"

Home

Nature

ਮੁੱਖ ਪੰਨੇ ਦੀ ਤਸਵੀਰ

ਮੁੱਖ ਪੰਨੇ ਦੀ ਤਸਵੀਰ ਵਿਚ ਤੁਸੀਂ ਬੋਇੰਗ ਕੰਪਨੀ ਦਾ ਸਟਾਰਲਾਈਨਰ ਕੈਪਸੂਲ ਆਪਣੇ ਪੁਲਾੜ ਯਾਤਰੀਆਂ ਤੋਂ ਬਿਨਾ, 6 ਸਤੰਬਰ, 2024 ਨੂੰ ਨਿਊ ਮੈਕਸੀਕੋ, ਅਮਰੀਕਾ ਵਿੱਚ ਵ੍ਹਾਈਟ ਸੈਂਡਸ ਸਪੇਸ ਹਾਰਬਰ ਵਿਖੇ ਸਮੁੰਦਰ ਵਿਚ ਵਾਪਸ ਸਫ਼ਲਤਾਪੂਰਵਕ ਤੇ ਛਪ ਛਪ ਉੱਤਰਦਾ ਹੋਇਆ ਵੇਖ ਰਹੇ ਹੋ। ਉਡਾਣ ਦੇ ਪਿਛਲੇ ਅੰਕ ਵਿਚ ਵੀ ਇਸਦੀ ਤਸਵੀਰ ਮੁੱਖ ਪੰਨੇ ‘ਤੇ ਇਸਦੇ ਪੁਲਾੜ ਯਾਤਰੀਆਂ/ਚਾਲਕ ਦਲ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਦੇ ਨਾਲ਼ ਸ਼ਾਮਿਲ ਸੀ, ਜੋ ਕਿ ਇਸਦੇ ਨਾਲ਼ ਧਰਤੀ ‘ਤੇ ਵਾਪਸ ਨਹੀਂ ਆ ਸਕੇ ਤੇ ਹੁਣ ਅਗਲੇ ਸਾਲ ਹੀ ਸਪੇਸਐਕਸ ਡਰੈਗਨ ਵਾਹਨ 'ਤੇ ਵਾਪਸ ਆਉਣਗੇ। ਨਾਸਾ ਨੇ ਉਹਨਾਂ ਨੂੰ ਸਟਾਰਲਾਈਨਰ ਕੈਪਸੂਲ ਵਿਚ ਵਾਪਸ ਨਾ ਲਿਆਉਣ ਦਾ ਫੈਸਲਾ ਉਨ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੀਤਾ ਹੈ, ਹਾਲਾਂਕਿ ਬੋਇੰਗ ਦਾ ਮੰਨਣਾ ਸੀ ਕਿ ਸਟਾਰਲਾਈਨਰ ਆਪਣੇ ਚਾਲਕ ਦਲ ਨੂੰ ਵਾਪਸ ਲਿਆਉਣ ਦੇ ਸਮਰੱਥ ਸੀ, ਪਰ ਕੰਪਿਊਟਰ ਮਾਡਲਿੰਗ ਵਿੱਚ ਅਨਿਸ਼ਚਿਤਤਾ ਦੇ ਕਾਰਨ ਨਾਸਾ ਇਸ ਵਿਚਾਰ ਨਾਲ ਸਹਿਮਤ ਨਹੀਂ ਸੀ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਨਾਸਾ ਵਲੋਂ ਖਿੱਚੀ ਅਸਲੀ ਤਸਵੀਰ ਹੈ ਕਿ ਨਹੀਂ?

Nature

ਸੰਪਾਦਕੀ: ਅਨੇਕਾਂ ਸੰਭਾਵਨਾਵਾਂ ਦਾ ਬ੍ਰਹਿਮੰਡ

“ਉਡਾਣ” - ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ ਦੇ ਦੋ ਸਾਲ ਸੰਪੂਰਣ ਹੋਣ ‘ਤੇ ਅਸੀਂ ਸਭ ਹੀ ਵਧਾਈ ਦੇ ਪਾਤਰ ਹਾਂ ਤੇ ਅੱਜ ਨੌਵਾਂ ਅੰਕ ਪੇਸ਼ ਕਰਦਿਆਂ ਮੇਰਾ ਦਿਲ ਖ਼ੁਸ਼ੀ ਨਾਲ਼ ਸਰਸ਼ਾਰ ਹੈ। ਉਮੀਦ ਹੈ ਉਡਾਣ ਮੈਗ਼ਜ਼ੀਨ ਆਪਣੇ ਮੁੱਖ ਉਦੇਸ਼ - ਪੰਜਾਬੀ ਵਿਚ ਵਿਗਿਆਨ ਨਾਲ਼ ਸੰਬਧਿਤ ਸਾਹਿਤ: ਵਿਗਿਆਨ ਗਲਪ ਕਥਾ-ਕਹਾਣੀਆਂ, ਲੇਖ, ਕਵਿਤਾਵਾਂ ਤੇ ਹੋਰ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁੱਖ ਪੇਸ਼ ਕਰਨਾ, ਲੇਖਕਾਂ ਦਾ ਉਤਸ਼ਾਹ ਵਧਾਉਣਾ ਤੇ ਪੰਜਾਬੀ ਵਿੱਚ ਵਿਗਿਆਨ ਗਲਪ ਨਾਲ਼ ਸੰਬੰਧਿਤ ਸਾਹਿਤ ਨੂੰ ਪ੍ਰਫੁੱਲਿਤ ਕਰਨ ਵਿਚ ਖਰਾ ਉੱਤਰ ਰਿਹਾ ਹੈ। ਇਸ ਸਮੇਂ ਦੌਰਾਨ ਸਾਨੂੰ ਅਨੇਕਾਂ ਪਾਠਕਾਂ ਦੇ ਉਤਸ਼ਾਹਮਈ ਤੇ ਹੌਸਲਾ ਵਧਾਉਣ ਵਾਲ਼ੇ ਸੁਨੇਹੇ ਮਿਲ਼ਦੇ ਰਹੇ, ਉਨ੍ਹਾਂ ਦੀ ਪੁਰਜ਼ੋਰ ਮੰਗ ਤੇ ਇਸਦਾ ਪ੍ਰਿੰਟ ਐਡੀਸ਼ਨ ਵੀ ਸਥਾਪਿਤ ਕੀਤਾ ਗਿਆ ਤੇ ਮੋਬਾਇਲ ਫ਼ੋਨ ‘ਤੇ ਆਸਾਨੀ ਨਾਲ਼ ਪੜ੍ਹਨ ਲਈ ਵੈਬਸਾਈਟ ‘ਤੇ ਵੀ ਪ੍ਰਕਾਸ਼ਿਤ ਕੀਤਾ ਗਿਆ। ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕਤਾ ਨੂੰ ਮੁੱਖ ਰੱਖਦਿਆਂ, ਮੈਗ਼ਜ਼ੀਨ ਦੀ ਪ੍ਰਿੰਟ ਕਾਪੀ ਸਿਰਫ਼ ਜ਼ਰੂਰਤ ਪੈਣ ‘ਤੇ ਹੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ।

ਬੇਮਿਸਾਲ ਤਕਨੀਕੀ ਤਰੱਕੀ ਦੇ ਇਸ ਯੁੱਗ ਵਿੱਚ, ਹਕੀਕਤ ਅਤੇ ਕਲਪਨਾ ਵਿਚਕਾਰ ਹੱਦਾਂ-ਬੰਨੇ ਚਿੰਤਾ ਦੀ ਰਫ਼ਤਾਰ ਨਾਲ਼ ਮਿਟ ਰਹੇ ਹਨ। ਸੋਸ਼ਲ ਮੀਡੀਆ ਅਤੇ ਜਨਰੇਟਿਵ ਏਆਈ ਦੇ ਵਾਧੇ ਤੋਂ ਲੈ ਕੇ ਕੁਆਂਟਮ ਕੰਪਿਊਟਿੰਗ ਅਤੇ ਪੁਲਾੜ ਯਾਤਰਾ ਦੀ ਖੋਜ ਤੱਕ, ਅਸੀਂ ਲੌਕਿਕ ਤੇ ਅਲੌਕਿਕ ਦੇ ਮੇਲ਼ ਦੇ ਗਵਾਹ ਬਣ ਰਹੇ ਹਾਂ। ਅੱਜ ਅਸੀਂ ਵਿਗਿਆਨ ਦੇ ਚਾਨਣ ਨਾਲ਼ ਪੁੰਗਰ ਰਹੀਆਂ ਨਿੱਤ-ਨਵੀਆਂ ਸੰਭਾਵਨਾਵਾਂ ਦੇ ਇਸ ਵਿਸ਼ਾਲ ਅਤੇ ਗੁੰਝਲਦਾਰ ਭਵਸਾਗਰ ਵਿਚ ਤੈਰ ਰਹੇ ਹਾਂ, ਜਿੱਥੇ ਸਾਡੇ ਲਈ ਆਮ ਸਿਖਿਆ ਦੇ ਨਾਲ਼-ਨਾਲ਼ ਆਪਣੇ ਆਲ਼ੇ-ਦੁਆਲ਼ੇ ਪ੍ਰਤੀ ਸੁਚੇਤ ਰਹਿਣਾ, ਸੋਸ਼ਲ ਮੀਡੀਆ ਦੇ ਯੁੱਗ ਵਿਚ ਮੀਡੀਆ ਸਾਖਰਤਾ ਤੇ ਆਲੋਚਨਾਤਮਕ ਤੇ ਤਰਕਸ਼ੀਲ ਸੋਚ ਨੂੰ ਉਭਾਰਨਾ ਅਤਿ ਜ਼ਰੂਰੀ ਹੋ ਗਿਆ ਹੈ। ਸੱਚ ਤੇ ਝੂਠ, ਗਲਪ ਤੋਂ ਤੱਥਾਂ ਨੂੰ ਨਿਖੇੜਨਾ ਸਿੱਖਣਾ ਬਹੁਤ ਲਾਜ਼ਮੀ ਹੋ ਗਿਆ ਹੈ। ਅੱਜ ਦੇ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਗ਼ਲਤ ਜਾਣਕਾਰੀ ਤੇ ਉਸ ਦਾ ਪ੍ਰਸਾਰ ਹੈ, ਜੋ ਅਕਸਰ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਜਨਰੇਟਿਵ ਏਆਈ ਨੂੰ ਵਰਤ ਕੇ ਕੀਤਾ ਜਾਂਦਾ ਹੈ। ਮੀਡੀਆ ਸਾਖਰਤਾ ਰਾਹੀਂ ਅਸੀਂ ਪੱਖਪਾਤਾਂ ਨੂੰ ਪਛਾਣਨ ਤੇ ਭਰੋਸੇਯੋਗ ਸਰੋਤਾਂ ਤੋਂ ਝੂਠੇ ਸਰੋਤਾਂ ਨੂੰ ਵੱਖ ਕਰਨ ਲਈ ਯੋਗਤਾ ਵਿਕਸਿਤ ਕਰ ਸਕਦੇ ਹਾਂ ਤੇ ਅਸੀਂ ਆਪਣੇ ਆਪ ਨੂੰ ਝੂਠੀਆਂ ਖ਼ਬਰਾਂ ਨੂੰ ਪਹਿਚਾਣਨ ਦੇ ਸਮਰੱਥ ਬਣ ਸਕਦੇ ਹਾਂ।

ਗ਼ਲਤ ਸੂਚਨਾਵਾਂ ਦੇ ਦਬਾਅ, ਡਿਜੀਟਲ ਤੇ ਏਆਈ ਦੇ ਖੇਤਰ ਤੋਂ ਪਰੇ, ਬ੍ਰਹਿਮੰਡ ਆਪਣੇ ਰਹੱਸਾਂ ਅਤੇ ਅਜੂਬਿਆਂ ਨਾਲ਼ ਸਾਨੂੰ ਸੈਨਤਾਂ ਮਾਰਦਾ ਹੈ। ਜਿਵੇਂ-ਜਿਵੇਂ ਅਸੀਂ ਪੁਲਾੜ ਦੀ ਉਚਾਈ ਤੀਕ ਪਹੁੰਚ ਰਹੇ ਹਾਂ, ਸਾਨੂੰ ਆਪਣੇ ਕੰਮਾਂ ਦੇ ਸੰਭਾਵੀ ਨਤੀਜਿਆਂ ਬਾਰੇ ਵੀ ਧਿਆਨ ਰੱਖਣਾ ਚਾਹੀਦਾ ਹੈ। ਡਾ: ਦੇਵਿੰਦਰ ਪਾਲ ਸਿੰਘ ਦੀ ਕਹਾਣੀ “ਅਜਬ ਮੁਲਾਕਾਤ” ਵਿਚ ਮਨੁੱਖ ਦੁਆਰਾ ਪੈਦਾ ਕੀਤੀਆਂ ਤਬਾਹੀਆਂ ਦੇ ਖ਼ਤਰਿਆਂ ਬਾਰੇ ਅਜਨਬੀ ਗ੍ਰਹਿ “ਅਲੋਹ” ਦਾ ਇੱਕ ਬਾਸ਼ਿੰਦਾ ਪ੍ਰਿਥਵੀ ਦੇ ਇੱਕ ਵਿਗਿਆਨੀ ਨੂੰ ਚੇਤਾਵਨੀ ਦਿੰਦੇ ਹੋਏ, ਸਾਡੀ ਪਿਆਰੀ ਧਰਤੀ ਦੀ ਸਾਂਭ-ਸੰਭਾਲ ਅਤੇ ਟਿਕਾਊ ਵਿਕਾਸ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ। ਅਜਮੇਰ ਸਿੱਧੂ ਦੀ ਕਹਾਣੀ “ਪੁਨਰ ਜਨਮ” ਪੁਨਰ-ਜਨਮ ਦੀ ਧਾਰਨਾ, ਜੋ ਕਿ ਕਈ ਸਭਿਆਚਾਰਾਂ ਅਤੇ ਵਿਸ਼ਵਾਸ ਪ੍ਰਣਾਲੀਆਂ ਵਿਚ ਇੱਕ ਵਾਰ-ਵਾਰ ਵਾਪਰਨ ਵਾਲ਼ਾ ਵਿਸ਼ਾ ਹੈ, ਚੇਤਨਾ ਦੀ ਪ੍ਰਕਿਰਤੀ ਅਤੇ ਮੌਤ ਤੋਂ ਬਾਅਦ ਦੇ ਖ਼ਿਆਲੀ ਜੀਵਨ ਨੂੰ ਵਰਤ ਕੇ ਜਾਣੇ-ਅਣਜਾਣੇ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾਉਣ ਵਾਲ਼ੇ ਅਖੌਤੀ ਬਾਬਿਆਂ ਬਾਰੇ ਸਵਾਲ ਉਠਾਉਂਦੀ ਹੈ। ਇਸੇ ਤਰ੍ਹਾਂ, ਰੂਪ ਢਿੱਲੋਂ ਦੀ ਕਹਾਣੀ “ਜਾਮਨੀ-ਮਖੌਟਾ” ਵਿਚ ਅੱਧੇ-ਮਨੁੱਖ ਤੇ ਅੱਧੇ-ਮਸ਼ੀਨ ਸਾਇਬੋਰਗ ਦੀ ਦਾਸਤਾਨ ਸਾਨੂੰ ਮਸਨੂਈ ਬੁੱਧੀ ਦੇ ਪ੍ਰਭਾਵਾਂ ਅਤੇ ਸੰਵੇਦਨਸ਼ੀਲ ਮਸ਼ੀਨਾਂ ਦੀ ਸੰਭਾਵਨਾ ਬਾਰੇ ਸੋਚਣ ਲਈ ਮਜ਼ਬੂਰ ਕਰਦੀ ਹੈ।

ਅੱਜ ਜਦੋਂ ਵਿਗਿਆਨੀ ਕੁਆਂਟਮ ਕੰਪਿਊਟਿੰਗ ਦੇ ਖੇਤਰ ਵਿਚ ਨਿੱਤ-ਨਵੀਆਂ ਪੁਲਾਂਘਾ ਪੁੱਟ ਰਹੇ ਹਨ, ਅਸੀਂ ਤਕਨੀਕੀ ਨਵੀਨਤਾ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਰਹੇ ਹਾਂ। ਕਲਾਸੀਕਲ ਕੰਪਿਊਟਰਾਂ ਦੀ ਪਹੁੰਚ ਤੋਂ ਬਾਹਰ ਦੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਦੇ ਨਾਲ, ਕੁਆਂਟਮ ਕੰਪਿਊਟਿੰਗ ਵਿੱਚ ਦਵਾਈਆਂ, ਸਮੱਗਰੀ ਵਿਗਿਆਨ, ਅਤੇ ਕ੍ਰਿਪਟੋਗ੍ਰਾਫੀ ਵਰਗੇ ਖੇਤਰਾਂ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ। ਪ੍ਰੋ. (ਡਾ.) ਸਤਬੀਰ ਸਿੰਘ ਦੇ ਲੇਖ ਤੋਂ ਤੁਸੀਂ ਕੁਆਂਟਮ ਤਕਨਾਲੋਜੀ ਦੇ ਕਾਰਜ, ਪ੍ਰਭਾਵਾਂ ਤੇ ਚੁਣੌਤੀਆਂ ਬਾਰੇ ਪੜ੍ਹ ਸਕਦੇ ਹੋ। ਇਸੇ ਤਰ੍ਹਾਂ ਡਾ. ਸੁਰਿੰਦਰ ਕੁਮਾਰ ਜਿੰਦਲ ਦੇ ਲੇਖ ਵਿਚ ਭਾਰਤ ਦੀ ਦਿਨ-ਦੁੱਗਣੀ ਤੇ ਰਾਤ ਚੌਗਣੀ ਤਰੱਕੀ ਤੇ ਪੁਲਾੜ ਖੇਤਰ 'ਚ ਨਿੱਜੀ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਦੂਜੇ ‘ਪੁਲਾੜੀ ਅੱਡੇ’ ਦੀ ਸਥਾਪਨਾ ਬਾਰੇ ਜਾਣ ਸਕਦੇ ਹੋ।

ਬੱਚਿਆਂ ਦੇ ਕੋਨੇ ਵਿਚ ਵਿਗਿਆਨਕ ਅਤੇ ਤਕਨੀਕੀ ਤਰੱਕੀ ਦੇ ਨਾਲ਼-ਨਾਲ਼, ਬੱਚੇ ਪਤਝੜ ਦੇ ਮੌਸਮ ਤੇ ਕੁਦਰਤ ਦੀ ਸੁੰਦਰਤਾ ਅਤੇ ਅਜੂਬਿਆਂ ਬਾਰੇ ਵੀ ਪੜ੍ਹ ਸਕਦੇ ਹਨ। ਸੂਰਜ ਅਤੇ ਫੈਕਸ ਮਸ਼ੀਨ ਬਾਰੇ ਕਵਿਤਾਵਾਂ ਸਾਨੂੰ ਸਾਰੀਆਂ ਜੀਵਿਤ ਚੀਜ਼ਾਂ ਦੇ ਆਪਸ ਵਿੱਚ ਜੁੜੇ ਹੋਣ ਅਤੇ ਸਾਡੇ ਗ੍ਰਹਿ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ਦੀ ਯਾਦ ਦਿਵਾਉਂਦੀਆਂ ਹਨ। ਪ੍ਰਿ: ਹਰੀ ਕ੍ਰਿਸ਼ਨ ਮਾਇਰ ਦੀ ਕਹਾਣੀ ਵਿਚ ਹਾਈ ਟੈਕ ਚੂਹਿਆਂ ਦੇ ਦੁਆਰਾ ਹਰਖੋ ਬਿੱਲੀ ਨੂੰ ਇੱਕ ਰਬੜ ਦੇ ਚੂਹੇ ਨੂੰ ਖਾਣ ਲਈ ਉਕਸਾਉਣ ਦਾ ਬਿਰਤਾਂਤ, ਅਮਰਪ੍ਰੀਤ ਸਿੰਘ ਝੀਤਾ ਦੀ ਭੂਤਾਂ ਬਾਰੇ ਜਾਗਰੂਕਤਾ ਫੈਲਾਉਂਦੀ ਕਹਾਣੀ, ਡਾ. ਦੇਵਿੰਦਰ ਪਾਲ ਸਿੰਘ ਦੀ ਵੀਨਸ ਗ੍ਰਹਿ ਦੀ ਸੈਰ, ਬੱਚਿਆਂ ਦੇ ਮਨੋਰੰਜਨ ਦੇ ਨਾਲ਼-ਨਾਲ਼ ਉਨ੍ਹਾਂ ਦੀਆਂ ਨੂੰ ਕਲਪਨਾਤਮਕ ਭਾਵਨਾਵਾਂ ਨੂੰ ਹੁਲਾਰਾ, ਤਰਕਸ਼ੀਲ ਸੋਚ ਅਪਣਾਉਣ ਤੇ ਵਿਗਿਆਨ ਦੇ ਵਿਲੱਖਣ ਸੰਸਾਰ ਬਾਰੇ ਪੜ੍ਹਨ ਲਈ ਪ੍ਰੇਰਿਤ ਕਰਦੀਆਂ ਹਨ।

ਉਡਾਣ ਦਾ ਇਹ ਖ਼ਾਸ ਅੰਕ ਇੱਕ ਵਿਭਿੰਨ ਅਤੇ ਸੋਚਾਂ ਨੂੰ ਟੁੰਬਣ ਵਾਲ਼ੀਆਂ ਕਹਾਣੀਆਂ ਦਾ ਸੰਗ੍ਰਹਿ ਪੇਸ਼ ਕਰਦਾ ਹੈ, ਜੋ ਵਿਗਿਆਨ, ਤਕਨਾਲੋਜੀ, ਅਤੇ ਮਨੁੱਖੀ ਅਨੁਭਵ ਦੇ ਸਾਂਝੇ ਕਟਾਓ ਦੀ ਪੜਚੋਲ ਕਰਦੀਆਂ ਹਨ। ਜਿਵੇਂ ਕਿ ਅਸੀਂ ਆਧੁਨਿਕ ਸੰਸਾਰ ਦੀਆਂ ਗੁੰਝਲਾਂ ਨੂੰ ਖੋਲ੍ਹਦੇ ਹਾਂ, ਸਾਡੇ ਲਈ ਉਤਸੁਕਤਾ, ਆਲੋਚਨਾਤਮਕ ਸੋਚ, ਨੈਤਿਕ ਅਤੇ ਟਿਕਾਊ ਕਾਰਜਾਂ ਪ੍ਰਤੀ ਵਚਨਬੱਧਤਾ ਦੀ ਭਾਵਨਾ ਨੂੰ ਬਣਾਈ ਰੱਖਣਾ ਵੀ ਜ਼ਰੂਰੀ ਹੈ। ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਕੇ, ਅਸੀਂ ਆਪਣੇ ਬੱਚਿਆਂ ਤੇ ਅਪਣੇ ਲਈ ਇੱਕ ਉੱਜਵਲ ਭਵਿੱਖ ਦੀ ਬੁਨਿਆਦ ਰੱਖ ਸਕਦੇ ਹਾਂ।

~ ਅਮਨਦੀਪ ਸਿੰਘ punjabiscifi@gmail.com

Nature

ਅਜਬ ਮੁਲਾਕਾਤ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਸੰਨ 1980 ਦੀ ਗੱਲ ਹੈ। ਤਦ ਮੈਂ ਭਾਰਤੀ ਮੌਸਮ ਵਿਭਾਗ ਦਾ ਮੁਲਾਜ਼ਮ ਸਾਂ। ਇਨ੍ਹੀ ਦਿਨ੍ਹੀ ਮੇਰੀ ਡਿਊਟੀ ਹਿਮਾਲੀਆਂ ਪਹਾੜੀ ਖੇਤਰ ਵਿਚ ਵਾਪਰ ਰਹੀਆਂ ਜਲ-ਵਾਯੂ ਤਬਦੀਲੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਸੀ। ਇਕ ਦਿਨ ਮੈਂ ਮਾਨਸਰੋਵਰ ਝੀਲ ਨੇੜਲੇ ਖੇਤਰ ਵਿਚ ਕੁਝ ਸੈਂਪਲ ਇਕੱਠੇ ਕਰਨ ਵਿਚ ਮਸਰੂਫ਼ ਸਾਂ ਕਿ ਅਚਾਨਕ ਕਿਸੇ ਮਸ਼ੀਨਰੀ ਦੀ ਘੂੰ-ਘੂੰ ਦੀ ਹਲਕੀ ਜਿਹੀ ਆਵਾਜ਼ ਸੁਣਾਈ ਦਿੱਤੀ। ਜੋ ਅਗਲੇ ਹੀ ਪਲ ਬੰਦ ਹੋ ਗਈ। ਮੈਨੂੰ ਇਥੇ ਪਹੁੰਚਾਣ ਵਾਲਾ ਹੈਲੀਕਾਪਟਰ ਤਾਂ ਕਦੋਂ ਦਾ ਜਾ ਚੁੱਕਾ ਸੀ। ਮੈਨੂੰ ਵਾਪਸ ਲਿਜਾਣ ਲਈ ਉਸ ਨੇ ਅਜੇ ਚਾਰ ਘੰਟੇ ਬਆਦ ਆਉਣਾ ਸੀ। ਫਿਰ ਇਹ ਆਵਾਜ਼ ਕਿਸ ਦੀ ਸੀ? ਮੈੰ ਹੈਰਾਨ ਸਾਂ। ਆਵਾਜ਼ ਦਾ ਕਾਰਣ ਜਾਨਣ ਲਈ ਮੈਂ ਆਲੇ ਦੁਆਲੇ ਨਜ਼ਰ ਮਾਰੀ।

ਆਸਮਾਨ ਵਿਚ ਛਾਏ ਸਲੇਟੀ ਰੰਗੇ ਬੱਦਲਾਂ ਵਿਚੋਂ ਹਲਕੀ ਹਲਕੀ ਰੌਸ਼ਨੀ ਛਣ ਛਣ ਛਣ ਕੇ ਆ ਰਹੀ ਸੀ। ਕੁਝ ਦੂਰ, ਦੂਧੀਆਂ ਬਰਫ਼ ਨਾਲ ਢੱਕੇ ਪਹਾੜ ਦੇ ਪੈਰਾਂ ਕੋਲ, ਧੁੰਦਲਾ ਜਿਹਾ ਇਕ ਸਫ਼ੈਦ ਰੰਗ ਦਾ ਗੋਲਾ ਨਜ਼ਰ ਆਇਆ। ਚਾਰੇ ਪਾਸੇ ਫੈਲੀ ਬਰਫ਼ ਦੀ ਚਿੱਟੀ ਚਾਦਰ ਉਸ ਗੋਲੇ ਨੂੰ ਆਪਣੇ ਵਿਚ ਸਮੋਈ ਜਾਪ ਰਹੀ ਸੀ।

ਆਲੇ ਦੁਆਲੇ ਫੈਲੀ ਚੁੱਪ ਚਾਂ ਵਿਚ ਅਚਾਨਕ ਹਲਕੀ ਜਿਹੀ ਚਰਮਰਾਹਟ ਸੁਣਾਈ ਦਿੱਤੀ। ਜਿਵੇਂ ਕੋਈ ਦਰਵਾਜ਼ਾ ਖੁੱਲਿਆ ਹੋਵੇ। ਅਗਲੇ ਹੀ ਪਲ ਇਕ ਉੱਚਾ-ਲੰਮਾ ਆਕਾਰ, ਅਜੀਬ ਪਹਿਰਾਵਾ ਪਾਈ ਮੇਰੇ ਕੋਲ ਖੜ੍ਹਾ ਸੀ।

"ਹੈਲੋ! ਕੌਣ ਹੈ ਤੂੰ? ਕਿਥੋਂ ਆਇਆ ਹੈ ਤੇ ਇਥੇ ਕੀ ਕਰ ਰਿਹਾ ਹੈ?" ਉਤਸੁਕਤਾ ਵੱਸ ਕਈ ਸਵਾਲ ਆਪ ਮੁਹਾਰੇ ਮੇਰੇ ਮੂੰਹ ਵਿਚੋਂ ਨਿਕਲ ਗਏ।

'ਮੈਂ ਜੋਜੋ ਹਾਂ!' ਉਸ ਨੇ ਦੋਸਤਾਨਾ ਲਹਿਜ਼ੇ ਵਿਚ ਕਿਹਾ। "ਮੈਂ ਅਲੋਹ ਗ੍ਰਹਿ ਤੋਂ ਆਇਆ ਹਾਂ।"

'ਅਲੋਹ ਗ੍ਰਹਿ? ਮੈਂ ਤਾਂ ਇਹ ਨਾਮ ਕਦੀ ਨਹੀਂ ਸੁਣਿਆ। ਕਿਥੇ ਹੈ ਇਹ ਗ੍ਰਹਿ?'

'ਅਲੋਹ ਗ੍ਰਹਿ ਤੁਹਾਡੀ ਧਰਤੀ ਤੋਂ ਬਹੁਤ ਦੂਰ ਹੈ, ਕਈ ਬਿਲੀਅਨ ਕਿਲੋਮੀਟਰ ਦੂਰ.........ਉਸ ਦਿਸ਼ਾ ਵਿਚ।" ਉਸ ਨੇ ਆਕਾਸ਼ ਵਿਚ ਓਰੀਅਨ ਤਾਰਾ ਸਮੂੰਹ ਬਣਤਰ ਵਾਲੇ ਖੇਤਰ ਵਲ ਇਸ਼ਾਰਾ ਕਰਦੇ ਹੋਏ ਕਿਹਾ।

'ਹੂੰ! ਭਲਾ ਤੂੰ ਸਾਡੀ ਬੋਲੀ ਕਿਵੇਂ ਜਾਣਦਾ ਹੈ ਅਤੇ ਬਿਲੀਅਨ ਤੇ ਕਿਲੋਮੀਟਰ ਮਾਪ ਇਕਾਈਆਂ ਬਾਰੇ ਤੈਨੂੰ ਕਿਵੇਂ ਪਤਾ ਹੈ?'

'ਇਹ ਸੱਭ ਇਸ ਯੰਤਰ ਦਾ ਕਮਾਲ ਹੈ। ਜੋ ਤੇਰੇ ਬੋਲਾਂ ਨੂੰ ਮੇਰੀ ਬੋਲੀ ਵਿਚ ਬਦਲ ਕੇ ਸੁਣਾ ਰਿਹਾ ਹੈ ਤੇ ਮੇਰੇ ਬੋਲਾਂ ਨੂੰ ਤੇਰੀ ਬੋਲੀ ਵਿਚ ਬਦਲ ਕੇ ਤੈਨੂੰ ਸੁਣਾ ਰਿਹਾ ਹੈ।" ਉਸ ਨੇ ਗਲੇ ਵਿਚ ਲਟਕ ਰਹੀਂ ਡਿਸਕ ਨੂੰ ਆਪਣੀਆਂ ਉਗਲਾਂ ਨਾਲ ਛੂੰਹਦਿਆਂ ਕਿਹਾ।

'ਕੀ ਤੂੰ ਪਹਿਲੀ ਵਾਰ ਇਥੇ ਆਇਆ ਹੈ?'

'ਨਹੀਂ ਤਾਂ! ਮੈਂ ਅਕਸਰ ਇਥੇ ਆਉਂਦਾ ਰਹਿੰਦਾ ਹਾਂ।'

'ਪਰ ਪਹਿਲਾਂ ਤਾਂ ਕਦੇ ਤੇਰੀ ਕੋਈ ਖ਼ਬਰ ਨਹੀਂ ਸੁਣੀ।'

'ਮੈਂ ਜਿਸ ਨੂੰ ਖੁ਼ਦ ਚਾਹਾਂ ਉਸੇ ਨੂੰ ਦਿਖਾਈ ਦਿੰਦਾ ਹਾਂ।' ਜੋਜੋ ਦੇ ਬੋਲ ਸਨ।

'ਤਾਂ ਫਿ਼ਰ ਮੈਨੂੰ ਹੀ ਕਿਉਂ ਦਿਖਾਈ ਦੇ ਰਿਹਾ ਹੈ ਤੂੰ? ਕੀ ਮੈਂ ਕੋਈ ਖਾਸ ਹਾਂ?' ਮੈਂ ਇਸ ਗਲਬਾਤ ਤੋਂ ਕਾਫ਼ੀ ਹੈਰਾਨ ਪ੍ਰੇਸ਼ਾਨ ਸਾਂ। ਕਿਸੇ ਅਣਕਿਆਸੇ ਖ਼ਤਰੇ ਦੇ ਆਭਾਸ ਪ੍ਰਤੀ ਚੇਤੰਨ ਵੀ ਸਾਂ।

'ਤੇਰੇ ਨਾਲ ਮੁਲਾਕਾਤ ਦਾ ਖਾਸ ਸਬੱਬ ਹੈ।'

'ਕੀ ਮਤਲਬ?'

'ਉਹ ਮੈਂ ਬਾਅਦ ਵਿਚ ਦੱਸਾਗਾਂ, ਪਹਿਲਾਂ ਤੈਨੂੰ ਇਕ ਕਹਾਣੀ ਸੁਨਣੀ ਹੋਵੇਗੀ।'

'ਜਲਦੀ ਗੱਲ ਮੁਕਾ, ਮੈਂ ਆਪਣਾ ਕੰਮ ਵੀ ਮੁਕਾਉਣਾ ਹੈ।' ਮੈਂ ਉਸ ਦੀ ਲੰਮੀ ਵਾਰਤਾਲਾਪ ਤੋਂ ਖਹਿੜਾ ਛੁਡਾਉਣ ਦੇ ਰੌਅ ਵਿਚ ਕਿਹਾ।

'ਚਿੰਤਾ ਨਾ ਕਰ। ਬਹੁਤੀ ਲੰਮੀ ਕਹਾਣੀ ਨਹੀਂ ਤੇ ਨਾਲੇ ਤੇਰੇ ਕੰਮ ਨਾਲ ਖ਼ਾਸ ਨੇੜਤਾ ਵੀ ਰੱਖਦੀ ਹੈ।'

'ਹੂੰ! ਤਾਂ ਸੁਣਾ।'

'ਪੰਜ ਸੌ ਮਿਲੀਅਨ ਸਾਲ ਪਹਿਲਾਂ, ਅਲੋਹ ਗ੍ਰਹਿ ਦੇ ਵਾਸੀਆਂ ਨੇ ਵਿਗਿਆਨ ਤੇ ਤਕਨੀਕੀ ਖੇਤਰ ਵਿਚ ਵੱਡੀ ਉਨਤੀ ਕਰ ਲਈ। ਤਦ ਸਾਡੇ ਵਿਗਿਆਨੀ ਵੰਨ-ਸੁਵੰਨੀਆਂ ਕਿਸਮਾਂ ਦੇ ਨਵੇਂ ਜੀਵ ਪੈਦਾ ਕਰਨ ਦੇ ਸਮਰਥ ਹੋ ਗਏ। ਉਹ ਅਜਿਹੇ ਨਵੇਂ ਗ੍ਰਹਿ ਦੀ ਭਾਲ ਵਿਚ ਜੁੱਟ ਗਏ ਜਿਥੇ ਉਹ ਇਨ੍ਹਾਂ ਜੀਵਾਂ ਨੂੰ ਯੋਗ ਵਾਤਾਵਰਣ ਦੇ ਸਕਣ ਤਾਂ ਕਿ ਇਹ ਜੀਵ ਵੰਨਗੀਆਂ ਵਧ-ਫੁੱਲ ਸਕਣ...... । ਆਖ਼ਰਕਾਰ ਉਨ੍ਹਾਂ ਪ੍ਰਿਥਵੀ ਗ੍ਰਹਿ ਲੱਭ ਲਿਆ। ਉਸ ਸਮੇਂ ਤੁਹਾਡੀ ਧਰਤੀ ਪਾਣੀ ਤੇ ਗੈਸਾਂ ਦੇ ਧੁੰਦ ਗੁਬਾਰ ਨਾਲ ਢੱਕੀ ਹੋਈ ਸੀ।

ਸਾਡੇ ਮਾਹਿਰਾਂ ਨੇ ਸਮੁੰਦਰਾਂ ਦੀ ਤਹਿ ਤੋਂ ਮਿੱਟੀ ਨੂੰ ਬਾਹਰ ਲਿਆ ਵਿਸ਼ਾਲ ਮਹਾਂਦੀਪ ਤਿਆਰ ਕੀਤਾ ਤਾਂ ਜੋ ਨਵੀਆਂ ਜੀਵ ਵੰਨਗੀਆਂ ਨੂੰ ਵਸੇਰਾ ਦਿੱਤਾ ਜਾ ਸਕੇ। ਉਨ੍ਹਾਂ ਨੇ ਧਰਤੀ ਦੀ ਹਵਾ, ਪਾਣੀ ਤੇ ਮਿੱਟੀ ਤੋਂ ਲਏ ਰਸਾਇਣਾਂ ਦੀ ਵਰਤੋਂ ਨਾਲ ਡੀ।ਐਨ।ਏ। ਤਿਆਰ ਕੀਤਾ। ਜਲਦੀ ਹੀ ਉਨ੍ਹਾਂ ਸੂਖ਼ਮ ਜੀਵਾਣੂੰ ਪੈਦਾ ਕਰ ਲਏੇ। ਸਮੇਂ ਦੇ ਬੀਤਣ ਨਾਲ ਉਨ੍ਹਾਂ ਪੌਦੇ, ਜਲ-ਜੀਵਾਂ, ਪੰਛੀਆਂ ਤੇ ਪਸ਼਼ੂਆਂ ਦੀ ਸਿਰਜਣਾ ਕਰ ਲਈ। ਆਖ਼ਰ ਵਿਚ ਉਹ ਮਨੁੱਖੀ ਪੈਦਾਇਸ਼ ਦੇ ਹਾਲਾਤ ਪੈਦਾ ਕਰਨ ਵਿਚ ਸਫਲ ਹੋ ਗਏ।

ਸਮੇਂ ਦੇ ਗੁਜ਼ਰਣ ਨਾਲ ਸਾਡੇ ਖੋਜਕਾਰਾਂ ਨੇ ਉਸ ਖਿੱਤੇ ਦੀ ਪਛਾਣ ਕੀਤੀ, ਜਿਸ ਨੂੰ ਤੁਸੀਂ ਅੱਜ ਕਲ ਏਸ਼ੀਆ ਕਹਿੰਦੇ ਹੋ। ਇਥੋਂ ਦੇ ਬਰਫ਼ਾਨੀ ਸਿਖ਼ਰਾਂ ਵਾਲੇ ਪਹਾੜਾਂ, ਵੰਨ-ਸੁਵੰਨੇ ਫੁੱਲਾਂ ਲੱਦੇ ਜੰਗਲ, ਮਹਿਕਾਂ ਲੱਦੀਆਂ ਹਵਾਵਾਂ ਨਾਲ ਖੇਤਾਂ ਵਿਚ ਲਹਿਲਹਾਉਂਦੀਆ ਹਰੀਆਂ-ਕਚੂਰ ਫ਼ਸਲਾਂ, ਵਿਖੇ ਸ਼ਾਂਤਮਈ ਸੁਭਾਅ ਵਾਲੇ ਸੂਝਵਾਨ ਮਨੁੱਖ ਵੱਸਦੇ ਸਨ।'

'ਇਹ ਤਾਂ ਧਰਤੀ ਦੇ ਇਤਿਹਾਸ ਦਾ ਸਾਰ ਹੀ ਹੈ। ਇਸ ਵਿਚ ਨਵੀਂ ਗੱਲ ਹੈ ਕੀ?' ਮੈਂ ਜਲਦੀ ਤੋਂ ਜਲਦੀ ਉਸ ਦੀ ਗੱਲ ਦੀ ਤਹਿ ਤਕ ਜਾਣਾ ਚਾਹੁੰਦਾ ਸਾਂ।

'ਅਲੋਹਾ ਦੀ ਸਰਕਾਰ ਧਰਤੀ ਉੱਤੇ ਪੱਲਰ ਰਹੇ ਜੀਵਨ ਉੱਤੇ ਨਜ਼ਰ ਰੱਖ ਰਹੀ ਸੀ। ਉਨ੍ਹਾਂ ਦੀ ਸ਼ੰਕਾਂ ਸੀ ਕਿ ਧਰਤੀ ਵਾਸੀ ਜਿਸ ਦਰ ਨਾਲ ਤਰੱਕੀ ਕਰ ਰਹੇ ਹਨ ਅਜਿਹਾ ਉਨ੍ਹਾਂ ਲਈ ਹਾਨੀਕਾਰਕ ਹੋ ਸਕਦਾ ਹੈ। ਤੇ ਅਜਿਹੀ ਧਾਰਣਾ ਸੱਚ ਵੀ ਸਾਬਤ ਹੋਈ ਜਦ ਬੀਹਵੀਂ ਸਦੀ ਦੌਰਾਨ ਇਥੋਂ ਦੇ ਅਮਰੀਕਾ ਵਾਸੀਆਂ ਨੇ ਏਸ਼ੀਆਂ ਦੇ ਛੋਟੇ ਜਿਹੇ ਦੇਸ਼ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਐਟਮੀ ਬੰਬਾਂ ਨਾਲ ਉਡਾ ਦਿੱਤਾ। ਬੇਸ਼ਕ ਇਸ ਘਟਨਾ ਤੋਂ ਧਰਤੀ ਵਾਸੀਆਂ ਨੇ ਸਬਕ ਤਾਂ ਸਿੱਖਿਆ ਤੇ ਜਮੀਨ ਹੇਠਲੇ ਤੇ ਹਵਾਈ ਨਿਊਕਲੀ ਵਿਸਫੋਟਾਂ ਉੱਤੇ ਬੰਦਸ਼ ਲਗਾ ਲਈ। ਪਰ ਮਨੁੱਖੀ ਲਾਲਸਾਵਾਂ ਤੇ ਸੁੱਖ ਸੁਵਿਧਾਵਾਂ ਦੀ ਪ੍ਰਾਪਤੀ ਦੇ ਲਾਲਚ ਨੇ, ਉਨ੍ਹਾਂ ਨੂੰ ਕੁਦਰਤੀ ਸਰੋਤਾਂ ਉੱਤੇ ਕਬਜ਼ੇ ਦੀ ਦੌੜ ਵਿਚ ਉਲਝਾ, ਅੰਤਰਦੇਸ਼ੀ ਜੰਗਾਂ ਤੇ ਘਾਤਕ ਵਾਤਾਵਰਣੀ ਤਬਦੀਲੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ।'

'ਇਹ ਤਾਂ ਠੀਕ ਹੈ।ਪਰ ਮੈਨੂੰ ਇਹ ਸੱਭ ਕੁਝ ਦੱਸਣ ਦਾ ਕੀ ਲਾਭ? ਮੈਂ ਤਾਂ ਪਹਿਲਾਂ ਹੀ ਇਹ ਸੱਭ ਕੁਝ ਜਾਣਦਾ ਹਾਂ। ਵਾਤਾਵਰਣੀ ਸਮੱਸਿਆ ਦੇ ਹੱਲ ਲਈ ਹੀ ਤਾਂ ਮੈਂ ਖੋਜ ਕਰ ਰਿਹਾ ਹਾਂ।' ਮੈਂ ਕਾਹਲਾ ਪੈਂਦਾ ਹੋਇਆ ਬੋਲਿਆ। ਮੈਨੂੰ ਲੱਗ ਰਿਹਾ ਸੀ ਕਿ ਉਹ ਕੋਈ ਸਨਕੀ ਵਿਅਕਤੀ ਸੀ ਜੋ ਸਮਾਂ ਟਪਾਉਣ ਲਈ ਝੱਖ ਮਾਰੀ ਜਾ ਰਿਹਾ ਸੀ।

'ਤੇ ਜੇ ਤੁਸੀਂ ਲੰਮੇ ਅਰਸੇ ਤੋਂ ਧਰਤੀ ਵਾਸੀਆਂ ਉੱਤੇ ਨਜ਼ਰ ਰੱਖ ਰਹੇ ਸੀ ਤਾਂ ਵਾਤਾਵਰਣੀ ਹਾਲਾਤਾਂ ਨੂੰ ਇੰਨ੍ਹੇ ਵਿਗੜਣ ਕਿਉਂ ਦਿੱਤਾ? ਪਹਿਲਾਂ ਹੀ ਦੱਸ ਦਿੰਦੇ। ਹੁਣ ਦੱਸਣ ਦਾ ਕੀ ਲਾਭ, ਜਦ ਕਿ ਅਸੀਂ ਇਸ ਸਮੱਸਿਆ ਦਾ ਸ਼ਿਕਾਰ ਬਣ ਚੁੱਕੇ ਹਾਂ।' ਮੇਰੇ ਖਿੱਝ ਭਰੇ ਬੋਲ ਸਨ।

'ਅਸੀੰ ਧਰਤੀ ਵਾਸੀਆਂ ਨੂੰ ਪਿਆਰ ਕਰਦੇ ਹਾਂ। ਅਤੇ ਉਨ੍ਹਾਂ ਦੀ ਚਿਰ-ਸਲਾਮਤੀ ਚਾਹੁੰਦੇ ਹਾਂ। ਆਖ਼ਰ ਤਾਂ ਉਹ ਸਾਡੇ ਤਜ਼ਰਬਿਆਂ ਦੀ ਹੀ ਪੈਦਾਇਸ਼ ਹਨ। ਕੋਈ ਵਿਗਿਆਨੀ ਆਪਣੇ ਤਜਰਬੇ ਨੂੰ ਫੇਲ ਹੁੰਦਾ ਕਿਵੇਂ ਦੇਖ ਸਕਦਾ ਹੈ? ਇਸੇ ਲਈ ਮੈਨੂੰ ਇਥੇ ਭੇਜਿਆ ਗਿਆ ਹਾਂ, ਇਕ ਬਹੁਤ ਹੀ ਮਹੱਤਵਪੂਰਣ ਸੁਨੇਹਾ ਦੇਣ ਲਈ।'

' ਹੂੰ ! ਤੇ ਉਹ ਸੁਨੇਹਾ ਹੈ ਕੀ?' ਮੈਂ ਪੁੱਛਿਆ।

'ਧਰਤੀ ਵਾਸੀਆਂ ਵਿਚ ਸਵੈ-ਵਿਨਾਸ਼ ਦੇ ਖ਼ਤਰੇ ਦੀ ਮਾਤਰਾ ਬਹੁਤ ਵਧੇਰੇ ਹੈ। ਅਜਿਹਾ ਵਿਸ਼ਵ ਭਰ ਵਿਚ ਫੈਲੇ ਅਵਿਸ਼ਵਾਸ ਤੇ ਡਰ ਦੇ ਮਾਹੌਲ ਕਾਰਣ ਹੈ। ਪਰ ਜੇ ਉਹ ਸ਼ਾਂਤੀ ਤੇ ਭਰਾਤਰੀਭਾਵ ਦੇ ਰਾਹ ਉੱਤੇ ਚਲਦੇ ਹੋਏ ਹਿੰਸਾ ਤੇ ਜ਼ਬਰ-ਜ਼ੁਲਮ ਦੀਆਂ ਰੁਚੀਆਂ ਉੱਤੇ ਕਾਬੂ ਪਾ ਲੈਣ ਤਾਂ ਧਰਤੀ ਉੱਤੇ ਮਨੁੱਖ ਦੀ ਚਿਰ-ਸਥਾਪਤੀ ਸਹਿਜੇ ਹੀ ਸੰਭਵ ਹੈ। ਵਿਸ਼ਵਭਰ ਵਿਚ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਲਈ ਜ਼ਰੂਰੀ ਹੀ ਕਿ ਸਾਰੇ ਦੇਸ਼ ਹਰ ਤਰ੍ਹਾ ਦੇ ਜੰਗੀ ਹਥਿਆਰਾਂ ਦੇ ਨਿਰਮਾਣ, ਭੰਡਾਰੀਕਰਣ ਤੇ ਵਰਤੋਂ ਤੋ ਤੋਬਾ ਕਰ ਲੈਣ। ਨਿਊਕਲੀ ਸ਼ਕਤੀ ਦੀ ਵਰਤੋਂ ਸਿਰਫ਼ ਸ਼ਾਂਤਮਈ ਕਾਰਜਾਂ ਲਈ ਕਰਨ ਦਾ ਅਹਿਦ ਕਰਨ। ਆਪਣੀ ਫੌਜੀ ਤਾਕਤ ਵਿਚ ਸੁਧਾਰ ਕਰ ਇਸ ਨੂੰ ਸਿਰਫ਼ ਜਨ-ਸੇਵਾ ਕਾਰਜਾਂ ਲਈ ਵਰਤਣ।'

'ਹਾਂ। ਜੇ ਅਜਿਹਾ ਹੋ ਜਾਵੇ ਤਾਂ ਅੰਤਰਦੇਸ਼ੀ ਜੰਗਾਂ ਤੇ ਕਈ ਦੇਸ਼ਾਂ ਵਿਚ ਵਾਪਰ ਰਹੀ ਖਾਨਾਜੰਗੀ ਨੂੰ ਨੱਥ ਪੈ ਸਕਦੀ ਹੈ। ਪਰ ਵਾਤਾਵਰਣੀ ਤਬਦੀਲੀਆਂ ਦੀ ਸਮੱਸਿਆ ਦਾ ਕੀ ਹੱਲ ਹੈ?'

'ਇਸ ਲਈ ਵਧੇਰੇ ਆਬਾਦੀ ਦੇ ਭੂਤ ਨੂੰ ਨੱਥ ਪਾਉਣ ਦੀ ਲੋੜ ਹੈ। ਅਗਰ ਇਕ ਔਰਤ ਨੂੰ ਸਿਰਫ਼ ਦੋ ਬੱਚੇ ਪੈਦਾ ਕਰਨ ਤਕ ਸੀਮਿਤ ਰਹਿਣ ਦਾ ਕਾਨੂੰਨ ਵਿਸ਼ਵ ਭਰ ਵਿਚ ਲਾਗੂ ਕੀਤਾ ਜਾਵੇ ਤਾਂ ਆਬਾਦੀ ਵਿਚ ਬੇਤਹਾਸ਼ਾ ਵਾਧਾ ਰੋਕਿਆ ਜਾ ਸਕਦਾ ਹੈ। ਇੰਝ ਵਧੇਰੇ ਆਬਾਦੀ ਲਈ ਲੋੜੀਂਦੇ ਘਰਾਂ, ਸੁਖ-ਸੁਵਿਧਾਵਾਂ ਦੀ ਉਪਲਬਧੀ ਲਈ ਕੁਦਰਤੀ ਸਰੋਤਾਂ ਉੱਤੇ ਪੈ ਰਿਹਾ ਬੋਝ ਘੱਟ ਜਾਵੇਗਾ। ਬੱਚਿਆਂ ਨੂੰ ਨੈਤਿਕਤਾ ਦੇ ਗੁਣਾਂ ਭਰਪੂਰ ਅਤੇ ਕੁਦਰਤ ਨਾਲ ਸੁਮੇਲਤਾ ਵਿਚ ਰਹਿਣ ਦੀ ਸਿੱਖਿਆਂ ਮਨੁੱਖੀ ਜਾਤੀ ਦਾ ਭਵਿੱਖ ਖੁਸ਼ਹਾਲ ਬਣਾ ਸਕਦੀ ਹੈ। ਧਰਤੀ ਉੱਤੇ ਰਾਜਨੀਤਕ ਖੇਤਰ ਵਿਚ ਵੀ ਅਹਿਮ ਤਬਦੀਲੀਆਂ ਦੀ ਲੋੜ ਹੈ - ਰਿਸ਼ਵਤਖੋਰੀ ਤੇ ਕੁਨਬਾਪਰਬਰੀ ਤੋਂ ਮੁਕਤ, ਇਨਸਾਫ਼ ਤੇ ਬਰਾਬਰੀ ਅਧਾਰਿਤ ਨਿਜ਼ਾਮ ਦੀ ਸਖ਼ਤ ਜ਼ਰੂਰਤ ਹੈ। ਧਰਤੀ ਵਾਸੀਆਂ ਨੂੰ ਆਪਣੇ ਭਵਿੱਖ ਦੀ ਸੁਰੱਖਿਆ ਲਈ ਅਜਿਹੀ ਵਿਵਸਥਾ ਦੀ ਵੱਡੀ ਆਵੱਸ਼ਕਤਾ ਹੈ।'

'ਇਹ ਗੱਲਾਂ ਤਾਂ ਠੀਕ ਹਨ। ਪਰ ਇਹ ਸਾਰਾ ਕੁਝ ਸੰਭਵ ਕਿਵੇਂ ਹੋਵੇਗਾ?'

'ਅਜਿਹਾ ਵਾਪਰਣ ਲਈ ਇਥੋਂ ਦੇ ਗੁਣਵਾਨ ਮਨੁੱਖਾਂ ਨੂੰ ਜਨ-ਸਮੂਹ ਦੀ ਅਗੁਵਾਈ ਕਰਦੇ ਹੋਏੇ ਲੋੜੀਂਦੇ ਸੁਧਾਰਾਂ ਲਈ ਲਗਾਤਾਰ ਯਤਨ ਕਰਨੇ ਹੋਣਗੇ। ਅਜਿਹੇ ਬਦਲਾਅ ਦੀ ਸ਼ੂਰੂਆਤ ਕਰਨ ਲਈ ਤੈਨੂੰ ਖ਼ਾਸ ਤੌਰ ਉੱਤੇ ਚੁਣਿਆ ਗਿਆ ਹੈ।'

'ਪਰ ਮੈਂ ਇੱਕਲਾ ਇਸ ਸੱਭ ਕੁਝ ਭਲਾ ਕਿਵੇਂ ਕਰ ਸਕਦਾ ਹਾਂ?'

'ਕਿਸੇ ਸਿਆਣੇ ਦਾ ਕਥਨ ਹੈ: "ਜੋ ਤਬਦੀਲੀ ਤੁਸੀਂ ਆਪਣੇ ਆਲੇ ਦੁਆਲੇ ਦੇਖਣਾ ਚਾਹੁੰਦੇ ਹੋ, ਉਹੀ ਤਬਦੀਲੀ ਪਹਿਲਾਂ ਤੁਸੀਂ ਆਪਣੇ ਰੋਜ਼ਾਨਾ ਜੀਵਨ ਚਲਣ ਵਿਚ ਲਿਆਉ।" ਜੇ ਹਰ ਮਨੁੱਖ ਇਸ ਸਿਧਾਂਤ ਦੀ ਪਾਲਣਾ ਕਰੇ ਤਾਂ ਕੁਝ ਵੀ ਪ੍ਰਾਪਤ ਕਰਨਾ ਅਸੰਭਵ ਨਹੀਂ।'

'ਬਿਲਕੁਲ ਸਹੀ। ਮੈਂ ਤੁਹਾਡਾ ਇਹ ਸੁਨੇਹਾ ਆਮ ਲੋਕਾਂ ਤਕ ਪਹੁੰਚਾਵਾਂਗਾ। ਇਹ ਮੇਰਾ ਅਹਿਦ ਹੈ।'

'ਬਿਲਕੁਲ ਠੀਕ! ਮੇਰਾ ਕੰਮ ਖ਼ਤਮ ਹੋ ਗਿਆ, ਹੁਣ ਮੈਂ ਜਾਂਦਾ ਹਾਂ, ਅਲਵਿਦਾ।' ਉਹ ਬੋਲਿਆ ਤੇ ਅਗਲੇ ਹੀ ਪਲ ਉਹ ਗਾਇਬ ਹੋ ਗਿਆ।

ਮਸ਼ੀਨਰੀ ਦੇ ਚੱਲਣ ਦੀ ਹਲਕੀ ਘੂੰ-ਘੂੰ ਦੀ ਆਵਾਜ਼ ਸੁਣਾਈ ਦਿੱਤੀ ਤੇ ਅੱਖ ਝਪਕਣ ਦੇ ਸਮੇਂ ਵਿਚ ਹੀ ਸਫੈਦ ਗੋਲਾਕਾਰ ਵਸਤੂ ਅੱਖੌਂ ਓਝਲ ਹੋ ਗਈ।

ਉਹ ਥਾਂ ਜਿਥੇ ਪਹਿਲਾਂ ਉਹ ਗੋਲਾਕਾਰ ਵਸਤੂ ਖੜੀ ਸੀ ਉਥੇ ਹੁਣ ਸਿਰਫ਼ ਨਾਮਾਤਰ ਟੋਆ ਜਿਹਾ ਹੀ ਮੌਜੂਦ ਸੀ।

ਪਰ ਮੈਂ ਖੁਸ਼ ਸਾਂ ਮੈਨੂੰ ਮਨੁੱਖ ਜਾਤੀ ਦੀ ਚਿਰ-ਸਲਾਮਤੀ ਦਾ ਰਹੱਸ ਸਮਝ ਆ ਗਿਆ ਸੀ ।

"ਮੈਂ ਇਸ ਨੂੰ ਆਮ ਲੋਕਾਂ ਨਾਲ ਪੁਰਜ਼ੋਰ ਸਾਝਾਂ ਕਰ ਉਚਿਤ ਸੁਧਾਰ ਲਿਆਉਣ ਲਈ ਤੱਤਪਰ ਵੀ ਹਾਂ ਤੇ ਯਤਨਸ਼ੀਲ ਵੀ। ਇਹੋ ਹੀ ਮੇਰਾ ਅਗਾਮੀ ਮਨੁੱਖੀ ਪੀੜ੍ਹੀਆਂ ਲਈ ਤੋਹਫ਼ਾ ਹੋਵੇਗਾ।” ਮੇਰੇ ਮਨ ਵਿਚ ਵਿਚਾਰਾਂ ਦਾ ਜਵਾਰਭਾਟਾ ਸੀ।

'ਮਨੁੱਖੀ ਸਮੱਸਿਅਵਾਂ ਦਾ ਹੱਲ ਸੁਝਾਣ ਲਈ ਤੇਰਾ ਬਹੁਤ ਬਹੁਤ ਧੰਨਵਾਦ, ਪਿਆਰੇ ਦੋਸਤ।......ਅਲਵਿਦਾ।' ਮੈਂ ਓਰੀਅਨ ਤਾਰਾ ਸਮੂਹ ਵੱਲ ਹੱਥ ਹਿਲਾਂਉਂਦੇ ਹੋਏ ਇਸ ਆਸ ਨਾਲ ਕਿਹਾ ਕਿ ਦੂਰ ਪੁਲਾੜ ਵਿਚ ਕਿਧਰੇ ਉਹ ਅਲੌਹ ਵਾਸੀ ਸ਼ਾਇਦ ਮੇਰੇ ਇਸ ਪ੍ਰੇਮ ਸੁਨੇਹੇ ਨੂੰ ਸੁਣ ਰਿਹਾ ਹੋਵੇ।

ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1200 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 75 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਇੱਕ ਭੌਤਿਕ ਵਿਗਿਆਨੀ ਹੋਣ ਕਰਕੇ, ਉਹ ਆਪਣੇ ਪਾਠਕਾਂ ਦੀ ਉਤਸੁਕਤਾ ਨੂੰ ਵਧਾਉਣ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਕਹਾਣੀਆਂ ਲਿਖਣਾ ਪਸੰਦ ਕਰਦਾ ਹੈ। ਅਜ ਕਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਸੇਵਾ ਨਿਭਾ ਰਹੇ ਹਨ।

ਵੈਬਸਾਈਟ : www.drdpsigauthor.wordpress.com

ਈ-ਮੇਲ : drdpsn@gmail.com

ਕੁਝ ਹਲਕਾ-ਫੁਲਕਾ-ਵਿਗਿਆਨ ਦੇ ਚੁਟਕਲੇ

ਮੱਕੜੀ ਨੇ ਕੰਪਿਊਟਰ ਕਿਓਂ ਖਰੀਦਿਆ?

ਕਿਓਂਕਿ ਉਸਨੇ ਵੈੱਬ ਦੇਖਣਾ (Browse)ਸੀ।

ਪਿੰਜਰ ਸੜਕ ਪਾਰ ਕਿਓਂ ਨਹੀਂ ਕਰ ਸਕਿਆ?

ਕਿਓਂਕਿ ਉਸਦਾ ਜਿਗਰਾ ਨਹੀਂ ਸੀ।

ਕਿਹੜੀ ਮੱਛੀ ਕੁੱਤਿਆਂ ਕੋਲ਼ੋਂ ਸਭ ਤੋਂ ਜ਼ਿਆਦਾ ਡਰਦੀ ਹੈ?

ਕੈਟ ਫਿਸ਼

ਮੈਂ ਪ੍ਰਤੀ-ਗੁਰੁਤਾਕਰਸ਼ਣ (Anti-gravity)ਬਾਰੇ ਕਿਤਾਬ ਪੜ੍ਹ ਰਿਹਾ ਸੀ।

ਪਰ ਮੈਂ ਉਸਨੁੰ ਹੇਠਾਂ ਨਾ ਰੱਖ ਸਕਿਆ!

ਇਲੈਕਟ੍ਰੋਨ ਨਿਊਟਰੋਨ ਨੂੰ - ‘ਮੇਰੇ ਕੋਲ਼ ਚਾਰਜ, ਸਪਿਨ ਹੈ, ਚੁੰਬਕੀ ਖ਼ੇਤਰ ਹੈ, ਤੇਰੇ ਕੋਲ਼ ਕੀ ਹੈ?’

ਨਿਊਟਰੋਨ - ‘ਮੇਰੇ ਕੋਲ਼ ਮਾ(ਸ) (Mass/ ਪੁੰਜ) ਹੈ!’

ਜੁਗਨੂੰ ਨੂੰ ਸਕੂਲ ਵਿਚ ਚੰਗੇ ਨੰਬਰ ਕਿਓਂ ਨਹੀਂ ਮਿਲ਼ੇ?

ਕਿਉਂਕਿ ਉਹ ਜ਼ਿਆਦਾ ਚਮਕਦਾਰ ਨਹੀਂ ਸੀ।

Nature

ਪੁਨਰ ਜਨਮ

ਅਜਮੇਰ ਸਿੱਧੂ

ਮੈਂ ਨਿੱਕਾ ਹੁੰਦਾ ਨਾਨਕੀਂ ਰਹਿੰਦਾ ਰਿਹਾਂ। ਮੇਰੇ ਡੈਡੀ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਸੀ। ਇਸ ਕਰਕੇ ਮੇਰਾ ਪਾਲਣ ਪੋਸ਼ਣ ਤੇ ਸਕੂਲੀ ਪੜ੍ਹਾਈ ਉਥੇ ਹੀ ਹੋਏ ਹਨ। ਸਾਡੇ ਨਾਲ ਦਾ ਘਰ ਕਰਮ ਸਿੰਘ ਦਾ ਸੀ। ਉਸ ਘਰੋਂ ਵੀ ਮੈਨੂੰ ਬਹੁਤ ਮੋਹ ਮਿਲਿਆ। ਉਨ੍ਹਾਂ ਨਾਲ ਸਾਡੀ ਕੰਧ ਸਾਂਝੀ ਸੀ। ਉਨ੍ਹਾਂ ਦੀ ਅੱਲ ‘ਕੁੱਬਿਆਂ ਦੇ’ ਪਈ ਹੋਈ ਸੀ। ਕਰਮ ਸਿੰਘ ਦੀ ਅਚਾਨਕ ਮੌਤ ਨੇ ਪਿੰਡ ਦੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕੀਤਾ ਸੀ। ਮੇਰੀ ਨਾਨੀ ਭੱਜੀ-ਭੱਜੀ ਉਨ੍ਹਾਂ ਦੇ ਘਰ ਜਾ ਅੱਪੜੀ ਸੀ। ਨਾਨੀਆਂ ਮਾਮੀਆਂ ਦੇ ਵੈਣ ਸੁਣ ਮੇਰਾ ਵੀ ਮਨ ਭਰ ਆਇਆ ਸੀ। ਮੈਂ ਵੀ ਰੋਂਦਾ ਰਿਹਾ।

ਥੋੜ੍ਹੇ ਚਿਰ ਬਾਅਦ ਨਾਨੇ ਕਰਮ ਸਿੰਘ ਦੀ ਲਾਸ਼ ਹਿਲਣ ਲੱਗ ਪਈ। ਸਾਰੇ ਚੁੱਪ ਹੋ ਗਏ। ਮੈਂ ਵੀ ਨਾਨੀ ਦੇ ਨਾਲ ਲੱਗ ਕੇ ਅੱਗੇ ਵਧਿਆ। ਨਾਨਾ ਜੀ ਔਖੇ-ਔਖੇ ਸਾਹ ਲੈਣ ਲੱਗੇ। ਜਿਉਂ ਅੱਖਾਂ ਖੁੱਲ੍ਹੀਆਂ, ਉਨ੍ਹਾਂ ਚਾਰੇ ਪਾਸੇ ਨਿਗ੍ਹਾ ਦੌੜਾਈ। ਉੱਠ ਕੇ ਬੈਠ ਗਏ। ਮੇਰੀ ਨਾਨੀ ਦੇ ਸਿਰ ’ਤੇ ਹੱਥ ਰੱਖ ਕੇ ਬੋਲੇ :-

‘‘ਭਾਈ ਬੀਬਾ, ਮੈਂ ਮੰਗਲ ਸੁੰਹ ਨੂੰ ਮਿਲ ਕੇ ਆਇਆਂ।’’

‘‘ਚੰਦ ਦੇ ਨਾਨੇ ਨੂੰ?’’ ਮੇਰੇ ਸਕੇ ਨਾਨੇ ਦਾ ਨਾਂ ਸੁਣ ਕੇ ਨਾਨੀ ਨੂੰ ਅਚੰਭਾ ਲੱਗਿਆ।

‘‘ਭਾਈਆ ਕਿਵੇਂ ਆ, ਮੇਰੇ ਹਰਚੰਦ ਸੁੰਹ ਦਾ ਨਾਨਾ?’’ ਨਾਨੀ ਨੇ ਘੁੰਡ ਵਾਲਾ ਪੱਲਾ ਥੋੜ੍ਹਾ ਉੱਤੇ ਨੂੰ ਕਰਦਿਆਂ ਉਤਸੁਕਤਾ ਨਾਲ ਪੁੱਛਿਆ।

‘‘...ਬੱਸ ਸੁੱਖ ਦੀ ਜ਼ਿੰਦਗੀ ਕੱਟਦਾ। ਸੁਰਗ ’ਚ ਤਾਂ ਬੱਸ ਮੌਜ ਮੇਲੇ ਹੀ ਨੇ।’’ ਕਰਮ ਸਿੰਘ ਨੇ ਮੇਰੇ ਮਰੇ ਹੋਏ ਨਾਨੇ ਦੇ ਸਵਰਗ ਨਿਵਾਸ ਬਾਰੇ ਦੱਸਿਆ। ਉਨ੍ਹਾਂ ਕੁਝ ਹੋਰ ਮਰੇ ਗੁਆਂਢੀਆਂ ਅਤੇ ਸਾਕ ਸੰਬੰਧੀਆਂ ਦੇ ਨਾਂ ਵੀ ਗਿਣਾਏ। ਜਿਨ੍ਹਾਂ ਨੂੰ ਉਹ ਮਿਲ ਕੇ ਆਏ ਸਨ। ਫਿਰ ਉਨ੍ਹਾਂ ਅੱਖਾਂ ਮੀਟ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ।

ਉਸੇ ਵੇਲੇ ਧਤਲਿਆਂ ਵਾਲੀ ਗਲੀ ਚੀਕ ਚਿਹਾੜਾ ਪੈ ਗਿਆ ਸੀ। ਲੋਕ ਉੱਧਰ ਨੂੰ ਭੱਜ ਲਏ। ਬਹੁਤੀਆਂ ਔਰਤਾਂ ਨਾਨੇ ਕਰਮ ਸਿੰਘ ਦੀ ਸੇਵਾ ਵਿਚ ਜੁੱਟੀਆਂ ਰਹੀਆਂ।

ਕੁਝ ਦੇਰ ਬਾਅਦ ਫਿੱਡਿਆਂ ਦੀ ਸਾਰੋ ਤੇ ਦੋ ਚਾਰ ਹੋਰ ਬੁੜ੍ਹੀਆਂ ਵਾਪਸ ਆ ਗਈਆਂ।

‘‘ਨੀ ਸਾਰੋ, ਕੀ ਭਾਣਾ ਵਰਤ ਗਿਆ?’’ ਨਾਨੀ ਨੇ ਚੀਕ ਚਿਹਾੜੇ ਦਾ ਕਾਰਨ ਜਾਣਨਾ ਚਾਹਿਆ।

‘‘ਧਤਲਿਆਂ ਦਾ ਕਰਮ ਸੁੰਹ ਚੱਲ ਵਸਿਆ।’’ ਸਾਰੋ ਦੇ ਹਉਂਕੇ ਦੇ ਨਾਲ ਹੀ ਹੰਝੂ ਵੀ ਵਹਿ ਤੁਰੇ।

‘‘ਇਹ ਤੇ ਹੋਣਾ ਹੀ ਸੀ।...ਮੈਂ ਤੇ ਬਥੇਰਾ ਪਾਠ ਕੀਤਾ। ਬਈ ਕਰਮ ਸੁੰਹ ਬਚ ਹੀ ਜਾਏ। ਪਰ ਉਹਦੇ ਲਿਖੇ ਨੂੰ ਕੋਈ ਕਿੱਦਾਂ ਟਾਲੇ।’’ ਉਨ੍ਹਾਂ ਅੱਖਾਂ ਖੋਲ੍ਹ ਕੇ ਉਪਰ ਵੱਲ ਹੱਥ ਜੋੜੇ ਸਨ।

ਸਾਰੇ ਜਣੇ ਇਕਦਮ ਚੁੱਪ ਹੋ ਗਏ। ਉਨ੍ਹਾਂ ਨੂੰ ਧਿਆਨ ਨਾਲ ਸੁਣਨ ਲੱਗ ਪਏ।

‘‘ਜਮਦੂਤ ਮੈਨੂੰ ਗਲਤੀ ਨਾਲ ਦੂਜੇ ਕਰਮ ਸੁੰਹ ਦੀ ਜਗ੍ਹਾ ਲੈ ਗਏ ਸੀ।’’

‘‘ਕਰਮ ਸਿਆਂ, ਤੈਨੂੰ?...ਨਾ ਚਿਤਰ ਗੁਪਤ ਕਿੱਦਾ ਧੋਖਾ ਖਾਗੇ। ਇਹ ਦੋਨੋਂ ਜਮਦੂਤ ਤਾਂ ਹਮੇਸ਼ਾ ਬੰਦੇ ਦੇ ਮੋਢਿਆਂ ’ਤੇ ਬੈਠੇ ਰਹਿੰਦੇ ਨੇ। ਬੰਦੇ ਦਾ ਹਿਸਾਬ ਕਿਤਾਬ ਲਿਖਦੇ ਨੇ।...ਨਾ ਬਈ ਮਨ ਨੀ ਮੰਨਦਾ।’’ ਅਮਰੂ ਬੁੜ੍ਹਾ ਅੜ ਗਿਆ ਸੀ। ਉਹ ਨਾ ਮੰਨਿਆ।

‘‘ਚੁੱਪ ਕਰਕੇ ਬਹਿ ਜਾਹ ਅਮਰੂ। ਨਾ ਸਾਰੀ ਦੁਨੀਆਂ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ। ਕਿਤੇ ਟਪਲਾ ਵੀ ਲੱਗ ਜਾਂਦੈ। ...ਇੱਦਾਂ ਇਕ ਵਾਰ ਬਾਰ ਵਿਚ ਹੋਈ ਸੀ। ਜਮਦੂਤ ਗਲਤੀ ਨਾਲ ਮੀਆਂ ਮੀਰ ਨੂੰ ਲੈ ਗਏ। ਜਦੋਂ ਕਬਰ ਵਿਚ ਦੱਬਣ ਲੱਗੇ। ਭਾਈ, ਮੀਆਂ ਮੀਰ ਉੱਠ ਕੇ ਬਹਿ ਗਿਆ। ਸਾਰੇ ਹੈਰਾਨ ਪ੍ਰੇਸ਼ਾਨ। ਜਦੋਂ ਰੌਲੇ ਪਏ, ਉਦੋਂ ਉਹ ਬੁੜ੍ਹਾ ਜਿਉਂਦਾ ਸੀ। ਮੇਰਾ ਖਿਆਲ ਸੌਆਂ ਤੋਂ ਵੀਹ ਟੱਪ ਗਿਆ ਸੀ ਉਦੋਂ।’’ ਮੇਰੇ ਨਾਨੇ ਦਾ ਭਰਾ ਪਾਕਿਸਤਾਨ ਦੇ ਬਾਰ ਇਲਾਕੇ ਦੀ ਗੱਲ ਸੁਣਾਉਣ ਲੱਗ ਪਿਆ ਸੀ।

‘‘ਭਾਈਆ, ਫੇਰ ਕਿੱਦਾਂ ਹੋਈ?’’ ਸਾਰੋ ਪੈਰਾਂ ਭਾਰ ਬਹਿ ਗਈ ਸੀ।

‘‘ਜਦੋਂ ਮੇਰੀ ਰੂਹ ਨੂੰ ਧਰਮ ਰਾਜ ਦੇ ਦਰਬਾਰ ਵਿਚ ਪੇਸ਼ ਕੀਤਾ। ਉਨ੍ਹਾਂ ਬਹੀ ਖਾਤਾ ਖੋਲ੍ਹਿਆ। ਪਤਾ ਲੱਗਿਆ ਬਈ ਹਾਲੇ ਮੇਰੀ ਜ਼ਿੰਦਗੀ ਦੇ ਬੜੇ ਦਿਨ ਪਏ ਨੇ। ਮੈਨੂੰ ਗਲਤੀ ਨਾਲ ਕਰਮ ਸੁੰਹ ਬਲਦ ਮੀਹਾਂ ਸੁੰਹ ਦੀ ਜਗ੍ਹਾ ਲੈ ਗਏ ਸੀ। ਜਦਕਿ ਮੇਰੇ ਬਾਪ ਦਾ ਨਾਂ ਤਾਂ ਜੀਉਣ ਸੁੰਹ ਆ।’’

‘‘ਵਾਹ ਤੇਰੀ ਲ਼ੀਲਾ ਨਿਆਰੀ’’ ਕਰਮ ਸਿੰਘ ਦੀ ਗੱਲ ਸੁਣ ਕੇ ਨਾਨੇ ਦਾ ਭਰਾ ਉੱਪਰ ਨੂੰ ਹੱਥ ਜੋੜ ਕੇ ਬਹਿ ਗਿਆ।

‘‘ਫ਼ੇ’ ਧਰਮ ਰਾਜ ਨੇ ਜਮਦੂਤਾਂ ਨੂੰ ਹੁਕਮ ਚਾੜ੍ਹਿਆ ਕਿ ਮੈਨੂੰ ਮਿੰਟਾਂ ਸਕਿੰਟਾਂ ਵਿੱਚ ਮਾਤ ਲੋਕ ਪਹੁੰਚਾਇਆ ਜਾਵੇ। ਮੇਰੀ ਜਗ੍ਹਾ ਧਤਲਿਆਂ ਦੇ ਕਰਮ ਸੁੰਹ ਨੂੰ ਲਿਆਉਣ ਦਾ ਹੁਕਮ ਦਿੱਤਾ।’’ ਕਰਮ ਸਿੰਘ ਜੀ ਦੇ ਮੂੰਹੋਂ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ।

ਸਾਰੇ ਉਨ੍ਹਾਂ ਨਾਲ ਗੱਲੀਂ ਜੁੱਟ ਗਏ। ਸਾਨੂੰ ਸਵਰਗ ਦੀਆਂ ਗੱਲਾਂ ਸੁਣਾ-ਸੁਣਾ ਹੈਰਾਨ ਕੀਤਾ। ਉਨ੍ਹਾਂ ਇਹ ਵੀ ਦੱਸਿਆ-

‘‘ਮੇਰੀ ਧਰਮਰਾਜ ਨਾਲ ਸਿੱਧੀ ਗੱਲ ਹੋ ਗਈ ਆ। ਮੇਰੀ ਉਮਰ ਤਾਂ ਥੋੜ੍ਹੇ ਦਿਨ ਬਚਦੀ ਸੀ। ਪਰ ਉਨ੍ਹਾਂ ਮੈਨੂੰ ਹੋਰ ਕਈ ਸਾਲ ਬਖਸ਼ ਦਿੱਤੇ ਹਨ। ਕਹਿਣ ਲੱਗੇ-ਜਾਹ ਤੇਰਾ ਦੁਬਾਰਾ ਜਨਮ ਹੋ ਗਿਆ। ਦੁਨੀਆਂ ਨੂੰ ਜਾ ਕੇ ਤਾਰ। ਕਿਸੇ ਨਾਲ ਮਾੜਾ ਨਾ ਕਰੀਂ। ਜੋ ਕੁਝ ਬਖਸ਼ ਹੁੰਦਾ, ਦੁਨੀਆਂ ਨੂੰ ਬਖਸ਼ ਦੇ।’’ ਇਹ ਸੁਣ ਕੇ ਸਾਰਿਆਂ ਨੇ ਉਨ੍ਹਾਂ ਨੂੰ ਮੱਥਾ ਟੇਕਿਆ ਤੇ ਉਨ੍ਹਾਂ ਦੇ ਚਰਨਾਂ ਵਿਚ ਬਹਿ ਗਏ।

ਪੁਨਰ ਜਨਮ ਅਤੇ ਦੁਨੀਆਂ ਨੂੰ ਤਾਰਨ ਵਾਲੀ ਖ਼ਬਰ ਅੱਗ ਵਾਂਗ ਫ਼ੈਲ ਗਈ। ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਧੜਾਧੜ ਆਉਣ ਲੱਗੇ। ਇਹ ਕਹਾਣੀ ਅਖ਼ਬਾਰਾਂ ਦੇ ਮੁੱਖ ਪੰਨੇ ’ਤੇ ਛਪ ਗਈ। ਲੋਕ ਦੂਰ-ਦੁਰਾਡੇ ਤੋਂ ਆਉਣ ਲੱਗੇ। ਦਿੱਲੀ ਬੰਬਈ ਤੋਂ ਵੀ ਸੰਗਤ ਆਉਣ ਲੱਗ ਪਈ। ਬਾਬਾ ਜੀ ਨੂੰ ਸੱਚੀਂ ਧਰਮ ਰਾਜ ਨੇ ਵਰ ਦਿੱਤਾ ਸੀ। ਸ਼ਰਧਾਲੂਆਂ ਦੀਆਂ ਮੰਨਤਾਂ ਪੂਰੀਆਂ ਹੋਣ ਲੱਗ ਪਈਆਂ ਸਨ। ਥੋੜ੍ਹੇ ਦਿਨਾਂ ਵਿਚ ਹੀ ਮੇਰਾ ਨਾਨਕਾ ਪਿੰਡ ਚਰਚਾ ਵਿਚ ਆ ਗਿਆ ਸੀ। ਮੈਂ ਸਕੂਲ ਜਾਂਦਾ। ਬਾਕੀ ਸਾਰਾ ਸਮਾਂ ਉਨ੍ਹਾਂ ਦੇ ਨੇੜੇ ਰਹਿ ਕੇ ਗੁਜ਼ਾਰਦਾ। ਮੇਰੇ ਵਰਗੇ ਬਾਪ ਬਾਹਰੇ ਨੂੰ ਤਾਂ ਸਹਾਰੇ ਦੀ ਬਹੁਤ ਲੋੜ ਸੀ।

ਬਾਬਾ ਜੀ ਨੇ ਹਰ ਰੋਜ਼ ਕਮਰੇ ’ਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਹਫ਼ਤੇ ਬਾਅਦ ਐਤਵਾਰ ਨੂੰ ਦਰਸ਼ਨ ਦਿੰਦੇ। ਬਾਕੀ ਦਿਨ ਭਗਤੀ ਵਿਚ ਲੀਨ ਰਹਿੰਦੇ। ਸੰਗਤ ਲੰਗਰ ਲਾਉਣ ਲੱਗ ਪਈ। ਸੰਗਤ ਦਰਸ਼ਨਾਂ ਲਈ ਕਈ-ਕਈ ਦਿਨ ਬੈਠੀ ਰਹਿੰਦੀ। ਉਹ ਜਦੋਂ ਕਿਤੇ ਬਾਹਰ ਨਿਕਲਦੇ, ਲੋਕ ਟੁੱਟ ਕੇ ਪੈ ਜਾਂਦੇ। ਹਰੇਕ ਸ਼ਰਧਾਲੂ ਦਰਸ਼ਨ ਕਰਨ ਲਈ ਅੱਗੇ ਹੋਣਾ ਚਾਹੁੰਦਾ। ਕਈਆਂ ਨੂੰ ਦਰਸ਼ਨ ਨਾ ਹੁੰਦੇ ਤਾਂ ਉਹ ਆਪਣੀ ਮਾੜੀ ਕਿਸਮਤ ਨੂੰ ਕੋਸਦੇ ਪਰ ਘਰਾਂ ਨੂੰ ਨਾ ਜਾਂਦੇ।

‘‘ਦੇਖੋ ਜੀ, ਇਹ ਤਾਂ ਕਰਮਾਂ ਦੀ ਗੱਲ ਏ। ਜਿਹਨਾਂ ਚੰਗੇ ਕਰਮ ਕੀਤੇ। ਬਾਬਾ ਜੀ ਉਨ੍ਹਾਂ ਨੂੰ ਹੀ ਦਰਸ਼ਨ ਦਿੰੰਦੇ ਨੇ।’’ ਇਹ ਸੰਗਤ ਦੀ ਆਮ ਰਾਇ ਸੀ।

ਚੜ੍ਹਾਵੇ ਪੱਖੋਂ ਵੀ ਮਿਹਰ ਹੋ ਗਈ ਸੀ। ਫਿਰ ਸਿਆਣੇ ਬੰਦਿਆਂ ਨੇ ਇਕ ਕਮੇਟੀ ਬਣਾ ਦਿੱਤੀ। ਕਮੇਟੀ ਨੇ ਸੰਗਤ ਦੇ ਪੈਸਿਆਂ ਨਾਲ ਦੋ-ਤਿੰਨ ਸਾਲ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਖੜ੍ਹੀ ਕਰ ਦਿੱਤੀ। ਸੰਗਰਾਂਦ ਵਾਲੇ ਦਿਨ ਮੇਲਾ ਜੁੜਨ ਲੱਗਾ। ਬਾਬਾ ਜੀ ਉਸ ਦਿਨ ਦਰਸ਼ਨ ਵੀ ਦਿੰਦੇ ਤੇ ਸੰਗਤ ਨੂੰ ਪ੍ਰਵਚਨ ਵੀ ਸੁਣਾਉਂਦੇ।

ਗੁਰਦੁਆਰਾ ਸਾਹਿਬ ਦੀ ਵਾਗਡੋਰ ਬਾਬਾ ਜੀ ਦੇ ਪੁੱਤਰਾਂ ਨੇ ਸੰਭਾਲ ਲਈ ਸੀ। ਉਹ ਸਾਊ ਬੰਦੇ ਹਨ। ਰੱਬ ਦੀ ਕਰਨੀ ਤੋਂ ਡਰਨ ਵਾਲੇ। ਹਰ ਤਰ੍ਹਾਂ ਸੰਗਤ ਦੀ ਸੇਵਾ ਕਰਨ ਵਾਲੇ। ਖੁੱਲ੍ਹਾ ਲੰਗਰ ਲਾਂਦੇ। ਸਾਧ ਸੰਗਤ ਨੂੰ ਨਿਹਾਲ ਕਰ ਦਿੰਦੇ।

ਮੈਂ ਪਟਿਆਲੇ ਜਾ ਕੇ ਪੜ੍ਹਨ ਲੱਗ ਪਿਆ। ਬਾਬਾ ਜੀ ਹੌਲੀ-ਹੌਲੀ ਜਗਤ ਪ੍ਰਸਿੱਧੀ ਵਾਲੇ ਬਣ ਗਏ। ਹਰ ਪਾਸੇ ਉਨ੍ਹਾਂ ਦੇ ਨਾਮ ਦੀ ਚਰਚਾ ਸੀ। ਪੇਪਰਾਂ ਤੋਂ ਪਹਿਲਾਂ ਮੈਂ ਉਨ੍ਹਾਂ ਤੋਂ ਆਸ਼ੀਰਵਾਦ ਜ਼ਰੂਰ ਲੈਂਦਾ। ਗੁਰਦੁਆਰਾ ਸਾਹਿਬ ਸੁੱਖ ਵੀ ਸੁੱਖਦਾ। ਪਾਸ ਹੋ ਜਾਂਦਾ। ਮੈਨੂੰ ਬਿਜਲੀ ਬੋਰਡ ਵਿਚ ਕਲਰਕੀ ਦੀ ਨੌਕਰੀ ਮਿਲ ਗਈ। ਮੈਂ ਪੜ੍ਹਾਈ ਛੱਡ ਦਿੱਤੀ ਤੇ ਬਾਬਿਆਂ ਦੀ ਕਿਰਪਾ ਨਾਲ ਨੌਕਰੀ ਕਰਨ ਲੱਗਾ।

ਦਸ ਕੁ ਸਾਲ ਪਹਿਲਾਂ ਦੀ ਗੱਲ ਦਸਦਾਂ। ਉਨ੍ਹਾਂ ਦਿਨਾਂ ਵਿਚ ਮੈਂ ਨਾਨਕੀਂ ਗਿਆ ਹੋਇਆ ਸੀ। ਪਿੰਡ ਦੇ ਕੁਝ ਲੋਕ ਉਨ੍ਹਾਂ ਦੇ ਵਿਰੁੱਧ ਗੱਲਾਂ ਕਰਨ। ਇਸ ਪਿੰਡ ਦੇ ਬਜ਼ੁਰਗ ਤਾਂ ਦੋ ਵੇਲੇ ਨਾਮ ਜਪਣ ਵਾਲੇ ਹਨ। ਪਰ ਨਵੀਂ ਪੀੜ੍ਹੀ ਨੂੰ ਖੰਭ ਨਿਕਲ ਆਏ ਹਨ। ਬਾਬਾ ਜੀ ਦਾ ਸਤਿਕਾਰ ਕਰਨਾ ਤਾਂ ਉਹ ਭੁੱਲ ਹੀ ਗਏ ਸਨ। ਉਨ੍ਹਾਂ ਮੂਰਖ ਪ੍ਰਾਣੀਆਂ ਨੂੰ ਬਾਬਾ ਜੀ ਦੀ ਕਰੋਪੀ ਦਾ ਨਹੀਂ ਪਤਾ। ਉਹ ਤਾਂ ਜੱਗ ਦਾ ਭਲਾ ਕਰਨ ਲਈ ਧਰਮ ਰਾਜ ਨੇ ਭੇਜੇ ਸਨ। ਫਿਰ ਜੇ ਸੰਤ ਮਹਾਤਮਾ ਵਿਗੜ ਜਾਣ ਤਾਂ ਉਪਰ ਥੱਲੇ ਦੀ ਇਕ ਕਰ ਦਿੰਦੇ ਹਨ। ਮੰਨਿਆ ਗੁਰਦੁਆਰਾ ਸਾਹਿਬ ਵਿਚ ਦੋ ਤਿੰਨ ਗਲਤ ਘਟਨਾਵਾਂ ਵਾਪਰ ਗਈਆਂ। ਬਾਬਾ ਜੀ ਨੇ ਕਿਹਾ ਵੀ, ਉਹ ਦੋਸ਼ੀਆਂ ਨੂੰ ਨਰਕ ਵਿਚ ਭੇਜ ਕੇ ਕੋੜੇ ਮਰਵਾਉਣਗੇ। ਇਹ ਮੁੰਡੇ ਕੌਣ ਹੁੰਦੇ ਹਨ ਗੱਲਾਂ ਕਰਨ ਵਾਲੇ? ਬਣਾਈ ਫ਼ਿਰਦੇ ਆ ਸਭਾਵਾਂ। ਭਲਾ ਪੰਚਾਇਤ ਇਨ੍ਹਾਂ ਦੇ ਮਤਿਆਂ ਨੂੰ ਮੰਨ ਲਵੇਗੀ?

ਪਿੰਡ ਦੇ ਮਾਹੌਲ ਵਿਚ ਤਣਾਅ ਬਣਿਆ ਹੋਇਆ। ਅਸਲ ਬਿਮਾਰੀ ਉਦੋਂ ਫੈਲੀ, ਜਦੋਂ ਪਿੰਡ ਵਿਚ ਇਕ ਡਾਕਟਰ ਆਇਆ। ਉਹ ਬੜੀਆਂ-ਬੜੀਆਂ ਗਿਆਨ ਵਿਗਿਆਨ ਦੀਆਂ ਗੱਲਾਂ ਕਰਨ ਲੱਗਾ। ਮੁੰਡਿਆਂ ਨੂੰ ਰੋਜ਼ ਨਵੀਂ ਪੱਟੀ ਪੜ੍ਹਾਉਂਦਾ ਹੈ। ਦੇਖੋ ਡਾਕਟਰ ਦਾ ਕਿੰਨਾ ਦਿਮਾਗ ਖ਼ਰਾਬ ਹੋਇਆ ਪਿਆ। ਬਾਬਾ ਜੀ ਦਾ ਪੁਨਰ ਜਨਮ ਮੰਨਣ ਲਈ ਤਿਆਰ ਨਹੀਂ।

‘‘ਡਾਕਟਰ ਸਾਹਿਬ, ਬਾਬਾ ਜੀ ਦਾ ਪੁਨਰ ਜਨਮ ਮੇਰੀਆਂ ਅੱਖਾਂ ਸਾਹਮਣੇ ਹੋਇਆ ਸੀ।’’ ਮੈਂ ਬਾਬਾ ਜੀ ਤੇ ਧਤਲਿਆਂ ਦੇ ਕਰਮ ਸਿੰਘ ਵਾਲੀ ਸਾਰੀ ਘਟਨਾ ਸੁਣਾਈ।

‘‘ਡਾਕਟਰੀ ਵਿਗਿਆਨ ਦੇ ਖੇਤਰ ਵਿਚ ਇਕ ਖੂਬ ਜਾਣੀ ਪਛਾਣੀ ਸੱਚਾਈ ਏ ਕਿ ਦਿਲ ਦੀ ਧੜਕਣ ਬੰਦ ਹੋ ਜਾਣ ਤੋਂ ਬਾਅਦ ਵੀ ਦਿਮਾਗ ਕੁਝ ਸਮੇਂ ਲਈ ਜੀਵਿਤ ਰਹਿੰਦਾ।’’ ਡਾਕਟਰ ਮੈਨੂੰ ਡਾਕਟਰੀ ਵਿਗਿਆਨ ਪੜ੍ਹਾਉਣ ਲੱਗ ਪਿਆ ਸੀ।

ਉਂਝ ਡਾਕਟਰ ਦਲੀਲ ਨਾਲ ਗੱਲ ਕਰ ਰਿਹਾ ਸੀ। ਉਹਨੇ ਪੁਨਰ ਜਨਮ ਦੇ ਖਿਲਾਫ਼ ਦਲੀਲਾਂ ਵੀ ਦਿੱਤੀਆਂ ਤੇ ਕਈ ਉਦਾਹਰਣਾਂ ਵੀ ਸੁਣਾਈਆਂ। ਪਰ ਮੇਰਾ ਮਨ ਨੀ ਮੰਨਿਆ। ਵਿਸ਼ਵਾਸ ਤੇ ਦਲੀਲ ਦਾ ਆਪਸ ਵਿਚ ਕੋਈ ਸੰਬੰਧ ਨਹੀਂ। ਤਰਕ ਵਾਲੇ ਲੋਕ ਰੂਹਾਨੀਅਤ ਨੂੰ ਸਮਝ ਹੀ ਨਹੀਂ ਸਕਦੇ।

‘‘ਇਹ ਸਭ ਕੁਝ ਖੂਨ ਦੀ ਸਪਲਾਈ ਬੰਦ ਹੋ ਜਾਣ ਕਾਰਨ ਕਲਪਨਾ ਵਿਚ ਚਿੱਤਰ ਦੇਖਣ ਦੀ ਸਥਿਤੀ ਤੋਂ ਵੱਧ ਕੁਝ ਵੀ ਨਹੀਂ।’’ ਡਾਕਟਰ ਆਪਣੀ ਗੱਲ ਮੰਨਵਾਉਣ ਲਈ ਹਰ ਤਰੱਦਦ ਕਰ ਰਿਹਾ ਸੀ।

ਪਿਛਲੇ ਦਸ ਸਾਲਾਂ ਵਿਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਮਨੁੱਖ ਮਨਮੁੱਖ ਹੋ ਗਿਆ ਹੈ। ਬਾਬਾ ਜੀ ਦਾ ਪੁਨਰ ਜਨਮ ਤਾਂ ਹੋਇਆ ਹੀ ਮਨੁੱਖਤਾ ਦੇ ਭਲੇ ਲਈ ਸੀ। ਇਹ ਕੁਝ ਵੀ ਹੋਏਗਾ, ਕਦੇ ਸੋਚਿਆ ਹੀ ਨਹੀਂ ਸੀ।

ਮੈਂ ਕੱਲ੍ਹ ਦਾ ਨਾਨਕੀਂ ਆਇਆ ਹੋਇਆਂ। ਬਾਬਾ ਜੀ ਦਾ ਡੇਰਾ ਬੰਦ ਕਰਨ ਬਾਰੇ ਅੱਜ ਇਕੱਠ ਹੋਣਾ ਹੈ। ਲੋਕਾਂ ਵਿਚ ਤਣਾਅ ਬਣਿਆ ਹੋਇਆ। ਝਗੜਾ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ। ਰਾਜਨੀਤੀ ਕਾਰਨ ਸਰਪੰਚ ਸਮੇਤ ਪੰਚਾਇਤ ਦੇ ਬਹੁਤੇ ਮੈਂਬਰ ਮੁੰਡਿਆਂ ਦੇ ਪੱਖ ਵਿਚ ਬੋਲ ਰਹੇ ਹਨ। ਪੁਲਿਸ ਵੀ ਸੱਦੀ ਹੋਈ ਹੈ।

ਸਕੂਲ ਦੀ ਗਰਾਊਂਡ ਵਿਚ ਪੰਚਾਇਤ ਜੁੜ ਗਈ ਹੈ। ਗੱਲ ਸ਼ੁਰੂ ਹੁੰਦਿਆਂ ਹੀ ਕਾਵਾਂ ਰੌਲੀ ਵੱਧ ਗਈ ਹੈ। ਗੱਲ ਕਿਸੇ ਕੰਢੇ ਨਹੀਂ ਲੱਗ ਰਹੀ। ਮੁੰਡੇ ਗੱਲਾਂ ਬੜੀਆਂ-ਬੜੀਆਂ ਕਰ ਰਹੇ ਹਨ। ਵਿਗਿਆਨ ਦੀਆਂ, ਜੰਮਣ ਮਰਨ ਦੀਆਂ। ਕਲੋਨ ਰਾਹੀਂ ਬੱਚੇ ਪੈਦਾ ਕਰਨ ਦੀਆਂ। ਬਾਬਾ ਜੀ ਦੇ ਸ਼ਰਧਾਲੂ ਮੁੰਡਿਆਂ ਅੱਗੇ ਭਾਵੇਂ ਲਾਜਵਾਬ ਹਨ। ਪਰ ਡੇਰਾ ਚੁੱਕਣ ਲਈ ਨਹੀਂ ਮੰਨ ਰਹੇ। ਅਸੀਂ ਸਾਰੇ ਅੜੇ ਹੋਏ ਹਾਂ।

ਪੰਚਾਇਤ ਨੇ ਡੇਰਾ ਬੰਦ ਕਰਨ ਦਾ ਫ਼ੈਸਲਾ ਦੇ ਦਿੱਤਾ ਹੈ। ਪੰਚਾਇਤ ਦੇ ਫ਼ੈਸਲੇ ’ਤੇ ਖੱਪ ਵੱਧ ਗਈ ਹੈ। ਹੱਥੋਂ ਪਾਈ ਵਿਚ ਪੱਗਾਂ ਲੱਥ ਗਈਆਂ ਹਨ। ਪੁਲਿਸ ਨੇ ਦਖ਼ਲ ਦਿੱਤਾ ਹੈ। ਪੰਚਾਇਤ ਨੇ ਰੇਜੂਲੇਸ਼ਨ ਵੀ ਪਾਸ ਕਰ ਦਿੱਤਾ ਹੈ। ਪੁਲਿਸ ਦੋਨੋਂ ਧਿਰਾਂ ਤੋਂ ਦਸਤਖ਼ਤ ਕਰਾਉਣ ਲਈ ਜ਼ੋਰ ਪਾ ਰਹੀ ਹੈ। ਪਰ ਸਾਡੇ ਵਾਲੀ ਧਿਰ ਮੰਨ ਨਹੀਂ ਰਹੀ।

ਅਸੀਂ ਫ਼ੈਸਲਾ ਸੁਣ ਕੇ ਡੇਰੇ ਆਏ ਹਾਂ। ਬਾਬਾ ਕਰਮ ਸਿੰਘ ਭਗਤੀ ਵਿਚ ਲੀਨ ਬੈਠੇ ਹਨ। ਇਹ ਤਾਂ ਜਾਣੀ ਜਾਣ ਹਨ। ਇਨ੍ਹਾਂ ਨੂੰ ਫ਼ੈਸਲੇ ਦਾ ਪਹਿਲਾਂ ਹੀ ਪਤਾ ਹੋਣਾ। ਅਸੀਂ ਤਾਂ ਇਹ ਸੋਚਦੇ ਹਾਂ ਬਾਬਾ ਜੀ ਵਿਰੋਧੀਆਂ ਨੂੰ ਤਬਾਹ ਕਰ ਦੇਣ। ਹੁਣੇ ਚਮਤਕਾਰ ਦਿਖਾਉਣ, ਚਾਹੇ ਅੰਨ੍ਹੇ ਕਰ ਦੇਣ। ਉਹ ਇਥੇ ਆ ਕੇ ਮਾਫ਼ੀ ਮੰਗਣ। ਪਰ ਮਾਫ਼ੀ ਦੇਣੀ ਨਹੀਂ ਚਾਹੀਦੀ। ਸੰਤਾਂ ਦਾ ਕੀ ਪਤਾ ਮਾਫ਼ ਕਰ ਈ ਦੇਣ। ਅੱਖਾਂ ਖੋਲ੍ਹ ਤਾਂ ਲਈਆਂ ਹਨ।

‘‘ਬਾਬਾ ਜੀ, ਧਰਮਰਾਜ ਨੂੰ ਕਹੋ ਇਨ੍ਹਾਂ ਖੜ੍ਹੇ ਖੜਪੰਚਾਂ ਦਾ ਫਾਹਾ ਵੱਢੇ।...ਰੱਬ ਦੇ ਦੁਸ਼ਮਣਾਂ ਨੇ ਡੇਰਾ ਬੰਦ ਕਰਨ ਦਾ ਫ਼ੈਸਲਾ ਦੇ ਦਿੱਤਾ ਐ।’’ ਨਾਨੇ ਦੇ ਭਰਾ ਨੇ ਪੰਚਾਇਤ ਦਾ ਫ਼ੈਸਲਾ ਬਾਬਾ ਜੀ ਨੂੰ ਸੁਣਾਇਆ ਹੈ।

ਬਾਬਾ ਜੀ ਨੇ ਅੱਖਾਂ ਮੀਟ ਲਈਆਂ ਹਨ। ਮਾਲਾ ਫੇਰਨੀ ਸ਼ੁਰੂ ਕੀਤੀ ਹੈ। ਧਰਮਰਾਜ ਨਾਲ ਲਿਵ ਲਾ ਲਾਈ ਹੈ।... ਅੱਖਾਂ ਖੋਲ੍ਹੀਆਂ ਹਨ।

‘‘ਧਰਮਰਾਜ ਜੀ ਨੇ ਕਿਹਾ ਹੈ ਕਿ ਇਸ ਜਗ੍ਹਾ ਕਲਯੁਗੀ ਲੋਕ ਆ ਗਏ ਹਨ। ਉਨ੍ਹਾਂ ਦੀ ਗਿਣਤੀ ਵੀ ਵੱਧ ਗਈ ਹੈ। ਨਵੀਂ ਜਗ੍ਹਾ ਜਾਓ ਤੇ ਲੋਕਾਂ ਦਾ ਪਰਉਪਕਾਰ ਕਰੋ।...ਆਪਾਂ ਨਵੀਂ ਜਗ੍ਹਾ ਡੇਰਾ ਉਸਾਰ ਲਵਾਂਗੇ ਪਰ ਇਹਦਾ ਕਬਜ਼ਾ ਵੀ ਕੋਲ ਰੱਖਾਂਗੇ।’’

ਮੈਂ ਕਰਮ ਸਿੰਘ ਦਾ ਪ੍ਰਵਚਨ ਸੁਣ ਕੇ ਛਿੱਥਾ ਪੈ ਗਿਆ ਹਾਂ। ਹੁਣ ਮੇਰਾ ਮਨ ਕਰਦਾ-ਮੈਂ ਵੀ ਡਾਕਟਰ ਤੇ ਉਨ੍ਹਾਂ ਮੁੰਡਿਆਂ ਨਾਲ ਜਾ ਰਲਾਂ।

ਅਜਮੇਰ ਸਿੱਧੂ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਪੰਜਾਬ ਦੇ ਸਮਾਜਕ ਯਥਾਰਥ ਤੋਂ ਲੈ ਕੇ ਬ੍ਰਹਿਮੰਡੀ ਵਿਗਿਆਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹਾਸ਼ੀਏ ਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਵਿਗਿਆਨਕ ਸੋਚ, ਯਥਾਰਥਵਾਦੀ ਸੋਝੀ, ਮਾਨਵੀ ਸੰਵੇਦਨਾ, ਬੌਧਿਕ ਕਲਪਨਾ ਅਤੇ ਕ੍ਰਾਂਤੀਕਾਰੀ ਚੇਤਨਾ ਇਕੋ ਵੇਲੇ ਨਾਲੋ ਨਾਲ ਮੌਜੂਦ ਰਹਿੰਦੀਆਂ ਹਨ। ਉਨ੍ਹਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿੱਚ ਹੀ ਨਵੇਂ ਪ੍ਰਯੋਗ ਕੀਤੇ ਸਗੋਂ ਅਸਲੋ ਨਵੀਂ ਸ਼ੈਲੀ ਦੀ ਵਿਗਿਆਨਕ ਗਲਪ ਵੀ ਲਿਖੀ। ਉਨ੍ਹਾਂ ਦੀ ਵਾਰਤਕ ਸ਼ੈਲੀ ਕਮਾਲ ਹੈ, ਜਿਸ ਵਿੱਚ ਤੱਥਗਗੱਤ ਜਾਣਕਾਰੀ, ਇਤਿਹਾਸਕ ਬੋਧ ਅਤੇ ਸੁੰਦਰ ਸ਼ਬਦ ਚੋਣ ਹੁੰਦੀ ਹੈ।

Nature

ਜਾਮਨੀ-ਮਖੌਟਾ ਭਾਗ -2

ਰੂਪ ਢਿੱਲੋਂ

ਮੁਮਤਾਜ਼ ਦਿਲੋਂ ਖ਼ੁਸ਼ ਸੀ ਜਦ ਵਜਿਹਾ ਚਲੀ ਗਈ ਸੀ। ਪਰ ਹੁਣ ਉਸ ਨੂੰ ਇੱਕ ਹੋਰ ਜ਼ਨਾਨੀ ਰੜਕਣ ਲੱਗੀ ਮਹਿਸੂਸ ਆਈ। ਇਹ ਨਵਾਂ ਰਕੀਬ ਨਾਲ਼ ਸੌਂਕਣਪੁਣਾ ਕਾਇਮ ਹੋ ਗਿਆ। ਇਹ ਰਕੀਬ ਨੀਨਾ ਸੀ। ਨੀਨਾ ਭਾਵੇਂ ਕੇਵਲ ਸਫਾਈ ਕਰਨ ਲਈ ਰੱਖੀ ਸੀ, ਜਦ ਉਹ ਉੱਥੇ ਹੁੰਦੀ ਸੀ, ਉਹ ਚੋਰ ਅੱਖ ਮਟੱਕੇ ਫਰੋਜ਼ ਵੱਲ ਝਾਕਦੀ ਸੀ। ਫਰੋਜ਼ ਵੀ ਉਸ ਵੱਲ ਕਦੀ ਕਦੀ ਮੂੰਹ ਅੱਡ ਕੇ ਵੇਖਦਾ ਸੀ। ਕੁੜੀ ਮੁਮਤਾਜ਼ ਜਿੰਨੀ ਸੋਹਣੀ ਨਹੀਂ ਸੀ। ਉਹ ਤਾਂ ਵਜਿਹਾ ਦੇ ਮੁਕਾਬਲੇ ਵੀ ਨਹੀਂ ਸੀ। ਪਰ ਆਮ ਔਰਤਾਂ ਤੋਂ ਸੋਹਣੀ ਸੀ। ਜੇ ਗਰੀਬ ਨਾ ਹੁੰਦੀ, ਖੌਰ੍ਹੇ ਸਭ ਤੋਂ ਆਲੀਸ਼ਾਨ ਹੀ ਹੁੰਦੀ। ਬਹੁਤ ਚਿਰ ਨਹੀਂ ਲੱਗਿਆ ਜਦ ਮੁਮਤਾਜ਼ ਨੇ ਅੱਬੇ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤਾ ਅਤੇ ਨੀਨਾ ਬਾਰੇ ਗਿਲਾ ਕੀਤਾ। ਪਿਓ ਫਰੋਜ਼ ਦੇ ਪੈਸੇ ਲਈ ਪਹਿਲਾਂ ਹੀ ਭੁੱਖਾ ਸੀ। ਉਸ ਨੇ ਨੀਨਾ ਨਾਲ਼ ਗੱਲ ਕੀਤੀ।

ਨੀਨਾ ਨੂੰ ਹਾਲੇ ਵੀ ਯਾਦ ਹੈ ਮਜ਼ਹਰ ਮੁਨਜ਼ਰ ਦੀ ਬੋਤੇ ਵਰਗੀ ਥੁਥਨੀ ਜਿਸ ਵਿੱਚੋਂ ਇਹ ਸ਼ਬਦ ਨਿਕਲ਼ੇ ਸਨ: ਤੇਰੀ ਇੱਥੇ ਲੋੜ ਨਹੀਂ। ਚੰਗਾ ਨਹੀਂ ਲੱਗਦਾ ਕਿ ਤੂੰ , ਇੱਕ ਨੀਚ ਤੀਵੀਂ ਫਰੋਜ਼ ਵੱਲ ਤੱਕ ਕੇ ਸੁਪਣੇ ਲੈਂਦੀ ਹੈ। ਆਪਣੀ ਜਾਤ ਨਾ ਭੁੱਲ। ਤੇਰੀ ਔਕਾਤ ਨਾ ਭੁੱਲ! ਅਸੀਂ ਵਕਾਰ ਵਾਲ਼ੇ ਹਾਂ ਅਤੇ ਸ਼ਾਦੀ ਫਰੋਜ਼ ਦੀ ਸਿਰਫ਼ ਮੁਮਤਾਜ਼ ਨਾਲ਼ ਹੋ ਸਕਦੀ ਹੈ। ਸੋਚ, ਜੇ ਤੇਰੇ ਨਾਲ਼ ਵਿਆਹ ਕੀਤਾ, ਉਸ ਦੇ ਟੱਬਰ ਨੂੰ ਸ਼ਰਮ ਹੋਣੀ ਹੈ, ਉਸ ਦੇ ਹਾਣੀਆਂ ਨੂੰ ਵੀ! ਮੈਂ ਤੈਨੂੰ ਇੱਥੋਂ ਟ੍ਰਾਂਸਫਰ ਕਰ ਰਿਹਾ ਹਾਂ। ਤਬਦੀਲੀ ਤੇਰੇ ਵਾਸਤੇ ਵੀ ਚੰਗੀ ਹੋਵੇਗੀ, ਸਾਡੇ ਵਾਸਤੇ ਵੀ। ਤੂੰ ਇਸ ਸ਼ਹਿਰ ਤੋਂ ਬਾਹਰ ਜਾਵੇਗੀ ਕੁਝ ਮਹੀਨਿਆਂ ਵਾਸਤੇ। ਕੋਈ ਗੱਲ ਨਹੀਂ, ਵਾਪਸ ਆ ਸਕਦੀ, ਜਦ ਮੁਮਤਾਜ਼ ਦਾ ਵਿਆਹ ਹੋ ਗਿਆ !

*

ਹੁਣ ਜਦ ਸ਼ਗੁਫ਼ਤਾ ਨੀਨਾ ਨੂੰ ਫਰੋਜ਼ ਦੇ ਘਰ ਅੰਦਰ ਲੈ ਕੇ ਗਈ, ਮੀਰਾਂ ਸ਼ਾਹ ਨੇ ਪਿਛਲੀ ਰਾਤ ਤੋਂ ਕੁੜੀ ਪਛਾਣ ਲਈ ਅਤੇ ਉਸ ਬਾਰੇ ਪੁੱਛ ਲਿਆ। ਸੱਚੇ ਦਿਲ ਨਾਲ਼ ਸਭ ਕੁਝ ਉਸ ਨੂੰ ਦੱਸ ਦਿੱਤਾ। ਹੁਣ ਮੁਮਤਾਜ਼ ਤਾਂ ਰਹੀ ਨਹੀਂ ਸੋ ਕੀ ਫ਼ਰਕ ਪੈਂਦਾ! ਨਾਲ਼ੇ ਫਰੋਜ਼ ਨੂੰ ਲੌੜ ਸੀ ਕਿ ਜਿਹੜਾ ਉਸ ਨਾਲ਼ ਕਰੀਬ ਸੀ ਹੀ ਉਸ ਨਾਲ਼ ਦਿਨ ਰਾਤ ਹੋਵੇ। ਸੋ ਇੰਞ ਹੀ ਅਗਲੇ ਛੇ ਹਫਤਿਆਂ ਵਾਸਤੇ ਨੀਨਾ ਦਿਨ ਰਾਤ ਉਸ ਨਾਲ਼ ਸੀ। ਗੱਲਾਂ ਬਾਤਾਂ ਕੀਤੀਆਂ, ਉਸ ਦਾ ਧਿਆਨ ਜਾਮਨੀ ਮਖੌਟੇ ਤੋਂ ਪਰ੍ਹਾਂ ਲੈ ਕੇ ਗਈ। ਨਿੱਤ ਨਿੱਤ ਠੀਕ ਹੋ ਰਿਹਾ ਸੀ।

ਪਰ ਛੇ ਹਫ਼ਤੇ ਹੋ ਚੁੱਕੇ ਸੀ, ਨਾ ਕਿ ਪੁਲਸ ਨੇ ਜਾਮਨੀ ਕੱਪੜੇ ਵਾਲ਼ੀ ਦਾ ਪਤਾ ਕੀਤਾ, ਨਾ ਕੇ ਕਿਸੇ ਨੇ ਇਨਾਮ ਲਿਆ! ਠੀਕ ਤਾਂ ਫਰੋਜ਼ ਹੁੰਦਾ ਜਾ ਰਿਹਾ ਸੀ, ਪਰ ਮਨ ਵਿੱਚ ਭੁੱਲੇਖਾ ਸੀ ਅਤੇ ਇਸ ਨੂੰ ਹੱਲ ਕਰਨ ਲਈ ਸਬੂਤ ਚਾਹੀਦਾ ਸੀ।

ਜਾਮਨੀ ਮਖੌਟੇ ਵਾਲ਼ੀ ਤਾਂ ਹਵਾ ਵਿੱਚ ਹੀ ਖਰ ਗਈ ਸੀ! ਇੱਕ ਦਿਨ ਫਰੋਜ਼ ਨੇ ਆਪਣੀ ਅਸਲੀ ਅੱਖ ਅੱਡੀ ਅਤੇ ਕੈਮਰੇ ਵਾਲ਼ੀ ਨਾਲ਼ ਕਮਰਾ ਤੱਕਿਆ। ਹਰ ਦਿਹਾੜ ਵਾਂਗਰ ਨੀਨਾ ਉਸ ਦੇ ਸਾਹਮਣੇ ਸੀ। ਕੁਰਸੀ ਉੱਤੇ ਬੈਠੀ ਸੀ ਉਸ ਨੂੰ ਕਿਤਾਬ ਵਿੱਚੋਂ ਪੰਜਾਬੀ ਕਹਾਣੀਆਂ ਸੁਣਾਉਂਦੀ। ਫਰੋਜ਼ ਨੂੰ ਦਿੱਸ ਰਿਹਾ ਸੀ ਕਿ ਨੀਨਾ ਦੀਆਂ ਅੱਖਾਂ ਅੱਕੀਆਂ ਸਨ, ਮੂੰਹ ਘੁੱਟਿਆ ਵੱਟਿਆ ਹੋਇਆ ਸੀ। ਸਾਫ਼ ਦਿੱਸਦਾ ਸੀ ਕਿ ਉਸ ਨੂੰ ਸਾਥ ਦੇ ਕੇ ਥੱਕੀ ਸੀ। ਪਰ ਨੀਨਾ ਉਸ ਨੂੰ ਬਹੁਤ ਪਿਆਰ ਕਰਦੀ ਸੀ। ਜਦ ਫਰੋਜ਼ ਨੂੰ ਪਤਾ ਲੱਗਿਆ ਕਿ ਉਸ ਦੇ ਸਹੁਰੇ ਨੇ ਨੀਨਾ ਨੂੰ ਕੋਈ ਦੂਰ ਕਾਰਖਾਣੇ ਭੇਜਿਆ ਸੀ, ਫਰੋਜ਼ ਤੋਂ ਪਰ੍ਹੇ ਰੱਖਣ, ਉਸ ਨੂੰ ਬਹੁਤ ਗ਼ੁੱਸਾ ਚੜ੍ਹਿਆ। ਫਰੋਜ਼ ’ਤੇ ਮਜ਼ਹਰ ਦੀ ਕਾਫ਼ੀ ਲੜਾਈ ਹੋਈ ਸੀ। ਪਰ ਮੁਮਤਾਜ਼ ਵਾਸਤੇ ਦੋਵੇਂ ਹਾਰ ਕੇ ਸੁਲ੍ਹਾ ਕਰ ਗਏ।

ਵਿਆਹ ਹੋਣ ਤੋਂ ਪਹਿਲਾਂ ਦਿਨ ਰਾਤ ਫਰੋਜ਼ ਨੇ ਨੀਨਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਦੁਨੀਆ ਵੱਡੀ ਸੀ ਅਤੇ ਲੋਕ ਬਹੁਤੇ ਸਨ। ਲੱਭੀ ਨਹੀਂ। ਉਹ ਉਦਾਸ ਹੋ ਗਿਆ। ਫੇਰ ਹੌਲ਼ੀ ਹੌਲ਼ੀ ਮੁਮਤਾਜ਼ ਨਾਲ਼ ਪਿਆਰ ਹੋ ਗਿਆ। ਹਾਰ ਕੇ ਸ਼ਾਦੀ ਹੋ ਗਈ।

ਹੁਣ ਫਰੋਜ਼ ਨੇ ਨੀਨਾ ਨੂੰ ਮੁਸਕਾਨ ਦਿੱਤੀ। ਨੀਨਾ ਦਾ ਤਬੱਸਮ ਵਾਪਸ ਆਇਆ। ਫੇਰ ਫਰੋਜ਼ ਬੋਲ਼ਿਆ, ਮੇਰੀ ਜਾਨ। ਤੂੰ ਅੱਕੀ ਲੱਗਦੀ ਹੈ। ਤੂੰ ਜਾ ਕੇ ਅਰਾਮ ਕਰ। ਮੈਂ ਠੀਕ ਹਾਂ।

ਕੋਈ ਗੱਲ ਨਹੀਂ ਫਰੋਜ਼ । ਮੈਂ ਇੱਥੇ ਹੀ ਹਾਂ। ਹਮੇਸ਼ਾ ਇੱਥੇ ਹਾਂ। ਹੁਣ ਨਹੀਂ ਤੈਨੂੰ ਛੱਡਣਾ। ਨੀਨਾ ਨੇ ਕਿਤਾਬ ਬੰਦ ਕਰ ਕੇ ਰੱਖ ਦਿੱਤੀ। ਆਮ ਹੁਣ ਕੋਈ ਕਿਤਾਬ ਰੂਪ ਵਿੱਚ ਨਹੀਂ ਪੁਸਤਕ ਪੜ੍ਹਦਾ ਸੀ। ਹੁਣ ਤਾਂ ਕਿਤਾਬ ਪੜ੍ਹਣਾ ਵੀ ਆਮ ਨਹੀਂ ਸੀ ਰਿਹਾ। ਜੇ ਕਿਸੇ ਨੇ ਪੜ੍ਹਨਾ ਵੀ ਸੀ, ਅੱਜ ਕੱਲ੍ਹ ਕਿੰਡਲ ਜਾਂ ਕੋਈ ਹੋਰ ਬਿਜਲੀਤਖ਼ਤੀ ਵਰਤਦੇ ਸੀ। ਪਰ ਨੀਨਾ ਪਰੰਪਰਾਈ ਸੀ। ਉਂਞ ਪਹਿਲਾਂ ਉਸ ਨੂੰ ਪੜ੍ਹਣਾ ਲਿਖਣਾ ਆਉਂਦਾ ਨਹੀਂ ਸੀ। ਹਾਰ ਕੇ ਆਪ ਨੂੰ ਸਿਖਾ ਦਿੱਤਾ ਸੀ। ਸਿਰਫ਼ ਫਰੋਜ਼ ਨੂੰ ਚਿੱਠੀ ਲਿਖਣ ਵਾਸਤੇ। ਜਦ ਫਰੋਜ਼ ਦਾ ਵਿਆਹ ਹੋ ਚੁੱਕਾ ਸੀ, ਉਸ ਨੇ ਜਿਹੜੀ ਚਿੱਠੀ ਲਿਖੀ ਭੇਜੀ ਨਹੀਂ ਸੀ। ਉਸ ਚਿੱਠੀ ਵਿੱਚ ਜੋ ਹੋਇਆ ਅਤੇ ਜੋ ਦਿਲ ਵਿੱਚ ਸੀ ਲਿਖ ਦਿੱਤਾ ਸੀ। ਮੁਮਤਾਜ਼ ਨਾਲ਼ ਵਿਆਹ ਹੋ ਗਿਆ ਸੀ ਜਿਸ ਦਾ ਮਤਲਬ ਨਹੀਂ ਤਾਂ ਸੱਚ ਮੁੱਚ ਫਰੋਜ਼ ਹੁਣ ਉਸ ਨੂੰ ਪ੍ਰੇਮ ਕਰਦਾ ਸੀ ਜਾਂ ਜੇ ਨਹੀਂ ਵੀ ਕਰਦਾ ਸੀ, ਹੁਣ ਮੁਮਤਾਜ਼ ਹੀ ਉਸ ਦੀ ਘਰਵਾਲ਼ੀ ਸੀ। ਸੋ ਚਿੱਠੀ ਨਹੀਂ ਭੇਜੀ। ਮੁਮਤਾਜ਼ ਦੀ ਮੌਤ ਬਾਅਦ ਭੇਜੀ। ਜਦ ਮਿਲ਼ੀ ਫਰੋਜ਼ ਨੂੰ, ਉਸ ਨੇ ਪੜ੍ਹੀ ਨਹੀਂ। ਆਪਣੇ ਦਿਲ ਦੀ ਗੱਲਾਂ ਵਿੱਚ ਲਿਖੀਆਂ ਪਰ ਮਜ਼ਹਰ ਬਾਰੇ ਕੁਝ ਨਹੀਂ ਲਿਖਿਆ।

ਫਰੋਜ਼ ਨੇ ਉਸ ਰਾਤ ਚਿੱਠੀ ਪੜ੍ਹੀ ਜਦ ਟੀਟੂ ਦੀ ਪਾਰਟੀ ਗਿਆ। ਪੜ੍ਹ ਕੇ ਉਸ ਨੇ ਪਛਤਾਇਆ ਕਿ ਨੀਨਾ ਨਾਲ਼ ਵਿਆਹ ਨਹੀਂ ਕੀਤਾ। ਪਰ ਹੁਣ ਤਾਂ ਜੋ ਹੋਣਾ ਸੀ ਹੋ ਚੁੱਕਾ ਸੀ। ਫੇਰ ਜਦ ਪਾਰਟੀ ’ਤੇ ਪਹੁੰਚਿਆ ਉੱਥੇ ਨੀਨਾ ਸੀ! ਉਨ੍ਹਾਂ ਨੂੰ ਬੋਲ਼ਣ ਦਾ ਮੌਕਾ ਨਹੀਂ ਮਿਲ਼ਿਆ ਕਿਉਂਕਿ ਮੁਮਤਾਜ਼ ਮੌਤ ਤੋਂ ਵਾਪਸ ਆ ਗਈ ਸੀ! ਜਾਮਨੀ ਮਖੌਟੇ ਵਿੱਚ! ਫਰੋਜ਼ ਦੇ ਮਗਰ ਹਰੇਖ ਪਾਸੇ ਗਈ!

ਹੁਣ ਡਾਕਟਰ ਅੰਦਰ ਆ ਗਿਆ ਸੀ ਅਤੇ ਫਰੋਜ਼ ਨੇ ਉਸ ਨੂੰ ਕਿਹਾ ਨੀਨਾ ਨੂੰ ਅਰਾਮ ਕਰਨ ਭੇਜ ਦੇ। ਪਹਿਲਾਂ ਨੀਨਾ ਮੰਨੀ ਨਹੀਂ। ਫੇਰ ਮੰਨ ਪਈ।

ਮੀਰਾਂ ਸ਼ਾਹ ਬੋਲ਼ਿਆ, ਤੂੰ ਇਸ ਫ਼ਲੈਟ ਵਿੱਚ ਛੇ ਹਫ਼ਤਿਆਂ ਦੀ ਬੰਨ੍ਹੀ ਹੈ! ਬਾਹਰ ਸੈਰ ਕਰਨ ਜਾ! ਤੇਰੀ ਸਿਹਤ ਵਾਸਤੇ ਚੰਗਾ ਹੋਵੇਗਾ!

ਨਹੀਂ ਜੀ, ਮੈਂ ਠੀਕ ਹਾਂ।

ਨਹੀਂ। ਮੈਂ ਡਾਕਟਰ ਹਾਂ। ਮੈਂ ਇਸਰਾਰ ਕਰਦਾ! ਫੇਰ ਮੀਰਾਂ ਸ਼ਾਹ ਨੇ ਸ਼ਗੁਫ਼ਤਾ ਨੂੰ ਅੰਦਰ ਬੁੱਲ਼ਾ ਕੇ ਉਸ ਨੂੰ ਕਿਹਾ ਨੀਨਾ ਨੂੰ ਕਾਇਲ ਕਰ। ਜਦ ਤਿੰਨ ਹੀ ਜਣਿਆਂ ਨੇ ਬਾਰ ਬਾਰ ਕਿਹਾ, ਨੀਨਾ ਸੈਰ ਕਰਨ ਤੁਰ ਪਈ।

*

ਸੜਕਾਂ ਉੱਤੇ ਸੈਰ ਕਰਨ ਵਾਸਤੇ ਬਹੁਤੀ ਜਗ੍ਹਾ ਨਹੀਂ ਸੀ। ਪਹਿਲਾਂ ਤਾਂ ਗੱਡੀਆਂ ਦਾ ਟ੍ਰੈਫ਼ਿਕ ਜਾਮ ਸੀ। ਫੇਰ ਉਸ ਕਤਾਰ ਦੇ ਉੱਪਰ ਹਵਾ ਵਿੱਚ ਉਡਣ ਵਾਲ਼ੇ ਵਾਹਨਾਂ ਦਾ ਜਾਮ ਵੀ ਸੀ! ਇਨਸਾਨਾਂ ਦਾ ਅਤੇ ਕਲਦਾਰਾਂ ਦੀ ਸੰਘਣੀ ਭੀੜ ਸੀ। ਬਾਹਰ ਕੋਈ ਬਾਗ਼ ਨਹੀਂ ਰਿਹਾ। ਇਸ ਲਈ ਖ਼ਾਸ ਛਤਵਾਏ ਬਾਗ਼ ਇਮਾਰਤਾਂ ਅੰਦਰ ਸਨ। ਹੁਣ ਉਨ੍ਹਾਂ ਵਿੱਚੋਂ ਇੱਕ ਅੰਦਰਲ਼ੇ ਬਾਗ਼ ਵੱਲ ਵਧੀ, ਸਾਡੀ ਨੀਨਾ।

ਬਾਗ਼ ਦਾ ਨਾਂ ਸ਼ਾਲੀਮਾਰ ਗੁਲਿਸਤਾਨ ਸੀ। ਛੱਤ ਸ਼ੀਸ਼ੇ ਦੀ ਬਣਾਈ ਹੋਈ ਸੀ ਕਰਕੇ ਦਿਹਾੜੇ ਦੌਰਾਨ ਹੀ ਧੁੱਪ ਅੰਦਰ ਵੜਦੀ ਸੀ ਅਤੇ ਰਾਤ ਨੂੰ ਤਾਰੇ ਦਿੱਸਦੇ ਸਨ। ਗਲਿਆਰੇ ਦੇ ਆਲ਼ੇ ਦੁਆਲ਼ੇ ਗੁਲਸ਼ਨ ’ਤੇ ਫੁਲਵਾੜੀਆਂ ਸਨ, ਬੂਟਾਵਾਵਾੜੀਆਂ ਸਨ ਅਤੇ ਜ਼ਖ਼ੀਰੇ ਸਨ। ਉਨ੍ਹਾਂ ਦੇ ਮਾਲੀ ਕਲਦਾਰ ਸਨ, ਜੋ ਦਿਨ ਰਾਤ ਦੇਖ ਭਾਲ਼ ਕਰਦੇ ਸਨ। ਕਿਸੇ ਕਿਸੇ ਦੇ ਸਰੀਰ ਆਦਮੀ ਦੀ ਸ਼ਕਲ ਵਿੱਚ (ਪਰ ਸਾਫ਼ ਦਿੱਸਦਾ ਸੀ ਲੋਹੇ ਦੇ ਸਨ) ਸਨ ਅਤੇ ਕਿਸੇ ਕਿਸੇ ਦੀ ਸ਼ਕਲ ਪੱਕੀ ਮਸ਼ੀਨੀ ਹੀ ਸੀ। ਕੋਈ ਉੱਡਦੇ ਸੀ ਪੰਛੀਆਂ ਵਾਂਙ, ਕੋਈ ਧਰਤ ਉੱਤੇ ਆਪਣਾ ਕੰਮ ਕਰ ਰਹੇ ਸੀ। ਇਨਸਾਨ ਇੱਥੇ ਸਿਰਫ਼ ਪਰਾਹੁਣੇ ਸਨ।

ਜਦ ਨੀਨਾ ਅੱਧੀ ਰਾਹ ਪਹੁੰਚੀ (ਸ਼ਾਲੀਮਾਰ ਦੇ ਲਾਂਘੇ ਵਿੱਚ) ਉਸ ਦੀ ਅੱਖ ਫੜ ਗਈ। ਲਾਂਘੇ ਦੇ ਦੋਹਾਂ ਪਾਸੇ ਹਰ ਸੌ ਮੀਟਰ ਕਮਰੇ ਸਨ ਜਿਨ੍ਹਾਂ ਵਿੱਚ ਲੋਕ ਬੈਠ ਵੀ ਸਕਦੇ ਸੀ ਜਾਂ ਖਾ ਵੀ ਸਕਦੇ ਸੀ। ਉਸ ਨੇ ਇੱਕ ਮੁਖੜਾ ਪਛਾਣ ਲਿਆ ਸੀ। ਖ਼ੈਰ ਇੰਞ ਉਸ ਨੂੰ ਲੱਗਿਆ। ਦੂਰੋਂ ਸ਼ੀਸ਼ੇ ਦੇ ਰਾਹੀਂ ਅੰਦਰ ਤੱਕਣ ਲੱਗ ਪਈ। ਇਸ ਢਾਬੇ ਦੇ ਇੱਕ ਖੂੰਜੇ ਵਿੱਚ ਦੋ ਜਣੇ ਗੱਲ ਬਾਤ ਕਰ ਰਹੇ ਸੀ। ਇੱਕ ਬੰਦਾ, ਇੱਕ ਬੰਦੀ।

ਬੰਦੇ ਦੀ ਪਿੱਠ ਸ਼ੀਸ਼ੇ ਵੱਲ ਸੀ, ਪਰ ਬੰਦੀ ਦਾ ਮੂੰਹ ਬਾਰੀ ਵੱਲ ਸੀ। ਜਿੱਥੇ ਨੀਨਾ ਖੜ੍ਹੀ ਸੀ ਤੋਂ ਸਾਫ਼ ਨਹੀਂ ਦਿੱਸ ਰਿਹਾ ਸੀ, ਪਰ ਜ਼ਰੂਰ ਔਰਤ ਦਾ ਹੁਲੀਆ ਵੇਖਿਆ ਭਾਲ਼ਿਆ ਸੀ। ਖ਼ਾਸ ਉਸ ਦੇ ਕੱਪੜਾਂ ਦਾ ਪਹਿਰਾਵਾ। ਨੀਨਾ ਬਾਰੀ ਦੇ ਥੋੜਾ ਨੇੜੇ ਹੋ ਗਈ। ਇੱਕ ਬੂਟੇ ਦੇ ਪਿੱਛੋਂ ਅੰਦਰ ਵੇਖਦੀ ਸੀ। ਆਹੋ! ਜ਼ਨਾਨੀ ਵਜਿਹਾ ਰਸੂਲ ਸੀ!

ਵਜਿਹਾ ਰਸੂਲ ਜੋ ਨੀਨਾ ਵੱਲ ਕਾਫ਼ੀ ਗੁਸਤਾਖ਼ ਹੁੰਦੀ ਸੀ। ਨੀਨਾ ਦੀ ਜਿਗਿਆਸਾ ਨੇ ਉਸ ਨੂੰ ਦੱਬਿਆ ਅੰਦਰ ਜਾਣ ਨੂੰ। ਸੋ ਨੀਨਾ ਅੰਦਰ ਵੜ ਗਈ। ਉਸ ਨੇ ਧਿਆਨ ਕੀਤਾ ਵਜਿਹਾ ਵੱਲ ਨਜ਼ਰ ਨਾ ਲਾਉਣ ਦਾ। ਵਜਿਹਾ ਅਤੇ ਬੰਦਾ ਇੱਕ ਬੂਥ ਵਿੱਚ ਬੈਠੇ ਸਨ। ਹੁਣ ਨੀਨਾ ਨੇ ਆਪ ਨੂੰ ਲਾਗੇ ਵਾਲ਼ੇ ਬੂਥ ਵਿੱਚ ਬਿਠਾ ਲਿਆ। ਨੀਨਾ ਦੀ ਪਿੱਠ ਬੰਦੇ ਵੱਲ ਸੀ ਅਤੇ ਬੰਦੇ ਦੀ ਨੀਨਾ ਵੱਲ। ਬੂਥਾਂ ਆਲ਼ਿਆਂ ਵਿੱਚ ਸਨ ਅਤੇ ਬੂਥ ਦੀ ਕੰਧ ਕਰਕੇ ਨਾ ਕਿ ਨੀਨਾ ਵਜਿਹਾ ਨੂੰ ਵੇਖ ਸਕਦੀ ਸੀ, ਨਾ ਕਿ ਵਜਿਹਾ ਉਸ ਨੂੰ।

ਨੀਨਾ ਨੇ ਇੱਕ ਦਮ ਆਦਮੀ ਦੀ ਆਵਾਜ਼ ਪਛਾਣ ਲਈ!

ਤੂੰ ਵਾਇਦਾ ਕੀਤਾ ਸੀ ਕਿ ਆਪਾਂ ਕਦੀ ਨਹੀਂ ਮਿਲ਼ਣਾ। ਹੁਣ ਇੱਥੇ ਮੈਨੂੰ ਕਿਉਂ ਬੁੱਲਾਇਆ?

ਵਜਿਹਾ ਬੇਗਮ ਜੀ ਮੈਨੂੰ ਕਦੀ ਨਹੀਂ ਸੀ ਪਤਾ ਮੇਰੀ ਧੀ ਨੇ ਸਾਨੂੰ ਛੱਡ ਜਾਣਾ!

ਮੈਨੂੰ ਕੀ? ਤੂੰ ਰੋ ਪਿੱਟ, ਮੈਂ ਪਹਿਲਾਂ ਵੀ ਤੈਨੂੰ ਦੱਸਿਆ ਸੀ ਕਿ ਮੈਂ ਮੁਮਤਾਜ਼ ਨੂੰ ਪਸੰਦ ਨਹੀਂ ਕਰਦੀ। ਤੇਰੀ ਧੀ ਸੀ! ਮੇਰੇ ਵਾਸਤੇ ਤਾਂ ਸੌਂਕਣ ਸੀ! ਉਹ ਜਿੱਤ ਗਈ, ਮੈਂ ਹਾਰ ਗਈ। ਸੱਚ ਸੀ ਮੈਂ ਉਹ ਉੱਲੂ ਨੂੰ ਓਸ ਦੇ ਪੈਸਿਆਂ ਵਾਸਤੇ ਵਿਆਹ ਕਰਨਾ ਚਾਹੁੰਦੀ ਸੀ! ਸੱਚ ਹੈ ਤੂੰ ਵੀ ਪੈਸੇ ਮਗਰ ਸੀ। ਪਰ ਤੂੰ ’ਤੇ ਮੁਮਤਾਜ਼ ਜੇਤੂ ਸਨ!

ਕਿੱਥੇ! ਮੈਨੂੰ ਕਿੱਥੇ ਪਤਾ ਸੀ ਕਿ ਮੇਰੀ ਧੀ ਨੇ ਸੂਤਕ ’ਚ ਮਿਟ ਜਾਣਾ ਸੀ! ਮੇਰੇ ਵਾਸਤੇ ’ਕੱਲੀ ਇੱਕ ਆਸ ਰਹੀ, ਕਿ ਮੇਰੇ ਪੋਤਰੇ ਨੇ ਮੈਨੂੰ ਸੁਣ ਕੇ ਪੈਸੇ ਮੇਰੇ ਹਵਾਲੇ ਕਰ ਦੇਣੇ ਸੀ।

ਤੂੰ ਤਿਆਰ ਹੈ ਇੰਨੇ ਸਾਲਾਂ ਵਾਸਤੇ ਠਹਿਰਣ? ਪਾਗਲ ਬੰਦਾ!

ਮੈਨੂੰ ਫ਼ਿਕਰ ਸੀ ਕਿ ਫਰੋਜ਼ ਨੇ ਕਿਸੇ ਹੋਰ ਨਾਲ਼ ਸ਼ਾਦੀ ਕਰ ਲੈਣੀ ਸੀ! ਫੇਰ ਕੀ ਹੁੰਦਾ! ਤਾਂ ਹੀ ਤਾਂ ਮੈਂ ਤੈਨੂੰ ਮੁਹਿੰਮ ਦਿੱਤਾ ਮਖੌਟੇ ਪਾਉਣ ਦਾ! ਮੈਂ ਸੋਚਿਆ ਉਸ ਨੇ ਥੋੜਾ ਬਹੁਤਾ ਡਰ ਜਾਣਾ। ਵਹਿਮੀ ਬੰਦਾ ਹੈ ਉਹ। ਡਰ ਨਾਲ਼ ਵਿਆਹ ਕਰਨ ਤੋਂ ਟਰਕਾਵੇਗਾ! ਮੈਨੂੰ ਕੀ ਪਤਾ ਉਸ ਨੇ ਇਹ ਹਾਲ ਵਿੱਚ ਪੈਣਾ ਸੀ!

ਸੋ ਮੈਨੂੰ ਕੀ? ਟੇਢੀ ਖੀਰ ਤੂੰ ਬਣਾਈ। ਮੈਂ ਨਹੀਂ। ਮੈਂ ਸਿਰਫ਼ ਜਾਮਨੀ ਮਖੌਟਾ ਪਾਇਆ ਉਸ ਨੂੰ ਸਬਕ ਸਿਖਾਉਣ ਨੂੰ! ਮੈਂ ਖੁਣਸੀ ਹਾਂ ਅਤੇ ਇਹ ਕਹਿਣ ਵਿੱਚ ਸ਼ਰਮ ਨਹੀਂ ਮੰਨਦੀ। ਪਰ ਫਰੋਜ਼ ਤੇਰੇ ਪੋਤੇ ਦਾ ਅੱਬਾ ਹੈ। ਫੇਰ ਵੀ ਤੂੰ ਜੁਗਤਾਂ ਕਰਦਾ! ਸੱਪ ਮੈਂ ਹਾਂ ਜਾਂ ਤੂੰ ?

ਮੈਨੂੰ ਮਾਸਕ ਚਾਹੀਦਾ ਹੈ।

ਨਹੀਂ। ਕਿਉਂ ਦੇਵਾ। ਖ਼ੈਰ ਮੈਂ ਨਾਲ਼ ਨਹੀਂ ਲਿਆਂਦਾ।

ਕਿਉਂ ਨਹੀਂ! ਤਾਂ ਹੀ ਤਾਂ ਮੈਂ ਇੱਥੇ ਤੈਨੂੰ ਮਿਲ਼ਣ ਆਇਆ।

ਮੈਂ ਪਾਗਲ ਨਹੀਂ ਹਾਂ। ਉਸ ਮਖੌਟੇ ਨਾਲ਼ ਮੈਂ ਇਨਾਮ ਲੈ ਸਕਦੀ ਹੈ। ਪੈਸੇ ਮਿਲ਼ ਜਾਣੇ। ਉਹ ਪਤਾ ਚਾਹੁੰਦੇ ਹਨ ਕਿ ਜਾਮਨੀ ਮਖੌਟੇ ਵਾਲ਼ੀ ਜ਼ਨਾਨੀ ਕਿੱਥੇ ਹੈ। ਮੈਂ ਦੱਸ ਦੇਣਾ!

ਤੂੰ ਮੈਨੂੰ ਖ਼ਰਾਬ ਕਰ ਦੇਣਾ ਬੇਗਮ!

ਹਾਹਾਹਾਹਾਹਾ! ਪਹਿਲਾਂ ਸੋਚਣਾ ਸੀ! ਜੇ ਤੂੰ ਪੰਜ ਵਜੇ ਤੀਕਰ ਮੈਨੂੰ ਪੈਸੇ ਨਹੀਂ ਦਿੱਤੇ ਮੈਂ ਫਰੋਜ਼ ਦੇ ਘਰ ਜਾ ਕੇ ਸਭ ਕੁਝ ਦੱਸ ਦੇਣਾ! ਅੱਲ੍ਹਾ ਦੇ ਬੰਦਿਆ, ਕੁਝ ਸ਼ਰਮ ਕਰ! ਤੇਰਾ ਜਵਾਈ ਭਾਈ ਹੈ!

ਜੋ ਅਗਾਂਹਾਂ ਕਿਹਾ ਨੀਨਾ ਸੁਣ ਨਹੀਂ ਸਕੀ ਕਿਉਂਕਿ ਸੇਵਕ ਕਲਦਾਰ ਉਸ ਦੇ ਪਾਸ ਆ ਖਲੋਤਾ ਅਤੇ ਪੁੱਛਣ ਲੱਗ ਪਿਆ ਕਿ ਉਸ ਦਾ ਆਦਰ ਕੀ ਹੈ। ਮਜਬੂਰ ਹੋ ਗਈ ਕੁਝ ਕਹਿਣ। ਚੁੱਪ ਚਾਪ ਬੋਲ਼ੀ, ਮੈਂ ਕੁਝ ਨਹੀਂ ਲੈਣਾ। ਸਿਰਫ਼ ਬੈਠੀ ਹੈ।

ਜਦ ਬੋਲ਼ੀ, ਮਜ਼ਹਰ ਦੇ ਕੰਨ ਖੜ੍ਹ ਗਏ। ਪਲ ਵਾਸਤੇ ਨੀਨਾ ਚੁੱਪ ਰਹੀ ਸੋ ਮਜ਼ਹਰ ਨੇ ਆਪਣਾ ਧਿਆਨ ਫੇਰ ਵਜਿਹਾ ਉੱਤੇ ਕਰਿਆ।

ਨੀਨਾ ਨੇ ਆਪਣਾ ਨਾਂ ਸੁਣਿਆ ਸੀ, ਪਰ ਜਦ ਵਜਿਹਾ ਨੇ ਕਿਹਾ, ਕਲਦਾਰ ਨੀਨਾ ਨੂੰ ਖਾਣੇ ਬਾਰੇ ਪੁੱਛ ਰਿਹਾ ਸੀ, ਸੋ ਉਸ ਨੂੰ ਪਰਸੰਗ ਨਹੀਂ ਸਮਝ ਲੱਗਿਆ। ਫੇਰ ਉਸ ਨੇ ਵੇਖਿਆ ਕਿ ਵਜਿਹਾ ਉੱਠ ਕੇ ਬਾਹਰ ਤੁਰ ਪਈ। ਇੰਨੀ ਤੇਜ਼ੀ ਨਾਲ਼ ਗਈ ਕਿ ਉਸ ਨੂੰ ਨੀਨਾ ਬਾਰੇ ਪਤਾ ਨਹੀਂ ਲੱਗਿਆ।

ਨੀਨਾ ਸੋਚ ਰਹੀ ਸੀ ਮੈਂ ਕੀ ਕਰਾ ਅਤੇ ਕਦ ਜਾਵਾਂ, ਜਦ ਮਜ਼ਹਰ ਉੱਠ ਪਿਆ ਅਤੇ ਘੁੰਮ ਕੇ ਨੀਨਾ ਦੇ ਬੂਥ ਨਾਲ਼ ਖੜ੍ਹ ਗਿਆ! ਨੀਨਾ ਇੱਕ ਦਮ ਹੱਕੀ ਬੱਕੀ ਹੋ ਗਈ। ਉਹ ਵੀ ਡੌਰ ਭੌਰ ਲੱਗਦਾ ਸੀ। ਪਰ ਉਸ ਨੂੰ ਹੋਸ਼ ਪਹਿਲਾਂ ਆਇਆ। ਸੋ ਬੋਲ਼ਿਆ, ਨੀਨਾ ਤੂੰ …ਤੂੰ ਸਭ ਕੁਝ ਸੁਣ ਲਿਆ?

ਨੀਨਾ ਨੇ ਹਾਂ ਵਿੱਚ ਸਿਰ ਹਿਲ਼ਾਇਆ। ਪਤਾ ਨਹੀਂ ਕਾਹਤੋਂ ਪਰ ਇੰਞ ਕਰਕੇ ਸੱਚ ਹੀ ਦੱਸ ਗਈ।

ਤੂੰ ਹੁਣ ਕੀ ਕਰੇਗੀ?

ਜੀ…ਡਰਦੀ ਸੀ, ਕੀ ਪਤਾ ਮਜ਼ਹਰ ਕੀ ਕਰੇਗਾ? ਨੀਨਾ ਨੂੰ ਮਾਰੇਗਾ? ਕੀ ਕਰੇਗਾ? ਪਰ ਨੀਨਾ ਨੇ ਸੋਚਿਆ ਗ਼ਲਤ ਉਹ ਹੈ! ਮੁਮਤਾਜ਼ ਨੇ ਮੁੰਡੇ ਨੂੰ ਜਨਮ ਦੇ ਕੇ ਆਪਣੀ ਜਾਨ ਦੇ ਦਿੱਤੀ ਸੀ ਅਤੇ ਇਹ ਬੰਦਾ ਹਾਲੇ ਵੀ ਪੈਸਿਆਂ ਮਗਰ ਹੈ? ਜਿੰਞ ਕੋਈ ਲਾਲਚੀ ਭੈਣ ਭਰਾ ਨੂੰ ਰੋਗਾਣੂਨਾਸ਼ਕ ਕਰਦੀ ਹੁੰਦੀ। ਪਰ ਜਿਹੜੇ ਲਫ਼ਜ਼ ਨੀਨਾ ਦੇ ਮੂੰਹੋਂ ਨਿਕਲ਼ੇ ਸਨ…ਜੀ ਤੁਸੀਂ ਜਾਣ ਬੁੱਝ ਕੇ ਮੈਨੂੰ ਦੂਰ ਭੇਜਿਆ ਕਿਉਂਕਿ ਤੁਹਾਨੂੰ ਪਤਾ ਸੀ ਕਿ ਮੈਂ ਫਰੋਜ਼ ਨੂੰ ਪਿਆਰ ਕਰਦੀ ਸੀ, ’ਤੇ ਉਹ ਮੈਨੂੰ?

ਸ਼ਰਮ ਨਾਲ਼ ਮਜ਼ਹਰ ਨੇ ਹਾਂ ਵਿੱਚ ਸਿਰ ਹਿਲ਼ਾਇਆ।

’ਤੇ ਤੁਸੀਂ ਫਰੋਜ਼ ਨੂੰ ਬੰਨ੍ਹਾ ਕੇ ਮੁਮਤਾਜ਼ ਨਾਲ਼ ਵਿਆਹ ਕਰਵਾਇਆ? ਪਰ…ਪਰ…ਧੀ ਦੀ ਮੌਤ ਬਾਅਦ ਤੁਸੀਂ ਡਰਦੇ ਸੀ ਕਿ ਮੈਂ ਜਾਂ ਕੋਈ ਹੋਰ ਔਰਤ ਉਸ ਨਾਲ਼ ਵਿਆਹ ਕਰਾ ਜਾਣਗੀਆਂ, ਸੋ ਇਹ ਘੇੜੇ ਬੀੜਨੇ ਬਣਾਏ ਉਸ ਨੂੰ ਡਰਾਉਣ ਵਾਸਤੇ! ਸ਼ਰਮ ਆਉਣੀ ਚਾਹੀਦੀ ਤੁਹਾਨੂੰ!

ਆਹੋ। ਪਰ ਹੁਣ ਜੋ ਹੋ ਗਿਆ ਹੋ ਗਿਆ।

ਕੀ ਕਰਨਗੇ ਜੇ ਵਜਿਹਾ ਨੇ ਪੁਲਸ ਨੂੰ ਮਖੌਟਾ ਫੜਾ ਦਿੱਤਾ ਜਾਂ ਇਨਾਮ ਲੈਣ ਲਈ ਖ਼ਲੀਲ ਸਾਹਿਬ ਨੂੰ ਦੇ ਦਿੱਤਾ? ਕੀ ਤੁਸੀਂ ਜਿੰਨੇ ਪੈਸੇ ਉਸ ਨੇ ਮੰਗੇ ਦੇਵੋਗੇ? ਨੀਨਾ ਨੇ ਇਹ ਵੇਰਵਾ ਸੁਣਿਆ ਨਹੀਂ ਸੀ, ਪਰ ਸਮਝ ਗਈ ਕਿ ਰਕਮ ਉੱਚੀ ਸੀ।

ਮੇਰੇ ਕੋਲ਼ ਇੰਨੇ ਪੈਸੇ ਹੈ ਨ੍ਹੀਂ। ਤਾਂ ਹੀ ਤਾਂ ਸਾਨੂੰ ਲੋੜ ਸੀ। ਫਰੋਜ਼ ਕੋਲ਼ ਜਮ੍ਹਾਂ ਪੈਸੇ ਹਨ। ਪਰ ਹੁਣ ਕੀ ਕਰਾ। ਮੈਨੂੰ ਮਖੌਟਾ ਚਾਹੀਦਾ ਸੀ ਕਿਉਂਕਿ ਮੇਰੇ ਖਿਲਾਫ਼ ਸਬੂਤ ਸੀ…ਪਰ ਹੁਣ…ਤੇਰੇ ਹੱਥਾਂ ’ਚ ਹਾਂ। ਹੁਣ ਤੂੰ ਕੀ ਕਰੇਗੀ? ਇੰਞ ਕਹਿ ਕੇ ਉਹ ਵੀ ਓਥੋਂ ਤੁਰ ਪਿਆ।

ਹੁਣ ਨੀਨਾ ਨੇ ਸੋਚਿਆ, ਮੈਂ ਕੀ ਕਰਾ? ਸਹੀ ਗੱਲ ਕੀ ਹੈ? ਹੁਣ ਕੀ ਹੋਣਾ ਚਾਹੀਦਾ ਹੈ? ਇੰਞ ਸੋਚਦੀ ਗ਼ਨੂਦਗੀ ਚਾਲ਼ ਨਾਲ਼ ਉਹ ਵੀ ਤੁਰ ਪਈ।

ਸ਼ਾਮ ਹੋਣ ਤੋਂ ਪਹਿਲਾਂ ਮੀਰਾਂ ਸ਼ਾਹ ਨੇ ਨੀਨਾ ਨੂੰ ਲੱਭਿਆ ਬੈਠਕ ’ਚ ਬੈਠੀ ਰੋਂਦੀ ਨੂੰ।

ਕੀ ਗੱਲ ਹੈ ਕੁੜੇ? ਉਸ ਨੇ ਆਖਿਆ।

ਜੀ…ਜੀ…ਮੈਂ। ਫੇਰ ਰੋ ਪਈ। ਹਾਰ ਕੇ ਉੱਭੇ ਸਾਹ ਲੈਣ ਹੱਟ ਪਈ ਅਤੇ ਸਭ ਕੁਝ ਡਾਕਟਰ ਨੂੰ ਦੱਸ ਦਿੱਤਾ।

ਪੰਜ ਵਜਣ ਲੱਗੇ ਸੀ।

ਪੰਜ ਵਜੇ ਦੀ ਘੰਟੀ ਵਜ ਚੁੱਕੀ ਸੀ। ਹੁਣ ਡਾਕਟਰ ਦੀ ਸਟੱਡੀ ਵਿੱਚ, ਜੋ ਬੈਠਕ ਦੇ ਨਾਲ਼ ਸੀ ਅਤੇ ਪਹਿਲਾਂ ਫਰੋਜ਼ ਦੀ ਸਟੱਡੀ ਹੁੰਦੀ ਸੀ ਵਿੱਚ ਮੀਰਾਂ ਸ਼ਾਹ ਅਤੇ ਖ਼ਲੀਲ ਬੁਖ਼ਾਰੀ ਬੈਠੇ ਸਨ। ਉਨ੍ਹਾਂ ਦੇ ਨਾਲ਼ ਇੱਕ ਕਲਦਾਰ ਵੀ ਸੀ। ਇੱਕ ਹੋਰ ਕਲਦਾਰ ਨੇ ਬੂਹੇ ਖਟਖਟਾਇਆ ਅਤੇ ਮੀਰਾਂ ਸ਼ਾਹ ਨੇ ਅੰਦਰ ਆਉਣ ਦੀ ਆਗਿਆ ਦਿੱਤੀ। ਕਲਦਾਰ ਨਾਲ਼ ਵਜਿਹਾ ਰਸੂਲ ਸੀ, ਉਸ ਦੇ ਹੱਥ ਵਿੱਚ ਇੱਕ ਪੁਲੰਦਾ।

ਸਲਾਮਾਲੈਕਮ, ਵਜਿਹਾ ਬੋਲ਼ੀ।

ਵਾਲੈਕਮ ਅੱਸਲਾਮ, ਖ਼ਲੀਲ ਬੋਲ਼ਿਆ। ਉਸ ਨੂੰ ਮੀਰਾਂ ਸ਼ਾਹ ਨੇ ਸਭ ਕੁਝ ਦੱਸ ਦਿੱਤਾ ਸੀ। ਉਨ੍ਹਾਂ ਨੇ ਇਤਫ਼ਾਕ ਕੀਤਾ ਸੀ ਕਿ ਹਾਲੇ ਫਰੋਜ਼ ਨੂੰ ਕੁਝ ਨਹੀਂ ਦੱਸਣਾ ਹੈ। ਇਹ ਨੀਨਾ ਨੂੰ ਵੀ ਕਿਹਾ ਸੀ।

ਜੀ ਮੈਂ ਸੁਣਿਆ ਕਿ ਇਨਾਮ ਹੈ ਜੇ ਤੁਹਾਨੂੰ ਜਾਮਨੀ ਮਖੌਟੇ ਵਾਲ਼ੀ ਬਾਰੇ ਪਤਾ ਦਿੱਤਾ। ਮੈਂ ਬਹਿ ਸਕਦੀ ਹਾਂ?

ਜੀ ਜ਼ਰੂਰ, ਮੀਰਾਂ ਸ਼ਾਹ ਨੇ ਕਿਹਾ ਅਤੇ ਹੱਥਾਂ ਨਾਲ਼ ਕੁਰਸੀ ਵੱਲ ਇਸ਼ਾਰਾ ਕੀਤਾ। ਉਸ ਦੇ ਕਲਦਾਰ ਨੇ ਕੁਰਸੀ ਮੇਮ ਲਈ ਖਿੱਚੀ। ਵਜਿਹਾ ਬੈਠ ਗਈ।

ਸੋ ਤੁਹਾਡੇ ਲਈ ਕੀ ਕਰ ਸਕਦੇ ਬੇਗਮ? ਖ਼ਲੀਲ ਨੇ ਉਸ ਨੂੰ ਪੁੱਛਿਆ।

ਮੈਂ ਜਾਣਦੀ ਹਾਂ ਜਾਮਨੀ ਮਖੌਟੇ ਵਾਲ਼ੀ ਕੌਣ ਹੈ ਅਤੇ ਕਿੱਥੇ ਹੈ। ਅਤਾ ਪਤਾ ਵਾਸਤੇ ਇਨਾਮ ਹੈ, ਹੈ ਨਾ?

ਜੀ।

ਕਿਤਨਾ?

ਚਾਰ ਸੌ ਪੈਂਤੀ ਮੁੱਦਰੇ। ਇਹ ਮੀਰਾਂ ਸ਼ਾਹ ਨੇ ਕਿਹਾ ਨਾਲ਼ੇ ਉਸ ਨੇ ਉਸ ਦੇ ਸਾਹਮਣੇ ਮੇਜ਼ ਉੱਤੇ ਪਈ ਗੁਥਲੀ ਉੱਤੇ ਹੱਥ ਰੱਖਿਆ। ਵਜਿਹਾ ਦੀ ਨਜ਼ਰ ਗੁਥਲੀ ਉੱਤੇ ਗਈ ਅਤੇ ਉਸ ਨੇ ਅਵੱਸ ਨਾਲ਼ ਜੀਭ ਕੱਢ ਕੇ ਆਪਣੇ ਹੋਠ ਚੱਟੇ।

ਜਾਮਨੀ ਵਾਲ਼ੀ ਜ਼ਨਾਨੀ ਮੈਂ ਹਾਂ।

ਅੱਛਾ? ਖ਼ਲੀਲ ਨੇ ਨਕਲੀ ਹੈਰਾਨੀ ਵਿਖਾਈ। ਤੁਸੀਂ? ਅਤੇ ਇਸ ਦਾ ਸਬੂਤ?

ਵਜਿਹਾ ਨੇ ਪੁਲੰਦਾ ਮੇਜ਼ ਉੱਤੇ ਰੱਖ ਦਿੱਤਾ। ਖ਼ਲੀਲ ਨੇ ਖੋਲ੍ਹ ਕੇ ਬਾਹਰ ਦੋ ਸ਼ੈਵਾਂ ਕੱਢੀਆਂ। ਇੱਕ ਉਹ ਹੀ ਜਾਮਨੀ ਮਖੌਟਾ ਸੀ ਜਿਸ ਨੂੰ ਉਸ ਰਾਤ ਸਾਰਿਆਂ ਨੇ ਪਾਰਟੀ ਵਿੱਚ ਵੇਖਿਆ ਹੋਇਆ ਸੀ। ਪਰ ਇਹ ਹੈਰਾਨੀ ਵਾਲ਼ੀ ਗੱਲ ਨਹੀਂ ਸੀ। ਮਖੌਟੇ ਦੇ ਨਾਲ਼ ਇੱਕ ਹੋਰ ਮਖੌਟਾ ਸੀ, ਜੋ ਬਨਾਵਟੀ ਮਾਸ ਦਾ ਘੜਿਆ ਸੀ। ਅੱਖਾਂ ਅਤੇ ਨਾਸਾਂ ਅਤੇ ਮੂੰਹ ਲਈ ਗਲ਼ੀਆਂ ਸਨ, ਸੋ ਪਾਉਣ ਵਾਲ਼ਾ ਸਾਹ ਲੈ ਸਕਦਾ ਸੀ! ਖ਼ਲੀਲ ਨੇ ਇਸ ਬਨਾਵਟੀ ਨਕਾਬ ਨੂੰ ਆਪਣੀਆਂ ਉਂਗਲੀਆਂ ਉੱਤੇ ਧਰ ਕੇ ਮੀਰਾਂ ਸ਼ਾਹ ਨੂੰ ਵਿਖਾਇਆ। ਦੋਨੋਂ ਜਣੇ ਹੈਰਾਨ ਸਨ। ਨਕਾਬ ਦਾ ਰੂਪ ਐਣ ਮੁਮਤਾਜ਼ ਵਰਗਾ ਸੀ। ਤਾਂ ਹੀ ਉਸ ਰਾਤ ਜਾਮਨੀ ਮਖੌਟਾ ਵਾਲ਼ੀ ਕਿਸੇ ਨਾਲ਼ ਨਹੀ ਸੀ ਬੋਲ਼ੀ! ਨਕਲੀ ਮੂੰਹ ਨੂੰ ਹਿਲਾ ਨਹੀਂ ਸੀ ਸਕਦੀ! ਮੁਮਤਾਜ਼ ਦਾ ਚਿਹਰਾ ! ਤਾਂ ਹੀ ਫਰੌਜ਼ ਨੂੰ ਲੱਗਿਆ ਕਿ ਉਸ ਦੀ ਮੁਮਤਾਜ਼ ਸੀ! ਹੁਣ ਸਬੂਤ ਸੀ ਫਰੋਜ਼ ਨੂੰ ਕਾਇਲ ਕਰਨ ਲਈ। ਹੁਣ ਠੀਕ ਹੋ ਸਕਦਾ ਸੀ!

ਸੋ? ਵਜਿਹਾ ਬੋਲੀ ।

ਕਿਉਂ? ਮਤਲਬ ਤੂੰ ਮੁਮਤਾਜ਼ ਦਾ ਮਖੌਟਾ ਕਿਉਂ ਪਾਇਆ? ਇਸ ਦੀ ਕੀ ਵਜ੍ਹਾ ਸੀ?

ਬਦਲਾ! ਮੁਮਤਾਜ਼ ਨੇ ਫਰੋਜ਼ ਨੂੰ ਫੁਸਲਾ ਲਿਆ ਸੀ! ਮੈਂ ਉਸ ਨੂੰ ਚਾਹੁੰਦੀ ਸੀ! ਮੈਂ ਗਰੀਬ ਹਾਂ! ਪੈਸੇ ਵਾਲ਼ਾ ਆਦਮੀ ਚਾਹੁੰਦੀ ਸੀ। ਉਹ ਮੇਰੇ ਜਾਲ਼ ਵਿੱਚ ਆਉਣ ਹੀ ਲੱਗਾ ਸੀ! ਪਰ ਮੁਮਤਾਜ਼…।

ਪਰ ਮੁਮਤਾਜ਼ ਤਾਂ ਮਰ ਚੁੱਕੀ! ਇੰਞ ਕਰਨ ਕੀ ਫ਼ਾਇਦਾ ਸੀ?…ਕੀ ਫ਼ਾਇਦਾ ਹੈ?

ਸਿਰਫ਼ ਫਰੋਜ਼ ਦੇ ਮੂੰਹ ਉੱਤੇ ਵੇਖਣ ਕੇ ਭੈਭੀਤ ਗਿਆ! ਨਾਲ਼ੇ ਫ਼ਾਇਦਾ ਹੈ ਕਿ ਮੁਮਤਾਜ਼ ਦੇ ਅੱਬੇ ਨੇ ਖ਼ੁਦ ਮੈਨੂੰ ਪੈਸੇ ਦਿੱਤੇ ਇਹ ਕਰਨ ਵਾਸਤੇ।

ਕਿਉਂ?

ਕਿਉਂਕਿ ਉਹ ਨਹੀਂ ਚਾਹੁੰਦਾ ਕਿ ਫਰੋਜ਼ ਨੂੰ ਹੋਰ ਕਿਸੇ ਨਾਲ਼ ਪਿਆਰ ਹੋ ਜਾਵੇ! ਡਰ ਨਾਲ਼ ਫਰੋਜ਼ ਨੂੰ ਲੱਗਣਾ ਸੀ ਕਿ ਮੁਮਤਾਜ਼ ਵਾਪਸ ਆ ਚੁੱਕੀ ਸੀ! ਫੇਰ ਵਿਆਹ ਨਾ ਕਰੇਗਾ। ਨਾਲ਼ੇ ਮੁਨਜ਼ਰ ਦਾ ਅਸਰ ਰਸੂਖ਼ ਪੋਤੇ ਉੱਤੇ ਹੋਵੇਗਾ! ਪੈਸੇ ਬੱਚੇ ਰਾਹੀਂ ਮਿਲ਼ ਜਾਣੇ ਸੀ। ਮੁਨਜ਼ਰ ਕੋਲ਼ ਕਈ ਕਰਜ਼ ਹਨ। ਮੇਰੇ ਕੋਲ਼ ਵੀ!

ਸੋ ਮਾਸਕ ਮਜ਼ਹਰ ਨੇ ਬਣਾ ਕੇ ਤੈਨੂੰ ਦਿੱਤਾ? ਖ਼ਲੀਲ ਨੇ ਪੁੱਛਿਆ।

ਹਾਂ। ਸੋ ਮੈਂ ਤੁਹਾਨੂੰ ਦੱਸ ਦਿੱਤਾ ਹੁਣ ਇਹ ਗੁਥਲੀ ਦੇ ਵਿਸ਼ਾਵਸਤੂ ਕੱਢ ਕੇ ਫੜਾਓ! ਮੈਂ ਤੁਹਾਨੂੰ ਸਭ ਕੁਝ ਦੱਸ ਦਿੱਤਾ! ਨਾਲ਼ੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਚਾਲ਼ ਮਜ਼ਹਰ ਮੁਨਜ਼ਰ ਦੀ ਹੈ!

ਠੀਕ। ਤੂੰ ਸਭ ਕੁਝ ਦੱਸ ਦਿੱਤਾ, ਮੀਰਾ ਸ਼ਾਹ ਸ਼ੁਰੂ ਹੋਇਆ, ਪਰ…ਪਰ…ਕਿਸੇ ਹੋਰ ਨੇ ਤੈਥੋਂ ਪਹਿਲਾਂ ਹੀ ਦੱਸ ਦਿੱਤਾ। ਸੋ ਮਾਫ਼ ਕਰਨਾ ਪਰ ਇਹ ਗੁਥਲੀ ਉਸ ਦੀ ਹੈ ਬੇਗਮ!

ਕੀ? ਕੌਣ? ਹੋ ਨਹੀਂ ਸਕਦਾ! ਸਿਰਫ਼ ਮੈਂ ’ਤੇ ਮਜ਼ਹਰ ਮੁਨਜ਼ਰ ਹੀ ਜਾਣਦੇ ਸੀ! ਮੈਂ ਹੀ ਜਾਮਨੀ ਮਖੌਟੇ ਵਾਲ਼ੀ ਹਾਂ! ਮੈਂ ਤੁਹਾਨੂੰ ਸਭ ਕੁਝ ਦੱਸ ਦਿੱਤਾ, ਹੁਣ ਇਨਾਮ ਮੇਰਾ ਹੈ!

ਮੈਨੂੰ ਲੱਗਦਾ ਤੁਹਾਨੂੰ ਇਨਾਮ ਦੀ ਜਗ੍ਹਾ ਸਜ਼ਾ ਮਿਲ਼ਣੀ ਹੈ। ਹੈ ਨਾ ਕੋਤਵਾਲ ਜੀ? ਜਦ ਖ਼ਲੀਲ ਨੇ ਇੰਞ ਕਿਹਾ , ਇੱਕ ਪਰਦੇ ਦੇ ਪਿੱਛੋਂ ਦੋ ਜਣੇ ਬਾਹਰ ਨਿਕਲ਼ ਗਏ। ਇੱਕ ਸੀ ਨੇਕ ਸਿੰਘ, ਦੂਜੀ ਸੀ ਨੀਨਾ!

ਲੈ ਨੀਨਾ, ਇਹ ਤੇਰੇ ਪੈਸੇ ਹੈ। ਤੂੰ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਮੀਰਾ ਸ਼ਾਹ ਨੇ ਕਿਹਾ।

ਨਹੀਂ ਜੀ। ਮੈਨੂੰ ਪੈਸਿਆਂ ਦੀ ਲੋੜ ਨਹੀਂ। ਮੈਂ ਸਿਰਫ਼ ਚਾਹੁੰਦੀ ਹਾਂ ਕਿ ਫਰੋਜ਼ ਠੀਕ ਹੋ ਜਾਵੇਗਾ। ਹੁਣ ਉਸ ਨੂੰ ਮੁਮਤਾਜ਼ ਦਾ ਮਖੌਟਾ ਵਿਖਾ ਦਿਓ।

ਜੀ। ਪਰ ਵਿਖਾਉਣ ਤੋਂ ਬਾਅਦ, ਸਾਨੂੰ ਦੇ ਦਿਓ! ਨੇਕ ਨੇ ਗ਼ੁੱਸਾ ਪੀ ਕੇ ਕਿਹਾ, ਸਾਡੇ ਵਾਸਤੇ ਸਬੂਤ ਹੈ ਕਿ ਕਲਦਾਰ ਨੂੰ ਜੋ ਮਨ੍ਹਾ ਕੀਤਾ, ਨਕਲੀ ਮਾਸ, ਵਜਿਹਾ ਰਸੂਲ ’ਤੇ ਮਜ਼ਹਰ ਮੁਨਜ਼ਰ ਗੁਨਾਹਗਾਰ ਹਨ!

ਇਹ ਸੁਣ ਕੇ ਅਤੇ ਕੋਤਵਾਲ ਨੂੰ ਵੇਖ ਕੇ ਵਜਿਹਾ ਦਾ ਮੁਖੜਾ ਦਹੀਂ ਰੰਗ ਹੋ ਗਿਆ। ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਸੀ! ਫੇਰ ਬੂਹਾ ਖੁਲ੍ਹ ਗਿਆ ਅਤੇ ਤਿੰਨ ਪੁਲਸੀ ਕਲਦਾਰ ਵੜੇ।

ਸਿਪਾਹੀਓ ਇਸ ਨੂੰ ਗਰਿਫ਼ਤਾਰ ਕਰੋ! ਨੇਕ ਸਿੰਘ ਬੋਲਿਆ।

*

ਜਦ ਉਸ ਸ਼ਾਮ ਫਰੋਜ਼ ਜਾਗਿਆ, ਉਸ ਨੂੰ ਨਕਲੀ ਮੁਮਤਾਜ਼ ਵਾਲ਼ਾ ਨਕਾਬ ਵਿਖਾ ਦਿੱਤਾ ਅਤੇ ਜਾਮਨੀ ਮਖੌਟਾ ਵੀ। ਸਭ ਕੁਝ ਸਮਝਾ ਦਿੱਤਾ ਗਿਆ।

ਪੁਲਸ ਨੇ ਮਜ਼ਹਰ ਨੂੰ ਭਾਲ਼ਣ ਦੀ ਕੋਸ਼ਿਸ਼ ਕੀਤੀ ਪਰ ਲੱਭਿਆ ਨਹੀਂ। ਤਕਰੀਬਨ ਛੇ ਮਹੀਨਿਆਂ ਬਾਅਦ ਮਜ਼ਹਰ ਲੱਭਿਆ ਗਿਆ, ਹੋਰ ਦੇਸ਼ ਵਿੱਚ ਤੁਰਦਾ ਫਿਰਦਾ। ਉੱਥੇ ਵਾਲ਼ਿਆਂ ਕਲਦਾਰਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪਰ ਆਮ ਆਦਮੀ ਤੋਂ ਤਕੜਾ ਸੀ। ਚਾਰ ਕਲਦਾਰ ਲੱਗੇ ਉਸ ਨੂੰ ਕਾਬੂ ਪਾਉਣ ’ਚ। ਇਹ ਬਹੁਤ ਅਜੀਬ ਗੱਲ ਸੀ। ਫੇਰ ਇੱਕ ਕਲਦਾਰ ਨੇ ਸੋਚ ਕੇ ਮਜ਼ਹਰ ਦੇ ਮੂੰਹ ਉੱਤੇ ਹੱਥ ਜ਼ਬਰਦਸਤੀ ਨਾਲ਼ ਫੇਰਿਆ। ਜੇ ਗ਼ਲਤ ਨਿਕਲ਼ਿਆ ਤਾਂ ਉਸ ਕਲਦਾਰ ਨੂੰ ਢੁਕ ਸਕਦੇ ਸੀ, ਇੱਕ ਅਸੂਲ ਤੋੜਣ ’ਤੇ। ਪਰ ਕਿਸਮਤ ਉਸ ਲਈ ਚੰਗੀ ਨਿਕਲ਼ੀ, ਮਜ਼ਹਰ ਵਾਸਤੇ ਕੁੱਤੀ ਨਿਕਲ਼ੀ। ਮਜ਼ਹਰ ਦੇ ਮੁਖ ਉੱਤੋਂ ਨਕਲੀ ਮਖੌਟਾ ਲਹਿਗਿਆ। ਥੱਲੇ ਕਪਾਲ ਦੀ ਥਾਂ ਕਲਦਾਰ ਦਾ ਲੋਹਾ ਮੂੰਹ ਸੀ!

ਇਹ ਨਹੀਂ ਪਤਾ ਜੇ ਮਜ਼ਹਰ ਨੇ ਕਈ ਨਕਲੀ ਮਜ਼ਹਰ ਬਣਾਏ ਸਨ, ਜਾਂ ਕੋਈ ਰਾਹ ਨਾਲ਼ ਖ਼ੁਦ ਕਲਮਨੁੰਖ ਸੀ! ਉਸ ਲਈ ਦੇਖ ਭਾਲ਼ ਹੋਈ ਰਹੀ। ਓਨਾ ਚਿਰ ਇਹ ਮਜ਼ਹਰ ਕਲਦਾਰ ਨੂੰ ਗਰਿਫ਼ਤਾਰ ਕਰ ਕੇ ਕੈਦ ’ਚ ਲਿਆਂਦਾ। ਕਲਦਾਰਾਂ ਦੇ ਜੇਲ੍ਹ ’ਚ ਪਾਇਆ ਗਿਆ, ਜਿੱਥੇ ਲੋਹੇ ਦੇ ਰੋਬੌਟ ਲੋਹਾ ਨਹੀਂ ਕੱਟ ਸਕਦੇ ਸੀ।

ਛੇ ਹੋਰ ਮਹੀਨੇ ਬੀਤ ਚੁੱਕੇ ਅਤੇ ਨੀਨਾ ’ਤੇ ਫਰੋਜ਼ ਦਾ ਵਿਆਹ ਹੋ ਗਿਆ। ਫਰੋਜ਼ ਦੇ ਪੁੱਤ ਦਾ ਨਾਂ ਵੀ ਮਜ਼ਹਰ ਸੀ।

*

ਦੋ ਸਾਲ ਹੋ ਚੁੱਕੇ ਸਨ ਜਦ ਦੀ ਪਾਰਟੀ ਹੋਈ ਸੀ। ਸਾਰਾ ਟੱਬਰ ਹੁਣ ਸ਼ਾਲੀਮਾਰ ਗੁਲਿਸਤਾਨ ਵਿੱਚ ਸੈਰ ਕਰ ਰਿਹਾ ਸੀ। ਮਜ਼ਹਰ ਹੁਣ ਤਕਰੀਬਨ ਸਾਢੇ ਤਿੰਨ ਵਰ੍ਹਿਆਂ ਤੋਂ ਦੋ ਕੁ ਮਹੀਨਿਆਂ ਵੱਡਾ ਸੀ। ਇੱਕ ਬਾਰ ਤਾਂ ਨੀਨਾ ਉਸ ਨੂੰ ਉਡਣ ਵਾਲ਼ੀ ਬੱਚਾ ਗੱਡੀ ਵਿੱਚ ਲੈ ਕੇ ਜਾਂਦੀ ਹੁੰਦੀ ਸੀ ਹੁਣ ਉਹ ਨੀਨਾ ਦੇ ਅੱਗੇ ਨੱਠਦਾ ਸੀ ਕਰਕੇ ਇੱਕ ਵੱਧਰੀ ਨੀਨਾ ਦੀ ਹਿੱਕ ਤੋਂ ਲੈ ਕੇ ਮੁੰਡੇ ਦੀ ਹਿੱਕ ਨਾਲ਼ ਜੋੜੀ ਹੋਈ ਸੀ। ਵੱਧਰੀ ਕਰਕੇ ਸਿਰਫ਼ ਪੰਜ ਫੁੱਟ ਤੀਕਰ ਅਗਾਂਹਾਂ ਜਾ ਸਕਦਾ ਸੀ।

ਅੱਛਾ ਮੈਂ ਹੁਣ ਕੰਮ ਕਰਨ ਚਲਾ। ਤੂੰ ਮਜ਼ਹਰ ਨੂੰ ਨਰਸਰੀ ਛੱਡ ਆ, ਫਰੋਜ਼ ਬੋਲ਼ਿਆ। ਕਾਨੂੰਨ ਉਸ ਦੇ ਕੇਸ ਬਾਅਦ ਬਦਲ ਦਿੱਤਾ ਸੀ। ਹੁਣ ਨਕਲੀ ਮਾਸ ਲਾਉਣ ਦਾ ਹੱਕ ਕਲਮਨੁੱਖਾਂ ਕੋਲ਼ ਸੀ। ਪਰ ਸਿਰਫ਼ ਜਿਹੜੇ ਜਨਮ ਲੈਣ ਵੇਲ਼ੇ ਇਨਸਾਨ ਸਨ। ਹੁਣ ਫਰੋਜ਼ ਦਾ ਮੁਖੜਾ ਪੂਰਾ ਸੀ। ਲੋਹੇ ਮੂੰਹ ਦੀ ਜਗ੍ਹਾ ਮਾਸ ਸੀ। ਬਾਂਹ ’ਤੇ ਲੱਤ ਉੱਤੇ ਵੀ ਬਨਾਵਟੀ ਮਾਸ ਸੀ।

ਇੱਕ ਹੀ ਚੀਜ਼ ਨਹੀਂ ਬਦਲੀ, ਭਾਵੇਂ ਕਈ ਬਾਰ ਬਦਲਣ ਬਾਰੇ ਸੋਚਿਆ ਤਾਂ ਸੀ। ਉਹ ਸੀ ਬੱਚੇ ਦਾ ਨਾਂ। ਮੁੰਡੇ ਦੀ ਮਾਂ ਨੇ ਨਾਂ ਉਸ ਨੂੰ ਦਿੱਤਾ ਸੀ ਜਿਸ ਪਲ ਰੱਬ ਨੇ ਉਸ ਨੂੰ ਆਪਣੀ ਹਿੱਕ ਨਾਲ਼ ਲਾ ਕੇ ਦੁਨੀਆ ਤੋਂ ਲੈ ਚੁੱਕਾ ਸੀ। ਸੋ ਨਾਂ ਹਾਲੇ ਵੀ ਮਜ਼ਹਰ ਹੀ ਰੱਖਿਆ ਸੀ ਭਾਵੇਂ ਬੋਲ ਕੇ ਦੋਹਾਂ ਨੂੰ ਮਜ਼ਹਰ ਮੁਨਜ਼ਰ ਅਤੇ ਜਾਮਨੀ ਮਖੌਟਾ ਚੇਤਾ ਆਉਂਦਾ ਸੀ।

ਨੀਨਾ ਨੇ ਫਰੋਜ਼ ਨੂੰ ਬੋਸਾ ਦਿੱਤਾ। ਫੇਰ ਅੱਡ ਹੋ ਗਏ। ਉਹ ਮਜ਼ਹਰ ਨੂੰ ਨਾਲ਼ ਲੈ ਗਈ। ਅਤੇ ਉਹ ਬਾਗ਼ ਵਿੱਚ ਤੁਰਦਾ ਆਪਣੇ ਕਾਰਖਾਣੇ ਵੱਲ ਗਿਆ। ਆਪਣੀਆਂ ਸੋਚਾਂ ਵਿੱਚ ਗਵਾਚਾ ਹੋਇਆ ਸੀ। ਤੁਰਦਾ ਤੁਰਦਾ ਥਾਂ ਖੜ੍ਹ ਗਿਆ। ਲੋਕਾਂ ਦੀ ਘੜਮੱਸ ਵਿੱਚ ਉਸ ਦੀ ਨਿਗ੍ਹਾ ਇੱਕ ਜਣੇ ਉੱਤੇ ਅੜ ਗਈ! ਜਾਮਨੀ ਲੀੜਿਆਂ ਵਿੱਚ ਇੱਕ ਲੰਮੀ ਜ਼ਨਾਨੀ ਸੀ। ਨਾਲ਼ੇ ਉਸ ਨੇ ਸਿਰ ਉੱਤੇ ਕਨਟੋਪ ਪਾਇਆ ਸੀ ਜਿੰਞ ਉਸ ਦਿਨ ਵਜਿਹਾ ਨੇ ਪਾਇਆ ਸੀ! ਕੀ ਫੇਰ ਹੋ ਰਿਹਾ ਸੀ? ਫਰੋਜ਼ ਦੇ ਜੁੱਸੇ ਵਿੱਚ ਖ਼ੌਫ਼ ਦੀ ਲਹਿਰ ਲੰਘ ਗਈ। ਔਰਤ ਨੇ ਉਸ ਵੱਲ ਇੱਕ ਪਲ ਲਈ ਝਾਕਿਆ ਫੇਰ ਫਟਾ ਫਟ ਤੁਰ ਪਈ। ਪਤਾ ਨਹੀਂ ਕਾਹਤੋਂ ਪਰ ਫਰੋਜ਼ ਉਸ ਦੇ ਮਗਰ ਤੁਰ ਪਿਆ। ਹਾਰ ਕੇ ਜਾਮਨੀ ਜ਼ਨਾਨੀ ਲਾਂਘੇ ਦੀ ਭੀੜ ਵਿੱਚੋਂ ਨਿਕਲ਼ ਗਈ, ਅਤੇ ਇੱਕ ਬੂਟਿਆਂ ਵਿੱਚ ਜਾਂਦੀ ਪਗਡੰਡੀ ਵਿੱਚ ਅਲੋਪ ਹੋ ਗਈ। ਫਰੋਜ਼ ਉਸ ਦੇ ਮਗਰ ਚਲੇ ਗਿਆ। ਇੱਥੇ ਕੋਈ ਨਹੀਂ ਸੀ। ਆਸ ਪਾਸ ਬੂਟੇ ਸਨਮ ਕਿਆਰੇ ਅਤੇ ਦਰਖ਼ਤ ਸਨ। ਹਾਰ ਕੇ ਵੱਡੀ ਡਗਰ ਆਏ ਜਿੱਥੇ ਇੱਕ ਦੋ ਜਣੇ ਤੁਰਦੇ ਫਿਰਦੇ ਸੀ। ਉਨ੍ਹਾਂ ਨੂੰ ਖੁੱਡੇ ਲਾ ਕੇ ਫਰੋਜ਼ ਇਰਦ ਗਿਰਦ ਵੇਖਣ ਲੱਗ ਪਿਆ। ਫੇਰ ਅੱਖ ਦੇ ਪਾਸੇ ਤੋਂ ਇੱਕ ਜਾਮਨੀ ਕੱਪੜਾ ਦਿਸ ਪਿਆ, ਫਟਾਫਟ ਹੋਰ ਰਾਹ ਫੜਦਾ। ਹੁਣ ਫਰੋਜ਼ ਉਸ ਦੇ ਮਗਰ ਤੁਰ ਪਿਆ।

ਠਹਿਰ! ਉੱਚੀ ਦੇਣੀ ਉਸ ਨੇ ਹਾਕ ਮਾਰੀ। ਪਰ ਜਾਮਨੀ ਜ਼ਨਾਨੀ ਠਹਿਰੀ ਨਹੀਂ। ਹੁਣ ਉਸ ਦੇ ਪਿੱਛੇ ਜਾ ਕੇ ਕੋਈ ਲੋਹੇ ਛੱਤ ਵਾਲ਼ੇ ਢਾਰੇ ਕੋਲ਼ ਪਹੁੰਚ ਗਿਆ। ਆਲ਼ੇ ਦੁਆਲ਼ੇ ਕੁਝ ਕਲਦਾਰ ਸਨ ਆਪਣੇ ਕੰਮਾਂ ਵਿੱਚ ਮਸਰੂਫ। ਕਿਸੇ ਨੇ ਉਸ ਵੱਲ ਵਿਖਿਆ ਨਹੀਂ। ਫੇਰ ਉਸ ਨੇ ਢਾਰੇ ਵਿੱਚ ਅੰਦਰ ਜਾਂਦੀ ਜਾਮਨੀ ਲੀੜੇ ਵਾਲ਼ੀ ਤੱਕ ਲਈ। ਉਸ ਦੇ ਮਗਰ ਗਿਆ। ਉਸ ਦੇ ਲਾਗੇ ਹੋ ਕੇ ਉਸ ਦੇ ਮੋਢੇ ਉੱਤੇ ਹੱਥ ਰੱਖਿਆ।

ਜ਼ਨਾਨੀ ਘੁੰਮ ਗਈ। ਦੋਹਾਂ ਨੇ ਇੱਕ ਦੂਜੇ ਦੇ ਚਿਹਰਿਆਂ ਵੱਲ ਝਾਕਿਆ। ਹੁਣ ਫਰੋਜ਼ ਦੇ ਭਰਵੱਟੇ ਕਿਰਪਾਨ ਵਾਂਙ ਵੱਖਰੇ ਹੋਏ। ਹੁਣ ਉਸ ਨੇ ਸੋਚਿਆ, ਅੱਲ੍ਹਾ ਦੇ ਬੰਦਿਆਂ, ਤੂੰ ਕੀ ਕਰਨ ਡਿਆ! ਫਰੋਜ਼ ਨੇ ਜਾਮਨੀ ਜ਼ਨਾਨੀ ਦੇ ਮੂੰਹ ਉੱਤੇ ਨਜ਼ਰ ਸੁੱਟੀ ਅਤੇ ਬੋਲ਼ਿਆ, ਇਹ ਹੋ ਨਹੀਂ ਸਕਦਾ! ਜਾਮਨੀ ਮਖੌਟੇ ਦੇ ਖਿਆਲ ਦੀ ਖੋਤੀ ਉੱਤੇ ਖਲੋਇਆ ਕਰਕੇ ਹੁਣ ਇੱਥੇ ਪਹੁੰਚ ਚੁੱਕਾ ਸੀ। ਉਹ ਚਾਹੁੰਦਾ ਸੀ ਕਿ ਉਸ ਦੇ ਮੂੰਹ ਵਿੱਚੋਂ ਕੁਝ ਉੱਚੀ ਉੱਚੀ ਕੂਕਦਾ ਹੋਵੇ। ਪਰ ਮੂੰਹ ਅੱਡ ਕੇ ਸਿਰਫ਼ ਸੁੰਨ ਮਸਾਨ ਕੱਢਿਆ।

ਜਾਮਨੀ ਮਖੌਟੇ ਵਾਲ਼ੀ ਉਸ ਦੇ ਮੂਹਰੇ ਨਹੀਂ ਸੀ ਖੜ੍ਹੀ। ਨਾ ਸੀ ਕੋਈ ਜਾਣ ਪਛਾਣ ਔਰਤ। ਕੋਈ ਸ਼ੈ ਸੀ। ਬੰਦਾ ਜਾਂ ਕਲਦਾਰ? ਜਾਂ ਜਿੰਨ, ਜਾਂ ਸ਼ਤਾਨ? ਜੋ ਵੀ ਸੀ, ਉਸ ਦਾ ਮੁਖੜਾ ਕੋਈ ਖਬੀਸ ਘਿਰ ਨਾਲ਼ ਭਰਿਆ ਮਖੌਟਾ ਸੀ।

ਜਾਮਨੀ ਜਿੰਨ ਨੇ ਇੱਕ ਬਾਂਹ ਉੱਪਰ ਚੁੱਕੀ ਉਸ ਦੇ ਹੱਥ ਵਿੱਚ ਕੁਹਾੜੀ ਸੀ। ਕੁਹਾੜੀ ਫਰੋਜ਼ ਦੀ ਹਿੱਕ ਵਿੱਚ ਆ ਫਸੀ।

ਜਾਮਨੀ ਮਖੌਟਾ ਪਾਗਲ ਵਾਂਙ ਹੱਸਿਆ।

ਖ਼ਤਮ

ਰੁਪਿੰਦਰਪਾਲ ਸਿੰਘ ਢਿੱਲੋਂ (ਰੂਪ ਢਿੱਲੋਂ) ਕਹਾਣੀ, ਨਾਵਲ ਅਤੇ ਕਵਿਤਾ ਲਿਖਦਾ, ਇੱਕ ਬਰਤਾਨਵੀ ਸਮਕਾਲੀ ਪੰਜਾਬੀ ਲੇਖਕ ਹੈ। ਰੂਪ ਢਿੱਲੋਂ ਇੰਗਲੈਂਡ ਦਾ ਜੰਮਪਲ ਅਤੇ ਅੰਗਰੇਜ਼ੀ ਸਾਹਿਤ ਦਾ ਚੰਗਾ ਜਾਣੂ ਹੈ। ਉਸਨੇ ਔਕਸਫੋਡ ਯੂਨੀਵਰਸਿਟੀ ਤੋਂ ਉਚੇਰੀ ਪੜ੍ਹਾਈ ਹਾਸਲ ਕੀਤੀ ਹੈ। ਹੁਣ ਤੱਕ ਉਸਦੇ ਪ੍ਰਕਾਸ਼ਿਤ ਹੋ ਚੁੱਕੇ ਨਾਵਲ ਤੇ ਕਹਾਣੀਆਂ ਹਨ - ਨੀਲਾ ਨੂਰ (2007), ਬੇਘਰ ਚੀਤਾ (2009), ਕਲਦਾਰ (2010), "ਬਾਰਸੀਲੋਨਾ: ਘਰ ਵਾਪਸੀ" (2010), ਭਰਿੰਡ (2011),ਓ, (2015), ਗੁੰਡਾ (2014), ਸਮੁਰਾਈ (2016), ਚਿੱਟਾ ਤੇ ਕਾਲ਼ਾ (2022), ਹੌਲ (2023)।

Nature

ਕੁਆਂਟਮ ਕੰਪਿਊਟਿੰਗ ਤਕਨਾਲੋਜੀ: ਕਾਰਜ, ਪ੍ਰਭਾਵ ਅਤੇ ਚੁਣੌਤੀਆਂ

ਪ੍ਰੋ. (ਡਾ.) ਸਤਬੀਰ ਸਿੰਘ

ਕੁਆਂਟਮ ਕੰਪਿਊਟਿੰਗ ਦਾ ਉਦੇਸ਼ ਰਵਾਇਤੀ ਕੰਪਿਊਟਰ ਪ੍ਰਣਾਲੀ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਹੈ। ਕੁਆਂਟਮ ਕੰਪਿਊਟਰਾਂ ਦੇ ਵਿਕਾਸ/ਡਿਜ਼ਾਇਨ ਤੋਂ ਉਮੀਦ ਹੈ ਕਿ ਉਹ ਪੁਰਾਣੇ ਕੰਪਿਊਟਰਾਂ ਨੂੰ ਬਦਲਣ ਦੀ ਬਜਾਏ ਉਹਨਾਂ ਦੇ ਵਿਸ਼ੇਸ਼ ਫੰਕਸ਼ਨਾਂ (ਕੰਮਾਂ) ਜਿਵੇਂ ਕਿ ਬੂਸਟ ਪ੍ਰਣਾਲੀ ਦਾ ਸਮਰਥਨ ਕਰਦੇ ਹੋਏ ਪੂਰਕ ਹੋਣ। ਇਹਨਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਉਹ ਰਵਾਇਤੀ ਕੰਪਿਊਟਰਾਂ ਨਾਲੋਂ ਤੇਜ਼-ਤਰਾਟ ਤਰੀਕੇ ਨਾਲ ਕੰਮ ਕਰਨ ਸਕਣ। ਇਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਹੀ ਕੰਪਿਊਟਰ ਪ੍ਰੋਗਰਾਮਰ ਨਵੇਂ ਵਿਕਾਸ ਕਾਰਜਾਂ ਲਈ ਨਵੇਂ ਟੂਲ ਤਿਆਰ ਕਰਦੇ ਹਨ। ਆਓ ਹੁਣ ਅਸੀਂ ਇਹਨਾਂ ਦੇ ਮੁੱਖ ਕਾਰਜਾਂ ਅਤੇ ਪੈਣ ਵਾਲੇ ਪ੍ਰਭਾਵਾਂ ਦੀ ਗੱਲ ਕਰਦੇ ਹਾਂ।

ਭਵਿੱਖ ਵਿੱਚ ਕੁਆਂਟਮ ਕੰਪਿਊਟਰ ਕਿੱਥੇ ਵਰਤੇ ਜਾਣਗੇ?

ਕੁਆਂਟਮ ਕੰਪਿਊਟਰ ਖੋਜ ਕਾਰਜਾਂ ਦੇ ਹਰ ਇੱਕ ਖੇਤਰ ਵਿੱਚ ਵਰਤੇ ਜਾ ਸਕਣਗੇ।

ਸੜਕਾਂ ਉਪਰ ਟ੍ਰੈਫਿਕ ਦੇ ਸੁਧਾਰ ਅਤੇ ਐਕਸੀਡੈਂਟਾਂ ਤੋਂ ਬਚਾਅ ਲਈ ਇਹ ਵੱਡੀ ਪੱਧਰ ਤੇ ਵਰਤੇ ਜਾਣਗੇ।

ਲੋਕਾਂ ਵਿੱਚ ਹੋਣ ਵਾਲੀਆਂ ਖਤਰਨਾਕ ਅਤੇ ਲਾ-ਇਲਾਜ ਬੀਮਾਰੀਆਂ ਦੀ ਜਾਣਕਾਰੀ ਤੇ ਰੋਕਥਾਮ (ਇਲਾਜ) ਲਈ ਇਹ ਕੰਪਿਊਟਰ ਡਾਕਟਰਾਂ ਦੀ ਮੱਦਦ ਕਰਨਗੇ। ਕੈਂਸਰ ਤੇ ਏਡਜ਼ ਵਰਗੇ ਰੋਗਾਂ ਦੀ ਰੋਕਥਾਮ ਲਈ ਇਹ ਕੰਪਿਊਟਰ ਵਧੀਆ ਸਹੂਲਤਾਂ ਵੀ ਦੇਣਗੇ। ਕੁਆਂਟਮ ਕੰਪਿਊਟਰਾਂ ਦਾ ਫਾਇਦਾ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਘੱਟ ਸਮੇਂ ਵਿੱਚ ਮਹੱਤਵਪੂਰਨ ਤੇ ਕੀਮਤੀ ਸੂਝ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ।

ਮਸ਼ੀਨ ਸਿਖਲਾਈ ਵਿੱਚ ਕੁਆਂਟਮ ਕੰਪਿਊਟਰ ਸਹੀ ਜਾਣਕਾਰੀ ਤੇਜ਼ੀ ਨਾਲ ਪ੍ਰਦਾਨ ਕਰਕੇ ਆਦਰਸ਼ ਪੜਾਅ ਪ੍ਰਦਾਨ ਕਰ ਸਕਦੀ ਹੈ।

ਕੁਆਂਟਮ ਕੰਪਿਊਟਰ (ਕ੍ਰਿਪਟੋਗ੍ਰਾਫੀ) ਰਾਹੀਂ ਮਹੱਤਵਪੂਰਨ ਡਾਟਾ ਨੂੰ ਅਣਅਧਿਕਾਰਤ ਪਹੁੰਚ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਕ੍ਰਿਪਟੋਗ੍ਰਾਫੀ ਅਤੇ ਡਾਟਾ ਦੀ ਸੁਰੱਖਿਆ ਵਿੱਚ ਕੁਆਂਟਮ ਕੰਪਿਊਟਰ ਦੀ ਭੂਮਿਕਾ ਨੂੰ ਦੇਖਣ ਦੇ ਦੋ ਤਰੀਕੇ ਹਨ: ਇੱਕ ਦ੍ਰਿਸ਼ਟੀਕੋਣ ਇਹ ਹੈ ਕਿ ਕੁਆਂਟਮ ਕੰਪਿਊਟਿੰਗ ਡਾਟਾ ਉਲੰਘਣਾ ਦੀਆਂ ਕੋਸ਼ਿਸ਼ਾਂ ਦੇ ਸਾਰੇ ਸੰਭਾਵੀ ਤਰੀਕਿਆਂ ਦੀ ਗਣਨਾ ਕਰਨ ਅਤੇ ਜਾਣਕਾਰੀ ਨੂੰ ਮਜ਼ਬੂਤ ਕਰਨ ਲਈ ਉਚਿਤ ਡਾਟਾ ਪ੍ਰਦਾਨ ਕਰਨ ਲਈ ਕਿਊਬਿਟਸ ਦੀ ਵਰਤੋਂ ਕਰ ਸਕਦੀ ਹੈ। ਪਰ ਦੂਜਾ ਦ੍ਰਿਸ਼ਟੀਕੋਣ ਇਹ ਹੈ ਕਿ ਕੁਆਂਟਮ ਕੰਪਿਊਟਿੰਗ ਉਲਟ ਵੀ ਹੋ ਸਕਦੀ ਹੈ। ਕਿਉਂਕਿ ਕੰਪਿਊਟਰ ਹੈਕਰ ਇਸਦੀ ਵਰਤੋਂ ਸਰਵਰ ਕੰਪਿਊਟਰ ਨੂੰ ਤੋੜਣ ਦੇ ਵੱਖ-ਵੱਖ ਤਰੀਕਿਆਂ ਦੀ ਤੇਜ਼ੀ ਨਾਲ ਗਣਨਾ ਕਰਨ ਲਈ ਕਰ ਸਕਦੇ ਹਨ। ਅਜਿਹੇ ਸਰਵਰ (ਮੁੱਖ ਕੰਪਿਊਟਰ) ਬਹੁਤ ਹੀ ਮਹੱਤਵਪੂਰਨ, ਗੁਪਤ ਤੇ ਸੰਵੇਦਨਸ਼ੀਲ ਜਾਣਕਾਰੀ ਜਮਾਂ ਕਰ ਕੇ ਰੱਖਦੇ ਹਨ।

ਕੁਆਂਟਮ ਕੰਪਿਊਟਰਾਂ ਦੀ ਮੱਦਦ ਨਾਲ ਵਾਤਾਵਰਣ ਨੂੰ ਅਨੁਕੂਲ ਅਤੇ ਸਾਫ ਵੀ ਰੱਖਿਆ ਜਾ ਸਕਦਾ ਹੈ। ਇਹ ਵਾਤਾਵਰਣ ਵਿਚਲੀਆਂ ਕਈ ਖਤਰਨਾਕ ਗੈਸਾਂ ਦੇ ਅਣੂਆਂ ਨੂੰ ਸੋਖ ਸਕਦੇ ਹਨ। ਇਸ ਲਈ ਇਹ ਉਤਪ੍ਰੇਰਕ (ਕੈਟਾਲਿਸਟ) ਬਣਾ ਕੇ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਦੇ ਪੱਧਰ ਨੂੰ ਵਾਤਾਵਰਣ ਵਿੱਚ ਸਥਿਰ ਕਰਕੇ ਮਨੁੱਖ ਅਤੇ ਜੀਵ-ਜੰਤੂਆਂ ਨੂੰ ਪ੍ਰਦੂਸ਼ਨ ਤੋਂ ਬਚਾਅ ਸਕਦੇ ਹਨ।

ਇਹਨਾਂ ਦੀ ਵਰਤੋਂ ਨਾਲ ਵਿਗਿਆਨੀ ਰਸਾਇਣਿਕ ਅਣੂਆਂ ਦੀ ਸੰਰਚਨਾ ਤਿਆਰ ਕਰ ਸਕਦੇ ਹਨ। 2017 ਵਿੱਚ ਆਈ. ਬੀ. ਐੱਮ. (IBM) ਦੇ ਵਿਗਿਆਨੀਆਂ ਨੇ ਕੁਆਂਟਮ ਕੰਪਿਊਟਰ ਦੀ ਮੱਦਦ ਨਾਲ ਇੱਕ ਵੱਡੇ ਅਣੂ (ਬੈਰੀਲੀਅਮ ਹਾਈਡਰਾਈਡ) ਦੀ ਸੰਰਚਨਾ ਤਿਆਰ ਕੀਤੀ। ਇਸੇ ਤਰਾਂ 2019 ਵਿੱਚ ਪਾਣੀ ਦੇ ਅਣੂ ਨੂੰ ਵੀ ਬਣਾਇਆ ਗਿਆ।

ਕੁਆਂਟਮ ਕੰਪਿਊਟਰ ਮਸਨੂਈ ਬੁੱਧੀ (Artificial Intelligence) ਵਾਲੇ ਮਾਡਲਾਂ ਵਿੱਚ ਵੱਡੇ ਪੱਧਰ ਤੇ ਵਰਤੇ ਜਾਣਗੇ।

(8) ਕੁਆਂਟਮ ਕੰਪਿਊਟਰ ਅਤੇ ਮਸਨੂਈ ਬੁੱਧੀ ਵਾਲੇ ਮਾਡਲ ਅੱਜ ਕੱਲ ਬੈਂਕਾਂ ਅਤੇ ਫਾਈਨਾਂਸ ਉਦਯੋਗਾਂ ਵਿੱਚ ਫਰਾਡ ਲੱਭਣ ਲਈ ਵਰਤੇ ਜਾਣ ਲੱਗੇ ਹਨ। ਕਿਸੇ ਬੈਂਕ ਵਿੱਚ ਹੋਣ ਵਾਲੇ ਕਿਸੇ ਕਿਸਮ ਦੇ ਧੋਖੇ ਨੂੰ ਇਹ ਲੱਭਦੇ ਹਨ ਅਤੇ ਬੈਂਕਿੰਗ ਪ੍ਰਣਾਲੀ ਨੂੰ ਲੋਕਾਂ ਲਈ ਦਰੁਸਤ ਵੀ ਕਰਦੇ ਹਨ। ਬੈਂਕ ਅਕਾਊਂਟਾਂ ਅਤੇ ਪੈਸੇ ਦੇ ਲੈਣ-ਦੇਣ ਬਾਰੇ ਸਾਰੀ ਜਾਣਕਾਰੀ ਇਹ ਕੰਪਿਊਟਰ ਸਕਿੰਟਾਂ ਵਿੱਚ ਪਤਾ ਕਰ ਸਕਦੇ ਹਨ। ਨਵੇਂ ਬੈਂਕ ਸਾਫਟਵੇਅਰ ਇਹਨਾਂ ਦੀ ਮੱਦਦ ਨਾਲ ਅਪਲੋਡ ਕੀਤੇ ਜਾ ਰਹੇ ਹਨ।

ਇਸ ਤੋਂ ਇਲਾਵਾ ਕੁਆਂਟਮ ਕੰਪਿਊਟਰ ਮੈਡੀਕਲ ਖੇਤਰਾਂ, ਏਅਰਲਾਈਨ ਖੇਤਰਾਂ, ਸੌਰ ਊਰਜਾ ਦੇ ਖੇਤਰਾਂ, ਖੇਤੀਬਾੜੀ, ਇਲੈਕਟ੍ਰਿਕ ਵਾਹਨਾਂ, ਟੈਕਸਟਾਈਲ ਅਤੇ ਦਵਾਈਆਂ ਦੇ ਖੇਤਰਾਂ ਵਿੱਚ ਵਰਤੇ ਜਾਣਗੇ। ਕੁਆਂਟਮ ਇੰਜੀਅਨਰਿੰਗ ਸਾਫਟਵੇਅਰ ਕੰਪਨੀ Q-CTRL ਵੱਡੇ ਪੱਧਰ ਤੇ ਕੁਆਂਟਮ ਕੰਪਿਊਟਰ ਤਿਆਰ ਕਰਨ ਵਿੱਚ ਰੁੱਝੀ ਹੋਈ ਹੈ।

ਮੈਡੀਕਲ ਖੇਤਰ ਵਿੱਚ ਡੀ. ਐਨ. ਏ. ਪ੍ਰਣਾਲੀ ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਇਹ ਭਵਿੱਖ ਵਿੱਚ ਹੋਣ ਵਾਲੀਆਂ ਬੀਮਾਰੀਆਂ, ਰੋਗਾਂ ਅਤੇ ਵਾਇਰਸਾਂ ਦੇ ਹਮਲਿਆਂ ਤੋਂ ਮਨੁੱਖੀ ਸਰੀਰਕ ਪ੍ਰਣਾਲੀ ਤੋਂ ਬਚਾਏਗਾ।

ਮੌਸਮੀ ਬਦਲਾਅ, ਖਤਰਨਾਕ ਸੂਰਜੀ ਕਣਾਂ, ਸੁਨਾਮੀ ਅਤੇ ਭੂਚਾਲਾਂ ਆਦਿ ਵਰਗੇ ਕੁਦਰਤੀ ਕਾਰਕਾਂ ਪ੍ਰਤੀ ਵੀ ਇਹ ਸਾਨੂੰ ਅਗਾਊਂ ਸੂਚਨਾ ਦੇ ਸਕਣਗੇ।

ਕੁਆਂਟਮ ਕੰਪਿਊਟਿੰਗ ਅਤੇ ਮਸਨੂਈ ਬੁੱਧੀ ਦੇ ਪ੍ਰਭਾਵ

ਕੁਆਂਟਮ ਕੰਪਿਊਟਿੰਗ ਤੇ ਮਸਨੂਈ ਬੁੱਧੀ ਮਾਡਲ ਜਦ ਦੋਵੇਂ ਇਕੱਠੇ ਕੰਮ ਕਰਨਗੇ ਤਾਂ ਬਹੁਤ ਸਾਰੇ ਉਲਝਣਾਂ ਵਾਲੇ ਕੰਮਾਂ/ਖੇਤਰਾਂ ਵਿੱਚ ਇਹਨਾਂ ਦੀ ਸ਼ਮੂਲੀਅਤ ਨਾਲ ਸੌਖਾਪਣ ਆ ਜਾਵੇਗਾ। ਪੁਰਾਤਨ ਭੌਤਿਕ ਵਿਗਿਆਨ ਦੇ ਕਾਨੂੰਨਾਂ ਵਿੱਚ ਵੀ ਨਵੀਨਤਾ ਲਿਆਉਣਗੇ। ਕੁਆਂਟਮ ਕੰਪਿਊਟਰ ਨਾਲ ਕੰਮ ਕਰਨ ਦੀ ਫੁਰਤੀ ਬਹੁਤ ਜ਼ਿਆਦਾ ਵਧ ਜਾਵੇਗੀ। ਕੁਆਂਟਮ ਐਲਗੋਰਿਦਮਾਂ ਨਾਲ ਔਖੇ ਕੰਮ ਕਰਨੇ ਸੌਖੇ ਹੋ ਜਾਣਗੇ। ਔਖੇ ਜਾਂ ਮੁਸ਼ਕਲ ਭਰੇ ਕੰਮਾਂ ਨੂੰ ਇਹਨਾਂ ਦੀ ਮੱਦਦ ਨਾਲ ਪੂਰੀ ਤਰਤੀਬ ਤੇ ਯੋਜਨਾ ਅਨੁਸਾਰ ਕੀਤਾ ਜਾ ਸਕੇਗਾ। ਸਮੇਂ ਦੀ ਵੀ ਬਹੁਤ ਬੱਚਤ ਹੋਵੇਗੀ। ਗਣਿਤ ਤੇ ਭੌਤਿਕ ਵਿਗਿਆਨ ਦੀਆਂ ਔਖੀਆਂ ਸਮੀਕਰਨਾਂ, ਬ੍ਰਹਿਮੰਡ ਦੇ ਗੁੱਝੇ ਭੇਦਾਂ ਨੂੰ ਹੱਲ ਕਰਨ, ਮਨੁੱਖੀ ਦਿਮਾਗ ਦੀ ਸੋਚਣ ਬਾਰੇ ਸੰਰਚਨਾ ਆਦਿ ਵਿੱਚ ਇਹ ਬਹੁਤ ਮੱਦਦਗਾਰ ਸਾਬਿਤ ਹੋਣਗੇ। ਇਸ ਤੋਂ ਇਲਾਵਾ ਮਨੁੱਖੀ ਦਿਮਾਗ ਵਿੱਚ ਕੁਆਂਟਮ ਚਿੱਪ ਫਿੱਟ ਕਰਨ ਦੀਆਂ ਯੋਜਨਾਵਾਂ ਵੀ ਇਲੌਨ ਮਸਕ ਦੀ ਨਿਊਰਾਲਿੰਕ ਕੰਪਨੀ ਵੱਲੋਂ ਕੀਤੀਆਂ ਜਾ ਰਹੀਆਂ ਹਨ। ਸਾਈਬਰ (ਕੰਪਿਊਟਰ ਨਾਲ਼ ਸੰਬੰਧਿਤ) ਜੁਰਮਾਂ ਅਤੇ ਹੋਰ ਕਈ ਤਰਾਂ ਦੇ ਅੱਤਵਾਦ/ਗੈਂਗਵਾਦ ਨਾਲ ਜੁੜੇੇ ਕਾਰਨਾਮਿਆਂ ਤੇ ਵੀ ਇਹ ਤਕਨਾਲੋਜੀ ਠੱਲ ਪਾਵੇਗੀ। ਕੁਆਂਟਮ ਕੰਪਿਊਟਰ ਦੀ ਬੁੱਧੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਜਾਣਕਾਰੀਆਂ ਨੂੰ ਭੁੱਲਦੇ ਨਹੀਂ। ਬਿਨ੍ਹਾਂ ਭੁੱਲੇ ਇਹ ਨਵੀਆਂ ਚੀਜਾਂ ਬਾਰੇ ਜਾਣਕਾਰੀ ਲੈ ਸਕਦੇ ਹਨ। ਮਸਨੂਈ ਬੁੱਧੀ ਵਾਲੇ ਕੁਆਂਟਮ ਕੰਪਿਊਟਰ ਮਹੱਤਵਪੂਰਨ ਜਾਣਕਾਰੀਆਂ (ਜਿਵੇਂ ਸਾਈਬਰ ਹਮਲਿਆਂ ਬਾਰੇ ਜਾਣਕਾਰੀ) ਨੂੰ ਬਚਾ ਕੇ ਰੱਖਦੇ ਹਨ। ਇਹਨਾਂ ਜਾਣਕਾਰੀਆਂ ਤੋਂ ਸਿੱਖ ਕੇ ਅਤੇ ਨਵੀਆਂ ਯੋਜਨਾਵਾਂ ਬਣਾ ਕੇ ਇਹ ਅਸਲ ਵਿਸ਼ਵ ਸਥਿਤੀਆਂ ਲਈ ਵਧੀਆ ਮਾਡਲ ਵਿਕਸਿਤ ਕਰ ਸਕਦੇ ਹਨ।

ਮੁੱਖ ਚੁਣੌਤੀਆਂ:

ਪ੍ਰੋਫੈਸਰ ਗਰੈਗ ਕੂਪਰਬਰਗ (ਕੈਲੀਫੋਰਨੀਆ ਯੂਨੀਵਰਸਿਟੀ) ਮੁਤਾਬਕ ਕੁਆਂਟਮ ਕੰਪਿਊਟਿੰਗ ਦੀਆਂ ਚੁਣੌਤੀਆਂ ਹਾਲਾਂਕਿ ਸਖਤੀ ਨਾਲ ਹਾਰਡਵੇਅਰ ਨਾਲ ਸੰਬੰਧਿਤ ਨਹੀਂ ਹਨ। ਇਹਨਾਂ ਦਾ ਕਾਰਜ ਆਧੁਨਿਕ ਐਲਗੋਰਿਦਮਾਂ ਦੀ ਪ੍ਰੋਗਰਾਮਿੰਗ ਤੇ ਹੀ ਨਿਰਭਰ ਕਰਦਾ ਹੈ। ਇਸ ਖੇਤਰ ਵਿੱਚ ਅਜੇ ਤਜਰਬੇਕਾਰ ਲੋਕ ਘੱਟ ਹਨ। ਤਕਰੀਬਨ 850 ਦੇ ਕਰੀਬ ਤਜਰਬੇਕਾਰ ਇੰਜੀਨੀਅਰ ਹੀ ਅਜੇ ਐਲਗੋਰਿਦਮਾਂ ਦੀ ਪ੍ਰੋਗਰਾਮਿੰਗ ਤੇ ਕੰਮ ਕਰ ਰਹੇ ਹਨ। ਅੰਤਰਾਸ਼ਟਰੀ ਖੋਜ ਜਰਨਲਾਂ ਵਿੱਚ ਅਜੇ 60 ਦੇ ਕਰੀਬ ਐਲਗੋਰਿਦਮਾਂ ਦੀ ਹੀ ਜਾਣਕਾਰੀ ਉਪਲਬਧ ਹੈ। ਕੁਆਂਟਮ ਐਲਗੋਰਿਦਮਾਂ ਉਪਰ ਅਜੇ 400 ਦੇ ਕਰੀਬ ਖੋਜ ਪੱਤਰਾਂ ਦੇ ਹਵਾਲੇ ਹੀ ਮਿਲਦੇ ਹਨ। ਇਸ ਤੋਂ ਇਲਾਵਾ ਕੁਆਂਟਮ ਕੰਪਿਊਟਰਾਂ ਦੀ ਵੱਡੀ ਸਮੱਸਿਆ ਇਹੀ ਹੈ ਕਿ ਗਲਤੀ ਦੋਸ਼ ਜਲਦ ਆ ਸਕਦਾ ਹੈ। ਇਹ ਸ਼ੋਰ-ਸ਼ਰਾਬੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਕੁਆਂਟਮ ਪੱਧਰ ਤੇ ਅਜਿਹੀਆਂ ਗਲਤੀਆਂ ਨੂੰ ਠੀਕ ਕਰਨਾ ਆਸਾਨ ਨਹੀਂ, ਕਿਉਂਕਿ ਕੁਆਂਟਮ ਕਿਊਬਿਟਸ ਜਾਣਕਾਰੀ ਇਕੱਠੀ ਕਰਨ ਲਈ ਬੇਅੰਤ ਅਵਸਥਾਵਾਂ ਵਿੱਚੋਂ ਹੋ ਕੇ ਗੁਜ਼ਰਦੀਆਂ ਹਨ। ਕੁਆਂਟਮ ਕੰਪਿਊਟਰ ਦੇ ਪ੍ਰੋਸੈਸਰ ਨੂੰ ਅਸੀਮ ਜ਼ੀਰੋ ਤਾਪਮਾਨ (-273 ਡਿਗਰੀ ਸੈਲਸੀਅਸ) ਤੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹਨਾਂ ਨੂੰ ਵਾਤਾਵਰਣ ਦੇ ਦਬਾਅ ਅਤੇ ਧਰਤੀ ਦੇ ਚੁੰਬਕੀ ਖੇਤਰ ਤੋਂ ਵੀ ਅਲੱਗ ਕਰ ਕੇ ਸੁਰੱਖਿਅਤ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਪ੍ਰਮਾਣੂ ਪੱਧਰ ਤੇ ਇੱਕ ਛੋਟੀ ਜਿਹੀ ਹਿੱਲ-ਜੁੱਲ ਵੀ ਇਹਨਾਂ ਦੇ ਨਤੀਜੇ ਬਦਲ ਸਕਦੀ ਹੈ। ਇਹ ਕੰਪਿਊਟਰ ਬਹੁਤ ਵੱਡੇ ਆਕਾਰ ਅਤੇ ਬਹੁਤ ਮਹਿੰਗੇ ਹੋਣ ਕਰਕੇ ਇਹ ਲੈਬਾਰਟਰੀਆਂ ਵਿਚ ਹੀ ਰੱਖੇ ਜਾ ਸਕਦੇ ਹਨ।

ਡਾ. ਸਤਬੀਰ ਸਿੰਘ ਨੇ ਨੈਨੋਇਲੈਕਟ੍ਰਾਨਿਕਸ ਵਿੱਚ ਪੀ.ਐਚ.ਡੀ. ਕੀਤੀ ਹੋਈ ਹੈ। ਉਹ ਵਿਗਿਆਨ ਅਤੇ ਤਕਨਾਲੋਜੀ ਵਿੱਚ ਹੁਣ ਤੱਕ 4 ਕਿਤਾਬਾਂ ਅਤੇ 35 ਦੇ ਕਰੀਬ ਆਰਟੀਕਲ ਲਿਖ ਚੁੱਕੇ ਹਨ, ਜੋ ਕਿ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਛਪ ਚੁੱਕੇ ਹਨ। ਉਨ੍ਹਾਂ ਦਾ ਯੂਨੀਵਰਸਿਟੀ ਵਿੱਚ ਅਧਿਆਪਨ ਦਾ 23 ਸਾਲ ਦਾ ਤਜ਼ਰਬਾ ਹੈ। ਵਿਦੇਸ਼ ਦੀਆਂ ਤਕਨੀਕੀ ਸੰਸਥਾਵਾਂ ਦੇ ਉਹ ਮੈਂਬਰ ਵੀ ਹਨ। ਪੰਜਾਬੀ ਭਾਸ਼ਾ ਦੇ ਵਿਸ਼ਵ ਪੱਧਰੀ ਵਿਕਾਸ ਲਈ ਉਹ ਹਮੇਸ਼ਾਂ ਤਤਪਰ ਰਹਿੰਦੇ ਹਨ।

Nature

ਪੁਲਾੜ ਖੇਤਰ 'ਚ ਨਿੱਜੀ ਭਾਗੀਦਾਰੀ ਨੂੰ ਹੁਲਾਰਾ ਦੇਵੇਗਾ ਭਾਰਤ ਦਾ ਦੂਜਾ ‘ਪੁਲਾੜੀ ਅੱਡਾ’

ਡਾ. ਸੁਰਿੰਦਰ ਕੁਮਾਰ ਜਿੰਦਲ,

ਇਸ ਸਾਲ ਦੇ ਸ਼ੁਰੂ ਵਿੱਚ ਸਾਡੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਦੂਜੇ ‘ਪੁਲਾੜੀ ਅੱਡੇ’ ਦਾ ਨੀਂਹ-ਪੱਥਰ ਕੁਲਸ਼ੇਖਰਪਟਨਮ ਵਿਖੇ ਰੱਖਿਆ। ਇਸ ‘ਪੁਲਾੜੀ ਅੱਡੇ’ ਦਾ ਨਿਰਮਾਣ ਇੱਕ ਨਿੱਜੀ ਕੰਪਨੀ ਵੱਲੋਂ ਕੀਤਾ ਜਾਵੇਗਾ। ਅਸਲ ਵਿੱਚ ਅੱਜ ਘੱਟ ਵਜ਼ਨੀ (ਛੋਟੇ, ਮਿੰਨੀ, ਮਾਇਕਰੋ ਅਤੇ ਨੈਨੋ ਪੱਧਰ ਦੇ) ਸੰਚਾਰ-ਉਪਗ੍ਰਹਿਆਂ ਲਈ ਬਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਹੋ ਰਹੇ ਨਿਰੰਤਰ ਖੋਜ ਅਤੇ ਵਿਕਾਸ ਕਾਰਜਾਂ ਕਾਰਨ ਇਨ੍ਹਾਂ ਘੱਟ ਵਜ਼ਨੀ ਉਪਗ੍ਰਹਿਆਂ ਦੀ ਇੱਕ ਲੜੀ ਇੱਕ ਬਹੁਤ ਵੱਡੇ ਅਤੇ ਭਾਰੀ ਉਪਗ੍ਰਹਿ ਵਾਲੇ ਸੰਚਾਰ ਕਾਰਜ ਬਹੁਤ ਘੱਟ ਖਰਚੇ ‘ਤੇ ਕਰਨ ਦੇ ਯੋਗ ਹੁੰਦੀ ਜਾ ਰਹੀ ਹੈ।

ਸੰਚਾਰ ਕਾਰਜਾਂ ਲਈ ਮਨੁੱਖ ਹੁਣ ਤੱਕ ਭੂ-ਸਥਿਰ ਉਪਗ੍ਰਹਿ ਹੀ ਪੁਲਾੜ ਵਿਚ ਭੇਜਦਾ ਰਿਹਾ ਹੈ। ਇਹ ਉਪਗ੍ਰਹਿ ਧਰਤੀ ਦੇ ਨਾਲ-ਨਾਲ ਉਸੇ ਗਤੀ ਨਾਲ ਚੱਲਦੇ ਹਨ ਜਿਸ ਗਤੀ ਨਾਲ ਧਰਤੀ ਆਪਣੀ ਧੁਰੀ ‘ਤੇ ਘੁੰਮਦੀ ਹੈ। ਇਸ ਕਾਰਨ ਧਰਤੀ ਤੋਂ ਦੇਖਿਆਂ ਇੰਜ ਲੱਗਦਾ ਹੈ ਜਿਵੇਂ ਇਹ ਉਪਗ੍ਰਹਿ ਆਪਣੇ ਸਥਾਨ ‘ਤੇ ਸਥਿਰ ਖੜ੍ਹੇ ਹੋਣ। ਇਸੇ ਕਾਰਨ ਇਹਨਾਂ ਨੂੰ ਭੂ-ਸਥਿਰ ਉਪਗ੍ਰਹਿ ਕਹਿੰਦੇ ਹਨ। ਧਰਤੀ ਦੇ ਨਿਸਬਤਨ ਇਹ ‘ਸਥਿਰ’ ਹੋਣ ਕਾਰਨ ਇਨ੍ਹਾਂ ਦੇ ਐਂਟੀਨੇ ਰੇਡੀਓ, ਟੀਵੀ, ਫੋਨ ਜਾਂ ਹੋਰ ਤਰ੍ਹਾਂ ਦੇ ਸੰਦੇਸ਼ਾਂ ਦੇ ਸੰਚਾਰ ਲਈ ਵਰਤੇ ਜਾਂਦੇ ਹਨ। ਇਹਨਾਂ ਉਪਗ੍ਰਹਿਆਂ ਨੂੰ ਧਰਤੀ ਤੋਂ 35740 ਕਿਲੋਮੀਟਰ ਦੀ ਉਚਾਈ ‘ਤੇ ਲਿਜਾ ਕੇ ਘੁੰਮਣ-ਪੰਧ ਵਿੱਚ ਸਥਾਪਤ ਕਰਨਾ ਹੁੰਦਾ ਹੈ। ਇਸ ਕਾਰਨ ਇਹਨਾਂ ਨੂੰ ਪੁਲਾੜ ਵਿੱਚ ਲੈ ਕੇ ਜਾਣ ਵਾਲੇ ਰਾਕਟ ਬਹੁਤ ਵੱਡੇ ਹੁੰਦੇ ਹਨ ਜਿਨ੍ਹਾਂ ਵਿੱਚ ਕਈ-ਕਈ ਟਨ ਬਾਲਣ ਭਰਨਾ ਪੈਂਦਾ ਹੈ ਜੋ ਕਿ ਹਜ਼ਾਰਾਂ ਕਿਲੋਮੀਟਰਾਂ ਦੇ ਲੰਬੇ ਸਫ਼ਰ ਲਈ ਕਾਫ਼ੀ ਹੋਵੇ। ਇਹ ਬਾਲਣ ਰਾਕਟ ਦੇ ਵਿਭਿੰਨ ਭਾਗਾਂ ਵਿੱਚ ਭਰਿਆ ਜਾਂਦਾ ਹੈ। ਕੋਈ ਵੀ ਭਾਗ ਜਦੋਂ (ਬਾਲਣ ਪੱਖੋਂ) ਖਾਲੀ ਹੋ ਜਾਂਦਾ ਹੈ ਤਾਂ ਉਸ ਨੂੰ ਮੁੱਖ ਰਾਕਟ ਨਾਲੋਂ ਖੋਲ੍ਹ ਕੇ ਹੇਠਾਂ ਡਿੱਗਣ ਦਿੱਤਾ ਜਾਂਦਾ ਹੈ ਤਾਂ ਜੋ ਰਾਕਟ ਨੂੰ ਅਣਲੋੜੀਂਦਾ ਭਾਰ ਆਪਣੀ ਮੰਜ਼ਿਲ ਤੱਕ ਚੁੱਕ ਕੇ ਲਿਜਾਣਾ ਨਾ ਪਵੇ ਅਤੇ ਬਾਲਣ ਦੀ ਲੋੜ ਘੱਟ ਪਵੇ।

ਹੁਣ, ਕਿਉਂਕਿ ਵੱਡੇ ਰਾਕਟਾਂ ਨੂੰ ਉਡਾਉਣ ਲਈ ਵੱਡੇ ਲਾਂਚ-ਪੈਡ ਅਤੇ ਵੱਡੇ ਧਮਾਕੇ ਦੀ ਲੋੜ ਪੈਂਦੀ ਹੈ, ਇਸ ਲਈ ਇਨ੍ਹਾਂ ਰਾਕਟਾਂ ਦੇ ‘ਲਾਂਚ ਕੇਂਦਰਾਂ’ ਦੇ ਦੁਆਲੇ ਦੇ 20 ਕਿਲੋਮੀਟਰ ਦੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਸੋਂ ਲਈ ਰਹਿਣ ਦੀ ਮਨਾਹੀ ਹੁੰਦੀ ਹੈ। ਇਸ ਤੋਂ ਇਲਾਵਾ ਉਡਾਣ ਦੌਰਾਨ ਖਾਲੀ ਹੋ ਕੇ ਡਿੱਗਦੇ ਰਾਕਟ ਦੇ ਭਾਗਾਂ ਤੋਂ ਅਤੇ ਜਾਂ ਫਿਰ ਰਾਕਟ ਦੇ ਦੁਰਘਟਨਾ ਗ੍ਰਸਤ ਹੋ ਕੇ ਡਿੱਗਣ ਦੀ ਹਾਲਤ ਵਿਚ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰੱਖਣ ਲਈ ‘ਉਡਾਣ-ਪੰਧ’ ਹੇਠਲੇ ਕੁਝ ਵਿਸ਼ੇਸ਼ ਖੇਤਰ ਨੂੰ ‘ਖਤਰੇ ਹੇਠਲਾ ਖੇਤਰ’ ਐਲਾਨਿਆ ਜਾਂਦਾ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਵੱਡੇ ਰਾਕਟ ਛੱਡਣੇ ਬਹੁਤ ਹੀ ਮਹਿੰਗਾ ਸੌਦਾ ਹੁੰਦਾ ਹੈ ਅਤੇ ਇਹ ਕੰਮ ਕੇਵਲ ਸਰਕਾਰੀ ਖੇਤਰ (ਇਸਰੋ) ਦੇ ਹਵਾਲੇ ਹੈ।

ਵਿਗਿਆਨ ਦੀ ਤਰੱਕੀ ਨਾਲ ਹੁਣ ਸੰਚਾਰ-ਉਪਗ੍ਰਹਿਆਂ ਨੂੰ ਘੱਟ ਉਚਾਈ ‘ਤੇ ਸਥਾਪਤ ਕਰਕੇ ਲੋੜੀਂਦਾ ਕੰਮ ਲਿਆ ਜਾਣਾ ਸੰਭਵ ਹੋ ਸਕਿਆ ਹੈ। ਇਸ ਕੰਮ ਲਈ ਛੋਟੇ-ਛੋਟੇ ਉਪਗ੍ਰਹਿਆਂ ਦੀ ਇੱਕ ਲੜੀ ਛੱਡੀ ਜਾਇਆ ਕਰੇਗੀ। ਇਹ ਉਪਗ੍ਰਹਿ ਕੇਵਲ 200 ਤੋਂ 300 ਕਿਲੋਮੀਟਰ ਦੀ ਉਚਾਈ ‘ਤੇ ਧਰਤੀ ਦੁਆਲੇ ਚੱਕਰ ਕੱਟਿਆ ਕਰਨਗੇ। ਘੱਟ ਉਚਾਈ ‘ਤੇ ਹੋਣ ਕਾਰਨ ਧਰਤੀ ਤੋਂ ਦੇਖਿਆਂ ਇਹ ਉਪਗ੍ਰਹਿ ਸਥਿਰ ਨਹੀਂ ਜਾਪਣਗੇ।

ਤਾਂ ਫਿਰ ਘਰਾਂ ਉਪਰ ਲੱਗੇ ਐਨਟੀਨਿਆਂ ਨੂੰ ਇਹ ਲਗਾਤਾਰ ਸੰਦੇਸ਼ ਕਿੱਦਾਂ ਭੇਜਣਗੇ? ਅਸਲ ਵਿੱਚ ਇਨ੍ਹਾਂ ਤੋਂ ਸੰਚਾਰ ਦਾ ਕੰਮ ਲੈਣ ਲਈ ‘ਟਾਵਰ ਬਦਲ ਤਕਨਾਲੋਜੀ’ ਵਰਤੀ ਜਾਇਆ ਕਰੇਗੀ। ਇਹ ਤਕਨਾਲੋਜੀ ਬਿਲਕੁਲ ਉਸੇ ਤਰ੍ਹਾਂ ਕੰਮ ਕਰੇਗੀ ਜਿਸ ਤਰ੍ਹਾਂ ਸਫਰ ਦੌਰਾਨ ਜਦੋਂ ਸਾਡਾ ਮੋਬਾਇਲ ਫੋਨ ਇੱਕ ਟਾਵਰ ਦੇ ਪ੍ਰਭਾਵ-ਖੇਤਰ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਉਹ ਅਗਲੇ ਟਾਵਰ ਨਾਲ ਜੁੜ ਜਾਂਦਾ ਹੈ ਤਾਂ ਜੋ ਸੰਚਾਰ ਪ੍ਰਕਿਰਿਆ ਨਿਰਵਿਘਨ ਚਲਦੀ ਰਹੇ।

ਹੁਣ ਕਿਉਂਕਿ ਇਹ ਉਪਗ੍ਰਹਿ ਧਰਤੀ ਤੋਂ ਕੇਵਲ ਕੁਝ ਕੁ ਸੌ ਕਿਲੋਮੀਟਰ ਦੀ ਉਚਾਈ ‘ਤੇ ਸਥਾਪਤ ਕੀਤੇ ਜਾਇਆ ਕਰਨਗੇ, ਇਨ੍ਹਾਂ ਨੂੰ ਪੁਲਾੜ ਵਿਚ ਲਿਜਾਣ ਲਈ ਘੱਟ ਸ਼ਕਤੀਸ਼ਾਲੀ ਰਾਕਟਾਂ ਦੀ ਲੋੜ ਪਵੇਗੀ। ਐਨਾ ਹੀ ਨਹੀਂ, ਇਨ੍ਹਾਂ ਉਪਗ੍ਰਹਿਆਂ ਨੂੰ ਖਰਾਬ ਹੋਣ ‘ਤੇ ਜਾਂ ਨਵੀਂ ਤਕਨਾਲੋਜੀ ਦੇ ਆ ਜਾਣ ‘ਤੇ ਨਵੇਂ ਉਪਗ੍ਰਹਿਆਂ ਨਾਲ ਬਦਲਣਾ ਵੀ ਸੰਭਵ ਹੋਇਆ ਕਰੇਗਾ ਜਿਸ ਕਾਰਨ ਇਹ ਉਪਗ੍ਰਹਿ ਘੱਟ ਜੀਵਨ-ਕਾਲ ਵਾਲੇ ਬਣਾਏ ਜਾਇਆ ਕਰਨਗੇ (ਉੱਪਰ ਵਰਣਿਤ ਵੱਡੇ ਉਪਗ੍ਰਹਿਆਂ ਦਾ ਜੀਵਨ-ਕਾਲ 15 ਤੋਂ 20 ਸਾਲ ਰੱਖਣਾ ਪੈਂਦਾ ਹੈ)।

ਇਹਨਾਂ ਦੋ ਕਾਰਨਾਂ ਕਰਕੇ ਲੜੀ ਦੇ ਰੂਪ ਵਿੱਚ ਉਪਗ੍ਰਹਿ ਛੱਡਣਾ ਮੁਕਾਬਲਤਨ ਕਾਫ਼ੀ ਸਸਤਾ ਉੱਦਮ ਹੋਇਆ ਕਰੇਗਾ ਜਿਸ ਕਾਰਨ ਨਿੱਜੀ ਵਪਾਰਕ ਅਦਾਰੇ ਇਸ ਪਾਸੇ ਵੱਲ ਰੁਚੀ ਲੈ ਰਹੇ ਹਨ। ਇਨ੍ਹਾਂ ਅਦਾਰਿਆਂ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਭਾਰਤ ਨੇ ਆਪਣੇ ਇਸ ਦੂਸਰੇ ਪੁਲਾੜੀ ਅੱਡੇ ਦੀ ਨੀਂਹ ਰੱਖੀ ਹੈ। ਇਸ ਤੋਂ ਪਹਿਲਾਂ ਸ੍ਰੀਹਰੀਕੋਟਾ ਵਿਖੇ ਸਤੀਸ਼ ਧਵਨ ਪੁਲਾੜ ਕੇਂਦਰ (ਐੱਸਡੀਐੱਸਸੀ) ਹੈ ਜੋ ਕਿ ਭਾਰਤ ਦਾ ਪਲੇਠਾ ਪੁਲਾੜੀ ਅੱਡਾ ਸੀ (ਸੰਨ 1969 ਵਿੱਚ ਬਣਾਏ ਗਏ ਇਸ ਪੁਲਾੜੀ ਅੱਡੇ ਦਾ ਪਹਿਲਾ ਨਾਮ ਸ੍ਰੀਹਰਿਕੋਟਾ ਰੇਂਜ ਸੀ)।

ਇਸ ਨਵੇਂ ਅਤੇ ਮੁਲਕ ਦੇ ਦੂਜੇ ਪੁਲਾੜੀ ਅੱਡੇ ਦੇ ਸ਼ੁਰੂ ਹੋ ਜਾਣ ਨਾਲ਼ ਭਾਰਤ ਦਾ ਪੁਲਾੜ ਉਦਯੋਗ ਨਿੱਜੀ ਖੇਤਰ ਲਈ ਖੁੱਲ੍ਹ ਜਾਵੇਗਾ। ਇਸ ਨਾਲ ਸੰਚਾਰ-ਨੈੱਟਵਰਕ ਵਿਚ ਮੁਕਾਬਲੇਬਾਜ਼ੀ ਵਧਣ ਨਾਲ ਸੇਵਾਵਾਂ ਦੀ ਗੁਣਵੱਤਾ ਅਤੇ ਵਿਭਿੰਨ ਤਰ੍ਹਾਂ ਦੇ ਇੰਜਨੀਅਰਾਂ ਲਈ ਰੋਜ਼ਗਾਰ ਦੇ ਮੌਕੇ ਵੀ ਵਧ ਸਕਦੇ ਹਨ ਪਰ ਭਾਰਤ ਸਰਕਾਰ ਨੂੰ ਨਿੱਜੀ ਕੰਪਨੀਆਂ ਉੱਤੇ ਢੁਕਵਾਂ ਕੰਟਰੋਲ ਵੀ ਯਕੀਨੀ ਬਨਾਉਣਾ ਪਵੇਗਾ ਤਾਂ ਜੋ ਦੇਸ਼ ਦੀ ਪ੍ਰਭੂਸੱਤਾ ਉੱਪਰ ਕੋਈ ਵੀ ਤਾਕਤ ਹਾਵੀ ਨਾ ਹੋ ਸਕੇ। ਉਂਜ ਕੁਲਸ਼ੇਖਰਪਟਨਮ ਵਿਖੇ ਬਣਾਇਆ ਜਾਣ ਵਾਲਾ ਮੁਲਕ ਦਾ ਇਹ ਦੂਜਾ ਪੁਲਾੜੀ ਅੱਡਾ ਬੇਸ਼ਕ ਨਿੱਜੀ ਅਦਾਰੇ ਦੁਆਰਾ ਉਸਾਰਿਆ ਅਤੇ ਚਲਾਇਆ ਜਾਵੇਗਾ ਪਰ ਇਹ ਕੰਮ ਭਾਰਤ ਸਰਕਾਰ (ਇਸਰੋ) ਦੀ ਨਿਗਰਾਨੀ ਹੇਠ ਹੀ ਹੋਵੇਗਾ। ਇਸ ਪੁਲਾੜੀ ਅੱਡੇ ਤੋਂ ਛੱਡੇ ਜਾਣ ਵਾਲੇ ਛੋਟੇ ਤੇ ਹਲਕੇ ਉਪਗ੍ਰਹਿਆਂ ਨੂੰ ਛੱਡਣ ਵਾਲੇ ‘ਐੱਸਐੱਸਐੱਲਵੀ’ ਸਮੂਹ ਦੇ ਰਾਕਟ ਬਣਾਉਣ ਦੀ ਤਕਨੀਕ ਅਤੇ ਗਿਆਨ ਵੀ ਨਿੱਜੀ ਕੰਪਨੀਆਂ ਨੂੰ ਇਸਰੋ ਰਾਹੀਂ ਹੀ ਤਬਦੀਲ ਕੀਤੇ ਜਾਣਗੇ।

(ਵਿਗਿਆਨ ਪ੍ਰਸਾਰ, ਭਾਰਤ ਸਰਕਾਰ ਦੇ ਸੀਨੀਅਰ ਵਿਗਿਆਨੀ ਡਾ. ਟੀਵੀ ਵੈਂਕਟੇਸ਼ਵਰਨ ਦੁਆਰਾ ਇਸ ਲੇਖਕ ਨੂੰ ਦਿੱਤੀ ਗਈ ਜਾਣਕਾਰੀ ‘ਤੇ ਅਧਾਰਤ)

ਡਾ. ਸੁਰਿੰਦਰ ਕੁਮਾਰ ਜਿੰਦਲ, ਵਿੱਦਿਅਕ ਖੇਤਰ ਦੀ ਇਕ ਜਾਣੀ ਪਛਾਣੀ ਸਖਸ਼ੀਅਤ ਹੈ। ਜੋ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਇਸ ਖੇਤਰ ਵਿਚ ਸੇਵਾ ਨਿਭਾ ਰਿਹਾ ਹੈ। ਵਿਗਿਆਨ ਦਾ ਵਿਦਿਆਰਥੀ ਤੇ ਅਧਿਆਪਕ ਹੋਣ ਦੇ ਨਾਤੇ ਉਸ ਨੇ ਵਿਗਿਆਨ ਪ੍ਰਸਾਰ ਕਾਰਜਾਂ ਵਿਚ ਵਿਲੱਖਣ ਯੋਗਦਾਨ ਪਾਇਆ ਹੈ। ਵਿਗਿਆਨ ਦੇ ਵਿਭਿੰਨ ਵਿਸ਼ਿਆਂ ਬਾਰੇ ਉਸ ਦੇ ਰੌਚਕਤਾ ਭਰਪੂਰ ਲੇਖ ਅਕਸਰ ਪੰਜਾਬੀ ਅਖ਼ਬਾਰਾਂ ਤੇ ਵਿਗਿਆਨ ਰਸਾਲਿਆਂ ਦਾ ਸ਼ਿੰਗਾਰ ਬਣਦੇ ਰਹਿੰਦੇ ਹਨ। ਈ-ਮੇਲ: drskjindal123@gmail.com

Nature

ਸੋਸ਼ਲ ਮੀਡੀਆ ਯੁੱਗ ਵਿਚ ਮੀਡੀਆ ਸਾਖਰਤਾ ਦੀ ਮਹੱਤਤਾ

ਅਮਨਦੀਪ ਸਿੰਘ

ਨੱਕੋ-ਨੱਕ ਭਰੀ ਜਾਣਕਾਰੀ ਦਾ ਦਬਾਅ, ਆਪਣੇ ਵਰਗੇ ਲੋਕਾਂ ਦੇ ਹਾਂ-ਪੱਖੀ ਹੁੰਗਾਰਿਆਂ ਦੀ ਗੂੰਜ ਵਿਚ, ਐਲਗੋਰਿਦਮ* ਤੇ ਜਾਣਕਾਰੀ ਦੇ ਬੇਸਮਝ ਉਪਭੋਗ ਨਾਲ਼ ਮਿਲ਼ ਕੇ ਸਾਨੂੰ ਝੂਠੀਆਂ ਖ਼ਬਰਾਂ ਨੂੰ ਸਮਝਣ ਤੋਂ ਅਸਮਰੱਥ ਬਣਾਉਂਦਾ ਹੈ। - ਸਾਇੰਟਿਫਿਕ ਅਮੈਰਿਕਨ, ਦਸੰਬਰ 2020, ਅੱਜ ਦੇ ਜਾਣਕਾਰੀ ਦੇ ਦਬਾਅ ਭਰਪੂਰ ਯੁੱਗ ਵਿਚ ਸਾਡੇ ਸਭ ਲਈ ਮੀਡੀਆ ਸਾਖਰਤਾ ਦੀ ਯੋਗਤਾ ਅਤਿ ਜ਼ਰੂਰੀ ਹੈ। ਇੱਕ ਲੋਕਤੰਤਰੀ ਸਮਾਜ ਵਿਚ, ਵਿਭਿੰਨ ਦ੍ਰਿਸ਼ਟੀਕੋਣ ਮਹੱਤਵਪੂਰਨ ਹੁੰਦੇ ਹਨ, ਅਤੇ ਮੀਡੀਆ ਸਾਖਰਤਾ ਆਲੋਚਨਾਤਮਕ ਸੋਚ ਨੂੰ ਸਮਰੱਥ ਬਣਾਉਂਦੀ ਹੈ, ਲੋਕਾਂ ਨੂੰ ਵਿਸ਼ਾਲ ਮੀਡੀਆ ਸਾਗਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ਼ ਤੈਰਨ ਵਿਚ ਮਦਦ ਕਰਦੀ ਹੈ। ਹਰ ਰੋਜ਼ ਅਸੀਂ ਇੰਨੀ ਜ਼ਿਆਦਾ ਜਾਣਕਾਰੀ ਸੁਣਦੇ-ਪੜ੍ਹਦੇ ਤੇ ਦੇਖਦੇ ਹਾਂ ਕਿ ਸਾਡੇ ਲਈ ਝੂਠ ਤੇ ਭਰੋਸੇਯੋਗ ਜਾਣਕਾਰੀ ਨੂੰ ਪਛਾਣਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਲੋਕ ਰੋਜ਼ਾਨਾ ਲਗਭਗ 8-ਘੰਟੇ ਮੀਡੀਆ ਦੀ ਵਰਤੋਂ ਕਰਦੇ ਹਨ, ਇਸ ਕਰਕੇ ਉਸ ਸਮੱਗਰੀ ਨੂੰ ਗੰਭੀਰਤਾ ਨਾਲ਼ ਸਮਝਣ ਅਤੇ ਉਸਦਾ ਵਿਸ਼ਲੇਸ਼ਣ ਕਰਨਾ ਬਹੁਤ ਮਹੱਤਵਪੂਰਣ ਹੈ। ਇੰਨਾ ਜ਼ਿਆਦਾ ਮੀਡੀਆ ਦਾ ਉਪਭੋਗ ਕਰਨ ਨਾਲ਼ ਸਾਡੇ ਦਿਲੋ-ਦਿਮਾਗ਼ ਤੇ ਅਸਰ ਹੋਣਾ ਸੁਭਾਵਿਕ ਹੈ। ਜ਼ਿਆਦਾ ਜਾਣਕਾਰੀ ਦਾ ਦਬਾਅ ਸਾਡੇ ਦਿਲੋਂ-ਦਿਮਾਗ਼ ‘ਤੇ ਹਾਵੀ ਹੋ ਜਾਂਦਾ ਹੈ ਤੇ ਜਿਸ ਨਾਲ਼ ਅਸੀਂ ਹੋਰ ਵੀ ਜ਼ਿਆਦਾ ਭੰਬਲ-ਭੂਸੇ ਵਿਚ ਪੈ ਜਾਂਦੇ ਹਾਂ, ਬੇਚੈਨ ਹੋ ਜਾਂਦੇ ਹਾਂ। ਸਾਡੀ ਆਲੋਚਨਾਤਮਕ/ਤਰਕਸ਼ੀਲ ਸੋਚ ਰੁਕ ਜਾਂਦੀ ਹੈ ਤੇ ਸਾਡੇ ਲਈ ਸੱਚੀ ਤੇ ਝੂਠੀ ਜਾਣਕਾਰੀ ਵਿਚ ਫ਼ਰਕ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨਾਲ਼ ਸਹੀ ਫ਼ੈਸਲੇ ਲੈਣੇ ਮੁਸ਼ਕਿਲ ਹੋ ਸਕਦੇ ਹਨ।

ਮਨੁੱਖ ਇੱਕ ਸਮਾਜਿਕ ਜੀਵ ਹੈ ਤੇ ਮੀਡੀਆ ਇੱਕ ਮੁੱਖ ਤਰੀਕਾ ਹੈ ਜਿਸ ਨਾਲ਼ ਅਸੀਂ ਇੱਕ-ਦੂਜੇ ਨਾਲ਼ ਤਾਲਮੇਲ ਰੱਖਦੇ ਹਾਂ। ਮੀਡੀਆ ਸਾਡੀ ਸਵੈ ਦੀ ਭਾਵਨਾ, ਸਮਾਜ ਅਤੇ ਸੰਸਾਰ ਦੀ ਸਮਝ ਵਿਚ ਯੋਗਦਾਨ ਪਾਉਂਦਾ ਹੈ। ਪਰ ਮੀਡੀਆ ਦੇ ਸਕਾਰਾਤਮਕ ਅਤੇ ਨਕਾਰਾਤਮਕ, ਦੋਵੇਂ ਤਰ੍ਹਾਂ ਦੇ ਪ੍ਰਭਾਵ ਹੋ ਸਕਦੇ ਹਨ। ਇਹ ਗੱਲ ਗੌਰ ਕਰਨ ਵਾਲ਼ੀ ਹੈ ਕਿ ਲੋਕ ਆਪਣੇ ਸਮਾਜਿਕ ਗੁੱਟਾਂ ਤੋਂ ਮਿਲ਼ੀ ਜਾਣਕਾਰੀ, ਜੋ ਉਨ੍ਹਾਂ ਦੇ ਪਹਿਲਾਂ ਤੋਂ ਮੌਜੂਦ ਵਿਸ਼ਵਾਸਾਂ ਅਤੇ ਡਰਾਂ ਨਾਲ਼ ਮੇਲ ਖਾਂਦੀ ਹੈ, 'ਤੇ ਜ਼ਿਆਦਾ ਭਰੋਸਾ ਤੇ ਵਿਸ਼ਵਾਸ ਕਰਦੇ ਹਨ ਅਤੇ ਉਸ ਨੂੰ ਅੱਗੇ ਸਾਂਝਾ ਕਰਦੇ ਹਨ। ਅਤੇ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਮੀਡੀਆ ਇੱਕ ਵਪਾਰ ਹੈ! ਮੀਡੀਆ ਕੰਪਨੀਆਂ ਤੇ ਉਨ੍ਹਾਂ ਦੇ ਮਾਲਕਾਂ ਦਾ ਮੁੱਖ ਮੰਤਵ ਉਸ ਵਿਚੋਂ ਮੁਨਾਫ਼ਾ ਲੈਣਾ ਹੀ ਹੁੰਦਾ ਹੈ! ਸਾਨੂੰ ਮੀਡੀਆ ਨੂੰ ਸਿਸਟਮ ਦੀ ਸੋਚ ਦੇ ਰੂਪ ਵਿਚ ਦੇਖਣਾ ਚਾਹੀਦਾ ਹੈ। ਜ਼ਿਆਦਾਤਰ ਮੀਡੀਆ ਵੱਡੇ ਪੱਧਰ ਦੀਆਂ ਮੀਡੀਆ ਕਾਰਪੋਰੇਸ਼ਨਾਂ ਨਾਲ਼ ਜੁੜਿਆ ਹੋਇਆ ਹੈ।

ਅੱਜਕੱਲ੍ਹ ਸੋਸ਼ਲ ਮੀਡੀਆ ਦਾ ਬਹੁਤ ਜ਼ੋਰ ਹੈ। ਸੋਸ਼ਲ ਮੀਡੀਆ ਪਲੇਟਫਾਰਮ ਕਿਸੇ ਵੀ ਖ਼ਬਰ ਜਾਂ ਪੋਸਟ ਨੂੰ ਵਾਇਰਲ ਕਰਨ ਤੇ ਵਧਾਉਣ ਲਈ ਐਲਗੋਰਿਦਮ ਦੀ ਵਰਤੋਂ ਕਰਦੇ ਹਨ ਜੋ ਅਕਸਰ ਸਨਸਨੀਖੇਜ਼ ਜਾਂ ਭਾਵਨਾਤਮਕ ਸਮੱਗਰੀ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਵਿਚ ਜਾਅਲੀ ਖ਼ਬਰਾਂ ਸ਼ਾਮਲ ਹੁੰਦੀਆਂ ਹਨ। ਇਸ ਤਰ੍ਹਾਂ ਸੋਸ਼ਲ-ਮੀਡੀਆ ‘ਤੇ ਲੋਕਾਂ ਦਾ ਆਪਸੀ ਤਾਲਮੇਲ ਵਧਦਾ ਹੈ ਪਰ ਇਹ ਵਰਤਾਰਾ ਗ਼ਲਤ ਜਾਣਕਾਰੀ ਨੂੰ ਵੀ ਵਧਾਉਂਦਾ ਹੈ। ਸਵੈਚਲਿਤ ਖਾਤੇ ਜਾਂ ਬੋਟ (Bots), ਗ਼ਲਤ ਜਾਣਕਾਰੀ ਨੂੰ ਵਧੇਰੇ ਕੁਸ਼ਲਤਾ ਅਤੇ ਵਿਆਪਕ ਤੌਰ ‘ਤੇ ਫੈਲਾ ਸਕਦੇ ਹਨ ਤੇ ਕਿਸੇ ਵੀ ਮੁੱਦੇ ਨੂੰ ਹੋਰ ਗੁੰਝਲਦਾਰ ਬਣਾ ਸਕਦੇ ਹਨ। ਚਲਾਕ ਤੇ ਖਤਰਨਾਕ ਲੋਕ ਉਨ੍ਹਾਂ ਦੀ ਵਰਤੋਂ ਸੋਸ਼ਲ ਮੀਡੀਆ ਪ੍ਰਣਾਲੀਆਂ ਅਤੇ ਮਨੁੱਖੀ ਮਨੋਵਿਗਿਆਨ ਦੀਆਂ ਕਮਜ਼ੋਰੀਆਂ ਦਾ ਸ਼ੋਸ਼ਣ ਕਰਨ ਲਈ ਵਰਤਦੇ ਹਨ।

ਅੱਜ ਮਸਨੂਈ ਬੁੱਧੀ (ਏ.ਆਈ.) ਦੇ ਯੁੱਗ ਵਿਚ ਤੱਥਾਂ ਨੂੰ ਚੈੱਕ ਕਰਨ ਦੇ ਤਰੀਕੇ ਵੀ ਬਦਲ ਗਏ ਹਨ। ਡੈਨ ਐਵਨ (ਸੀਨੀਅਰ ਮੈਨੇਜਰ, ਨਿਊਜ਼ ਲਿਟ ਡਾਟ ਓਰਗ) ਸਾਨੂੰ ਕਿਸੇ ਵੀ ਖ਼ਬਰ ਦੇ ਤੱਥਾਂ ਨੂੰ ਚੈੱਕ ਕਰਨ ਦੇ ਪੰਜ ਨਿਯਮ ਸੁਝਾਉਂਦਾ ਹੈ:

1. ਸੰਦਰਭ - ਝੂਠਾ ਜਾਂ ਪੁਰਾਣਾ ਜਿਸ ਦੀ ਅੱਜ ਕੋਈ ਅਹਿਮੀਅਤ ਨਹੀਂ। ਜਿਵੇਂ ਕਿ ਬਹੁਤ ਵਾਰੀ ਪੁਰਾਣੀ ਤੇ ਅਸਲੀ ਫੋਟੋ ਜਾਂ ਵੀਡੀਓ ਨੂੰ ਕਿਸੇ ਹੋਰ ਸੰਦਰਭ ਵਿਚ ਪੇਸ਼ ਕਰਨਾ ਤਾਂ ਜੋ ਝੂਠੀ ਜਾਣਕਾਰੀ ਸੱਚੀ ਦਿਖੇ। ਇਸ ਨੂੰ ਚੈੱਕ ਕਰਨ ਲਈ ਤੁਸੀਂ ਉਸ ਫੋਟੋ ਜਾਂ ਵੀਡੀਓ ਨੂੰ ਇੰਟਰਨੈੱਟ ‘ਤੇ ਲੱਭ ਸਕਦੇ (Reverse Image Search) ਹੋ ਤੇ ਸਹੀ ਸੰਦਰਭ ਜਾਣ ਸਕਦੇ ਹੋ। ਇਹ ਔਨਲਾਈਨ ਗ਼ਲਤ ਜਾਣਕਾਰੀ ਫੈਲਾਉਣ ਲਈ ਵਰਤੀਆਂ ਜਾਣ ਵਾਲੀਆਂ ਸਭ ਤੋਂ ਆਮ ਚਾਲਾਂ ਹਨ।

2. ਪ੍ਰਮਾਣ - ਇਹ ਤੱਥ ਜਾਂਚ ਕਰਨ ਦੀ ਇੱਕ ਬੁਨਿਆਦੀ ਯੋਗਤਾ ਹੈ ਕਿ ਤੁਸੀਂ ਔਨਲਾਈਨ ਜੋ ਕੁਝ ਵੀ ਦੇਖਦੇ ਹੋ ਕੀ ਉਹ ਅਸਲੀ ਹੈ, ਬਦਲਿਆ ਹੋਇਆ ਜਾਂ ਮਨਘੜਤ ਤਾਂ ਨਹੀਂ ਹੈ। ਜਿਵੇਂ ਕਿ ਫੋਟੋ/ਵੀਡੀਓ ਏ.ਆਈ. ਨੇ ਬਣਾਇਆ ਹੈ ਜਾਂ ਮਨੁੱਖਾਂ ਨੇ। ਕੀ ਅਸਲੀ ਫੋਟੋ ਵਿਚ ਫੇਰ-ਬਦਲ ਤਾਂ ਨਹੀਂ ਕੀਤਾ ਗਿਆ? ਅਸੀਂ ਜਿੰਨੇ ਜ਼ਿਆਦਾ ਪ੍ਰਮਾਣ ਚੈੱਕ ਕਰੀਏ ਓਨਾ ਵਧੀਆ ਹੈ। ਉਦਾਹਰਣ ਦੇ ਤੌਰ ‘ਤੇ ਜਨਵਰੀ 2024 ਵਿਚ ਸੋਸ਼ਲ ਮੀਡੀਆ ‘ਤੇ ਇੱਕ ਨਕਲੀ ਫੋਟੋ ਵਿਚ ਆਈਫਲ ਟਾਵਰ ਨੂੰ ਅੱਗ ਦੀਆਂ ਲਪਟਾਂ ਵਿਚ ਸੜਦਾ ਦਿਖਾਇਆ ਗਿਆ ਸੀ। ਪਰ ਜੇ ਦੇਖਿਆ ਜਾਵੇ ਤਾਂ ਹੋਰ ਕੋਈ ਵੀ ਨਿਊਜ਼ ਏਜੰਸੀ ਜਾਂ ਚੈਨਲ ਉਸ ਖ਼ਬਰ ਨੂੰ ਨਹੀਂ ਦਿਖਾ ਰਿਹਾ ਸੀ ਕਿਓਂਕਿ ਉਹ ਖ਼ਬਰ ਸੱਚੀ ਨਹੀਂ ਸੀ। ਜੇ ਤੁਸੀਂ ਕਿਤੇ ਇਹੋ ਜਿਹੀ ਸਨਸਨੀਖ਼ੇਜ਼ ਖ਼ਬਰ ਦੇਖੋ-ਸੁਣੋ ਤਾਂ ਖ਼ਬਰਾਂ ਦੇ ਪ੍ਰਮਾਣਿਕ ਸ੍ਰੋਤ ਦੇਖੋ ਜਾਂ ਸੁਣੋ ਤੇ ਆਪਣੇ ਆਪ ਨੂੰ ਇਹ ਸਵਾਲ ਪੁੱਛੋ ਕਿ ਜੇ ਉਹ ਖ਼ਬਰ ਸੱਚ ਹੈ ਤਾਂ ਹੋਰ ਕੀ ਸੱਚ ਹੋ ਸਕਦਾ ਹੈ?

3. ਤਰਕ - ਗ਼ਲਤ ਜਾਣਕਾਰੀ ਅਕਸਰ ਸਾਡੇ ਬੋਧਾਤਮਕ ਪੱਖਪਾਤ/ਝੁਕਾ ਅਤੇ ਤਰਕਪੂਰਨ ਭੁਲੇਖਿਆਂ ਪ੍ਰਤੀ ਕਮਜ਼ੋਰੀ ਦਾ ਸ਼ੋਸ਼ਣ ਕਰਨ ਲਈ ਤਿਆਰ ਕੀਤੀ ਜਾਂਦੀ ਹੈ। ਜਿਵੇਂ ਕਿ ਪਿੱਛੇ ਜਿਹੇ ਜਦੋਂ ਇੱਕ ਅਮਰੀਕਨ ਫੁੱਟਬਾਲ ਖਿਡਾਰੀ ਖੇਡਦੇ ਹੋਏ ਡਿਗ ਪਿਆ ਤਾਂ ਮਿੰਟਾਂ ਵਿਚ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਅਫ਼ਵਾਹ ਫੈਲਾਉਣੀ ਸ਼ੁਰੂ ਕਰ ਦਿੱਤੀ ਕਿ ਉਹ ਕੋਵਿਡ-19 ਵੈਕਸੀਨ ਕਰਕੇ ਡਿਗ ਪਿਆ, ਅਜੇ ਉਹ ਹਸਪਤਾਲ ਵੀ ਨਹੀਂ ਪਹੁੰਚਿਆ ਸੀ ਤੇ ਡਾਕਟਰਾਂ ਨੇ ਉਸ ਨੂੰ ਚੈੱਕ ਵੀ ਨਹੀਂ ਸੀ ਕੀਤਾ। ਬਾਅਦ ਵਿਚ ਡਾਕਟਰਾਂ ਨੇ ਦੱਸਿਆ ਕਿ ਅਸਲ ਵਿਚ ਉਸ ਨੂੰ ਜ਼ੋਰ ਦੇਣੀ ਧੱਕਾ ਲੱਗਣ ਤੇ ਦਿਲ ਦਾ ਦੌਰਾ ਪੈ ਗਿਆ ਸੀ। ਇਸ ਤਰ੍ਹਾਂ ਚਲਾਕ ਲੋਕ ਇਹੋ ਜਿਹੀਆਂ ਸਨਸਨੀਖ਼ੇਜ਼ ਖ਼ਬਰਾਂ ਨੂੰ ਗ਼ਲਤ ਜਾਣਕਾਰੀ ਫੈਲਾਉਣ ਲਈ ਵਰਤਦੇ ਹਨ।

4. ਸਬੂਤ - ਜਿਵੇਂ ਕਿ ਕਹਿੰਦੇ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ, ਉਵੇਂ ਹੀ ਗ਼ਲਤ ਜਾਣਕਾਰੀ ਵਿਚ ਕੁਦਰਤੀ ਹੀ ਠੋਸ ਸਬੂਤਾਂ ਦੀ ਘਾਟ ਹੁੰਦੀ ਹੈ, ਪਰ ਉਹ ਅਕਸਰ ਲੋਕਾਂ ਨੂੰ ਜਾਂ ਤਾਂ ਉਸ ਤੱਥ ਨੂੰ ਨਜ਼ਰਅੰਦਾਜ਼ ਕਰਨ ਜਾਂ ਝੂਠੇ ਸਬੂਤ ਨੂੰ ਮੰਨਣ ਲਈ ਉਕਸਾਉਂਦੀ ਹੈ। ਦਾਅਵੇ ਲਈ ਸਬੂਤ ਦਾ ਮੁਲਾਂਕਣ ਕਰਨਾ ਤੱਥ-ਜਾਂਚ ਕਰਨ ਦੀ ਇੱਕ ਪ੍ਰਮੁੱਖ ਯੋਗਤਾ ਹੈ।

5. ਸ੍ਰੋਤ - ਕਿਸੇ ਵੀ ਖ਼ਬਰ ਦੇ ਸਾਰੇ ਸ੍ਰੋਤ ਇੱਕੋ ਜਿਹੇ ਨਹੀਂ ਹੁੰਦੇ, ਪਰ ਜਦੋਂ ਅਸੀਂ ਔਨਲਾਈਨ ਸਮੱਗਰੀ ਫਟਾ-ਫਟ ਦੇਖਦੇ ਹਾਂ ਤਾਂ ਆਸਾਨੀ ਨਾਲ਼ ਮਹੱਤਵਪੂਰਣ ਅੰਤਰ ਅੱਖੋਂ-ਪ੍ਰੋਖੇ ਕਰ ਸਕਦੇ ਹਾਂ। ਖ਼ਾਸ ਤੌਰ ਤੇ ਜਦੋਂ ਉਹ ਖ਼ਬਰਾਂ ਸਾਡੀਆਂ ਭਾਵਨਾਵਾਂ ਨੂੰ ਉਕਸਾਉਂਦੀਆਂ ਹਨ।

ਉੱਪਰ ਦਿੱਤੇ ਨਿਯਮ ਸਾਨੂੰ ਥੋੜ੍ਹਾ ਠਹਿਰ ਕੇ, ਠਰੰਮੇ ਨਾਲ਼ ਸੰਦਰਭ ਬਾਰੇ ਸੋਚਣ ਲਈ ਪ੍ਰੇਰਿਤ ਕਰਦੇ ਹਨ ਤਾਂ ਕਿ ਅਸੀਂ ਹੇਠਾਂ ਦਿੱਤੇ ਸਵਾਲ ਪੁੱਛ ਸਕੀਏ:

ਕੀ ਇਹ ਪ੍ਰਮਾਣਿਕ ਹੈ?

ਕੀ ਇਹ ਠੋਸ ਤਰਕ 'ਤੇ ਆਧਾਰਿਤ ਹੈ।

ਇਸ ਦਾ ਸਬੂਤ ਕੀ ਹੈ?

ਜਦੋਂ ਅਸੀਂ ਇਨ੍ਹਾਂ ਸਵਾਲਾਂ ਨੂੰ ਹਮੇਸ਼ਾ ਆਪਣੇ ਮਨ ਵਿਚ ਰੱਖਦੇ ਹਾਂ ਤਾਂ ਕਿਸੇ ਜਾਣਕਾਰੀ/ਪੋਸਟ/ਤਸਵੀਰ ਨੂੰ ਬਿਨਾ ਸੋਚੇ ਸਮਝੇ ਸੱਚ ਮੰਨਣ ਦੀ ਬਜਾਇ ਅਸੀਂ ਥੋੜ੍ਹਾ ਰੁਕ ਕੇ ਆਲੋਚਨਾਤਮਕ ਤੌਰ 'ਤੇ ਸੋਚ ਸਕਦੇ ਹਾਂ ਕਿ ਸਾਡੇ ਅੱਗੇ ਪੇਸ਼ ਕੀਤੀ ਗਈ ਸਮੱਗਰੀ ਅਸਲ ਵਿਚ ਕੀ ਹੈ? ਅਤੇ ਹੋ ਸਕਦਾ ਹੈ ਕਿ ਸਾਨੂੰ ਪਤਾ ਲੱਗ ਜਾਵੇ ਕਿ ਉਹ ਸਮੱਗਰੀ ਪ੍ਰਮਾਣਿਕ ਨਹੀਂ ਹੈ।

ਇੱਕ ਇੰਟਰਵਿਊ ਵਿਚ ਡਾ. ਐਂਥਨੀ ਫੌਚੀ (ਅਮਰੀਕਾ ਦੇ ਰਾਸ਼ਟਰਪਤੀ ਦਾ ਸਾਬਕਾ ਮੁੱਖ ਮੈਡੀਕਲ ਸਲਾਹਕਾਰ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਦਾ ਡਾਇਰੈਕਟਰ) ਕਹਿੰਦੇ ਹਨ ਕਿ ਕੋਵਿਡ ਪ੍ਰਤੀ ਸਾਡੇ ਜਨਤਕ ਸਿਹਤ ਪ੍ਰਤੀਕਿਰਿਆ ਨੂੰ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੁਆਰਾ ਗ਼ਲਤ ਜਾਣਕਾਰੀ ਦੇ ਫੈਲਾਅ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਜੋ ਕਿ ਬਦਕਿਸਮਤੀ ਨਾਲ਼ ਅਜੇ ਵੀ ਮੌਜੂਦ ਹੈ। ਇਹ ਬਹੁਤ ਹੈਰਾਨੀ ਦੀ ਗੱਲ ਕਿ ਸੰਸਾਰ ਵਿਚ ਕਿੰਨੀ ਗ਼ਲਤ ਜਾਣਕਾਰੀ ਭਰੀ ਪਈ ਹੈ ਤੇ ਬਦਕਿਸਮਤੀ ਨਾਲ਼ ਲੋਕਾਂ ਦੀਆਂ ਜਾਨਾਂ ਵੀ ਲੈ ਰਹੀ ਹੈ। ਜਿਵੇਂ ਕਿ ਗ਼ਲਤ ਜਾਣਕਾਰੀ ਕਰਕੇ ਬਹੁਤ ਲੋਕ ਕੋਵਿਡ ਜਾਂ ਕੋਈ ਹੋਰ ਵੈਕਸੀਨ (ਟੀਕਾ) ਨਹੀਂ ਲਗਵਾਉਂਦੇ। ਇਸੇ ਤਰ੍ਹਾਂ ਹੀ ਕੋਵਿਡ-19 ਦੀ ਉਤਪਤੀ ਬਾਰੇ ਵੀ ਬਹੁਤ ਗ਼ਲਤ ਖ਼ਬਰਾਂ ਹਨ, ਜਿਵੇਂ ਕਿ ਕੋਵਿਡ ਵਾਇਰਸ ਇੱਕ ਚੀਨੀ ਪ੍ਰਯੋਗਸ਼ਾਲਾ ਵਿਚੋਂ ਲੀਕ ਹੋਇਆ ਸੀ! ਪਰ ਬਹੁਤੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਕੋਵਿਡ ਵਾਇਰਸ ਕੁਦਰਤੀ ਤੌਰ ਤੇ ਵਿਕਸਤ ਹੋਇਆ। ਪਰ ਫੇਰ ਵੀ ਸਾਨੂੰ ਆਪਣੇ ਆਪ ਨੂੰ ਨਿਰਪੱਖ ਰੱਖਣਾ ਚਾਹੀਦਾ ਹੈ ਜਦੋਂ ਤੱਕ ਅਸਲੀ ਅੰਕੜੇ, ਤੱਥ ਤੇ ਸਬੂਤ ਸਾਹਮਣੇ ਨਾ ਆ ਜਾਣ। ਇਹ ਗੱਲ ਜ਼ਿਕਰਯੋਗ ਹੈ ਕਿ ਕੋਵਿਦ-19 ਵਾਇਰਸ ਦੇ ਪ੍ਰਯੋਗਸ਼ਾਲਾ ਵਿਚੋਂ ਲੀਕ ਹੋਣ ਦੀ ਥਿਊਰੀ ਪਿੱਛੇ ਕੋਈ ਠੋਸ ਸਬੂਤ ਨਹੀਂ ਹਨ। ਬੜੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੀਆਂ ਗ਼ਲਤ ਖ਼ਬਰਾਂ ਕਰਕੇ 2021 ਵਿਚ ਅਮਰੀਕਾ ਦੇ ਐਟਲਾਂਟਾ ਰਾਜ ਵਿਚ ਇੱਕ ਵਿਅਕਤੀ ਨੇ ਮਸੂਮ ਤੇ ਬੇਕਸੂਰ ਚੀਨੀ ਤੇ ਏਸ਼ੀਅਨ ਮੂਲ ਦੇ ਅੱਠ ਲੋਕਾਂ ਨੂੰ ਗੋਲ਼ੀਆਂ ਨਾਲ਼ ਮਾਰ ਦਿੱਤਾ। ਵਿਗਿਆਨਕ ਖੋਜ ਦੇ ਅਨੁਸਾਰ ਤੇ ਅਸੀਂ ਸਭ ਜਾਣਦੇ ਹਾਂ ਕਿ ਇਹੋ ਜਿਹੀਆਂ ਗ਼ਲਤ ਖ਼ਬਰਾਂ ਤੇ ਲੀਡਰਾਂ ਦੇ ਨਫ਼ਰਤ ਭਰੇ ਭਾਸ਼ਣ ਨਫ਼ਰਤੀ ਖ਼ੂਨ-ਖਰਾਬੇ ਨੂੰ ਵਧਾਉਂਦੇ ਹਨ।

ਹਿਡਨ ਬ੍ਰੇਨ ਰੇਡੀਓ ਪੌਡਕਾਸਟ ਵਿਚ ਅਰਥਸ਼ਾਸਤਰੀ ਐਲੈਕਸ ਐਡਮਨਜ਼ ਦੱਸਦਾ ਹੈ ਕਿ ਆਸਟਰੇਲੀਆ ਵੱਸਦੀ ਇੱਕ ਠੱਗ ਤੇ ਨਕਲੀ-ਵਿਗਿਆਨ ਦੀ ਸਲਾਹਕਾਰ ਬੈੱਲ ਗਿਬਸਨ ਨੇ 2014 ਵਿਚ ਆਪਣੇ ਬਲਾਗ ਰਾਹੀਂ ਇਹ ਦਾਅਵਾ ਕੀਤਾ ਕਿ ਸਾਫ਼-ਸੁਥਰੇ ਖਾਣੇ ਤੇ ਕੁਦਰਤੀ ਉਪਚਾਰ ਨਾਲ਼ ਉਸਦਾ ਕੈਂਸਰ ਠੀਕ ਹੋ ਗਿਆ ਹੈ, ਜੋ ਕਿ ਕੀਮੋ ਥੈਰੇਪੀ ਤੇ ਹੋਰ ਡਾਕਟਰੀ ਇਲਾਜ ਨਾਲ਼ ਠੀਕ ਨਹੀਂ ਹੋ ਰਿਹਾ ਸੀ। ਉਸਦੀ ਇਹ ਕਹਾਣੀ ਵਾਇਰਲ ਹੋ ਗਈ ਤੇ ਪੂਰੀ ਦੁਨੀਆਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਸਦੇ ਸਿੱਟੇ ਵਜੋਂ ਹੋ ਸਕਦਾ ਹੈ ਕਿ ਅਨੇਕਾਂ ਲੋਕਾਂ ਨੇ ਆਪਣੀਆਂ ਬਿਮਾਰੀਆਂ ਦਾ ਡਾਕਟਰੀ ਇਲਾਜ ਛੱਡ ਕੇ ਕੁਦਰਤੀ ਇਲਾਜ ਤੇ ਸਾਫ਼-ਸੁਥਰਾ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਹੋਵੇ। ਬੈੱਲ ਗਿਬਸਨ ਨੂੰ ਪੈਂਗੂਇਨ ਆਸਟ੍ਰੇਲੀਆ ਵਲੋਂ ਕੈਂਸਰ ਖਤਮ ਕਰਨ ਵਾਲ਼ੇ ਖਾਣੇ ਬਣਾਉਣ ਦੇ ਨੁਸਖਿਆਂ ਦੀ ਕਿਤਾਬ ਛਾਪਣ ਦੀ ਪੇਸ਼ਕਸ਼ ਵੀ ਹੋਈ। ਉਸਨੇ ਇੱਕ ਐਪ ਵੀ ਲਾਂਚ ਕੀਤੀ, ਜਿੱਥੇ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਵਾਲ਼ੇ ਕੁਦਰਤੀ ਨੁਸਖ਼ੇ ਦੱਸੇ ਗਏ ਸਨ। ਪਰ ਇਸ ਸਭ ਕਾਸੇ ਵਿਚ ਇਸ ਗੱਲ ਦਾ ਲੁਕਾ ਸੀ ਕਿ ਉਸ ਨੂੰ ਕਦੇ ਕੈਂਸਰ ਸੀ ਹੀ ਨਹੀਂ। ਉਸਨੇ ਝੂਠ ਬੋਲਿਆ ਸੀ ਕਿ ਉਸ ਨੂੰ ਕੈਂਸਰ ਸੀ ਜੋ ਕੁਦਰਤੀ ਤਰੀਕੇ ਨਾਲ਼ ਬਿਨਾ ਡਾਕਟਰੀ ਇਲਾਜ ਦੇ ਠੀਕ ਹੋ ਗਿਆ ਸੀ। ਇਹ ਕਹਾਣੀ ਉਨ੍ਹਾਂ ਲੋਕਾਂ ਬਾਰੇ ਵੀ ਹੈ ਜੋ ਕਿ ਬਿਨਾਂ ਤੱਥਾਂ ਦੀ ਪਰਖ ਕੀਤਿਆਂ ਮੰਨ ਲੈਂਦੇ ਹਨ ਕਿ ਅਜਿਹਾ ਸੱਚ ਹੋ ਸਕਦਾ ਹੈ ਕਿ ਕਹਾਣੀ ਓਹੀ ਦੱਸਦੀ ਹੈ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਇਹ ਇੱਕ ਪੁਸ਼ਟੀਕਰਣ ਝੁਕਾ (Confirmation Bias) ਦੀ ਉਦਾਹਰਣ ਹੈ - ਪੁਸ਼ਟੀਕਰਣ ਝੁਕਾ ਮਨੋਵਿਗਿਆਨ ਅਨੁਸਾਰ ਇੱਕ ਤਰ੍ਹਾਂ ਦਾ ਤਰਕਦੋਸ਼ ਹੈ ਜਿਸ ਵਿਚ ਕੋਈ ਵਿਅਕਤੀ ਅਚੇਤ ਹੀ ਅਜਿਹੀ ਜਾਣਕਾਰੀ ਨੂੰ ਮਹੱਤਵ ਦਿੰਦਾ ਹੈ ਜੋ ਉਸ ਦੀਆਂ ਆਪਣੀਆਂ ਧਾਰਨਾਵਾਂ ਤੇ ਵਿਸ਼ਵਾਸ਼ਾਂ ਨਾਲ਼ ਮੇਲ਼ ਖਾਂਦੀ ਹੈ, ਤੇ ਅਜਿਹੀ ਜਾਣਕਾਰੀ ਨੂੰ ਰੱਦ ਕਰ ਦਿੰਦਾ ਜੋ ਉਸਦੇ ਵਿਸ਼ਵਾਸ਼ਾਂ ਤੇ ਖਰੀ ਨਹੀਂ ਉੱਤਰਦੀ। ਚਲਾਕ ਲੋਕ ਮੀਡੀਆ ਰਾਹੀਂ ਲੋਕਾਂ ਦੇ ਪੁਸ਼ਟੀਕਰਣ ਝੁਕਾ ਦਾ ਫ਼ਾਇਦਾ ਉਠਾਉਂਦੇ ਹਨ। ਲੋਕ ਬੈੱਲ ਗਿਬਸਨ ਵਰਗੀਆਂ ਕਹਾਣੀਆਂ ਨੂੰ ਪਸੰਦ ਕਰਦੇ ਹਨ ਕਿਉਂਕਿ ਅਜਿਹਾ ਉਹ ਬਚਪਨ ਤੋਂ ਹੀ ਸੁਣਦੇ ਆਏ ਹਨ ਕਿ ਕੁਦਰਤੀ ਇਲਾਜ ਵਧੀਆ ਹੈ ਤੇ ਦਵਾਈਆਂ ਤੇ ਟੀਕਿਆਂ ਰਾਹੀਂ ਵੱਡੀਆਂ ਮੈਡੀਕਲ ਕੰਪਨੀਆਂ ਉਨ੍ਹਾਂ ਦੇ ਸਰੀਰਾਂ ਵਿਚ ਖ਼ਤਰਨਾਕ ਰਸਾਇਣਕ ਪਦਾਰਥਾਂ ਦਾ ਜ਼ਹਿਰ ਪਾ ਰਹੀਆਂ ਹਨ। ਸਾਨੂੰ ਆਪਣੇ ਪੁਸ਼ਟੀਕਰਣ ਝੁਕਾ ਸਮਝ ਕੇ ਤੇ ਇਹ ਜਾਣ ਕੇ ਕਿਵੇਂ ਚਲਾਕ ਲੋਕ, ਸੋਸ਼ਲ ਮੀਡੀਆ ਐਲਗਰੋਰਿਥਮ ਤੇ ਬੋਟ (Bots) ਸਾਨੂੰ ਭਰਮਾਉਂਦੇ ਹਨ, ਅਸੀਂ ਝੂਠ ਨੂੰ ਪਹਿਚਾਨਣ ਦੇ ਯੋਗ ਬਣਾ ਸਕਦੇ ਹਾਂ।

ਇਨ੍ਹਾਂ ਪ੍ਰਤੀ ਸੁਚੇਤ ਰਹਿੰਦੇ ਹੋਏ ਤੁਸੀਂ ਤਰਕਸ਼ੀਲ ਸੋਚ ਵਿਕਸਤ ਕਰ ਸਕਦੇ ਹੋ, ਜਿਸ ਨਾਲ ਤੁਸੀਂ ਵਧੇਰੇ ਜਾਗਰੂਕਤਾ ਅਤੇ ਸਮਝ ਨਾਲ ਸੋਸ਼ਲ ਮੀਡੀਆ ਦੇ ਸੈਲਾਬ ਵਿੱਚ ਤੈਰ ਸਕਦੇ ਹੋ। ਜਿਸ ਤਰ੍ਹਾਂ ਸੋਸ਼ਲ ਮੀਡੀਆ ਨੂੰ ਡਿਜ਼ਾਇਨ ਕੀਤਾ ਗਿਆ ਹੈ ਉਸ ਦਾ ਮੰਤਵ ਸਾਨੂੰ ਜਾਣਕਾਰੀ ਨਾਲ ਭਰਨਾ ਹੈ। ਸਿਰਫ਼ ਸੋਸ਼ਲ ਮੀਡੀਆ ਸੁਰਖੀਆਂ ਨੂੰ ਪੜ੍ਹਨਾ ਅਤੇ ਖ਼ਬਰਾਂ ਦੀਆਂ ਸੁਰਖੀਆਂ ਦੀ ਵਰਤੋਂ ਕਰਨਾ ਬਹੁਤ ਆਸਾਨ ਹੈ, ਪਰ ਜੇਕਰ ਅਸੀਂ ਸੂਚਿਤ ਤੇ ਸੁਚੇਤ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਕੰਮ ਕਰਨਾ ਪਵੇਗਾ ਅਤੇ ਖ਼ਬਰਾਂ ਦੇ ਇੱਕ ਸਰਗਰਮ ਖਪਤਕਾਰ ਬਣਨਾ ਪਵੇਗਾ। ਜਦੋਂ ਅਸੀਂ ਖ਼ਬਰਾਂ ਨੂੰ ਆਲੋਚਨਾਤਮਕ ਤੌਰ ’ਤੇ ਦੇਖਣ-ਪਰਖਣ ਦੀ ਤਕਨੀਕ ਜਾਣ ਜਾਂਦੇ ਹਾਂ ਤਾਂ ਸਾਡੀ ਝੂਠੀਆਂ ਖ਼ਬਰਾਂ ਤੇ ਔਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ।

ਜੇ ਆਪ ਜੀ ਨੂੰ ਮੀਡੀਆ ਸਾਖਰਤਾ ਬਾਰੇ ਕੋਈ ਵੀ ਜਾਣਕਾਰੀ, ਜਾਂ ਇੰਟਰਨੈੱਟ ਸ੍ਰੋਤ ਚਾਹੀਦੇ ਹੋਣ ਤਾਂ ਤੁਸੀਂ ਲੇਖਕ ਨਾਲ਼ ਸੰਪਰਕ ਕਰ ਸਕਦੇ ਹੋ। ਉਮੀਦ ਹੈ ਆਪ ਜੀ ਵੀ ਅੱਗੇ ਹੋਰ ਲੋਕਾਂ ਨੂੰ ਵੀ ਮੀਡੀਆ ਸਾਖਰਤਾ, ਤੱਥਾਂ ਨੂੰ ਕਿਵੇਂ ਚੈੱਕ ਕਰਨਾ ਤੇ ਸਭ ਤੋਂ ਉੱਪਰ ਤਰਕਸ਼ੀਲ ਸੋਚ ਕਿਵੇਂ ਵਿਕਸਤ ਕਰਨੀ ਹੈ, ਬਾਰੇ ਜਾਗਰੂਕ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਓਗੇ।

ਈ-ਮੇਲ: amanysingh@gmail.com

Nature

ਤਾਰਿਆਂ ਦਾ ਵਿਲੱਖਣ ਸੰਸਾਰ

ਸੁਖਮੰਦਰ ਸਿੰਘ ਤੂਰ

ਤਾਰੇ ਵੇਖਣ ਵਿਚ ਸਾਨੂੰ ਨਿੱਕੇ - ਨਿੱਕੇ ਲੱਗਦੇ ਹਨ, ਪਰ ਇਹ ਸਾਡੀ ਪ੍ਰਿਥਵੀ ਨਾਲੋਂ ਕਾਫੀ ਵੱਡੇ ਹਨ, ਕਈ ਤਾਰੇ ਤਾਂ ਸਾਡੇ ਸੂਰਜ ਨਾਲ਼ੋਂ ਵੀ ਵੱਡੇ ਹਨ, ਪਰ ਬਹੁਤ ਦੂਰੀ 'ਤੇ ਹੋਣ ਕਰਕੇ ਇਹ ਸਾਨੂੰ ਛੋਟੇ - ਛੋਟੇ ਦਿਖਾਈ ਦਿੰਦੇ ਹਨ। ਕਈ ਤਾਰਿਆਂ ਦਾ ਤਾਪਮਾਨ ਸੂਰਜ ਨਾਲੋਂ ਵੀ ਕਈ ਗੁਣਾਂ ਜ਼ਿਆਦਾ ਹੈ। ਸਾਡੇ ਬ੍ਰਹਿਮੰਡ ਵਿਚ ਅਣਗਿਣਤ ਤਾਰੇ ਹਨ। ਸੂਰਜ ਵੀ ਇਕ ਤਾਰਾ ਹੈ। ਇਹ ਸਾਡੀ ਪ੍ਰਿਥਵੀ ਦੇ ਨੇੜੇ ਹੋਣ ਕਰਕੇ ਸਾਨੂੰ ਵੱਡਾ ਦਿਖਾਈ ਦਿੰਦਾ ਹੈ। ਤਾਰਿਆਂ ਵਿਚਲੀ ਜਗ੍ਹਾ ਧੂੜ ਅਤੇ ਗੈਸਾਂ ਨਾਲ ਭਰੀ ਪਈ ਹੈ। ਇਹ ਧੂੜ ਹਾਈਡਰੋਜਨ, ਹੀਲੀਅਮ, ਆਕਸੀਜਨ, ਕਾਰਬਨ ਅਤੇ ਨਾਈਟਰੋਜਨ ਦਾ ਸੰਘਣਾ ਰੂਪ ਹੈ। ਅਸੀਂ ਆਪਣੀ ਨੰਗੀ ਅੱਖ ਨਾਲ ਇਕੋ ਸਮੇਂ 3, 000 ਦੇ ਕਰੀਬ ਤਾਰੇ ਵੇਖ ਸਕਦੇ ਹਾਂ, ਪਰ ਇਨ੍ਹਾਂ ਤਾਰਿਆਂ ਦੀ ਗਿਣਤੀ ਲੱਖਾਂ ਵਿਚ ਹੈ। ਤਾਰਿਆਂ ਦੀ ਰੌਸ਼ਨੀ ਇਨ੍ਹਾਂ ਦੇ ਤਾਪਮਾਨ 'ਤੇ ਨਿਰਭਰ ਕਰਦੀ ਹੈ ਇਸ ਕਰਕੇ ਇਨ੍ਹਾਂ ਦੀ ਰੌਸ਼ਨੀ ਵੱਖੋ-ਵੱਖ ਦਿਖਾਈ ਦਿੰਦੀ ਹੈ। ਧਰੂ ਤਾਰਾ, ਜਿਸ ਬਾਰੇ ਅਨੇਕਾਂ ਮਨਘੜ੍ਹਤ ਕਹਾਣੀਆਂ ਪ੍ਰਚੱਲਤ ਹਨ, ਇਸ ਦੀ ਰੌਸ਼ਨੀ ਸਾਡੇ ਤੱਕ ਅਨੁਮਾਨਨ 447 ਪ੍ਰਕਾਸ਼ ਵਰ੍ਹੇ ਵਿਚ ਪਹੁੰਚਦੀ ਹੈ। ਇਸ ਤਾਰੇ ਬਾਰੇ ਵਿਗਿਆਨੀ ਅਜੇ ਕਿਆਸਾਂ ਉੱਪਰ ਹੀ ਨਿਰਭਰ ਹਨ। ਮਾਹਿਰਾਂ ਦੇ ਕਿਆਸ ਨਾਲ ਧਰੂ ਤਾਰਾ ਸੂਰਜ ਨਾਲੋਂ 1260 ਗੁਣਾਂ ਤੋਂ ਵੀ ਵੱਧ ਚਮਕੀਲਾ ਹੈ । ਇਸ ਦੀ ਸਹਾਇਤਾ ਨਾਲ ਹੋਰ ਤਾਰਿਆਂ ਦੀ ਖੋਜ ਕੀਤੀ ਜਾ ਰਹੀ ਹੈ। ਪਿਛਲੇ ਸਮਿਆਂ ਦੌਰਾਨ ਸਮੁੰਦਰੀ ਜਹਾਜ਼ਾਂ ਦੇ ਚਾਲਕ ਧਰੂ ਤਾਰੇ ਦੀ ਸਹਾਇਤਾ ਆਪਣੇ ਰਸਤੇ ਦੀ ਦਿਸ਼ਾ ਲੱਭਦੇ ਰਹੇ ਹਨ, ਕਿਉਂਕਿ ਧਰੂ ਤਾਰਾ ਕਿਸੇ ਹੋਰ ਤਾਰੇ ਦੁਆਲੇ ਪਰਿਕਰਮਾ ਕਰ ਰਿਹਾ ਹੈ, ਜੋ ਕਾਫੀ ਸਮੇਂ ਬਾਅਦ ਇਕ ਚੱਕਰ ਪੂਰਾ ਕਰਦਾ ਹੈ। ਇਸ ਬਾਰੇ ਮਨੁੱਖ ਅਜੇ ਪੂਰਨ ਅੰਕੜੇ ਪ੍ਰਾਪਤ ਨਹੀਂ ਕਰ ਸਕਿਆ।

ਸੁਪਰਨੋਵਾ ਤਾਰਾ, ਜਿਸ ਨੂੰ ਅਸੀਂ ਮਰ ਰਹੇ ਤਾਰੇ ਦੇ ਨਾਂ ਨਾਲ ਜਾਣਦੇ ਹਾਂ। ਇਸ ਦਾ ਵਿਸਫੋਟ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਇਸ ਵਿੱਚੋਂ ਇਕ ਸੈਕਿੰਡ ਵਿਚ ਇੰਨੀ ਊਰਜਾ ਖਾਰਜ ਹੋ ਜਾਂਦੀ ਹੈ, ਜਿੰਨੀ ਕਿ ਸੂਰਜ 100 ਸਾਲਾਂ ਵਿਚ ਦਿੰਦਾ ਹੈ। ਪੁਲਾੜ ਮਾਹਿਰਾਂ ਅਨੁਸਾਰ ਸਾਡੀ ਗਲੈਕਸੀ ਲਗਾਤਾਰ ਫੈਲ ਰਹੀ ਹੈ, ਆਕਾਸ਼ ਵਿਚ ਅਣਗਿਣਤ ਗਲੈਕਸੀਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਡੇ ਬ੍ਰਹਿਮੰਡ ਵਿਚ 100 ਬਿਲੀਅਨ ਤੋਂ ਵੀ ਜ਼ਿਆਦਾ ਗਲੈਕਸੀਆਂ ਹਨ ਜਿਨ੍ਹਾਂ ਬਾਰੇ ਵਿਗਿਆਨੀਆਂ ਨੇ ਖੋਜਾਂ ਕੀਤੀਆਂ ਹਨ, ਬਾਕੀਆਂ ਬਾਰੇ ਅਜੇ ਖੋਜਾਂ ਜਾਰੀ ਹਨ, ਪਰ ਇਨ੍ਹਾਂ ਬਾਰੇ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਮਾਹਿਰਾਂ ਅਨੁਸਾਰ ਗਲੈਕਸੀਆਂ ਵੱਡੀਆਂ ਬਣਤਰਾਂ ਹਨ, ਜੋ ਅਨੇਕਾਂ ਅਕਾਸ਼ੀ ਪਦਾਰਥਾਂ ਜਿਵੇਂ ਕਿ ਤਾਰਿਆਂ ਅਤੇ ਗ੍ਰਹਿਆਂ ਦੇ ਨਾਲ-ਨਾਲ ਧੂੜ ਅਤੇ ਬ੍ਰਹਿਮੰਡੀ ਗੈਸਾਂ ਦੇ ਦੁਆਰਾ ਬਣੀਆਂ ਹੋਈਆਂ ਹਨ। ਇਹ ਤੱਤ ਗਰੂਤਾ ਦੀ ਕਿਰਿਆ ਦੁਆਰਾ ਇਕੋ ਸਮੂਹ ਵਿਚ ਰਹਿੰਦੇ ਹਨ। ਸਾਡੀ ਗਲੈਕਸੀ "ਆਕਾਸ਼ ਗੰਗਾ ਜਾਂ ਮਿਲਕੀ ਵੇਅ" ਜਿਸਦਾ ਕੇਂਦਰ ਸਾਡੀ ਪ੍ਰਿਥਵੀ ਤੋਂ 26000 ਪ੍ਰਕਾਸ਼ ਸਾਲ ਦੂਰ ਹੈ। ਵਿਗਿਆਨੀਆਂ ਦੇ ਅਨੁਮਾਨ ਅਨੁਸਾਰ ਬਾਹਰੀ ਗਲੈਕਸੀ ਸਾਡੀ ਗਲੈਕਸੀ ਤੋਂ 1 ਲੱਖ 2 0,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੂਰ ਜਾ ਰਹੀ। ਜਦ ਕਿ ਸਾਡੀ ਨੇੜਲੀ ਗਲੈਕਸੀ "ਐਂਡ੍ਰੋਮਿਡਾ" ਸਾਡੀ ਪ੍ਰਿਥਵੀ ਵੱਲ 110 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਆ ਰਹੀ ਹੈ। ਸਾਡੇ ਬ੍ਰਹਿਮੰਡ ਵਿਚ ਕਰੋੜਾਂ ਤਾਰੇ ਅਜਿਹੇ ਹਨ, ਜੋ ਸਾਡੇ ਸੂਰਜ ਨਾਲੋਂ ਹਜ਼ਾਰਾਂ ਗੁਣਾਂ ਵੱਡੇ ਹਨ। ਇਕ ਅਨੁਮਾਨ ਅਨੁਸਾਰ ਸਾਡੀ ਅਕਾਸ਼-ਗੰਗਾ ਵਿਚ 100 ਅਰਬ ਤਾਰੇ ਹੋਣ ਦੀ ਸੰਭਾਵਨਾ ਹੈ। ਗ੍ਰਹਿ ਤੇ ਉਪਗ੍ਰਹਿ ਇਸ ਤੋਂ ਵੱਖਰੇ ਹਨ। ਸਾਡੀ ਆਕਾਸ਼-ਗੰਗਾ ਦੀ ਲੰਬਾਈ ਇੱਕ ਲੱਖ ਪ੍ਰਕਾਸ਼ ਵਰ੍ਹੇ ਹੈ।

ਜਿੱਥੇ ਪ੍ਰਕਾਸ਼ ਮਾਹਿਰਾਂ ਨੂੰ ਸ਼ਨੀ ਦੇ ਉਪ ਗ੍ਰਹਿ "ਟਾਈਟਨ" ਉੱਪਰ ਜ਼ਿੰਦਗੀ ਦੇ ਆਸਾਰ ਹੋਣ ਦੀ ਖੁਸ਼ੀ ਹੋਈ ਹੈ, ਉੱਥੇ ਪੁਲਾੜ ਦੇ ਕਾਲ਼ੇ ਖੂਹ/ਬਲੈਕ ਹੋਲ ਮਾਹਿਰਾਂ ਦੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਆਕਾਸ਼ ਗੰਗਾ ਵਿਚ ਗੁਜ਼ਰ ਰਹੀ ਕੋਈ ਵੀ ਵਸਤੂ ਜਦੋਂ ਉਨ੍ਹਾਂ ਕੋਲ਼ੋਂ ਲੰਘਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਵਿਕਰਾਲ ਖੂਹ ਉਸਨੂੰ ਆਪਣੇ ਅੰਦਰ ਹੜੱਪ ਲੈਂਦੇ ਹਨ, ਕਿਉਂਕਿ ਉਨ੍ਹਾਂ ਦਾ ਗੁਰੁਤਾਕਰਸ਼ਣ ਅਸੀਮ ਹੁੰਦਾ ਹੈ ਤੇ ਪ੍ਰਕਾਸ਼ ਵੀ ਉਸ ਤੋਂ ਬਚ ਕੇ ਨਿੱਕਲ ਸਕਦਾ। ਅਸਲ ਵਿਚ ਇਹ ਖੂਹ ਖਤਮ ਹੋਏ ਤਾਰਿਆਂ ਦੇ ਅਵਸ਼ੇਸ਼ ਹਨ। ਜਦੋਂ ਅਰਬਾਂ ਸਾਲ ਬੀਤਣ ਤੋਂ ਬਾਅਦ ਤਾਰੇ ਦਾ ਜੀਵਨ ਖਤਮ ਹੁੰਦਾ ਹੈ, ਫਿਰ ਇਨ੍ਹਾਂ ਕਾਲੇ ਖੂਹਾਂ ਦਾ ਜਨਮ ਹੁੰਦਾ ਹੈ। ਸਾਡੀ ਆਕਾਸ਼ਗੰਗਾ ਦੇ ਕੇਂਦਰ ਵਿਚ ਵੀ ਅਜਿਹਾ ਇੱਕ ਵਿਸ਼ਾਲ ਕਾਲ਼ਾ ਖੂਹ ਹੈ ਜਿਸਦਾ ਨਾਮ ਸੈਜੀਟੇਰੀਅਸ ਏ* (Sagittarius A*) ਹੈ।

ਸੁਖਮੰਦਰ ਸਿੰਘ ਤੂਰ ਵਿਗਿਆਨ, ਵਾਤਾਵਰਣ, ਜੀਵ ਵਿਕਾਸ, ਬਾਲ ਵਿਕਾਸ ਅਤੇ ਸਮਾਜਿਕ ਸਰੋਕਾਰ ਜ਼ਿਆਦਾਤਰ ਵਾਰੇ ਲਿਖਦਾ ਹੈ। ਉਸਦੇ ਪੰਜਾਬੀ ਦੇ ਪ੍ਰਮੁੱਖ ਪੱਤਰਾਂ ਵਿਚ ਸੈਂਕੜੇ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।

Nature

ਬੱਚਿਆਂ ਦਾ ਕੋਨਾ - ਪੱਤ ਝੜੇ ਪੁਰਾਣੇ

ਅਮਨਦੀਪ ਸਿੰਘ

ਇੱਕ ਵਾਰ ਦੀ ਗੱਲ ਹੈ, ਇੱਕ ਛੋਟੀ ਜਿਹੀ ਕੁੜੀ ਜਿਸਦਾ ਨਾਮ ਆਨਿਆ ਸੀ, ਉੱਤਰੀ ਅਮਰੀਕਾ ਵਿਚ ਆਪਣੇ ਮਾਤਾ ਪਿਤਾ ਨਾਲ਼ ਰਹਿੰਦੀ ਸੀ। ਉਸਨੂੰ ਪੱਤਝੜ ਦਾ ਮੌਸਮ ਬਹੁਤ ਚੰਗਾ ਲਗਦਾ ਸੀ। ਹਰ ਸਾਲ ਉਹ ਆਪਣੇ ਮਾਤਾ ਪਿਤਾ ਨਾਲ਼ ਪਤਝੜ ਦੇ ਰੰਗ ਦੇਖਣ ਜਾਂਦੀ ਸੀ - ਪੀਲ਼ੇ, ਲਾਲ-ਕਚੂਰ, ਭੂਰੇ ਰੰਗ ਦੇ ਪੱਤੇ, ਧਰਤੀ ਦੇ ਕੈਨਵਸ ਤੇ ਖੂਬਸੂਰਤ ਰੰਗ ਵਾਹੁੰਦੇ, ਉਸਦੇ ਮਨ ਨੂੰ ਬਹੁਤ ਭਾਉਂਦੇ ਸਨ। ਉਸਨੂੰ ਇੰਝ ਲਗਦਾ ਸੀ ਕਿ ਜਿਵੇਂ ਉਹ ਇੱਕ ਨਵੇਂ ਹੀ ਸੰਸਾਰ ਵਿਚ ਵਿਚਰ ਰਹੀ ਹੋਵੇ।

ਉਸਦੇ ਮਾਤਾ ਪਿਤਾ ਪਿੱਛਿਓਂ ਪੰਜਾਬ (ਭਾਰਤ) ਤੋਂ ਸਨ।

‘ਕੀ ਪੰਜਾਬ ਵਿਚ ਵੀ ਪਤਝੜ ਹੁੰਦੀ ਹੈ?’ ਇੱਕ ਦਿਨ ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ।

‘ਹਾਂ, ਕਿਓਂ ਨਹੀਂ! ਉੱਥੇ ਵੀ ਮੌਸਮ ਬਦਲਦੇ ਹਨ, ਉੱਥੇ ਛੇ ਮੌਸਮ ਹੁੰਦੇ ਹਨ, ਇੱਥੇ ਵਾਂਗ ਚਾਰ ਨਹੀਂ। ਪੱਤਿਆਂ ਦੇ ਰੰਗ ਜ਼ਿਆਦਾਤਰ ਪੀਲੇ ਜਾਂ ਭੂਰੇ ਹੁੰਦੇ ਹਨ, ਬਹੁਤੇ ਲਾਲ ਨਹੀਂ। ਪਰ ਕਈ ਸ਼ਹਿਰਾਂ ਜਿਵੇਂ ਚੰਡੀਗੜ੍ਹ ਵਿਚ ਤੁਸੀਂ ਲਾਲ ਰੰਗ ਦੇ ਪੱਤੇ ਵੀ ਵੇਖ ਸਕਦੇ ਹੋ।’

‘ਕੀ ਕਦੇ ਅਸੀਂ ਉੱਥੇ ਪਤਝੜ ਵਿਚ ਜਾ ਸਕਦੇ ਹਾਂ, ਜ਼ਿਆਦਾਤਰ ਅਸੀਂ ਸਰਦੀਆਂ ਵਿਚ ਹੀ ਜਾਂਦੇ ਹਾਂ।’

‘ਕਿਓਂ ਨਹੀਂ, ਅਸੀਂ ਜਲਦੀ ਹੀ ਪ੍ਰੋਗਰਾਮ ਬਣਾਵਾਂਗੇ। ਪੰਜਾਬ ਕੀ ਅਸੀਂ ਇੰਡੀਆ ਤੇ ਦੁਨੀਆਂ ਦੇ ਹੋਰ ਵੀ ਸ਼ਹਿਰਾਂ ਵਿਚ ਜਾਵਾਂਗੇ।’

ਫੇਰ ਕਿ ਇਸ ਵਾਰ ਜਦ ਹੀ ਪਤਝੜ ਸ਼ੁਰੂ ਹੋਈ, ਸਭ ਤੋਂ ਪਹਿਲਾਂ ਉਹ ਕਿਰਾਏ ਦੀ ਕਾਰ ਵਿਚ ਉੱਤਰੀ ਅਮਰੀਕਾ ਦੇ ਪ੍ਰਾਂਤ ਵਰਮੌਂਟ ਗਏ, ਜਿੱਥੇ ਸਭ ਤੋਂ ਪਹਿਲਾਂ ਪੱਤਿਆਂ ਦੇ ਰੰਗ ਬਦਲਦੇ ਸਨ। ਦਰਖਤਾਂ ਨੇ ਪੱਤਿਆਂ ਦੇ ਰੰਗ-ਬਿਰੰਗੇ ਪੁਸ਼ਾਕੇ ਪਹਿਨੇ ਹੋਏ ਸਨ। ਐਸਪੇਨ ਦੇ ਪੱਤੇ ਸੋਨੇ ਰੰਗੇ ਸਨ, ਓਕ ਦੇ ਪੱਤੇ ਲਾਲ-ਭੂਰੇ ਸਨ ਤੇ ਮੇਪਲ ਦੇ ਪੱਤੇ ਲਾਲ-ਕਚੂਰ ਸਨ। ਮੇਪਲ ਜਿਸ ਦਾ ਰਸ ਤੇ ਖੰਡ ਬਹੁਤ ਸੁਆਦ ਹੁੰਦੀ ਹੈ।

ਅਮਰੀਕਾ ਦੇ ਹਰੇ-ਭਰੇ, ਦੁੱਧ-ਮੱਖਣ, ਪਨੀਰ ਤੇ ਆਈਸਕਰੀਮ ਦਾ ਉਤਪਾਦਨ ਕਰਨ ਵਾਲ਼ੇ ਖੂਬਸੂਰਤ ਪ੍ਰਾਂਤ ਵਰਮੌਂਟ ਦੇ ਵਿੱਚੋਂ ਦੀ ਪਤਝੜ ਦੇਖਦੇ ਹੋਏ ਉਹ ਕਨੇਡਾ ਬਾਰਡਰ ਤੇ ਪਹੁੰਚੇ। ਬਾਰਡਰ ਤੇ ਲੰਮੀ ਲਾਈਨ ਸੀ, ਪਰ ਉਹ ਬਹੁਤ ਉਤਸ਼ਾਹਿਤ ਸੀ। ਬਾਰਡਰ ਪਾਰ ਕਰਕੇ ਉਹ ਕੈਨੇਡਾ ਦੀ ਪਤਝੜ ਦੇਖਦੇ ਹੋਏ ਮਾਂਟਰੀਅਲ ਵੱਲ ਨੂੰ ਚੱਲ ਪਏ। ਸੋਨੇ, ਲਾਲ ਅਤੇ ਸੰਗਤਰੀ ਰੰਗ ਦਾ ਕੁਦਰਤੀ ਨਜ਼ਾਰਾ ਬਹੁਤ ਹੀ ਮਨਮੋਹਕ ਸੀ।

‘ਇਹ ਪੰਜਾਬ ਵਰਗਾ ਪੱਧਰਾ ਇਲਾਕਾ ਤੇ ਖੇਤ ਹਨ, ਖੂਬਸੂਰਤ ਦਿਹਾਤੀ ਦ੍ਰਿਸ਼!’ ਉਸਦੇ ਡੈਡ ਕਹਿ ਰਹੇ ਸਨ।

‘ਸੱਚਮੁੱਚ ਹੀ।’ ਉਸਦੇ ਮੰਮੀ ਬੋਲੇ।

ਉਨ੍ਹਾਂ ਨੇ ਇੱਕ ਮੂਸ (ਬਾਰਾਸਿੰਗਾ ਵਰਗਾ ਇੱਕ ਜੰਗਲੀ ਜਾਨਵਰ) ਵੀ ਦੇਖਿਆ ਜੋ ਕਿ ਖੇਤਾਂ ਵਿਚ ਘਾਹ ਚਰ ਰਿਹਾ ਸੀ।

ਮਾਂਟਰੀਅਲ ਤੋਂ ਉਹ ਹਵਾਈ ਜਹਾਜ਼ ਰਾਹੀਂ ਜਪਾਨ ਨੂੰ ਉਡ ਕੇ ਗਏ, ਜਿੱਥੇ ਪਤਝੜ ਦੇ ਪੱਤੇ ਕਿਰਮਚੀ ਰੰਗੇ ਸਨ। ਮੌਸਮ ਬਹੁਤ ਹੀ ਮਨ ਲੁਭਾਉਣਾ ਸੀ! ਉੱਥੇ ਉਨ੍ਹਾਂ ਨੇ ਗਗਨਚੁੰਬੀ ਇਮਾਰਤਾਂ, ਬੋਧੀ ਮੰਦਰ, ਠਾਠ-ਬਾਠ ਵਾਲ਼ੇ ਸ਼ਾਪਿੰਗ ਕੰਪਲੈਕਸ ਦੇਖੇ।

ਇੱਕ-ਦੋ ਦਿਨ ਜਪਾਨ ਵਿਚ ਘੁੰਮ ਕੇ ਉਨ੍ਹਾਂ ਨੇ ਦਿੱਲੀ ਵੱਲ ਨੂੰ ਉਡਾਣ ਭਰੀ।

ਦਿੱਲੀ ਵਿਖੇ ਪੱਤਿਆਂ ਦਾ ਰੰਗ ਜ਼ਿਆਦਾਤਰ ਹਰਾ ਹੀ ਸੀ, ਪਰ ਕਿਤੇ-ਕਿਤੇ ਸੋਨੇ ਰੰਗੀ ਭਾਹ ਮਾਰਦੇ, ਜ਼ਰਦ-ਪੀਲ਼ੇ ਤੇ ਭੂਰੇ ਨਜ਼ਰ ਆ ਰਹੇ ਸਨ। ਦਿੱਲੀ ਦੇ ਵਿਚ ਪ੍ਰਦੂਸ਼ਣ ਦਾ ਧੂਆਂ ਹਰ-ਤਰਫ਼ ਪਸਰਿਆ ਹੋਇਆ ਸੀ, ਵੈਸੇ ਮੌਸਮ ਥੋੜ੍ਹਾ ਗਰਮ ਸੀ।

ਆਪਣੇ ਨਾਨਕੇ ਚੰਡੀਗ੍ਹੜ ਪੁੱਜ ਕੇ, ਉਨ੍ਹਾਂ ਨੇ ਰੋਜ਼ ਗਾਰਡਨ ਤੇ ਸ਼ਾਂਤੀ ਪੱਥ ਦੀ ਸੈਰ ਕੀਤੀ, ਜਿੱਥੇ ਪਿੱਪਲ ਦੇ ਅੱਧੇ-ਹਰੇ ਤੇ ਅੱਧੇ-ਪੀਲ਼ੇ, ਅਮਲਤਾਸ ਦੇ ਚਮਕਦਾਰ ਪੀਲ਼ੇ ਤੇ ਕਈ ਹੋਰ ਦਰਖਤਾਂ ਦੇ ਲਾਲ-ਕਿਰਮਚੀ ਪੱਤੇ ਦੇਖੇ। ਉਨ੍ਹਾਂ ਨੇ ਚੰਡੀਗੜ੍ਹ ਆਰਟ ਮਿਊਜ਼ੀਅਮ ਵੀ ਦੇਖਿਆ।

‘ਸਾਨੂੰ ਤਾਂ ਇੱਥੇ ਰਹਿੰਦਿਆਂ ਇੰਨੇ ਸਾਲ ਹੋ ਗਏ ਨੇ ਅਸੀਂ ਤਾਂ ਕਦੇ ਨਹੀਂ ਸੋਚਿਆ ਕਿ ਇੰਨਾ ਸੋਹਣਾ ਮਿਊਜ਼ੀਅਮ ਇੱਥੇ ਹੋਏਗਾ!’ ਉਸਦੀ ਮਸੇਰੀ ਭੈਣ ਨੇ ਹੈਰਾਨ ਹੁੰਦਿਆਂ ਕਿਹਾ।

‘ਹਾਂ, ਇੱਥੇ ਸੱਚਮੁੱਚ ਬਹੁਤ ਹੀ ਸ਼ਾਨਦਾਰ ਚਿੱਤਰ ਤੇ ਮੂਰਤੀਆਂ ਹਨ!’ ਆਨਿਆ ਵੀ ਦਾਦ ਦਿੰਦਿਆਂ ਬੋਲੀ।

ਪੰਜਾਬ ਵਿਚ ਹਰੇ-ਭਰੇ ਖੇਤ ਉਸਨੂੰ ਬਹੁਤ ਹੀ ਮਨਮੋਹਣੇ ਤੇ ਦਿਲ ਲੁਭਾਉਣੇ ਲੱਗ ਰਹੇ ਸਨ ਕਿ ਪਤਝੜ ਨੂੰ ਭੁੱਲ ਹੀ ਗਈ।

‘ਹਾਂ, ਬੇਟੇ ਕਿਉਂਕਿ ਇੰਡੀਆ ਇਕੁਏਟਰ (ਭੂਮੱਧ ਰੇਖਾ) ਦੇ ਨੇੜੇ ਹੈ ਤੇ ਇੱਥੇ ਸਾਰਾ ਸਾਲ ਤੇਜ਼ ਧੁੱਪ ਰਹਿੰਦੀ ਹੈ, ਇਸ ਕਰਕੇ ਇੱਥੇ ਉੱਤਰੀ ਅਮਰੀਕਾ ਵਾਂਗ ਚਾਰ ਮੌਸਮ ਨਹੀਂ ਹੋ ਸਕਦੇ। ਪਤਝੜ ਇੱਥੇ ਦੋ ਮਹੀਨੇ ਦੀ ਹੁੰਦੀ ਹੈ ਜੋ ਮਾਨਸੂਨ ਤੋਂ ਸਰਦੀ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ।’ ਉਸਦੇ ਪਿਤਾ ਜੀ ਉਸਨੂੰ ਸਮਝ ਰਹੇ ਸਨ।

ਉਹ ਇੰਡੀਆ ਦੇ ਸਭ ਤੋਂ ਖੂਬਸੂਰਤ ਕੁਦਰਤੀ ਨਜ਼ਾਰਿਆਂ, ਹਿਮਾਲਿਆ ਪਰਬਤ, ਫੁੱਲਾਂ ਨਾਲ਼ ਲੱਦੀਆਂ ਵਾਦੀਆਂ ਦੇ ਪ੍ਰਦੇਸ਼ ਕਸ਼ਮੀਰ ਵੀ ਘੁੰਮਣ ਗਏ, ਜਿਸਦੇ ਬਾਰੇ ਕਹਿੰਦੇ ਹਨ ਕਿ ਜੇ ਧਰਤੀ ‘ਤੇ ਕਿਤੇ ਸਵਰਗ ਹੈ ਤਾਂ ਉੱਥੇ ਹੀ ਹੈ। ਅਸਲੀ ਪਤਝੜ ਦਾ ਨਜ਼ਾਰਾ ਤਾਂ ਉੱਥੇ ਦੇਖਣ ਵਾਲ਼ਾ ਸੀ। ਉਸਨੇ ਪੂਰੀ ਕਸ਼ਮੀਰ ਘਾਟੀ ਲਾਲ, ਭੂਰੇ ਅਤੇ ਸੰਗਤਰੀ ਰੰਗਾਂ ਦੀ ਫੁਲਕਾਰੀ ਵਿਚ ਬਦਲੀ ਹੋਈ ਦੇਖੀ! ਉੱਚੇ-ਲੰਮੇ ਚਿਨਾਰ ਦੇ ਰੁੱਖ ਵੀ ਦੇਖੇ ਜੋ ਸੰਗਤਰੀ ਤੇ ਲਾਲ ਭਾਹ ਮਾਰ ਰਹੇ ਸਨ। ਇੰਨਾ ਸ਼ਾਨਦਾਰ ਦ੍ਰਿਸ਼ ਤੇ ਦੂਰ ਹਿਮਾਲਿਆ ਪਰਬਤ ‘ਤੇ ਅਜੇ ਵੀ ਪਈ ਬਰਫ਼ ਦੇਖ ਕੇ ਅਚੰਭਿਤ ਰਹੀ ਗਈ। ਉਸਨੂੰ ਅਮਰੀਕਾ ਦੀ ਬਰਫ਼ ਦੀ ਯਾਦ ਆ ਗਈ, ਜਿਸ ਵਿਚ ਉਸਨੂੰ ਸਨੋਮੈਨ (ਬਰਫ਼ ਦਾ ਆਦਮੀ) ਬਣਾਉਣਾ ਤੇ ਫਿਸਲਣਾ ਬਹੁਤ ਚੰਗਾ ਲਗਦਾ ਸੀ।

ਵਾਪਸ ਦਿੱਲੀ ਏਅਰਪੋਰਟ ਨੂੰ ਜਾਂਦਿਆ ਉਸਦੇ ਡੈਡ ਨੇ ਪੁੱਛਿਆ, ‘ਬੇਟੇ, ਇਥੇ ਪਤਝੜ ਦੇਖ ਕੇ ਕਿਸ ਤਰ੍ਹਾਂ ਦਾ ਲੱਗਿਆ?’

‘ਬਹੁਤ ਵਧੀਆ, ਡੈਡ, ਮਜ਼ਾ ਆ ਗਿਆ। ਤੁਹਾਨੂੰ ਕਿਵੇਂ ਦਾ ਲੱਗਿਆ?’

ਉਸਦੇ ਡੈਡ ਕਹਿ ਰਹੇ ਸਨ, ‘ਵਧੀਆ ਲੱਗਿਆ, ਪਤਝੜ ਦਾ ਮੌਸਮ ਬਹੁਤ ਵਧੀਆ ਹੁੰਦਾ ਹੈ ਤੇ ਤਾਜ਼ਾ ਜਿਹੀ ਠੰਡ ਬਹੁਤ ਚੰਗੀ ਲਗਦੀ ਹੈ, ਪਰ ਗਲੋਬਲ ਵਾਰਮਿੰਗ ਨੇ ਬਹੁਤ ਕੰਮ ਖਰਾਬ ਕੀਤਾ ਹੈ - ਇਸ ਵਾਰ ਮੈਨੂੰ ਪਤਝੜ ਦੇ ਪੱਤੇ ਬੜੇ ਧੁੰਦਲੇ ਤੇ ਮਟਿਆਲ਼ੇ ਦਿਖੇ।’

‘ਹਾਂ, ਸੰਸਾਰ ਦਾ ਦਿਨੋਂ-ਦਿਨ ਵਧਦਾ ਤਾਪਮਾਨ ਤੇ ਜਲਵਾਯੂ ਪਰਿਵਰਤਨ ਵਿਚਾਰੇ ਦਰਖਤਾਂ ਨੂੰ ਹੈਰਾਨ-ਪਰੇਸ਼ਾਨ ਕਰ ਰਹੀ ਹੈ। ਕਦੇ ਪਤਝੜ ਪਹਿਲਾਂ ਤੇ ਕਦੇ ਲੇਟ ਆ ਰਹੀ ਹੈ।” ਉਸਦੀ ਮੰਮੀ ਬੋਲੀ, ਜੋ ਗਲੋਬਲ-ਵਾਰਮਿੰਗ ਵਾਰੇ ਬਹੁਤ ਚਿੰਤਾ ਕਰਦੀ ਸੀ।

ਜਦੋਂ ਉਹ ਵਾਪਸ ਅਮੀਰਕਾ ਪਹੁੰਚੇ ਤਾਂ ਹੈਰਾਨ ਹੀ ਰਹੀ ਗਏ, ਉਥੇ ਬਰਫ਼ ਦਾ ਤੂਫ਼ਾਨ ਆਇਆ ਹੋਇਆ ਸੀ।

‘ਅਕਤੂਬਰ ਵਿਚ ਬਰਫ਼!’ ਉਹ ਸਾਰੇ ਬਹੁਤ ਹੈਰਾਨ ਹੋ ਰਹੇ ਸਨ।

‘ਬਰਫ਼ ਤਾਂ ਦਿਸੰਬਰ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਹ ਕੀ ਹੋਇਆ?’

ਉਸਦੇ ਡੈਡ ਨੇ ਖ਼ਬਰਾਂ ਸੁਣਨ ਲਈ ਕਾਰ ਦਾ ਰੇਡੀਓ ਚਾਲੂ ਕਰ ਦਿੱਤਾ ਸੀ।

‘ਇਹ ਸਾਰਾ ਵਰਤਾਰਾ ਜਲਵਾਯੂ ਪਰਿਵਰਤਨ ਕਰਕੇ ਹੀ ਹੈ।’ ਉਸਦੀ ਮੰਮੀ ਨੇ ਚਿੰਤਾ ਕਰਦਿਆਂ ਕਿਹਾ, ‘ਉਮੀਦ ਹੈ ਘਰ ਵਿਚ ਬਿਜਲੀ ਹੋਵੇਗੀ। ਰੇਡੀਓ ਤੇ ਦੱਸ ਰਹੇ ਹਨ, ਕਿ ਰੁੱਖਾਂ ਦਿਆਂ ਪੱਤਿਆਂ ਉੱਤੇ ਭਾਰੀ ਬਰਫ਼ ਦੇ ਦਬਾਅ ਕਾਰਣ ਬਹੁਤ ਸਾਰੇ ਰੁੱਖਾਂ ਦੀਆਂ ਟਹਿਣੀਆਂ ਟੁੱਟ ਗਈਆਂ ਹਨ ਤੇ ਹਜ਼ਾਰਾਂ ਹੀ ਰੁੱਖ ਡਿੱਗ ਪਏ ਹਨ। ਇਸ ਕਰਕੇ ਕਈ ਰੁੱਖ ਦੀਆਂ ਟਹਿਣੀਆਂ ਬਿਜਲੀ ਦੀਆਂ ਤਾਰਾਂ ਉੱਪਰ ਵੀ ਡਿਗ ਪਈਆਂ ਹਨ, ਜਿਸ ਕਰਕੇ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਹਨ।’

‘ਹਾਂ, ਸਰਦੀਆਂ ਵਿਚ ਜਦੋਂ ਬਰਫ਼ ਪੈਂਦੀ ਹੈ ਤਾਂ ਕਿਓਂਕਿ ਰੁੱਖਾਂ ‘ਤੇ ਪੱਤੇ ਨਹੀਂ ਹੁੰਦੇ ਤਾਂ ਬਰਫ਼ ਉਨ੍ਹਾਂ ਉੱਤੇ ਇੰਨਾ ਬੋਝ ਨਹੀਂ ਪਾ ਸਕਦੀ।’ ਉਸਦੇ ਡੈਡ ਨੇ ਦੱਸਿਆ।

ਜਦੋਂ ਉਹ ਆਪਣੇ ਘਰ ਦੇ ਕੋਲ਼ ਪਹੁੰਚੇ ਤਾਂ ਬਿਜਲੀ ਦੀਆਂ ਤਾਰਾਂ ਡਿਗਣ ਨਾਲ਼ ਰਸਤੇ ਬੰਦ ਸਨ, ਉਹ ਬੜੀ ਮੁਸ਼ਕਿਲ ਨਾਲ਼ ਕਿਸੇ ਹੋਰ ਰਸਤਿਓਂ ਘਰ ਪੁੱਜੇ।

ਰਸਤੇ ਵਿਚ ਉਹਨਾਂ ਨੇ ਦੇਖਿਆ ਕਿ ਕਿਸੇ ਵੀ ਘਰ ਬਿਜਲੀ ਨਹੀਂ ਸੀ।

ਅਤੇ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਗੁਆਂਢ ਤੇ ਘਰ ਵੀ ਬਿਜਲੀ ਨਹੀਂ ਸੀ। ਉਹ ਕਾਫ਼ੀ ਥੱਕੇ ਹੋਏ ਸਨ, ਇਸ ਕਰਕੇ ਇਸ ਉਮੀਦ ਵਿਚ ਸੌਂ ਗਏ ਕਿ ਹੋ ਸਕਦਾ ਹੈ ਸਵੇਰ ਤੱਕ ਬਿਜਲੀ ਆ ਜਾਵੇ।

ਦੂਸਰੇ ਦਿਨ ਜਦੋ ਉਹ ਉੱਠੇ ਤਾਂ ਪਤਝੜ ਦੇ ਰੰਗ-ਬਿਰੰਗੇ ਪੱਤਿਆਂ ਦੇ ਉੱਪਰ ਪਈ ਕਪਾਹ ਦੀਆਂ ਫੁੱਟੀਆਂ ਵਰਗੀ ਚਿੱਟੀ-ਚਿੱਟੀ ਬਰਫ਼ ਇੱਕ ਅਜੀਬ ਜਿਹਾ ਅਹਿਸਾਸ ਦੇ ਰਹੀ ਸੀ। ਸਵੇਰੇ ਵੀ ਬਿਜਲੀ ਨਹੀਂ ਸੀ ਤੇ ਨਹਾਉਣ ਲਈ ਗਰਮ ਪਾਣੀ ਵੀ ਨਹੀਂ ਸੀ।

ਉਹਨਾਂ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਅਗਲਾ ਦਰਖਤ ਵੀ ਅੱਧਾ ਟੁੱਟ ਚੁੱਕਾ ਸੀ। ਆਨਿਆ ਉਸਨੂੰ ਦੇਖ ਕੇ ਬਹੁਤ ਉਦਾਸ ਹੋਈ।

ਪਰ ਉਂਝ ਆਨਿਆ ਖ਼ੁਸ਼ ਸੀ ਕਿ ਕਿਉਂਕਿ ਉਹ ਪਤਝੜ ਦੇ ਕੁਦਰਤੀ ਨਜ਼ਾਰੇ ਦੇਖ ਕੇ ਆਈ ਸੀ ਤੇ ਅੱਜ ਹੈਲੋਵੀਨ ਦਾ ਤਿਓਹਾਰ ਸੀ। ਹੈਲੋਵੀਨ ਦਾ ਤਿਓਹਾਰ ਹਰ ਸਾਲ ਅਕਤੂਬਰ ਦੇ ਆਖਰੀ ਦਿਨ ਨੂੰ ਮਨਾਇਆ ਜਾਂਦਾ ਹੈ, ਜਦੋਂ ਬੱਚੇ ਸ਼ਾਮ ਦੇ ਘੁਸਮੁਸੇ ਵਿਚ ਅਲੱਗ-ਅਲੱਗ ਭੇਸ ਬਣਾ ਕੇ, ਆਪਣੇ ਮਨਪਸੰਦ ਪੁਸ਼ਾਕੇ ਪਾ ਕੇ ਘਰੋ-ਘਰੀ ਕੈਂਡੀਆਂ ਮੰਗਣ ਜਾਂਦੇ ਹਨ। ਪਰ ਜਲਦੀ ਹੀ ਉਸਦੀ ਖ਼ੁਸ਼ੀ ਉਦਾਸੀ ਵਿਚ ਬਦਲ ਗਈ ਕਿਉਂਕਿ ਸਾਰੇ ਘਰਾਂ ਵਿਚ ਬਿਜਲੀ ਨਾ ਹੋਣ ਕਰਕੇ ਸਰਕਾਰ ਨੇ ਹੈਲੋਵੀਨ ਦਾ ਤਿਉਹਾਰ ਇੱਕ-ਦੋ ਦਿਨ ਲਈ ਅੱਗੇ ਕਰ ਦਿੱਤਾ ਸੀ! ਹੁਣ ਉਸਨੂੰ ਹੈਲੋਵੀਨ ਮਨਾਉਣ ਲਈ ਇੰਤਜ਼ਾਰ ਕਰਨਾ ਪੈਣਾ ਸੀ! ਬਿਜਲੀ ਆਉਣ ਨੂੰ ਦੋ ਦਿਨ ਲੱਗ ਗਏ ਜੋ ਕਿ ਆਮ ਗੱਲ ਨਹੀਂ ਸੀ। ਜੇ ਕਦੇ ਤੂਫ਼ਾਨ ਕਰਕੇ ਬਿਜਲੀ ਜਾਂਦੀ ਸੀ ਤਾਂ ਕੁਝ ਕੁ ਘੰਟਿਆਂ ਅੰਦਰ ਹੀ ਵਾਪਸ ਆ ਜਾਂਦੀ ਸੀ। ਪਰ ਇਹ ਕੋਈ ਆਮ ਤੂਫ਼ਾਨ ਨਹੀਂ ਸੀ ਆਇਆ, ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ ਤੇ ਅਕਤੁਬਰ ਵਿਚ ਬਰਫ਼ ਪੈਣ ਦਾ ਇੱਕ ਨਵਾਂ ਰਿਕਾਰਡ ਪੈਦਾ ਹੋਇਆ ਸੀ। ਇਸ ਬਰਫ਼ੀਲੇ ਤੂਫ਼ਾਨ ਨਾਲ਼ ਜਾਨ-ਮਾਲ ਦਾ ਵੀ ਕਾਫ਼ੀ ਨੁਕਸਾਨ ਹੋਇਆ ਸੀ। ਇਹ ਆਪਣੇ ਆਪ ਵਿਚ ਇੱਕ ਅਨੋਖੀ “ਸਫ਼ੈਦ ਹੈਲੋਵੀਨ” ਸੀ!

ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ, ਬਾਲ ਸਾਹਿਤ ਅਤੇ ਲੇਖ ਵੀ ਲਿਖਦਾ ਹੈ। ਉਸਦੀ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ ।

ਵੈਬਸਾਈਟ : https://www.punjabikids.org/, https://sahit.punjabikids.org/

Nature

ਇੱਕ ਪੱਤੇ ਦਾ ਜੀਵਨ

ਅਮਨਦੀਪ ਸਿੰਘ

ਹਰਿਆਵਲੀਆਂ ਗਰਮੀਆਂ

ਸੂਰਜ ਚਮਕਦਾ ਹੈ। ਰੁੱਖਾਂ ਦੇ ਪੱਤੇ ਤਾਜ਼ੇ ਅਤੇ ਹਰੇ ਹੁੰਦੇ ਹਨ, ਕਿਉਂਕਿ ਉਨ੍ਹਾਂ ਦੇ ਅੰਦਰ ਕਲੋਰੋਫਿਲ ਹੁੰਦਾ ਹੈ, ਜੋ ਕਿ ਹਰਾ ਰੰਗ ਹੈ।

ਪੱਤਿਆਂ ਦੇ ਸੰਗਤਰੀ ਅਤੇ ਹਰੇ ਰੰਗ ਵੀ ਹੁੰਦੇ ਹਨ, ਪਰ ਹਰੀ ਕਲੋਰੋਫਿਲ ਦੂਜੇ ਰੰਗਾਂ ਨੂੰ ਰੋਕ ਦਿੰਦੀ ਹੈ।

ਰੰਗ-ਬਿਰੰਗੀ ਪਤਝੜ

ਜਲਦੀ ਹੀ, ਠੰਢੀ ਪਤਝੜ ਆਉਂਦੀ ਹੈ। ਹਵਾ ਵਗਦੀ ਹੈ ਤੇ ਪੱਤਿਆਂ ਨੂੰ ਹਿਲੋਰਾ ਦਿੰਦੀ ਹੈ। ਪਰ ਉਹ ਡਿੱਗਦੇ ਨਹੀਂ ਹਨ, ਮਸਤੀ ਵਿਚ ਝੂਮਦੇ ਹਨ। ਉਨ੍ਹਾਂ ਦੇ ਤਣੇ ਉਨ੍ਹਾਂ ਨੂੰ ਟਹਿਣੀਆਂ ਨਾਲ ਕੱਸ ਕੇ ਰੱਖਦੇ ਹਨ। ਪਰ ਅਛੋਪੋਲੇ ਪੱਤੇ ਬਦਲ ਜਾਂਦੇ ਹਨ। ਉਹ ਕਲੋਰੋਫਿਲ ਬਣਾਉਣਾ ਬੰਦ ਕਰ ਦਿੰਦੇ ਹਨ। ਓੜਕ, ਪੀਲੇ ਅਤੇ ਸੰਗਤਰੀ ਰੰਗ ਉੱਘੜ ਕੇ ਸਾਹਵੇਂ ਆਉਂਦੇ ਹਨ। ਪਤਝੜ ਦੇ ਪੱਤੇ ਸ਼ੋਖ ਤੇ ਚਮਕਦਾਰ ਹੁੰਦੇ ਹਨ। ਬਹੁਤ ਸਾਰੇ ਪੱਤੇ ਹਵਾ ਦੇ ਬੁੱਲਿਆਂ ਨਾਲ਼ ਝੜ ਕੇ ਉਡਦੇ ਹਨ ਤੇ ਜ਼ਮੀਨ ਤੇ ਡਿਗ ਕੇ ਧਰਤੀ ਨੂੰ ਰੰਗ-ਬਿਰੰਗੀ ਚਾਦਰ ਨਾਲ਼ ਢਕਦੇ ਹਨ।

ਭੂਰੀਆਂ ਸਰਦੀਆਂ

ਹੁਣ ਪੱਤੇ ਇੱਕ ਵਾਰ ਫੇਰ ਬਦਲਦੇ ਹਨ। ਉਨ੍ਹਾਂ ਦੇ ਤਣੇ ਪੂਰੀ ਤਰ੍ਹਾਂ ਬੰਦ ਹੋ ਜਾਂਦੇ ਹਨ। ਪੱਤਿਆਂ ਨੂੰ ਹੁਣ ਰੁੱਖ ਤੋਂ ਪਾਣੀ ਜਾਂ ਭੋਜਨ ਨਹੀਂ ਮਿਲ ਸਕਦਾ। ਉਹ ਮੁਰਝਾ ਜਾਂਦੇ ਹਨ ਅਤੇ ਟਾਹਣੀਆਂ ਤੋਂ ਝੜ ਜਾਂਦੇ ਹਨ। ਸੁੱਕੇ ਭੂਰੇ ਪੱਤੇ ਜ਼ਮੀਨ ਨੂੰ ਢੱਕ ਲੈਂਦੇ ਹਨ। ਰੁੱਖ ਸਾਰੀ ਸਰਦੀਆਂ ਰੁੰਡ-ਮੁੰਡ ਰਹਿੰਦੇ ਹਨ। ਬਸੰਤ ਰੁੱਤ ਵਿੱਚ, ਨਵੇਂ ਪੱਤੇ ਉੱਗਣਗੇ।

ਬਸੰਤ ਬਹਾਰ

ਬਸੰਤ ਰੁੱਤ ਦੌਰਾਨ ਦਿਨ ਲੰਮੇ ਤੇ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ-ਜਿਵੇਂ ਦਿਨ ਵੱਡੇ ਹੁੰਦੇ ਜਾਂਦੇ ਹਨ, ਸੂਰਜ ਦੀ ਰੌਸ਼ਨੀ ਵਧੇਰੇ ਭਰਪੂਰ ਹੁੰਦੀ ਜਾਂਦੀ ਹੈ, ਰੁੱਖਾਂ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ, ਡੋਡੀਆਂ ਨਿੱਕਲਦੀਆਂ ਹਨ ਅਤੇ ਨਵੇਂ ਪੱਤੇ ਫੁੱਲਦੇ ਤੇ ਫੁੱਲ ਖਿੜਦੇ ਹਨ । ਬਸੰਤ-ਬਹਾਰ ਦਾ ਨਿੱਘਾ ਮੌਸਮ ਆਉਂਦਾ ਹੈ ਤੇ ਰੁੱਖ ਰੰਗਾਂ ਨਾਲ਼ ਸ਼ਿੰਗਾਰੇ ਜਾਂਦੇ ਹਨ।

ਉੱਤਰੀ-ਅਮਰੀਕਾ ਵਿਚ ਪਤਝੜ ਦੇ ਪੱਤਿਆਂ ਦੇ ਰੰਗਾਂ ਦਾ ਚਾਰਟ

ਡੌਗਵੁੱਡ -> ਜਾਮਨੀ ਲਾਲ

ਓਕ -> ਲਾਲ ਜਾਂ ਭੂਰਾ

ਮੈਪਲ -> ਸੰਤਰੀ ਲਾਲ

ਐਸਪੇਨ -> ਸੋਨਾ

ਤੁਹਾਡੇ ਦੇਸ਼ ਵਿਚ ਭਿੰਨ-ਭਿੰਨ ਦਰਖਤਾਂ ਦੇ ਪੱਤੇ ਪਤਝੜ ਵਿਚ ਕਿਹੜੇ ਰੰਗ ਬਦਲਦੇ ਹਨ?

ਜੀਨਜ਼ - ਵਿਗਿਆਨਕ ਚੁਟਕਲਾ

ਮੋਹਣ - ਜੀਵ ਵਿਗਿਆਨੀ ਕੇਹੋ ਜਿਹੀ ਪੈਂਟ ਪਹਿਨਣੀ ਪਸੰਦ ਕਰਦੇ ਹਨ?

ਸੋਹਣ - ਜੀਨਜ਼

ਸੋਹਣ - ਜੀਵ ਵਿਗਿਆਨੀ ਨਿਰ-ਉਚੇਚ (Casual) ਸ਼ੁੱਕਰਵਾਰ ਦਾ ਇੰਤਜ਼ਾਰ ਕਿਓਂ ਕਰਦੇ ਹਨ?

ਮੋਹਣ - ਕਿਉਂਕਿ ਉਹ ਕੰਮ ਤੇ ਜੀਨਜ਼ ਪਹਿਨ ਸਕਦੇ ਹਨ।

ਸੋਹਣ - ਜੀਵ ਵਿਗਿਆਨੀ ਕਾਨਫਰੰਸ ‘ਤੇ ਕੀ ਪਹਿਨ ਕੇ ਗਿਆ?

ਮੋਹਣ – ਡਿਜ਼ਾਈਨਰ ਜੀਨਜ਼

Nature

ਹਰਖੋ ਬਿੱਲੀ ਤੇ ਹਾਈ ਟੈਕ ਚੂਹੇ

ਹਰੀ ਕ੍ਰਿਸ਼ਨ ਮਾਇਰ

ਹਰਖੋ ਬਿੱਲੀ ਹਰ ਰੋਜ਼ ਕੰਧ ਓਹਲੇ ਘਾਤ ਲਾਕੇ ਬੈਠ ਜਾਂਦੀ ਸੀ।ਪਰ ਚੂਹੇ ਉਸਦੇ ਮੂਹਰਿਓ ਝਕਾਨੀ ਦੇਕੇ ਲੰਘ ਜਾਦੇ।ਇਕ ਵੀ ਚੂਹਾ ਉਸ ਦੇ ਹੱਥ ਨਾਂ ਆਉਦਾ।ਹਰਖੋ ਕਈ ਦਿਨਾਂ ਤੋਂ ਭੁੱਖੀ ਸੀ।ਭੁੱਖ ਉਸ ਦੀਆਂ ਅੱਖਾਂ ਵਿੱਚ ਉੱਤਰ ਆਈਸੀ।ਉਹ ਸੋਚਦੀ ਫੱਟਾ ਫਟ

ਕੋਈ ਚੂਹਾ ਉਸ ਦੇ ਪੰਜੇ ਹੇਠ ਆ ਜਾਵੇ ਅਤੇ ਉਹ ਉਸ ਨੂੰ ਸਬੂਤਾ ਹੀ ਨਿਗਲ ਜਾਵੇ।

ਅਚਾਨਕ ਸੀਵਰੇਜ ਦੀ ਮੋਰੀ ‘ਚੋਂ ਦੋ ਤਿੰਨ ਚੂਹੇ ਨਿਕਲਦੇ ਦਿਖਾਈ ਦਿੱਤੇ। ਹਰਖੋ ਸਾਹ ਰੋਕ ਕੇ ਬੈਠ ਗਈ।ਚੂਹੇ ਆਸੇ ਪਾਸੇ ਦਾ ਜਾਇਜ਼ਾ ਲੈ ਰਹੇ ਸਨ।ਇਕ ਚੂਹਾ ਹੌਲੀ ਦੇਣੀ ਦੂਜੇ ਚੂਹੇ ਨੂੰ ਕਹਿੰਦਾ,”ਭਰਾਵਾ ਮੈਨੂੰ ਤਾਂ ਨੇੜੇ ਤੇੜੇ ਕੋਈ ਬਿੱਲੀ ਲੁਕੀ ਲੱਗਦੀ ਹੈ।” “ਲੱਗਦਾ ਤਾਂ ਮੈਨੂੰ ਵੀ ਆ।”ਦੂਜਾ ਚੂਹਾ ਬੋਲਿਆ।

“ਇਹ ਮਾਣੋ ਬੜੀ ਚਲਾਕ ਹੈ । ਪਹਿਲਾਂ ਚੂਹੇ ਨਾਲ ਖੇਡਾਂ ਖੇਡਦੀ ਹੈ,ਫੇਰ ਮਾਰ ਕੇ ਖਾ ਜਾਂਦੀ ਹੈ।”

ਤੀਜੇ ਚੂਹੇ ਨੇ ਹਾਮੀ ਭਰੀ।

“ਜੇ ਬਹੁਤਾ ਡਰ ਆਉਦਾ ਤਾਂ ਆਪਾਂ ਪਿਛਾਂਹ ਨੂੰ ਮੁੜ ਪੈਨੇ ਆਂ ।”ਚੂਹੇ ਇਕ ਦੂਜੇ ਵੱਲ ਦੇਖਦੇ ਬੋਲੇ।

“ਪਿੱਛੇ ਕਾਹਨੂੰ ਮੁੜਨਾ,ਨਾਲ ਦੇ ਘਰ ਦੇ ਕੂੜੇ’ਚ ਬੱਚੇ ਖੁਚੇ ਬਰੈਡ,ਪੀਜੇ ਤੇ ਕੇਕ ਦੇ ਟੁੱਕੜੇ ਪਏ ਨੇ।ਉਹ ਸਾਨੂੰ ਹਾਕਾਂ ਮਾਰ ਰਹੇ ਨੇ।”

“ਤੈਨੂੰ ਕਿਵੇਂ ਪਤਾ।”

“ਮੈਂ ਕੰਧ ਉੱਤੋ ਦੀ ਦੇਖਿਆ।”

“ਠਹਿਰੋ ਜ਼ਰਾ ਮੈਂ ਆਪਣੇ ਪੁੱਤ ਰੈਟੂ ਨੂੰ ਬੁਲਾਉਂਦਾ ਹਾਂ।ਉਸ ਕੋਲ ਇਕ ਮਸ਼ੀਨ ਹੈ ਜੋ ਆਲੇ ਦੁਆਲੇ ਦਾ ਸਭ ਕੁਝ

ਨੇੜੇ ਕਰ ਕੇ ਦਿਖਾ ਦਿੰਦੀ ਹੈ।ਆਪਾਂ ਅੱਜ ਉਹ ਮਸ਼ੀਨ ਵੀ ਵਰਤ ਕੇ ਦੇਖੀਏ।”ਮੋਟਾ ਚੂਹਾ ਬੋਲਿਆ। ਉਸ ਨੇ ਅਜੀਬ ਜੇਹੀ ਆਵਾਜ਼ ਉਤਪੰਨ ਕੀਤੀ।ਰੈਟੂ ਮਸ਼ੀਨ ਲੈਕੇ ਝੱਟ ਆ ਗਿਆ।ਉਸ ਨੇ ਮਸ਼ੀਨ ਆਸੇ ਪਾਸੇ ਘੁੰਮਾਈ।

ਇਕ ਬਿੱਲੀ ਦੂਰ ਝਾੜੀ ਉਹਲੇ ਚੂਹਿਆਂ ਨੂੰ ਦਬੋਚਣ ਦੀ ਤਾਕ ਵਿੱਚ ਬੈਠੀ,ਉਸ ਨੂੰ ਨਜ਼ਰੀਂ ਪਈ।ਉਸ ਨੇ ਮਸ਼ੀਨ ਵਿਚੋਂ,ਸਾਰੇ ਚੂਹਿਆਂ ਨੂੰ ਬਿੱਲੀ ਦਿਖਾਈ।

ਚੂਹੇ ਰੈਟੂ ਨੂੰ ਤਰ੍ਹਾ ਤਰ੍ਹਾ ਦੇ ਸਵਾਲ ਪੁੱਛਣ ਲੱਗੇ।

“ਬੜੀ ਕਮਾਲ ਦੀ ਮਸ਼ੀਨ ਆ”।

“ਇਸ ਨੂੰ ਕੀ ਕਹਿੰਦੇ ਨੇ?”

“ਦੂਰਬੀਨ” ਰੈਟੂ ਨੇ ਕਿਹਾ।

“ਇਹ ਤੂੰ ਕਿੱਥੋਂ ਲੈਕੇ ਆਇਆਂ?”

“ਪ੍ਰਯੋਗਸ਼ਾਲਾ ਵਿੱਚੋਂ “

“ਉਹ ਕੀ ਹੁੰਦੀ ਆ?”

“ਜਿੱਥੇ ਇਨਸਾਨ ਚੂਹਿਆਂ ਦੀ ਚੀਰ ਫਾੜ ਕਰਕੇ ਪ੍ਰਯੋਗ ਕਰਦੇ ਹਨ।”

“ਤੂੰ ਉੱਥੇ ਕੀ ਕਰਨ ਗਿਆ ਸੀ?”

“ਮੇਰੇ ਮਿੱਤਰ ਸਮੇਤ ਕੁਝ ਚੂਹਿਆ ਨੂੰ ਪ੍ਰਯੋਗਸ਼ਾਲਾ ਦਾ ਇਕ ਮੁਲਾਜ਼ਮ ਪਾਰਕ ਚੋਂ ਖਰੀਦ ਕੇ ਲੈ ਗਿਆ ਸੀ। ਮੈਂ ਵੀ ਉਸ ਦੇ ਸਾਇਕਲ ਦੀ ਟੋਕਰੀ ਵਿੱਚ ਰੱਖੇ ਕੱਪੜੇ ਥੱਲੇ ਲੁਕ ਗਿਆ।ਉੱਥੇ ਜਾ ਕੇ ਉਸ ਨੇ ਚੂਹਿਆ ਵਾਲਾ ਪਿੰਜਰਾ ਕਮਰੇ ਅੰਦਰ ਰੱਖ ਦਿੱਤਾ।ਮੈਂ ਵੀ ਮਲਕ ਦੇਣੇ ਉਸ ਪਿੰਜਰੇ ਪਿੱਛੇ ਵੜ ਗਿਆ ਸਾਂ।ਉੱਥੇ ਪ੍ਰਯੋਗਸ਼ਾਲਾ ਵਿੱਚ ਤਾਂ ਕਲਾਸਾਂ ਲੱਗਦੀਆਂ ਸਨ।ਅਧਿਆਪਕ ਚੂਹੇ ਦੇ ਅੰਦਰਲੇ ਪਾਸੇ ਦੀ ਸ਼ਕਲ ਬੋਰਡ ਤੇ ਵਾਹ ਕੇ ਬੱਚਿਆਂ ਨੂੰ ਕੱਲੇ ਕੱਲੇ ਭਾਗ ਬਾਰੇ ਸਮਝਾਉਂਦੇ ਸਨ।ਮੈਂ ਤਾਂ ਹੈਰਾਨ ਰਹਿ ਗਿਆ ਕਿ ਇੰਨ੍ਹਾ ਪੜ੍ਹਨ ਵਾਲ਼ਿਆਂ ਨੇ ਸਾਡੇ ਬਾਰੇ ਪੜ੍ਹ ਕੇ ਕੀ ਲੈਣਾਂ? ਉੱਥੇ ਅਧਿਆਪਕ ਰਲ ਕੇ ਉਪਕਰਨਾਂ ਅਤੇ ਯੰਤਰਾਂ ਬਾਰੇ ਗੱਲਾਂ ਵੀ ਕਰਦੇ ਸਨ।ਉਹ ਇਸ ਖਿਡੌਣੇ ਯੰਤਰ ਨਾਲ ਕਮਰੇ ਦੀ ਬਾਰੀ ‘ਚੋਂ ਉੱਡਦੇ ਪੰਛੀਆਂ,ਬੱਦਲ਼ਾਂ,ਘਰਾਂ ਛੱਤਾਂ ਵੱਲ ਦੇਖਦੇ।ਆਪਸ ਵਿਚ ਗੱਲਾਂ ਕਰਦੇ,” ਇਹ ਦੂਰਬੀਨ ਦੂਰੋ ਚੀਜ਼ਾਂ ਨੂੰ ਇਸ ਤਰ੍ਹਾ ਨੇੜੇ ਲਿਆ ਕੇ ਦਿਖਾ ਦੇਂਦੀ ਹੈ ਜਿਵੇਂ ਚੀਜ਼ਾਂ ਕੋਲ ਪਈਆਂ ਹੋਣ।”

ਮੈਂ ਸੋਚਿਆ ਬਈ ,”ਇਹ ਖਿਡੌਣਾ ਤਾਂ ਸਾਡੇ ਦੁਸ਼ਮਣਾਂ ਬਿੱਲੀਆਂ ,ਬਾਜ ਉੱਲੂਆਂ, ਨੂੰ ਦੇਖਣ ਵਾਚਣ ਦੇ ਬੜਾ ਕੰਮ ਆਊਗਾ।”ਮੈਂ ਆਪਣੇ ਪਿੰਜਰੇ ਵਿਚਲੇ ਦੋਸਤ ਨਾਲ ਗੱਲ ਸਾੰਝੀ ਕੀਤੀ।ਰਾਤੀਂ ਪਿੰਜਰਾ ਤੋੜ ਕੇ ਮੇਰਾ ਦੋਸਤ ਬਾਹਰ ਆ ਗਿਆ।ਅਸੀਂ ਦੋਹਾਂ ਨੇ ਖਿਡੌਣਾ ਦੂਰਬੀਨ ਨੂੰ ਘਸੀਟ ਕੇ ਬਾਰੀ ਤੀਕਰ ਲੈ ਆਂਦਾ।ਹੌਲੀ ਹੌਲੀ ਦੂਰਬੀਨ ਪ੍ਰਯੋਗਸ਼ਾਲਾ ਤੋਂ ਬਾਹਰ ਫ਼ਰਸ਼ ਤੇ ਲੈ ਗਏ।

ਉੱਥੋਂ ਲੁਕਦੇ ਲੁਕਾਦੇ ਦੂਰਬੀਨ ਨੂੰ ਆਪਣੀ ਖੁੱਡ ਵਿੱਚ ਲੈ

ਆਏ।”

ਤਿੰਨੇ ਚੂਹੇ ਸੀਵਰੇਜ ਦੀ ਮੋਰੀ ਅੰਦਰ ਵੜੇ ਰੈਟੂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੇ ਸਨ। ਉਨ੍ਹਾ ਦੇਖਿਆ ਕਿ

ਬਿੱਲੀ ਅਜੇ ਵੀ ਮੋਰੀ ਵੱਲ ਟਿਕਟਿਕੀ ਲਗਾਈ ਬੈਠੀ ਸੀ।ਦੂਰਬੀਨ ਦਾ ਚੂਹਿਆਂ ਨੂੰ ਕਾਫ਼ੀ ਸਹਾਰਾ ਹੋ ਗਿਆ ਸੀ। ਬਿੱਲੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਦੋਹਾਂ ਸਿਰਿਆਂ ਤੇ ਗੋਲ ਸ਼ੀਸ਼ਿਆਂ ਵਾਲੀ ਪਾਈਪ ਨਾਲ ਚੂਹੇ ਉਸ ਦੀ ਹਰ ਹਰਕਤ ਨੂੰ ਦੇਖਦੇ ਸਨ।ਉਸ ਨੇ ਆਪਣੀ ਮੁਸ਼ਕਲ ਬਾਰੇ ਘਰੇ ਬਿੱਲੇ ਨਾਲ ਗੱਲ ਕੀਤੀ ।ਬਿੱਲੇ ਨੇ ਇਕ ਡੱਬੀ ਵਰਗਾ ਯੰਤਰ ਬਿੱਲੀ ਨੂੰ ਲਿਆ ਦਿੱਤਾ ਸੀ।ਉਸ ਡੱਬੀ ਨੂੰ ਬਿੱਲੀ ਚੂਹਿਆਂ ਦੇ ਨਿਕਲਣ ਵਾਲੀ ਥਾਂ ਨੇੜੇ ਕਿਤੇ ਘਾਹ ਵਿੱਚ ਰੋਜ਼ ਰਾਤ ਨੂੰ ਲੁਕੋ ਆਉਦੀ ਸੀ।ਇਸ ਡੱਬੀ ਨਾਲ ਉਸ ਨੂੰ ਰੋਜ਼ ਚੂਹਿਆਂ ਦੀਆਂ ਆਪਸ ਵਿਚੀਂ ਕੀਤੀਆੰ ਗੱਲਾਂ ਸੁਨਣ ਲੱਗੀਆਂ। ਚੂਹੇ ਜਿਹੜੀ ਵੀ ਯੋਜਨਾ ਬਣਾਉਂਦੇ ਬਿੱਲੀ ਪਹਿਲਾ ਹੀ ਉੱਥੇ ਘਾਤ ਲਾਈ ਬੈਠੀ ਹੁੰਦੀ। ਇਕ ਦੋ ਚੂਹੇ ਰੋਜ਼ ਬਿੱਲੀ ਦਾ ਭੋਜਨ ਬਨਣ ਲੱਗੇ।ਚੂਹਿਆਂ ਨੇ ਖੁੱਡ ਵਿੱਚ ਇਕ ਮੀਟਿੰਗ ਕੀਤੀ।

ਬਿੱਲੀ ਦੀ ਡੱਬੀ ਤੇ ਵੀ ਵਿਚਾਰ ਹੋਈ।ਬਿੱਲੀ ਨੂੰ ਘੇਰਨ ਦੀ ਸਲਾਹ ਬਣਾਈ ਗਈ।ਤਜਰਬੇਕਾਰ ਚੂਹਿਆਂ ਨੇ ਬਿੱਲੀ ਨੂੰ ਘੇਰਨ ਦੇ ਕੰਮ ਦੀ ਕਮਾਂਡ ਸੰਭਾਲ਼ ਲਈ ਸੀ। ਸੰਝ ਢਲੀ ਤਾਂ ਬਹੁਤੇ ਚੂਹੇ ਖੁੱਡ ਵਿੱਚ ਹੀ ਰਹੇ। ਖੁੱਡ ਦੇ ਮੂੰਹ ਕੋਲ ਇਕ ਛੋਟਾ ਚੂਹਾ ਬੈਠਾ ਦਿਸਦਾ ਸੀ। ਬਿੱਲੀ ਨੇ ਕਿਆਰੀ ਦੇ ਪੌਦਿਆਂ ਵਿੱਚੋਂ ਦੀ ਹੋ ਕੇ ਚੂਹੇ ਨੂੰ ਜਾ ਦਬੋਚਿਆ।ਪੰਜੇ ਥੱਲਿਉ ਨਿਕਲ ਕੇ ਚੂਹਾ ਭੱਜ ਲਿਆ।

ਚੂਹਾ ਅੱਗੇ ਅੱਗੇ ਤੇ ਬਿੱਲੀ ਪਿੱਛੇ।ਆਖਰ ਸਬੂਤੇ

ਚੂਹੇ ਨੂੰ ਬਿੱਲੀ ਨੇ ਨਿਗਲ ਲਿਆ।ਵਿੰਹਦਿਆ ਵਿੰਹਦਿਆਂ ਬਿੱਲੀ ਜ਼ਮੀਨ ਤੇ ਲਿਟਣ ਲੱਗੀ।ਚੂਹਾ ਉਸ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਿਹਾ ਸੀ।ਉਤਰਦਾ ਵੀ ਕਿਵੇਂ ਇਹ ਤਾਂ ਚਾਬੀ ਨਾਲ ਚੱਲਣ ਵਾਲਾ ਸਖ਼ਤ ਰਬੜ ਦਾ ਚੂਹਾ ਸੀ।

ਬਿੱਲੀ ਦੇਰ ਤੱਕ ਜ਼ਮੀਨ ਤੇ ਲਿਟਦੀ ਰਹੀ। ਆਖਰ ਹਰਖੋ ਉਸ ਚੂਹੇ ਨੂੰ ਗਲੇ ਤੋਂ ਬਾਹਰ ਕੱਢਣ ਵਿੱਚ ਸਫਲ ਹੋ ਗਈ।ਆਵਾਰਾ ਕੁੱਤੇ ਹਰਖੋ ਨੂੰ ਦਬੋਚਣ ਨੇੜੇ ਵੀ ਆਏ ਸਨ, ਪਰ ਬੱਚਿਆਂ ਨੇ ਸੋਟੀਆਂ ਮਾਰ ਮਾਰ ਦੂਰ ਭਜਾ ਦਿੱਤੇ ਸਨ।ਚੰਦ ਚਾਚਾ ਸਾਇਕਲ ਤੇ ਚੁੱਕ ਕੇ ਬਿੱਲੀ ਨੂੰ ਜਾਨਵਰਾਂ ਦੇ ਡਾਕਟਰ ਕੋਲ ਲੈ ਗਿਆ ਸੀ। ਡਾਕਟਰ ਨੇ ਪੁੱਛਿਆ,” ਕੀ ਇਹ ਤੁਹਾਡੀ ਪਾਲਤੂ ਬਿੱਲੀ ਹੈ ?”

“ਹਾਂ”ਚੰਦ ਚਾਚੇ ਨੇ ਕਿਹਾ।

“ ਇਸ ਦੀ ਜੀਭ ਅਤੇ ਗਲੇ ਵਿੱਚ ਡੂੰਘੇ ਜ਼ਖ਼ਮ ਹਨ। ਕੀ ਖਾ ਲਿਆ ਇਸ ਨੇ?” ਡਾਕਟਰ ਨੇ ਪੁੱਛਿਆ।

“ਪਲਾਸਟਿਕ ਚੱਬ ਗਈ।” ਚੰਦ ਚਾਚੇ ਨੇ ਕਿਹਾ।

“ਓਹ!” ਡਾਕਟਰ ਨੇ ਡੂੰਘਾ ਸਾਹ ਭਰਿਆ।

ਡਾਕਟਰ ਨੇ ਚੰਦ ਚਾਚੇ ਨੂੰ ਦਵਾਈ ਦਿੰਦਿਆਂ ਕਿਹਾ,” ਆਹ ਦੋ ਗੋਲੀਆ ਭਾਂਡੇ ਵਿੱਚ ਘੋਲ ਕੇ ,ਦਿਨ ‘ਚ ਦੋ ਵਾਰ ਬਿੱਲੀ ਨੂੰ ਦੇਣੀਆਂ ਨੇ।ਇਹਦੇ ਦੁੱਧ ਵਿੱਚ ਚੁਟਕੀ ਹਲਦੀ ਪਾ ਕੇ ਪਿਆਉਣੀ ਹੈ। ਦੋ ਤਿੰਨ ਦਿਨ ਤੀਕ ਠੀਕ ਹੋਜੂਗੀ।”

ਡਾਕਟਰ ਨੂੰ ਪੈਸੇ ਦੇਕੇ ਚੰਦ ਚਾਚਾ ਬਿੱਲੀ ਨੂੰ ਟੋਕਰੀ ਵਿੱਚ ਬਿਠਾ ਕੇ ਸਾਇਕਲ ਤੇ ਘਰ ਵੱਲ ਚੱਲ ਪਿਆ ਸੀ।

ਚੰਦ ਚਾਚੇ ਨੇ ਠੀਕ ਹੋਣ ਤੀਕ ਹਰਖੋ ਨੂੰ ਆਪਣੀ ਛੱਤ ਉਪਰਲੇ ਸਟੋਰ ਵਿੱਚ ਰੱਖੇ ਪਿੰਜਰੇ ਵਿੱਚ ਡੱਕ ਦਿੱਤਾ ਸੀ।ਸਮੇਂ ਤੇ ਦਵਾ ਦਾਰੂ ਦੇਣ ਨਾਲ ਹਰਖੋ ਤਿੰਨ ਚਾਰ ਦਿਨਾਂ ਵਿੱਚ ਪੂਰੀ ਤਰਾਂ ਠੀਕ ਹੋ ਗਈ ਸੀ। ਹਰਖੋ ਦੇ ਠੀਕ ਹੋਣ ਤੇ ਚੰਦ ਚਾਚੇ ਨੂੰ ਅਜੀਬ ਜੇਹੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੀ ਸੀ।ਪਰ ਉਸ ਨੂੰ ਚੂਹਿਆਂ ਵੱਲੋਂ ਬਿੱਲੀ ਨਾਲ ਕੀਤੀ ਧੋਖਾ ਧੜੀ ਤੇ ਰਹਿ ਰਹਿ ਕੇ ਗ਼ੁੱਸਾ ਆ ਰਿਹਾ

ਸੀ।

ਹਰੀ ਕ੍ਰਿਸ਼ਨ ਮਾਇਰ ਨੇ ਵਿਗਿਆਨ ਦੇ ਵਿਸ਼ੇ ਫਿਜ਼ਿਕਸ ਦਾ ਤਿੰਨ ਦਹਾਕੇ ਅਧਿਆਪਨ ਕੀਤਾ। ਪੰਜਾਬ ਸਿੱਖਿਆ ਵਿਭਾਗ ਵਿਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ। ਵਿਗਿਆਨ ਦੇ ਵਿਸ਼ਿਆਂ ਤੇ ਨਿਬੰਧ ਅਕਸਰ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਬਾਲ ਸਾਹਿਤ ਵਿੱਚ ਕਹਾਣੀ, ਕਵਿਤਾ, ਜੀਵਨੀਆਂ, ਬੁਝਾਰਤਾਂ ਦੀਆਂ ਤਕਰੀਬਨ ਪੰਦਰਾਂ ਪੁਸਤਕਾਂ ਛਪੀਆਂ ਹਨ। ਕੁਝ ਛਪਾਈ ਅਧੀਨ ਹਨ। ਉਹਨਾਂ ਦੀਆਂ ਪੁਸਤਕਾਂ ‘ਮਹਾਨ ਖੋਜਕਾਰ’, ‘ਭਾਰਤੀ ਖੋਜਕਾਰ’, ‘ਅਸੀਂ ਜੀਵ ਜੰਤੂ’ ਭਾਗ 1 ਅਤੇ 2 ਪੁਸਤਕਾਂ ਕਾਫ਼ੀ ਚਰਚਿਤ ਰਹੀਆਂ ਹਨ।

Nature

ਦੀਪੀ ਨੇ ਭੂਤ ਭਜਾਏ

ਅਮਰਪ੍ਰੀਤ ਸਿੰਘ ਝੀਤਾ

ਦੀਪੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸਦੇ ਪਿਤਾ ਜੀ ਤਰਖਾਣਾ ਕੰਮ ਕਰਦੇ ਸਨ ਤੇ ਉਸਦੀ ਮਾਤਾ ਜੀ ਘਰ ਦਾ ਕੰਮਕਾਰ ਕਰਦੇ ਸਨ। ਦੀਪੀ ਪੜ੍ਹਨ ਵਿੱਚ ਬੜੀ ਹੁਸ਼ਿਆਰ ਸੀ। ਉਹ ਹਮੇਸ਼ਾਂ ਆਪਣੀ ਜਮਾਤ ਵਿੱਚੋਂ ਅੱਵਲ ਆਉਂਦੀ ਸੀ। ਉਸਨੂੰ ਸਾਰੇ ਵਿਸ਼ੇ ਬੜੇ ਹੀ ਚੰਗੇ ਲਗਦੇ ਸਨ, ਪਰ ਵਿਗਿਆਨ ਦਾ ਵਿਸ਼ਾ ਉਸਦਾ ਪਸੰਦੀਦਾ ਵਿਸ਼ਾ ਸੀ। ਉਹ ਨਤੀਜਾ ਆਉਣ ਸਾਰ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਜਲਦੀ ਖਰੀਦ ਲੈਂਦੀ ਤੇ ਉਹਨਾਂ ਨੂੰ ਪੜ੍ਹਦੀ ਰਹਿੰਦੀ ਸੀ। ਉਹ ਵਿਹਲੇ ਸਮੇਂ ਵਿੱਚ ਵਿਗਿਆਨ ਦੀਆਂ ਹੀ ਕਿਤਾਬਾਂ ਪੜ੍ਹਦੀ ਰਹਿੰਦੀ ਸੀ।

ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਆਪਣੇ ਨਾਨਕੇ ਪਿੰਡ ਜਾਂਦੀ ਹੈ। ਉੱਥੇ ਉਸਦੇ ਨਾਨਾ ਜੀ, ਨਾਨੀ ਜੀ, ਮਾਮਾ ਜੀ, ਮਾਮੀ ਜੀ, ਰਾਣੀ ਦੀਦੀ, ਰਾਜੂ ਵੀਰ ਤੇ ਛੋਟੀ ਭੈਣ ਕਿਰਨ ਰਹਿੰਦੇ ਸਨ। ਸਾਰੇ ਦੀਪੀ ਦੇ ਆਉਣ 'ਤੇ ਬੜੇ ਖੁਸ਼ ਹੋ ਜਾਂਦੇ ਹਨ। ਉਸਦੀ ਨਾਨੀ ਤੇ ਮਾਮੀ ਉਸਨੂੰ ਬੜੇ ਸਵਾਦੀ ਪਕਵਾਨ ਬਣਾ ਕੇ ਖਵਾਉਂਦੀਆ ਹਨ। ਉਸਦੇ ਮਾਮਾ ਜੀ ਉਸ ਲਈ ਬੜਾ ਹੀ ਸੋਹਣਾ ਸੂਟ ਖਰੀਦ ਕੇ ਲਿਆਉਂਦੇ ਹਨ। ਦੀਪੀ ਦੇ ਨਾਨਕੇ ਘਰ ਵਿੱਚ ਪੰਜ ਮੱਝਾਂ ਤੇ ਦੋ ਗਾਵਾਂ ਸਨ। ਉਹ ਆਪਣੀ ਨਾਨੀ ਮਾਂ ਨਾਲ ਮੱਝਾਂ, ਗਾਵਾਂ ਦਾ ਦੁੱਧ ਚੋਣ ਜਾਂਦੀ ਸੀ। ਨਾਨਕੇ ਘਰ ਵਿੱਚ ਉਹਨਾਂ ਨੇ ਇੱਕ ਬਿੱਲੀ ਤੇ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ। ਰਾਣੋ ਨੇ ਉਸ ਚਿੱਟੇ ਰੰਗ ਦੀ ਬਿੱਲੀ ਦਾ ਨਾਮ ਮਾਣੋ ਰੱਖਿਆ ਸੀ। ਦੀਪੀ ਤੇ ਕਿਰਨ ਮਾਣੋ ਬਿੱਲੀ ਨਾਲ ਖੇਡਦੀਆਂ ਰਹਿੰਦੀਆਂ ਸਨ। ਰਾਜੂ ਨੇ ਕੁੱਤੇ ਦਾ ਨਾਮ ਟੌਮੀ ਰੱਖਿਆ ਸੀ। ਉਹ ਰੋਜ਼ ਟੌਮੀ ਨੂੰ ਸੰਗਲੀ ਪਾ ਕੇ ਪਿੰਡ ਵਿੱਚ ਘੁੰਮਾਉਣ ਲੈ ਜਾਂਦਾ ਸੀ। ਇੱਕ ਦਿਨ ਸ਼ਾਮ ਨੂੰ ਦੀਪੀ ਨਵਾਂ ਸੂਟ ਪਾ ਕੇ ਰਾਣੀ, ਰਾਜੂ ਤੇ ਕਿਰਨ ਨਾਲ ਪਿੰਡ ਘੁੰਮਣ ਜਾਂਦੇ ਹਨ। ਜਦੋਂ ਉਹ ਪਿੰਡ ਦੇ ਤਖੀਏ ਵਿੱਚ ਪਹੁੰਚਦੇ ਹਨ ਤਾਂ ਉੱਥੇ ਕੁਝ ਬੱਚੇ ਵਾਂਝੂ, ਕੁਝ ਬੱਚੇ ਸਟਾਪੂ ਤੇ ਕੁਝ ਬੱਚੇ ਅੱਡਾ ਖੱਡਾ ਖੇਡਾਂ ਖੇਡ ਰਹੇ ਸਨ। ਦੀਪੀ ਵੀ ਉੱਥੇ ਸਟਾਪੂ ਖੇਡਣ ਲਗਦੀ ਹੈ। ਸਾਰੇ ਬੱਚਿਆਂ ਨੂੰ ਖੇਡਣ ਵਿੱਚ ਬੜਾ ਹੀ ਮਜ਼ਾ ਆਉਂਦਾ ਹੈ। ਥੋੜਾ ਹਨ੍ਹੇਰਾ ਹੋਣ ਸਾਰ ਸਾਰੇ ਬੱਚੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ।

ਰਾਤ ਨੂੰ ਸਾਰੇ ਰੋਟੀ ਖਾਣ ਬਾਅਦ, ਵਿਹੜੇ ਵਿੱਚ ਵਾਣ ਦੇ ਬੁਣੇ ਮੰਜੇ ਡਾਹ ਕੇ ਸੌਣ ਦੀ ਤਿਆਰੀ ਕਰਦੇ ਹਨ। ਦੀਪੀ ਵੀ ਆਪਣੀ ਨਾਨੀ ਨਾਲ ਸੌਣ ਲਗਦੀ ਹੈ। ਬਿਸਤਰੇ ਵਿਛਾਉਣ ਬਾਅਦ ਜਦੋਂ ਕਿਰਨ ਦਲਾਨ ਵਾਲੇ ਕਮਰੇ ਵਿੱਚੋਂ ਸਿਰ੍ਹਾਣੇ ਤੇ ਚੱਦਰਾਂ ਲੈਣ ਜਾਂਦੀ ਹੈ ਤਾਂ ਅਚਾਨਕ ਬਿਜਲੀ ਚਲੀ ਜਾਂਦੀ ਹੈ। ਠੰਢੀ ਠੰਢੀ ਹਵਾ ਚੱਲਣ ਲਗਦੀ ਹੈ। ਬਿਜਲੀ ਜਾਣ ਕਰਕੇ ਕਮਰੇ ਅੰਦਰ ਘੁੱਪ ਹਨ੍ਹੇਰਾ ਹੋ ਜਾਂਦਾ ਹੈ। ਕਿਰਨ ਅੰਦਰ ਪਏ ਮੰਜੇ ਉੱਤੋਂ ਸਿਰ੍ਹਾਣੇ ਤਾਂ ਚੁੱਕ ਲੈਂਦੀ ਹੈ ਪਰ ਉਸਨੂੰ ਹਨ੍ਹੇਰੇ ਵਿੱਚ ਦੋ ਅੱਖਾਂ ਚਮਕਦੀਆਂ ਹੋਈਆਂ ਦਿਸਦੀਆਂ ਹਨ। ਉਹ ਇਕਦਮ ਡਰ ਜਾਂਦੀ ਹੈ। ਕੁਝ ਚਿਰ ਬਾਅਦ ਉਹ ਚਮਕਦੀਆਂ ਹੋਈਆਂ ਅੱਖਾਂ ਉਸ ਵੱਲ ਆਉਣ ਲੱਗਦੀਆਂ ਹਨ ਤਾਂ ਉਸਦੀ ਚੀਕ ਨਿਕਲ ਜਾਂਦੀ ਹੈ। ਉਹ ਸਿਰ੍ਹਾਣੇ ਉੱਥੇ ਹੀ ਸੁੱਟ ਕੇ ਭੂਤ ਭੂਤ ਬੋਲਦੀ ਵਿਹੜੇ ਵੱਲ ਭੱਜ ਜਾਂਦੀ ਹੈ। ਕਿਰਨ ਦੀ ਦਾਦੀ ਉਸਨੂੰ ਘੁੱਟ ਕੇ ਜੱਫੀ ਵਿੱਚ ਲੈ ਲੈਂਦੀ ਹੈ। ਉਹ ਕਿਰਨ ਨੂੰ ਕਹਿੰਦੇ ਨੇ ਕਿ ਕਿਰਨ ਧੀਏ! ਕੀ ਹੋਇਆ ਆ, ਤੂੰ ਕਾਤ੍ਹੋਂ ਇੰਨਾ ਡਰ ਗਈ। ਮੇਰੀ ਧੀਏ, ਕੋਈ ਭੂਤ ਨਹੀਂ ਹੁੰਦੇ। ਫਿਰ ਕਿਰਨ ਉਹਨਾਂ ਨੂੰ ਸਾਰਾ ਕੁਝ ਦਸਦੀ ਹੈ। ਉਸਦੀ ਦਾਦੀ ਮਾਂ ਕਹਿੰਦੀ ਹੈ ਕਿ ਰਾਜੂ ਪੁੱਤ ਤੂੰ ਰਾਣੋਂ ਨਾਲ ਕਮਰੇ ਅੰਦਰ ਜਾ ਕੇ ਦੇਖ, ਕਿਹੜਾ ਭੂਤ ਆ? ਦੋਵੇਂ ਭੈਣ ਭਰਾ ਜਿਉਂ ਹੀ ਕਮਰੇ ਅੰਦਰ ਦਾਖਲ ਹੁੰਦੇ ਨੇ ਤਾਂ ਇੱਕਦਮ ਖਿੜਕੀ ਖੁੱਲ ਜਾਂਦੀ ਹੈ। ਉਹਨਾਂ ਨੂੰ ਦੋ ਚਮਕਦੀਆਂ ਹੋਈਆਂ ਅੱਖਾਂ ਆਪਣੇ ਵੱਲ ਆਉਂਦੀਆਂ ਦਿਸਦੀਆਂ ਹਨ। ਦੋਨੋਂ ਭੈਣ ਭਰਾ ਕਮਰੇ ਵਿੱਚੋਂ ਭੂਤ ਭੂਤ ਬੋਲਦਿਆਂ ਬਾਹਰ ਵੱਲ ਭੱਜ ਜਾਂਦੇ ਨੇ। ਜਦੋਂ ਦੋਵੇਂ ਜਣੇ ਵਿਹੜੇ ਵਿੱਚ ਦਾਦੀ ਮਾਂ ਕੋਲ ਆਉਂਦੇ ਹਨ ਤਾਂ ਦੋਵੇਂ ਮੁੜ੍ਹਕੇ ਨਾਲ ਭਰੇ ਹੋਏ ਸਨ। ਦੋਵਾਂ ਨੂੰ ਬੜਾ ਸਾਹ ਚੜ੍ਹਿਆ ਹੋਇਆ ਸੀ। ਉਹਨਾਂ ਦੀ ਮੰਮੀ ਉਹਨਾਂ ਨੂੰ ਪਾਣੀ ਪਿਲਾਉਂਦੀ ਹੈ। ਉਹਨਾਂ ਨੂੰ ਸ਼ਾਂਤ ਕਰਨ ਬਾਅਦ ਉਹਨਾਂ ਦੀ ਦਾਦੀ ਮਾਂ ਆਪਣੀ ਦੋਹਤੀ ਦੀਪੀ ਨਾਲ ਕਮਰੇ ਵੱਲ ਜਾਂਦੀ ਹੈ। ਜਿਉਂ ਹੀ ਦੋਵੇਂ ਕਮਰੇ ਅੰਦਰ ਵੜਦੀਆਂ ਹਨ ਤਾਂ ਬਿਜਲੀ ਆਉਣ ਨਾਲ ਕਮਰੇ ਅੰਦਰ ਚਾਨਣ ਹੋ ਜਾਂਦਾ ਹੈ। ਕਮਰੇ ਅੰਦਰ ਬੈਠੀ ਮਾਣੋ ਬਿੱਲੀ ਦੌੜ ਕੇ ਉਹਨਾਂ ਵੱਲ ਆਉਂਦੀ ਹੈ। ਦੀਪੀ ਹਵਾ ਨਾਲ ਖੁੱਲੀ ਖਿੜਕੀ ਦੇ ਪੱਲੇ ਬੰਦ ਕਰਕੇ ਕੁੰਢੀ ਲਾ ਦਿੰਦੀ ਹੈ। ਉਹਨਾਂ ਨੂੰ ਕਮਰੇ ਅੰਦਰ ਕੋਈ ਭੂਤ ਨਹੀਂ ਦਿਸਦਾ। ਦੀਪੀ ਥੱਲੇ ਡਿੱਗੇ ਸਿਰ੍ਹਾਣੇ ਤੇ ਚੱਦਰਾਂ ਚੁੱਕ ਕੇ ਆਪਣੀ ਨਾਨੀ ਨਾਲ ਬਾਹਰ ਆ ਜਾਂਦੀ ਹੈ। ਬਾਹਰ ਆ ਕੇ ਦੀਪੀ ਕਹਿੰਦੀ ਹੈ ਕਿ ਰਾਣੋ ਦੀਦੀ, ਰਾਜੂ ਵੀਰੇ, ਕਿਰਨ ਭੈਣੇ, ਅੰਦਰ ਕੋਈ ਭੂਤ ਨਹੀਂ ਸੀ। ਸਾਡੇ ਵਿਗਿਆਨ ਵਾਲੇ ਮਾਸਟਰ ਜੀ ਦੱਸਿਆ ਸੀ ਕਿ ਭੂਤ ਹਕੀਕਤ ਵਿੱਚ ਨਹੀਂ ਹੁੰਦੇ, ਸਗੋਂ ਇਹ ਤਾਂ ਸਾਡੇ ਮਨ ਦਾ ਡਰ ਹੁੰਦਾ ਹੈ। ਸਾਨੂੰ ਆਪਣੇ ਆਤਮ ਵਿਸ਼ਵਾਸ ਨਾਲ ਆਪਣੇ ਮਨ ਦੇ ਡਰ ਉੱਤੇ ਕਾਬੂ ਪਾਉਣਾ ਚਾਹੀਦਾ ਹੈ। ਰਾਜੂ ਬੋਲਿਆ ਕਿ ਪਰ ਦੀਪੀ, ਅੰਦਰ ਅਸੀਂ ਦੋ ਚਮਕਦੀਆਂ ਅੱਖਾਂ ਦੇਖੀਆਂ ਸਨ, ਨਾਲੇ ਅੰਦਰ ਇਕਦਮ ਖਿੜਕੀ ਵੀ ਖੁੱਲ ਗਈ ਸੀ। ਉਹ ਚਮਕਦੀਆਂ ਅੱਖਾਂ ਭੂਤ ਦੀਆਂ ਹੀ ਸਨ, ਤੇ ਤੂੰ ਕਹਿੰਦੀ ਆ ਕਿ ਭੂਤ ਨਹੀਂ ਹੁੰਦੇ। ਮੈਂ ਨਈਂ ਮੰਨਦਾ ਤੇਰੀ ਗੱਲ।

ਦੀਪੀ ਸੋਚਦੀ ਹੈ ਕਿ ਇਹਨਾਂ ਨੇ ਮੇਰੀ ਗੱਲ ਇੰਝ ਨਹੀਂ ਮੰਨਣੀ। ਉਹ ਆਪਣੀ ਨਾਨੀ ਮਾਂ ਤੇ ਮਾਮਾ ਜੀ ਨੂੰ ਕੁਝ ਕਹਿੰਦੀ ਹੈ। ਉਸਦੀ ਨਾਨੀ ਮਾਂ ਤੇ ਮਾਮਾ ਜੀ ਉਸਨੂੰ ਹਾਂ ਵਿੱਚ ਸਿਰ ਹਿਲਾਉਂਦੇ ਹਨ। ਫਿਰ ਦੀਪੀ ਦੇ ਮਾਮਾ ਜੀ ਦਲਾਨ ਵਾਲੇ ਕਮਰੇ ਅੰਦਰ ਟੌਮੀ ਤੇ ਮਾਣੋਂ ਨੂੰ ਮੰਜੇ ਕੋਲ ਬਿਠਾ ਆਉਂਦੇ ਹਨ।

ਕੁਝ ਚਿਰ ਬਾਅਦ ਦੀਪੀ ਆਪਣੇ ਭਰਾ ਤੇ ਭੈਣਾਂ ਨਾਲ ਦੁਬਾਰਾ ਕਮਰੇ ਅੰਦਰ ਭੂਤ ਲੱਭਣ ਜਾਂਦੀ ਹੈ। ਉਸਦੇ ਭੈਣ ਭਰਾ, ਕਮਰੇ ਅੰਦਰ ਡਰਦੇ ਡਰਦੇ ਜਾਂਦੇ ਹਨ ਤਾਂ ਫਿਰ ਬਿਜਲੀ ਚਲੀ ਜਾਂਦੀ ਹੈ। ਉਹ ਇੱਕ ਦੂਜੇ ਦਾ ਹੱਥ ਘੁੱਟ ਕੇ ਫੜ੍ਹ ਲੈਂਦੇ ਹਨ।

ਦਲਾਨ ਵਾਲੇ ਕਮਰੇ ਅੰਦਰ ਹੁਣ ਦੋ ਨਹੀਂ ਸਗੋਂ ਚਾਰ ਚਮਕਦੀਆਂ ਹੋਈਆਂ ਅੱਖਾਂ ਦਿਸਦੀਆਂ ਹਨ। ਚਾਰੇ ਚਮਕਦੀਆਂ ਅੱਖਾਂ ਉਹਨਾਂ ਵੱਲ ਹੀ ਆਉਣ ਲਗਦੀਆਂ ਹਨ। ਇਹ ਸਭ ਦੇਖ ਕੇ ਡਰ ਦੇ ਮਾਰੇ ਕਿਰਨ, ਰਾਣੋ ਤੇ ਰਾਜੂ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ। ਪਰ ਦੀਪੀ ਬਿਲਕੁੱਲ ਨਹੀਂ ਡਰਦੀ। ਇੰਨੇ ਨੂੰ ਬਿਜਲੀ ਆ ਜਾਂਦੀ ਹੈ ਤੇ ਕਮਰੇ ਅੰਦਰ ਚਾਨਣ ਹੋ ਜਾਂਦਾ ਹੈ। ਸਾਰੇ ਬੱਚੇ ਆਪਣੇ ਵੱਲ ਟੌਮੀ ਤੇ ਮਾਣੋਂ ਨੂੰ ਆਉਂਦੇ ਦੇਖਦੇ ਹਨ ਤਾਂ ਦੀਪੀ ਕਹਿੰਦੀ ਹੈ ਕਿ ਇਹ ਨੇ ਤੁਹਾਡੇ ਭੂਤ, ਜਿਹਨਾਂ ਦੀਆਂ ਤੁਸੀਂ ਚਮਕਦੀਆਂ ਅੱਖਾਂ ਦੇਖੀਆਂ ਸਨ ਤੇ ਡਰਕੇ ਚੀਕਾਂ ਮਾਰੀਆਂ ਸਨ। ਤਿੰਨੋਂ ਕਦੀ ਦੀਪੀ ਵੱਲ ਤੇ ਕਦੀ ਟੌਮੀ ਤੇ ਮਾਣੋਂ ਵੱਲ ਦੇਖਣ ਲਗਦੇ ਹਨ। ਆਜੋ ਬਾਹਰ, ਤੁਹਾਨੂੰ ਸਾਰੀ ਗੱਲ ਵਿਹੜੇ ਵਿੱਚ ਬੈਠ ਕੇ ਸਮਝਾਉਂਦੀ ਹਾਂ।

ਸਾਰੇ ਵਿਹੜੇ ਵਿੱਚ ਡਾਹੇ ਹੋਏ ਮੰਜਿਆਂ ਉੱਤੇ ਆ ਕੇ ਚੁੱਪ ਜਿਹੇ ਬੈਠ ਜਾਂਦੇ ਹਨ। ਦੀਪੀ ਕਹਿੰਦੀ ਹੈ ਕਿ ਰਾਣੋ ਦੀਦੀ, ਰਾਜੂ ਵੀਰੇ ਤੇ ਕਿਰਨ ਭੈਣੇ, ਇਸ ਸਭ ਵਿੱਚ ਮਾਮਾ ਜੀ ਤੇ ਨਾਨੀ ਮਾਂ ਨੇ ਮੇਰੀ ਮਦਦ ਕੀਤੀ ਹੈ। ਜਦੋਂ ਆਪਾਂ ਕਮਰੇ ਅੰਦਰ ਗਏ ਸਾਂ, ਤਾਂ ਨਾਨੀ ਮਾਂ ਨੇ ਮਾਮਾ ਜੀ ਨੂੰ ਬਿਜਲੀ ਬੰਦ ਕਰਨ ਲਈ ਭੇਜਿਆ ਸੀ। ਜਦੋਂ ਤੁਸੀਂ ਚੀਕਾਂ ਮਾਰੀਆਂ ਸਨ, ਉਦੋਂ ਫਿਰ ਮਾਮਾ ਜੀ ਨੇ ਬਿਜਲੀ ਦਾ ਮੈਨ ਸਵਿੱਚ ਚਾਲੂ ਕੀਤਾ ਸੀ। ਜਦੋਂ ਬਿਜਲੀ ਗਈ ਸੀ ਤਾਂ ਪਹਿਲੀ ਵਾਰ ਕਿਰਨ ਤੇ ਰਾਜੂ ਵੀਰੇ ਨੇ ਦੋ ਚਮਕਦੀਆਂ ਅੱਖਾਂ ਦੇਖੀਆਂ ਸਨ, ਉਹ ਮਾਣੋ ਬਿੱਲੀ ਦੀਆਂ ਅੱਖਾਂ ਸਨ। ਜਦੋਂ ਆਪਾਂ ਸਾਰੇ ਅੰਦਰ ਗਏ ਸੀ, ਉਦੋਂ ਚਾਰ ਚਮਕਦੀਆਂ ਅੱਖਾਂ ਮਾਣੋ ਤੇ ਟੌਮੀ ਦੀਆਂ ਸਨ। ਜਿਹਨਾਂ ਨੂੰ ਦੇਖ ਕੇ ਤੁਸੀਂ ਡਰ ਗਏ ਸੀ। ਸਾਡੇ ਵਿਗਿਆਨ ਵਾਲੇ ਮਾਸਟਰ ਜੀ ਨੇ ਦੱਸਿਆ ਸੀ ਕਿ ਹਨ੍ਹੇਰੇ ਵਿੱਚ ਜਾਨਵਰਾਂ ਦੀਆਂ ਅੱਖਾਂ ਚਮਕਦੀਆਂ ਹਨ। ਜਾਨਵਰਾਂ ਦੀਆਂ ਅੱਖਾਂ ਦੀ ਬਣਤਰ ਵੱਖਰੀ ਹੁੰਦੀ ਹੈ। ਜਾਨਵਰਾਂ ਦੀ ਅੱਖ ਦੇ ਰੈਟੀਨਾ ਪਿੱਛੇ ਇੱਕ ਪਰਤ ਹੁੰਦੀ ਹੈ, ਜਿਸਨੂੰ ਟੇਪੇਟੂਮ ਲੂਕੀਡਮ ਕਹਿੰਦੇ ਹਨ। ਇਸੇ ਪਰਤ ਕਰਕੇ ਜਾਨਵਰ ਜਿਵੇਂ ਕਿ ਬਿੱਲੀ, ਕੁੱਤੇ, ਸ਼ੇਰ ਆਦਿ ਦੀਆਂ ਅੱਖਾਂ ਹਨ੍ਹੇਰੇ ਵਿੱਚ ਥੋੜੀ ਜਿਹੀ ਰੌਸ਼ਨੀ ਪੈਣ ਨਾਲ ਚਮਕਦੀਆਂ ਹਨ। ਇਸੇ ਪਰਤ ਦੀ ਮਦਦ ਨਾਲ ਜਾਨਵਰ ਹਨ੍ਹੇਰੇ ਵਿੱਚ ਦੇਖ ਸਕਦੇ ਹਨ। ਹੁਣ ਲੱਗੀ ਸਮਝ ਭੂਤ ਦੀਆਂ ਅੱਖਾਂ ਦੀ। ਜਦੋਂ ਬਿਜਲੀ ਆਈ ਤਾਂ ਚਾਨਣ ਹੋ ਗਿਆ ਸੀ। ਉਦੋਂ ਆਪਣੇ ਵੱਲ ਆਪਾਂ ਟੌਮੀ ਤੇ ਮਾਣੋ ਨੂੰ ਆਉਂਦਿਆਂ ਦੇਖਿਆ ਸੀ। ਇਹੋ ਹੀ ਦੋਨੋਂ ਕਮਰੇ ਵਿਚਲੇ ਭੂਤ ਸਨ। ਇਹ ਬੋਲ ਕੇ ਦੀਪੀ ਹੱਸ ਪੈਂਦੀ ਹੈ। ਸਾਰੇ ਦੀਪੀ ਵੱਲ ਦੇਖਣ ਲਗਦੇ ਹਨ। ਫਿਰ ਰਾਜੂ ਬੋਲਿਆ ਕਿ ਦੀਪੀ ਭੈਣੇ ਪਰ ਉਹ ਖਿੜਕੀ ਕਿਵੇਂ ਆਪਣੇ ਆਪ ਖੁੱਲ ਗਈ ਸੀ। ਦੀਪੂ ਜਵਾਬ ਦਿੰਦੀ ਹੈ ਕਿ ਜਦੋਂ ਰਾਜੂ ਵੀਰੇ, ਜਦੋਂ ਤੁਸੀਂ ਕਮਰੇ ਅੰਦਰ ਗਏ ਸੀ, ਉਦੋਂ ਹਨ੍ਹੇਰੀ ਆਈ ਸੀ। ਹਵਾ ਦੇ ਤੇਜ਼ ਬੁੱਲੇ ਨਾਲ ਖਿੜਕੀ ਆਪਣੇ ਆਪ ਖੁੱਲ ਗਈ। ਤੁਸੀਂ ਚਮਕਦੀਆਂ ਅੱਖਾਂ ਤੇ ਖਿੜਕੀ ਦੇ ਖੁੱਲਣ ਕਰਕੇ ਡਰ ਗਏ ਸੀ, ਕਿਉਂਕਿ ਇਹ ਸਭ ਯਕਦਮ ਹੋਇਆ ਸੀ।

ਇਹ ਸਭ ਸੁਣ ਕੇ ਸਾਰੇ ਹੱਸਣ ਲਗਦੇ ਹਨ। ਫਿਰ ਰਾਣੋ, ਰਾਜੂ ਤੇ ਕਿਰਨ ਇਕੱਠੇ ਬੋਲਦੇ ਹਨ ਕਿ ਦੀਪੀ ਭੈਣੇ, ਅਸੀਂ ਤੇਰੇ ਬਹੁਤ ਧੰਨਵਾਦੀ ਹਾਂ। ਤੂੰ ਬੜੇ ਹੀ ਵਧੀਆ ਢੰਗ ਨਾਲ ਸਾਡੇ ਮਨ ਦਾ ਭੂਤ ਦੂਰ ਭਜਾ ਦਿੱਤਾ ਹੈ ਤੇ ਇਸ ਪਿੱਛੇ ਲੁਕੇ ਵਿਗਿਆਨ ਦੇ ਭੇਤ ਨੂੰ ਸਮਝਾਇਆ। ਹੁਣ ਅਸੀਂ ਵੀ ਵਿਗਿਆਨ ਵਿਸ਼ੇ ਨੂੰ ਬੜੇ ਧਿਆਨ ਨਾਲ ਪੜ੍ਹਿਆ ਕਰਾਂਗੇ ਤੇ ਵਿਗਿਆਨ ਰਾਹੀਂ ਕੁਦਰਤ ਦੇ ਭੇਤ ਨੂੰ ਸਮਝਾਂਗੇ।

ਅਮਰਪ੍ਰੀਤ ਸਿੰਘ (ਝੀਤਾ) ਮੈਥ ਮਾਸਟਰ, ਪੰਜਾਬੀ ਲੇਖਕ, ਕਵੀ ਅਤੇ ਬਾਲ ਸਾਹਿਤਕਾਰ ਹੈ। ਉਸਦੀਆਂ ਰਚਨਾਵਾਂ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ (ਅਜੀਤ, ਪੰਜਾਬੀ ਟ੍ਰਿਬਿਊਨ, ਜਾਗਰਣ, ਨਵਾਂ ਜ਼ਮਾਨਾ, ਪੰਜਾਬ ਟਾਈਮਜ਼, ਪ੍ਰੀਤਲੜੀ, ਨਿੱਕੀਆਂ ਕਰੂੰਬਲ਼ਾਂ, ਪੰਖੜੀਆਂ) ਵਿੱਚ ਛਪਦੀਆਂ ਹਨ। ਉਸਦੀਆਂ ਹੁਣ ਤੱਕ ਕਵਿਤਾਵਾਂ ਦੀਆਂ ਤਿੰਨ ਬਾਲ ਪੁਸਤਕਾਂ: ਬੀਬੇ ਰਾਣੇ, ਪੰਖੇਰੂ, ਕਾਕਾ ਬੱਲੀ, ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇੱਕ ਬਾਲ ਕਹਾਣੀਆਂ ਦੀ ਪੁਸਤਕ ਛਪਾਈ ਅਧੀਨ ਹੈ।

Nature

ਵੀਨਸ ਗ੍ਰਹਿ ਦੀ ਸੈਰ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

ਇਕ ਘੁੱਗ ਵਸਦੇ ਨਗਰ ਵਿੱਚ, ਰੂਬਨ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ। ਸ਼ਾਮ ਦੇ ਅੰਬਰ ਵਿਚ, ਸੰਝ ਦੇ ਤਾਰੇ ਦੀਆਂ ਚੰਦ ਵਰਗੀਆਂ ਕਲਾਵਾਂ ਦੇਖ ਉਹ ਹਮੇਸ਼ਾਂ ਹੈਰਾਨੀ ਨਾਲ ਭਰ ਜਾਂਦਾ ਸੀ। ਉਸ ਨੇ ਵੀਨਸ ਦੀ ਦੇਵੀ, ਜਿਸ ਦੇ ਨਾਮ ਉੱਤੇ, ਸੰਝ ਦੇ ਤਾਰੇ ਦਾ ਨਾਮ ਵੀਨਸ ਰੱਖਿਆ ਗਿਆ ਸੀ, ਬਾਰੇ ਕਈ ਕਥਾਵਾਂ ਸੁਣੀਆਂ ਹੋਈਆਂ ਸਨ। ਇਨ੍ਹਾਂ ਕਥਾਵਾਂ ਨੇ ਉਸ ਦੇ ਮਨ ਵਿੱਚ ਵੀਨਸ ਗ੍ਰਹਿ ਵਿਖੇ ਜਾਣ ਦੀ ਲਲਕ ਪੈਦਾ ਕਰ ਦਿੱਤੀ ਸੀ। ਇਸ ਲਈ ਜਦੋਂ ਉਸ ਨੂੰ ਵੀਨਸ ਗ੍ਰਹਿ ਦਾ ਦੌਰਾ ਕਰਨ ਦਾ ਮੌਕਾ ਮਿਲਿਆ, ਤਾਂ ਸੰਘਣੇ ਬੱਦਲਾਂ ਹੇਠ ਢੱਕੇ ਇਸ ਰਹੱਸਮਈ ਗ੍ਰਹਿ, ਦੀ ਯਾਤਰਾ ਲਈ ਰੂਬਨ ਨੇ ਝਟਪਟ ਹਾਂ ਕਰ ਦਿੱਤੀ।

ਵੀਨਸ ਗ੍ਰਹਿ ਵੱਲ ਜਾ ਰਹੇ ਪੁਲਾੜੀ ਜਹਾਜ਼ ਵਿੱਚ ਬੈਠਾ ਰੂਬਨ ਬਹੁਤ ਉਤਸਕ ਸੀ। ਬ੍ਰਹਿਮੰਡ ਦੇ ਵਿਸ਼ਾਲ ਪਸਾਰੇ ਨੂੰ ਪਾਰ ਕਰ ਜਿਵੇਂ-ਜਿਵੇਂ ਪੁਲਾੜੀ ਜਹਾਜ਼ ਵੀਨਸ ਗ੍ਰਹਿ ਦੇ ਨੇੜ੍ਹੇ ਹੁੰਦਾ ਜਾ ਰਿਹਾ ਸੀ, ਰੂਬਨ ਇਸ ਦੇ ਭੇਦ ਜਾਨਣ ਲਈ ਹੋਰ ਵਧੇਰੇ ਉਤਾਵਲਾ ਹੁੰਦਾ ਜਾ ਰਿਹਾ ਸੀ। ਰੂਬਨ ਜਾਣਦਾ ਸੀ ਕਿ ਸੂਰਜ ਵਲੋਂ ਦੇਖਦਿਆਂ ਦੂਜੇ ਨੰਬਰ ਵਾਲਾ ਇਹ ਗ੍ਰਹਿ ਦੇ ਧਰਤੀ ਦੇ ਮੁਕਾਬਲੇ ਬਹੁਤ ਹੀ ਗਰਮ ਮਾਹੌਲ ਵਾਲਾ ਹੈ ਪਰ ਇਸ ਦੇ ਸੰਘਣੇ ਬੱਦਲਾਂ ਹੇਠ ਕਿਹੜੇ ਭੇਦ ਛੁੱਪੇ ਹੋਏ ਹਨ, ਉਹ ਜਾਨਣਾ ਚਾਹੁੰਦਾ ਸੀ।

ਵੀਨਸ ਗ੍ਰਹਿ ਵਿਖੇ ਪਹੁੰਚਣ ਉੱਤੇ, ਰੂਬਨ ਨੂੰ ਅਜਿਹੀ ਦੁਨੀਆ ਨਜ਼ਰ ਆਈ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਵੀਨਸ ਗ੍ਰਹਿ ਦਾ ਅੰਬਰ ਇੰਝ ਜਾਪ ਰਿਹਾ ਸੀ ਜਿਵੇਂ ਧਰਤੀ ਗ੍ਰਹਿ ਉੱਤੇ ਸਵੇਰ ਹੋ ਰਹੀ ਹੋਵੇ। ਵੀਨਸ ਦੇ ਸੰਘਣੇ ਬੱਦਲਾਂ ਕਾਰਣ ਵੀਨਸ ਦੀ ਧਰਤੀ ਅਸਪਸ਼ਟ ਜਿਹੀ ਦਿਖਾਈ ਦੇ ਰਹੀ ਸੀ। ਹਰ ਪਾਸੇ ਇੱਕ ਅਜੀਬ ਸੰਤਰੀ ਚਮਕ ਫੈਲੀ ਹੋਈ ਸੀ। ਆਲੇ ਦੁਆਲੇ ਦਾ ਮਾਹੌਲ ਇੰਨਾਂ ਗਰਮ ਸੀ ਕਿ ਪੁਲਾੜੀ ਪੁਸ਼ਾਕ ਅੰਦਰ ਵੀ ਰੂਬਨ ਤਲਖ਼ੀ ਮਹਿਸੂਸ ਕਰ ਰਿਹਾ ਸੀ। ਪਰ ਨਵਾਂ ਕੁਝ ਜਾਨਣ ਲਈ ਉਹ ਅਜੇ ਵੀ ਪਹਿਲਾਂ ਵਾਂਗ ਹੀ ਉਤਾਵਲਾ ਸੀ।

ਬੇਸ਼ਕ ਵੀਨਸ ਵਿਖੇ ਉਸ ਦੇ ਭਾਰ ਵਿਚ ਕੋਈ ਬਹੁਤਾ ਫ਼ਰਕ ਨਹੀਂ ਸੀ ਆਇਆ ਪਰ ਉਹ ਪਹਿਲਾਂ ਨਾਲੋਂ ਥੋੜ੍ਹਾ ਹਲਕਾ ਮਹਿਸੂਸ ਕਰ ਰਿਹਾ ਸੀ। ਵੀਨਸ ਦੀ ਗੁਰੂਤਾ ਖਿੱਚ ਵੀ ਲਗਭਗ ਧਰਤੀ ਵਰਗੀ ਹੀ ਹੋਣ ਕਾਰਣ ਉਸ ਲਈ ਇਥੇ ਚਲਣਾ ਫਿਰਣਾ ਵੀ ਸਹਿਜ ਹੀ ਸੀ। ਪਰ ਹਰ ਥਾਂ ਜਾਣ ਲਈ ਭਾਰੀ ਪੁਲਾੜੀ ਪੁਸ਼ਾਕ ਪਹਿਨਣਾ ਤੇ ਆਕਸੀਜਨ ਦੇ ਸਿੰਲਡਰ ਨੂੰ ਨਾਲ ਰੱਖਣਾ, ਦੋਨੋਂ ਕੰਮ ਥੋੜ੍ਹੀ ਦਿੱਕਤ ਵਾਲੇ ਸਨ। ਰੂਬਨ ਜਾਣਦਾ ਸੀ ਕਿ ਨਵਾਂ ਜਾਨਣ ਲਈ ਥੋੜ੍ਹੀ ਦਿੱਕਤ ਤਾਂ ਝੱਲਣੀ ਹੀ ਪੈਂਦੀ ਹੈ।

ਤਦ ਹੀ ਉਸ ਦੀ ਮੁਲਾਕਾਤ ਰੌਸ਼ਨੀ ਨਾਮ ਦੀ ਇਕ ਕੁੜੀ ਨਾਲ ਹੋਈ। ਸੂਰਜ ਵਾਂਗ ਦਗ ਦਗ ਕਰਦੀਆਂ ਅੱਖਾਂ ਵਾਲੀ ਰੌਸ਼ਨੀ ਵੀ ਰੂਬਨ ਵਾਂਗ ਹੀ ਨਵਾਂ ਜਾਨਣ ਲਈ ਉਤਾਵਲੇ ਸੁਭਾਅ ਵਾਲੀ ਕੁੜੀ ਸੀ। ਰੌਸ਼ਨੀ ਦਾ ਜਨਮ ਵੀਨਸ ਵਿਖੇ ਹੀ ਹੋਇਆ ਸੀ। ਇਥੋਂ ਦੇ ਸੰਘਣੇ ਬੱਦਲਾਂ ਅਤੇ ਤੀਬਰ ਗਰਮੀ ਵਾਲੇ ਚੋਗਿਰਦੇ ਵਿਚ ਹੀ ਵੱਡੀ ਹੋਈ ਸੀ। ਰੂਬਨ ਨੂੰ ਮਿਲ ਕੇ ਉਹ ਉਸ ਦੇ ਉਦਮੀ ਸੁਭਾਅ ਦੀ ਕਾਇਲ ਹੋਏ ਬਿਨ੍ਹਾ ਨਾ ਰਹਿ ਸਕੀ।

ਰੌਸ਼ਨੀ ਨੇ ਰੂਬਨ ਨੂੰ ਆਪਣੇ ਨਾਲ ਚੱਲਣ ਦਾ ਸੱਦਾ ਦਿੱਤਾ ਤਾਂ ਜੋ ਉਹ ਉਸ ਨੂੰ ਵੀਨਸ ਦੀਆਂ ਅਦਭੁੱਤ ਥਾਵਾਂ ਦਿਖਾ ਸਕੇ। ਉਹ ਰੂਬਨ ਨੂੰ ਵੀਨਸ ਦੀ ਚਟਾਨੀ ਸਤ੍ਹਾ ਵਿਖੇ ਲੈ ਗਈ, ਜਿਥੇ ਹਰ ਪਾਸੇ ਜਵਾਲਾਮੁੱਖੀਆਂ ਦੇ ਫੱਟਣ ਨਾਲ ਪੈਦਾ ਹੋਏ ਉੱਚੇ-ਨੀਵੇਂ ਟੋਏ-ਟਿੱਲੇ ਸਨ। ਇਥੋਂ ਦੀ ਬੰਜਰ ਧਰਤੀ, ਤੇ ਖੁੱਲੇ ਮੈਦਾਨ, ਕਾਲੀਆਂ ਚਟਾਨਾਂ ਨਾਲ ਭਰੇ ਪਏ ਸਨ। ਪੁਲਾੜੀ ਜਹਾਜ਼ ਦੀ ਮਦਦ ਨਾਲ ਵੀਨਸ ਦੇ ਸੰਘਣੇ ਵਾਯੂਮੰਡਲ ਵਿੱਚੋਂ ਉੱਡਦੇ ਹੋਏ ਉਨ੍ਹਾਂ ਤੇਜ਼ਾਬੀ ਬਾਰਸ਼ ਦੀ ਘਟਨਾ ਵੀ ਦੇਖੀ। ਇਕ ਦਿਨ ਰੌਸ਼ਨੀ ਉਸ ਨੂੰ ਵੀਨਸ ਗ੍ਰਹਿ ਦਾ ਸੱਭ ਤੋਂ ਉਚਾ ਪਹਾੜ੍ਹ ‘ਸਕਾਡੀ’ ਦੇਖਣ ਲੈ ਗਈ, ਜੋ 11,520 ਮੀਟਰ ਉੱਚਾ ਸੀ। ਉਸ ਨੇ ਦੱਸਿਆ ਕਿ ਵੀਨਸ ਗ੍ਰਹਿ ਉੱਤੇ ਮੁੱਖ ਚਾਰ ਪਰਬਤ-ਮਾਲਾ ਹਨ ਜਿਨ੍ਹਾਂ ਦੇ ਨਾਂ ਹਨ – ਅਕਨਾ, ਦਾਨੂ, ਫਰੈਜਾ ਤੇ ਮੈਕਸਵੈੱਲ।

ਪਰ ਵੀਨਸ ਵਿਖੇ ਰੂਬਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਰੂਬਨ ਧੰਨਵਾਦੀ ਸੀ ਕਿ ਧਰਤੀ ਦੇ ਵਾਯੂਮੰਡਲੀ ਦਬਾਉ ਨਾਲੋਂ 92 ਗੁਣਾਂ ਵਧੇਰੇ ਦਬਾਉ ਵਾਲੇ ਵੀਨਸ ਦੇ ਵਾਯੂਮੰਡਲ ਵਿਚ ਪੁਲਾੜੀ ਪੁਸ਼ਾਕ ਨੇ ਹੀ ਉਸ ਦਾ ਬਚਾ ਕੀਤਾ ਸੀ ਨਹੀਂ ਤਾਂ ਪਤਾ ਨਹੀਂ ਉਸ ਦਾ ਕੀ ਬਣਦਾ। ਇਸੇ ਤਰ੍ਹਾਂ ਪਾਣੀ ਤੇ ਆਕਸੀਜਨ ਤੋਂ ਸੱਖਣੇ ਅਤੇ ਬਹੁਤ ਵਧੇਰੇ ਗਰਮੀ ਵਾਲੇ ਮਾਹੌਲ ਵਿਚ ਉਸ ਲਈ ਜੀਵਨ ਬਸਰ ਕੲਨਾ ਸਹਿਜ ਨਹੀਂ ਸੀ।

ਜਦੋਂ ਰੂਬਨ ਨੇ ਰੌਸ਼ਨੀ ਨੂੰ ਧਰਤੀ ਦੇ ਹਾਲਾਤਾਂ ਅਤੇ ਜੀਵਨ ਢੰਗ ਬਾਰੇ ਦੱਸਿਆ ਤਾਂ ਉਹ ਬਹੁਤ ਹੈਰਾਨ ਹੋਈ। ਉਸ ਨੇ ਰੌਸ਼ਨੀ ਨੂੰ ਧਰਤੀ ਦੇ ਹਰੇ ਭਰੇ ਜੰਗਲਾਂ, ਵੰਨ-ਸੁਵੰਨੇ ਪੰਛੀਆਂ ਤੇ ਜਾਨਵਰਾਂ, ਸਾਫ਼-ਸੁਥਰੇ ਪਾਣੀਆਂ ਵਾਲੀਆਂ ਝੀਲਾਂ, ਬਰਫ਼ਾਂ ਲੱਦੇ ਪਹਾੜ੍ਹਾਂ ਤੇ ਨੀਲ-ਰੰਗੇ ਪਾਣੀਆਂ ਵਾਲੇ ਸਮੁੰਦਰਾਂ ਬਾਰੇ ਦੱਸਿਆ।

ਰੂਬਨ ਤੇ ਰੌਸ਼ਨੀ ਦੀਆਂ ਦੁਨੀਆਂ ਵਿਚ ਬਹੁਤ ਵਧੇਰੇ ਫ਼ਰਕ ਦੇ ਬਾਵਜੂਦ ਦੋਵੇਂ ਚੰਗੇ ਦੋਸਤ ਬਣ ਗਏ। ਪਰ ਉਹ ਜਾਣਦੇ ਸਨ ਕਿ ਉਨ੍ਹਾਂ ਦਾ ਮੇਲ ਸਥਾਈ ਨਹੀਂ ਸੀ ਹੋ ਸਕਦਾ। ਜਿਵੇਂ-ਜਿਵੇਂ ਦਿਨ ਬੀਤਦੇ ਗਏ, ਰੂਬਨ ਜਾਣਦਾ ਸੀ ਕਿ ਉਸ ਨੂੰ ਜਲਦੀ ਹੀ ਧਰਤੀ ਉੱਤੇ ਵਾਪਸ ਜਾਣਾ ਪਏਗਾ। ਧਰਤੀ ਗ੍ਰਹਿ ਵੱਲ ਵਾਪਸੀ ਦੀ ਉਡਾਣ ਵਾਲੇ ਦਿਨ, ਵੀਨਸ ਦੀ ਸਤ੍ਹਾ ਉੱਤੇ ਖੜ੍ਹੇ ਰੂਬਨ ਤੇ ਰੌਸ਼ਨੀ, ਸੂਰਜ ਦੀ ਨਿੱਘੀ ਧੁੱਪ ਵਿਚ ਪੀਲੇ ਰੰਗ ਵਿਚ ਰੰਗੀ ਵੀਨਸ ਦੀ ਧਰਤੀ ਨੂੰ ਦੇਖ ਰਹੇ ਸਨ।

ਜਿਵੇਂ ਹੀ ਪੁਲਾੜੀ ਜਹਾਜ਼ ਨੇ ਉਡਾਣ ਭਰੀ, ਰੂਬਨ ਨੇ ਇਸ ਅਦਭੁੱਤ ਯਾਤਰਾ ਦੌਰਾਨ ਹੋਏ ਅਜਬ ਅਨੁਭਵਾਂ ਲਈ ਧੰਨਵਾਦ ਦੀ ਭਾਵਨਾ ਮਹਿਸੂਸ ਕੀਤੀ। ਹੁਣ ਉਹ ਪੁਲਾੜੀ ਜਹਾਜ਼ ਦੀ ਕੱਚ ਸੀ ਖਿੜਕੀ ਕੋਲ ਬੈਠਾ, ਪੁਲਾੜ ਦੀ ਵਿਸ਼ਾਲਤਾ ਵਿੱਚ ਸੁਨਿਹਰੀ ਤਾਰੇ ਵਾਂਗ ਚਮਕ ਰਹੇ ਵੀਨਸ ਗ੍ਰਹਿ ਨੂੰ ਟਿਕਟਿਕੀ ਲਗਾ ਕੇ ਦੇਖ ਰਿਹਾ ਸੀ।

ਧਰਤੀ ਗ੍ਰਹਿ ਵੱਲ ਵਾਪਸ ਜਾਂਦੇ ਸਮੇਂ ਰੂਬਨ ਸੋਚ ਰਿਹਾ ਸੀ ਕਿ ਵੀਨਸ ਗ੍ਰਹਿ ਉੱਤੇ ਰੌਸ਼ਨੀ ਦੇ ਸਾਥ ਤੇ ਪ੍ਰਾਪਤ ਹੋਏ ਅਨੁਭਵਾਂ ਨੂੰ ਉਹ ਹਮੇਸ਼ਾ ਯਾਦ ਰੱਖੇਗਾ। ਬੇਸ਼ਕ ਉਸ ਦਾ ਜਨਮ ਧਰਤੀ ਵਿਖੇ ਹੋਇਆ ਸੀ, ਪਰ ਵੀਨਸ ਗ੍ਰਹਿ ਦੀ ਯਾਦ ਉਸ ਦੇ ਦਿਲ ਵਿੱਚ ਹਮੇਸ਼ਾਂ ਇੱਕ ਵਿਸ਼ੇਸ਼ ਸਥਾਨ ਦੀ ਹੱਕਦਾਰ ਰਹੇਗੀ।

ਫੈਕਸ ਮਸ਼ੀਨ

ਹਰੀ ਕ੍ਰਿਸ਼ਨ ਮਾਇਰ

ਲਿਖੇ ਹੋਏ ਕਾਗ਼ਜ਼ ਤੇ ਅੱਖਰ

ਦਸਤਾਵੇਜ਼ ਜਾਂ ਚਿੱਠੀ ਪੱਤਰ

ਦੂਰ ਦੂਰ ਤੱਕ ਜੋ ਪਹੁੰਚਾਉਂਦੀ

ਫੈਕਸ ਮਸ਼ੀਨ ਉਹ ਅਖਵਾਉਂਦੀ

ਪਹਿਲਾ ਇਹ ਅਨੁਰੂਪ ਸੀ

ਹੁਣ ਬਣ ਗਈ ਆਂਕਿਕ

ਲਾਉਂਦੀ ਸੀ ਪਹਿਲਾ ਦੇਰੀ

ਹੁਣ ਲਾਉਂਦੀ ਪਲ ਇਕ

ਭੇਜਣਾ ਹੋਵੇ ਸੰਦੇਸ਼ ਫ਼ੋਨ ਤੇ

ਨੰਬਰ ਇਕ ਲਗਾਈਦਾ

ਫੇਰ ਸੁਨੇਹੇ ਵਾਲਾ ਕਾਗ਼ਜ਼

ਵਿੱਚ ਮਸ਼ੀਨ ਦੇ ਪਾਈਦਾ

ਕਾਗ਼ਜ਼ ਤੇ ਜੋ ਲਿਖਿਆ

ਹੋਇਆ ਸਕੈਨ ਹੋ ਜਾਵੇ

ਅੱਖਰਾਂ ਨੂੰ ਪ੍ਰਕਾਸ਼ ਸੰਕੇਤਾਂ

ਦੇ ਵਿੱਚ ਬਦਲੀ ਜਾਵੇ

ਟੈਲੀਫ਼ੋਨ ਦੀਆਂ ਤਾਰਾਂ

ਚੁੱਕ ਸੰਕੇਤ ਤੁਰੀ ਜਾਵਣ

ਜੀਹਨੇ ਲੈਣਾ ਸੁਨੇਹਾ ਉਸਦੀ

ਫੈਕਸ ਤੇ ਪੁੱਜ ਜਾਵਣ

ਪਹੁੰਚ ਕੇ ਸਭੇ ਸੰਕੇਤ ਇੱਥੇ

ਡੀਕੋਡ ਨੇ ਹੋ ਜਾਂਦੇ

ਮੂਲ ਲਿਖਤ ਵਾਂਗੂੰ ਕਾਗ਼ਜ਼ ਤੇ

ਅੱਖਰ ਚਿੱਤਰ ਉੱਘੜ ਆਉਦੇ

ਸੰਕੇਤਾਂ ਤੋਂ ਮੁੜ ਕਾਗ਼ਜ਼

'ਤੇ ਬਣ ਜਾਂਦੇ ਅੱਖਰ

ਪਲ ਦੋ ਪਲ ਵਿੱਚ

ਪੂਰਾ ਹੋ ਜਾਂਦਾ ਇਹ ਚੱਕਰ

ਫੈਕਸ ਮਸ਼ੀਨ ਸੰਦੇਸ਼ਾਂ ਨੂੰ

ਪਹੁੰਚਾ ਦਿੰਦੀ ਇੰਨ੍ਹ ਬਿੰਨ

ਇਸ ਨੂੰ ਖੋਜ ਲਿਆਇਆ

ਸੀ ਖੋਜੀ ਐਡੋਆਰਡ ਬੇਲਿਨ

ਅਮਰੀਕਾ ਦੇ ਉੱਪ-ਰਾਸ਼ਟਰਪਤੀ ਸ਼੍ਰੀਮਤੀ ਕਮਲਾ ਹੈਰਿਸ ਵਲੋਂ ਇੱਕ ਸੰਦੇਸ਼

ਵਿਗਿਆਨ ਸਭ ਦੇ ਲਈ ਹੈ।

ਜਦੋਂ ਮੈਂ ਬੱਚੀ ਸੀ, ਮੇਰੀ ਭੈਣ ਮਾਇਆ ਅਤੇ ਮੈਂ ਸਾਡੀ ਮਾਂ ਦੀ ਪ੍ਰਯੋਗਸ਼ਾਲਾ ਵਿਚ ਜਾਇਆ ਕਰਦੇ ਸੀ। ਉਹ ਛਾਤੀ ਦੇ ਕੈਂਸਰ ਦੀ ਖੋਜਕਰਤਾ ਸੀ - ਅਤੇ ਉਹ ਅਕਸਰ ਸਾਨੂੰ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਕੰਮ ਦਿੰਦੀ ਸੀ, ਜਿਵੇਂ ਕਿ ਟੈਸਟ ਟਿਊਬਾਂ ਦੀ ਸਫ਼ਾਈ। ਜਦੋਂ ਤੁਸੀਂ ਇੱਕ ਵਿਗਿਆਨਕ ਦੀ ਧੀ ਹੁੰਦੇ ਹੋ ਤਾਂ ਵਿਗਿਆਨ ਤੁਹਾਡੀ ਸੋਚ ਬਦਲ ਦਿੰਦਾ ਹੈ। ਸਾਡੀ ਮਾਂ ਲਈ, ਵਿਗਿਆਨਕ ਤਰੀਕਾ ਹੀ ਜ਼ਿੰਦਗੀ ਜਿਊਣ ਦਾ ਤਰੀਕਾ ਸੀ। ਅਤੇ ਉਹ ਸਾਨੂੰ ਸਾਰੇ ਵਿਗਿਆਨੀਆਂ ਬਾਰੇ ਦੱਸਦੀ ਸੀ, ਜਿਨ੍ਹਾਂ ਨਾਲ਼ ਉਸਨੇ ਆਪਣੇ ਕੈਰੀਅਰ ਵਿਚ ਕੰਮ ਕੀਤਾ ਸੀ - ਉਨ੍ਹਾਂ ਦਾ ਪਿਛੋਕੜ, ਦਿਲਚਸਪੀਆਂ ਅਤੇ ਹੁਨਰ।

ਮੇਰੀ ਮਾਂ ਵਿਗਿਆਨਕ ਤਾਲਮੇਲ ਤੇ ਆਪਸੀ ਸਹਿਯੋਗ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੀ ਸੀ। ਪਿਛਲੇ ਸਾਲਾਂ ਵਿੱਚ, ਸਾਡੇ ਦੇਸ਼ ਨੇ ਉਸ ਸ਼ਕਤੀ ਨੂੰ ਹਰਕਤ ਵਿਚ ਦੇਖਿਆ। ਕੋਵਿਡ-19 ਦੀ ਵੈਕਸੀਨ (ਟੀਕਾ) ਬਣਾਉਣ ਲਈ ਤੇ ਅਣਗਿਣਤ ਜ਼ਿੰਦਗੀਆਂ ਬਚਾਉਣ ਲਈ ਹਰ ਕਿਸਮ ਦੇ ਵਿਗਿਆਨੀਆਂ ਨੇ ਮਿਲ਼ ਕੇ ਕੰਮ ਕੀਤਾ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿਸ ਵਿਸ਼ੇ ਵਿਚ ਦਿਲਚਸਪੀ ਰੱਖਦੇ ਹੋ, ਵਿਗਿਆਨ ਦੇ ਖੇਤਰ ਵਿੱਚ ਆਪਣਾ ਕਿੱਤਾ/ਕੈਰੀਅਰ ਬਣਾਉਣ ਦੇ ਬਹੁਤ ਸਾਰੇ ਤਰੀਕੇ ਹਨ।

• ਕੀ ਤੁਹਾਨੂੰ ਬੁਝਾਰਤਾਂ ਬੁੱਝਣਾ ਪਸੰਦ ਹੈ? ਤੁਸੀਂ ਇੱਕ ਖੋਜਕਰਤਾ ਬਣ ਸਕਦੇ ਹੋ, ਤੇ ਇਹ ਖੋਜ ਕਰ ਸਕਦੇ ਹੋ ਕਿ ਜੀਵ-ਵਿਗਿਆਨਕ, ਰਸਾਇਣਕ, ਸਮਾਜਿਕ ਅਤੇ ਭੌਤਿਕ ਪ੍ਰਕਿਰਿਆਵਾਂ ਕਿਵੇਂ ਕੰਮ ਕਰਦੀਆਂ ਹਨ।

• ਕੀ ਤੁਹਾਨੂੰ ਡਰਾਇੰਗ ਜਾਂ ਕੋਡਿੰਗ (Coding) ਪਸੰਦ ਹੈ? ਵੱਖ-ਵੱਖ ਪ੍ਰਯੋਗਾਂ ਦੇ ਨਤੀਜੇ ਦੇਖਣ ਲਈ ਤੁਸੀਂ ਸੂਖਮ ਅਣੂਆਂ ਦੇ ਨਮੂਨਿਆਂ ਤੇ ਪ੍ਰਕਿਰਿਆਵਾਂ ਦੇ ਸਜੀਵ ਤੇ 3D ਕੰਪਿਊਟਰ ਮਾਡਲ ਬਣਾ ਸਕਦੇ ਹੋ।

• ਕੀ ਤੁਹਾਨੂੰ ਗਣਿਤ ਦੇ ਅੰਕ ਚੰਗੇ ਲਗਦੇ ਹਨ? ਤੁਸੀਂ ਇੱਕ ਡਾਟਾ ਸਾਇੰਟਿਸਟ ਬਣ ਕੇ, ਵੱਡੀ ਗਿਣਤੀ ਵਿਚ ਉਪਲਬਧ ਅੰਕੜਿਆਂ/ਡਾਟਾ ਤੇ ਤੱਥਾਂ ਵਿਚੋਂ ਰੁਝਾਨ ਤੇ ਅੰਤਰਦ੍ਰਿਸ਼ਟੀ ਲੱਭ ਸਕਦੇ ਹੋ।

• ਕੀ ਤੁਹਾਨੂੰ ਲਿਖਣਾ ਜਾਂ ਬੋਲਣਾ ਪਸੰਦ ਹੈ? ਤੁਸੀਂ ਜਨਤਕ ਸਿਹਤ ਸੰਚਾਰ ਵਿਚ ਮੁਹਾਰਤ ਹਾਸਲ ਕਰ ਸਕਦੇ ਹੋ ਤੇ ਅਮਰੀਕਨ ਲੋਕਾਂ ਨੂੰ ਜਗਰੂਕ ਕਰਨ ਲਈ ਮਦਦ ਕਰ ਸਕਦੇ ਹੋ।

ਉਹ ਵਿਗਿਆਨੀ ਜਿਨ੍ਹਾਂ ਨੇ ਕੋਵਿਡ-19 ਦੀ ਵੈਕਸੀਨ ਬਣਾਉਣ 'ਤੇ ਕੰਮ ਕੀਤਾ, ਕਦੇ ਉਹ ਵੀ ਤੁਹਾਡੇ ਵਰਗੇ ਵਿਦਿਆਰਥੀ ਸਨ। ਇੱਕ ਦਿਨ, ਸਾਡਾ ਦੇਸ਼ ਬਿਮਾਰੀ ਦੇ ਫੈਲਾਉ ਨੂੰ ਰੋਕਣ ਲਈ, ਜ਼ਿੰਦਗੀ ਨੂੰ ਬਦਲਣ ਵਾਲੀ ਨਵੀਂ ਤਕਨਾਲੋਜੀ ਦੀ ਕਾਢ ਕੱਢਣ ਲਈ ਜਾਂ ਵਿਗਿਆਨੀਆਂ ਦੀ ਅਗਲੀ ਪੀੜ੍ਹੀ ਨੂੰ ਪੜ੍ਹਾਉਣ ਲਈ ਤੁਹਾਡੀ ਮਦਦ ਲੈ ਸਕਦਾ ਹੈ। ਇਸ ਲਈ ਆਪਣੇ ਸ਼ੌਕ ਦੇ ਖੇਤਰਾਂ ਵਿਚ ਪੜ੍ਹਾਈ ਕਰੋ ਤੇ ਇਹ ਯਾਦ ਰੱਖੋ: ਵਿਗਿਆਨ ਹਰ ਕਿਸੇ ਲਈ ਹੈ।

ਅਨੁਵਾਦ: ਅਮਨਦੀਪ ਸਿੰਘ

ਸਰੋਤ: ਅਮਰੀਕਨ ਰਾਸ਼ਟਰੀ ਆਮ ਸਿਹਤ ਵਿਗਿਆਨ ਅਨੁਸੰਧਾਨ ਤੋਂ ਧੰਨਵਾਦ ਸਹਿਤ Source: National Institute of General Medical Science (NIGMS), Note: NIGMS is not responsible for the accuracy of the translation.

https://nigms.nih.gov/education/pathways/Pages/Home.aspx ਅਮਰੀਕਨ ਰਾਸ਼ਟਰੀ ਆਮ ਸਿਹਤ ਵਿਗਿਆਨ ਸੰਸਥਾ ਦੀ ਵੈਬਸਾਈਟ, ਬਾਇਓਮੈਡੀਕਲ ਵਿਗਿਆਨ ਅਤੇ ਖੋਜਕੈਰੀਅਰ ਬਾਰੇ ਮੁਫਤ ਵਿਦਿਅਕ ਸਰੋਤਾਂ ਦਾ ਇੱਕ ਸੰਗ੍ਰਹਿ ਹੈ। ਵਿਗਿਆਨ, ਤਕਨਾਲੋਜੀ, ਇੰਜੀਨਿਅਰਿੰਗ ਤੇ ਗਣਿਤ (STEM) ਤੇ ਅੰਗਰੇਜ਼ੀ ਭਾਸ਼ਾ ਦੀਆਂ ਕਲਾ ਸਮੱਗਰੀਆਂ 6 ਤੋਂ 12ਵੀਂ ਜਮਾਤ ਦੇ ਲਈ ਤਿਆਰ ਕੀਤੀਆਂ ਗਈਆਂ ਹਨ, ਜਿੱਥੇ ਅਧਿਆਪਕ ਤੇ ਵਿਦਿਆਰਥੀ ਮੈਗਜ਼ੀਨ, ਸਿੱਖਿਅਕ ਪਾਠ ਯੋਜਨਾਵਾਂ, ਵੀਡੀਓ ਅਤੇ ਸਵਾਲ-ਜਵਾਬ ਪੜ੍ਹ ਸਕਦੇ ਹਨ। ਸਾਰੀ ਸਮੱਗਰੀ ਮੁਫਤ ਔਨਲਾਈਨ ਉਪਲਬਧ ਹੈ।

ਸੂਰਜ

ਵਿਕਾਸ ਵਰਮਾ

ਸਾਰੀ ਦੁਨੀਆ ਨੂੰ ਸੂਰਜ ਰੁਸ਼ਨਾਵੇ,

ਊਰਜਾ ਦਾ ਮੁਢਲਾ ਸ੍ਰੋਤ ਕਹਾਵੇ,

ਹਾਈਡ੍ਰੋਜਨ, ਹੀਲੀਅਮ ਨੂੰ ਅੰਦਰ ਜਲਾਵੇ,

ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ ਛੱਡਦਾ ਜਾਵੇ,

ਗ੍ਰਹਿਆਂ ਨੂੰ ਆਪਣੇ ਦੁਆਲ਼ੇ ਘੁਮਾਵੇ,

ਪ੍ਰਕਾਸ਼ ਇੱਥੋਂ ਅੱਠ ਮਿੰਟਾਂ ‘ਚ ਆਵੇ,

ਚੰਨ ਨੂੰ ਵੀ ਰਾਤੀਂ ਸੂਰਜ ਚਮਕਾਵੇ,

ਆਪਣੀ ਰੌਸ਼ਨੀ ਜਦੋਂ ਚੰਨ ਤੇ ਪਾਵੇ,

ਧਰਤੀ ‘ਤੇ ਜੀਵਨ ਸੂਰਜ ਚਲਾਵੇ,

ਫਿਰ ਵੀ ਇਹ ਤਾਰਾ ਅਖਵਾਵੇ।

ਚੰਨ

ਵਿਕਾਸ ਵਰਮਾ

ਧਰਤ ਦੁਆਲ਼ੇ ਚੰਨ ਚੱਕਰ ਲਾਵੇ,

ਸਦਾ ਹੀ ਇੱਕ ਪਾਸਾ ਦਿਖਾਵੇ,

ਗੋਲ ਨਹੀਂ ਚੰਨ ਅੰਡਾਕਾਰ,

ਛੇਵਾਂ ਹਿੱਸਾ ਕਰਦਾ ਭਾਰ,

ਧਰਤ ਦਾ ਕੁਦਰਤੀ ਉਪਗ੍ਰਹਿ,

ਕੋਈ ਨਾ ਸਕਦਾ ਚੰਨ ‘ਤੇ ਰਹਿ,

ਆਕਾਰ ਚੰਨ ਦਾ ਰਹਿੰਦਾ ਸਮਾਨ,

ਵਧਦਾ, ਘਟਦਾ, ਕਹਿਣ ਅਣਜਾਨ,

ਦਿਖਾਉਂਦਾ ਚੰਨ ਆਪਣੀਆਂ ਕਲਾਵਾਂ,

ਨਹੀਓਂ ਚੱਲਦੀਆਂ ਉੱਥੇ ਹਵਾਵਾਂ,

ਘੱਟ ਧਰਤ ਤੋਂ ਗੁਰੂਤਾ ਖਿੱਚ,

ਜਵਾਰ ਲਿਆਵੇ ਸਮੁੰਦਰਾਂ ਵਿਚ,

ਉਲਕਾਵਾਂ ਦੀ ਹੁੰਦੀ ਰਹਿੰਦੀ ਟੱਕਰ,

ਦੁਆਲ਼ੇ ਨਹੀਂ ਵਾਯੂਮੰਡਲ ਚੱਕਰ,

ਸੂਰਜੀ ਰੌਸ਼ਨੀ ਨਾਲ਼ ਚਮਕੇ ਚੰਨ,

ਅਵਾਜ਼ ਨਹੀਂ ਸੁਣਦੇ ਉੱਥੇ ਕੰਨ,

ਪਾਣੀ ਦੀ ਚੱਲੇ ਚੰਨ ‘ਤੇ ਖੋਜ,

ਧਰਤ ਜਿਹੀ ਨਾ ਉੱਥੇ ਮੌਜ।

Nature

ਪੁਸਤਕ ਰਿਵਿਊ: ਅਸੀਂ ਜੀਵ ਜੰਤੂ (ਭਾਗ-1 ਤੇ ਭਾਗ-2)

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

ਕਿਤਾਬਾਂ ਦਾ ਨਾਮ: ਅਸੀਂ ਜੀਵ ਜੰਤੂ (ਭਾਗ-1 ਤੇ ਭਾਗ-2) (ਵਿਗਿਆਨਕ ਕਵਿਤਾਵਾਂ)

ਲੇਖਕ: ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਪ੍ਰਕਾਸ਼ਕ: ਗੋਰਕੀ ਪ੍ਰਕਾਸ਼ਨ, ਲੁਧਿਆਣਾ, ਪੰਜਾਬ, ਭਾਰਤ

ਪ੍ਰਕਾਸ਼ਨ ਸਾਲ: 2022, ਕੀਮਤ: 150 ਰੁਪਏ/ਕਿਤਾਬ; ਪੰਨੇ: 64/ਕਿਤਾਬ

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ।

“ਅਸੀਂ ਜੀਵ ਜੰਤੂ” (ਭਾਗ-1 ਤੇ ਭਾਗ-2) (ਵਿਗਿਆਨਕ ਕਵਿਤਾਵਾਂ) ਕਿਤਾਬਾਂ ਦਾ ਲੇਖਕ ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਕਿੱਤੇ ਵਜੋਂ ਵਿਗਿਆਨ ਦਾ ਅਧਿਆਪਕ ਹੈ, ਪਰ ਉਸ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਹੈ। ਵਿਗਿਆਨਕ ਰੁਚੀ ਤੇ ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਬਾਲਕ ਹਰੀ ਕ੍ਰਿਸ਼ਨ ਦਾ ਮਨ ਵਿਗਿਆਨ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਹਰੀ ਕ੍ਰਿਸ਼ਨ ਦੇ ਵਿਗਿਆਨ ਸਾਹਿਤ ਲੇਖਣ ਕਾਰਜਾਂ ਦਾ ਅਧਾਰ ਬਣੀ। ਲਗਭਗ ਚਾਰ ਦਹਾਕੇ ਅਧਿਆਪਨ ਕਾਰਜ ਕਰਦਿਆਂ ਵੀ ਉਹ ਵਿਗਿਆਨ ਪੜ੍ਹਣ-ਪੜਾਉਣ, ਸਾਹਿਤ ਰਚਨਾ ਤੇ ਵਿਗਿਆਨਕ ਸੋਚ ਦੇ ਪ੍ਰਸਾਰ ਕਾਰਜਾਂ ਨੂੰ ਹੀ ਸਮਰਪਿਤ ਰਿਹਾ। ਇਨ੍ਹਾਂ ਖੇਤਰਾਂ ਵਿਚ ਉਸ ਦਾ ਯੋਗਦਾਨ ਵਿਲੱਖਣ ਰਿਹਾ ਹੈ। ਵਿਗਿਆਨ ਦੇ ਔਖੇ ਤੇ ਨੀਰਸ ਵਿਸ਼ਿਆਂ ਨੂੰ ਸਰਲ ਭਾਸ਼ਾ ਵਿਚ ਬਿਆਨ ਕਰਨਾ ਉਸ ਦੀ ਵਿਸ਼ੇਸ਼ ਮੁਹਾਰਿਤ ਹੈ। ਉਸ ਨੇ ਬਾਲਾਂ ਵਿਚ ਵਿਗਿਆਨ ਪ੍ਰਸਾਰ ਕਾਰਜਾਂ ਵਿਚ ਖ਼ਾਸ ਦਿਲਚਸਪੀ ਲੈਂਦੇ ਹੋਏ ਅਜਿਹੇ ਕਾਰਜਾਂ ਲਈ ਕਹਾਣੀ, ਕਵਿਤਾ ਤੇ ਵਾਰਤਕ ਵਿਧਾ ਨੂੰ ਆਪਣੀਆਂ ਰਚਨਾਵਾਂ ਦਾ ਅਧਾਰ ਬਣਾਇਆ। ਉਸ ਦੀਆਂ ਹੁਣ ਤਕ ਲਗਭਗ ਡੇਢ ਦਰਜਨ ਕਿਤਾਬਾਂ ਤੇ 175 ਰਚਨਾਵਾਂ ਦੇਸ਼ ਵਿਦੇਸ਼ ਦੀਆਂ ਪ੍ਰਸਿੱਧ ਅਖ਼ਬਾਰਾਂ ਤੇ ਮੈਗਜੀਨਾਂ ਵਿਚ ਛੱਪ ਚੁੱਕੀਆਂ ਹਨ। ਉਸ ਦੀਆਂ ਰਚਨਾਵਾਂ ਪੰਜਾਬੀ ਭਾਸ਼ਾ ਤੋਂ ਇਲਾਵਾ ਹਿੰਦੀ, ਸ਼਼ਾਹਮੁਖੀ ਲਿੱਪੀ ਤੇ ਅੰਗਰੇਜ਼ੀ ਵਿਚ ਵੀ ਛਪੀਆਂ ਹਨ। ਮੌਲਿਕ ਰਚਨਾਵਾਂ ਤੋਂ ਇਲਾਵਾਂ ਉਸ ਨੇ ਸੰਪਾਦਨ, ਤੇ ਹੋਰਨਾਂ ਭਾਸ਼ਾਵਾਂ ਤੋਂ ਪੰਜਾਬੀ ਵਿਚ ਅਨੁਵਾਦ ਕਾਰਜ ਵੀ ਸਫਲਤਾਪੂਰਣ ਕੀਤੇ ਹਨ।

“ਅਸੀਂ ਜੀਵ ਜੰਤੂ” (ਭਾਗ-1 ਤੇ ਭਾਗ-2), ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦੀਆਂ ਵਿਗਿਆਨਕ ਤੱਥਾਂ ਨੂੰ ਕਵਿਤਾ ਵਿਧਾ ਰਾਹੀਂ ਪੇਸ਼ ਕਰਨ ਦਾ ਵਿਲੱਖਣ ਉਪਰਾਲਾ ਹੈ। “ਅਸੀਂ ਜੀਵ ਜੰਤੂ” (ਭਾਗ-1) ਕਿਤਾਬ ਵਿਚ ਕੁੱਲ ਸੋਲਾਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਿਤਾਬ ਦੇ ਮਕਸਦ ਦੀ ਗੱਲ ਕਰਦਾ ਲੇਖਕ ਦੱਸਦਾ ਹੈ ਕਿ ਉਸ ਨੇ ਇਸ ਕਿਤਾਬ ਰਾਹੀਂ ਜੀਵ-ਜੰਤੂਆਂ ਬਾਰੇ ਜਾਣਕਾਰੀ ਉਪਲਬਧ ਕਰਾਉਣ ਦੇ ਨਾਲ ਨਾਲ ਉਨ੍ਹਾਂ ਬਾਰੇ ਮਨਘੜਤ ਮਿੱਥਾਂ ਨੂੰ ਤੋੜ੍ਹਣ ਤੇ ਉਨ੍ਹਾਂ ਦਾ ਸਾਡੇ ਜੀਵਨ ਵਿਚ ਮਹੱਤਵ ਦੀ ਗੱਲ ਕੀਤੀ ਹੇ।

ਸਾਡੇ ਗ੍ਰਹਿ ਵਿਖੇ ਮੌਜੂਦ ਅਨੇਕ ਕਿਸਮਾਂ ਦੇ ਜੀਵ-ਜੰਤੂਆਂ ਦੇ ਜੀਵਨ, ਗੁਣਾਂ ਤੇ ਲਾਭਾਂ ਦੀਆ ਬਾਤ ਪਾਉਂਦੀਆਂ ਇਹ ਕਵਿਤਾਵਾਂ ਪੰਜਾਬੀ ਬਾਲ ਪਾਠਕਾਂ ਨੂੰ ਬਹੁਤ ਕੁਝ ਨਵਾਂ ਜਾਨਣ ਤੇ ਸਮਝਣ ਵਿਚ ਸਹਾਈ ਹੋਣ ਦੇ ਸਮਰਥ ਹਨ। “ਅਸੀਂ ਜੀਵ ਜੰਤੂ”(ਭਾਗ-1) ਕਿਤਾਬ ਵਿਚ ਉੱਲੂ, ਊਠ, ਸੱਪ, ਸ਼ੁਤਰਮੁਰਗ, ਸ਼ੇਰ, ਸਾਰਸ, ਹਾਥੀ, ਕੱਛੂਕੰਮਾਂ, ਕੰਨਖਜੂਰਾ, ਕੀੜੀ, ਕਬੂਤਰ, ਕਠਫੋੜਾ, ਖਰਗੋਸ਼, ਗੰਡੋਆ, ਗੋਹ ਤੇ ਚਮਗਾਦੜ ਵਰਗੇ ਜੀਵਾਂ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈ। ਸਾਰੀਆਂ ਕਵਿਤਾਵਾਂ ਨਾਲ ਸੰਬੰਧਤ ਵਿਸ਼ੇ ਬਾਰੇ ਸੁਯੋਗ ਸੁੰਦਰ ਚਿੱਤਰਣ ਵੀ ਦਿੱਤਾ ਗਿਆ ਹੈ। ਹਰ ਵਿਸ਼ੇ ਵਿਚ ਬੱਚਿਆਂ ਦੀ ਰੋਚਕਤਾ ਬਣਾਈ ਰੱਖਣ ਲਈ ਕਵਿਤਾ ਰਸ ਕਾਇਮ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

“ਅਸੀਂ ਜੀਵ ਜੰਤੂ”(ਭਾਗ-2) ਕਿਤਾਬ ਵਿਚ ਕੁੱਲ ਪੰਦਰਾਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਿਤਾਬ ਦਾ ਮਕਸਦ ਵੀ ਲੇਖਕ ਦੀ ਪਹਿਲੀ ਕਿਤਾਬ “ਅਸੀਂ ਜੀਵ ਜੰਤੂ”(ਭਾਗ-1) ਵਾਲਾ ਹੀ ਹੈ। ਉਸੇ ਕਿਤਾਬ ਵਾਂਗ ਹੀ ਇਸ ਕਿਤਾਬ ਰਾਹੀਂ ਵੀ ਲੇਖਕ ਜੀਵ-ਜੰਤੂਆਂ ਬਾਰੇ ਜਾਣਕਾਰੀ ਉਪਲਬਧ ਕਰਾਉਣ ਦੇ ਨਾਲ ਨਾਲ ਉਨ੍ਹਾਂ ਬਾਰੇ ਮਨਘੜਤ ਮਿੱਥਾਂ ਨੂੰ ਤੋੜ੍ਹਣ ਤੇ ਉਨ੍ਹਾਂ ਦਾ ਸਾਡੇ ਜੀਵਨ ਵਿਚ ਮਹੱਤਵ ਦੀ ਗੱਲ ਕਰਦਾ ਹੈ। “ਅਸੀਂ ਜੀਵ ਜੰਤੂ”(ਭਾਗ-2) ਕਿਤਾਬ ਵਿਚ ਚਕੋਰ, ਜੁਗਨੂੰ, ਟਟੀਹਰੀ, ਡੱਡੂ, ਤੋਤਾ, ਤਿੱਤਲੀ, ਨੀਲਕੰਠ, ਨਿਓਲ਼ਾ, ਪੈਂਗੁਇਨ, ਬਿੱਛੂ, ਬਿੱਲੀ, ਰੇਸ਼ਮ ਦਾ ਕੀੜਾ, ਮਧੂ ਮੱਖੀ, ਮਗਰਮੱਛ ਅਤੇ ਲਾਲ ਪਾਂਡਾ ਆਦਿ ਵਰਗੇ ਜੀਵਾਂ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਨਾਲ ਵੀ ਵਿਸ਼ੇ ਸੰਬੰਧਤ ਸੁਯੋਗ ਸੁੰਦਰ ਚਿੱਤਰਣ ਵੀ ਦਿੱਤਾ ਗਿਆ ਹੈ। ਹਰ ਵਿਸ਼ੇ ਵਿਚ ਬੱਚਿਆਂ ਦੀ ਰੋਚਕਤਾ ਬਣਾਈ ਰੱਖਣ ਲਈ ਕਵਿਤਾ ਰਸ ਕਾਇਮ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਪ੍ਰਿੰ. ਹਰੀ ਕ੍ਰਿਸ਼ਨ ਮਾਇਰ, ਇਨ੍ਹਾਂ ਦੋਨ੍ਹਾਂ ਕਵਿਤਾ ਸੰਗ੍ਰਹਿਆਂ ਵਿਚ ਸਾਡੀ ਧਰਤੀ ਉੱਤੇ ਮੌਜੂਦ ਇਕੱਤੀ ਜੀਵਾਂ ਨਾਲ ਜਾਣ ਪਛਾਣ ਕਰਾਉਂਦੇ ਹੋਏ, ਉਨ੍ਹਾਂ ਦੇ ਗੁਣ ਔਗੁਣ ਬਿਆਨ ਕਰਦੇ ਹਨ। ਜੀਵਾਂ ਦੇ ਦਰਦਨਾਕ ਬਿਆਨਾਂ ਰਾਹੀਂ, ਮਨੁੱਖ ਦੁਆਰਾ, ਧਰਤੀ ਉੱਤੇ ਜੀਵਾਂ ਦੀ ਹੌਂਦ ਦੇ ਖਾਤਮੇ ਲਈ ਕੀਤੇ ਜਾ ਰਹੇ ਮਾੜੇ ਕੰਮਾਂ ਦਾ ਵਰਨਣ ਕਰਦੇ ਹਨ। ਮਨੁੱਖ ਕਿਧਰੇ ਉਨ੍ਹਾਂ ਨੂੰ ਮਾਰ ਮਾਰ ਖਾ ਰਿਹਾ ਹੈ, ਕਿਧਰੇ ਉਨ੍ਹਾਂ ਨਾਲ ਕੁੱਟਮਾਰ ਵਾਪਰ ਰਹੀ ਹੈ, ਕਿਧਰੇ ਉਨ੍ਹਾਂ ਦੀ ਖ੍ਰੀਦੋ-ਫਰੋਖਤ ਕੀਤੀ ਜਾ ਰਹੀ ਹੈ। ਕਿਧਰੇ ਇਨ੍ਹਾਂ ਨੂੰ ਪਿੰਜਰੇ ਦਾ ਕੈਦੀ ਬਣਾ ਦਿੱਤਾ ਗਿਆ ਹੈ ਤੇ ਕਿਧਰੇ ਇਨ੍ਹਾਂ ਨੂੰ ਡੁਗਡੁਗੀ ਦੀ ਤਾਲ ਉੱਤੇ ਜਬਰਦਸਤੀ ਨਚਾਇਆ ਜਾ ਰਿਹਾ ਹੈ। ਆਪਣੇ ਸੁੰਤਤਰ ਜੀਵਨ ਦੀ ਮੰਗ ਕਰਦੇ ਇਹ ਜੀਵ-ਜੰਤੂ, ਆਪਣੀਆ ਅਲੋਪ ਹੋ ਰਹੀਆਂ ਵੰਨਗੀਆਂ ਦਾ ਵੈਰਾਗ ਕਰਦੇ ਹੋਏ ਮਨੁੱਖ ਨੂੰ ਬਹੁਤ ਹੀ ਅਹਿਮ ਸਵਾਲ ਪੁੱਛਦੇ ਨਜ਼ਰ ਆਉਂਦੇ ਹਨ ਕਿ ਕੀ ਧਰਤੀ ਇਕੱਲੇ ਮਨੁੱਖ ਦੇ ਵਾਸੇ ਲਈ ਹੀ ਹੈ? ਇਹ ਕਵਿਤਾਵਾਂ ਦੱਸ ਪਾਉਂਦੀਆਂ ਹਨ ਕਿ ਜੀਵ-ਜੰਤੂਆਂ ਦੇ ਖਾਤਮੇ ਨਾਲ ਕੁਦਰਤ ਦਾ ਸੰਤੁਲਨ ਗੜਬੜਾ ਰਿਹਾ ਹੈ, ਜਿਸ ਕਾਰਣ ਮਨੁੱਖ ਜਾਤੀ ਵੀ ਨਿਰੰਤਰ ਵਿਨਾਸ਼ ਵੱਲ ਵੱਧ ਰਹੀ ਹੈ।

ਪ੍ਰਿੰ. ਹਰੀ ਕ੍ਰਿਸ਼ਨ ਮਾਇਰ, ਇਕ ਸਫ਼ਲ ਅਧਿਆਪਕ, ਵਿਗਿਆਨ ਦੇ ਵਿਲੱਖਣ ਸੰਚਾਰਕ ਅਤੇ ਸੰਵੇਦਨਸ਼ੀਲ ਕਵੀ ਵਜੋਂ ਬਹੁਪੱਖੀ ਸਖ਼ਸ਼ੀਅਤ ਦੇ ਮਾਲਿਕ ਹਨ। ਉਨ੍ਹਾਂ ਦੀ ਇਹ ਰਚਨਾ ਜੀਵ-ਜੰਤੂਆਂ ਬਾਰੇ ਜਾਣਕਾਰੀ ਨੂੰ ਬਹੁਤ ਹੀ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਬਾਲ ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਅਜੋਕੇ ਅਤੇ ਭਵਿੱਖਮਈ ਵਿਗਿਆਨਕ ਵਰਤਾਰਿਆਂ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦੀ ਨਜ਼ਰ ਆਉਂਦੀ ਹੈ। “ਅਸੀਂ ਜੀਵ ਜੰਤੂ”(ਭਾਗ-1 ਤੇ ਭਾਗ-2) (ਵਿਗਿਆਨਕ ਕਵਿਤਾ ਸੰਗ੍ਰਹਿ) ਅਜਿਹੀਆਂ ਕਿਤਾਬਾਂ ਹਨ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੇ ਹੱਕਦਾਰ ਹਨ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਜੀਵਾਂ ਬਾਰੇ ਉਚਿਤ ਜਾਣਕਾਰੀ ਤੇ ਭਵਿੱਖਮਈ ਸੰਭਾਵਨਾਵਾਂ ਦਾ ਸਹੀ ਰੂਪ ਸਮਝ ਸਕੇ ਤੇ ਜੀਵ-ਜੰਤੂਆਂ ਦੀ ਸਹਿਹੌਂਦ ਵਿੱਚ ਅਮਨ-ਭਰਪੂਰ ਸਮਾਜ ਸਿਰਜਣ ਲਈ ਸਹੀ ਸੇਧ ਪ੍ਰਾਪਤ ਕਰ ਸਕੇ।

ਸਾਇੰਸ ਫਿਕਸ਼ਨ ਨੂੰ ਹਕੀਕਤ ਬਣਾਉਂਦੀਆਂ ਵਿਗਿਆਨ ਦੀਆਂ ਤਾਜ਼ਾ ਖ਼ਬਰਾਂ

ਸਪੇਸਐਕਸ ਦੇ ਪੁਲਾੜ-ਯਾਤਰੀਆਂ ਨੇ ਦੀ ਜ਼ੋਖਮ ਭਰੀ ਵਿਕਿਰਨਾਂ ਦੀ ਪੱਟੀ ਵਿੱਚ ਪੁਲਾੜ ਦੀ ਸੈਰ ਕੀਤੀ

ਸਤੰਬਰ 12, 2024 ਨੂੰ, ਪੋਲੈਰਿਸ ਡਾਨ ਨਾਂ ਦੇ ਮਿਸ਼ਨ ਵਿੱਚ ਚਾਰ ਲੋਕਾਂ ਦਾ ਅਮਲਾ, ਜਿਸ ਵਿੱਚ ਜੇਅਰਡ ਆਈਜ਼ੈਕਮੈਨ (ਅਮਰੀਕੀ ਅਰਬਪਤੀ, ਜਿਸ ਨੇ ਮਿਸ਼ਨ ਦਾ ਖਰਚਾ ਝੱਲਿਆ), ਇੱਕ ਸਾਬਕਾ ਏਅਰ ਫੋਰਸ ਪਾਇਲਟ ਅਤੇ ਦੋ ਸਪੇਸਐਕਸ (SpaceX) ਇੰਜੀਨੀਅਰ ਸ਼ਾਮਲ ਸਨ, ਨੇ ਇੱਕ ਨਵਾਂ ਇਤਿਹਾਸ ਸਿਰਜਿਆ। ਇਹ ਮਿਸ਼ਨ ਉਨ੍ਹਾਂ ਨੂੰ ਇੰਨੀ ਉਚਾਈ ਤੱਕ ਲੈ ਗਿਆ ਜਿੰਨੀ ਕਿ ਅਪੋਲੋ (ਚੰਦਰਮਾ) ਪ੍ਰੋਗਰਾਮ ਤੋਂ ਬਾਅਦ ਕੋਈ ਵੀ ਮਨੁੱਖ ਨਹੀਂ ਗਿਆ, ਜਿਸ ਨਾਲ਼ ਉਨ੍ਹਾਂ ਨੂੰ ਵਿਕਿਰਨਾਂ (Radiations) ਅਤੇ ਪੁਲਾੜ ਦੇ ਖਲਾਅ ਦਾ ਸਾਹਮਣਾ ਕਰਨਾ ਪਿਆ। ਸਪੇਸਐਕਸ ਨੇ ਮਿਸ਼ਨ ਲਈ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ, ਜਿਸ ਵਿੱਚ ਸਪੇਸ ਸੂਟ ਅਤੇ ਜੀਵਨ-ਸਹਾਇਤਾ ਪ੍ਰਣਾਲੀ ਸ਼ਾਮਲ ਹਨ। ਉਸਦਾ ਟੀਚਾ ਭਵਿੱਖ ਦੇ ਡੂੰਘੇ ਪੁਲਾੜ ਮਿਸ਼ਨਾਂ ਲਈ ਉਸ ਤਕਨਾਲੋਜੀ ਦੀ ਅਜ਼ਮਾਇਸ਼ ਕਰਨਾ ਹੈ। "ਸਪੇਸਐਕਸ, ਹਾਲਾਂਕਿ ਧਰਤੀ ਉੱਤੇ ਸਾਡੇ ਕੋਲ ਕਰਨ ਲਈ ਬਹੁਤ ਸਾਰਾ ਕੰਮ ਹੈ, ਪਰ ਇੱਥੋਂ ਇਹ ਇੱਕ ਆਦਰਸ਼ ਸੰਸਾਰ ਦੀ ਤਰ੍ਹਾਂ ਦਿਖਾਈ ਦਿੰਦਾ ਹੈ।" ਡਰੈਗਨ ਹੈਚ ਦੇ ਬਾਹਰ ਖੜ੍ਹ ਕੇ, ਪੋਲਾਰਿਸ ਡਾਨ ਦੇ ਕਮਾਂਡਰ ਜੇਅਰਡ ਆਈਜ਼ੈਕਮੈਨ ਨੇ ਉੱਪਰੋਂ ਧਰਤੀ ਵੱਲ ਦੇਖਿਦਿਆਂ ਕਿਹਾ। ਚਿੱਤਰ ਸਪੇਸਐਕਸ (SpaceX) ਤੋਂ ਧੰਨਵਾਦ ਸਹਿਤ।

16,000 ਡਾਲਰ ਦਾ ਮਨੁੱਖੀ ਰੋਬੋਟ ਵੱਡੇ ਉਤਪਾਦਨ ਲਈ ਤਿਆਰ-ਬਰ-ਤਿਆਰ ਹੈ

ਚੀਨ ਦੀ ਯੂਨੀਟਰੀ (Unitree)ਰੋਬੋਟਿਕਸ ਕੰਪਨੀ ਮਨੁੱਖੀ ਰੋਬੋਟ ਖੇਤਰ ਵਿੱਚ ਇੱਕ ਨਵਾਂ ਖਿਡਾਰੀ ਹੈ, ਪਰ ਉਸਦਾ 16,000 ਡਾਲਰ ਦੀ ਕੀਮਤ ਵਾਲ਼ਾ G1 ਮਾਡਲ ਕਾਫ਼ੀ ਚੰਗਾ ਪ੍ਰਦਰਸ਼ਨ ਕਰਨ ਵਾਲਾ ਲੱਗ ਰਿਹਾ ਹੈ। ਇੰਨਾ ਜ਼ਿਆਦਾ ਕਿ ਕੰਪਨੀ ਨੇ ਹੁਣ ਇੱਕ ਅਜਿਹਾ ਖੁਲਾਸਾ ਕੀਤਾ ਹੈ ਕਿ ਉਸਦਾ ਉਹ ਮਾਡਲ ਵੱਡੇ ਪੱਧਰ 'ਤੇ ਉਤਪਾਦਨ ਲਈ ਤਿਆਰ ਹੈ। ਇਕ ਰਿਲੀਜ਼ ਕੀਤੇ ਵੀਡੀਓ ਵਿਚ G1 ਛਾਲਾਂ ਮਾਰਦਾ, ਘੁੰਮਦਾ ਅਤੇ ਨੱਚਦਾ ਦਿਖਾਈ ਦਿੰਦਾ ਹੈ, ਨਾਲ਼ ਹੀ ਮਲਬੇ ਨਾਲ ਭਰੀਆਂ ਪੌੜੀਆਂ ਚੜ੍ਹਨ ਅਤੇ ਤਤਕਲੀਨ ਵਿੱਚ ਆਪਣੀ ਚਾਲ ਨੂੰ ਅਨੁਕੂਲ ਕਰਨ ਦੀ ਸਮਰੱਥਾ ਦੇ ਨਾਲ਼, ਵੱਖ-ਵੱਖ-ਉਚਾਈ ਦੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੈ। ਚਿੱਤਰ ਤੋਂ ਯੂਨੀਟਰੀ (Unitree) ਰੋਬੋਟਿਕਸ ਧੰਨਵਾਦ ਸਹਿਤ।

ਵਿਗਿਆਨੀਆਂ ਨੇ ਮੰਗਲ ਗ੍ਰਹਿ 'ਤੇ ਪਾਣੀ ਦੇ ਵੱਡੇ ਭੰਡਾਰ ਦੀ ਖੋਜ ਕੀਤੀ

ਇੱਕ ਸੇਵਾਮੁਕਤ ਨਾਸਾ ਮਿਸ਼ਨ ਦੇ ਅੰਕੜਿਆਂ ਅਨੁਸਾਰ ਮੰਗਲ ਗ੍ਰਹਿ ਦੀ ਸਤਹ ਦੇ ਹੇਠਾਂ ਪਾਣੀ ਦੇ ਭੂਮੀਗਤ ਭੰਡਾਰ ਦਾ ਸਬੂਤ ਮਿਲਿਆ ਹੈ। ਵਿਗਿਆਨੀਆਂ ਦੀ ਇੱਕ ਟੀਮ ਦਾ ਅੰਦਾਜ਼ਾ ਹੈ ਕਿ ਗ੍ਰਹਿ ਦੀ ਸਤ੍ਹਾ ਅੰਦਰ, ਛੋਟੀਆਂ ਦਰਾੜਾਂ ਅਤੇ ਚੱਟਾਨਾਂ ਦੇ ਵਿਚ ਲੁਕਿਆ ਹੋਇਆ ਕਾਫ਼ੀ ਪਾਣੀ ਹੋ ਸਕਦਾ ਹੈ ਜੋ ਕਿ ਮੰਗਲ ਦੇ ਆਪਣੇ ਸਮੁੰਦਰ ਨੂੰ ਭਰਨ ਲਈ ਕਾਫ਼ੀ ਹੋ ਸਕਦਾ ਹੈ। ਵਿਗਿਆਨਕਾਂ ਨੇ ਅਧਿਐਨ ਕਰਕੇ ਅਨੁਮਾਨ ਲਗਿਆ ਹੈ ਕਿ ਭੂਮੀਗਤ ਪਾਣੀ ਪੂਰੀ ਤਰ੍ਹਾਂ ਮੰਗਲ ਗ੍ਰਹਿ ਨੂੰ ਇੱਕ ਮੀਲ ਦੀ ਗਹਿਰਾਈ ਤੱਕ ਭਰ ਸਕਦਾ ਹੈ। ਇਹ ਸਬੂਤ ਨਾਸਾ ਦੇ ਇਨਸਾਈਟ (Insight) ਲੈਂਡਰ ਤੋਂ ਆਇਆ ਹੈ, ਜਿਸ ਨੇ 2018 ਤੋਂ 2022 ਤੱਕ ਮੰਗਲ ਦੇ ਅੰਦਰੂਨੀ ਹਿੱਸੇ ਦਾ ਅਧਿਐਨ ਕਰਨ ਲਈ ਇੱਕ ਭੂਚਾਲ ਮਾਪਕ ਦੀ ਵਰਤੋਂ ਕੀਤੀ ਸੀ, ਜਿਸ ਤੋਂ ਹੀ ਵਿਗਿਆਨਕ ਅਜਿਹਾ ਅਨੁਮਾਨ ਲਗਾਉਣ ਵਿਚ ਸਮਰੱਥ ਹੋ ਸਕੇ ਹਨ। ਚਿੱਤਰ ਤੋਂ ਨਾਸਾ (Nasa) ਧੰਨਵਾਦ ਸਹਿਤ।

ਮੁਸ਼ਕਲਾਂ ਦੇ ਬਾਵਜੂਦ ਇੱਕ ਅਕਾਸ਼ੀ-ਪਿੰਡ ਮਾਈਨਿੰਗ ਕੰਪਨੀ ਅੱਗੇ ਵਧਦੀ ਜਾਪਦੀ ਹੈ

ਐਸਟਰੋ-ਫੋਰਜ (AstroForge) ਨਾਂ ਦੀ ਇੱਕ ਕੰਪਨੀ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਉਸਨੇ ਸੀਰੀਜ਼ ਏ ਫੰਡਿੰਗ ਨਾਲ਼ ਸਫਲਤਾਪੂਰਵਕ 4 ਕਰੋੜ ਡਾਲਰ ਇਕੱਠੇ ਕਰ ਲਏ ਹਨ। ਕੰਪਨੀ ਦਾ ਟੀਚਾ ਪਲੈਟੀਨਮ ਅਤੇ ਹੋਰ ਕੀਮਤੀ ਧਾਤਾਂ ਲਈ ਅਕਾਸ਼ੀ-ਪਿੰਡ ਜਾਂ ਲਘੂ-ਗ੍ਰਹਿਆਂ (Asteroids) ਦੀ ਖੁਦਾਈ ਕਰਨਾ ਹੈ। ਉਹ ਇਸ ਸਾਲ ਦੇ ਵਿੱਚ ਇੱਕ ਪੁਲਾੜ ਯਾਨ ਨੂੰ ਲਾਂਚ ਕਰਨ ਲਈ ਕੰਮ ਕਰ ਰਹੀ ਹੈ ਜੋ ਧਰਤੀ ਦੇ ਨੇੜਲੇ ਧਾਤੂ-ਜ਼ਰਖੇਜ਼ ਲਘੂ-ਗ੍ਰਹਿਆਂ ਦੁਆਲ਼ੇ ਉਡਾਣ ਭਰਨ ਦੀ ਕੋਸ਼ਿਸ਼ ਕਰੇਗਾ ਤੇ ਉਹਨਾਂ ਦੇ ਚਿੱਤਰ, ਅੰਕੜੇ ਤੇ ਹੋਰ ਅਧਾਰ ਸਮਗਰੀ ਇਕੱਠੀ ਕਰੇਗਾ। ਕੰਪਨੀ ਨੇ ਉਸਦੇ ਪਿੱਛੇ ਇੱਕ ਹੋਰ ਮਿਸ਼ਨ ਦੀ ਯੋਜਨਾ ਵੀ ਬਣਾਈ ਹੈ ਜਿਸ ਵਿੱਚ ਮੈਗਨੇਟ ਦੀ ਮਦਦ ਨਾਲ਼ ਧਾਤੂ ਲਘੂ-ਗ੍ਰਹਿਆਂ ਤੇ ਵੀ ਉੱਤਰੇਗਾ।

ਉਡਾਣ - ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ

ਅਕਤੂਬਰ-ਦਸੰਬਰ 2024 , ਸਾਲ ਤੀਜਾ, ਅੰਕ ਨੌਵਾਂ

ਸਲਾਹਕਾਰ ਬੋਰਡ: ਡਾ. ਦੇਵਿੰਦਰ ਪਾਲ ਸਿੰਘ (ਕੈਨੇਡਾ), ਹਰੀ ਕ੍ਰਿਸ਼ਨ ਮਾਇਰ (ਕੈਨੇਡਾ), ਅਜਮੇਰ ਸਿੱਧੂ (ਭਾਰਤ), ਰੂਪ ਢਿੱਲੋਂ (ਯੂ.ਕੇ.)

ਸੰਪਾਦਕ: ਅਮਨਦੀਪ ਸਿੰਘ (ਨੌਰਾ)

Udaan - Punjabi Science Fiction Magazine

Advisory Board: Dr. D.P. Singh (Canada), Hari Krishan Mayor (Canada), Ajmer Sidhu (India), Roop Dhillon (U.K.)

Editor: Amandeep Singh (Naura) Email: punjabiscifi@gmail.com

Photos Courtesy: BING AI, Pixabay.com, Nasa.gov

© 2024 Authors