀ ਹੋਰ ਲੁੱਟ ਵਧਾ ਸਕਦਾ ਹੈ।

ਮੰਦੇ ਪ੍ਰਭਾਵ:

ਏ.ਆਈ. ਦੀ ਆਲੋਚਨਾ ਪਹਿਲਾਂ ਹੀ ਬਹੁਤ ਹੋ ਰਹੀ ਹੈ। ਆਪਾਂ ਵੀ ਹਰ ਰੋਜ ਇਸ ਦੇ ਸੰਭਾਵੀ ਖਤਰਿਆਂ ਬਾਰੇ ਸੁਣਦੇ-ਪੜ੍ਹਦੇ ਹਾਂ। ਪਰ ਮਾਣਯੋਗ ਪੋਪ ਵਲੋਂ ਇਨ੍ਹਾਂ ਸਭ ਤੌਂਖਲਿਆਂ ਦੀ ਪ੍ਰੋੜਤਾ ਕਰਨ ਲਈ ਫੁਰਮਾਨ ਜਾਰੀ ਕਰਨਾ ਅਤੇ ਚਿੰਤਾ ਦਰਸਾਉਣਾ ਕਿਤੇ ਵੱਧ ਮਹੱਤਵ-ਪੂਰਨ ਹੈ। ਉਨ੍ਹਾ ਦਾ ਕਹਿਣਾ ਹੈ ਕਿ ਨਵੀਂਆਂ ਤਕਨਾਲੋਜੀਆਂ ਕਰਕੇ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਏ.ਆਈ. ਹੁਣ ਸਿਰਫ਼ ਵਿਗਿਆਨਕ ਪ੍ਰਯੋਗ ਨਹੀਂ ਰਹੀ; ਇਹ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਦੀ ਜਾ ਰਹੀ ਹੈ। ਮੋਬਾਈਲ ਫੋਨ, ਸੋਸ਼ਲ ਮੀਡੀਆ, ਔਨ-ਲਾਈਨ ਖਰੀਦਾਰੀ, ਬੈਂਕਿੰਗ, ਦਫ਼ਤਰਾਂ ਦਾ ਕੰਮ, ਇੱਥੋਂ ਤੱਕ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਇਸ ਦੀ ਭੂਮਿਕਾ ਵਧ ਰਹੀ ਹੈ। ਇਸ ਬਦਲਦੇ ਸਮੇਂ ਵਿੱਚ ਉਨ੍ਹਾਂ ਨੇ ਇਸ 'ਐਨਸਾਈਕਲੀਕਲ' ਰਾਹੀਂ ਸੰਸਾਰ ਨੂੰ ਇੱਕ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। ਇਹ ਦਸਤਾਵੇਜ਼ ਸਿਰਫ਼ ਸਰਕਾਰਾਂ, ਵਿਗਿਆਨੀਆਂ ਜਾਂ ਵੱਡੀਆਂ ਟੈੱਕ ਕੰਪਨੀਆਂ ਲਈ ਨਹੀਂ, ਸਗੋਂ ਆਮ ਮਨੁੱਖ ਲਈ ਵੀ ਹੈ। ਮਾਣਯੋਗ ਪੋਪ ਦਾ ਜਨ-ਸਧਾਰਨ ਲਈ, ਇਹ ਸੁਨੇਹਾ ਹੈ ਕਿ :

  • ਏ.ਆਈ. ਸਾਡੀ ਮਦਦ ਕਰ ਸਕਦੀ ਹੈ, ਸਾਡਾ ਸਮਾਂ ਬਚਾ ਸਕਦੀ ਹੈ ਅਤੇ ਨਵੀਆਂ ਸੰਭਾਵਨਾਵਾਂ ਖੋਲ੍ਹ ਸਕਦੀ ਹੈ। ਪਰ ਦਇਆ, ਪ੍ਰੇਮ, ਨੈਤਿਕਤਾ, ਸ਼ਰਧਾ ਅਤੇ ਰੂਹਾਨੀ ਚੇਤਨਾ ਵਰਗੀਆਂ ਅਨੁਭੂਤੀਆਂ ਪੈਦਾ ਨਹੀਂ ਕਰ ਸਕਦੀ। ਮਨੁੱਖ ਦੀ ਮਹਾਨਤਾ ਉਸ ਦੀ ਬੁੱਧੀ ਵਿੱਚ ਨਹੀਂ, ਬਲਕਿ ਉਸ ਦੇ ਦਇਆ, ਪਿਆਰ, ਨੈਤਿਕਤਾ ਅਤੇ ਰੂਹਾਨੀ ਡੂੰਘਾਈ ਵਿੱਚ ਹੈ। ਏ.ਆਈ. ਮਨੁੱਖ ਨਾਲੋਂ ਚੰਗੇ ਕਰ ਸਕਦੀ ਹੈ, ਪਰ ਉਹ ਮਨੁੱਖੀ ਹਿਰਦੇ ਦੀ ਥਾਂ ਨਹੀਂ ਲੈ ਸਕਦੀ।
  • ਆਤਮਿਕ ਖਲਾਅ ਪੋਪ ਦਾ ਇੱਕ ਡੂੰਘਾ ਨੁਕਤਾ ਇਹ ਹੈ ਕਿ ਮਨੁੱਖ ਕੋਲ ਹੁਣ ਬੇਹੱਦ ਜਾਣਕਾਰੀ ਤਾਂ ਹੈ, ਪਰ “ਬੁੱਧੀ” ਅਤੇ “ਉਦੇਸ਼” ਦੀ ਘਾਟ ਵਧ ਰਹੀ ਹੈ। ਤਕਨਾਲੋਜੀ ਮਨੁੱਖ ਨੂੰ ਸਭ ਕੁਝ ਨਹੀਂ ਦੇ ਸਕਦੀ। ਮਾਣਣੋਗ ਪੋਪ ਦੀ ਇੱਕ ਗੱਲ ਇਹ ਹੈ ਕਿ ਮਨੁੱਖ ਦੀਆਂ ਕਮਜ਼ੋਰੀਆਂ ਅਤੇ ਸੀਮਾਵਾਂ ਕੋਈ ਖ਼ਾਮੀ ਨਹੀਂ ਹਨ। ਅੱਜ ਦਾ ਟੈਕਨਾਲੋਜੀ ਯੁੱਗ ਮਨੁੱਖ ਨੂੰ ਸੁਪਰ ਮੈਨ ਬਣਾਉਣ ਦੀ ਦੌੜ ਵਿੱਚ ਹੈ, ਪਰ ਮਨੁੱਖੀ ਭਾਵਨਾ, ਨਰਮੀ ਅਤੇ ਅਧੂਰੇਪਨ ਵਿੱਚ ਵੀ ਸੁੰਦਰਤਾ ਹੈ। ਮਨੁੱਖੀ ਸੀਮਾਵਾਂ ਨੂੰ ਸਵੀਕਾਰਨਾ ਸਿੱਖੋ।
  • ਏ.ਆਈ. ਨੂੰ ਸਾਧਨ ਸਮਝੋ, ਮਾਲਕ ਜਾਂ ਰੋਲ-ਮਾਡਲ ਨਹੀ। ਅੱਜ ਕਈ ਲੋਕ ਮਸ਼ੀਨਾਂ ਅਤੇ ਐਲਗੋਰਿਦਮਾਂ ਦੇ ਫ਼ੈਸਲਿਆਂ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਰਹੇ ਹਨ। ਲੋਕ ਕੀ ਪੜ੍ਹਣਗੇ, ਕੀ ਖਰੀਦਣਗੇ, ਕਿਸ ਨਾਲ ਦੋਸਤੀ ਕਰਨਗੇ ਜਾਂ ਕਿਸ ਵਿਚਾਰ ਨੂੰ ਸਹੀ ਮੰਣਣਗੇ—ਇਹ ਸਭ ਕੁਝ ਐਲਗੋਰਿਦਮ ਪ੍ਰਭਾਵਿਤ ਕਰਨ ਲੱਗ ਪਏ ਹਨ।
  • ਡਿਜ਼ਿਟਲ ਸੰਸਾਰ ਵਿੱਚ ਰਹਿੰਦੇ-ਰਹਿੰਦੇ ਮਨੁੱਖ ਇਕੱਲਾਪਨ ਦਾ ਸ਼ਿਕਾਰ ਹੋ ਸਕਦਾ ਹੈ। ਸਕਰੀਨਾਂ ਨਾਲ ਜੁੜਨਾ ਆਸਾਨ ਹੈ, ਪਰ ਦਿਲਾਂ ਨਾਲ ਜੁੜਨਾ ਔਖਾ ਹੋ ਰਿਹਾ ਹੈ। ਅਸਲ ਖੁਸ਼ੀ ਪਰਿਵਾਰ, ਦੋਸਤੀ, ਸੰਗਤ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਮਿਲਦੀ ਹੈ। 'ਵਰਚੂਅਲ' ਦੁਨੀਆ ਕਦੇ ਵੀ ਅਸਲੀ ਮਨੁੱਖੀ ਸਾਥ ਦੀ ਥਾਂ ਨਹੀਂ ਲੈ ਸਕਦੀ। ਮਨੁੱਖ ਨੂੰ ਆਪਣੇ ਬੱਚਿਆਂ, ਮਾਪਿਆਂ, ਦੋਸਤਾਂ ਅਤੇ ਸਮਾਜ ਨਾਲ ਜੀਵੰਤ ਸੰਬੰਧ ਬਣਾਈ ਰੱਖਣੇ ਚਾਹੀਦੇ ਹਨ।
  • ਅੱਜ ਦਾ ਯੁੱਗ ਹਰ ਚੀਜ਼ ਨੂੰ ਤਰੱਕੀ ਅਤੇ ਵਾਧੇ ਨਾਲ ਤੋਲ ਰਿਹਾ ਹੈ। ਜਿਹੜਾ ਮਨੁੱਖ ਤੇਜ਼ ਕੰਮ ਕਰੇ, ਵੱਧ ਪੈਸਾ ਕਮਾਏ ਜਾਂ ਵੱਧ ਨਤੀਜੇ ਦੇਵੇ, ਉਹੀ ਕਾਮਯਾਬ ਮੰਨਿਆ ਜਾਂਦਾ ਹੈ। ਪਰ ਪੋਪ ਇਸ ਸੋਚ ਨੂੰ ਅਧੂਰੀ ਮੰਨਦੇ ਹਨ। ਬਜ਼ੁਰਗ, ਬਿਮਾਰ, ਗਰੀਬ ਜਾਂ ਕਮਜ਼ੋਰ ਮਨੁੱਖ ਵੀ ਪੂਰੀ ਇਜ਼ਤ ਦੇ ਹੱਕਦਾਰ ਹਨ। ਮਨੁੱਖ ਦੀ ਕਦਰ ਉਸਦੀ ਕਮਾਈ ਜਾਂ ਉਤਪਾਦਕਤਾ ਨਾਲ ਨਹੀਂ ਹੋਣੀ ਚਾਹੀਦੀ। ਹਰ ਮਨੁੱਖ ਦੀ ਅੰਦਰੂਨੀ ਮਰਯਾਦਾ ਹੁੰਦੀ ਹੈ।
  • ਨਕਲਾਂ ਅਤੇ ਝੂਠੀਆਂ ਅਤੇ ਤੋੜੀਆਂ-ਮਰੋੜੀਆਂ ਖਬਰਾਂ ਤੋਂ ਸਾਵਧਾਨ ਰਹੋ। ਆਮ ਮਨੁੱਖ ਸੋਚ-ਵਿਚਾਰ ਕਰੇ, ਸੱਚ ਦੀ ਜਾਂਚ ਕਰੇ ਅਤੇ ਗੁੱਸੇ ਜਾਂ ਨਫ਼ਰਤ ਫੈਲਾਉਣ ਵਾਲੇ ਸੰਦੇਸ਼ਾਂ ਤੋਂ ਸਾਵਧਾਨ ਰਹੇ। ਡਿਜ਼ਿਟਲ ਦੁਨੀਆ ਵਿੱਚ ਵੀ ਨੈਤਿਕਤਾ ਅਤੇ ਸੱਚਾਈ ਦੀ ਲੋੜ ਹੈ।
  • ਮਿਹਨਤ ਦੀ ਕਦਰ ਲਾਜ਼ਮੀ ਹੈ। ਆਟੋਮੇਸ਼ਨ ਅਤੇ ਏ.ਆਈ. ਕਾਰਨ ਕਈ ਰਵਾਇਤੀ ਨੌਕਰੀਆਂ ਖ਼ਤਰੇ ਵਿੱਚ ਹਨ। ਪੋਪ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ। ਉਹ ਕਹਿੰਦੇ ਹਨ ਕਿ ਸਮਾਜ ਦਾ ਫ਼ਰਜ਼ ਹੈ ਕਿ ਮਜ਼ਦੂਰਾਂ ਅਤੇ ਆਮ ਕਰਮਚਾਰੀਆਂ ਦੀ ਸੁਰੱਖਿਆ ਕੀਤੀ ਜਾਵੇ। ਨਵੀਂ ਤਕਨਾਲੋਜੀ ਨਾਲ਼ ਨਵੇ ਹੁਨਰ ਸਿੱਖਣੇ ਚਾਹੀਦੇ ਹਨ ਪਰ ਇਸ ਦੇ ਨਾਲ ਮਨੁੱਖੀ ਮਿਹਨਤ ਦੀ ਇਜ਼ਤ ਵੀ ਕਾਇਮ ਰਹਿਣੀ ਚਾਹੀਦੀ ਹੈ। ਕੋਈ ਵੀ ਪ੍ਰਣਾਲੀ ਜੋ ਮਨੁੱਖ ਦਾ ਬਦਲ ਬਣਦੀ ਹੈ, ਉਹ ਖ਼ਤਰਨਾਕ ਹੈ।
  • ਦੁੱਖ, ਹਮਦਰਦੀ, ਧੀਰਜ ਅਤੇ ਪਿਆਰ—ਇਹ ਗੁਣ ਮਨੁੱਖ ਨੂੰ ਮਨੁੱਖ ਬਣਾਉਂਦੇ ਹਨ। ਏ.ਆਈ. ਇਹ ਗੁਣ ਨਕਲ ਤਾਂ ਕਰ ਸਕਦੀ ਹੈ, ਪਰ ਅਸਲ ਵਿੱਚ ਇਨ੍ਹਾਂ ਅਨੁਸਾਰ ਜਿਉਂ ਨਹੀਂ ਸਕਦੀ। ਸਾਂਝੇ ਭਲੇ ਲਈ ਸੋਚੋ ਤਾਂ ਕਿ ਤਾਕਤ ਕੁਝ ਵੱਡੀਆਂ ਕੰਪਨੀਆਂ ਦੇ ਹੱਥਾਂ ਵਿੱਚ ਕੇਂਦਰਿਤ ਨਾ ਹੋ ਜਾਵੇ। ਜੇ ਇਹ ਤਕਨਾਲੋਜੀ ਸਿਰਫ਼ ਕੁਝ ਧਨਾਢ ਲੋਕਾਂ ਦੇ ਫ਼ਾਇਦੇ ਲਈ ਵਰਤੀ ਜਾਵੇਗੀ ਤਾਂ ਸਮਾਜ ਵਿੱਚ ਅਸਮਾਨਤਾ ਵਧੇਗੀ। ਆਮ ਮਨੁੱਖ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਤਕਨਾਲੋਜੀ ਸਿਰਫ਼ ਨਿੱਜੀ ਸਹੂਲਤ ਲਈ ਨਹੀਂ, ਸਗੋਂ ਪੂਰੇ ਸਮਾਜ ਦੇ ਭਲੇ ਲਈ ਵਰਤੀ ਜਾਵੇ।
  • ਮਾਣਯੋਗ ਪੋਪ ਦਾ ਸੰਦੇਸ਼ ਬਹੁਤ ਸਪਸ਼ਟ ਹੈ— ਤਕਨਾਲੋਜੀ ਨੂੰ ਅਪਣਾਓ, ਪਰ ਆਪਣੀ ਮਨੁੱਖਤਾ ਨਾ ਗੁਆਓ।

ਪੰਜਾਬੀਆਂ ਲਈ ਖਾਸ:

  • ਨਿਰਸੰਦੇਹ ਇਸ ਫੁਰਮਾਨ ਦੀ ਭਾਸ਼ਾ ਅਤੇ ਵਿਚਾਰ ਬਹੁਤ ਗੂੜ੍ਹ ਹਨ ਫਿਰ ਵੀ ਪੰਜਾਬੀ ਪਾਠਕਾਂ ਵਲੋਂ ਇਸ ਦਾ ਮੂਲ ਰੂਪ 'ਚ ਅਧਿਐਨ ਕਰਨਾ ਬਹੁਤ ਲਾਹੇਵੰਦ ਹੈ। ਲੇਖਕ ਦੀ ਸਮਝ ਅਨੁਸਾਰ ਇਸ ਦਾ ਪੰਜਾਬੀ ਅਨੁਵਾਦ ਪੰਜਾਬੀ ਭਾਸ਼ਾ ਦੇ ਡੈਟਾਬੇਸ ਅਤੇ 'ਲਾਰਜ ਲੈਂਗੂਏਜ ਮਾਡਲ' ਨੂੰ ਹੋਰ ਅਮੀਰ ਕਰ ਸਕਦਾ ਹੈ।
  • ਇਹ ਫੁਰਮਾਨ ਕੇਵਲ ਕੈਥੋਲਿਕ ਚਰਚ ਦਾ ਧਾਰਮਿਕ ਦਸਤਾਵੇਜ਼ ਨਹੀਂ, ਸਗੋਂ 21ਵੀਂ ਸਦੀ ਵਿੱਚ ਮਨੁੱਖ ਅਤੇ ਤਕਨਾਲੋਜੀਆਂ ਦੇ ਰਿਸ਼ਤੇ ਬਾਰੇ ਇੱਕ ਦਰਸ਼ਨ-ਮੀਮਾਂਸਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਤਕਨਾਲੋਜੀ ਦੀ ਅਸਲ ਕਦਰ ਤਦ ਹੀ ਹੈ ਜੇ ਉਹ ਮਨੁੱਖੀ ਮਰਯਾਦਾ, ਦਇਆ, ਸਮਾਜਿਕ ਨਿਆਂ ਅਤੇ ਸੇਵਾ ਕਰੇ। ਇਨ੍ਹਾਂ ਵਿਚਾਰਾਂ ਦੇ ਬਹੁਤੇ ਪੱਖ ਗੁਰਮਤ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੇ ਹਨ।
  • ਸਿੱਖ ਧਰਮ ਦੇ ਵਿਦਵਾਨ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀ 'ਐਨਸਾਈਕਲੀਕਲ' ਦੀ ਤਰਜ 'ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੀ ਅੱਜ ਦੇ ਸੰਦਰਭ 'ਚ ਵਿਆਖਿਆ ਕਰਨ ਬਾਰੇ ਵਿਚਾਰ ਕਰ ਸਕਦੇ ਹਨ।
  • ਪੰਜਾਬੀ ਭਾਸ਼ਾ ਦੇ ਵਿਦਵਾਨ, ਗੂੜ੍ਹ-ਗਿਆਨ ਦੇ ਇਸ ਦਸਤਾਵੇਜ਼ 'ਚੋਂ ਨਵੇਂ ਸ਼ਬਦ ਅਤੇ ਸੰਕਲਪ ਗ੍ਰਹਿਣ ਕਰਨ ਲਈ ਵਿਚਾਰ ਕਰ ਸਕਦੇ ਹਨ।
  • ਅੰਤ ਵਿੱਚ ਪੋਪ ਦੇ ਫੁਰਮਾਨ ਦਾ ਸਾਰ-ਤੱਤ ਬਹੁਤ ਸਪਸ਼ਟ ਹੈ। ਤਕਨਾਲੋਜੀ ਮਨੁੱਖੀ ਜੀਵਨ ਨੂੰ ਸੁਖਾਲਾ ਬਣਾ ਸਕਦੀ ਹੈ, ਪਰ ਮਨੁੱਖੀ ਮਰਯਾਦਾ, ਦਇਆ, ਸਚਾਈ ਅਤੇ ਰੂਹਾਨੀ ਚੇਤਨਾ ਦਾ ਬਦਲ ਨਹੀਂ ਬਣ ਸਕਦੀ। ਇਹ ਫੁਰਮਾਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਤਕਨਾਲੋਜੀ ਕੇਵਲ ਤਕਨਾਲੋਜੀ ਨਹੀਂ ਹੁੰਦੀ; ਇਸ ਨਾਲ ਸਾਡਾ ਸਮੁੱਚਾ ਜੀਵਨ ਵੀ ਜੁੜਿਆ ਹੁੰਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ।

ਇੰਜ ਈਸ਼ਰ ਸਿੰਘ ਪੰਜਾਬ ਰਾਜ ਬਿਜਲੀ ਬੋਰਡ ’ਚੋਂ ਚੀਫ਼ ਇੰਜੀਨੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਆਪ ਬਿਜਲੀ ਮਹਿਕਮੇ ਦੇ ਦੋ ਅਹਿਮ ਖੇਤਰਾਂ, ਓਪਰੇਸ਼ਨ ਅਤੇ ਵਿਜੀਲੈਂਸ ਦੇ ਵਿਸ਼ੇਸ਼ਗ ਸਮਝੇ ਜਾਂਦੇ ਸਨ। ਸਰਵਿਸ ਦੌਰਾਨ ਆਪ ਨੂੰ ਯੂ ਐੱਨ ਓ ਦੀ ਇੱਕ ਖਾਸ ਸਕੀਮ ਅਧੀਨ 'ਹਾਇਰ ਮੈਨੇਜਮੈਂਟ ਕਨਸਲਟੈਂਸੀ' ਦੀ ਟ੍ਰੈਨਿੰਗ ਕਰਨ ਦਾ ਮੌਕਾ ਮਿਲਿਆ ਜਿਸ ਦੇ ਆਧਾਰ ਤੇ ਆਪ ਨੇ ਮਹਿਕਮੇ ’ਚ ਇੱਕ ਪੁਰਾਣੀ ਗੁੰਝਲ਼ਦਾਰ ਤਕਨੀਕੀ ਸਮੱਸਿਆ ਦਾ ਹੱਲ ਕੀਤਾ ਜਿਸ ਨੂੰ ਭਾਰਤ ਦੇ ਕਈ ਹੋਰ ਬਿਜਲੀ ਬੋਰਡਾਂ ’ਚ ਵੀ ਸਲਾਹਿਆ ਗਿਆ। ਓਦੋਂ ਤੋਂ ਹੀ ਮੈਨੇਜਮੈਂਟ ਅਤੇ ਬਿਜਲੀ ਖੇਤਰਾਂ ’ਚ ਯੂ ਐੱਨ ਓ ਨਾਲ਼ ਜੁੜੇ ਹਨ। ਅੱਜ ਕਲ੍ਹ ਵਿਗਿਆਨਕ ਕਿਸਮ ਦੇ ਲੇਖਾਂ ਰਾਹੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ। ਇਸ ਦੇ ਨਾਲ਼ ਹੀ 21 ਕਿਲੋਮੀਟਰ ਦੇ ਵਾਕਿੰਗ ਸਮਾਗਮਾਂ ’ਚ ਹਿੱਸਾ ਲੈਂਦੇ ਹਨ। ਇਸ 15 ਅਪ੍ਰੈਲ ਨੂੰ ਸੀ ਐੱਨ ਟਾਵਰ ਦੀਆਂ 1,776 ਪੌੜੀਆਂ ਚੜ੍ਹਨ ਦੇ ਮੁਕਾਬਲੇ ’ਚ ਆਪਣੇ ਏਜ-ਗਰੁੱਪ ’ਚ ਪਹਿਲੇ ਨੰਬਰ ਤੇ ਰਹੇ ਹਨ।

renewableenergy
ਖੋਜ ਨਿਬੰਧ

ਨਵਿਆਉਣਯੋਗ ਊਰਜਾ ਅਤੇ ਊਰਜਾ ਸੰਗ੍ਰਹਿ: ਹਰਿਆਲੇ ਭਵਿੱਖ ਦੀ ਨਵੀਂ ਦਿਸ਼ਾ

ਡਾ. ਪ੍ਰੀਤ ਕੌਰ

ਆਧੁਨਿਕ ਯੁੱਗ ਵਿੱਚ ਊਰਜਾ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ ਅਤੇ ਇਹ ਲੋੜ ਲਗਾਤਾਰ ਵਧਦੀ ਜਾ ਰਹੀ ਹੈ। ਘਰਾਂ ਵਿੱਚ ਵਰਤੀ ਜਾਣ ਵਾਲੀ ਬਿਜਲੀ ਤੋਂ ਲੈ ਕੇ ਉਦਯੋਗਾਂ, ਆਵਾਜਾਈ, ਸੰਚਾਰ, ਖੇਤੀਬਾੜੀ ਅਤੇ ਤਕਨਾਲੋਜੀ ਦੇ ਖੇਤਰ ਤੱਕ ਹਰ ਥਾਂ ਊਰਜਾ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਮਨੁੱਖਤਾ ਕੋਲਾ, ਪੈਟਰੋਲ, ਡੀਜ਼ਲ ਅਤੇ ਪ੍ਰਾਕ੍ਰਿਤਿਕ ਗੈਸ ਵਰਗੇ ਰਵਾਇਤੀ ਊਰਜਾ ਸਰੋਤਾਂ ਤੇ ਨਿਰਭਰ ਰਹੀ ਹੈ। ਰਵਾਇਤੀ ਊਰਜਾ ਸਰੋਤ ਪ੍ਰਕਿਰਤੀ ਵਿੱਚ ਸੀਮਿਤ ਹਨ ਅਤੇ ਤੇਜ਼ੀ ਨਾਲ ਘੱਟ ਰਹੇ ਹਨ। ਇਸ ਤੋਂ ਇਲਾਵਾ, ਇਹ ਸਰੋਤ ਗੰਭੀਰ ਵਾਤਾਵਰਣਕ ਸਮੱਸਿਆਵਾਂ ਪੈਦਾ ਕਰ ਰਹੇ ਹਨ । ਇਹਨਾਂ ਦੀ ਵਰਤੋਂ ਨਾਲ ਵਾਤਾਵਰਣ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਲਈ ਅੱਜ ਸੰਸਾਰ ਨੂੰ ਐਸੇ ਊਰਜਾ ਸਰੋਤਾਂ ਦੀ ਲੋੜ ਹੈ ਜੋ ਸਾਫ਼, ਸੁਰੱਖਿਅਤ, ਟਿਕਾਊ ਅਤੇ ਵਾਤਾਵਰਣ-ਅਨੁਕੂਲ ਹੋਣ। ਇੱਥੇ ਹੀ ਨਵਿਆਉਣਯੋਗ ਊਰਜਾ ਦੀ ਮਹੱਤਤਾ ਵੱਧ ਜਾਂਦੀ ਹੈ।

ਨਵਿਆਉਣਯੋਗ ਊਰਜਾ ਆਧੁਨਿਕ ਯੁੱਗ ਦੀ ਸਭ ਤੋਂ ਮਹੱਤਵਪੂਰਨ ਲੋੜ ਬਣ ਚੁੱਕੀ ਹੈ । ਨਵਿਆਉਣਯੋਗ ਊਰਜਾ ਉਹ ਊਰਜਾ ਹੈ ਜੋ ਕੁਦਰਤੀ ਤੌਰ ਤੇ ਮੁੜ ਪ੍ਰਾਪਤ ਹੋ ਸਕਦੀ ਹੈ ਅਤੇ ਜਿਸਦਾ ਸਰੋਤ ਖਤਮ ਨਹੀਂ ਹੁੰਦਾ। ਸੂਰਜੀ ਊਰਜਾ, ਪੌਣ ਊਰਜਾ, ਜਲ-ਊਰਜਾ, ਬਾਇਓਮਾਸ ਅਤੇ ਭੂ-ਤਾਪੀ ਊਰਜਾ ਇਸ ਦੇ ਮੁੱਖ ਉਦਾਹਰਨ ਹਨ। ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅੱਜ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਊਰਜਾ ਏਜੰਸੀਆਂ ਵੱਲੋਂ ਭਵਿੱਖ ਦੀ ਸਾਫ਼ ਅਤੇ ਟਿਕਾਊ ਊਰਜਾ ਪ੍ਰਣਾਲੀ ਦਾ ਆਧਾਰ ਮੰਨਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਅਤੇ ਵੱਖ-ਵੱਖ ਊਰਜਾ ਵਿਭਾਗਾਂ ਦੇ ਅਨੁਸਾਰ ਸੂਰਜੀ, ਪੌਣ, ਜਲ-ਊਰਜਾ ਅਤੇ ਬਾਇਓਮਾਸ ਵਰਗੇ ਸਰੋਤ ਨਾ ਸਿਰਫ਼ ਕਾਰਬਨ ਨਿਕਾਸ ਨੂੰ ਘਟਾਉਂਦੇ ਹਨ, ਸਗੋਂ ਗਲੋਬਲ ਵਾਰਮਿੰਗ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਖੋਜ ਰਿਪੋਰਟਾਂ ਅਨੁਸਾਰ ਕਈ ਵਿਕਾਸਸ਼ੀਲ ਦੇਸ਼ਾਂ ਨੇ ਹਜ਼ਾਰਾਂ ਮੇਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਸਥਾਪਿਤ ਕੀਤੀ ਹੈ । ਇਸ ਦੇ ਨਾਲ ਹੀ ਦੁਨੀਆਂ ਭਰ ਵਿੱਚ ਨਵਿਆਉਣਯੋਗ ਊਰਜਾ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਰਕਾਰੀ ਊਰਜਾ ਏਜੰਸੀਆਂ ਦੇ ਅਨੁਸਾਰ ਸਾਫ਼ ਊਰਜਾ ਖੇਤਰ ਵਿੱਚ ਨਿਵੇਸ਼ ਤੇਜ਼ੀ ਨਾਲ ਵਧ ਰਿਹਾ ਹੈ ਕਿਉਂਕਿ ਇਹ ਊਰਜਾ ਸਰੋਤ ਘੱਟ ਰੱਖ-ਰਖਾਅ, ਵਾਤਾਵਰਣਕ ਲਾਭ ਅਤੇ ਲੰਬੇ ਸਮੇਂ ਦੀ ਊਰਜਾ ਸੁਰੱਖਿਆ ਪ੍ਰਦਾਨ ਕਰਦੇ ਹਨ। ਨਵਿਆਉਣਯੋਗ ਊਰਜਾ ਨਾ ਸਿਰਫ਼ ਵਾਤਾਵਰਣ ਦੀ ਰੱਖਿਆ ਕਰਦੀ ਹੈ, ਸਗੋਂ ਊਰਜਾ ਸੁਰੱਖਿਆ, ਆਰਥਿਕ ਵਿਕਾਸ ਅਤੇ ਟਿਕਾਊ ਭਵਿੱਖ ਲਈ ਵੀ ਬਹੁਤ ਮਹੱਤਵਪੂਰਨ ਹੈ।

ਪੌਣ ਊਰਜਾ ਆਧੁਨਿਕ ਸਮੇਂ ਵਿੱਚ ਸਭ ਤੋਂ ਮਹੱਤਵਪੂਰਨ ਨਵਿਆਉਣਯੋਗ ਊਰਜਾ ਸਰੋਤਾਂ ਵਿੱਚੋਂ ਇੱਕ ਹੈ ਜੋ ਵਿਸ਼ਵ ਪੱਧਰ ਤੇ ਵਧ ਰਹੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਹ ਊਰਜਾ ਹਵਾ ਦੀ ਗਤੀ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਪੌਣ ਚੱਕੀਆਂ (ਵਿੰਡ ਟਰਬਾਈਨਾਂ) ਦੀ ਮਦਦ ਨਾਲ ਬਿਜਲੀ ਵਿੱਚ ਤਬਦੀਲ ਕੀਤੀ ਜਾਂਦੀ ਹੈ। ਜਦੋਂ ਹਵਾ ਤੇਜ਼ੀ ਨਾਲ ਪੌਣ ਚੱਕੀਆਂ ਦੇ ਬਲੇਡਾਂ ਨੂੰ ਘੁੰਮਾਉਂਦੀ ਹੈ ਤਾਂ ਮਕੈਨੀਕਲ ਊਰਜਾ ਪੈਦਾ ਹੁੰਦੀ ਹੈ, ਜਿਸਨੂੰ ਜਨਰੇਟਰ ਰਾਹੀਂ ਬਿਜਲਈ ਊਰਜਾ ਵਿੱਚ ਬਦਲ ਦਿੱਤਾ ਜਾਂਦਾ ਹੈ। ਪੌਣ ਊਰਜਾ ਨੂੰ ਇੱਕ ਸਾਫ਼ ਅਤੇ ਵਾਤਾਵਰਣ-ਅਨੁਕੂਲ ਊਰਜਾ ਸਰੋਤ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਵਰਤੋਂ ਦੌਰਾਨ ਕਿਸੇ ਵੀ ਪ੍ਰਕਾਰ ਦੀ ਹਾਨੀਕਾਰਕ ਗੈਸ ਜਾਂ ਕਾਰਬਨ ਡਾਈਆਕਸਾਈਡ ਦਾ ਨਿਕਾਸ ਨਹੀਂ ਹੁੰਦਾ। ਦੁਨੀਆ ਭਰ ਵਿੱਚ ਵੱਡੇ ਪੱਧਰ ’ਤੇ ਵਿੰਡ ਫਾਰਮ ਸਥਾਪਿਤ ਕੀਤੇ ਜਾ ਰਹੇ ਹਨ ਜੋ ਹਜ਼ਾਰਾਂ ਮੇਗਾਵਾਟ ਬਿਜਲੀ ਉਤਪੰਨ ਕਰ ਰਹੇ ਹਨ। ਖੋਜ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਪੌਣ ਊਰਜਾ ਦੀ ਸਥਾਪਿਤ ਸਮਰੱਥਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਇਹ ਊਰਜਾ ਖੇਤਰ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਤਕਨਾਲੋਜੀਆਂ ਵਿੱਚੋਂ ਇੱਕ ਬਣ ਚੁੱਕੀ ਹੈ। ਪੌਣ ਊਰਜਾ ਦੀ ਵਰਤੋਂ ਘਰੇਲੂ ਬਿਜਲੀ ਉਤਪਾਦਨ, ਉਦਯੋਗਾਂ, ਸਿੰਚਾਈ ਪ੍ਰਣਾਲੀਆਂ, ਪਾਣੀ ਪੰਪਿੰਗ ਅਤੇ ਦੂਰ-ਦਰਾਜ਼ ਖੇਤਰਾਂ ਵਿੱਚ ਬਿਜਲੀ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਸਮੁੰਦਰੀ ਖੇਤਰਾਂ ਵਿੱਚ ਸਮੁੰਦਰੀ (ਆਫ਼ਸ਼ੋਰ) ਵਿੰਡ ਫਾਰਮ ਵੀ ਵਿਕਸਿਤ ਕੀਤੇ ਜਾ ਰਹੇ ਹਨ ਜਿੱਥੇ ਹਵਾ ਦੀ ਗਤੀ ਵੱਧ ਹੋਣ ਕਾਰਨ ਬਿਜਲੀ ਉਤਪਾਦਨ ਹੋਰ ਪ੍ਰਭਾਵਸ਼ਾਲੀ ਹੁੰਦਾ ਹੈ। ਪੌਣ ਊਰਜਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇੱਕ ਅਖੁੱਟ ਅਤੇ ਟਿਕਾਊ ਸਰੋਤ ਹੈ ਜੋ ਰਵਾਇਤੀ ਬਾਲਣਾਂ ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰਦਾ ਹੈ। ਹਾਲਾਂਕਿ ਇਸ ਦੀ ਉਤਪਾਦਨ ਸਮਰੱਥਾ ਹਵਾ ਦੀ ਗਤੀ ਤੇ ਨਿਰਭਰ ਕਰਦੀ ਹੈ ਅਤੇ ਵੱਡੇ ਪੱਧਰ ਤੇ ਵਿੰਡ ਟਰਬਾਈਨਾਂ ਦੀ ਸਥਾਪਨਾ ਲਈ ਖੁੱਲ੍ਹੇ ਖੇਤਰਾਂ ਦੀ ਲੋੜ ਹੁੰਦੀ ਹੈ, ਫਿਰ ਵੀ ਇਹ ਤਕਨਾਲੋਜੀ ਭਵਿੱਖ ਦੀ ਸਾਫ਼ ਅਤੇ ਹਰਿਆਲੀ ਊਰਜਾ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਵਿਗਿਆਨੀ ਅਤੇ ਊਰਜਾ ਏਜੰਸੀਆਂ ਲਗਾਤਾਰ ਵਧੀਆ ਕੁਸ਼ਲਤਾ ਵਾਲੀਆਂ ਵਿੰਡ ਟਰਬਾਈਨਾਂ ਅਤੇ ਮਿਸ਼੍ਰਿਤ (ਹਾਈਬ੍ਰਿਡ) ਊਰਜਾ ਪ੍ਰਣਾਲੀਆਂ ਤੇ ਕੰਮ ਕਰ ਰਹੇ ਹਨ ਤਾਂ ਜੋ ਪੌਣ ਊਰਜਾ ਨੂੰ ਹੋਰ ਭਰੋਸੇਯੋਗ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

ਜਲ-ਊਰਜਾ ਨਵਿਆਉਣਯੋਗ ਊਰਜਾ ਦਾ ਇੱਕ ਮਹੱਤਵਪੂਰਨ ਅਤੇ ਸਭ ਤੋਂ ਪੁਰਾਣਾ ਸਰੋਤ ਹੈ ਜੋ ਪਾਣੀ ਦੀ ਗਤੀ ਅਤੇ ਇਸ ਦੀ ਸੰਚਿਤ ਸੰਭਾਵੀ ਜਾਂ ਸਥਿਤਿਜ ਊਰਜਾ ਨੂੰ ਬਿਜਲੀ ਵਿੱਚ ਤਬਦੀਲ ਕਰਦਾ ਹੈ। ਇਹ ਊਰਜਾ ਮੁੱਖ ਤੌਰ ਤੇ ਦਰਿਆਵਾਂ, ਬੰਨ੍ਹਾਂ ਅਤੇ ਝਰਨਿਆਂ ਦੇ ਵਗਦੇ ਪਾਣੀ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਜਦੋਂ ਪਾਣੀ ਉੱਚਾਈ ਤੋਂ ਹੇਠਾਂ ਵਗਦਾ ਹੈ ਤਾਂ ਇਸ ਦੀ ਗਤੀ ਟਰਬਾਈਨਾਂ ਨੂੰ ਘੁੰਮਾਉਂਦੀ ਹੈ ਅਤੇ ਇਹ ਟਰਬਾਈਨਾਂ ਜਨਰੇਟਰਾਂ ਦੀ ਮਦਦ ਨਾਲ ਬਿਜਲਈ ਊਰਜਾ ਪੈਦਾ ਕਰਦੀਆਂ ਹਨ। ਜਲ-ਊਰਜਾ ਨੂੰ ਸਭ ਤੋਂ ਸਾਫ਼ ਅਤੇ ਭਰੋਸੇਯੋਗ ਊਰਜਾ ਸਰੋਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਹਵਾ ਪ੍ਰਦੂਸ਼ਣ ਜਾਂ ਕਾਰਬਨ ਡਾਈਆਕਸਾਈਡ ਦਾ ਨਿਕਾਸ ਬਹੁਤ ਘੱਟ ਹੁੰਦਾ ਹੈ। ਵਿਸ਼ਵ ਪੱਧਰ ਤੇ ਜਲ-ਬਿਜਲੀ ਪ੍ਰਾਜੈਕਟ ਬਿਜਲੀ ਉਤਪਾਦਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਅਤੇ ਕਈ ਦੇਸ਼ ਆਪਣੀ ਬਿਜਲੀ ਦੀ ਵੱਡੀ ਲੋੜ ਜਲ-ਊਰਜਾ ਰਾਹੀਂ ਪੂਰੀ ਕਰਦੇ ਹਨ। ਜਲ-ਬਿਜਲੀ ਸਟੇਸ਼ਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਲੰਬੇ ਸਮੇਂ ਤੱਕ ਨਿਰੰਤਰ ਅਤੇ ਵੱਡੇ ਪੱਧਰ ਤੇ ਬਿਜਲੀ ਉਤਪੰਨ ਕਰ ਸਕਦੇ ਹਨ। ਇਸ ਦੇ ਨਾਲ ਹੀ ਜਲਾਸ਼ਯਾਂ ਵਿੱਚ ਪਾਣੀ ਸੰਭਾਲ ਕੇ ਸਿੰਚਾਈ, ਪੀਣ ਵਾਲੇ ਪਾਣੀ ਅਤੇ ਹੜ੍ਹਾਂ ਦੇ ਨਿਯੰਤਰਣ ਲਈ ਵੀ ਵਰਤਿਆ ਜਾਂਦਾ ਹੈ। ਛੋਟੇ ਪੱਧਰ ਦੇ ਮਾਈਕ੍ਰੋ ਹਾਈਡਰੋ ਪ੍ਰਾਜੈਕਟ ਦੂਰ-ਦਰਾਜ਼ ਪਹਾੜੀ ਖੇਤਰਾਂ ਵਿੱਚ ਬਿਜਲੀ ਪਹੁੰਚਾਉਣ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੇ ਹਨ। ਹਾਲਾਂਕਿ ਵੱਡੇ ਬੰਨ੍ਹਾਂ ਦੀ ਨਿਰਮਾਣ ਪ੍ਰਕਿਰਿਆ ਦੌਰਾਨ ਵਾਤਾਵਰਣ ਅਤੇ ਜੈਵਿਕ ਵਿਭਿੰਨਤਾ ਤੇ ਕੁਝ ਪ੍ਰਭਾਵ ਪੈ ਸਕਦੇ ਹਨ, ਪਰ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਇਨ੍ਹਾਂ ਪ੍ਰਭਾਵਾਂ ਨੂੰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਜ ਜਲ-ਊਰਜਾ ਸਾਫ਼, ਟਿਕਾਊ ਅਤੇ ਘੱਟ ਲਾਗਤ ਵਾਲੀ ਬਿਜਲੀ ਉਤਪਾਦਨ ਲਈ ਇੱਕ ਮਹੱਤਵਪੂਰਨ ਵਿਕਲਪ ਮੰਨੀ ਜਾਂਦੀ ਹੈ ਅਤੇ ਭਵਿੱਖ ਵਿੱਚ ਵਿਸ਼ਵ ਦੀ ਊਰਜਾ ਸੁਰੱਖਿਆ ਅਤੇ ਵਾਤਾਵਰਣ ਸੰਰੱਖਣ ਵਿੱਚ ਇਸ ਦੀ ਭੂਮਿਕਾ ਹੋਰ ਵੀ ਵੱਧਣ ਦੀ ਸੰਭਾਵਨਾ ਹੈ।

ਬਾਇਓਮਾਸ ਊਰਜਾ ਇੱਕ ਮਹੱਤਵਪੂਰਨ ਨਵਿਆਉਣਯੋਗ ਊਰਜਾ ਸਰੋਤ ਹੈ ਜੋ ਪੌਦਿਆਂ ਅਤੇ ਜੈਵਿਕ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ। ਇਸ ਵਿੱਚ ਖੇਤੀਬਾੜੀ ਬਚਤ, ਲੱਕੜ, ਪਸ਼ੂਆਂ ਦਾ ਕੂੜਾ, ਖਾਦ ਸਮੱਗਰੀ ਅਤੇ ਉਦਯੋਗਿਕ ਜੈਵਿਕ ਕੂੜਾ ਸ਼ਾਮਲ ਹੁੰਦਾ ਹੈ। ਬਾਇਓਮਾਸ ਨੂੰ ਸਾੜ ਕੇ ਜਾਂ ਬਾਇਓਗੈਸ ਵਿੱਚ ਤਬਦੀਲ ਕਰਕੇ ਗਰਮੀ ਅਤੇ ਬਿਜਲੀ ਉਤਪੰਨ ਕੀਤੀ ਜਾਂਦੀ ਹੈ। ਵਿਗਿਆਨਕ ਅਧਿਐਨਾਂ ਅਨੁਸਾਰ ਬਾਇਓਮਾਸ ਊਰਜਾ ਵਾਤਾਵਰਣ ਲਈ ਘੱਟ ਹਾਨੀਕਾਰਕ ਹੈ ਕਿਉਂਕਿ ਇਸ ਵਿੱਚ ਵਰਤੇ ਜਾਣ ਵਾਲੇ ਪਦਾਰਥ ਸਥਾਨਕ ਪੱਧਰ ਤੇ ਵੱਡੀ ਮਾਤਰਾ ਵਿੱਚ ਉਪਲਬਧ ਹੁੰਦੇ ਹਨ ਅਤੇ ਕਾਰਬਨ ਨਿਕਾਸ ਨੂੰ ਘਟਾਉਣ ਵਿੱਚ ਸਹਾਇਕ ਹਨ। ਊਰਜਾ ਏਜੰਸੀਆਂ ਦੇ ਅਨੁਸਾਰ ਬਾਇਓਮਾਸ ਤੋਂ ਵੱਡੇ ਪੱਧਰ ਤੇ ਬਿਜਲੀ ਉਤਪਾਦਨ ਦੀ ਸੰਭਾਵਨਾ ਮੌਜੂਦ ਹੈ ਅਤੇ ਕਈ ਦੇਸ਼ ਇਸ ਤਕਨਾਲੋਜੀ ਨੂੰ ਸਾਫ਼ ਊਰਜਾ ਉਤਪਾਦਨ ਲਈ ਅਪਣਾ ਰਹੇ ਹਨ। ਬਾਇਓਮਾਸ ਊਰਜਾ ਦਾ ਉਪਯੋਗ ਬਿਜਲੀ ਉਤਪਾਦਨ, ਰਸੋਈ ਗੈਸ, ਉਦਯੋਗਿਕ ਤਾਪ ਪ੍ਰਣਾਲੀਆਂ ਅਤੇ ਪਿੰਡਾਂ ਵਿੱਚ ਊਰਜਾ ਦੀ ਲੋੜ ਪੂਰੀ ਕਰਨ ਲਈ ਕੀਤਾ ਜਾਂਦਾ ਹੈ। ਇਹ ਊਰਜਾ ਸਰੋਤ ਕਚਰੇ ਦੇ ਪ੍ਰਬੰਧਨ ਅਤੇ ਟਿਕਾਊ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਭੂ-ਤਾਪੀ (Geothermal) ਊਰਜਾ ਨਵਿਆਉਣਯੋਗ ਊਰਜਾ ਦਾ ਇੱਕ ਮਹੱਤਵਪੂਰਨ ਅਤੇ ਵਾਤਾਵਰਣ-ਅਨੁਕੂਲ ਸਰੋਤ ਹੈ ਜੋ ਧਰਤੀ ਦੇ ਅੰਦਰ ਮੌਜੂਦ ਤਾਪ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਧਰਤੀ ਦੇ ਕੇਂਦਰ ਵਿੱਚ ਮੌਜੂਦ ਗਰਮ ਪਿਘਲੇ ਪਦਾਰਥ ਅਤੇ ਰੇਡੀਓਧਰਮੀ ਤੱਤਾਂ ਦੇ ਵਿਘਟਨ ਕਾਰਨ ਬਹੁਤ ਜ਼ਿਆਦਾ ਤਾਪ ਉਤਪੰਨ ਹੁੰਦਾ ਹੈ। ਇਸ ਤਾਪ ਨੂੰ ਭੂ-ਤਾਪੀ ਬਿਜਲੀ ਘਰਾਂ ਵਿੱਚ ਵਰਤ ਕੇ ਬਿਜਲੀ ਅਤੇ ਤਾਪ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ। ਜਦੋਂ ਧਰਤੀ ਦੇ ਅੰਦਰਲੇ ਗਰਮ ਪਾਣੀ ਜਾਂ ਭਾਫ਼ ਨੂੰ ਪਾਈਪਾਂ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਤਾਂ ਇਹ ਟਰਬਾਈਨਾਂ ਨੂੰ ਘੁੰਮਾਉਂਦੀ ਹੈ ਅਤੇ ਜਨਰੇਟਰਾਂ ਦੀ ਮਦਦ ਨਾਲ ਬਿਜਲੀ ਪੈਦਾ ਹੁੰਦੀ ਹੈ। ਭੂ-ਤਾਪੀ ਊਰਜਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਨਿਰੰਤਰ ਉਪਲਬਧ ਰਹਿੰਦੀ ਹੈ ਅਤੇ ਮੌਸਮੀ ਹਾਲਾਤਾਂ ਤੇ ਘੱਟ ਨਿਰਭਰ ਕਰਦੀ ਹੈ, ਇਸ ਲਈ ਇਸਨੂੰ ਇੱਕ ਭਰੋਸੇਯੋਗ ਊਰਜਾ ਸਰੋਤ ਮੰਨਿਆ ਜਾਂਦਾ ਹੈ। ਇਸ ਤਕਨਾਲੋਜੀ ਦੀ ਵਰਤੋਂ ਬਿਜਲੀ ਉਤਪਾਦਨ ਤੋਂ ਇਲਾਵਾ ਘਰਾਂ ਅਤੇ ਉਦਯੋਗਾਂ ਦੀ ਹੀਟਿੰਗ, ਗ੍ਰੀਨਹਾਊਸ ਖੇਤੀ ਅਤੇ ਗਰਮ ਪਾਣੀ ਪ੍ਰਣਾਲੀਆਂ ਵਿੱਚ ਵੀ ਕੀਤੀ ਜਾਂਦੀ ਹੈ। ਵਿਗਿਆਨਕ ਅਧਿਐਨਾਂ ਅਨੁਸਾਰ ਭੂ-ਤਾਪੀ ਊਰਜਾ ਘੱਟ ਕਾਰਬਨ ਨਿਕਾਸ ਵਾਲੀ ਸਾਫ਼ ਊਰਜਾ ਹੈ ਜੋ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਹਾਲਾਂਕਿ ਭੂ-ਤਾਪੀ ਊਰਜਾ ਪ੍ਰਾਜੈਕਟਾਂ ਦੀ ਸ਼ੁਰੂਆਤੀ ਲਾਗਤ ਵੱਧ ਹੋ ਸਕਦੀ ਹੈ ਅਤੇ ਇਹ ਕੇਵਲ ਉਹਨਾਂ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਹੁੰਦੀ ਹੈ ਜਿੱਥੇ ਧਰਤੀ ਦੇ ਅੰਦਰਲਾ ਤਾਪ ਵੱਧ ਮਾਤਰਾ ਵਿੱਚ ਉਪਲਬਧ ਹੋਵੇ, ਫਿਰ ਵੀ ਇਹ ਭਵਿੱਖ ਦੀ ਸਥਾਈ ਅਤੇ ਸਾਫ਼ ਊਰਜਾ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।

ਸੂਰਜੀ ਊਰਜਾ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਊਰਜਾ ਹੈ ਜੋ ਧਰਤੀ ਤੇ ਜੀਵਨ ਅਤੇ ਵਾਤਾਵਰਣ ਲਈ ਸਭ ਤੋਂ ਮਹੱਤਵਪੂਰਨ ਨਵਿਆਉਣਯੋਗ ਊਰਜਾ ਸਰੋਤਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਸੂਰਜ ਧਰਤੀ ਨੂੰ ਹਰ ਘੰਟੇ ਇੰਨੀ ਊਰਜਾ ਪ੍ਰਦਾਨ ਕਰਦਾ ਹੈ ਜੋ ਸੰਸਾਰ ਦੀ ਸਾਲਾਨਾ ਊਰਜਾ ਲੋੜ ਤੋਂ ਵੀ ਵੱਧ ਹੈ। ਸੂਰਜ ਤੋਂ ਨਿਕਲਣ ਵਾਲੀਆਂ ਕਿਰਣਾਂ ਤਾਪ ਅਤੇ ਰੌਸ਼ਨੀ ਦੇ ਰੂਪ ਵਿੱਚ ਧਰਤੀ ਤੱਕ ਪਹੁੰਚਦੀਆਂ ਹਨ ਅਤੇ ਇਨ੍ਹਾਂ ਨੂੰ ਸੂਰਜੀ ਸੈੱਲਾਂ ਜਾਂ ਫੋਟੋਵੋਲਟਿਕ ਤਕਨਾਲੋਜੀ ਦੀ ਮਦਦ ਨਾਲ ਬਿਜਲੀ ਵਿੱਚ ਤਬਦੀਲ ਕੀਤਾ ਜਾਂਦਾ ਹੈ। ਸੂਰਜੀ ਸੈੱਲ ਮੁੱਖ ਤੌਰ ਤੇ ਸੈਮੀਕੰਡਕਟਰ ਪਦਾਰਥਾਂ ਜਿਵੇਂ ਸਿਲਿਕਾਨ ਤੋਂ ਬਣਾਏ ਜਾਂਦੇ ਹਨ। ਜਦੋਂ ਸੂਰਜ ਦੀ ਰੌਸ਼ਨੀ ਸੈੱਲ ਦੀ ਸਤ੍ਹਾ ਤੇ ਪੈਂਦੀ ਹੈ ਤਾਂ ਫੋਟਾਨ ਇਲੈਕਟ੍ਰਾਨਾਂ ਨੂੰ ਉਤਸਾਹਿਤ ਕਰਦੀ ਹੈ। ਇਸ ਕਾਰਨ ਇਲੈਕਟ੍ਰਾਨ ਚਲਣ ਲੱਗਦੇ ਹਨ ਅਤੇ ਬਿਜਲੀ ਧਾਰਾ ਪੈਦਾ ਹੁੰਦੀ ਹੈ। ਸੂਰਜੀ ਊਰਜਾ ਨੂੰ ਸਭ ਤੋਂ ਸਾਫ਼ ਅਤੇ ਵਾਤਾਵਰਣ-ਅਨੁਕੂਲ ਊਰਜਾ ਸਰੋਤ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਵਰਤੋਂ ਦੌਰਾਨ ਗ੍ਰੀਨਹਾਊਸ ਗੈਸਾਂ ਅਤੇ ਹਵਾ ਪ੍ਰਦੂਸ਼ਣ ਵਿੱਚ ਮਹੱਤਵਪੂਰਨ ਕਮੀ ਆਉਂਦੀ ਹੈ। ਆਧੁਨਿਕ ਸਮੇਂ ਵਿੱਚ ਸੂਰਜੀ ਊਰਜਾ ਦਾ ਉਪਯੋਗ ਘਰਾਂ, ਉਦਯੋਗਾਂ, ਖੇਤੀਬਾੜੀ, ਸੜਕ ਰੌਸ਼ਨੀ, ਪਾਣੀ ਗਰਮ ਕਰਨ ਅਤੇ ਅੰਤਰਿਕਸ਼ ਤਕਨਾਲੋਜੀ ਵਿੱਚ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਸਰਕਾਰੀ ਅਤੇ ਅੰਤਰਰਾਸ਼ਟਰੀ ਊਰਜਾ ਏਜੰਸੀਆਂ ਦੇ ਅਨੁਸਾਰ ਸੂਰਜੀ ਊਰਜਾ ਆਧਾਰਿਤ ਪ੍ਰਣਾਲੀਆਂ ਨੇ ਦੂਰ-ਦਰਾਜ਼ ਅਤੇ ਪਿੰਡਾਂ ਵਾਲੇ ਖੇਤਰਾਂ ਵਿੱਚ ਲੱਖਾਂ ਲੋਕਾਂ ਨੂੰ ਬਿਜਲੀ ਅਤੇ ਊਰਜਾ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਸੂਰਜੀ ਪੈਨਲਾਂ ਦੀ ਘੱਟ ਰੱਖ-ਰਖਾਅ, ਲੰਬੀ ਉਮਰ ਅਤੇ ਘੱਟ ਚਾਲੂ ਖਰਚ ਇਸਨੂੰ ਭਵਿੱਖ ਦੀ ਟਿਕਾਊ ਊਰਜਾ ਪ੍ਰਣਾਲੀ ਲਈ ਬਹੁਤ ਉਪਯੋਗੀ ਬਣਾਉਂਦੇ ਹਨ। ਵਿਗਿਆਨੀ ਅਤੇ ਖੋਜਕਾਰ ਸੂਰਜੀ ਸੈੱਲਾਂ ਦੀ ਕੁਸ਼ਲਤਾ ਵਧਾਉਣ ਲਈ ਨਵੀਆਂ ਤਕਨਾਲੋਜੀਆਂ ਜਿਵੇਂ ਪੈਰੋਵਸਕਾਈਟ (Perovskite)ਅਤੇ ਥਿਨ-ਫਿਲਮ ਸੂਰਜੀ ਸੈੱਲਾਂ ਤੇ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਸਾਫ਼ ਅਤੇ ਘੱਟ ਕਾਰਬਨ ਵਾਲੀ ਊਰਜਾ ਉਤਪਾਦਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਖੋਜ ਅਨੁਸਾਰ ਕਈ ਦੇਸ਼ਾਂ ਨੇ ਹਜ਼ਾਰਾਂ ਗਿਗਾਵਾਟ ਨਵਿਆਉਣਯੋਗ ਊਰਜਾ ਉਤਪਾਦਨ ਦੇ ਟੀਚੇ ਨਿਰਧਾਰਤ ਕੀਤੇ ਹਨ ਤਾਂ ਜੋ ਭਵਿੱਖ ਵਿੱਚ ਸਾਫ਼ ਅਤੇ ਟਿਕਾਊ ਊਰਜਾ ਪ੍ਰਣਾਲੀ ਵਿਕਸਿਤ ਕੀਤੀ ਜਾ ਸਕੇ।

ਊਰਜਾ ਸੰਗ੍ਰਹਿ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦਾ ਇੱਕ ਮਹੱਤਵਪੂਰਨ ਖੇਤਰ ਹੈ ਜਿਸ ਵਿੱਚ ਵਾਤਾਵਰਣ ਵਿੱਚ ਮੌਜੂਦ ਛੋਟੇ-ਛੋਟੇ ਊਰਜਾ ਸਰੋਤਾਂ ਤੋਂ ਊਰਜਾ ਇਕੱਠੀ ਕਰਕੇ ਉਸ ਨੂੰ ਵਰਤੋਂਯੋਗ ਬਿਜਲਈ ਊਰਜਾ ਵਿੱਚ ਤਬਦੀਲ ਕੀਤਾ ਜਾਂਦਾ ਹੈ। ਇਹ ਤਕਨਾਲੋਜੀ ਖਾਸ ਤੌਰ ’ਤੇ ਉਨ੍ਹਾਂ ਉਪਕਰਣਾਂ ਲਈ ਬਹੁਤ ਲਾਭਕਾਰੀ ਹੈ ਜਿੱਥੇ ਰਵਾਇਤੀ ਬੈਟਰੀਆਂ ਦੀ ਵਰਤੋਂ ਮੁਸ਼ਕਲ ਜਾਂ ਮਹਿੰਗੀ ਹੁੰਦੀ ਹੈ। ਊਰਜਾ ਸੰਗ੍ਰਹਿ ਵਿੱਚ ਸੂਰਜੀ ਊਰਜਾ, ਤਾਪ ਊਰਜਾ, ਮਕੈਨਿਕਲ ਕੰਪਨ, ਹਵਾਈ ਊਰਜਾ, ਰੇਡੀਓ ਆਵ੍ਰਿਤੀ (Frequency) ਤਰੰਗਾਂ ਅਤੇ ਮਨੁੱਖੀ ਗਤੀ ਤੋਂ ਮਿਲਣ ਵਾਲੀ ਊਰਜਾ ਨੂੰ ਵਰਤਿਆ ਜਾਂਦਾ ਹੈ। ਉਦਾਹਰਨ ਵਜੋਂ, ਸੂਰਜੀ ਸੈੱਲ ਸੂਰਜ ਦੀ ਰੌਸ਼ਨੀ ਨੂੰ ਬਿਜਲੀ ਵਿੱਚ ਬਦਲਦੇ ਹਨ, ਜਦਕਿ ਪਾਈਜ਼ੋਇਲੈਕਟ੍ਰਿਕ (Piezoelectric) ਪਦਾਰਥ ਦਬਾਅ ਜਾਂ ਕੰਪਨ ਤੋਂ ਬਿਜਲੀ ਪੈਦਾ ਕਰਦੇ ਹਨ। ਵਿਗਿਆਨਕ ਖੋਜਾਂ ਅਨੁਸਾਰ ਊਰਜਾ ਸੰਗ੍ਰਹਿ ਤਕਨਾਲੋਜੀਆਂ, ਵਾਇਰਲੈੱਸ ਸੈਂਸਰ ਨੈੱਟਵਰਕ, ਮੈਡੀਕਲ ਇੰਪਲਾਂਟ, ਸਮਾਰਟ ਘੜੀਆਂ ਅਤੇ ਪੋਰਟੇਬਲ ਇਲੈਕਟ੍ਰਾਨਿਕ ਉਪਕਰਣਾਂ ਵਿੱਚ ਵੱਡੇ ਪੱਧਰ ’ਤੇ ਵਰਤੀਆਂ ਜਾ ਰਹੀਆਂ ਹਨ। ਇਹ ਤਕਨਾਲੋਜੀ ਬੈਟਰੀ ਉੱਤੇ ਨਿਰਭਰਤਾ ਘਟਾਉਂਦੀ ਹੈ, ਰੱਖ-ਰਖਾਅ ਦੀ ਲਾਗਤ ਨੂੰ ਘਟਾਉਂਦੀ ਹੈ ਅਤੇ ਵਾਤਾਵਰਣ ਲਈ ਵੀ ਲਾਭਦਾਇਕ ਹੈ ਕਿਉਂਕਿ ਇਸ ਨਾਲ ਇਲੈਕਟ੍ਰਾਨਿਕ ਕੂੜਾ ਘਟਦਾ ਹੈ। ਊਰਜਾ ਸੰਗ੍ਰਹਿ ਪ੍ਰਣਾਲੀਆਂ ਦਾ ਇੱਕ ਹੋਰ ਵੱਡਾ ਲਾਭ ਇਹ ਹੈ ਕਿ ਇਹ ਦੂਰ-ਦਰਾਜ਼ ਅਤੇ ਪਹੁੰਚ ਤੋਂ ਬਾਹਰ ਖੇਤਰਾਂ ਵਿੱਚ ਵੀ ਸਵੈ-ਚਾਲਿਤ ਉਪਕਰਣਾਂ ਨੂੰ ਨਿਰੰਤਰ ਊਰਜਾ ਪ੍ਰਦਾਨ ਕਰ ਸਕਦੀਆਂ ਹਨ। ਖੋਜਕਾਰ ਅੱਜਕੱਲ੍ਹ ਮਿਸ਼੍ਰਿਤ ਊਰਜਾ ਸੰਗ੍ਰਹਿ ਪ੍ਰਣਾਲੀਆਂ ਤੇ ਕੰਮ ਕਰ ਰਹੇ ਹਨ ਜਿੱਥੇ ਸੂਰਜੀ, ਤਾਪ ਅਤੇ ਕੰਪਨ ਆਧਾਰਿਤ ਊਰਜਾ ਸਰੋਤਾਂ ਨੂੰ ਇਕੱਠੇ ਵਰਤਿਆ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਊਰਜਾ ਪ੍ਰਾਪਤ ਕੀਤੀ ਜਾ ਸਕੇ। ਭਵਿੱਖ ਵਿੱਚ ਊਰਜਾ ਸੰਗ੍ਰਹਿ ਤਕਨਾਲੋਜੀ ਸਵੈ-ਚਾਲਿਤ ਇਲੈਕਟ੍ਰਾਨਿਕ ਪ੍ਰਣਾਲੀਆਂ, ਸਮਾਰਟ ਸ਼ਹਿਰਾਂ ਅਤੇ ਹਰਿਆਲੀ ਊਰਜਾ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਹੈ।

ਇਹ ਸਿੱਟਾ ਹੈ ਕਿ ਨਵਿਆਉਣਯੋਗ ਊਰਜਾ ਅਤੇ ਊਰਜਾ ਸੰਗ੍ਰਹਿ ਤਕਨਾਲੋਜੀਆਂ ਮਨੁੱਖਤਾ ਲਈ ਇੱਕ ਸਾਫ਼, ਸੁਰੱਖਿਅਤ ਅਤੇ ਟਿਕਾਊ ਭਵਿੱਖ ਦੀ ਬੁਨਿਆਦ ਹਨ। ਸੂਰਜੀ ਊਰਜਾ ਸਭ ਤੋਂ ਵੱਧ ਉਪਲਬਧ ਅਤੇ ਪ੍ਰਭਾਵਸ਼ਾਲੀ ਊਰਜਾ ਸਰੋਤ ਹੈ, ਜਦਕਿ ਸੂਰਜੀ ਸੈੱਲ ਇਸ ਊਰਜਾ ਨੂੰ ਬਿਜਲੀ ਵਿੱਚ ਬਦਲਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਊਰਜਾ ਸੰਗ੍ਰਹਿ ਤਕਨਾਲੋਜੀਆਂ ਛੋਟੇ ਉਪਕਰਣਾਂ ਅਤੇ ਆਧੁਨਿਕ ਸੰਵੇਦਕ ਪ੍ਰਣਾਲੀਆਂ ਲਈ ਨਵੀਆਂ ਸੰਭਾਵਨਾਵਾਂ ਖੋਲ੍ਹ ਰਹੀਆਂ ਹਨ। ਜੇਕਰ ਸੰਸਾਰ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਊਰਜਾ ਸੰਕਟ ਦਾ ਹੱਲ ਲੱਭਣਾ ਚਾਹੁੰਦਾ ਹੈ ਤਾਂ ਨਵਿਆਉਣਯੋਗ ਊਰਜਾ ਨੂੰ ਵੱਡੇ ਪੱਧਰ ਤੇ ਅਪਣਾਉਣਾ ਲਾਜ਼ਮੀ ਹੈ। ਵਿਗਿਆਨ ਅਤੇ ਤਕਨਾਲੋਜੀ ਦੇ ਲਗਾਤਾਰ ਵਿਕਾਸ ਨਾਲ ਇਹ ਖੇਤਰ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਭਵਿੱਖ ਵਿੱਚ ਹਰਿਆਲੀ ਅਤੇ ਸਾਫ਼-ਸੁਥਰੀ ਦੁਨੀਆ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਡਾ. ਪ੍ਰੀਤ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ , ਫ਼ਤਿਹਗੜ੍ਹ ਸਾਹਿਬ (ਪੰਜਾਬ) ਵਿਖੇ ਭੌਤਿਕ ਵਿਗਿਆਨ ਵਿਭਾਗ ਵਿੱਚ ਬਤੌਰ ਮੁੱਖੀ ਸੇਵਾ ਨਿਭਾ ਰਹੇ ਹਨ। ਉਹ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਸਮਰਪਿਤ ਅਧਿਆਪਕ ਅਤੇ ਖੋਜਕਾਰ ਹਨ। ਉਹਨਾਂ ਨੇ ਅੰਤਰਰਾਸ਼ਟਰੀ ਪ੍ਰਤਿਸ਼ਠਿਤ ਜਰਨਲਾਂ ਵਿੱਚ ਕਈ ਖੋਜ ਪੇਪਰ ਪ੍ਰਕਾਸ਼ਿਤ ਕੀਤੇ ਹਨ। ਇਸ ਤੋਂ ਇਲਾਵਾ, ਉਹ ਕਈ ਪੀ.ਐਚ.ਡੀ. ਵਿਦਿਆਰਥੀਆਂ ਦੀ ਰਹਿਨੁਮਾਈ ਵੀ ਕਰ ਰਹੇ ਹਨ।ਅਧਿਆਪਨ ਖੇਤਰ ਵਿੱਚ ਉਹ ਨਵੀਂਨਤਮ ਤਰੀਕਿਆਂ ਨੂੰ ਅਪਣਾਉਂਦੇ ਹਨ ਅਤੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਵੱਲ ਪ੍ਰੇਰਿਤ ਕਰਦੇ ਹਨ। ਉਹਨਾਂ ਦਾ ਉਦੇਸ਼ ਖੋਜ, ਨਵੀਨਤਾ ਅਤੇ ਸਮਾਜਕ ਭਲਾਈ ਨੂੰ ਇਕੱਠੇ ਲੈ ਕੇ ਅੱਗੇ ਵਧਣਾ ਹੈ।

greenvillages
ਖੋਜ ਨਿਬੰਧ

ਵਾਤਾਵਰਣ ਸੁਰੱਖਿਆ - ਭਾਰਤੀ ਪਿੰਡ ਜੋ ਮਿਸਾਲ ਬਣੇ

ਹਰੀ ਕ੍ਰਿਸ਼ਨ ਮਾਇਰ

ਸਾਲ 2011 ਦੀ ਜਨ ਗਣਨਾ ਮੁਤਾਬਿਕ ਸਾਡੇ ਮੁਲਕ ਵਿੱਚ ਤਕਰੀਬਨ 649481 ਪਿੰਡ ਹਨ। ਇਨ੍ਹਾਂ ਪਿੰਡਾਂ ਵਿੱਚ ਅਜਿਹੇ ਪਿੰਡ ਵੀ ਹਨ, ਜਿਨ੍ਹਾਂ ਦੀ ਅੱਜ ਵਿਸ਼ਵ ਵਾਤਾਵਰਣ ਦਿਵਸ ਤੇ ਗੱਲ ਕਰਨੀ ਬਣਦੀ ਹੈ। ਇਹ ਪਿੰਡ ਨਾਂ ਕੇਵਲ ਕੁਦਰਤੀ ਆਫਤਾਂ ਨਾਲ ਮੱਥਾ ਲਾਕੇ ਹੋਰ ਮਜ਼ਬੂਤ ਬਣੇ, ਸਗੋਂ ਇਨ੍ਹਾਂ ਦੀ ਜਦੋਜਹਿਦ ਦੁਨੀਆਂ ਲਈ ਇੱਕ ਮਿਸਾਲ ਬਣ ਗਈ। ਇਨ੍ਹਾ ਪਿੰਡਾਂ ਨੇ ਪਲਾਸਟਿਕ ਤੋਂ ਪਿੱਛਾ ਛੁਡਾਇਆ । ਹਰਿਤ ਊਰਜਾ ਰਾਹੀਂ ਵਾਤਾਵਰਨ ਸਵੱਛਤਾ ਦੀ ਰਾਹਨੁਮਾਈ ਕਰ ਰਹੇ ਹਨ। ਇਨ੍ਹਾਂ ਪਿੰਡਾਂ ਬਾਰੇ ਗੱਲਬਾਤ ,ਤੁਹਾਡੇ ਮਨ ਨੂੰ ਨਵੀਂ ਊਰਜਾ ਅਤੇ ਪ੍ਰੇਰਨਾ ਨਾਲ ਭਰ ਦੇਵੇਗੀ। ਆਓ ਇੱਕ ਇੱਕ ਕਰਕੇ ਉਨ੍ਹਾਂ ਪਿੰਡਾਂ ਦਾ ਜ਼ਿਕਰ ਕਰਦੇ ਹਾਂ।

ਰੱਬ ਦਾ ਆਪਣਾ ਬਗੀਚਾ

ਮੇਘਾਲਿਆ ਵਿੱਚ ਸ਼ਿਲੌਂਗ ਦੇ ਦੱਖਣ ਵਿੱਚ 80 ਕਿ.ਮੀ ਦੀ ਵਿੱਥ ਤੇ ਮਾਲਾਈਨੌਂਗ ( Mawlynnong) ਪਿੰਡ ਨੂੰ ਸੰਨ 2003 ਵਿੱਚ ॥ਡਿਸਕਵਰ ਇੰਡੀਆ ਮੈਗਜ਼ੀਨ ਵੱਲੋਂ 'ਏਸ਼ੀਆ ਦੀ ਸਭ ਤੋਂ ਸਾਫ ਸੁਥਰਾ ਪਿੰਡ' ਐਲਾਨਿਆ ਗਿਆ ਸੀ। ਇਸ ਤੋਂ ਦੋ ਵਰ੍ਹੇ ਪਿੱਛੋਂ ਇਸ ਪਿੰਡ ਨੂੰ ਭਾਰਤ ਦਾ ਸਭ ਤੋਂ ਸਵੱਛ ਪਿੰਡ ਘੋਸ਼ਿਤ ਕੀਤਾ ਗਿਆ। ਮੇਘਾਲਿਆ ਦੇ ਲੋਕ ਇਸ ਪਿੰਡ ਨੂੰ ' 'ਰੱਬ ਦਾ ਆਪਣਾ ਬਗੀਚਾ' ਕਹਿੰਦੇ ਹਨ। ਇਹ ਪਿੰਡ ਖਾਸੀ ਸੰਸਕ੍ਰਿਤੀ ਦਾ ਬੇਸ਼ਕੀਮਤੀ ਕੇਂਦਰ ਹੈ। ਇੱਥੇ ਲੋਕਾਂ ਨੇ ਸਵੈ ਇੱਛਾ ਨਾਲ ਪਲਾਸਟਿਕ ਦੀ ਵਰਤੋਂ, ਸਿਗਰਟ ਪੀਣ ਤੇ ਪਾਬੰਦਾਂ ਲਗਾ ਰੱਖੀ ਹੈ। ਇੱਥੇ 99% ਪੜ੍ਹੇ ਲਿਖੇ ਲੋਕ ਰਲ ਮਿਲਕੇ ਸਫਾਈ ਅਭਿਆਨ ਚਲਾਉਂਦੇ ਹਨ। ਕੂੜਾ ਕੱਠਾ ਕਰਨ ਲਈ ਬਾਂਸ ਦੇ ਕੂੜਾ ਦਾਨ ਹਨ। ਆਮ ਲੋਕਾਂ ਦਾ ਕੰਮ ਖੇਤੀਬਾੜੀ ਅਤੇ ਸੈਰ-ਸਪਾਟਾ ਹੈ। ਨੇੜੇ ਦੇ ਪਿੰਡ ਰਿਵੇਈ ਵਿੱਚ ਖਾਸੀ ਲੋਕਾਂ ਵੱਲੋਂ ਰੁੱਖਾਂ ਦੀਆਂ ਜੜ੍ਹਾਂ ਤੋਂ ਦੁਰਲੱਭ ਅਤੇ ਮਜ਼ਬੂਤ ਪੁਲ ਤਿਆਰ ਕੀਤੇ ਹੋਏ ਹਨ।

ਸੋਕੇ ਤੋਂ ਉੱਭਰਿਆ ਪਿੰਡ ਹਿਵਰੇ ਬਾਜ਼ਾਰ

ਮਹਾਂਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਵਿੱਚ ਸਥਿਤ ਪਿੰਡ ਹਿਵਰੇ ਬਾਜ਼ਾਰ ( Hiware Bazar) ਨੂੰ ਜਲ ਸੁਰੱਖਿਅਣ ਤੇ ਆਤਮ ਨਿਰਭਰਤਾ ਦੇ ਲਈ ਦੁਨੀਆਂ ਭਰ ਵਿੱਚ ਇੱਕ ਆਦਰਸ਼ ਪਿੰਡ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਭਿਆਨਕ ਸੋਕੇ ਅਤੇ ਲੋਕਾਂ ਦੇ ਪਲਾਇਨ ਕਰਨ ਦੀ ਵੱਡੀ ਦਿੱਕਤ ਵਿਚੋਂ ਇਹ ਪਿੰਡ ਕਿਵੇਂ ਉਭਰਿਆ ਅਤੇ ਖੇਤੀਬਾੜੀ, ਪਾਣੀ ਪ੍ਰਬੰਧਨ ਅਤੇ ਵਾਟਰ ਸੈੱਡ ਵਿਕਸਤ ਕਰਕੇ ਦੁਨੀਆਂ ਸਾਮ੍ਹਣੇ ਇਕ ਮਿਸਾਲ ਬਣ ਗਿਆ। ਇਸ ਪਿੰਡ ਦੇ ਪਹਿਲੇ ਸਰਪੰਚ ਪਦਮ ਸ਼੍ਰੀ ਪੋਪਟ ਰਾਓ ਪਵਾਰ ਦੀ ਅਗਵਾਈ ਨਾਲ ਸੋਕਾ ਮਾਰੇ ਪਿੰਡ ਵਿੱਚ ਪਾਣੀ ਨੂੰ ਸਾਂਭ ਸੰਭਾਲ ਕਰਕੇ ਵਿਰਾਨ ਜ਼ਮੀਨ ਹਰਿਆਵਲ ਭਰੇ ਖੇਤਾਂ ਅਤੇ ਸੰਘਣੇ ਜੰਗਲਾਂ ਵਿੱਚ ਤਬਦੀਲ ਹੋ ਗਈ।

ਇੱਥੇ ਲੋਕਾਂ ਕਰੀਬ ਤੀਹ ਲੱਖ ਰੁੱਖ ਲਗਾਏ। ਘਾਹ ਚਾਰਨ ਤੇ ਪਾਬੰਦੀ ਲਗਾਈ ਗਈ। ਹੁਣ ਲੋਕ ਵੱਧ ਕਮਾਈ ਦੇਣ ਵਾਲੀਆਂ ਫਸਲਾਂ ਦੀ ਖੇਤੀ ਕਰਦੇ ਹਨ। ਪਸ਼ੂ ਪਾਲ ਕੇ ਡੇਅਰੀ ਫ਼ਾਰਮਿੰਗ ਕਰਦੇ ਹਨ। ਕਦੀ ਸੋਕੇ ਮਾਰੇ ਲੋਕਾਂ ਵਿੱਚ ਇਸ ਸਮੇਂ ਦਰਜਨਾਂ ਪਰਿਵਾਰ ਮਿਲੀਨੇਅਰ ਹਨ। ਪਿੰਡ ਨੇ ਰਲਕੇ ਸਖ਼ਤ ਅਨੁਸ਼ਾਸਨ ਕਾਇਮ ਕੀਤਾ ਹੋਇਆ ਹੈ। ਸ਼ਰਾਬ ਅਤੇ ਤੰਬਾਕੂ ਪੀਣ ਤੇ ਪੂਰੀ ਪਾਬੰਦੀ ਹੈ। ਪਰਿਵਾਰ ਵਿੱਚ ਦੋ ਬੱਚੇ ਹੋਣ ਦਾ ਰਿਵਾਜ ਹੈ। ਮੀਂਹਾ ਦਾ ਪਾਣੀ ਲੋਕ ਰਲ ਕੇ ਸਾਂਭਦੇ ਹਨ। ਧਰਤੀ ਥੱਲੜੇ ਪਾਣੀ ਦਾ ਸਤਰ ਦਿਨੋ ਦਿਨ ਸੁਧਰ ਰਿਹਾ ਹੈ। ਪਾਣੀ ਦੇ ਸੁਰੱਖਿਅਣ ਲਈ ਇਸ ਪਿੰਡ ਨੂੰ ਇੱਕ ਮਾਡਲ ਪਿੰਡ ਮੰਨਿਆਂ ਜਾਂਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਸ ਪਿੰਡ ਵਿੱਚ ਮੱਛਰ ਨਹੀਂ ਲੱਭਦਾ। ਹਰ ਘਰ ਗੁਸਲਖਾਨਾ ਹੈ ਅਤੇ ਸੀਵਰੇਜ ਦੀ ਸੁਵਿਧਾ ਨਾਲ ਜੁੜਿਆ ਹੋਇਆ ਹੈ।

ਮਹਿਲਾ ਸ਼ਸ਼ਕਤੀਕਰਨ ਦੀ ਮਿਸਾਲ ਪਿੰਡ ਧਰਹਰਾ

ਬਿਹਾਰ ਦੇ ਭਾਗਲਪੁਰ ਜ਼ਿਲੇ ਦਾ ਇਕ ਪਿੰਡ ਹੈ ਧਰਹਰਾ ( Dharhara) ਜਿਹੜਾ ਵਾਤਾਵਰਣ ਹਿਤੈਸ਼ੀ ਅਤੇ ਮਹਿਲਾ ਸ਼ਸਕਤੀਕਰਨ ਦੀ ਪੁਰਾਤਨ ਪ੍ਰੰਪਰਾ ਕਰਕੇ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ। ਇਸ ਪਿੰਡ ਵਿੱਚ ਜਦ ਵੀ ਕਿਸੇ ਘਰ ਕੁੜੀ ਜੰਮਦੀ ਹੈ, ਪ੍ਰੀਵਾਰ ਦੇ ਲੋਕ ਆਪਣੇ ਵਿਹੜੇ ਜਾਂ ਖੇਤ ਵਿੱਚ 10 ਫਲਦਾਰ ਰੁੱਖ ਲਗਾਉਂਦੇ ਹਨ। ਜਦ ਕੁੜੀਆਂ ਵੱਡੀਆਂ ਹੋ ਜਾਂਦੀਆਂ ਹਨ, ਰੁੱਖਾਂ ਦੇ ਫਲ਼ਾਂ ਤੋਂ ਹੋਈ ਆਮਦਨ ਉਨ੍ਹਾਂ ਦੀ ਪੜ੍ਹਾਈ,ਵਿਆਹ ਅਤੇ ਹੋਰ ਆਰਥਿਕ ਜ਼ਰੂਰਤਾਂ ਪੂਰਾ ਕਰਨ ਲਈ ਤਕੜਾ ਸਹਾਰਾ ਬਣਦੀ ਹੈ। ਇਸੇ ਪਰੰਪਰਾ ਦੇ ਚਲਦਿਆਂ ਪਿੰਡ ਵਿੱਚ 20000 ਤੋਂ ਵੱਧ ਫਲਾਂ ਦੇ ਵੱਡੇ ਵੱਡੇ ਰੁੱਖ ਪਿੰਡ ਨੂੰ ਹਰਿਆਲੀ ਨਾਲ ਹਰਾ ਭਰਾ ਕਰਦੇ ਹਨ ਅਤੇ ਵਾਤਾਵਰਣ ਨੂੰ ਸੁਰੱਖਿਅਤ ਬਣਾਉਂਦੇ ਹਨ। ਇਹ ਪਿੰਡ ਦਹਾਕਿਆਂ ਤੋਂ ਤੁਰੀ ਆ ਰਹੀ ਮਹਿਲਾ ਸ਼ਸਕਤੀਕਰਨ ਦੀ ਪਰੰਪਰਾ ਕਰਕੇ ਇੱਕ ਆਦਰਸ਼ ਬਣਿਆਂ ਹੋਇਆ ਹੈ।

ਈਕੋ ਫੈਮਿਨਿਜ਼ਮ ਦਾ ਪ੍ਰਤੀਕ ਪਿੰਡ ਪਿਪਲਾਂਤਰੀ ( Piplantri)

ਪਿੰਡ ਪਿਪਲਾਂਤਰੀ ਰਾਜਸਥਾਨ ਦੇ ਰਾਜ ਸਾਂਸਦ ਜ਼ਿਲੇ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਨੇ 'ਬੇਟੀ ਬਚਾਓ , ਬੇਟੀ ਪੜ੍ਹਾਓ ਅਤੇ ਵਾਤਾਵਰਨ ਸੁਰੱਖਿਅਣ ਦੇ ਇੱਕ ਅਨੂਠੇ ਮਾਡਲ ਦੇ ਰੂਪ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸ ਪਿੰਡ ਦੇ ਪੂਰਬ ਸਰਪੰਚ ਸ਼ਾਮ ਸੁੰਦਰ ਪਾਲੀਵਾਲ ਨੇ ਆਪਣੀ ਜਵਾਨ ਕੁੜੀ ਦੀ ਬੇਵਕਤੀ ਮੌਤ ਪਿੱਛੋਂ ਉਸ ਦੀ ਯਾਦ ਵਿੱਚ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਕਿ ਬੇਟੀ ਦੇ ਜੰਮਣ ਨੂੰ ਸਰਾਪ ਨਾਂ ਸਮਝਿਆ ਜਾਵੇ, ਸਗੋਂ ਇਸ ਨੂੰ ਉਤਸਵ ਵਾਂਗ ਮਨਾਇਆ ਜਾਵੇ। ਕੁੜੀ ਦੇ ਜੰਮਣ ਤੇ ਉਸ ਦੇ ਸਨਮਾਨ ਵਿੱਚ ਲੋਕ ਰਲਕੇ 111 ਪੌਦੇ ਲਗਾਉਂਦੇ ਹਨ। ਲੋਕਾਂ ਨੇ ਇੱਕ ਫੰਡ ਸਥਾਪਤ ਕੀਤਾ ਹੈ ਕਿ ਕੁੜੀ ਜੰਮਣ ਤੇ 21000 ਰੁਪਏ ਆਪਣੇ ਕੋਲੋਂ ਅਤੇ 10000 ਰੁਪਏ ਲੋਕਾਂ ਤੋਂ ਇਕੱਠੇ ਕੀਤੇ ਸਾਂਝੇ ਫੰਡ ਵਿੱਚੋਂ ਲੈਕੇ ਕੁੱਲ 31000 ਰੁਪਏ ਵੀਹ ਸਾਲਾਂ ਦੀ ਮਿਆਦ ਲਈ ਕੁੜੀ ਦੇ ਬੈਂਕ ਖਾਤੇ ਵਿੱਚ ਜਮਾਂ ਕਰਾ ਦਿੱਤੇ ਜਾਂਦੇ ਹਨ। ਇਹ ਰਕਮ ਸਮਾਂ ਪਾਕੇ ਕੁੜੀ ਦੀ ਪੜ੍ਹਾਈ ਅਤੇ ਵਿਆਹ ਸਮੇਂ ਕੰਮ ਆਉਂਦੀ ਹੈ। ਇਸ ਪਿੰਡ ਵਿੱਚ ਟਾਹਲੀ, ਨਿੰਮ, ਆਉਲੇ, ਅੰਬ ਦੇ ਰੁੱਖ ਲੋਕਾਂ ਦੀ ਆਮਦਨੀ ਦਾ ਸਾਧਨ ਬਣਦੇ ਹਨ। ਰੁੱਖਾਂ ਨੂੰ ਸਿਉਂਕ ਤੋਂ ਬਚਾਉਣ ਲਈ ਰੁੱਖਾਂ ਵਿਚਕਾਰ ਐਲੋਵੇਰਾ ਦੇ ਪੌਦੇ ਵੀ ਲਗਾਏ ਜਾਂਦੇ ਹਨ। ਵਿਸ਼ਵ ਪੱਧਰ ਤੇ ਜਾਣੇ ਜਾਂਦੇ ਇਸ ਪਿੰਡ ਦੇ ਵਿਕਾਸ ਮਾਡਲ ਦੀ ਗਾਥਾ ਦੇਸ਼ ਵਿਦੇਸ਼ ਵਿੱਚ ਬੱਚਿਆਂ ਨੂੰ ਪਾਠ ਪੁਸਤਕਾਂ ਵਿੱਚ ਵੀ ਪੜ੍ਹਾਈ ਜਾਂਦੀ ਹੈ।

ਗ੍ਰੀਨ ਪਿੰਡ ਖੋਨੋਮਾ

ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਤੋਂ ਤਕਰੀਬਨ 20 ਕਿ. ਮੀ ਦੂਰ ਪਿੰਡ ਖੋਨੋਮਾ( Khonoma) ਭਾਰਤ ਦਾ ਹੀ ਨਹੀਂ ਸਗੋਂ ਏਸ਼ੀਆ ਦਾ ਪਹਿਲਾ 'ਗ੍ਰੀਨ ਪਿੰਡ' ਹੈ। ਇਹ ਪਿੰਡ ਜੈਵ ਵਿਭਿੰਨਤਾ ਸੁਰੱਖਿਅਣ, ਵਣ ਸੁਰੱਖਿਅਣ ਅਤੇ ਜੈਵਿਕ ਖੇਤੀ ਲਈ ਪ੍ਰਸਿੱਧ ਹੈ। ਅੰਗਾਮੀ ਜਨਜਾਤੀ ਦੇ ਲੋਕਾਂ ਵੱਲੋਂ ਸੱਤ ਸੌ ਸਾਲ ਪਹਿਲਾਂ ਵਸਾਇਆ ਇਹ ਪਿੰਡ ਅੰਗਰੇਜ਼ਾਂ ਖ਼ਿਲਾਫ਼ ਬਹਾਦਰੀ ਨਾਲ ਲੜਨ ਵਾਲੇ ਯੋਧਿਆਂ ਦਾ ਪਿੰਡ ਹੈ। ਸੰਨ 1998 ਤੋਂ ਪਿੰਡ ਵਿੱਚ ਲੋਕਾਂ ਦੇ ਸ਼ਿਕਾਰ ਖੇਡਣ ਤੇ ਪਾਬੰਧੀ ਲਗਾਈ ਗਈ ਹੈ। ਜੰਗਲ ਦੇ ਰੁੱਖ ਕਟਣ ਦੀ ਮਨਾਹੀ ਹੈ। ਉਦੋਂ ਤੋਂ ਇਸ ਪਿੰਡ ਵਿੱਚ ਪ੍ਰਕਿਰਤੀ ਸੁਰਖਿਅਣ ਸ਼ੁਰੂ ਹੈ। ਇਸ ਪਿੰਡ ਨੂੰ ' ਨੇਚਰ ਕੰਜਰਵੇਸ਼ਨ ਐਂਡ ਟ੍ਰੈਗੋਪਨ ਸੈਂਕਚੁਅਰੀ ' ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਕੁਦਰਤ ਪ੍ਰੇਮੀਆਂ ਲਈ ਇਹ ਪਿੰਡ ਇਕ ਮਿਸਾਲ ਬਣ ਗਿਆ ਹੈ। ਖੋਨੋਮ ਉਨੱਤ ਤਕਨੀਕ ਟੈਰੇਸ ਖੇਤੀਬਾੜੀ ਲਈ ਵੀ ਜਾਣਿਆਂ ਜਾਂਦਾ ਹੈ, ਇੱਥੇ ਵੀਹ ਕਿਸਮ ਦੇ ਚੌਲਾਂ ਦੀ ਖੇਤੀ ਕੀਤੀ ਜਾੰਦੀ ਹੈ। ਖੋਨੋਮ ਦੇ ਲੋਕ ਸਿਰੇ ਦੇ ਇਮਾਨਦਾਰ ਹਨ। ਦੁਕਾਨਾਂ ਤੇ ਦੁਕਾਨਦਾਰ ਨਾ ਵੀ ਬੈਠਾ ਹੋਵੇ, ਦੁਕਾਨ ਤੋਂ ਸੌਦੇ ਲੈਕੇ ਲੋਕ ਪੈਸੇ ਗੱਲੇ ਵਿਚ ਪਾ ਆਉਂਦੇ ਹਨ। ਇੱਥੇ ਲੋਕ ਘਰਾਂ ਨੂੰ ਤਾਲੇ ਨਹੀਂ ਲਗਾਉਂਦੇ। ਚੋਰੀ ਦਾ ਐਥੇ ਕੋਈ ਨਾਮੋਨਿਸ਼ਾਨ ਨਹੀਂ।

ਹਰੀ ਕ੍ਰਿਸ਼ਨ ਮਾਇਰ ਨੇ ਵਿਗਿਆਨ ਦੇ ਵਿਸ਼ੇ ਫਿਜ਼ਿਕਸ ਦਾ ਤਿੰਨ ਦਹਾਕੇ ਅਧਿਆਪਨ ਕੀਤਾ। ਪੰਜਾਬ ਸਿੱਖਿਆ ਵਿਭਾਗ ਵਿਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ। ਵਿਗਿਆਨ ਦੇ ਵਿਸ਼ਿਆਂ ਤੇ ਨਿਬੰਧ ਅਕਸਰ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਬਾਲ ਸਾਹਿਤ ਵਿੱਚ ਕਹਾਣੀ, ਕਵਿਤਾ, ਜੀਵਨੀਆਂ, ਬੁਝਾਰਤਾਂ ਦੀਆਂ ਤਕਰੀਬਨ ਪੰਦਰਾਂ ਪੁਸਤਕਾਂ ਛਪੀਆਂ ਹਨ। ਕੁਝ ਛਪਾਈ ਅਧੀਨ ਹਨ। ਉਹਨਾਂ ਦੀਆਂ ਪੁਸਤਕਾਂ ‘ਮਹਾਨ ਖੋਜਕਾਰ’, ‘ਭਾਰਤੀ ਖੋਜਕਾਰ’, ‘ਅਸੀਂ ਜੀਵ ਜੰਤੂ’ ਭਾਗ 1 ਅਤੇ 2 ਪੁਸਤਕਾਂ ਕਾਫ਼ੀ ਚਰਚਿਤ ਰਹੀਆਂ ਹਨ।

tide
ਕਵਿਤਾ

ਜਵਾਰਭਾਟਾ

ਅਮਨਦੀਪ ਸਿੰਘ

ਅੱਜ ਆਕਾਸ਼ ਦੇ ਵਿੱਚ ਕਾਲ਼ੀ ਘਟਾ ਛਾਈ ਹੈ।

ਪਰ ਇੱਕ ਦੋ ਤਾਰਿਆਂ ਨੇ ਰਾਤ ਵੀ ਰੁਸ਼ਨਾਈ ਹੈ।

ਕਾਲ਼ੇ - ਕਾਲ਼ੇ ਬੱਦਲ ਲੁਕਣਮੀਚੀ ਨੇ ਖੇਡਦੇ।

ਚੰਨ ਨੂੰ ਛੁਪਾਉਣ ਲਈ ਵਾਰੀਆਂ ਨੇ ਪਾਉਂਦੇ।

ਚੰਨ ਬੱਦਲਾਂ ਦੇ ਓਹਲਿਓਂ ਝਾਤੀਆਂ ਹੈ ਮਾਰਦਾ।

ਸਾਗਰ ਦੇ ਪਾਣੀਆਂ ਨੂੰ ਦੂਰੋਂ ਹੈ ਪੁਕਾਰਦਾ।

ਉੱਛਲਦੀਆਂ ਲਹਿਰਾਂ ਵਲ਼ ਖਾ ਕੇ ਨੱਚਣ।

ਚੰਨ ਦੀਆਂ ਰਿਸ਼ਮਾਂ ਪਾਣੀਆਂ ਨੂੰ ਖਿੱਚਣ।

ਪਾਣੀ ਚੜ੍ਹਨ ਤੇ ਚੜ੍ਹਦੇ ਹੀ ਜਾਵਣ।

ਰਾਤ ਦੀ ਚੁੱਪ ਵਿਚ ਸ਼ੋਰ ਮਚਾਵਣ।

ਆਪਣੇ ਪਿਆਰੇ ਨੂੰ ਮਿਲਣਾ ਲੋਚਣ।

ਕਦੋਂ ਮਿਲਾਂਗੇ, ਹਰ ਪਲ ਇਹੀ ਸੋਚਣ।

ਚੰਨ ਮਟਕ ਚਾਲੇ ਟੁਰਦਾ ਚਲਿਆ ਗਿਆ।

ਲਹਿਰਾਂ ਦਾ ਸ਼ੋਰ ਵੀ ਥੱਕ ਕੇ ਸ਼ਾਂਤ ਹੋ ਗਿਆ।

ਪਰ ਇਹ ਦਿਲ ਪਿਆਰ ਸਾਗਰ 'ਚ ਡੁੱਬ ਗਿਆ।

ਇਸ਼ਕ ਦੇ ਜਵਾਰ ਭਾਟੇ 'ਚ ਵਹਿ ਗਿਆ।

ਚੰਨ ਦੀ ਰੁਸ਼ਨਾਈ 'ਚ ਆਪਣੀ ਲੋਅ ਲੱਭੇ।

ਲਹਿਰਾਂ ਦੇ ਸ਼ੋਰ 'ਚੋਂ ਪਿਆਰੇ ਦੀ ਕਨਸੋਅ ਲੱਭੇ।

kudrat

ਬੱਚਿਆਂ ਦਾ ਕੋਨਾ

ਬਾਲ ਵਿਗਿਆਨ ਗਲਪ ਕਹਾਣੀ

ਕੁਦਰਤ ਨਾਲ ਮੁਲਾਕਾਤ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਮੇਰਾ ਨਾਮ ਅਰਮਾਨ ਹੈ। ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਹਾਂ। ਪਿਛਲੇ ਐਤਵਾਰ ਸਾਡੇ ਸਕੂਲ ਵਲੋਂ "ਵਾਤਾਵਰਣੀ ਸੈਰ" ਲਈ ਜਾਣ ਦਾ ਪੋਗ੍ਰਾਮ ਬਣਾਇਆ ਗਿਆ ਸੀ। ਸਾਡੀ ਸਾਇੰਸ ਵਾਲੀ ਮੈਡਮ ਨੇ ਕਿਹਾ ਸੀ ਕਿ ਅਸੀਂ ਕਿਤਾਬਾਂ ਤੋਂ ਬਾਹਰ ਨਿਕਲ ਕੇ ਕੁਦਰਤ ਨੂੰ ਆਪਣੀਆਂ ਅੱਖਾਂ ਨਾਲ ਦੇਖਾਂਗੇ। ਮੈਂ ਤਾਂ ਰਾਤ ਭਰ ਖੁਸ਼ੀ ਵਿੱਚ ਠੀਕ ਤਰ੍ਹਾਂ ਸੁੱਤਾ ਹੀ ਨਹੀਂ ਸੀ।

ਸਵੇਰੇ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਮੇਰੇ ਦੋਸਤ ਪਹਿਲਾਂ ਹੀ ਬੱਸ ਵਿੱਚ ਬੈਠੇ ਸਨ। ਕੋਈ ਖਿੜਕੀ ਵਾਲੀ ਸੀਟ ਲਈ ਲੜ ਰਿਹਾ ਸੀ, ਕੋਈ ਚਿਪਸ ਖਾ ਰਿਹਾ ਸੀ। ਮੇਰੀ ਦੋਸਤ ਗੁਰਲੀਨ ਨੇ ਮੈਨੂੰ ਵੇਖ ਕੇ ਹੱਥ ਹਿਲਾਇਆ।

"ਅਰਮਾਨ! ਇੱਥੇ ਬੈਠ ਜਾ," ਉਸਨੇ ਕਿਹਾ।

ਮੈਂ ਦੌੜ ਕੇ ਉਸ ਦੇ ਕੋਲ ਜਾ ਬੈਠਾ। ਬੱਸ ਚੱਲ ਪਈ। ਬਾਹਰ ਖੇਤ ਹਰੇ-ਭਰੇ ਦਿਖ ਰਹੇ ਸਨ। ਹਵਾ ਵਿੱਚ ਮਿੱਟੀ ਦੀ ਸੋਹਣੀ ਖੁਸ਼ਬੂ ਸੀ। ਕੁਝ ਸਮੇਂ ਬਾਅਦ ਅਸੀਂ ਇੱਕ ਵੱਡੇ ਜੰਗਲੀ-ਪਾਰਕ ਵਿੱਚ ਪਹੁੰਚ ਗਏ।

ਜਿਵੇਂ ਹੀ ਅਸੀਂ ਬੱਸ ਤੋਂ ਉਤਰੇ, ਮੈਨੂੰ ਲੱਗਿਆ ਜਿਵੇਂ ਮੈਂ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਿਆ ਹਾਂ। ਉੱਚੇ ਦਰੱਖ਼ਤ ਅਸਮਾਨ ਨਾਲ ਗੱਲਾਂ ਕਰ ਰਹੇ ਸਨ। ਪੰਛੀਆਂ ਦੀਆਂ ਚਹਿਕਾਂ ਹਰ ਪਾਸੇ ਗੂੰਜ ਰਹੀਆਂ ਸਨ। ਹਵਾ ਠੰਢੀ ਅਤੇ ਮਿੱਠੀ ਸੀ।

"ਬੱਚਿਓ," ਮੈਡਮ ਨੇ ਕਿਹਾ, "ਅੱਜ ਅਸੀਂ ਕੁਦਰਤ ਦੇ ਦੀਆਂ ਅਨੋਖੀਆ ਚੀਜ਼ਾਂ ਲੱਭਾਂਗੇ। ਧਿਆਨ ਨਾਲ ਵੇਖਣਾ, ਸੁਣਨਾ ਅਤੇ ਮਹਿਸੂਸ ਕਰਨਾ।"

ਅਸੀਂ ਸਾਰੇ ਇਕ ਪੱਗਡੰਡੀ ਉੱਤੇ ਤੁਰ ਪਏ। ਸਭ ਤੋਂ ਪਹਿਲਾਂ ਮੇਰੀ ਨਜ਼ਰ ਇੱਕ ਮੱਕੜੀ ਦੇ ਜਾਲੇ ਉੱਤੇ ਪਈ। ਉਸ ਉੱਤੇ ਸਵੇਰ ਦੀ ਤ੍ਰੇਲ ਦੀਆਂ ਬੂੰਦਾਂ ਚਮਕ ਰਹੀਆਂ ਸਨ।

"ਵਾਹ!" ਮੈਂ ਚੀਕਿਆ। "ਇਹ ਤਾਂ ਹੀਰਿਆਂ ਵਰਗਾ ਲੱਗ ਰਿਹਾ ਹੈ।"

ਸਾਡੇ ਦੋਸਤ ਮਨਪ੍ਰੀਤ ਨੇ ਹੱਸ ਕੇ ਕਿਹਾ, "ਜੇ ਇਹ ਹੀਰੇ ਹਨ ਤਾਂ ਮੱਕੜੀ ਤਾਂ ਬਹੁਤ ਅਮੀਰ ਹੋਵੇਗੀ!"

ਸਾਰੇ ਬੱਚੇ ਹੱਸ ਪਏ।

ਥੋੜ੍ਹਾ ਅੱਗੇ ਇੱਕ ਛੋਟੀ ਜਿਹੀ ਧਾਰਾ ਵਗ ਰਹੀ ਸੀ। ਪਾਣੀ ਇੰਨਾ ਸਾਫ਼ ਸੀ ਕਿ ਹੇਠਲੇ ਰੰਗ-ਬਿਰੰਗੇ ਪੱਥਰ ਵੀ ਦਿਖ ਰਹੇ ਸਨ। ਮੈਂ ਹੱਥ ਪਾਣੀ ਵਿੱਚ ਪਾਇਆ। ਉਹ ਬਹੁਤ ਠੰਢਾ ਸੀ।

"ਇਹ ਪਾਣੀ ਇੰਨਾ ਸਾਫ਼ ਕਿਵੇਂ ਰਹਿੰਦਾ ਹੈ?" ਗੁਰਲੀਨ ਨੇ ਪੁੱਛਿਆ।

ਮੈਡਮ ਨੇ ਸਮਝਾਇਆ, "ਜੰਗਲ ਅਤੇ ਦਰੱਖ਼ਤ ਮਿੱਟੀ ਨੂੰ ਸੰਭਾਲ ਕੇ ਰੱਖਦੇ ਹਨ। ਇਸ ਲਈ ਪਾਣੀ ਗੰਦਾ ਨਹੀਂ ਹੁੰਦਾ।"

ਮੈਂ ਸੋਚਿਆ—ਦਰੱਖ਼ਤ ਸਿਰਫ਼ ਛਾਂ ਹੀ ਨਹੀਂ ਦਿੰਦੇ, ਉਹ ਤਾਂ ਪਾਣੀ ਦੀ ਵੀ ਰੱਖਿਆ ਕਰਦੇ ਹਨ।

ਅਚਾਨਕ ਸਾਨੂੰ "ਠਕ-ਠਕ-ਠਕ" ਦੀ ਆਵਾਜ਼ ਸੁਣਾਈ ਦਿੱਤੀ।

"ਇਹ ਕੀ ਹੈ?" ਮੈਂ ਹੌਲੀ ਜਿਹਾ ਪੁੱਛਿਆ।

ਸਾਰੇ ਚੁੱਪ ਹੋ ਗਏ। ਫਿਰ ਅਸੀਂ ਵੇਖਿਆ—ਇੱਕ ਪੰਛੀ ਦਰੱਖ਼ਤ ਦੇ ਤਣੇ ਉੱਤੇ ਚੋਂਚ ਮਾਰ ਰਿਹਾ ਸੀ।

"ਇਹ ਚੱਕੀਰਾਹਾ ਹੈ ਜੋ ਆਪਣਾ ਖਾਣਾ ਲੱਭ ਰਿਹਾ ਹੈ," ਮੈਡਮ ਨੇ ਦੱਸਿਆ।

ਮੈਂ ਪਹਿਲੀ ਵਾਰ ਕਿਸੇ ਚੱਕੀਰਾਹਾ ਨੂੰ ਅਸਲ ਵਿੱਚ ਵੇਖਿਆ ਸੀ। ਉਸ ਦੀ ਸੁਨਿਹਰੀ ਕਲਗੀ ਬਹੁਤ ਸੋਹਣੀ ਲੱਗ ਰਹੀ ਸੀ।

ਥੋੜ੍ਹਾ ਹੋਰ ਅੱਗੇ ਜਾ ਕੇ ਅਸੀਂ ਇੱਕ ਬਹੁਤ ਪੁਰਾਣਾ ਦਰੱਖ਼ਤ ਵੇਖਿਆ। ਉਸਦਾ ਤਣਾ ਇੰਨਾ ਵੱਡਾ ਸੀ ਕਿ ਅਸੀਂ ਛੇ ਬੱਚਿਆਂ ਨੇ ਹੱਥ ਫੜ ਕੇ ਹੀ ਉਸਨੂੰ ਘੇਰਿਆ।

"ਇਹ ਦਰੱਖ਼ਤ ਤਾਂ ਦਾਦਾ ਜੀ ਵਰਗਾ ਲੱਗਦਾ ਹੈ," ਮੈਂ ਕਿਹਾ।

"ਹਾਂ," ਗੁਰਲੀਨ ਬੋਲੀ, "ਇਸ ਨੇ ਕਿੰਨੇ ਸਾਲ ਵੇਖੇ ਹੋਣਗੇ!"

ਮੈਨੂੰ ਅਚਾਨਕ ਲੱਗਿਆ ਕਿ ਦਰੱਖ਼ਤ ਵੀ ਜੀਉਂਦੇ ਹੁੰਦੇ ਹਨ। ਉਹ ਵੀ ਸਾਡੀ ਤਰ੍ਹਾਂ ਸਾਹ ਲੈਂਦੇ ਹਨ, ਮੌਸਮੀ ਔਕੜ੍ਹਾਂ ਨੂੰ ਝੱਲਦੇ ਹਨ ਅਤੇ ਚੁੱਪਚਾਪ ਸਾਨੂੰ ਬਹੁਤ ਕੁਝ ਦਿੰਦੇ ਹਨ।

ਦੁਪਹਿਰ ਨੂੰ ਅਸੀਂ ਘਾਹ ਉੱਤੇ ਬੈਠ ਕੇ ਖਾਣਾ ਖਾਧਾ। ਹਵਾ ਨਾਲ ਪੱਤੇ ਸਰਸਰਾ ਰਹੇ ਸਨ। ਨੇੜੇ ਹੀ ਤਿਤਲੀਆਂ ਉੱਡ ਰਹੀਆਂ ਸਨ। ਇੱਕ ਨੀਲੀ ਤਿਤਲੀ ਮੇਰੇ ਹੱਥ ਉੱਤੇ ਆ ਬੈਠੀ। ਮੈਂ ਬਿਲਕੁਲ ਹਿਲਿਆ ਨਹੀਂ।

"ਅਰਮਾਨ, ਤੂੰ ਤਾਂ ਤਿਤਲੀ ਦਾ ਦੋਸਤ ਬਣ ਗਿਆ!" ਮਨਪ੍ਰੀਤ ਨੇ ਮਜ਼ਾਕ ਕੀਤਾ।

ਮੈਂ ਹੱਸਿਆ, ਪਰ ਦਿਲ ਵਿੱਚ ਬਹੁਤ ਖੁਸ਼ੀ ਸੀ।

ਖਾਣੇ ਤੋਂ ਬਾਅਦ ਮੈਡਮ ਸਾਨੂੰ ਇੱਕ ਛੋਟੀ ਜਿਹੀ ਝੀਲ ਕੋਲ ਲੈ ਗਈ। ਝੀਲ ਦੇ ਕਿਨਾਰੇ ਡੱਡੂ ਟਰਟਰ ਕਰ ਰਹੇ ਸਨ। ਪਾਣੀ ਉੱਤੇ ਚਮਕੀਲੇ ਕੀੜੇ ਉੱਡ ਰਹੇ ਸਨ।

"ਇਹ ਡ੍ਰੈਗਨਫਲਾਈ ਹਨ," ਮੈਡਮ ਨੇ ਦੱਸਿਆ। "ਇਹ ਮੱਛਰ ਖਾਂਦੀਆਂ ਹਨ।"

"ਮਤਲਬ ਇਹ ਸਾਡੀ ਮਦਦ ਕਰਦੀਆਂ ਹਨ?" ਮੈਂ ਪੁੱਛਿਆ।

"ਬਿਲਕੁਲ," ਮੈਡਮ ਮੁਸਕਰਾਈ।

ਮੈਨੂੰ ਸਮਝ ਆਇਆ ਕਿ ਕੁਦਰਤ ਵਿੱਚ ਹਰ ਜੀਵ ਦਾ ਕੋਈ ਨਾ ਕੋਈ ਕੰਮ ਹੁੰਦਾ ਹੈ।

ਸ਼ਾਮ ਹੋਣ ਲੱਗੀ ਤਾਂ ਅਸਮਾਨ ਸੰਤਰੀ ਰੰਗ ਦਾ ਹੋ ਗਿਆ। ਅਸੀਂ ਵਾਪਸ ਬੱਸ ਵੱਲ ਤੁਰ ਪਏ। ਮੈਂ ਇੱਕ ਵਾਰ ਮੁੜ ਕੇ ਜੰਗਲ ਵੱਲ ਵੇਖਿਆ। ਹਵਾ ਵਿੱਚ ਪੱਤੇ ਹੌਲੇ-ਹੌਲੇ ਹਿਲ ਰਹੇ ਸਨ, ਜਿਵੇਂ ਜੰਗਲ ਸਾਨੂੰ ਅਲਵਿਦਾ ਕਹਿ ਰਿਹਾ ਹੋਵੇ।

ਬੱਸ ਵਿੱਚ ਬੈਠਦੇ ਹੀ ਮੈਡਮ ਨੇ ਪੁੱਛਿਆ, "ਅੱਜ ਤੁਸੀਂ ਕੀ ਸਿੱਖਿਆ?"

ਕਿਸੇ ਨੇ ਕਿਹਾ, "ਦਰੱਖ਼ਤ ਬਹੁਤ ਜ਼ਰੂਰੀ ਹਨ।"

ਕਿਸੇ ਨੇ ਕਿਹਾ, "ਪਾਣੀ ਸਾਫ਼ ਰੱਖਣਾ ਚਾਹੀਦਾ ਹੈ।"

ਜਦੋਂ ਮੇਰੀ ਵਾਰੀ ਆਈ ਤਾਂ ਮੈਂ ਹੌਲੀ ਜਿਹਾ ਕਿਹਾ, "ਮੈਂ ਸਿੱਖਿਆ ਕਿ ਕੁਦਰਤ ਸਾਡੀ ਦੋਸਤ ਹੈ। ਜੇ ਅਸੀਂ ਇਸਦੀ ਸੰਭਾਲ ਕਰਾਂਗੇ, ਤਾਂ ਇਹ ਵੀ ਸਾਡੀ ਸੰਭਾਲ ਕਰੇਗੀ।"

ਮੈਡਮ ਨੇ ਮੁਸਕਰਾ ਕੇ ਮੇਰੀ ਪਿੱਠ ਥੱਪਥਪਾਈ।

ਉਸ ਦਿਨ ਤੋਂ ਬਾਅਦ ਮੈਂ ਜਦੋਂ ਵੀ ਕੋਈ ਦਰੱਖ਼ਤ ਵੇਖਦਾ ਹਾਂ ਜਾਂ ਪੰਛੀਆਂ ਦੀ ਆਵਾਜ਼ ਸੁਣਦਾ ਹਾਂ, ਮੈਨੂੰ ਉਹ ਕੁਦਰਤ ਨਾਲ ਮੁਲਾਕਾਤ ਵਾਲਾ ਦਿਨ ਯਾਦ ਆ ਜਾਂਦਾ ਹੈ - ਉਹ ਦਿਨ ਜਦੋਂ ਮੈਨੂੰ ਲੱਗਿਆ ਕਿ ਕੁਦਰਤ ਵੀ ਗੱਲਾਂ ਕਰਦੀ ਹੈ, ਸਿਰਫ਼ ਸੁਣਨ ਵਾਲਾ ਦਿਲ ਚਾਹੀਦਾ ਹੈ।

******

acidbase
ਵਿਗਿਆਨਕ ਕਵਿਤਾ

ਕਵਿਤਾ - ਤੇਜ਼ਾਬ ਅਤੇ ਖਾਰ

ਸੁਰਿੰਦਰਪਾਲ ਸਿੰਘ

ਆਓ ਬੱਚਿਓ ਪੜ੍ਹੀਏ ਪਾਠ ਤੇਜ਼ਾਬ ਤੇ ਖਾਰਾਂ

ਪਾਠ ਸਿਖੋਂ ਧਿਆਨ ਨਾਲ ਪੈਣ ਨਾ ਮਾਰਾਂ।

ਤੇਜ਼ਾਬ ਹੁੰਦਾ ਖੱਟਾ, ਖਾਰਾਂ ਹੁੰਦੀਆਂ ਕੌੜੀਆਂ

ਸਫਲਤਾ ਲਈ ਮਿਹਨਤ ਦੀ ਬਣਾਓ ਪੌੜੀਆਂ।

ਤੇਜ਼ਾਬ ਕਰਦਾ ਨੀਲੇ ਲਿਟਮਸ ਨੂੰ ਲਾਲ

ਪੈ ਜੇ ਜਾਵੇ ਸਰੀਰ ਤੇ ਬੁਰਾ ਕਰਦਾ ਹਾਲ।

ਖਾਰਾਂ ਕਰਦੀਆਂ ਲਾਲ ਲਿਟਮਸ ਨੂੰ ਨੀਲਾ

ਪੜ੍ਹਾਈ ਲਈ ਲਗਾਤਾਰ ਕੋਸ਼ਿਸ਼ ਦਾ ਕਰੋ ਹੀਲਾ।

ਤੇਜ਼ਾਬ ਚਾਈਨਾ ਰੋਜ਼ ਦਾ ਰੰਗ ਕਰਦੇ ਗੂੜਾ ਗੁਲਾਬੀ

ਬੱਚਿਓ ਕਾਮਯਾਬੀ ਦੀ ਨਾ ਹੁੰਦੀ ਕੋਈ ਚੋਰ ਚਾਬੀ।

ਖਾਰਾਂ ਚਾਈਨਾ ਰੋਜ਼ ਘੋਲ ਨੂੰ ਕਰਦੀਆਂ ਗੂੜਾ ਹਰਿਆ

ਦਿਮਾਗ ਚ ਸਦੈਵ ਰਖੋ ਕਿਉਂ, ਕਿਵੇਂ ਦਾ ਸੁਆਲ ਭਰਿਆ।

ਸੂਚਕ ਦਿੰਦਾ ਤੇਜ਼ਾਬੀ ਤੇ ਖਾਰੀ ਘੋਲਾਂ ਨਾਲ ਵੱਖਰੇ ਰੰਗ

ਲੂਣ,ਪਾਣੀ ਬਣਦਾ ਜੇ ਤੇਜ਼ਾਬ ਤੇ ਖਾਰ ਦਾ ਹੋਵੇ ਸੰਗ।

ਤੇਜ਼ਾਬ ਤੇ ਖਾਰ ਦੇ ਸੰਗ ਦੀ ਕਿਰਿਆ ਉਦਾਸਹੀਨ ਅਖਵਾਉਂਦੀ

ਲੂਣ ,ਪਾਣੀ ਦੇ ਨਾਲ ਤਾਪ ਵੀ ਊਰਜਾ ਬਣ ਨਾਲ ਆਉਂਦੀ।

ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਇਡ ਘੁਲ ਤੇਜ਼ਾਬੀ ਵਰਖਾ ਬਣਾਉਂਦੀ

ਮੀਂਹ ਰੂਪੀ ਤੇਜ਼ਾਬ ਸੰਗਮਰਮਰ ਦੀਆਂ ਇਮਾਰਤਾਂ ਦਾ ਨੁਕਸਾਨ ਪਹੁੰਚਾਉਂਦੀ।

ਦਹੀਂ ਅਤੇ ਖੱਟੀਆਂ ਵਸਤੂਆਂ ਦਾ ਸੁਭਾਅ ਹੁੰਦਾ ਤੇਜ਼ਾਬੀ

ਪਿੱਤਲ ਜਾਂ ਕਿਸੇ ਧਾਤ ਨਾਲ ਮਿਲੇ ਕਰਦਾ ਵੱਡੀ ਖਰਾਬੀ।

ਪਾਣੀ ਵਿੱਚ ਤੇਜ਼ਾਬ ਮਿਲਾ ਬਣਦਾ ਜਲੀ ਘੋਲ

ਉਪਰੋਕਤ ਕਿਰਿਆ ਹੈ ਤਾਪਨਿਕਾਸੀ ਭੇਤ ਦਿੱਤਾ ਹੈ ਖੋਲ੍ਹ।

ਬਹੁਤ ਧਿਆਨ ਨਾਲ ਕਰੀਏ ਤੇਜ਼ਾਬ ਤੇ ਖਾਰ ਦੇ ਪ੍ਰਯੋਗ

ਵਿਗਿਆਨਕ ਕਵਿਤਾ ਲਿਖੀ ਪੰਜਾਬੀ ਵਿੱਚ ਇਹ ਇਕ ਸੰਜੋਗ।

ikswaal
ਬਾਲ ਕਵਿਤਾ

ਇਕ ਸਵਾਲ

ਸਹਿਜਪ੍ਰੀਤ ਕੌਰ

ਜਦ ਮੈਂ ਅੱਜ ਸਵੇਰੇ ਉੱਠਿਆ

ਦੇਖਿਆ ਮੈਂ ਅਜਿਹਾ ਹਾਲ

ਜਿਸ ਨੂੰ ਦੇਖ ਕੇ ਮਨ ਮੇਰਾ ਰੁੱਸਿਆ

ਮੇਰੇ ਮਨ ਵਿਚ ਆਇਆ ਇਕ ਸਵਾਲ ।

ਜਦੋਂ ਖੇਤਾਂ ਵਿੱਚ ਬੀਜੀਆਂ ਸੀ ਫ਼ਸਲਾਂ

ਕਿਉਂ ਪਾਇਆ ਖਿਲਾਰਾ ਰਸਾਇਣਿਕ ਖਾਦ ਦਾ

ਫ਼ਸਲ ਜ਼ਹਿਰੀਲੀ ਹੋਈ, ਖੜੇ ਹੋਏ ਮਸਲੇ

ਹੁਣ ਕੀ ਕਰੋਗੇ ਅਜਿਹੇ ਧੰਨਵਾਦ ਦਾ ।

ਫਿਰ ਨਜ਼ਰ ਮੇਰੀ ਪਈ ਜੰਗਲ ਦੇ ਰੁੱਖਾਂ ਤੇ

ਤੱਕਿਆ ਕੁੱਝ ਬੰਦੇ ਸੀ ਕੱਟ ਰਹੇ

ਜੋ ਜਾਨਵਰਾਂ ਦੇ ਸੀ ਸਾਧਨ ਸੁੱਖਾਂ ਦੇ

ਉਹ ਬੇਰਹਿਮੀ ਨਾਲ ਸੀ ਵੱਢ ਰਹੇ ।

ਲੰਘਿਆ ਜਦ ਮੈਂ ਕੋਲੋਂ ਸੜਕ ਦੇ

ਆਵਾਜ਼ ਆਈ ਮੈਨੂੰ ਉਸ ਪਾਰ ਤੋਂ

ਜਿਥੇ ਇੰਜਣ ਦੀ ਆਵਾਜ਼ ਸੀ ਖੜਕਦੀ

ਆਉਂਦਾ ਸੀ ਧੁਆਂ ਇੱਕ ਕਾਰ ਤੋਂ ।

ਮਨੁੱਖ ਨੇ ਕੁਦਰਤ ਦੀ ਸਾਂਭ-ਸੰਭਾਲ ਤਾਂ ਕੀਤੀ ਨਾ

ਪ੍ਰਦੂਸ਼ਣ, ਦੁਰਵਰਤੋਂ ਆਦਿ ਦਾ ਕੀਤਾ ਕਾਰਾ

ਉਦੋਂ ਪਤਾ ਲੱਗੂ ਜਦੋ ਕਰਨੀ ਪਈ ਭਰਨੀ

ਓ ਲੋਕੋ! ਧਰਤੀ ਬਚਾਓ, ਨਹੀਂ ਮਿਲਣੀ ਇਹ ਦੋਬਾਰਾ ।

canadadisair
ਪੁਸਤਕ ਰੀਵਿਊ

ਕੈਨੇਡਾ ਦੀ ਸੈਰ (ਬਾਲ ਕਹਾਣੀ ਸੰਗ੍ਰਹਿ)

ਰੀਵਿਊਕਾਰ: ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਪੁਸਤਕ ਦਾ ਨਾਮ: ਕੈਨੇਡਾ ਦੀ ਸੈਰ (ਬਾਲ ਕਹਾਣੀ ਸੰਗ੍ਰਹਿ)

ਲੇਖਕ: ਅਮਨਦੀਪ ਸਿੰਘ (ਨੌਰਾ)

ਪ੍ਰਕਾਸ਼ਕ: ਅਮਨ ਪ੍ਰਕਾਸ਼ਨ, ਬੋਸਟਨ, ਅਮਰੀਕਾ / ਨੌਰਾ, ਪੰਜਾਬ, ਭਾਰਤ ।

ਪ੍ਰਕਾਸ਼ਨ ਸਾਲ: 2025, ਪੰਨੇ: 54, ਮੁੱਲ: ₹150 /USD 10.99 /PDF ਕਾਪੀ ਮੁਫ਼ਤ।

ਰੀਵਿਊਕਾਰ: ਡਾ. ਡੀ.ਪੀ. ਸਿੰਘ, ਡਾਇਰੈਕਟਰ, ਕੈਨਬ੍ਰਿਜ਼ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ ।

ਅਮਨਦੀਪ ਸਿੰਘ (ਨੌਰਾ) ਦੀ ਪੁਸਤਕ "ਕੈਨੇਡਾ ਦੀ ਸੈਰ" ਇੱਕ ਮਨੋਰੰਜਕ, ਗਿਆਨਵਰਧਕ ਅਤੇ ਸਿੱਖਿਆਦਾਇਕ ਬਾਲ ਕਹਾਣੀ ਸੰਗ੍ਰਹਿ ਹੈ, ਜੋ ਬੱਚਿਆਂ ਨੂੰ ਕਲਪਨਾ, ਵਿਗਿਆਨ, ਕੁਦਰਤ ਅਤੇ ਨਵੀਆਂ ਸੱਭਿਆਚਾਰਕ ਅਨੁਭਵਾਂ ਨਾਲ ਜੋੜਦੀ ਹੈ। ਇਹ ਕਿਤਾਬ ਸਿਰਫ਼ ਮਨੋਰੰਜਨ ਲਈ ਨਹੀਂ, ਸਗੋਂ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ, ਜਿਗਿਆਸਾ ਅਤੇ ਵਿਗਿਆਨਕ ਸੋਚ ਵਿਕਸਿਤ ਕਰਨ ਲਈ ਵੀ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਪੁਸਤਕ ਦੇ ਮੁੱਖ ਪਾਤਰ ਮਿੰਟੂ ਅਤੇ ਰਾਣੀ ਰਾਹੀਂ ਲੇਖਕ ਨੇ ਬਚਪਨ ਦੀ ਉਤਸੁਕਤਾ, ਨਿਰਮਲਤਾ ਅਤੇ ਸਿੱਖਣ ਦੀ ਲਾਲਸਾ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ।

ਕਿਤਾਬ ਦੀ ਸਭ ਤੋਂ ਪ੍ਰਭਾਵਸ਼ਾਲੀ ਕਹਾਣੀ "ਕੈਨੇਡਾ ਦੀ ਸੈਰ" ਹੈ, ਜਿਸ ਵਿੱਚ ਮਿੰਟੂ ਅਤੇ ਉਸਦਾ ਪਰਿਵਾਰ ਕੈਨੇਡਾ ਦੀ ਯਾਤਰਾ ਕਰਦਾ ਹੈ। ਇਸ ਯਾਤਰਾ ਰਾਹੀਂ ਲੇਖਕ ਨੇ ਬੱਚਿਆਂ ਨੂੰ ਸਿਰਫ਼ ਇੱਕ ਵਿਦੇਸ਼ੀ ਦੇਸ਼ ਦੀ ਸੈਰ ਹੀ ਨਹੀਂ ਕਰਵਾਈ, ਸਗੋਂ ਉਨ੍ਹਾਂ ਨੂੰ ਅਨੁਸ਼ਾਸਨ, ਸਫ਼ਾਈ, ਕੁਦਰਤ-ਪ੍ਰੇਮ ਅਤੇ ਮਿਹਨਤ ਦੇ ਮੁੱਲਾਂ ਨਾਲ ਵੀ ਜਾਣੂ ਕਰਵਾਇਆ ਹੈ। ਦਿੱਲੀ ਏਅਰਪੋਰਟ ਤੋਂ ਟੋਰਾਂਟੋ ਤੱਕ ਦੇ ਹਵਾਈ ਸਫ਼ਰ ਦਾ ਵਰਣਨ ਬਹੁਤ ਜੀਵੰਤ ਅਤੇ ਦ੍ਰਿਸ਼ਮਾਨ ਹੈ। ਪਾਠਕ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹ ਖੁਦ ਜਹਾਜ਼ ਦੀ ਖਿੜਕੀ ਕੋਲ ਬੈਠਾ ਬੱਦਲਾਂ, ਬਰਫ਼ੀਲੇ ਇਲਾਕਿਆਂ ਅਤੇ ਝਰਨਿਆਂ ਨੂੰ ਦੇਖ ਰਿਹਾ ਹੋਵੇ।

ਮਿੰਟੂ ਅਤੇ ਰਾਣੀ ਦੀਆਂ ਅੱਖਾਂ ਰਾਹੀਂ ਪਾਠਕ ਨਿਆਗਰਾ ਫਾਲਜ਼, ਵੰਡਰਲੈਂਡ ਅਤੇ ਟੋਰਾਂਟੋ ਵਰਗੀਆਂ ਥਾਵਾਂ ਦੀ ਸੈਰ ਕਰਦਾ ਹੈ। ਲੇਖਕ ਨੇ ਯਾਤਰਾ ਦੇ ਉਤਸ਼ਾਹ, ਪਰਿਵਾਰਕ ਪਿਆਰ ਅਤੇ ਨਵੀਂ ਸੱਭਿਆਚਾਰਕ ਦੁਨੀਆ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ। ਕਹਾਣੀ ਬੱਚਿਆਂ ਵਿੱਚ ਜਿਗਿਆਸਾ, ਵਿਗਿਆਨਕ ਸੋਚ ਅਤੇ ਦੁਨੀਆ ਨੂੰ ਜਾਣਨ ਦੀ ਲਾਲਸਾ ਪੈਦਾ ਕਰਦੀ ਹੈ।

"ਗ਼ਰਦਿਸ਼" ਇੱਕ ਗਿਆਨਵਰਧਕ ਕਹਾਣੀ ਹੈ ਜੋ ਬੱਚਿਆਂ ਨੂੰ ਗ੍ਰਹਿਆਂ ਅਤੇ ਸੂਰਜ ਮੰਡਲ ਦੀ ਗਤੀ ਬਾਰੇ ਰੁਚਿਕਰ ਢੰਗ ਨਾਲ ਜਾਣੂ ਕਰਵਾਉਂਦੀ ਹੈ। ਲੇਖਕ ਨੇ ਵਿਗਿਆਨ ਨੂੰ ਕਹਾਣੀ ਦੇ ਰੂਪ ਵਿੱਚ ਪੇਸ਼ ਕਰਕੇ ਔਖੇ ਵਿਸ਼ਿਆਂ ਨੂੰ ਆਸਾਨ ਬਣਾਇਆ ਹੈ। ਬੱਚਿਆਂ ਵਿੱਚ ਅੰਤਰਿਕਸ਼ ਅਤੇ ਖਗੋਲ ਵਿਗਿਆਨ ਪ੍ਰਤੀ ਉਤਸੁਕਤਾ ਜਗਾਉਣ ਲਈ ਇਹ ਕਹਾਣੀ ਬਹੁਤ ਪ੍ਰਭਾਵਸ਼ਾਲੀ ਹੈ। ਮਨੋਰੰਜਨ ਅਤੇ ਸਿੱਖਿਆ ਦਾ ਸੁੰਦਰ ਸੰਤੁਲਨ ਇਸ ਕਹਾਣੀ ਦੀ ਵੱਡੀ ਵਿਸ਼ੇਸ਼ਤਾ ਹੈ।

"ਪੱਤ ਝੜੇ ਪੁਰਾਣੇ" ਇਹ ਕਹਾਣੀ ਕੁਦਰਤ ਦੇ ਬਦਲਦੇ ਰੂਪ ਅਤੇ ਪੱਤਝੜ ਦੇ ਰੰਗਾਂ ਦੇ ਰਾਜ਼ ਨੂੰ ਬੜੇ ਸੁੰਦਰ ਢੰਗ ਨਾਲ ਦਰਸਾਉਂਦੀ ਹੈ। ਲੇਖਕ ਨੇ ਰੁੱਖਾਂ, ਪੱਤਿਆਂ ਅਤੇ ਰੁੱਤਾਂ ਦੇ ਬਦਲਾਅ ਨੂੰ ਬੱਚਿਆਂ ਲਈ ਰੁਚਿਕਰ ਬਣਾਇਆ ਹੈ। ਕਹਾਣੀ ਵਿੱਚ ਵਿਗਿਆਨਕ ਜਾਣਕਾਰੀ ਦੇ ਨਾਲ-ਨਾਲ ਕੁਦਰਤ ਪ੍ਰਤੀ ਪਿਆਰ ਅਤੇ ਸੰਵੇਦਨਸ਼ੀਲਤਾ ਵੀ ਹੈ। ਇਹ ਬੱਚਿਆਂ ਨੂੰ ਵਾਤਾਵਰਣ ਦੀ ਮਹੱਤਤਾ ਸਮਝਾਉਂਦੀ ਅਤੇ ਕੁਦਰਤੀ ਸੁੰਦਰਤਾ ਨੂੰ ਮਹਿਸੂਸ ਕਰਨ ਲਈ ਪ੍ਰੇਰਿਤ ਕਰਦੀ ਹੈ।

"ਬਦਲਦੇ ਮੌਸਮ" ਆਧੁਨਿਕ ਸਮੇਂ ਦੇ ਜਲਵਾਯੂ ਪਰਿਵਰਤਨ ਵਰਗੇ ਮਹੱਤਵਪੂਰਨ ਵਿਸ਼ੇ ਨੂੰ ਬੱਚਿਆਂ ਲਈ ਆਸਾਨ ਭਾਸ਼ਾ ਵਿੱਚ ਪੇਸ਼ ਕਰਦੀ ਹੈ। ਕਹਾਣੀ ਦੱਸਦੀ ਹੈ ਕਿ ਮੌਸਮੀ ਬਦਲਾਅ ਸਿਰਫ਼ ਕੁਦਰਤ ਹੀ ਨਹੀਂ, ਸਗੋਂ ਮਨੁੱਖੀ ਜੀਵਨ 'ਤੇ ਵੀ ਪ੍ਰਭਾਵ ਪਾਉਂਦੇ ਹਨ। ਲੇਖਕ ਨੇ ਬੱਚਿਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨ ਦਾ ਸੁੰਦਰ ਯਤਨ ਕੀਤਾ ਹੈ। ਇਹ ਕਹਾਣੀ ਸੋਚਣ ਲਈ ਮਜਬੂਰ ਕਰਦੀ ਹੈ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੰਦੇਸ਼ ਦਿੰਦੀ ਹੈ।

"ਗੋਲਡੀਲੌਕ ਤੇ ਤਿੰਨ ਰਿੱਛ" ਇਹ ਪ੍ਰਸਿੱਧ ਲੋਕ ਕਥਾ ਦਾ ਨਵਾਂ ਅਤੇ ਰੁਚਿਕਰ ਰੂਪ ਹੈ। ਲੇਖਕ ਨੇ ਗੋਲਡੀਲੌਕ ਦੀ ਕਹਾਣੀ ਨੂੰ ਪੰਜਾਬੀ ਅੰਦਾਜ਼ ਵਿੱਚ ਪੇਸ਼ ਕਰਕੇ ਬੱਚਿਆਂ ਲਈ ਹੋਰ ਵੀ ਮਨਮੋਹਕ ਬਣਾਇਆ ਹੈ। ਕਹਾਣੀ ਵਿੱਚ ਰੋਮਾਂਚ, ਹਾਸ-ਰਸ ਅਤੇ ਸਿੱਖਿਆ ਦਾ ਸੁੰਦਰ ਮੇਲ ਹੈ। ਬੱਚਿਆਂ ਨੂੰ ਦੂਜਿਆਂ ਦੀਆਂ ਚੀਜ਼ਾਂ ਦਾ ਆਦਰ ਕਰਨ ਅਤੇ ਸਾਵਧਾਨ ਰਹਿਣ ਦਾ ਸੰਦੇਸ਼ ਮਿਲਦਾ ਹੈ। ਸਧਾਰਨ ਭਾਸ਼ਾ ਅਤੇ ਜੀਵੰਤ ਵਰਣਨ ਕਹਾਣੀ ਨੂੰ ਬਹੁਤ ਆਕਰਸ਼ਕ ਬਣਾਉਂਦੇ ਹਨ।

"ਤਾਜ਼ੀ ਡਬਲ-ਰੋਟੀ" ਇਹ ਕਹਾਣੀ ਪੰਜਾਬੀ ਪਿੰਡਾਂ ਦੀ ਸਾਦਗੀ, ਖਾਣ-ਪੀਣ ਅਤੇ ਬਚਪਨ ਦੀਆਂ ਯਾਦਾਂ ਨੂੰ ਜੀਵੰਤ ਕਰਦੀ ਹੈ। ਲੇਖਕ ਨੇ ਬੱਚਿਆਂ ਦੇ ਮਨਪਸੰਦ ਖਾਣਿਆਂ ਅਤੇ ਉਨ੍ਹਾਂ ਨਾਲ ਜੁੜੀਆਂ ਮਿੱਠੀਆਂ ਗੱਲਾਂ ਨੂੰ ਬੜੇ ਪਿਆਰ ਨਾਲ ਦਰਸਾਇਆ ਹੈ। ਕਹਾਣੀ ਵਿੱਚ ਹਾਸ-ਮਜ਼ਾਕ ਦੇ ਨਾਲ ਪਰਿਵਾਰਕ ਨੇੜਤਾ ਅਤੇ ਪਿੰਡਾਂ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ। ਇਹ ਪਾਠਕ ਨੂੰ ਆਪਣੇ ਬਚਪਨ ਅਤੇ ਪੰਜਾਬੀ ਜੀਵਨ ਦੀਆਂ ਸਧਾਰਨ ਖੁਸ਼ੀਆਂ ਯਾਦ ਕਰਵਾ ਦਿੰਦੀ ਹੈ।

ਲੇਖਕ ਦੀ ਭਾਸ਼ਾ ਇਸ ਪੁਸਤਕ ਦੀ ਸਭ ਤੋਂ ਵੱਡੀ ਤਾਕਤ ਹੈ। ਸਧਾਰਨ, ਸੁਚੱਜੀ ਅਤੇ ਬਾਲ-ਮਨ ਅਨੁਕੂਲ ਪੰਜਾਬੀ ਕਾਰਨ ਇਹ ਕਿਤਾਬ ਛੋਟੇ ਪਾਠਕਾਂ ਲਈ ਬਹੁਤ ਆਸਾਨ ਅਤੇ ਰੁਚਿਕਰ ਬਣ ਜਾਂਦੀ ਹੈ। ਸੰਵਾਦਾਂ ਦੀ ਵਰਤੋਂ ਕਹਾਣੀਆਂ ਨੂੰ ਜੀਵੰਤ ਬਣਾਉਂਦੀ ਹੈ। "ਕੈਨੇਡਾ ਦੀ ਸੈਰ" ਕਹਾਣੀ ਵਿਚ ਮਿੰਟੂ ਅਤੇ ਰਾਣੀ ਦੇ ਵਿਚਕਾਰ ਹੋਣ ਵਾਲੀਆਂ ਛੋਟੀਆਂ-ਛੋਟੀਆਂ ਗੱਲਾਂ ਬੱਚਿਆਂ ਦੇ ਅਸਲ ਸੁਭਾਵ ਨੂੰ ਦਰਸਾਉਂਦੀਆਂ ਹਨ। ਕਹਾਣੀਆਂ ਵਿੱਚ ਹਾਸ-ਰਸ, ਹੈਰਾਨੀ ਅਤੇ ਸਿੱਖਿਆ ਦਾ ਸੁੰਦਰ ਮਿਲਾਪ ਹੈ।

ਪੁਸਤਕ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਮਨੋਰੰਜਨ ਦੇ ਨਾਲ-ਨਾਲ ਗਿਆਨ ਵੀ ਦਿੱਤਾ ਹੈ। ਉਦਾਹਰਣ ਵਜੋਂ, ਹਵਾਈ ਯਾਤਰਾ ਦੌਰਾਨ ਬੱਚਿਆਂ ਨੂੰ ਜਹਾਜ਼ ਦੀ ਗਤੀ, ਉਚਾਈ, ਤਾਪਮਾਨ ਅਤੇ ਸੁਰੱਖਿਆ ਸੰਬੰਧੀ ਜਾਣਕਾਰੀਆਂ ਮਿਲਦੀਆਂ ਹਨ। ਇਸੇ ਤਰ੍ਹਾਂ ਨਿਆਗਰਾ ਫਾਲਜ਼, ਰੇਨਬੋ ਬ੍ਰਿਜ, ਓਨਟੈਰੀਓ ਝੀਲ ਅਤੇ ਕੈਨੇਡਾ ਦੇ ਮੌਸਮ ਬਾਰੇ ਦਿੱਤੀ ਜਾਣਕਾਰੀ ਬੱਚਿਆਂ ਵਿੱਚ ਭੂਗੋਲ ਅਤੇ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਦੀ ਹੈ।

ਕਿਤਾਬ ਵਿੱਚ ਕੁਦਰਤ ਨਾਲ ਡੂੰਘਾ ਪਿਆਰ ਵੀ ਦਿਖਾਈ ਦਿੰਦਾ ਹੈ। ਝਰਨਿਆਂ ਦੀ ਠੰਡੀ ਫੁਹਾਰ, ਹਰਿਆਲੀ, ਬੱਦਲਾਂ ਅਤੇ ਬਰਫ਼ ਦੇ ਦ੍ਰਿਸ਼ਾਂ ਦਾ ਵਰਣਨ ਬਹੁਤ ਕਾਵਿਆਤਮਕ ਲੱਗਦਾ ਹੈ। ਲੇਖਕ ਬੱਚਿਆਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਧਰਤੀ ਦੀ ਸੁੰਦਰਤਾ ਨੂੰ ਮਹਿਸੂਸ ਕਰਨਾ ਅਤੇ ਉਸਦੀ ਸੰਭਾਲ ਕਰਨੀ ਮਨੁੱਖ ਦੀ ਜ਼ਿੰਮੇਵਾਰੀ ਹੈ। "ਬਦਲਦੇ ਮੌਸਮ" ਵਰਗੀਆਂ ਕਹਾਣੀਆਂ ਜਲਵਾਯੂ ਪਰਿਵਰਤਨ ਅਤੇ ਵਾਤਾਵਰਣੀ ਚਿੰਤਾਵਾਂ ਵੱਲ ਵੀ ਇਸ਼ਾਰਾ ਕਰਦੀਆਂ ਹਨ।

ਇਸ ਪੁਸਤਕ ਵਿੱਚ ਪੰਜਾਬੀ ਸੱਭਿਆਚਾਰ ਦੀ ਮਹਿਕ ਵੀ ਹਰ ਪੰਨੇ 'ਤੇ ਮਹਿਸੂਸ ਹੁੰਦੀ ਹੈ। ਭਾਵੇਂ ਮੁੱਖ ਕਹਾਣੀ ਕੈਨੇਡਾ ਵਿੱਚ ਘਟਦੀ ਹੈ, ਪਰ ਪਰਿਵਾਰਕ ਪਿਆਰ, ਗੁਰਦੁਆਰਾ ਸਾਹਿਬ ਦੀ ਯਾਤਰਾ, ਲੰਗਰ, ਪੰਜਾਬੀ ਖਾਣੇ ਅਤੇ ਪੰਜਾਬੀ ਬੱਚਿਆਂ ਦੀ ਮੌਜੂਦਗੀ ਰਾਹੀਂ ਲੇਖਕ ਨੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ ਹੈ। ਵਿਦੇਸ਼ੀ ਧਰਤੀ 'ਤੇ ਵੀ ਪੰਜਾਬੀਅਤ ਦੀ ਮਿਠਾਸ ਕਾਇਮ ਰਹਿੰਦੀ ਹੈ। ਇਹ ਗੱਲ ਖਾਸ ਤੌਰ 'ਤੇ ਪੰਜਾਬੀ ਪਰਵਾਸੀ ਪਰਿਵਾਰਾਂ ਲਈ ਬਹੁਤ ਮਹੱਤਵਪੂਰਨ ਹੈ।

ਲੇਖਕ ਅਮਨਦੀਪ ਸਿੰਘ ਦੀ ਕਲਪਨਾ-ਸ਼ਕਤੀ ਅਤੇ ਬੱਚਿਆਂ ਦੇ ਮਨੋਵਿਗਿਆਨ 'ਤੇ ਪਕੜ ਕਾਬਿਲ-ਏ-ਤਾਰੀਫ਼ ਹੈ। ਉਹ ਜਾਣਦੇ ਹਨ ਕਿ ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਆਕਰਸ਼ਿਤ ਕਰਦੀਆਂ ਹਨ: ਰੋਲਰ ਕੋਸਟਰ, ਡਿਜ਼ਨੀ ਫਿਲਮਾਂ, ਸਫ਼ਰ, ਨਵੇਂ ਦੇਸ਼, ਬਰਫ਼, ਝਰਨੇ ਅਤੇ ਰੋਮਾਂਚ। ਇਸ ਲਈ ਹਰ ਕਹਾਣੀ ਵਿੱਚ ਉਤਸੁਕਤਾ ਬਣੀ ਰਹਿੰਦੀ ਹੈ। ਬੱਚਾ ਇੱਕ ਕਹਾਣੀ ਪੜ੍ਹ ਕੇ ਦੂਜੀ ਪੜ੍ਹਨ ਲਈ ਪ੍ਰੇਰਿਤ ਹੁੰਦਾ ਹੈ।

ਪੁਸਤਕ ਦੀ ਸਜਾਵਟ, ਚਿੱਤਰ ਅਤੇ ਵਿਸ਼ਿਆਂ ਦੀ ਚੋਣ ਵੀ ਸ਼ਲਾਘਾਯੋਗ ਹੈ। ਇਹ ਕਿਤਾਬ ਸਿਰਫ਼ ਬੱਚਿਆਂ ਲਈ ਹੀ ਨਹੀਂ, ਸਗੋਂ ਮਾਪਿਆਂ ਅਤੇ ਅਧਿਆਪਕਾਂ ਲਈ ਵੀ ਲਾਭਦਾਇਕ ਹੈ, ਕਿਉਂਕਿ ਇਹ ਬੱਚਿਆਂ ਨੂੰ ਮਨੋਰੰਜਨ ਦੇ ਨਾਲ ਸਿੱਖਣ ਦੀ ਪ੍ਰੇਰਣਾ ਦਿੰਦੀ ਹੈ। ਅੱਜ ਦੇ ਸਮੇਂ ਵਿੱਚ ਜਦੋਂ ਬੱਚੇ ਡਿਜ਼ੀਟਲ ਸਕ੍ਰੀਨਾਂ ਵੱਲ ਵੱਧ ਖਿੱਚੇ ਜਾ ਰਹੇ ਹਨ, ਅਜਿਹੀਆਂ ਪੰਜਾਬੀ ਬਾਲ-ਪੁਸਤਕਾਂ ਉਨ੍ਹਾਂ ਨੂੰ ਪੜ੍ਹਨ ਵੱਲ ਮੁੜ ਆਕਰਸ਼ਿਤ ਕਰ ਸਕਦੀਆਂ ਹਨ।

ਸਾਰ ਦੇ ਤੌਰ 'ਤੇ, "ਕੈਨੇਡਾ ਦੀ ਸੈਰ" ਇੱਕ ਸੁੰਦਰ, ਸਿੱਖਿਆਦਾਇਕ ਅਤੇ ਮਨਮੋਹਕ ਬਾਲ ਕਹਾਣੀ ਸੰਗ੍ਰਹਿ ਹੈ। ਇਹ ਕਿਤਾਬ ਬੱਚਿਆਂ ਨੂੰ ਸਿਰਫ਼ ਇੱਕ ਵਿਦੇਸ਼ੀ ਸਫ਼ਰ ਨਹੀਂ ਕਰਵਾਉਂਦੀ, ਸਗੋਂ ਉਨ੍ਹਾਂ ਦੇ ਮਨ ਵਿੱਚ ਕੁਦਰਤ, ਵਿਗਿਆਨ, ਪਰਿਵਾਰ ਅਤੇ ਸੱਭਿਆਚਾਰ ਪ੍ਰਤੀ ਪਿਆਰ ਵੀ ਪੈਦਾ ਕਰਦੀ ਹੈ। ਅਮਨਦੀਪ ਸਿੰਘ ਨੇ ਪੰਜਾਬੀ ਬਾਲ ਸਾਹਿਤ ਨੂੰ ਇੱਕ ਅਜਿਹੀ ਰਚਨਾ ਦਿੱਤੀ ਹੈ ਜੋ ਲੰਮੇ ਸਮੇਂ ਤੱਕ ਯਾਦ ਰਹੇਗੀ ਅਤੇ ਨਵੀਂ ਪੀੜ੍ਹੀ ਨੂੰ ਪੜ੍ਹਨ ਅਤੇ ਸੋਚਣ ਲਈ ਪ੍ਰੇਰਿਤ ਕਰੇਗੀ।

ਨੋਟ: ਇਸ ਕਿਤਾਬ ਦੀ PDF ਕਾਪੀ ਮੁਫ਼ਤ ਵਿੱਚ ਡਾਊਨਲੋਡ ਕੀਤੀ ਜਾ ਸਕਦੀ ਹੈ।

riddles
ਕੁਝ ਹਲਕਾ ਫੁਲਕਾ

ਵਿਗਿਆਨ ਬਾਤਾਂ

ਅਮਨਦੀਪ ਸਿੰਘ

1.

ਅੱਜ ਕੱਲ ਸਾਰੇ ਪਾਸੇ ਇਹਦੇ ਚਰਚੇ ਨੇ

ਇਹਦੀਆਂ ਰਚਨਾਵਾਂ ਨਾਲ -

ਕਈਆਂ ਦੇ ਦਿਲ ਪਰਚੇ ਨੇ।

ਮਨੁੱਖੀ ਬੁੱਧੀ ਨੂੰ ਮਾਤ ਪਾਉਂਦੀ।

ਨਿੱਤ ਨਵੇਂ ਆਯਾਮ ਬਣਾਉਂਦੀ।

2.

ਰਾਤ ਨੂੰ ਨੀਝ ਲੈ ਕੇ ਤੱਕਾਂ

ਚੰਨ ਤਾਰੇ ਮੈਂ ਦੇਖ ਸੱਕਾਂ

ਪਰ ਜੇ ਦੇਖਣਾ ਹੋਵੇ ਸ਼ਨੀ -

ਮੈਂ ਕਿਸ ਤਰ੍ਹਾਂ ਉਹ ਦੇਖਾਂ?

3.

ਦੂਰ ਪੁਲਾੜ ‘ਚ ਉਡਦਾ ਜਾਵੇ

ਸਪੇਸ ਸਟੇਸ਼ਨ ਤੱਕ ਮਾਲ ਢੋਵੇ

ਪੁਲਾੜ ਯਾਤਰੀਆਂ ਨੂੰ

ਚੰਨ ਤਾਰਿਆਂ ਤੱਕ ਪਹੁੰਚਾਵੇ?

4.

ਠੰਡਾ, ਯਖ ਸਿਆਹ ਤੇ ਕਾਲਾ

ਮਨੁੱਖਾਂ ਨੂੰ ਤਾਂ ਲੱਗ ਜੇ ਪਾਲਾ

ਅਗਮ, ਅਥਾਹ ਤੇ ਅਸਗਾਹ

ਇਸਦਾ ਕਿਤੇ ਕੋਈ ਅੰਤ ਨਾ!

5.

ਨਿੱਕੜੀ-ਮੱਕੜੀ ਦੇਖ ਹਾਂ ਸਕਦਾ

ਕੀੜੀ ਨੂੰ ਵੀ ਦੇਖ ਹਾਂ ਸਕਦਾ

ਪਰ ਜੇ ਦੇਖਣਾ ਹੋਵੇ ਬੈਕਟੀਰੀਆ

ਫੇਰ ਮੈਂ ਕਿਸ ਦੇ ਨਾਲ ਦੇਖਾਂ?

6.

ਕਿੰਨਾ ਪਿਆਰਾ! ਕਿੰਨਾ ਸੁੰਦਰ!

ਇਹ ਚਾਣਚੱਕ ਆਉਂਦਾ ਹੈ!

ਅੱਖਾਂ ਮੀਚਦੇ ਹੀ -

ਦੂਰ ਦੇਸ਼ ਦੀ ਸੈਰ ਕਰਾਉਂਦਾ ਹੈ

ਸੱਤ ਸਮੁੰਦਰ ਪਾਰ -

ਮਿੰਟਾਂ ਵਿੱਚ ਪੰਹੁਚਾਉਂਦਾ ਹੈ?

~ਅਮਨਦੀਪ ਸਿੰਘ

ਉੱਤਰ ਦੇਖਣ ਲਈ ਇੱਥੇ ਕਲਿੱਕ (Hover) ਕਰੋ।

1. ਏਆਈ/ਬਨਾਵਟੀ ਬੁੱਧੀ

2. ਦੂਰਬੀਨ/ਟੈਲੀਸਕੋਪ

3. ਰਾਕਟ/ਸਪੇਸ ਕਰਾਫ਼ਟ

4. ਬ੍ਰਹਿਮੰਡ/ਪੁਲਾੜ

5. ਖੁਰਦਬੀਨ/ਮਾਈਕ੍ਰੋਸਕੋਪ

6. ਸੁਫ਼ਨਾ

ਸਾਇੰਸ ਫਿਕਸ਼ਨ ਨੂੰ ਹਕੀਕਤ ਬਣਾਉਂਦੀਆਂ ਵਿਗਿਆਨ ਦੀਆਂ ਤਾਜ਼ਾ ਖ਼ਬਰਾਂ

ਸਾਡੀ ਆਕਾਸ਼ਗੰਗਾ ਨੇ ਇੱਕ ਹੋਰ ਗਲੈਕਸੀ ਨੂੰ ਨਿਗਲ ਲਿਆ ਸੀ
ਖਗੋਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੁਕੜੇ ਦੇਖੇ ਹਨ। ਸਾਡੀ ਆਕਾਸ਼ਗੰਗਾ ਵਿਚਲੇ ਤਾਰਿਆਂ ਦਾ ਇੱਕ ਅਸਾਧਾਰਨ ਸੰਗ੍ਰਹਿ ਇੱਕ ਬੌਣੀ ਗਲੈਕਸੀ ਦੇ ਅਵਸ਼ੇਸ਼ਾਂ ਨੂੰ ਦਰਸਾਉਂਦਾ ਹੈ ਜਿਸਨੂੰ ਆਕਾਸ਼ਗੰਗਾ ਨੇ ਲਗਭਗ 10 ਅਰਬ ਸਾਲ ਪਹਿਲਾਂ ਨਿਗਲ ਲਿਆ ਸੀ। ਖਗੋਲ ਵਿਗਿਆਨੀਆਂ ਨੇ ਪ੍ਰਾਚੀਨ ਗਲੈਕਸੀ ਨੂੰ "ਲੋਕੀ" ਦਾ ਨਾਮ ਦਿੱਤਾ ਹੈ, ਜੋ ਕਿ ਸ਼ਰਾਰਤ ਦੇ ਨੋਰਸ ਦੇਵਤੇ ਦੇ ਨਾਮ 'ਤੇ ਹੈ। ਇਹ ਖੋਜ ਆਕਾਸ਼ਗੰਗਾ ਦੇ ਦੂਰ ਦੇ ਅਤੀਤ ਵਿੱਚ ਹੋਏ ਵਿਕਾਸ ਦੀ ਵਿਗਿਆਨੀਆਂ ਦੀ ਮੌਜੂਦਾ ਸਮਝ ਨੂੰ ਬਦਲ ਸਕਦੀ ਹੈ। Photo Credit: ESA/Gaia/DPAC, S. Payne-Wardenaa
ਬੀਜਿੰਗ ਅਰਧ ਮੈਰਾਥਨ ਵਿੱਚ ਇੱਕ ਰੋਬੋਟ ਨੇ ਮਨੁੱਖਾਂ ਨੂੰ ਪਛਾੜ ਦਿੱਤਾ
ਇੱਕ ਸਵੇਚਲਿਤ ਰੋਬੋਟ ਨੇ 19 ਅਪ੍ਰੈਲ, 2026 ਨੂੰ ਇਤਿਹਾਸ ਰਚਿਆ, ਜਦੋਂ ਉਸਨੇ ਚੀਨ ਦੇ ਬੀਜਿੰਗ ਈ-ਟਾਊਨ ਵਿੱਚ ਇੱਕ ਅਰਧ ਮੈਰਾਥਨ ਵਿੱਚ 12,000 ਮਨੁੱਖੀ ਦੌੜਾਕਾਂ ਅਤੇ 300 ਸਾਥੀ ਰੋਬੋਟਾਂ ਨੂੰ ਹਰਾਇਆ। ਢੁਕਵੇਂ ਨਾਮ ਵਾਲੇ ਰੋਬੋਟ "ਲਾਈਟਨਿੰਗ" ਨੇ ਦੌੜ ਵਿੱਚ ਜਲਦੀ ਹੀ ਲੀਡ ਲੈ ਲਈ ਅਤੇ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਨੇ 13.1-ਮੀਲ (21.1 ਕਿਲੋਮੀਟਰ) ਦੌੜ ਸਿਰਫ਼ 50 ਮਿੰਟ ਅਤੇ 26 ਸਕਿੰਟਾਂ ਵਿੱਚ ਪੂਰੀ ਕੀਤੀ। ਚੋਟੀ ਦੇ ਮਨੁੱਖੀ ਦੌੜਾਕ, ਝਾਓ ਹੈਜੀ ਨੇ ਲਗਭਗ 10 ਮਿੰਟ ਬਾਅਦ ਸਮਾਪਨ ਰੇਖਾ ਪਾਰ ਕੀਤੀ। ਧੰਨਵਾਦ CNN
ਇੱਕ ਵੱਡੇ ਦੈਂਤ ਆਕਟੋਪਸ ਦੇ ਸਬੂਤ
ਖੋਜਕਰਤਾਵਾਂ ਨੇ ਇੱਕ 60 ਫੁੱਟ ਲੰਬੇ ਵਿਸ਼ਾਲ ਆਕਟੋਪਸ ਦੇ ਸਬੂਤ ਲੱਭੇ ਹਨ ਜੋ ਲਗਭਗ 10 ਕਰੋੜ ਸਾਲ ਪਹਿਲਾਂ, ਕ੍ਰੀਟੇਸ਼ੀਅਸ ਕਾਲ ਦੇ ਸਮੁੰਦਰਾਂ ਵਿੱਚ ਸ਼ਿਕਾਰ ਕਰਦੇ ਸਨ। ਇੱਕ ਸਕੂਲ ਬੱਸ ਨਾਲੋਂ ਲੰਬਾ - ਉਸ ਸਮੇਂ ਦੇ ਸਿਖਰਲੇ ਸ਼ਿਕਾਰੀਆਂ ਨੂੰ ਮਾਤ ਪਾਉਂਦਾ, ਸਕੈਂਡੇਨਵੀਆਂ ਦੀ ਦੰਤਕਥਾ ਦੇ ਕ੍ਰੈਕਨ ਦੈਂਤ ਦੀ ਯਾਦ ਦਿਲਾਉਂਦਾ ਹੈ। ਇਹ ਖੋਜ ਸਾਇੰਸ ਜਰਨਲ ਵਿੱਚ ਪੇਸ਼ ਕੀਤੀ ਗਈ ਹੈ, ਜਿੱਥੇ ਖੋਜਕਰਤਾ ਪ੍ਰਾਚੀਨ ਵਿਸ਼ਾਲ ਆਕਟੋਪਸ ਦੇ ਸਬੂਤ ਪੇਸ਼ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹੁਣ ਤੱਕ ਲੱਭੇ ਗਏ ਸਭ ਤੋਂ ਵੱਡੇ ਰੀੜ੍ਹ-ਰਹਿਤ ਜਾਨਵਰ (Invertebrates) ਹਨ। ਖੋਜਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਹ ਲੇਸਦਾਰ ਛਪਲ ਛਪਲ ਕਰਦੇ ਭਾਰੀ-ਭਰਕਮ ਜੀਵ ਝੀਂਗਾ ਮੱਛੀਆਂ ਖਾਂਦੇ ਸਨ ਅਤੇ ਆਪਣੇ ਜਬਾੜੇ ਦੇ ਇੱਕ ਪਾਸੇ ਦੀ ਦੂਜੇ ਪਾਸੇ ਨਾਲੋਂ ਜ਼ਿਆਦਾ ਵਰਤੋਂ ਕਰਦੇ ਸਨ।
ਨੈਪਚਿਊਨ ਤੋਂ ਪਰੇ ਇੱਕ ਛੋਟੇ 'ਪਲੂਟੀਨੋ' ਗ੍ਰਹਿ ਦੇ ਗਿਰਦ ਵਾਯੂਮੰਡਲ
ਸਾਡੇ ਸੌਰ ਮੰਡਲ ਦੇ ਬਾਹਰਲੇ ਬਰਫੀਲੇ ਖੇਤਰ ਵਿੱਚ ਸੂਰਜ ਤੋਂ ਬਹੁਤ ਦੂਰ ਇੱਕ ਬਹੁਤ ਹੀ ਛੋਟੇ ਜਿਹੇ ਗ੍ਰਹਿ (612533) 2002 XV93 ਦੇ ਗਿਰਦ ਬਹੁਤ ਹੀ ਰਹੱਸਮਈ ਢੰਗ ਨਾਲ ਵਾਯੂਮੰਡਲ ਹੋਂਦ ਵਿੱਚ ਆਇਆ ਹੈ ਅਤੇ ਵਿਗਿਆਨੀ ਇਸ ਗੱਲ ਤੋਂ ਹੈਰਾਨ ਹਨ ਕਿ ਇਹ ਕਿਵੇਂ ਅਤੇ ਕਿਉਂ ਹੋਇਆ। ਇੱਕ ਸੰਭਾਵਨਾ ਇਹ ਹੈ ਕਿ ਵਾਯੂਮੰਡਲ ਕ੍ਰਾਇਓਵੋਲਕਨਿਜ਼ਮ, ਜਾਂ ਮੂਲ ਰੂਪ ਵਿੱਚ ਬਰਫ਼ ਦੇ ਜੁਆਲਾਮੁਖੀ ਦੁਆਰਾ ਪੈਦਾ ਹੋਇਆ ਹੈ, ਪਰ ਇੱਕ ਹੋਰ ਵਿਚਾਰ ਇਹ ਹੈ ਕਿ ਵਾਯੂਮੰਡਲ ਕਿਸੇ ਆਕਾਸ਼ੀ ਪਿੰਡ ਦੇ ਟਕਰਾਉਣ ਨਾਲ ਬਣਿਆ ਹੋ ਸਕਦਾ ਹੈ। ਇਹ ਖੋਜ ਜਪਾਨੀ ਖਗੋਲ ਵਿਗਿਆਨੀਆਂ ਨੇ ਕੀਤੀ ਹੈ। (Image credit: NAOJ)